ਸਿੱਖ ਜੀਵਨ ਜਾਚ
ਸਿੱਖ ਕੌਣ ਹੈ: ਜੋ ਇਨਸਾਨ ਇੱਕ ਅਕਾਲ ਪੁਰਖ, ਦਸ ਗੁਰੂ
ਸਾਹਿਬਾਨ, ਉਨ੍ਹਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਵਿੱਚ ਪੇਸ਼ ਕੀਤੇ ਗੁਰਮਤਿ ਗਿਆਨ ਅਤੇ ਖੰਡੇ ਦੀ
ਪਾਹੁਲ ਵਿੱਚ ਯਕੀਨ (ਨਿਸ਼ਚਾ) ਰਖਦਾ ਹੈ ਅਤੇ ਕਿਸੇ ਹੋਰ ਮੱਤ/ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ।
ਕਿਸੇ ਹੋਰ ਧਰਮ ਜਾਂ ਗ੍ਰੰਥ ਨੂੰ ਮੰਨਣ ਵਾਲਾ ਸਿੱਖ ਨਹੀਂ।
ਸਿੱਖ ਦੀ ਰਹਿਣੀ: ਸਿੱਖ ਦੀ ਰਹਿਣੀ, ਕਿਰਤ-ਵਿਰਤ ਗੁਰਮਤਿ (ਗੁਰੂ
ਗ੍ਰੰਥ ਸਾਹਿਬ ਦੀ ਸਿੱਖਿਆ) ਮੁਤਾਬਿਕ ਹੋਵੇ। ਗੁਰਮਤਿ ਇਹ ਹੈ:
(ੳ) ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਮੁਤਾਬਿਕ ਸਿਰਫ਼ ਤੇ ਸਿਰਫ਼ ਇੱਕ
ਅਕਾਲ ਪੁਰਖ ਹੀ ਵਾਹਿਦ ਹਸਤੀ ਹੈ। ਸਿਰਫ਼ ਉਸ ਨੂੰ ਹੀ ਆਪਣਾ ਇਸ਼ਟ ਮੰਨਣਾ। ਦਸ ਗੁਰੂ ਸਾਹਿਬਾਨ ਨੂੰ
ਇੱਕੋ ਰੂਪ ਮੰਨਣਾ।
(ਅ) ਕਿਸੇ ਦੇਵੀ-ਦੇਵਤੇ ਜਾਂ ਦੇਹਧਾਰੀ ਨੂੰ ਨਹੀਂ ਮੰਨਣਾ।
(ੲ) ਜ਼ਾਤ-ਪਾਤ, ਛੂਤ-ਛਾਤ, ਰੰਗ, ਨਸਲ, ਲਿੰਗ ਭੇਦ ਨੂੰ ਨਹੀਂ ਮੰਨਣਾ।
(ਸ) ਜੰਤਰ-ਮੰਤਰ, ਜਾਦੂ-ਟੂਣਾ, ਧਾਗਾ ਤਾਵੀਜ਼, ਮੌਲੀ, ਕਾਲਾ ਇਲਮ,
ਹੱਥ-ਹੌਲਾ (ਫਾਂਡਾ), ਝਾੜ-ਫੂਕ ਨੂੰ ਨਹੀਂ ਮੰਨਣਾ।
(ਹ) ਭੂਤ ਪ੍ਰੇਤ, ਜਿੰਨ, ਡਾਇਣ ਚੁੜੇਲ, ਸ਼ਹੀਦੀ ਰੂਹ, ਓਪਰੀ ਹਵਾ, ਸ਼ੈਤਾਨ
ਤੇ ਗ਼ੈਬੀ ਰੂਹ ਨੂੰ ਨਹੀਂ ਮੰਨਣਾ।
(ਕ) ਸੁੱਖਣਾ, ਪੁੱਛਣਾ, ਮੰਨਤ, ਸ਼ੀਰਣੀ, ਪੀਰ, ਬ੍ਰਾਹਮਣ, ਪੁਜਾਰੀ,
ਸਾਧ-ਸੰਤ-ਬਾਬਾ ਵਗ਼ੈਰਾ ਨੂੰ ਨਹੀਂ ਮੰਨਣਾ।
(ਖ) ਸ਼ਗਣ-ਅਪਸ਼ਗਣ, ਘੜੀ-ਮੁਹੂਰਤ, ਗ੍ਰਹਿ, ਲਗਨ, ਪਤਰੀ, ਰਾਸ਼ੀਆਂ, ਜੋਤਿਸ਼,
ਥਿਤ-ਵਾਰ, ਦਿਨ-ਦਿਹਾੜੇ ਨੂੰ ਨਹੀਂ ਮੰਨਣਾ।
ਇਹ ਸਾਰੇ ਅੰਧ-ਵਿਸ਼ਵਾਸ ਗੁਰਮਤਿ ਦੇ ਉਲਟ ਹਨ।
(ਗ) ਸੰਗਰਾਂਦ, ਮੱਸਿਆ, ਪੂਰਨਮਾਸ਼ੀ, ਇਕਾਦਸ਼ੀ, ਦੁਆਦਸ਼ੀ, ਪੰਚਮੀ, ਅਸ਼ਟਮੀ,
ਨੌਮੀਂ, ਦਸਮੀਂ ਵਗ਼ੈਰਾ ਨੂੰ ਨਹੀਂ ਮੰਨਣਾ।
(ਘ) ਹੋਮ (ਹਵਨ), ਯੱਗ, ਧੂਫ਼, ਦੀਪ-ਜੋਤਿ ਨਹੀਂ ਮੰਨਣਾ।
(ਙ) ਵੇਦ, ਸ਼ਾਸਤਰ, ਸਿੰਮ੍ਰਤੀਆਂ, ਪੁਰਾਨ, ਕੁਰਾਨ, ਗੀਤਾ, ਅੰਜੀਲ, ਤੁਰੇਤ,
ਜੰਬੂਰ, ਧਮਪਦ, ਰਾਮਾਇਣ, ਮਹਾਂਭਾਰਤ ਅਤੇ ਹੋਰ ਅਣਮਤੀ ਕਿਤਾਬਾਂ/ਗੰਥਾਂ `ਤੇ ਇਤਕਾਦ ਨਹੀਂ ਰੱਖਣਾ।
(ਇਨ੍ਹਾਂ ਨੂੰ ਜਾਣਕਾਰੀ ਵਾਸਤੇ ਪੜ੍ਹਿਆ ਜਾ ਸਕਦਾ ਹੈ)।
(ਚ) ਗੋਰ, ਮੜ੍ਹੀ, ਮਸਾਨੀ, ਮੱਠ, ਸਮਾਧ, ਗੁੱਗਾ ਮਨਾਉਣਾ, ਵਰਮੀ ਪੂਜਣਾ,
ਪੀਰ ਸਖੀ ਸਰਵਰ ਵਗ਼ੈਰਾ ਸਥਾਨਾਂ ਨੂੰ ਉੱਕਾ ਹੀ ਨਹੀਂ ਮੰਨਣਾ।
(ਛ) ਤਿਲਕ, ਜੰਞੂ, ਤੁਲਸੀ ਮਾਲਾ, ਸ਼ਿਖਾ-ਸੂਤ, ਮੌਲੀ, ਤਰਪ, ਮੁਕਟ ਤੇ ਹੋਰ
ਅਣਮਤੀ ਚਿੰਨ੍ਹ ਨਹੀਂ ਪਾਉਣਾ/ਮੰਨਣੇ। ਕਿਸੇ ਸਮੇਂ ਵੀ ਮੁੰਡਣ, ਭਾਦਨ ਨਹੀਂ ਕਰਨੇ।
(ਜ) ਪਿੰਡ-ਪੱਤਲ, ਕਿਰਿਆ-ਕਰਮ, ਪਿੱਤਰ ਪੂਜਣੇ, ਸ਼ਰਾਧ, ਵਰ੍ਹੀਣਾ, ਛਿਮਾਹੀ,
ਬਰਸੀ ਵਗ਼ੈਰਾ ਨਹੀਂ ਮਨਾਉਣੇ। ਇਹ ਸਭ ਹਿੰਦੂ ਕਰਮ-ਕਾਂਡ ਹਨ।
(ਝ) ਵਰ-ਸਰਾਪ, ਮੰਗਲ, ਸ਼ਨੀ, ਕੰਜਕਾਂ, ਵਰਤ, ਕਰਵਾ ਚੌਥ, ਰੋਜ਼ੇ ਨਹੀਂ
ਮੰਨਣੇ। (ਆਉਣ ਵਾਲੇ ਸਮਿਆਂ ਵਿੱਚ ਜਾਂ ਮੁਕਾਮੀ ਜਾਂ ਦੂਜੇ ਹੋਰ ਜਾਣੇ-ਅਣਜਾਣੇ ਕਰਮ-ਕਾਂਡ ਅਤੇ
ਅ-ਸਿੱਖ ਰਿਵਾਇਤਾਂ (ਜੋ ਗੁਰਬਾਣੀ ਦੀ ਸਿਖਿਆ ਮੁਤਾਬਿਕ ਨਹੀਂ ਹਨ) ਨੂੰ ਵੀ ਇਨ੍ਹਾਂ ਵਿੱਚ ਸ਼ਾਮਿਲ
ਮੰਨਿਆ ਜਾਵੇ।
(ਞ) ਸਿੱਖ ਸਾਰੇ ਮੱਤਾਂ ਤੋਂ ਨਿਆਰਾ ਰਹੇ।
(ਟ) ਕੋਈ ਵੀ ਸਮਾਗਮ ਕਰਨ ਵੇਲੇ ਸ਼ਬਦ ਵੀਚਾਰ/ਕੀਰਤਨ ਵਗ਼ੈਰਾ ਘਰ ਵਾਲੇ ਆਪ
ਕਰਨ ਜਾਂ ਕਿਸੇ ਨਿਸ਼ਕਾਮ ਪ੍ਰਚਾਰਕ ਤੋਂ ਕਰਵਾਉਣ।
(ਠ) ਸਾਰੇ ਘਰੇਲੂ ਸਮਾਗਮ ਸਾਦਗੀ ਭਰਪੂਰ ਹੋਣ ਅਤੇ ਅਡੰਬਰ ਤੇ ਵਾਧੂ ਦਿਖਾਵੇ
ਤੋਂ ਗੁਰੇਜ਼ ਕੀਤਾ ਜਾਵੇ।
(ਡ) ਬੱਚਿਆਂ ਦੇ ਜਮਾਂਦਰੂ ਕੇਸ ਸਾਬਿਤ ਰੱਖੇ। (ਅਪਰੇਸ਼ਨ ਦੌਰਾਨ ਕੱਟੇ ਗਏ
ਕੇਸਾਂ/ਰੋਮਾਂ ਦਾ ਵਹਿਮ ਭਰਮ ਨਹੀਂ ਕਰਨਾ।
(ਢ) ਸਿੱਖ ਕਿਸੇ ਕਿਸਮ ਦਾ ਨਸ਼ਾ ਨਾ ਵਰਤੇ।
(ਣ) ਗੁਰੂ ਦਾ ਸਿੱਖ ਧੀ ਨਾ ਮਾਰੇ ਤੇ ਲਿੰਗ ਦੇ ਵਿਤਕਰੇ ਵਜੋਂ ਭਰੂਣ-ਹੱਤਿਆ
ਨਾ ਕਰੇ।
(ਤ) ਸਿੱਖ ਇੱਕ ਦੂਜੇ ਨੂੰ ਮਿਲਣ ਵੇਲੇ ‘ਵਾਹਿਗੁਰੂ ਜੀ ਦੀ ਫ਼ਤਹਿ’ ਬੁਲਾਵੇ।
ਸਿੱਖ ਦਾ ਪਹਿਰਾਵਾ
(ੳ) ਸਿੱਖ ਲਈ ਕਛਿਹਰਾ ਅਤੇ ਦਸਤਾਰ ਤੋਂ ਲਿਾਵਾ ਪਹਿਰਾਵੇ ਦੀ ਕੋਈ ਬੰਦਿਸ਼
ਨਹੀਂ। ਪਰ ਪਹਿਰਾਵਾ ਭੜਕਾਊ ਜਾਂ ਨੰਗੇਜ ਦਿਖਾਉਣ ਵਾਲਾ ਨਾ ਹੋਵੇ।
(ਅ) ਸਿੱਖ ਬੀਬੀ ਕੇਸਕੀ/ਦਸਤਾਰ ਜਾਂ ਸਕਾਰਫ਼-ਸਣੇ ਦੁਪੱਟਾ ਕਿਸੇ ਨਾਲ ਵੀ
ਸਿਰ ਢਕ ਸਕਦੀ ਹੈ।
ਜਨਮ ਤੇ ਨਾਂ
(ੳ) ਬੱਚੇ-ਬੱਚੀ ਦੇ ਜਨਮ `ਤੇ ਮਾਂ-ਬਾਪ ਅਕਾਲ ਪੁਰਖ ਦੇ ਸ਼ੁਕਰਾਨੇ ਦੀ
ਅਰਦਾਸ ਕਰਨ। ਇਹ ਅਰਦਾਸ ਗੁਰਦੁਆਰੇ ਜਾਂ ਘਰ ਜਾਂ ਕਿਤੇ ਵੀ ਕੀਤੀ ਜਾ ਸਕਦੀ ਹੈ।
(ਅ) ਬੱਚੇ ਦਾ ਨਾਂ ਮਾਂ-ਬਾਪ ਆਪਣੀ ਸਹੂਲਤ ਮੁਤਾਬਿਕ ਆਪ ਜਾਂ ਗੁਰੂ ਗ੍ਰੰਥ
ਸਾਹਿਬ ਵਿੱਚੋਂ ਕਿਸੇ ਵੀ ਅੱਖਰ `ਤੇ ਰੱਖ ਕੇ ਸ਼ਬਦ ਗੁਰੂ ਅੱਗੇ ਸ਼ੁਕਰਾਨੇ ਦੀ ਅਰਦਾਸ ਕਰੇ। ਨਾਂ ਨਾਲ
ਸਿੰਘ/ਕੌਰ ਲਾਉਣਾ ਲਾਜ਼ਮੀ ਹੈ। ਨਾਂ ਨਾਲ ਜ਼ਾਤ-ਗੋਤ ਨਾ ਲਾਈ ਜਾਵੇ ਕਿਉਂਕਿ ਇਹ ਮਨਮਤਿ ਹੈ। ਵਿਦੇਸ਼ਾਂ
ਵਿੱਚ ਕਾਨੂੰਨੀ ਸ਼ਰਤ ਦੀ ਹਾਲਤ ਵਿੱਚ ‘ਫ਼ੈਮਲੀ ਨੇਮ’ ਦੀ ਮਜਬੂਰੀ ਹੋਵੇ ਤਾਂ ਸਿਰਫ਼ ‘ਖਾਲਸਾ’ ਹੀ
ਲਿਖਿਆ ਜਾਵੇ।
(ੲ) ਟੇਵਾ-ਕੁੰਡਲੀ, ਜਨਮ-ਪੱਤਰੀ ਅਤੇ ਸੂਤਕ-ਪਾਤਕ, ਮਾਤਾ ਦਾ ਚੌਕੇ
ਚੜ੍ਹਾਉਣਾ ਵਗ਼ੈਰਾ ਲਈ ਸਿੱਖ ਸਿਧਾਤਾਂ ਵਿੱਚ ਕੋਈ ਥਾਂ ਨਹੀਂ।
(ਸ਼) ਨਿੰਮ-ਸ਼ਰੀਂਹ ਬੰਨਣਾ ਵਗ਼ੈਰਾ ਕੋਈ ਅਨਮਤੀ ਰੀਤ ਨਹੀਂ ਕਰਨੀ।
(ਹ) ਬੱਚੇ ਦੀ ‘ਨਜ਼ਰ ਉਤਾਰਨਾ’ ਮਨਮਤ ਹੈ।
(ਕ) ਸਿੱਖ ਧਰਮ ਵਿੱਚ ‘ਗੁੜ੍ਹਤੀ’ ਦਾ ਕੋਈ ਸਿਧਾਂਤ ਨਹੀਂ ਹੈ।
ਅਨੰਦ ਵਿਆਹ
(ੳ) ਅਨੰਦ ਵਿਆਹ ਸਿਰਫ਼ ਗੁਰਦੁਆਰੇ ਵਿੱਚ ਹੀ ਹੋਵੇ ਪਰ ਜਿੱਥੇ ਗੁਰਦੁਆਰਾ
ਨਹੀਂ ਹੈ ਉੱਥੇ ਹੋਰ ਥਾਂ `ਤੇ ਵੀ ਕੀਤਾ ਜਾਸਕਦਾ ਹੈ।
(ਅ) ਹਰ ਇੱਕ ਸਿੱਖ ਆਪਣਾ ਵਿਆਹ ਅਨੰਦ ਮੈਰਿਜ ਐਕਟ (੧੯੦੯) ਮੁਤਾਬਿਕ
ਰਜਿਸਟਰ ਕਰਵਾਵੇ।
(ੲ) ਵਿਆਹ ਅਖੌਤੀ ਜ਼ਾਤ-ਪਾਤ, ਗੋਤ, ਬਿਰਾਦਰੀ, ਇਲਾਕਾ ਵਿਚਾਰੇ ਬਿਨਾ ਕੀਤਾ
ਜਾਵੇ।
(ਸ) ਸਿੱਖ ਦਾ ਵਿਆਹ ਸਿਰਫ਼ ਸਿੱਖ ਨਾਲ ਹੋਵੇ।
(ਹ) ਰੋਕਾ, ਠਾਕਾ, ਸ਼ਗਨ, ਮੰਗਣੀ, ਜਾਂ ਸਮੇਂ-ਸਮੇਂ ਬਣਾਈਆਂ ਹੋਰ-ਹੋਰ
ਰਸਮਾਂ ਦੀ ਬਜਾਏ, ਰਿਸ਼ਤਾ ਜੋੜਨ ਸਬੰਧੀ ‘ਕੀਤਾ ਲੋੜੀਏ ਕੰਮੁ ਸੁ ਹਰਿ ਪਹਿ ਆਖੀਐ’ ਗੁਰੂ ਹੁਕਮ
ਮੁਤਾਬਿਕ ਸਿਰਫ਼ ਅਰਦਾਸ ਹੀ ਕੀਤੀ ਜਾਵੇ।
(ਕ) ਵਿਆਹ ਦਾ ਦਿਨ ਮੁਕੱਰਰ ਕਰਨ ਲੱਗਿਆਂ ਥਿਤ ਵਾਰ, ਮਹੂਰਤ, ਸ਼ੁਭ-ਅਸ਼ੁਭ ਤੇ
ਪਤਰੀ ਵਾਚਣਾ ਵਗ਼ੈਰਾ ਅਨਮਤੀ ਕਰਮ ਨਾ ਕੀਤੇ ਜਾਣ।
(ਖ) ਦੋਹਾਂ ਧਿਰਾਂ ਦੀ ਸਹੂਲਤ ਮੁਤਾਬਿਕ ਵਿਆਹ ਵਾਸਤੇ ਕੋਈ ਵੀ ਦਿਨ/ਸਮਾਂ
(ਬਿਨਾਂ ਕਿਸੇ ਭਰਮ ਦੇ) ਮਿੱਥ ਲਿਆ ਜਾਵੇ।
(ਗ) ਅਨੰਦ ਵਿਆਹ ਦੌਰਾਨ ਸਿਹਰਾ, ਘੂੰਡ ਕੱਢਣਾ, ਜੈਮਾਲਾ ਪਾਉਣਾ, ਕਲਗੀ,
ਮੁਕਟ, ਹਾਰ ਪਾਉਣੇ, ਘੋੜੀ ਚੜ੍ਹਨਾ, ਪਿੱਤਰ/ਜਠੇਰੇ ਪੂਜਣੇ, ਕੱਚੀ ਲੱਸੀ ਵਿੱਚ ਪੈਰ ਪਾਉਣੇ, ਮਾਈਏਂ
ਪਾਉਣਾ, ਮੈਂਹਦੀ ਲਾਉਣਾ, ਵੱਟਣਾ ਮਲਣਾ, ਬੇਲੋੜਾ ਹਾਰ-ਸਿੰਗਾਰ ਕਰਨਾ (ਬਿਊਟੀ ਪਾਰਲਰ `ਤੇ ਜਾਣਾ)
ਗੁਰਮਤਿ ਦੇ ਉਲਟ ਹੈ।
(ਘ) ਬੇਰੀ ਜਾਂ ਜੰਡੀ ਵੱਢਣੀ, ਘੜੋਲੀ ਭਰਨਾ, ਰੁੱਸਣਾ, ਛਿਪਣਾ, ਛੰਦ
ਪੜ੍ਹਨਾ, ਹਵਨ-ਯੱਗ, ਵੇਦੀ/ਬੇਦੀ ਗੱਡਣਾ, ਵਾਜੇ ਵਜਾਉਣਾ, ਆਰਕੈਸਟਰਾ ਤੇ ਗਾਣੇ ਤੇ ਨਾਚ, ਸ਼ਰਾਬ ਤੇ
ਨਸ਼ਿਆਂ ਦੀ ਵਰਤੋਂ ਵਰਗੇ ਅਨਮਤੀ ਕਰਮ ਨਹੀਂ ਕਰਨੇ।
(ਙ) ਮਿਲਣੀ ਦੀ ਰਸਮ ਦੀ ਬਜਾਏ ਦੋਹਾਂ ਧਿਰਾਂ ਇੱਕ ਦੂਜੇ ਦੀ ਪਛਾਣ ‘ਫ਼ਤਹਿ’
ਦੀ ਸਾਂਝ ਨਾਲ ਕਰਵਾਉਣ। ਇਸ ਮੌਕੇ `ਤੇ ਕੋਈ ਲੈਣ-ਦੇਣ, ਤੋਹਫ਼ਿਆਂ ਦਾ ਵਟਾਂਦਰਾ ਬਿਲਕੁਲ ਨਾ ਕੀਤਾ
ਜਾਵੇ। ਇਸ ਮੌਕੇ `ਤੇ ਕੋਈ ਵੀ ਹੋਰ ਕਾਰਵਾਈ ਨਾ ਕੀਤੀ ਜਾਵੇ ਤੇ ਸਾਰੇ ਸਿੱਧਾ ਦੀਵਾਨ ਹਾਲ ਵਿੱਚ
ਚਲੇ ਜਾਣ।
(ਚ) ਅਨੰਦ ਕਾਰਜ ਦੌਰਾਨ ਸਾਰੇ ਲੋਕ (ਸਣੇ ਮੁੰਡਾ-ਕੁੜੀ ਯਾਨਿ ਲਾੜਾ-ਲਾੜੀ)
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਜਾਣ।
ਇਸ ਤੋਂ ਬਾਅਦ ਗੁਰਮਤਿ ਮੁਤਾਬਿਕ ਵਿਆਹ ਦੇ ਫ਼ਲਸਫ਼ੇ ਦੀ ਵਿਆਖਿਆ ਕੀਤੀ ਜਾਵੇ।
ਇਸ ਤੋਂ ਬਾਅਦ ਵਿਆਖਿਆ ਕਰਨ ਵਾਲਾ ਮੁੰਡੇ ਤੇ ਕੁੜੀ ਦੋਹਾਂ ਤੋਂ ਪੁੱਛੇ ਕਿ ਉਹ ਇਹ ਅਨੰਦ ਵਿਆਹ ਦਾ
ਫ਼ਲਸਫ਼ਾ ਕਬੂਲ ਕਰਦੇ ਹਨ। ਦੋਹਾਂ ਵੱਲੋਂ ਹਾਂ ਮਿਲਣ ਮਗਰੋਂ ਜੈਕਾਰਾ ਛੱਡ ਕੇ ਛੋਟੀ ਅਰਦਾਸ ਕੀਤੀ
ਜਾਵੇ।
ਇਸ ਮਗਰੋਂ ਲਾੜਾ-ਲਾੜੀ ਖੜ੍ਹੇ ਹੋ ਜਾਣ ਅਤੇ ਲਾਵਾਂ ਦੇ ਚਾਰ ਸ਼ਬਦਾਂ ਦਾ ਪਾਠ
ਕੀਤਾ ਜਾਵੇ। ਪਾਠ ਦੀ ਸਮਾਪਤੀ ਤੋਂ ਬਾਅਦ ਲਾੜਾ-ਲਾੜੀ ਮੱਥਾ ਟੇਕ ਕੇ ਬੈਠ ਜਾਣ। ਇਸ ਮਗਰੋਂ ਚਾਰ
ਲਾਵਾਂ ਦੇ ਸ਼ਬਦਾਂ ਦਾ ਕੀਰਤਨ ਕੀਤਾ ਜਾਵੇ ਅਤੇ ਅਨੰਦ ਵਿਆਹ ਦੀ ਸਮਾਪਤੀ ਸ਼ੁਕਰਾਨੇ ਦੀ ਅਰਦਾਸ ਨਾਲ
ਕੀਤੀ ਜਾਵੇ। ਜਿੱਥੇ ਕੀਰਤਨ ਦਾ ਇੰਤਜ਼ਾਮ ਨਹੀਂ ਉੱਥੇ ਲਾਂਵਾਂ ਦੇ ਪਾਠ ਤੋਂ ਬਾਅਦ ਅਰਦਾਸ ਕਰ ਕੇ
ਸਮਾਪਤੀ ਕੀਤੀ ਜਾਵੇ। ਲਾੜਾ-ਲਾੜੀ ਦੇ ਸੱਜੇ-ਖੱਬੇ ਬੈਠਣ ਦਾ ਭਰਮ ਨਹੀਂ ਕਰਨਾ।
(ਛ) ਗ਼ੈਰ ਸਿੱਖਾਂ ਜਾਂ ਅਣਮਤੀਆਂ ਦਾ ਵਿਆਹ ਅਨੰਦ ਦੀ ਰੀਤੀ ਨਾਲ ਨਹੀਂ ਕੀਤਾ
ਜਾ ਸਕਦਾ।
(ਜ) ਸਿੱਧੇ ਜਾ ਅਸਿੱਧੇ ਰੂਪ ਵਿੱਚ ਜਾਂ ਤੋਹਫ਼ਿਆਂ ਦੀ ਸ਼ਕਲ ਵਿੱਚ ਕਿਸੇ
ਕਿਸਮ ਦਾ ਵੀ ਲੈਣ-ਦੇਣ ਨਾ ਕੀਤਾ ਜਾਵੇ। ਦਾਜ ਲੈਣਾ/ਦੇਣਾ ਗੁਰਮਤਿ ਦੇ ਉਲਟ ਹੈ।
(ਝ) ਸਿੱਖ ਧਰਮ ਵਿੱਚ ਮਰਦ ਔਰਤ ਦੇ ਪੁਨਰ ਵਿਆਹ ਦੀ ਕੋਈ ਪਾਬੰਦੀ ਨਹੀਂ।
(ਞ) ਵਿਆਹ ਦੀ ਰਸਮ ਮਗਰੋਂ ਲੰਗਰ ਦੋਹਾਂ ਧਿਰਾਂ ਵੱਲੋਂ ਸ਼ਾਝਾ ਕੀਤਾ ਜਾਵੇ
(ਨਾ ਕਿ ਸਿਰਫ਼ ਕੁੜੀ ਵਾਲਿਆਂ ਵੱਲੋਂ)।
ਗੁਰਮਤਿ ਮੁਤਾਬਿਕ ਦੋਹਾਂ ਧਿਰਾਂ ਦਾ ਦਰਜਾ ਬਰਾਬਰ ਹੈ। ਕੁੜੀ ਵਾਲਿਆਂ ਨੂੰ
ਛੋਟਾ ਅਤੇ ਮੁੰਡੇ ਵਾਲਿਆਂ ਨੂੰ ਵੱਡਾ, ਉੱਚਾ ਜਾਂ ਖ਼ਾਸ ਦਰਜਾ ਦੇਣਾ ਗੁਰਮਤਿ ਦੇ ਵਿਰੁੱਧ ਹੈ।
ਮੌਤ ਸਬੰਧੀ
(ੳ) ਪ੍ਰਾਣੀ ਦੇ ਮਰਨ ਮਗਰੋਂ ਜੇ ਮੰਜੇ “ਤੇ ਹੋਵੇ ਤਾਂ ਹੇਠਾਂ ਉਤਾਰਨਾ,
ਦੀਵਾ ਵੱਟੀ ਗਊ ਮਨਸਾਉਣਾ ਜਾਂ ਕੋਈ ਹੋਰ ਮਨਮੱਤੀ ਕਰਮ-ਕਾਂਡ ਨਹੀਂ ਕਰਨਾ। ਸਿਰਫ਼ ਗੁਰਬਾਣੀ ਦਾ
ਪਾਠ/ਕੀਰਤਨ ਕੀਤਾ ਜਾਵੇ। ਪਿੱਟਣਾ, ਧਾਹਾਂ ਮਾਰਨਾ, ਸਿਆਪਾ ਕਰਨਾ ਗੁਰਮਤਿ ਦੇ ਉਲਟ ਹੈ।
(ਅ) ਜੇ ਮਿਰਤਕ ਨੂੰ ਅਗਨ ਭੇਟ ਕਰਨ ਦਾ ਇੰਤਜ਼ਾਮ ਨਾ ਹੋਵੇ ਤਾਂ ਦਫ਼ਨਾਉਣਾ
ਜਾਂ ਜਲ-ਪ੍ਰਵਾਹ ਕਰਨ ਦਾ ਕੋਈ ਭਰਮ ਨਹੀਂ ਕਰਨਾ। ਸਮੇਂ-ਸਥਾਨ ਮੁਤਾਬਿਕ ਕੋਈ ਦੂਜਾ ਢੰਗ ਵੀ ਅਪਣਾਇਆ
ਜਾ ਸਕਦਾ ਹੈ।
(ੲ) ਕੋਸ਼ਿਸ਼ ਕੀਤੀ ਜਾਵੇ ਕਿ ਪੂਰਾ ਜਿਸਮ ਕਿਸੇ ਸਹੀ ਖੋਜ ਸੰਸਥਾ (ਮੈਡੀਕਲ
ਰੀਸਰਚ ਇੰਸਟੀਚਿਊਟ) ਜਾਂ ਹਸਪਤਾਲ ਨੂੰ ਦੇ ਦਿੱਤਾ ਜਾਵੇ ਤਾਂ ਜੋ ਜਿਸਮ ਦਾ ਕੋਈ ਵੀ ਅੰਗ ਕਿਸੇ
ਜ਼ਰੂਰਤਮੰਦ ਦੀ ਮਦਦ ਜਾਂ ਖੋਜ ਵਾਸਤੇ ਵਰਤਿਆ ਜਾ ਸਕੇ।
(ਸ) ਮਿਰਤਕ ਜਿਸਮ ਨੂੰ ਨੁਹਾਉਣ ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ
(ਜ਼ਰੂਰਤ ਮੁਤਾਬਿਕ ਸਫ਼ਾਈ ਕੀਤੀ ਜਾ ਸਕਦੀ ਹੈ)। ਸ਼ਮਸ਼ਾਨ ਘਾਟ ਲਿਜਾਂਦੇ ਸਮੇਂ ਰਸਤੇ ਵਿੱਚ ਗੁਰਬਾਣੀ
ਦੇ ਸ਼ਬਦ ਪੜ੍ਹੇ ਜਾਣ। ਸ਼ਮਸ਼ਾਨ ਘਾਟ ਵਿੱਚ ਮਿਰਤਕ ਦੀ ਦੇਹ ਚਿਤਾ “ਤੇ ਰੱਖ ਕੇ ‘ਅੰਤਿਮ ਅਰਦਾਸ’ ਕਰ
ਕੇ ਅੱਗਨ ਭੇਟ ਕਰ ਦਿੱਤਾ ਜਾਵੇ ਤੇ ਇਸ ਮਗਰੋਂ ਸੰਗਤਾਂ ਘਰਾਂ ਨੂੰ ਪਰਤ ਜਾਣ। ਜਿੱਥੇ ਪੂਰਾ ਜਿਸਮ
ਕਿਸੇ ਸੰਸਥਾ ਨੂੰ ਦਿੱਤਾ ਜਾਣਾ ਹੈ ਉੱਥੇ ਘਰੋਂ ਜਿਸਮ ਨੂੰ ਵਿਦਾ ਕਰਨ ਸਮੇਂ ‘ਅੰਤਿਮ ਅਰਦਾਸ’ ਕਰ
ਦਿੱਤੀ ਜਾਵੇ। ਬੱਸ ਮਿਰਤਕ ਦੀ ਇਹੀ ਆਖ਼ਰੀ ਅਰਦਾਸ ਹੈ।
(ਹ) ਹੇਠ ਲਿਖੇ ਕਰਮ-ਕਾਂਡ ਗੁਰਮਤਿ ਵਿੱਚ ਮਨ੍ਹਾ (ਵਰਜਿਤ) ਹਨ:
੧. ਮਿਤਕ ਨੂੰ ਕਿਸੇ ਭਰਮ ਹੇਠ ਮੰਜੇ ਤੋਂ ਉਤਾਰਨਾ
੨. ਮੁਰਦੇ ਨੂੰ ਮੱਥਾ ਟੇਕਣਾ ਜਾਂ ਉਸ ਦੀ ਪਰਕਰਮਾ ਕਰਨਾ
੩. ਮਿਰਤਕ ਦਾ ਮੰਜਾ ਖੜ੍ਹਾ ਕਰਨਾ
੪. ਦੀਵਾ ਜਗਾਉਣਾ
੫. ਵਾਧੂ ਕਛਹਿਰਾ/ਪਰਨਾ ਬੰਨ੍ਹਣਾ
੬. ਗੁਰਦੁਆਰੇ ਮੱਥਾ ਟਿਕਾਉਣਾ
੭. ਅੱਧੇ ਰਸੇ ਵਿੱਚ ਬਿਬਨਾ ਰੱਖਣਾ
੮. ਪਾਣੀ ਡੋਲ੍ਹਣਾ, ਘੜਾ ਭੰਨਣਾ, ਤਿਣਕੇ ਤੋੜਨਾ
੯. ਬਿਬਾਨ ਸਜਾਉਣਾ/ਵੱਡਾ ਕਰਨਾ/ਬੁੱਢਾ ਮਰਨਾ ਕਰਨਾ
੧੦. ਫੁੱਲੀਆਂ ਮਖਾਣੇ ਸੁੱਟਣਾ ਜਾਂ ਵੰਡਣਾ
੧੧. ਮੂੰਹ ਵਿੱਚ ਘਿਓ/ਪੈਸਾ ਪਾਉਣਾ
੧੨. ਅਖੌਤੀ ਗੰਗਾ ਜਲ ਜਾਂ ਕਿਸੇ ਵੀ ਅਖੌਤੀ ਤੀਰਥ ਦਾ ਪਾਣੀ ਮੂੰਹ ਵਿੱਚ
ਪਾਉਣਾ ਜਾਂ ਜਿਸਮ `ਤੇ ਛਿੜਕਣਾ
੧੩. ਚੰਦਨ ਦੀ ਲੱਕੜ ਪਾਉਣਾ
੧੪. ਅਗਨ ਭੇਟ ਕੋਈ ਜ਼ਰੂਰੀ ਨਹੀਂ ਕਿ ਪੁੱਤਰ ਹੀ ਕਰੇ। ਧੀਆਂ ਜਾਂ ਹਾਜ਼ਰ ਕੋਈ
ਵੀ ਸ਼ਖ਼ਸ ਅਗਨ ਭੇਟ ਕਰ ਸਕਦਾ ਹੈ।
ਅੰਗੀਠਾ ਸੰਭਾਲਣਾ
੧. ਅੰਗੀਠਾ ਠੰਢਾ ਹੋਣ “ਤੇ ਅਸਥੀਆਂ ਸੁਆਹ (ਰਾਖ) ਸਣੇ ਇਕੱਠੀਆਂ ਕਰ ਕੇ
ਥੈਲੇ ਵਿੱਚ ਪਾ ਕੇ ਨੇੜੇ ਦੇ ਵਗਦੇ ਪਾਣੀ ਵਿੱਚ ਰੋੜ੍ਹ ਦਿੱਤਾ ਜਾਵੇ। ਜੇ ਪਾਣੀ ਦੂਰ ਹੋਵੇ ਤਾਂ
ਟੋਇਆ ਪੁੱਟ ਕੇ ਦਬਾ ਦਿੱਤਾ ਜਾਵੇ ਅਤੇ ਜ਼ਮੀਨ ਨੂੰ ਪੱਧਰਾ ਕਰ ਦਿੱਤਾ ਜਾਵੇ ਤਾਂ ਜੋ ਕੋਈ ਨਿਸ਼ਾਨੀ
ਨਾ ਬਚੇ।
੨. ਅੰਗੀਠੇ ਦੀ ਰਾਖ ਨੂੰ ਕੀਰਤਪੁਰ, ਹਰਦੁਆਰ ਜਾਂ ਕਿਸੇ ਹੋਰ ਥਾਂ “ਤੇ
ਪਾਉਣਾ ਮਨਮਤਿ ਹੈ।
੩. ਮੜ੍ਹੀ, ਸਮਾਧ, ਦੇਹੁਰਾ ਵਗ਼ੈਰਾ ਬਣਾਉਣਾ ਮਨਮਤਿ ਹੈ।
੪. ਮਿਰਤਕ ਦੇਹ ਨੂੰ ਅਗਨ ਭੇਟ ਕਰਨ ਸਮੇਂ ਕੀਤੀ ਅਰਦਾਸ ਹੀ ‘ਅੰਤਮ ਅਰਦਾਸ’
ਹੈ। ਇਸ ਤੋਂ ਬਾਅਦ ਕਿਸੇ ਵੀ ਰਸਮ ਨਾਲ ਮਿਰਤਕ ਦਾ ਕੋਈ ਸਬੰਧ ਨਹੀਂ। ਅਖੰਡ ਪਾਠ ਜਾਂ ਸਹਿਜ ਪਾਠ ਦਾ
ਮਿਰਤਕ ਨਾਲ ਕੋਈ ਸਬੰਧ ਨਹੀਂ। ਜੇ ਹੋ ਸਕੇ ਤਾਂ ਮੌਕੇ ਦਾ ਲਾਹਾ ਲੈਂਦਿਆ ਕੁੱਝ ਦਿਨ (ਜਿੰਨੇ ਦਿਨ
ਪਰਵਾਰ ਚਾਹੇ ਜਾਂ ਸੌਖਿਆਂ ਕਰ ਸਕੇ) ਗੁਰਬਾਣੀ ਦੇ ਸ਼ਬਦਾਂ ਦੀਆਂ ਵਿਚਾਰਾਂ ਕੀਤੀਆਂ ਜਾਣ।
ਇਸ ਮੌਕੇ `ਤੇ ਪਰਵਾਰ ਦੀ ਖ਼ਾਹਿਸ਼ ਮੁਤਾਬਿਕ ਗੁਰਮਤਿ ਸਮਾਗਮ ਕਰਵਾਿੲਆ ਜਾ
ਸਕਦਾ ਹੈ। ਇਹ ਸ਼ਰਧਾਂਜਲੀ ਸਮਾਗਮ ਨਹੀਂ ਬਲਕਿ ਨਿਰੋਲ ਗੁਰਮਤਿ ਵਿਚਾਰ ਦਾ ਸਮਾਗਮ ਹੋਵੇ।
ਗੁਰੂ ਗ੍ਰੰਥ ਸਾਹਿਬ ਦਾ ਪਾਠ
ਗੁਰਬਾਣੀ ਪੜ੍ਹਨ, ਸੁਣਨ, ਸਮਝ ਕੇ ਵਿਚਾਰਨ ਅਤੇ ਅਮਲ ਕਰਨ ਵਾਸਤੇ ਹੈ। ਅਖੰਡ
ਪਾਠ ਜਾਂ ਰਸਮੀ ਸਹਿਜ ਪਾਠ ਜਾਂ ਹਫ਼ਤਾਵਾਰੀ (ਸਪਤਾਹਿਕ) ਸਹਿਜ ਪਾਠ ਨਾਲ ਇਹ ਮੁਮਕਿਨ ਨਹੀਂ ਕਿਉਂਕਿ
ਅਜਿਹਾ ਕਰਦਿਆਂ ਸ਼ਬਦ ਵਿਚਾਰ ਨਹੀਂ ਹੋਇਆ ਕਰਦੀ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਾਠ ਇੱਕਲਵਾਝੇ ਥਾਂ
`ਤੇ ਚੁਪ ਮਾਹੌਲ ਵਿੱਚ ਕੀਤਾ ਜਾਵੇ। ਪਰ ਲੋੜ ਪੈਣ `ਤੇ ਪਾਠ ਕਰਦਿਆਂ ਜ਼ਰੂਰੀ ਗੱਲਬਾਤ ਕਰਨ ਨਾਲ ਪਾਠ
ਖੰਡਤ ਨਹੀਂ ਹੁੰਦਾ।
ਅਖੰਡ ਪਾਠ, ਸੰਪਟ ਪਾਠ, ਇਕੋਤਰੀਆਂ, ਪਾਠਾਂ ਦੀਆਂ ਲੜੀਆਂ (ਇੱਕੋ ਥਾਂ `ਤੇ
ਇੱਕ ਤੋਂ ਵਧ ਪਾਠ) ਮਨਮਤਿ ਹਨ।
ਗੁਰਸ਼ਬਦ ਦੀ ਵਿਚਾਰ ਹਰ ਇੱਕ ਗੁਰਸਿੱਖ, ਹਰ ਇਨਾਸਨ, ਹਰ ਜੀਵ ਦੇ ਜੀਵਨ ਦਾ
ਅਧਾਰ ਹੈ। ਸ਼ਖ਼ਸੀ ਸਹਿਜ ਪਾਠ ਕਰਨਾ/ਸੁਣਨਾ ਹੀ ਗੁਰਸ਼ਬਦ ਨੂੰ ਵਿਚਾਰਨ ਦਾ ਸਹੀ ਢੰਗ ਹੈ।
ਕਿਸੇ ਖ਼ਾਸ ਗੁਰਬਾਣੀ ਸ਼ਬਦ ਨੂੰ ਕਿਸੇ ਖ਼ਾਸ ਤਰੀਕੇ (ਵਿਧੀ) ਨਾਲ ਪੜ੍ਹਨ/
ਸੁਣਨ, ਰਟਣ ਨਾਲ ਕਿਸੇ ਬਿਮਾਰੀ ਨੂੰ ਦੂਰ ਕਰਨ ਜਾਂ ਕਿਸੇ ਮਸਲੇ ਦੇ ਹੱਲ ਹੋਣ ਜਾਂ ਕਿਸੇ ਨਿਸ਼ਾਨੇ
ਦੀ ਪੂਰਤੀ ਹੋਣ ਦਾ ਵਿਚਾਰ ਮਨਮਤਿ ਹੈ। ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ (੧ਓ ਤੋਂ ਮੁੰਦਾਵਨੀ
ਤਕ) ਦੀ ਇੱਕੋ ਜਿੰਨੀ ਅਹਿਮੀਅਤ ਤੇ ਕੀਮਤ ਹੈ। ਗੁਰਬਾਣੀ ਸਿਧਾਂਤਾਂ ਨੂੰ ਡੂੰਘਾਈ ਨਾਲ ਜਾਣਨ ਵਾਸਤੇ
ਪੰਜਾਬੀ ਬੋਲੀ, ਗੁਰਮੁਖੀ ਲਿੱਪੀ ਪੜ੍ਹਨਾ/ਲਿਖਣਾ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਸਕਣਾ
ਫ਼ਾਇਦੇਮੰਦ ਹੈ।
ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ‘ਮੁੰਦਾਵਨੀ (… ਤਨ ਮਨ ਥੀਵੈ ਹਰਿਆ)
`ਤੇ ਹੁੰਦੀ ਹੈ। ਰਾਗ ਮਾਲਾ ਗੁਰਬਾਣੀ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਨਹੀਂ। ਇਸ ਕਰ ਕੇ
ਰਾਗ ਮਾਲਾ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਛਪਣੀ ਚਾਹੀਦੀ।
ਲੜੀਵਾਰ/ਜੁੜਵੇਂ ਜਾਂ ਪਦਛੇਦ ਬੀੜ/ਸਰੂਪ ਵਿਚੋਂ ਪਾਠ ਕਰਨਾ ਇੱਕੋ ਬਰਾਬਰ
ਹੈ।
ਗੁਰਬਾਣੀ ਦੇ ਪਾਠ ਨੂੰ ਸਮਾਂ, ਹੱਦ (ਸੀਮਾ) ਅਤੇ ਦਿਨ/ਦਿਹਾੜੇ/ਤਿਓਹਾਰ ਨਾਲ
ਸਬੰਧਤ ਕਰਨਾ ਮਨਮਤਿ ਹੈ।
ਹੁਕਮ ਲੈਣਾ
੧. ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋਈ ਵੀ ਸ਼ਬਦ ਪੜ੍ਹਨਾ ਹੀ ਹੁਕਮ ਲੈਣਾ ਹੈ
ਕਿਉਂਕਿ ਸਾਰੀ ਬਾਣੀ ਹੀ ਇੱਕ ਬਰਾਬਰ ‘ਹੁਕਮ’ ਹੈ।
੨. ਹੁਕਮ ਸੁਣਾਉਣ ਵੇਲੇ ਰਹਾਉ ਦੀ ਪੰਕਤੀ (ਲਾਈਨ) ਹੀ ਦੁਹਰਾਈ ਜਾ ਸਕਦੀ
ਹੈ, ਆਖ਼ਰੀ ਜਾਂ ਪਹਿਲੀ ਨਹੀਂ।
੩. ਹੁਕਮ ਲੈਣ ਤੋਂ ਪਹਿਲਾਂ ੧ਓ ਤੋਂ ਗੁਰਪ੍ਰਸਾਦਿ ਤਕ ਹੀ ਪੜ੍ਹਿਆ ਜਾਵੇ।
ਹੋਰ ਕੋਈ ਇੱਕ ਜਾਂ ਵਧੇਰੇ ਸ਼ਬਦ ‘ਮੰਗਲਾਚਰਣ’ ਜੋਂ ਨਾ ਪੜ੍ਹੇ ਜਾਣ।
੪. ਹੁਕਮ ਲਏ ਜਾਣ ਵੇਲੇ; ਸੰਗਤਾਂ ਵਿੱਚੋਂ ਕੋਈ ਵੀ ਨਾਲ-ਨਾਲ ਨਾ ਬੋਲੇ।
ਸਿਰਫ਼ ਇਕਾਗਰਤਾ ਨਾਲ ਹੁਕਮ ਨੂੰ ਸੁਣਿਆ ਜਾਵੇ।
ਗੁਰਦੁਆਰਾ
੧. ਸੰਗਤ ਦੀ ਸਾਂਝੀ ਥਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾ ਹੋਵੇ, ਉਹ
ਗੁਰਦੁਆਰਾ ਹੈ।
੨. ਗੁਰਦੁਆਰਾ ਸਿੱਖ ਟੈਂਪਲ ਜਾਂ ਸਿੱਖ ਮੰਦਰ ਜਾਂ ਸਿੱਖ ਚਰਚ ਨਹੀਂ ਹੈ,
ਸਿਰਫ਼ ਗੁਰਦੁਆਰਾ ਹੈ।
੩. ਗੁਰਦੁਆਰਾ ਗੁਰਬਾਣੀ ਦੀ ਵੀਚਾਰ ਲਈ ਸੰਗਤ ਦੇ ਜੁੜਨ ਦੀ ਥਾਂ ਹੈ। ਇਹ
‘ਪੂਜਾ’ ਦਾ ਥਾਂ ਨਹੀਂ ਹੈ।
੪. ਗੁਰਦੁਆਰੇ ਦੀ ਹਦੂਦ ਵਿੱਚ ਖੰਡੇ ਸਮੇਤ ਨਿਸ਼ਾਨ ਸਾਹਿਬ ਲਾਉਣਾ ਲਾਜ਼ਮੀ
ਹੈ। ਨਿਸ਼ਾਨ ਸਾਹਿਬ ਦੇ ਕਪੜੇ ਦਾ ਰੰਗ ਨੀਲਾ ਹੋਵੇ (ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ
ਹੀ ਪ੍ਰਚਲਤ ਹੈ)। ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਜਾਂ ਇਸ ਦੇ ਥੜ੍ਹੇ ਦੀ ਪਰਕਰਮਾ ਕਰਨਾ ਗੁਰਮਤਿ
ਦੇ ਉਲਟ ਹੈ।
੫. ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰ ਰੋਜ਼ ਹੋਵੇ।
੬. ਗੁਰੂ ਗ੍ਰੰਥ ਸਾਹਿਬ ਉੱਪਰ ਚੰਦੋਆ ਤਾਣਿਆ ਹੋਣਾ ਲਾਜ਼ਮੀ ਹੈ।
੭. ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੀੜ੍ਹੇ ਉੱਤੇ ਹੀ ਹੋਵੇ, ਕਿਸੇ
ਤਰ੍ਹਾਂ ਦੀ ਪਾਲਕੀ ਵਿੱਚ ਪ੍ਰਕਾਸ਼ ਨਹੀਂ ਹੋਣਾ ਚਾਹੀਦਾ।
੮. ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਸਤੇ ਲੋੜੀਂਦਾ ਸਾਮਾਨ (ਗੱਦੇ,
ਰੁਮਾਲੇ ਵਗ਼ੈਰਾ) ਵਰਤੇ ਜਾਣੇ ਚਾਹੀਦੇ ਹਨ।
੯. ਰੁਮਾਲੇ ਸਾਫ਼ (ਸੁਅੱਛ) ਅਤੇ ਸਾਦੇ ਹੋਣ। ਉਨ੍ਹਾਂ ਉੱਤੇ ਫੁੱਲ ਬੂਟੇ ਜਾਂ
ਸ਼ਬਦ ਨਾ ਲਿਖੇ ਹੋਣ। ਰੁਮਾਲਿਆਂ ਦੀ ਦਿੱਖ ਮੌਸਮੀ ਨਾ ਹੋਵੇ।
੧੦. ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨਾਲ ਸਬੰਧਤ ਸਾਮਾਨ (ਰੁਮਾਲੇ ਵਗ਼ੈਰਾ)
ਦਾ ਇੰਤਜ਼ਾਮ ਗੁਰਦੁਆਰਾ ਪ੍ਰਬੰਧਕ ਆਪਣੀ ਲੋੜ ਮੁਤਾਬਿਕ ਆਪ ਕਰਨ। ਸ਼ਰਧਾ ਦੇ ਵਹਿਮ ਭਰਮ ਹਟ ਰੁਮਾਲੇ
ਨਾ ਚੜ੍ਹਾਏ ਜਾਣ। ਸ਼ਰਧਾ ਦੇ ਨਾਂ `ਤੇ ਚੰਦੋਏ, ਨਿਸ਼ਾਨ ਰੁਮਾਲੇ ਵਗ਼ੈਰਾ ਚੜ੍ਹਾਉਣਾ ਕੌਮੀ ਪੈਸੇ ਦੀ
ਬਰਬਾਦੀ ਹੈ।
੧੧. ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਧੂਫ਼, ਦੀਵੇ ਜਗਾ ਕੇ ਆਰਤੀ
ਕਰਨੀ, ਜੋਤਾਂ ਜਗਾਉਣੀਆਂ, ਟੱਲ ਖੜਕਾਉਣੇ, ਕੁੰਭ ਤੇ ਨਾਰੀਅਲ ਰੱਖਣੇ, ਘੜਿਆਲ, ਸੰਖ, ਮੂਰਤੀਆਂ
ਰੱਖਣੇ ਮਨਮਤਿ ਹਨ।
੧੨. ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਾਗ਼ਜ਼ੀ ਫੁੱਲ, ਹਾਰ, ਚਮਕਦੀਆਂ
ਲਾਈਟਾਂ, ਬੇਲੋੜੀ ਸਜਾਵਟ, ਕੋਈ ਵੀ ਤਸਵੀਰ ਰੱਖਣਾ ਜਾਂ ਗੁਰਦੁਆਰਿਆਂ ਦੀ ਅੰਦਰੂਨੀ ਬਣਤਰ ਸੰਗਤ ਦਾ
ਧਿਆਨ ਗੁਰਬਾਣੀ ਤੋਂ ਹਟਾਉਂਦਾ ਹੈ, ਇਹ ਨਾ ਕੀਤਾ ਜਾਵੇ। ਗੁਰਦੁਆਰੇ ਦੀ ਈਮਾਰਤ ਸਾਦੀ ਤੇ ਸਵੱਛ
ਹੋਵੇ। ਇਸ `ਤੇ ਸੰਗਮਰਮਰ, ਸੋਨਾ ਵਗ਼ੈਰਾ ਨਾ ਲਾਇਆ ਜਾਵੇ। ਇਹ ਕੌਮੀ ਪੈਸੇ ਦੀ ਬਰਬਾਦੀ ਹੈ।
ਸੰਗਮਰਮਰ ਬਾਥਰੂਮ ਵਿੱਚ ਲਾਇਆ ਜਾਣਾ ਗ਼ਲਤ ਨਹੀਂ ਹੈ। ਗੁਰਦੁਆਰੇ ਦੀ ਹਦੂਦ ਵਿੱਚ
ਸਮਾਧ/ਮੜ੍ਹੀ/ਸ਼ਹੀਦੀ ਥੜ੍ਹਾ ਨਹੀਂ ਬਣਾਇਆ ਜਾ ਸਕਦਾ।
੧੩. ਰੁਮਾਲਾ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨਾ ਮਨਮਤਿ ਹੈ।
ਅਸਲ ਦਰਸ਼ਨ ਸ਼ਬਦ ਵੀਚਾਰ ਹੈ।
੧੪. ਗੁਰੂ ਗ੍ਰੰਥ ਸਾਹਿਬ ਦੇ ਪੀੜ੍ਹੇ ਹੇਠ ਪਾਣੀ, ਪਰਚੀਆਂ ਰੱਖਣੀਆਂ,
ਰੱਖੜੀਆਂ ਧਾਗੇ ਬੰਨ੍ਹਣਾ, ਮੁੱਠੀਆਂ ਭਰਨੀਆਂ, ਨੱਕ ਮੱਥਾ ਰਗੜਨਾ ਵਗ਼ੈਰਾ ਗੁਰਮਤਿ ਦੇ ਉਲਟ ਹੈ।
੧੫. ਦੀਵਾਨ ਹਾਲ ਵਿੱਚ ਸਿਰਫ਼ ਤੇ ਸਿਰਫ਼ ਇੱਕੋ ਗੁਰੂ ਗ੍ਰੰਥ ਸਾਹਿਬ ਦਾ
ਪ੍ਰਕਾਸ਼ ਹੋਵੇ। ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਵੀ ਗ੍ਰੰਥ, ਕਿਤਾਬ, ਪੋਥੀ ਦਾ ਪ੍ਰਕਾਸ਼ ਕਰਨਾ
ਗੁਰਮਤਿ ਦੇ ਉਲਟ ਹੈ। ਇੱਕ ਦੀਵਾਨ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪਾਂ ਦਾ ਪ੍ਰਕਾਸ਼ ਵੀ
ਗ਼ਲਤ ਹੈ।
੧੬. ਗੋਲਕ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਾ ਰੱਖ ਕੇ ਦੀਵਾਨ ਹਾਲ ਦੇ ਮੁੱਖ
ਗੇਟ (ਦਰਸ਼ਨੀ ਡਿਉਢੀ) ਕੋਲ ਹੀ ਰੱਖੀ ਜਾਵੇ। ਮੱਥਾ ਟੇਕਣ ਵੇਲੇ ਗੁਰੂ ਗ੍ਰੰਥ ਸਹਿਬ ਅੱਗੇ ਮਾਇਆ ਭੇਟ
ਨਾ ਕੀਤੀ ਜਾਵੇ।
੧੭. ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਵਾਸਤੇ ਗਦੇਲਾ, ਆਸਣ,
ਚੌਂਕੀ, ਕੋਈ ਵਖਰੇਵਾਂ ਜਾਂ ਕੋਈ ਹੋਰ ਉਚੇਚਾ ਥਾਂ ਗੁਰਮਤਿ ਦੇ ਉਲਟ ਹੈ। ਜਿਸਮਾਨੀ ਮਜਬੂਰੀ ਦੀ
ਹਾਲਤ ਵਿੱਚ ਕੁਰਸੀ, ਸਟੂਲ, ਬੈਂਚ ਵਗ਼ੈਰਾ ਦੀ ਵਰਤੋਂ ਗ਼ਲਤ ਨਹੀਂ ਹੈ।
੧੮. ਗੁਰਦੁਆਰੇ ਦੇ ਅੰਦਰ ਦਰਸ਼ਨ ਕਰਨ ਜਾਂ ਦੀਵਾਨ ਵਿੱਚ ਬੈਠਣ ਜਾਂ ਲੰਗਰ
ਛਕਣ ਜਾਂ ਸੇਵਾ ਵਿੱਚ ਹਿੱਸਾ ਪਾਉਣਾ ਵਾਸਤੇ ਕਿਸੇ ਦੇਸ਼, ਮਜ਼ਹਬ, ਜ਼ਾਤ, ਨਸਲ ਵਾਲੇ ਨੂੰ ਮਨਾਹੀ
ਨਹੀਂ, ਪਰ, ਉਸ ਕੋਲ ਤੰਬਾਕੂ, ਸ਼ਰਾਬ ਜਾਂ ਕੋਈ ਨਸ਼ੀਲਾ ਪਦਾਰਥ ਨਾ ਹੋਵੇ ਤੇ ਉਹ ਨਸ਼ੇ ਦੀ ਹਾਲਤ ਵਿੱਚ
ਨਾ ਹੋਵੇ। ਤੰਬਾਕੂ ਦੀ ਵਰਤੋਂ ਪਹਿਲੋਂ ਕੀਤੀ ਹੋਣ ਕਾਰਨ ਬੋਅ ਆਉਣ ਦੀ ਹਾਲਤ ਵਿੱਚ ਉਹ ਦੰਦਾਂ ਤੇ
ਮੂੰਹ ਦੀ ਚੰਗੀ ਤਰ੍ਹਾਂ ਸਫ਼ਾਈ ਕਰ ਕੇ ਆਵੇ। ਇਸ ਮਕਸਦ ਵਾਸਤੇ ਗੁਰਦੁਆਰਾ ਦੇ ਟਾਇਲਟ ਵਿੱਚ ਮੰਜਨ
ਵਗ਼ੈਰਾ ਦਾ ਇੰਤਜ਼ਾਮ ਕੀਤਾ ਜਾ ਸਕਦਾ ਹੈ।
੧੯. ਦੀਵਾਨ ਹਾਲ ਅਤੇ ਲੰਗਰ ਹਾਲ ਵਿੱਚ ਹਰ ਇੱਕ ਵਾਸਤੇ ਸਿਰ ਢੱਕਣਾ ਲਾਜ਼ਮੀ
ਹੈ। ਹਰ ਇੱਕ ਦਾ ਪਹਿਰਾਵਾ ਵਧ ਤੋਂ ਵਧ ਸਾਦਾ ਹੋਵੇ ਤੇ ਕਿਸੇ ਹਿੱਸੇ ਵਿੱਚੋਂ ਨੰਗੇਜ ਨਜ਼ਰ ਨਾ
ਅਉਂਦਾ ਹੋਵੇ।
੨੦. ਗੁਰਦੁਆਰੇ ਵਿੱਚ ਕੋਈ ਅਨਮਤੀ ਤਿਉਹਾਰ, ਸੰਸਕਾਰ, ਰਸਮ ਹਰਗਿਜ਼ ਨਹੀਂ
ਕੀਤੇ ਜਾ ਸਕਦੇ।
੨੧. ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇੱਕ ਥਾਂ ਤੋਂ ਦੂਜੇ ਥਾਂ `ਤੇ ਲਿਜਾਣ
ਵਾਸਤੇ ਛੋਟੀ (ਸੰਖੇਪ) ਅਰਦਾਸ ਕੀਤੀ ਜਾਵੇ। ਸਰੂਪ ਲਿਜਾਣ ਸਮੇਂ ਲੈ ਜਾਣ ਵਾਲਿਆਂ ਦੀ ਗਿਣਤੀ ਦਾ
ਭਰਮ ਨਹੀਂ ਕਰਨਾ ਚਾਹੀਦਾ। ਜਿਸ ਨੇ ਸਿਰ `ਤੇ ਸਰੂਪ ਰੱਖਿਆ ਹੋਵੇ ਉਹ ਨੰਗੇ ਪੈਰ ਚੱਲੇ ਪਰ ਜੇ ਕਰ
ਕਿਸੇ ਮੌਕੇ ਜੋੜੇ ਪਾਉਣ ਦੀ ਬਹੁਤ ਜ਼ਰੂਰਤ ਹੋਵੇ ਤਾਂ ਭਰਮ ਨਹੀਂ ਕਰਨਾ। ਗੁਰੂ ਗ੍ਰੰਥ ਸਾਹਿਬ ਦੇ
ਅੱਗੇ-ਅੱਗੇ ਪਾਣੀ ਦੇ ਛਿੱਟੇ ਸੁੱਟਣਾ ਮਨਮਤਿ ਹੈ। ਗੁਰੁ ਗ੍ਰੰਥ ਸਾਹਿਬ ਦੇ ਸੰਤੋਖਣ ਦੀ ਕਾਰਵਾਈ
ਆਸਾਨ ਪਰ ਸ਼ਰਧਾ ਭਰਪੂਰ ਹੋਵੇ।
੨੨. ਗੁਰਦੁਆਰੇ ਵਿੱਚ ਰੋਜ਼ਾਨਾ ਕਥਾ, ਗੁਰਬਾਣੀ (ਸ਼ਬਦ) ਦੀ ਵਿਚਾਰ ਜ਼ਰੂਰ
ਹੋਵੇ। ਹੋ ਸਕੇ ਤਾਂ ਇਤਿਹਾਸ ਦੀ ਕਥਾ ਵੀ ਹੋਵੇ।
੨੩. ਲੰਗਰ ਪੰਗਤ ਵਿੱਚ ਬੈਠ ਕੇ ਛਕਿਆ ਜਾਵੇ। ਪੰਗਤ ਤੋਂ ਭਾਵ ਜ਼ਮੀਨ `ਤੇ
ਬੈਠਣਾ ਨਹੀਂ ਬਲਕਿ ਬਿਨਾਂ ਵਿਤਕਰੇ ਤੋਂ ਬੈਠਣਾ ਹੈ।
੨੪. ਲੰਗਰ ਅਤੇ ਦੀਵਾਨ ਵਿੱਚ ਸੰਗਤ ਕਤਾਰਾਂ ਬਣਾ ਕੇ ਬੈਠੇ।
੨੫. ਗੁਰੂ ਗ੍ਰੰਥ ਸਾਹਿਬ ਦੀ ਪਰਕਰਮਾ ਕਰਨਾ ਅਤੇ ਥਾਂ-ਥਾਂ `ਤੇ ਮੱਥ ਟੇਕਣਾ
ਮਨਮਤਿ ਹੈ।
੨੬. ਦੀਵਾਨ ਦੌਰਾਨ ਗੱਲਾਂ ਕਰਨਾ ਗੁਰੂ ਗ੍ਰੰਥ ਸਾਹਿਬ ਦੇ ਅਦਬ ਦੇ ਉਲਟ ਹੈ।
੨੭. ਗੁਰਦੁਆਰੇ ਵਿੱਚ ਕੀਤੇ ਜਾਣ ਵਾਲੇ ਸਮਾਗਮ ਸਾਦੇ ਤੇ ਘਟ ਖਰਚ ਵਾਲੇ
ਹੋਣ। ਮੁਖ ਅਹਮੀਅਤ ਸ਼ਬਦ ਤੇ ਇਤਿਹਾਸ ਵੀਚਾਰ ਨੂੰ ਦਿੱਤੀ ਜਾਵੇ।
੨੮. ਗੁਰਦੁਆਰੇ ਵਿਚਲੇ ਸਪੀਕਰ ਦੀ ਆਵਾਜ਼ ਬਾਹਰ ਨਹੀਂ ਆਉਣੀ ਚਾਹੀਦੀ।
੨੯. ਗੁਰਦੁਆਰੇ ਦੀ ਹਦੂਦ ਵਿੱਚ ਰਸਮ ਜਾਂ ਤਿਉਹਾਰ ਵਜੋਂ ਦੀਵੇ,
ਮੋਮਬੱਤੀਆਂ, ਆਤਿਸ਼ਬਾਜ਼ੀ ਚਲਾਉਣੀ ਮਨਮਤਿ ਹੈ।
੩੦. ਗੁਰਦੁਆਰਿਆਂ ਵਿੱਚ ਲਾਇਬਰੇਰੀਆਂ ਤੇ ਡਿਸਪੈਂਸਰੀਆਂ ਬਣਾਉਣ ਦੀ ਕੋਸ਼ਿਸ਼
ਕੀਤੀ ਜਾਵੇ। ਜੇ ਹੋ ਸਕੇ ਤਾਂ ਬੱਚਿਆਂ ਨੂੰ ਮੁਫ਼ਤ ਟਿਊਸ਼ਨਾਂ ਪੜ੍ਹਾਉਣ ਦਾ ਇੰਤਜ਼ਾਮ ਕੀਤਾ ਜਾਵੇ।
ਮੱਥਾ ਟੇਕਣਾ
ਮੱਥਾ ਟੇਕਣ ਦਾ ਭਾਵ ਆਪਾ ਛੱਡ ਕੇ ਗੁਰੂ ਦੀ ਮੱਤ ਗ੍ਰਹਿਣ ਕਰਨਾ (ਆਪਣਾ
ਮੁਖੀ/ਰਾਹਬਰ ਮੰਨਣਾ) ਹੈ। ਸਿੱਖ ਸਿਰਫ਼ ਗੁਰੂ ਗ੍ਰੰਥ ਸਾਹਿਬ (ਸ਼ਬਦ ਗੁਰੂ) ਅੱਗੇ ਮੱਥਾ ਟੇਕਦਾ ਹੈ।
ਇਸ ਤੋਂ ਬਿਨਾਂ ਕਿਸੇ ਦੇਹਧਾਰੀ ਮੂਰਤੀ, ਕਿਸੇ ਥਾਂ ਜਾਂ ਹੋਰ ਕਿਤੇ ਮੱਥਾ ਟੇਕਣਾ ਗੁਰਮਤਿ ਦੇ ਉਲਟ
ਹੈ।
ਕੀਰਤਨ, ਪਾਠ, ਕਥਾ
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਰਤਨ, ਪਾਠ, ਕਥਾ (ਸ਼ਬਦ ਵਿਚਾਰ,
ਇਤਿਹਾਸ ਵਿਚਾਰ) ਸਿਰਫ਼ ਸਿੱਖ ਹੀ ਕਰ ਸਕਦਾ ਹੈ।
ਕੀਰਤਨ ਸਿਰਫ਼ ਗੁਰੂ ਗ੍ਰੰਥ ਸਹਿਬ ਦੇ ਸ਼ਬਦਾਂ ਦਾ ਹੀ ਕੀਤਾ ਜਾ ਸਕਦਾ ਹੈ।
ਕੀਰਤਨ ਵਿੱਚ ਸ਼ਬਦ ਦੀ ਟੇਕ ਰਹਾਉ ਦੀ ਤੁਕ ਹੀ ਬਣਾਈ ਜਾਵੇ। ਜਿਸ ਸ਼ਬਦ ਵਿੱਚ
ਰਹਾਉ ਦੀ ਪੰਕਤੀ ਨਹੀਂ ਉੱਥੇ ਕੇਂਦਰੀ ਭਾਵ ਵਾਲੀ ਤੁਕ ਟੇਕ ਵਜੋਂ ਰੱਖੀ ਜਾਵੇ। ਦੀਵਾਨ/ਸੰਗਤ ਵਿੱਚ
ਸਿਰਫ਼ ਕੀਰਤਨ ਹੀ ਨਾ ਕੀਤਾ ਜਾਵੇ। ਕਥਾ, ਲੈਕਚਰ ਨੂੰ ਵੀ ਸਮਾਂ ਦੇਣਾ ਜ਼ਰੂਰੀ ਹੈ।
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਰਾਗੀਆਂ, ਢਾਡੀਆਂ, ਪਾਠੀਆਂ,
ਪ੍ਰਚਾਰਕਾਂ ਨੂੰ ਮਾਇਆ ਭੇਟ ਨਾ ਕੀਤੀ ਜਾਵੇ।
ਖੰਡੇ ਦੀ ਪਾਹੁਲ
ਖੰਡੇ ਦੀ ਪਾਹੁਲ ਲੈਣਾ ਗੁਰੂ ਨਾਲ ਪ੍ਰਣ ਹੈ ਕਿ ਅੱਜ ਤੋਂ ਮੈਂ ਆਪਣਾ ਜੀਵਨ
ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਹੀ ਬਿਤਾਵਾਂਗਾ/ਗੀ; ਗੁਰਮਤਿ ਤੋਂ ਉਲਟ ਕੋਈ ਕੰਮ ਜਾਣ
ਬੁਝ ਕੇ ਨਹੀਂ ਕਰਾਂਗਾ।
੧. ਖੰਡੇ ਦੀ ਪਾਹੁਲ ਦੀ ਰਸਮ ਇਕਾਂਤ ਜਗ੍ਹਾ “ਤੇ ਹੋਵੇ। ਉੱਥੇ ਗੁਰੂ ਗ੍ਰੰਥ
ਸਾਹਿਬ ਦਾ ਪ੍ਰਕਾਸ਼ ਲਾਜ਼ਮੀ ਹੈ। ਇਸ ਕਾਰਜ ਵਾਸਤੇ ਤਿਆਰ ਬਰ ਤਿਆਰ ਛੇ ਸਿੰਘਾਂ/ਸਿੰਘਣੀਆਂ ਹਾਜ਼ਰ
ਹੋਣ। ਇਨ੍ਹਾਂ ਵਿੱਚੋਂ ਇੱਕ ਤਾਬਿਆ ਬੈਠੇ ਤੇ ਬਾਕੀ ਦੇ ਖੰਡੇ ਦੀ ਪਾਹੁਲ ਤਿਆਰ ਕਰਨ। ਇਨ੍ਹਾਂ
ਪੰਜਾਂ ਵਿੱਚੋਂ ਕੋਈ ਅੰਗਹੀਣ (ਜੇ ਉਹ ਸੇਵਾ ਨਿਭਾੳਣ ਦੇ ਅਸਮਰਥ ਹੋਵੇ) ਜਾਂ ਦੀਰਘ ਛੂਤ ਦੇ ਰੋਗ
ਵਾਲਾ ਨਾ ਹੋਵੇ। ਸਭ ਦਰਸ਼ਨੀ ਸਿੰਘ ਹੋਣ, ਕੋਈ ਤਨਖ਼ਾਹੀਆ ਨਾ ਹੋਵੇ।
੨. ਹਰ ਪ੍ਰਾਣੀ ਮਾਤਰ ਬਿਨਾਂ ਕਿਸੇ ਭੇਦ-ਭਾਵ ਦੇ ਖੰਡੇ ਦੀ ਪਾਹੁਲ ਲੈਣ ਦਾ
ਹੱਕਦਾਰ ਹੈ ਬਸ਼ਰਤੇ ਕਿ ਉਹ ਸਿੱਖ ਧਰਮ ਗ੍ਰਹਿਣ ਕਰਨ ਅਤੇ ਇਸ ਦੇ ਅਸੂਲਾਂ “ਤੇ ਚੱਲਣ ਦਾ ਪ੍ਰਣ ਕਰੇ।
੩. ਪਾਹੁਲ ਲੈਣ ਵਾਲਾ ਬਹੁਤ ਛੋਟੀ ਉਮਰ ਦਾ ਨਾ ਹੋਵੇ, ਹੋਸ਼ ਸੰਭਾਲੀ ਹੋਵੇ।
ਪਾਹੁਲ ਲੈਣ ਸਮੇਂ ਪੰਜ ਕਕਾਰ ਧਾਰਨ ਕੀਤੇ ਹੋਣ। ਉਸ ਕੋਲ ਅਨਮਤਿ ਦਾ ਕੋਈ ਚਿੰਨ੍ਹ ਨਾ ਹੋਵੇ, ਸਿਰ
ਨੰਗਾ ਜਾਂ ਟੋਪੀ ਨਾ ਹੋਵੇ (ਦਸਤਾਰ ਹੋਵੇ), ਛੇਦਕ ਗਹਿਣੇ ਨਾ ਪਾਏ ਹੋਣ, ਅਦਬ ਨਾਲ ਹੱਥ ਜੋੜ ਕੇ
ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਢੜ੍ਹੇ ਹੋਣ।
੪. ਜੇ ਕਿਸੇ ਨੇ ਬਜਰ ਕੁਰਹਿਤ ਕਾਰਨ ਮੁੜ ਪਾਹੁਲ ਲੈਣੀ ਹੋਵੇ ਤਾਂ ਪੰਜ
ਪਿਆਰੇ ਉਸ ਨੂੰ ਤਨਖ਼ਾਹ ਲਾ ਲੈਣ।
੫. ਖੰਡੇ ਦੀ ਪਾਹੁਲ ਦੇਣ ਵਾਲੇ ਪੰਜਾਂ ਪਿਆਰਿਆਂ ਵਿੱਚੋਂ ਕੋਈ ਇੱਕ ਪਾਹੁਲ
ਲੈਣ ਵਾਲਿਆਂ ਨੂੰ ਖੰਡੇ ਦੀ ਪਾਹੁਲ ਦੇ ਫ਼ਲਸਫ਼ੇ ਨੂੰ ਸੰਖੇਪ ਵਿੱਚ ਸਮਝਾ ਦੇਵੇ। ਉਨ੍ਹਾਂ ਵਿੱਚੋਂ
ਇੱਕ ਉਨ੍ਹਾਂ ਨੂੰ ਪੁੱਛੇ ਕਿ ਕੀ ਉਹ ਬਿਨਾਂ ਕਿਸੇ ਡਰ, ਲਾਲਚ, ਮਜਬੂਰੀ ਵਗ਼ੈਰਾ ਵਿੱਚ ਸਿੱਖੀ ਵਿੱਚ
ਸ਼ਾਮਿਲ ਹੋ ਰਹੇ ਹਨ (ਪਾਹੁਲ ਲੈ ਰਹੇ ਹਨ)। ਜਵਾਬ ਹਾਂ ਵਿੱਚ ਮਿਲਣ ਮਗਰੋਂ ਪਾਹੁਲ ਤਿਆਰ ਕਰਨੀ ਸ਼ੁਰੂ
ਕੀਤੀ ਜਾਵੇ।
੬. ਬਾਟਾ ਸਰਬ ਲੋਹ ਦਾ ਹੋਵੇ ਅਤੇ ਕਿਸੇ ਚੌਂਕੀ “ਤੇ ਰੱਖਿਆ ਹੋਵੇ। ਬਾਟੇ
ਵਿੱਚ ਸਾਫ਼ ਪਾਣੀ ਅਤੇ ਪਤਾਸੇ ਪਾਏ ਜਾਣ (ਜੋ ਘਟ ਤੋਂ ਘਟ ਹੋਣ)। ਪੰਜ ਪਿਆਰੇ ਬਾਟੇ ਦੇ ਇਰਦ-ਗਿਰਦ
ਬੀਰ ਆਸਣ ਹੋ ਕੇ ਬੈਠ ਜਾਣ ਤੇ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਨ। ਨਿਤਨੇਮ ਦੀਆਂ ਬਾਣੀਆਂ ਇਹ
ਹਨ: ਜਪੁ, ਅਨੰਦ ਸਾਹਿਬ, ਸੋਦਰ ਦੇ ਸ਼ਬਦ, ਸੋ ਪੁਰਖ ਦੇ ਸ਼ਬਦ, ਸੋਹਿਲਾ।
੭. ਪੰਜ ਪਿਆਰਿਆਂ ਦੀ ਸੁਰਤ ਤੇ ਧਿਆਨ ਇਸ ਕਾਰਜ ਸਮੇਂ ਪਾਹੁਲ ਅਤੇ ਗੁਰਬਾਣੀ
ਵਿੱਚ ਇਕਾਗਰ ਹੋਵੇ।
੮. ਜਿਸ ਪ੍ਰਾਣੀ ਨੇ ਸੰਪੂਰਨ ਕਾਰਜ ਵਿੱਚ ਹਿੱਸਾ ਲਿਆ ਹੋਵੇ ਸਿਰਫ਼ ਉਹ ਹੀ
ਪਾਹੁਲ ਲੈ ਸਕਦਾ ਹੈ, ਅਧਵਾਟੇ ਆਉਣ ਵਾਲਾ ਸ਼ਾਮਿਲ ਨਹੀਂ ਹੋ ਸਕਦਾ।
੯. ਹੁਣ ਅਕਾਲ ਪੁਰਖ ਦਾ ਧਿਆਨ ਧਰ ਕੇ, ਹਰ ਇੱਕ ਪਾਹੁਲ ਲੈਣ ਵਾਲੇ ਨੂੰ ਬੀਰ
ਆਸਣ ਕਰਵਾ ਕੇ, ਉਸ ਦੇ ਖੱਬੇ ਹੱਥ ਉੱਤੇ ਸੱਜਾ ਹੱਥ ਰਖਵਾ ਕੇ ਉਸ ਨੂੰ ਪੰਜ ਚੂਲੇ ਛਕਵਾਏ ਜਾਣ ਅਤੇ
‘ਵਾਹਿਗੁਰੂ ਜੀ ਦੀ ਫ਼ਤਹਿ’ ਬੁਲਾਈ ਜਾਵੇ। ਇੰਜ ਸਾਰੇ ਅਭਿਲਾਖੀਆਂ ਨਾਲ ਕੀਤਾ ਜਾਵੇ। ਬਾਕੀ ਬਚੀ ਹੋਈ
ਪਾਹੁਲ ਨੂੰ ਪਾਹੁਲ ਲੈਣ ਵਾਲੇ ਵੰਡ ਕੇ ਛਕਣ।
੧੦. ਇਸ ਮਗਰੋਂ ਪੰਜ ਪਿਆਰੇ ਰਲ ਕੇ ਇੱਕੋ ਆਵਾਜ਼ ਵਿੱਚ ਛਕਣ ਵਾਲਿਆਂ ਨੂੰ ੧ਓ
ਤੋਂ ਲੈ ਕੇ ਗੁਰਪ੍ਰਸਾਦਿ ਤਕ ਅਕਾਲ ਪੁਰਖ ਦੇ ਗੁਣ ਦ੍ਰਿੜ ਕਰਵਾਉਣ।
੧੧. ਫਿਰ ਪੰਜ ਪਿਆਰਿਆਂ ਵਿੱਚੋਂ ਇੱਕ ਜਣਾ ਰਹਿਤਾਂ ਤੇ ਕੁਰਹਿਤਾਂ ਦੱਸੇ।
੧੨. ਹੁਣ ਅਰਦਾਸਿ ਮਗਰੋਂ ਹੁਕਮ ਲੈ ਕੇ ਸਾਰੇ ਸਿੰਘ ਸਿੰਘਣੀਆਂ ਰਲ ਕੇ ਇੱਕੋ
ਬਾਟੇ ਵਿੱਚੋਂ ਆਪਣੇ ਹੱਥੀਂ ਕੜਾਹ ਪ੍ਰਸ਼ਾਦਿ ਛੱਕਣ।
ਕਿਰਪਾਨ
ਕਿਰਪਾਨ ਦੀ ਘੱਟੋ-ਘਟ ਲੰਬਾਈ ਦਸਤੇ ਸਣੇ ੬ ਇੰਚ ਹੋਣੀ ਚਾਹੀਦੀ ਹੈ।
ਨਿਤਨੇਮ (ਤੇ ਖੰਡੇ ਦੀ ਪਾਹੁਲ) ਦੀਆਂ ਪੰਜ ਬਾਣੀਆਂ:
ਸਵੇਰ ਵੇਲੇ: ਜਪੁ ਜੀ ਸਾਹਿਬ ਤੇ ਅਨੰਦ ਸਾਹਿਬ
ਸ਼ਾਮ ਵੇਲੇ: ਸੋ ਦਰੁ ਤੇ ਸੋ ਪੁਰਖੁ
ਰਾਤ ਵੇਲੇ: ਸੋਹਿਲਾ
ਨੋਟ: ਨਿਤਨੇਮ ਨਿਜੀ ਤੌਰ `ਤੇ ਘਰ ਵਿੱਚ ਹੀ ਕੀਤਾ ਜਾਵੇ ਸੰਗਤੀ ਰੂਪ ਵਿੱਚ
ਜਾਂ ਗੁਰਦੁਆਰੇ ਵਿੱਚ ਨਾ ਹੋਵੇ।
ਬਜਰ ਕੁਰਹਿਤਾਂ
੧. ਕੇਸਾਂ ਦੀ ਬੇਅਦਬੀ (ਹਾਰਮੋਨਿਕ ਕਾਰਨਾਂ ਕਰ ਕੇ ਔਰਤ ਦੇ ਚਿਹਰੇ `ਤੇ ਆਏ
ਵਾਲਾਂ ਦਾ ਇਲਾਜ, ਅਪਰੇਸ਼ਨ ਵੇਲੇ ਕੇਸਾਂ ਨੂੰ ਹੋ ਜਾਣ ਵਾਲਾ ਨੁਕਸਾਨ ਕੇਸਾਂ ਦੀ ਬੇਅਦਬੀ ਨਹੀਂ
ਹੈ)।
੨. ਕੁੱਠਾ ਖਾਣਾ (ਕੁੱਠਾ=ਧਰਮ ਦੇ ਨਾਂ `ਤੇ ਜਾਂ ਕੋਈ ਧਾਰਮਿਕ ਰਸਮ ਕਰ ਕੇ
ਮਾਰੇ ਜੀਵ ਦਾ ਮਾਸ)
੩. ਪਰ ਨਾਰੀ/ਪੁਰਖ ਦਾ ਗਮਨ ਕਰਨਾ (ਭੋਗਣਾ)
੪. ਤੰਮਾਕੂ ਦਾ (ਕਿਸੇ ਵੀ ਰੂਪ ਵਿਚ) ਵਰਤਣਾ
(ਇਨ੍ਹਾਂ ਦਾ ਵਪਾਰ ਕਰਨਾ ਜਾਂ ਇਨ੍ਹਾਂ ਦੀ ਕਮਾਈ ਖਾਣਾ ਵੀ ਬਜਰ ਕੁਰਹਿਤ
ਹੈ)।
ਤਨਖਾਹੀਏ ਇਹ ਹਨ:
੧. ਮੀਣੇ, ਧੀਰਮੱਲੀਏ, ਰਾਮਰਾਈਏ, ਮਸੰਦ, ਨਾਮਧਾਰੀਏ, ਨਿਰੰਕਾਰੀਏ,
ਰਾਧਾਸੁਆਮੀ, ਨੂਰਮਹਿਲੀਏ, ਸਿਰਸਾ ਡੇਰੇ ਵਾਲੇ ਅਤੇ ਹੋਰ ਜਿਹੜੇ ਦੇਹਧਾਰੀ ਨੂੰ ਗੁਰੂ ਮੰਨਦੇ ਹਨ
ਦੀਆਂ ਧਾਰਮਿਕ ਰਸਮਾਂ ਵਿੱਚ ਸ਼ਾਮਿਲ ਹੋਣ ਵਾਲਾ।
੨. ਕੁੜੀ ਮਾਰ (ਕੁੜੀ ਦੇ ਜਨਮ ਤੋਂ ਪਹਿਲਾਂ ਜਾਂ ਬਾਅਦ) ਨਾਲ ਵਰਤਣ ਵਾਲਾ।
੩. ਕਿਸੇ ਕਿਸਮ ਦਾ ਵੀ ਨਸ਼ਾ ਕਰਨ ਵਾਲਾ
੪. ਦਾਜ ਲੈਣ ਜਾਂ ਦੇਣ ਵਾਲਾ
੫. ਮੂਰਤੀ, ਬੁੱਤ, ਸਮਾਧ, ਕਬਰ, ਥੜ੍ਹਾ ਤੇ ਤਸਵੀਰਾਂ ਵਗ਼ੈਰਾ ਨੂੰ ਸਿਰ
ਨਿਵਾਉਣ/ਝੁਕਾਉਣ ਵਾਲਾ
੬. ਪਤਿਤ ਦੀ ਖ਼ੁਸ਼ੀ ਵਿੱਚ ਸ਼ਰੀਕ ਹੋਣ ਵਾਲਾ
੭. ਕਿਸੇ ਸਿੱਖ ਬੱਚੇ/ਬੱਚੀ ਦਾ ਰਿਸ਼ਤਾ ਕਿਸੇ ਗ਼ੈਰ ਸਿੱਖ ਨਾਲ ਕਰਨ/ਕਰਵਾਉਣ
ਵਾਲਾ।
੮. ਜ਼ਾਤ-ਪਾਤ ਦੇ ਨਾਂ `ਤੇ ਵਿਤਕਰਾ/ਨਫ਼ਰਤ/ਈਰਖਾ ਕਰਨਾ
੯. ਸਿੱਖ ਜੀਵਨ-ਜਾਚ ਵਿਰੁੱਧ ਕੋਈ ਕੰਮ/ਕਾਰਵਾਈ/ਰਸਮ ਕਰਨਾ।
ਤਨਖ਼ਾਹ ਦੀ ਵਿਧੀ:
ਜਿਸ ਕਿਸੇ ਸਿੱਖ ਪਾਸੋਂ ਰਹਿਤ ਦੀ ਕੋਈ ਭੁੱਲ ਹੋ ਜਾਵੇ ਤਾਂ ਉਹ ਨੇੜੇ ਦੀ
ਗੁਰ ਸੰਗਤ ਪਾਸ ਹਾਜ਼ਰ ਹੋਵੇ ਅਤੇ ਸੰਗਤ ਦੇ ਸਨਮੁੱਖ ਖੜ੍ਹੇ ਹੋ ਕੇ ਆਪਣੀ ਭੁੱਲ ਮੰਨੇ ਅਤੇ ਅੱਗੋਂ
ਇਸ ਨੂੰ ਨਾ ਦੋਹਰਾਉਣ ਦਾ ਪ੍ਰਣ ਕਰੇ (ਆਪਣੀ ਭੁੱਲ ਦੀ ਵਿਅਖਿਆ ਕਰਨਾ ਜ਼ਰੂਰੀ ਨਹੀਂ)। ਤਨਖ਼ਾਹ ਲੁਆ
ਕੇ ਭੁਗਤਣ ਮਗਰੋਂ ਸੰਗਤ ਐਸੇ ਸੱਜਣ ਦੀ ਭੁੱਲ ਦਾ ਮੁੜ ਕੇ ਚਰਚਾ ਨਾ ਕਰੇ।
ਗੁਰੂ ਦਾ ਪੰਥ
ਸਾਰੇ ਸਿੱਖ ਗੁਰੂ ਦਾ ਪੰਥ (ਗੁਰੂ ਪੰਥ ਨਹੀਂ) ਹਨ ਪਰ ਸਾਰੇ ਸਿੱਖ ਇਕੱਠੇ
ਹੋ ਕੇ ਵੀ ‘ਗੁਰੁ’ ਨਹੀਂ ਹਨ।
ਤਖ਼ਤ ਸਾਹਿਬ
ਸਿੱਖ ਪੰਥ ਦਾ ਇੱਕੋ ਇੱਕ ਤਖ਼ਤ ਅਕਾਲ ਤਖ਼ਤ ਸਾਹਿਬ ਹੈ। ਬਾਕੀ ਗੁਰਦੁਆਰਿਆਂ
ਜਿਨ੍ਹਾਂ ਨੂੰ ਤਖ਼ਤ ਕਿਹਾ ਜਾ ਰਿਹਾ ਹੈ ਉਨ੍ਹਾਂ ਥਾਵਾਂ `ਤੇ ਗੁਰੂ ਸਾਹਿਬ ਦਰਬਾਰ ਲਾਇਆ ਕਰਦੇ ਸਨ।
ਉਹ ਦਰਬਾਰ ਸਨ ਨਾ ਕਿ ਵੱਖਰੇ ਤਖ਼ਤ।
ਅਕਾਲ ਤਖ਼ਤ ਸਾਹਿਬ ਦਾ ਕੋਈ ਜਥੇਦਾਰ ਜਾਂ ਪੁਜਾਰੀ ਨਹੀਂ ਹੋ ਸਕਦਾ। ਤਖ਼ਤ
ਸਹਿਬ ਦੀ ਸੇਵਾ ਸੰਭਾਲ ਵਾਸਤੇ ਮੁਖ ਸੇਵਾਦਾਰ ਹੋਵੇਗਾ ਜਿਸ ਨੂੰ ਸਰਬਤ ਖਾਲਸਾ ਚੁਣੇਗਾ। ਉਸ ਦੀ ਮਦਦ
ਵਾਸਤੇ ਇੱਕ ਜੱਥਾ ਰੱਖਿਆ ਜਾ ਸਕਦਾ ਹੈ।
ਕਕਾਰ
ਕਕਾਰ ਹੇਠ ਲਿਖੇ ਹਨ: ੧. ਕੇਸਕੀ ੨. ਕੰਘਾ ੩. ਕੜਾ ੪. ਕਿਰਪਾਨ ੫ ਕਛਿਹਰਾ
(ਨੋਟ: ਕਛਹਿਰਾ ਅਰੇਬਦਾਰ ਹੀ ਹੋਵੇ। ਕਛਹਿਰੇ ਵਿੱਚ ਨਾਲੇ ਦੀ ਥਾਂ `ਤੇ
ਇਲਾਸਟਿਕ ਦੀ ਵਰਤੋਂ ਕੀਤੀ ਜਾ ਸਕਦੀ ਹੈ)।
ਖੰਡੇ ਦੀ ਪਾਹੁਲ ਹਰ ਇੱਕ ਸਿੱਖ ਵਾਸਤੇ ਜ਼ਰੂਰੀ ਹੈ। ਪਰ ਇਸ ਤੋਂ ਪਹਿਲਾਂ
ਮਾਨਸਿਕ ਤਿਆਰੀ ਜ਼ਰੂਰੀ ਹੈ।
ਪਤਿਤ: ਪਤਿਤ ਉਹ ਹੈ ਜੋ ਇੱਕ ਵੀ ਬਜਰ ਕੁਰਹਿਤ ਕਰਦਾ ਹੈ।
ਸਿੱਖਾਂ ਦੀ ਕੌਮੀ ਅਰਦਾਸਿ:
ਵੱਡੀ ਅਰਦਾਸਿ:
ਇਹ ਅਰਦਾਸ ਦਿਨ ਵਿੱਚ ਦੋ ਵਾਰ (ਗੁਰਦੁਆਰੇ ਵਿੱਚ ਸਵੇਰ ਸਾਮ ਦੇ ਦੀਵਾਨ
ਮਗਰੋਂ ਤੇ ਘਰ ਵਿੱਚ ਸਵੇਰ ਦੀਆਂ ਬਾਣੀਆਂ ਤੇ ਰਹਿਰਾਸ ਮਗਰੋਂ) ਕਰਨ ਵਾਸਤੇ ਹੈ।
੧ਓ ਵਾਹਿਗੁਰੂ ਜੀ ਦੀ ਫ਼ਤਹਿ। ਖਾਲਸਾ ਜੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ
ਬੋਲਣਾ ਜੀ ਵਾਹਿਗੁਰੂ। ਫਿਰ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ
ਰਾਮਦਾਸ ਸਾਹਿਬ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਰਾਇ ਸਾਹਿਬ, ਗੁਰੂ
ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ਼ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਰਹਿਮਤਾਂ,
ਘਾਲਣਾਵਾਂ ਤੇ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਅਤੇ ਉਨ੍ਹਾਂ ਵੱਲੋਂ ਪ੍ਰਗਟਾਏ ਹੋਏ ਸ਼ਬਦ ਗੁਰੂ,
ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ॥
ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲ੍ਹੀ ਮੁਕਤੇ, ਸ਼ਹੀਦਾਂ, ਮੁਰੀਦਾਂ,
ਜਿਨ੍ਹਾਂ ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ਼ ਚਲਾਈ, ਤੇਗ਼ ਵਾਹੀ, ਧਰਮ ਹੇਤ ਸੀਸ ਦਿੱਤੇ, ਦੇਗ਼ਾਂ
ਵਿੱਚ ਉਬਾਲੇ ਗਏ, ਅਰਿਆਂ ਨਾਲ ਚੀਰੇ ਗਏ, ਬੰਦ-ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖ਼ੜੀਆਂ `ਤੇ
ਚੜ੍ਹੇ ਤੇ ਹੋਰ ਅਨੇਕਾਂ ਤਸੀਹਿਆਂ ਤੇ ਜ਼ੁਲਮਾਂ ਨੂੰ ਸਹਿੰਦੇ ਹੋਏ ਸ਼ਹੀਦ ਹੋਏ ਪਰ ਸਿੱਖੀ ਕੇਸਾਂ
ਸੁਆਸਾਂ ਨਾਲ ਨਿਭਾਈ, ਸਿਦਕ ਤੋਂ ਨਹੀਂ ਡੋਲੇ, ਧਰਮ ਨਹੀਂ ਹਾਰਿਆ, ਗੁਰਦੁਆਰਿਆਂ ਦੇ ਸੁਧਾਰ ਲਈ
ਕੁਰਬਾਨੀਆਂ ਕੀਤੀਆਂ, ਪੰਥ ਦੀ ਆਜ਼ਾਦੀ ਵਾਸਤੇ ਸ਼ਹੀਦ ਹੋਏ, ਤਸੀਹੇ ਸਹੇ ਤੇ ਜੂਝ ਰਹੇ ਹਨ ਤਿਨ੍ਹਾਂ
ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ॥
ਅਕਾਲ ਤਖ਼ਤ ਸਾਹਿਬ ਅਤੇ ਸਮੂਹ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ
ਵਾਹਿਗੁਰੂ॥
ਹੇ ਸੱਚੇ ਪਿਤਾ ਜੀ ਆਪ ਜੀ ਦੇ ਹਜ਼ੂਰ ਸਮੂਹ ਖਾਲਸੇ ਦੀ ਅਰਦਾਸਿ ਹੈ, ਖਾਲਸੇ
ਨੂੰ ਹਰ ਵੇਲੇ ਵਾਹਿਗੁਰੂ ਚਿਤ ਆਵੇ, ਜਿੱਥੇ-ਜਿੱਥੇ ਖਾਲਸਾ ਜੀ ਸਾਹਿਬ ਉੱਥੇ-ਉੱਥੇ ਰੱਖਿਆ ਰਿਆਇਤ,
ਦੇਗ਼ ਤੇਗ਼ ਫ਼ਤਹਿ, ਬਿਰਦ ਦੀ ਪੈਜ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਦੇ ਬੋਲ ਬਾਲੇ ਬੋਲਣਾ ਜੀ
ਵਾਹਿਗੁਰੂ।
ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਬਿਬੇਕ ਦਾਨ, ਦ੍ਰਿੜਤਾ ਦਾਨ, ਵਿਸਾਹ
ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ* ਦਾਨ ਬਖ਼ਸ਼ੋ ਜੀ। ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ,
ਨਿਮਰਤਾ, ਰਹਿਮ, ਮੁਹੱਬਤ, ਏਕ ਪਿਤਾ ਏਕਸ ਕੇ ਹਮ ਬਾਰਿਕ, ਚੜ੍ਹਦੀ ਕਲਾ ਨਾਲ ਭਰਪੂਰ ਹੋਵੇ।
(*ਨੋਟ: ਨਾਮ ਜਪਨਾ ‘ਵਾਹਿਗੁਰੂ ਵਾਹਿਗੁਰੂ’ ਕਰੀ ਜਾਣਾ ਨਹੀਂ ਬਲਕਿ ਉਸ ਨੂੰ ਹਰ ਵੇਲੇ ਮਨ ਵਿੱਚ
ਵਸਾਉਣਾ ਤੇ ਉਸ ਦੇ ਹੁਕਮ ਮੁਤਾਿਬਕ ਜ਼ਿੰਦਗੀ ਜੀਣਾ ਹੈ)।
ਹੇ ਅਕਾਲ ਪੁਰਖ ਪੰਥ ਦੇ ਦਸਾ ਸਹਾਈ ਦਾਤਾਰ ਜੀਓ ਜਿਨ੍ਹਾਂ ਗੁਰਧਾਮਾਂ ਨੂੰ
ਪੰਥ ਤੋਂ ਵਿਛੋੜਿਆ ਗਿਆ ਹੈ, ਜਿਨ੍ਹਾਂ `ਤੇ ਅਨਮਤੀਆਂ ਅਤੇ ਮਨਮਤੀਆਂ ਅਤੇ ਮਸੰਦਾ ਦਾ ਕਬਜ਼ਾ ਹੈ, ਦੀ
ਆਜ਼ਾਦੀ ਤੇ ਖੁਲ੍ਹੇ ਦਰਸ਼ਨ ਦੀਦਾਰ ਤੇ ਹਰ ਗੁਰਦੁਆਰੇ ਵਿੱਚ ਪੰਥਕ ਰਹਿਤ ਮਰਿਆਦਾ ਦਾ ਦਾਨ ਖਾਲਸਾ ਜੀ
ਨੂੰ ਬਖ਼ਸ਼ੋ। ਆਪ ਜੀ ਦੇ ਹਜ਼ੂਰ …. . ਦੀ ਅਰਦਾਸਿ ਹੈ; ਅੱਖਰ ਵਾਧਾ ਘਾਟਾ ਭੁੱਲ ਚੁਕ ਮੁਆਫ਼ ਕਰਨੀ
ਅੱਗੇ ਤੋਂ ਸਹੀ ਸ਼ੁੱਧ ਤੇ ਟਿਕਾਅ ਨਾਲ ਬਾਣੀ ਪੜ੍ਹਨ, ਸਮਝਣ ਅਤੇ ਅਮਲ ਕਰਨ ਦੀ ਸਮਰਥਾ ਬਖ਼ਸ਼ਣੀ। ਆਪ
ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ਼ ਹਾਜ਼ਿਰ ਹੈ ਆਪ ਜੀ ਨੂੰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ
ਸੰਗਤ ਦੀ ਰਸਨਾ ਲਾਇਕ ਹੋਵੇ। ਆਪਣਾ ਹੁਕਮ ਬਖ਼ਸ਼ ਕੇ ਨਿਹਾਲ ਕਰੋ। ਸੇਈ ਪਿਆਰੇ ਮੇਲਣਾ ਜੀ ਜਿਨ੍ਹਾਂ
ਦੇ ਮਿਲਿਆਂ ਆਪ ਜੀ ਦਾ ਨਾਂ ਚਿੱਤ ਆਵੇ, ਨਾਮ ਜਪਿਆਂ ਚੜ੍ਹਦੀ ਕਲਾ ਹੋਵੇ, ਆਪ ਜੀ ਦੇ ਭਾਣੇ ਸਰਬਤ
ਦਾ ਭਲਾ ਹੋਵੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ।
ਦੋਹਿਰਾ: ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਸਭ ਸਿੱਖਣ ਕੋ ਹੁਕਮ ਹੈ
ਗੁਰੂ ਮਾਨਯੋ ਗ੍ਰੰਥ। ਗੁਰੂ ਗ੍ਰੰਥ ਜੀ ਮਨਿਯੋ ਪਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਹੈ
ਖੋਜ ਸ਼ਬਦ ਮੇਂ ਲੇਹੁ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ। ਖੁਆਰ ਹੋਏ ਸਭ ਮਿਲੈਂਗੇ ਬਚੇ ਸ਼ਰਣ ਜੋ
ਹੋਏ।
ਛੋਟੀ (ਸੰਖੇਪ ਅਰਦਾਸਿ): ਇਹ ਅਰਦਾਸਿ ਬਾਕੀ ਸਾਰੇ ਮੌਕਿਆਂ ਵਾਸਤੇ
ਹੈ।
੧ਓ ਵਾਹਿਗੁਰੂ ਜੀ ਦੀ ਫ਼ਤਹਿ। ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰ ਦਾਸ,
ਗੁਰੂ ਰਾਮ ਦਾਸ, ਗੁਰੂ ਅਰਜਨ, ਗੁਰੂ ਹਰਗੋਬਿੰਦ, ਗੁਰੂ ਹਰਿ ਰਾਇ, ਗੁਰੂ ਹਰਕ੍ਰਿਸ਼ਨ, ਗੁਰੂ ਤੇਗ਼
ਬਹਾਦਰ, ਗੁਰੂ ਗੋਬਿੰਦ ਸਿੰਘ ਸਾਹਿਬ, ਸਦਾਂ ਪਾਤਾਹੀਆਂ ਦੀ ਜੋਤਿ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਧਰ
ਕੇ ਬੋਲਣਾ ਜੀ ਵਾਹਿਗੁਰੂ॥
ਇਸ ਮਗਰੋਂ ਜਿਹੜਾ ਕੰਮ/ਕਾਰਵਾਈ/ਰਸਮ ਕਰਨੀ ਹੋਵੇ ਉਸ ਬਾਰੇ ਕਿਹਾ ਜਾਵੇ,
ਮਿਸਾਲ ਵਜੋਂ ਗੁਰੂ ਗ੍ਰੰਥ ਸਾਹਿਬ ਦੇ ਸੰਤੋਖਣ ਵੇਲੇ ਦੀ ਅਰਦਾਸਿ ਇੰਞ ਹੋਵੇਗੀ:
ਹੇ ਸੱਚੇ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਨੂੰ ਸੰਤੋਖਣ ਲੱਗੇ ਹਾਂ ਆਪ ਜੀ
ਇਜਾਜ਼ਤ ਬਖ਼ਸ਼ੋ, ਸੇਈ ਪਿਆਰੇ ਮੇਲਣਾ ਜੀ ਜਿਨ੍ਹਾਂ ਦੇ ਮਿਲਿਆਂ ਆਪ ਜੀ ਦਾ ਨਾਂ ਚਿੱਤ ਆਵੇ, ਨਾਮ
ਜਪਿਆਂ ਚੜ੍ਹਦੀ ਕਲਾ ਹੋਵੇ, ਆਪ ਜੀ ਦੇ ਭਾਣੇ ਸਰਬਤ ਦਾ ਭਲਾ ਹੋਵੇ। ਵਾਹਿਗੁਰੂ ਜੀ ਦਾ/ਕਾ ਖਾਲਸਾ
ਵਾਹਿਗੁਰੂ ਜੀ ਦੀ/ਕੀ ਫ਼ਤਹਿ।
ਉਪਰ ਜ਼ਿਕਰ ਕੀਤੀ ਗੁਰਮਤਿ ਰਹਿਤ ਤੋਂ ਸਿਵਾ ਕੋਈ ਵੀ ਕਰਮ, ਕਾਰਵਾਈ, ਰਸਮ ਨਾ
ਕੀਤੀ ਜਾਵੇ।
ਦੂਜੇ ਧਰਮਾਂ ਵਾਲੇ ਲੋਕਾਂ ਦੀਆਂ ਸਮਾਜਿਕ ਰਸਮਾਂ ਵਿੱਚ ਸ਼ਾਮਿਲ ਹੋਣਾ
ਸਿੱਖ ਕਿਸੇ ਦੂਜੇ ਧਰਮ ਦੇ ਲੋਕਾਂ ਦੀਆਂ ਸਮਾਜਿਕ ਰਸਮਾਂ (ਵਿਆਹ, ਮੌਤ
ਵਗ਼ੈਰਾ) ਵਿੱਚ ਸ਼ਾਮਿਲ ਹੋ ਸਕਦਾ ਹੈ ਪਰ ਉਨ੍ਹਾਂ ਦੀਆਂ ਦਾਰਮਿਕ ਰਸਮਾਂ ਵਿੱਚ ਨਹੀਂ। ਮਿਸਾਲ ਵਜੋਂ
ਕਿਸੇ ਮੁਸਲਿਮ ਮੌਤ ਵੇਲੇ ਕਲਮਾ ਪੜ੍ਹਨਾ ਗੁਰਮਤਿ ਦੇ ਉਲਟ ਹੈ। ਇੰਞ ਹੀ ਕਿਸੇ ਹਿੰਦੂ ਦੇ ਸਮਾਗਮ
ਵਿੱਚ ਟਿੱਕਾ ਲੁਆਉਣਾ, ਮੌਲੀ ਬੰਨ੍ਹਣਾ ਸਿੱਖ ਵਾਸਤੇ ਘੋਰ ਮਨਮਤਿ ਹੈ)। ਅਜਿਹਾ ਸਿੱਖ ਤਨਖਾਹੀਆ,
ਦੰਭੀ, ਮਨਮਤੀਆ ਹੈ।
ਜ਼ਰੂਰੀ ਨੋਟ:
ਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ ਤੋਂ ਸਿਵਾ ਕਿਸੇ ਵਾਸਤੇ ‘ਸਾਹਿਬ’ ਨਾ
ਵਰਤਿਆ ਜਾਵੇ। ਕਿਸੇ ਚੀਜ਼, ਈਮਾਰਤ, ਨਗਰ. ਅਹੁਦੇ ਜਾਂ ਸ਼ਖ਼ਸ ਦੇ ਨਾਂ ਨਾਲ ‘ਸਾਹਿਬ’ ਦੀ ਵਰਤੋਂ ਨਾ
ਕੀਤੀ ਜਾਵੇ।
ਸੋਧ: ਇਸ ਗੁਰਮਤਿ ਰਹਿਤ ਵਿੱਚ ਵਕਤ ਤੇ ਗੁਰਮਤਿ ਦੀ ਸਿੱਖਿਆ
ਮਤਾਬਿਕ ਕਿਸੇ ਵੇਲੇ ਵੀ ਸੋਧ ਦੀ ਗੁੰਜਾਇਸ਼ ਹੈ।