. |
|
ਗੁਰਮਤਿ ਪ੍ਰਚਾਰ ਦੇ ਰਾਹ ਵਿੱਚ ਰੁਕਾਵਟ ਪਾਉਣ ਵਾਲੇ ਅਸਲ ਲੋਕ ਕੌਣ?
ਬਾਬਾ ਨਾਨਕ ਜੀ ਨੇ ਭਾਰਤੀ ਸਮਾਜ ਵਿੱਚ ਫੈਲੀਆਂ ਬੁਰਾਈਆਂ ਅਤੇ ਧਾਰਮਿਕ
ਲੋਕਾਂ ਵਲੋਂ ਭੋਲੇ-ਭਾਲੇ ਲੋਕਾਂ ਦੀ ਲੁੱਟ ਘਸੁੱਟ ਨੂੰ ਰੋਕਣ ਲਈ ਅਤੇ ਅਸਲ ਧਰਮ ਨੂੰ ਸਮਝਾਉਣ ਲਈ
ਬੜੀਆਂ ਹੀ ਮੁਸ਼ਕਿਲਾਂ ਝੱਲੀਆਂ, ਹਜਾਰਾਂ ਮੀਲਾਂ ਦਾ ਪੈਦਲ ਸਫਰ ਕੀਤਾ, ਅਤੇ ਲੋਕਾਂ ਨੂੰ ਸਮਝਾਇਆ ਕਿ
ਕਿਹੜੇ ਕੰਮਾਂ ਨਾਲ ਰੱਬ ਤੋਂ ਦੂਰ ਹੋਈਦਾ ਹੈ, ਅਤੇ ਕਿਹੜੇ ਕੰਮਾਂ ਨਾਲ ਰੱਬ ਦੇ ਨੇੜੇ ਹੋਇਆ ਜਾ
ਸਕਦਾ ਹੈ। ਮਨੱਖ ਦੀ ਬੋਲੀ ਕਿਹੋ ਜਹੀ ਹੋਵੇ ਜਿਸ ਰਾਹੀਂ ਸਮਾਜਿਕ ਜਾਂ ਅਧਿਆਤਮਕ ਸਾਂਝ ਪੈਦਾ ਹੋ
ਸਕੇ। ਜਦੋਂ ਵੀ ਉਨ੍ਹਾਂ ਨੇ ਇਹੋ ਜਹੇ ਸੱਚੇ ਬਚਨ ਕਹੇ ਤਾਂ ਪਹਿਲਾਂ ਤੋਂ ਸਥਾਪਿਤ ਧਾਰਮਿਕ ਮੁਖੀਆਂ
ਨੇ ਉਨ੍ਹਾਂ ਦੀ ਖੁੱਲ ਕੇ ਮੁਖਾਲਫਤ ਕਰਦੇ ਹੋਏ ਉਨ੍ਹਾਂ ਨੂੰ ਭੂਤਨਾ, ਬੇਤਾਲਾ, ਕੁਰਾਹੀਆ ਜਾਂ ਹੋਰ
ਬਹੁੱਤ ਕੁੱਝ ਬੁਰਾ ਭਲਾ ਵੀ ਕਿਹਾ। ਪਰ ਇਸ ਸਭ ਦੇ ਬਾਵਜੂਦ ਇਨ੍ਹਾਂ ਗਲਾਂ ਨੂੰ ਸਮਝਣ ਅਤੇ ਸਮਝਾਉਣ
ਲਈ ਬਾਬਾ ਨਾਨਕ ਜੀ ਨੇ ਧਰਮਸ਼ਾਲਾਵਾਂ ਦੀ ਦੇਣ ਭਾਰਤੀ ਸਮਾਜ ਨੂੰ ਦਿਤੀ। ਲੋਕ ਧਰਮਸ਼ਾਲਾਵਾਂ ਵਿੱਚ
ਬੈਠਕੇ ਇੱਕ ਅਕਾਲ ਪੁਰਖ ਦੇ ਗੁਣ ਸੁਣਦੇ, ਵਿਚਾਰਦੇ ਅਤੇ ਵਿਵਹਾਰਕ ਜਿੰਦਗੀ ਵਿੱਚ ਉਨ੍ਹਾਂ ਅਮਲਾਂ
ਨੂੰ ਜੀਉਦੇ ਹੋਏ ਇੱਕ ਉਚੇ ਸੁੱਚੇ ਆਦਰਸ਼ਕ ਮਨੁੱਖ ਦੇ ਪਾਂਧੀ ਬਣਦੇ। ਇਨ੍ਹਾਂ ਧਰਮਸ਼ਾਲਾਵਾਂ ਨੂੰ ਹੀ
ਬਾਅਦ ਵਿੱਚ ਗੁਰਦੁਆਰੇ ਕਿਹਾ ਜਾਣ ਲਗ ਪਿਆ, ਇਨ੍ਹਾਂ ਗੁਰਦੁਆਰਿਆਂ ਵਿੱਚ ਹੀ 9 ਨਾਨਕ ਜਾਮਿਆਂ ਨੇ
ਉੱਚੇ ਇਖਲਾਕ ਅਤੇ ਆਦਰਸ਼ ਜੀਵਨ ਦੀ ਐਸੀ ਜਾਚ ਸਿਖਾਈ ਕਿ ਭਾਰਤੀ ਸਮਾਜ ਦੀਆਂ ਅੱਖਾਂ ਅਡੀਆਂ ਹੀ ਰਹਿ
ਗਈਆਂ ਅਤੇ ਮਨ ਅਸ਼-ਅਸ਼ ਕਰ ਉਠਿਆ ਜਦੋਂ ਸਿੱਖਾਂ ਨੇ ਆਪਣੇ ਧਰਮ, ਆਦਰਸ਼ ਅਤੇ ਸੱਚ ਲਈ ਆਪਣੇ ਆਪ ਨੂੰ
ਆਰਿਆਂ ਨਾਲ ਤਾਂ ਚਿਰਵਾ ਲਿਆ, ਦੇਗਾਂ ਵਿੱਚ ਤਾਂ ਉਬਾਲ ਲਿਆ, ਚਰਖੜੀਆਂ ਉੱਤੇ ਚੜ੍ਹਵਾ ਲਿਆ,
ਖੋਪੜੀਆਂ ਉਤਰਵਾ ਲਈਆਂ, ਪੁਠੀਆਂ ਖਲਾਂ ਉਤਰਵਾ ਲਈਆਂ ਅਤੇ ਲੋਗਾਂ ਲਈ ਇੱਕ ਸੁੱਚੇ ਅਤੇ ਪਵਿਤ੍ਰ
ਆਚਰਣ ਦੇ ਚਾਨਣ ਮੁਨਾਰੇ ਬਣੇ।
ਇਵੇਂ ਲਗਦਾ ਹੈ ਜਿਵੇਂ ਗੁਰ ਦੋਖੀਆਂ ਨੇ ਇਸ ਰਮਜ ਨੂੰ ਸਮਝ ਲਿਆ ਕਿ ਜੇ
ਕਿਤੇ ਇਨ੍ਹਾਂ ਗੁਰਦੁਆਰਿਆਂ ਵਿੱਚੋਂ ਗੁਰਬਾਣੀ ਨੂੰ ਵਿਚਾਰਨਾ ਬੰਦ ਕਰਵਾ ਕੇ ਉੱਥੇ ਕੇਵਲ ਮੱਥੇ ਟੇਕ
ਕੇ ਮੰਨਤਾਂ ਪੂਰੀਆਂ ਹੋਣ ਜਾਂ ਧਰਮ (ਪੂਜਾ) ਕਰਣ ਦੀ ਥਾਂ ਵਿੱਚ ਤਬਦੀਲ ਕਰ ਦਿਤਾ ਜਾਵੇ ਤਾਂ ਇੱਥੇ
ਚੰਗੇ ਅਤੇ ਉੱਚੇ ਆਦਰਸ਼ ਵਾਲੇ ਜੀਵਨ ਬਣਨੇ ਬੰਦ ਹੋ ਜਾਣਗੇ। ਕਿਉਕਿ ਸਿੱਖ ਗੁਰਦੁਆਰਿਆਂ ਵਿੱਚੋ
ਗੁਰਮਤਿ ਸਿੱਖ ਕੇ ਵਿਵਹਾਰਕ ਜਿੰਦਗੀ ਵਿੱਚ ਉਸਨੂੰ ਅਮਲ ਵਿੱਚ ਲਿਆਉਦਾ ਸੀ। ਪਰ ਜਦੋਂ ਦਾ ਸਿੱਖ
ਗੁਰਦੁਆਰਿਆਂ ਨੂੰ ਕੇਵਲ ਮੱਥੇ ਟੇਕਣ, ਮੰਨਤਾਂ ਮੰਗਣ, ਜਾਂ ਗੁਰਬਾਣੀ ਨੂੰ ਕੇਵਲ ਮੰਤਰਾਂ ਵਾਗਂ
ਪੜ੍ਹਣ-ਸੁਣਣ ਲਗ ਗਿਆ ਉਦੋਂ ਤੋਂ ਹੀ ਇੱਸਦੀ ਜਿੰਦਗੀ ਵਿੱਚ ਜਬਰਦੱਸਤ ਗਿਰਾਵਟ ਆ ਗਈ। ਇਸ ਗਿਰਾਵਟ
ਤੋਂ ਬਚਣ ਲਈ ‘ਸਿਖ ਰਹਿਤ ਮਰਿਆਦਾ’ ਬਣਾਈ ਗਈ ਜਿਸਦਾ ਆਪਣਾ ਇੱਕ ਇਤਿਹਾਸ ਹੈ। ਇਸ ਦੇ ਬਣਾਉਣ ਪਿੱਛੇ
ਵੀ ਇਹੀ ਕਾਰਨ ਸਨ। ਵੀਹਵੀਂ ਸਦੀ ਦੀ ਸ਼ੁਰੂਆਤ ਤੱਕ ਜ਼ਿਆਦਾਤਰ ਗੁਰਦੁਆਰੇ ਮਹੰਤਾਂ ਅਤੇ ਪੁਜਾਰੀਆਂ ਦੇ
ਕਬਜ਼ੇ ਹੇਠ ਆ ਚੁਕੇ ਸਨ ਅਤੇ ਹਰ ਗੁਰਦੁਆਰੇ ਨੇ ਆਪਣੀ ਵੱਖਰੀ ਮਰਿਆਦਾ ਬਣਾ ਲਈ ਸੀ। ਦੂਜੇ ਪਾਸੇ
ਸਿੱਖਾਂ ਵਿੱਚ ਸੰਤ ਨਾਂ ਹੇਠ ਕਈ ਡੇਰੇ ਪਨਪਣੇ ਸ਼ੁਰੂ ਹੋ ਗਏ ਸਨ। ਅਤੇ ਕਈਂ ਸੰਪਰਦਾਵਾਂ ਵੀ ਬਣ
ਚੁਕੀਆਂ ਸਨ। ਹਰ ਇੱਕ ਦੀ ਆਪਣੀ ਅਲੱਗ ਮਰਿਆਦਾ ਸੀ ਅਤੇ ਇਨ੍ਹਾਂ ਵਿੱਚ ਜ਼ਿਆਦਾਤਰ ਬ੍ਰਾਹਮਣੀ
ਕਰਮਕਾਂਡਾਂ ਦਾ ਬੋਲਬਾਲਾ ਸੀ। ਬਾਅਦ ਵਿੱਚ ਸ਼ੁਰੂ ਹੋਈ ਸਿੰਘ ਸਭਾ ਲਹਿਰ, 1920 ਤੱਕ ਗੁਰਦੁਆਰਾ
ਸੁਧਾਰ ਲਹਿਰ ਦਾ ਰੂਪ ਧਾਰਨ ਕਰ ਗਈ। ਇਸ ਨੇ ਜ਼ਿਆਦਾਤਰ ਗੁਰਦੁਆਰੇ ਮਹੰਤਾਂ ਦੀ ਪਕੜ ਤੋਂ ਆਜ਼ਾਦ
ਕਰਵਾਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ. ਜੀ. ਪੀ. ਸੀ.) ਅਧੀਨ ਗੁਰਦੁਆਰਿਆਂ ਦੇ
ਸੁਧਾਰ ਲਈ ਯਤਨ ਸ਼ੂਰੂ ਕਰਕੇ ਉਨ੍ਹਾਂ ਵਿੱਚ ਗੁਰਮਤਿ ਸਿਧਾਂਤਾਂ ਦੇ ਆਧਾਰ `ਤੇ ਮਰਿਆਦਾ ਬਣਾਈ। ਜਿਸ
ਵਿੱਚ ਸਿਧਾਂਤਕ ਅਤੇ ਸ਼ਬਦਾਵਲੀ ਪੱਖੋਂ ਅਨੇਕਾਂ ਇਹੋ ਜਿਹੀਆਂ ਕਮਜ਼ੋਰੀਆਂ ਰਹਿ ਗਈਆਂ ਜੋ ‘ਗੁਰੂ
ਗ੍ਰੰਥ ਸਾਹਿਬ ਜੀ’ ਦੀ ਕਸੌਟੀ ਉਪੱਰ ਪੂਰੀਆਂ ਨਹੀਂ ਉਤਰਦੀਆਂ। ਇਸੇ ਕਾਰਣ
1940 ਤੋਂ ਬਾਅਦ ਸ਼੍ਰੋਮਣੀ ਕਮੇਟੀ, ਚੌਧਰਾਂ ਅਤੇ
ਧੜੇਬਾਜੀਆਂ ਦਾ ਸ਼ਿਕਾਰ ਹੋਣ ਲਗ ਪਈ। ਫੈਸਲੇ, ਸਿਧਾਂਤ ਦੀ ਥਾਂ ਨਿਜੀ ਗਰਜ਼ਾਂ ਅਧੀਨ ਲਏ ਜਾਣ ਲੱਗ
ਪਏ। ਜਿਸ ਕਾਰਣ ‘ਰਹਿਤ ਮਰਿਆਦਾ’ ਕਦੀ ਵੀ ਪੂਰੀ ਤਰ੍ਹਾਂ ਕੌਮ ਉੱਤੇ ਲਾਗੂ ਨਹੀਂ ਹੋ ਸਕੀ। ਹੋਰ ਤਾਂ
ਹੋਰ ਸ਼੍ਰੋਮਣੀ ਕਮੇਟੀ ਦੇ ਅਧੀਨ ਚਲਦੇ ਗੁਰਦੁਆਰਿਆਂ ਵਿੱਚ ਵੀ ਇਸ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ
ਕੀਤੀ ਜਾ ਰਹੀ। ਡੇਰੇ ਅਤੇ ਸੰਪਰਦਾਵਾਂ ਤਾਂ ਇਸ ਮਰਿਆਦਾ ਨੂੰ ਸ਼ੂਦਰ ਸਮਝਦੇ ਹੋਏ ਬਿਲਕੁਲ ਵੀ ਮੰਨਣ
ਨੂੰ ਤਿਆਰ ਨਹੀਂ। ਬਲਕਿ ਉਨ੍ਹਾਂ ਨੇ ਤਾਂ 1992 ਵਿੱਚ ਆਪਣੀ ਵੱਖਰੀ ਮਰਿਆਦਾ ਹੀ ਬਣਾ ਲਈ। ਜਿਸ
ਅਧੀਨ ਇੱਕ ਵਾਰ ਫਿਰ ਇਨ੍ਹਾਂ ਗੁਰਦੁਆਰਿਆਂ ਨੂੰ ਡੇਰਿਆਂ ਵਿੱਚ ਤਬਦੀਲ ਕਰਨ ਦੀਆਂ ਭਰਪੂਰ ਕੋਸ਼ਿਸਾਂ
ਸ਼ੁਰੂ ਹੋ ਚੁਕੀਆਂ ਹਨ।
ਇਨ੍ਹਾਂ ਕੋਸ਼ਿਸਾਂ ਵਿੱਚ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਅਧੀਨ ਆਉਂਦੇ
ਸਿੰਘ ਸਭਾ ਗੁਰਦੁਆਰਿਆਂ ਦਾ ਪ੍ਰਬੰਧ ਸੰਪ੍ਰਦਾਈ ਸੋਚ ਵਾਲੇ ਲੋਕਾਂ ਹੱਥ ਸੋਂਪਦੇ ਹੋਏ, ਉਨ੍ਹਾਂ ਨੂੰ
ਗੁਰਮਤਿ ਦੀ ਥਾਂ ਸੰਪ੍ਰਦਾਇਕ ਵਿਚਾਰਧਾਰਾ ਵਿੱਚ ਤਬਦੀਲ ਕਰਕੇ, ਗੁਰੂ ਦੇ ਬਰਾਬਰ ਡੇਰੇਦਾਰਾਂ ਨੂੰ
ਸਥਾਪਿਤ ਕਰਨਾ ਜਾਂ ਇਨ੍ਹਾਂ ਗੁਰਦੁਆਰਿਆਂ ਦਾ ਪ੍ਰਬੰਧ ਭ੍ਰਸ਼ਟ ਲੋਕਾਂ ਹਵਾਲੇ ਕਰਕੇ ਉਨ੍ਹਾਂ ਹਥੋਂ
ਗੁਰਮਤਿ ਦਾ ਰੱਜਕੇ ਘਾਣ ਕਰਵਾਉਣਾ ਆਦਿ ਹਨ। ਉਪਰੋਕਤ ਕਾਰਣਾਂ ਕਰਕੇ ਹੀ ਅੱਜ ਸਿੱਖ ਸਮਾਜ ਅਗਿਆਨਤਾ
ਵੱਸ ਹੀ ਇਨ੍ਹਾਂ ਡੇਰੇਦਾਰਾਂ ਦੇ ਡੇਰਿਆਂ ਦਾ ਸ਼ਿਗਾਰ ਬਣਨ ਲਗ ਪਿਆ ਹੈ ਅਤੇ ਜਿੱਥੇ ਗੁਰਮਤਿ ਦੇ ਨਾਮ
ਥੱਲੇ ਇਸ ਅਗਿਆਨੀ ਕੋਲੋਂ ਬੇਅੰਤ ਬ੍ਰਾਹਮਣੀ ਕਰਮਕਾਂਡਾਂ ਰਾਹੀਂ ਇਸਦੀ ਜਮੀਰ ਨੂੰ ਬੇਸੁਰਤੀ ਤੋਂ
ਅੱਧ ਮੋਈ ਹਾਲਤ ਵਿੱਚ ਪੁਚਾ ਦਿਤਾ ਗਿਆ ਹੈ। ਅੱਜ ਇਸ ਦੀ ਹਾਲਤ ਵੇਖ ਕੇ ਤਰਸ ਆਉਂਦਾ ਹੈ ਕਿ ਇਹ ਉਹੀ
ਸਿੱਖ ਹੈ ਜੋ ਗੁਰਮਤਿ ਖਿਲਾਫ ਜਾਣ ਵਾਲੇ ਨਾਨਕ ਜਾਮਿਆਂ ਦੇ ਪੁਤਰਾਂ ਨੂੰ ਵੀ ਮੱਥੇ ਲਾਉਣਾ ਪਸੰਦ
ਨਹੀਂ ਸੀ ਕਰਦਾ ਭਾਵੇਂ ਉਹ ਸ੍ਰੀ ਚੰਦ, ਲਖਮੀ ਦਾਸ, ਰਾਮਰਾਇ, ਪ੍ਰਿਥੀਚੰਦ ਜਾਂ ਧੀਰਮਲ ਹੀ ਕਿਉ ਨਾਂ
ਹੋਣ। ਪਰ ਅੱਜ ਇੱਸ ਦੀ ਬੇਸੁਰਤੀ ਅਤੇ ਅੱਧਮੋਈ ਹਾਲਤ ਦਾ ਫਾਇਦਾ ਉਠਾ ਕੇ ਭੇਖਧਾਰੀ ਇਸ ਦੇ ਗੁਰੂ
ਬਰਾਬਰ ਆਸਣ ਲਗਾ ਬੈਠਣ ਵਿੱਚ ਕਾਮਯਾਬ ਹੋ ਰਹੇ ਹਨ ਅਤੇ ਇਸ ਕਾਮਯਾਬੀ ਦਾ ਸਿਹਰਾ ਹੈ ਸਿੱਖ
ਗੁਰਦੁਆਰਿਆਂ ਦੇ ਪ੍ਰਬੰਧਕਾਂ ਸਿਰ। ਜੋ ਹਰ ਭ੍ਰਿਸ਼ਟ ਤਰੀਕਾ ਅਪਣਾ ਕੇ ਇਸ ਪ੍ਰਬੰਧ ਉਪਰ ਕਾਬਜ ਰਹਿਣਾ
ਚਾਹੰਦੇ ਹਨ। ਜਿਸ ਕਬਜੇ ਦੀ ਬਦੋਲਤ ਗੁਰੂ ਘਰਾਂ ਵਿੱਚ ਗੁਰਮਤਿ ਦੀ ਗਲ ਕਰਣ ਵਾਲਿਆਂ ਨੂੰ ਬੋਲਣ ਹੀ
ਨਹੀਂ ਦਿਤਾ ਜਾਂਦਾ, ਤੇ ਜੇ ਕਿਤੇ ਕੋਈ ਗੁਰਮਤਿ ਦੀ ਗਲ ਕਰ ਵੀ ਜਾਏ ਤਾਂ ਇਹ ਪ੍ਰਬੰਧਕ ਅਤੇ ਇਨ੍ਹਾਂ
ਦੇ ਅਗਿਆਨੀ ਝੋਲੀ ਚੁੱਕ ਪ੍ਰਚਾਰਕ ਉਸ ਦੇ ਵਿਰੋਧ ਵਿੱਚ ਖੜੇ ਹੋ ਜਾਂਦੇ ਹਨ। ਇਸ ਸਬੰਧ ਵਿੱਚ ਇੱਕ
ਗੱਲ ਪਾਠਕਾਂ ਨਾਲ ਸਾਂਝੀ ਕਰਨਾ ਚਾਹਵਾਂਗਾ ਪਿਛਲੇ ਜੂਨ ਮਹੀਨੇ ਵਿੱਚ ਦਾਸ ਦੇ ਸਹੁਰੇ ਪਰਿਵਾਰ
ਜੈਪੁਰ (ਰਾਜਸਥਾਨ) ਵਿੱਖੇ ਨਜਦੀਕੀ ਰਿਸ਼ਤੇ ਵਿੱਚ ਮੋਤ ਹੋਣ ਕਰਕੇ ਭੋਗ ਸਮਾਗਮ ਤੇ ਪਰਿਵਾਰ ਦੇ ਹੀ
ਇੱਕ ਦੂਰ ਦੇ ਰਿਸ਼ਤੇਦਾਰ ਵਲੋਂ ਇੱਕ ਸੰਪ੍ਰਦਾ ਦੇ ਪ੍ਰਭਾਵ ਅਧੀਨ ਅਗਿਆਨਤਾ ਵਸ ਪਹਿਲਾਂ ਇੱਕ ਸੋਗਮਈ
ਹਿੰਦੂ ਮਿਥਿਹਾਸਕ ਕਹਾਣੀ ਦਾ ਜ਼ਿਕਰ ਕਰਦਿਆਂ ਉਸ ਕਹਾਣੀ ਅਨੁਸਾਰ ਇਸ ਗੱਲ ਉਪਰ ਜ਼ੋਰ ਦਿਤਾ ਕਿ ਅੰਤਿਮ
ਅਰਦਾਸ ਮੋਕੇ ਸਮੂਹਿਕ ਰੂਪ ਵਿੱਚ ਕੀਤੀ ਗਈ ਅਰਦਾਸ ਜੀਵ ਆਤਮਾ ਨੂੰ ਨਿਸ਼ਚਿਤ ਹੀ ਉਸ ਪਰਮਾਤਮਾ ਦੇ ਘਰ
ਪਹੰਚਾ ਦਿੰਦੀ ਹੈ ਬੇਸ਼ਕ ਉਸ ਨੇ ਸਾਰੀ ਜ਼ਿਦਗੀ ਉਸ ਪਰਮਾਤਮਾ ਦੇ ਅਟੱਲ ਨਿਅਮਾਂ (ਹੁਕਮ) ਨੂੰ ਗੁਰਮਤਿ
ਰਾਹੀਂ ਬਿਲਕੁਲ ਵੀ ਸਮਝਣ ਦੀ ਕੋਸ਼ਿਸ਼ ਨਾ ਕੀਤੀ ਹੋਵੇ ਅਤੇ ਗੁਰਮਤਿ ਤੋਂ ਉਲਟ ਹੀ ਕਿਉਂ ਨਾਂ ਗੁਜ਼ਾਰੀ
ਹੋਵੇ, ਅਕਸਰ ਹੀ ਐਸੀ ਮਨਮਤਿ ਨੂੰ ਅਰਦਾਸ ਜ਼ਰੀਏ ਗੁਰਮਤਿ ਦਾ ਰੰਗ ਦੇਣ ਦੀ ਸਫਲ ਕੋਸ਼ਿਸ਼ ਕੀਤੀ ਜਾਂਦੀ
ਹੈ, ਉਦੋਂ ਅਸੀਂ ਬਿਲਕੁਲ ਹੀ ਇਹ ਭੁੱਲ ਜਾਂਦੇ ਹਾਂ ਕਿ ਉਸ ਅਕਾਲ ਪੁਰਖ ਦੇ ਘਰ ਕੇਵਲ ਚੰਗੇ ਕਰਮਾਂ
ਨਾਲ ਹੀ ਸੁਰਖਰੂ ਹੋਇਆ ਜਾ ਸਕਦਾ ਹੈ ਜਦੋਂ ਦਾਸ ਨੇ ਸੰਗਤ ਦੇ ਰੂਬਰੂ ਗੁਰਮਤਿ ਸਪਸ਼ਟ ਕਰਦਿਆਂ ਬੇਨਤੀ
ਕੀਤੀ ਕਿ ਅਕਸਰ ਵਿਛੁੜ ਚੁੱਕੇ ਕਿਸੇ ਪ੍ਰਾਣੀ ਦੀ ਆਤਮਾ ਕਿਸੇ ਅਰਦਾਸ ਜਾਂ ਮਰਣ ਉਪਰੰਤ ਕੀਤੇ ਕਿਸੇ
ਪਾਠ ਦੇ ਫਲ ਰਾਹੀਂ ਉਸ ਪ੍ਰਮਾਤਮਾ ਦੇ ਚਰਣਾਂ ਵਿੱਚ ਨਿਵਾਸ ਪਰਾਪਤ ਕਰ ਲੈਦੀਂ ਹੈ ਇਸ ਵਿਚਾਰ ਨਾਲ
ਗੁਰਮਤਿ ਦੀ ਸਹਿਮਤੀ ਨਹੀਂ ਕਿਉਂਕਿ ਕੀਤੇ ਹੋਏ ਪਾਠ ਦੇ ਫਲ ਨੂੰ ਟਰਾਂਸਫਰ ਨਹੀਂ ਕੀਤਾ ਜਾ ਸਕਦਾ।
ਪੂਰਾਤਨ ਸਮੇਂ ਵਿੱਚ ਪੂਜਾਰੀਆਂ ਦਾ ਇਹ ਵਿਚਾਰ ਸੀ ਕਿ ਕਿਸੇ ਵੀ ਬਿਪਤਾ ਜਾਂ ਔਖੇ ਸਮੇਂ ਮਨੁੱਖ ਨੂੰ
ਆਪ ਪੂਜਾ ਪਾਠ ਕਰਣ ਦੀ ਮੁਸ਼ਕੱਤ ਨਾਲੋਂ ਇਹ ਜੁਮੇਵਾਰੀ ਪੂਜਾਰੀਆਂ ਦੇ ਹਵਾਲੇ ਕਰ, ਦਕਸ਼ਣਾਂ (ਭੇਟਾ)
ਰਾਹੀਂ ਪੂਜਾਰੀਆਂ ਦੀ ਸੇਵਾ ਕਰਣੀ ਚਾਹੀਦੀ ਹੈ ਅਤੇ ਇਸ ਦਕਸ਼ਣਾਂ ਬਦਲੇ ਪੂਜਾਰੀ ਕੀਤੇ ਹੋਏ ਪਾਠ ਦਾ
ਫੱਲ ਦੁਖੀ ਆਤਮਾ ਜਾਂ ਮਿਰਤਕ ਨੂੰ ਟਰਾਂਸਫਰ ਕਰ ਦੇਣਗੇ ਜਿਸ ਦੇ ਫਲਸਵਰੂਪ ਆਤਮਾ ਦਾ ਪ੍ਰਭੂ ਚਰਣਾਂ
ਵਿੱਚ ਨਿਵਾਸ ਹੋਵੇਗਾ। ਪੂਜਾਰੀਆਂ ਦੀ ਇਹ ਗੱਲ ਸੁਣ ਨਾਨਕ ਸਾਹਿਬ ਜੀ ਨੇ ਪੂਜਾਰੀਆਂ ਨੂੰ ਸਵਾਲ
ਕੀਤਾ ਕਿ ਹੇ ਪੂਜਾਰੀ ਜੀ ਜੇ ਇਸ ਤਰਾਂ ਫੱਲ ਟਰਾਂਸਫਰ ਕੀਤਾ ਜਾ ਸਕਦਾ ਹੈ ਤਾਂ ਤੁਸੀਂ ਆਪਣੀ ਕੀਤੀ
ਹੋਈ ਪੜ੍ਹਾਈ (ਵੇਦ ਆਦਿਕ ਪੁਸਤਕਾਂ ਦਾ ਗਿਆਨ) ਆਪਣੇ ਹੀ ਕਿਸੇ ਐਸੇ ਨੋਜਵਾਨ ਬੱਚੇ ਨੂੰ ਜੋ ਬਿਲਕੁਲ
ਹੀ ਅਨਪੜ ਹੋਵੇ, ਨੂੰ ਕੇਵਲ ਅਰਦਾਸ ਜਰੀਏ ਟਰਾਂਸਫਰ ਕਰਕੇ ਦਿਖਾ ਸਕਦੇ ਹੋ।
ਅਸੀਂ ਸਭ ਲੋਕਾਈਂ ਦਾ ਧਿਆਨ ਇਸ ਪਾਸੇ
ਦਿਵਾਉਣਾ ਚਾਹੁੰਦੇ ਹਾਂ ਕਿ ਅੱਜ ਦੇ ਇਸ ਵਿਗਿਆਨਿਕ ਯੁੱਗ ਵਿੱਚ ਹਰ ਮਨੁੱਖ ਸਿਆਣਾ ਅਤੇ ਸਮਝਦਾਰ ਹੈ
ਜ਼ਰਾ ਨਾਨਕ ਸਾਹਿਬ ਜੀ ਦੀ ਇਸ ਦਲੀਲ ਨੂੰ ਆਪਣੀ ਜਿੰਦਗੀ ਵਿੱਚ ਪਰੱਖ ਕੇ ਦੇਖੀਏ। ਅੱਜ ਦੇ ਇਸ ਪੜ੍ਹੇ
ਲਿਖੇ ਸਮਾਜ ਵਿੱਚ ਕੋਈ ਡਾਕਟਰ ਹੈ ਤੇ ਕੋਈ ਇੰਜੀਨਿਅਰ, ਕੋਈ ਡਾਕਟਰ ਆਪਣੇ ਘਰ ਵਿੱਚ ਪੈਦਾ ਹੋਣ
ਵਾਲੇ ਬੱਚੇ ਨੂੰ ਬਿਲਕੁਲ ਸਕੂਲ ਜਾਂ ਕਾਲਜ ਵਿੱਚ ਪੜ੍ਹਨ ਨਾ ਭੇਜੇ, ਤੇ ਜਦੋਂ ਉਸਦਾ ਬੱਚਾ ਜਵਾਨ ਹੋ
ਜਾਏ ਤਾਂ ਡਾਕਟਰ ਉਸ ਬੱਚੇ ਨੂੰ ਆਪਣੇ ਧਰਮ ਮੁਤਾਬਿਕ ਕਿਸੇ ਵੀ ਧਰਮ ਅਸਥਾਨ ਤੇ ਲੈ ਜਾ ਕੇ ਉਸ
ਪਰਮਾਤਮਾ ਅਗੇ ਜੌਦੜੀ ਕਰੇ ਕਿ ਹੇ ਅਕਾਲ ਪੁਰਖ ਮੈ ਤੇਰੇ ਧਰਮ ਅਸਥਾਨ ਤੇ ਇੱਕ ਲੱਖ ਰੁਪਏ ਅਰਦਾਸ
ਭੇਟ ਕਰਦਿਆਂ ਇਹ ਅਰਦਾਸ ਕਰਦਾ ਹਾਂ ਕਿ ਮੇਰੀ ਕੀਤੀ ਹੋਈ ਡਾਕਟਰੀ ਦੀ ਡਿਗਰੀ ਮੇਰੇ ਬੱਚੇ ਨੂੰ
ਟਰਾਂਸਫਰ ਕਰ ਦਿਉ ਤੇ ਉਹ ਬਿਨਾਂ ਪੜ੍ਹੇ ਹੀ ਡਾਕਟਰ ਬਣ ਜਾਵੇ। ਕੀ ਇਸ ਤਰਾਂ ਹੋ ਸਕਦਾ ਹੈ?
ਤੇ ਜੇ ਨਹੀਂ ਹੋ ਸਕਦਾ ਤਾਂ ਫਿਰ ਸੋਚਣਾ ਬਣਦਾ ਹੈ ਕਿ
ਕਿਸੇ ਦੂਜੇ ਵਲੋਂ ਕੀਤਾ ਗਿਆ ਪਾਠ ਜਾਂ ਉਸ ਦਾ ਫਲ ਕਿਸੇ ਦੁਖੀ ਜਾਂ ਮਿਰਤਕ ਨੂੰ ਕਿਵੇਂ ਮਿਲ ਸਕਦਾ
ਹੈ ਅਤੇ ਉਸ ਕੀਤੀ ਅਰਦਾਸ ਨਾਲ ਕੋਈ ਆਤਮਾ ਉਸ ਅਕਾਲ ਪੁਰਖ ਦੇ ਚਰਣਾਂ ਵਿੱਚ ਕਿਵੇਂ ਨਿਵਾਸ ਪ੍ਰਾਪਤ
ਕਰ ਸਕਦੀ ਹੈ? ਪੂਜਾਰੀ ਨਿਰਉਤਰ ਹੋ ਸ਼ਰਮ ਨਾਲ ਨੀਵੀਆਂ ਪਾ ਗਏ ਪਰ ਅੱਜ ਪੁਜਾਰੀਆਂ ਵਲੋਂ ਚਲਾਈ ਇਸ
ਵਿਚਾਰਧਾਰਾ ਨੂੰ ਸਾਡੇ ਗੁਰੂ ਘਰ ਦੇ ਗ੍ਰੰਥੀ/ਪ੍ਰਚਾਰਕ ਪੂਰੀ ਤਰ੍ਹਾਂ ਅਪਨਾਉਣ ਤੋਂ ਬਾਦ ਬਾਬਾ
ਨਾਨਕ ਜੀ ਦੇ ਇਸ ਸਿਧਾਂਤ ਤੋਂ ਸਪਸ਼ਟ ਮੁਨੱਕਰ ਹੁੰਦੇ ਨਜ਼ਰ ਆਉਦੇ ਹਨ ਕਿ
“ਨਾਨਕ ਅਗੈ
ਸੋ ਮਿਲੈ ਜੇ ਖਟੇ ਘਾਲੇ ਦੇਹ”
ਭਾਵ ਜੀਵ ਇਸ ਦੇਹੀ ਵਿੱਚ ਰਹਿਦਿਆਂ ਜੇ ਚੰਗੀ ਘਾਲ ਘਾਲਦਾ
ਹੈ ਤਾਂ ਇਸ ਚੰਗੀ ਘਾਲ ਦੇ ਜਰੀਏ ਇਸੇ ਜੀਵਨ ਵਿੱਚ ਹੀ ਜੀਵ ਆਤਮਾ ਉਸ ਪਰਮਾਤਮਾ ਦੇ ਰੂ-ਬ-ਰੂ ਹੋ
ਸਕਦੀ ਹੈ ਅਤੇ ਜੇ ਸਾਰੀ ਜਿੰਦਗੀ ਮਨੁੱਖ ਚੰਗੀ ਘਾਲ ਨਾ ਘਾਲੇ ਤੇ ਮਰਣ ਪਿਛੋਂ ਕਿਸੇ ਪੂਜਾਰੀ ਨੂੰ
ਦਕਸ਼ਣਾਂ/ਭੇਟਾ ਦੇ ਕੇ ਕੇਵਲ ਅਰਦਾਸ ਰਾਹੀਂ ਪਰਮਾਤਮਾ ਦੇ ਚਰਣਾਂ ਵਿੱਚ ਨਿਵਾਸ ਪਾਉਣਾ (ਸੱਚ ਦੀ
ਕਸਵੱਟੀ ਤੇ ਖਰਾ ਉਤਰਨਾ) ਚਾਹੇ ਤਾਂ ਇਹ ਬਿਲਕੁਲ ਵੀ ਸੰਭਵ ਨਹੀਂ। ਬਲਕਿ ਜਿਹੜੇ ਧਾਰਮਿਕ ਪੂਜਾਰੀ
ਭੋਲੀ-ਭਾਲੀ ਲੋਕਾਈ ਨੂੰ ਇਨ੍ਹਾਂ ਗੱਲਾਂ ਨਾਲ ਗੁਮਰਾਹ ਕਰ ਰਹੇ ਸਨ ਕਿ ਮਰਣ ਤੋਂ ਬਾਅਦ ਕੀਤਾ ਗਿਆ
ਦਾਨ ਪੁੰਨ (ਪੂਜਾਰੀ ਨੂੰ ਬਿਸਤਰੇ, ਭਾਡੇ ਜਾਂ ਭੋਜਨ ਆਦਿ ਖਵਾਉਣ ਨਾਲ) ਮਿਰਤਕ ਪ੍ਰਾਣੀ ਪਰਲੋਕ
ਵਿੱਚ ਅੱਪੜ ਜਾਂਦਾ ਹੈ। ਐਸੇ ਪੂਜਾਰੀ ਉਸ ਅਕਾਲ ਪੁਰਖ ਦੇ ਦਰ `ਤੇ ਬਿਲਕੁਲ ਵੀ ਸਤਿਕਾਰੇ ਨਹੀਂ
ਜਾਦੇ, ਭਾਵ ਉਹ ਅਕਾਲ ਪੁਰਖ ਦੀ ਕਸਵੱਟੀ ਵਿੱਚ ਪੂਰੇ ਨਹੀਂ ਉਤਰਦੇ ਅਤੇ ਕਹਿਣ ਲਗੇ
“ਵਡੀਅਹਿ ਹਥ
ਦਲਾਲ ਕੇ ਮੁਸਫੀ ਇਹ ਕਰੇ”
ਜਿਹੜੇ ਧਾਰਮਿਕ ਲੋਗ ਧਰਮ ਦੇ ਨਾਂ ਥੱਲੇ ਇਸ ਲੋਕ ਦਾ ਮਾਲ
ਪਰਲੋਕ ਵਿੱਚ ਅਪੜਾਉਣ ਦੇ ਆਹਰੇ ਲਗੇ ਹਨ ਉਹ (ਦਲਾਲ) ਕਦੀ ਕਿਸੇ ਦਾ ਭਲਾ ਨਹੀਂ ਕਰ ਸਕਦੇ (ਵਡੀਅਹਿ
ਹਥ ਦਲਾਲ ਕੇ)। ਉਹ ਹਮੇਸ਼ਾਂ ਵਿਕਾਰਾਂ ਵਿੱਚ ਹੀ ਖਚਤ ਰਹਿੰਦੇ ਹਨ ਅਤੇ ਆਤਮਕ ਪਖੋਂ ਦੁਖੀ ਰਹਿੰਦੇ
ਹਨ। ਪਰ ਕਿਨੇ ਅਫਸੋਸ ਦੀ ਗਲ ਹੈ ਕਿ ਪੂਜਾਰੀਆਂ ਨੂੰ ਸਮਝਾਉਣ ਵਾਲੇ ਬਾਬਾ ਨਾਨਕ ਜੀ ਦੇ ਵਜ਼ੀਰ
ਅਖਵਾਉਦੇ ਸਿੱਖ ਅੱਜ ਗੁਰੂ ਘਰਾਂ ਵਿੱਚ ਹੀ ਪੂਜਾਰੀ ਦੇ ਚੇਲੇ ਬਣ ਕੇ ਨਾਨਕ ਪਾਤਸ਼ਾਹ ਜੀ ਨੂੰ ਮੁੰਹ
ਚਿੜਾ ਰਹੇ ਹਨ, ਉਨ੍ਹਾਂ ਨੂੰ ਇਸ ਵਿੱਚ ਨਾਨਕ ਪਾਤਸ਼ਾਹ ਜੀ ਦੀ ਹੁੰਦੀ ਹੱਤਕ ਨਜ਼ਰ ਹੀ ਨਹੀਂ ਆਉਂਦੀ।
ਪਰ ਜੇ ਕੋਈ ਸੱਚਾ ਸਿੱਖ ਗੁਰੂ ਦੇ ਇਨ੍ਹਾਂ ਸੱਚੇ ਬਚਨਾਂ ਨੂੰ ਗੁਰੂ ਦੀ ਹੀ ਹਜੂਰੀ ਵਿੱਚ ਜੁੜ
ਬੈਠੀਆਂ ਸੰਗਤਾਂ ਨੂੰ ਸਮਝਾਉਣ ਦੀ ਗੁਸਤਾਖੀ ਇਨ੍ਹਾਂ ਪ੍ਰਬੰਧਕਾਂ ਦੀ ਆਗਿਆ ਤੋਂ ਬਿਨਾਂ ਕਰ ਬੈਠੇ
ਤਾਂ ਪ੍ਰਬੰਧਕਾਂ ਨੂੰ ਇਹ ਗੱਲ ਬਿਲਕੁਲ ਰਾਸ ਨਹੀਂ ਆਉਂਦੀ ਅਤੇ ਇਨ੍ਹਾਂ ਅਧੀਨ ਵਿਚਰਨ ਵਾਲੇ ਤਨਖਾਹ
ਦਾਰ ਗ੍ਰੰਥੀ/ਪ੍ਰਚਾਰਕ ਗੁਰਸਿੱਖਾਂ ਦੇ ਗੱਲ ਪੈਣ ਤੱਕ ਨੂੰ ਆਪਣੀ ਵਡਿਆਈ ਮਹਿਸੂਸ ਕਰਦੇ ਹੋਏ
ਕਹਿੰਦੇ ਹਨ ਕਿ ਸੰਗਤ ਵਿੱਚ ਸਾਨੂੰ ਦਲਾਲ ਕਹਿ ਕੇ ਤੁਸੀਂ ਸਾਡੀ ਹੱਤਕ ਕੀਤੀ ਹੈ। ਐਸੇ ਹੀ ਇੱਕ ਹੋਰ
ਸਮਾਗਮ ਵਿੱਚ ਤਾਂ ਇੱਕ ਗ੍ਰੰਥੀ ਸਿੰਘ ਨੇ ਅਰਦਾਸ ਅਤੇ ਹੁਕਮਨਾਮਾ ਲੈਣ ਤੋਂ ਸਪਸ਼ਟ ਨਾਂਹ ਕਰ ਦਿਤੀ।
ਕਾਸ਼ ਇਨ੍ਹਾਂ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਨੂੰ ਆਪਣੀ ਹੁੰਦੀ ਹੱਤਕ ਨਾਲੋਂ ਗੁਰੂ ਦੀ ਹੁੰਦੀ ਹੱਤਕ
ਨਜ਼ਰ ਆਉਂਦੀ। ਪਰ ਸਾਡੇ ਇਨ੍ਹਾਂ ਪ੍ਰਬੰਧਕਾਂ ਨੇ ਤਾਂ ਜਿਵੇਂ ਸੋਂਹ ਹੀ ਖਾ ਲਈ ਲਗਦੀ ਹੈ ਕਿ ਗੁਰਮਤਿ
ਵਿਚਾਰਧਾਰਾ ਦੀ ਗੱਲ ਕਰਨ ਵਾਲਿਆਂ ਨੂੰ ਤਾਂ ਭੁਲਕੇ ਵੀ ਆਪਣੇ ਗੁਰਦੁਆਰਿਆਂ ਦੀ ਸਟੇਜ ਤੋਂ ਬੋਲਣ
ਨਹੀਂ ਦੇਣਾ ਕਿਉਂਕਿ ਇਨ੍ਹਾਂ ਦੇ ਗੁਰਮਤਿ ਪ੍ਰਚਾਰ ਨਾਲ ਤਾਂ ਸਾਡੀ ਪ੍ਰਬੰਧਕੀ ਹੀ ਖਤਰੇ ਵਿੱਚ ਪੈ
ਜਾਏਗੀ, ਸਾਡਾ ਤਾਂ ਪ੍ਰਬੰਧ ਚਲਣਾ ਚਾਹੀਦਾ ਹੈ ਬਾਬਾ ਨਾਨਕ ਜੀ ਦੀ ਸਿੱਖੀ ਅਤੇ ਵਿਚਾਰਧਾਰਾ ਜਾਏ
ਢੱਠੇ ਖੁਹ ਵਿੱਚ। ਇਸੇ ਵਿਚਾਰਧਾਰਾ ਅਧੀਨ ਅੱਜ ਸਿੱਖ ਪੰਥ ਦੇ ਵਿਦਵਾਨ ਕੀਰਤਨੀਏ ਪ੍ਰੋ. ਦਰਸ਼ਨ ਸਿੰਘ
ਜੀ ਨੂੰ ਗੁਰਮਤਿ ਵਿਚਾਰਧਾਰਾ ਦਾ ਪ੍ਰਚਾਰ ਕਰਨ ਤੋਂ ਰੋਕਣ ਲਈ ਪੰਜਾਬ ਦੇ ਬਹੁਤਾਤ ਗੁਰਦੁਆਰਿਆਂ ਦੇ
ਦਰਵਾਜੇ ਉਵੇਂ ਹੀ ਬੰਦ ਕਰ ਲਏ ਗਏ ਹਨ ਜਿਵੇਂ ਇੱਕ ਸਮੇਂ ਵਿੱਚ ਕਹੇ ਜਾਂਦੇ ਹੰਕਾਰੀ ਮਸੰਦਾਂ ਨੇ
ਗੁਰੂ ਸਾਹਿਬ ਲਈ ਦਰਵਾਜੇ ਬੰਦ ਕਰ ਦਿੱਤੇ ਸਨ। ਇਸ ਸਭ ਦੇ ਬਾਵਜੂਦ ਐਸੇ ਪ੍ਰਬੰਧਕਾਂ ਵੀ ਹਨ ਜੋ ਹਰ
ਕੀਮਤ ਤੇ ਗੁਰਮਤਿ ਪ੍ਰਚਾਰ ਨੂੰ ਪਹਿਲ ਦੇ ਆਧਾਰ ਤੇ ਲੈਦੇਂ ਹਨ ਪਰ ਉਨ੍ਹਾਂ ਦੀ ਗਿਣੱਤੀ ਆਟੇ ਵਿੱਚ
ਲੂਣ ਬਰਾਬਰ ਹੈ।
ਇਹੀ ਅਸਲ ਕਾਰਣ ਹਨ ਕਿ ਅੱਜ ਹਰ ਗਲੀ ਮੁੱਹਲੇ ਦੇ ਗੁਰਦੁਆਰਿਆਂ ਵਿੱਚ ਵੱਡੀ
ਪੱਧਰ ਤੇ ਹੋਣ ਵਾਲੇ ਕੀਰਤਨ ਦਰਬਾਰਾਂ ਅਤੇ ਗੁਰਮਤਿ ਸਮਾਗਮਾਂ ਦੇ ਬਾਵਜੂਦ ਵੀ ਸਿੱਖ ਅਤੇ ਉਨ੍ਹਾਂ
ਦੇ ਬੱਚੇ ਵਡੀ ਤਾਦਾਦ ਵਿੱਚ ਸਿੱਖੀ ਤੋਂ ਪਤਿਤ ਹੋਣ ਦੇ ਨਾਲ-ਨਾਲ ਪਤਿਤਾਂ ਵੱਲ ਜਬੱਰਦਸਤ ਆਕਰਸ਼ਿਤ
ਹੁੰਦੇ ਹੋਏ ਉਨ੍ਹਾਂ ਨਾਲ ਵਿਵਾਹਕ ਰਿਸ਼ਤੇ ਕਾਇਮ ਕਰਨ ਵਿੱਚ ਫਖਰ ਮਹਿਸੂਸ ਕਰਣ ਲਗ ਪਏ ਹਨ। ਪੰਜਾਬ
ਵਿੱਚ ਸਿੱਖੀ ਦੇ ਗੜ੍ਹ ਵਜੋਂ ਜਾਣੇ ਜਾਂਦੇ ਸ਼ਹਿਰ ਮੋਹਾਲੀ ਵਿੱਚ ਕਈਂ ਥਾਵਾਂ `ਤੇ ਤਾਂ ਇੱਕ
ਕਿਲੋਮੀਟਰ ਤੋਂ ਵੀ ਘੱਟ ਦੇ ਘੇਰੇ ਵਿੱਚ ਤਿੰਨ-ਚਾਰ ਗੁਰਦੁਆਰੇ ਬਣੇ ਹੋਏ ਹਨ ਕੀ ਐਸੀ ਹਾਲਤ ਵਿੱਚ
ਇਨ੍ਹਾਂ ਗੁਰਦੁਆਰਿਆਂ ਅਤੇ ਉਨ੍ਹਾਂ ਤੇ ਕਾਬਜ ਪ੍ਰਬੰਧਕਾਂ ਦੀ ਕਾਰਗੁਜਾਰੀ ਸ਼ੱਕੀ ਨਹੀਂ? ਜਿਥੇ
ਤਿੰਨ-ਚਾਰ ਗੁਰਦੁਆਰਿਆਂ ਦੀ ਹੋਂਦ ਵਿੱਚ ਪਤਿਤ ਪੁਣੇ ਦਾ ਹੜ੍ਹ ਆ ਜਾਏ ਅਤੇ ਸਿੱਖ ਨੋਜਵਾਨੀ ਨਸ਼ਿਆਂ
ਵਿੱਚ ਡੁੱਬ ਜਾਏ ਪਰ ਇਨ੍ਹਾਂ ਤਿੰਨਾ ਚੋਂਹਾਂ ਹੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਘੁੱਕ ਨੀਦ ਦੇ
ਆਲਮ ਵਿੱਚ ਸੰਗਤਾਂ ਵਲੋਂ ਦਿੱਤੀ ਦਸਵੰਧ ਦੀ ਭੇਟਾ ਕੇਵਲ ਗੁਰਦੁਆਰਿਆਂ ਦੀ ਉਸਾਰੀ ਜਾਂ ਉਨ੍ਹਾਂ
ਵਿੱਚ ਲੰਗਰ ਵਰਤਾਉਣ ਤੋਂ ਬਿਨਾਂ ਹੋਰ ਕੁੱਝ ਵੀ ਦਿਖਾਈ ਨਾ ਦੇਦਾ ਹੋਵੇ। ਐਸੀ ਬਿਪਤਾ ਦੇ ਸਮੇਂ
ਜਦੋਂ ਕੋਮ ਦਾ ਭਵਿੱਖ, ਜਵਾਨੀ ਪਤਿਤਪੁਣੇ ਅਤੇ ਨਸ਼ਿਆਂ ਦੇ ਸਮੂੰਦਰ ਵਿੱਚ ਡੁਬਦੀ ਜਾਂਦੀ ਨੂੰ ਵੇਖਕੇ
ਵੀ ਪ੍ਰਬੰਧਕ/ਆਗੂ ਉਸ ਨੂੰ ਬਚਾਉਣ ਲਈ ਕੋਈ ਉਪਰਾਲਾ ਨਾ ਕਰਕੇ ਇਸ ਦੀ ਮੌਤ ਦਾ ਤਮਾਸ਼ਾ ਵੇਖਦੇ ਹੋਏ
ਵੀ ਕੋਮ ਦਾ ਕੀਮਤੀ ਦਸਵੰਧ ਕੇਵਲ ਉਸਾਰੀਆਂ ਅਤੇ ਲੰਗਰਾਂ ਉਤੇ ਹੀ ਖਰਚ ਕਰਕੇ ਪ੍ਰਚਾਰ ਦੇ ਫੋਕੇ
ਦਮਗਜੇ ਮਾਰੀ ਜਾਣ ਤਾਂ ਕੋਈ ਵੀ ਜਾਗਦੀ ਜ਼ਮੀਰ ਵਾਲਾ ਗੁਰਸਿੱਖ ਇਹ ਕਹਿਣ ਤੋ ਗੁਰੇਜ਼ ਨਹੀਂ ਕਰ
ਸਕੇਗਾ। ਕਿ ਹੁਣ ਇਸ ਕੌਮ ਨੂੰ ਦੁਸ਼ਮਣਾਂ ਦੀ ਕੋਈ ਲੋੜ ਨਹੀਂ। ਕੀ ਸਾਡੀ ਇਸ ਕੌਮ ਦੇ ਆਗੂ,
ਪ੍ਰਬੰਧਕ, ਅਤੇ ਪ੍ਰਚਾਰਕ ਇਸ ਪਾਸੇ ਵੱਲ ਕੋਈ ਧਿਆਨ ਦਿੰਦੇ ਹੋਏ ਪਤਿਤਪੁਣੇ ਵਿੱਚ ਗਰਕਦੀ ਜਾਂਦੀ
ਜਵਾਨੀ ਨੂੰ ਬਚਾਉਣ ਲਈ ਕੋਈ ਉਪਰਾਲਾ ਕਰਣਗੇ?
ਅੱਜ ਸਿੱਖ ਕੋਮ ਨੂੰ ਖਤਰਾ ਸੋਦਾ ਸਾਧ, ਨੂਰਮਹਿਲੀਏ, ਭਣਿਆਰੇ ਜਾਂ ਇਨ੍ਹਾਂ
ਵਰਗੇ ਹੋਰ ਬਹੁਤ ਸਾਰਿਆਂ ਤੋਂ ਘੱਟ, ਸਿੱਖ ਧਰਮ ਵਿੱਚ ਘੁਸਪੈਠ ਕਰ ਕੇ ਸਿੱਖੀ ਦਾ ਹੀ ਅੰਗ ਬਣ
ਚੁੱਕੇ ਡੇਰੇਦਾਰਾਂ ਅਤੇ ਗੁਰੂ ਘਰਾਂ ਉਤੇ ਕਾਬਜ ਹੋ ਚੁੱਕੇ ਭ੍ਰਿਸ਼ਟ ਪ੍ਰਬੰਧਕਾਂ ਤੇ ਅਗਿਆਨੀ
ਪ੍ਰਚਾਰਕਾਂ ਤੋ ਕਿੱਤੇ ਜ਼ਿਆਦਾ ਹੈ ਜਿਹੜੇ ਸਿੱਖੀ ਭੇਸ ਵਿੱਚ ਵਿਚਰਦਿਆਂ ਸਿੱਖੀ ਦਾ ਨਾ ਪੂਰਿਆ ਜਾਣ
ਵਾਲਾ ਸਿਧਾਂਤਕ ਨੁਕਸਾਨ ਕਰ ਰਹੇ ਹਨ। (ਚਲਦਾ)
ਦਾਸਰਾ
ਮਨਜੀਤ ਸਿੰਘ ਖਾਲਸਾ, ਮੋਹਾਲੀ
|
. |