ਸਿੱਖ ਰਹਿਤ ਮਰਿਆਦਾ ਦੀ ਪੁਨਰ ਪੜਚੋਲ ਕਿਉਂ ਜ਼ਰੂਰੀ?
(ਕਿਸ਼ਤ ਨੰ: 06)
(ਮਿਰਤਕ ਸੰਸਕਾਰ ਤੋਂ ਅੰਮ੍ਰਿਤ ਸੰਸਕਾਰ ਤੱਕ)
(16) (ੳ) ਸਿੱਖ ਰਹਿਤ ਮਰਿਆਦਾ ਦੇ
ਪੰਨਾ 25 ਉੱਪਰ ‘ਮਿਰਤਕ ਸੰਸਕਾਰ’ ਸਿਰਲੇਖ ਹੇਠ ਭਾਗ (ੳ) ਵਿੱਚ ਦਰਜ ਹੈ:
“ਪ੍ਰਾਣੀ ਨੂੰ ਮਰਨ ਵੇਲੇ, ਜੇ ਮੰਜੇ `ਤੇ ਹੋਵੇ ਤਾਂ ਹੇਠ ਨਹੀਂ ਉਤਾਰਨਾ”
ਵਿਚਾਰ: ਇਹ ਕਿੰਨੀ ਗੈਰ-ਪ੍ਰੈਕਟੀਕਲ ਮੱਦ ਹੈ। ਕੀ ਮ੍ਰਿਤਕ ਨੂੰ ਮੰਜੇ ਦੇ ਨਾਲ ਹੀ ਸੰਸਕਾਰ ਕਰ
ਸਕਦੇ ਹਾਂ? ਨਾਲ ਹੀ ਅੱਗੇ ਲਿਖਿਆ ਹੈ ਕਿ:
“ਮ੍ਰਿਤਕ ਸ਼ਰੀਰ ਨੂੰ ਇਸ਼ਨਾਨ ਕਰਵਾ ਕੇ ਸਵੱਛ ਬਸਤਰ ਪਹਿਨਾਏ ਜਾਣ”
ਵਿਚਾਰ: ਕੀ ਮ੍ਰਿਤਕ ਨੂੰ ਮੰਜੇ `ਤੇ ਪਏ ਨੂੰ ਹੀ ਇਸ਼ਨਾਨ ਕਰਵਾ ਸਕਦੇ ਹਾਂ? (ਕਿਉਂਕਿ ਮੱਦ
ਇਹੀ ਹੈ ਕਿ ਮ੍ਰਿਤਕ ਨੂੰ ਮੰਜੇ ਤੋਂ ਹੇਠਾਂ ਨਹੀਂ ਉਤਾਰਨਾ)। ਪਹਿਲਾਂ ਤਾਂ ਮੰਜੇ ਬਾਣ ਵਾਲੇ ਅਤੇ
ਸਸਤੇ ਹੁੰਦੇ ਸਨ। ਇਸ ਕਰਕੇ ਮੰਜੇ ਸਮੇਤ ਜਲਾਇਆ ਜਾ ਸਕਦਾ ਸੀ। ਗਰੀਬਾਂ ਵਾਸਤੇ ਤਾਂ ਉਹ ਵੀ ਮੁਸ਼ਕਿਲ
ਸੀ। ਪਰ ਜੇ ਕੋਈ ਬੰਦਾ 15, 000 ਤੋਂ 20, 000 ਜਾਂ ਇਸ ਤੋਂ ਵੀ ਜ਼ਿਆਦਾ ਰੁਪਏ ਦੇ ਬੈੱਡ `ਤੇ
ਲੇਟਿਆ ਮਰ ਜਾਵੇ ਤਾਂ ਕੀ ਇੰਨਾਂ ਮਹਿੰਗਾ ਬੈੱਡ ਵੀ ਮ੍ਰਿਤਕ ਦੇ ਨਾਲ ਹੀ ਜਲਾ ਸਕਦੇ ਹਾਂ? ਇਹ ਮੱਦ
ਬੜੀ ਅਸਪਸ਼ਟ ਅਤੇ ਗੈਰ-ਵਿਵਹਾਰਕ ਜਾਪਦੀ ਹੈ, ਸੋ ਤਿਆਗਣ ਯੋਗ ਹੈ।
(**) ਮ੍ਰਿਤਕ ਸ਼ਰੀਰ ਬਾਰੇ ਸਿਧਾਂਤਕ ਸੋਝੀ ਦਿੰਦਾ ਗੁਰਵਾਕ ਹੈ:
ਜੇ ਮਿਰਤਕ ਕਉ ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ॥
ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥ ਤਾਂ ਮਿਰਤਕ ਕਾ ਕਿਆ ਘਟਿ ਜਾਈ॥ (ਪੰਨਾ 1160)
ਭਾਵ: ਮਰਨ ਤੋਂ ਬਾਅਦ ਸ਼ਰੀਰ ਤਾਂ ਮਿੱਟੀ ਦੀ ਢੇਰੀ ਵਾਂਗ ਹੈ। ਉਸ ਨਾਲ ਕੈਸਾ ਵੀ ਵਿਉਹਾਰ ਕੀਤਾ
ਜਾਵੇ, ਉਸ ਨੂੰ ਕਈ ਫਰਕ ਨਹੀਂ ਪੈਂਦਾ, ਉਹ ਤਾਂ ਨਿਰਜੀਵ ਹੈ। ਇਸ ਗੁਰਵਾਕ ਦਾ ਵੀ ਇਹੀ ਭਾਵ ਹੈ ਕਿ
ਜੇ ਮ੍ਰਿਤਕ ਨੂੰ ਚੰਦਨ ਵੀ ਚੜ੍ਹਾਇਆ ਜਾਵੇ ਤਾਂ ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਦੂਜੀ ਤਰਫ ਜੇ
ਮ੍ਰਿਤਕ ਸ਼ਰੀਰ ਨੂੰ ਮਿੱਟੀ ਘੱਟੇ ਵਿੱਚ ਰੋਲ ਦਿੱਤਾ ਜਾਵੇ ਜਾਂ ਜਾਨਵਰਾਂ ਆਦਿ ਨੂੰ ਖੁਆ ਦਿੱਤਾ
ਜਾਵੇ ਤਾਂ ਵੀ ਉਸ ਨੂੰ ਕੋਈ ਫਰਕ ਹਨੀਂ ਪੈਂਦਾ। ਬਸ ਮ੍ਰਿਤਕ ਸ਼ਰੀਰ ਨੂੰ ਜਿੰਨੇ ਸਾਦੇ ਅਤੇ ਘੱਟ
ਖਰਚੀਲੇ ਢੰਗ ਨਾਲ ਹੋ ਸਕੇ, ਸਸਕਾਰ ਕਰ ਦੇਣਾ ਚਾਹੀਦਾ ਹੈ। ਆਡੰਬਰ ਘੱਟ ਤੋਂ ਘੱਟ ਹੋਣਾ ਚਾਹੀਦਾ
ਹੈ। ਕਿੰਨੀ ਵਧੀਆ ਗੱਲ ਹੋਵੇ ਜੇ ਮ੍ਰਿਤਕਲ ਸ਼ਰੀਰ ਦੇ ਕੰਮ ਆਉਣ ਯੋਗ ਅੰਗ (ਅੱਖਾਂ, ਗੁਰਦੇ ਆਦਿ)
ਦਾਨ ਕਰ ਦੇਈਏ, ਉਸ ਤੋਂ ਵੀ ਵਧੀਆ ਹੋਰ ਗੱਲ ਹੋਵੇ ਜੇ ਅਸੀਂ ਆਪਣੇ ਸ਼ਰੀਰ ਨੂੰ ਮੈਡੀਕਲ ਖੋਜ ਕਾਰਜਾਂ
ਲਈ ਦੇ ਸਕੀਏ। ਜੋ ਵੀ ਹੋਵੇ ਵਿਖਾਵਾ, ਅਡੰਬਰ, ਅਤੇ ਕਰਮਕਾਂਡ ਨਹੀਂ ਹੋਣੇ ਚਾਹੀਦੇ।
ਹੁਣ ਮ੍ਰਿਤਕ ਸ਼ਰੀਰ ਬਾਰੇ ਗੁਰਮਤਿ ਸਿਧਾਂਤ ਸਮਝਣ ਤੋਂ ਬਾਅਦ ਆਓ ਪ੍ਰਚਲਿਤ ਸਿੱਖ ਰਹਿਤ ਮਰਿਆਦਾ ਦੀ
ਇਸ ਪੱਖੋਂ ਰਹਿ ਗਈਆਂ ਕਮਜ਼ੋਰੀਆਂ ਸਾਂਝੀਆਂ ਕਰ ਲਈਏ। ਸਿੱਖ ਰਹਿਤ ਮਰਿਆਦਾ ਦੇ ‘ਮ੍ਰਿਤਕ ਸੰਸਕਾਰ’
ਸਿਰਲੇਖ ਹੇਠ ਭਾਗ (ਹ) ਵਿੱਚ ਦਰਜ ਹੈ:
“ਮ੍ਰਿਤਕ ਸ਼ਰੀਰ ਨੂੰ ਇਸ਼ਨਾਨ ਕਰਵਾ ਕੇ ਸਵੱਛ ਬਸਤਰ ਪਾਏ ਜਾਣ ਅਤੇ ਕਕਾਰ ਜੁਦਾ ਨਾ ਕੀਤੇ ਜਾਣ”
ਵਿਚਾਰ: ਮ੍ਰਿਤਕ ਸ਼ਰੀਰ ਨੂੰ ਇਸ਼ਨਾਨ ਕਰਉਣਾ ਤਾਂ ਸਫਾਈ ਦੇ ਹਿਸਾਬ ਨਾਲ ਠੀਕ ਮੰਨਿਆ ਜਾ ਸਕਦਾ
ਹੈ। ਪਰ ਬਸਤਰ ਪੁਰਾਣੇ ਹੀ ਪਾਉਣੇ (ਜੇ ਮਲ ਮੂਤਰ ਆਦਿ ਨਾਲ ਜ਼ਿਆਦਾ ਖਰਾਬ ਨਾ ਹੋਣ ਤਾਂ) ਹੀ ਯੋਗ
ਹਨ, ਨਵੇਂ ਕਿਉਂ ਖਰੀਦ ਕੇ ਪਾਏ ਜਾਣ। ਉਸ ਤੋਂ ਚੰਗਾ ਹੋਵੇ ਜੇ ਕਿਸੇ ਲੋੜਵੰਦ ਨੂੰ ਦੇ ਦਿੱਤੇ ਜਾਣ।
ਮੰਨ ਲਓ ਕੋਈ ਵਿਖਾਵੇ ਲਈ ਮਹਿੰਗੇ ਬਸਤਰ ਪਵਾਉਣਾ ਵੀ ਚਾਹੇ ਤਾਂ ਉਸ ਦੀ ਮਰਜ਼ੀ ਹੈ। ਪਰ ਐਸੇ ਨੁਕਤੇ
ਨੂੰ ਮਰਿਆਦਾ ਦਾ ਹਿੱਸਾ ਨਹੀਂ ਬਣਾਇਆ ਜਾ ਸਕਦਾ। ਇਸ ਮੱਦ ਦਾ ਸੱਭ ਤੋਂ ਇਤਰਾਜ਼ਯੋਗ ਜਾਪਦਾ ਨੁਕਤਾ
ਇਹ ਹੈ ਕਿ ‘ਕਕਾਰ ਮ੍ਰਿਤਕ ਸ਼ਰੀਰ ਤੋਂ ਜੁਦਾ ਨਾ ਕੀਤੇ ਜਾਣ’ ਇਹ ਨਿਰੋਲ ਬ੍ਰਾਹਮਣਵਾਦੀ ਵਿਚਾਰਧਾਰਾ
ਹੀ ਹੈ। ਕਕਾਰ ਕੋਈ ਚਿੰਨ ਨਹੀਂ ਹਨ (ਬ੍ਰਾਹਮਣ ਦੇ ਜਨੇਊ, ਤਿਲਕ ਆਦਿ ਵਾਂਗ) ਬਲਕਿ ਵਰਤੀਆਂ ਜਾ ਸਕਣ
ਵਾਲੀਆਂ ਵਸਤੂਆਂ ਹਨ। ਕੀ ਮ੍ਰਿਤਕ ਸ਼ਰੀਰ ਨੇ ਕ੍ਰਿਪਾਨ ਨਾਲ ਲੜਾਈ ਕਰਨੀ ਹੈ ਜਾਂ ਕੰਘੇ ਨਾਲ ਕੇਸ
ਵਾਹੁਣੇ ਹਨ? ਕੇਸ ਤਾਂ ਕੁਦਰਤੀ ਹਨ। ਕਛਿਹਰਾ ਵੀ ਮ੍ਰਿਤਕ ਸ਼ਰੀਰ ਦਾ ਨੰਗੇਜ਼ ਢਕਣ (ਲੋਕਾਂ ਵੱਲੋਂ)
ਲਈ ਠੀਕ ਹੈ। ਪਤਾ ਨਹੀਂ ਅਸੀਂ ਕਿਉਂ ਕਕਾਰਾਂ ਨੂੰ ਬ੍ਰਾਹਮਣਵਾਦੀ ਤਰਜ਼ `ਤੇ ਚਿੰਨ ਬਣਾਉਣ ਲਈ ਇੰਨੇ
ਤੱਤਪਰ ਹਾਂ।
ਇਸ ਮੱਦ ਦਾ ਕਕਾਰਾਂ ਵਾਲਾ ਹਿੱਸਾ ਬ੍ਰਾਹਮਣਵਾਦ ਦੀ ਨਿਸ਼ਾਨੀ ਹੈ, ਸੋ ਇਸ ਨੂੰ ਤਿਆਗ ਦੇਣਾ ਲਾਹੇਵੰਦ
ਰਹੇਗਾ।
(ੲ) ‘ਮ੍ਰਿਤਕ ਸੰਸਕਾਰ ਹੇਠ ਹੀ ਭਾਗ (ਹ) ਵਿੱਚ ਦਰਜ ਹੈ:
“ਸੰਗਤ ਕੁੱਝ ਵਿੱਥ `ਤੇ ਬੈਠ ਕੇ ਕੀਰਤਨ ਕਰੇ ਜਾਂ ਵੈਰਾਗਮਈ ਸ਼ਬਦ ਪੜ੍ਹੇ”
ਵਿਚਾਰ: ਪਹਿਲਾਂ ਦੱਸੀ ਵਿਚਾਰ ਅਨੁਸਾਰ ਸਾਰੀ ਗੁਰਬਾਣੀ ਇੱਕਸਾਰ ਹੈ। ਇਸ ਦਾ ਮਕਸਦ ਇੱਕ ਚੰਗੇ
(ਆਦਰਸ਼) ਮਨੁੱਖ ਦੀ ਸਿਰਜਣਾ ਕਰਨਾ ਹੈ ਨਾ ਕਿ ਭਾਵ ਅਰਥਾਂ ਨੂੰ ਸਮਝੇ ਬਿਨਾਂ, ਸ਼ਬਦਾਂ ਨੂੰ ਦੁਨੀਆਵੀ
ਖੁਸ਼ੀ ਜਾਂ ਗਮੀ ਨਾਲ ਜੋੜਨਾ, ਇਹ ਨਿਰੋਲ ਬ੍ਰਾਹਮਣਵਾਦ ਅਤੇ ਮਨਮੱਤ ਹੈ। ਗੁਰਬਾਣੀ ਨੇ ਸਾਨੂੰ ਸੋਗ,
ਹਰਖ ਤੋਂ ਨਿਆਰਾ ਬਣਾਉਣਾ ਹੈ। ਅਸੀਂ ‘ਮਨਮੱਤੀਆਂ’ ਨੇ ਗੁਰਬਾਣੀ ਸ਼ਬਦਾਂ ਨੂੰ ਹੀ ਹਰਖ (ਖੁਸ਼ੀ) ਅਤੇ
ਸੋਗ (ਵੈਰਾਗ) ਦੇ ਹਿਸਾਬ ਨਾਲ ਵੰਡ ਲਿਆ ਹੈ। ਇਸ ਮੱਦ ਦੀ ਇਹ ਸ਼ਬਦਾਵਲੀ ਬ੍ਰਾਹਮਣਵਾਦੀ ਪ੍ਰਭਾਵ
ਪਾਉਂਦੀ ਹੈ। ਇਸ ਕਰਕੇ ਇਸ ਮੱਦ ਨੂੰ ਜ਼ਰੂਰ ਸੋਧ ਲੈਣਾ ਚਾਹੀਦਾ ਹੈ।
(ਸ) ‘ਮ੍ਰਿਤਕ ਸੰਸਕਾਰ’ ਦੇ ਸਿਰਲੇਖ ਹੇਠ ਹੀ ਭਾਗ (ਹ) ਵਿੱਚ ਅੱਗੇ ਦਰਜ ਹੈ:
“ਜਦ ਅੰਗੀਠਾ ਪੂਰੀ ਤਰ੍ਹਾਂ ਬਲ ਉੱਠੇ ਤਾਂ ਕੀਰਤਨ ਸੋਹੇਲੇ ਦਾ ਪਾਠ ਕਰਕੇ ਅਤੇ ਅਰਦਾਸਾ ਸੋਧ ਕੇ
ਸੰਗਤ ਮੁੜ ਆਵੇ”
ਵਿਚਾਰ: ਬ੍ਰਾਹਮਣਵਾਦ ਸਾਡੇ ਐਸਾ ਖਹਿੜੇ ਪਿਆ ਹੈ ਕਿ ਛੱਡਣ ਦਾ ਨਾਮ ਹੀ ਨਹੀਂ ਲੈਂਦਾ। ਪਤਾ
ਨਹੀਂ ਕਿਉਂ ਅਸੀਂ ਗੁਰਬਾਣੀ ਨੂੰ ਸਮਝਣ ਵਿਚਾਰਨ ਦੀ ਥਾਂ ਉਸ ਦਾ ਕਰਮਕਾਂਡੀ (ਮੰਤਰਾਂ ਵਾਂਗ)
ਇਸਤੇਮਾਲ ਕਰਨ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਾਂ। ਸੋਹਿਲਾ ਸਾਹਿਬ (ਕੀਰਤਨ ਸੋਹਿਲਾ ਨਾਂ ਹੀ ਗਲਤ
ਹੈ) ਦੀ ਬਾਣੀ ਦਾ ਮ੍ਰਿਤਕ ਦੇ ਅੰਗੀਠੇ ਨਾਲ ਕੀ ਸਬੰਧ? ਇੱਥੇ ਵੀ ਸਿਰਫ ਪਾਠ ਕਰਨ ਦੀ ਹੀ ਗੱਲ ਕੀਤੀ
ਗਈ ਹੈ ਵਿਚਾਰਨ ਦੀ ਨਹੀਂ। ਇਸੇ ਕਰਮਕਾਂਡੀ ਪਾਠ ਨੂੰ ਸੁਣ-ਸੁਣ ਕੇ ਕਈ ਮਨਚਲਿਆਂ ਨੇ ਧਮਕੀ ਦੇਣ
ਖਾਤਿਰ ਮੁਹਾਵਰਾ ਹੀ ਬਣਾ ਲਿਆ ਹੈ ਜਿਵੇਂ- ‘ਹੁਣੇ ਪੜ੍ਹ ਦਿਆਂਗਾ ਮੈਂ ਤੇਰਾ ਕੀਰਤਨ ਸੋਹਿਲਾ’ ਭਾਵ,
ਹੁਣੇ ਤੈਨੂੰ ਮਾਰ ਦੇਵਾਂਗਾ।
ਇਹ ਗੁਰਬਾਣੀ ਦੀ ਗੈਰ-ਸਿਧਾਂਤਕ ਵਰਤੋਂ ਜਾਪਦੀ ਹੈ। ਸੋ ਮੱਦ ਦਾ ਇਹ ਹਿੱਸਾ ਵੀ ਤਿਆਗਣਾ ਲਾਹੇਵੰਦ
ਰਹੇਗਾ।
(ਹ) ‘ਮ੍ਰਿਤਕ ਸੰਸਕਾਰ’ ਹੇਠ ਭਾਗ (ਹ) ਵਿੱਚ ਅੱਗੇ ਦਰਜ ਹੈ:
“ਘਰ ਆ ਕੇ ਜਾਂ ਨਜ਼ਦੀਕ ਦੇ ਗੁਦੁਆਰੇ ਵਿੱਚ (ਮ੍ਰਿਤਕ) ਪ੍ਰਾਣੀ ਨਮਿੱਤ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਦਾ ਪਾਠ ਰੱਖਿਆ ਜਾਵੇ।”
ਵਿਚਾਰ: ਪਹਿਲਾਂ ਹੀ ਅਸੀਂ ਗੁਰਮਤਿ ਦਾ ਸਿਧਾਂਤ ਸਮਝ ਆਏ ਹਾਂ ਕਿ ਮ੍ਰਿਤਕ ਪ੍ਰਾਣੀ ਨਮਿੱਤ
ਕੀਤਾ ਗਿਆ ਕੋਈ ਵੀ ਕਰਮ (ਪਾਠ, ਦਾਨ ਆਦਿ) ਉਸ ਮ੍ਰਿਤਕ ਦਾ ਕੁੱਝ ਨਹੀਂ ਸੰਵਾਰ ਸਕਦਾ। ਪਰ ਇੱਧਰ ਇਹ
ਮਰਿਆਦਾ ਧੜੱਲੇ ਨਾਲ ‘ਬ੍ਰਾਹਮਣਵਾਦ’ ਪ੍ਰਚਾਰ ਕਰਦੀ ਸੇਧ ਦੇ ਰਹੀ ਹੈ ਕਿ ‘ਮ੍ਰਿਤਕ ਪ੍ਰਾਣੀ ਨਮਿੱਤ
ਪਾਠ ਰਖਵਾਇਆ ਜਾਵੇ। ਕਈ ਵੀਰ ਕਹਿ ਦਿੰਦੇ ਹਨ ਕਿ ਗਲਤੀ ਨਾਲ ‘ਮ੍ਰਿਤਕ ਪ੍ਰਾਣੀ ਨਮਿੱਤ’ ਛੱਪ ਗਿਆ
ਹੈ। ਵੈਸੇ ਉਹ ਤਾਂ ਪਿੱਛੇ ਰਹਿ ਗਏ ਲੋਕਾਂ ਵਾਸਤੇ ਰੱਖਦੇ ਹਨ। ਇਹ ਬਹਾਨਾ ਵੀ ਫਿਜ਼ੂਲ ਹੈ ਕਿਉਂਕਿ
ਉਸ ਸਮੇਂ ਮਾਹੋਲ ਹੀ ਇਹੋ ਜਿਹਾ ਨਹੀਂ ਹੁੰਦਾ ਕਿ ਉਸ ਪਾਠ ਨੂੰ ਸੁਣਿਆ (ਵਿਚਾਰਿਆ ਜਾਵੇ)। 99% ਇਸ
ਤਰ੍ਹਾਂ ਦੇ ਪਾਠ ਸਿਰਫ ਰਸਮੀ ਹੁੰਦੇ ਹਨ। ਵੈਸੇ ਵੀ ਰਹਿਤ ਮਰਿਆਦਾ ਦੀ ਇਸ ਮੱਦ ਨੇ ਇਸ ਨੂੰ ਮ੍ਰਿਤਕ
ਪ੍ਰਾਣੀ ਨਮਿੱਤ ਗਰਦਾਨ ਕੇ ਇੱਕ ਕਰਮਕਾਂਡ ਹੀ ਬਣਾ ਲਿਆ ਹੈ। ਇਹ ਪਾਠ ਵਾਲੀ ਮੱਦ ਵੀ ਤਿਆਗਣੀ
ਲਾਹੇਵੰਦ ਰਹੇਗੀ।
ਗੁਰਬਾਣੀ ਸਿਰਫ ਸਮਝਣ ਵਿਚਾਰਨ ਦੇ ਲਹਿਜੇ ਨਾਲ ਪੜ੍ਹਨਾ ਹੀ ਯੋਗ ਹੈ। ਰਸਮੀ ਤੌਰ `ਤੇ ਤੋਤਾ ਰਟਨੀ
ਪਾਠ (ਗੁਰਮਤਿ ਵਿਰੋਧੀ) ਕਰਮਕਾਂਡ ਤੋਂ ਵੱਧ ਕੁੱਝ ਨਹੀਂ।
(ਕ) ‘ਮ੍ਰਿਤਕ ਸੰਸਕਾਰ’ ਸਿਰਲੇਖ ਹੇਠ ਹੀ ਭਾਗ (ਹ) ਵਿੱਚ ਅੱਗੇ ਲਿਖਿਆ ਹੈ:
“ਅਨੰਦ ਸਾਹਿਬ ਜੀ (ਛੇ ਪਉੜੀਆਂ) ਦਾ ਪਾਠ ਕਰਕੇ ਅਰਦਾਸਾ ਦਸਵੇਂ ਦਿਨ ਹੋਵੇ। ਜੇ ਦਸਵੇਂ ਦਿਨ ਨਾ
ਹੋ ਸਕੇ ਤਾਂ ਹੋਰ ਕੋਈ ਦਿਨ ਸਬੰਧੀਆਂ ਦੀ ਸੌਖ ਨੂੰ ਮੁੱਖ ਰੱਖ ਕੇ ਨਯਿਤ ਕੀਤਾ ਜਾਵੇ”
ਵਿਚਾਰ: ਜਿੱਥੇ ਇੱਕ ਪਾਸੇ ‘ਗੁਰਬਾਣੀ’ ਸਿੱਖ ਨੂੰ ਦੁਬਿਧਾ ਵਿਚੋਂ ਬਾਹਰ ਕੱਢਦੀ ਹੈ। ਦੂਜੇ
ਪਾਸੇ ਮਰਿਆਦਾ ਦੀ ਇਹ ਮੱਦ ਵਾਰ-ਵਾਰ ਸਿੱਖ ਨੂੰ ਦੁਬਿਧਾ ਵਿੱਚ ਫਸਾਈ ਜਾਂਦੀ ਜਾਪਦੀ ਹੈ। ਕਦੇ
‘ਰਾਗਮਾਲਾ’, ਕਦੇ ਕੁੜਮਾਈ ਦੀ ਦੁਬਿਧਾ ਅਤੇ ਹੁਣ ‘ਦਸਵੇਂ’ ਦੀ ਦੁਬਿਧਾ। ਕਾਰਨ ਸਿਰਫ ਇੱਕ ਹੈ,
ਮੱਦਾਂ ਨੂੰ ਲਿਖਣ ਵੇਲੇ ਨਿਰੋਲ ਸਿਧਾਂਤਕ ਦ੍ਰਿੜਤਾ ਨੂੰ ਸਾਹਮਣੇ ਰੱਖਣ ਦੀ ਥਾਂ ਆਪਣੇ-ਆਪਣੇ
ਜੱਥਿਆਂ ਦੇ ਪ੍ਰਚਲਿਤ ਵਿਚਾਰਾਂ ਅਧੀਨ ਸਮਝੋਤਾਵਾਦੀ ਹੋਣ ਅਤੇ ਲੈਣ-ਦੇਣ ਦੀ ਨੀਤੀ ਅਪਣਾਈ ਗਈ ਸਪਸ਼ਟ
ਝਲਕਦੀ ਹੈ।
ਹੁਣ ਇਸ ਮੱਦ ਦੇ ‘ਦਸਵੇਂ’ ਦਿਨ ਭੋਗ ਪਾਉਣ (ਸਿਧਾਤਕ ਲਫਜ਼ ‘ਸਮਾਪਤੀ’ ) ਦੀ ਗੱਲ ਪੜ੍ਹ ਕੇ ਹਰ ਇੱਕ
ਦੇ ਮਨ ਵਿੱਚ ਇਹ ਭਰਮ ਬੈਠ ਸਕਦਾ ਹੈ ਕਿ ‘ਦਸਵੇਂ’ ਦਿਨ ਦਾ ਕੋਈ ਖਾਸ ਮਹਤੱਵ ਹੈ। ਬਾਕੀੇ ਗੱਲ ਰਹੀ
ਸਬੰਧੀਆਂ ਦੀ ਤਾਂ ਸਹੂਲਤ ਵੇਖ ਕੇ ਦਿਨ ਮੁਕਰਰ ਕਰਨ ਦੀ। ਤਾਂ ਫਿਰ ਪਹਿਲਾਂ ਦਸਵੇਂ ਦਿਨ ਦਾ ਜ਼ਿਕਰ
ਕਿਸ ਲਈ ਰੱਖਿਆ ਗਿਆ? ਸਪਸ਼ਟ ਹੈ ਕਿ ਇਹ ਦੁਬਿਧਾ ਸਿਧਾਂਤਾਂ ਤੋਂ ਥਿੜਕਾਉਂਦੀ ਹੈ। ਸੋ ਮੱਦ ਦਾ ਇਹ
ਹਿੱਸਾ ਵੀ ਤਿਆਗਣ ਵਿੱਚ ਕੌਮੀ ਭਲਾਈ ਹੀ ਹੋਵੇਗੀ।
ਉੱਪਰੋਤਕ ਵਿਚਾਰ ਤੋਂ ਬਾਅਦ ਜੇ ਗੁਰਮਤਿ ਅਨੁਸਾਰੀ ਮ੍ਰਿਤਕ ਸਬੰਧੀ ਪ੍ਰੋਗਰਾਮ ਦੀ ਕੋਈ ਰੂਪ ਰੇਖਾ
ਬਣਾਈਏ ਤਾਂ ਉਹ ਕੁੱਝ ਇਸ ਤਰ੍ਹਾਂ ਹੋਵੇਗੀ:
“ਕੋਸ਼ਿਸ਼ ਕੀਤੀ ਜਾਵੇ ਕਿ ਪੂਰਾ ਮ੍ਰਿਤਕ ਸ਼ਰੀਰ ਜਾਂ ਕੰਮ ਆਉਣ ਯੋਗ ਅੰਗ ਦਾਨ ਕਰ ਦਿੱਤੇ ਜਾਣ।
ਮ੍ਰਿਤਕ ਸ਼ਰੀਰ ਦਾ ਜੇ ਸਸਕਾਰ ਕਰਨਾ ਹੈ ਤਾਂ ਹੋ ਸਕੇ ਬਿਜਲੀ ਦੀ ਮਸ਼ੀਨ ਰਾਹੀਂ ਸਸਕਾਰ ਕੀਤਾ ਜਾਵੇ
ਤਾਂ ਕਿ ਪ੍ਰਦੂਸ਼ਣ ਘੱਟ ਹੋਵੇ, ਜੇ ਬਿਜਲੀ ਦੀ ਮਸ਼ੀਨ ਉਪਲਭਧ ਨਾ ਹੋਵੇ ਤਾਂ ਮ੍ਰਿਤਕ ਸ਼ਰੀਰ ਦੀ ਸਫਾਈ
ਉਪਰੰਤ ਸਾਦੇ (ਪੁਰਾਣੇ ਵੀ ਹੋ ਸਕਦੇ) ਕਪੜਿਆਂ ਵਿੱਚ ਸ਼ਮਸ਼ਾਨ ਘਾਟ ਲਿਜਾ ਕੇ ਜਲਾ ਦਿੱਤਾ ਜਾਵੇ।
ਉੱਥੇ ਹੀ ਅੰਤਿਮ ਅਰਦਾਸ ਕਰ ਦਿੱਤੀ ਜਾਵੇ। (ਯਾਦ ਰਹੇ ਅਰਦਾਸ ਵੀ ਗੁਰਮਤਿ ਅਨੁਸਾਰੀ ਹੋਵੇ)। ਚਿੱਖਾ
ਠੰਡੀ ਹੋਣ ਤੋਂ ਬਾਅਦ ਸਾਰੀ ਰਾਖ (ਅਸਥੀਆਂ ਸਮੇਤ) ਇਕੱਠੀ ਕਰ ਕੇ ਨਾਲ ਵਗਦੇ ਦਰਿਆ ਆਦਿ ਵਿੱਚ ਬਹਾ
ਦਿੱਤੀ ਜਾਵੇ। ਇਸ ਤੋਂ ਬਗੈਰ ਕੋਈ ਵੀ ਬ੍ਰਾਹਮਣੀ ਰੀਤ ਦਾ ਕਰਮਕਾਂਡ ਜਾਂ ਸਿਆਪਾ ਆਦਿ ਨਾ ਕੀਤਾ
ਜਾਵੇ। ਹਾਂ ਮੌਕੇ ਦਾ ਲਾਭ ਉਠਾਉਂਦੇ ਹੋਏ ਪੰਥ ਵਿੱਚ ਜਾਗ੍ਰਿਤੀ ਲਿਆਉਣ ਖਾਤਰ ਕੁੱਝ ਦਿਨ ਤੱਕ ਕੁੱਝ
ਸਮਾਂ ਗੁਰਮਤਿ ਵਿਚਾਰਾਂ ਕੀਤੀਆਂ ਜਾ ਸਕਦੀਆਂ ਹਨ। ਜੇ ਕਰਨਾ ਚਾਹੀਏ ਤਾਂ ਜਾਗ੍ਰਿਤੀ ਸਿਲਸਿਲੇ ਵਿੱਚ
ਕੁੱਝ ਦਿਨਾਂ ਬਾਅਦ ਗੁਰਮਤਿ ਸਮਾਗਮ ਕਰਵਾਇਆ ਜਾ ਸਕਦਾ ਹੈ। ਪਰ ਇਹ ਸ਼ਰਧਾਂਜਲੀ ਸਮਾਗਮ ਨਹੀਂ ਹੋਣਾ
ਚਾਹੀਦਾ। ਸੰਖੇਪ ਵਿੱਚ ਇਹ ਸਾਰੇ ਕੰਮ ਸਾਦੇ, ਘੱਟ ਖਰਚੀਲੇ ਅਤੇ ਕਰਮਕਾਂਡ ਰਹਿਤ ਹੋਣ।”
(17) (ੳ) ‘ਸੇਵਾ’ ਸਿਰਲੇਖ ਹੇਠ ਪੰਨਾ 26 ਉੱਪਰ ਭਾਗ (ਅ) ਵਿੱਚ ਦਰਜ ਹੈ:
“ਹਾਂ, ਇੱਕ ਥਾਲੀ ਵਿੱਚ ਕੇਵਲ ਅੰਮ੍ਰਿਤਧਾਰੀ ਸਿੱਖ ਹੀ ਛਕ ਸਕਦੇ ਹਨ।”
ਵਿਚਾਰ: ਮੈਡੀਕਲ ਸਾਇੰਸ ਦੇ ਨਜ਼ਰੀਏ ਤੋਂ ਵਿਚਾਰੀਏ ਤਾਂ ਇੱਕ ਥਾਲੀ ਵਿੱਚ ਖਾਣਾ ਜਾਂ ਇੱਕੋ
ਗਿਲਾਸ ਰਾਹੀਂ ਪਾਣੀ (ਭਾਵ ਜੂਠਾ ਖਾਣਾ ਜਾਂ ਪੀਣਾ) ਪੀਣਾ ਸਿਹਤ ਲਈ ਹਾਨੀਕਾਰਕ ਹੈ। ਕਿਉਂਕਿ ਇਸ
ਰਾਹੀਂ ਕਈ ਬਿਮਾਰੀਆਂ ਦੇ ਕਿਟਾਣੂ ਇੱਕ ਤੋਂ ਦੂਜੇ ਵਿੱਚ ਪਹੁੰਚ ਸਕਦੇ ਹਨ। ਇਹ ਸੱਭ
‘ਅੰਮ੍ਰਿਤਧਾਰੀਆਂ’ ਵਿੱਚ ਵੀ ਹੋ ਸਕਦਾ ਹੈ। ਇਸ ਕਰਕੇ ਇੱਕ ਥਾਲੀ ਵਿੱਚ ਖਾਣਾ ਜਾਂ ਇੱਕ ਗਿਲਾਸ
ਵਿੱਚ ਹੀ ਇਕੱਠੇ ਪਾਣੀ ਪੀਣਾ ਠੀਕ ਨਹੀਂ ਜਾਪਦਾ। ਇਸ ਵਿੱਚ ਕੋਈ ਵਹਿਮ-ਭਰਮ, ਛੂਆ-ਛਾਤ ਜਾਂ ਵਿਤਕਰੇ
ਵਾਲੀ ਗੱਲ ਨਹੀਂ ਹੈ, ਇਹ ਤਾਂ ਸਿਰਫ ਸਿਹਤ ਪ੍ਰਤੀ ਜਾਗਰੂਕਤਾ ਹੈ।
ਪਰ ਜਿਸ ਤਰ੍ਹਾਂ ਇਸ ਮੱਦ ਵਿੱਚ ਲਿਖਿਆ ਗਿਆ ਹੈ, ਉਹ ਸਪਸ਼ਟ ਵਿਤਕਰਾ ਮਹਿਸੂਸ ਹੁੰਦਾ ਹੈ। ਕੀ ਗੈਰ-
‘ਅੰਮ੍ਰਿਤਧਾਰੀ’ ਅਪਵਿੱਤਰ ਹੁੰਦੇ ਹਨ? ਕੀ ਇਹ ਸਪਸ਼ਟ ਬ੍ਰਾਹਮਣਵਾਦ ਨਹੀਂ ਜਾਪਦਾ? ਕਿਸੇ ਤਰ੍ਹਾਂ ਦਾ
ਵੀ ਵਿਤਕਰਾ ਗੁਰਮਤਿ ਸਿਧਾਤਾਂ ਦੇ ਉਲਟ ਹੈ। ਸਿੱਧੇ/ ਅਸਿੱਧੇ ਇਸ ਨਾਲ ‘ਅੰਮ੍ਰਿਤਧਾਰੀਆਂ’ ਵਿੱਚ
(ਆਪਣੇ ਧਰਮੀ ਜਾਂ ਪਵਿੱਤਰ ਹੋਣ ਦੀ) ਹਊਮੈ ਵੀ ਆ ਸਕਦੀ ਹੈ। ਅੱਜ ਸਿੱਖ ਸਮਾਜ ਵਿੱਚ
‘ਅੰਮ੍ਰਿਤਧਾਰੀਆਂ’ ਵੱਲੋਂ ਗੈਰ- ‘ਅੰਮ੍ਰਿਤਧਾਰੀਆਂ’ ਪ੍ਰਤੀ ਨੀਵੇਂਪਨ ਦੀ ਭਾਵਨਾ ਸਾਫ ਦੇਖੀ ਜਾ
ਸਕਦੀ ਹੈ।
ਸੋ ਸਪਸ਼ਟ ਹੈ ਕਿ ਇਹ ਮੱਦ ਵਿਤਕਰਾ ਫੈਲਾਉਂਦੀ ਜਾਪਦੀ ਹੈ। ਇਸ ਕਰਕੇ ਇਸ ਮੱਦ ਦੀ ਸ਼ਬਦਾਵਲੀ ਬਦਲ ਕੇ
ਹੇਠ ਲਿਖੇ ਅਨੁਸਾਰ ਕੀਤੀ ਜਾ ਸਕਦੀ ਹੈ:
“ਕੋਈ ਵੀ ਸਿੱਖ ਕਿਸੇ ਦੂਸਰੇ ਮਨੁੱਖ ਨਾਲ ਵੀ ਇੱਕ ਥਾਲੀ ਵਿੱਚ ਇਕੱਠੇ ਖਾਣ ਤੋਂ ਪ੍ਰਹੇਜ਼ ਕਰੇ”
(18) (ੳ) ਸਿੱਖ ਰਹਿਤ ਮਰਿਆਦਾ ਦੇ ਪੰਨਾ 27 ਉੱਪਰ ‘ਗੁਰੂ ਪੰਥ’ ਸਿਰਲੇਖ ਹੇਠ ਕੁੱਝ
ਮੱਦਾਂ ਦਰਜ ਹਨ।
ਵਿਚਾਰ: ਗੁਰਬਾਣੀ ਸਾਰੇ ਸੰਸਾਰ ਨੂੰ ਸੱਚ ਸਮਝਾ ਰਹੀ ਹੈ ਕਿ ‘ਗੁਰੂ’ ਸਿਰਫ ਤੇ ਸਿਰਫ ਇੱਕ
ਹੈ, ਉਹ ਹੈ ‘ਸੱਚ ਦਾ ਗਿਆਨ’। ਪਰ ਆਪਣੇ ਆਪ ਨੂੰ ‘ਗੁਰਬਾਣੀ’ ਦੇ ਸਿੱਖ ਅਖਵਾਉਣ ਦਾ ਦਾਅਵਾ ਕਰਨ
ਵਾਲੇ ਹੀ ਆਪਣੇ ਅਨੇਕਾਂ ‘ਗੁਰੂ’ ਬਣਾਈ ਬੈਠੇ ਨਜ਼ਰ ਆਉਂਦੇ ਹਾਂ। ਦੁਨੀਆਂ ਨੂੰ ਸੱਚ ਕੀ ਦੱਸਣਾ ਸੀ
ਆਪ ਹੀ ਉਸ ਸੱਚ ਤੋਂ ਭਟਕੇ ਪਏ ਨਜ਼ਰ ਆਉਂਦੇ ਹਾਂ। ਪਹਿਲਾਂ ਤਾਂ ਨਾਨਕ ਵਿਚਾਰਧਾਰਕ ਜੋਤ ਦੇ ਜਾਮਿਆਂ
ਨੂੰ ਹੀ ‘ਦਸ’ ਗੁਰੂ ਪ੍ਰਚਾਰ ਰਹੇ ਹਾਂ। ਨਾਲ ਹੀ ਦੇਹਧਾਰੀ ਗੁਰੂਡੰਮ ਨੂੰ ਰੱਦ ਕਰਨ ਲਈ ਵਾਰ-ਵਾਰ
ਪ੍ਰਚਾਰ ਕਰ ਰਹੇ ਹਾਂ ਕਿ ਸ਼ਰੀਰ ‘ਗੁਰੂ’ ਨਹੀਂ ਹੋ ਸਕਦਾ। ਗਿਆਰਵਾਂ ਗੁਰੂ, ਗੁਰੂ ਗ੍ਰੰਥ ਸਾਹਿਬ ਜੀ
ਨੂੰ ਕਹਿੰਦੇ ਹਾਂ (ਅਸਲ ਵਿੱਚ ਤਾਂ ਇਹੀ ਇੱਕੋ ਇੱਕ ਗੁਰੂ ਹਨ)। ਬਾਹਰਵਾਂ ‘ਗੁਰੂ’ ਇਹ ਪ੍ਰਚਾਰ ਰਹੇ
ਹਾਂ ਕਿ ਜਿੱਥੇ ‘ਪੰਜ ਅੰਮ੍ਰਿਤਧਾਰੀ ਸਿੰਘ’ ਇਕੱਠੇ ਹੋ ਜਾਣ, ਉਨ੍ਹਾਂ ਵਿੱਚ ਗੁਰੂ ਹੈ। ਤੇਰਵ੍ਹਾਂ
‘ਗੁਰੂ’ ਪੰਥ ਗੁਰੂ ਬਣਾਈ ਬੈਠੇ ਹਾਂ। ‘ਦੂਜੇ ਭਾਈ ਗੁਰਦਾਸ’ ਦੀ ਇੱਕ ਗੁਰਮਤਿ ਵਿਰੋਧੀ ਵਾਰ ਨੂੰ
ਸੱਚ ਮੰਨ ਕੇ ਹਰ ‘ਅੰਮ੍ਰਿਤਧਾਰੀ’ ਆਪਣੇ ਆਪ ਨੂੰ ਹੀ ‘ਗੁਰੂ’ ਸਮਝੀ ਜਾ ਰਿਹਾ ਹੈ। ਉਹ ਵਾਰ ਹੈ
‘ਆਪੇ ਗੁਰੂ ਚੇਲਾ’ ਵਾਲੀ। ਐਸੇ ਹੀ ਸਾਡੇ ਟੀਕਾਕਾਰ ਹਨ, ਇਹ ਵੀ ਇਸ ਭੁਲੇਖੇ ਨੂੰ ਵਧਾਉਣ ਲਈ ਭਾਈ
‘ਗੁਰਦਾਸ ਜੀ ਪਹਿਲੇ’ ਦੀਆ 40 ਵਾਰਾਂ ਨਾਲ ਇਸ ਵਾਰ ਨੂੰ ਵੀ ਛਾਪੀ ਜਾ ਰਹੇ ਹਨ। ਇਹ ਜਾਣਦੇ ਬੁਝਦੇ
ਵੀ ਕਿ ਦੋਂਵੇਂ ਭਾਈ ਗੁਰਦਾਸ ਅਲੱਗ-ਅਲੱਗ ਹਨ। ਪਤਾ ਨਹੀਂ ਇਹ ‘ਗੁਰੂ’ ਵਧਾਉਂਦੇ ਜਾਣ ਦੀ ਵਾਦੀ
ਸਾਡੇ ਵਿਚੋਂ ਕਦੋਂ ਖਾਮ ਹੋਵੇਗੀ?
ਗੱਲ ਚੱਲ ਰਹੀ ਸੀ ‘ਗੁਰੂ ਪੰਥ’ ਲਫਜ਼ ਦੀ, ਪ੍ਰਚਾਰਿਆ ਜਾ ਰਿਹਾ ਹੈ ਕਿ ਦਸ਼ਮੇਸ਼ ਜੀ ਨੇ ਕਿਹਾ ਸੀ,
“ਆਤਮਾ ਗ੍ਰੰਥ ਵਿਚ, ਸ਼ਰੀਰ ਪੰਥ ਵਿਚ”। ਭਾਵ ਕਿ ਗੁਰੂ ਗ੍ਰੰਥ ਸਾਹਿਬ ਜੀ ਆਤਮਿਕ ਗੁਰੂ ਹਨ ਅਤੇ ਪੰਥ
ਸ਼ਰੀਰਕ ਗੁਰੂ ਹੈ, ਨਾਲ ਆਪ ਹੀ ਪ੍ਰਚਾਰ ਕਰ ਰਹੇ ਹਨ ਕਿ ਸ਼ਰੀਰ ਗੁਰੂ ਨਹੀਂ ਹੋ ਸਕਦਾ। ਹੁਣ ‘ਸ਼ਰੀਰਕ
ਗੁਰੂ’ (ਪੰਥ) ਤਾਂ ਆਪਣੇ ਸਿਧਾਂਤ ਤੋਂ ਭਟਕ ਚੁੱਕਿਆ ਨਜ਼ਰ ਆ ਰਿਹਾ ਹੈ।
ਅਸਲ ਵਿੱਚ ‘ਗੁਰੂ’ ਸਿਰਫ ਇੱਕ ਹੀ ਹੈ, ‘ਸੱਚ ਦਾ ਗਿਆਨ’ (ਗੁਰੂ ਗ੍ਰੰਥ ਸਾਹਿਬ ਜੀ)। ਇਸ ਬਾਰੇ
ਪਹਿਲਾਂ ਵੀ ਵਿਚਾਰ ਹੋ ਚੁੱਕੀ ਹੈ। ‘ਗੁਰੂ ਦਾ ਪੰਥ’ ਲਫਜ਼ ਜ਼ਿਆਦਾ ਢੁੱਕਵਾਂ ਹੈ, ਜਿਸ ਦਾ ਭਾਵ ਹੈ
ਕਿ ਗੁਰੂ ਦੇ ਦੱਸੇ ਰਾਹ (ਪੰਥ) ਉੱਤੇ ਤੁਰਨ ਵਾਲੇ ਮਨੁੱਖਾਂ ਦਾ ਸਮੂਹ। ਸਮੇਂ ਨਾਲ ਕਿਸੇ ਨੇ ਚੰਗੀ
ਜਾਂ ਮੰਦੀ ਭਾਵਨਾ ਹੇਠ ‘ਗੁਰੂ ਦਾ ਪੰਥ’ ਵਿਚੋਂ ‘ਦਾ’ ਲਫਜ਼ ਹਟਾ ਦਿੱਤਾ, ਬਸ ਰਹਿ ਗਿਆ ‘ਗੁਰੂ
ਪੰਥ’। ਬਸ ਫਿਰ ਕੀ ਹੁਣ ਤਾਂ ਹੈ ਚੱਲ ਸੋ ਚੱਲ। ‘ਗੁਰੂ ਪੰਥ’ ਦੇ ਮਾਇਨੇ ਵੀ ਗੁਰੂ ਦੇ ਸ਼ਰੀਰ ਦੇ
ਤੌਰ ਤੇ ਹੋਣ ਲੱਗ ਪਏ। ਪਰ ਅਸੀਂ ਇਤਿਹਾਸ `ਤੇ ਪੜਚੋਲਵੀਂ ਨਜ਼ਰ ਮਾਰੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ
‘ਪੰਥ’ ਨੇ ਕਈ ਵਾਰ ਫੈਸਲੇ ਗੁਰਮਤਿ ਸਿਧਾਂਤਾਂ ਤੋਂ ਉਲਟ ਲਏ ਹਨ। ਵਿਚਾਰੀ ਜਾ ਰਹੀ ਸਿੱਖ ਰਹਿਤ
ਮਰਿਆਦਾ ਹੀ ਇਸ ਦਾ ਸਪਸ਼ਟ ਉਦਾਹਰਣ ਹੈ, ਜਿਸ ਨੂੰ ਪੰਥ ਪ੍ਰਵਾਨਿਤ ਕਿਹਾ ਜਾਂਦਾ ਹੈ। ਕਈ ਵਾਰ ਦਲੀਲ
ਦੀ ਥਾਂ ‘ਪਰਚੀਆਂ’ ਪਾ ਕੇ ਫੈਸਲੇ ਲੈਣ ਦਾ ਜ਼ਿਕਰ ਵੀ ਇਤਿਹਾਸ ਵਿੱਚ ਮਿਲਦਾ ਹੈ। ਕੀ ‘ਗੁਰੂ’ ਗਲਤੀ
ਕਰ ਸਕਦਾ ਹੈ? ਗੁਰਬਾਣੀ ਤਾਂ ਕਹਿੰਦੀ ਹੈ ਕਿ “ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰ॥” (61)
ਪਰ ਅਸੀਂ ਤਾਂ ਕਈ ਵਾਰ ਦੇਖ ਚੁੱਕੇ ਹਾਂ ਕਿ ਪੰਥ ਕਈਂ ਵਾਰ ਗਲਤ ਫੈਸਲੇ ਲੈ ਚੁੱਕਿਆ ਹੈ। ਫਿਰ ਇਹ
(ਗਲਤੀਆਂ ਕਰਨ ਵਾਲਾ) ‘ਪੰਥ’ ਗੁਰੂ ਕਿਵੇਂ ਹੋ ਸਕਦਾ ਹੈ? ਕੀ ਇਸ ਗੱਲ ਦਾ ਕੋਈ ਜਵਾਬ ਦਿੱਤਾ ਜਾ
ਸਕਦਾ ਹੈ? ਸਿਰਫ ਅਰਧ ਨਾਸਤਿਕ, ਅਸ਼ਰਧਕ, ਪ੍ਰਭੂ ਪ੍ਰੀਤ ਤੋਂ ਸੱਖਣੇ, ਪੰਥ ਦੋਖੀ ਆਦਿ ਫਤਵੇ ਹੀ ਇਸ
ਦਾ ਜਵਾਬ ਨਹੀਂ ਹੋ ਸਕਦੇ।
ਵਿਚਾਰ ਉਪਰੰਤ ਸਪਸ਼ਟ ਹੈ ਕਿ ‘ਗੁਰੂ’ ਸਿਰਫ ਤੇ ਸਿਰਫ ਇੱਕ ਹੀ ਹੈ, ਉਹ ਹੈ ‘ਸੱਚ ਦਾ ਗਿਆਨ’ ਜੋ
‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਦਰਜ ਹੈ। ਉਸ ਗੁਰੂ ਦੇ ਰਾਹ ਉੱਤੇ ਤੁਰਨ ਵਾਲੇ ਮਨੁੱਖਾਂ ਦਾ ਸਮੂਹ
‘ਗੁਰੂ ਦਾ ਪੰਥ’ ਕਹਿਲਾਉਂਦਾ ਹੈ। ਇਸ ਕਰਕੇ ‘ਗੁਰੂ ਪੰਥ’ ਲਫਜ਼ ਗੈਰ-ਸਿਧਾਂਤਕ ਜਾਪਦਾ ਹੈ। ਸੋ ਇਸ
ਵਿੱਚ ਸੋਧ ਕਰਕੇ ‘ਗੁਰੂ ਦਾ ਪੰਥ’ ਕਰ ਲੈਣਾ ਚਾਹਿਦਾ ਹੈ।
(19) (ੳ) ਸਿੱਖ ਰਹਿਤ ਮਰਿਆਦਾ ਦੇ ਪੰਨਾ 27 ਉੱਪਰ ਹੀ ‘ਅੰਮ੍ਰਿਤ ਸੰਸਕਾਰ’ ਸਿਰਲੇਖ ਹੇਠ ਭਾਗ (ਅ)
ਵਿੱਚ ਦਰਜ ਹੈ ਕਿ:
“ਇਨ੍ਹਾਂ ਸਾਰਿਆਂ ਨੇ ਕੇਸ਼ੀ ਇਸ਼ਨਾਨ ਕੀਤਾ ਹੋਵੇ”
ਵਿਚਾਰ: ‘ਅੰਮ੍ਰਿਤ ਸੰਸਕਾਰ’ ਬਾਰੇ ਪਹਿਲਾਂ ਵਿਚਾਰ ਆਏ ਹਾਂ ਕਿ ਇੱਥੇ ‘ਅੰਮ੍ਰਿਤ’ ਲਫਜ਼
ਗਲਤ ਪ੍ਰਚਲਿਤ ਹੋ ਚੁੱਕਾ ਹੈ। ਇੱਥੇ ਲਫਜ਼ ‘ਖੰਡੇ ਦੀ ਪਾਹੁਲ’ ਵਰਤਣਾ ਯੋਗ ਹੈ।
ਕੀ ਕੇਸ਼ੀ ਇਸ਼ਨਾਨ ਨਾਲ ਜ਼ਿਆਦਾ ਪਵਿੱਤਰਤਾ (ਸੁਚੱਮ) ਆ ਜਾਂਦੀ ਹੈ? ਐਸਾ ਸੋਚਣਾ ਗੁਰਮਤਿ ਸਿਧਾਂਤਾਂ
ਦੀ ਵਿਰੋਧਤਾ ਹੋ ਨਿਬੜਦੀ ਹੈ ਅਤੇ ਇਹ ਬ੍ਰਾਹਮਣਵਾਦ ਦਾ ਸਪਸ਼ਟ ਚਿੰਨ੍ਹ ਹੈ। ਕਿਸੇ ਤਰ੍ਹਾਂ ਦੇ
ਇਸ਼ਨਾਨ ਦਾ ਸਿਰਫ ਸ਼ਰੀਰ ਦੀ ਸਫਾਈ ਹੀ ਮਕਸਦ ਹੈ, ਇਸ ਨਾਲ ਧਰਮ ਦਾ ਕੋਈ ਲੈਣਾ-ਦੇਣਾ ਨਹੀਂ। ਸ਼ਰੀਰਕ
ਸਫਾਈ ਹਰ ਇੱਕ ਨੂੰ ਰੱਖਣੀ ਚਾਹੀਦੀ ਹੈ। ਪਰ ਕਿਸੇ ਤਰ੍ਹਾਂ ਦੇ ਵੀ ਇਸ਼ਨਾਨ ਨੂੰ ਪਵਿੱਤਰਤਾ (ਸੁਚੱਮ)
ਨਾਲ ਜੋੜਨਾ ਸਿਰਫ ਭਰਮ ਹੈ। ਕਈ ਜੱਥੇ ਚੰਮੜੇ ਦੇ ਵੈਰੀ ਬਣੇ ਨਜ਼ਰ ਆਉਂਦੇ ਹਨ, ਕਈਂ ਕਹਿੰਦੇ ਹਨ ਕਿ
ਗੁਰਦੁਆਰੇ ਵਿੱਚ ਚੱਮੜੇ ਦੀ ਬੈਲਟ ਨਾ ਪਾ ਕੇ ਆਓ ਆਦਿ। ਦੂਜੇ ਪਾਸੇ ਚੱਮੜੇ ਦਾ ਬਣਿਆ ਤਬਲਾ, ਢੋਲਕ
ਆਦਿ ਵਜਾਉਣ ਦੀ ਕੋਈ ਮਨਾਹੀ ਨਹੀਂ। ਇਸ ਮੱਦ ਵਿਚੋਂ ਬ੍ਰਾਹਮਣਵਾਦ ਦੀ ਸਪਸ਼ਟ ਝਲਕ ਪੈਂਦੀ ਹੈ। ਇਸ ਲਈ
ਇਹ ਤਿਆਗਣ ਯੋਗ ਹੈ।
(ਅ) ਅੰਮ੍ਰਿਤ ਸੰਸਕਾਰ ਦੇ ਸਿਰਲੇਖ ਹੇਠ ਹੀ ਪੰਨਾ 28 ਉੱਪਰ ਭਾਗ (ਸ) ਵਿੱਚ ਫਿਰ ਪਹਿਲੇ ਵਾਲੀ
(ਗੁਰਮਤਿ ਤੋਂ ਉਲਟ) ਸ਼ਰਤ ਦਰਜ ਹੈ ਕਿ:
“ਅੰਮ੍ਰਿਤ ਛਕਣ ਵਾਲੇ ਹਰ ਪ੍ਰਾਣੀ ਨੇ ਕੇਸ਼ੀ ਇਸ਼ਨਾਨ ਕੀਤਾ ਹੋਵੇ”
ਵਿਚਾਰ: ਪਹਿਲਾਂ ਵਿਚਾਰੇ ਅਨੁਸਾਰ ਇਹ ਸ਼ਰਤ ਬ੍ਰਾਹਮਣੀ ਸੰਸਕਾਰਾਂ ਦੀ ਰਹਿਨੁਮਾਈ ਕਰਦੀ ਜਾਪਦੀ
ਹੈ ਅਤੇ ਗੁਰਮਤਿ ਸਿਧਾਂਤਾਂ ਤੋਂ ਵੀ ਉਲਟ ਜਾਪਦੀ ਹੈ, ਸੋ ਇਹ ਮੱਦ ਵੀ ਤਿਆਗਣ ਯੋਗ ਹੈ।
(ੲ) ਅੰਮ੍ਰਿਤ ਸੰਸਕਾਰ ਸਿਰਲੇਖ ਹੇਠ ਭਾਗ (ਘ) ਵਿੱਚ ਦਰਜ ਹੈ:
“ਬਾਟੇ ਵਿੱਚ ਸਵੱਛ ਜਲ ਅਤੇ ਪਤਾਸੇ ਪਾਏ ਜਾਣ”
ਵਿਚਾਰ: ਇਸ ਮੱਦ ਵਿੱਚ ਜਲ ਨੂੰ ਪਤਾਸੇ ਪਾ ਕੇ ਮਿੱਠਾ ਬਣਾਉਣ ਵਾਸਤੇ ਦੱਸਿਆ ਗਿਆ ਹੈ। ਇਹ
ਮੱਦ ਵੀ ਵਿਚਾਰਨ ਯੋਗ ਹੈ। ਕਿਉਂਕਿ ਖੰਡੇ ਦੀ ਪਾਹੁਲ ਲੈਣ ਵਾਲੇ ਕਿਸੇ ਮਨੁੱਖ ਨੂੰ ਕੋਈ ਸ਼ੂਗਰ ਜਿਹੀ
ਬਿਮਾਰੀ ਵੀ ਹੋ ਸਕਦੀ ਹੈ। ਜੋ ਕਿ ਅੱਜ ਇਹ ਬਿਮਾਰੀ ਕਾਫੀ ਜ਼ਿਆਦਾ ਫੈਲ ਚੁੱਕੀ ਹੈ। ਉਸ ਮਨੁੱਖ ਲਈ
ਮਿੱਠਾ (ਕਿਸੇ ਵੀ ਰੂਪ ਵਿਚ) ਜ਼ਹਿਰ ਵਾਂਗੂ ਹੈ। ਸਾਦਾ ਜਲ ਵੀ ਵਰਤਾਇਆ ਜਾ ਸਕਦਾ ਹੈ। ਐਸੀ ਚੀਜ਼
ਕਿਉਂ ਵਰਤਾਣੀ ਜਿਸ ਨਾਲ ਕਿਸੇ ਦੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੋਵੇ? ਇਸ ਬਾਰੇ ਕੌਮ ਨੂੰ
ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।
(ਸ) ‘ਅੰਮ੍ਰਿਤ ਸੰਸਕਾਰ’ ਸਿਰਲੇਖ ਹੇਠ ਹੀ ਪੰਨਾ 29 ਉੱਪਰ ਭਾਗ (ਙ) ਵਿੱਚ ਇਸ ਵੇਲੇ ਪੜ੍ਹੀਆਂ ਜਾਣ
ਵਾਲੀਆਂ ਬਾਣੀਆਂ ਦੇ ਨਾਂ ਦਰਜ ਹਨ।
“ਜਪੁ, ਜਾਪੁ, 10 ਸਵੱਯੇ (ਸ੍ਰਾਵਗ ਸੁਧ ਵਾਲੇ), ਬੇਨਤੀ ਚੌਪਈ ( ‘ਹਮਰੀ ਕਰੋ ਹਾਥ ਦੈ ਰੱਛਾ
ਤੋਂ ਦੁਸਟ ਦੋਖ ਤੇ ਲੇਹੁ ਬਚਾਈ’ ਤੱਕ), ਅਨੰਦ ਸਾਹਿਬ।”
ਵਿਚਾਰ: ਨਿਤਨੇਮ ਦੀ ਵਿਚਾਰ ਹੇਠ ਦਲੀਲਾਂ ਨਾਲ ਸਪਸ਼ਟ ਵਿਚਾਰ ਆਏ ਹਾਂ ਕਿ (ਅਖੌਤੀ) ਦਸਮ ਗ੍ਰੰਥ
ਵਿੱਚ ਕੋਈ ਰਚਨਾ ਦਸ਼ਮੇਸ਼ ਪਾਤਸ਼ਾਹ ਜੀ ਦੀ ਨਹੀਂ ਹੈ। ਇਸ ਕਰਕੇ ਇਸ ਗ੍ਰੰਥ ਦੀਆਂ ਰਚਨਾਂਵਾਂ ਦਾ,
ਨਿਤਨੇਮ ਜਾਂ ਖੰਡੇ ਦੀ ਪਾਹੁਲ ਵੇਲੇ ਪੜ੍ਹਿਆ ਜਾਣਾ ਸਿਧਾਂਤਕ ਤੌਰ `ਤੇ ਗਲਤ ਹੋ ਰਿਹਾ ਹੈ। ਕੀ
ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਸਿਰਫ ਦੋ ਬਾਣੀਆਂ ਅਤੇ ਅਖੌਤੀ ਦਸਮ ਗ੍ਰੰਥ ਵਿਚੋਂ
ਤਿੰਨ ਰਚਨਾਂਵਾਂ ਲਈਆਂ ਗਈਆਂ? ਵੈਸੇ ਵੀ ਉਸ ਸਮੇਂ ਦੇ ਜ਼ਿਆਦਾਤਰ ਸਰੋਤ ਇਸ ਬਾਰੇ ਇੱਕ ਮੱਤ ਨਹੀਂ ਸਨ
ਕਿ ‘ਖੰਡੇ ਦੀ ਪਾਹੁਲ’ ਵੇਲੇ ਦਸ਼ਮੇਸ਼ ਜੀ ਨੇ ਕਿਹੜੀਆਂ ਬਾਣੀਆਂ ਪੜ੍ਹੀਆਂ ਸਨ। ਕੋਈ ਸਰੋਤ ਕਹਿੰਦਾ
ਹੈ ਕਿ ਸਿਰਫ ਜਪੁ ਜੀ ਦੀ ਬਾਣੀ ਪੜ੍ਹੀ, ਕੋਈ ਕਹਿੰਦਾ ਹੈ ਕਿ ਦੋ ਬਾਣੀਆਂ ਪੜ੍ਹੀਆਂ ਸਨ, ਕੋਈ
ਕਹਿੰਦਾ ਹੈ ਕਿ ਮੂੰਹ ਵਿੱਚ ਬਾਣੀਆਂ ਪੜ੍ਹੀਆਂ ਸਨ ਆਦਿ-ਆਦਿ। ਵੈਸੇ ਵੀ ਦਸ਼ਮੇਸ਼ ਪਾਤਸ਼ਾਹ ਜੀ ਦੇ
ਸਮੇਂ (1708) ਤੱਕ ਦਸਮ ਗ੍ਰੰਥ ਜਾਂ ਬਚਿੱਤਰ ਨਾਟਕ ਦੀ ਹੋਂਦ ਹੀ ਨਹੀਂ ਸੀ। ਸੋ ਇਸ ਮੱਦ ਵਿਚੋਂ
ਕੱਚੀਆਂ ਰਚਨਾਂਵਾਂ ਕੱਢ ਦੇਣੀਆਂ ਚਾਹੀਦੀਆਂ ਹਨ। ਜੋ ਵੀ ਬਾਣੀਆਂ ਲਈਆਂ ਜਾਣ ਉਹ ਸਿਰਫ ਤੇ ਸਿਰਫ
ਗੁਰੂ ਗ੍ਰੰਥ ਸਾਹਿਬ ਜੀ (ਰਾਗਮਾਲਾ ਤੋਂ ਬਗੈਰ) ਵਿਚੋਂ ਹੀ ਲਈਆਂ ਜਾ ਸਕਦੀਆ ਹਨ।
---ਚਲਦਾ