ਗੁਰੂ (ਗ੍ਰੰਥ ਸਾਹਿਬ) ਦਾ ਸਿੱਖ
ਸਿੱਖ (ਸ਼ਿਸ਼) ਇੱਕ ਆਮ ਨਾਂਵ ਹੈ; ਪਰ, ਧਰਮ ਦੇ ਪ੍ਰਸੰਗ ਵਿੱਚ ਇਹ ਆਮ ਨਾਂਵ
ਜਾਂ ਸ਼ਬਦ ਨਹੀਂ ਸਗੋਂ ਇੱਕ ਵਿਸ਼ਵਾਸ ਹੈ, ਇੱਕ ਮੱਤ ਹੈ, ਇੱਕ ਸਿਧਾਂਤ ਹੈ। ਇਸ ਸਿਧਾਂਤ ਦਾ ਸੰਬੰਧ,
ਮਨੁਖੀ ਜਾਮੇ ਵਿੱਚ ਵਿਚਰ ਰਹੇ, ਜੀਵ ਦੇ ਅੰਤਹਕਰਣ (ਸੁਰਤਿ, ਮਤਿ, ਮਨਿ, ਤੇ ਬੁਧਿ) ਅਤੇ ਆਤਮਾ ਨਾਲ
ਹੈ। ਇਹ ਸਿਧਾਂਤ ਮੁਕਤਿ ਦੀ ਸਿਧੀ ਲਈ ਕੀਤਾ ਗਿਆ ਨਿਰੰਤਰ ਉਦੱਮ ਹੈ, ਅਭਿਆਸ ਹੈ। ਇਹ ਅਭਿਆਸ ਇੱਕ
ਬਿਖੜਾ ਪੈਂਡਾ ਹੈ, ਇੱਕ ਕੰਡਿਆਲੀ ਰਾਹ ਹੈ; ਪਰ ਇਸ ਉਤੇ ਚਲੱਣ ਦਾ ਫਲ, – ਵਿਕਾਰਾਂ ਤੋਂ ਮੁਕਤੀ ਪਾ
ਕੇ ਪਰਮਾਨੰਦ ਦੀ ਪ੍ਰਾਪਤੀ, – ਅਤਿਅੰਤ ਮਿੱਠਾ, ਦੁਰਲੱਭ, ਅਤੇ ਸਦੀਵੀ ਹੈ।
ਬ੍ਰਹਮਗਿਆਨੀਆਂ ਦੁਆਰਾ ਸਥਾਪਿਤ ਕੀਤਾ ਇਹ ਸਿਧਾਂਤ ਇੱਕ ਇਲਾਕੇ, ਦੇਸ, ਜਾਂ
ਵਰਗ ਦੇ ਲੋਕਾਂ ਲਈ ਨਹੀਂ ਸਗੋਂ, ਸਾਰੀ ਮਨੁਖਤਾ ਲਈ ਹੋਣ ਦੇ ਨਾਲ ਨਾਲ ਸਰਵ-ਦੇਸ਼ਕ, ਸਰਵ-ਲੌਕਿਕ ਅਤੇ
ਸਰਵ-ਕਾਲਿਕ (
universal and eternal)
ਵੀ ਹੈ। ਇਹੀ ਕਾਰਣ ਹੈ ਕਿ ਗੁਰਬਾਣੀ ਵਿੱਚ ਇਲਾਕਾਈ, ਪ੍ਰਾਂਤਕ, ਅਤੇ ਲੋਕ-ਬੋਲੀਆਂ ਦੇ ਸਿੱਖ ਦੇ
ਸਮਾਨਾਰਥਕ ਸ਼ਬਦਾਂ (synonyms)
ਦੀ ਵਰਤੋਂ ਕੀਤੀ ਗਈ ਹੈ। ਗੁਰਮਤ ਦਾ ਸੁਨੇਹਾ ਸਰਬ-ਸਾਂਝਾ ਹੋਣ ਕਰਕੇ ਗੁਰਬਾਣੀ ਵਿੱਚ ਸਮੇ ਦੇ ਸਾਰੇ
ਧਰਮਾਂ, ਪੰਥਾਂ, ਫਿਰਕਿਆਂ ਅਤੇ ਮੱਤਾਂ ਆਦਿ ਦੇ ਮੋਢੀਆਂ ਅਤੇ ਸਮਰਥਕਾਂ ਦੁਆਰਾ ਰਚਿਤ ਧਾਰਮਿਕ
ਸਾਹਿਤ ਵਿੱਚੋਂ ਸਿੱਖ ਦੇ ਕਈ ਤੁੱਲਅਰਥੀ ਸ਼ਬਦਾਂ ਦਾ ਪ੍ਰਯੋਗ ਵੀ ਕੀਤਾ ਗਿਆ ਹੈ। ਇਹ ਸ਼ਬਦ ਗੁਣਵਾਚਕ
ਹੋਣ ਕਰਕੇ ਸਿੱਖ ਦੇ ਵਿਲੱਖਣ ਲੱਛਣਾਂ ਦੇ ਲਖਾਇਕ ਹਨ। ਸਿਖ ਦੇ ਸਿਧਾਂਤ ਨੂੰ ਪੂਰੀ ਤਰ੍ਹਾਂ ਸਮਝਣ
ਲਈ ਇਨ੍ਹਾਂ ਸ਼ਬਦਾਂ ਦੇ ਅਰਥ-ਭਾਵ ਦੀ ਸੋਝੀ ਹੋਣੀਂ ਬਹੁਤ ਜ਼ਰੂਰੀ ਹੈ, ਜੋ ਕਿ ਨਿਮਨ ਲਿਖਿਤ ਹੈ:
ਸਿੱਖ (ਸ਼ਿਸ਼) ਦੇ ਸ਼ਾਬਦਿਕ ਅਰਥ ਹਨ: ਉਹ ਵਿਅਕਤੀ (
person)
ਜੋ (ਧਰਮ-) ਉਪਦੇਸ਼ ਦੇ ਯੋਗ ਹੋਵੇ ਅਤੇ ਇਸ ਉਪਦੇਸ਼
ਨੂੰ ਧਾਰਨ ਕਰਨ ਦੀ ਤੀਬ੍ਰ ਇੱਛਾ ਵੀ ਰੱਖਦਾ ਹੋਵੇ।
ਸਿੱਖ, ਗੁਰਸਿਖ, ਗੁਰਸਿਖੜਾ, ਸਿਖਵੰਤਾ, ਗੁਰਮੁਖ ਆਦਿ: ਜੋ ਮਨਮਤ
ਨੂੰ ਪੂਰਣ ਤੌਰ ਤੇ ਤਿਆਗ ਕੇ ਗੁਰੂ ਦੇ ਲੜ ਲੱਗੇ, ਉਸ ਦੇ ਆਦੇਸ਼ ਅਨੁਸਾਰ ਧਰਮ ਦੀ ਕਾਰ ਕਮਾਵੇ।
ਸੇਵਕ, ਜਨ, ਨਰ, ਦਾਸ, ਕੀੜਾ, ਭਗਤ ਆਦਿ: ਉਹ ਪ੍ਰਾਣੀ ਜੋ
ਗੁਰ-ਹੁਕਮ ਅਨੁਸਾਰ ਨਿਸ਼ਕਾਮ ਹੋ ਕੇ ਦਾਸ ਭਾਵ ਨਾਲ ਨਾਮ-ਸਿਮਰਨ ਦੀ ਕਾਰ ਕਰਦੇ ਹਨ।
ਲਾਲਾ, ਗੋਲਾ, ਲਾਲੀ, ਗੋਲੀ, ਚਾਕਰ, ਚੇਰਾ, ਚੇਰੀ, ਚੇਰੁਲੀ ਆਦਿ:
ਜੋ ਆਪਣੀ ਸਮਝ ਤੋਂ ਕੰਮ ਨਹੀਂ ਲੈਂਦਾ ਸਗੋਂ, ਮਾਲਿਕ ਦੇ ਭਾਣੇ ਵਿੱਚ ਵਿਚਰਦਾ ਹੋਇਆ ਗੁਰੂ ਦੇ ਦੱਸੇ
ਅਨੁਸਾਰ ਧਰਮ-ਕਰਮ ਕਰਦਾ ਹੈ।
ਚਾਟੜਾ: ਜੋ ਆਪਣੇ ਮਨ ਨੂੰ ਪਦਾਰਥਕ ਜਗਤ ਦੇ ਮੋਹ ਵੱਲੋਂ ਚਟ
(ਉਖੇੜ) ਕੇ ਪਰਮਾਰਥ ਵੱਲ ਜੋੜਦਾ ਹੈ।
ਮੁਰੀਦ: ਨਜਾਤ (ਮੁਕਤੀ) ਦਾ ਇਰਾਦਾ (ਦ੍ਰਿੜ ਨਿਸ਼ਚਾ) ਕਰਕੇ ਮੁਰਸ਼ਦ
(ਗੁਰੁ) ਦੇ ਦਰਵਾਜ਼ੇ ਤੇ ਜਾਣ ਵਾਲਾ।
ਸੋਫੀ: ਵਿਕਾਰ ਪੈਦਾ ਕਰਨ ਵਾਲੇ ਨਸ਼ਿਆਂ ਦਾ ਪਰਹੇਜ਼ ਕਰਕੇ ਦਿਲ,
ਦਿਮਾਗ਼, ਅਤੇ ਰੂਹ ਦੀ ਪਾਕੀਜ਼ਗੀ (ਪਵਿਤ੍ਰਤਾ) ਲਈ ਰੱਬ ਦੀ ਬੰਦਗੀ ਕਰਨ ਵਾਲਾ।
ਦਰਵੇਸ਼: ਨਜਾਤ ਦੀ ਖ਼ੈਰ ਦੀ ਉਮੀਦ ਨਾਲ ਰੱਬ ਦੇ ਦਰ ਤੇ ਟਿਕਣ ਵਾਲਾ।
ਬੰਦਾ: ਖ਼ੁਦਾ/ਪੀਰ ਦਾ ਫਰਮਾਂਬਰਦਾਰ (ਆਗਿਆਕਾਰੀ), ਰੱਬ ਦੀ ਬੰਦਗੀ
(ਭਗਤੀ) ਕਰਨ ਵਾਲਾ।
ਵਣਜਾਰਾ: ਰਾਮ- ਨਾਮ ਦਾ ਵਣਜ (ਵਾਪਾਰ) ਕਰਨ ਵਾਲਾ।
ਢਾਢੀ: ਪ੍ਰਭੂ ਦੀ ਸਿਫਤ-ਸਾਲਾਹ ਦੇ ਗੀਤ ਗਾਉਣ ਵਾਲਾ।
ਬਾਲਕ, ਛੋਹਰ: ਹਰਿ ਨੂੰ ਪਿਤਾ ਪਰਵਾਨ ਕਰਕੇ ਉਸ ਤੋਂ ਦਾਤਾਂ ਮੰਗਣ
ਵਾਲਾ।
ਸੂਰਾ, ਪਹਿਲਵਾਨੜਾ: ਗੁਰੂ/ਪੀਰ ਤੋਂ ਸਿੱਖੇ ਅਧਿਆਤਮਿਕ ਦਾਓ-ਪੇਚਾਂ
ਨਾਲ ਵਿਕਾਰੀ ਸ਼ਕਤੀਆਂ ਨਾਲ ਯੁੱਧ ਕਰਨ ਵਾਲਾ।
ਅਭਿਲਾਸ਼ੀ: ਪ੍ਰਭੂ ਪ੍ਰਾਪਤੀ ਦੀ ਅਭਿਲਾਖਾ (ਹਾਰਦਿਕ ਇੱਛਾ) ਰੱਖਣ
ਵਾਲਾ।
ਅਉਧੂਤ, ਅਉਧੂ: ਜੋ ਮਨੁੱਖ ਆਪਣੇ ਤਨ/ਮਨ ਤੋਂ ਮਾਇਆ-ਧੂੜ ਨੂੰ ਛੰਡ
ਕੇ ਲਾਹ ਸੁੱਟੇ। (ਅਵਧੂਨਨ: ਛੰਡਣਾਂ, ਝਾੜਣਾਂ)।
ਪੰਧਾਣੂ, ਪੰਧਾਊ: ਹਰਿ-ਮਿਲਣ ਦੇ ਪੰਧ (ਰਾਹ) ਚੱਲਣ ਵਾਲਾ।
ਬੈਰਾਗੀ: ਪਦਾਰਥਕ ਜਗਤ ਨਾਲੋਂ ਰਾਗ (ਮੋਹ) ਤੋੜ ਕੇ ਅਕਾਲਪੁਰਖ ਨਾਲ
ਮਨ ਜੋੜਣ ਵਾਲਾ।
ਬੰਦਕ: ਸਰਵਸ਼ਕਤੀਮਾਨ ਪਰਮਾਤਮਾਂ ਨੂੰ ਵੰਦਨਾਂ (ਨਮਸਕਾਰ) ਕਰਨ
ਵਾਲਾ।
ਰਾਮਾਣਾ: ਸ੍ਰਿਸ਼ਟੀ ਵਿੱਚ ਵਿਆਪਕ (ਰਮੇ ਹੋਏ) ਰਾਮ ਦਾ ਨਾਮ ਸਿਮਰਨ
ਵਾਲਾ।
ਜਾਚਕ: ਪ੍ਰਭੂ ਦੇ ਦਰ ਤੋਂ ਨਾਮ-ਦਾਨ ਦੀ ਯਾਚਨਾਂ ਕਰਨ (ਭਿਖਿਆ
ਮੰਗਣ) ਵਾਲਾ।
ਫਕੀਰ: ਰੱਬ ਦੇ ਰਹਿਮ ਨਾਲ ਦੌਲਤ (ਮਾਇਆ) ਦੀ ਮੁਥਾਜੀ ਤੋਂ ਆਜ਼ਾਦ;
ਪਰ, ਦੌਲਤਮੰਦਾਂ ਦੀਆਂ ਨਿਗਾਹਾਂ ਵਿੱਚ ਗ਼ਰੀਬ ਤੇ ਕੰਗਾਲ।
ਸਾਲਕ: ਮਰਮੇਸ਼ਰ ਦੇ ਰਾਹ ਚੱਲਣ ਵਾਲਾ ਖ਼ੁਦਾ-ਦੋਸਤ। ……….
ਆਦਿ…ਆਦਿ…. . ਆਦਿ…….
ੳਪਰੋਕਤ ਸ਼ਬਦ-ਵਿਚਾਰ ਤੋਂ ਸਿੱਖ/ਸੇਵਕ ਦੀ ਰੂਪਰੇਖਾ ਕਾਫੀ ਹੱਦ ਤਕ ਉਘੱੜ ਆਈ
ਹੈ। ਸਿੱਖ ਦੀ ਸ਼ਖਸੀਅਤ ਨੂੰ ਹੋਰ ਸਪਸ਼ਟਤਾ ਨਾਲ ਸਮਝਣ ਅਤੇ ਇਸ ਨਾਲ ਸਾਂਝ ਪਾਉਣ ਲਈ ਗੁਰਬਾਣੀ ਤੋਂ
ਸੇਧ ਲੈਣ ਦੀ ਲੋੜ ਹੈ। ਗੁਰਮੱਤ ਅਨੁਸਾਰ ਮਨੁਖ ਦੀ ਜੀਵਨ-ਯਾਤ੍ਰਾ ਦਾ ਅੰਤਿਮ ਪੜਾਅ ਪਰਮਪੁਰਖ
ਪਰਮਾਤਮਾ ਨਾਲ ਪੁਨਰ- ਮਿਲਨ ਹੈ। ਇਹ ਮਿਲਨ ਗੁਰੁ ਦੁਆਰਾ ਦਰਸਾਏ ਨਾਮ ਸਿਮਰਨ ਦੇ ਸਾਧਨ ਨਾਲ ਹੀ
ਸੰਭਵ ਹੈ। ਇਸ ਲਈ ਸਿੱਖ/ਸੇਵਕ ਦਾ ਪਹਿਲਾ ਕਰਤੱਵ ਇਹ ਬਣਦਾ ਹੈ ਕਿ ਉਹ ਜੀਵਨਦਾਤੇ, ਸਰਬਵਿਆਪਕ,
ਸਰਵਸ਼ਕਤੀਮਾਨ
ੴ ਇੱਕ
ਅਕਾਲਪੁਰਖ ਦੀ ਸਦੀਵੀ ਹੋਂਦ ਵਿੱਚ ਵਿਸ਼ਵਾਸ
ਬਣਾਏ; ਆਤਮ-ਗਿਆਨ ਦੇ ਚਿਰਾਗ਼ ਗੁਰੂ (ਗ੍ਰੰਥ ਸਾਹਿਬ) ਵਿੱਚ ਪੱਕਾ ਯਕੀਨ ਤੇ ਸ਼੍ਰੱਧਾ ਧਾਰੇ; ਅਤੇ,
ਨਾਮ-ਸਿਮਰਨ ਦੀ ਦੈਵੀ ਸ਼ਕਤੀ ਵਿੱਚ ਪੂਰਣ ਭਰੋਸਾ ਰੱਖੇ। ਇਸ ਸੰਬੰਧ ਵਿੱਚ ਗੁਰੁ-ਆਦੇਸ਼ ਹੈ:
“ਏਕੰਕਾਰੁ ਅਵਰੁ ਨਹੀ ਦੂਜਾ, ਨਾਨਕ ਏਕੁ ਸਮਾਈ॥” ਓਅੰਕਾਰ
ਭਾਵ: ਇੱਕ ਪ੍ਰਭੂ ਹੀ ਹੈ ਜੋ ਸਾਰੀ ਸ੍ਰਿਸ਼ਟੀ ਵਿੱਚ ਰਮਿਆ ਹੋਇਆ ਹੈ। ਉਸ
ਤੋਂ ਬਿਨਾਂ ਕੋਈ ਹੋਰ (ਦੈਵੀ) ਸ਼ਕਤੀ ਨਹੀਂ ਜਿਸ ਤੇ ਗੁਰਸਿੱਖ ਨੇ ਵਿਸ਼ਵਾਸ ਕਰਨਾਂ ਹੈ।
“ਦਰਸਨ ਕੀ ਪਿਆਸ ਜਿਸੁ ਨਰ ਹੋਇ॥ ਏਕਤੁ ਰਾਚੈ ਪਰਹਰਿ ਦੋਇ॥” ਬਸੰਤ ਮ: ੧
ਭਾਵ: ਜਿਸ ਪ੍ਰਾਣੀ ਦੇ ਹਿਰਦੇ ਵਿੱਚ ਇੱਕ ਅਕਾਲਪੁਰਖ ਨੂੰ ਮਿਲਣ ਦੀ ਸਿਕ
ਹੋਵੇ, ਉਹ ਉਸੇ ਪ੍ਰਭੂ ਨਾਲ ਹੀ ਲਿਵ ਲਾਈ ਰੱਖਦਾ ਹੈ, ਅਤੇ ਕਿਸੇ ਹੋਰ ਝੂਠੇ, ਮਿਥਿਹਾਸਕ ਸਹਾਰੇ ਦੀ
ਝਾਕ ਨਹੀਂ ਰੱਖਦਾ।
“ਸਭ ਮਹਿ ਸਚਾ ਏਕੋ ਸੋਈ, ਤਿਸ ਕਾ ਕੀਆ ਸਭੁ ਕਛੁ ਹੋਈ॥
ਹੁਕਮ ਪਛਾਨੈ ਸੁ ਏਕੋ ਜਾਨੈ, ਬੰਦਾ ਕਹੀਐ ਸੋਈ॥” ਪ੍ਰਭਾਤੀ ਕਬੀਰ ਜੀ
ਭਾਵ: ਸ੍ਰਿਸ਼ਟੀ ਦੇ ਸਾਰੇ ਜੀਵਾਂ/ਵਸਤੂਆਂ ਦੀ ਹਰ ਹਿਲ ਜੁਲ ਸਦ-ਸਥਿਰ, ਘਟਿ
ਘਟਿ ਵਾਸੀ ਪਰਮਾਤਮਾ ਦੇ ਹੁਕਮ ਦੇ ਹੀ ਅਧੀਨ ਹੈ। ਜੋ ਮਨੁੱਖ ਇਸ ਹੁਕਮ ਨੂੰ ਸਮਝਦਾ ਹੋਇਆ ਇੱਕ
ਪ੍ਰਭੂ ਨਾਲ ਹੀ ਸਾਂਝ ਰੱਖਦਾ ਹੈ ਉਹੋ ਹੀ ਬੰਦਾ (ਸਿੱਖ) ਕਿਹਾ ਜਾ ਸਕਦਾ ਹੈ।
“ਜਾ ਕੈ ਰਿਦੈ ਬਿਸ੍ਵਾਸ ਪ੍ਰਭ ਆਇਆ॥ ਤਤੁ ਗਿਆਨ ਤਿਸੁ ਮਨਿ ਪ੍ਰਗਟਾਇਆ॥
ਸੁਖਮਨੀ
ਭਾਵ: ਹਰਿ ਦੀ (ਅਦ੍ਰਿਸ਼ਟ, ਤ੍ਰੈ ਗੁਣ ਅਤੀਤ) ਹੋਂਦ ਵਿੱਚ ਅਟਲ ਭਰੋਸਾ ਰੱਖਣ
ਵਾਲੇ ਪ੍ਰਾਣੀ (ਸਿੱਖ) ਦੇ ਅੰਤਹਕਰਣ ਵਿੱਚ ਹੀ ਆਤਮ-ਗਿਆਨ ਦਾ ਪ੍ਰਕਾਸ਼ ਹੋ ਸਕਦਾ ਹੈ।
“ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸ ਖੋਜਿ ਲਹੈ॥” ਪ੍ਰਭਾਤੀ ਮ: ੧
ਭਾਵ: ਗੁਰੂ ਦੇ ਸਿਖਿੱਆ-ਸਾਗਰ ਵਿੱਚ ਪੁਰਸ਼ਾਰਥੀ ਜੀਵਨ-ਜੁਗਤੀ ਦੇ ਨਿਯਮ
ਰੂਪੀ ਅਨਮੋਲ ਜਵਾਹਰ ਮੋਤੀ ਹਨ। ਜਿਹੜਾ ਸੇਵਕ ਗੁਰੂ ਦੀ ਸਿਖਿਆ ਨੂੰ ਸ਼੍ਰੱਧਾ ਨਾਲ ਵਿਚਾਰਦਾ ਹੈ, ਉਹ
ਇਸ ਬਹੁਮੁੱਲੇ ਖ਼ਜ਼ਾਨੇਂ ਨੂੰ ਲੱਭ ਲੈਂਦਾ ਹੈ। (ਸਿੱਖ ਲਈ ਖੇਚਲ/ਯਤਨ ਕਰਨਾਂ ਲਾਜ਼ਮੀ ਹੈ)।
“ਇਕਸੁ ਵਿਣੁ ਹੋਰੁ ਦੂਜਾ ਨਾਂਹੀ ਬਾਬਾ, ਨਾਨਕ ਇਹ ਮਤਿ ਸਾਰੀ ਜੀਉ॥” ਮਾਝ
ਮ: ੫
ਭਾਵ: (ਸਿੱਖ/ਸੇਵਕ ਵਾਸਤੇ) ਸਰਵਸ੍ਰੇਸ਼ਟ ਸਮਝ ਇਹੋ ਹੈ ਕਿ ਸ੍ਰਿਸ਼ਟੀ ਦਾ
ਚਾਲਕ ਅਦੁੱਤੀ ਪਰਮਾਤਮਾ ਹੀ ਹੈ, ਉਸ ਤੋਂ ਬਿਨਾ ਹੋਰ ਮਿਥਿਹਾਸਕ ਸ਼ਕਤੀਆਂ (ਦੇਵੀ ਦੇਵਤੇ, ਫ਼ਰਿਸ਼ਤੇ,
ਏਂਜਲਜ਼ (
angels),
ਪੈਗ਼ੰਬਰ, ਅਤੇ ਅਵਤਾਰ ਆਦਿ) ਝੂਠ ਹਨ।
ਪ੍ਰਭੂ ਪਰਮਾਤਮਾ ਦੀ ਹੋਂਦ ਵਿੱਚ ਪੂਰਣ ਵਿਸ਼ਵਾਸ ਕਰਨ ਉਪਰੰਤ, ਗੁਰਸਿੱਖ
ਆਪਣੀ ਮੈਂ/ਮੇਰੀ ਅਤੇ ਹਉਮੈਂ ਨੂੰ ਪੂਰੀ ਤਰ੍ਹਾਂ ਭਸਮ ਕਰਕੇ ਆਪਣੇ ਆਪੇ ਨੂੰ ਪ੍ਰਭੂ ਦੇ ਭਾਣੇ ਦੇ
ਸਿਪੁਰਦ ਕਰ ਦਿੰਦਾ ਹੈ।
“ਤਨੁ ਮਨੁ ਧਨੁ ਗ੍ਰਿਹੁ ਸਉਪਿ ਸਰੀਰੁ॥ ਸੋਈ ਸੁਹਾਗਨਿ ਕਹੈ ਕਬੀਰ॥” ਗਉੜੀ
ਕਬੀਰ ਜੀ
ਭਾਵ: ਉਹੋ ਜੀਵ-ਇਸਤ੍ਰੀ (ਸਿੱਖ/ਸੇਵਕ) ਭਾਗਾਂ ਵਾਲੀ ਹੈ ਜੋ ਆਪਣਾ ਸੱਭ
ਕੁੱਝ - – ਤਨ, ਮਨ, ਸੰਪਤੀ, ਘਰ ਅਤੇ ਸ਼ਰੀਰ ਆਦਿ- ਪਤੀ ਪਰਮਾਤਮਾ ਦੇ ਸਿਪੁਰਦ ਕਰ ਦਿੰਦੀ ਹੈ।
“ਮਨੁ ਤਨੁ ਤੇਰਾ ਧਨੁ ਭੀ ਤੇਰਾ॥ ਤੂੰ ਠਾਕੁਰ ਸੁਆਮੀ ਪ੍ਰਭੁ ਮੇਰਾ॥
ਜੀਉ ਪਿੰਡੁ ਸਭੁ ਰਾਸਿ ਤੁਮਾਰੀ ਤੇਰਾ ਜੋਰੁ ਗੋਪਾਲਾ ਜੀਉ॥” ਮਾਝ ਮ: ੫
ਭਾਵ: (ਭਗਤ/ਸਿੱਖ ਹਉਮੈ ਦੇ ਭਾਵ ਦਾ ਪੂਰਨ ਤਿਆਗ ਕਰਦਾ ਹੋਇਆ ਬਿਨਤੀ ਕਰਦਾ
ਹੈ) ਸ੍ਰਿਸ਼ਟੀ ਦੇ ਪਾਲਣਹਾਰ ਪਰਮਾਤਮਾ! ਮੇਰੀ ਸਮੁੱਚੀ ਹੋਂਦ, – ਤਨ, ਮਨ, ਤੇ ਪਦਾਰਥਕ ਸੰਪਤੀ – ਸਭ
ਤੇਰੀ ਬਖ਼ਸ਼ਿਸ਼ ਹੈ। ਤੂੰ ਹੀ ਮੇਰਾ ਪੂਜ੍ਯ ਤੇ ਮਾਲਿਕ ਹੈਂ। ਮੇਰੇ ਪ੍ਰਾਣ ਤੇ ਸਰੀਰ ਵੀ ਤੇਰੀ ਹੀ
ਪੂੰਜੀ ਹੈ; ਅਤੇ, ਮੇਰਾ ਮਾਣ ਤੇ ਤਾਣ ਵੀ ਤੇਰੇ ਕਰਕੇ ਹੀ ਹੈ।
ਗੁਰਮੱਤ ਗਿਆਨ ਦਾ ਮਾਰਗ ਹੈ; ਅੰਧਵਿਸ਼ਵਾਸ ਦਾ ਨਹੀਂ। ਸੋ, ਸਿੱਖ ਉਹ ਮਨੁੱਖ
ਹੈ ਜੋ ਗਿਆਨ ਦੀ ਭਾਲ ਵਿੱਚ, ਗਿਆਨ ਦੇ ਸੋਮੇ ਗੁਰੂ ਦੀ ਚਟਸਾਲ ਵਿੱਚ ਮਨ ਦੀ ਕੋਰੀ ਫੱਟੀ ਲੈ ਕੇ
ਜਾਂਦਾ ਹੈ। ਗੁਰੂ ਉਸ ਫੱਟੀ ਉੱਤੇ ਜੋ ਕੁੱਝ ਵੀ ਉਕੱਰੇ, ਸੇਵਕ ਉਹੀ ਕਾਰ ਕਮਾਉਂਦਾ ਹੈ। ਇਸ ਵਿਚਾਰ
ਦੀ ਪੁਸ਼ਟੀ ਲਈ ਗੁਰਬਾਣੀ ਦੀਆਂ ਕੁੱਝ ਤੁਕਾਂ ਤੇ ਵਿਚਾਰ:
“…. . ਜੋ ਗੁਰੁ ਦਸੈ ਵਾਟ, ਮੁਰੀਦਾ ਜੋਲੀਐ॥” ਆਸਾ ਫਰੀਦ ਜੀ
ਭਾਵ: ਸਿੱਖ ਦਾ ਇਹ ਕਰਤੱਵ ਹੈ ਕਿ ਉਹ ਗੂਰੂ ਦੇ ਦਿਖਾਏ ਰਾਹ ਤੇ ਹੀ ਚੱਲੇ।
“ਲਾਲਾ ਗੋਲਾ ਖਸਮ ਕਾ ਖਸਮੈ ਵਡਿਆਈ॥
ਗੁਰ ਪਰਸਾਦੀ ਉਬਰੇ ਹਰਿ ਕੀ ਸਰਨਾਈ॥” ਮਾਰੂ ਮ: ੧ ਅ:
ਭਾਵ: ਜੋ ਮਨੁਖ ਸ੍ਰਿਸ਼ਟੀ ਦੇ ਸਾਹਿਬ ਕਰਤਾਰ ਦਾ ਦਾਸ/ਗ਼ੁਲਾਮ ਬਣਦਾ ਹੈ, ਉਹ
ਓਸੇ
ਦੀ ਸਿਫਤ ਸਾਲਾਹ ਕਰਦਾ ਹੈ। ਗੁਰੁ ਦੀ ਕ੍ਰਿਪਾ ਨਾਲ ਜੋ ਸੇਵਕ ਪਰਮਾਤਮਾ ਦੀ ਸਰਨ ਜਾਂਦੇ ਹਨ, ਉਹ
ਮਾਇਆ-ਜਾਲ ਤੋਂ ਮੁਕਤ ਹੋ ਜਾਂਦੇ ਹਨ।
“ਬੀਸ ਬਿਸਵੇ ਗੁਰ ਕਾ ਮਨੁ ਮਾਨੈ॥ ਸੋ ਸੇਵਕੁ ਪਰਮੇਸੁਰ ਕੀ ਗਤਿ ਜਾਨੈ॥”
ਸੁਖਮਨੀ
ਭਾਵ: ਗੁਰੁ ਨੂੰ, ਸਵੈ-ਸਮਰਪਣ ਨਾਲ, ਆਪਣੀ ਸੇਵਕੀ ਦਾ ਪੂਰਣ ਭਰੋਸਾ ਦਿਵਾਉਣ
ਵਾਲਾ ਸੇਵਕ ਹੀ ਅਪਰੰਪਾਰ ਪਾਰਬ੍ਰਹਮ ਦਾ ਗਿਆਨ ਪ੍ਰਾਪਤ ਕਰ ਸਕਦਾ ਹੈ।
“ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ॥”
ਸੁਖਮਨੀ
ਭਾਵ: ਜੋ ਸੇਵਕ (ਨਾਮ-ਧਨ ਦੇ ਬਦਲੇ) ਆਪਣੀ ਮਾਨਸਿਕਤਾ ਸਤਿਗੁਰੂ ਨੂੰ ਅਰਪਿਤ
ਕਰ ਦਿੰਦਾ ਹੈ, ਉਸ ਦੇ ਪ੍ਰਭੂ ਪ੍ਰਾਪਤੀ ਲਈ ਕੀਤੇ ਯਤਨ ਸਫਲ ਹੁੰਦੇ ਹਨ।
“ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ
ਆਵੈ॥” ਸੋਰਠਿ ਮ: ੩
ਭਾਵ: ਉਹੀ ਮਨੁਖ ਗੁਰੂ ਦਾ ਸੇਵਕ, ਮਿੱਤ੍ਰ, ਤੇ ਸ਼ੰਬੰਧੀ ਕਿਹਾ ਜਾ ਸਕਦਾ ਹੈ
ਜੋ ਗੁਰੂ ਦੇ ਹੁਕਮ ਦੀ ਹੱਦ ਤੋਂ ਬਾਹਰ ਨਹੀਂ ਵਿਚਰਦਾ।
“…. . ਸਤਿਗੁਰ ਮਤਿ ਵੇਲਾ॥” ਸਿਧ
ਗੋਸਟਿ
ਗੁਰੂ ਨਾਨਕ ਦੇਵ ਜੀ ਦਾ ਆਦੇਸ਼ ਹੈ ਕਿ ਮਾਨਵ-ਜੀਵਨ ਹੀ ਅਜਿਹਾ ਅਵਸਰ ਹੈ ਜਦ
ਮਨੁਖ ਗੁਰੂ ਤੋਂ ਗਿਆਨ ਦੀ ਦਾਤ ਲੈ ਕੇ ਅਪਣੇ ਜੀਵਨ-ਮਨੋਰਥ ਵਿੱਚ ਸਫਲ ਹੋ ਸਕਦਾ ਹੈ। ਸੋ, ਗੁਰਸਿੱਖ
ਉਹ ਇਨਸਾਨ ਹੈ ਜੋ ਮਨਮੱਤੀਆਂ ਤਿਆਗ ਕੇ ਗੁਰੁ (ਗ੍ਰੰਥ ਸਾਹਿਬ) ਦੀ ਅਗਵਾਈ ਵਿੱਚ ਜੀਵਨ ਗੁਜ਼ਾਰਦਾ
ਹੈ।
ਮੁਕਤੀ ਦਾ ਮਾਲਿਕ ਪਰਮਾਤਮਾ ਹੈ। ਗੁਰੁ, ਸਿਮਰਨ ਦੀ ਦਾਤ ਦੇ ਕੇ, ਸਿੱਖ ਦਾ
ਉਸ ਮੁਕਤੀ-ਦਾਤੇ ਨਾਲ ਜੋੜ ਬਣਾਉਂਦਾ ਹੈ। ਗੁਰਮੱਤ ਅਨੁਸਾਰ ਲੋਕ ਪਰਲੋਕ ਦੀਆਂ ਸਾਰੀਆਂ ਪ੍ਰਾਪਤੀਆਂ
ਸਿਮਰਨ ਤੋਂ ਹੀ ਹੁੰਦੀਆਂ ਹਨ। ਇਸੇ ਲਈ ਨਾਮ-ਸਿਮਰਨ ਨੂੰ ਹੀ ਮਾਨਵ-ਜੀਵਨ-ਮਨੋਰਥ ਮੰਨਿਆਂ ਗਿਆ ਹੈ।
“ਨਾਮਿ ਰਤੇ ਸਿਧ ਗੋਸਟਿ ਹੋਇ॥” ਸਿਧ ਗੋਸਟਿ
ਭਾਵ: ਹਰਿਨਾਮ ਦੇ ਰੰਗ ਵਿੱਚ ਰੰਗੀਜ ਕੇ ਹੀ ਪਰਮਾਤਮਾ ਨਾਲ ਪੁਨਰ-ਮਿਲਨ ਹੋ
ਸਕਦਾ ਹੈ।
“ਤਨ ਹਟੜੀ, ਇਹ ਮਨੁ ਵਣਜਾਰਾ॥ ਨਾਨਕ, ਸਹਜੇ ਸਚੁ ਵਾਪਾਰਾ॥” ਸਿਧ ਗੋਸਟਿ
ਭਾਵ: (ਸਿੱਖ/ਸੇਵਕ ਦਾ) ਸਰੀਰ ਨਾਮ-ਰੰਗ ਨਾਲ ਸ਼ਿੰਗਾਰੀ ਸੋਹਣੀਂ ਹੱਟੀ ਹੈ,
ਜਿਸ ਵਿੱਚ ਮਨ ਹਟਵਾਣੀਆਂ ਹੈ ਜੋ ਅਡੋਲਤਾ ਵਿੱਚ ਵਿਚਰਦਾ ਹੋਇਆ ਨਾਮ ਦਾ ਹੀ ਵਣਜ ਕਰਦਾ ਹੈ।
“ਕਬੀਰਾ ਸੇਵਾ ਕਉ ਦੁਇ ਭਲੇ, ਏਕੁ ਸੰਤੁ ਇਕੁ ਰਾਮੁ॥
ਰਾਮੁ ਜੁ ਦਾਤਾ ਮੁਕਤਿ ਕੋ, ਸੰਤੁ ਜਪਾਵੈ ਨਾਮੁ॥” ਸਲੋਕ ਕਬੀਰ ਜੀ
ਪ੍ਰਭੂ ਦੇ ਭਾਣੇ ਵਿੱਚ ਵਿਚਰਦਿਆਂ ਕੀਤਾ ਗਿਆ ਨਾਮ ਸਿਮਰਨ ਪਾਰਸ ਦੀ ਨਿਆਂਈਂ
ਹੈ। ਨਾਮ-ਸਿਮਰਨ ਰੂਪੀ ਪਾਰਸ ਖੋਟਿਆਂ ਨੂੰ ਖਰੇ, ਪਤਿਤਾਂ ਨੂੰ ਪੁਨੀਤ, ਅਤੇ ਮਨਮੁੱਖਾਂ ਨੂੰ
ਗੁਰਮੁਖ ਬਣਾ ਦਿੰਦਾ ਹੈ। ਸ਼ਰਤ ਇਸ ਪਾਰਸ ਨੂੰ ਛੂਹਣ ਦੀ ਹੈ।
“ਸੋ ਸੇਵਕੁ ਜੋ ਲਾਇਆ ਸੇਵ॥ ਤਿਨ ਹੀ ਪਾਏ ਨਿਰੰਜਨ ਦੇਵ॥
ਗੁਰ ਮਿਲਿ, ਤਾ ਕੇ ਖੁਲੇ ਕਪਾਟ॥ ਬਹੁਰਿ ਨ ਆਵੈ ਜੋਨੀ ਬਾਟ॥” ਭੈਰਉ ਕਬੀਰ
ਜੀਉ
ਭਾਵ: ਜਿਸ ਮਨੁੱਖ ਨੂੰ ਪਰਮਾਤਮਾ ਆਪ ਆਪਣੀ ਸੇਵਾ-ਭਗਤੀ (ਨਾਮ-ਸਿਮਰਨ) ਵਿੱਚ
ਲਾਉਂਦਾ ਹੈ, ਉਹੋ ਹੀ ਸਿੱਖ/ਸੇਵਕ ਹੈ; ਅਤੇ ਉਸੇ ਨੂੰ ਹੀ ਮਾਇਆ ਦੀ ਕਾਲਖ ਤੋਂ ਨਿਰਲੇਪ ਪ੍ਰਭੂ ਦੀ
ਪ੍ਰਾਪਤੀ ਹੁੰਦੀ ਹੈ। ਗੁਰੂ ਦੀ ਸਰਨ ਜਾ ਕੇ ਉਸ ਨੂੰ ਆਤਮ-ਗਿਆਨ ਅਤੇ ਬਿਬੇਕ ਬੁੱਧ ਦੀ ਦਾਤ ਮਿਲਦੀ
ਹੈ, ਜਿਸ ਸਦਕਾ ਉਹ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ।
“ਧੰਨੁ ਧੰਨੁ ਸੇ ਸਾਹ ਹੈ ਜਿ ਨਾਮਿ ਕਰਹਿ ਵਾਪਾਰੁ॥
ਵਣਜਾਰੇ ਸਿਖੁ ਆਵਦੇ ਸਬਦਿ ਲਘਾਵਣ ਹਾਰੁ॥ ਸਲੋਕ ਮ: ੪
ਭਾਵ: ਉਹ ਵਾਪਾਰੀ (ਸਿੱਖ/ਸੇਵਕ) ਭਾਗਾਂ ਵਾਲੇ ਹਨ ਜੋ ਸਵਾਸਾਂ ਦੀ ਪੂੰਜੀ
ਨਾਲ ਨਾਮ-ਸਿਮਰਨ ਦਾ ਵਾਪਾਰ ਕਰਦੇ ਹਨ। ਗੁਰੂ ਦੀ ਸਰਨ ਪਏ ਨਾਮ ਦਾ ਵਣਜ ਕਰਨ ਵਾਲੇ ਸਿੱਖਾਂ ਨੂੰ ਉਹ
ਆਪਣੇ ਉੇਪਦੇਸ਼ ਦੇ ਸਹਾਰੇ ਸੰਸਾਰ ਸਾਗਰ ਤੋਂ ਪਾਰ ਉਤਾਰਦਾ ਹੈ।
“ਗੁਰਸਿਖ ਹਰਿ ਬੋਲਹੁ ਮੇਰੇ ਭਾਈ॥ ਹਰਿ ਬੋਲਤ ਸਭ ਪਾਪ ਲਹਿ ਜਾਈ॥”
ਗਉੜੀ ਗੁਆਰੇਰੀ ਮ: ੪
ਭਾਵ: ਹੇ ਮੇਰੇ ਗੁਰਸਿਖ ਭਾਈਓ! ਪ੍ਰਭੂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ
ਕਰੋ, ਜਿਸ ਸਦਕਾ ਮਨ ਤੋਂ ਪਾਪਾਂ ਦੀ ਮੈਲ ਲੱਥ ਜਾਂਦੀ ਹੈ।
“ਧਰਿ ਜੀਅਰੇ ਇੱਕ ਟੇਕ ਤੂ ਲਾਹੇ ਬਿਡਾਨੀ ਆਸ॥
ਨਾਨਕ ਨਾਮੁ ਧਿਆਈਐ ਕਾਰਜੁ ਆਵੈ ਰਾਸਿ॥” ਸਲੋਕ ਮ: ੫
ਭਾਵ: ਜੋ ਪ੍ਰਾਣੀ (ਸਿੱਖ) ਮੁਕਤੀ ਦੇ ਮਾਲਿਕ ਇੱਕ ਅਕਾਲਪੁਰਖ ਨੂੰ ਅਪਣੇ
ਜੀਵਨ ਦਾ ਸਹਾਰਾ ਮਿਥ ਕੇ ਉਸ ਦਾ ਨਾਮ ਸਿਮਰਨ ਕਰਦਾ ਹੈ, ਉਹ ਆਪਣੇ ਜੀਵਨ-ਮਨੋਰਥ ਦੀ ਪ੍ਰਾਪਤੀ ਕਰ
ਲੈਂਦਾ ਹੈ। ਸਿੱਖ ਹੋਰ ਮਿਥਿਹਾਸਕ ਸ਼ਕਤੀਆਂ (ਦੇਵੀ/ਦੇਵਤੇ, ਫਰਿਸ਼ਤੇ, ਏਂਜਲਜ਼, ਪੈਗ਼ੰਬਰਾਂ, ਅਵਤਾਰਾਂ
ਆਦਿ) ਦੇ ਝੂਠੇ ਸਹਾਰੇ ਦੀ ਝਾਕ ਨਹੀਂ ਰੱਖਦਾ।
ਗੁਰਸਿੱਖ ਪੂਰਨ ਇਸ਼ਨਾਨੀ ਹੁੰਦਾ ਹੈ। ਉਹ ਸਰੀਰ ਦੀ ਸ੍ਵਸਥਤਾ ਲਈ ਸ਼ੌਚ/ਗ਼ੁਸਲ
ਕਰਦਾ ਹੈ, ਅਤੇ ਮਨ ਨੂੰ ਵਿਕਾਰਾਂ ਦੀ ਮੈਲ ਤੋਂ ਮੁਕਤ ਰੱਖਣ ਲਈ ਨਿਰੰਤਰ ਨਾਮ-ਜਲ ਦਾ ਸਹਾਰਾ ਲੈਂਦਾ
ਹੈ।
“ਗੁਰ ਸਤਿਗੁਰ ਕਾ ਜੋ ਸਿਖੁ ਅਖਾਏ, ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ॥
…. . ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ
ਭਾਵੈ॥” ਮ: ੪
ਭਾਵ: ਉਹੀ ਮਨੁੱਖ ਗੁਰਸਿੱਖ ਅਖਵਾਉਣ ਦਾ ਅਧਿਕਾਰੀ ਹੈ ਜੋ ਹਰ ਰੋਜ਼ ਸੁਬਹ
ਸਵੇਰੇ ਨਾਮ-ਸਿਮਰਨ ਦੀ ਕਾਰ ਕਰਦਾ ਹੈ। ਸਵੇਰ ਸਾਰ ਸਰੀਰਕ ਸਫ਼ਾਈ ਤੋਂ ਬਾਅਦ, ਨਾਮ-ਸਿਮਰਨ ਦੇ
ਅੰਮ੍ਰਿਤ-ਜਲ ਨਾਲ ਮਨ ਦੀ ਮੈਲ ਧੋਂਦਾ ਹੈ। ਨਿਰੰਤਰ ਨਾਮ ਜਪਣ ਵਾਲਾ ਮਨੁੱਖ ਹੀ ਗੁਰੁ/ਪਰਮਾਤਮਾ ਦਾ
ਮਨ ਭਾਉਂਦਾ ਸਿੱਖ ਹੈ।
ਨਿਰਗੁਣ ਰਾਮ ਨਾਲ ਨੇੜਤਾ ਪ੍ਰਾਪਤ ਕਰਨ ਲਈ ਸਿੱਖ/ਸੇਵਕ ਵਾਸਤੇ ਉਤੱਮ ਗੁਣਾਂ
(
virtues)
(ਸਤੁ, ਸੰਤੋਖ, ਦਯਾ, ਧਰਮ, ਧੀਰਜ ਅਦਿ) ਨੂੰ ਗ੍ਰਹਿਣ ਕਰਨ, ਅਤੇ, ਅਵਗੁਣਾਂ (vices)
(ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ,
ਨਿੰਦਾ, ਚੁਗਲੀ, ਚੋਰੀ, ਠੱਗੀ ਠੋਰੀ, ਝੂਠ ਫ਼ਰੇਬ, ਭੇਖ, ਅਤੇ ਹਰਾਮਖ਼ੋਰੀ ਆਦਿ) ਨੂੰ ਤਿਆਗਣ ਦੀ ਲੋੜ
ਹੈ। ਗੁਰ-ਹੁਕਮ ਹੈ:
“ਸਿਫਤੀ ਗੰਢ ਪਵੈ ਦਰਬਾਰਿ॥”,
ਅਤੇ,
“ਗੁਰਮੁਖਿ ਗੁਣ ਵੇਹਾਝੀਅਹਿ ਮਲੁ ਹਉਮੈ
ਕਢੈ ਧੋਇ॥”
ਸੋ, ਗੁਰਸਿੱਖ ਉਸ ਮਨੁੱਖ ਨੂੰ ਕਿਹਾ ਜਾ ਸਕਦਾ ਹੈ ਜੋ ਦੁਰਗੁਣਾਂ ਦਾ ਤਿਆਗ
ਕਰਣ ਅਤੇ ਆਤਮਿਕ ਗੁਣਾਂ ਨੂੰ ਧਾਰਨ ਲਈ ਸੰਘਰਸ਼ ਕਰਦਾ ਹੈ। ਸਦਗੁਣਾਂ ਨਾਲ ਸੰਪੰਨ ਸ਼ਖ਼ਸੀਅਤ ਸੰਸਾਰਕ
ਕਰਮਕਾਂਡ ਦੀ ਮੁਹਤਾਜ ਨਹੀਂ ਰਹਿੰਦੀ।
“ਹਰਿ ਭਗਤ ਨਿਜ ਨਿਹਕੇਵਲਾ, ਰਿਦ ਕਰਮਣਾ ਬਚਸਾ॥
ਜੋਗੇਨ ਕਿੰ, ਜਗੇਨ ਕਿੰ, ਦਾਨੇਨ ਕਿੰ, ਤਪਸਾ॥” ਗੁਜਰੀ ਜੈ ਦੇਵ ਜੀਉ
ਭਾਵ: ਪ੍ਰਭੂ ਦੇ ਪ੍ਰਵਾਣਿਤ ਭਗਤ/ਸੇਵਕ ਮਨ, ਬਚਨ ਅਤੇ ਕਰਣੀ ਪਖੋਂ
ਪਰਮ-ਪਵਿੱਤ੍ਰ ਹੁੰਦੇ ਹਨ। (ਪ੍ਰਭੂ-ਭਗਤੀ ਦੁਆਰਾ ਪ੍ਰਾਪਤ ਕੀਤੀ ਆਤਮਿਕ ਸੁਚੱਤਾ ਸਦਕਾ) ਉਨ੍ਹਾਂ ਲਈ
ਦੁਨਿਆਵੀ ਦਿਖਾਵੇ ਦੇ ਕਰਮ, ਜੋਗ, ਜਗ, ਪਦਾਰਥਕ ਦਾਨ ਤੇ ਤਪੱਸਿਆ ਆਦਿ, ਨਿਰਾਰਥਕ ਹਨ।
ਰੱਬੀ ਗੁਣਾਂ ਨੂੰ ਹਿਰਦੇ ਵਿੱਚ ਵਸਾਉਣ ਹਿਤ ਸਿੱਖ/ਸੇਵਕ ਲਈ ਪਹਿਲਾਂ
ਮਨ-ਮੰਦਿਰ ਦੇ ਵਿਹੜੇ ਵਿੱਚੋਂ, ਮੋਹ-ਮਾਇਆ ਕਾਰਣ ਪੈਦਾ ਹੋਏ, ਕੁਕਰਮਾਂ ਦੇ ਕੂੜੇ ਨੂੰ ਹੂੰਝ ਕੇ
ਬਾਹਰ ਕੱਢਣਾ ਲਾਜ਼ਮੀ ਹੈ।
“ਯਯਾ ਜਉ ਜਾਨਹਿ ਤਉ ਦੁਰਮਤਿ ਹਨਿ, ਕਰਿ ਬਸਿ ਕਾਇਆ ਗਾਉ॥
ਰਣਿ ਰੂਤਉ ਭਾਜੈ ਨਹੀ, ਸੂਰਉ ਥਾਰਉ ਨਾਉ॥” ਗਉੜੀ ਬਾਵਨ ਅਖਰੀ ਕਬੀਰ ਜੀ
ਭਾਵ: (ਹੇ ਸੇਵਕ!) ਜੇ ਤੂੰ ਪਰਮਾਰਥ ਦਾ ਪੰਥ ਜਾਣਨਾਂ ਲੋਚਦਾ ਹੈਂ ਤਾਂ
ਪਹਿਲਾਂ ਵਿਕਾਰਾਂ ਨਾਲ ਮੈਲੀ ਹੋਈ ਆਪਣੀ ਮੱਤ ਮਾਰ ਦੇਹ; ਅਤੇ, ਮੱਤ ਨੂੰ ਮਲੀਨ ਕਰਨ ਵਾਲੀਆਂ
ਗਿਆਨ/ਕਰਮ ਇੰਦ੍ਰੀਆਂ ਵੱਸ ਵਿੱਚ ਕਰ ਲੈ। ਵਿਕਾਰਾਂ ਨਾਲ ਛੇੜੇ ਇਸ ਸੰਘਰਸ਼ ਵਿੱਚ ਜੇ ਤੂੰ ਪਿੱਠ
ਨਹੀਂ ਦਿਖਾਏਂਗਾ ਤਾਂ ਹੀ ਸੂਰਾ (ਸਿੱਖ) ਅਖਵਾਉਣ ਦਾ ਸਹੀ ਹੱਕਦਾਰ ਬਣੇਂਗਾ।
“ਸੁਣ ਸਿਖਵੰਤੇ ਨਾਨਕ ਬਿਨਵੈ ਛੋਡਹੁ ਮਾਇਆ ਜਾਲਾ॥” ਗੁਜਰੀ ਅ: ਮ: ੧
ਭਾਵ: ਗੁਰੂ ਦੇ ਸਿਖਿਆਰਥੀ ਨੂੰ ਨਾਨਕ ਦੇਵ ਜੀ ਨਮਰਤਾ ਸਹਿਤ ਪ੍ਰੇਰਣਾ
ਦਿੰਦੇ ਹਨ ਕਿ (ਪ੍ਰਭੂ ਦੀ ਪ੍ਰਾਪਤੀ ਲਈ) ਮਨ ਨੂੰ ਮਲੀਨ ਕਰਨ ਵਾਲੀ ਮਾਇਆ ਦੇ ਪ੍ਰਭਾਵ ਤੋਂ
ਛੁਟਕਾਰਾ ਪਾ ਲੈ।
“ਗੁਰ ਕਾ ਸਿਖੁ ਬਿਕਾਰ ਤੇ ਹਾਟੈ॥” ਸੁਖਮਨੀ
ਭਾਵ: (ਗੁਰੂ ਦੀ ਬਖ਼ਸ਼ਿਸ਼ ਸਦਕਾ) ਗੁਰਸਿੱਖ ਮਾਇਆ ਦੇ ਪ੍ਰਭਾਵਾਧੀਨ ਪੈਦਾ ਹੋਣ
ਵਾਲੇ ਵਿਕਾਰਾਂ ਤੋਂ ਦੂਰ ਰਹਿੰਦਾ ਹੈ।
“ਮਾਨ ਅਭਿਮਾਨ ਮੰਧੈ, ਸੋ ਸੇਵਕੁ ਨਾਹੀ॥” ਸਿਰੀ ਰਾਗੁ ਮ: ੫
ਭਾਵ: ਜਿਹੜਾ ਮਨੁੱਖ, ਮਾਇਆ ਦੇ ਪ੍ਰਭਾਵ ਤਲੇ ਸੰਸਾਰਕ ਮਾਨ/ਅਪਮਾਨ ਨਾਲ ਡੋਲ
ਜਾਂਦਾ ਹੈ, ਉਹ (ਮਨ ਤੇ ਕਾਬੂ ਨਾ ਹੋਣ ਕਾਰਣ) ਸਿੱਖ ਅਖਵਾਉਣ ਦਾ ਹੱਕਦਾਰ ਨਹੀਂ।
‘ਘਾਲਿ ਖਾਇ’ ਗੁਰਮੱਤ ਦਾ ਇੱਕ ਅਹਿਮ ਅਸੂਲ ਹੈ। ਜੋ
ਮਨੁੱਖ ਆਪਣੇ ਪੇਟ ਦੀ ਭੁੱਖ ਤੇ ਮਾਇਕ ਤ੍ਰਿਸ਼ਨਾਂ ਦੀ ਅਬੁੱਝ ਅੱਗ ਨੂੰ ਬੁਝਾਉਣ ਲਈ ਕ੍ਰਿਤੀਆਂ ਦੀ
ਕ੍ਰਿਤ ਕਮਾਈ ਨੂੰ ਕਿਸੇ ਭੇਖ ਦੇ ਪਾਜ ਨਾਲ ਠੱਗਦੇ ਹਨ, ਉਹ ਗੁਰੂ/ਪਰਮਾਤਮਾ ਦੇ ਸੇਵਕ/ਸਿੱਖ ਨਹੀਂ
ਹਨ। ਇਸ ਸੰਬੰਧ ਵਿੱਚ ਗੁਰ-ਵਿਚਾਰ ਹੈ:
“ਅਭਿਆਗਤ ਏਹਿ ਨ ਆਖੀਅਨਿ ਜਿ ਪਰ ਘਰਿ ਭੋਜਨੁ ਕਰੇਨਿ॥
ਉਦਰੈ ਕਾਰਣਿ ਆਪਣੇ ਬਹਲੇ ਭੇਖ ਕਰੇਨਿ॥” ਮ: ੩
ਭਾਵ: (ਜੋ ਮਨੁੱਖ ਦਸਾਂ ਨੁਹਾਂ ਦੀ ਕ੍ਰਿਤ ਕਰਨ ਦੀ ਬਜਾਏ) ਪਰਾਏ ਘਰਾਂ ਦੀ
ਕਮਾਈ ਨੂੰ ਆਪਣਾਂ ਰੁਜ਼ਗਾਰ ਬਣਾਉਂਦੇ ਹਨ, ਅਤੇ ਤਨ ਮਨ ਦੀ ਭੁੱਖ/ਤ੍ਰਿਸ਼ਨਾਂ ਦੀ ਤ੍ਰਿਪਤੀ ਲਈ ਕਈ
ਤਰ੍ਹਾਂ ਦੇ ਭੇਖ ਕਰਕੇ ਲੋਕਾਂ ਨੂੰ ਠੱਗਦੇ ਹਨ, ਉਹ ਅਭਿਆਗਤ (ਗੁਰਸਿੱਖ) ਨਹੀਂ ਹਨ।
“ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ॥
ਜੇ ਘਰਿ ਘਰਿ ਹੰਢੈ ਮੰਗਦਾ ਧਿਗੁ ਜੀਵਣੁ ਧਿਗੁ ਵੇਸੁ॥ ਸਲੋਕ ਮ: ੩
ਭਾਵ: ਰੱਬ ਦੇ ਦਰ ਤੋਂ ਬੰਦਗੀ ਦੀ ਖ਼ੈਰ ਮੰਗਣ ਵਾਲਾ ਕੋਈ ਟਾਂਵਾਂ ਟੱਲਾ
ਫ਼ਕੀਰ/ਸਿੱਖ ਹੀ ਹੁੰਦਾ ਹੈ। ਲਾਅਨਤ ਹੈ, ਧਿੱਕਾਰ ਹੈ ਉਨ੍ਹਾਂ ਨਾਮਧਰੀਕ ਕਾਮਚੋਰ ਦਰਵੇਸ਼ਾਂ/ਸਿੱਖਾਂ
ਦੇ ਜੀਵਨ ਤੇ ਅਤੇ ਉਨ੍ਹਾਂ ਦੇ ਭੇਖ ਤੇ ਜੋ, ਰੱਬ ਦੇ ਨਾਂ ਤੇ ਘਰਿ ਘਰਿ ਮੰਗਣ ਨੂੰ ਆਪਣੇ ਜੀਵਨ ਦਾ
ਰੁਜ਼ਗਾਰ ਬਣਾਉਂਦੇ ਹਨ।
“…. . ਅੰਤਰਿ ਕਪਟੁ ਚੁਕਾਵਹੁ ਮੇਰੇ ਗੁਰਸਿਖਹੁ ਨਿਕਪਟ ਕਮਾਵਹੁ
ਹਰਿ ਕੀ ਹਰਿ ਘਾਲ ਨਿਹਾਲ ਨਿਹਾਲ ਨਿਹਾਲ॥”
ਭਾਵ: ਗੁਰਸਿੱਖਾਂ ਨੂੰ ਮਨ ਵਿੱਚੋਂ ਧੋਖੇ ਫ਼ਰੇਬ ਦੀ ਰੁਚੀ ਨੂੰ ਦੂਰ ਕਰਕੇ
ਨਿਸ਼ਕਾਮਤਾ ਨਾਲ ਨਾਮ-ਸਿਮਰਨ ਦੀ ਮੁਸ਼ੱਕਤ ਕਰਨੀ ਚਾਹੀਦੀ ਹੈ; ਤਾਂ ਹੀ ਪਰਮਾਂਨੰਦ ਦੀ ਪ੍ਰਾਪਤੀ ਹੋ
ਸਕਦੀ ਹੈ।
“ਭਗਤਾ ਕੀ ਚਾਲ ਨਿਰਾਲੀ॥ ਚਾਲ ਨਿਰਾਲੀ ਭਗਤਾ ਕੇਰੀ, ਬਿਖਮ ਮਾਰਗ ਚਲਣਾ॥
ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸ਼ਨਾ, ਬਹੁਤ ਨਹੀ ਬੋਲਣਾ॥” ਰਾਮਕਲੀ ਮ: ੩
ਅਨੰਦੁ
ਭਾਵ: ਈਸ਼ਵਰ ਦੇ ਸੇਵਕਾਂ ਦੀ ਜੀਵਨ-ਜੁਗਤੀ (ਰਹਿਤ), ਸੰਸਾਰਕ ਮਰਯਾਦਾਵਾਂ
ਨਾਲੋਂ ਬਿਲਕੁਲ ਵੱਖਰੀ ਹੁੰਦੀ ਹੈ। ਉਨ੍ਹਾਂ ਦਾ ਜੀਵਨ-ਰਾਹ ਅਤਿ ਔਖਾ ਹੈ। ਉਹ ਹਰ ਕਿਸਮ ਦੇ ਪਦਾਰਥਕ
ਲੋਭ ਲਾਲਚ ਅਤੇ ਹਉਮੈ ਤ੍ਰਿਸ਼ਨਾ ਆਦਿ ਦਾ ਪਰਿਤਿਆਗ ਕਰਦੇ ਹਨ। ਉਨ੍ਹਾਂ ਨੂੰ ਸੰਸਾਰਕ ਸੋਭਾ ਦੀ ਭੁੱਖ
ਵੀ ਨਹੀਂ ਹੁੰਦੀ।
ਰੱਬ ਨੂੰ ਦਿਲਹੋਂ ਮੁਹੱਬਤ ਕਰਨ ਵਾਲੇ ਸੇਵਕ ਗੁਰੂ/ਗੁਰੁਦੇਵ ਦੀ ਸੱਚੀ ਸੇਵਾ
(ਭਾਣੇ/ਹੁਕਮ ਅਨੁਸਾਰ ਜੀਵਨ ਢਾਲਦਿਆਂ) ਕਰਕੇ ਤਨ ਮਨ ਦੀ ਅਜਿਹੀ ਸਚਿਆਰ ਅਵਸਥਾ ਪ੍ਰਾਪਤ ਕਰ ਲੈਂਦੇ
ਹਨ ਜਿੱਥੇ ਪਹੁੰਚ ਕੇ ਕਿਸੇ ਦੁਨਿਆਵੀ ਧਰਮ-ਕਰਮ, ਰਹਿਤ, ਅਤੇ ਭੇਖ ਪਾਖੰਡ ਆਦਿ ਦੀ ਲੋੜ ਨਹੀਂ
ਰਹਿੰਦੀ। ਗੁਰ-ਹੁਕਮ ਹੈ:
“ਨਾ ਮੈਲਾ ਨਾ ਧੁੰਧਲਾ ਨ ਭਗਵਾ ਨ ਕਚੁ॥
ਨਾਨਕ ਲਾਲੋ ਲਾਲ ਹੈ ਸਚੈ ਰਤਾ ਸਚੁ॥” ਸਲੋਕ ਮ: ੧
ਭਾਵ: ਜੋ ਮਨੁਖ ਸਦਸਥਿਰ ਪਰਮਾਤਮਾ ਦੀ ਸਿਫ਼ਤ ਸਾਲਾਹ ਦੇ ਰੰਗ ਵਿੱਚ ਰੰਗੀਜ
ਕੇ
ਓਸ
ਜਿਹਾ ਹੀ ਹੋ ਜਾਂਦਾ ਹੈ, ਉਸ ਦਾ ਮਨ ਵਿਕਾਰਾਂ ਦੀ ਮੈਲ ਨਾਲ ਮੈਲਾ ਨਹੀਂ ਹੁੰਦਾ, ਅਤੇ ਅੱਖਾਂ
(ਸੋਚਣੀ) ਵਿੱਚ ਅਗਿਆਨਤਾ ਦੀ ਧੁੰਧ ਨਹੀਂ ਰਹਿੰਦੀ। ਅਜਿਹੇ ਸਿੱਖ/ਸੇਵਕ ਨੂੰ ਦਿਖਾਵੇ ਦੇ
ਰੰਗ-ਬਿਰੰਗੇ ਢੌਂਗੀ ਭੇਖ/ਚਿਨ੍ਹਾਂ ਦੀ ਜ਼ਰੂਰਤ ਨਹੀਂ; ਅਤੇ ਨਾਂ ਹੀ ਮਾਇਆ-ਜਗਤ ਦਾ ਝੂਠਾ ਅਸਥਾਈ
ਮੋਹ ਉਸ ਨੂੰ ਮੋਹ ਸਕਦਾ ਹੈ।
“ਗੁਰ ਚਰਨ ਸਰੇਵਹਿ ਗੁਰਸਿਖ ਤੋਰ॥ ਗੁਰ ਸੇਵ ਤਰੇ ਤਜਿ ਮੇਰ ਤੋਰ॥
ਨਰ ਨਿੰਦਕ ਲੋਭੀ ਮਨਿ ਕਠੋਰ॥ ਗੁਰ ਸੇਵ ਨ ਭਾਈ ਸਿ ਚੋਰ ਚੋਰ॥” ਬਸੰਤ ਮ: ੧
ਭਾਵ: ਹੇ ਪ੍ਰਭੂ! ਜੋ ਮਨੁੱਖ ਗੁਰੂ ਦੇ ਦੱਸੇ ਪਰਮਾਰਥ ਦੇ ਰਸਤੇ ਤੇ ਦਾਸ
ਭਾਵ ਨਾਲ ਚਲਦੇ ਹਨ, ਉਹੋ ਹੀ ਤੇਰੇ ਗੁਰਸਿਖ ਹਨ। ਉਹ, ਗੁਰ-ਸਿੱਖਿਆ ਦੀ ਬਰਕਤ ਨਾਲ, ਮਨ ਦੇ ਮੈਂ
ਮੇਰੀ, ਤੈਂ ਤੇਰੀ ਦੇ ਵਿਕਲਪ, ਅਤੇ ਹੋਰ ਵਿਕਾਰੀ ਭਾਵਾਂ ਨੂੰ ਤਿਆਗ ਕੇ ਜੀਵਨ ਦੇ ਇਸ ਭਵਸਾਗਰ ਨੂੰ
ਤਰ ਜਾਂਦੇ ਹਨ। ਪਰ, ਮਾਇਆ ਦੇ ਮਾਰੂ ਪ੍ਰਭਾਵ ਹੇਠ ਵਿਚਰਨ ਵਾਲੇ ਲੋਭੀ, ਸੁਆਰਥੀ ਮਨਮੁੱਖਾਂ ਨੂੰ
ਗੁਰੂ ਦੁਆਰਾ ਦਰਸਾਇਆ ਪੁਰਸ਼ਾਰਥੀ ਰਾਹ ਚੰਗਾ ਨਹੀਂ ਲਗਦਾ। ਅਜਿਹੇ ਸਾਕਤ (ਈਰਖਾ ਕਾਰਣ) ਨਿੰਦਕ,
ਲਾਲਚੀ, ਅਤੇ ਨਿਰਦਈ ਹੁੰਦੇ ਹਨ। ਗੁਰੂ ਦੇ ਹੁਕਮ ਦੀ ਅਵੱਗਿਆ ਕਰਨ ਵਾਲੇ ਅਜਿਹੇ ਵਿਅਕਤੀ ਸਿੱਖ
ਨਹੀਂ, ਸਗੋਂ ਚੋਰ, ਮਹਾਂ ਚੋਰ ਹੁੰਦੇ ਹਨ।
ਅੰਤ ਵਿੱਚ, ਲਾਸਾਨੀ ਫ਼ਿਲਾਸਫ਼ਰ, ਰੂਹਾਨੀ ਰਾਹਨੁਮਾ ਜਗਤ-ਗੁਰੂ ਨਾਨਕ ਦੇਵ ਜੀ
ਦੀ ਇੱਕ ਬਹੁ-ਚਰਚਿਤ ਤੁਕ ਤੇ ਸੰਖੇਪ ਵਿਚਾਰ ਕਰਨੀਂ ਬਹੁਤ ਜ਼ਰੂਰੀ ਹੈ:-
“ਸ਼ਬਦ ਗੁਰੁ ਸੁਰਤਿ ਧੁਨਿ ਚੇਲਾ॥”
ਸ਼ਬਦ-ਗੁਰੂ ਅਰਥਾਤ ਪ੍ਰਭੂ ਦੇ ਭਾਣੇ ਅਤੇ ਗੁਰ-ਉਪਦੇਸ਼ ਵਿੱਚ ਧਿਆਨ/ਤਵੱਜੋ
ਰੱਖਦਿਆਂ ਜੀਵਨ-ਸਫ਼ਰ ਕਰਨ ਵਾਲਾ ਹੀ ਚੇਲਾ/ਸਿੱਖ ਹੈ। ਸਪਸ਼ਟ ਹੈ ਕਿ ਸਿੱਖੀ/ਸੇਵਕੀ ਦਾ ਸੰਬੰਧ
ਅੰਤਹਕਰਣ ਨਾਲ ਹੈ, ਬਾਹਰੀ ਦਿਖਾਵੇ ਨਾਲ ਨਹੀਂ।
ਉਪਰੋਕਤ ਗੁਰਬਾਣੀ-ਵਿਚਾਰ ਦੀ ਰੌਸ਼ਨੀ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਸਿੱਖ
ਇੱਕ ਕਿਰਦਾਰ ਦਾ ਨਾਂ ਹੈ, ਇੱਕ ਉਚਤਮ ਆਤਮਿਕ ਅਵਸਥਾ ਦਾ ਨਾਮ ਹੈ, ਅਤੇ ਇੱਕ ਸੱਚੇ ਸੁੱਚੇ ਸਿਧਾਂਤਕ
ਜੀਵਨ ਜੀਉਣ ਵਾਲੇ ਮਾਨਵ ਦਾ ਨਾਮ ਹੈ। ਕਿਸੇ ਦੁਨਿਆਵੀ ਦਿਖਾਵੇ ਦਾ ਨਾਮ ਨਹੀਂ।
ਭੁੱਲ ਚੁਕ ਲਈ ਖਿਮਾ ਦਾ ਜਾਚਕ
ਦਾਸ,
ਗੁਰਇੰਦਰ ਸਿੰਘ ਪਾਲ
(ਨੋਟ:- ਇਹ ਲੇਖ ਪੂਰਨ ਤੌਰ ਤੇ ਗੁਰਬਾਣੀ/ਗੁਰੂ ਗ੍ਰੰਥ ਸਾਹਿਬ ਉਤੇ ਆਧਾਰਿਤ
ਹੈ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੇ/ਨਿਵਾਜੇ ਸਿੰਘ/ਖ਼ਾਲਸੇ ਦੇ ਵਿਸ਼ੇ ਤੇ ਅਲਗ ਲੇਖ ਵਿੱਚ
ਵਿਚਾਰ ਕੀਤੀ ਗਈ ਹੈ।)