ਭਾਰਤੀ ਸਮਾਜ, ਵਿੱਚ ਸਦੀਆਂ ਤੋਂ ਕੁੱਝ ਕਰਮਕਾਂਡਾਂ ਨੂੰ ਹੀ, ਧਰਮ
ਕਰ ਕੇ ਪ੍ਰਚਾਰਿਆ ਅਤੇ ਸਵੀਕਾਰਿਆ ਜਾ ਰਿਹਾ ਸੀ। ਕਰਮਕਾਂਡੀ ਵਿਚਾਰਧਾਰਾ ਵਿੱਚ
ਵਹਿਮਾਂ-ਭਰਮਾਂ ਦਾ ਬੋਲਬਾਲਾ ਹੋਣਾ ਇੱਕ ਸੁਭਾਵਿਕ ਪਰਕਿਰਿਆ ਹੈ, ਜਿਸ ਦੇ ਨਤੀਜੇ ਵਜੋਂ
ਸਮਾਜ ਹਰ ਦਿਨ ਕਮਜ਼ੋਰ ਹੁੰਦਾ, ਅਤੇ ਨਿਘਾਰ ਵੱਲ ਰੁੜ੍ਹਦਾ ਜਾਂਦਾ ਹੈ। ਗੁਰੂ ਨਾਨਕ
ਪਾਤਿਸ਼ਾਹ ਨੇ ਪ੍ਰਕਾਸ਼ਮਾਨ ਹੋਣ ਤੋਂ ਬਾਅਦ ਸਮਾਜ ਦੀ ਨਿਘਾਰ ਦੀ ਅਵੱਸਥਾ ਦਾ ਅੰਦਾਜ਼ਾ ਬਹੁਤ
ਚੰਗੀ ਤਰ੍ਹਾਂ ਲਾ ਲਿਆ ਸੀ। ਇਸੇ ਕਰਕੇ ਭਾਈ ਗੁਰਦਾਸ ਜੀ ਲਿਖਦੇ ਹਨ:
ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ॥ (1-24-5)
ਬਾਝਹੁ ਗੁਰੂ ਗੁਬਾਰ ਹੈ ਹੈਹੈ ਕਰਦੀ ਸੁਣੀ ਲੁਕਾਈ॥ (1-24-6)
ਐਸੇ ਸਮਾਜਕ ਢਾਂਚੇ ਵਿੱਚ ਸਿੱਖ ਧਰਮ ਦਾ ਪ੍ਰਗਟ ਹੋਣਾ ਅਤੇ
ਪ੍ਰਫੁਲਤ ਹੋਣਾ, ਮਨੁੱਖੀ ਸਮਾਜ ਦਾ ਇੱਕ ਵੱਡਾ ਇਨਕਲਾਬ ਸੀ। ਗੁਰੂ ਨਾਨਕ ਪਾਤਿਸ਼ਾਹ ਨੇ
ਸਿੱਖ ਧਰਮ ਨੂੰ ਇੱਕ ਈਸ਼ਵਰੀਵਾਦ ਅਤੇ ਮਨੁੱਖੀ ਬਰਾਬਰੀ ਤੇ ਅਧਾਰਤ, ਸਭ ਵਹਿਮਾਂ ਭਰਮਾਂ
ਅਤੇ ਕਰਮਕਾਂਡਾਂ ਤੋਂ ਮੁਕਤ, ਇੱਕ ਅਮਲੀ, ਸਚਿਆਰ ਜੀਵਨ ਵਾਲੇ ਧਰਮ ਦੇ ਰੂਪ ਵਿੱਚ ਪ੍ਰਗਟ
ਕੀਤਾ। ਸਤਿਗੁਰੂ ਨੇ ਦਸ ਜਾਮੇ ਧਾਰਨ ਕਰਕੇ ਹੀ ਇਹ ਸਪਸ਼ਟ ਕਰ ਦਿੱਤਾ, ਕਿ ਸਦੀਆਂ ਤੋਂ ਇਸ
ਪੱਧਰ ਤੇ ਮਾਨਸਿਕ ਗੁਲਾਮੀ ਕਬੂਲ ਚੁੱਕੇ ਸਮਾਜ ਨੂੰ ਕੁੱਝ ਸਾਲਾਂ ਵਿੱਚ ਹੀ ਮੁਕਤ ਨਹੀਂ
ਕਰਾਇਆ ਜਾ ਸਕਦਾ। ਇਸ ਕੰਮ ਲਈ ਸ਼ਾਇਦ ਉਸ ਤੋਂ ਵੀ ਵਧੇਰੇ ਸਮੇਂ ਦੀ ਲੋੜ ਪਵੇ। ਐਸਾ ਨਹੀਂ,
ਕਿ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਅਗੋਂ ਸ਼ਰੀਰਕ ਗੁਰੂ ਦੀ ਪ੍ਰਥਾ ਨੂੰ ਇਸ ਕਰਕੇ ਖਤਮ
ਕਰ ਦਿੱਤਾ, ਕਿਉਂਕਿ ਸਤਿਗੁਰੂ ਨੇ ਇਹ ਮਹਿਸੂਸ ਕਰ ਲਿਆ ਸੀ, ਕਿ ਗੁਰੂ ਨਾਨਕ ਪਾਤਿਸ਼ਾਹ
ਦੁਆਰਾ ਆਰੰਭਿਆ ਕਾਰਜ ਸੰਪੂਰਨ ਹੋ ਚੁੱਕਾ ਹੈ, ਬਲਕਿ ਉਹ ਇਲਾਹੀ, ਗਿਆਨ ਜਿਸ ਨੇ ਮਨੁਖੀ
ਚੇਤਨਤਾ ਨੂੰ ਝੰਜੋੜ ਕੇ, ਹਰ ਤਰ੍ਹਾਂ ਦੇ ਬੰਧਨਾਂ ਤੋਂ ਮੁਕਤ ਕਰਾਕੇ, ਸਚਿਆਰ ਧਰਮ ਦਾ
ਪਾਂਧੀ ਬਨਾਉਣਾ ਸੀ, ਉਹ ਨਾ ਕੇਵਲ ਪ੍ਰਗਟ ਕੀਤਾ ਜਾ ਚੁੱਕਾ ਸੀ, ਬਲਕਿ ਗ੍ਰੰਥ ਸਾਹਿਬ ਦੇ
ਸੰਪੂਰਨ ਅਤੇ ਸੁਚਜੇ ਰੂਪ ਵਿੱਚ ਸੰਕਲਤ ਕੀਤਾ ਜਾ ਚੁੱਕਾ ਸੀ। ਇਸੀ ਇਲਾਹੀ ਗਿਆਨ ਦੇ
ਖਜਾਨੇ ਨੂੰ ਗੁਰਗੱਦੀ ਬਖਸ਼ ਕੇ, ਸਤਿਗੁਰੂ ਨੇ ਮਨੁੱਖਤਾ ਦਾ ਸਦੈਵੀ ਗੁਰੂ, ਸ੍ਰੀ ਗੁਰੂ
ਗ੍ਰੰਥ ਸਾਹਿਬ ਬਣਾ ਦਿੱਤਾ। ਸਤਿਗੁਰੂ ਨਾਨਕ ਪਾਤਿਸ਼ਾਹ ਦੇ ਸਮੇਂ ਤੋਂ ਹੀ ਜੋ ਮਨੁੱਖ
ਜਾਗ੍ਰਿਤ ਹੁੰਦੇ ਗਏ, ਉਹ ਸਿੱਖਾਂ ਦੇ ਰੂਪ ਵਿੱਚ ਗੁਰੂ ਘਰ ਨਾਲ ਜੁੜਦੇ ਗਏ ਅਤੇ ਜਥੇਬੰਦਕ
ਹੁੰਦੇ ਗਏ। ਇਨ੍ਹਾਂ ਸਿੱਖਾਂ ਨੂੰ ਹੀ ਖਾਲਸੇ ਦੇ ਰੂਪ ਵਿੱਚ ਪ੍ਰਗਟ ਕਰਕੇ, ਸਤਿਗੁਰੂ ਨੇ
ਗੁਰੂ ਨਾਨਕ ਪਾਤਿਸ਼ਾਹ ਦੇ ਇਨਕਲਾਬ ਨੂੰ ਸਦੈਵੀ ਬਨਾਉਣ ਦੀ ਜ਼ਿਮੇਵਾਰੀ ਪਾ ਦਿੱਤੀ। ਇਸ
ਖਾਲਸੇ ਨੇ, ਜਿਥੇ, ਆਪਣੇ ਜੀਵਨ ਨੂੰ ਸਤਿਗੁਰੂ ਦੇ ਇਲਾਹੀ ਗਿਆਨ ਨਾਲ ਸਰੋਸ਼ਾਰ ਕਰਕੇ, ਹੋਰ
ਬੁਲੰਦੀਆਂ ਵੱਲ ਲੈਕੇ ਜਾਣਾ ਸੀ, ਉਥੇ ਸਤਿਗੁਰੂ ਦੇ ਇਲਾਹੀ ਗਿਆਨ ਨਾਲ, ਪੂਰੀ ਮਨੁੱਖਤਾ
ਨੂੰ ਵਹਿਮਾਂ ਭਰਮਾਂ ਅਤੇ ਕਰਮਕਾਂਡਾਂ ਦੇ ਬੰਧਨਾਂ ਤੋ ਮੁਕਤ ਕਰਾਕੇ, ਇੱਕ ਨਰੋਏ ਸਮਾਜ ਦੀ
ਸਿਰਜਣਾ ਕਰਨੀ ਸੀ, ਜਿਸ ਨੂੰ ਗੁਰਬਾਣੀ ਵਿੱਚ ਬੇਗਮਪੁਰਾ ਦਾ ਨਾਂ ਦਿਤਾ ਗਿਆ ਹੈ। ਜਿਸ ਦੇ
ਸਰੂਪ ਨੁੰ ਬਿਆਨ ਕਰਦੇ ਹੋਏ ਭਗਤ ਰਵਿਦਾਸ ਜੀ ਲਿਖਦੇ ਹਨ:
ਬੇਗਮਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ॥ ਨਾਂ ਤਸਵੀਸ
ਖਿਰਾਜੁ ਨ ਮਾਲੁ॥ ਖਉਫੁ ਨ ਖਤਾ ਨ ਤਰਸੁ ਜਵਾਲੁ॥ 1॥ {ਪੰਨਾ 345}
ਉਸ ਸ਼ਹਿਰ ਦਾ ਨਾਮ ਹੈ ਬੇ-ਗ਼ਮਪੁਰਾ; ਉਸ ਥਾਂ ਨਾਹ ਕੋਈ ਦੁੱਖ ਹੈ, ਨਾਹ
ਚਿੰਤਾ ਅਤੇ ਨਾਹ ਕੋਈ ਘਬਰਾਹਟ, ਉਥੇ ਦੁਨੀਆ ਵਾਲੀ ਜਾਇਦਾਦ ਨਹੀਂ ਅਤੇ ਨਾਹ ਹੀ ਉਸ ਜਾਇਦਾਦ ਨੂੰ
ਮਸੂਲ ਹੈ; ਉਸ ਅਵਸਥਾ ਵਿੱਚ ਕਿਸੇ ਪਾਪ ਕਰਮ ਕਰਨ ਦਾ ਖ਼ਤਰਾ ਨਹੀਂ; ਕੋਈ ਡਰ ਨਹੀਂ; ਕੋਈ ਗਿਰਾਵਟ
ਨਹੀਂ। 1.
ਅਜ ਦੇ ਸਿੱਖ ਕੌਮ ਵਿੱਚ ਵਰਤ ਰਹੇ ਵਰਤਾਰੇ ਵੱਲ ਧਿਆਨ ਮਾਰੀਏ,
ਤਾਂ ਮਨ ਕੰਬ ਜਾਂਦਾ ਹੈ, ਕਿ ਕੀ ਇਹ ਕਰਮ ਉਹੀ ਖਾਲਸਾ ਕਰ ਰਿਹਾ ਹੈ, ਜਿਸ ਨੇ ਦੂਜਿਆਂ
ਭਟਕੇ ਹੋਏ ਮਨੁਖਾਂ ਨੂੰ ਅਗਵਾਈ ਦੇਣੀ ਸੀ? ਹਰ ਦਿਨ ਰੋਜ਼, ਸਿੱਖੀ ਜੀਵਨ ਵਿੱਚ ਕੋਈ ਨਵੀਂ
ਗਿਰਾਵਟ ਦੀ, ਦੁਖਦਾਈ ਖਬਰ ਸੁਣਨ, ਪੜ੍ਹਨ ਨੂੰ ਮਿਲਦੀ ਹੈ। ਪਿਛਲੇ ਦਿਨਾਂ ਵਿੱਚ ਵਾਪਰੀਆਂ
ਦੋ ਮੰਦਭਾਗੀਆਂ ਘਟਨਾਵਾਂ ਕੌਮ ਦਾ ਵਿਸ਼ੇਸ਼ ਧਿਆਨ ਮੰਗਦੀਆਂ ਹਨ।
ਪਹਿਲਾ ਤਾਂ ਸੰਗਰੂਰ ਦੇ ਕੋਲ ਮਸਤੂਆਣੇ ਦੇ ਸਥਾਨ ਤੇ ਦਰਬਾਰ
ਸਾਹਿਬ ਦੀ ਨਕਲ ਬਣਾਉਣਾ।
ਗੁਰਦੁਆਰੇ ਦੋ ਤਰ੍ਹਾਂ ਦੇ ਹਨ, ਇੱਕ ਇਤਿਹਾਸਕ, ਅਤੇ ਦੂਸਰੇ ਸਿੰਘ
ਸਭਾ ਜਾਂ ਸੰਗਤੀ ਗੁਰਦੁਆਰੇ। ਇਤਿਹਾਸਕ ਉਹ ਸਥਾਨ ਹਨ, ਜਿਥੇ ਸਤਿਗੁਰੂ ਨੇ ਜਾਂ ਖਾਲਸੇ ਨੇ
ਕੋਈ ਵਿਸ਼ੇਸ਼ ਖੇਲ ਵਰਤਾਇਆ, ਅਤੇ ਅਗਲੀਆਂ ਪੀੜੀਆਂ ਨੇ ਉਥੇ ਗੁਰਦੁਆਰਾ ਸਥਾਪਤ ਕਰ ਦਿੱਤਾ,
ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਉਸ ਇਤਿਹਾਸਕ ਸਾਕੇ ਤੋਂ ਪ੍ਰੇਰਨਾ ਲੈ ਸਕਣ।
ਦੂਸਰੇ ਸਿੰਘ ਸਭਾ ਜਾਂ ਸੰਗਤੀ ਗੁਰਦੁਆਰੇ, ਜਿਥੇ ਵੀ ਸਿੱਖਾਂ ਦੀ
ਕੁੱਝ ਵਸੋਂ ਹੁੰਦੀ ਹੈ, ਬਣਾ ਲਏ ਜਾਂਦੇ ਹਨ ਤਾਂ ਕਿ ਸੰਗਤਾਂ ਇਕੱਠੀਆਂ ਹੋਕੇ, ਸਤਿਸੰਗਤ
ਕਰਕੇ, ਗੁਰਮਤਿ ਨਾਲ ਜੁੜੀਆਂ ਰਹਿਣ ਅਤੇ ਸਿੱਖਾਂ ਦੇ ਸਮਾਜਕ ਜੀਵਨ ਦੇ ਕਾਰਜਾਂ ਲਈ ਵੀ
ਇੱਕ ਕੇਂਦਰ ਬਣ ਜਾਵੇ।
ਗੁਰਦੁਆਰਾ ਇਤਿਹਾਸਕ ਹੋਵੇ ਜਾਂ ਸੰਗਤੀ, ਇੱਕ ਤਾਂ ਦੋਹਾਂ ਵਿੱਚ
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਜ਼ਰੂਰੀ ਹੈ, ਦੂਸਰਾ ਇੱਕ ਹੋਰ ਕਾਰਜ ਦੋਹਾਂ
ਲਈ ਸਾਂਝਾ ਹੈ, ਉਹ ਹੈ ਗੁਰਮਤਿ ਪ੍ਰਚਾਰ। ਇਸੇ ਲਈ ਸਤਿਗੁਰੂ ਬਾਣੀ ਵਿੱਚ ਵੀ ਫੁਰਮਾਉਂਦੇ
ਹਨ:
ਗੁਰੂ ਦੁਆਰੈ ਹੋਇ ਸੋਝੀ ਪਾਇਸੀ॥ ਏਤੁ
ਦੁਆਰੈ ਧੋਇ ਹਛਾ ਹੋਇਸੀ॥ {ਸੂਹੀ ਮਹਲਾ 1, ਪੰਨਾ
730}
ਇਸੇ ਲਈ ਗੁਰਦੁਆਰੇ ਦੀ ਮਰਿਯਾਦਾ ਵਿੱਚ, ਰੋਜ਼ ਨੇਮ ਨਾਲ ਕੀਰਤਨ
ਅਤੇ ਗੁਰਮਤਿ ਵਿਚਾਰਾਂ ਦਾ ਹੋਣਾ ਲਾਜ਼ਮੀ ਹੈ। ਜਿਥੇ ਇਹ ਦੋਵੇਂ ਕਾਰਜ ਨੇਮ ਨਾਲ ਨਹੀਂ ਹੋ
ਰਹੇ, ਸਪਸ਼ਟ ਹੈ ਕਿ ਉਥੇ ਮਰਿਯਾਦਾ ਦਾ ਪਾਲਨ ਨਹੀਂ ਹੋ ਰਿਹਾ। ਗੁਰਦੁਆਰੇ ਦੇ ਨਾਲ ਲੰਗਰ
ਹੋਣਾ, ਯਾਤਰੂਆਂ ਦੇ ਠਹਿਰਨ ਦਾ ਪ੍ਰਬੰਧ ਹੋਣਾ, ਹਸਪਤਾਲ ਜਾਂ ਡਿਸਪੈਂਸਰੀ ਆਦਿ ਹੋਣਾ
ਬਹੁਤ ਚੰਗੀ ਗੱਲ ਹੈ, ਪਰ ਇਹ ਗੁਰਮਤਿ ਪ੍ਰਚਾਰ ਦਾ ਬਦਲ ਨਹੀਂ ਹੋ ਸਕਦੇ। ਗੁਰਦੁਆਰੇ ਦਾ
ਅਸਲ ਮਕਸਦ ਤਾਂ ਗੁਰਮਤਿ ਪ੍ਰਚਾਰ ਹੀ ਹੈ। ਕਿਸੇ ਤਰ੍ਹਾਂ ਵੀ
ਗੁਰਦੁਆਰਾ ਪੂਜਾ ਦਾ ਸਥਾਨ ਨਹੀਂ ਹੈ।
ਇਹ ਅਲੱਗ ਗਲ ਹੈ ਕਿ ਸਿੱਖ ਸਿਧਾਂਤਾਂ ਦੀ ਚੇਤਨਤਾ ਨਾ ਹੋਣ ਕਾਰਨ, ਵਿਰਲੇ ਸਿੱਖ ਹੀ
ਗੁਰਦੁਆਰੇ ਗੁਰਮਤਿ ਦ੍ਰਿੜ ਕਰਨ ਲਈ ਜਾਂਦੇ ਹਨ। ਬਹੁਤੇ ਤਾਂ ਪੂਜਾ ਕਰਨ ਲਈ ਹੀ ਜਾਂਦੇ
ਹਨ। ਉਸ ਤੋਂ ਵੀ ਵਧੇਰੇ ਦੁੱਖਦਾਈ ਗੱਲ ਇਹ ਹੈ ਕਿ ਬਹੁਤੇ ਗੁਰਦੁਆਰਿਆਂ ਵਿੱਚ ਗੁਰਮਤਿ
ਪ੍ਰਚਾਰ ਵਾਸਤੇ ਪ੍ਰਚਾਰਕ ਹੀ ਨਹੀਂ। ਯੋਗ ਪ੍ਰਚਾਰਕ ਤਾਂ ਬਹੁਤ ਹੀ ਘੱਟ ਗੁਰਦੁਆਰਿਆਂ
ਵਿੱਚ ਹਨ।
ਇਕ ਤੀਸਰੇ ਤਰ੍ਹਾਂ ਦੇ ਗੁਰਦੁਆਰੇ ਬਣ ਗਏ ਹਨ, ਇਹ ਹਨ ਡੇਰੇ।
ਵੈਸੇ ਤਾਂ ਇਨ੍ਹਾਂ ਨੂੰ ਗੁਰਦੁਆਰਾ ਕਹਿਣਾ ਹੀ ਠੀਕ ਨਹੀਂ, ਕਿਉਂਕਿ ਸਿਵਾਏ ਇਸ ਦੇ ਕਿ
ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੁੰਦਾ ਹੈ, ਇਹ ਹੋਰ ਕਿਸੇ ਤਰ੍ਹਾਂ ਵੀ
ਗੁਰਦੁਆਰੇ ਦੀ ਪਰਿਭਾਸ਼ਾ ਉਤੇ ਖਰੇ ਨਹੀਂ ਉਤਰਦੇ। ਇਹ ਮੂਲ ਰੂਪ ਵਿੱਚ ਪੂਜਾ ਦੇ ਸਥਾਨ ਹਨ।
ਹੋਰ ਤਾਂ ਹੋਰ ਇਥੇ ਪੂਜਾ ਵੀ ਸ਼ਖਸੀ ਕੀਤੀ ਜਾਂਦੀ ਹੈ। ਹਰ ਡੇਰੇ ਦਾ ਕੋਈ ਡੇਰੇਦਾਰ ਹੁੰਦਾ
ਹੈ। ਜਿਸ ਨੂੰ ਸੰਤ, ਮਹੰਤ ਜਾਂ ਬਾਬਾ ਆਦਿ ਕਿਹਾ ਜਾਂਦਾ ਹੈ, ਅਸਲ ਵਿੱਚ ਉਸੇ ਦੀ ਪੂਜਾ
ਹੁੰਦੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਕੇਵਲ ਭੋਲੇ-ਭਾਲੇ ਲੋਕਾਂ ਨੂੰ
ਭਰਮ ਜਾਲ ਵਿੱਚ ਫਸਾਉਣ ਲਈ ਕੀਤਾ ਜਾਂਦਾ ਹੈ। ਅਸਲ ਵਿੱਚ ਤਾਂ ਇਹ ਧਰਮ ਦੇ ਨਾਂ ਤੇ
ਖੋਲੀਆਂ ਗਈਆਂ ਦੁਕਾਨਾਂ ਹਨ। ਇਸੇ ਲਈ ਅੱਜ ਕੱਲ ਬਹੁਤ ਡੇਰੇ ਪ੍ਰਮੁਖ ਸੜਕਾਂ ਉਤੇ ਖੋਲ੍ਹੇ
ਜਾਂਦੇ ਹਨ, ਤਾਂਕਿ ਮੁੱਖ ਮਾਰਗਾਂ ਤੋਂ ਲੰਘ ਰਹੇ ਲੋਕਾਂ ਨੂੰ ਆਪਣੇ ਵੱਲ ਖਿਚਿਆ ਜਾ ਸਕੇ।
ਬਿਲਕੁਲ ਉਵੇਂ, ਜਿਵੇਂ ਕੋਈ ਦੁਕਾਨ ਖੋਲਣ ਲਈ ਮੁੱਖ ਮਾਰਕੀਟ ਨੂੰ ਪਹਿਲ ਦੇਂਦਾ ਹੈ। ਜੇ
ਮਕਸਦ ਗੁਰਮਤਿ ਪ੍ਰਚਾਰ ਕਰਨਾ ਹੋਵੇ ਤਾਂ ਫੇਰ ਤਾਂ ਵਸੋਂ ਦੇ ਨੇੜੇ ਕੋਈ ਇਕਾਂਤ ਸਥਾਨ
ਚੁਣਿਆ ਜਾਣਾ ਚਾਹੀਦਾ ਹੈ। ਅਸਲ ਵਿੱਚ ਇਹ ਡੇਰੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ
ਹਿੰਦੂਤਵੀ ਤਾਕਤਾਂ ਦੇ ਏਜੰਟ ਹਨ, ਜੋ ਸਿੱਖ ਕੌਮ ਨੂੰ ਅਲੌਕਿਕ ਗੁਰਮਤਿ ਵਿਚਾਰਧਾਰਾ
ਨਾਲੋਂ ਤੋੜ ਕੇ ਇਸਨੂੰ ਵਾਪਸ ਬ੍ਰਾਹਮਣੀ ਕਰਮਕਾਂਡਾਂ ਵਿੱਚ ਗਲਤਾਨ ਕਰ ਰਹੇ ਹਨ।
ਉਂਜ ਤਾਂ ਇਨ੍ਹਾਂ ਵਿਚੋਂ ਬਹੁਤੇ ਆਪ ਵੀ ਨਹੀ ਚਾਹੁੰਦੇ ਕਿ
ਇਨ੍ਹਾਂ ਦੇ ਡੇਰੇ ਨੂੰ ਗੁਰਦਾਆਰਾ ਕਿਹਾ ਜਾਵੇ, ਕਿਉਂਕਿ ਇੱਕ ਤਾਂ ਇਹ ਆਪਣਾ ਵਖਰੇਵਾਂਪਨ
ਬਣਾਈ ਰਖਣਾ ਚਾਹੁੰਦੇ ਹਨ, ਦੂਸਰਾ ਇਨ੍ਹਾਂ ਨੂੰ ਇਹ ਡਰ ਖਾਈ ਜਾਂਦਾ ਹੈ ਕਿ ਗੁਰਦੁਆਰਾ
ਕਹਿਣ ਨਾਲ ਕਿਤੇ ਇਨ੍ਹਾਂ ਦੇ ਡੇਰੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਨਾ ਆ
ਜਾਣ, ਕਈ ਇਸੇ ਡਰ ਤੋਂ ਨਿਸ਼ਾਨ ਸਾਹਿਬ ਵੀ ਨਹੀਂ ਲਾਉਂਦੇ, ਜੋ ਕਿ ਪੰਥਕ ਫੈਸਲੇ ਅਨੁਸਾਰ
ਹਰ ਗੁਰਦੁਆਰੇ ਲਈ ਜਰੂਰੀ ਹੈ। ਇਸ ਲਈ ਇਹ ਇਨ੍ਹਾਂ ਸਥਾਨਾਂ ਨੂੰ ਡੇਰਾ, ਠਾਠ ਯਾ ਟਿਕਾਣਾ
ਆਦਿ ਦੇ ਨਾਵਾਂ ਨਾਲ ਬੁਲਾਉਂਦੇ ਹਨ। ਇਹ ਡੇਰੇ ਗੁਰਦੁਆਰਿਆਂ ਦੇ ਪੂਰਕ ਨਹੀਂ, ਬਲਕਿ ਸ਼ਰੀਕ
ਹਨ। ਹਰ ਚੰਗੀ ਮਾਨਤਾ ਵਾਲੇ ਗੁਰਦੁਆਰੇ ਦੇ ਮੁਕਾਬਲੇ ਤੇ ਕੋਈ ਨਾ ਕੋਈ ਬਾਬਾ ਆਪਣਾ ਡੇਰਾ
ਜਰੂਰ ਬਣਾ ਲੈਂਦਾ ਹੈ। ਇਥੋਂ ਤਕ ਕਿ ਕਈਆਂ ਨੇ ਤਾਂ ਆਪਣੇ ਡੇਰਿਆਂ ਨਾਲ ਆਪੇ ਘੜੇ ਇਤਿਹਾਸ
ਵੀ ਜੋੜ ਲਏ ਹਨ।
ਹੁਣ ਤਾਂ ਸਿੱਖਰ ਹੋ ਗਈ ਹੈ ਜਦੋਂ ਸੰਗਰੂਰ ਦੇ ਕੋਲ ਮਸਤੂਆਣਾ ਨਾਂ
ਦੇ ਸਥਾਨ ਤੇ ਬਲਵੰਤ ਸਿੰਘ ਸਿਹੋੜੇ ਵਾਲੇ ਅਤੇ ਸਾਧੂ ਸਿੰਘ ਨਾਂ ਦੇ ਪਖੰਡੀ ਬਾਬਿਆਂ ਨੇ
ਸ੍ਰੀ ਦਰਬਾਰ ਸਾਹਿਬ ਦੀ ਇਨ-ਬਿਨ ਨਕਲ ਤਿਆਰ ਕਰ ਦਿੱਤੀ। ਪਹਿਲਾਂ ਤਾਂ ਇਹ ਸਮਝ ਲੈਣਾ
ਜ਼ਰੂਰੀ ਹੈ ਕਿ ਦਰਬਾਰ ਸਾਹਿਬ ਕੋਈ ਆਮ ਗੁਰਦੁਆਰਾ ਨਹੀਂ। ਸਿੱਖ ਇਤਿਹਾਸ ਅਤੇ ਸਿੱਖ
ਮਾਨਸਿਕਤਾ ਵਿੱਚ ਇਸ ਦਾ ਆਪਣਾ ਵਿਸ਼ੇਸ਼ ਸਥਾਨ ਅਤੇ ਮਹੱਤਵ ਹੈ। ਜਿਸ ਤਰ੍ਹਾਂ ਸਿੱਖੀ ਦੇ
ਵਿੱਚ ਹਰ ਦਿਨ ਵਾਧਾ ਹੋ ਰਿਹਾ ਸੀ, ਸਿੱਖੀ ਦਾ ਇੱਕ ਕੇਂਦਰ ਸਥਾਪਿਤ ਕਰਨਾ ਜ਼ਰੂਰੀ ਸੀ। ਇਸ
ਵਾਸਤੇ ਸਭ ਤੋਂ ਪਹਿਲਾਂ ਤਾਂ ਸਤਿਗੁਰੂ ਅਮਰ ਪਾਤਿਸ਼ਾਹ ਨੇ ਆਪ ਇਸ ਨੂੰ ਸਿੱਖੀ ਦੇ ਕੇਂਦਰ
ਦੇ ਤੌਰ ਤੇ ਚਿਤਵਿਆ। ਸਤਿਗੁਰੂ ਨੇ ਸਿੱਖੀ ਦੇ ਇਸ ਕੇਂਦਰ ਨੂੰ ਸਥਾਪਤ ਕਰਨ ਵਾਸਤੇ ਇੱਕ
ਲਾਜਵਾਬ ਨਗਰ ਨੂੰ ਵਸਾਉਣ ਦੀ ਯੋਜਨਾ ਘੜੀ। ਇਸ ਯੋਜਨਾ ਨੂੰ ਅਮਲੀ ਰੂਪ ਸਤਿਗੁਰੂ ਰਾਮਦਾਸ
ਪਾਤਿਸ਼ਾਹ ਅਤੇ ਸਤਿਗੁਰੂ ਅਰਜਨ ਪਾਤਿਸ਼ਾਹ ਨੇ ਦਿਤਾ। ਇਸੇ ਲਈ ਇਸ ਨੂੰ ਪਹਿਲਾਂ ਰਾਮਦਾਸ
ਪੁਰ ਦਾ ਨਾਂ ਦਿੱਤਾ ਗਿਆ ਅਤੇ ਬਾਅਦ ਵਿੱਚ ਸਰੋਵਰ ਅਤੇ ਸ੍ਰੀ ਦਰਬਾਰ ਸਾਹਿਬ ਬਨਣ ਤੋਂ
ਅੰਮ੍ਰਿਤਸਰ ਨਾਂ ਮਸ਼ਹੂਰ ਹੋਇਆ। ਅੰਮ੍ਰਿਤਸਰ ਆਪਣੇ ਸਮੇਂ ਦਾ ਸਭ ਤੋਂ ਨਵੀਨਤਮ ਤਕਨੀਕ ਦਾ
ਸ਼ਹਿਰ ਵਿਕਸਤ ਕੀਤਾ ਗਿਆ ਸੀ, ਜੋ ਕਿ ਇੱਕ ਵੱਡਾ ਵਪਾਰਕ ਕੇਂਦਰ ਸੀ। ਉਸ ਸਮੇਂ ਦਾ ਕਿਹੜਾ
ਮਹੱਤਵ ਪੂਰਨ ਵਪਾਰ ਸੀ, ਜਿਸ ਵਾਸਤੇ ਇੱਕ ਵਿਸ਼ੇਸ਼ ਮੰਡੀ ਸਤਿਗੁਰੂ ਨੇ ਇਸ ਨਗਰ ਵਿੱਚ ਨਹੀਂ
ਬਣਵਾਈ। ਭਾਵੇਂ ਇਨ੍ਹਾਂ ਵਿੱਚੋਂ ਕਈ ਵਪਾਰਾਂ ਦੇ ਕੇਂਦਰ ਅਜ ਦੂਸਰੀਆਂ ਜਗ੍ਹਾ ਤੇ ਤਬਦੀਲ
ਹੋ ਗਏ ਹਨ, ਪਰ ਸਾਨੂੰ ਸ਼ਹਿਰ ਦੀ ਮੁਢਲੀ ਵਿਓਂਤਬੰਦੀ ਦਾ ਨਜ਼ਾਰਾ ਪੇਸ਼ ਕਰਨ ਲਈ ਅਜ ਵੀ ਲੂਣ
ਮੰਡੀ, ਘਿਓ ਮੰਡੀ, ਲੋਹਾ ਮੰਡੀ, ਦਾਲ ਮੰਡੀ, ਹਕੀਮਾਂ ਵਾਲਾ ਬਜ਼ਾਰ, ਮਿਸ਼ਰੀ ਬਜ਼ਾਰ,
ਭੜਭੁੰਜਿਆਂ ਦਾ ਬਜ਼ਾਰ, ਬਾਂਸਾਂ ਵਾਲ ਬਜ਼ਾਰ, ਪਾਪੜਾਂ ਵਾਲਾ ਬਜ਼ਾਰ ਆਦਿ ਦੇ ਇਲਾਕੇ ਕਾਇਮ
ਹਨ।
ਇਥੇ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਸ਼ੁਰੂ ਤੋਂ ਅਜ ਤਕ ਅੰਮ੍ਰਿਤਸਰ
ਨਗਰ ਦੀ ਮਹੱਤਤਾ ਸ੍ਰੀ ਦਰਬਾਰ ਸਾਹਿਬ ਕਰਕੇ ਹੈ, ਨਾ ਕਿ ਦਰਬਾਰ ਸਾਹਿਬ ਦੀ ਅੰਮ੍ਰਿਤਸਰ
ਨਗਰ ਕਰਕੇ। ਦਰਬਾਰ ਸਾਹਿਬ ਹੀ ਉਹ ਪਵਿੱਤਰ ਸਥਾਨ ਹੈ, ਜਿਥੇ ਸਭ ਤੋਂ ਪਹਿਲਾਂ ਸ੍ਰੀ ਗੁਰੂ
ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ, ਉਦੋਂ, ਜਦੋਂ ਅਜੇ ਸਤਿਗੁਰੂ ਪੰਜਵੇਂ ਜਾਮੇ ਵਿੱਚ
ਸ਼ਰੀਰ ਕਰਕੇ ਸੁਸ਼ੋਭਿਤ ਸਨ, ਅਤੇ ਗ੍ਰੰਥ ਸਾਹਿਬ ਨੂੰ ਗੁਰੂ ਪਦਵੀ ਵੀ ਨਹੀਂ ਸੀ ਮਿਲੀ।
ਸਿੱਖੀ ਦੇ ਉਸਾਰੇ ਇਸ ਕੇਂਦਰ ਵਿੱਚ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕਰਕੇ, ਸਤਿਗੁਰੂ
ਅਰਜਨ ਪਾਤਿਸ਼ਾਹ ਨੇ ਇਹ ਸਪਸ਼ਟ ਸੁਨੇਹਾ ਦੇ ਦਿੱਤਾ, ਕਿ ਸਿੱਖੀ ਮੂਲ ਸਿਧਾਂਤ ਅਤੇ ਫਲਸਫੇ
ਦਾ ਕੇਂਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਅਤੇ ਸਿੱਖ ਨੇ ਹਰ ਤਰ੍ਹਾਂ ਦੀ ਅਗਵਾਈ ਕੇਵਲ
ਗੁਰਬਾਣੀ ਤੋਂ ਲੈਣੀ ਹੈ। ਇਹ ਕੌਮ ਦੀ ਵੱਡੀ ਬਦਕਿਸਮਤੀ ਹੈ ਕਿ ਅਜ ਸਿੱਖੀ ਦੇ ਇਸ ਕੇਂਦਰ
ਵਿੱਚ ਹੀ ਸਭ ਕੁੱਝ ਗੁਰਮਤਿ ਅਨੁਸਾਰ ਨਹੀਂ ਹੋ ਰਿਹਾ, ਜਿਸ ਨਾਲ ਕੌਮ ਵਿੱਚ ਅਕਸਰ ਵੱਡੇ
ਭੁਲੇਖੇ ਖੜੇ ਹੋ ਜਾਂਦੇ ਹਨ। ਜੇ ਸਤਿਗੁਰੂ ਅਰਜਨ ਪਾਤਿਸ਼ਾਹ ਨੇ ਸ੍ਰੀ ਦਰਬਾਰ ਸਾਹਿਬ ਨੂੰ
ਸਿੱਖੀ ਦੇ ਪੀਰੀ ਦੇ ਕੇਂਦਰ ਵਜੋਂ ਸਥਾਪਤ ਕੀਤਾ, ਤਾਂ ਇਸ ਦੀ ਮਹੱਤਤਾ ਨੂੰ ਹੋਰ ਵਧਾਉਂਦੇ
ਹੋਏ ਹੀ, ਸਤਿਗੁਰੂ ਹਰਗੋਬਿੰਦ ਪਾਤਿਸ਼ਾਹ ਨੇ ਸਿੱਖੀ ਦਾ ਮੀਰੀ ਦਾ ਕੇਂਦਰ, ਸ੍ਰੀ ਅਕਾਲ
ਤਖਤ ਸਾਹਿਬ, ਇਸ ਦੇ ਐਨ ਸਾਹਮਣੇ ਪ੍ਰਗਟ ਕੀਤਾ।
ਜੇ ਮੈਂ ਇਹ ਕਹਾਂ ਕਿ ਇਹ ਪਹਿਲਾ ਗੁਰਧਾਂਮ ਹੈ, ਜਿਸ ਨੂੰ
ਸਤਿਗੁਰੂ ਨੇ ਆਪ ਤਿਆਰ ਕਰਾਇਆ, ਤਾਂ ਇਹ ਕੋਈ ਅਤਕਥਨੀ ਨਹੀਂ ਹੋਵੇਗੀ। ਬੇਸ਼ਕ ਨਗਰ ਵਸਾਉਣ
ਦਾ ਕੰਮ, ਸਤਿਗੁਰੂ ਨਾਨਕ ਪਾਤਿਸ਼ਾਹ ਤੋਂ ਹੀ ਸ਼ੁਰੂ ਹੋ ਗਿਆ ਸੀ। ਹੋਰ ਪੁਰਾਤਨ ਨਗਰਾਂ
ਵਿੱਚ, ਜਿਥੇ ਅਜ ਅਸੀਂ ਇਤਿਹਾਸਕ ਗੁਰਦੁਆਰੇ ਬਣਾਏ ਹੋਏ ਹਨ, ਸਮਾਜ ਸੇਵਾ ਦੇ ਉਹ ਕੰਮ ਸਨ,
ਜਿਨ੍ਹਾਂ ਨੂੰ ਸਤਿਗੁਰੂ ਨੇ ਨਗਰ ਵਾਸੀਆਂ ਦੀਆਂ ਲੋੜਾਂ ਨੂੰ ਮਹਿਸੂਸ ਕਰਦੇ ਹੋਏ ਤਿਆਰ
ਕਰਾਇਆ ਸੀ। ਜਿਵੇਂ ਗੋਇੰਦਵਾਲ ਨਗਰ ਵਿੱਚ ਪਾਣੀ ਦੀ ਲੋੜ ਪੂਰਤੀ ਵਾਸਤੇ ਬਉਲੀ ਤਿਆਰ
ਕਰਵਾਉਣਾ ਅਤੇ ਅੰਮ੍ਰਿਤਸਰ ਨੇੜੇ ਛੇ ਹਰਟਾਂ ਵਾਲਾ ਖੂਹ ਤਿਆਰ ਕਰਾਉਣਾ, ਜਿਥੇ ਬਾਅਦ ਵਿੱਚ
ਸਿੱਖਾਂ ਨੇ ਸਤਿਗੁਰੂ ਦੀ ਯਾਦ ਨੂੰ ਸੰਭਾਲਨ ਲਈ ਬਉਲੀ ਸਾਹਿਬ ਅਤੇ ਛੇਹਰਟਾ ਸਾਹਿਬ
ਗੁਰਦੁਆਰੇ ਤਿਆਰ ਕਰ ਲਏ। ਅਜ ਇਹ ਗੁਰਦੁਆਰੇ ਘੱਟ ਅਤੇ ਪੂਜਾ ਦੇ ਅਥਵਾ ਮਾਇਆ ਇਕੱਤਰ ਕਰਨ
ਦੇ ਸਥਾਨ ਵਧੇਰੇ ਹਨ।
ਸ੍ਰੀ ਦਰਬਾਰ ਸਾਹਿਬ ਸਿੱਖੀ ਦਾ ਧੁਰਾ ਹੈ। ਸਿੱਖ ਦੁਨੀਆਂ ਵਿੱਚ
ਕਿਧਰੇ ਵੀ ਵਸਿਆ ਹੋਵੇ, ਉਹ ਦਰਬਾਰ ਸਾਹਿਬ ਨਾਲ ਜ਼ਰੂਰ ਜੁੜਿਆ ਹੋਇਆ ਹੈ। ਸਿੱਖ ਦੇ ਦਰਬਾਰ
ਸਾਹਿਬ ਨਾਲ ਜਜ਼ਬਾਤੀ ਰਿਸ਼ਤੇ ਨੂੰ ਸ਼ਾਇਦ ਲਫਜ਼ਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਜਿਵੇਂ
ਕੋਈ ਜਾਨਵਰ ਮਾਲਕ ਦੇ ਕਿਲੇ ਨਾਲ ਬਝਾ ਪਾਲਤੂ ਕਹਾਉਂਦਾ ਹੈ, ਅਤੇ ਕਿਲੇ ਨਾਲੋਂ ਛੁਟ ਕੇ
ਲਵਾਰਸ ਯਾਂ ਅਵਾਰਾ, ਤਿਵੇਂ ਜਿਹੜਾ ਸਿੱਖ ਦਰਬਾਰ ਸਾਹਿਬ ਨਾਲੋਂ ਅਤੇ ਸ੍ਰੀ ਦਰਬਾਰ ਦੀ
ਰੂਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਟੁਟ ਗਿਆ, ਉਹ ਨਾ ਦੀਨ ਦਾ ਰਿਹਾ, ਨਾ ਦੁਨੀ ਦਾ।
ਇਸੇ ਵਾਸਤੇ ਜਦੋਂ ਵੀ ਕਿਸੇ ਪੰਥ ਦੁਸ਼ਮਨ ਨੇ ਸਿੱਖੀ ਨੂੰ ਬਰਬਾਦ ਕਰਨ ਦੀ ਸੋਚੀ, ਉਸ ਦਾ
ਪਹਿਲਾ ਅਤੇ ਪ੍ਰਮੁਖ ਨਿਸ਼ਾਨਾ ਦਰਬਾਰ ਸਾਹਿਬ ਰਿਹਾ। ਗੱਲ ਭਾਵੇਂ ਪਠਾਣਾਂ ਦੀ ਕਰੀਏ,
ਅਫਗਾਨਾਂ ਦੀ ਜਾਂ ਭਾਰਤ ਦੇ ਅਜ ਦੇ ਹਾਕਮਾਂ ਦੀ। ਦਿੱਲੀ ਦੇ ਮੁਗਲ ਹਾਕਮਾਂ ਦੀ ਕਰੀਏ,
ਹਮਲਾਵਾਰ ਅਬਦਾਲੀ ਦੀ, ਦੁਰਾਨੀ ਦੀ ਜਾਂ ਇੰਦਰਾ ਗਾਂਧੀ ਦੀ। ਸਿੱਖਾਂ ਦੇ ਦਰਬਾਰ ਸਾਹਿਬ
ਨਾਲ ਜਜ਼ਬਾਤੀ ਰਿਸ਼ਤੇ ਨੂੰ ਵੀ ਇਸ ਗਲ ਤੋਂ ਸਪਸ਼ਟ ਸਮਝਿਆ ਜਾ ਸਕਦਾ ਹੈ ਕਿ ਸਿੱਖਾਂ ਨੇ
ਕਿਸੇ ਵੀ ਹਮਾਲਾਵਾਰ ਨੂੰ ਨਹੀਂ ਬਖਸ਼ਿਆ। ਜੇ ਮੱਸੇ ਰੰਘੜ ਦਾ ਇਤਿਹਾਸ ਪੜ੍ਹਦੇ, ਸੁਣਦੇ
ਰਹੇ ਹਾਂ, ਕਿ ਭਰੇ ਦਰਬਾਰ ਚੋਂ ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ ਉਸ ਦਾ ਸਿਰ ਵੱਢ ਕੇ
ਲੈ ਗਏ ਤਾਂ ਇੰਦਰਾ ਗਾਂਧੀ ਨੂੰ ਉਸ ਦੇ ਘਰ ਵਿੱਚ, ਅਤੇ ਉਸ ਦੇ ਜਰਨੈਲ ਵੈਦਿਆ ਨੂੰ, ਸਰੇ
ਬਾਜ਼ਾਰ, ਸਜ਼ਾ ਯਾਫਤਾ ਕੀਤੇ ਜਾਣ ਦਾ ਇਤਿਹਾਸ ਅਸੀਂ ਆਪਣੀਆਂ ਅੱਖਾਂ ਸਾਹਮਣੇ ਸਿਰਜਿਆ
ਜਾਂਦਾ ਵੇਖਿਆ ਹੈ।
ਹਮਲਾ ਦਰਬਾਰ ਸਾਹਿਬ ਤੇ ਅਜ ਫੇਰ ਹੋਇਆ ਹੈ, ਪਰ ਇਹ ਹਮਲਾ ਪਹਿਲੇ
ਵਾਂਗੂ ਦਰਬਾਰ ਸਾਹਿਬ ਦੀ ਇਮਾਰਤ ਨੂੰ ਢਾਹੁਣ ਲਈ ਨਹੀਂ। ਕਿਉਂਕਿ ਪੰਥ ਦੁਸ਼ਮਨਾਂ ਨੇ
ਇਮਾਰਤ ਤੇ ਪਹਿਲਾਂ ਵੀ ਹਮਲੇ ਕਰਕੇ ਵੇਖ ਲਿਆ ਹੈ, ਕਿ ਜੋ ਦਰਬਾਰ ਸਾਹਿਬ ਸਿੱਖਾਂ ਦੇ
ਹਿਰਦਿਆਂ ਵਿੱਚ ਉਕਰਿਆ ਹੋਇਆ ਹੈ ਉਹ ਨਹੀਂ ਢਹਿੰਦਾ ਅਤੇ ਸਿੱਖ ਇਮਾਰਤ ਫੇਰ ਪਹਿਲੇ ਵਰਗੀ
ਬਣਾ ਲੈਂਦੇ ਹਨ। ਹੁਣ ਹਮਲਾ ਵਧੇਰੇ ਖਤਰਨਾਕ ਹੈ। ਇਹ ਹਮਲਾ ਹੈ ਦਰਬਾਰ ਸਾਹਿਬ ਦੀ
ਅਹਿਮੀਅਤ ਘਟਾਉਣ ਦਾ। ਦਰਬਾਰ ਸਾਹਿਬ ਦੇ ਮੁਕਾਬਲੇ ਵਿੱਚ ਇਨ-ਬਿਨ ਦਰਬਾਰ ਸਾਹਿਬ ਦੀ ਨਕਲ
ਤਿਆਰ ਕਰ ਦਿੱਤੀ ਗਈ ਹੈ। ਇਹ ਇੱਕ ਸਥਾਪਤ ਸਚਾਈ ਹੈ ਕਿ ਜਿਸ ਚੀਜ਼ ਜਾਂ ਸ਼ਕਸੀਅਤ ਦੀ
ਮਹੱਤਤਾ ਘਟਾਉਣੀ ਹੋਵੇ, ਉਸ ਦੇ ਬਰਾਬਰ ਉਸ ਵਰਗੀ ਹੋਰ ਚੀਜ਼ ਬਣਾ ਦਿਓ ਜਾਂ ਉਸ ਸ਼ਕਸੀਅਤ ਦੇ
ਬਰਾਬਰ ਹੋਰ ਸ਼ਕਸੀਅਤ ਖੜੀ ਕਰ ਦਿਓ, ਅਤੇ ਉਸ ਨੂੰ ਵਧੇਰੇ ਮਾਨਤਾ ਦੇਣੀ ਸ਼ੁਰੂ ਕਰ ਦਿਓ।
ਬਿਲਕੁਲ ਉਵੇਂ, ਜਿਵੇਂ ਅਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਬਚਿੱਤਰ ਨਾਟਕ ਨਾਂ
ਦੀ ਕਿਤਾਬ ਨੂੰ ਦਸਮ ਗ੍ਰੰਥ ਦੇ ਨਾਂ ਤੇ ਉਭਾਰਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ
ਹਿੰਦੁਤਵੀ ਤਾਕਤਾਂ ਦੁਆਰਾ ਅੰਮ੍ਰਿਤਸਰ ਵਿੱਚ ਦੁਰਗਿਆਨਾ ਮੰਦਿਰ ਬਣਾ ਕੇ ਇਹ ਕੋਸ਼ਿਸ਼ ਕੀਤੀ
ਗਈ ਸੀ। ਅਸਲ ਵਿੱਚ ਅਜ ਸਿੱਖ ਕੌਮ ਦੀ ਹਰ ਪ੍ਰਮੁਖ ਸੰਸਥਾ ਹਮਲੇ ਅਧੀਨ ਹੈ।
ਪਖੰਡੀ ਬਲਵੰਤ ਸਿੰਘ ਸਿਹੋੜੇ ਵਾਲੇ ਦਾ ਇਹ ਕਹਿਣਾ ਹੈ ਕਿ ਗੁਰੂ
ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪ ਉਸ ਨੂੰ ਆਦੇਸ਼ ਕੀਤਾ ਸੀ ਕਿ ਇਹ ਇਮਾਰਤ ਅਤੇ ਸਰੋਵਰ ਉਸ
ਨੇ ਬਨਾਉਣਾ ਹੈ। ਹੈਰਾਨਗੀ ਦੀ ਗੱਲ ਹੈ, ਕਿ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਉਸ ਨੂੰ ਮਿਲੇ
ਕਿਥੇ? ਜ਼ਾਹਿਰ ਹੈ ਕਿਤੇ ਸੁਫਨੇ ਵਿੱਚ ਮਿਲੇ ਹੋਣਗੇ। ਸੁਫਨੇ ਵਿੱਚ ਆਕੇ ਉਨ੍ਹਾਂ ਇਹ ਨਹੀਂ
ਕਿਹਾ, ਕਿ ਪੰਜਾਬ ਵਿੱਚ 90 % ਸਿੱਖ ਪਤਿਤ ਹੋ ਗਿਆ ਹੈ, ਸਿੱਖੀ ਨੂੰ ਮੁੜ ਸੁਰਜੀਤ ਕਰਨ
ਲਈ ਕੋਈ ਪ੍ਰਚਾਰ ਲਹਿਰ ਚਲਾਓ, ਨਾਂ ਇਹ ਕਿਹਾ ਕਿ ਪੰਜਾਬ ਨਸ਼ਿਆਂ ਵਿੱਚ ਗਲਤਾਨ ਹੋਕੇ,
ਬਰਬਾਦ ਹੁੰਦਾ ਜਾ ਰਿਹਾ ਹੈ, ਇਸ ਨੂੰ ਬਚਾਉਣ ਦੇ ਕੋਈ ਉਪਰਾਲੇ ਕਰੋ। ਸਿੱਧਾ ਇਹ ਹੀ
ਕਿਹਾ, ਕਿ ਮਹਾਪੁਰਖੋ (ਮਹਾਮੂਰਖੋ) ਤੁਸੀਂ ਸਤਿਗੁਰੂ ਰਾਮਦਾਸ ਪਾਤਿਸ਼ਾਹ ਦੇ ਮੁਕਾਬਲੇ ਤੇ
ਉਤਰ ਆਓ, ਅਤੇ ਉਨ੍ਹਾਂ ਦੁਆਰਾ ਸਥਾਪਿਤ ਕੀਤੇ ਸਿੱਖੀ ਦੇ ਕੇਂਦਰ ਦੇ ਮੁਕਾਬਲੇ ਤੇ ਇੱਕ
ਇਮਾਰਤ ਖੜੀ ਕਰਕੇ, ਸ੍ਰੀ ਦਰਬਾਰ ਸਾਹਿਬ ਦੀ ਅਹਿਮੀਅਤ ਘਟਾ ਦਿਓ, ਅਤੇ ਸਿੱਖਾਂ ਨੂੰ ਵੰਡਣ
ਵਾਸਤੇ ਕੰਮ ਸ਼ੁਰੂ ਕਰ ਦਿਓ। ਵਾਹ! ਕਿਆ ਲਾਜਵਾਬ ਢਕੌਂਸਲੇ ਬਾਜੀ ਹੈ। ਪਰ ਇਨ੍ਹਾਂ ਦੀਆਂ
ਢਕੌਂਸਲੇ ਬਾਜੀਆਂ ਚਲਦੀਆਂ ਹਨ, ਕਿਉਂਕਿ ਇਨ੍ਹਾਂ ਦੇ ਪੈਰੋਕਾਰਾਂ ਨੂੰ ਇਨ੍ਹਾਂ ਤੇ ਅੰਨਾ
ਵਿਸ਼ਵਾਸ ਹੈ, ਕਿ ਐਡੇ ਵੱਡੇ ਮਹਾਪੁਰਖ ਝੂਠ ਥ੍ਹੋੜਾ ਬੋਲ ਸਕਦੇ ਹਨ। (ਹਾਲਾਂਕਿ ਸੱਚ ਇਹ
ਹੈ, ਕਿ ਇਹ ਪਖੰਡੀ, ਵੱਸ ਲੱਗਿਆਂ ਕਦੇ ਸੱਚ ਨਹੀਂ ਬੋਲਦੇ, ਹਾਂ ਕਿਤੇ ਅਨਭੋਲ ਮੂੰਹੋਂ
ਨਿਕਲ ਜਾਵੇ ਜਾਂ ਮਜ਼ਬੂਰੀ ਵਿੱਚ ਬੋਲਣਾ ਪੈ ਜਾਵੇ ਤਾਂ ਅਲੱਗ ਗੱਲ ਹੈ)। ਉਨ੍ਹਾਂ ਨੂੰ
ਇਤਨਾ ਵੀ ਨਹੀਂ ਨਜ਼ਰ ਆਉਂਦਾ ਕਿ ਸੁਫਨੇ ਦੇ ਨਾਂਅ ਤੇ ਕੌਮ ਦੀ ਕਿਸ ਸ਼੍ਰੋਮਣੀ ਸੰਸਥਾ ਤੇ
ਹਮਲਾ ਕੀਤਾ ਜਾ ਰਿਹਾ ਹੈ। ਉਹ ਤਾਂ ਇਸ ਮਹਾਂਪਾਪ ਨੂੰ ਵੀ ਪਖੰਡੀ ਮਹਾਪੁਰਖਾਂ ਦਾ ਵੱਡਾ
ਉਪਕਾਰ, ਅਤੇ ਵੱਡਾ ਧਰਮ ਦਾ ਕਾਰਜ ਸਮਝ ਰਹੇ ਹਨ।
ਦੁੱਖ ਅਤੇ ਹੈਰਾਨੀ ਨਾ ਇਨ੍ਹਾਂ ਪਖੰਡੀਆਂ ਦੇ ਝੂਠੇ ਸੁਫਨਿਆਂ ਤੇ
ਹੈ, ਅਤੇ ਨਾਂ ਹੀ ਇਨ੍ਹਾਂ ਦੇ ਅਗਿਆਨੀ ਪੈਰੋਕਾਰਾਂ ਦੇ ਕਿਰਦਾਰ ਤੇ, ਬਲਕਿ ਇਸ ਗੱਲ ਦੀ
ਹੈ ਕਿ ਸਿੱਖ ਕੌਮ ਕਿੱਥੇ ਸੁੱਤੀ ਪਈ ਹੈ? ਪਿਛਲੇ ਮਹੀਨੇ ਇਸ ਵਿੱਸ਼ੇ ਤੇ ਕੁੱਝ ਰੌਲਾ ਰੱਪਾ
ਪੈਣ ਨਾਲ, ਜਾਪਿਆ ਜਿਵੇਂ ਕੌਮ ਵਿੱਚ ਕੁੱਝ ਜਾਗ੍ਰਿਤੀ ਆਈ ਹੋਵੇ। ਜਿਥੇ ਸ਼੍ਰੋਮਣੀ ਕਮੇਟੀ
ਵਿੱਚ ਕੁੱਝ ਹਿਲਜੁਲ ਵੇਖਣ ਨੂੰ ਮਿਲੀ, ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਨੇ
ਵੀ ਵਿਸ਼ੇ ਦੀ ਮਹਤੱਤਾ ਨੂੰ ਸਮਝਦੇ ਹੋਏ, ਪੰਥਕ ਜਥੇਬੰਦੀਆਂ ਦੀ ਇੱਕ ਮੀਟਿੰਗ ਤੇਜਾ ਸਿੰਘ
ਸਮੁੰਦਰੀ ਹਾਲ ਅੰਮ੍ਰਿਤਸਰ ਵਿੱਖੇ ਸੱਦ ਲਈ। ਇੱਕ ਵਾਰੀ ਤਾਂ ਇੰਜ ਜਾਪਿਆ ਜਿਵੇਂ ਮਹੱਤਵ
ਪੂਰਨ ਕੌਮੀ ਮਸਲਿਆਂ ਨੂੰ ਹਲ ਕਰਨ ਲਈ ਪੁਰਾਤਨ ਸਰਬਤ ਖਾਲਸਾ ਦੀ ਮਰਿਆਦਾ ਸੁਰਜੀਤ ਕਰਨ ਵਲ
ਵਧ ਰਹੇ ਹੋਈਏ। ਇਸ ਮੀਟਿੰਗ ਤੋਂ ਪਹਿਲਾਂ ਮੇਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ ਅਵਤਾਰ
ਸਿੰਘ ਨਾਲ ਗਲ ਹੋਈ ਤਾਂ ਉਨ੍ਹਾਂ ਅਖਿਆ ਸ੍ਰ. ਰਾਜਿੰਦਰ ਸਿੰਘ ਜੀ, ਇੱਕ ਵਾਰੀ ਇਹ ਸੇਵਾ
ਸਾਨੂੰ ਮਿਲ ਜਾਣ ਦਿਓ, ਇਹ ਸਾਰੀ ਜ਼ਮੀਨ ਜਾਇਦਾਦ ਸਾਡੀ ਹੈ, ਨਾਲੇ ਇਸ ਬਹਾਨੇ ਇਸ ਦਾ ਕਬਜ਼ਾ
ਸਾਨੂੰ ਮਿਲ ਜਾਵੇਗਾ, ਨਾਲੇ ਬਗੈਰ ਢਾਹੇ, ਇਸ ਇਮਾਰਤ ਦੀ ਉਹ ਹਾਲਤ ਕਰ ਦੇਵਾਂਗੇ ਕਿ ਉਥੇ
ਖਿੜਕੀਆਂ ਦਰਵਾਜ਼ਿਆ ਤੱਕ ਕੁੱਝ ਨਹੀਂ ਨਜ਼ਰ ਆਵੇਗਾ। ਪਰ ਪੁਟਿਆ ਪਹਾੜ ਅਤੇ ਨਿਕਲਿਆ ਚੂਹਾ।
ਪਹਿਲਾਂ ਤਾਂ ਉਥੇ ਸਾਰਾ ਲਾਮਡੋਰਾ ਉਨ੍ਹਾਂ ਡੇਰੇਦਾਰਾਂ ਦਾ ਹੀ ਇਕੱਠਾ ਕੀਤਾ ਹੋਇਆ ਸੀ,
ਜੋ ਇਨ੍ਹਾਂ ਦੇ ਹੀ ਭਾਈ ਬੰਦ ਹਨ ਅਤੇ ਆਪਣੇ ਆਪਣੇ ਤਰੀਕੇ ਨਾਲ ਸਿੱਖੀ ਨੂੰ ਬ੍ਰਾਹਮਣਵਾਦੀ
ਕਰਮਕਾਂਡੀ ਧਰਮ ਬਨਾਉਣ ਅਤੇ ਭੋਲੇ ਭਾਲੇ ਲੋਕਾਂ ਦਾ ਮਾਨਸਿਕ, ਧਾਰਮਿਕ ਅਤੇ ਸਮਾਜਿਕ ਸੋਸ਼ਨ
ਕਰਨ ਦੇ ਆਹਰ ਵਿੱਚ ਲਗੇ ਹੋਏ ਹਨ। ਫਿਰ ਬਾਵਜੂਦ ਇਸ ਦੇ ਕਿ ਉਥੇ ਹਾਜ਼ਰ ਜਥੇਬੰਦੀਆਂ ਦੇ
ਬਹੁਗਿਣਤੀ ਨੁਮਾਂਇਦਿਆਂ ਨੇ, ਇਸ ਇਮਾਰਤ ਨੁੰ ਫੌਰੀ ਢਾਹੁਣ ਦੀ ਸਿਫਾਰਸ਼ ਕੀਤੀ, ਅਤੇ
ਉਨ੍ਹਾਂ ਦੇ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਹਾਜ਼ਰ ਸੰਗਤਾਂ ਨੇ ਭਰਪੂਰ ਜੈਕਾਰੇ ਛੱਡੇ, ਪਰ
ਸ਼੍ਰੋਮਣੀ ਕਮੇਟੀ ਨੇ ਆਪਣੇ ਪਾਲਤੂ ਤੋਤਿਆਂ ਕੋਲੋਂ, ਰਟੀ-ਰਟਾਈ ਭਾਸ਼ਾ ਬੁਲਾਕੇ, ਫੈਸਲਾ
ਉਹੀ ਸੁਣਾਇਆ ਜੋ ਉਨ੍ਹਾਂ ਪਹਿਲਾਂ ਹੀ ਕੀਤਾ ਹੋਇਆ ਸੀ, ਕਿ ਵਿਵਾਦਿਤ ਗੁਰਦੁਆਰੇ ਦੀ
ਇਮਾਰਤ ਵਿੱਚ ਤਬਦੀਲੀ ਕਰ ਦਿੱਤੀ ਜਾਵੇ ਤਾਕਿ ਇਹ ਦਰਬਾਰ ਸਾਹਿਬ ਵਰਗੀ ਨਾ ਲੱਗੇ, ਅਤੇ ਇਹ
ਕੰਮ ਕਰਨ ਦੀ ਜ਼ੁਮੇਂਵਾਰੀ ਸ਼ੋਮਣੀ ਕਮੇਟੀ ਤੇ ਪਾ ਦਿੱਤੀ।
ਹਾਲਾਂਕੇ ਉਥੇ ਹਾਜ਼ਰ ਬਾਬਿਆਂ ਦੇ ਨੁਮਾਂਇਦੇ ਨੇ ਇਹ ਯਕੀਨ ਦੁਆਇਆ
ਸੀ, ਕਿ ਉਹ ਪੰਥ ਦਾ ਹਰ ਫੈਸਲਾ ਪ੍ਰਵਾਨ ਕਰਨਗੇ, ਪਰ ਦੋ ਦਿਨਾਂ ਬਾਅਦ ਹੀ, ਉਨ੍ਹਾਂ
ਫੈਸਲੇ ਤੇ ਵਿਚਾਰ ਕਰਨ ਲਈ ਇੱਕ ਇਕੱਠ ਸੱਦ ਲਿਆ। ਪਹਿਲਾਂ ਤਾਂ ਸੁਆਲ ਇਹ ਹੈ ਕਿ ਕੀ ਪੰਥਕ
ਫੈਸਲੇ ਤੇ ਵਿਚਾਰ ਕੀਤੀ ਜਾ ਸਕਦੀ ਹੈ? ਦੂਸਰਾ ਉਨ੍ਹਾਂ ਇਕੱਠ ਸੱਦਣ ਦੀ ਖਬਰ ਛਾਪਦਿਆਂ,
ਸੰਗਤਾਂ ਨੂੰ ਭਾਵੁਕ ਕਰਨ ਲਈ ਇਹ ਲਿਖਿਆ, ਕਿ ਗੁਰਦੁਆਰੇ ਢਾਹੁਣਾ ਅਬਦਾਲੀਆਂ ਅਤੇ
ਦੁਰਾਨੀਆਂ ਦਾ ਕੰਮ ਹੈ, ਸਿਖਾਂ ਦਾ ਨਹੀਂ। ਦੂਸਰਾ ਸੁਆਲ ਇਹ ਹੈ ਕਿ ਸਿੱਖੀ ਦੇ ਕੇਂਦਰ ਦੇ
ਮੁਕਾਬਲੇ ਵਿੱਚ ਇੱਕ ਸਾਜਸ਼ ਅਧੀਨ ਖੜੀ ਕੀਤੀ ਜਾ ਰਹੀ ਇਮਾਰਤ ਨੂੰ ਸਿਰਫ ਇਸ ਵਾਸਤੇ
ਗੁਰਦੁਆਰਾ ਆਖ ਦਿਆਂਗੇ, ਕਿਉਂਕਿ, ਉਥੇ ਕੌਮ ਨੂੰ ਮੂਰਖ ਬਨਾਉਣ ਲਈ ਸ੍ਰੀ ਗੁਰੂ ਗ੍ਰੰਥ
ਸਾਹਿਬ ਦਾ ਪ੍ਰਕਾਸ਼ ਕਰ ਦਿਤਾ ਗਿਆ ਹੈ? ਗੁਰਦੁਆਰਾ ਕੋਈ ਪੂਜਾ ਦਾ ਅਸਥਾਨ ਨਹੀਂ, ਜਿਥੇ
ਅਲੱਗ ਅਲੱਗ ਦੇਵੀ-ਦੇਵਤਿਆਂ ਦੀ ਪੂਜਾ ਵਾਸਤੇ ਅਲੱਗ-ਅਲੱਗ ਮੰਦਰ ਬਣਾਏ ਜਾਣ। ਜਦ ਉਥੇ
ਪਹਿਲਾਂ ਹੀ ਅੰਗੀਠਾ ਸਾਹਿਬ ਨਾਂ ਦਾ ਗੁਰਦੁਆਰਾ ਬਣਿਆ ਹੋਇਆ ਹੈ, ਜਿਸ ਨੂੰ, ਜੇ ਨੀਅਤ
ਹੋਵੇ ਤਾਂ ਇੱਕ ਚੰਗੇ ਧਰਮ ਪ੍ਰਚਾਰ ਦੇ ਕੇਂਦਰ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ, ਤਾਂ
ਫੇਰ ਨਾਲ ਹੀ ਹੋਰ ਗੁਰਦੁਆਰਾ ਬਨਾਉਣ ਦੀ ਲੋੜ ਹੀ ਕਿੱਥੇ ਹੈ? ਪਰ ਜਿਥੇ ਸੁਆਰਥ ਹੋਵੇ,
ਉਥੇ ਸਿਧਾਂਤ ਕਿਥੇ ਨਜ਼ਰ ਆਉਂਦਾ ਹੈ।
ਬਸ ਬਾਬਿਆਂ ਦੇ ਦਬਕੇ ਦੀ ਦੇਰ ਸੀ, ਕਿ ਅਖੌਤੀ ਜਥੇਦਾਰਾਂ ਦੀ ਅਤੇ
ਸ਼੍ਰੋਮਣੀ ਕਮੇਟੀ ਦੀ ਸਾਰੀ ਫੂਕ ਨਿਕਲ ਗਈ। ਝਟਪਟ ਅੰਦਰ ਵੱੜ ਕੇ ਗੁਪਤ ਸਮਝੌਤਾ ਕਰ ਲਿਆ।
ਦੁਨੀਆਂ ਨੂੰ ਵਿਖਾਣ ਲਈ ਤਾਂ ਇਹ ਕਿਹਾ ਗਿਆ, ਕਿ ਅਕਾਲ ਤਖਤ ਸਾਹਿਬ ਦੇ ਆਦੇਸ਼ ਤੇ ਉਨ੍ਹਾਂ
ਇਕੱਠ ਸੱਦਣ ਦਾ ਫੈਸਲਾ ਰੱਦ ਕਰ ਦਿੱਤਾ ਹੈ, ਪਰ ਸਚਾਈ ਤੋਂ ਅਜ ਹਰ ਸੁਚੇਤ ਸਿੱਖ ਜਾਣੂ
ਹੈ। ਕੁੱਝ ਦਿਨਾਂ ਬਾਅਦ ਹੀ ਸ਼੍ਰੋਮਣੀ ਕਮੇਟੀ ਦੀ ਇੱਕ ਸਬ ਕਮੇਟੀ, ਜਿਸ ਦੀ ਅਗਵਾਈ
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ੍ਰ. ਸੁਖਦੇਵ ਸਿੰਘ ਭੌਰ ਕਰ ਰਹੇ ਸਨ, ਮੌਕੇ ਤੇ ਗਈ,
ਅਤੇ ਬਾਬਿਆਂ ਦੇ ਹੀ ਇੰਨਜੀਨੀਅਰ, ਜੋ ਉਥੇ ਅਖੌਤੀ ਕਾਰ ਸੇਵਾ ਦੀ ਦੇਖ ਰੇਖ ਕਰ ਰਹੇ ਹਨ,
ਨੂੰ ਇਹ ਕਹਿ ਆਏ, ਕਿ ਪ੍ਰਮੁੱਖ ਇਮਾਰਤ ਨੂੰ ਕੋਈ ਨੁਕਸਾਨ ਪਹੁੰਚਾਏ ਬਿਨਾਂ ਉਸ ਦੀ ਦਿੱਖ
ਬਦਲ ਦਿਤੀ ਜਾਏ। ਜਦੋਂ ਮੈਂ ਸ੍ਰ. ਭੌਰ ਸਾਹਿਬ ਨੂੰ ਇਸ ਬਾਰੇ ਟੈਲੀਫੋਨ ਤੇ ਪੁੱਛਿਆ, ਕਿ
ਸਤਿਕਾਰ ਯੋਗ ਜੀਓ! ਕਿਰਪਾ ਕਰ ਕੇ ਇਹ ਤਾਂ ਦਸ ਦਿਓ, ਕਿ ਬਿਲਡਿੰਗ ਨੂੰ ਨੁਕਸਾਨ ਪਹੁੰਚਾਏ
ਬਗੈਰ ਦਿੱਖ ਕਿਵੇਂ ਬਦਲੀ ਜਾ ਸਕਦੀ ਹੈ? ਤਾਂ ਉਹ ਇੱਕ ਦਮ ਮੁੱਕਰ ਗਏ, ਅਤੇ ਕਹਿਣ ਲਗੇ,
ਅਸੀਂ ਤਾਂ ਇਹ ਕਹਿ ਕੇ ਆਏ ਹਾਂ ਕਿ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਇਨ ਬਿਨ ਲਾਗੂ ਕਰੋ।
ਅਜ ਅਸਲ ਹਾਲਤ ਇਹ ਹੈ, ਕਿ ਕੇਵਲ ਪ੍ਰਮੁਖ ਇਮਾਰਤ ਦੇ ਦੁਆਲੇ ਇੱਕ
ਵਰਾਂਡਾ ਬਣਾ ਦਿਤਾ ਗਿਆ ਹੈ, ਅਤੇ ਅਖੌਤੀ ਹਰ ਕੀ ਪਉੜੀ ਅੱਗੇ ਇੱਕ ਦੀਵਾਰ ਬਣਾ ਦਿੱਤੀ ਗਈ
ਹੈ। ਇਥੇ ਇਹ ਦੱਸ ਦੇਣਾ ਵੀ ਜ਼ਰੂਰੀ ਹੈ ਕਿ 1996 ਵਿੱਚ ਵੀ ਅਕਾਲ ਤਖਤ ਦੇ ਆਦੇਸ਼ਾਂ ਤੇ ਇਸ
ਇਮਾਰਤ ਨੂੰ ਅਗੋਂ ਬਨਣੋ ਰੁਕਵਾਇਆ ਗਿਆ ਸੀ, ਪਰ ਸਮਾਂ ਪੈਂਦਿਆਂ ਹੀ ਫਿਰ ਦੁਬਾਰਾ ਸ਼ੁਰੂ
ਕਰ ਲਿਆ ਗਿਆ। ਹੁਣ ਇਸ ਵਰਾਂਡੇ ਅਤੇ ਦੀਵਾਰ ਨੂੰ ਢਾਹੁੰਦਿਆਂ ਕਿਤਨਾ ਸਮਾਂ ਲਗਣਾ ਹੈ?
ਸਰੋਵਰ ਉੱਥੇ ਦਾ ਉੱਥੇ ਹੈ, ਜਦੋਂ ਮਰਜ਼ੀ ਪਾਣੀ ਭਰ ਲਓ।
ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਈ ਮੀਟਿੰਗ ਵਿੱਚ ਮੈਂ ਇਸ
ਇਮਾਰਤ ਨੂੰ ਪੂਰੀ ਤਰ੍ਹਾਂ ਢਾਹੁਣ ਦੀ ਸਿਫਾਰਸ਼ ਕਰਦੇ ਹੋਏ, ਬਲਵੰਤ ਸਿੰਘ ਸਿਹੋੜੇ ਵਾਲੇ
ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਤੇ ਜਾ ਰਹੇ ਮਨਮੱਤੀ ਕੰਮਾਂ
ਬਾਰੇ ਵੀ ਜਾਣਕਾਰੀ ਦਿੱਤੀ ਸੀ, ਜਿਵੇਂ ਸਤਿਗੁਰੂ ਦੀ ਹਜ਼ੂਰੀ ਵਿੱਚ ਅਲੱਗ ਗੱਦੀ ਲਾਕੇ
ਬੈਠਣਾ, ਆਪਣੇ ਸਿਰ ਤੇ ਕਪੜੇ ਦਾ ਚੌਰ ਕਰਾਉਣਾ, ਸੰਗਤਾਂ ਕੋਲੋਂ ਮੱਥਾ ਟਿਕਵਾਉਣਾ, ਪੰਜ
ਪਿਆਰਿਆਂ ਦੀ ਅਗਵਾਈ ਵਿੱਚ ਸਤਿਗੁਰੂ ਦੇ ਦਰਬਾਰ ਵਿੱਚ ਆਉਣਾ ਅਤੇ ਬਾਅਦ ਵਿੱਚ ਪੰਜ
ਪਿਆਰਿਆਂ ਦਾ, ਬਾਬੇ ਦੇ ਬਾਡੀਗਾਰਡਾਂ ਵਾਂਗੂੰ ਬਾਬੇ ਦੇ ਪਿੱਛੇ, ਦੀਵਾਨ ਦੀ ਸਮਾਪਤੀ ਤੱਕ
ਖੜੇ ਰਹਿਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਜਾਏ ਬਾਬੇ ਨੂੰ ਰੁਮਾਲਾ ਭੇਟ ਕਰਨਾ ਅਤੇ
ਪਹਿਨਾਉਨਾ ਆਦਿ. . । ਬਜਾਏ ਇਸ ਪਖੰਡੀ ਬਾਬੇ ਨੂੰ ਪੰਥ ਦੀ ਕਚਹਿਰੀ ਵਿੱਚ ਪੇਸ਼ ਕਰਨ ਦੇ,
ਹੋਏ ਗੁਪਤ ਸਮਝੌਤੇ ਅਨੁਸਾਰ ਬਾਬੇ ਨੂੰ ਇਹ ਕਹਿ ਕੇ ਸੁਰਖਰੂ ਕਰ ਦਿੱਤਾ ਗਿਆ ਹੈ, ਕਿ
ਬਾਬੇ ਨੇ ਯਕੀਨ ਦੁਆਇਆ ਹੈ ਕਿ ਉਹ ਅਗੋਂ ਐਸਾ ਨਹੀਂ ਕਰੇਗਾ।
ਜਥੇਦਾਰ ਜੀ! ਅਗੋਂ ਦੀ ਗੱਲ ਤਾਂ ਅਗੋਂ ਦੇਖੀ ਜਾਏਗੀ, ਸੰਗਤਾਂ
ਨੂੰ ਇਹ ਦਸਣ ਦੀ ਖੇਚਲ ਕਰੋ, ਕਿ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਘੋਰ
ਬੇਅਦਬੀ ਬਾਰੇ ਕੀ ਕੀਤਾ ਜੇ?
ਦੂਸਰੀ ਮੰਦ ਭਾਗੀ ਘਟਨਾ, ਟਾਂਗਰਾਂ ਨੇੜੇ, ਪਿੰਡ ਜੈਤੋ ਸਰਜਾ ਦੀ
ਹੈ
ਪਿੰਡ ਜੈਤੋ ਸਰਜਾ, ਦੇ ਸ੍ਰ. ਮਨਜੀਤ ਸਿੰਘ ਦੀ ਸੁਪਤਨੀ ਸਵਿੰਦਰ
ਕੌਰ ਨੇ 13 ਜੁਲਾਈ 2009 ਨੂੰ ਆਪਣੇ ਪਤੀ ਨੂੰ ਦੱਸਿਆ (ਦੱਸਿਆ ਜਾਂ ਮਿਲੀ ਭੁਗਤ ਬਣਾਈ),
ਕਿ ਰਾਤ ਉਸ ਨੂੰ ਸੁਫਨਾ ਆਇਆ ਹੈ, ਜਿਸ ਵਿੱਚ ਉਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ
ਪਾਤਿਸ਼ਾਹ ਨੇ ਦਰਸ਼ਨ ਦਿੱਤੇ ਹਨ, ਅਤੇ ਆਖਿਆ ਹੈ, ਕਿ ਉਹ ਉਨ੍ਹਾਂ ਦੇ ਘਰ ਆਕੇ ਦਰਸ਼ਨ
ਦੇਣਗੇ। ਸ੍ਰ. ਮਨਜੀਤ ਸਿੰਘ ਨੇ ਇਹ ਖਬਰ ਆਪਣੇ ਪਿੰਡ ਵਿੱਚ ਹੀ ਨਹੀਂ, ਨਾਲ ਦੇ ਕੁੱਝ
ਪਿੰਡਾਂ ਵਿੱਚ ਵੀ ਫੈਲਾ ਦਿੱਤੀ। ਅਗਲੇ ਦਿਨ 14 ਜੁਲਾਈ ਨੂੰ ਸਵੇਰੇ 8. 30 ਵਜੇ, ਉਨ੍ਹਾਂ
ਦੇ ਘਰ ਇੱਕ ਬਾਜ ਗੁਰੂ ਪਾਤਿਸ਼ਾਹਾਂ ਦੀਆਂ ਫੋਟੋਆਂ ਤੇ ਆ ਕੇ ਬੈਠ ਗਿਆ ਤੇ ਫੇਰ ਥੋੜੀ ਦੇਰ
ਬਾਅਦ ਛੱਤ ਤੇ ਲੱਗੇ ਪੱਖੇ ਤੇ ਜਾ ਬੈਠਾ। ਬਸ ਫੇਰ ਕੀ ਸੀ, ਬਾਜ (ਸਾਹਿਬ) ਦੇ ਰੂਪ ਵਿੱਚ
ਪਰਗਟ ਹੋਏ, ਸ੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਦਰਸ਼ਨ ਕਰਨ ਵਾਲਿਆਂ ਦੀਆਂ ਲਾਈਨਾ
ਲੱਗ ਗਈਆਂ। ਸੁਭਾਵਿਕ ਹੈ ਇਕੋ ਦਿਨ ਵਿੱਚ ਘਰ ਵਾਲਿਆਂ ਦੇ ਵੀ ਵਾਰੇ ਨਿਆਰੇ ਹੋ ਗਏ
ਹੋਣਗੇ। ਇਹ ਤਾਂ ਜਿਸ ਵੇਲੇ ਕੁੱਝ ਸੁਚੇਤ ਵੀਰਾਂ ਨੇ ਸਾਰੀ ਗੱਲ ਦੀ ਘੋਖ ਪੜਤਾਲ ਕੀਤੀ,
ਅਤੇ ਬੀਬੀ ਨੂੰ ਵੀ ਕੁੱਝ ਸਮਝਾਇਆ, ਧਮਕਾਇਆ ਤਾਂ ਉਸ ਨੇ ਮੰਨ ਲਿਆ, ਕਿ ਸੁਫਨੇ ਦੀ ਗੱਲ,
ਉਸ ਨੇ ਝੂਠ ਬੋਲਿਆ ਸੀ, ਅਤੇ ਬਾਜ ਵਰਗਾ ਇੱਕ ਪੰਛੀ ਤਾਂ ਉਨ੍ਹਾਂ ਪਹਿਲਾਂ ਹੀ ਕਾਬੂ ਕੀਤਾ
ਹੋਇਆ ਸੀ।
ਇਸ ਤੋਂ ਪਹਿਲਾਂ 12 ਜੁਲਾਈ ਨੂੰ ਬਠਿੰਡਾ ਦੇ ਬਾਬਾ ਦੀਪ ਸਿੰਘ
ਨਗਰ ਦੇ ਗੁਰਦੁਆਰੇ ਵਿੱਚ ਮਿਲਦੀ ਜੁਲਦੀ ਖਬਰ ਵੇਖਣ ਨੂੰ ਮਿਲੀ ਸੀ, ਜਦੋਂ ਗੁਰਦੁਆਰੇ ਦੇ
ਗ੍ਰੰਥੀ ਨੇ ਲਾਉਡ ਸਪੀਕਰ ਤੇ ਐਲਾਨ ਕੀਤਾ ਕਿ ਗੁਰਦੁਆਰਾ ਸਾਹਿਬ ਵਿੱਚ ਗੁਰੂ ਗੋਬਿੰਦ
ਸਿੰਘ ਜੀ ਦਾ ਬਾਜ ਆਇਆ ਹੈ, ਅਤੇ ਸੰਗਤਾਂ ਦਰਸ਼ਨ ਕਰ ਲੈਣ। ਜਦੋਂ ਸੰਗਤਾਂ ਗੁਰਦੁਆਰੇ
ਪੁੱਜੀਆਂ, ਤਾਂ ਵੇਖਿਆ, ਕਿ ਇੱਕ ਗਰਮੀ ਨਾਲ ਅਧਮੋਇਆ ਹੋਇਆ ਪੰਛੀ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੇ ਸਰੂਪ ਤੇ ਬੈਠਾ ਹੋਇਆ ਸੀ, ਅਤੇ ਗ੍ਰੰਥੀ ਸਾਹਿਬ ਉਸ ਨੂੰ ਉਥੋਂ ਉਡਾਉਣ ਦੀ
ਬਜਾਏ ਸੰਗਤਾਂ ਨੂੰ ਦਸ ਰਹੇ ਸਨ, ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਾਜ ਦੇ ਕੁੱਲ ਵਿਚੋਂ
ਹੈ, ਜਿਵੇਂ ਉਸ ਨੇ ਸਤਿਗੁਰੂ ਦੇ ਬਾਜ ਦੇ ਕੁੱਲ ਦਾ ਸਾਰਾ ਰਿਕਾਰਡ ਰਖਿਆ ਹੋਵੇ। ਥੋੜ੍ਹੀ
ਦੇਰ ਬਾਅਦ ਉਸ ਪੰਛੀ ਨੇ ਸਤਿਗੁਰੂ ਜੀ ਦੇ ਪਾਵਨ ਸਰੂਪ ਤੇ ਵਿੱਠ ਕਰ ਦਿੱਤੀ, ਤਾਂ ਕੁੱਝ
ਸੁਚੇਤ ਗੁਰਸਿੱਖਾਂ ਨੇ ਇਤਰਾਜ਼ ਕੀਤਾ ਅਤੇ ਉਸ ਪੰਛੀ ਨੂੰ ਉਥੋਂ ਹਟਾਇਆ ਗਿਆ। ਉਸ ਤੋਂ
ਬਾਅਦ ਮਸਲਾ ਤਖਤ ਸ੍ਰੀ ਦਮਦਮਾ ਸਾਹਿਬ ਜਾ ਪਹੁੰਚਿਆ।
ਵੇਖਣ ਨੂੰ ਭਾਵੇਂ ਉਪਰੋਕਤ ਗੱਲਾਂ ਬਹੁਤ ਮਮੂਲੀ ਜਿਹੀਆਂ ਜਾਪਦੀਆਂ
ਹੋਣ, ਪਰ ਇਹ ਬਾਜ (ਸਾਹਿਬ) ਦੇ ਪਛੋਕੜ ਵਿੱਚ ਜਾਈਏ ਤਾਂ ਪਤਾ ਲਗਦਾ ਹੈ ਕਿ ਇਸ ਬਾਜ ਦੇ
ਚੱਕਰ ਨੇ ਲੰਬੇ ਸਮੇਂ ਤੋਂ ਕੌਮ ਨੂੰ ਭਰਮਾਇਆ ਹੋਇਆ ਹੈ। ਜਦੋਂ ਕੌਮ ਦਾ ਕੋਈ ਸੰਘਰਸ਼ ਚਲਦਾ
ਹੈ, ਕੋਈ ਮੋਰਚਾ ਲਗਦਾ ਹੈ ਜਾਂ ਕੋਈ ਔਕੜ ਦਾ ਸਮਾਂ ਆਉਂਦਾ ਹੈ, ਕਈ ਵੀਰਾਂ ਭੈਣਾਂ ਦੀਆਂ
ਅੱਖਾਂ ਗੁਰਦੁਆਰੇ ਜਾ ਕੇ ਅਕਾਸ਼ ਵੱਲ ਵੇਖਣ ਲਗ ਪੈਂਦੀਆਂ ਹਨ। ਬਸ ਜਿਵੇਂ ਹੀ ਕੋਈ ਬਾਜ
ਵਰਗਾ ਪੰਛੀ ਨਜ਼ਰ ਆਇਆ ਸੰਗਤਾਂ ਦੇ ਹਜੂਮ ਦਰਸ਼ਨ ਕਰਨ ਲਈ ਇਕੱਠੇ ਹੋ ਜਾਂਦੇ ਹਨ। ਚਿਹਰਿਆਂ
ਤੇ ਨਿਖਾਰ ਆ ਜਾਂਦਾ ਹੈ, ਕਿ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਬਾਜ ਭੇਜ ਦਿੱਤਾ ਹੈ,
ਹੁਣ ਕੋਈ ਕਰਿਸ਼ਮਾ ਵਾਪਰੇਗਾ, ਹੁਣ ਪੰਥ ਦੀ ਚੜ੍ਹਦੀ ਕਲਾ ਹੋ ਜਾਵੇਗੀ। ਮੈਂ ਆਪਣੇ ਜੀਵਨ
ਦੇ ਚੌਂਠ ਵਰਿਆਂ ਵਿੱਚ ਪਤਾ ਨਹੀਂ ਕਿਤਨੀ ਵਾਰੀ ਇਹ ਨਜ਼ਾਰਾ ਵੇਖਿਆ ਹੈ, ਅਤੇ ਇਤਿਹਾਸ
ਗੁਆਹ ਹੈ ਕਿ ਹਰ ਦਿਨ ਕੌਮ ਢੰਹਿਦੀਆਂ ਕਲਾਂ ਵੱਲ ਹੀ ਜਾ ਰਹੀ ਹੈ। ਜਦੋਂ ਅਸੀਂ ਆਪਣੀ
ਕੌਮੀ ਸ਼ਕਤੀ ਤੋਂ ਭਰੋਸਾ ਛੱਡ ਕੇ ਪੰਛੀਆਂ ਦੀਆਂ ਕਰਾਮਾਤਾਂ ਤੇ ਆਸ ਰਖਾਂਗੇ, ਤਾਂ ਹੋਰ
ਹੋਵੇਗਾ ਵੀ ਕੀ?
ਬਾਜ (ਸਾਹਿਬ) ਦੀ ਕਰਾਮਾਤ ਇਥੇ ਹੀ ਨਹੀਂ ਖਤਮ ਹੁੰਦੀ। ਇਨ੍ਹਾਂ
ਨੇ ਪਤਾ ਨਹੀਂ ਕਿਤਨੇ ਸਿੱਖਾਂ ਨੂੰ ਮਹਾਪੁਰਖ ਬਣਾ ਦਿਤਾ ਹੈ। ਮੈਂ ਇਥੇ ਹੇਮਕੁੰਟ ਦੇ ਨਾਂ
ਤੇ ਕੌਮ ਨਾਲ ਰਚੇ ਗਏ ਪਾਖੰਡ ਬਾਰੇ ਤਾਂ ਬਹੁਤਾ ਨਹੀਂ ਲਿਖਣਾ ਚਾਹੁੰਦਾ, ਪਰ ਇਤਨਾ ਕਹਿਣਾ
ਜ਼ਰੂਰੀ ਹੈ, ਕਿ ਜਿਥੇ ਇਸ ਦੇ ਚੱਕਰ ਵਿੱਚ ਇੱਕ ਪਾਸੇ ਕੌਮ ਦਾ ਕਰੋੜਾਂ ਰੁਪਿਆ ਹਰ ਸਾਲ
ਬਰਬਾਦ ਹੋ ਰਿਹਾ ਹੈ, ਉਥੇ ਇਸ ਨੇ ਇੱਕ ਹੋਰ ਬੜੇ ਵੱਡੇ ਪਾਖੰਡ ਨੂੰ ਜਨਮ ਦਿੱਤਾ ਹੈ। ਉਹ
ਹੈ ਉਥੇ ਕੁੱਝ ਵਿਅਕਤੀਆਂ ਨੂੰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦਾ ਦਰਸ਼ਨ ਦੇਣਾ। ਇਨ੍ਹਾਂ
ਵਿੱਚੋਂ ਕਈਆਂ ਨੂੰ ਤਾਂ ਸਤਿਗੁਰੂ ਪ੍ਰਤੱਖ ਦਰਸ਼ਨ ਦੇਂਦੇ ਹਨ, ਅਤੇ ਕਈਆਂ ਨੂੰ ਬਾਜ ਦੇ
ਰੂਪ ਵਿੱਚ। ਬਸ ਫੇਰ ਕੀ ਵਾਪਸ ਆਕੇ ਉਹ ਆਪਣੇ ਇਲਾਕੇ ਦੇ ਵੱਡੇ ਮਹਾਪੁਰਖ ਬਣ ਜਾਂਦੇ ਹਨ।
ਲੋਕਾਂ ਨੂੰ ਭਰਮਾਉਣ ਲਈ ਕਿਵੇਂ ਧਾਰਮਿਕ ਹੋਣ ਦੇ ਵਿਖਾਵੇ ਕਰਨੇ ਹਨ, ਇਹ ਲੋਕ ਚੰਗੀ
ਤਰ੍ਹਾਂ ਜਾਣਦੇ ਹਨ। ਇਨ੍ਹਾਂ ਲੋਕਾਂ ਤੇ ਕੀ ਗਿਲਾ ਹੈ ਕਿਉਂਕਿ ਇਨ੍ਹਾਂ ਦੇ ਤਾਂ ਵੱਡੇ
ਸੁਆਰਥ ਹਨ। ਸ਼ੋਹਰਤ ਅਤੇ ਮਹਾਪੁਰਖਾਂ ਵਾਲਾ ਸਤਿਕਾਰ ਹਾਸਲ ਕਰਨ ਦਾ ਇਸ ਤੋਂ ਸਸਤਾ ਤਰੀਕਾ
ਹੋਰ ਭਲਾ ਕੀ ਹੋ ਸਕਦਾ ਹੈ? ਹੁਣ ਜੇ ਇਹ ਬੀਬੀ ਫੜੀ ਨਾ ਜਾਂਦੀ ਤਾਂ ਆਪਣੇ ਇਲਾਕੇ ਦੀ
ਪੱਕੀ ਸੰਤਨੀ ਬਣ ਗਈ ਸੀ।
ਸੋਚਣ ਦੀ ਲੋੜ ਤਾਂ ਸਿੱਖ ਕੌਮ ਨੂੰ ਹੈ ਕਿ ਅਸੀਂ ਕਿਧਰ ਜਾ ਰਹੇ
ਹਾਂ? ਇਹ ਲੋਕ ਤਾਂ ਹੀ ਪਰਫੁਲਤ ਹੋ ਰਹੇ ਹਨ ਕਿਉਂਕਿ ਸਿੱਖ ਸੰਗਤਾਂ ਇਨ੍ਹਾਂ ਨੂੰ ਮਾਨਤਾ
ਦੇ ਰਹੀਆਂ ਹਨ। ਜ਼ਰਾ ਸੋਚੀਏ, ਬੀਬੀ ਨੇ ਕਿਹਾ, ਸੁਫਨੇ ਵਿੱਚ ਗੁਰੂ ਗੋਬਿੰਦ ਸਿੰਘ
ਪਾਤਿਸ਼ਾਹ ਨੇ ਕਿਹਾ ਹੈ, ਮੈਂ ਤੁਹਾਡੇ ਘਰ ਦਰਸ਼ਨ ਦੇਣ ਆਵਾਂਗਾ, ਤੇ ਅਗਲੇ ਦਿਨ ਉਥੇ ਬਾਜ ਆ
ਗਿਆ? ਕੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਹੁਣ ਬਾਜ ਦੀ ਜੂਨ ਵਿੱਚ ਪੈ ਗਏ ਹਨ? ਚਲੋ ਜੇ ਇਹ
ਕਹੀਏ ਕਿ ਬਾਜ ਦਾ ਆਉਣਾ ਸੰਕੇਤਕ ਹੈ, ਤਾਂ ਕੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦਾ ਬਾਜ
ਅਮਰ ਹੈ? ਜੋ ਅਜੇ ਤੱਕ ਉਡਾਰੀਆਂ ਮਾਰਦਾ ਫਿਰਦਾ ਹੈ। ਫਿਰ ਤਾਂ ਬਾਜ ਸਤਿਗੁਰੂ ਨਾਲੋਂ ਵੀ
ਮਹਾਨ ਹੋਇਆ, ਕਿਉਂਕਿ ਸਤਿਗੁਰੂ ਤਾਂ ਅਕਾਲ ਪਾਇਆਣਾ ਕਰ ਗਏ, ਪਰ ਗੁਰੂ ਪਾਤਿਸ਼ਾਹ ਦਾ ਬਾਜ
ਤਾਂ ਅਕਸਰ ਸਾਨੂੰ ਦਰਸ਼ਨ ਦੇਂਦਾ ਰਹਿੰਦਾ ਹੈ। ਇਨ੍ਹਾਂ ਸੁਫਨਿਆਂ ਨੇ ਪਤਾ ਨਹੀਂ ਕਿਤਨੇ
ਸੰਤ ਮਹੰਤ ਅਤੇ ਗੁਰਦੁਆਰੇ ਸਿੱਖ ਕੌਮ ਨੂੰ ਦਿੱਤੇ ਹਨ। ਚੰਡੀਗੜ੍ਹ ਦੇ ਨੇੜੇ ਹੀ ਨਾਢਾ
ਸਾਹਿਬ ਗੁਰਦੁਆਰਾ ਵੀ ਸੁਫਨੇ ਦੀ ਹੈ ਦੇਣ ਹੈ। ਬਾਬਾ ਨਾਢਾ ਜੀ ਨੇ ਵੀ ਆਪਣੇ ਪੜਪੋਤਰੇ
ਨੂੰ ਸੁਫਨੇ ਵਿੱਚ ਆਕੇ ਦਸਿਆ ਸੀ ਕਿ ਇਸ ਅਸਥਾਨ ਤੇ ਮੈਂ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ
ਅਤੇ ਉਨ੍ਹਾਂ ਦੀ ਫੌਜ ਦੀ ਸੇਵਾ ਕੀਤੀ ਸੀ ਅਤੇ ਸਤਿਗੁਰੂ ਨੇ ਹੁਕਮ ਕੀਤਾ ਸੀ, ਇਥੇ ਵੱਡਾ
ਗੁਰਦੁਆਰਾ ਬਣੇਗਾ, ਨਾਲੇ ਗੜ੍ਹ ਬਨਣਗੇ। ਇੱਕ ਗੱਲ ਹੋਰ ਬੜੀ ਕਮਾਲ ਦੀ ਹੈ ਕਿ ਜਦੋਂ ਵੀ
ਸਤਿਗੁਰੂ ਸੁਫਨੇ ਵਿੱਚ ਗੁਰਦੁਆਰਾ ਬਨਾਉਣ ਦੀ ਹਦਾਇਤ ਦੇਂਦੇ ਹਨ, ਨਾਲ ਇਹ ਜ਼ਰੂਰ ਕਹਿ
ਦੇਂਦੇ ਹਨ ਕਿ ਇਥੇ ਮਸਿਆ, ਸੰਗਰਾਂਦ ਜਾਂ ਪੂਰਨਮਾਸ਼ੀ ਵਾਲੇ ਦਿਨ ਵੱਡੇ ਇਕੱਠ ਹੋਣਗੇ ਅਤੇ
ਜੋ ਉਸ ਦਿਨ ਇਥੇ ਆਉਣਗੇ, ਉਨ੍ਹਾਂ ਦੀਆਂ ਮਨੋਕਾਮਨਾ ਪੂਰੀਆਂ ਹੋਣਗੀਆਂ। ਭਾਵ ਸਤਿਗੁਰੂ ਆਪ
ਗੁਰਮਤਿ ਵਿਰੋਧੀ ਗੈਰ ਸਿਧਾਂਤਕ ਗਲ ਕਰਕੇ ਇਹ ਯਕੀਨੀ ਬਣਾ ਦੇਂਦੇ ਹਨ ਕਿ ਹੱਟੀ ਚੰਗੀ
ਤਰ੍ਹਾਂ ਚਲਦੀ ਰਹੇ। ਜੇ ਸੁਫਨਿਆਂ ਤੇ ਬਣੇ ਗੁਰਦੁਆਰਿਆਂ ਦਾ ਵੇਰਵਾ ਦੇਣ ਲੱਗਾਂ ਤਾਂ
ਸ਼ਾਇਦ ਇੱਕ ਅਲੱਗ ਕਿਤਾਬ ਲਿਖਣੀ ਪਵੇ।
ਗਰੁਸਿੱਖੋ! ਆਓ, ਸੁਫਨਿਆਂ ਦੀ ਦੁਨੀਆਂ ਤੋਂ ਬਾਹਰ ਨਿਕਲੀਏ। ਪਹਿਲਾਂ ਹੀ
ਕਾਰਸੇਵਾ ਦੇ ਨਾਂ ਤੇ ਆਪਣਾ ਅਨਮੋਲ ਇਤਿਹਾਸ ਨਾਲੀਆਂ ਵਿੱਚ ਰੋੜ੍ਹ ਚੁਕੇ ਹਾਂ, ਹੁਣ ਆਪਣੇ ਹੱਥੀਂ
ਆਪਣੀਆਂ ਸ਼੍ਰੋਮਣੀ ਸੰਸਥਾਵਾਂ ਬਰਬਾਦ ਨਾ ਕਰੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਖਸ਼ਾਤ ਗੁਰੂ
ਨਾਨਕ, ਗੁਰੂ ਗੋਬਿੰਦ ਸਿੰਘ ਜੀ ਹਨ। ਉਨ੍ਹਾਂ ਨੂੰ ਹੋਰ ਕਿਥੇ ਭਾਲ ਰਹੇ ਹਾਂ? ਗੁਰੂ ਸ਼ਬਦ ਦੀ ਵਿਚਾਰ
ਦੁਆਰਾ ਗੁਰੂ ਦੇ ਦਰਸ਼ਨ ਕਰੀਏ:
ਗੁਰ ਕੀ ਮੂਰਤਿ ਮਨ ਮਹਿ ਧਿਆਨੁ॥ {ਗੋਂਡ ਮਹਲਾ
5, ਪੰਨਾ 864}
(ਹੇ ਭਾਈ