.

300 ਸਾਲਾਂ ਵਿੱਚ ਅਸੀਂ ਕਿੰਨੇ ਕੁ ਸਾਂ ਗੁਰੂ ਨਾਲ …

-ਰਘਬੀਰ ਸਿੰਘ ਮਾਨਾਂਵਾਲੀ

ਜੁਗੋ ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਗੁਰਤਾਗੱਦੀ ਦਿਵਸ ਸਿੱਖ ਕੌਮ ਬੜੀ ਧੂਮ-ਧਾਮ ਨਾਲ ਮਨਾਅ ਚੁੱਕੀ ਹੈ। ਇਸ ਸਮੇਂ ਲਗਭਗ ਪੂਰਾ ਵਰ੍ਹਾ ਨਗਰ ਕੀਰਤਨਾਂ, ਸਮਾਗਮਾਂ, ਲੰਗਰਾਂ ਅਤੇ 300 ਸਾਲਾ ਗੁਰਤਾਗੱਦੀ ਦਿਵਸ ਨੂੰ ਸਮਰਪਤ ਕੀਰਤਨ ਦਰਬਾਰ ਹੁੰਦੇ ਰਹੇ ਹਨ। ਛੋਟੇ-ਛੋਟੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਵੀ ਇਸ ਸਬੰਧ ਵਿੱਚ ਛੋਟਾ ਜਿਹਾ ਸਮਾਗਮ ਕਰਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਵੀ ਇਸ ਸਮੇਂ ਸਾਰੀ ਸਿੱਖ ਕੌਮ ਦੇ ਨਾਲ ਖੜ੍ਹੇ ਹਨ।
ਧਾਰਮਿਕ ਖੇਤਰ ਵਿੱਚ ਇਹ ਸੁਲਾਹਣਯੋਗ ਉੱਦਮ ਸੀ। ਪਰ ਚਾਹੀਦਾ ਤਾਂ ਇਹ ਵੀ ਸੀ ਕਿ ਇਸ ਸਮੇਂ 300 ਸਾਲ ਦਾ ਲੇਖਾ ਜੋਖਾ ਕੀਤਾ ਜਾਂਦਾ ਕਿ ਸਿੱਖੀ ਵਿੱਚ ਕੀ ਨਿਘਾਰ ਆਇਆ ਹੈ? ਤੇ ਸਿੱਖੀ ਚੜ੍ਹਦੀਆਂ ਕਲਾਂ ਵਿੱਚ ਕਿਵੇ ਜਾ ਸਕਦੀ ਹੈ। ਸਿੱਖ ਧਰਮ ਤੋਂ ਸਿਆਸਤ ਦਾ ਗਲਬਾ ਕਿਵੇਂ ਦੂਰ ਕੀਤਾ ਜਾ ਸਕਦਾ। ਸਿੱਖ ਰਹਿਤ ਮਰਯਾਦਾ ਪੂਰੀ ਤਰ੍ਹਾਂ ਲਾਗੂ ਕਿਉਂ ਨਹੀਂ ਹੋਈ …? ਇਸ ਨੂੰ ਲਾਗੂ ਕਰਨ ਵਿੱਚ ਕੀ ਰੁਕਾਵਟਾਂ ਹਨ …? ਸਿੱਖ ਨੌਜਵਾਨਾਂ ਵਿੱਚ ਪਤਿਤਪੁਣਾ ਕਿਉਂ ਵੱਧ ਰਿਹਾ ਹੈ …? ਧਰਮ ਨੂੰ ਸਿਰਫ ਧਰਮ ਹੀ ਕਿਵੇਂ ਰੱਖਿਆ ਜਾ ਸਕਦਾ ਹੈ …? ਭਾਵੇਂ ਸਾਰੀ ਦੁਨੀਆ ਦਾ ਧਰਮ ਇੱਕ ਹੀ ਹੈ, ਉਹ ਹੈ ਸਚਿਆਰਾ ਬਣਨਾ, ਸੱਚ ਨੂੰ ਪ੍ਰਾਪਤ ਕਰਨਾ। ਦੁਨੀਆਂ ਦੇ ਸਾਰੇ ਧਾਰਮਿਕ ਗ੍ਰੰਥ ਸਤਿਕਾਰਯੋਗ ਹਨ। ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਥਾਨ ਸਭ ਤੋਂ ਉਪਰ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਦੁਨੀਆ ਲਈ ਇੱਕ ਜੀਵਨ ਜਾਚ ਦਾ ਮਹਾਨ ਗ੍ਰੰਥ ਹੈ। ਸਮਾਜਿਕ, ਭਾਈਚਾਰਕ, ਧਾਰਮਿਕ ਅਤੇ ਸਦਾਚਾਰਕ ਕਦਰਾਂ-ਕੀਮਤਾਂ ਨਾਲ ਭਰਪੂਰ ਗ੍ਰੰਥ ਹੈ। ਰੱਬੀ ਗੁਣਾ ਨੂੰ ਅਪਨਾ ਕੇ ਪਰਮਾਤਮਾ ਨਾਲ ਸਾਂਝ ਪਾਉਣ ਦਾ ਸੁੰਦਰ ਰਸਤਾ ਦਿਖਾਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਸਾਂਝ ਅਖੌਤੀਆਂ ਨੀਵੀਆਂ ਜਾਤੀਆਂ ਨਾਲ ਹੈ ਉਹ ਹੋਰ ਕਿਸੇ ਵੀ ਗ੍ਰੰਥ ਵਿੱਚ ਵੇਖਣ ਨੂੰ ਨਹੀਂ ਮਿਲਦੀ।
ਗੁਰੂ ਗ੍ਰੰਥ ਸਾਹਿਬ ਦੇ ਗੁਰਤਾਗੱਦੀ ਵਰ੍ਹੇ ਵਿੱਚ ਇੱਕ “ਨਾਹਰਾ” ਸਾਹਮਣੇ ਆਇਆ ਸੀ “300 ਸਾਲ ਗੁਰੂ ਦੇ ਨਾਲ…। “ ਜਿਸ ਨੂੰ ਟੀ. ਵੀ. ਕੇਬਲ ਅਖਬਾਰਾਂ ਅਤੇ ਧਾਰਮਿਕ ਗੀਤਾਂ ਵਿੱਚ ਆਪੋ ਆਪਣੇ ਢੰਗ ਨਾਲ ਸਭ ਨੇ ਗੱਜ-ਵੱਜ ਕੇ ਗਜਾਇਆ ਸੀ। (ਭਾਵੇਂ ਇਹ ਨਾਹਰਾ ਲਾਉਣ ਵਾਲੇ ਆਪ ਗੁਰੂ ਤੋਂ ਕੋਹਾਂ ਦੂਰ ਹੀ ਰਹੇ ਹਨ)
ਇਹਨਾਂ ਪੰਜਾਂ ਸ਼ਬਦਾਂ ਦਾ ਅਰਥ ਹੈ ਕਿ ਅਸੀਂ ਸਭ (ਸਿੱਖ ਅਤੇ ਸਿੱਖ ਕੌਮ) 300 ਸਾਲ ਤੋਂ ਗੁਰੂ ਦੇ ਨਾਲ ਰਹੇ ਹਾਂ … ਤੇ ਨਾਲ ਹਾਂ। ਗੁਰੂ ਦਾ ਹੁਕਮ ਵਜਾ ਰਹੇ ਹਾਂ … ਗੁਰੂ ਗ੍ਰੰਥ ਸਾਹਿਬ ਦੁਆਰਾ ਦੱਸਿਆ ਜੀਵਨ ਫਲਸਫਾ ਅਪਨਾ ਰਹੇ ਹਾਂ … ਤੇ ਗੁਰੂ ਦੀ ਰਜ਼ਾ ਵਿੱਚ ਰਹੇ ਹਾਂ …। ਗੁਰਬਾਣੀ `ਤੇ ਵਿਸ਼ਵਾਸ ਕਰ ਰਹੇ ਹਾਂ …। ਗੁਰਬਾਣੀ ਅਨੁਸਾਰ ਜੀਵਨ ਜੀਅ ਰਹੇ ਹਾਂ …। ਕਿਸੇ ਦੇ ਨਾਲ ਹੋਣ ਦਾ ਅਰਥ ਹੈ ਕਿ ਉਸ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਅਤੇ ਉਸ ਦੇ ਵਿਚਾਰਾਂ ਅਨੁਸਾਰ ਚੱਲਣਾ ਹੈ। ਇਸ ਦਾ ਭਾਵ ਇਹ ਹੋਇਆ ਕਿ ਜਦੋਂ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਮਿਲੀ ਹੈ, ਸਾਰੀ ਸਿੱਖ ਕੌਮ ਉਦੋਂ ਤੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਅਤੇ ਇਸ ਦੀ ਫਿਲਾਸਫੀ ਅਤੇ ਸਿਧਾਂਤ ਅਨੁਸਾਰ ਚੱਲ ਰਹੀ ਹੈ। ਪਰ ਆਲੇ-ਦੁਆਲੇ ਝਾਤੀ ਮਾਰਿਆਂ ਪਤਾ ਚਲਦਾ ਹੈ ਕਿ ਗੁਰਦੁਆਰਿਆਂ ਅਤੇ ਇਸ ਤੋਂ ਬਾਹਰ ਸਭ ਆਪਣੀ ਮਰਜ਼ੀ ਮੁਤਾਬਕ ਹੀ ਕਾਰਜ ਕਰੀ ਜਾ ਰਹੇ ਹਨ। 300 ਸਾਲ ਗੁਰੂ ਨਾਲ ਰਹਿਣ ਦਾ ਨਾਹਰਾ ਤਾਂ ਸਿਰਫ ਇੱਕ ਦਿਖਾਵਾ ਹੀ ਹੈ।
ਸਿੱਖ ਕੌਮ ਦੀ ਰਹਿਨੁਮਾਈ ਕਰਨ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਗਠਨ ਕੀਤਾ ਗਿਆ। ਤਾਂ ਜੋ ਸਿੱਖ ਕੌਮ ਨੂੰ ਸਹੀ ਸੇਧ ਦਿਤੀ ਜਾ ਸਕੇ ਅਤੇ ਧਰਮ ਤੇ ਆਏ ਕਿਸੇ ਵੀ ਸੰਕਟ ਸਮੇਂ ਸਿੱਖ ਸੰਗਤ ਦਾ ਮਾਰਗ ਦਰਸ਼ਕ ਬਣ ਸਕੇ। ਪਰ (ਇਹ ਕਮੇਟੀ ਆਪ ਸਿਆਸਤ ਦੀ ਗੁਲਾਮ ਹੋ ਕੇ ਰਹਿ ਗਈ ਹੈ) ਇਸ ਕੌਮੀ ਜਥੇਬੰਦੀ ਨੇ ਪੰਥਕ ਜਿੰਮੇਵਾਰੀ ਨਿਭਾਉਂਦਿਆਂ ਉਸ ਵਕਤ ਗੁਰੂ ਪੰਥ ਦੇ ਦਾਨਸ਼ਵਰਾਂ, ਪੰਥਕ ਜਥੇਬੰਦੀਆਂ ਦੇ ਸਹਿਯੋਗ, ਸੁਝਾਵਾਂ ਤੇ ਕੀਮਤੀ ਰਾਵਾਂ ਨੂੰ ਪ੍ਰਾਪਤ ਕਰਕੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਨੂੰ ਗੁਰੂ ਪੰਥ ਦੇ ਸਾਹਮਣੇ ਪੇਸ਼ ਕੀਤਾ। ਪਰ ਬਹੁਤ ਅਫਸੋਸ ਵਾਲੀ ਗੱਲ ਹੈ ਕਿ ਪੰਜਾਬ ਅੰਦਰਲੇ ਗੁਰੂ ਅਸਥਾਨਾਂ ਵਿੱਚ ਇਹ ਮਰਯਾਦਾ ਸਿਰਫ 60-70% ਹੀ ਲਾਗੂ ਹੋ ਸਕੀ ਹੈ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਅਨੁਸਾਰ ਬਣੀ ਸਿੱਖ ਰਹਿਤ ਮਰਯਾਦਾ ਨੂੰ ਨਾ ਮੰਨ ਕੇ ਵੀ ਕੀ ਅਸੀਂ ਇਹ ਕਹਿੰਦੇ ਨੀ ਥੱਕਦੇ … ਕਿ 300 ਸਾਲ ਤੋਂ ਗੁਰੂ ਦੇ ਨਾਲ ਹਾਂ …। ਕੀ ਇਹ ਕੋਰਾ ਝੂਠ ਨਹੀਂ … ਕੀ ਸਿਰਫ਼ ਦਿਖਾਵਾ ਨਹੀਂ …। ਜੇ ਅਸੀਂ ਸਿੱਖ ਰਹਿਤ ਮਰਯਾਦਾ ਨੂੰ ਧਿਆਨ ਵਿੱਚ ਰੱਖ ਕੇ ਪੰਜਾਬ ਵਿਚਲੇ ਗੁਰਅਸਥਾਨਾਂ ਅਤੇ ਪੰਜਾਬੋਂ ਬਾਹਰਲੇ ਤਖ਼ਤਾਂ ਬਾਰੇ ਗੱਲ ਕਰੀਏ ਤਾਂ 300 ਸਾਲ ਗੁਰੂ ਦੇ ਨਾਲ ਕਹਿਣ ਵਾਲੇ ਉਹ ਸਭ ਪੰਥ ਦੇ ਦੋਖੀ ਪਾਖੰਡੀ ਅਤੇ ਕਰਮਕਾਂਡੀ ਹੀ ਜਾਪਦੇ ਹਨ। ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਨੂੰ ਗੁਰਦੁਆਰਿਆਂ ਵਿੱਚ ਪੂਰੀ ਤਰ੍ਹਾਂ ਲਾਗੂ ਨਾ ਕਰਨਾ ਅਤੇ ਨਾ ਹੀ ਮੰਨਣਾ ਕੀ ਗੁਰੂ ਨਾਲ ਰਹਿਣ ਵਾਲੀ ਗੱਲ ਹੈ?
ਗੱਲ ਸਿਰਫ ਗੁਰਦੁਆਰਿਆਂ ਵਿੱਚ ਮਰਯਾਦਾ ਦਾ ਲਾਗੂ ਨਾ ਹੋਣਾ ਨਹੀਂ ਹੈ ਬਲਕਿ ਸਿੱਖ ਪੰਥ ਦੇ ਦੋ ਤਖ਼ਤ ਸਾਹਿਬਾਨ ਸਿਰੀ ਹਜ਼ੂਰ ਸਾਹਿਬ ਅਤੇ ਤਖ਼ਤ ਸਿਰੀ ਪਟਨਾ ਸਾਹਿਬ `ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੁੱਲ ਜਿੱਥੇ ਦਸਮ ਗ੍ਰੰਥ ਨੂੰ ਪ੍ਰਕਾਸ਼ਿਆ ਜਾ ਰਿਹਾ ਹੈ, ਉਥੇ ਇਸ ਗ੍ਰੰਥ ਦਾ ਅਖੰਡ ਪਾਠ ਕਰਕੇ ਤੇ ਇਸ ਵਿਚੋਂ ਰੋਜ਼ਾਨਾ ਹੁਕਮਨਾਮਾ ਲੈ ਕੇ ਗੁਰੂ ਸੰਗਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਪਰੋਕਤ ਤਖ਼ਤਾਂ `ਤੇ ਚਲ ਰਹੀਆਂ ਪ੍ਰਰੰਪਰਾਵਾਂ ਵੀ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦੇ ਉਲਟ ਹਨ। ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦੇ ਗੁਰਤਾ ਗੱਦੀ ਦਿਵਸ ਸਮਾਗਮ ਮੁੱਖ ਤੌਰ `ਤੇ ਤਖ਼ਤ ਸਿਰੀ ਹਜ਼ੂਰ ਸਾਹਿਬ ਵਿਖੇ ਹੀ ਮਨਾਏ ਗਏ ਹਨ। ਤੇ ਇਸ ਸਮੇਂ ਪ੍ਰੰਪਰਾਵਾਂ ਨੂੰ ਟੀ. ਵੀ. ਦੇ ਲਾਈਵ ਪ੍ਰੋਗਰਾਮ ਪੂਰੀ ਦੁਨੀਆਂ ਵਿੱਚ ਦਿਖਾਏ ਗਏ ਸਨ। ਇਸ ਤਖ਼ਤ ਤੇ ਸਿੱਖ ਰਹਿਤ ਮਰਯਾਦਾ ਦੇ ਉਲਟ ਚਲਦੀਆਂ ਪ੍ਰੰਪਰਾਵਾਂ ਸਿੱਖੀ ਸਿਧਾਂਤ ਬਾਰੇ ਕੀ ਪ੍ਰਭਾਵ ਦਿੰਦੀਆਂ ਹੋਣਗੀਆਂ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜੱਥੇਦਾਰਾਂ ਇਸ ਉਲਟ ਚਲ ਰਹੀ ਮਰਯਾਦਾ ਦੇ ਬਾਰੇ ਵਿੱਚ ਇੱਕ ਸ਼ਬਦ ਵੀ ਮੂੰਹੋ ਨਹੀਂ ਬੋਲਦੇ। ਕਿਉਂਕਿ ਉਹਨਾਂ ਨੂੰ ਆਪਣੀਆਂ ਕਰਸੀਆਂ ਖੁਸ ਜਾਣ ਦਾ ਡਰ ਹੈ। ਜਦੋਂ ਕਦੀ ਵੀ ਕੋਈ ਪੰਥ ਹਿਤੈਸ਼ੀ ਇਸ ਪੰਥ ਵਿਰੋਧੀ ਮਰਯਾਦਾ ਦੇ ਵਿਰੋਧ ਵਿੱਚ ਅਵਾਜ਼ ਉਠਾਉਂਦਾ ਹੈ ਤਾਂ ਉਸ ਨੂੰ ਪੰਥ ਦੋਖੀ ਆਖ ਕੇ ਪੰਥ ਵਿਚੋਂ ਛੇਕ ਦੇਣ ਵਰਗੀਆਂ ਧਮਕੀਆਂ ਮਿਲ ਜਾਂਦੀਆਂ ਹਨ। ਸਿੱਖ ਰਹਿਤ ਮਰਯਾਦਾ ਦੇ ਭਾਗ 4 (ਹ) ਵਿੱਚ ਸਪਸ਼ਟ ਲਿਖਿਆ ਹੈ ਕਿ “ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਬਰਾਬਰ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ”। ਤਾਂ ਕੀ ਉਪਰੋਕਤ ਤਖਤਾਂ `ਤੇ ਦਸਮ ਗ੍ਰੰਥ ਦਾ ਪ੍ਰਕਾਸ਼ ਕੀ ਗੁਰੂ ਨਾਲ 300 ਸਾਲ ਬਿਤਾਉਣ ਦਾ ਪ੍ਰਮਾਣ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1708 ਈ: ਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੀ ਪਦਵੀ `ਤੇ ਆਪ ਸਥਾਪਿਤ ਕੀਤਾ। ਤੇ ਸਾਰੀ ਸਿੱਖ ਸੰਗਤ ਨੂੰ ਹੁਕਮ ਕਰ ਦਿਤਾ ਕਿ “ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੁ ਮਾਨੀਓ ਗ੍ਰੰਥ” … ਅਤੇ “ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦ ਗੁਰੂ ਸੁਰਤਿ ਧੁਨਿ ਚੇਲਾ” ॥ (ਪੰਨਾ 942-943) ਦੇ ਅਨੁਸਾਰ ਅੱਗੋ ਤੋਂ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੇ ਰੂਪ ਵਿੱਚ ਸਿੱਖ ਕੌਮ ਦੀ ਰਹਿਨੁਮਾਈ ਕਰੇਗਾ। ਤੇ ਅੱਗੇ ਦੇਹਧਾਰੀ ਗੁਰੂ ਦੀ ਪ੍ਰੰਪਰਾ ਨਹੀਂ ਰਹੇਗੀ। ਪਰ ਬੜਾ ਅਫਸੋਸ ਹੁੰਦਾ ਹੈ ਕਿ ਜਦੋਂ ਨਾਮਧਾਰੀ ਸੰਪ੍ਰਦਾ ਦੇਹਧਾਰੀ ਗੁਰੂ ਹੋਣ `ਤੇ ਵਿਸ਼ਵਾਸ ਪ੍ਰਗਟ ਕਰਦੀ ਹੈ। ਇਸ ਸੰਪਰਦਾ ਦੇ ਅਨੁਆਈ ਬਾਬਾ ਰਾਮ ਸਿੰਘ ਜੀ ਨੂੰ 12ਵਾਂ ਗੁਰੂ ਕਹਿ ਕੇ ਸਤਿਕਾਰਦੇ ਹਨ। ਕੀ ਇਹ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੀ ਉਲੰਘਣਾ ਨਹੀਂ ਹੈ? ਉਹਨਾਂ ਦੇ ਮਹਾਨ ਫਲਸਫੇ ਦੀ ਤੌਹੀਨ ਨਹੀਂ ਹੈ? ਇੱਕ ਥਾਂ ਬਾਬਾ ਰਾਮ ਸਿੰਘ ਜੀ ਵੀ ਲਿਖਦੇ ਹਨ, “ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹੈ, ਜੋ ਸ਼ਬਦ ਗੁਰੂ ਜਿੱਥੇ ਕੋਈ ਮੰਨੂਗਾ, ਉਥੇ ਹੀ ਭਲਾ ਹੋ ਜਾਉਗਾ”। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਸਿਆਸੀ ਨੇਤਾ ਨਾਮਧਾਰੀ ਸਮਾਗਮਾਂ ਵਿੱਚ ਜਾਂਦੇ ਹਨ। ਪਰ ਉਹਨਾਂ ਦੀ ਪੰਥ ਵਿਰੋਧੀ ਵਿਚਾਰਧਾਰਾ ਅਤੇ ਪ੍ਰੰਪਰਾਵਾਂ ਬਾਰੇ ਕੁੱਝ ਨਹੀਂ ਕਹਿੰਦੇ … ਕੀ ਇਹ ਗੁਰੂ ਦੇ ਹੁਕਮਾਂ ਦੀ ਉਲੰਘਣਾ ਨਹੀ ਹੈ?
ਜਦੋਂ ਘਰਾਂ ਵਿੱਚ ਅਖੰਡ ਪਾਠ ਕਰਾਏ ਜਾਂਦੇ ਹਨ ਤਾਂ ਅਨੇਕਾਂ ਹੀ ਕਰਮ ਕਾਂਡਾਂ `ਤੇ ਮਨਮਤ ਦੇ ਕਾਰਜ ਕੀਤੇ ਜਾਂਦੇ ਹਨ। ਕਮੇਟੀ ਵਲੋਂ ਇਹ ਹੁਕਮ ਪੰਥ ਪ੍ਰਵਾਨਿਤ ਹੈ। ਸਿੱਖ ਰਹਿਤ ਮਰਯਾਦਾ ਦੇ ਅਖੰਡ ਪਾਠ ਭਾਗ (ੲ) ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ ਜੋਤ, ਨਲੀਏਰ ਆਦਿ ਰੱਖਣਾ ਜਾਂ ਨਾਲ-ਨਾਲ ਜਾਂ ਵਿਚ-ਵਿਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮਤ ਹੈ। ਪਰ ਅਕਸਰ ਹੀ ਗੁਰਦੁਆਰਿਆਂ ਅਤੇ ਖਾਸ ਕਰਕੇ ਘਰਾਂ ਵਿੱਚ ਜਦੋਂ ਅਖੰਡ ਪਾਠ ਦਾ ਅਰੰਭ ਕੀਤਾ ਜਾਂਦਾ ਹੈ ਤਾਂ ਪਾਣੀ ਦਾ ਘੜਾ (ਕੁੰਭ, ਜੋਤ ਨਲੀਏਰ ਆਦਿ ਉਚੇਚੇ ਤੌਰ `ਤੇ ਰੱਖੇ ਜਾਂਦੇ ਹਨ ਅਤੇ ਕਈ ਥਾਂਈ ਤਾਂ ਅਖੰਡ ਪਾਠ ਦੇ ਨਾਲ-ਨਾਲ ਜਪੁ ਜੀ ਸਾਹਿਬ ਦਾ ਪਾਠ ਵੀ ਰੱਖਿਆ ਜਾਂਦਾ ਹੈ। ਸਿੱਖ ਰਹਿਤ ਮਰਯਾਦਾ ਮੁਤਾਬਕ ਇਹ ਮਨਮੱਤ ਹੈ ਤਾਂ ਫਿਰ ਸਿੱਖ ਸੰਗਤ ਅਜਿਹਾ ਕਿਉਂ ਕਰਦੀ ਹੈ? ਸ਼ਰੋਮਣੀ ਕਮੇਟੀ ਦੇ ਥਾਪੇ ਹੋਏ ਜਥੇਦਾਰ ਅਤੇ ਸਤਿਕਾਰ ਕਮੇਟੀਆਂ ਦੇ ਪ੍ਰਧਾਨ ਅਤੇ ਅਹੁਦੇਦਾਰ ਇਹ ਸਭ ਕੁੱਝ ਵੇਖ ਕੇ ਚੁੱਪ ਕਿਉਂ ਰਹਿੰਦੇ ਹਨ …? ਅਜਿਹੀ ਮਨਮੱਤ ਕਰਕੇ ਵੀ ਸਿੱਖ ਸੰਗਤ 300 ਸਾਲ ਗੁਰੂ ਦੇ ਨਾਲ ਰਹਿਣ ਦਾ ਨਾਹਰਾ ਕਿਹੜੇ ਮੂੰਹ ਨਾਲ ਲਗਾ ਰਹੀ ਹੈ। ਕੀ ਅਜਿਹਾ ਕਰਨ ਵਾਲੇ ਸਿੱਖਾਂ ਨੂੰ ਗੁਰੂ ਦਾ ਸਿੱਖ ਕਿਹਾ ਜਾ ਸਕਦਾ ਹੈ?
ਹਿੱਕਾਂ ਤਾਣ ਕੇ ਅਤੇ ਪੱਬਾਂ ਭਾਰ ਹੋ ਕੇ ਇਕੇ ਦੂਸਰੇ ਤੋਂ ਪਹਿਲਾਂ ਸੰਘ ਪਾੜ੍ਹਵੀਂ ਅਵਾਜ਼ ਵਿੱਚ “300 ਸਾਲ ਗੁਰੂ ਦੇ ਨਾਲ” ਕਹਿਣ ਵਾਲੀ ਸਿੱਖ ਕੌਮ ਦੀ ਗੁਰਮਤਿ ਰਹਿਣੀ ਬਾਰੇ ਵੀ ਗੱਲ ਕਰ ਲਈਏ। ਸਿੱਖ ਰਹਿਤ ਮਰਯਾਦਾ ਵਿੱਚ ਸਿੱਖ ਦੀ ਗੁਰਮਤਿ ਰਹਿਣੀ ਬਾਰੇ ਖੋਹਲ ਕੇ ਲਿਖਿਆ ਹੈ ਕਿ ਇੱਕ ਆਮ ਸਿੱਖ-ਦੀ ਰਹਿਣੀ, ਕ੍ਰਿਤ, ਵਿਰਤ, ਗੁਰਮਤਿ ਅਨੁਸਾਰ ਹੋਵੇ। (ੳ) ਇੱਕ ਅਕਾਲ ਪੁਰੱਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ। ਦਸ ਗੁਰੂ ਸਾਹਿਬਾਨ `ਤੇ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਦੀ ਗੁਰਬਾਣੀ ਨੂੰ ਮੰਨਣਾ। ਜਾਤ-ਪਾਤ, ਛੂਤ-ਛਾਤ, ਜੰਤ੍ਰ-ਮੰਤ੍ਰ-ਤੰਤਰ, ਸ਼ਗਨ, ਤਿੱਥ, ਮਹੂਰਤ ਗ੍ਰਹਿ, ਰਾਸ਼ੀ, ਸਰਾਧ ਦੀਵਾ, ਕਿਰਿਆ ਕਰਮ, ਭੱਦਣ, ਇਕਾਦਸ਼ੀ, ਪੂਰਨਮਾਸ਼ੀ ਆਦਿ ਭਰਮ-ਰੂਪ ਕਰਮਾਂ ਉਤੇ ਨਿਸਚਾ ਨਹੀਂ ਕਰਨਾ। ਗੁਰੁ ਅਸਥਾਨ ਤੋਂ ਕਿਸੇ ਅਨ-ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮੰਨਣਾ। 29 ਮਾਰਚ 1695 (ਪਹਿਲੀ ਵਿਸਾਖ ਸੰਮਤ 1752 ਬਿਕਮ੍ਰੀ ਦੇ ਦਿਨ ਅੰਨਦਪੁਰ ਵਿੱਚ ਸੰਗਤਾਂ ਦੇ ਇੱਕ ਇਕੱਠ ਸਮੇਂ ਗੁਰੂ ਗੋਬਿੰਦ ਸਿੰਘ ਨੇ ਹੁਕਮਨਾਮਾ ਜਾਰੀ ਕਰ ਦਿਤਾ ਸੀ ਕਿ ਅੱਜ ਤੋਂ ਬਾਅਦ ਕੋਈ ਸਿੱਖ ਆਪਣੇ ਕੇਸ ਨਹੀਂ ਕਟਾਏਗਾ … ਭੱਦਣ ਨਹੀਂ ਕਰੇਗਾ। ਅੱਜ ਅਨੇਕਾਂ ਹੀ ਸਿੱਖ ਹਿੰਦੂ ਦੇਵੀ-ਦੇਵਤਿਆਂ ਦੇ ਅਸਥਾਨ `ਤੇ ਜਾਂਦੇ ਹਨ ਅਤੇ ਆਪਣੇ ਨਵ-ਜੰਮੇ ਬੱਚੇ ਦਾ ਭੱਦਣ ਵੀ ਕਰਾਉਂਦੇ ਹਨ ਅਤੇ ਤਿਲਕ ਲਗਾਉਂਦੇ ਹਨ। ਗੁਰੂ ਨਾਲ ਰਹਿ ਕੇ ਸਿੱਖਾਂ ਵਲੋਂ ਕੇਸ ਕਤਲ ਕੀਤੇ ਜਾ ਰਹੇ ਹਨ ਅਤੇ ਸਿੱਖ ਬੀਬੀਆਂ ਭਰਵੱਟਿਆਂ ਦੇ ਵਾਲ ਕੱਟ ਕੇ ਰੋਮਾਂ ਦੀ ਬੇਅਦਬੀ ਖੁਲ੍ਹੇ ਆਮ ਕਰ ਰਹੀਆਂ ਹਨ। ਕੀ ਇਸ ਤਰ੍ਹਾਂ ਕਰਨ ਵਾਲੇ ਸਿੱਖ ਆਪਣੇ ਧਰਮ ਵਿੱਚ ਪੱਰਪਕ ਹਨ ਅਤੇ ਕੀ ਉਹ ਸੱਚੇ ਸਿੱਖ ਹਨ?
ਸਿੱਖ ਰਹਿਤ ਮਰਯਾਦਾ ਗੁਰੂ ਸਾਹਿਬਾਨ ਦੀ ਰੂਹਾਨੀ ਬਾਣੀ ਦੇ ਸਿਧਾਂਤਾਂ ਦਾ ਤੱਤ ਕੱਢ ਕੇ ਬਣਾਈ ਗਈ ਹੈ। ਪਰ ਅੱਜ ਸਾਡੇ ਸਿੱਖ ਜੋ 300 ਸਾਲ ਗੁਰੂ ਦੇ ਨਾਲ ਰਹਿਣ ਦਾ ਦਾਅਵਾ ਕਰਦੇ ਹਨ, ਪਰ ਉਹ ਸਾਰੇ ਸੱਜਣ ਗੁਰਬਾਣੀ ਦੇ ਸਿਧਾਤਾਂ ਨੂੰ ਭੁਲ ਚੁੱਕੇ ਹਨ। ਬਹੁਤ ਸਿੱਖ ਜਾਤ-ਪਾਤ ਨੂੰ ਮੰਨਦੇ ਹਨ। ਪਿੰਡਾਂ ਅਤੇ ਸ਼ਹਿਰਾਂ ਵਿੱਚ ਸਿੱਖਾਂ ਦੇ ਅਤੇ ਆਧਰਮੀਆਂ ਦੇ ਅਲੱਗ ਅਲੱਗ ਗੁਰਦੁਆਰੇ ਬਣੇ ਹੋਏ ਹਨ ਜਦ ਕਿ ਦੋਨਾਂ ਗੁਰਦੁਆਰਿਆਂ ਵਿੱਚ ਪ੍ਰਕਾਸ਼ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਇਕੋ ਹੀ ਹਨ।
ਅੱਜ ਵਿਆਹ ਸ਼ਾਦੀਆਂ ਅਤੇ ਘਰ ਬਨਾਉਣ ਤੇ ਗ੍ਰਹਿ ਪ੍ਰਵੇਸ਼ ਸਮੇਂ ਪੰਡਤਾਂ ਤੋਂ ਮਹੂਰਤ ਕਢਵਾਏ ਜਾਂਦੇ ਹਨ। ਪੁਛਾਂ ਲਈਆਂ ਜਾਂਦੀਆਂ ਹਨ। ਜੋਤਿਸ਼ ਤੇ ਵਿਸ਼ਵਾਸ ਕੀਤਾ ਜਾਂਦਾ ਹੈ। ਪੁੰਨਿਆ ਅਤੇ ਮੱਸਿਆ ਗੁਰਦੁਆਰਿਆਂ ਵਿੱਚ ਮਨਾਈ ਜਾਂਦੀ ਹੈ।
ਦੁਆਬੇ ਵਿੱਚ ਸਾਰੇ ਪਿੰਡਾਂ ਵਿੱਚ ਹਰੇਕ ਪਰਿਵਾਰ ਨੇ ਆਪਣੀ ਜ਼ਮੀਨ ਤੇ ਮੜ੍ਹੀਆਂ ਬਣਾਈਆਂ ਹੋਈਆਂ ਹਨ, ਜਿਸ ਦੀ ਪੂਜਾ ਕੀਤੀ ਜਾਂਦੀ ਹੈ। ਥੜ੍ਹੇ ਬਣਾ ਕੇ ਮੱਥੇ ਟੇਕੇ ਜਾਂਦੇ ਹਨ। ਉਸ ਅਸਥਾਨ `ਤੇ ਕਿਸੇ ਖੁਸ਼ੀ ਦੇ ਮੌਕੇ `ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਅਖੰਡ ਪਾਠ ਵੀ ਕਰਵਾਏ ਜਾਂਦੇ ਹਨ। (ਭਾਵੇਂ ਅਕਾਲ ਤੱਖਤ ਦੇ ਹੁਕਮਨਾਮੇ ਦੇ ਤਹਿਤ ਮੜ੍ਹੀਆਂ ਅਤੇ ਮਸੀਤਾਂ `ਤੇ ਅਖੰਠ ਪਾਠ ਨਹੀਂ ਕਰਵਾਏ ਜਾ ਸਕਦੇ, ਪਰ ਸ਼ਰੋਮਣੀ ਕਮੇਟੀ ਦੇ ਜਥੇਦਾਰਾਂ ਅਤੇ ਮੈਂਬਰਾਂ ਦੀ ਹਾਜ਼ਰੀ ਵਿੱਚ ਮੜ੍ਹੀਆਂ ਮਸੀਤਾਂ ਅਤੇ ਜਠੇਰਿਆਂ `ਤੇ ਅਖੰਠ ਪਾਠ ਨਿਰੰਤਰ ਹੋ ਰਹੇ ਹਨ।) ਅਜਿਹੇ ਅਸਥਾਨਾਂ `ਤੇ ਸ੍ਰੋਮਣੀ ਕਮੇਟੀ ਦੇ ਜਥੇਦਾਰ ਸਟੇਜ਼ `ਤੇ ਸਬੰਧਤ ਪਰਿਵਾਰ ਨੂੰ `ਗੁਰ ਸਿੱਖ ਪਰਿਵਾਰ` ਹੋਣ ਦਾ ਮਾਣ ਦਿੰਦੇ ਹਨ। ਬਹੁਤ ਸਾਰੇ ਸਿੱਖ ਸਰਾਧ ਵੀ ਕਰਵਾਉਂਦੇ ਹਨ। ਸਿੱਖ ਬੀਬੀਆਂ ਬੜੇ ਜੋਸ਼ ਨਾਲ ਕਰਵਾ ਚੌਥ ਦਾ ਵਰਤ ਵੀ ਰੱਖਦੀਆਂ ਹਨ। ਕੀ ਇਹ ਪ੍ਰਮਾਣ ਗੁਰੂ ਨਾਲ ਰਹਿਣ ਅਤੇ ਗੁਰਬਾਣੀ ਨੂੰ ਮੰਨਣ ਦਾ ਹੈ?
ਸਿੱਖ ਰਹਿਤ ਮਰਯਾਦਾ ਵਿੱਚ ਸਿੱਖ ਨੂੰ ਭੰਗ, ਅਫੀਮ, ਸ਼ਰਾਬ, ਤਮਾਕੂ ਆਦਿ ਨਸ਼ੇ ਨਾ ਵਰਤਣ ਦਾ ਹੁਕਮ ਹੈ। ਪਰ ਕਿੱਡੇ ਅਫਸੋਸ ਦੀ ਗੱਲ ਹੈ ਕਿ ਤਿੰਨ ਸੌ ਸਾਲ ਗੁਰੂ ਨਾਲ ਰਹਿਣ ਤੋਂ ਬਾਅਦ ਪੰਜਾਬ ਵਿੱਚ ਨਸ਼ਿਆ ਦਾ ਛੇਵਾਂ ਦਰਿਆ ਨਿਰੰਤਰ ਵਗਣ ਲਗ ਪਿਆ ਹੈ। ਜਿਸ ਵਿੱਚ ਪੰਜਾਬ ਦੀ ਨੌਜਵਾਨ ਪੀੜ੍ਹੀ ਡੁਬਕੀਆਂ ਲਾ ਕੇ ਆਪਣਾ ਜੀਵਨ ਤਬਾਹ ਕਰੀ ਜਾ ਰਹੀ ਹੈ। ਮੈਰਿਜ ਪੈਲਸਾਂ ਵਿੱਚ ਲੜਕੀ ਵਾਲਿਆਂ ਵਲੋਂ ਪਾਣੀ ਵਾਂਗ ਸ਼ਰਾਬ ਵਰਤਾਈ ਜਾ ਰਹੀ ਹੈ। ਅਲੜ੍ਹ ਕਿਸਮ ਦੇ ਨੌਜਵਾਨ ਬੱਚੇ ਮੈਰਿਜ਼ ਪੈਲਸਾਂ ਵਿਚੋਂ ਹੀ ਸ਼ਰਾਬ ਪੀਣੀ ਸਿੱਖ ਰਹੇ ਹਨ। ਸਿੱਖ ਸ਼ਰਾਬ ਪੀ ਕੇ, ਗੀਤ -ਸੰਗੀਤ ਕਰਨ ਵਾਲੀਆਂ ਲੜਕੀਆਂ (ਜੋ ਉਹਨਾਂ ਦੀਆਂ ਧੀਆਂ-ਭੈਣਾਂ ਵਰਗੀਆਂ ਹੁੰਦੀਆਂ ਹਨ) ਨਾਲ ਉਹਨਾਂ ਦੇ ਅਸ਼ਲੀਲ ਗਾਣਿਆਂ ਉਤੇ ਡਾਂਸ ਕਰਦੇ ਹਨ।
ਸਿੱਖ ਨੂੰ ਹੁਕਮ ਹੈ ਕਿ ਦੂਸਰੇ ਦੀਆਂ ਧੀਆਂ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਜਾਣੇ। ਪਰ ਵਿਆਹੀਆਂ ਲੜਕੀਆਂ ਦੇ ਸਹੁਰੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ, ਦਾਜ ਲਈ ਲੜਕੀਆਂ ਜਲਾਈਆਂ ਜਾਂਦੀਆਂ ਹਨ। ਨਿੱਤ ਤਲਾਕ ਕੀਤੇ ਜਾ ਰਹੇ ਹਨ। ਲੜਕੀਆਂ ਨੂੰ ਰੁਲਣ ਲਈ ਸੜਕਾਂ `ਤੇ ਕੱਢ ਦਿਤਾ ਜਾਂਦਾ ਹੈ। ਅਨੇਕਾਂ ਹੀ ਬਲਾਤਕਾਰ ਦੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ।
ਅੱਜ ਨਿੱਤ ਸਤਿਗੁਰ ਸੰਤ ਤੇ ਸਾਧ ਪ੍ਰਗਟ ਹੋ ਰਹੇ ਹਨ। ਅਤੇ ਉਹਨਾਂ ਨੇ ਸਾਧ ਸੰਗਤ ਨੂੰ ਗੁਮਰਾਹ ਕਰਕੇ ਆਪਣੇ ਆਲੀਸ਼ਾਨ ਡੇਰੇ ਬਣਾ ਲਏ ਹਨ। ਜਿਥੇ ਉਹਨਾਂ ਨੇ ਮਨ ਮਰਜ਼ੀ ਦੀ ਮਰਯਾਦਾ ਲਾਗੂ ਕੀਤੀ ਹੋਈ ਹੈ ਅਤੇ ਡੇਰੇ ਵਿੱਚ ਉਹ ਆਪਣੇ ਆਪਨੂੰ ਮੱਥੇ ਟਿਕਾਉਂਦੇ ਹਨ। “ਹਉ ਬਲਿਹਾਰੀ ਸੰਤਨ ਤੇਰੇ ਜਿਨਿ ਕਾਮੁ ਕ੍ਰੋਧੁ ਲੋਭੁ ਪੀਠਾ ਜੀਉ॥“ (ਮਾਝ ਮਹਲਾ 5 ਪੰਨਾ 108) ਕਿ ਤੇਰੇ ਜਿਨ੍ਹਾਂ ਸੰਤਾਂ ਨੇ ਆਪਣੇ ਅੰਦਰੋਂ ਕਾਮ, ਕ੍ਰੋਧ, ਲੋਭ ਨੂੰ ਪੀਹ ਦਿੱਤਾ (ਨਾਸ਼ ਕਰ ਦਿੱਤਾ) ਹੈ, ਮੈਂ ਉਨ੍ਹਾਂ ਤੋਂ ਕੁਰਬਾਨ ਜਾਂਦਾ ਹਾਂ। ਪਰ ਕਿਥੇ ਰਹਿੰਦੇ ਨੇ ਅਜਿਹੇ ਸੰਤ, ਜਿਨ੍ਹਾਂ ਨੂੰੇ ਗੁਰੂ ਅਰਜਨ ਦੇਵ ਜੀ ਕਹਿ ਰਹੇ ਹਨ? ਅੱਜ ਜਿਧਰ ਵੀ ਝਾਤ ਮਾਰੀਏ ਤਾਂ ਸੰਤ ਰੂਪ ਵਿੱਚ ਸਿਰਫ਼ ਠੱਗ ਹੀ ਨਜ਼ਰ ਆ ਰਹੇ ਹਨ। ਮਹਿੰਗੀਆਂ ਕਾਰਾਂ, ਏ. ਸੀ. ਕਮਰੇ, ਚੇਲੇ ਚਾਟੜੇ, ਦਾਸੀਆਂ, ਭਾੜੇ ਦੇ ਗੁੰਡੇ, ਵੱਡੇ-ਵੱਡੇ ਡੇਰੇ, ਆਪ ਬਣੇ 108, 1008 ਆਦਿ। (ਇਹਨਾਂ ਦੇ ਡੇਰਿਆਂ `ਤੇ ਜਾਇਦਾਦਾਂ ਅਤੇ ਗੋਲਕਾਂ ਲਈ ਲੜਾਈਆਂ ਵੀ ਹੁੰਦੀਆਂ ਹਨ) ਕੀ ਇਨ੍ਹਾਂ ਸੰਤਾਂ ਦਾ ਜ਼ਿਕਰ ਕੀਤਾ ਸੀ ਗੁਰੂ ਜੀ ਨੇ …? ਅੱਜ ਦੇ ਅਖੌਤੀ ਸਾਧ ਅਤੇ ਸੰਤ ਵੀ 300 ਸਾਲ ਗੁਰੂ ਦੇ ਨਾਲ ਰਹਿਣ ਦਾ ਹੋਕਾ ਲਗਾ ਰਹੇ ਹਨ। ਭਾਵੇਂ ਉਹ ਗੁਰਬਾਣੀ ਦੇ ਸਿਧਾਂਤ ਦੀਆਂ ਧੱਜੀਆਂ ਉਡਾਅ ਰਹੇ ਹਨ। ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਹਨ: “ਪਰ ਤ੍ਰਿਅ ਰੂਪ ਨ ਪੇਖੈ ਨੇਤ੍ਰ॥“ (ਗਉੜੀ ਸੁਖਮਨੀ) ਪਰ ਅਜੋਕੇ ਆਪੂੰ ਬਣੇ ਅਖੌਤੀ ਸਾਧ ਸੰਤ ਨਿੱਤ ਬਲਾਤਕਾਰਾਂ ਵਰਗੇ ਕੇਸਾਂ ਵਿੱਚ ਫਸੇ ਜੇਲ੍ਹਾਂ ਦੀ ਹਵਾ ਫੱਕ ਰਹੇ ਹਨ। ਉਹ ਜਥੇਬੰਦੀਆਂ, ਡੇਰੇ, ਗੁਰਦੁਆਰੇ ਅਤੇ ਤਖ਼ਤ ਜਿਹੜੀਆਂ ਸਿੱਖ ਰਹਿਤ ਮਰਯਾਦਾ ਨੂੰ ਨਾ ਮੰਨਦੀਆਂ ਹਨ ਤੇ ਨਾ ਹੀ ਪ੍ਰਚਾਰਦੀਆਂ ਹਨ, ਕਿਵੇਂ ਸਿੱਖੀ ਸਿਧਾਂਤਾਂ ਦੀ ਰਾਖੀ ਕਰ ਸਕਦੀਆਂ ਹਨ?
ਜਨਮ ਸਮੇਂ ਵੀ ਕਈ ਤਰ੍ਹਾਂ ਦੇ ਭਰਮ ਅਤੇ ਕਰਮ ਕਾਂਡ ਕੀਤੇ ਜਾਂਦੇ ਹਨ। ਸੂਤਕ-ਪਾਤਕ ਮੰਨਦੇ ਹਨ। ਜਦੋਂ ਕਿ ਆਸਾ ਕੀ ਵਾਰ ਵਿੱਚ ਅਜਿਹੇ ਭਰਮਾਂ ਨੂੰ ਗੁਰੂ ਸਾਹਿਬ ਨੇ ਭੰਡਿਆ ਹੈ। ਵਿਆਹ ਸਮੇਂ ਥਿਤਿ-ਵਾਰ, ਚੰਗੇ-ਮੰਦੇ ਦਿਨ ਦੀ ਖੋਜ ਕਰਨ ਲਈ ਪੱਤ੍ਰੀ ਵਾਚਦੇ ਹਨ। ਵਿਆਹ ਸਮੇਂ ਵੇਸਵਾ ਦਾ ਨਾਚ ਅਤੇ ਸ਼ਰਾਬ ਦੀ ਵਰਤੋਂ ਦੀ ਮਨਾਹੀ ਹੈ। ਪਰ ਅੱਜ ਸਿੱਖ ਬੜੀ ਮਾਣ ਤੇ ਸ਼ਾਨ ਨਾਲ ਮੈਰਿਜ਼ ਪੈਲਸਾਂ ਵਿੱਚ ਕੁੜੀਆਂ ਦੇ ਡਾਂਸ ਕਰਾਉਂਦੇ ਹਨ ਅਤੇ ਇਸ ਡਾਂਸ `ਤੇ ਸ਼ਰਾਬ ਨਾਲ ਟੱਲੀ ਹੋ ਕੇ ਆਪ ਵੀ ਭੰਗੜਾ ਨੁਮਾ ਡਾਂਸ ਕਰਦੇ ਹਨ। ਏਹੀ ਪ੍ਰਮਾਣ ਹੈ ਸਾਡਾ ਗੁਰੂਆਂ ਨਾਲ ਰਹਿਣ ਦਾ …। ਜਿਹਨਾਂ ਬੁਰਾਈ ਤੋਂ ਦੂਰ ਰਹਿਣ ਲਈ ਗੁਰੂ ਸਾਹਿਬਾਨ ਨੇ ਮਨਾਹੀ ਕੀਤੀ ਸੀ ਉਹੀ ਬੁਰਾਈਆਂ ਅੱਜ ਸਿੱਖ ਅਪਨਾ ਰਹੇ ਹਨ। ਜੇ ਗੁਰੂ ਨਾਲ ਰਹਿਣ ਦੀ ਸਚਾਈ ਸਿੱਖਾਂ ਵਿੱਚ ਹੈ ਤਾਂ ਤਾਂ ਅੱਜ ਗੁਰੂ ਵਿੱਚ ਵਿਸਵਾਸ਼ ਰੱਖਣ ਵਾਲੇ ਸਮਾਜਿਕ ਬੁਰਾਈਆਂ ਦੇ ਗੁਲਾਮ ਕਿਉਂ ਬਣ ਗਏ ਹਨ?
ਸਿੱਖ ਰਹਿਤ ਮਰਯਾਦਾ ਵਿੱਚ ਅਨੰਦ ਸੰਸਕਾਰ (ਘ) ਵਿੱਚ ਅਨੰਦ ਸੰਸਕਾਰ ਬਾਰੇ ਸਪਸ਼ਟ ਹਦਾਇਤ ਕੀਤੀ ਗਈ ਹੈ ਕਿ ਜਿਤਨੇ ਥੋੜ੍ਹੇ ਆਦਮੀ ਲੜਕੀ ਵਾਲਾ ਮੰਗਾਵੇ ਉਤਨੇ ਹੀ ਲੈਕੇ ਲੜਕਾ ਸਹੁਰੇ ਘਰ ਜਾਵੇ। ਪਰ ਅੱਜ ਲੜਕੀ ਵਾਲਿਆਂ `ਤੇ ਲੜਕੇ ਵਾਲਿਆਂ ਵਲੋਂ ਸ਼ਰਤਾਂ ਲਗਾ ਦਿਤੀਆਂ ਜਾਂਦੀਆਂ ਹਨ ਕਿ ਸਾਡੀ ਬਰਾਤ ਦੀ ਗਿਣਤੀ ਪੰਜ ਸੌ ਹੋਵੇਗੀ ਅਤੇ ਉਸ ਦੀ ਸੇਵਾ ਕਰਨ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਤੇ ਬਰਾਤ ਦੇ ਖਾਣੇ ਵਿੱਚ ਕਈ ਕਿਸਮ ਦੇ ਮਾਸਾਹਾਰੀ ਪਕਵਾਨ ਅਤੇ ਵਿਦੇਸ਼ਾਂ ਦੀ ਮਹਿੰਗੀ ਸ਼ਰਾਬ ਦੀ ਮੰਗ ਵੀ ਕੀਤੀ ਜਾਂਦੀ ਹੈ। ਇਹ ਹੈ ਸਾਡਾ ਗੁਰਬਾਣੀ ਵਿਚਲੀਆਂ ਹਦਾਇਤਾਂ ਨੂੰ ਮੰਨਣ ਦਾ ਪ੍ਰਮਾਣ …।
ਮਿਰਤਕ ਸੰਸਕਾਰ ਸਮੇਂ ਵੀ ਅਸੀਂ ਸਿੱਖ ਰਹਿਤ ਮਰਯਾਦਾ ਦੀਆਂ ਧੱਜੀਆਂ ਉਡਾਂਦੇ ਹਾਂ। ਪ੍ਰਾਣੀ ਦੇ ਦੇਹ ਤਿਆਗਣ `ਤੇ ਅਸੀਂ ਧਾਹ ਮਾਰਦੇ ਅਤੇ ਪਿੱਟ ਸਿਆਪਾ ਕਰਦੇ ਹਾਂ ਜੋ ਮਨਮਤ ਹੈ। ਅੱਧ-ਮਾਰਗ `ਤੇ ਜਾ ਕੇ ਧਮਾਲ ਭੰਨਣਾ, ਮਨਮਤ ਹੈ ਪਰ ਇਸ ਤਰ੍ਹਾਂ ਬਹੁਤ ਸਾਰੇ ਪਿੰਡਾਂ ਵਿੱਚ ਕੀਤਾ ਜਾਂਦਾ ਹੈ। ਮ੍ਰਿਤਕ ਪ੍ਰਾਣੀ ਨੂੰ ਅਗਨੀ ਦਿਖਾਉਣ ਤੋਂ ਬਾਅਦ ਇੱਕ ਲੰਮਾ ਡੰਡਾ ਜੋ ਅੰਗੀਠੇ ਦੇ ਲਾਗੇ ਹੀ ਰੱਖਿਆ ਜਾਂਦਾ ਹੈ ਨੂੰ ਮ੍ਰਿਤਕ ਦੀ ਚਿਖਾ ਨਾਲ ਸੱਤ ਵਾਰ ਛੁਹਾਅ ਕੇ ਸੁੱਟਿਆ ਜਾਂਦਾ ਹੈ। ਸਾਰੇ ਹਾਜ਼ਰ ਲੋਕਾਂ ਦੁਆਰਾ ਘਾਹ ਦਾ ਤੀਲਾ ਪੁਟ ਕੇ ਚਿਖਾ ਤੇ ਸੁਟਿਆ ਜਾਂਦਾ ਹੈ ਅਤੇ ਫਿਰ ਵਾਪਸੀ `ਤੇ ਪਾਣੀ ਦੇ ਛਿੱਟੇ ਸਾਰੇ ਸਰੀਰ `ਤੇ ਮਾਰੇ ਜਾਂਦੇ ਹਨ ਜੋ ਸਰਾਸਰ ਮਨਮਤ ਹੈ।
ਗੁਰੂ ਨਾਨਕ ਦੇਵ ਜੀ ਨੇ ਲੰਗਰ ਦੀ ਪ੍ਰਥਾ ਭੁੱਖੇ ਪਿਆਸੇ ਲੋਕਾਂ ਲਈ ਸ਼ੁਰੂ ਕੀਤੀ ਸੀ ਤੇ ਲੰਗਰ ਇੱਕ ਪੰਗਤ ਵਿੱਚ ਬੈਠ ਕੇ ਛਕੇ ਜਾਣ ਦਾ ਸਿਧਾਂਤ ਬਣਾਇਆ ਸੀ। ਲੰਗਰ ਛੱਕਣ ਲਈ ਉਚ-ਨੀਚ ਵਰਨ-ਜਾਤ ਆਦਿ ਦਾ ਵਿਤਕਰਾ ਨਾ ਕੀਤਾ ਜਾਵੇ ਅਤੇ ਲੰਗਰ ਵਿੱਚ ਸਿਰਫ ਦਾਲ-ਫੁਲਕਾ ਹੀ ਪ੍ਰਵਾਨ ਕੀਤਾ ਗਿਆ ਸੀ। ਪਰ ਅੱਜ ਕਲ ਲੰਗਰ ਵਿੱਚ ਛੱਤੀ ਕਿਸਮ ਦੇ ਪਦਾਰਥ ਤਿਆਰ ਕਰਾਏ ਜਾਂਦੇ ਹਨ। ਘਰਾਂ ਵਿੱਚ ਰੱਖੇ ਅਖੰਡ ਪਾਠ ਦੇ ਭੋਗ ਸਮੇਂ ਸਭ ਤੋਂ ਪਹਿਲਾਂ ਪ੍ਰਾਹੁਣਿਆਂ ਨੂੰ ਕੁਰਸੀਆਂ ਮੇਜ਼ਾਂ `ਤੇ ਹੀ ਲੰਗਰ ਛਕਾਇਆ ਜਾਂਦਾ ਹੈ। ਮਜਦੂਰਾਂ ਅਤੇ ਗਰੀਬ ਲੋਕਾਂ ਨੂੰ ਵੱਖਰੀ ਪੰਗਤ ਵਿੱਚ ਬਿਠਾਅ ਕੇ ਪ੍ਰਾਹੁਣਿਆਂ ਤੋਂ ਬਾਅਦ ਲੰਗਰ ਛਕਾਇਆ ਜਾਂਦਾ ਹੈ। ਅੱਜ ਕਲ ਘਰ ਵਿੱਚ ਅਖੰਡ ਪਾਠ ਕਰਵਾਉਣ ਤੇ ਤੀਹ ਤੋਂ ਚਾਲੀ ਹਜ਼ਾਰ ਦਾ ਖਰਚਾ ਆ ਜਾਂਦਾ ਹੈ ਜੋ ਹਰ ਕਿਸੇ ਦੀ ਪਹੁੰਚ ਤੋਂ ਬਾਹਰ ਹੈ।
ਲੰਗਰ ਦੇ ਸਬੰਧ ਵਿੱਚ ਇਥੇ ਇਹ ਦੱਸਣਾ ਵੀ ਉਚਿਤ ਰਹੇਗਾ ਕਿ ਇੱਕ ਅਖੌਤੀ ਸੰਤ ਅਕਸਰ ਅਖਬਾਰਾਂ ਰਾਹੀਂ ਕਿਸੇ ਸ਼ਤਾਬਦੀ ਸਮਾਗਮ `ਤੇ ਜਾਂ ਗੁਰਪੁਰਬ ਸਮੇਂ ਲੰਗਰ ਵਿੱਚ 300 ਅਤੇ ਇਸ ਤੋਂ ਵੀ ਵੱਧ ਪਦਾਰਥ ਤਿਆਰ ਕਰਨ ਦੇ ਲਾਲਚ ਦਿੰਦਾ ਹੈ, ਜਿਸ ਵਿੱਚ ਜ਼ਹਿਰੀਲੇ ਪਦਾਰਥ `ਫਾਸਟ ਫੂਡ` (ਬਰਗਰ ਅਤੇ ਪੀਜ਼ਾ ਆਦਿ) ਜਿਹੇ ਤਿਆਰ ਕਰਨ ਦਾ ਹੋਕਾ ਦਿੰਦਾ ਹੈ। ਕੀ ਅਜਿਹੇ ਲੰਗਰ ਨੂੰ ਬਾਬੇ ਨਾਨਕ ਦਾ ਲੰਗਰ ਕਿਹਾ ਜਾ ਸਕਦਾ ਹੈ? ਅਜਿਹੀਆਂ ਮਨਮਤੀਆਂ ਕਰਨ ਵਾਲੇ ਅਖੌਤੀ ਸੰਤ ਫਿਰ ਕਿਹੜੇ ਮੂੰਹ ਨਾਲ 300 ਸਾਲ ਗੁਰੂ ਦੇ ਨਾਲ ਰਹਿਣ ਦੀਆਂ ਦੁਹਾਈਆਂ ਪਾ ਰਹੇ ਹਨ।
ਸਿੱਖ ਸੰਗਤ ਨੂੰ ਗੁਰਬਾਣੀ ਦੇ ਫਲਸਫੇ ਦੀ ਪੂਰੀ ਤਰ੍ਹਾਂ ਸਮਝ ਨਹੀਂ ਹੈ। ਗੁਰੂ ਦੇ ਸਿਧਾਂਤ ਦਾ ਪ੍ਰਚਾਰ ਹੀ ਨਹੀਂ ਹੋਇਆ ਹੈ। ਜਦੋਂ ਕਿ ਸ਼ਰੋਮਣੀ ਕਮੇਟੀ ਦਾ ਮੁੱਖ ਮੰਤਵ ਹੀ ਸਿੱਖੀ ਪ੍ਰਚਾਰ ਕਰਨਾ ਸੀ। ਅੱਖਾਂ `ਤੇ ਪੱਟੀ ਬੰਨ ਕੇ ਸਿੱਖ ਸੰਗਤ ਸੁਣੀਆਂ ਸੁਣਾਈਆਂ ਗੱਲਾਂ `ਤੇ ਹੀ ਯਕੀਨ ਕਰ ਲੈਂਦੀ ਹੈ। ਸੰਗਤ ਵਿੱਚ ਕਥਾ ਵਾਚਕ ਰਾਗੀ, ਡਾਢੀ ਤੇ ਹੋਰ ਸਟੇਜ਼ ਤੇ ਬੋਲਣ ਵਾਲਾ ਜੋ ਮਨ-ਘੜਤ ਗੱਲਾਂ ਗੁਰੂਆਂ ਸਬੰਧੀ ਆਖ ਦਿੰਦਾ ਹੈ। ਸੰਗਤ ਉਸ ਨੂੰ ਸੱਚ ਮੰਨ ਲੈਂਦੀ ਹੈ ਤੇ ਉਸ ਰਾਹ ਤੇ ਹੀ ਤੁਰ ਪੈਂਦੀ ਹੈ।
ਦਿਨੋ-ਦਿਨ ਸੰਗਤ ਵਿੱਚ ਪੈ ਰਹੇ ਭਰਮ ਭੁਲੇਖਿਆ ਨੂੰ ਦੂਰ ਕਰਨ ਲਈ ਸ਼੍ਰੋਮਣੀ ਕਮੇਟੀ ਕੋਈ ਉਪਰਾਲਾ ਨਹੀਂ ਕਰ ਰਹੀ। ਗੁਰਦੁਆਰਿਆਂ ਵਿੱਚ ਗ੍ਰੰਥੀ ਤੇ ਕਮੇਟੀਆਂ ਆਪਣੀ ਮਨਮਰਜ਼ੀ ਕਰ ਰਹੇ ਹਨ। ਘਰਾਂ ਵਿੱਚ ਅਖੰਡ ਪਾਠ ਰਖਵਾਉਣ ਵਾਲੇ ਘਰ ਵਾਲੇ ਆਪਣੀ ਮਰਜ਼ੀ ਨਾਲ ਕਰਮ ਕਾਂਡ ਕਰ ਰਹੇ ਹਨ। ਨਾ ਹੀ ਗੁਰਦੁਆਰਾ ਕਮੇਟੀਆਂ ਅਤੇ ਨਾ ਹੀ ਗ੍ਰੰਥੀ ਇਸ ਸਬੰਧੀ ਕੋਈ ਜਾਣਕਾਰੀ ਦਿੰਦੇ ਹਨ। ਗੁਰਦੁਆਰਿਆਂ ਵਿੱਚ ਪ੍ਰਧਾਨਗੀ ਲਈ ਕਮੇਟੀਆਂ ਡਾਂਗੋ-ਡਾਂਗੀ ਹੋ ਰਹੀਆਂ ਹਨ। ਪੱਗਾਂ ਪੈਰਾਂ ਵਿੱਚ ਰੋਲੀਆਂ ਜਾ ਰਹੀਆਂ ਹਨ। ਗੁਰਦੁਆਰੇ ਪ੍ਰਚਾਰ ਦਾ ਸਾਧਨ ਨਹੀਂ ਰਹੇ ਸਗੋਂ ਦੁਕਾਨਦਾਰੀਆਂ ਬਣ ਗਈਆਂ ਹਨ। ਸਿਆਸੀ ਪਾਰਟੀਆਂ ਧਾਰਮਿਕ ਸਥਾਨਾਂ ਵਿੱਚ ਵੱਧ ਦਖ਼ਲ ਅੰਦਾਜ਼ੀ ਕਰਕੇ ਧਰਮ ਨੂੰ ਖੋਰਾ ਲਾ ਰਹੀਆਂ ਹਨ। ਧਰਮ ਦੀ ਆੜ ਵਿੱਚ ਲੋਕ ਕੁਕਰਮ, ਰਿਸ਼ਵਤ ਖੋਰੀ, ਵੋਟਾਂ ਦੀ ਗੰਦੀ ਰਾਜਨੀਤੀ ਦੀ ਖੇਲ, ਖੇਲ ਰਹੀਆਂ ਹਨ। ਜਾਤ-ਪਾਤ ਦੀ ਲਾਹਨਤ ਖਤਮ ਕਰਨ ਦੀ ਬਜਾਏ ਇਸ ਨੂੰ ਗੁਰਦੁਆਰਿਆਂ ਵਿੱਚ ਉਭਾਰਿਆ ਜਾ ਰਿਹਾ ਹੈ। ਸਿਆਸੀ ਨੇਤਾ ਧਰਮ ਦੇ ਨਾਮ `ਤੇ ਸੰਗਤ ਦਾ ਸ਼ੋਸ਼ਣ ਕਰ ਰਹੇ ਹਨ ਅਤੇ ਆਪ ਅੱਤ ਘਿਨਾਉਣੇ ਕਾਰਜ ਵਿੱਚ ਨਸ਼ਿਆਂ ਦੀ ਸਮਗਲਿੰਗ ਤੇ ਲੋਕਾਂ ਨਾਲ ਧੱਕੇ ਸ਼ਾਹੀ ਕਰ ਰਹੇ ਹਨ। ਮਨਮਰਜ਼ੀਆਂ ਕਰ ਰਹੇ ਹਨ। ਕਈ ਕਿਸਮ ਦੇ ਜ਼ੁਲਮਾਂ ਤੇ ਅਪਰਾਧਾਂ ਲਈ ਨਾਮਜ਼ਦ ਸਿਆਸੀ ਨੇਤਾ ਧਾਰਮਿਕ ਅਸਥਾਨਾਂ ਦੇ ਮੋਹਰੀ ਬਣੇ ਹੋਏ ਹਨ।
ਤਿੰਨ ਸੌ ਸਾਲ ਗੁਰੂ ਨਾਲ ਰਹਿ ਕੇ ਸਿੱਖ ਕੌਮ ਨੇ ਇੱਕ ਹੋਰ ਜ਼ਿਕਰਯੋਗ ਮਾਰਕਾ ਮਾਰਿਆ ਹੈ। ਗੁਰੂ ਨਾਨਕ ਦੀ ਮਹਾਨ ਸੋਚ ਤੇ ਉਪਰਾਲੇ ਦੀਆਂ ਧੱਜੀਆਂ ਉਡਾਈਆਂ ਹਨ। ਉਹ ਹੈ “ਕੁੱਖ ਵਿੱਚ ਧੀਆਂ ਮਾਰਨ ਦੀ ਦੌੜ …। ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ …। ਦੇ ਫਲਸਫੇ ਦੇ ਉਲਟ ਸਿੱਖ ਕੌਮ ਗੁਰੂ ਨਾਨਕ ਦੇ ਔਰਤ ਪ੍ਰਤੀ ਦਿਤੇ ਮਾਣ ਸਤਿਕਾਰ ਦੀ ਪ੍ਰਵਾਹ ਨਾ ਕਰਦੀ ਹੋਈ … ਕੁੱਖ ਵਿੱਚ ਧੀਆਂ ਮਾਰਨ ਦੀ ਦੌੜ ਵਿੱਚ ਪੂਰੀ ਰਫਤਾਰ ਨਾਲ ਚਲੀ ਜਾ ਰਹੀ ਹੈ। ਕੀ ਤੁਸੀਂ ਅਜੇ ਵੀ ਸਿੱਖ ਕੌਮ ਦੇ 300 ਸਾਲ ਗੁਰੂ ਨਾਲ ਰਹਿਣ ਦੇ ਨਾਹਰੇ `ਤੇ ਵਿਸ਼ਵਾਸ ਕਰਦੇ ਹੋ …?
ਪਦਾਰਥਵਾਦ ਦੀ ਦੌੜ ਵਿੱਚ ਧਰਮ ਦੇ ਠੇਕੇਦਾਰਾਂ ਅਤੇ ਪੁਜਾਰੀਆਂ ਨੇ ਸਮਾਜਿਕ ਕਦਰਾਂ ਕੀਮਤਾਂ ਨੂੰ ਵੀ ਛਿੱਕੇ ਟੰਗ ਦਿਤਾ ਹੈ। ਧਰਮ ਨੂੰ ਹੱਥ-ਠੋਕਾ ਤੇ ਆਪਣੇ ਕੀਤੇ ਬੁਰੇ ਕੰਮਾਂ ਨੂੰ ਛਪਾਉਣ ਲਈ ਇੱਕ ਬਹਾਨਾ ਬਣਾ ਲਿਆ ਹੈ। ਹਰ ਵਿਅਕਤੀ ਇੱਕ ਦੂਸਰੇ ਤੋਂ ਅੱਗੇ ਧਾਰਮਿਕ ਅਸਥਾਨਾਂ `ਤੇ ਦਿਖਾਵੇ ਕਰਦੇ ਹਨ। ਆਪਣੇ ਆਪ ਨੂੰ ਵੱਧ ਧਾਰਮਿਕ ਦਰਸਾਉਣ ਦਾ ਉਪਰਾਲਾ ਕਰਦੇ ਹਨ।
ਅਗਰ 300 ਸਾਲ ਗੁਰੂ ਨਾਲ ਨਾਹਰਾ ਲਗਾਉਣ ਵਾਲੇ ਲੋਕ ਸਚਮੁੱਚ ਹੀ ਗੁਰੂ ਨਾਲ ਹੁੰਦੇ ਤਾਂ ਅੱਜ ਸਮਾਜ ਵਿਚੋਂ ਜ਼ੁਲਮ ਖਤਮ ਹੋ ਗਏ ਹੁੰਦੇ …। ਕੁੱਖਾਂ ਵਿੱਚ ਧੀਆਂ ਦਾ ਕਤਲ ਨਾ ਹੁੰਦਾ …। ਲੜਕੀਆਂ ਦਾਜ਼ ਲਈ ਨਾ ਮਰਦੀਆਂ …। ਬਲਾਤਕਾਰ ਦੀਆਂ ਘਟਨਾਵਾਂ ਨਾ ਹੁੰਦੀਆਂ …। ਨਸ਼ਿਆਂ ਦਾ ਛੇਵਾਂ ਦਰਿਆ ਨਾ ਵਗਦਾ … ਇਹ ਪੰਜਾਬ ਗੁਰਾਂ ਦੀ ਧਰਤੀ ਇੱਕ ਜ਼ਨਤ ਹੁੰਦਾ …। ਜਾਤਾਂ-ਪਾਤਾਂ ਖ਼ਤਮ ਹੋ ਗਈਆਂ ਹੁੰਦੀਆਂ। ਪਰ ਅਜਿਹਾ ਤਾਂ ਕੁੱਝ ਵੀ ਨਹੀਂ ਹੋਇਆ …। ਫਿਰ 300 ਸਾਲ ਗੁਰਾਂ ਦੇ ਨਾਲ ਰਹਿਣ ਦਾ ਸਾਡਾ ਨਾਹਰਾ ਕਿਵੇਂ ਸੱਚਾ ਹੋ ਸਕਦਾ ਹੈ?
ਪਿੰਡ ਮਾਨਾਂਵਾਲੀ, ਤਹਿਸੀਲ ਫਗਵਾੜਾ (ਪੰਜਾਬ)
ਮੋਬਾਇਲ 98722-07086




.