ਬੰਦਾ ਬਣ ਜਾ ਬੰਦਾ
ਬਲਜਿੰਦਰ ਸਿੰਘ ਨਿਉਜਿਲੈਂਡ
ਜਦੋਂ ਮੈਂ ਛੋਟਾ ਹੁੰਦਾ ਸੀ ਤਾਂ
ਮੇਰੇ ਦਾਦਾ ਜੀ ਸਾਨੂੰ ਇੱਕ ਕਹਾਣੀ ਅਕਸਰ ਸੁਣਾਇਆ ਕਰਦੇ ਸੀ। ਇੱਕ ਵਾਰ ਇੱਕ ਗਰੀਬ ਜਿਹੇ ਕਿਸਮ ਦਾ
ਇਨਸਾਨ ਬਜਾਰ ਵਿਚੋਂ ਦੀ ਲੰਘ ਰਿਹਾ ਸੀ ਕਿ ਉਸ ਨੂੰ ਬੜੀ ਪਿਆਸ ਲੱਗੀ ਉਸਨੇ ਇੱਕ ਦੁਕਾਨ ਉਪਰ ਜਾ ਕੇ
ਇੱਕ ਸੇਠ (ਦੁਕਾਨਦਾਰ) ਨੂੰ ਬੜੀ ਨਿਮਰਤਾ ਨਾਲ ਕਿਹਾ “ਸੇਠ ਜੀ ਬੜੀ ਪਿਆਸ ਲੱਗੀ ਹੈ ਇੱਕ ਗਿਲਾਸ
ਪਾਣੀ ਮਿਲ ਸਕਦਾ ਹੈ” ? ਸੇਠ ਜੀ ਕਹਿਣ ਲੱਗੇ “ਮੇਰਾ ਬੰਦਾ ਥੋੜਾ ਜਿਹਾ ਕੰਮ ਕਰ ਰਿਹਾ ਹੈ ਜਦ ਉਹ
ਵਿਹਲਾ ਹੋ ਜਾਊਗਾ ਉਹ ਤੈਨੂੰ ਪਾਣੀ ਦੇ ਦਿੰਦਾ ਹੈ”। ਥੌੜੇ ਸਮੇ ਤਕ ਜਦ ਕੋਈ ਵੀ ਨਾ ਅਇਆ ਤਾਂ ਉਸ
ਗਰੀਬ ਇਨਸਾਨ ਨੇ ਫਿਰ ਕਿਹਾ “ਸੇਠ ਜੀ ਪਿਆਸ ਬਹੁਤ ਲੱਗੀ ਹੈ ਪਾਣੀ ਮਿਲ ਸਕਦਾ ਹੈ” ਤਾਂ ਸੇਠ ਜੀ
ਕਹਿਣ ਲੱਗੇ “ਬਈ ਦੋ ਮਿੰਟ ਰੁਕ ਜਾ, ਹੁਣੇ ਬੰਦਾ ਆਉਂਦਾ ਹੈ”। ਪਰ ਜਦ 15-20 ਮਿੰਟ ਕੋਈ ਨਾਂ ਅਇਆ
ਤਾਂ ਉਹ ਵਿਚਾਰਾ ਫਿਰ ਕਹਿਣ ਲੱਗਾ “ਸੇਠ ਜੀ ਪਿਆਸ ਬਹੁਤ ਲੱਗੀ ਹੈ”। ਹੁਣ ਸੇਠ ਜੀ ਖਿਝ ਗਏ ਅਤੇ
ਗੁੱਸੇ ਨਾਲ ਕਹਿਣ ਲੱਗੇ “ਤੇਨੂੰ ਕਿਹਾ ਹੈ ਨਾਂ ਬੰਦਾ ਆਉਂਦਾ ਹੈ ਰੁਕ ਜਾ ਦੋ ਮਿੰਟ”। ਇਹ ਸੁਣ ਕੇ
ਉਹ ਗਰੀਬ ਹੱਥ ਜੋੜ ਕੇ ਕਹਿਣ ਲੱਗਾ “ਸੇਠ ਜੀ ਦੋ ਮਿੰਟ ਲਈ ਤੁਸੀਂ ਬੰਦੇ ਬਣ ਜਾਓ”। ਇਹ ਸੁਣ ਕੇ
ਅਸੀ ਸਾਰਿਆਂ ਨੇ ਹੱਸ ਪੈਣਾ, ਪਰ ਅੱਜ ਇਸ ਕਹਾਣੀ ਵਿੱਚ ਛੁਪੀ ਸਿੱਖਆ ਦਾ ਕੁਝ-ਕੁਝ ਪਤਾ ਲਗਦਾ ਹੈ,
ਅਸਲ ਵਿੱਚ ਜਿਸ ਬੰਦੇ ਅੰਦਰ ਬੰਦਿਆਂ ਵਾਲਾ ਸੁਭਾਅ, ਬੰਦਿਆਂ ਵਾਲੇ ਗੁਣ ਨਹੀਂ, ਭਾਂਵੇ ਉਸ ਪਾਸ
ਬੰਦਿਆਂ ਵਾਲਾ ਸ਼ਰੀਰ ਹੈ ਉਸ ਨੂੰ ਬੰਦਾ ਕਹਿਣ ਦੀ ਲੋੜ ਨਹੀਂ ਸਗੋਂ ਉਹ ਤਾਂ ਜਾਨਵਰਾਂ ਦੇ ਸਮਾਨ ਹੈ।
ਬਾਣੀ ਵਿੱਚ ਵੀ ਗੁਰੁ ਸਾਹਿਬ ਨੇ ਕਈ ਜਗਾਹ ਜਿਕਰ ਕੀਤਾ ਹੈ ਜਿਵੇਂ “ਕਰਤੂਤ ਪਸੂ ਕੀ ਮਾਣਸ ਜਾਤ”
ਭਾਵ ਕਈਆਂ ਦਾ ਸੁਭਾਵ ਇਸ ਤਰਾਂ ਦਾ ਹੁੰਦਾ ਹੈ ਕਿ ਉਹ ਆਪਣੀਆਂ ਕਰਤੂਤਾਂ ਵਜੋਂ ਪਸ਼ੂ ਬਿਰਤੀ ਦੇ
ਹੁੰਦੇ ਹਨ ਭਾਂਵੇਂ ਉਹਨਾਂ ਪਾਸ ਇਹ ਮਨੁੱਖਾ ਦੇਹ ਕਿਉਂ ਨਾ ਹੋਵੇ।
ਮੇਨੂੰ ਤਾਂ ਇਉਂ ਜਾਪਦਾ ਹੈ ਪਸ਼ੂ (ਜਾਨਵਰ) ਤਾਂ ਇਹਨਾ ਮਨੁੱਖਾਂ (ਜੋ ਆਪਨੇ ਸੁਭਾਵ ਵਿੱਚ ਨਹੀਂ)
ਨਾਲੋਂ ਕਈ ਗੁਣਾ ਚੰਗੇ ਹਨ। ਪਸ਼ੂ ਆਪਣਾ ਸੁਭਾਅ ਕਦੇ ਨਹੀਂ ਛੱਡਦੇ, ਇੱਕ ਬੰਦਾ ਹੀ ਹੈ ਜੋ ਆਪਣਾ
ਸੁਭਾਅ ਛੱਡਣ ਲੱਗਿਆਂ ਇੱਕ ਪਲ ਵੀ ਨਹੀਂ ਲਾਉਂਦਾ। ਇੱਕ ਦਿਨ ਇਹ ਵੀਚਾਰ ਹੋ ਰਹੀ ਸੀ ਕਿ ਆਪਾਂ
ਪਸ਼ੂਆਂ ਨੂੰ ਐਵੇਂ ਹੀ ਨਿੰਦਦੇ ਰਹਿੰਦੇ ਹਾਂ ਅਤੇ ਆਮ ਕਰਕੇ ਇਹ ਕਿਹਾ ਜਾਂਦਾ ਹੈ ਕਿ “ਬਈ ਬੰਦਿਆ
ਚੰਗੇ ਕੰਮ ਕਰਿਆ ਕਰ ਨਹੀਂ ਤਾਂ ਅਗਲੇ ਜਨਮ ਵਿੱਚ ਰੱਬ ਸਜਾ ਵਜੋਂ ਤੈਨੂੰ ਕੁੱਤਾ, ਬਿੱਲੀ ਜਾਂ ਹੋਰ
ਜਾਨਵਰ ਬਣਾ ਦੇਉਗਾ”। ਪਰ ਵਿਚਾਰ ਕਰੀਏ ਤਾਂ ਪਤਾ ਲਗਦਾ ਹੈ ਕਿ ਇਹ ਸਾਰੇ ਜਾਨਵਰ ਤਾਂ ਆਪਣੇ ਸੁਭਾਅ
ਵਿੱਚ ਬੜੇ ਖੁਸ਼ ਹਨ। ਹਰ ਜਾਨਵਰ ਨੂੰ ਆਪਣੀ ਜਾਨ ਪਿਆਰੀ ਹੈ ਕਿਤੇ ਇਹ ਨਾਂ ਹੁੰਦਾ ਹੋਵੇ ਕਿ ਜਦ ਇਹ
ਜਾਨਵਰ ਆਪਸ ਵਿੱਚ ਗੱਲਾਂ ਕਰਦੇ ਹੋਣ ਅਤੇ ਇੱਕ ਦੁਜੇ ਨੂੰ ਕਹਿੰਦੇ ਹੋਣ “ਬਈ ਚੰਗੇ ਕੰਮ ਕਰਿਆ ਕਰੋ
ਨਹੀਂ ਤਾਂ ਰੱਬ ਬੰਦਾ ਬਣਾ ਦਊਗਾ”।
ਭਾਵ ਜੇ ਹਰ ਜਾਨਵਰ ਆਪੋ ਆਪਣੇ ਸੁਭਾਅ ਵਿੱਚ ਰਹਿੰਦਾ ਹੈ ਤਾਂ ਇਨਸਾਨ ਦਾ ਵੀ ਇਹ ਫਰਜ਼ ਬਣਦਾ ਹੈ ਕਿ
ਉਹ ਵੀ ਆਪਣੇ ਸੁਭਾਅ ਵਿੱਚ ਰਹੇ। ਉਸ ਨੂੰ ਹਰ ਪਲ ਇਹ ਚੇਤੇ ਹੋਵੇ ਕਿ ਉਹ ਸਭ ਕੁੱਝ ਹੋਣ ਤੋਂ
ਪਹਿਲਾਂ ਇੱਕ ਬੰਦਾ ਹੈ, ਬੰਦਾ ਹੋਣ ਦੇ ਨਾਤੇ ਉਹ ਆਪਣੇ ਪਰਮਾਤਮਾ ਤੋਂ ਮਿਲੇ ਸੁਭਾਅ ਆਨੁਸਾਰ
ਬੰਦਿਆਂ ਵਾਲੇ ਕੰਮ ਕਰੇ ਅਤੇ ਇਸ ਸਮਾਜ ਨੁੰ, ਇਸ ਖਲਕਤ ਨੂੰ, ਹੋਰ ਸੋਹਣਾ ਬਣਾਵੇ, ਆਪਣਾ ਬਣਦਾ
ਸਹਿਯੋਗ ਇਸ ਸਮਾਜ ਲਈ ਪਾਵੇ। ਮੈ ਇਹ ਨਹੀਂ ਕਹਿੰਦਾ ਕਿ ਕਿਸੇ ਅੰਨੇ ਨੂੰ ਆਪਣੀਆਂ ਅੱਖਾਂ ਕੱਢ ਕੇ
ਦੇ ਦਿਉ, ਪਰ ਉਸ ਦਾ ਹੱਥ ਫੜ ਕੇ ਉਸ ਨੂੰ ਸਮਾਜ ਵਿੱਚ ਖੜਾ ਤਾਂ ਕੀਤਾ ਜਾ ਸਕਦਾ ਹੈ, ਕਿਸੇ ਲੰਗੜੇ
ਮਨੁੱਖ ਦੀ ਬੈਸਾਖੀ ਬਣਿਆ ਜਾ ਸਕਦਾ ਹੈ ਭਾਵ ਇਸ ਸਮਾਜ ਅੰਦਰ ਥੱਲੇ ਡਿਗ ਚੁੱਕੀ ਮਨੁੱਖਤਾ ਨੂੰ ਆਪਣੇ
ਬਣਦੇ ਯੋਗਦਾਨ ਨਾਲ ਉਤੇ ਚੁੱਕਿਆ ਜਾ ਸਕਦਾ ਹੈ।
ਪਰ ਅੱਜ ਤਾਂ ਸਭ ਨੂੰ ਆਪੋ-ਧਾਪੀ ਲੱਗੀ ਪਈ ਹੈ, ਇਸ ਨਾ ਮੁੱਕਣ ਵਾਲੀ ਦੌੜ ਅੰਦਰ ਹਰ ਬੰਦਾ ਭੱਜੀ ਜਾ
ਰਿਹਾ ਹੈ ਕਿਸੇ ਕੋਲ ਇਹ ਸਾਰੀਆਂ ਗੱਲਾਂ ਸੋਚਣ ਲਈ ਸਮਾਂ ਹੀ ਨਹੀਂ ਹੈ। ਕਿਤੇ ਇਹ ਨਾ ਹੋਵੇ ਕਿ
ਦੁਨੀਆਂ ਅੰਦਰ ਮਨੁੱਖਾਂ ਦੀ ਅਬਾਦੀ ਤਾਂ ਵੱਧ ਕੇ ਹੋਰ ਦੁੱਗਣੀ ਹੋ ਜਾਵੇ ਪਰ ਇਨਸਾਨਾਂ (ਜਿਨਾਂ
ਅੰਦਰ ਇਨਸਾਨੀਅਤ ਹੈ) ਦੀ ਗਿਣਤੀ ਬਿਲਕੁਲ ਹੀ ਖਤਮ ਹੋ ਜਾਵੇ।
ਇਹ ਖਤਮ ਹੋ ਚੁੱਕੀ ਇਨਸਾਨੀਅਤ ਦੀ ਹੀ ਨਿਸ਼ਾਨੀ ਹੈ ਕਿ ਜਦ ਆਪਾਂ ਆਪਣਿਆਂ ਦੇਸ਼ਾਂ (ਇੰਡੀਆ) ਦੀਆਂ
ਅਖਬਾਰਾਂ ਚੁੱਕਦੇ ਹਾਂ ਤਾਂ ਉਹਨਾਂ ਦੀਆਂ ਸੁਰਖੀਆਂ ਹੁੰਦੀਆਂ ਹਨ “ਇਕ ਬਾਪ ਨੇ ਅਪਣੀ ਪੰਜ ਸਾਲਾ
ਕੁੜੀ ਨਾਲ ਬਲਾਤਕਾਰ ਕੀਤਾ, ਇੱਕ ਮਾਂ ਨੇ ਆਪਣੇ ਬੱਚਿਆਂ ਦਾ ਗਲ੍ਹਾ ਨੱਪਿਆ, ਇੱਕ ਮੁੰਡੇ ਨੇ ਆਪਣੇ
ਮਾਂ ਬਾਪ ਨੂੰ ਖੂਨ ਦੇ ਘਾਟ ਉਤਾਰਿਆ”, ਅਤੇ ਇਸ ਤੋਂ ਵੀ ਦਰਦਨਾਕ ਖਬਰਾਂ।
ਅਜੇ ਵੀ ਮੌਕਾ ਹੈ ਕਿ ਸਾਰੇ ਜਾਗ ਜਾਈਏ ਨਹੀਂ ਤਾਂ ਕਿਤੇ ਇਹ ਨਾਂ ਹੋਵੇ ਕਿ ਇਸ ਧਰਤੀ ਉਪਰ ਆਉਣ
ਵਾਲਾ ਬੱਚਾ ਜਨਮ ਲੈਣ ਤੋਂ ਇਨਕਾਰ ਕਰ ਦੇਵੇ, ਕਿਤੇ ਇਹ ਨਾਂ ਹੋਵੇ ਕਿ ਜਿਹੜੀਆਂ ਕੁੜੀਆਂ ਅਸੀ ਕੁੱਖ
ਵਿੱਚ ਕਤਲ ਕਰਵਾ ਦਿੱਤੀਆਂ ਹਨ ਉਹ ਉਤੇ ਇਹ ਕਹਿਣ ਕਿ “ਇਸ ਜਿੱਲਤ ਭਰੀ ਜਿੰਦਗੀ ਨਾਲੋਂ ਤਾਂ ਇਹ
ਗੁਮਨਾਮੀ ਦੀ ਮੌਤ ਹੀ ਸੌ ਗੁਣਾ ਚੰਗੀ ਹੈ,” ਕਿਤੇ ਇਹ ਨਾ ਹੋਵੇ------, ਕਿਤੇ ਇਹ ਨਾਂ
ਹੋਵੇ------, ਕਿਤੇ ਇਹ ਨਾਂ ਹੋਵੇ ---------।
ਬਲਜਿੰਦਰ ਸਿੰਘ ਨਿਊਜੀਲੈਂਡ ਸ੍ਰੀ ਗੁਰੂ ਸਿੰਘ ਸਭਾ ਸ਼ਰਲੀ ਰੋਡ
ਆਕਲੈਂਡ