ਗੁਰਬਾਣੀ ਅਨੁਸਾਰ ‘ਗੁਰੂ’ ਕਿਸੇ ਸਰੀਰ ਜਾਂ ਖਾਨਾ ਪੁਰੀ ਦਾ ਨਾਮ ਨਹੀਂ।
ਇਥੋਂ ਤੀਕ ਕਿ ਪੁਰਾਤਨ ਸਮੇਂ ਤੋਂ ‘ਗੁਰੂ’ ਪਦ ਲਈ ਜਿਨੇਂ ਵੀ ਅਰਥ ਦਿੱਤੇ ਜਾਂ ਵਰਤੇ ਜਾ ਰਹੇ ਹਨ,
ਗੁਰਬਾਣੀ ਰਾਹੀਂ ਪ੍ਰਗਟ ‘ਗੁਰੂ’ ਪਦ `ਤੇ ਉਹਨਾਂ `ਚੋਂ ਇੱਕ ਵੀ ਅਰਥ ਲਾਗੂ ਨਹੀਂ ਹੁੰਦਾ।
ਠੀਕ ਉਸੇ ਤਰ੍ਹਾਂ ਜਿਵੇਂ ਖੁਸ਼ਬੂ, ਰੰਗ, ਰੂਪ, ਸੁੰਦਰਤਾ ਸਾਰੇ ਫੁਲ `ਚੋਂ
ਹੀ ਹੁੰਦੇ ਹਨ, ਫੁਲ ਤੋਂ ਵੱਖਰੇ ਜਾਂ ਭਿੰਨ ਨਹੀਂ ਹੁੰਦੇ। ਇਸੇ ਤਰ੍ਹਾਂ ਕਰਤੇ ਅਕਾਲਪੁਰਖ ਦੇ
ਅਨੰਤ-ਅਨਗਿਣਤ ਗੁਣਾਂ `ਚੋਂ ਹੀ ਪ੍ਰਭੂ ਦਾ ਵਿਸ਼ੇਸ਼ ਗੁਣ ਹੈ ਜਿਸ ਨੂੰ ਪਾਤਸ਼ਾਹ ਨੇ ‘ਗੁਰੂ’ ਕਹਿ ਕੇ
ਪ੍ਰਗਟ ਕੀਤਾ ਹੈ। ਪ੍ਰਭੂ ਦਾ ਇਹ, ਉਹ ਗੁਣ ਹੈ, ਜਿਸ ਦਾ ਮਨੁੱਖਾ ਜੀਵਨ `ਚ ਪ੍ਰਕਾਸ਼ ਹੋਏ ਬਿਨਾ,
ਇਨਸਾਨ ਦਾ ਹਉਮੈ ਆਦਿ ਵਿਕਾਰਾਂ ਤੋਂ ਨਾ ਛੁਟਕਾਰਾ ਸੰਭਵ ਹੈ ਤੇ ਨਾ ਇਸ ਜਨਮ ਦੀ ਅਸਲੀਅਤ ਹੀ ਸਮਝ
`ਚ ਆ ਸਕਦੀ ਹੈ। ਦਰਅਸਲ ਗੁਰਬਾਣੀ ਰਾਹੀਂ, ਗੁਰਦੇਵ ਨੇ ਸਿੱਖ ਨੂੰ ਜਿਸ ‘ਗੁਰੂ’ ਦੇ ਲੜ ਲਾਇਆ ਹੈ,
“ਗੁਰੂ ਨਾਨਕ ਸਾਹਿਬ’ ਤੇ ਉਹਨਾਂ ਦੇ ਦਸ ਜਾਮੇ” ਉਸੇ ਰੱਬੀ ਗੁਣ ‘ਗੁਰੂ’ ਦਾ ਪ੍ਰਗਟਾਵਾ ਹਨ।
ਉਪ੍ਰੰਤ ਉਹਨਾਂ ਰਾਹੀਂ “ੴ ਤੋਂ ਤਨੁ ਮਨੁ ਥੀਵੈ ਹਰਿਆ’ ਤੀਕ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ’ ਪ੍ਰਭੂ ਦੇ ਉਸੇ ਇਲਾਹੀ ਗੁਣ ‘ਗੁਰੂ’ ਦਾ ਅੱਖਰ ਰੂਪ ਪ੍ਰਕਾਸ਼ ਤੇ ਮਿਲਾਵਾ ਹਨ। ਫ਼ੁਰਮਾਨ ਹੈ
“ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ, ਬਾਣੀ ਕਹੈ, ਸੇਵਕੁ ਜਨੁ
ਮਾਨੈ, ਪਰਤਖਿ ਗੁਰੂ ਨਿਸਤਾਰੇ” (ਪੰ: ੯੮੨)
ਗੁਰੂ ਨਾਨਕ ਪਾਤਸ਼ਾਹ ਨੇ ਪਹਿਲੇ ਜਾਮੇ `ਚ ਹੀ ਖਸਮ ਵਲੋਂ ਪ੍ਰਾਪਤ ਸਾਰੀ
ਬਾਣੀ ਦੀ ਸੰਭਾਲ ਆਪ ਕੀਤੀ। ਇਸ ਤੋਂ ਇਲਾਵਾ, ਦਰਜ ੧੫ ਭਗਤਾਂ ਦੀ ਬਾਣੀ ਵੀ “ਆਸਾ ਹੱਥ ਕਿਤਾਬ ਕੱਛ”
(੧/੩੨ ਭਾ: ਗੁ: ) ਅਨੁਸਾਰ ਆਪ ਨੇ ਆਪਣੇ ਪ੍ਰਚਾਰ ਦੌਰਿਆਂ (ਉਦਾਸੀਆਂ) ਸਮੇਂ ਆਪ ਇਕੱਤ੍ਰ ਕੀਤੀ ਤੇ
ਆਪਣੀ ਉਸੇ ਪੋਥੀ `ਚ ਉਸ ਨੂੰ ਬਰਾਬਰੀ ਵੀ ਦਿੱਤੀ। ਗੁਰਗੱਦੀ ਸੌਂਪਣ ਸਮੇਂ ਬਾਣੀ ਦਾ ਸਾਰਾ ਖਜ਼ਾਨਾ
ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਜੀ ਨੂੰ, ਫਿਰ ਦੂਜੇ ਪਾਤਸ਼ਾਹ ਨੇ ਅਪਣੀ ਰਚਨਾ ਸਮੇਤ ਤੀਜੇ,
ਉਪ੍ਰੰਤ ਚੌਥੇ ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਤੀਕ ਪੁੱਜਾ। ਗੁਰਗੱਦੀ ਸੌਂਪਣਾ ਦਾ ਇਹੀ ਨਿਯਮ ਸੀ।
ਪਾਤਸ਼ਾਹ ਨੇ ਪਹਿਲੇ ਜਾਮੇ `ਚ ਹੀ ਸਾਫ਼ ਕਰ ਦਿੱਤਾ, ਬਾਣੀ ਰੂਪ ‘ਇਲਾਹੀ
ਗਿਆਨ’ ਹੀ ਉਹਨਾਂ ਦਾ ਆਪਣਾ, ਸਿੱਖਾਂ ਤੇ ਸਾਰੇ ਸੰਸਾਰ ਦਾ ‘ਇਕੋ ਇਕ’ ਗੁਰੂ ਹੈ। ਇਸੇ ਤਰ੍ਹਾਂ
ਬਾਣੀ ‘ਸਿਧ ਗੋਸ਼ਟਿ `ਚ ਵੀ ‘ਸ਼ਬਦ’ - ‘ਗੁਰੂ’ ਤੇ ‘ਸੁਰਤ’ ਦੇ ਚੇਲਾ’ ਹੋਣ ਵਾਲੇ ਗੁਰਮਤਿ ਸਿਧਾਂਤ
ਨੂੰ ਨਿਖਾਰ ਕੇ ਪੇਸ਼ ਕੀਤਾ। ‘ਗੁਰੂ’ ਤੇ `ਚੇਲੇ’ ਲਈ ਸਦੀਆਂ ਤੋਂ ਚਲਦੀ ਆ ਰਹੀ ਸਰੀਰਾਂ ਵਾਲੀ
ਪਰੀਪਾਟੀ ਨੂੰ ਗੁਰਮਤਿ ਪੱਖੋਂ ਪੂਰੀ ਤਰ੍ਹਾਂ ਨਕਾਰਿਆ। ਪਾਤਸ਼ਾਹ ਨੂੰ ਬਾਣੀ ਫੁਰਦੀ ਤਾਂ ਸਿਰ
ਝੁਕਾਂਦੇ, ਸ਼ਬਦ ਦੀ ਸਮਾਪਤੀ `ਤੇ ਫਿਰ ਸਿਰ ਝੁਕਾਂਦੇ। ਗੁਰਬਾਣੀ ਦੇ ‘ਗੁਰੂ’ ਹੋਣ ਬਾਰੇ ਪਾਤਸ਼ਾਹ
ਰਾਹੀਂ, ਬਾਣੀ `ਚ ਹੀ ਇੱਕ ਵਾਰੀ ਨਹੀਂ ਬਲਕਿ ਲਗਾਤਾਰ ਗੁਰਬਾਣੀ ਗੁਰੂ ਵਾਲਾ ਫੈਸਲਾ ਤੇ ਸਿਧਾਂਤ,
ਪਹਿਲੇ ਜਾਮੇ ਤੋਂ ਹੀ ਸਾਫ਼ ਕੀਤਾ ਜਾ ਰਿਹਾ ਸੀ।
ਪੰਜਵੇ ਪਾਤਸ਼ਾਹ ਨੇ ਬੀੜ ਦੀ ਸੰਪਾਦਨਾ ਅਜਿਹੇ ਦੂਰਦਰਸ਼ੀ ਢੰਗ ਨਾਲ ਕੀਤੀ,
ਤਾਕਿ ਰਹਿੰਦੀ ਦੁਨੀਆਂ ਤੀਕ ਇਸ `ਚ ਮਿਲਾਵਟ ਹੀ ਨਾ ਹੋ ਸਕੇ। ਗੁਰਬਾਣੀ ਦਾ ਵਿਆਕਰਣ, ਸਿਧਾਂਤ,
ਅੰਕ-ਬੰਦ ਨੰਬਰ, ਉਚਾਰਣ ਦਾ ਢੰਗ, ਸ਼ਬਦਾਂ `ਚ ਲੋੜ ਅਨੁਸਾਰ ‘ਰਹਾਉ’ ਦੇ ਬੰਦਾਂ ਨੂੰ ਉਜਾਗਰ ਕਰਣਾ,
ਰਾਗਾਂ `ਚ ਕੀਰਤਨ ਲਈ ਤਾਲ-ਘਰ ਵਾਲੀ ਸੇਧ, ਗੁਰਬਾਣੀ `ਚ ਹੀ ਪਰੋ ਦਿੱਤੇ। ਹੋਰ ਵੱਡੀ ਦੇਣ, ਬਾਣੀ
ਨੂੰ ਜਦੋਂ ਸਿਧਾਂਤ `ਤੇ ਕਸਦੇ ਹਾਂ ਤਾਂ ਕਿਸੇ ਵੀ ਸ਼ਬਦ ਦੇ ਇੱਕ ਤੋਂ ਵੱਧ ਅਰਥ ਹੀ ਸੰਭਵ ਨਹੀਂ ਹਨ।
ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਹਿਲੇ ਜਾਮੇ `ਚ ਗੁਰਬਾਣੀ ਰਚਨਾ ਤੇ ਇਸ ਦੀ
ਸੰਭਾਲ ਵਾਲੇ ਜਿਸ ਕਾਰਜ ਨੂੰ ਅਰੰਭਿਆ, ਆਪ ਨੇ ਅਪਣੇ ਹੀ ਦੱਸਵੇਂ ਜਾਮੇ `ਚ ੬ ਅਕਤੂਬਰ
ਸੰਨ ੧੭੦੮ ਨੂੰ ਆਪਣੇ ਜੋਤੀ ਜੋਤ ਸਮਾਉਣ ਤੋਂ ਕੇਵਲ ਇੱਕ ਦਿਨ ਪਹਿਲਾਂ, ਸੰਪੂਰਣਤਾ ਤੇ ਸਰੂਪ
ਨੂੰ ਗੁਰਗੱਦੀ ਵੀ ਆਪ ਬਖਸ਼ੀ। ਉਸ ਸਮੇਂ ਦਸ਼ਮੇਸ਼ ਜੀ ਨੇ ਪੰਜ ਪਿਆਰਿਆਂ ਨੂੰ ਤਾਬਿਆ ਖੜਾ ਕਰਕੇ ਜੋ
ਹੁਕਮ ਕੀਤਾ ਉਹ ਸੀ “ਪੂਜਾ ਅਕਾਲ ਪੁਰਖ ਕੀ-ਪਰਚਾ ਸ਼ਬਦ ਕਾ-ਦੀਦਾਰ ਖਾਲਸੇ ਕਾ” ਭਾਵ ਪੰਜ
ਪਿਆਰਿਆਂ ਨੇ ਇਸ ਆਦੇਸ਼ ਅਨੁਸਾਰ, ਗੁਰਬਾਣੀ ਦੀ ਤਾਬਿਆ ਰਹਿ ਕੇ ਪੰਥ `ਚ ‘ਗੁਰਬਾਣੀ ਜੁਗਤ’ ਨੂੰ
ਵਰਤਾਉਣਾ ਹੈ। ਇਸ ਦਾਇਰੇ ਤੋਂ ਬਾਹਿਰ ਜਾ ਕੇ ਜਾਂ ਕਿਸੇ ਰੰਜਿਸ਼, ਸੁਆਰਥ, ਭੈਅ ਅਧੀਨ ਨਹੀਂ।
ਵਿਰੋਧੀ ਸਾਜ਼ਿਸ਼ਾਂ- ਪਹਿਲਾਂ ਤਾਂ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ’ ਦੀ ਸੰਪਾਦਨਾ ਸਮੇਂ ਹੀ ਵਿਰੋਧੀਆਂ, ਜਨੂੰਨੀਆਂ, ਸਰਕਾਰੀ ਪਿਠੂਆਂ ਵਲੋਂ ਪੀਲੂ, ਕਾਨ੍ਹਾ,
ਛੱਜੂ, ਸ਼ਾਹਹੁਸੈਨ ਆਦਿ ਨੂੰ ਭੇਜ ਕੇ ਸੰਪਾਦਨਾ `ਚ ਰੁਕਾਵਟਾਂ ਪਾਉਣ ਤੇ ਮਿਲਾਵਟਾਂ ਲਈ ਕੋਸ਼ਿਸ਼ਾਂ ਤੇ
ਕੋਝੀਆਂ ਸਾਜ਼ਿਸ਼ਾਂ ਰਚੀਆਂ ਗਈਆਂ। ਉਸੇ ਦਾ ਨਤੀਜਾ, ਪੰਜਵੇਂ ਪਾਤਸ਼ਾਹ ਨੇ ਤਸੀਹੇ ਭਰਪੂਰ ਸ਼ਹਾਦਤ ਤਾਂ
ਦੇ ਦਿੱਤੀ ਪਰ ਅਸੀਮ ਦ੍ਰਿੜਤਾ ਦਾ ਸਬੂਤ ਦਿੰਦੇ ਹੋਏ ਵਿਰੋਧੀਆਂ ਦੀ ਇੱਕ ਵੀ ਸਾਜ਼ਿਸ਼ ਨੂੰ ਸਿਰੇ ਨਾ
ਚੜ੍ਹਣ ਦਿੱਤਾ।
ਇਸੇ ਤਰ੍ਹਾਂ ਵਿਰੋਧੀਆਂ ਨੇ ਸੰਪਾਦਨਾ ਉਪ੍ਰੰਤ ਅਜਿਹੀਆਂ ਕਹਾਣੀਆਂ
ਪ੍ਰਚਲਤ ਕੀਤੀਆਂ ਜਿਥੋਂ ਭੁਲੇਖਾ ਪੈ ਸਕੇ ਕਿ ਬੀੜ ਅਧੂਰੀ ਹੈ। ਇਸ `ਚੋਂ ਕਾਫ਼ੀ ਬਾਣੀ ਬਾਹਿਰ ਛੁੱਟ
ਗਈ ਹੈ। ਇਸੇ ਆਧਾਰ `ਤੇ-ਸੈਂਚੀਆਂ, ਮੋਹਨ ਦੇ ਚੁਬਾਰੇ ਤੋਂ, ਸੰਗਲਾ ਦੀਪ ਤੋਂ, ਸ੍ਰੀ ਚੰਦ ਤੋਂ
ਲਿਆਉਣ ਆਦਿ ਦੀਆਂ ਮਨ-ਘੜੰਤ ਕਹਾਣੀਆਂ ਪ੍ਰਚਲਤ ਕੀਤੀਆਂ ਗਈਆਂ। ਸਹੰਸਰਨਾਮਾ, ਪੈਂਤੀ ਅਖਰੀ, ਵਡਾ
ਦੱਖਣੀ ਓਂਕਾਰ, ਪ੍ਰਾਣ ਸੰਗਲੀ ਆਦਿ ਪ੍ਰਿਥੀ ਚੰਦ, ਮੇਹਰਬਾਨ ਤੇ ਹੋਰ ਦੋਖੀਆਂ ਰਾਹੀਂ ‘ਨਾਨਕ’
‘ਕਬੀਰ’ ਆਦਿ ਪਦਾਂ ਦੀ ਵਰਤੋਂ ਕਰਕੇ ਕੱਚੀਆਂ ਰਚਨਾਵਾਂ, ਸੰਗਤਾਂ ਨੂੰ ਭਮਲ ਭੂਸੇ `ਚ ਪਾਉਣ ਲਈ ਹੀ
ਸਨ।
ਅਜੋਕਾ ਦਸਮ ਗ੍ਰੰਥ-ਅੱਜ ਤੀਕ ਵੀ ਵਿਰੋਧੀ ਚਾਲਾਂ ਨੂੰ ਠੱਲ ਨਹੀਂ
ਪਈ ਅਤੇ ਸ਼ਿਖਰਾਂ `ਤੇ ਹਨ। ਅਖੌਤੀ ਦਸਮ ਗ੍ਰੰਥ ਸਬੰਧੀ ਤਾਂ ਸਾਰਾ ਵਿਸ਼ਾ ਗੁਰਮਤਿ ੩੪, ੩੬, ੧੬੩,
੧੬੪ ਆਦਿ `ਚ ਖੁੱਲ ਕੇ ਲੈ ਚੁੱਕੇ ਹਾਂ। ਚੇਤੇ ਰਹੇ! ਆਪਣੇ ਜੋਤੀ ਜੋਤ ਸਮਾਉਣ ਤੋਂ ਕੇਵਲ ਇੱਕ ਦਿਨ
ਪਹਿਲਾਂ ਦਸਮੇਸ਼ ਜੀ ਨੇ ਪੰਥ ਨੂੰ ਕੇਵਲ ਤੇ ਕੇਵਲ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਲੜ
ਲਾਇਆ ਸੀ, ਕਿਸੇ ਵੀ ਹੋਰ ਰਚਨਾ ਨੂੰ ਗੁਰਬਾਣੀ ਦੀ ਬਰਾਬਰੀ ਨਹੀਂ ਦਿੱਤੀ। ਬਲਕਿ ਇਤਿਹਾਸ `ਚ ਤਾਂ
ਸੰਨ 1870 ਤੋਂ ਪਹਿਲਾਂ ‘ਦਸਮ ਗ੍ਰੰਥ’ ਦਾ ਨਾਮ-ਪਤਾ ਵੀ ਨਹੀਂ ਸੀ। ਚੇਤੇ ਰਹੇ! ਪ੍ਰਚਲਤ
ਕੀਤਾ ਇਹ ਦਸਮ ਗ੍ਰੰਥ ਕਤੇਈ ਦਸਮੇਸ਼ ਜੀ ਦੀ ਰਚਨਾ ਨਹੀਂ ਜਿਵੇਂ ਕਿ ਬਹੁਤੀਆਂ ਸੰਗਤਾਂ ਇਸ ਦੇ ਨਾਮ
ਤੋਂ ਭੁਲੇਖਾ ਖਾ ਰਹੀਆਂ ਹਨ। ਇਸ ਗ੍ਰੰਥ ਦੇ ੧੪੨੮ ਪੰਨੇ ਇਸੇ ਲਈ ਬਣਾਏ ਹਨ ਕਿ ‘ਗੁਰੂ ਗ੍ਰੰਥ
ਸਾਹਿਬ ਜੀ’ ਦਾ ਭੁਲੇਖਾ ਦਿੱਤਾ ਜਾ ਸਕੇ। ਫ਼ਿਰ ਇਸ ਗ੍ਰੰਥ `ਚ ੨੫-੩੦ ਪੰਨੇ ਜਾਣਬੁਝ ਕੇ ਉਹ
ਜੋੜੇ ਹਨ ਜਿਥੋਂ ਕੌਮ ਨੂੰ ਸੌਖਾ ਧੋਖਾ ਦਿੱਤਾ ਜਾ ਸਕੇ। ਕਿਉਂਕਿ ਉਹਨਾਂ ੨੫-੩੦ ਪੰਨਿਆਂ `ਚ ਹੀ
‘ਜਾਪੁ ਸਾਹਿਬ’ ਆਦਿ ਰਚਨਾਵਾਂ ਹਨ। ਬਾਕੀ ਸਾਰੇ ਗ੍ਰੰਥ ਦਾ ਆਧਾਰ ਹਨ ਮਾਰਕੰਡੇ ਪੁਰਾਨ, ਸ਼ਿਵ
ਪੁਰਾਨ, ਸ੍ਰੀ ਮਦ ਭਾਗਵਤ ਪੁਰਾਣ, ਵਾਮਮਾਰਗੀਏ-ਸਾਕਤ ਮਤੀਏ ਆਦਿ। ਅਸਲ `ਚ ਇਸ ਗ੍ਰੰਥ ਨੂੰ ਤਿਆਰ ਵੀ
ਇਸੇ ਲਈ ਕੀਤਾ ਗਿਆ ਹੈ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸਰਬਉਚਤਾ ਨੂੰ
ਵੰਗਾਰਿਆ ਜਾ ਸਕੇ ਅਤੇ ਵਰਤਿਆ ਵੀ ਇਸੇ ਕੰਮ ਲਈ ਹੀ ਜਾ ਰਿਹਾ ਹੈ। ਇਨਾਂ ਹੀ ਨਹੀਂ ਓਪਰੀ ਨਜ਼ਰੇ
ਦੇਖੋ ਤਾਂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਸ਼ਰੀਕ ਬਣਾ ਕੇ ਉਹਨਾਂ ਦੀ ਬਰਾਬਰੀ
`ਤੇ-ਸੰਗਤਾਂ ਨੂੰ ਧੋਖਾ ਦੇਣ ਲਈ, ਅੱਜ ਸਾਰੇ ਹੀਲੇ ਵਰਤੇ ਵੀ ਜਾ ਰਹੇ ਹਨ। ਵਿਰੋਧੀਆਂ ਦਾ ਮਕਸਦ
ਸਪਸ਼ਟ ਹੈ ਕਿ ਸੰਗਤਾਂ ਦੇ ਮਨਾ `ਚੋਂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵਾਲਾ
ਸਤਿਕਾਰ ਡਗਮਗਾ ਜਾਵੇ। ਲੋੜ ਹੈ ਤਾਂ ਪੰਥ ਨੂੰ ਜਾਗਣ ਦੀ।