. |
|
ਜੁਗੋ ਜੁਗ ਅਟੱਲ ਜਗਤ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ॥
ਰਾਮ ਸਿੰਘ, ਗ੍ਰੇਵਜ਼ੈਂਡ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਜਗਤ ਦੇ ਕਿਵੇਂ ਗੁਰੂ ਹਨ ਅਤੇ ਉਹ
ਕਿਹੜੀ ਕਿਹੜੀ ਸਿਖਿਆ ਹੈ ਜੋ ਸਰਬ ਸਾਂਝੀ ਹੈ ਜੋ ਗੁਰੂ ਸਾਹਿਬ ਜੀ ਅਪਣੀ ਗੋਦੀ ਵਿੱਚ ਸਮੋਈ ਬੈਠੇ
ਹਨ? ਅਤੇ ਜੁਗਾਂ ਜੁਗਾਂਤਰਾਂ ਲਈ ਅਟੱਲ ਰੂਪ ਵਿੱਚ ਕਿਵੇਂ ਗੁਰੂ ਹਨ? ਇਨ੍ਹਾਂ ਦੇ ਇਸ ਰੂਪ ਵਿੱਚ
ਪ੍ਰਗਟ ਹੋਣ ਤੋਂ ਪਹਿਲਾਂ ਗੁਰੂ ਦੀ ਸਥਿਤੀ ਕੀ ਸੀ? ਇਸ ਲੇਖ ਦੇ ਮੁਖ ਵਿਸ਼ੇ ਹਨ ਜਿਨ੍ਹਾਂ ਤੇ
ਮਿਥਿਹਾਸ, ਇਤਿਹਾਸ ਤੇ ਗੁਰਬਾਣੀ ਦੇ ਰਾਹੀਂ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਮਨੁੱਖ ਅਪਣੀ ਹੋਂਦ ਤੋਂ ਲੈਕੇ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੋਣ ਤੱਕ ਕਈ
ਤਰਾਂ ਦੇ ਭਰਮ ਭੁਲੇਖਿਆਂ, ਪੂਜਾ ਪਾਠ ਆਦਿ ਦੀਆਂ ਭੂਲ ਭੁਲਈਆਂ ਵਿੱਚ ਬੁਰੀ ਤਰਾਂ ਫਸ ਚੁੱਕਾ ਸੀ।
ਭੂਲ ਭੁਲਈਆਂ ਵਿੱਚ ਪਾਉਣ ਵਾਲਾ ਇੱਨਾਂ ਚਲਾਕ ਸੀ ਕਿ ਉਸ ਦੀ ਸ੍ਰਦਾਰੀ ਨੂੰ ਕੋਈ ਵੰਗਾਰ ਨਹੀਂ ਸੀ
ਪਾ ਸਕਦਾ। ਕਿਉਂਕਿ ਉਸ ਬੰਦੇ (ਬ੍ਰਾਹਮਣ ਬਿਪਰ) ਦੀ ਜਕੜ ਲੋਕਾਂ ਦੇ ਮਂਨਾ ਤੇ ਅੰਧ-ਵਿਸ਼ਵਾਸੀ ਤਕ
ਪੁੱਜ ਚੁੱਕੀ ਸੀ। ਇਸ ਕਰਕੇ ਹੀ ਗੁਰੂ ਸਾਹਿਬ ਨੂੰ ਕਹਿਣਾ ਪਿਆ ਸੀ ਕਿ “ਰਈਅਤ ਗਿਆਨ ਵਿਹੂਣੀ ਅਤੇ
ਭੁਸ ਨਾਲ ਭਰੀ ਲਾਸ਼ ਦੇ ਬਰਾਬਰ ਹੈ”। ਬ੍ਰਾਹਮਣ ਲੋਕਾਂ ਦਾ ਗੁਰੂ ਬਣ ਬੈਠਾ ਸੀ ਤੇ ਉਨ੍ਹਾਂ ਤੋਂ
ਆਪਣੇ ਮਨੋਂ-ਕਲਪਤ ਦੇਵੀ ਦੇਵਤਿਆਂ ਦੀ ਪੂਜਾ ਦੇ ਬਹਾਨੇ ਆਪਣਾ ਹਲਵਾ ਮੰਡਾ ਰਾੜ੍ਹ ਰਿਹਾ ਸੀ। ਕਬੀਰ
ਜੀ ਨੇ ਭਾਵੇਂ ਇਹ ਕਹਿ ਦਿੱਤਾ ਸੀ ਕਿ “ਬ੍ਰਾਹਮਣ ਦੁਨੀਆਂ (ਲੋਕਾਂ) ਦਾ ਗੁਰੂ ਭਾਵੇਂ ਗੁਰੂ
ਹੋਵੇਗਾ, ਪਰ ਭਗਤਾਂ ਦਾ ਗੁਰੂ ਨਹੀਂ ਹੈ”। ਪਰ ਇਸ ਨਾਲ ਬ੍ਰਾਹਮਣ ਨੂੰ ਆਪਣੀ ਪਦਵੀ ਤੇ ਕੋਈ ਸੱਟ
ਵੱਜਦੀ ਨਾ ਦਿਸੀ। ਉਹ ਦੇਵੀ ਦੇਵਤਿਆਂ ਰਾਹੀਂ ਆਪਣੀ ਪੂਜਾ ਲਾ-ਪ੍ਰਵਾਹ ਹੋ ਕੇ ਕਰਾਉਂਦਾ ਰਿਹਾ।
ਹੁਣ ਤੱਕ ਮੁਸਲਮਾਨ ਭੀ ਭਾਰਤ ਵਿੱਚ ਚੰਗੀ ਤਰਾਂ ਕਾਬਜ਼ ਹੋ ਚੁੱਕੇ ਸਨ।
ਉਨ੍ਹਾਂ ਦੇ ਧਾਰਮਿਕ ਆਗੂ ਭੀ ਗੁਰੂ ਸਾਹਿਬ ਨੂੰ ਠੀਕ ਨਾ ਦਿਸੇ। ਇਹ ਹੀ ਨਹੀਂ, ਦੋਹਾਂ ਧਿਰਾਂ ਦੀ
ਹਾਕਿਮ ਸ੍ਰੇਣੀ ਭੀ ਲੋਕਾਂ ਲਈ ਗਲ-ਘੋਟੂ ਹੀ ਸੀ। ਸੋ ਗੁਰੂ ਜੀ ਨੇ ਧਾਰਮਿਕ ਆਗੁਆਂ ਤੇ ਹਾਕਿਮ
ਸ੍ਰੇਣੀ ਨੂੰ ਝਾੜ ਤੇ ਵੰਗਾਰ ਪਾਈ ਅਤੇ ਸਮੁੱਚੀ ਲੋਕਾਈ ਦੀ ਹਾਲਤ ਨੂੰ ਸੁਧਾਰ ਤੋਂ ਲੈ ਕੇ ਅਸਲੀਅਤ
ਵਿੱਚ ਬਦਲਣ ਲਈ ਇੱਕ ਐਸੀ ਜਥੇਬੰਦਕ ਲਹਿਰ ਚਲਾਈ ਕਿ ਲੱਗ ਭੱਗ ਦੋ ਸੌ ਸਾਲਾਂ ਵਿੱਚ ਬ੍ਰਾਹਮਣ ਦੀ
ਸ੍ਰਦਾਰੀ ਤੋਂ ਇੱਕ ਨਵੇਕਲ਼ੀ ਤੇ ਨਿਰਾਲੀ ਕੌਮ ਪ੍ਰਗਟ ਕਰ ਦਿੱਤੀ। ਪਰ ਉਹ ਪ੍ਰਗਟ ਕਿੱਦਾਂ ਹੋਈ, ਖਾਸ
ਵਿਚਾਰ ਦੀ ਮੁਥਾਜ ਹੈ!
ਸਭ ਤੋਂ ਪਹਿਲਾਂ ਇਹ ਦੇਖਣਾ ਹੋਵੇਗਾ ਕਿ ਬ੍ਰਾਹਮਣ ਦੀ ਹਜ਼ਾਰਾਂ ਸਾਲਾਂ ਦੀ
ਧਾਰਮਿਕ ਸਿਖਿਆ ਵਿੱਚ ਉਹ ਕੀ ਨੁਕਸ ਸੀ ਜੋ ਗੁਰੂ ਜੀ ਨੇ ਮਹਿਸੂਸ ਕੀਤਾ ਜਿਸ ਨੂੰ ਜੰਤਾ ਅਨ੍ਹੇ-ਵਾ
ਮੰਨੀ ਜਾ ਰਹੀ ਸੀ ਤੇ ਸੰਤੁਸ਼ਟ ਸੀ? ਤੀਖਣ ਬੁੱਧੀ ਬ੍ਰਾਹਮਣ ਨੇ ਖਾਸ ਚਲਾਕੀ ਵਰਤ ਕੇ ਹਰ ਤਰਾਂ ਦੀ
ਪੜ੍ਹਾਈ, ਲਿਖਾਈ ਤੇ ਪੂਜਾ ਪਾਠ ਦਾ ਕੰਮ ਆਪ ਸੰਭਾਲ ਕੇ ਹੋਰਨਾਂ ਨੂੰ ਹੋਰ ਦੁਨਿਆਵੀ ਕੰਮਾਂ ਵਿੱਚ
ਇਸ ਤਰਾਂ ਮਸਰੂਫ (ਰੁੱਝਾ) ਕਰ ਦਿੱਤਾ ਕਿ ਉਨ੍ਹਾਂ ਨੂੰ ਇਹ ਪਤਾ ਹੀ ਨਾ ਲੱਗਣ ਦਿੱਤਾ ਕਿ ਉਹ
(ਬਿਪਰ) ਉਨ੍ਹਾਂ ਤੋਂ ਕਿਹੜੇ ਦੇਵਤਿਆਂ ਦੀ ਪੂਜਾ ਕਰਵਾ ਕੇ ਅਸਲੀ ਰੱਬ ਤੋਂ ਪਰੇ ਪਰੇ ਰਖ ਰਿਹਾ ਹੈ।
ਸਦ ਅਫਸੋਸ ਕਿ ਇਹ ਵਿਸ਼ਵਾਸ਼, ਅੰਧ ਵਿਸ਼ਵਾਸ਼ ਬਣ ਚੁੱਕਿਆ ਸੀ (ਤੇ ਹੈ)। ਆਖਰ
ਐਸੀ ਵਿਅਰਥ ਪੂਜਾ ਆਦਿ ਤੋਂ ਹਟਾ ਤੇ ਬਚਾ ਕੇ ਲੋਕਾਂ ਨੂੰ ਇੱਕੋ ਇੱਕ ਰੱਬ ਜੀ ਦੀ ਪੂਜਾ ਦਾ ਸਬਕ
ਪੜਾਉਣ ਦਾ ਮਹਾਨ ਕਾਰਜ ਗੁਰੂ ਨਾਨਕ –ਗੁਰੂ ਗੋਬਿੰਦ ਸਿੰਘ (ਦਸੋਂ ਪਾਤਸ਼ਾਹਿਆਂ ਤੇ ਸ੍ਰੀ ਗੁਰੂ
ਗ੍ਰੰਥ ਸਾਹਿਬ) ਦੇ ਹਿੱਸੇ ਆਇਆ। ਉਸ ਰਾਹੀਂ ਕੁੱਛ ਵਡਭਾਗੀ ਬੰਦੇ ਇਸ ਫੋਕੀ ਪੂਜਾ ਦੇ ਮਹਾਂਜਲ ਤੋਂ
ਬਚ ਕੇ ਇਕੋ ਇੱਕ ਰੱਬ ਜੀ ਦੀ ਪੂਜਾ ਵਿੱਚ ਲੱਗਣ ਲੱਗੇ।
ਇਸ ਅਸਲੀ ਵਿਸ਼ੇ ਨੂੰ ਅੱਗੇ ਤੋਰਨ ਤੋਂ ਪਹਿਲਾਂ ਇਹ ਭੀ ਜਰੂਰੀ ਹੈ ਕਿ ਥੋੜੀ
ਬਹੁਤ ਵਾਕਫੀਅਤ ਉਨ੍ਹਾਂ ਕਲਪਤ ਦੇਵੀ ਦੇਵਤਿਆਂ ਆਦਿ ਦੀ ਅਸਲੀਅਤ ਬਾਰੇ ਭੀ ਪ੍ਰਾਪਤ ਕਰ ਲਈ ਜਾਵੇ।
ਤੀਖਣ ਬੁੱਧੀ ਬ੍ਰਾਹਮਣ ਨੇ ਆਪਣੇ ਲਿਖੇ ਸ੍ਰੀਮਦ ਭਾਗਵਤ ਪੁਰਾਣ ਵਿੱਚ ਲਿਖਿਆ ਹੈ ਕਿ ਆਦਿ ਪੁਰਖ
ਰਾਹੀਂ ਵਿਸ਼ਨੂੰ ਦੀ ਧੁੱਨੀ (ਨਾਭੀ) ਵਿਚੋਂ ਕਮਲ ਦਾ ਫੁੱਲ ਨਿਕਲਿਆ ਜਿਸ ਵਿਚੋਂ ਬ੍ਰਹਮਾ ਜੀ ਪੈਦਾ
ਹੋਏ। ਬ੍ਰਹਮਾ ਦੇ ਮੂੰਹ ਵਿਚੋਂ ਬ੍ਰਾਹਮਣ, ਬਾਹਾਂ ਵਿਚੋਂ ਖਤਰੀ, ਲੱਤਾਂ ਵਿਚੋਂ ਵੈਸ਼ ਅਤੇ ਪੈਰਾਂ
ਵਿਚੋਂ ਸ਼ੂਦਰ ਪੈਦਾ ਕੀਤੇ। ਸ੍ਰਿਸ਼ਟੀ ਦੀ ਹੋਰ ਰਚਨਾਂ ਤੋਂ ਪਹਿਲਾਂ ਦੇ ਪ੍ਰਗਟ ਹੋਏ ਬ੍ਰਾਹਮਣ ਨੇ
ਆਪਣੇ ਹੱਥ ਵਿੱਚ ਫੜੀ ਕਲਮ ਦੇ ਜ਼ੋਰ ਤੇ ਆਪਣੀ ਸੁਆਰਥ ਸਿੱਧੀ (ਬਿਨਾਂ ਕੰਮ ਕੀਤੇ ਚੰਗੇ ਚੋਸੇ ਲਈ)
ਦੀ ਭਾਵਨਾਂ ਨਾਲ ਅਪਣੇ ਮਨੋਂ ਕਲਪਤ ਦੇਵਤਿਆਂ ਨੂੰ, ਪ੍ਰਿਕਰਤੀ ਦੇ ਅਸਲੀ ਸਿਧਾਂਤ ਦੇ ਉਲਟ, ਸ਼ਕਲਾਂ
ਦੇ ਦਿਤੀਆਂ। ਮਨੁੱਖੀ ਧੜ ਉੱਤੇ ਹਾਥੀ, ਖੋਤੇ, ਗਊ, ਬਾਂਦਰ, ਕੁੱਤੇ ਆਦਿ ਦਾ ਸਿਰ ਲਾ ਦਿੱਤਾ, ਕਿਸੇ
ਮੁਨੁੱਖੀ ਧੜ ਤੇ ਕਈ ਕਈ ਸਿਰ, ਬਾਂਹਾਂ ਜੜ ਦਿੱਤੇ, ਕਿਤੇ ਮੱਛੀ, ਗਊ ਦੇ ਧੜਾਂ ਨੂੰ ਸੁੰਦਰ ਨਾਰੀ
ਦਾ ਜਾ ਦੈਂਤ ਦਾ ਸਿਰ ਲਾ ਦਿੱਤਾ। ਇਸ ਲੜੀ ਵਿੱਚ ਚੰਦ, ਸੂਰਜ, ਹਵਾ, ਅੱਗ, ਕਈ ਤਰਾਂ ਦੇ ਦਰਖਤ,
ਗਰੜ, ਸੱਪ, ਮੋਰ, ਚੂਹੇ, ਪਹਾੜ, ਪੱਥਰ ਬੱਦਲ, ਸਮੁੰਦਰ ਆਦਿ ਤੇ ਦੇਵੀਆਂ ਵਿੱਚ ਲਛਮੀ (ਮਾਇਆ),
ਸਰਸਵਤੀ (ਵਿਦਿਆ), ਸੀਤਲਾ (ਚੇਚਕ) ਆਦਿ ਜੋੜ ਕੇ 33 ਕਰੋੜ ਦੇਵੀ ਦੇਵਤੇ ਬਣਾ ਦਿੱਤੇ। ਇਨ੍ਹਾਂ ਸਭ
ਦੀ ਸਵਾਰੀ ਭੀ ਬੜੀ ਹਾਸੋ ਹੀਣੀ ਲਿਖਮਾਰੀ, ਜਿਵੇਂ ਚੂਹੇ ਆਦਿ। ਪਰ ਇਹ ਸਭ ਕੁੱਛ ਕਿਸ ਲਈ? ਇਨ੍ਹਾਂ
ਦੀ ਪੂਜਾ ਰਾਹੀਂ ਵੱਧ ਤੋਂ ਵੱਧ ਚੜਾਵੇਂ ਦੇ ਰੂਪ ਵਿੱਚ ਮਾਇਆ ਇੱਕਠੀ ਕਰਨ ਲਈ। ਪਰ ਹੈਰਾਨੀ ਦੀ ਗੱਲ
ਤਾਂ ਇਹ ਹੋ ਨਿਬੜੀ ਕਿ ਐਸੇ ਅਦਭੁੱਤ ਦੇਵੀ ਦੇਵਤਿਆਂ ਦੀ ਪੂਜਾ ਐਸੀ ਸ਼ੁਰੂ ਹੋਈ ਕਿ ਅਜਕਲ ਦੇ
ਵਿਗਿਆਨਿਕ ਯੁਗ ਵਿੱਚ ਭੀ ਇਨ੍ਹਾਂ ਕੁਦਰਤੀ ਨਿਯਮਾਂ ਦੇ ਉਲਟ ਦਿਸਦੇ ਦੇਵੀ ਦੇਵਤਿਆਂ ਦੀ ਪੂਜਾ ਹੀ
ਨਹੀਂ, ਉਨ੍ਹਾਂ ਦੀਆਂ ਫਿਲਮਾਂ ਬਣਾ ਕੇ ਬਾਹਰਲੀ ਦੁਨੀਆਂ ਨੂੰ ਦਿਖਾਈਆਂ ਜਾ ਰਹੀਆਂ ਹਨ। ਖੈਰ ਇਹ ਹੈ
ਉਨ੍ਹਾਂ ਮਨੋਂ ਕਲਪਤ ਦੇਵੀ ਦੇਵਤਿਆਂ ਦੀ ਅਸਲੀਅਤ ਜਿਨ੍ਹਾਂ ਦੀਆਂ ਪੂਜਾ ਰਾਹੀਂ ਆਮ ਲੋਕਾਂ ਨੂੰ
ਵਹਿਮਾਂ ਭਰਮਾਂ ਅਤੇ ਪਾਪ ਪੁੰਨ ਦੇ ਜਾਲ ਵਿੱਚ ਜਕੜਿਆ ਹੋਇਆ ਸੀ। ਇਹ ਜਕੜ ਇਨ੍ਹਾਂ ਦੇਵਤਿਆਂ ਦੇ
ਨਾਂਵਾਂ ਤੇ ਤੀਰਥ ਥਾਪ ਕੇ ਯਾਤਰੀਆਂ ਨੂੰ ਖਾਸ ਖਾਸ ਦਿਨਾਂ (ਮੱਸਿਆ, ਪੁੰਨਿਆਂ, ਸੰਗਰਾਂਦ ਆਦਿ) ਤੇ
ਇਨ੍ਹਾਂ ਥਾਂਵਾਂ ਤੇ ਪਾਪਾਂ ਦੀ ਨਵਿਰਤੀ ਲਈ ਇਸ਼ਨਾਨ ਕਰਨ ਤੇ ਪੁੰਨ ਦਾਨ ਕਰਨ ਦੇ ਰੂਪ ਵਿੱਚ ਹੋਰ ਭੀ
ਪੱਕੀ ਕਰ ਦਿੱਤੀ ਗਈ। ਇਹ ਸੀ ਇਸ ਤੇਜ਼ ਦਿਮਾਗ ਆਪੂੰ ਬਣੇ ਗੁਰੂ ਰਾਹੀਂ ਆਪੂੰ ਥਾਪੇ ਰੱਬ ਰੂਪ ਦੇਵੀ
ਦੇਵਤਿਆਂ ਦੀ ਅਸਲੀਅਤ ਜਿਨ੍ਹਾਂ ਦੀ ਪੂਜਾ ਰਾਹੀਂ ਲੋਕਾਂ ਨੂੰ ਜੀਵਨ ਜੁਗਤ ਅਤੇ ਸਦਾ ਥਿਰ ਰੱਬ ਜੀ
ਤੋਂ ਪਰੇ ਰੱਖ ਕੇ ਸਿਰਫ ਅਪਣਾ ਹਲਵਾ ਮੰਡਾ ਰੇੜ੍ਹਨ ਦੀ ਹਵਸ।
ਕੁੱਛ ਭਗਤ ਜਿਨਾਂ ਨੇ ਬ੍ਰਾਹਮਣ ਵਲੋਂ ਕਰਾਈ ਜਾ ਰਹੀ ਇਸ ਫੋਕੀ ਪੂਜਾ ਵਿਧੀ
ਨੂੰ ਮਹਿਸੂਸ ਕਰਕੇ ਕੁਛ ਅਵਾਜ਼ ਭੀ ਉਠਾਈ, ਪਰ ਕਿਸੇ ਤਰਾਂ ਦਾ ਜਥੇਬੰਧਕ ਉਪਰਾਲਾ ਨਾ ਹੋਣ ਕਰਕੇ
ਬਿੱਪਰ ਨੂੰ ਇੱਧਰੋਂ ਕੋਈ ਖਾਸ ਖਤਰਾ ਨਾ ਦਿਖਾਈ ਦਿੱਤਾ। ਪਰ ਜਦ ਗੁਰੂ ਨਾਨਕ ਸਾਹਿਬ ਨੇ ‘ਓਅੰ’
ਜਿਸਨੂੰ ਬਿੱਪਰ ਨੇ ਕਲਪਤ ਦੇਵੀ ਦੇਵਤਿਆਂ ਦੇ ਉਹਲੇ ਲੁਕੋ ਰੱਖਿਆ ਸੀ, ਦੇ ਅੱਗੇ (ਇਕ) ਲਗਾ ਕੇ ਇਹ
ਕਹਿ ਦਿੱਤਾ ਕਿ ਉੱਹ ਇੱਕ ਹੀ ਸਰਬ ਸ਼ਕਤੀਮਾਨ ਪ੍ਰਮਾਤਮਾ, ਸਭ ਦਾ ਕਰਤਾ ਤੇ ਨਾ ਕਦੇ ਜੰਮਦਾ ਨਾ ਮਰਦਾ
ਹੈ ਅਤੇ ਉਸਦਾ ਕੋਈ ਸ਼ਰੀਕ ਨਹੀਂ, ਇਸ ਨੇ ਬਿੱਪਰ ਨੂੰ ਝੰਜੋੜ ਕੇ ਰੱਖ ਦਿੱਤਾ। ਪਰ ਜਦੋਂ ਹੋਰ ਬਾਕੀ
ਸਿਖਿਆ ਦੇ ਨਾਲ ਗੁਰੂ ਜੀ ਵਲੋਂ ਇਹ ਦੱਸਿਆ ਗਿਆ ਕਿ ਕਿਸੇ ਤਰਾਂ ਦੇ “ਦੇਵੀ ਦੇਵਤਿਆਂ ਦੀ ਪੂਜਾ
ਰਾਹੀਂ ਕੁੱਛ ਮੰਗਿਆ ਮਿਲ ਨਹੀਂ ਸਕਦਾ” (ਪੰ. 637) ਅਤੇ “ਇਹ ਪੂਜਾ ਲੋਕਾਂ ਨੂੰ ਛੁਰੀ ਦਿਖਾ ਕੇ
ਦਾਣ ਲੈਣ ਦੇ ਤੁੱਲ ਹੈ” (ਪੰ. 201) ਅਤੇ ਹਰ ਤਰਾਂ ਦੀ ਪ੍ਰਾਪਤੀ ਇੱਕ ਰੱਬ ਜੀ ਦੇ ਨਾਮ ਦੀ ਕਮਾਈ
ਵਿੱਚ ਹੈ (ਪੰ. 1127) ਅਤੇ ਕਿਸੇ ਖਾਸ ਦਿਨ ਦਿਹਾੜੀ ਤੇ ਕੀਤੀ ਪੂਜਾ, ਤੀਰਥ ਯਾਤਰਾ, ਜਾਤਿ ਦਾ ਗਰਵ
ਆਦਿ ਦਾ ਕੋਈ ਫਲ ਨਹੀਂ, ਫਲ ਤਾਂ ਕੀਤੇ ਕਰਮਾਂ ਦਾ ਹੀ ਮਿਲਦਾ ਹੈ ਤੇ ਮਿਲੇਗਾ ਤਾਂ ਬਿੱਪਰ ਤਲਮਲਾ
ਉਠਿਆ। ਕਿਉਂਕੀ ਉਹ ਤਾਂ ਅਗਿਆਨਤਾ ਰਾਂਹੀ ਮਨੁੱਖ ਜਾਤੀ ਨੂੰ ਵਹਿਮਾਂ, ਭਰਮਾਂ ਵਿੱਚ ਫਸਾ ਕੇ ਲੁੱਟ
ਦਾ ਸ਼ਿਕਾਰ ਬਣਾਈ ਰਖਣਾ ਚਾਹੁੰਦਾ ਸੀ।
ਇੱਧਰ ਗੁਰੂ ਸਾਹਿਬ ਦੀ ਸਿੱਖਿਆ ਦਾ ਚਾਨਣ ਸੰਗਤ ਤੇ ਪੰਗਤ ਦੀ ਨਵੀਂ ਨਕੋਰ
ਪਿਰਤ ਰਾਹੀੰ ਜਿੱਨਾਂ ਤੇਜ਼ੀ ਨਾਲ ਫੈਲਣ ਲੱਗਾ ਉਧਰ ਉਨਾਂ ਹੀ ਗੰਭੀਰਤਾ ਨਾਲ ਫੈਲਣ ਲੱਗਾ ਉਧਰ ਉਨਾ
ਹੀ ਗੰਭੀਰਤਾ ਨਾਲ ਬਿੱਪਰ ਨੇ ਅਪਣੀ ਸ੍ਰਦਾਰੀ ਤੇ ਹਸਤੀ ਨੂੰ ਕਾਈਮ ਰੱਖਣ ਦੇ ਉਪਰਾਲੇ ਭੀ ਸ਼ੁਰੂ ਕਰ
ਦਿੱਤੇ। ਪਰ ਗੁਰੂ ਜੀ ਨੇ ਇਸ ਸਿੱਖਿਆ ਜੋ ਅਸਲੀ ਅਰਥਾਂ ਵਿੱਚ ਅਸਲੀਅਤ ਨੂੰ ਦੁਨੀਆ ਦੇ ਸਾਮਣੇ ਰੱਖ
ਰਹੀ ਸੀ, ਨੂੰ ਅਪਣੇ ਵਿਚਾਰ ਨਹੀਂ “ਖਸਮ ਦੀ ਬਾਣੀ” (ਪੰ. 722) “ਪ੍ਰਮਾਤਮਾ ਵਲੋ ਹੁਕਮ” (ਪੰ.
763) ਤੇ “ਪ੍ਰਮਾਤਮਾ ਵਲੋਂ ਬੁਲਾਏ ਬੋਲ” (ਪੰ. 734) ਦੱਸ ਕੇ ਇਸ ਨੂੰ ਪੱਕੀ ਤਰਾ ਵਿਧਾਨ ਦੇ ਰੂਪ
ਵਿੱਚ ਪ੍ਰਗਟ ਕਰਨ ਦੀ ਐਸੀ ਵਿਉਂਤ ਬਣਾਈ ਜੋ ਸ਼ਬਦ ਰੂਪ ਵਿੱਚ ਗੁਰੂਆਂ ਦਾ ਭੀ ਗੁਰੂ ਹੋ ਨਿਬੜੇ।
ਕਿਉਂਕਿ ਗੁਰੂ ਸਾਹਿਬ ਜੋ ਸਿਖਿਆ ਰੂਪ ਸ਼ਬਦ ਨੂੰ ਪਹਿਲਾਂ ਹੀ ਅਪਣਾ ਗੁਰੂ ਮੰਨ ਰਹੇ ਸਨ, ਉਹ ਹੋਰਨਾ
ਨੂੰ ਭੀ ਇਸ ਮਸਲੀ ਗੁਰੂ ਦੇ ਲੜ ਲਾਕੇ ਹੋਰ ਕਿਸੇ ਤਰਾਂ ਮਨੋ ਕਲਪਤ “ਰੱਬਾਂ” ਦੀ ਪੂਜਾ ਜਾ ਆਪੂੰ
ਬਣੇ ਦੇਹ ਪਾਰੀ ਗੁਰੂਆਂ ਦੀ ਚੁੰਗਾਲ ਤੋਂ ਬਚਾ ਕੇ ਰੱਖਣਾ ਚਾਹੁੰਦੇ ਸਨ। ਪ੍ਰਮਾਤਮਾ ਵਲੋਂ ਆਈ ਇਸ
ਸਿਖਿਆ ਤੇ ਚਲਣ ਵਾਲਿਆਂ ਦਾ ਜੁਗੋ ਜੁਗ ਅਟਲ ਗੁਰੂ ਜੁ ਥਾਪ ਦੇਣਾ ਸੀ। ਸੋ ਇਹ ਸਿੱਖਿਆ ਲੋਕਾਂ ਨੂੰ
ਆਮ ਸਮਝ ਆਉਣ ਵਾਲੀ ਅਪਣੀ ਸਰਲ ਬੋਲੀ ਵਿੱਚ ਦੇਣੀ ਠੀਕ ਸਮਝੀ ਗਈ ਤਾ ਕਿ ਇਸ ਤੋਂ ਸਾਰੇ ਹੀ (ਅਖੌਤੀ
ਚਾਰੇ ਵਰਨ ਅਤੇ ਔਰਤ ਜਾਤ ਭੀ) ਲਾਭ ਉਠਾ ਸ਼ਕਣ। ਹੁਣ ਇਹ ਦੇਖਣਾ ਹੈ ਕਿ ਇਹ ਕਿਹੜੀ ਸਰਬ-ਪੱਖੀ
ਸਿੱਖਿਆ (ਰੱਬੀ ਬਾਣੀ) ਹੈ ਜੋ ਸੰਸਾਰ ਦੇ ਹਰ ਧਰਮ ਦੇ ਅਤੇ ਹਰ ਖੇਤਰ ਦੇ ਇਸਤਰੀ ਤੇ ਮਰਦ ਲਈ ਹਰ
ਪੱਖੋਂ ਅਗਵਾਈ ਦੇਣ ਦੀ ਸਮ੍ਰਥਾ ਰੱਖਦੀ ਹੈ।
ਇਹ ੲੱਕ ਮਹੱਤਵ ਦੀ ਗੱਲ ਹੈ ਕਿ ਦੁਨੀਆਂ ਵਿੱਚ ਸਿਰਫ ਗੁਰੂ ਗ੍ਰੰਥ ਸਾਹਿਬ
ਹੀ ਹਨ ਜੋ, ਜਿਵੇਂ ਗੁਰੂ ਅਰਜਨ ਸਾਹਿਬ ਜੀ ਵਲੋਂ ਸੰਪਾਦਨ ਕੀਤੇ ਤੇ ਫਿਰ ਦਸਮ ਪਿਤਾ ਵਲੋਂ ਗੁਰੂ
ਤੇਗ ਬਹਾਦਰ ਜੀ ਦੀ ਬਾਣੀ ਚੜ੍ਹਾ ਕੇ ਸੰਪਾਦਨ ਕੀਤੇ ਗਏ ਹਨ, ਉਹ ਕਿਸੇ ਤਰਾਂ ਦੀ ਛੇੜ ਛਾੜ ਤੋਂ ਬਚ
ਕੇ ਸਭ ਸੰਸਾਰੀਆਂ ਦੀ ਅਗਵਾਈ ਕਰਦੇ ਆ ਰਹੇ ਹਨ। ਸਭ ਤੋਂ ਪਹਿਲਾਂ, ਉਪਰ ਲਿਖੇ ਵਾਂਗ ਬਹੁ-ਦੇਵ ਪੂਜਾ
ਦੇ ਮਹਾਂਜਾਲ (ਤੀਰਥਾਂ, ਸਗਨ, ਅਪਸਗਨ, ਪਾਪ, ਪੁੰਨ ਦਾਨ ਅਦਿ) ਰਾਹੀਂ ਤੋਂ ਛੁਟਕਾਰਾ ਦਵਾ ਕੇ ਇੱਕ
ਪ੍ਰਮਾਤਮਾ ਦੀ ਹਰ ਕੋਈ, ਕਿਸੇ ਵੇਲੇ (ਹਰ ਵੇਲੇ) ਕਿਸੇ ਥਾਂ (ਘਰ ਵਿੱਚ ਜਾਂ ਸੰਗਤ ਰੂਪ ਵਿਚ)
ਅਰਾਧਨਾ ਕਰ ਸਕਦਾ ਹੈ, ਉਹ ਭੀ ਬਿਨਾਂ ਕਿਸੇ ਖਰਚ ਦੇ ਅਪਣੇ ਅਪਣੇ ਅਕੀਦੇ ਅਨੁਸਾਰ। ਪ੍ਰਮਾਤਮਾ ਦੀ
ਅਰਾਧਨਾ ਵਿੱਚ ਕਿੱਡੀ ਅਜ਼ਾਦੀ, ਉਹ ਭੀ ਠੋਸ ਨਫੇ ਵਾਲੀ! ਐਸੀ ਸਿੱਖਿਆ ਦੇਣ ਵਾਲਾ ਜਿਸਨੂੰ ਉਹ ਆਪ
ਅਵਤਾਰ, ਪੈਗੰਬਰ, ਗੁਰੂ ਆਦਿ ਕਰਕੇ ਪ੍ਰਗਟ ਹੋਵੇ ਜਾ ਹੋਰ ਲੋਕ ਪ੍ਰਗਟ ਕਰਨ ਉਸ ਨੂੰ ਗੁਰੂ ਗ੍ਰੰਥ
ਸਾਹਿਬ ਜੀ “ਨਾਨਕ ਨੀਚ ਕਹੈ
ਵੀਚਾਰ॥ (ਪੰ. 3) ਅਤੇ ‘ਨੀਚਾ ਅੰਦਰ ਨੀਚ ਜਾਤਿ ਨੀਚੀ ਹੂੰ ਅਤਿ ਨੀਚ”॥ (ਪੰ. 15) “ਹਉ ਢਾਡੀ ਹਰਿ
ਪ੍ਰਭ ਖਸਮ ਕਾ ….॥” (ਪੰ. 91) ਅਨੁਸਾਰ ਲੋੜਦੇ
ਹਨ ਕਿ ਉਹ ਅਪਣੇ ਆਪ ਨੂੰ ਰੱਬ ਦਾ ਤੇ ਰੱਬ ਜੀ ਰਾਹੀਂ ਲੋਕਾਂ ਦਾ ਸੇਵਕ ਸਮਝੇ ਕਿਉਂਕਿ ਰੱਬ ਜੀ ਸਭ
ਦੇ ਦਿਲਾਂ ਵਿੱਚ ਵਸਦੇ ਹਨ। ਇਹ ਸੀ ਰੱਬੀ ਹੁਕਮ ਜੋ ਗੁਰੂ ਨਾਨਕ-ਗਰੂ ਗੋਬਿੰਦ ਸਿਘ ਜੀ ਨੇ ਅਪਨਾ ਕੇ
ਭਾਈ ਮਰਦਾਨਾ, ਭਾਈ ਲਾਲੋ ਅਤੇ ਹੋਰ ਅਨੇਕਾਂ ਨੂੰ ਅਪਣੇ ਭਾਈ ਬਣਾ ਕੇ ਇਸ ਅਸਲੀਅਤ ਤੇ ਆਧਾਰਿਤ
ਗਾਡੀਰਾਹ ਨਿੱਗਰ ਨੀਹਾਂ ਤੇ ਖੜਾ ਕਰ ਦਿੱਤਾ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਰੂਪ ਵਿੱਚ ਅਗਵਾਈ
ਕਰ ਰਹੇ ਹਨ। ਕੀ ਅੱਜ ਥਾਂ ਥਾਂ ਬਣੇ ਗੁਰੂ ਜਾ ਅਖੌਤੀ ਸੰਤ ਡੇਰੇ ਲੋਕਾਂ ਨੂੰ ਅਸਲੀ ਜੀਵਨ ਜਾਚ
ਦੱਸਣ ਲਈ ਸੇਵਕ ਰੂਪ ਵਿਚ, ਜੋ ਅੱਜ ਧਰਮ ਵਿੱਚ ਹੀ ਨਹੀਂ ਜੀਵਨ ਦੇ ਹਰ ਖੇਤਰ ਵਿੱਚ ਨਿਘਾਰ ਆ ਰਿਹਾ
ਹੈ, ਗੁਰੂ ਸਾਹਿਬਾਨ ਵਾਂਗ ਫਰਜ਼ ਨਿਭਾਉਣ ਲਈ ਅੱਗੇ ਆ ਸਕਦੇ ਹਨ? ਲਗਦਾ ਹੈ ਨਹੀਂ, ਕਿਉਂਕਿ ਇਨ੍ਹਾਂ
ਨੂ ਬਿੱਪਰ ਵਾਂਗ ਅਪਣੀ ਸੇਵਾ ਕਰਵਾਉਣ ਦਾ ਝੱਸ ਪੈ ਗਿਆ ਹੈ।
ਗੁਰੂ ਜੀ ਦੀ ਅਸਲੀ ਸਿਖਿਆ, ਜੋ ਸਭ ਤੋਂ ਉੱਚੀ ਹੈ, ਸਚਿਆਰ ਬਣਨ ਦੀ ਹੈ।
ਸਚਿਆਰ ਬਣਨ ਲਈ ਗੁਰੂ ਜੀ ‘ਧਰਮ ਦੀ ਕਿਰਤ’, ‘ਵੰਡ ਛਕਣ’, ਤੇ ‘ਨਾਮ ਜਪਣ’ ਭਾਵ “ਘਾਲ ਖਾਇ ਕਿਛੁ
ਹਥਹੁ ਦੇਇ॥ ਨਾਨਕ ਰਾਹਿ ਪਛਾਣਹਿ ਸੇਇ॥” (ਪੰ. 1245) ਦੇ ਰੱਬੀ ਹੁਕਮ ਤੋਂ ਸ਼ੁਰੂ ਕਰਦੇ ਹਨ। ਕਿਰਤ
ਨੂੰ ਧਰਮ ਬਣਾ ਕੇ ਈਮਾਨਦਾਰੀ, ਸਬਰ, ਸੰਤੋਖ, ਹਮਦਰਦੀ ਦੇ ਗੁਣਾ ਰਾਹੀਂ ਸਭਨਾਂ ਦੀ ਖੁਸ਼ੀ ਤੇ ਦਰਦ
ਸਾਂਝੇ ਸਮਝ ਕੇ ਕਿਸੇ ਵੇਲੇ ਇੱਕ ਸਚਿਆਰ ਸਮਾਜ ਸਿਰਜਿਆ ਗਿਆ ਸੀ ਤੇ ਇਹ ਸਿਖਿਆ ਹੁਣ ਭੀ ਉਹ ਕੁੱਛ
ਹੀ ਕੀਤਾ ਜਾਣਾ ਲੋੜਦੀ ਹੈ। ਉਥੇ ਫਿਰ ਕੀ ਹੁੰਦਾ ਹੈ? ਉਥੇ ਰਾਜਾ ਭਾਵ ਹੁਕਮਰਾਨ ਮਾਲਕ ਨਹੀਂ, ਸੱਚ,
ਇਨਸਾਫ ਅਤੇ ਧਰਮ ਨੂੰ ਅੱਗੇ ਰੱਖ ਕੇ ਲੋਕ ਸੇਵਕ ਹੋਣਾ ਲੋੜੀਦਾ ਹੈ, ਜਿਵੇਂ “ਤਖਤਿ ਬਹੈ ਤਖਤੈ ਕੀ
ਲਾਇਕ” (ਪੰ. 1039) ਅਤੇ “ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ॥” (ਪੰ. 992) ਜਿਵੇਂ ਇਤਿਹਾਸ
ਵਿੱਚ ਰਾਜਾ ਬਿਕਰਮਾਜੀਤ ਤੇ ਮਹਾਰਾਜਾ ਰਣਜੀਤ ਸਿੰਘ ਮਸ਼ਹੂਰ ਹੋਏ ਹਨ। ਗੁਰੂ ਜੀ ਇਸ ਨੂੰ ਹੋਰ ਭੀ
ਜ਼ੋਰਦਾਰ ਸ਼ਬਦਾਂ ਵਿੱਚ ਕਹਿੰਦੇ ਹਨ ਕਿ ਦੁਨਿਆਵੀ ਰਾਜੇ ਤਾਂ ਚਾਰ ਦਿਨਾਂ ਦੀ ਖੇਲ ਹਨ, ਅਸਲੀ ਰਾਜਾ
ਤਾਂ ਵਾਹਿਗੁਰੂ ਆਪ ਹੈ ਤੇ ਜਿਸ ਵਾਸਤੇ ਸਭ ਇਨਸਾਨ ਇਕੋ ਜਿਹੇ ਹਨ। ਦੁਨਿਆਵੀ ਰਾਜੇ ਨੂੰ ਭੀ ਇਸੇ
ਤਰਾਂ ਦਾ ਸੱਚਾ ਹਾਕਮ (ਸੇਵਾਦਾਰ) ਬਣਨਾਂ ਪਵੇਗਾ ਤੇ ਚਾਹੀਦਾ ਹੈ।
ਅੱਗੇ ਗੁਰੂ ਸਾਹਿਬ ਜੀ ਦੀ ‘ਉਪਦੇਸ ਚਹੁ ਵਰਨਾ ਕੳ ਸਾਂਝਾ॥” (ਰਾਗ ਬਿਲਾਵਲ)
ਸਿੱਖਿਆ ਨੇ ਹਰ ਤਰਾਂ ਦੀ ੳਚੂ ਨੀਚ, ਜ਼ਾਤ, ਪਾਤ, ਮਰਦ ਤੇ ਔਰਤ ਆਦਿ ਦੇ ਵਿਤਕਰੇ ਨੂੰ ਉਪਰ ਲਿਖੇ
ਵਾਂਗ ਸਰਬ ਸਾਂਝੀ ਸੰਗਤ ਤੇ ਪੰਗਤ ਤੇ ਫਿਰ ਸਰੋਵਰ ਦੇ ਸਾਂਝੇ ਇਸ਼ਨਾਨ ਦੁਆਰਾ ਇੱਕ ਕਿਸਮ ਦਾ ਖੰਭ ਲਾ
ਕੇ ਉੜਾ ਦਿੱਤਾ ਅਤੇ ਜ਼ਹਿਰ ਵਰਗੀ ਫੈਲੀ ਨਫਰਤ ਨੂੰ ਆਪਸੀ ਦਿਲੀ ਪਿਆਰ ਵਿੱਚ ਬਦਲ ਦਿੱਤਾ। ਗੁਰੂ
ਸਾਹਿਬ ਜੀ ਤਾਂ ਅਖੌਤੀ ਪੰਡਤ ਨੂੰ ਸੰਭੋਧਨ ਕਰਕੇ ਕਹਿੰਦੇ ਹਨ, “ਚਹੁ ਵਰਨਾ ਕਉ ਦੇ ਉਪਦੇਸ॥ ਨਾਨਕ
ਉਸੁ ਪੰਡਿਤ ਕਉ ਸਦਾ ਅਦੇਸ॥” (ਪੰ. 274) ਇਹ ਸਿਖਿਆ ਦੁਨਿਆਂ ਵਿੱਚ ਫੈਲੀ ਧਾਰਮਿਕ, ਸਮਾਜਿਕ ਆਦਿ
ਨਫਰਤ ਦੀ ਜ਼ਹਿਰ ਨੂੰ ਰਫੂੰ ਕਰ ਸਕਦੀ ਹੈ, ਸਿਖਿਆ ਨੂੰ ਦਿਲੋਂ ਅਪਨਾਉਣ ਦੀ ਲੋੜ ਹੈ। ਕਿਉਂਕਿ ਇਸ
ਸਿਖਿਆ ਨੇ ਹੀ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਇਸਤਰੀ ਜਾਤੀ ਤੇ ਅਖੌਤੀ ਸ਼ੂਦਰ ਵਰਗ ਨੂੰ ਨਰਕ ਰੂਪ
ਜੀਵਨ ਤੋਂ ਨਿਜਾਤ ਦਿਵਾ ਕੇ ਅਜ਼ਾਦੀ ਦੀ ਫਿਜ਼ਾ (ਹਵਾ) ਵਿੱਚ ਸਾਹ ਲੈਣਾ ਸ਼ੁਰੂ ਕਰਵਾਇਆ ਸੀ। ਇਹ
ਸਿਖਿਆ ਹੀ ਸਾਂਝੀਵਾਲਤਾ ਦਾ ਪੈਗਾਮ ਦਿੰਦੀ ਹੈ ਜੋ ਸਿਰਫ ਸਮਾਜਿਕ ਹੀ ਨਹੀਂ ਸਗੋਂ ਰੂਹਾਨੀ ਹੋ
ਨਿਬੜਦੀ ਹੈ ਜਿਵੇਂ “ਸਭੇ ਸਾਂਝੀਵਾਲ ਸਦਾਇਨ ਤੂ ਕਿਸੇ ਨ ਦਿਸਹਿ ਬਾਹਰਾ ਜੀਉ॥” (ਪੰ. 97) ਐਸਾ
ਸਮਾਜ ਗੁਰੂ ਜੀ ਨੇ ਚਿਤਰਿਆ ਹੀ, ਪ੍ਰਗਟ ਕਰ ਦਿਖਾਇਆ ਸੀ ਜੋ ਆਪਸੀ ਪਿਆਰ ਵਿੱਚ ਵਿਚਰਦਾ “ਭੈ ਕਾਹੂ
ਕਉ ਦੇਤ ਨਹਿ ਨਹਿ ਭੈ ਮਾਨਤ ਆਨ॥” (ਪੰ. 1427) ਰਾਹੀਂ ਬੇਗਮਪੁਰਾਂ ਭਾਵ ਹਲੇਮੀ ਰਾਜ ਹੋ ਨਿਬੜਿਆ
ਸੀ। ਕਿਆ ਮਹਾਨ ਸਿੱਖਿਆ ਹੈ ਅਜੋਕੇ ਨਫਰਤ ਭਰੇ ਵਾਤਾਵਰਨ ਨੂੰ ਸਵਰਗਾਂ ਵਿੱਚ ਬਦਲਣ ਲਈ!
ਇਸ ਕਾਰਜ ਵਿੱਚ ਗੁਰੂ ਨਾਨਕ ਸਾਹਿਬ (ਹੁਣ ਗੁਰੂ ਗ੍ਰੰਥ ਸਾਹਿਬ) ਦਾ ਵਿਦਿਆ
ਢੰਗ ਖਾਸ ਭੂਮਿਕਾ ਨਿਭਾ ਸਕਦਾ ਹੈ। ਕਿਉਂਕਿ ਗੁਰੂ ਸਾਹਿਬ ‘ਵਿਚਾਰ’ ਨੂੰ ਖਾਸ ਥਾਂ ਦਿੰਦੇ ਹਨ,
“ਵਿਦਿਆ ਵੀਚਾਰੀ ਤਾ ਪਰ ਉਪਕਾਰੀ॥” (ਪੰ. 356) ਜਿਸ ਰਾਹੀਂ ਰੋਜ਼ਮਰਾ (ਰੋਜ਼ਾਨਾ) ਆਚਾਰ ਵਿਹਾਰ ਤੇ
ਕੰਮ ਕਾਜ ਦੇ ਸੰਕਲਪ ਨੂੰ ਗੁਰੂ ਸਾਹਿਬ ਨੇ ਅਸਲੀ ਅਰਥਾਂ ਵਿੱਚ ਬਦਲ ਦਿੱਤਾ ਸੀ। ਜਿਵੇਂ ਦਾਨ ਪੁੰਨ,
ਸੂਤਕ ਪਾਤਕ, ਆਰਤੀ ਨਮਾਜ, ਜੰਞੂ, ਵਰਤ, ਦਿਨ ਦਿਹਾਰ, ਵਣਜ ਵਾਪਾਰ ਅਦਿ ਦੀ ਪਰਿਭਾਸ਼ਾ ਹੀ ਬਦਲ
ਦਿੱਤੀ। ਇਥੇ ਗੁਰੂ ਸਾਹਿਬ ਅਧਿਅਪਕ ਨੂੰ ਬਹੁਤ ਚੌਕੰਨਾ ਕਰਦੇ ਹਨ ਜਿਵੇਂ, “ਤੁਧ ਸਿਰਿ ਲਿੱਖਿਆ ਸੋ
ਪੜ੍ਹ ਪੰਡਤ ਅਵਰਾ ਨੌ ਨ ਸਿਖਾਲ ਬਿਖਿਆ॥” (ਪੰ. 434) ਕਿਉਂਕਿ ਜੇ ਪੜ੍ਹਾਈ ਸ਼ਾਗਿਰਦਾਂ (ਭਾਵ
ਲੋਕਾਂ) ਲਈ ਹਾਨੀਕਾਰਕ ਹੋਵੇਗੀ ਤਾਂ ਇਸਦਾ ਜ਼ਹਿਰੀਲਾ ਫਲ ਉਸਤਾਦ ਨੂੰ ਭੀ ਭੁਗਤਣਾ ਪਵੇਗਾ। ਜਿਵੇਂ
ਨਾਲ ਦੀ ਤੁਕ, “ਪਹਿਲਾ ਫਾਹਾ ਪਇਆ ਪਾਧੇ (ਉਸਤਾਦ) ਪਿੱਛੋਂ ਦੇ ਗੱਲ ਚਾਟੜਿਆਂ (ਸ਼ਾਗਿਰਦ)॥” (ਪੰ.
435) ਨਾਲ ਹੀ ਹੋਰ ਖਬਰਦਾਰ ਕੀਤਾ ਕਿ ਉਸਤਾਦ (ਪ੍ਰਚਾਰਕ) ਲਾਲਚ ਆਦਿ ਤੋਂ ਬਚ ਕੇ ਪੜ੍ਹਾਈ ਕਰਵਾਏ,
ਜਿਵੇਂ, “ਪੜ੍ਹਿਆ ਮੂਰਖ ਆਖਿਐ ਜਿਸ ਲਬ ਲੋਭ ਹੰਕਾਰ॥” (ਪੰ. 142) ਧ੍ਰਿਗ ਤਿਨਾ ਕਾ ਜੀਵਿਆ ਜਿ
ਲਿਖਿ ਲਿਖ ਵੇਚਹਿ ਨਾਉ” (ਪੰ. 1245) ਤਾਂਕ ਦਿਲੋਂ ਲਾ ਕੇ ਈਮਾਨਦਾਰੀ ਨਾਲ ਠੀਕ ਠੀਕ ਅਤੇ ਚੰਗੀ
ਤਰਾਂ ਪੜ੍ਹਾਇਆ ਜਾਵੇ। ਅਜ ਕਲ ਦੇ ਘਰਾਂ ਵਿੱਚ ਬੁਲਾ ਕੇ ਜਾ ਸ਼ਾਗਿਰਦਾਂ ਦੇ ਘਰਾਂ ਵਿੱਚ ਜਾ ਕੇ
ਵਾਧੂ ਪੈਸੇ ਲੈ ਕੇ ਪੜ੍ਹਾਉਣ (ਟਿਊਸ਼ਨ) ਵਾਲੇ ਉਸਤਾਦਾਂ ਨੂੰ ਭੀ ਸੰਜੀਦਗੀ ਨਾਲ ਸੋਚਣ ਦੀ ਲੋੜ ਹੈ,
ਕਿਉਂਕਿ ਅਸਲੀ ਪੜ੍ਹਾਈ ਦੀ ਘੱਟ ਪਰ ਵਾਧੂ ਪੈਸਾ ਕਮਾਉਣ ਦੀ ਦੌੜ ਹੈ, ਜਿਸ ਤੋਂ ਉਪਰ ਲਿਖੇ ਮੁਖਵਾਕ
ਦੀ ਰੌਸ਼ਨੀ ਵਿੱਚ ਬਚਣ ਦੀ ਲੋੜ ਹੈ।
ਇਹ ਲਬ ਲੋਭ ਦਾ ਕੰਮ, ਇੱਕ ਵਿਦਵਾਨ ਅਨੁਸਾਰ “ਉਦੋਂ ਤੱਕ ਹੁੰਦਾ ਰਹੇਗਾ ਜਦ
ਤਕ ਉਸਤਾਦ (ਧਾਰਮਿਕ ਜਾ ਦੁਨਿਆਵੀ) ਅਪਣੇ ਗਿਆਨ, ਵਿਗਿਆਨ ਵਿੱਚ ਪੂਰਨ ਪ੍ਰਵੀਨਤਾ ਨਹੀਂ ਪ੍ਰਾਪਤ ਕਰ
ਲੈਂਦਾ। ਛਿੱਥਾ ਪੈਣ ਦੀ ਥਾਂ (ਜਾਂ ਗਲਤ ਪੜ੍ਹਾਉਣ ਦੀ ਥਾਂ) ਵਿਦਿਆਰਥੀਆਂ ਦੇ ਹਿਤ ਨੂੰ ਮੁਖ ਰਖ ਕੇ
ਉਨ੍ਹਾਂ ਦੀਆਂ ਰੁਚਿਆਂ ਅਰੁਚਿਆਂ ਦਾ ਖਿਆਲ ਰਖਣਾ ਸਫਲ ਅਧਿਆਪਕ ਦਾ ਮੀਰੀ ਗੁਣ ਹੈ।”
ਇਹ ਅਸਲੀ ਵਿਦਿਆ ਇੱਕ ਖਾਸ ਸਿਖਿਆ ਦਿੰਦੀ ਹੈ ਕਿ ਦੁਨੀਆਂ ਵਿੱਚ ਰਹਿੰਦਿਆਂ
ਹੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਭਾਵ ਸਚਿਆਰ ਬਣ ਕੇ ਜੀਵਨ ਮੁਕਤ ਦਾ ਦਰਜਾ ਹਾਸਲ ਹੋ ਸਕਦਾ
ਹੈ, “ਹੇਸੰਦਿਆ ਖੇਲਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੇ ਮੁਕਤ॥” (ਪੰ. 522) ਪਰ ਇਹ ਸਿੱਖਿਆ ਗੁਰੂ
ਸਾਹਿਬ ਨੇ ਸਿਰਫ ਗੁਰੂ ਸਾਹਿਬ ਦੇ ਸਿਧਾਂਤ ਤੇ ਪਹਿਰਾ ਦੇਣ ਵਾਲਿਆ ਲਈ ਹੀ ਨਹੀਂ ਰਾਖਵਾਂ ਰਖਿਆ, ਸਭ
ਨੂੰ ਅਪਣੀ ਪਿਆਰ ਗਲਵਕੜੀ ਵਿੱਚ ਲੈਕੇ ਅਪਣੇ ਅਪਣੇ ਸਿਧਾਂਤ ਤੇ ਰੱਬੀ ਹੁਕਮ ਅਨੁਸਾਰ ਦਿਲੋਂ ਪਹਿਰਾ
ਦੇਣ ਲਈ ਆਖਦੇ ਹਨ, ਜਿਵੇਂ ਮੁਸਲਮਾਨ ਭਰਾਵਾਂ ਨੂੰ ਸੰਬੋਧਨ ਹੁੰਦੇ ਕਹਿੰਦੇ ਹਨ, “ਪਹਿਲਾ ਸਚੁ ਹਲਾਲ
ਦੁਇ ਤੀਜਾ ਖੈਰ ਖੁਦਾਇ॥ ਚਉਥੀ ਨੀਅਤਿ ਰਾਸਿ ਮਨ ਪੰਜਵੀ ਸਿਫਤਿ ਸਨਾਇ॥” (ਹਲਾਲ-ਧਰਮ ਦੀ ਕਿਰਤ) …
…. (ਪੰ. 141) “ਸਚ ਕਮਾਵੈ ਸੋਈ ਕਾਜੀ॥ ਜੋ ਦਿਲੁ ਸੋਧੈ ਸੋਈ ਹਾਜੀ॥” (ਪੰ. 1084) “ਮੁਸਲਮਾਨ ਮੋਮ
ਹੋਵੈ॥ ਅੰਤਰ ਕੀ ਮੁਲ ਦਿਲ ਤੇ ਧੋਵੇ॥” (ਪੰ. 1084) ਆਦਿ। ਬ੍ਰਾਹਮਣ ਨੂੰ ਅਸਲ ਫਰਜ਼ ਸਮਝਾਉਂਦੇ
ਆਖਦੇ ਹਨ, “ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ॥ ………॥ (ਪੰ. 512) ਅਤੇ
“ਸੋ ਬ੍ਰਾਹਮਣ ਜੋ ਬ੍ਰਹਮੁ ਬੀਚਾਰੇ॥ ਆਪ ਤਰੈ ਸਗਲੇ ਕੁਲ ਤਾਰੈ॥” (ਪੰ. 662) ਜੋਗੀਆਂ ਨੂੰ ਅਸਲੀ
ਜੋਗ ਕਮਾਉਣ ਲਈ ਕਹਿੰਦੇ ਹਨ, “ਮੁੰਦਾ ਸੰਤੋਖ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਭਿਪੂਤਿ॥ ………ਆਈ
ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ॥” (ਪੰ. 6) ਅਤੇ “ਜਤੀ ਸਦਾਵਹਿ ਜੁਗਤ ਨ ਜਾਣਹਿ ਛਡ ਬਹਹਿ
ਘਰ ਬਾਰੁ॥” (ਪੰ. 469) ਰਾਹੀਂ ਗ੍ਰਿਹਸਥ ਮਾਰਗ ਦੀ ਪ੍ਰਧਾਨਤਾ “ਇਸ ਭੇਖੈ ਥਾਵਹੁ ਗਿਰਹੋ ਭਲਾ
ਜਿਥਹੁ ਕੋ ਵਰਸਾਇ॥ ਸਬਦਿ ਰਤੇ ਤਿਨਾ ਸੋਝੀ ਪਈ ਦੂਜੈ ਭਰਮਿ ਭੁਲਾਇ॥” (ਪੰ. 587) ਇਸ ਤਰਾਂ ਦਰਸਾ
ਕੇ ਘਰ ਬਾਰ ਦੇ ਤਿਆਗ ਨੂੰ ਇੰਞ ਰੱਦ ਕੀਤਾ, “ਗ੍ਰਿਹ ਤਜਿ ਬਨਖੰਡ ਜਾਈਐ ਚੁਨਿ ਖਾਈਐ ਕੰਦਾ॥ ਅਜਹੁ
ਬਿਕਾਰ ਨ ਛੋਡਈ ਪਾਪੀ ਮਨੁ ਮੰਦਾ॥” (ਪੰ. 855) ਨਾਲ ਹੀ ਐਸੇ ਗ੍ਰਿਹਸਤੀ ਦੇ ਦਾਨ (ਜਿਥਹੁ ਕੋ
ਵਰੁਸਾਇ) ਜੋ ਧਰਮ ਦੀ ਕਿਰਤ ਵਿਚੋਂ ਹੁੰਦਾ ਹੈ, ਰਾਹੀਂ ਅਜਕਲ ਦੇ ਮਲਕ ਭਾਗੋਆਂ ਨੂੰ ਦਰਸਾ ਰਹੇ ਹਨ
ਕਿ ਪਾਪਾਂ ਰਾਹੀਂ ਕੀਤੀ ਕਮਾਈ ਵਿਚੋਂ ਕੀਤੇ ਦਾਨ ਨੂੰ ਦਾਨ ਨਾ ਸਮਝਣ ਕਿਉਂਕਿ ਇਸ ਤਰਾਂ ਮਨ ਨਿਰਮਲ
ਨਹੀਂ ਹੁੰਦਾ, ਜਿਸ ਬਾਰੇ ਕਿ ਗੁਰੂ ਸਾਹਿਬ ਜੀ ਦੀ ਮੁਖ ਸਿਖਿਆ (ਸਚਿਆਰ ਬਣਨ ਦੀ) ਹੈ, ਜਿਵੇਂ, “ਸੋ
ਗਿਰਹੀ ਜੋ ਨਿਗ੍ਰਹ ਕਰੈ॥ ਜਪੁ ਤਪੁ ਸੰਜਮ ਭੀਖਿਆ ਕਰੈ॥ ਪੁੰਨ ਦਾਨ ਕਾ ਕਰੈ ਸੰਗਰੁ॥ ਸੋ ਗਿਰਹੀ
ਗੰਗਾ ਕਾ ਨੀਰ॥” (ਪੰ. 952) ( “ਗੰਗਾ ਕਾ ਨੀਰ = ਨਿਰਮਲ ਮਨ)। ਸੋ ਗੁਰੂ ਸਹਿਬ ਜੀ ਇਹ ਸਭ ਕੁੱਝ
ਇਸ ਤਰਾਂ ਕਰਨ ਨੂੰ ਕਹਿੰਦੇ ਹਨ, ਅਕਲੀ ਪੜਿ ਕੈ ਬੁਝਿਐ ਅਕਲੀ ਕੀਚੈ ਦਾਨੁ॥” (ਪੰ. 1245)
ਅਗਾਂਹ ਜੋ ਗੁਰੂ ਸਾਹਿਬ ਦੀ ਮਹਾਨ ਸਿਖਿਆ ਹੈ ਉਹ ਅਜਕਲ ਜੋ ਸਰਮਾਏਦਾਰਾਂ
ਵਲੋਂ ਪੈਦਾ ਕੀਤਾ ਮੰਦਹਾਲੀ ਦਾ ਚੱਕਰ ਜਿਸਨੇ ਸਾਰੀ ਦੁਨਿਆਂ ਨੂੰ ਲਪੇਟ ਵਿੱਚ ਲਿਆ ਹੋਇਆ ਹੈ, ਇਸ
ਦਾ ਬੜਾ ਆਸਾਨ ਹੱਲ ਦੱਸਦੀ ਹੈ, ਪਰ ਸਰਮਾਏਦਾਰਾਂ ਨੂੰ ਇਹ ਕਦ ਰਾਸ ਆਉਣ ਲੱਗਾ ਹੈ? ਉਹ ਹੈ, “ਪੀਉ
ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥ …………॥ ਖਾਵਿਹ ਖਰਚਿਹ ਰਲਿ ਮਿਲਿ ਭਾਈ॥
ਤੋਟਿ ਨ ਆਵੈ ਵਧਦੋ ਜਾਈ॥” ਇਹ ਮਹਾਂਨ ਵਿਚਾਰ ਭਾਵੇਂ ਪ੍ਰਮਾਰਥਕ ਹਨ ਪਰ ਕਿਉਂਕਿ ਪ੍ਰਮਾਤਮਾ ਵੱਲੋਂ
ਜੀਵਨ ਨੂੰ ਚੰਗੀ ਤਰਾਂ ਜੀਉਣ ਲਈ ਪ੍ਰਮਾਰਥ ਤੇ ਪਦਾਰਥ ਨੂੰ ਰਲ ਮਿਲਕੇ ਵਰਤਣ ਦਾ ਹੁਕਮ ਹੈ ਜਿਸਨੂੰ
ਕਿ ਸਿਰਫ ਗੁਰੂ ਨਾਨਕ ਸਾਹਿਬ ਨੇ ਸੰਗਤ ਤੇ ਪੰਗਤ (ਸਾਂਝਾ ਪੂਜਾ ਪਾਠ ਤੇ ਲੰਗਰ) ਦੇ ਰੂਪ ਵਿੱਚ
ਸ਼ੁਰੂ ਕਰਕੇ ਇਸ ਹੁਕਮ ਨੂੰ ਪ੍ਰਵਾਨ ਚੜ੍ਹਾਇਆ। ਸੋ ਜੇ ਬੜੇ ਬੜੇ ਬੰਦੇ ਬੜੀਆਂ ਬੜੀਆਂ ਤਨਖਾਹਾਂ ਤੇ
ਬੋਨਸ ਲੈਣ ਤੇ ਮਨਾਫਿਆਂ ਰਾਹੀਂ ਆਪਣੀਆਂ ਹੀ ਜੇਬਾਂ ਭਰਨ ਦੀ ਥਾਂ (ਸਭ ਦੀਆਂ ਲੋੜਾਂ ਇੱਕੋ ਜਿਹੀਆਂ
ਹੀ ਤਾਂ ਹਨ) ਸਾਰੇ ਰਲ ਮਿਲਕੇ ਪਦਾਰਥਾਂ ਨੂੰ ਵਰਤਣ (ਕਿਉਂਕਿ ਪ੍ਰਮਾਤਮਾ ਨੇ ਸਭਨਾਂ ਦੇ ਗੁਜ਼ਾਰੇ
ਜੋਗਾ ਇੱਕੋ ਵਾਰ ਪਾ ਦਿੱਤਾ ਹੋਇਆ ਹੈ) ਤਾਂ ਕਦੇ ਥੁੜ ਜਾਂ ਮੰਦਹਾਲੀ ਵਰਤ ਹੀ ਨਹੀ ਸਕਦੇ। ਸੰਖੇਪ
ਵਿੱਚ ਜੋ ਹੋਰ ਮਹਾਨ ਸਿੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਨੀਆਂ ਨੂੰ ਸਦਾ ਵਾਸਤੇ ਅਤੇ ਹਰ ਵੇਲੇ
ਦੇਣ ਲਈ ਤਤਪਰ ਹਨ ਖਾਸ ਧਿਆਨ-ਯੋਗ ਹੈ। ਵਿਗਿਆਨ ਦੇ ਉਹ ਹੱਥ ਜਿਹੜੇ ਅੱਜ ਕਲ ਦੇ ਵਿਗਿਆਨੀਆਂ ਨੇ
ਲੱਭੇ ਹਨ ਜਾ ਲੱਭ ਰਹੇ ਹਨ ਉਹ ਇਨ੍ਹਾਂ ਵਿੱਚ ਮੌਜੂਦ ਹਨ। ਜਿਵੇਂ ਭੌਤਕ
(Physics)
ਰਸਾਇਣ (Chemistry)
ਬਨਸਪਤ
(Botany)
ਸਰੀਰ
(Physiology)
ਤਾਰਾ
(Astronomy)
ਵਾਯੂ-ਮੰਡਲ
(Meteorology)
ਜੀਵ (Biology)
ਪਸ਼ੂ (Zoology)
ਭੂ-ਗਰਭ
(Zeology)
ਵਿਗਿਆਨ ਆਦਿ ਬਾਰੇ ਚਾਨਣਾ ਪਾਉਂਦੇ ਹਨ। ਧਰਮ ਤੇ ਵਿਗਿਆਨ
ਨੂੰ ਇੱਕ ਦੂਜੇ ਦੇ ਸਹਾਇਕ ਬਣਕੇ ਚਲਣ ਦੀ ਮਹਾਨ ਸਿਖਿਆ ਇਸ ਤੋਂ ਵੱਧ ਕੀ ਹੋ ਸਕਦੀ ਹੈ। ਇੱਕ ਹੀ ਤਥ
ਲਵੋ:- ਧਰਤੀ ਕਿਸੇ ਬਲਦ ਦੇ ਆਸਰੇ ਨਹੀਂ ਕਿਉਂਕਿ ਸਿਰਫ ਧਰਤੀਆਂ ਹੀ ਹੋਰ ਨਹੀਂ ਧਰਤੀਆਂ, ਚੰਦ,
ਸੂਰਜ, ਧੂ ਮੰਡਲ ਤੇ ਹੋਰ ਮੰਡਲ ਦੇਸ ਅਨਗਿਣਤ ਹਨ ਜੋ ਪ੍ਰਮਾਤਮਾ ਦੇ ਨਿਯਮ-ਬੱਧ ਕਾਨੂੰਨ ਅਨੁਸਾਰ
ਧਰਤ-ਖਿੱਚ, ਚੰਦਰਮਾ-ਖਿੱਚ, ਸੂਰਜ-ਖਿੱਚ ਆਦਿ ਰਾਹੀਂ ਅਪਣੇ ਨਿਸਚਿਤ ਧੁਰੇ ਉਤੇ ਚਲਦੇ ਰਹਿੰਦੇ ਹਨ।
ਜਿਵੇਂ “ਮੁਕਾਮੁ ਤਿਸ ਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ॥ ਅਸਮਾਨ ਧਰਤੀ ਚਲਸੀ ਮੁਕਾਮੁ ਓਹੀ ਏਕੁ॥
ਦਿਨਿ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ॥ ਮੁਕਾਮੁ ਓਹੀ ਏਕੁ ਹੈ ਨਾਨਕਾ ਸਚ ਬੋਗਇ॥” (ਪੰ.
64) ਭਾਵ ਇਹ ਸਾਰੇ “ਕੋਹ
ਕਰੋੜੀ ਚਲਤ ਨ ਅੰਤ” ਅਨੁਸਾਰ ਗਰਦਿਸ਼ ਵਿੱਚ ਹਨ। ਅਤੇ
ਚੰਦਰਮਾਂ ਜਿਸ ਦੀ ਅਪਣੀ ਕੋਈ ਰੌਸ਼ਨੀ ਨਹੀਂ ਉਹ ਸੂਰਜ ਪਾਸੋਂ ਲੈਦਾ ਹੈ, “ਪਸਰੀ ਕਿਰਣਿ ਰਸ ਕਮਲ
ਬਿਗਾਸੇ ਸਸਿ ਘਰਿ ਸੂਰ ਸਮਾਇਆ॥” ਗੁਰੁ ਸਾਹਿਬ ਵਲੋਂ ਦੱਸੇ ਇਹ ਤੱਥ ਪੰਜ ਸੌ ਸਾਲ ਪੁਰਾਣੇ ਹਨ ਜਦ
ਕਿ ਉਸ ਵੇਲੇ ਦੇ ਧਾਰਮਿਕ ਆਗੂ ਅੰਧ ਵਿਸ਼ਵਾਸ ਰਾਹੀਂ ਇਨ੍ਹਾਂ ਗ੍ਰਿਹਾਂ ਨੂੰ ਕਿਸੇ ਹੋਰ ਰੂਪ ਵਿੱਚ
ਲੈਂਦੇ ਸਨ ਤੇ ਗੁਰੁ ਨਾਨਕ ਸਾਹਿਬ ਤੋਂ ਲੱਹ ਭੱਗ ਦੋ ਸੌ ਸਾਲ ਬਾਅਦ ਦੇ ਵਿਗਿਆਨੀ ਗੈਲਿਲੀਓ ਨੂੰ
ਧਰਤੀ ਗੋਲ ਤੇ ਘੁੰਮਦੀ ਹੋਣ ਨੂੰ ਕਹਿਣ ਤੇ ਮੌਤ ਦੀ ਸਜ਼ਾ ਦੇਣ ਦਾ ਫਤਵਾ ਦੇਣ ਲਈ ਮਜਬੂਰ ਹੋ ਗਏ ਸਨ।
ਖੈਰ ਗੁਰੁ ਸਾਹਿਬ ਨੇ ਬਿਨਾਂ ਕਿਸੇ ਪੁਲਾੜ-ਨੀਝ ਸ਼ਾਲਾ
(space observatory)
ਤੋਂ ਇਹ ਸਭ ਦੇਖ ਕੇ ਰੱਬ ਜੀ ਦੇ ਇਤਨੇ ਵੱਡੇ ਪਸਾਰੇ ਬਾਰੇ
ਕਹਿ ਦਿੱਤਾ ਸੀ ਕਿ ਇਹ ਪਸਾਰਾ ਬੇਅੰਤ ਬੇਅੰਤ ਹੈ। ਪਰ ਇਥੇ ਇਹ ਖਾਸ ਨੁਕਤਾ ਹੈ ਕਿ ਗੁਰੂ ਸਾਹਿਬ
ਦੀਆਂ ਇਹ ਸਭ ਖੋਜਾਂ ਜਾ ਗੁਰੂ ਸਾਹਿਬ ਵਲੋਂ ਹੋਰ ਖੋਜ ਕਰਨ ਵਾਸਤੇ ਇਸ ਤਰਾਂ ਹੈ ਕਿ ਵਿਦਿਆ ਭਾਵ
ਖੋਜ ਨੂੰ ਵਿਚਾਰ ਰਾਹੀਂ ਪਰ ਉਪਕਾਰ ਕਰਨ ਲਈ ਵਰਤਣਾ ਹੈ ਨਾ ਕਿ ਅਜ ਕੱਲ ਦੇ ਵਿਗਿਆਨੀਆਂ ਵਲੋਂ
ਖੋਜਾਂ ਵਿਨਾਸ਼ਕਾਰੀ ਦੇ ਕੰਮਾ ਲਈ ਵਰਤਣ ਵਾਂਗ। ਇਸਦੇ ਨਾਲ ਹੀ ਪ੍ਰਮਾਤਮਾਂ ਦੀ ਹੋਂਦ ਸਿੱਧ ਹੋ
ਜਾਂਦੀ ਹੈ ਕਿਉਂਕਿ ਗੁਰੁ ਸਾਹਿਬ ਨੇ ਪ੍ਰਮਾਤਮਾ ਦੀ ਭਗਤੀ ਕਰਕੇ ਹੀ ਪ੍ਰਮਾਤਮਾ ਵਲੋਂ ਬਖਸ਼ਿਸ਼ ਦੇ
ਤੌਰ ਤੇ, ਬਿਨਾਂ ਪੁਲਾੜ ਨੀਝ ਸ਼ਾਲਾ ਦੇ ਇਹ ਤੇ ਹੋਰ ਹਰ ਤਰਾਂ ਦੀ ਸਿਖਿਆ ਰੂਪ ਵਿੱਚ “ਖਸਮ ਕੀ
ਬਾਣੀ” ਪ੍ਰਾਪਤ ਕੀਤੀ ਸੀ। ਜੋ ਅੱਜ ਸਾਰੀ ਦੁਨੀਆਂ ਦੀ ਅਗਵਾਈ ਕਰਦੀ ਤੇ ਕਰ ਸਕਦੀ ਹੈ। ਅਗਾਂਹ ਹੋਰ
ਜੋ ਬਹੁਤ ਸਾਰੀ ਸਿਖਿਆ ਗੁਰੂ ਸਾਹਿਬ ਅਪਣੀ ਗੋਦ ਵਿੱਚ ਲਈ ਬੈਠੇ ਹਨ ਉਹ ਸੰਖੇਪ ਰੂਪ ਵਿੱਚ ਇਸ ਤਰਾਂ
ਹੈ। ਜਿਸ (Big Bang)
ਵੱਡੇ ਧਮਾਕੇ ਬਾਰੇ ਅੱਜਕਲ ਦੇ ਵਿਗਿਆਨੀ ਅਤੇ ਡਾਰਵਨ ਆਦਿ
ਵਰਗੇ ਵਿਕਾਸ ਸਿਧਾਂਤ (Evolution Theory)
ਬਾਰੇ ਦੋ ਕੁ ਸੌ ਸਾਲਾਂ ਤੋਂ ਬੜੇ ਤਜਰਬੇ ਆਦਿ
ਕਰਨ ਤੋਂ ਬਾਅਦ ਦੱਸ ਰਹੇ ਹਨ, ਉਸ ਬਾਰੇ ਗੁਰੂ ਸਾਹਿਬ “ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ
ਦਰੀਆਉ॥” (ਪੰ. 3) ਅਤੇ “ਉਤਪਤਿ ਪਰਲਉ ਸਬਦੇ ਹੋਵੈ॥ ਸਬਦੇ ਹੀ ਫਿਰਿ ਓਪਤਿ ਹੋਵੈ॥” (ਪੰ, 117)
(Big Bang)
ਅਤੇ “ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ
ਤ੍ਰਿਭਵਣ ਸਾਜਿਆ ਘਟਿ ਘਟਿ ਜੋਤਿ ਸਮੋਇ॥” (ਪੰ. 19) ਰਾਹੀਂ ਵਿਕਾਸ (Evolution)
ਬਾਰੇ ਡਾਰਵਨ ਆਦਿ ਤੋਂ ਕਈ ਸੌ ਸਾਲ ਪਹਿਲਾਂ ਹੀ ਦੱਸ ਚੁੱਕੇ ਹਨ। ਦੂਸਰੇ
S.Freud
ਵਰਗੇ ਮਨੋ ਵਿਗਿਆਨੀ ਮਨ ਬਾਰੇ ਮਨੋ ਵਿਗਿਆਨ (Psychology)
ਦੀਆਂ ਗੱਲਾਂ ਸੌ, ਡੇਢ ਸੌ ਸਾਲਾਂ ਤੋਂ ਕਰ ਰਹੇ
ਹਨ ਉਹ ਭੀ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਗੁਰੂ ਜੀ ਨੇ “ਮਨਿ ਜੀਤੈ ਜਗੁ ਜੀਤੁ॥” (ਜਪੁਜੀ ਸਾਹਿਬ)
ਰਾਹੀਂ ਹੰਕਾਰ (Ego)
ਭਾਵ ‘ਮਨ ਦੀ ਮੈ’ ਨੂੰ ਮਾਰਨ ਤੇ ਮਨ ਦੇ ਆਪੇ
(self)
ਨੂੰ ਬੁਝਣ ਜਾ ਪਛਾਨਣ ਨੂੰ ਕਿਹਾ ਹੈ, ਨਹੀਂ ਤਾਂ ਬੰਦਾ,
ਗੁਰੂ ਜੀ ਕਹਿੰਦੇ ਹਨ, ਪਸ਼ੂ ਬਰਾਬਰ ਹੈ, “ਮੂਲ ਨ ਬੂਝਹਿ ਆਪਣਾ ਸੇ ਪਸੂਆਂ ਸੇ ਢੋਰ ਜੀਓ॥” (ਪੰ.
751) । ਤੀਸਰੇ “ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥” (ਪੰ. 472) ਰਾਹੀਂ ਪਾਣੀ ਦੀ ਸਭ
ਜੀਵਾਂ ਲਈ ਮਹੱਤਤਾਂ ਦਰਸਾ ਕੇ ਗੁਰੂ ਜੀ ਜੀਵਨ ਦੇ ਸਹੀ ਰਸਤੇ ਤੇ ਚਲਣ ਲਈ ਇਸ ਤਰਾਂ ਕਹਿੰਦੇ ਹਨ,
“ਓਨ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ॥ ਓਨੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ
ਥੋੜਾ ਖਾਇਆ॥” (ਪੰ. 467) ਭਾਵ ਅੰਨ ਦੇ ਨਾਲ ਅਤਿ ਲੋੜੀਂਦੇ ਪਾਣੀ ਦੀ ਠੀਕ ਵਰਤੋਂ ਕਰਨੀ ਹੈ, ਜ਼ਾਇਆ
ਨਹੀਂ ਕਰਨਾ। ਅੱਜਕਲ ਦੇ ਸਮੇਂ ਲਈ ਕਿੰਨੀ ਮਹਾਨ ਸਿੱਖਿਆ ਹੈ!
ਅੱਗੇ ਸ੍ਰੀਰਕ ਮੁਟਾਪੇ ਤੇ ਮੰਦੇ ਖਿਆਲਾਂ ਤੋਂ ਵਰਜਦੇ ਹਨ, “ਬਾਬਾ ਹੋਰੁ
ਖਾਣਾ ਖੁਸੀ ਖੁਆਰ॥ ਜਿਤੁ ਖਾਧੈ ਤਨੁ ਪੀੜੀਐ॥ ਮਨ ਮਹਿ ਚਲਹਿ ਵਿਕਾਰ॥” (ਪੰ. 16) ਅਤੇ “ਫਿਟੁ
ਇਵੇਹਾ ਜੀਵਿਆ ਜਿਤ ਖਾਇ ਵਧਾਇਆ ਪੇਟੁ॥” (ਪੰ. 790), ਤੇ ਨਾਲ ਹੀ ਆਤਮਕ ਖੇਤਰ ਅੰਦਰ ਵਿਕਾਸ ਤੇ
ਉਨਤੀ ਲਈ ਦੁਨਿਆਵੀ ਅਖਾੜੇ ਦਾ ਉਹ ਸੁੰਦਰ ਦ੍ਰਿਸ਼ ਪੇਸ਼ ਕਰਦੇ ਹਨ ਜਿਹੜਾ ਗੁਰੂ ਅੰਗਦ ਦੇਵ ਜੀ ਨੇ
ਅਮਲੀ ਤੌਰ ਤੇ ਸਿੱਖਾਂ ਦੇ ਕਸਰਤ ਕਰਨ ਲਈ ਮੱਲ ਅਖਾੜਾ ਬਣਾਇਆ ਸੀ, “ਹੁੳ ਗੋਸਾਈ ਦਾ ਪਹਿਲਵਾਨੜਾ॥
ਮੈ ਗੁਰ ਮਿਲਿ ਉਚ ਦੁਮਾਲੜਾ॥ … …॥” (ਪੰ. 74)। ਇਹ ਮੁਟਾਪਾ ( obesity)
ਦੂਰ ਕਰਨ ਲਈ ਠੀਕ ਖੁਰਾਕ ਖਾਣ ਤੇ ਕਸਰਤ ਕਰਨ ਲਈ ਕਮਾਲ ਦੀ ਸਿਖਿਆ ਹੈ। ਅਜ ਨਸ਼ਿਆਂ ਬਾਰੇ ਸਾਰੀ
ਦੁਨੀਆਂ ਦੇ ਸਿਆਣੇ ਗੰਭੀਰ ਸੋਚਾਂ ਵਿੱਚ ਪਏ ਹੋਏ ਹਨ। ਪਰ ਗੁਰੂ ਸਾਹਿਬਾਨ (ਗੁਰੂ ਗ੍ਰੰਥ ਸਾਹਿਬ)
ਸੈਂਕੜੇ ਸਾਲ ਪਹਿਲਾਂ ਤੋਂ ਕਹਿ ਰਹੇ ਹਨ, “ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ॥ ਰਾਮ ਰਸਾਇਣ
ਜੋ ਰਤੇ ਨਾਨਕ ਸਚ ਅਮਲੀ॥” (ਪੰ. 399) ਤੇ “ਝੂਠਾ ਮਦਿ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥” (ਪੰ.
554), “ਕਬੀਰ ਭਾਂਗ ਮਾਛਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਹਿ॥ ਤੀਰਥ ਬਰਤ ਨਮੇ ਕੀਏ ਤ ਸਭੈ ਰਸਾਤਲਿ
ਜਾਹਿ॥” (ਪੰ. 1377) ਅਤੇ ਅਮਲੀ ਤੌਰ ਤੇ ਸਿਖਾਂ ਨੂੰ ਇਨ੍ਹਾਂ ਦੀ ਵਰਤੋਂ ਤੋਂ ਮਨ੍ਹਾ ਕਰਕੇ ਰਿਸ਼ਟ
ਪੁਸ਼ਟ ਬਣਾ ਦਿਤਾ ਸੀ। ਸਾਰੀ ਦੁਨੀਆਂ ਨੂੰ ਇਸ ਸਿਖਿਆ ਨੂੰ ਗੰਭੀਰਤਾ ਨਾਲ ਅਪਨਾਉਣ ਦੀ ਲੋੜ ਹੈ।
ਗੁਰੁ ਸਾਹਿਬ ਤਾਂ ਇਨ੍ਹਾਂ ਨਸੀਲੀ ਵਸਤੂਆਂ ਦੀ ਪੈਦਾਵਾਰ ਤੇ ਉਪਜ ਨੂੰ ਹੀ ਬੰਦ ਕੀਤਾ ਲੋੜਦੇ ਹਨ।
ਅਗਾਂਹ ਅੱਜ ਕਲ ਜੋ ਏਡਜ਼ (Aids)
ਦੀ ਬੀਮਾਰੀ ਜੋ ਕਾਮ ਵੱਸ ਹੋ ਕੇ ਇੱਕ ਕਿਸਮ ਦੀ ਅਪਣੇ ਆਪ
ਸੱਦੀ ਜਾਂਦੀ ਹੈ ਉਸ ਤੋਂ ਬਚਣ ਲਈ ਗੁਰੂ ਸਾਹਿਬ ਨੇ ਸੈਂਕੜੇ ਸਾਲ ਪਹਿਲਾਂ ਹੀ ਚਿਤਾਵਨੀ ਦਿੱਤੀ ਹੋਈ
ਹੈ, “ਘਰ ਕੀ ਨਾਰਿ ਤਿਆਗੈ ਅੰਧਾ॥ ਪਰ ਨਾਰੀ ਸਿਉ ਘਾਲੈ ਧੰਧਾ॥” (ਪੰ. 1164) ਦੇ ਸਿੱਟੇ ਵਜੋਂ
ਉਸਦੀ ਹਾਲਤ ਕੀ ਹੁਮਦਿ ਹੈ ਦੱਸ ਕੇ ਚੌਕੰਨਾ ਕਰਦੇ ਹਨ, “ਜੈਸੇ ਸਿਬਲੁ ਦੁਖਿ ਸੂਆ ਬਿਗਸਾਨਾ॥ ਅੰਤ
ਕੀ ਬਾਰ ਮੂਆ ਲਪਟਾਨਾ॥” (ਪੰ. 1165) ਅਤੇ “ਨਿਮਖ ਕਾਮ ਸੁਆਦ ਕਾਰਨ ਕੋਟਿ ਦਿਨਸੁ ਦੁਖ ਪਾਵਹਿ॥ ਘਰੀ
ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ॥ ਜੈਸਾ ਸੰਗ ਬਿਸੀਅਰ ਸਿਉ ਹੈ ਰੇ ਤੈਸੇ ਹੀ ਇਹੁ
ਪਰ ਗ੍ਰਿਹ॥” (ਪੰ. 403)। ਪੁਰਾਤਨ ਖਾਲਸੇ ਨੇ ਇਸ ਸਿਖਿਆ ਤੇ ਪਹਿਰਾ ਦੇ ਕੇ ਅਖਲਾ ਕੀ ਆਚਰਨ ਦੀ
ਅਤੇ ਉਸ ਰਾਹੀਂ ਰਿਸ਼ਟ ਪੁਸ਼ਟ ਸਿਹਤ ਦੀ ਦੁਸ਼ਮਣਾਂ ਪਾਸੋਂ ਭੀ ਪ੍ਰਸੰਸਾ ਖੱਟੀ ਸੀ। ਅੱਜ ਸਾਰੀ ਦੁਨੀਆਂ
ਨੂੰ, “ਜਿਨਾਂ ਨਾਉ ਸੁਹਾਗਣੀ ਤਿਨਾ ਝਾਕ ਨ ਹੋਰ॥” (ਪੰ. 1384) ਵਾਂਗ ਗੁਰੂ ਸਾਹਿਬ ਦੀ ਸਿਖਿਆ ਤੇ
ਚਲ ਕੇ ਸੁਚੱਜਾ ਗ੍ਰਿਹਸ਼ਤੀ ਤੇ ਸਮਾਜਕ ਜੀਵਨ ਬਨਾਉਣ ਦੀ ਲੋੜ ਹੈ। ਜਿਸ ਰਾਹੀਂ ਗੁਰੂ ਸਾਹਿਬ ਜੀ ਦਾ
ਮਨੁੱਖ ਨੂੰ ਸਚਿਆਰ ਬਣਿਆ ਦੇਖਣ ਦਾ ਟੀਚਾ ਪੂਰਾ ਹੋ ਸਕਦਾ ਹੈ।
ਅੰਤ ਵਿੱਚ ਐਸੇ ਗੁਰੂ ਸਾਹਿਬ, ਜੋ ਗਿਆਨ ਤੇ ਪ੍ਰੇਰਨਾ ਦਾ ਸੋਮਾ, ਦੁਖ ਸਮੇਂ
ਹਮਦਰਦੀ, ਬਿਪਤਾ ਸਮੇਂ ਸਹਾਇਤਾ, ਯੁੱਯ ਸਮੇਂ ਹੌਸਲਾ, ਮੁਸੀਬਤ ਸਮੇਂ ਰੱਖਿਆ ਅਤੇ ਅਮਨ-ਸ਼ਾਤੀ ਸਮੇਂ
ਉਨਤੀ ਤੇ ਖੁਸ਼ਹਾਲੀ ਪ੍ਰਦਾਨ ਕਰਦੇ ਹਨ, ਬੁਝੀ ਹੋਈ ਆਤਮਾ ਨੂੰ ਰੌਸ਼ਨ ਕਰਦੇ ਤੇ ਟੁੱਟੇ ਹੋਏ ਦਿਲਾਂ
ਨੂੰ ਜੋੜਦੇ, ਹਰ ਔਕੜ ਦਾ ਹਲ ਕਰਦੇ ਤੇ ਹਰ ਸਵਾਲ ਦਾ ਜਵਾਬ ਦਿੰਦੇ ਹਨ, ਬਿਨਾਂ ਕਿਸੇ ਤਰਾਂ ਦੀਆਂ
ਰਸਮਾਂ, ਕਰਮ ਕਾਂਡ ਆਦਿ ਕੀਤੇ ਤੋਂ ਰੱਬੀ ਮਿਲਾਪ ਬਖਸ਼ਦੇ ਹਨ, ਉਹ ਅਸਲੀਅਤ ਤੇ ਨਿਰਭਰ, ਖਾਸ ਢੰਗ
ਨਾਲ ਗੁਰੂ ਰੂਪ ਵਿੱਚ ਪੇਸ਼ ਹੋਏ ਹਨ। ਜਿਵੇਂ “ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ
ਬਉਰਾਨੰ॥” (ਪੰ. 635)
“ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥ ਗੁਰੁ ਬਾਣੀ ਕਹੈ
ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥” (ਪੰ. 982), “ਸਬਦੁ ਗੁਰੂ ਸੁਰਤਿ ਧੁੰਨਿ ਚੇਲਾ॥”
(ਪੰ. 934), “ਸਤਿਗੁਰ ਬਚਨ ਬਚਨ ਹੈ ਸਤਿਗੁਰ … …॥” (ਪੰ. 1309)
ਸਿਰਫ ਐਸੇ ਸ਼ਬਦ ਗੁਰੂ ਹੀ ਦੁਨਿਆਂ ਨੂੰ ਰੂਹਾਨੀ ਭੌਖੜੇ ਤੋਂ ਬਚਾ ਸਕਦੇ ਹਨ
ਅਤੇ ਡੰਕੇ ਦੀ ਚੋਟ ਤੇ ਜੁਗੋ ਜੁਗ ਅਟੱਲ ਜਗਤ ਗੁਰੂ ਹਨ।
|
. |