ਪਸੀਨੇਂ ਵਾਂਗ ਨੁੱਚੜਦਾ ਪੰਜਾਬ ਪਾਠਕਾਂ ਦੀ ਜੁਬਾਂਨੀਂ
ਬੀ. ਐੱਸ. ਢਿੱਲੋਂ ਐਡਵੋਕੇਟ
ਪਿਛਲੇ ਦੋ ਦਿਨ ਤੋਂ ਦੁਚਿੱਤੀ
ਵਿੱਚ ਸਾਂ ਕਿ ਹਥਲਾ ਲੇਖ ਲਿਖਿਆ ਜਾਵੇ ਜਾਂ ਨਾ। ਕਿਤੇ ਇਹ ਮੇਰੇ ਪਹਿਲੇ ਲੇਖ ਦਾ ਦੁਹਰਾ ਹੀ ਨਾ
ਬਣਕੇ ਰਹਿ ਜਾਵੇ। ਫੇਰ ਖਿਆਲ ਆਇਆ ਕਿ ਪਾਠਕਾਂ ਲਈ ਤਾਂ ਅਕਸਰ ਲਿਖਦੇ ਰਹਿੰਦੇ ਹਾਂ ਸ਼ਹਿਰੀ ਤੇ
ਪ੍ਰਵਾਸੀ ਲੇਖਕਾਂ ਨਾਲ ਵੀ ਇਹ ਸਾਂਝਾ ਕੀਤਾ ਜਾਵੇ ਕਿ ਪਸੀਨੇਂ ਵਾਂਗ ਨੁੱਚੜ ਰਹੇ ਪੰਜਾਬ ਵਾਸੀ
ਕਿੰਝ ਭੁੱਬਾਂ ਮਾਰਕੇ ਰੋਂਦੇ ਹਨ। ਉਂਜ ਤਾਂ ਮੈਨੂੰ ਲੋਕਾਂ ਤੋਂ ਮਿਲ ਰਹੇ ਹੁੰਘਾਰੇ ਤੋਂ ਬੜੀ ਦੇਰ
ਪਹਿਲਾਂ ਹੀ ਪਤਾ ਚੱਲ ਗਿਆ ਸੀ ਕਿ ਪੰਜਾਬੀ ਪਾਠਕਾਂ ਦੀ ਘਾਟ ਨਹੀਂ। ਲੇਖਕ ਹੀ ਲੋਕਾਂ ਦੀ ਮਾਨਸਕ
ਪੱਧਰ ਅਤੇ ਉਨ੍ਹਾਂ ਦੀ ਲੋਂੜ ਤੋਂ ਵੱਖਰੇ ਵਿਸ਼ਿਆਂ ਤੇ ਲਿਖ ਰਹੇ ਹਨ। ਜਿਸ ਬੋਲੀ ਦੇ 50% ਪੇਂਡੂ
ਬੱਚੇ ਦਸਵੀਂ ਪਾਸ ਨਹੀਂ ਕਰਦੇ, ਉਹ ਬੋਲੀ ਖਤਮ ਕਿਵੇਂ ਹੋ ਸਕਦੀ ਹੈ? ਅੱਧਪੜ੍ਹ ਆਦਮੀਂ ਫਾਰਸੀ
ਕਿਵੇਂ ਬੋਲੇਗਾ? ਉਨ੍ਹਾਂ ਤਾਂ ਮਾਂ ਤੋਂ ਸਿੱਖੀ ਜੁਬਾਂਨ ਹੀ ਬੋਲਣੀ ਹੈ। ਇਹੋ ਜਿਹੇ ਮਸਲੇ,
ਮੁਢਲੀਆਂ ਸਹੂਲਤਾਂ ਲਈ ਸਹਿਕ ਰਹੇ ਪੰਜਾਬ ਦੇ ਸਾਢੇ ਬਾਰਾਂ ਹਜਾਰ ਪਿੰਡਾਂ ਦੀ ਸਮੱਸਿਆ ਨਹੀਂ ਹਨ।
ਅਸੀਂ ਜਿਨ੍ਹਾਂ ਵਿਸ਼ਿਆਂ ਜਾਂ ਖਤਰਿਆਂ ਬਾਰੇ ਲਿਖ ਰਹੇ ਹਾਂ ਉਹ ਸਿਰਫ ਲੇਖਕ ਤੇ ਬੁੱਧੀ ਜੀਵੀ ਖਾਂਦੇ
ਪੀਂਦੇ ਸ਼ਹਿਰੀ/ਪ੍ਰਵਾਸੀ ਵਰਗ ਦੀ ਦਿਲਚਸਪੀ ਦਾ ਹੀ ਹੈ। ਇਸੇ ਲਈ ਪੰਜਾਬੀ ਦੀ ਕਿਤਾਬ ਹਜਾਰ ਦੋ ਹਜਾਰ
ਹੀ ਛਪਦੀ ਹੈ। ਅਸੀਂ ਹੀ ਇੱਕ ਦੂਜੇ ਦਾ ਲਿਖਿਆ ਪੜ੍ਹਦੇ ਹਾਂ ਅਤੇ ਆਪਣੀ ਖੁਸ਼ੀ ਲਈ ਹੀ ਲਿਖਦੇ ਹਾਂ।
ਢਾਈ ਤਿੰਨ ਕਰੋੜ ਲੋਕਾਂ ਦੀ ਇਸ ਵਿੱਚ ਨਾਂ ਤਾਂ ਕੋਈ ਦਿਲਚਸਪੀ ਹੈ ਤੇ ਨਾ ਹੀ ਉਹ ਕੋਈ ਦਿਲਚਸਪੀ
ਲੈਣੀ ਚਾਹੁੰਦੇ ਹਨ। ਹੁਣ ਕੰਮ ਦੀ ਗੱਲ ਵੱਲ ਆਉਂਦੇ ਹਾਂ।
ਜਦ ਵੀ ਮੇਰਾ ਕੋਈ ਲੇਖ ਛਪਦਾ ਹੈ ਤਾਂ ਦੇਸ਼ ਵਿਦੇਸ਼ ਵਿੱਚੋਂ ਪੰਜ ਸੱਤ ਫੋਨ ਅਤੇ ਦੋ ਤਿੰਨ ਈ ਮੇਲਾਂ
ਆਉਂਦੀਆਂ ਹਨ। ਚਿੱਠੀਆਂ ਲਿਖਣੀਆਂ ਭੁੱਲਗੇ ਜਦੋਂ ਦਾ ਟੈਲੀਫੋਂਨ ਲੱਗਿਆ ਵਾਲੀ ਗੱਲ ਸੱਚੀ ਹੈ।
ਮੋਬਾਇਲ ਰੁੱਤ ਆਉਣ ਤੋਂ ਪਹਿਲਾਂ ਇੱਕ ਦੋ ਖਤ ਆਇਆ ਕਰਦੇ ਸਨ। ਪਾਠਕ ਅਕਸਰ ਅਜਨਬੀ ਲੋਕ ਹੁੰਦੇ ਹਨ।
ਪਰ ਫਿਰ ਮੇਰੇ ਮਿੱਤਰਾਂ ਦੀ ਮਾਲਾ ਦੇ ਮਣਕੇ ਬਣ ਜਾਂਦੇ ਹਨ। ਇਹੀ ਮੇਰੀ ਲਿਖਤ ਦੀ ਕਮਾਈ ਹੈ। ਮੈਂ
ਕੋਈ ਬੁੱਧ ਨਹੀਂ ਹਾਂ। ਅੱਜ ਜੋ ਮੈਂ ਸਾਂਝਾ ਕਰਨ ਜਾ ਰਿਹਾ ਹਾਂ। ਉਹ ਮੇਰੇ ਲਈ ਵੀ ਨਵਾਂ ਹੈ। ਤੇ
ਇਹ ਜਾਣਕੇ ਵੀ ਹੈਰਾਨੀ ਭਰੀ ਖੁਸੀ ਹੋਈ ਕਿ ਪਾਠਕ ਕੀ ਚਾਹੁੰਦੇ ਹਨ ਅਤੇ ਉਹ ਪੰਜਾਬ ਬਾਰੇ ਕਿੰਝ
ਸੋਚਦੇ ਹਨ। ਇਨ੍ਹਾਂ ਪਾਠਕਾਂ ਨੇ ਉਹ ਪੰਜਾਬ ਵਿਖਾਇਆ ਜੋ ਚਰਚਾ ਵਿੱਚ ਨਹੀਂ ਅਉਂਦਾ।
ਪਿਛਲੇ ਹਫਤੇ ਰੋਜਾਨਾਂ ਵਾਂਗ ਮੈਂ ਸਵੇਰੇ ਅਖਬਾਰ ਪੜ੍ਹਣ ਅਤੇ ਡਾਕ ਵੇਖਣ ਲਈ ਕੰਪਿਊਟਰ ਖ੍ਹੋਲਿਆ ਹੀ
ਸੀ ਕਿ ਅਮਰੀਕਾ ਤੋਂ ਈ ਮੇਲ ਆਈ ਪੜ੍ਹੀ ਕਿ “ਮੈਂ ਫਲਾਣਾਂ ਸਿੰਘ ਹਾਂ। ਤੁਹਾਡਾ ਰੋਜਾਨਾਂ ਅਜੀਤ
ਜਲੰਧਰ ਵਿੱਚ ਲੇਖ ਪੜ੍ਹਿਆ ਹੈ …. ।” ਮੈਨੂੰ ਯਾਦ ਨਹੀਂ ਸੀ। ਕਈ ਦਿਨ ਹੋ ਗਏ ਸਨ ਲੇਖ ਭੇਜਿਆਂ।
ਖੈਰ ਮੈਂ ਈ ਮੇਲ ਪੜ੍ਹਕੇ ਨੈੱਟ ਤੋਂ ਅਖਬਾਰ ਵੇਖਿਆ। “ਉੱਡਦੇ ਬਾਜਾਂ ਮਗਰ ਦੌੜਦੇ ਪੰਜਾਬੀ” ਲੇਖ
ਮੇਰੇ ਈ ਮੇਲ ਅਤੇ ਫੋਂਨ ਨੰਬਰ ਸਮੇਤ ਛਪਿਆ ਹੋਇਆ ਸੀ। ਅਜੀਤ ਵਾਲੇ ਅਤੇ ਹੋਰ ਕਈ ਪਰਚੇ ਲੇਖਕ ਦਾ
ਫੋਂਨ ਨੰ: ਅਤੇ ਈ ਮੇਲ ਛਾਪ ਦਿੰਦੇ ਹਨ। ਜਿਸ ਕਰਕੇ ਪਾਠਕਾਂ ਦਾ ਸਿੱਧਾ ਰਾਬਤਾ ਲੇਖਕ ਨਾਲ ਹੋ
ਜਾਂਦਾ ਹੈ। ਇਸ ਨਾਲ ਲੇਖਕ ਨੂੰ ਆਪਣੇ ਪਾਣੀ ਦਾ ਵੀ ਪਤਾ ਲੱਗ ਜਾਂਦਾ ਹੈ। ਲੇਖਕ ਵੀ ਇਨ੍ਹਾਂ ਨੂੰ
ਖੁਸ਼ ਹੋ ਕੇ ਰਚਨਾਵਾਂ ਭੇਜਦੇ ਹਨ। ਵਕਤ ਕਰੀਬ ਸਵੇਰ ਦੇ ਸੱਤ ਵੱਜੇ ਸਨ। ਫੋਨ ਦੀ ਘੰਟੀ ਵੱਜੀ। ਇੱਕ
ਪਾਠਕ ਪੁਰੇ ਸਨੇਹ ਨਾਲ ਲੇਖ ਬਾਰੇ ਦੱਸਦਾ ਰਿਹਾ। ਛੁੱਟੀ ਦਾ ਦਿਨ ਸੀ। ਉਸ ਤੋਂ ਬਾਅਦ ਸ਼ਾਂਮ ਦੇ ਸੱਤ
ਵਜੇ ਤੱਕ ਲਗਾਤਾਰ ਗਿਆਰਾਂ ਘੰਟੇ ਫੋਨ ਚੱਲਦਾ ਰਿਹਾ। ਜਦੋਂ ਤੱਕ ਕਿ ਮੈਂ ਖੁਦ ਫੌਂਨ ਔਫ ਨਹੀਂ ਕਰ
ਦਿੱਤਾ। ਮੈਂ ਇੱਕ ਸੱਜਣ ਨਾਲ ਗੱਲ ਕਰਕੇ ਹਟਦਾ ਹੀ ਸੀ ਕਿ ਅਗਲੀ ਘੰਟੀ ਵੱਜ ਪੈਂਦੀ। ਕਈ ਵਾਰ ਜੇ
ਗੱਲਬਾਤ ਜਰਾ ਲੰਬੀ ਹੋ ਜਾਂਦੀ ਤਾਂ ਦੋ ਤਿੰਨ ਮਿੱਸਡ ਕਾਲਾਂ ਆ ਚੁੱਕੀਆਂ ਹੁੰਦੀਆਂ ਸਨ। ਦਰਜਨ ਕੁ ਈ
ਮੇਲਾਂ ਅਤੇ ਵੀਹ ਕੁ ਐੱਸ. ਐੱਮ. ਐੱਸ. ਵੀ ਆਏ। ਦੇਸ਼ ਵਿਦੇਸ਼ ਵਿੱਚੋਂ ਪਾਠਕਾਂ ਦਾ ਹੜ੍ਹ ਹੀ ਆ ਗਿਆ।
ਉਸ ਤੋਂ ਅਗਲੇ ਦੋ ਦਿਨ ਤੱਕ ਵੀ ਦਸ ਕੁ ਫੋਂਨ ਆਏ। ਉਸ ਪਿੱਛੋਂ ਇਹ ਲੇਖ ਲੱਗ ਭੱਗ ਸਾਰੇ ਪੰਜਾਬੀ
ਮੀਡੀਏ ਵਿੱਚ ਛਪਿਆ ਹੈ। ਤਿੰਨ ਚਾਰ ਪਾਠਕਾਂ ਨੇ ਸਿੱਖ ਮਾਰਗ ਤੋਂ ਪੜ੍ਹਕੇ ਫੋਂਨ ਕੀਤੇ। ਜਿਉਂ ਜਿਉਂ
ਪਾਠਕ ਲੇਖ ਪੜਦੇ ਗਏ ਫੋਂਨ ਆਉਂਦੇ ਰਹੇ ਹਨ। ਤੁਹਾਨੂੰ ਇਸ ਘਟਣਾ ਨੂੰ ਝੂਠ ਕਹਿਣ ਦਾ ਪੂਰਾ ਹੱਕ ਹੈ।
ਕਿਉਂ ਕਿ ਪੰਜਾਬੀ ਲੇਖਕਾਂ ਨੂੰ ਅਕਸਰ ਹੀ ਪਾਠਕਾਂ ਦੀ ਘਾਟ ਰੜਕਦੀ ਹੈ। ਸਾਨੂੰ ਤਾਂ ਕਈ ਵਾਰ ਕਹਿਣਾ
ਵੀ ਪੈਂਦਾ ਹੈ ਕਿ ਭਰਾਵੋ ਮੇਰੀ ਰਚਨਾਂ ਛਪੀ ਹੈ ਤੁਸੀਂ ਵੀ ਪੜ੍ਹਿਉ। ਪਸੀਨੇ ਵਾਂਗ ਨੁੱਚੜਦੇ ਪੰਜਾਬ
ਬਾਰੇ ਚੇਤੰਨ ਪਾਠਕ ਕਿਵੇਂ ਸੋਚਦਾ ਤੇ ਕੀ ਚਾਹੁੰਦਾ ਹੈ? ਇਹ ਦੱਸਣ ਤੋਂ ਪਹਿਲਾਂ ਮੈਂ ਆਪਣੇ ਉਸ ਲੇਖ
ਵਿਚਲੀਆਂ ਕੁੱਝ ਸਤਰਾਂ ਦੁਹਰਾ ਰਿਹਾ ਹਾਂ।
“ਜੇ ਕਦੀ ਗੁਰੁ ਗੋਬਿੰਦ ਸਿੰਘ ਜੀ ਆ ਜਾਣ ਤਾਂ ਥਾਪੀ ਜਰੁਰ ਦੇਣਗੇ ਕਿ ਮਾਂ ਦਿਉ ਪੁੱਤੋ ਜਿੱਥੇ
ਤਿੰਨ ਸੌ ਸਾਲ ਪਹਿਲਾਂ ਛੱਡ ਕੇ ਗਿਆ ਸੀ ਉਥੇ ਹੀ ਖਲੋਤੇ ਹੋ। ਮੌਲਵੀ ਨੇ ਆਪਣੇ ਪੁੱਤਰ ਨੂੰ ਡਾਕਟਰ
ਬਣਾਇਆ ਤੇ ਉਸਦੇ ਨੂੰ ਲਫੰਡਰ ਬਣਾਕੇ ਰੱਖ ਦਿੱਤਾ ਸੀ। ਸਧਾਰਣ ਮਨੁੱਖ ਦਾ ਮਾਨਸਕ ਪੱਧਰ ਬਹੁਤ ਹੀ
ਨੀਵਾਂ ਹੁੰਦਾ ਹੈ। ਅਣਪੜ੍ਹ ਲੋਕ ਜਾਗਰੂਕ ਨਹੀਂ ਹੋਇਆ ਕਰਦੇ ਸਿਰਫ ਮਗਰ ਲਾਏ ਜਾਂਦੇ ਹਨ। ਲੋੜ ਸਿਰਫ
ਕਿਸੇ ਨਾ ਕਿਸੇ ਰੂਪ `ਚ ਜ਼ਜ਼ਬਾਤਾਂ ਨੂੰ ਭੜਕਾਉਣ ਜਾਂ ਗੁੰਮਰਾਹ ਕਰਨ ਦੀ ਹੁੰਦੀ ਹੈ। ਪੱਠੇ ਕੁਤਰਣ
ਵਾਲੇ ਹੋਰ ਤੇ ਦੁੱਧ ਪੀਣ ਵਾਲੇ ਹੋਰ ਹੁੰਦੇ ਹਨ। ਭਾਰਤ ਪਾਕਿਸਤਾਂਨ ਦੀ ਵੰਡ ਦਾ ਫੈਸਲਾ ਤੀਹ ਸਾਲ
ਪਹਿਲਾਂ ਹੀ ਲੰਦਨ ਵਿੱਚ ਹੋ ਗਿਆ ਸੀ। ਹੁਣ ਨਸ਼ਿਆਂ ਦਾ ਦਰਿਆ ਪੰਜਾਬ ਵਿੱਚ ਹੀ ਕਿਉਂ ਹੈ? ਅਕਸਰ
ਪੰਜਾਬੀ ਗੱਲਾਂ/ਗਾਹਲਾਂ/ਚੁਗਲੀਆਂ ਕਰਕੇ ਦਿਨ ਬਤਾਉਂਦੇ ਹਨ। ਰੋਜਾਨਾਂ ਤੀਹ ਲੱਖ ਤੋਂ ਵੱਧ ਪੰਜਾਬੀ
ਸਵੇਰੇ ਚਿੱਟੇ ਕੱਪੜੇ ਪਾ ਕੇ ਘਰੋਂ ਸੱਥਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਬਜਾਰਾਂ, ਕਚਹਿਰੀਆਂ
ਵਿੱਚ ਤੋਰੇ ਫੇਰੇ ਲਈ ਹੀ ਨਿੱਕਲਦੇ ਹਨ। ਹਰ ਪਿੰਡ ਵਿੱਚ ਸੌ ਡੇਢ ਸੌ ਅਜਿਹੇ ਵਿਅਕਤੀ ਹਨ ਜਿਨ੍ਹਾਂ
ਸਾਰੀ ਉਮਰ `ਚ ਕੋਈ ਕਿਰਤ ਨਹੀਂ ਕੀਤੀ। ਖੁਸ਼ਹਾਲੀ ਵਿਕਾਸ ਨਾਲ ਆਉਂਦੀ ਹੈ। ਖੁਸ਼ਹਾਲ ਲੋਕਾਂ ਨੂੰ
ਅੰਧਵਿਸ਼ਵਾਸ਼ਾਂ ਦੀ ਲੋੜ ਨਹੀਂ ਹੁੰਦੀ।”। ਇਹੋ ਜਿਹੇ ਵਿਚਾਰ ਮੈਥੋਂ ਲਿਖੇ ਗਏ ਸਨ।
ਪਾਠਕ ਦੱਸਦੇ ਹਨ ਕਿ ਬਹੁ ਗਿਣਤੀ ਲੋਕ ਅੱਜ ਵੀ ਉਨੀਵੀਂ ਸਦੀ ਵਿੱਚ ਜੀਅ ਰਹੇ ਹਨ। ਉਹ ਜਾੜ੍ਹ ਦੁਖਦੀ
ਤੋਂ ਜਾਂ ਕੈਂਸਰ ਦੇ ਮਰੀਜ ਨੂੰ ਹਥੌਲਾ ਪੁਆਉਣ ਜਾਂਦੇ ਹਨ। ਜੇ ਕੋਈ ਅਕਲ ਦੀ ਗੱਲ ਕਰਦਾ ਹੈ ਉਸ ਦੀ
ਗੱਲ ਉਹ ਸੁਣ ਤਾਂ ਲੈਂਦੇ ਹਨ ਪਰ ਯਕੀਂਨ ਨਹੀਂ ਕਰਦੇ। ਹਰ ਥਾਂ ਵਿਹਲੜਾਂ ਦੀਆਂ ਧਾੜਾਂ ਪੈਦਾ ਹੋ
ਗਈਆਂ ਹਨ। ਭੁੱਖੇ ਮਰ ਜਾਣਗੇ ਪਰ ਹੱਥੀਂ ਕੰਮ ਨਹੀਂ ਕਰਨਾ। ਨਾ ਹੀ ਕਿਰਤ ਦੀ ਕਦਰ ਹੈ। ਸੋਲਾਂ
ਪੜ੍ਹੇ ਨੂੰ ਖੇਤ ਨੱਕੇ ਮੋੜਦੇ ਨੂੰ ਵੇਖਕੇ ਗਵਾਂਢੀ ਸ਼ਾਵਾਸ਼ੇ ਦੇਣ ਦੀ ਥਾਂ ਮਿਹਣਾ ਮਾਰਦਾ ਹੈ ਕਿ
‘ਤੂੰ ਤਾਂ ਪਾੜ੍ਹਿਆ ਸਾਰੀ ਪੜ੍ਹਾਂਈੰ ਖੂਹ `ਚ ਹੀ ਪਾ `ਤੀ’। ਮਿਹਨਤ ਸਿਰਫ ਮਜਦੂਰ ਜਾਂ ਮਜਦ੍ਰੂਰਾਂ
ਵਰਗੇ ਬਣ ਚੁੱਕੇ ਕਿਸਾਂਨ ਹੀ ਕਰਦੇ ਹਨ। ਜੱਟਵਾਦ ਨੂੰ ਉਜੱਡਵਾਦ ਸਾਬਤ ਕਰਨ ਦੀ ਕਰਤੁਤ ਤੂੰਬੀਆਂ
ਵਾਲੇ ਕਰ ਰਹੇ ਹਨ। ਤਿੰਨ ਵਾਰ ਸਰਪੰਚ ਰਹਿ ਚੁੱਕੇ ਪਾਠਕ ਦਾ ਨਿੱਜੀ ਤਜਰਬਾ ਚੌਂਕਾ ਦੇਣ ਵਾਲਾ ਸੀ,
ਜਦੋਂ ਉਸਨੇ ਦੱਸਿਆ ਕਿ ਆਪਣੇ ਇੱਕ ਹਜਾਰ ਦੇ ਲਾਭ ਲਈ ਕਿਸੇ ਦੂਸਰੇ ਦਾ ਕਰੋੜ ਰੁਪਏ ਦਾ ਨੁਕਸਾਂਨ
ਕਰਨ ਨੂੰ ਸਿਆਸਤ ਕਿਹਾ ਜਾਂਦਾ ਹੈ। ਪੈਸੇ ਦੇ ਮਾਂਮਲੇ `ਚ ਨੈਤਿਕ-ਅਨੈਤਿਕ ਅਤੇ
ਕਾਨੂੰਨੀ-ਗੈਰਕਾਨੂਨੀ ਵਿਚਲਾ ਫਰਕ ਮਿੱਟ ਚੁੱਕਾ ਹੈ। ਲੋਕ ਸੁਸਤ ਅਤੇ ਨਿਕੰਮੇਂ ਹੋ ਗਏ ਹਨ। ਖੇਡ
ਮੇਲੇ, ਸੁਭਿਆਚਾਰਕ ਮੇਲੇ, ਸਿਆਸੀ ਅਤੇ ਧਾਰਮਿਕ ਸਮਾਗਮ ਆਂਮ ਜਨਤਾ ਲਈ ਸਿਰਫ ਸ਼ੁਗਲ ਮੇਲਾ ਹੀ ਹੁੰਦੇ
ਹਨ। ਕਈ ਪਾਠਕਾਂ ਨੇ ਨਿੱਜੀ ਦੁੱਖ ਸਾਂਝੇ ਕੀਤੇ ਕਿ ਅਸੀਂ ਸ਼ਹਿਰ ਗਏ ਮੁੰਡੇ ਦਾ ਫਿਕਰ ਕਰਦੇ ਹਾਂ ਕਿ
ਕੋਈ ਨਸ਼ੇ ਨਾਂ ਲੱਗ ਜਾਵੇ। ਇੱਕ ਗੁਰਦਵਾਰੇ ਦੇ ਗਰੰਥੀ ਭਾਈ ਨੇ ਕਿਹਾ ਕਿ ਉਹ ਤਿੰਨ ਭਾਈ ਹਨ ਅਤੇ
ਤਿੰਨਾਂ ਦੇ ਮੁੰਡੇ ਕਲੀਂਨ ਸ਼ੇਵ ਹਨ। ਉਹ ਬੇਬੱਸ ਹਨ। ਹਰ ਕੋਈ ਜਾਂ ਸਿੰਗਰ ਬਨਣਾ ਚਾਹੁੰਦਾ ਹੈ ਜਾਂ
ਵਿਦੇਸ਼ ਜਾਣਾ। ਵਿਖਾਵੇ ਅਤੇ ਨਾਂ ਦੀ ਭੁੱਖ ਇੰਨੀ ਜਿਆਦਾ ਹੈ ਕਿ ਚੋਣ ਕਿਸੇ ਵਿਦੇਸ਼ ਵਿੱਚ ਛੋਟੀ
ਮੋਟੀ ਮੈਂਬਰੀ ਦੀ ਲੜੀ ਜਾ ਰਹੀ ਹੁੰਦੀ ਹੈ ਪਰ ‘ਵੋਟ ਜਰੁਰ ਪਾਇਉ’ ਦੇ ਫੋਟੋਆਂ ਅਤੇ ਨਾਵਾਂ ਵਾਲੇ
ਇਸ਼ਤਿਹਾਰ ਪੰਜਾਬ ਵਿੱਚ ਲੱਗ ਰਹੇ ਹੁੰਦੇ ਹਨ। ਇੱਕ ਪੱਤਰਕਾਰ ਨੇ ਦੱਸਿਆ ਕਿ ਉਸਨੂੰ ਸੰਪਾਦਕ ਨੇ ਝਾੜ
ਪਾਈ ਕਿ ਉਸ ਨੂੰ ਨੇਤਾ ਦੀ ਸ਼ਿਕਾਇਤ ਮਿਲੀ ਸੀ ਕਿ ਪੱਤਰਕਾਰ ਨੇ ਖਬਰ ਵਿੱਚ ਉਸ ‘ਮਸ਼ਹੂਰ ਨੇਤਾ’ ਦਾ
ਨਾਂਮ ਕਿਉਂ ਨਹੀਂ ਲਿਖਿਆ? ਜਿਹੜਾ ਭਾਵੇਂ ਮੋਕੇ ਤੇ ਮੌਜੂਦ ਹੀ ਨਹੀਂ ਸੀ। ਲੋਕ ਸਿਆਸਤਦਾਨਾਂ ਦੀ ਹਰ
ਗੱਲ ਨੂੰ ਗੱਪ ਸਮਝਣ ਲੱਗ ਗਏ ਹਨ। ਪਰ ਪੈਸੇ ਲੈ ਕੇ ਕਾਲੇ ਚੋਰ ਨੂੰ ਵੀ ਵੋਟ ਪਾਉਣੀ ਮਾੜੀ ਨਹੀਂ
ਸਮਝਦੇ (ਕੁੱਝ ਸਾਲ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਵਿੱਚ ਦਿੱਲੀ ਤੋਂ ਡਾਕਟਰ ਮਨਮੋਹਨ ਸਿੰਘ ਹਾਰ
ਗਏ ਸਨ ਤੇ ਡਾਕੂ ਫੂਲਣ ਦੇਵੀ ਜਿੱਤ ਗਈ ਸੀ)। ਹਰ ਤੀਜਾ ਪੰਜਾਬੀ ਕਿਸੇ ਨਾਂ ਕਿਸੇ ਦੀ ਦਾੜ੍ਹੀ
ਪੁੱਟਣ ਦਾ ਪ੍ਰੋਗਰਾਂਮ ਉਲੀਕੀ ਫਿਰਦਾ ਹੈ। ਸਹਿਨਸ਼ੀਲਤਾ ਖਤਮ ਹੋ ਚੁੱਕੀ ਹੈ। ਲੋਕਾਂ ਦੇ ਸੁਪਣੇ ਮਰ
ਚੁੱਕੇ ਹਨ। ਸਿਰਫ ਰੱਬ ਦੀ ਹੀ ਇੱਕੋ ਇੱਕ ਓਟ ਬਾਕੀ ਰਹਿ ਗਈ ਹੈ। ਇਸ ਲਈ ਜੇ ਕਿਸੇ ਜੰਡ ਤੇ ਵੀ
ਖੰਮਣੀ ਬੱਝੀ ਵੇਖ ਲੈਣ ਤਾਂ ਡਰੇ ਅਤੇ ਘਬਰਾਏ ਉਸ ਨੂੰ ਵੀ ਰੱਬ ਸਮਝ ਲੈਂਦੇ ਹਨ। ਬਹੁਗਿਣਤੀ ਨੂੰ
ਕਿਸੇ ਵੀ ਸਿਆਸੀ ਅਤੇ ਧਾਰਮਿਕ ਲਹਿਰ ਵਿੱਚ ਕੋਈ ਦਿਲਚਸਪੀ ਨਹੀਂ। ਪਰ ਜੇ ਕਿਸੇ ਵੀ ਪਿੰਡ ਦੀ ਸੱਥ
ਵਿੱਚ ਬੱਸ ਜਾਂ ਟਰੱਕ ਖੜਾ ਕਰਕੇ ਵਿੱਚ ਦਾਰੂ ਦਾ ਡੱਬਾ ਤੇ ਭੁੱਕੀ ਦੀ ਬੋਰੀ ਰੱਖ ਦੇਵੋ ਤਾਂ
ਦਿੱਲੀ, ਕਲਕੱਤੇ ਜਾਣ ਲਈ ਸਾਰੇ ਚੜ੍ਹ ਜਾਣਗੇ। ਇਸ ਗੱਲ ਵਿੱਚ ਉਨ੍ਹਾਂ ਨੂੰ ਕੋਈ ਦਿਲਚਸਪੀ ਨਹੀਂ ਕਿ
ਜਾਣ ਦਾ ਮਕਸਦ ਕੀ ਹੈ ਅਤੇ ਲਿਜਾਣ ਵਾਲਾ ਕੌਣ ਹੈ। ਉਹ ਸਿਰਫ ਗੁਮਰਾਹ ਹੁੰਦੇ ਹਨ। ਬਹੁਤੇ ਇਹ ਸਮਝਣ
ਲੱਗ ਪਏ ਹਨ ਕਿ ਜੋ ਖਾਣ ਪੀਣ ਨੂੰ ਮਿਲਦਾ ਹੈ ਲੈ ਲਵੋ, ਮੁਫਤ ਦੀ ਗਾਂ ਦੇ ਦੰਦ ਕੌਣ ਗਿਣਦਾ ਹੈ।
ਇੱਕ ਪਾਠਕ ਨੇ ਫੋਂਨ ਤੇ ਦੱਸਿਆ ਕਿ ਪਿਛਲੇ ਸਾਲ ਉਸਦੇ ਪਿੰਡ ਛੱਪੜ ਵਿੱਚ ਟਰੱਕ ਡਿੱਗ ਪਿਆ। ਤਿੰਨ
ਦਿਨ ਦੀ ਜੱਦੋਜਹਿਦ ਪਿੱਛੋਂ ਸ਼ਹਿਰੋਂ ਕਰੇਨ ਲਿਆ ਕੇ ਟਰੱਕ ਕੱਢਿਆ। ਤਿੰਨੇ ਦਿਨ ਡੇਢ ਸੋ ਆਦਮੀਂ
ਛੱਪੜ ਕੰਢੇ ਬੈਠਾ ਰਿਹਾ। ਇਹ ਵੇਖਣ ਲਈ ਕਿ ਛੱਪੜ ਵਿੱਚੋਂ ‘ਟਰੱਕ ਨਿੱਕਲਦਾ’ ਵੇਖਾਂਗੇ। ਦਰਜਨਾਂ
ਲੋਕਾਂ ਨੇ ਸ਼ਿਕਵਾ ਕੀਤਾ ਕਿ ਵੋਟਾਂ ਨੇ ਉਨ੍ਹਾਂ ਨੂੰ ਕਿਤੋਂ ਜੋਗਾ ਨਹੀਂ ਛੱਡਿਆ। ਅਸਟਰੇਲੀਆ,
ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਤੋਂ ਪਾਠਕਾਂ ਨੇ ਕਿਹਾ ਕਿ ਕਈ ਪੰਜਾਬੀ ਤਾਂ ਇਨ੍ਹਾਂ ਦੇਸ਼ਾਂ ਨੂੰ
ਵੀ ਪੰਜਾਬ ਦੇ ਜਿਲ੍ਹੇ ਹੀ ਸਮਝੀ ਬੈਠੇ ਹਨ। ਬੇਅ ਏਰੀਏ ਤੋਂ ਮੇਰੇ ਇੱਕ ਦੋਸਤ ਵਕੀਲ ਨੇ ਖਤਰੇ ਦੀ
ਘੰਟੀ ਵਜਾਉਂਦਿਆ ਦੱਸਿਆ ਕਿ ਇੱਕ ਵਾਰ ਸਿੱਖ ਮੁਜਾਹਰਾ ਕਰ ਰਹੇ ਸਨ। ਜਲੂਸ ਵੇਲੇ ਉਹਦੇ ਕੋਲ ਇੱਕ
ਗੋਰੇ ਪੁਲਿਸ ਅਫਸਰ ਨੇ ਟਿੱਪਣੀ ਕੀਤੀ ਕਿ ‘ਇਸ ਸੋਹਣੇ ਦੇਸ਼ ਵਿੱਚ ਆਉਣ ਦਾ ਮੌਕਾ ਮਿਲਿਆ ਹੈ। ਅਮਨ
ਨਾਲ ਰਹਿ ਕੇ ਆਨੰਦ ਮਾਣੋ। ਜੇ ਸ਼ੋਰ ਸ਼ਰਾਬਾ ਪਸੰਦ ਹੈ ਤਾਂ ਇੰਡੀਆ ਚਲੇ ਜਾਵੋ।’ ਇਹ ਗੋਰਾ ਅਮਰੀਕਨ
ਸਾਰਜੰਟ ਉਸਦਾ ਮਿੱਤਰ ਸੀ। ਚੰਡੀਗੜ੍ਹ ਖਾਲਸਾ ਕਾਲਜ ਦੇ ਮੇਰੇ ਇੱਕ ਪ੍ਰੋਫੈਸਰ ਮਿੱਤਰ ਪੇਸ਼ੇਵਰ
ਪੰਜਾਬੀ ਕਾਂਨਫਰੰਸੀਏ ਹਨ। ਜੂੰਨ ਮਹੀਨੇ ਉਹ ਇੰਗਲੈਂਡ ਵਿੱਚ ਸ਼ਹੀਦ ਊਧਮ ਸਿੰਘ ਦੀ ਯਾਦ ਵਿੱਚ ਹੋਈ
ਇੱਕ ਕਾਂਨਫਰੰਸ ਵਿੱਚ ਪਰਚਾ ਪੜ੍ਹਕੇ ਆਏ ਹਨ। ਸ਼ਾਂਮ ਦੀ ਮਹਿਫਿਲ `ਚ ਜਦੋਂ ਅਸਮਾਂਨ ਸੁਰਮਈ ਤੋਂ
ਗੁਲਾਬੀ ਹੋਣ ਲੱਗਾ ਤਾਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਬਾਬਿਓ! ਜਰਾ ਮੈਨੂੰ ਵੀ ਦੱਸੋਂਗੇ ਕਿ ਊਧਮ
ਸਿੰਘ ਅੰਗਰੇਜਾਂ ਦਾ ਕੀ ਲੱਗਦਾ ਸੀ? ਜੇ ਕਦੇ ਪੰਜ ਚਾਰ ਅੰਗਰੇਜ ਇਕੱਠੇ ਹੋ ਕੇ ਪੰਜਾਬ ਵਿੱਚ ਜਰਨਲ
ਡਾਇਰ ਦਾ ਜਨਮ ਦਿਨ ਮਨਾਉਣ ਆ ਜਾਣ ਫੇਰ ਕਿਹੜੇ ਭਾਅ ਵਿਕੇਗੀ? । ਕਦੀ ਅਫਗਾਂਨਿਸਤਾਂਨ ਵਿੱਚ ਹਰੀ
ਸਿੰਘ ਨਲੂਏ ਦੀ ਬਰਸੀ ਮਨਾ ਕੇ ਵੇਖੋ। ਮੈਂ ਵੀ ਚੱਲਾਂਗਾ।” ਪ੍ਰੋਫੇਸਰ ਹੋਰੀਂ ਕਹਿਣ ਲੱਗੇ ਯਾਰ ਇਸ
ਪਾਸੇ ਤਾਂ ਮੇਰਾ ਧਿਆਂਨ ਹੀ ਨਹੀਂ ਗਿਆ। ਮੈਂ ਤਾਂ ਸੈਰ ਸਪਾਟੇ ਲਈ ਗਿਆ ਸੀ। ਪਰਚਾ ਤਾਂ ਮੇਰਾ ਘੈਂਟ
ਸੀ ਪਰ ਵੇਖੀਂ ਕਿਤੇ ਮੇਰਾ ਨਾਂਮ ਨਾ ਲਿਖ ਦੇਵੀਂ। ਮੇਰੀ ਪ੍ਰਿੰਸੀਪਲ ਬਨਣ ਦੀ ਵਾਰੀ ਹੈ। ਜਦੋਂ ਮੈਂ
ਕਈ ਪਾਠਕਾਂ ਨੂੰ ਉਚੇਚਾ ਪੁੱਛਿਆ ਕਿ ਉਹ ਕੀ ਚਾਹੁੰਦੇ ਹਨ? ਤਾਂ ਉਨ੍ਹਾਂ ਕਿਹਾ ਕਿ ਮੈਂ ਜੋ ਲਿਖਿਆ
ਹੈ ਕਿ ‘ਅੱਜ ਲੋੜ ਪੰਜਾਬ ਦੇ ਵਿਕਾਸ ਕਰਨ ਦੀ ਹੈ। ਵਿਕਾਸ ਨਾਲ ਖੁਸ਼ਹਾਲੀ ਆਉਂਦੀ ਹੈ ਤੇ ਖੁਸ਼ਹਾਲ
ਲੋਕਾਂ ਨੂੰ ਅੰਧਵਿਸ਼ਵਾਸ਼ਾਂ ਦੀ ਲੋੜ ਨਹੀਂ ਹੁੰਦੀ’ ਇਹੀ ਉਹ ਚਾਹੁੰਦੇ ਹਨ। ਇਸ ਵਿੱਚੋਂ ਉਨ੍ਹਾਂ ਨੂੰ
ਪੰਜਾਬ ਦੇ ਭਵਿੱਖ ਦਾ ਸੁਪਨਾ ਨਜਰ ਆਇਆ ਹੈ।
‘ਇਧਰ ਸੇ ਗੁਜ਼ਰਾ ਥਾ ਸੋਚਾ ਸਲਾਮ ਕਰ ਚਲੂੰ।’
B.S.Dhillon
Advocate High Court
Chandigarh-160047
Mobile: 9988091463
Web: www.geocities.com/dhillonak/mypage.html