.

ਸਿੱਖ ਰਹਿਤ ਮਰਿਆਦਾ ਦੀ ਪੁਨਰ ਪੜਚੋਲ ਕਿਉਂ ਜ਼ਰੂਰੀ?
(ਕਿਸ਼ਤ ਨੰ: 07)
(ਅੰਮ੍ਰਿਤ ਸੰਸਕਾਰ ਦੇ ਭਾਗ ਚ ਤੋਂ ਅਖੀਰ ਤੱਕ)

(ਹ) ‘ਅੰਮ੍ਰਿਤ ਸੰਸਕਾਰ’ ਸਿਰਲੇਖ ਹੇਠ ਹੀ ਭਾਗ (ਚ) ਵਿੱਚ ਦਰਜ ਹੈ:
“ਹਰ ਇੱਕ ਬਾਣੀ ਪੜ੍ਹਨ ਵਾਲਾ ਖੱਬਾ ਹੱਥ ਬਾਟੇ ਦੇ ਕੰਢੇ `ਤੇ ਧਰੇ ਅਤੇ ਸੱਜੇ ਹੱਥ ਨਾਲ ਖੰਡਾ ਜਲ ਵਿੱਚ ਫੇਰੀ ਜਾਵੇ। ਸੁਰਤ ਇਕਾਗਰ ਹੋਵੇ। ਬਾਕੀ ਦਿਆਂ (ਪਿਆਰਿਆਂ) ਦੇ ਦੋਵੇਂ ਹੱਥ ਬਾਟੇ ਦੇ ਕੰਢੇ `ਤੇ ਅਤੇ ਧਿਆਨ ਅੰਮ੍ਰਿਤ ਵੱਲ ਹੋਵੇ।”
ਵਿਚਾਰ: ਗੁਰਬਾਣੀ ਕੋਈ ‘ਮੰਤਰ’ ਜੈਸਾ ਅੰਧਵਿਸ਼ਵਾਸ਼ ਨਹੀਂ ਹੈ ਕਿ ਇਹ ਭਰਮ ਪਾਲਿਆ ਜਾਵੇ ਕਿ ਇਸ ਦੇ ਪੜ੍ਹਨ ਨਾਲ ਕੋਈ ਜਲ ‘ਅੰਮ੍ਰਿਤ’ ਬਣ ਜਾਂਦਾ ਹੈ। ਐਸਾ ਮਨਣਾ ਬ੍ਰਾਹਮਣਵਾਦ ਹੀ ਹੋ ਸਕਦਾ ਹੈ ਜੋ ਕਿ ਗੁਰਮਤਿ ਸਿਧਾਂਤਾਂ ਦੀ ਖਿਲਾਫਤ ਹੈ। ਗੁਰਬਾਣੀ ਸਮਝਣ ਵਿਚਾਰਨ ਲਈ ਹੈ ਤਾਂ ਕਿ ਗੁਣ ਧਾਰਨ ਕੀਤੇ ਜਾ ਸਕਣ। ਸਮਝਣ ਵਿਚਾਰਨ ਲਈ ਜ਼ਰੂਰੀ ਹੈ ਕਿ ਗੁਰਬਾਣੀ ਨੂੰ ਧਿਆਨ ਲਾ ਕੇ ਪੜ੍ਹਿਆ/ਸੁਣਿਆ ਜਾਵੇ। ਪਰ ਇੱਥੇ ਤਾਂ ਗੰਗਾ ਉਲਟੀ ਹੀ ਵੱਗ ਰਹੀ ਹੈ। ਪੜ੍ਹੀ ਜਾ ਰਹੀ ਹੈ ਗੁਰਬਾਣੀ, ਪਰ ਧਿਆਨ ਜਲ (ਅੰਮ੍ਰਿਤ) ਵਿੱਚ ਲਗਾਉਣ ਦੀ ਹਿਦਾਇਤ ਕੀਤੀ ਗਈ ਹੈ। ਧਿਆਨ ਪੜ੍ਹੀ ਜਾ ਰਹੀ ਬਾਣੀ ਵਿੱਚ ਕਿਉਂ ਨਾ ਹੋਵੇ? ਪਰ ਜੇ ਧਿਆਨ ਗੁਰਬਾਣੀ (ਦੇ ਸਮਝਣ) ਵਿੱਚ ਲਾ ਦਿੱਤਾ ਤਾਂ ਖੱਤਰਾ ਹੈ (ਸੱਚ ਸਮਝਣ ਵਾਲਿਆਂ) ਨੂੰ ਪਤਾ ਲੱਗ ਸਕਦਾ ਹੈ ਕਿ ਪੜ੍ਹੀਆਂ ਜਾ ਰਹੀਆਂ ਬਾਣੀਆਂ ਸਿਧਾਂਤਕ ਤੌਰ ਉੱਤੇ ਦੋਗਲੇਪਨ ਵਾਲੀਆਂ ਸਾਬਿਤ ਹੋ ਜਾਣਗੀਆਂ। ਕਿਉਂਕਿ ਇਸ ਵਿੱਚ ਕੁੱਝ ਰਚਨਾਂਵਾਂ ਕੱਚੀਆਂ (ਗੁਰਮਤਿ ਤੋਂ ਉਲਟ) ਹਨ। ਸ਼ਾਇਦ ਇਸੇ ਕਰਕੇ ਹਿਦਾਇਤ ਹੈ ਕਿ ਧਿਆਨ ਜਲ ਵਿੱਚ ਹੋਵੇ ਅਤੇ ਤੋਤਾ ਰਟਨੀ ਵਾਂਗੂ (ਬਿਨਾ ਸਮਝੇ ਵਿਚਾਰੇ) ਪੜ੍ਹੀ/ਸੁਣੀ ਜਾਵੇ।
ਇਸ ਮੱਦ ਵਿੱਚ ਬਦਲਾਅ ਕਰ ਕੇ ਲਿਖਿਆ ਜਾ ਸਕਦਾ ਹੈ ਕਿ:
“‘ਧਿਆਨ’ ਪੜ੍ਹੀ ਜਾ ਰਹੀ ਗੁਰਬਾਣੀ ਵਿੱਚ ਹੋਵੇ”
(ਕ) ‘ਅੰਮ੍ਰਿਤ ਸੰਸਕਾਰ’ ਸਿਰਲੇਖ ਹੇਠ ਹੀ ਭਾਗ (ਝ) ਵਿੱਚ ਦਰਜ ਹੈ:
“ਹੁਣ ਸ਼੍ਰੀ ਕਲਗੀਧਰ ਦਸ਼ਮੇਸ਼ ਪਿਤਾ ਜੀ ਦਾ ਧਿਆਨ ਧਰ ਕੇ ਹਰ ਇੱਕ ਅੰਮ੍ਰਿਤ ਛਕਣ ਵਾਕੇ ਨੂੰ----”
ਵਿਚਾਰ: ਪਹਿਲੇ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਦਸਵੇਂ ਨਾਨਕ (ਜਾਮੇ) ਵਿਚੋਂ ਕਿਸੇ ਨੇ ਵੀ ਸਾਨੂੰ ਆਪਣੇ ਨਾਲ ਨਹੀਂ ਜੋੜਿਆ। ਫੇਰ ਧਿਆਨ ‘ਅਕਾਲ ਪੁਰਖ’ ਦਾ ਕਿਉਂ ਨਾ ਕੀਤਾ ਜਾਵੇ? ਇਸਾਈ ਕਹਿੰਦੇ ਹਨ ਕਿ ਜੇ ਈਸਾ ਜੀ `ਤੇ ਇਮਾਨ ਲਿਆਉਗੇ ਤਾਂ ਹੀ ਮੁਕਤਿ ਹੋਵੋਗੇ। ਇਸਲਾਮ ਕਹਿੰਦਾ ਹੈ ਕਿ ਜੇ ਮੁਹੰਮਦ ਸਾਹਿਬ ਵਿੱਚ ਵਿਸ਼ਵਾਸ਼ ਲਿਆਉਗੇ ਤਾਂ ਹੀ ਮੁਕਤਿ ਹੋਵੋਗੇ। ਇਸੇ ਨਕਲ ਉੱਤੇ ਅਸੀਂ ਦਸ਼ਮੇਸ਼ ਜੀ ਦਾ ਧਿਆਨ ਧਰਨ ਦੀ ਗੱਲ ਕਰ ਰਹੇ ਹਾਂ। ਅਸੀਂ ਉਸ ਦੇ ਲੜ ਲਗੀਏ ਜਿਸ ਦੇ ਲੜ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਲਗਾਇਆ ਸੀ, ਉਹ ਹੈ ਇੱਕ ਅਕਾਲ ਪੁਰਖ (ਸੱਚ)। ਜੇ ਅਸੀਂ ਵੀ ਬਾਕੀ ਮਤਾਂ ਵਾਂਗੂੰ ਹੀ ਕਰਨਾ ਹੈ ਤਾਂ ਸਾਡੀ ਵਿਲੱਖਣਤਾ ਕਿਵੇਂ ਰਹਿ ਸਕਦੀ ਹੈ? ਸੋ ਲੋੜ ਹੈ ਇਸ ਮੱਦ ਦੀ ਸ਼ਬਦਾਵਲੀ ਬਦਲ ਕੇ ਕੁੱਝ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ:
“ਅਕਾਲ ਪੁਰਖ ਦਾ ਧਿਆਨ ਧਰ ਕੇ ਹਰ ਇੱਕ ਖੰਡੇ ਦੀ ਪਾਹੁਲ ਲੈਣ ਵਾਲੇ ਨੂੰ---”
(ਖ) ‘ਅੰਮ੍ਰਿਤ ਸੰਸਕਾਰ’ ਦੇ ਭਾਗ (ਝ) ਵਿੱਚ ਹੀ ਦਰਜ ਹੈ:
“ਫੇਰ ਪੰਜ ਛੱਟੇ ਅੰਮ੍ਰਿਤ ਦੇ ਨੇਤਰਾਂ ‘ਪਰ ਲਾਏ ਜਾਣ। ਫੇਰ ਪੰਜ ਛੱਟੇ ਕੇਸਾਂ ਵਿੱਚ ਪਾਏ ਜਾਣ।”
ਵਿਚਾਰ:
ਜੇ ਨੇਤਰ ਅਤੇ ਕੇਸ ਸ਼ਰੀਰ ਦੇ ਬਾਕੀ ਅੰਗਾਂ ਨਾਲੋਂ ਕੁੱਝ ਜ਼ਿਆਦਾ ਮਹੱਤਵ ਰੱਖਦੇ ਹਨ ਤਾਂ ਗੁਰਮਤਿ ਐਸਾ ਨਹੀਂ ਮੰਨਦੀ। ਸ਼ਰੀਰ ਦੇ ਹਰ ਅੰਗ ਦਾ ਆਪਣਾ ਇੱਕ ਮਕਸਦ ਹੈ। ਜਾਂ ਫਿਰ ਨੇਤਰ ਜਾਂ ਕੇਸ ਹੀ ‘ਅਪਵਿੱਤਰ’ ਹੁੰਦੇ ਹਨ, ਜਿਨ੍ਹਾਂ ਨੂੰ ‘ਅੰਮ੍ਰਿਤ’ ਪਾ ਕੇ ‘ਪਵਿੱਤਰ’ ਕਰਨ ਦੀ ਲੋੜ ਹੈ? ਇਨ੍ਹਾਂ ਪਿੱਛੇ ਕੋਈ ਦਲੀਲ ਨਹੀਂ ਦਿੱਤੀ ਦਾ ਸਕਦੀ, ਕੋਈ ਕਾਰਨ ਨਹੀਂ ਦੱਸਿਆ ਜਾ ਸਕਦਾ। ਬੱਸ ਇੱਕ ਵਾਰ ਸ਼ੁਰੂ ਕਰ ਦਿੱਤਾ ਅਤੇ ਹੁਣ ਚੱਲ ਸੋ ਚੱਲ ਹੀ ਹੈ। ਵੈਸੇ ਵੀ ਮਿੱਠਾ ਜਲ ਕੇਸਾਂ ਆਦਿ ਉੱਪਰ ਪਾ ਕੇ ਚਿੱਪ-ਚਿੱਪ ਕਰਦਾ ਹੈ, ਜਿਸ ਨਾਲ ਅਸਿਹਜ ਮਹਿਸੂਸ ਹੁੰਦਾ ਹੈ।
ਇਸ ਮੱਦ ਦਾ ਵੀ ਕੋਈ ਗੁਰਮਤਿ ਸਿਧਾਂਤ ਨਹੀਂ ਜਾਪਦਾ। ਸੋ ਇਸ ਵਿੱਚ ਸੋਧ ਕਰਕੇ ਇੰਨਾ ਲਿਖਿਆ ਜਾ ਸਕਦਾ ਹੈ:
“ਹਰ ਸਿੱਖ (ਜੋ ਉੱਥੇ ਖੰਡੇ ਦੀ ਪਾਹੁਲ ਲੈਣ ਆਇਆ ਹੈ) ਨੂੰ ਖੰਡੇ ਦੀ ਪਾਹੁਲ ਦੇ ਚੁਲੇ ਛਕਾਏ ਜਾਣ”
(ਗ) ‘ਅੰਮ੍ਰਿਤ ਸੰਸਕਾਰ’ ਦੇ ਸਿਰਲੇਖ ਹੇਠ ਹੀ ਭਾਗ (ਞ) ਵਿੱਚ ਦਰਜ ਹੈ:
“ਉਪਰੰਤ ਪੰਜ ਪਿਆਰੇ ਰਲ ਕੇ ਇੱਕੋ ਆਵਾਜ਼ ਨਾਲ ‘ਅੰਮ੍ਰਿਤ’ ਛਕਣ ਵਾਲਿਆਂ ਨੂੰ ‘ਵਾਹਿਗੁਰੂ’ ਦਾ ਨਾਮ ਦੱਸ ਕੇ ‘ਮੂਲ ਮੰਤ੍ਰ’ ਸੁਣਾੳਣ ਤੇ ਉਨ੍ਹਾਂ ਪਾਸੋਂ ਇਸ ਦਾ ਰਟਨ ਕਰਾਉਣ”
ਵਿਚਾਰ: ਜਿਵੇਂ ‘ਸੰਸਕਾਰ’ ਲਫਜ਼ ਵਿਚੋਂ ਬ੍ਰਾਹਮਣਵਾਦ ਦੀ ਸਪਸ਼ਟ ਝਲਕ ਪੈਂਦੀ ਹੈ, ਇਵੇਂ ਹੀ ‘ਮੰਤਰ’ ਲਫਜ਼ ਵੀ ਬ੍ਰਾਹਮਣੀ ਵਿਚਾਰਧਾਰਾ ਦਾ ਹੀ ਲਿਖਾਇਕ ਹੈ। ਪਰ ਸਿੱਖਾਂ ਵਿੱਚ ਬ੍ਰਾਹਮਣਵਾਦੀ ਪ੍ਰਭਾਵ ਹੇਠ ਇਹ ਗਲਤ ਧਾਰਨਾਵਾਂ ਪ੍ਰਚਲਿਤ ਹੋ ਗਈਆਂ ਹਨ। ਅਕਾਲ ਪੁਰਖ ਦੇ ਇੱਕ ਨਾਂ ‘ਵਾਹਿਗੁਰੂ’ ਨੂੰ ‘ਗੁਰਮੰਤਰ’ ਪ੍ਰਚਾਰਿਆ ਜਾ ਰਿਹਾ ਹੈ। ਇਸੇ ਤਰ੍ਹਾਂ ‘ਮੰਗਲਾਚਰਣ’ ਨੂੰ ਗਲਤ ਨਾਂ ਦੇ ਕੇ ‘ਮੂਲ ਮੰਤਰ’ ਦੱਸਿਆ ਜਾ ਰਿਹਾ ਹੈ। ਪਰ ਗੁਰਬਾਣੀ ਜਿਸ ‘ਨਾਮ’ ਦੀ ਵਾਰ-ਵਾਰ ਪ੍ਰੋੜਤਾ ਕਰਦੀ ਹੈ, ਉਸ ਦਾ ਭਾਵ ਹੈ ‘ਸੱਚ ਦਾ ਗਿਆਨ’, ਨਾ ਕਿ ਪ੍ਰਮਾਤਮਾ ਦੇ ਕਿਸੇ ਨਾਂ ਦਾ ਲਫਜ਼। ਗੁਰਬਾਣੀ ਵਿੱਚ ਤਾਂ ਪ੍ਰਮਾਤਮਾ ਨੂੰ ਮੁਰਾਰੀ, ਗੋਪਾਲ, ਹਰੀ, ਅੱਲਾ, ਰਹੀਮ, ਰਾਮ, ਬੀਠਲ, ਠਾਕੁਰ ਆਦਿ ਕਈ ਨਾਵਾਂ ਨਾਲ ਸੰਬੋਧਨ ਕੀਤਾ ਗਿਆ ਹੈ। ਤਾਂ ਫਿਰ ਕਿਸ ਕਿਸ ਅੱਖਰ ਦਾ ਰਟਨ ਕੀਤਾ ਜਾਵੇ? ‘ਨਾਮ’ ਦੇ ਗੁਰਮਤਿ ਅਨੁਸਾਰੀ ਭਾਵ ਨੂੰ ਸਮਝਣ ਦੀ ਲੋੜ ਹੈ। ਇਸ ਮੱਦ ਵਿੱਚ ਅੱਗੇ ਫਿਰ ‘ਸਮਝਣ-ਵਿਚਾਰਨ’ ਕੋਈ ਵੀ ਸੇਧ ਨਹੀਂ ਦਿੱਤੀ ਗਈ। ਬਲਕਿ ਸਿਰਫ ਰਟਨ ਦੀ ਹੀ ਸੇਧ ਦਿੱਤੀ ਗਈ ਹੈ। ਫਿਰ ਫਤਵੇ ਜਾਰੀ ਕੀਤੇ ਜਾ ਰਹੇ ਹਨ ਕਿ ਇਸ ‘ਸਿੱਖ ਰਹਿਤ ਮਰਿਆਦਾ’ ਦੇ ਖਿਲਾਫ ਜੋ ਵੀ ਬੋਲੇਗਾ ਉਸ ਨੂੰ ਨਾਸਤਿਕ ਅਤੇ ਅਸ਼ਰਧਕ ਐਲਾਨ ਦਿੱਤਾ ਜਾਵੇਗਾ।
ਇਸ ਮੱਦ ਦੀ ਸ਼ਬਦਾਵਲੀ ਬਹੁਤ ਹੀ ਗੈਰ-ਸਿਧਾਂਤਕ ਜਾਪਦੀ ਹੈ। ਇਸ ਲਈ ਇਸ ਵਿੱਚ ਸੋਧ ਕਰਕੇ ਹੇਠ ਲਿਖੇ ਅਨੁਸਾਰ ਕੀਤੀ ਜਾ ਸਕਦੀ ਹੈ।
“ਉਪਰੰਤ ਪੰਜ ਪਿਆਰੇ ‘ਪਾਹੁਲਧਾਰੀਆਂ’ ਕੋਲੋਂ ਗੁਰਬਾਣੀ ਗਿਆਨ ਅਨੁਸਾਰ ਜੀਵਨ ਬਣਾਉਣ ਦਾ ਪ੍ਰਣ ਲੈਣ”
(ਙ) ‘ਅੰਮ੍ਰਿਤ ਸੰਸਕਾਰ’ ਸਿਰਲੇਖ ਹੇਠ ਹੀ ਭਾਗ (ਟ) ਵਿੱਚ ਦਰਜ ਹੈ:
“ਤੁਹਾਡਾ ਧਾਰਮਿਕ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਧਾਰਮਿਕ ਮਾਤਾ ਸਾਹਿਬ ਕੌਰ ਜੀ ਹਨ”
ਵਿਚਾਰ: ਬਚਿੱਤਰ ਨਾਟਕ (ਸਾਜਸ਼ੀ ਨਾਂ ਦਸਮ ਗ੍ਰੰਥ) ਵਾਂਗੂੰ ਇਸ ਮੱਦ ਦਾ ਵੀ ਇੱਕ ਵੱਡਾ ਕਾਰਨ ਦਸਮੇਸ਼ ਪਾਤਸ਼ਾਹ ਜੀ ਨੂੰ ਨਾਨਕ ਵਿਚਰਧਾਰਕ ਜੋਤ ਤੋਂ ਅਲੱਗ ਜੋਤ ਵਿਖਾਉਣਾ ਜਾਂ ਪ੍ਰਚਾਰਨਾ ਹੀ ਲਗਦਾ ਹੈ। ਸੱਭ ਦੇ ਦੁਨੀਆਵੀ ਮਾਤਾ-ਪਿਤਾ ਹੁੰਦੇ ਹਨ, ਜਿਸ ਦੀ ਅਸੀਂ ‘ਬਿੰਦੀ’ ਸੰਤਾਨ ਹੁੰਦੇ ਹਾਂ। ਆਤਮਿਕ ਮਾਤਾ-ਪਿਤਾ ਬਾਰੇ ਗੁਰਬਾਣੀ ‘ਪ੍ਰਮਾਤਮਾ’ ਨੂੰ ਸੰਬੋਧਨ ਕਰਦੇ ਹੋਏ ਸਮਝਾਉਂਦੀ ਹੈ:
“ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ”
ਵੈਸੇ ਵੀ ਸਿੱਖ ਧਰਮ ਦੀ ਸ਼ੁਰੂਆਤ ਨਾਨਕ ਪਾਤਸ਼ਾਹ ਜੀ ਤੋਂ ਹੋਈ ਸੀ। ਜੇ ਉਸ ਨਜ਼ਰੀਏ ਤੋਂ ਵੀ ਵੇਖੀਏ ਤਾਂ ਸਾਡੇ ਧਾਰਮਿਕ ਪਿਤਾ ‘ਨਾਨਕ ਪਾਤਸ਼ਾਹ ਜੀ’ ਅਤੇ ਧਾਰਮਿਕ ਮਾਤਾ ‘ਮਾਤਾ ਤ੍ਰਿਪਤਾ ਜੀ’ ਹੀ ਹੋ ਸਕਦੇ ਹਨ।
ਦਸਮੇਸ਼ ਪਾਤਸ਼ਾਹ ਜੀ ਅਤੇ ਸਾਹਿਬ ਕੌਰ ਜੀ ਨੂੰ ਧਾਰਮਿਕ ਮਾਤਾ-ਪਿਤਾ ਪ੍ਰਚਾਰਨਾ ਕਿਸੇ ਤਰ੍ਹਾਂ ਵੀ ਸਿਧਾਤਕ ਅਤੇ ਦਲੀਲ ਯੁਕਤ ਨਹੀਂ ਜਾਪਦਾ। ਬਲਕਿ ਇੱਕ ਤਰੀਕੇ ਨਾਲ ਦਸਮੇਸ਼ ਜੀ ਨੂੰ ਨਾਨਕ (ਵਿਚਾਰਧਾਰਕ) ਜੋਤ ਤੋਂ ਅਲੱਗ ਸਮਝਣ ਵਾਲਾ ਇੱਕ ਕੌਝਾ ਯਤਨ ਹੈ। ਸੋ ਇਸ ਮੱਦ ਵਿੱਚ ਦਲੀਲ ਯੁਕਤ ਸਿਧਾਂਤਕ ਸੋਧ ਕੀਤੀ ਜਾਣੀ ਚਾਹੀਦੀ ਹੈ।
ਇਸ ਤੋਂ ਅੱਗੇ ਇਸੇ ਮੱਦ ਵਿੱਚ ‘ਨਿਤਨੇਮ ਦੀਆਂ ਬਾਣੀਆਂ’ ਦਾ ਜ਼ਿਕਰ ਹੈ, ਜਿਸ ਬਾਰੇ ਅਸੀਂ ਪਹਿਲਾਂ ਹੀ ਵਿਚਾਰ ਚੁੱਕੇ ਹਾਂ।
(ਚ) ‘ਅੰਮ੍ਰਿਤ ਸੰਸਕਾਰ’ ਦੇ ਸਿਰਲੇਖ ਹੇਠ ਹੀ ਭਾਗ (ਟ) ਵਿੱਚ ਹੀ ਦਰਜ ਕੀਤੀਆਂ `ਚਾਰ ਕੁਰਹਿਤਾਂ’ ਹਨ। ਉਨ੍ਹਾਂ ਦੀ ਵੀ ਕੁੱਝ ਵਿਚਾਰ ਕਰਨੀ ਲਾਹੇਵੰਦ ਰਹੇਗੀ।
(1) ਪਹਿਲੀ ਬਜਰ ਕੁਰਹਿਤ ਹੈ—ਕੇਸਾਂ ਦੀ ਬੇਅਦਬੀ।
ਇੱਥੇ ਕੇਸਾਂ ਦੀ ਬੇਅਦਬੀ ਦਾ ਭਾਵ ਜ਼ਰੂਰ ਸਪਸ਼ਟ ਹੋਣਾ ਚਾਹੀਦਾ ਹੈ। ਦੂਜੀ ਤਰਫ ਜੇ ਬੀਮਾਰੀ ਕਾਰਨ (ਓਪਰੇਸ਼ਨ ਆਦਿ) ਵੇਲੇ ਕੇਸ ਕਟਾਉਣੇ ਜ਼ਰੂਰੀ ਹੋ ਜਾਣ ਤਾਂ ਉਸ ਹਾਲਤ ਵਿੱਚ ਕੀ ਹਿਦਾਇਤ ਹੈ। ਇਹ ਵੀ ਸਪਸ਼ਟ ਕਰਨਾ ਬਹੁਤ ਜ਼ਰੂਰੀ ਹੈ।
(2) ਦੂਜੀ ਬਜਰ ਕੁਰਹਿਤ ਹੈ—ਕੁੱਠਾ ਖਾਣਾ।
ਇਸ ਦੀ ਵਿਆਖਿਆ ਵਿੱਚ ਲਿਖਿਆ ਹੈ ਕਿ ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਮਾਸ (ਹਲਾਲ) ਜੋ ਕਲਮਾਂ ਆਦਿ ਪੜ੍ਹ ਕੇ ਕੀਤਾ ਜਾਂਦਾ ਹੈ। ਮੁਗਲਾਂ ਦੇ ਸਮੇਂ ਸਾਰਿਆਂ ਨੂੰ ਜ਼ਬਰਦਸਤੀ ਸਿਰਫ ਕੁੱਠਾ (ਹਲਾਲ ਮਾਸ) ਖਾਣ ਲਈ ਮਜਬੂਰ ਕੀਤਾ ਜਾਂਦਾ ਸੀ ਤਾਂ ਕਿ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਸਕੇ। ਕੁੱਠੇ ਮਾਸ ਨੂੰ ਵਰਜਿਤ ਕਰਕੇ ਦਸਮੇਸ਼ ਜੀ ਨੇ ਇਹ ਸੁਨੇਹਾ ਦਿੱਤਾ ਸੀ ਕਿ ਅਸੀਂ ਆਜ਼ਾਦ ਹਾਂ, ਕਿਸੇ ਦੇ ਗੁਲਾਮ ਨਹੀਂ। ਪਰ ਅੱਜ ਦੇ ਜ਼ਮਾਨੇ ਵਿੱਚ ਵੈਸੇ ਵੀ ਕੋਈ ਜ਼ਬਰਦਸਤੀ ਵਾਲੇ ਹਾਲਾਤ ਨਹੀਂ ਹਨ। ਦੂਜੇ ਪਾਸੇ ਬ੍ਰਾਹਮਣੀ ਮੱਤ ਵਿੱਚ ਵੀ ਜਾਨਵਰਾਂ ਨੂੰ ਧਰਮ ਦੇ ਨਾਂ ਉੱਤੇ (ਬਲੀ) ਮਾਰਿਆ ਜਾਂਦਾ ਹੈ। ਇਸੇ ਤਰਜ਼ ਉੱਤੇ ਕੁੱਝ ਮਨਮਤੀ ਸਿੱਖ ਵੀ ਇੱਕ ਦੋ ਥਾਂਵਾਂ `ਤੇ ਇਹੋ ਜਿਹੀਆਂ ਮਨਮਤਾਂ ਕਰ ਰਹੇ ਹਨ ਜਿਵੇਂ ਹਜ਼ੂਰ ਸਾਹਿਬ ਵਿਖੇ ਆਦਿ। ਸੋ ਸਮੇਂ ਦੀ ਲੋੜ ਅਨੁਸਾਰ ਕੁੱਠੇ ਦੀ ਪਰਿਭਾਸ਼ਾ ਦਾ ਥੋੜਾ ਹੋਰ ਵਿਸਤਾਰ ਕੀਤਾ ਜਾਣਾ ਚਾਹੀਦਾ ਹੈ। ਜੋ ਕਿ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ:
“ਕੁੱਠਾ ਮਾਸ ਤੋਂ ਭਾਵ ਉਸ ਮਾਸ ਤੋਂ ਹੈ ਜੋ ਜੀਵ ਨੂੰ ਧਰਮ ਦੇ ਨਾਂ ਉੱਤੇ ਜਾਂ ਧਾਰਮਿਕ ਰਸਮਾਂ ਨਾਲ ਮਾਰ ਕੇ ਤਿਆਰ ਕੀਤਾ ਜਾਂਦਾ ਹੈ”
ਇਸ ਵਿੱਚ ਬ੍ਰਾਹਮਣੀ ਮੱਤ ਦੀ ਬਲੀ ਆਦਿ ਵੀ ਆ ਜਾਂਦੇ ਹਨ।
(3) ਤੀਜੀ ਬਜਰ ਕੁਰਹਿਤ ਹੈ—ਪਰ-ਇਸਤ੍ਰੀ ਜਾਂ ਪਰ-ਪੁਰਸ਼ ਦਾ ਗਮਨ (ਭੋਗਣਾ)।
ਇਹ ਤੀਜੀ ਕੁਰਹਿਤ ਵਾਲੀ ਮੱਦ ਸਪਸ਼ਟ ਸੇਧ ਦਿੰਦੀ ਹੈ।
(4) ਚੌਥੀ ਬਜਰ ਕੁਰਹਿਤ ਹੈ—ਤਮਾੰਕੂ ਦਾ ਵਰਤਣਾ।
ਇਸ ਬਜਰ ਕੁਰਹਿਤ ਦਾ ਵੀ ਦਾਇਰਾ ਵਧਾ ਕੇ ਕੁੱਝ ਇਸ ਤਰ੍ਹਾਂ ਲਿਖਣਾ ਚਾਹੀਦਾ ਹੈ:
“ਤੰਮਾਕੂ ਸਮੇਤ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਹੀਂ ਕਰਨਾ”
ਨਹੀਂ ਤਾਂ ਅੱਜ ਕੁੱਝ ਮਨਮਤੀ ਸੰਪਰਦਾਵਾਂ ਇੱਕ ਨਸ਼ੇ ‘ਭੰਗ ਅਤੇ ਸੁੱਖਾ’ ਨੂੰ ਸਿੱਖ ਧਰਮ ਦਾ ਹਿੱਸਾ ਦੱਸ ਰਹੇ ਹਨ।
(ਛ) ‘ਅੰਮ੍ਰਿਤ ਸੰਸਕਾਰ’ ਸਿਰਲੇਖ ਹੇਠ ਹੀ ਭਾਗ (ਢ) ਵਿੱਚ ਦਰਜ ਹੈ:
“ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ, ਉਨ੍ਹਾਂ ਵਿਚੋਂ ਜੇ ਕਿਸੇ ਦਾ ਨਾਮ ਅੱਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਹੀਂ ਰੱਖਿਆ ਹੋਇਆ ਤਾਂ ਉਸ ਦਾ ਨਾਮ ਹੁਣ ਬਦਲ ਕੇ ਰੱਖਿਆ ਜਾਵੇ”
ਵਿਚਾਰ: ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੇ ਪਹਿਲੇ ਅੱਖਰ ਤੋਂ ਨਾਮ ਰੱਖਣ ਦੀ ਰਸਮ ਬਾਰੇ ਪਹਿਲਾਂ ਵਿਚਾਰ ਚੁੱਕੇ ਹਾਂ, ਉਹੀ ਸਿਧਾਂਤ ਇੱਥੇ ਵੀ ਲਾਗੂ ਹੋਣਾ ਚਾਹੀਦਾ ਹੈ। ਭਾਵ ਨਾਮ ਪਿੱਛੇ ‘ਸਿੰਘ ਜਾਂ ਕੌਰ’ ਹੋਣਾ ਹੀ ਜ਼ਰੂਰੀ ਹੈ। ਬਾਕੀ ਨਾਮ ਬਦਲਣ ਦੀ ਲੋੜ ਨਹੀਂ। ਇਸ ਨਾਲ ਕਾਨੂੰਨੀ ਕਠਿਨਾਈਆਂ ਵੀ ਖੜੀਆਂ ਹੋ ਸਕਦੀਆਂ ਹਨ।
ਹਾਂ, ਇਹ ਜ਼ਰੂਰ ਪ੍ਰਣ ਲਿਆ ਜਾਵੇ ਕਿ ਕੋਈ ਵੀ ਨਾਮ ਪਿੱਛੇ ਜਾਤ, ਬਿਰਾਦਰੀ, ਗੋਤ ਆਦਿਕ ਸੂਚਕ ਸ਼ਬਦ ਨਹੀਂ ਲਗਾਏਗਾ।
(20) (ੳ) ‘ਤਨਖਾਹ ਲਾਉਣ ਦੀ ਵਿਧੀ’ ਸਿਰਲੇਖ ਹੇਠ ਭਾਗ (ੳ) ਅਤੇ (ਅ) ਵਿੱਚ ‘ਗੁਰ ਸੰਗਤ’ ਲਫਜ਼ ਵਰਤੇ ਗਏ ਹਨ।
ਵਿਚਾਰ: ‘ਗੁਰੂ ਪੰਥ’ ਲਫਜ਼ ਦੀ ਵਿਚਾਰ ਵਿੱਚ ਅਸੀਂ ਸਿਧਾਂਤ ਸਮਝਿਆ ਸੀ ਕਿ ਗੁਰੂ ਸਿਰਫ ਇੱਕ ਹੀ ਹੈ, ਉਹ ਹੈ ‘ਸੱਚ ਦਾ ਗਿਆਨ’ (ਗੁਰੂ ਗ੍ਰੰਥ ਸਾਹਿਬ ਜੀ)। ਪਰ ਇੱਥੇ ਇੱਕ ਹੋਰ ਗੁਰੂ ਦੇ ਦਰਸ਼ਨ ‘ਗੁਰ ਸੰਗਤ’ ਦੇ ਰੂਪ ਵਿੱਚ ਹੋ ਰਹੇ ਹਨ। ਜ਼ਿਆਦਾ ਪ੍ਰਚਾਰਕ ਵੀ ਇਹੀ ਦੁਹਰਾਈ ਜਾ ਰਹੇ ਹਨ ਕਿ ‘ਗੁਰੂ ਰੂਪ ਸੰਗਤ ਜੀ’। ਇਹ ਸਿਧਾਂਤਕ ਤੌਰ `ਤੇ ਠੀਕ ਨਹੀਂ ਹੈ। ਐਸੀ ਸੰਗਤ (ਜਿਸ ਸੰਗਤ ਨੂੰ ਕੁੱਝ ਦੇਰ ਪਹਿਲਾਂ ਪ੍ਰਚਾਰਕ ‘ਗੁਰੂ’ ਹੋਣ ਦਾ ਦਰਜਾ ਦੇ ਰਹੇ ਸਨ) ਆਪਸ ਵਿੱਚ ਇੱਕ ਦੂਜੇ ਦੀਆਂ ਦਸਤਾਰਾਂ ਲਾਹੁੰਦੇ, ਗਾਲੀ ਗਲੌਚ ਕਰਦੇ, ਕ੍ਰਿਪਾਨਾ ਧੂੰਹਦੇ ਅਸੀਂ ਆਮ ਵੇਖ ਸਕਦੇ ਹਾਂ। ਅਸੀਂ ਸਾਰੇ ਭੁੱਲਣਹਾਰ ਹਾਂ (ਸਮੇਤ ਸੰਗਤ ਦੇ)। ਇਸ ਕਰਕੇ ‘ਗੁਰੂ’ ਨਹੀਂ ਹੋ ਸਕਦੇ। ਇਹ ਸਿਰਫ ਆਪਣੀ ਹਉਮੈ ਨੂੰ ਹੀ ਵਧਾਉਣ ਵਾਲੀ ਗੱਲ ਹੈ।
ਇੱਥੇ ਸਪਸ਼ਟ ‘ਗੁਰੂ ਦੀ ਸੰਗਤ’ ਜਾਂ ਸਿਰਫ ‘ਸੰਗਤ’ ਲਫਜ਼ ਹੀ ਵਰਤਣੇ ਯੋਗ ਹੋ ਸਕਦੇ ਹਨ।
ਸੋ ਇੱਥੇ ਸੋਧ ਕਰਨੀ ਜ਼ਰੂਰੀ ਹੈ। ਪਰ ਅਸੀਂ ਤਾਂ ਦਸਮੇਸ਼ ਪਾਤਸ਼ਾਹ ਜੀ ਨੂੰ ਆਪਣਾ ਚੇਲਾ (ਆਪੇ ਗੁਰ ਚੇਲਾ) ਦਰਸਾਉਣ ਲਈ ਤੱਤਪਰ ਰਹਿੰਦੇ ਹਾਂ। ਪ੍ਰਮਾਤਮਾ ਸੱਭ ਨੂੰ ਸੁਮੱਤ ਬਖਸ਼ੇ।
(21) (ੳ) ‘ਗੁਰਮਤਾ ਕਰਨ ਦੀ ਵਿਧੀ’ ਸਿਰਲੇਖ ਹੇਠ ਭਾਗ (ਅ) ਵਿੱਚ ‘ਗੁਰੂ ਪੰਥ’ ਲਫਜ਼ ਵਰਤਿਆ ਗਿਆ ਹੈ। ਪਹਿਲਾਂ ਕੀਤੀ ਵਿਚਾਰ ਅਨੁਸਾਰ ਇਸ ਵਿੱਚ ਵੀ ਸੋਧ ਹੋਣੀ ਚਾਹੀਦੀ ਹੈ।
ਇੰਨਾਂ ਵਿਸਥਾਰ ਸਹਿਤ ਵਿਚਾਰ ਕਰਨ ਉਪਰੰਤ ਸੱਚ ਨੂੰ ਸਮਝਣ ਦੀ ਚਾਹ ਰੱਖਣ ਵਾਲੇ (ਗੁਰੂ ਦੇ) ਸਿੱਖਾਂ ਨੂੰ ਸਪਸ਼ਟ ਹੋ ਗਿਆ ਹੋਵੇਗਾ ਕਿ ‘ਪੰਥ’ ਪ੍ਰਵਾਣਿਤ (ਮੋਜੂਦਾ) ਸਿੱਖ ਰਹਿਤ ਮਰਿਆਦਾ ਵਿੱਚ ਕਈਂ ਸਿਧਾਂਤਕ ਕਮਜ਼ੋਰੀਆਂ ਹਨ। ਘੱਟੋ-ਘੱਟ 70 ਨੁਕਤੇ (ਕਮੀਆਂ) ਤਾਂ ਅਸੀਂ ਗੁਰਮਤਿ ਅਨੁਸਾਰ ਦਲੀਲਾਂ ਨਾਲ ਵਿਚਾਰ ਚੁੱਕੇ ਹਾਂ। ਜੇ ਅਸੀਂ ਆਪਣੇ ਆਪ ਨੂੰ ਨਿਰੋਲ ਨਾਨਕਵਾਦ (ਬ੍ਰਾਹਮਣਵਾਦ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਮੁਕਤਿ) ਦਾ ਸਿੱਖ ਮੰਨਦੇ ਹਾਂ ਤਾਂ ਸਾਨੂੰ ਆਪਣੀ ਰਹਿਤ ਮਰਿਆਦਾ ਵਿੱਚ ਰਹਿ ਚੁੱਕੀਆਂ ਗਲਤੀਆਂ ਨੂੰ ਸੁਧਾਰਨ ਵਿੱਚ ਤੱਤਪਰ ਹੋ ਜਾਣਾ ਚਾਹੀਦਾ ਹੈ। ਗਲਤੀ ਹੋਣਾ ਕੋਈ ਵੱਡੀ ਗੱਲ ਨਹੀਂ ਹੈ, ਉਸ ਨੂੰ ‘ਸਹੀ’ ਨਾ ਕਰਨ ਉੱਤੇ ਅੜੇ ਰਹਿਣਾ ਕੋਈ ਸਿਆਣਪ ਵਾਲੀ ਗੱਲ ਨਹੀਂ। ਜੇ ਅਸੀਂ ਸਿੱਖ ਧਰਮ ਨੂੰ ਪੂਰੀ ਮਾਨਵਤਾ ਦੇ ਭਲੇ ਲਈ ਪ੍ਰਚਾਰਨਾ ਚਾਹੁੰਦੇ ਹਾਂ ਤਾਂ ਸਾਡੀ ਵਿਚਾਰਧਾਰਾ ਪੂਰੀ ਤਰ੍ਹਾਂ ‘ਨਿਰੋਲ ਨਾਨਕਵਾਦ’ `ਤੇ ਆਧਾਰਿਤ ਹੋਣੀ ਚਾਹੀਦੀ ਹੈ। ਕਿਉਂਕਿ ਇਹੀ ਵਿਚਾਰਧਾਰਾ ਹੀ ‘ਸੱਚ ਦਾ ਗਿਆਨ’ ਹੈ। ਇਸ ਲਈ ਮਾਨਵਤਾ ਅਤੇ ਕੌਮ ਦਾ ਭਲਾ ਚਾਹੁਣ ਵਾਲੇ (ਨਾਨਕਵਾਦ ਦੇ ਆਸ਼ਿਕਾਂ) ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਓ ਅਸੀਂ ‘ਸਿੱਖ ਜੀਵਨ ਜਾਚ’ (ਪ੍ਰਚਲਿਤ ਨਾਮ ‘ਸਿੱਖ ਰਹਿਤ ਮਰਿਆਦਾ’ ) ਨੂੰ ਨਿਰੋਲ ‘ਗੁਰੂ ਗ੍ਰੰਥ ਸਾਹਿਬ ਜੀ’ `ਤੇ ਆਧਾਰਿਤ ਬਣਾਉਣ ਲਈ ਉਪਰਾਲੇ ਕਰੀਏ। ਸੱਭ ਤੋਂ ਪਹਿਲਾਂ ਇਸ ਦਾ ਨਾਮ ਬਦਲ ਕੇ ‘ਸਿੱਖ ਰਹਿਤ ਮਰਿਆਦਾ’ ਤੋਂ ‘ਸਿੱਖ ਜੀਵਨ ਜਾਚ’ ਕਰ ਸਕੀਏ। ਕਿਉਂਕਿ ‘ਮਰਿਆਦਾ’ ਲਫਜ਼ ਵਿਚੋਂ ਬ੍ਰਾਹਮਣਵਾਦ, ਪੂਜਾਰੀਵਾਦ (ਗੁਰਮਤਿ ਵਿਰੋਧੀ ਵਿਚਾਰਧਾਰਾਵਾਂ) ਦਾ ਪ੍ਰਭਾਵ ਪੈਂਦਾ ਹੈ। ਇਸੇ ਤਰ੍ਹਾਂ ‘ਸੰਸਕਾਰ’ ਲਫਜ਼ ਵੀ ਬਦਲ ਕੇ ਕੁੱਝ ਹੋਰ ਲਫਜ਼ ਵਰਤਿਆ ਜਾ ਸਕਦਾ ਹੈ। ‘ਸੰਸਕਾਰ’ ਲਫਜ਼ ਕਾਰਨ ਹੀ ਕਈਂ ਸਿੱਖ ਵਿਦਵਾਨ ਇਨ੍ਹਾਂ ਸੰਸਕਾਰਾਂ ਦੀ ਤੁਲਨਾ ਬ੍ਰਾਹਮਣੀ ਸੰਸਕਾਰਾਂ ਨਾਲ ਹੀ ਕਰੀ ਜਾ ਰਹੇ ਹਨ।
ਮੌਜੂਦਾ ਸਿੱਖ ਰਹਿਤ ਮਰਿਆਦਾ ਦੀ ਪੜ੍ਹਚੋਲ ਦੌਰਾਨ ਇੱਕ ਹੈਰਾਨੀਜਨਕ ਗੱਲ ਜੋ ਸਾਹਮਣੇ ਆਈ ਹੈ ਉਹ ਦੱਸਣੀ ਗੈਰ-ਵਾਜਿਬ ਨਹੀਂ ਹੋਵੇਗੀ। ਸਿੱਖ ਰਹਿਤ ਮਰਿਆਦਾ ਵਿੱਚ ਪੂਰੇ ਵਿਸਥਾਰ ਨਾਲ ਦਰਜ ਹੈ ਕਿ ਗੁਰਦੁਆਰੇ ਵਿੱਚ ਕੀ ਹੋਣਾ ਚਾਹੀਦਾ ਹੈ ਅਤੇ ਕੀ ਨਹੀਂ ਹੋਣਾ ਚਾਹੀਦਾ। ਵਾਰ-ਵਾਰ ਇਹ ਵੀ ਦੁਹਰਾਇਆ ਗਿਆ ਹੈ ਕਿ ਸਿੱਖ ਦੇ ਜੀਵਨ ਦਾ ਮੁੱਖ ਆਧਾਰ ਗੁਰਬਾਣੀ ਦਾ ਪਾਠ ਅਤੇ ਅਰਦਾਸ ਹੈ।
ਪਰ ਗੁਰਬਾਣੀ ਸੰਦੇਸ਼ ‘ਸਭਸੈ ਊਪਰਿ ਗੁਰ ਸਬਦਿ ਬੀਚਾਰੁ’ ਵਾਂਗ ਕਿਧਰੇ ਵੀ ਇਹ ਨਹੀਂ ਲਿਖਿਆ ਮਿਲਦਾ ਕਿ ਸਿੱਖ ਲਈ ਸੱਭ ਤੋਂ ਜ਼ਰੂਰੀ ਗੁਰਬਾਣੀ (ਗੁਰੂ ਗ੍ਰੰਥ ਸਾਹਿਬ ਜੀ) ਨੂੰ ਸਮਝ ਵਿਚਾਰ ਕੇ ਉਸ ਅਨੁਸਾਰ ਜੀਵਨ ਬਣਾਉਣਾ ਹੈ। ਇਹੀ ਗੱਲ ਸੱਭ ਤੋਂ ਜ਼ਰੂਰੀ ਹੋਣੀ ਚਾਹੀਦੀ ਸੀ। ਵੈਸੇ ਤਾਂ ਇਸ ਸਮੇਂ ਸਿੱਖ ਸਮਾਜ ਵਿੱਚ ਗੁਰਬਾਣੀ ਦੇ ਜਿੰਨੇਂ ਨਿਤਨੇਮ, ਪਾਠ ਅਤੇ ਅਰਦਾਸੇ ਹੋ ਰਹੇ ਹਨ ਉਨ੍ਹੇਂ ਸ਼ਾਇਦ ਪਹਿਲਾਂ ਕਦੀ ਵੀ ਨਾ ਹੋਏ ਹੋਣ। ਪਰ ਸਿਧਾਂਤਕ ਪਕੜ/ਦ੍ਰਿੜਤਾ ਸਿੱਖ ਸਮਾਜ ਵਿਚੋਂ ਖਤਮ ਹੁੰਦੀ ਜਾ ਰਹੀ ਹੈ। ਕਾਰਨ ਕਿ 99% (ਜ਼ਿਆਦਾਤਰ) ਨਿਤਨੇਮ, ਪਾਠ, ਅਰਦਾਸੇ ਆਦਿ ਤੋਤਾ ਰਟਨੀ ਵਾਂਗ ਕਰਮਕਾਂਡੀ ਤੌਰ `ਤੇ ਹੀ ਹੋ ਰਹੇ ਹਨ। ਜਿਸ ਵਿਚੋਂ ਵਿਚਾਰ ਦਾ ਤਾਂ ਅੰਸ਼ ਹੀ ਗ਼ਾਇਬ ਹੋ ਚੁੱਕਾ ਹੈ।
ਇਸ ਕਰਕੇ ਲੋੜ ਹੈ ਕਿ ਅਸੀਂ ਆਪਣੇ ਨਿਜੀ ਸਵਾਰਥ, ਨਿਜੀ ਵਿਚਾਰ ਤਿਆਗ ਕੇ ਨਿਰੋਲ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਆਧਾਰ `ਤੇ ‘ਸਿੱਖ ਜਵਿਨ ਜਾਚ’ ਮੌਜੂਦਾ (ਸਿੱਖ ਰਹਿਤ ਮਰਿਆਦਾ ਨੂੰ ਸੋਧ ਕੇ) ਬਣਾਉਣ ਦੇ ਲਈ ਉਪਰਾਲੇ ਅਤੇ ਉਦੱਮ ਕਰੀਏ। ਸੱਚ ਦਾ ਹੋਕਾ ਦੇਣ ਵਾਲਿਆਂ (ਤੱਤ ਗੁਰਮਤਿ ਵਾਲੇ) ਨੂੰ ਨਾਸਤਿਕ, ਅਸ਼ਰਧਕ, ਪੰਥ ਤੋਂ ਬਾਗ਼ੀ, ਪ੍ਰਭੂ ਪ੍ਰੀਤ ਤੋਂ ਸੱਖਣੇ ਆਦਿ ਫਤਵੇ ਬਖਸ਼ ਕੇ ਕੌਮੀ ਨੁਕਸਾਨ ਤੋਂ ਬਿਨਾਂ ਕੁੱਝ ਨਹੀਂ ਹੋਣਾ।
ਜੇ ਅਸੀਂ ਨਾਨਕ ਵਿਚਾਰਧਾਰਾ ਨਾਲ ਜੁੜ ਗਏ ਤਾਂ ਕਹਿ ਸਕਾਂਗੇ ਕਿ ਸਾਡੇ ਜੀਵਨ ਦਾ ਆਧਾਰ ‘ਗੁਰੂ ਗ੍ਰੰਥ ਸਾਹਿਬ ਜੀ’ ਹਨ ਨਾ ਕਿ ਅਕਾਲ ਤਖ਼ਤ ਉੱਤੇ ਕਾਬਿਜ਼ ਪੁਜਾਰੀਆਂ ਦਾ ਉਹ ਨਿੱਜਨਾਮਾ, ਕੂੜਨਾਮਾ, (ਕਹਿਲਾਉਂਦਾ ਹੁਕਮਨਾਮਾ) ਵੀ (ਅਕਲ, ਗਿਆਨ ਦੀਆਂ) ਅੱਖਾਂ ਬੰਦ ਕਰਕੇ ਮੰਨਦੇ ਰਹਾਂਗੇ ਜੋ ਸਿਰਫ ਕੂੜ ਦਾ ਹੀ ਫਤਵਾ ਦਿੰਦਾ ਹੈ ਕਿ:
‘ਬੇਨਤੀ ਚੌਪਈ ਅਤੇ ਪ੍ਰਚਲਿਤ ਅਰਦਾਸ ਦਾ ਭਗੌਤੀ ਵਾਲਾ ਬੰਦ ਸਿੱਖ ਜੀਵਨ ਦੇ ਆਧਾਰ (ਥੰਮ) ਹਨ’
ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਸੁਮੱਤ ਬਖਸ਼ੇ ਕਿ ਅਸੀਂ ਨਿਰੋਲ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਵਿਚਾਰਧਾਰਾ ਨਾਲ ਜੁੜ ਸਕੀਏ, ਨਹੀਂ ਤਾਂ ਕਬੀਰ ਸਾਹਿਬ ਜੀ ਦਾ ਇਹ ਗੁਰਵਾਕ ਸਾਡੇ `ਤੇ ਪੂਰੀ ਤਰ੍ਹਾਂ ਲਾਗੂ ਹੁੰਦਾ ਹੈ।
ਸਤਿਗੁਰ ਸਾਚਾ ਕਿਆ ਕਰੇ ਜੋ ਸਿਖਾ ਮੈ ਚੂਕ॥
ਅੰਧੇ ਏਕ ਨਾ ਲਗਈ ਬਾਸ ਬਜਾਈਐ ਫੂਕ॥
ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
ਈ-ਮੇਲ:
[email protected]




.