. |
|
ਸੁਚਿ ਹੋਵੈ ਤਾ ਸਚੁ ਪਾਈਐ
Akal Purkh can be realised only with internal purity
ਕੀ ਸਿੱਖ ਧਰਮ ਵਿੱਚ ਸੁੱਚ - ਭਿੱਟ ਪ੍ਰਵਾਨ ਹੈ?
ਆਮ ਤੌਰ ਤੇ ਵੇਖਣ ਵਿੱਚ
ਆਂਉਂਦਾ ਹੈ ਕਿ ਕਈ ਗੁਰਦੁਆਰਾ ਸਾਹਿਬ ਵਿੱਚ ਕੁੱਝ ਲੋਕ ਸੁੱਚ - ਭਿੱਟ ਦਾ ਬਹੁਤ ਧਿਆਨ ਰੱਖਦੇ ਹਨ
ਤੇ ਕਈ ਵਾਰੀ ਬੱਚਿਆਂ ਨੂੰ ਸੇਵਾ ਕਰਦੇ ਸਮੇਂ ਡਾਂਟ ਵੀ ਦਿੰਦੇ ਹਨ, ਜਿਸ ਕਰਕੇ ਬੱਚੇ ਸਦੀਵੀ ਕਾਲ
ਲਈ ਗੁਰੂ ਘਰ ਜਾਂ ਸੇਵਾ ਤੋ ਦੂਰ ਹੋ ਜਾਂਦੇ ਹਨ। ਆਮ ਤੌਰ ਤੇ ਸੁਣੀਦਾ ਹੈ ਤੇ ਵੇਖਣ ਵਿੱਚ ਵੀ
ਆਂਉਂਦਾ ਹੈ ਕਿ ਦੂਸਰਿਆਂ ਧਰਮਾਂ ਵਿੱਚ ਸੁੱਚ - ਭਿੱਟ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਕੀ
ਸੁੱਚ - ਭਿੱਟ ਨੂੰ ਗੁਰੂ ਸਾਹਿਬਾਂ ਨੇ ਪ੍ਰਵਾਨ ਕੀਤਾ ਹੈ, ਆਓ ਇਸ ਸਬੰਧੀ ਗੁਰਬਾਣੀ ਦੁਆਰਾ ਕੁੱਝ
ਸੇਧ ਲੈਂਣ ਦਾ ਯਤਨ ਕਰੀਏ।
ਗੁਰੂ ਨਾਨਕ ਸਾਹਿਬ ਨੇ
ਆਸਾ ਕੀ ਵਾਰ ਵਿੱਚ ਜਿਕਰ ਕੀਤਾ ਹੈ, ਕਿ ਕਿਸੇ ਵੀ ਰਵਾਇਤ ਨੂੰ ਕਰਨ ਤੋਂ ਪਹਿਲਾਂ ਬ੍ਰਾਹਮਣ ਨਹਾ ਧੋ
ਕੇ, ਤੇ ਸੁੱਚਾ ਹੋ ਕੇ, ਸੁੱਚੇ ਚੌਕੇ ਉੱਤੇ ਆ ਬੈਠਦਾ ਹੈ, ਉਸ ਦੇ ਅੱਗੇ ਜਜਮਾਨ, ਉਹ ਭੋਜਨ ਲਿਆ
ਰੱਖਦਾ ਹੈ, ਜਿਸ ਨੂੰ ਅਜੇ ਕਿਸੇ ਹੋਰ ਨੇ ਭਿੱਟਿਆ ਨਹੀਂ, ਭਾਵ ਕਿਸੇ ਨੇ ਹੱਥ ਨਹੀਂ ਲਗਾਇਆ ਹੈ,
ਜਾਂ ਖਾਧਾ ਨਹੀਂ ਹੈ। ਬ੍ਰਾਹਮਣ ਸੁੱਚਾ ਹੋ ਕੇ, ਉਸ ਸੁੱਚੇ ਭੋਜਨ ਨੂੰ ਖਾਂਦਾ ਹੈ, ਤੇ ਖਾਣ ਤੋਂ
ਬਾਅਦ ਸਲੋਕ ਪੜ੍ਹਨ ਲੱਗ ਪੈਂਦਾ ਹੈ। ਪਰ ਕੀ ਅਸੀਂ ਵੀਚਾਰਿਆ ਹੈ, ਕਿ ਅਸੀਂ ਇਸ ਪਵਿੱਤਰ ਭੋਜਨ ਨੂੰ
ਆਪਣੇ ਢਿੱਡ ਵਿਚ, ਭਾਵ ਗੰਦੇ ਥਾਂ ਤੇ ਪਾ ਲੈਂਦੇ ਹਾਂ। ਇਹ ਸਭ ਨੂੰ ਪਤਾ ਹੀ ਹੈ, ਕਿ ਢਿੱਡ ਦੇ
ਅੰਦਰਲੇ ਭਾਗ ਨੂੰ ਸਾਫ ਕਰਨ ਦਾ ਕੋਈ ਤਰੀਕਾ ਨਹੀਂ ਹੈ, ਉਸੇ ਪੇਟ ਵਿਚੋਂ ਬਾਅਦ ਵਿੱਚ ਗੰਦਗੀ
ਨਿਕਲਦੀ ਹੈ, ਫਿਰ ਉਸ ਪਵਿੱਤਰ ਭੋਜਨ ਨੂੰ ਗੰਦੇ ਥਾਂ ਸੁੱਟਣ ਦਾ ਦੋਸ਼ ਕਿਸ ਤੇ ਆਇਆ? ਬ੍ਰਾਹਮਣਾਂ
ਅਨੁਸਾਰ ਅੰਨ, ਪਾਣੀ, ਅੱਗ ਤੇ ਲੂਣ, ਇਹ ਚਾਰੇ ਹੀ ਦੇਵਤੇ ਹਨ, ਭਾਵ, ਪਵਿੱਤਰ ਪਦਾਰਥ ਹਨ, ਪੰਜਵਾਂ
ਘਿਉ ਜੋ ਖਾਂਣਾਂ ਤਿਆਰ ਲਈ ਇਨ੍ਹਾਂ ਚੌਹਾਂ ਵਿੱਚ ਪਾਇਆ ਜਾਂਦਾ ਹੈ, ਉਹ ਵੀ ਪਵਿੱਤਰ ਹੈ। ਇਨ੍ਹਾਂ
ਪੰਜਾਂ ਨੂੰ ਰਲਾ ਕੇ ਬੜਾ ਪਵਿੱਤਰ ਭੋਜਨ ਤਿਆਰ ਹੁੰਦਾ ਹੈ। ਪਰ ਦੇਵਤਿਆਂ ਦੇ ਇਸ ਸਰੀਰ ਭਾਵ, ਇਸ
ਪਵਿੱਤਰ ਭੋਜਨ ਦੀ ਪਾਪੀ ਮਨੁੱਖ ਨਾਲ ਸੰਗਤ ਹੁੰਦੀ ਹੈ, ਜਿਸ ਕਰਕੇ ਗੰਦਗੀ ਨਿਕਲਦੀ ਹੈ ਤੇ ਉਸ
ਗੰਦਗੀ ਉੱਤੇ ਥੁੱਕਾਂ ਪੈਂਦੀਆਂ ਹਨ। ਇਸੇ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ, ਕਿ ਜਿਸ ਮੂੰਹ ਨਾਲ
ਮਨੁੱਖ ਇਹ ਸਵਾਦੀ ਭੋਜਨ ਤਾਂ ਖਾਂਦੇ ਹਨ, ਪਰ ਅਕਾਲ ਪੁਰਖ ਦਾ ਨਾਮੁ ਨਹੀਂ ਉਚਾਰਦੇ। ਵਿਕਾਰੀ ਜੀਵਨ
ਤਾਂ ਬਤੀਤ ਕਰਦੇ ਹਨ, ਪਰ ਅਕਾਲ ਪੁਰਖੁ ਨੂੰ ਆਪਣੇ ਚਿਤ ਵਿੱਚ ਨਹੀਂ ਵਸਾਉਂਦੇ, ਅਜੇਹੇ ਮਨੁੱਖ ਦੇ
ਮੂੰਹ ਉਤੇ ਵੀ ਫਿਟਕਾਰਾਂ ਪੈਂਦੀਆਂ ਹਨ।
ਸਲੋਕੁ ਮਃ ੧॥ ਪਹਿਲਾ
ਸੁਚਾ ਆਪਿ ਹੋਇ ਸੁਚੈ ਬੈਠਾ ਆਇ॥ ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ॥ ਸੁਚਾ ਹੋਇ ਕੈ ਜੇਵਿਆ
ਲਗਾ ਪੜਣਿ ਸਲੋਕੁ॥ ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ॥ ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ
ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ॥ ਤਾ ਹੋਆ ਪਾਕੁ ਪਵਿਤੁ॥ ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ॥
ਜਿਤੁ ਮੁਖਿ ਨਾਮੁ ਨ ਊਚਰਹਿ
ਬਿਨੁ ਨਾਵੈ ਰਸ ਖਾਹਿ॥ ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ॥
੧॥ (੪੭੩)
ਗੁਰੂ ਨਾਨਕ ਸਾਹਿਬ ਨੇ ਇਸ
ਸਬਦ ਵਿੱਚ ਸੁੱਚਮਤਾ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਹੈ, ਬਲਕਿ ਜੀਵਨ ਦੀ ਸਚਾਈ ਨੂੰ ਸਮਝਣ ਅਤੇ
ਅਕਾਲ ਪੁਰਖੁ ਦੇ ਨਾਮੁ ਨੂੰ ਚਿਤ ਵਿੱਚ ਵਸਾਉਂਣ ਲਈ ਪ੍ਰੇਰਿਆ ਹੈ।
ਕਬੀਰ ਸਾਹਿਬ ਵੀ ਆਪਣੀ
ਬਾਣੀ ਵਿੱਚ ਇਹੀ ਸਮਝਾਉਂਦੇ ਹਨ, ਕਿ ਮਾਂ ਵੀ ਅਪਵਿੱਤਰ ਹੈ, ਪਿਉ ਵੀ ਅਪਵਿੱਤਰ ਹੈ, ਤੇ ਇਨ੍ਹਾਂ
ਤੋਂ ਜੰਮੇ ਹੋਏ ਬਾਲ-ਬੱਚੇ ਵੀ ਅਪਵਿੱਤਰ ਹਨ। ਜਗਤ ਵਿੱਚ ਜੋ ਵੀ ਜੰਮਦੇ ਹਨ, ਉਹ ਅਪਵਿੱਤਰ ਹਨ; ਜੋ
ਮਰਦੇ ਹਨ, ਉਹ ਵੀ ਅਪਵਿੱਤਰ ਹਨ; ਜਾਂ ਕਹਿ ਲਉ ਕਿ ਬਦ-ਨਸੀਬ ਜੀਵ ਅਪਵਿੱਤਰ ਹੀ ਮਰ ਜਾਂਦੇ ਹਨ।
ਮਨੁੱਖ ਦੀ ਜੀਭ ਮੈਲੀ ਹੈ, ਜੋ ਕਿ ਹੋਰ ਰਸ ਤਾਂ ਬਹੁਤ ਲੈਂਦੀ ਹੈ, ਪਰ ਨਾਮੁ ਰਸ ਨਹੀਂ ਲੈਂਦੀ, ਤੇ
ਬਚਨ ਵੀ ਅਕਸਰ ਮਾੜੇ ਹੀ ਬੋਲਦੀ ਹੈ। ਕੰਨ ਦੂਸਰਿਆਂ ਦੀ ਨਿੰਦਾ ਤੇ ਚੁਗਲੀਆਂ ਸੁਣਨ ਨਾਲ ਜੂਠੇ
ਹੁੰਦੇ ਹਨ, ਅੱਖਾਂ ਪਰਾਇਆ ਰੂਪ ਨੇ ਪਰਾਇਆ ਧਨ ਵੇਖਣ ਕਰਕੇ ਜੂਠੀਆਂ ਹਨ, ਭਾਵ ਇਹ ਸਾਰੇ ਅੰਗ
ਵਿਕਾਰੀ ਕਰਮਾਂ ਕਰਕੇ ਅਪਵਿੱਤਰ ਹਨ। ਇਨ੍ਹਾਂ ਸਭ ਤੋਂ ਵਧੀਕ, ਕਾਮ-ਚੇਸ਼ਟਾ ਐਸੀ ਹੈ, ਜਿਸ ਦੀ ਮੈਲ
ਉਤਰਦੀ ਹੀ ਨਹੀਂ। ਕਬੀਰ ਸਾਹਿਬ ਤਾਂ ਸਿਧਾ ਸਵਾਲ ਕਰਦੇ ਹਨ, ਕਿ ਬ੍ਰਾਹਮਣ-ਪੁਣੇ ਦੇ ਮਾਣ ਦੀ ਅੱਗ
ਦੇ ਸੜੇ ਹੋਏ, ਮੈਨੂੰ ਇਹ ਦੱਸ ਕਿ ਕਿਹੜੀ ਚੀਜ ਹੈ, ਜੋ ਸੁੱਚੀ ਹੋਈ? ਜਿਸ ਬਾਲਣ ਦੀ ਅੱਗ ਬਾਲਦੇ
ਹਾਂ, ਉਹ ਕਈ ਕੀੜਿਆਂ ਮਕੌੜਿਆਂ ਦੇ ਜੰਮਣ ਮਰਨ ਤੇ ਹੋਰ ਕਈ ਤਰੀਕਿਆਂ ਨਾਲ ਜੂਠਾ ਹੋ ਚੁਕਾ ਹੁੰਦਾਂ
ਹੈ, ਫਿਰ ਅੱਗ ਵੀ ਜੂਠੀ ਹੋਈ। ਪਾਣੀ ਵਿੱਚ ਕਈ ਤਰ੍ਹਾਂ ਦੇ ਜੀਵ ਜੰਮਦੇ ਮਰਦੇ ਹਨ ਤੇ ਆਪਣੀ ਵਿਸ਼ਟਾ
ਸੁਟਦੇ ਹਨ, ਇਸ ਲਈ ਪਾਣੀ ਵੀ ਜੂਠਾ ਹੈ। ਮਨੁੱਖ ਦੇ ਸਰੀਰ ਅੰਦਰ ਵੀ ਅਨੇਕਾਂ ਜੀਵ ਜੰਮਦੇ ਮਰਦੇ
ਰਹਿੰਦੇ ਹਨ, ਇਸ ਲਈ ਖਾਣਾਂ ਪਕਾਣ ਵਾਲੀ ਵੀ ਜੂਠੀ ਹੈ। ਕੜਛੀ ਜਿਸ ਨੂੰ ਖਾਣਾਂ ਤਿਆਰ ਕਰਨ ਲਈ
ਵਰਤਦੇ ਹਾਂ, ਜਿਸ ਨਾਲ ਅਸੀਂ ਭਾਜੀ ਆਦਿਕ ਵਰਤਾਉਂਦੇ ਹਾਂ, ਉਸ ਉਪਰ ਹਵਾ ਵਿੱਚ ਚਲ ਰਹੇ ਅਨੇਕਾਂ
ਜੀਵ ਬੈਠਦੇ ਰਹਿੰਦੇ ਹਨ, ਇਸ ਲਈ ਕੜਛੀ ਵੀ ਜੂਠੀ ਹੈ। ਮਨੁੱਖ ਆਪਣੇ ਵਿਕਾਰੀ ਜੀਵਨ ਕਰਕੇ ਵੀ
ਅੰਦਰੋਂ ਜੂਠਾ ਹੀ ਹੈ। ਅਸਲੀਅਤ ਇਹ ਹੈ ਕਿ ਜਿਹੜਾ ਮਨੁੱਖ ਬੈਠ ਕੇ ਇਹ ਭੋਜਨ ਖਾਂਦਾ ਹੈ, ਉਹ ਵੀ ਜੂਠਾ
ਹੈ।। ਉਹ ਗੋਹਾ ਜੋ ਲੇਪਣ ਲਈ ਵਰਤਿਆ ਜਾਂਦਾ ਹੈ, ਉਸ ਵਿੱਚ ਜਾਨਵਰਾਂ ਦੀ ਵਿਸ਼ਟਾ ਹੈ, ਤੇ ਉਸ ਵਿੱਚ
ਚਲ ਰਹੇ ਅਨੇਕਾਂ ਜੀਵਾਂ ਕਰਕੇ ਜੂਠਾ ਹੈ। ਇਸ ਲਈ ਗੋਬਰ ਨਾਲ ਤਿਆਰ ਕੀਤਾ ਚੌਕਾ ਵੀ ਜੂਠਾ ਹੋ ਜਾਂਦਾ
ਹੈ, ਉਸ ਚੌਕੇ ਦੇ ਦੁਆਲੇ ਪਾਈਆਂ ਲਕੀਰਾਂ ਵੀ
ਜੂਠੀਆਂ ਹਨ। ਕਬੀਰ ਸਾਹਿਬ ਸਪੱਸ਼ਟ ਕਹਿੰਦੇ ਹਨ ਕਿ ਹੇ ਪੰਡਿਤ !
ਦੱਸ, ਉਹ ਕਿਹੜਾ ਥਾਂ ਹੈ ਜੋ ਸੁੱਚਾ ਹੈ, ਜਿੱਥੇ ਬੈਠ ਕੇ ਮੈਂ ਰੋਟੀ ਖਾ ਸਕਾਂ ਤਾਂ ਜੁ ਪੂਰੀ ਸੁੱਚ
ਰਹਿ ਸਕੇ। ਸਿਰਫ਼ ਉਹੀ
ਮਨੁੱਖ ਸੁੱਚੇ ਹਨ, ਜਿਨ੍ਹਾਂ ਨੂੰ ਅਕਾਲ ਪੁਰਖੁ ਦੇ ਨਾਮੁ ਦੁਆਰਾ ਸੂਝ ਆ ਗਈ ਹੈ। ਹਰ ਥਾਂ ਮਾਇਆ ਦਾ
ਪ੍ਰਭਾਵ ਹੈ, ਤੇ ਮਾਇਆ
ਦੇ ਅਸਰ ਹੇਠ ਅਕਾਲ ਪੁਰਖੁ ਨੂੰ ਵਿਸਾਰ ਕੇ ਜੀਵ ਅਪਵਿੱਤਰ ਬਣੇ ਰਹਿੰਦੇ ਹਨ। ਰਵਾਇਤਾਂ ਪੂਰੀਆਂ
ਕਰਕੇ ਜਾਂ ਤ੍ਰਿਗੁਣੀ ਲਕੀਰਾਂ ਕੱਢ ਕੇ, ਚੌਕੇ ਬਣਾਇਆਂ, ਪਵਿਤ੍ਰਤਾ ਨਹੀਂ ਬਣ ਸਕਦੀ। ਸਿਰਫ਼ ਉਹੀ
ਬੰਦੇ ਸੁੱਚੇ ਹਨ, ਜਿਨ੍ਹਾਂ ਨੂੰ ਅਕਾਲ ਪੁਰਖੁ ਬਾਰੇ ਸੋਝੀ ਆ ਜਾਂਦੀ ਹੈ।
ਮਾਤਾ ਜੂਠੀ ਪਿਤਾ ਭੀ
ਜੂਠਾ ਜੂਠੇ ਹੀ ਫਲ ਲਾਗੇ॥ ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ॥ ੧॥
ਕਹੁ ਪੰਡਿਤ ਸੂਚਾ ਕਵਨੁ ਠਾਉ॥ ਜਹਾਂ
ਬੈਸਿ ਹਉ ਭੋਜਨੁ ਖਾਉ॥ ੧॥ ਰਹਾਉ॥ ਜਿਹਬਾ ਜੂਠੀ
ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ॥ ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ॥ ੨॥
ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ॥ ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ॥
੩॥ ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ॥
ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ
ਬਿਚਾਰਾ॥ ੪॥ ੧॥ ੭॥ (੧੧੯੫)
ਜੇਕਰ ਜੀਵ ਦਾ ਮਨ
ਵਿਕਾਰਾਂ ਨਾਲ ਜੂਠਾ ਹੋ ਚੁਕਾ ਹੈ, ਤਾਂ ਉਸ ਦੇ ਸਰੀਰ ਵਿੱਚ ਜੂਠ ਹੀ ਜੂਠ ਹੈ। ਸਾਰੇ ਗਿਆਨ-ਇੰਦ੍ਰੇ
ਮਨ ਕੋਲੋ ਪ੍ਰੇਰਤ ਹੋ ਕੇ ਵਿਕਾਰਾਂ ਵਲ ਹੀ ਦੌੜਦੇ ਹਨ, ਉਸ ਦੀ ਜੀਭ ਖਾਣ ਦੇ ਚਸਕਿਆਂ ਨਾਲ ਜੂਠੀ
ਹੋਈ ਰਹਿੰਦੀ ਹੈ, ਮੂੰਹ ਨਾਲ ਦੂਸਰਿਆਂ ਦੀ ਨਿੰਦਾ ਤੇ ਝੂਠ ਬੋਲਣ ਦਾ ਸੁਭਾਉ ਬਣ ਜਾਂਦਾ ਹੈ। ਅਜੇਹਾ
ਜੀਵ ਕਿਸੇ ਬਾਹਰਲੀ ਸੁੱਚ ਰੱਖਣ ਵਾਲੇ ਕਰਮ ਕਾਂਡਾਂ ਨਾਲ, ਅੰਦਰੋਂ ਕਿਵੇਂ ਸੁੱਚਾ ਹੋ ਸਕਦਾ? ਗੁਰੂ
ਦੇ ਸ਼ਬਦ ਤੋਂ ਬਿਨਾ, ਮਨ ਮਾਂਜਿਆ ਨਹੀਂ ਜਾ ਸਕਦਾ, ਤੇ ਇਹ ਸੱਚ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ
ਤੋਂ ਹੀ ਮਿਲਦਾ ਹੈ। ਜਿਹੜੀ ਜੀਵ ਇਸਤਰੀ ਆਪਣੇ ਅੰਦਰ, ਆਤਮਕ ਸੁਖ ਦੇਣ ਵਾਲੇ ਗੁਣਾਂ ਤੋਂ ਸੱਖਣੀ
ਹੈ, ਉਸ ਨੂੰ ਬਾਹਰੋਂ ਕਿਸੇ ਹੋਰ ਤਰੀਕੇ ਨਾਲ ਆਤਮਕ ਸੁਖ ਨਹੀਂ ਮਿਲ ਸਕਦਾ। ਅਕਾਲ ਪੁਰਖੁ ਦਾ
ਮਿਲਾਪ, ਆਤਮਕ ਸੁਖ ਤੇ ਆਨੰਦ ਦੀ ਅਵਸਥਾ, ਉਹੀ ਜੀਵ-ਇਸਤ੍ਰੀ ਮਾਣ ਸਕਦੀ ਹੈ, ਜਿਹੜੀ ਸਦਾ ਕਾਇਮ
ਰਹਿਣ ਵਾਲੇ ਅਕਾਲ ਪੁਰਖੁ ਵਿੱਚ ਲੀਨ ਰਹਿੰਦੀ ਹੈ, ਜੋ ਗੁਰੂ ਦੇ ਸ਼ਬਦ ਵਿੱਚ ਜੁੜੀ ਹੋਈ ਹੈ, ਗੁਰੁ
ਸਬਦ ਦੁਆਰਾ ਅਕਾਲ ਪੁਰਖੁ ਦੇ ਪ੍ਰੇਮ ਵਿੱਚ ਮਸਤ ਹੈ।
ਸਿਰੀਰਾਗੁ ਮਹਲਾ ੧॥
ਮਨਿ ਜੂਠੈ ਤਨਿ ਜੂਠਿ ਹੈ
ਜਿਹਵਾ ਜੂਠੀ ਹੋਇ॥ ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ॥ ਬਿਨੁ ਅਭ ਸਬਦ ਨ ਮਾਂਜੀਐ ਸਾਚੇ
ਤੇ ਸਚੁ ਹੋਇ॥ ੧॥
ਮੁੰਧੇ ਗੁਣਹੀਣੀ ਸੁਖੁ ਕੇਹਿ॥ ਪਿਰੁ
ਰਲੀਆ ਰਸਿ ਮਾਣਸੀ ਸਾਚਿ ਸਬਦਿ ਸੁਖੁ ਨੇਹਿ॥ ੧॥ ਰਹਾਉ॥
(੫੬)
ਗੁਰੂ ਨਾਨਕ ਸਾਹਿਬ ਨੇ
ਆਪਣੇ ਬਾਣੀ ਵਿੱਚ ਧਰਮ ਦੇ ਪਾਖੰਡ ਕਰਨ ਵਾਲਿਆਂ ਅਤੇ ਹਾਕਮਾਂ ਦੇ ਪਾਜ ਖੋਲ ਦਿੱਤੇ ਸਨ। ਗੁਰੂ
ਸਾਹਿਬ ਨੇ ਸਿਧੇ ਤੌਰ ਤੇ ਲਿਖਿਆ ਹੈ, ਕਿ ਕਾਜ਼ੀ ਤੇ ਮੁਸਲਮਾਨ ਹਾਕਮ ਵੱਢੀ-ਖ਼ੋਰੇ ਹਨ, ਪਰ ਪੜ੍ਹਦੇ
ਨਮਾਜ਼ਾਂ ਹਨ। ਇਨ੍ਹਾਂ ਹਾਕਮਾਂ ਦੇ ਅੱਗੇ ਮੁਨਸ਼ੀ, ਉਹ ਖੱਤ੍ਰੀ ਹਨ, ਜਿਨ੍ਹਾਂ ਨੇ ਗਲ ਵਿੱਚ ਜਨੇਊ
ਪਾਏ ਹਨ, ਪਰ ਉਹ ਛੁਰੀਆਂ ਚਲਾਂਦੇ ਹਨ, ਭਾਵ, ਗ਼ਰੀਬਾਂ ਉੱਤੇ ਜ਼ੁਲਮ ਕਰਦੇ ਹਨ। ਇਨ੍ਹਾਂ ਜ਼ਾਲਮ
ਖੱਤ੍ਰੀਆਂ ਦੇ ਘਰਾਂ ਵਿੱਚ ਬ੍ਰਾਹਮਣ ਜਾ ਕੇ ਸੰਖ ਵਜਾਂਦੇ ਹਨ, ਉਨ੍ਹਾਂ ਬ੍ਰਾਹਮਣਾਂ ਨੂੰ ਵੀ ਜ਼ੁਲਮ
ਕਰਕੇ ਕਮਾਏ ਹੋਏ ਪਦਾਰਥ ਸੁਆਦਲੇ ਲਗਦੇ ਹਨ, ਉਹ ਬ੍ਰਾਹਮਣ ਵੀ ਖੱਤ੍ਰੀਆਂ ਦੇ ਘਰਾਂ ਵਿੱਚ ਜਾ ਕੇ
ਪਦਾਰਥ ਖਾਂਦੇ ਹਨ। ਇਨ੍ਹਾਂ ਲੋਕਾਂ ਦੀ ਇਹ ਝੂਠੀ ਪੂੰਜੀ ਹੈ, ਤੇ ਝੂਠਾ ਹੀ ਇਨ੍ਹਾਂ ਦਾ ਇਹ ਵਾਪਾਰ
ਹੈ, ਝੂਠ ਬੋਲ ਬੋਲ ਕੇ ਹੀ ਇਹ ਰੋਜ਼ੀ ਕਮਾਂਦੇ ਹਨ। ਇਹ ਲੋਕ ਨਾ ਆਪਣੀ ਸ਼ਰਮ ਹਯਾ ਦਾ ਖ਼ਿਆਲ ਕਰਦੇ ਹਨ
ਅਤੇ ਨਾ ਹੀ ਧਰਮ ਦੇ ਕੰਮ ਕਰਦੇ ਹਨ। ਸਭ ਥਾਈਂ ਝੂਠ ਹੀ ਪਰਧਾਨ ਹੋ ਰਿਹਾ ਹੈ। ਇਹ ਖੱਤ੍ਰੀ ਮੱਥੇ
ਉੱਤੇ ਟਿੱਕਾ ਲਾਉਂਦੇ ਹਨ, ਲੱਕ ਦੁਆਲੇ ਗੇਰੂਏ ਰੰਗ ਦੀ ਧੋਤੀ ਬੰਨ੍ਹਦੇ ਹਨ, ਪਰ ਹੱਥ ਵਿਚ, ਮਾਨੋ
ਛੁਰੀ ਫੜੀ ਹੋਈ ਹੈ ਤੇ ਵੱਸ ਲਗਦਿਆਂ ਆਮ ਲੋਕਾਂ ਉਪਰ ਜ਼ੁਲਮ ਕਰਦੇ ਹਨ। ਨੀਲੇ ਰੰਗ ਦੇ ਕੱਪੜੇ ਪਾ ਕੇ
ਤੁਰਕ ਹਾਕਮਾਂ ਦੇ ਕੋਲ ਜਾਂਦੇ ਹਨ, ਕਿਉਂਕਿ ਅਜੇਹਾ ਲਿਬਾਸ ਪਾ ਕੇ ਹੀ ਉਨ੍ਹਾਂ ਕੋਲ ਜਾਣ ਦੀ ਆਗਿਆ
ਮਿਲਦੀ ਹੈ। ਜਿਨ੍ਹਾਂ ਤੁਰਕਾਂ ਨੂੰ ਇਹ ਮਲੇਛ ਆਖਦੇ ਹਨ, ਉਨ੍ਹਾਂ ਪਾਸ ਆਪਣੀ ਰੋਜ਼ੀ ਰੋਟੀ ਲਈ ਨੌਕਰੀ
ਕਰਦੇ ਹਨ, ਤੇ ਫੇਰ ਵੀ ਪੁਰਾਣ ਨੂੰ ਪੂਜਦੇ ਹਨ, ਭਾਵ, ਫੇਰ ਵੀ ਇਹੀ ਸਮਝਦੇ ਹਨ ਕਿ ਅਸੀਂ ਪੁਰਾਣ ਦੇ
ਅਨੁਸਾਰ ਚਲ ਰਹੇ ਹਾਂ। ਇੱਥੇ ਹੀ ਬੱਸ ਨਹੀਂ, ਖ਼ੁਰਾਕ ਇਨ੍ਹਾਂ ਦੀ ਉਹ ਬੱਕਰਾ ਹੈ, ਜੋ ਕਲਮਾ ਪੜ੍ਹ
ਕੇ ਹਲਾਲ ਕੀਤਾ ਹੋਇਆ ਹੈ, ਭਾਵ, ਜੋ ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਹੋਇਆ ਹੈ, ਪਰ ਆਖਦੇ ਹਨ
ਕਿ ਸਾਡੇ ਚੌਕੇ ਉੱਤੇ ਕੋਈ ਹੋਰ ਮਨੁੱਖ ਨਾ ਆ ਚੜ੍ਹੇ, ਤੇ ਇਸ ਨੂੰ ਅਪਵਿੱਤਰ ਨਾ ਕਰੇ। ਚੌਕਾ ਬਣਾ
ਕੇ ਉਸ ਦੁਆਲੇ ਲਕੀਰਾਂ ਕੱਢਦੇ ਹਨ। ਪਰੰਤੂ ਇਸ ਚੌਕੇ ਵਿੱਚ ਉਹ ਮਨੁੱਖ ਆ ਬੈਠਦੇ ਹਨ, ਜੋ ਆਪ
ਅੰਦਰੋਂ ਝੂਠੇ ਹਨ। ਹੋਰਨਾਂ ਨੂੰ ਆਖਦੇ ਹਨ: ਸਾਡੇ ਚੌਕੇ ਦੇ ਨੇੜੇ ਨਹੀਂ ਆਉਣਾ, ਕਿਤੇ ਸਾਡਾ ਚੌਕਾ
ਭਿੱਟਿਆ ਨਾ ਜਾਏ ਤੇ ਸਾਡਾ ਅੰਨ ਖ਼ਰਾਬ ਨਾ ਹੋ ਜਾਏ। ਪਰ ਆਪ ਇਹ ਲੋਕ ਅਪਵਿੱਤਰ ਸਰੀਰ ਨਾਲ ਮੰਦੇ ਕੰਮ
ਕਰਦੇ ਹਨ। ਮਨ ਤਾਂ ਅੰਦਰੋਂ ਜੂਠਾ ਹੈ, ਭਾਵ, ਮਨ ਤਾਂ ਅੰਦਰੋਂ ਵਿਕਾਰਾਂ ਨਾਲ ਮਲੀਨ ਹੈ ਤੇ ਪਾਣੀ
ਨਾਲ ਚੁਲੀਆਂ ਕਰਦੇ ਹਨ। ਅਜੇਹੇ ਪਾਖੰਡਾਂ ਤੇ ਸੁੱਚਮਤਾ ਦਾ ਕੀ ਲਾਭ? ਗੁਰੂ ਨਾਨਕ ਸਾਹਿਬ
ਸਮਝਾਂਉਂਦੇ ਹਨ ਕਿ, ਸੱਚੇ ਅਕਾਲ ਪੁਰਖੁ ਨੂੰ ਧਿਆਉਣਾ ਚਾਹੀਦਾ ਹੈ, ਤਾਂ ਹੀ ਸੁੱਚ ਜਾਂ ਪਵਿੱਤਰਤਾ
ਹੋ ਸਕਦੀ ਹੈ। ਜੇ ਕਰ ਅੰਦਰ ਸੁੱਚ ਹੈ, ਅੰਦਰ ਅਕਾਲ ਪੁਰਖੁ ਵਰਗੇ ਗੁਣ ਹਨ, ਤਾਂ ਹੀ ਸੱਚਾ ਅਕਾਲ
ਪੁਰਖੁ ਮਿਲ ਸਕਦਾ ਹੈ।
ਮਃ ੧॥ ਮਾਣਸ ਖਾਣੇ ਕਰਹਿ
ਨਿਵਾਜ॥ ਛੁਰੀ ਵਗਾਇਨਿ ਤਿਨ ਗਲਿ ਤਾਗ॥ ਤਿਨ ਘਰਿ ਬ੍ਰਹਮਣ ਪੂਰਹਿ ਨਾਦ॥ ਉਨਾੑ ਭਿ ਆਵਹਿ ਓਈ ਸਾਦ॥
ਕੂੜੀ ਰਾਸਿ ਕੂੜਾ ਵਾਪਾਰੁ॥ ਕੂੜੁ ਬੋਲਿ ਕਰਹਿ ਆਹਾਰੁ॥ ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ਕੂੜੁ
ਰਹਿਆ ਭਰਪੂਰਿ॥ ਮਥੈ ਟਿਕਾ ਤੇੜਿ ਧੋਤੀ ਕਖਾਈ॥ ਹਥਿ ਛੁਰੀ ਜਗਤ ਕਾਸਾਈ॥ ਨੀਲ ਵਸਤ੍ਰ ਪਹਿਰਿ ਹੋਵਹਿ
ਪਰਵਾਣੁ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ॥ ਅਭਾਖਿਆ ਕਾ ਕੁਠਾ ਬਕਰਾ ਖਾਣਾ॥ ਚਉਕੇ ਉਪਰਿ ਕਿਸੈ ਨ
ਜਾਣਾ॥ ਦੇ ਕੈ ਚਉਕਾ ਕਢੀ ਕਾਰ॥ ਉਪਰਿ ਆਇ ਬੈਠੇ ਕੂੜਿਆਰ॥ ਮਤੁ ਭਿਟੈ ਵੇ ਮਤੁ ਭਿਟੈ॥ ਇਹੁ ਅੰਨੁ
ਅਸਾਡਾ ਫਿਟੈ॥ ਤਨਿ ਫਿਟੈ ਫੇੜ ਕਰੇਨਿ॥ ਮਨਿ ਜੂਠੈ ਚੁਲੀ ਭਰੇਨਿ॥
ਕਹੁ ਨਾਨਕ ਸਚੁ ਧਿਆਈਐ॥ ਸੁਚਿ ਹੋਵੈ
ਤਾ ਸਚੁ ਪਾਈਐ॥ ੨॥ (੪੭੧, ੪੭੨)
ਗੁਰੂ ਨਾਨਕ ਸਾਹਿਬ ਨੇ
ਆਪਣੀ ਬਾਣੀ ਵਿੱਚ ਸੁੱਚਮਤਾ ਤੇ ਅਜੇਹੇ ਅਨੇਕਾਂ ਪ੍ਰਕਾਰ ਦੇ ਪਾਖੰਡਾਂ ਦਾ ਪਾਜ ਖੋਲਿਆ ਤੇ ਮਨੁੱਖਤਾ
ਨੂੰ ਵਿਕਾਰ ਰਹਿਤ ਜੀਵਨ ਬਤੀਤ ਕਰਨ ਦਾ ਰੱਸਤਾ ਦੱਸਿਆ। ਪਿਤਰਾਂ ਨੂੰ ਪਦਾਰਥ ਪਹੁੰਚਾਉਂਣ ਦੇ
ਬਹਾਨੇ, ਲੋਕਾਂ ਨੂੰ ਲੁਟਣ ਵਾਲੇ ਪਾਖੰਡ ਨੂੰ ਗੁਰੂ ਨਾਨਕ ਸਾਹਿਬ ਨੇ ਬੜੀ ਸੁੰਦਰ ਉਦਾਹਰਣ ਦੇ ਕੇ
ਨਿਖੇੜਿਆ ਹੈ। ਜੇ
ਕੋਈ ਠੱਗ ਪਰਾਇਆ ਘਰ ਠੱਗੇ, ਤੇ ਪਰਾਏ ਘਰ ਨੂੰ ਠੱਗ ਕੇ ਉਹ ਪਦਾਰਥ ਆਪਣੇ ਪਿਤਰਾਂ ਦੇ ਨਮਿਤ ਦੇਵੇ,
ਤਾਂ ਜੇਕਰ ਮੰਨ ਲਿਆ ਜਾਵੇ ਕਿ ਸੱਚ-ਮੁੱਚ ਲੋਕਾਂ ਦਾ ਦਿੱਤਾ ਦਾਨ, ਪਿਤਰਾਂ ਕੋਲ, ਪਰਲੋਕ ਵਿੱਚ
ਪਹੁੰਚ ਜਾਂਦਾ ਹੈ। ਫਿਰ ਉਥੇ ਪਰਲੋਕ ਵਿੱਚ ਤਾਂ ਉਹ ਪਦਾਰਥ ਉਸੇ ਵੇਲੇ ਸਿਞਾਂਣੇ ਜਾਣਗੇ, ਕਿ ਅਸਲ
ਵਿੱਚ ਇਹ ਕਿਸ ਦੇ ਹਨ। ਅਸੀਂ ਇਸ ਦੁਨੀਆਂ ਵਿੱਚ ਦੂਸਰਿਆਂ ਨਾਲ ਹੇਰਾ ਫੇਰੀ ਜਾਂ ਧੋਖੇ ਬਾਜੀ ਤਾਂ
ਕਰ ਸਕਦੇ ਹਾਂ, ਕਿਉਕਿ ਕਿਸੇ ਦੂਸਰੇ ਨੂੰ ਸਾਡੇ ਮਨ ਦੇ ਅੰਦਰ ਕੀ ਹੋ ਰਿਹਾ ਹੈ, ਕੁੱਝ ਪਤਾ ਨਹੀਂ
ਲਗਦਾ, ਪਰੰਤੂ ਉਸ ਪਰਲੋਕ ਵਿੱਚ ਤਾਂ ਇਹ ਚਾਲ ਚਲ ਨਹੀਂ ਸਕਦੀ। ਇਸ ਤਰ੍ਹਾਂ ਉਹ ਮਨੁੱਖ ਆਪਣੇ
ਪਿਤਰਾਂ ਨੂੰ ਵੀ ਚੋਰ ਬਣਾਉਂਦਾ ਹੈ, ਕਿਉਂਕਿ ਉਨ੍ਹਾਂ ਪਾਸੋਂ ਚੋਰੀ ਦਾ ਮਾਲ ਨਿਕਲ ਆਉਂਦਾ ਹੈ।
ਅਗੋਂ ਅਕਾਲ ਪੁਰਖੁ ਇਹੀ ਨਿਆਂ ਕਰਦਾ ਹੈ, ਕਿ ਇਹ ਚੋਰੀ ਦਾ ਮਾਲ ਅਪੜਾਣ ਵਾਲੇ ਦਲਾਲ, ਭਾਵ ਬ੍ਰਾਹਮਣ
ਦੇ ਹੱਥ ਵੱਢੇ ਜਾਂਦੇ ਹਨ। ਹੁਣ ਸਾਨੂੰ ਇਹ ਆਪ ਵਿਚਾਰਨਾਂ ਪਵੇਗਾ, ਕਿ ਅਸੀਂ ਆਪਣੇ ਪਿਤਰਾਂ ਨੂੰ
ਚੋਰੀ ਦੀ ਸਜ਼ਾ ਦਿਵਾਉਂਣਾਂ ਚਾਹੁੰਦੇ ਹਾਂ ਕਿ ਨਹੀਂ? ਗੁਰੂ ਨਾਨਕ ਸਾਹਿਬ
ਸਮਝਾਂਉਂਦੇ ਹਨ ਕਿ ਕਿਸੇ ਦਾ ਦਿੱਤਾ ਹੋਇਆ ਦਾਨ ਅੱਗੇ ਨਹੀਂ ਪਹੁੰਚਾਇਆ ਜਾ ਸਕਦਾ ਹੈ ਤੇ ਨਾ ਹੀ
ਪਿਤਰਾਂ ਨੂੰ ਮਿਲ ਸਕਦਾ ਹੈ, ਅਗਾਂਹ ਤਾਂ ਮਨੁੱਖ ਨੂੰ ਉਸ ਅਨੁਸਾਰ ਹੀ ਮਿਲਦਾ ਹੈ, ਜਿਸ ਤਰ੍ਹਾਂ ਦੇ
ਉਸ ਨੇ ਕਰਮ ਕੀਤੇ ਹੁੰਦੇ ਹਨ, ਜੋ ਜੀਵਨ ਦਾ ਲਾਹਾ ਖੱਟਿਆ ਹੁੰਦਾ ਹੈ, ਕਿਸ ਤਰ੍ਹਾਂ ਦੀ ਮਿਹਨਤ
ਕਰਕੇ ਕਮਾਂਦਾ ਹੈ ਤੇ ਉਸ ਕਮਾਈ ਵਿਚੋਂ ਆਪਣੀ ਹੱਥੀਂ ਲੋੜਵੰਦਾਂ ਦੀ ਕਿਨੀ ਕੁ ਸਹਾਇਤਾ ਕਰਦਾ ਹੈ।
ਸਲੋਕੁ
ਮਃ ੧॥ ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥
੧ ॥
(੪੭੨)
ਇਹ ਵੀ ਧਿਆਨ ਵਿੱਚ
ਰੱਖਣਾਂ ਹੈ ਕਿ ਕੀਤੇ ਹੋਏ ਵਿਕਾਰ, ਦਾਨ ਪੁੰਨ ਕਰਨ ਨਾਲ ਦੂਰ ਨਹੀਂ ਹੋ ਸਕਦੇ ਹਨ। ਵਿਕਾਰ ਅਸੀਂ
ਅੰਦਰੋਂ ਕਰਦੇ ਹਾਂ, ਤੇ ਦਾਨ ਪੁੰਨ ਵਿਖਾਵੇ ਲਈ ਬਾਹਰੋਂ ਕਰਦੇ ਹਾਂ। ਪਾਣੀ ਨਾਲ ਸਰੀਰ ਬਾਹਰੋਂ
ਧੋਤਾ ਜਾ ਸਕਦਾ ਹੈ, ਪਰ ਅੰਦਰੋਂ ਨਹੀਂ। ਮਨੁੱਖ ਦੇ ਮਨ ਦੇ ਅੰਦਰ ਚਲ ਰਹੇ ਵਿਕਾਰ ਹੌਲੀ ਹੌਲੀ ਸਮਾਂ
ਪਾ ਕੇ ਅਪਰਾਧ ਦੇ ਰੂਪ ਵਿੱਚ ਬਾਹਰ ਆ ਜਾਂਦੇ ਹਨ। ਜਿਸ ਤਰ੍ਹਾਂ ਇਸਤ੍ਰੀ ਨੂੰ ਹਰ ਮਹੀਨੇ ਨ੍ਹਾਉਣੀ
ਆਉਂਦੀ ਹੈ, ਤੇ ਇਹ ਸਦਾ ਉਸ ਦੇ ਅੰਦਰੋਂ ਹੀ ਪੈਦਾ ਹੁੰਦੀ ਹੈ। ਭਾਵੇਂ ਇਹ ਇੱਕ ਕੁਦਰਤੀ ਕਿਰਿਆ ਹੈ,
ਪਰ ਕਈ ਲੋਕ ਇਸ ਨੂੰ ਅਪਵਿੱਤ੍ਰਤਾ ਕਹਿੰਦੇ ਹਾਂ, ਤੇ ਇਨ੍ਹਾਂ ਦਿਨਾਂ ਵਿੱਚ ਇਸਤਰੀਆਂ ਨਾਲ ਅਛੂਤਾਂ
ਦੀ ਤਰ੍ਹਾਂ ਵਿਉਹਾਰ ਕਰਦੇ ਹਨ। ਧਿਆਨ ਨਾਲ ਸਬਦ ਨੂੰ ਪੜ੍ਹੋ ਤਾਂ ਸਮਝ ਆ ਜਾਂਦੀ ਹੈ ਕਿ ਗੁਰੂ
ਸਾਹਿਬ ਨੇ ਇਸ ਕਿਰਿਆ ਲਈ ਕੋਈ ਅਪਵਿੱਤ੍ਰਤਾ ਦਾ ਸਬਦ ਨਹੀਂ ਵਰਤਿਆ ਹੈ। ਇੱਕ ਉਦਾਹਰਣ ਦੇ ਸਮਝਾਇਆ
ਹੈ ਕਿ ਜੇ ਕਰ ਅੰਦਰ ਗੰਦਗੀ ਪੈਦਾ ਹੋ ਰਹੀ ਹੈ ਤਾਂ ਬਾਹਰ ਵੀ ਗੰਦਗੀ ਹੀ ਆਵੇਗੀ। ਇਸੇ ਤਰ੍ਹਾਂ ਝੂਠ
ਮਨੁੱਖ ਦੇ ਅੰਦਰੋਂ ਪੈਦਾ ਹੁੰਦਾਂ ਹੈ, ਇਸ ਲਈ ਝੂਠੇ ਮਨੁੱਖ ਦੇ ਮੂੰਹ ਵਿੱਚ ਸਦਾ ਝੂਠ ਹੀ ਰਹਿੰਦਾ
ਹੈ, ਜਿਸ ਕਰਕੇ ਉਹ ਖੁਆਰ ਹੁੰਦਾਂ ਹੈ ਤੇ ਸਦਾ ਦੁੱਖੀ ਰਹਿੰਦਾ ਹੈ। ਅਜੇਹੇ ਮਨੁੱਖ ਸੁੱਚੇ ਨਹੀਂ
ਆਖੇ ਜਾਂਦੇ ਜੋ ਨਿਰਾ ਸਰੀਰ ਨੂੰ ਹੀ ਧੋ ਕੇ ਆਪਣੇ ਵਲੋਂ ਪਵਿੱਤਰ ਬਣ ਕੇ ਬੈਠ ਜਾਂਦੇ ਹਨ। ਕੇਵਲ
ਉਹੀ ਮਨੁੱਖ ਸੁੱਚੇ ਹਨ, ਜਿਨ੍ਹਾਂ ਦੇ ਮਨ ਵਿੱਚ ਉਹ ਸੱਚਾ ਅਕਾਲ ਪੁਰਖੁ ਵੱਸਦਾ ਹੈ।
ਮਃ ੧॥ ਜਿਉ ਜੋਰੂ
ਸਿਰਨਾਵਣੀ ਆਵੈ ਵਾਰੋ ਵਾਰ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ॥
ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ
ਧੋਇ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ॥ ੨॥
(੪੭੨)
ਅੱਜਕਲ ਗੁਰਬਾਣੀ ਨੂੰ ਵੱਖ
ਵੱਖ ਟਿਊਨਾਂ ਵਿੱਚ ਗਾਇਨ ਕਰਨ ਦਾ ਫੈਸ਼ਨ ਹੋ ਗਿਆ ਹੈ। ਕਈ ਕੀਰਤਨ ਕਰਨ ਵਾਲਿਆਂ ਦਾ ਮੰਤਵ ਸਿਰਫ
ਮਾਇਆ ਇਕੱਠੀ ਕਰਨਾ ਹੀ ਹੁੰਦਾਂ ਹੈ। ਲੋਕਾਂ ਨੂੰ ਖੁਸ਼ ਕਰਨ ਲਈ ਅਤੇ ਲੋਕਾਂ ਦੇ ਮਤਲਬ ਦੀ ਗੱਲ ਕਰਨ
ਲਈ ਸਬਦ ਦੀਆਂ ਪੰਗਤੀਆਂ ਵਿਚ, ਆਪਣੇ ਕੋਲੋਂ ਵਾਧੂ ਲਫ਼ਜ ਲਾ ਕੇ ਸੁਣਾਉਂਣ ਦਾ ਯਤਨ ਕਰਦੇ ਹਨ। ਗੁਰੂ
ਹਰਿ ਰਾਏ ਸਾਹਿਬ ਨੇ ਤਾਂ ਇੱਕ ਅੱਖਰ ਬਦਲਣ ਤੇ ਆਪਣੇ ਪੁੱਤਰ ਨੂੰ ਤਿਆਗ ਦਿੱਤਾ ਸੀ, ਪਰ ਅੱਜਕਲ ਦੇ
ਬਹੁਤ ਸਾਰ ਕੀਰਤਨੀਏ ਤਾਂ ਬਦਲਾਵ ਕਰਨ ਵਿੱਚ ਆਪਣੀ ਸ਼ਾਨ ਸਮਝਦੇ ਹਨ। ਅਜੇਹਾ ਕੁੱਝ ਸੁਣਨ ਤੋਂ ਬਾਅਦ
ਲੋਕ ਵੀ ਅਕਸਰ ਕਹਿੰਦੇ ਦਿਖਾਈ ਦਿੰਦੇ ਹਨ, ਕਿ ਬਹੁਤ ਸੋਹਣਾਂ ਕੀਰਤਨ ਕੀਤਾ ਹੈ। ਪਰੰਤੂ ਕਿਹੜਾ ਸਬਦ
ਪੜ੍ਹਿਆ ਗਿਆ, ਉਸ ਦਾ ਕੀ ਭਾਵ ਅਰਥ ਹੈ, ਸੁਣਨ ਵਾਲਿਆਂ ਦੇ ਜੀਵਨ ਤੇ ਕੀ ਅਸਰ ਹੋਇਆ, ਉਸ ਬਾਰੇ
ਕੁੱਝ ਪਤਾ ਨਹੀਂ। ਰਾਗਾਂ ਦਾ ਗਾਇਨ ਮਨੁੱਖ ਦੇ ਅੰਦਰ ਕਈ ਹੁਲਾਰੇ ਪੈਦਾ ਕਰਦਾ ਹੈ, ਪਰ ਮਨੁੱਖ ਦੇ
ਅੰਦਰ ਟਿੱਕੀ ਹੋਈ ਵਿਕਾਰਾਂ ਦੀ ਮੈਲ, ਰਾਗਾਂ ਦੇ ਗਾਇਨ ਕਰਨ ਨਾਲ ਦੂਰ ਨਹੀਂ ਹੁੰਦੀ। ਵਿਕਾਰਾਂ ਦੀ
ਮੈਲ, ਵੇਦ ਆਦਿਕ ਧਰਮ-ਪੁਸਤਕਾਂ ਦੇ ਪਾਠ ਨਾਲ ਵੀ ਨਹੀਂ ਧੁਪਦੀ। ਮੱਸਿਆ ਅਤੇ ਪੂਰਨਮਾਸ਼ੀ ਜੋ ਕਿ
ਚੰਦ੍ਰਮਾ ਦੇ ਧਰਤੀ ਦੁਆਲੇ ਘੁੰਮਣ ਨਾਲ ਸਬੰਧਤ ਹਨ, ਅਤੇ ਸੰਗ੍ਰਾਂਦ ਜੋ ਕਿ ਸੂਰਜ ਦੀਆਂ ਰਾਸ਼ੀਆਂ
ਨਾਲ ਸਬੰਧਤ ਹਨ, ਕਈ ਲੋਕਾਂ ਦੁਆਰਾ ਪਵਿੱਤਰ ਦਿਹਾੜੇ ਮੰਨੇ ਜਾਂਦੇ ਹਨ ਤੇ ਵਖ-ਵਖ ਸਮੇਂ ਇਨ੍ਹਾਂ ਦੀ
ਪੂਜਾ ਕੀਤੀ ਜਾਂਦੀ ਹੈ। ਇਹ ਸੱਭ ਕਿਸਮ ਦੀ ਪੂਜਾ ਕਰਨ ਨਾਲ, ਮਨੁੱਖ ਦੇ ਅੰਦਰ ਟਿਕੀ ਹੋਈ ਮੈਲ, ਸਾਫ਼
ਨਹੀਂ ਹੋ ਸਕਦੀ। ਅੰਨ ਦਾ ਤਿਆਗ ਕਰਨ ਨਾਲ ਤੇ ਤੀਰਥਾਂ ਦੇ ਇਸ਼ਨਾਨ ਕਰਨ ਨਾਲ ਵੀ ਇਹ ਮੈਲ ਨਹੀਂ
ਉਤਰਦੀ। ਭਾਵੇਂ ਇਹ ਮੰਨਿਆ ਜਾਂਦਾ ਹੈ ਕਿ ਇੰਦਰ ਦੇਵਤੇ ਦੇ ਰਾਹੀਂ ਸਭ ਥਾਈਂ ਮੀਂਹ ਪੈਂਦਾ ਹੈ ਤੇ
ਧਰਤੀ ਅਤੇ ਬਨਸਪਤੀ ਆਦਿਕ ਦੀ ਬਾਹਰਲੀ ਮੈਲ ਧੁਪ ਜਾਂਦੀ ਹੈ, ਪਰ ਇੰਦਰ ਦੇਵਤੇ ਦੀ ਪੂਜਾ ਕਰਨ ਨਾਲ
ਵੀ ਇਹ ਅੰਦਰਲੀ ਮੈਲ ਦੂਰ ਨਹੀਂ ਹੋ ਸਕਦੀ। ਸਾਧੂ ਬਣ ਕੇ ਧਰਤੀ ਦਾ ਰਟਨ ਕੀਤਿਆਂ, ਧਰਤੀ ਵਿੱਚ ਗੁਫ਼ਾ
ਬਣਾ ਕੇ ਬੈਠਿਆਂ ਜਾਂ ਪਾਣੀ ਵਿੱਚ ਖਲੋ ਕੇ ਤਪ ਕਰਨ ਨਾਲ ਵੀ ਇਹ ਮੈਲ ਨਹੀਂ ਧੁਪ ਸਕਦੀ। ਪ੍ਰਾਣਾਯਾਮ
ਕੀਤਿਆਂ ਤੇ ਸਮਾਧੀਆਂ ਲਾਇਆਂ ਵੀ ਮਨੁੱਖ ਦੇ ਅੰਦਰ ਟਿਕੀ ਹੋਈ ਮੈਲ ਦੂਰ ਨਹੀਂ ਹੁੰਦੀ। ਜਿਹੜੇ
ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਨਹੀਂ ਤੁਰਦੇ, ਉਨ੍ਹਾਂ ਦੇ ਅੰਦਰ ਆਤਮਕ ਜੀਵਨ ਨੂੰ ਉੱਚਾ ਕਰਨ
ਵਾਲਾ ਕੋਈ ਗੁਣ ਨਹੀਂ ਪੈਦਾ ਹੁੰਦਾ। ਇਸ ਲਈ ਜੇਕਰ, ਗੁਰੂ ਵਲੋਂ ਮੂੰਹ ਮੋੜੀ ਰੱਖੀਏ, ਗੁਰੂ ਦੀ ਮਤ
ਨੂੰ ਨਾ ਅਪਨਾਈਏ, ਤਾਂ ਅੰਦਰਲੀ ਗੰਦਗੀ ਉਸੇ ਤਰ੍ਹਾਂ ਰਹਿੰਦੀ ਹੈ, ਮੂੰਹ ਨਾਲ ਦੂਸਰਿਆਂ ਦੀ ਚੁਗਲੀ
ਤੇ ਨਿੰਦਾ ਕਰਨ ਦੀ ਆਦਤ ਨਹੀਂ ਜਾਂਦੀ, ਝੂਠ ਬੋਲਣ ਦੀ ਆਦਤ ਨਹੀਂ ਹਟਦੀ, ਅਤੇ ਮੂੰਹ ਮੈਲ ਨਾਲ
ਅਪਵਿੱਤਰ ਹੋਇਆ ਰਹਿੰਦਾ ਹੈ।
ਸਲੋਕ ਮਹਲਾ ੧॥ ਜੂਠਿ ਨ
ਰਾਗੀਂ ਜੂਠਿ ਨ ਵੇਦੀਂ॥ ਜੂਠਿ ਨ ਚੰਦ ਸੂਰਜ ਕੀ ਭੇਦੀ॥ ਜੂਠਿ ਨ ਅੰਨੀ ਜੂਠਿ ਨ ਨਾਈ॥ ਜੂਠਿ ਨ ਮੀਹੁ
ਵਰ੍ਹਿਐ ਸਭ ਥਾਈ॥ ਜੂਠਿ ਨ ਧਰਤੀ ਜੂਠਿ ਨ ਪਾਣੀ॥ ਜੂਠਿ ਨ ਪਉਣੈ ਮਾਹਿ ਸਮਾਣੀ॥
ਨਾਨਕ ਨਿਗੁਰਿਆ ਗੁਣੁ ਨਾਹੀ ਕੋਇ॥
ਮੁਹਿ ਫੇਰਿਐ ਮੁਹੁ ਜੂਠਾ ਹੋਇ॥ ੧॥ (੧੨੪੦)
ਪਾਣੀ ਨਾਲ ਚੁਲੀਆਂ ਕਰਨ
ਨਾਲ ਮੂੰਹ ਵਿਚਲੀ ਗੰਦਗੀ ਤਾਂ ਬਾਹਰ ਨਿਕਲ ਸਕਦੀ ਹੈ, ਪਰ ਆਤਮਕ ਜੀਵਨ ਵਿੱਚ ਸੁੱਚਮਤਾ ਨਹੀਂ ਆ
ਸਕਦੀ। ਹਾਂ ਜੇ ਕੋਈ ਮਨੁੱਖ ਸੱਚੀ ਚੁਲੀ ਭਰਨੀ ਜਾਣ ਲਏ ਤਾਂ ਆਤਮਕ ਜੀਵਨ ਵਿੱਚ ਸੁੱਚਮਤਾ ਵੀ ਆ
ਸਕਦੀ ਹੈ। ਸੁੱਚੀਆਂ ਚੁਲੀਆਂ ਇਹ ਹਨ: ਵਿਦਵਾਨ ਵਾਸਤੇ ਸੱਚੀ ਚੁਲੀ ਵੀਚਾਰ ਦੀ ਹੈ, ਭਾਵ, ਵਿਦਵਾਨ
ਦੀ ਵਿੱਦਵਤਾ ਪਵਿਤ੍ਰ ਹੈ, ਜੇ ਉਸ ਦੇ ਅੰਦਰ ਉਸ ਵਿੱਦਵਤਾ ਬਾਰੇ ਵੀਚਾਰ ਵੀ ਹੈ। ਜੋਗੀ ਦਾ
ਕਾਮ-ਵਾਸ਼ਨਾ ਤੋਂ ਬਚੇ ਰਹਿਣਾ, ਜੋਗੀ ਲਈ ਪਵਿਤ੍ਰ ਚੁਲੀ ਹੈ। ਬ੍ਰਾਹਮਣ ਲਈ ਸੱਚੀ ਚੁਲੀ ਸੰਤੋਖ ਹੈ
ਤੇ ਗ੍ਰਿਹਸਤੀ ਲਈ ਸੱਚੀ ਚੁਲੀ ਹੈ, ਉੱਚਾ ਆਚਰਨ ਅਤੇ ਸੇਵਾ। ਰਾਜੇ ਵਾਸਤੇ ਪਰਜਾ ਪ੍ਰਤੀ ਇਨਸਾਫ਼
ਕਰਨਾ ਸੱਚੀ ਚੁਲੀ ਹੈ ਅਤੇ ਪੜ੍ਹੇ ਲਿਖੇ ਲਈ ਸੱਚ ਤੇ ਚਲਣਾ ਤੇ ਸੱਚੇ ਅਕਾਲ ਪੁਰਖੁ ਵਿੱਚ ਲੀਨ ਹੋ
ਜਾਣਾ ਸੱਚੀ ਚੁਲੀ ਹੈ।
ਪਾਣੀ ਤੋਂ ਸਾਰਾ ਸੰਸਾਰ
ਪੈਦਾ ਹੁੰਦਾ ਹੈ ਤੇ ਪਾਣੀ ਹੀ ਸਾਰੇ ਜਗਤ ਨੂੰ ਨਾਸ ਕਰਦਾ ਹੈ, ਪਾਣੀ ਵਿੱਚ ਕਈ ਤਰ੍ਹਾਂ ਦੇ ਜੀਵ
ਪੈਦਾ ਹੁੰਦੇ ਹਨ ਤੇ ਮਰਦੇ ਹਨ। ਹੁਣ ਜਰਾ ਕੁ ਵਿਚਾਰੋ ਕਿ ਇੱਕ ਪਾਸੇ ਤਾਂ ਇਹ ਲੋਕ ਸੂਤਕ ਦਾ
ਪ੍ਰਚਾਰ ਕਰਦੇ ਹਨ, ਪਰ ਦੂਸਰੇ ਪਾਸੇ ਇਹ ਲੋਕ ਪਾਣੀ ਦੀ ਚੁਲੀਆਂ ਨਾਲ ਆਪਣੇ ਆਪ ਨੂੰ ਪਵਿਤ੍ਰ ਕਰ
ਰਹੇ ਹਨ। ਹੁਣ ਇਹ ਦੋਵੇਂ ਪਾਸਿਉ ਕਿਸ ਤਰ੍ਹਾਂ ਠੀਕ ਹੋ ਸਕਦੇ ਹਨ, ਇੱਕ ਪਾਸੇ ਤਾਂ ਜੀਵਾਂ ਦੇ ਜੰਮਣ
ਮਰਨ ਕਰਕੇ ਸੂਤਕ, ਭਾਵ ਅਪਵਿਤ੍ਰਤਾ ਕਹਿੰਦੇ ਹਨ ਤੇ ਦੁਸਰੇ ਪਾਸੇ ਪਾਣੀ ਨਾਲ ਪਵਿਤ੍ਰਤਾ ਲਿਆਉਦੇ
ਹਨ। ਮੂੰਹ ਨਾਲ ਪਾਣੀ ਪੀਤਿਆਂ ਤ੍ਰੇਹ ਜਰੂਰ ਮਿਟ ਸਕਦੀ ਹੈ, ਪਰ ਪਾਣੀ ਨਾਲ ਚੁਲੀ ਕੀਤਿਆਂ ਮਨ ਨਹੀਂ
ਧੁਪ ਸਕਦਾ। ਸੁੱਚੀ ਚੁਲੀ ਤਾਂ ਹੋ ਸਕਦੀ ਹੈ, ਜੇਕਰ ਆਪਣੇ ਜੀਵਨ ਦਾ ਮੰਤਵ ਤੇ ਮਨੁੱਖਤਾ ਪ੍ਰਤੀ ਫਰਜ਼
ਨਿਭਾਇਆ ਜਾਵੇ।
ਮਹਲਾ ੧॥
ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ
ਕੋਇ॥ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ॥
ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ॥ ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ॥ ਪਾਣੀ
ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ॥ ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ॥ ੨॥ (੧੨੪੦)
ਲੋਕਾਂ ਨੂੰ ਭਰਮਾਂ ਵਿੱਚ
ਪਾ ਕੇ, ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕਰਨ ਨਾਲ, ਗੁਮਰਾਹ ਤਾਂ ਕੀਤਾ ਜਾ ਸਕਦਾ ਹੈ, ਪਰ ਅੰਦਰ
ਪਵਿਤ੍ਰਤਾ ਨਹੀਂ ਪੈਦਾ ਕੀਤੀ ਜਾ ਸਕਦੀ। ਆਮ ਮਨੁੱਖ ਮਾਇਆ ਦੇ ਪਿਛੇ ਭੱਜਾ ਫਿਰਦਾ ਰਹਿੰਦਾ ਹੈ, ਤੇ
ਜਿਆਦਾ ਤਰ ਲੋਕ ਵੀ ਇਹੀ ਚਾਹੁੰਦੇ ਹਨ, ਕਿ ਕੋਈ ਕਰਾਮਾਤ ਹੋ ਜਾਏ ਜਾਂ ਸਾਡੀ ਲਾਟਰੀ ਨਿਕਲ ਆਵੇ ਤੇ
ਸਾਨੂੰ ਸਭ ਕੁੱਝ ਮਿਲ ਜਾਵੇ। ਇਸੇ ਕਮਜੋਰੀ ਤੇ ਅਗਿਆਨਤਾ ਦਾ ਫਾਇਦਾ ਲੈ ਕੇ ਡੇਰੇ ਵਾਲੇ ਲੋਕਾਂ ਨੂੰ
ਗੁਮਰਾਹ ਕਰਦੇ ਹਨ ਤੇ ਲੋਕ ਵੀ ਲਾਲਚ ਕਰਕੇ ਇਨ੍ਹਾਂ ਦੇ ਪਿਛੇ ਤੁਰੇ ਫਿਰਦੇ ਹਨ। ਜੇ ਕਰ ਗੁਰਬਾਣੀ
ਦੇ ਗਿਆਨ ਦੁਆਰਾ ਅਕਾਲ ਪੁਰਖੁ ਦੇ ਨਾਮੁ ਵਿੱਚ ਸੁਰਤਿ ਜੋੜੀ ਰੱਖੀਏ ਤਾਂ ਸਾਰੀਆਂ ਕਰਾਮਾਤੀ ਤਾਕਤਾਂ
ਆਪਣੇ ਆਪ ਪਿੱਛੇ ਲੱਗੀਆਂ ਫਿਰਦੀਆਂ ਹਨ, ਭਾਵ ਸਾਰੀਆਂ ਪ੍ਰਾਪਤੀਆਂ ਹੋ ਜਾਂਦੀਆਂ ਹਨ; ਜਗਤ ਦੇ ਸਾਰੇ
ਪਦਾਰਥ ਹਾਸਲ ਹੋ ਜਾਂਦੇ ਹਨ, ਜੋ ਕੁੱਝ ਮਨ ਚਿਤਵਦਾ ਹੈ, ਮਿਲ ਜਾਂਦਾ ਹੈ। ਅਕਾਲ ਪੁਰਖੁ ਦੇ ਨਾਮੁ
ਨੂੰ ਸੁਣਨ ਨਾਲ ਮਨ ਵਿੱਚ ਸੰਤੋਖ ਪੈਦਾ ਹੋ ਜਾਂਦਾ ਹੈ, ਮਾਇਆ ਵੀ ਸੇਵਾ ਕਰਨ ਲੱਗ ਪੈਂਦੀ ਹੈ। ਨਾਮੁ
ਨੂੰ ਸੁਣਨ ਨਾਲ ਉਹ ਉੱਚੀ ਅਵਸਥਾ ਬਣ ਜਾਂਦੀ ਹੈ, ਜਿੱਥੇ ਮਨ ਡੋਲਦਾ ਨਹੀਂ, ਤੇ ਇਸ ਅਡੋਲ ਅਵਸਥਾ
ਵਿੱਚ ਪਹੁੰਚ ਕੇ ਮਨੁੱਖ ਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ। ਗੁਰੂ ਸਾਹਿਬ ਸਪੱਸ਼ਟ ਤੌਰ ਤੇ
ਸਮਝਾਂਉਂਦੇ ਹਨ, ਕਿ ਗੁਰੂ ਦੀ ਮਤਿ ਅਨੁਸਾਰ ਚਲਣ ਨਾਲ ਹੀ ਨਾਮੁ ਮਿਲਦਾ ਹੈ, ਤੇ ਗੁਰੂ ਦੇ ਰਾਹ ਤੇ
ਤੁਰਨ ਵਾਲਾ ਮਨੁੱਖ ਸਦਾ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਂਉਂਦਾ ਰਹਿੰਦਾ ਹੈ।
ਪਉੜੀ॥ ਨਾਇ ਸੁਣਿਐ ਸਭ
ਸਿਧਿ ਹੈ ਰਿਧਿ ਪਿਛੈ ਆਵੈ॥ ਨਾਇ ਸੁਣਿਐ ਨਉ ਨਿਧਿ ਮਿਲੈ ਮਨ ਚਿੰਦਿਆ ਪਾਵੈ॥ ਨਾਇ ਸੁਣਿਐ ਸੰਤੋਖੁ
ਹੋਇ ਕਵਲਾ ਚਰਨ ਧਿਆਵੈ॥ ਨਾਇ
ਸੁਣਿਐ ਸਹਜੁ ਊਪਜੈ ਸਹਜੇ ਸੁਖੁ ਪਾਵੈ॥ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ॥
੭॥ (੧੨੪੦)
ਕਰਮ ਕਾਂਡ ਕਰਨੇ ਤੇ
ਸਰੀਰਕ ਤਲ ਤੇ ਰਵਾਇਤਾਂ ਪੂਰੀਆਂ ਕਰਨੀਆਂ ਬਹੁਤ ਸੌਖੀਆਂ ਹਨ, ਇਸ ਲਈ ਜਿਆਦਾ ਤਰ ਲੋਕ ਰਵਾਇਤਾਂ ਹੀ
ਪੂਰੀਆਂ ਕਰਦੇ ਹਨ, ਪਰ ਆਪਣੇ ਆਪ ਨੂੰ ਗੁਰਮਤਿ ਅਨੁਸਾਰ ਸੁਧਾਰਨ ਦਾ ਯਤਨ ਨਹੀਂ ਕਰਦੇ। ਪਾਠ ਕਰਵਾ
ਲਿਆ, ਅਰਦਾਸ ਕਰਵਾ ਲਈ, ਕੀਰਤਨ ਕਰਵਾ ਲਿਆ, ਆਦਿ ਬਾਰੇ ਤਾਂ ਬਹੁਤ ਸੁਣਿਆ ਜਾਂਦਾ ਹੈ, ਪਰ ਕੋਈ
ਵਿਰਲਾ ਹੀ ਦਿਸਦਾ ਹੈ, ਜੋ ਪਾਠ ਆਪ ਕਰਦਾ ਹੈ, ਅਰਦਾਸ ਆਪ ਕਰਦਾ ਹੈ ਤੇ ਗੁਰਬਾਣੀ ਨੂੰ ਆਪ ਵੀਚਾਰਦਾ
ਹੈ। ਲੋਕਾਂ ਨੂੰ ਵਿਖਾਉਣ ਲਈ ਤੇ ਉਨ੍ਹਾਂ ਦੀ ਵਡਿਆਈ ਲੈਂਣ ਦਾ ਤਾਂ ਪੂਰਾ ਯਤਨ ਕਰਦੇ ਹਨ, ਪਰ ਅਕਾਲ
ਪੁਰਖੁ ਦੀ ਮਿਹਰ ਜਾਂ ਬਖ਼ਸ਼ਸ ਦਾ ਨਹੀਂ। ਜੇ ਕੋਈ ਮਨੁੱਖ ਸਾਰੀ ਧਰਤੀ ਤੇ ਘੁੰਮ ਲਏ, ਬਹੁਤ ਲੰਮੀ ਉਮਰ
ਤਕ ਜੀਊਂਦਾ ਰਹੇ, ਜਗਤ ਨੂੰ ਤਿਆਗ ਕੇ ਬਹੁਤ ਵੱਡਾ ਤਪੀ ਬਣ ਜਾਏ; ਅੱਗ ਵਿੱਚ ਆਪਣੀ ਜਿੰਦ ਸਾੜ ਕੇ
ਕੁਰਬਾਨ ਕਰ ਦੇਵੇ; ਸੋਨਾ, ਚਾਂਦੀ, ਵਧੀਆ ਘੋੜੇ ਤੇ ਜਮੀਨ ਦਾਨ ਕਰ ਦੇਵੇ; ਨਿਉਲੀ ਕਰਮ ਤੇ ਹੋਰ
ਬਹੁਤ ਸਾਰੇ ਯੋਗ ਆਸਨ ਕਰੇ, ਜੈਨੀਆਂ ਦੇ ਰਸਤੇ ਚੱਲ ਕੇ ਬੜੇ ਕਠਿਨ ਸਾਧਨ ਤੇ ਸੰਜਮ ਕਰੇ; ਸਰੀਰ ਨੂੰ
ਬੋਟੀ ਬੋਟੀ ਕਰ ਕੇ ਕਟਾ ਦੇਵੇ, ਤਾਂ ਵੀ ਮਨ ਵਿਚਲੀ ਹਉਮੈ ਦੀ ਮੈਲ ਦੂਰ ਨਹੀਂ ਹੁੰਦੀ। ਇਸ ਤਰ੍ਹਾਂ
ਦਾ ਕੀਤਾ ਹੋਇਆ ਕੋਈ ਵੀ ਉੱਦਮ, ਅਕਾਲ ਪੁਰਖੁ ਦੇ ਨਾਮੁ ਦੇ ਬਰਾਬਰ ਬਿਲਕੁਲ ਨਹੀਂ ਹੈ। ਪਰ ਜੋ
ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮੁ ਜਪਦੇ ਹਨ, ਗੁਰਬਾਣੀ ਦੀ ਸਿਖਿਆ ਅਨੁਸਾਰ ਚਲਦੇ ਹਨ, ਉਹ ਉੱਚੀ
ਆਤਮਕ ਅਵਸਥਾ ਹਾਸਲ ਕਰ ਲੈਂਦੇ ਹਨ।
ਨਉ ਖੰਡ ਪ੍ਰਿਥਮੀ ਫਿਰੈ
ਚਿਰੁ ਜੀਵੈ॥ ਮਹਾ ਉਦਾਸੁ ਤਪੀਸਰੁ ਥੀਵੈ॥ ਅਗਨਿ ਮਾਹਿ ਹੋਮਤ ਪਰਾਨ॥ ਕਨਿਕ ਅਸ੍ਵ ਹੈਵਰ ਭੂਮਿ ਦਾਨ॥
ਨਿਉਲੀ ਕਰਮ ਕਰੈ ਬਹੁ ਆਸਨ॥
ਜੈਨ ਮਾਰਗ ਸੰਜਮ ਅਤਿ ਸਾਧਨ॥ ਨਿਮਖ ਨਿਮਖ ਕਰਿ ਸਰੀਰੁ ਕਟਾਵੈ॥ ਤਉ ਭੀ ਹਉਮੈ ਮੈਲੁ ਨ ਜਾਵੈ॥
ਹਰਿ ਕੇ ਨਾਮ ਸਮਸਰਿ ਕਛੁ ਨਾਹਿ॥
ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਹਿ॥
੨॥ (੨੬੫)
ਭਰਮਾਂ ਤੇ ਵਹਿਮਾਂ ਕਰਕੇ
ਲੋਕ ਡੇਰੇ ਵਾਲਿਆਂ ਤੇ ਬ੍ਰਾਹਮਣ ਦੇ ਜਾਲ ਵਿੱਚ ਆਸਾਨੀ ਨਾਲ ਫਸ ਜਾਂਦੇ ਹਨ। ਇਨ੍ਹਾਂ ਸਭਨਾਂ ਦਾ
ਜੋਰ ਸੁੱਚਮਤਾ ਤੇ ਹੀ ਹੁੰਦਾ ਹੈ, ਕਿਉਂਕਿ ਇਸ ਤਰੀਕੇ ਨਾਲ ਲੋਕਾਂ ਨੂੰ ਹੋਰ ਕਈ ਤਰ੍ਹਾਂ ਦੇ ਭਰਮਾਂ
ਤੇ ਵਹਿਮਾਂ ਵਿੱਚ ਆਸਾਨੀ ਨਾਲ ਫਸਾਇਆ ਜਾ ਸਕਦਾ ਹੈ। ਬ੍ਰਾਹਮਣ ਆਪਣੇ ਜਜਮਾਨਾਂ ਨੂੰ ਇਹੀ ਦੱਸਦਾ ਹੈ
ਕਿ ਬ੍ਰਾਹਮਣ ਨੂੰ ਦਿੱਤਾ ਦਾਨ ਹੀ ਮੁੱਕਤੀ ਮਿਲਣ ਦਾ ਰਸਤਾ ਹੈ। ਬ੍ਰਾਹਮਣ ਸਰਾਧ ਆਦਿਕ ਦੇ ਸਮੇਂ
ਜਜਮਾਨ ਦੇ ਘਰ ਜਾ ਕੇ ਚੌਕੇ ਵਿੱਚ ਬੈਠ ਕੇ ਆਪਣੀ ਧੋਤੀ ਦਾ ਉਪਰਲਾ ਅੱਧਾ ਹਿੱਸਾ ਲਾਹ ਕੇ ਹੇਠਾਂ ਧਰ
ਲੈਂਦਾ ਹੈ ਤੇ ਖੋਤੇ ਵਾਂਗ ਦਬਾ ਦਬ ਖੀਰ ਆਦਿਕ ਆਪਣੇ ਢਿੱਡ ਵਿੱਚ ਪਾਈ ਜਾਂਦਾ ਹੈ। ਬ੍ਰਾਹਮਣ
ਮੂੰਹੋਂ ਤਾਂ ਮਿੱਠੀ ਸੁਰ ਨਾਲ ਵੇਦ ਮੰਤ੍ਰ ਪੜ੍ਹਦਾ ਹੈ, ਪਰ ਆਪਣੇ ਜਜਮਾਨਾਂ ਨਾਲ ਧੋਖਾ ਕਰਦਿਆਂ
ਰਤਾ ਵੀ ਨਹੀਂ ਝਿਜਕਦਾ। ਅੱਜਕਲ ਸਿੱਖ ਧਰਮ ਨਾਲ ਸਬੰਧ ਰੱਖਣ ਵਾਲੇ ਕਈ ਪ੍ਰਵਾਰਾਂ ਨੇ ਵੀ ਸਰਾਧਾਂ
ਦੇ ਸਮੇਂ ਪਾਠੀਆਂ ਤੇ ਰਾਗੀਆਂ ਨੂੰ ਖਾਣਾਂ ਖਵਾਉਂਣਾਂ ਸ਼ੁਰੂ ਕਰ ਦਿੱਤਾ ਹੈ। ਅਜੇਹਾ ਕਰਨ ਨਾਲ ਕੁੱਝ
ਵੀ ਨਹੀਂ ਹੋਣਾਂ ਹੈ, ਕਿਉਂਕਿ ਮਨੁੱਖ ਦੇ ਵੱਸ ਕੁੱਝ ਵੀ ਨਹੀਂ ਹੈ। ਹਾਂ ਕੇ ਕਰ ਖਾਣੇ ਦਾ ਨਾਲ ਨਾਲ
ਕੁੱਝ ਸਮਾਂ ਗੁਰਬਾਣੀ ਦੀ ਵੀਚਾਰ ਸਾਂਝੀ ਕੀਤੀ ਜਾਵੇ ਤਾਂ ਕੁੱਝ ਭਲਾ ਹੋ ਸਕਦਾ ਹੈ। ਭਲਾ ਅਕਾਲ
ਪੁਰਖੁ ਦੇ ਗੁਣ ਆਪਣੇ ਹਿਰਦੇ ਵਿੱਚ ਵਸਾਉਂਣ ਨਾਲ ਹੋਣਾਂ ਹੈ। ਜਿਸ ਮਨੁੱਖ ਉੱਤੇ ਅਕਾਲ ਪੁਰਖੁ ਮਿਹਰ
ਕਰਦਾ ਹੈ, ਉਹ ਅਕਾਲ ਪੁਰਖੁ ਦੇ ਗੁਣ ਆਪਣੇ ਹਿਰਦੇ ਵਿੱਚ ਗੁਰਬਾਣੀ ਦੁਆਰਾ ਵਸਾਉਂਦਾ ਹੈ, ਜਿਸ ਸਦਕਾ
ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਤੇ ਉਹ ਕਿਸੇ ਨਾਲ ਠੱਗੀ ਜਾਂ ਫ਼ਰੇਬ ਨਹੀਂ ਕਰਦਾ। ਅਕਾਲ
ਪੁਰਖੁ ਦੇ ਨਾਮੁ ਦੀ ਕਮਾਈ ਕਰਨ ਤੋਂ ਬਿਨਾ ਮੁਕਤੀ ਨਹੀਂ ਮਿਲਦੀ, ਇਸ ਲਈ ਅਕਾਲ ਪੁਰਖੁ ਦਾ ਨਾਮੁ
ਆਪਣੇ ਹਿਰਦੇ ਵਿੱਚ ਵਿਚਾਰਨਾ ਤੇ ਵਸਾਉਂਣਾਂ ਚਾਹੀਦਾ ਹੈ।
ਗਉੜੀ ਮਹਲਾ ੫॥ ਧੋਤੀ
ਖੋਲਿ ਵਿਛਾਏ ਹੇਠਿ॥ ਗਰਧਪ ਵਾਂਗੂ ਲਾਹੇ ਪੇਟਿ॥ ੧॥
ਬਿਨੁ ਕਰਤੂਤੀ ਮੁਕਤਿ ਨ ਪਾਈਐ॥ ਮੁਕਤਿ
ਪਦਾਰਥੁ ਨਾਮੁ ਧਿਆਈਐ॥ ੧॥ ਰਹਾਉ॥ (੨੦੧)
ਆਮ ਤੌਰ ਤੇ ਝੂਠ ਨੂੰ ਸਚੁ
ਕਰਕੇ ਮੰਨਿਆਂ ਜਾਂਦਾ ਹੈ ਅਤੇ ਸਚੁ ਨੂੰ ਝੂਠ ਕਰਕੇ ਮੰਨਿਆਂ ਜਾਂਦਾ ਹੈ, ਕਿਉਂਕਿ ਸਚੁ ਮਨ ਨੂੰ
ਕੌੜਾ ਲਗਦਾ ਹੈ, ਤੇ ਝੂਠ ਮਿਠਾ ਲਗਦਾ ਹੈ। ਜੇ ਕਰ ਕੋਈ ਅਕਲ ਦੀ ਗਲ ਕਹਿੰਦਾ ਹੈ ਤਾਂ ਕੌੜੀ ਲਗਦੀ
ਹੈ ਤੇ ਅਕਸਰ ਹਜਮ ਨਹੀਂ ਹੁੰਦੀ। ਲੋਕਾਂ ਦੀ ਭੀੜ ਕਲੱਬਾਂ ਤੇ ਡਾਂਅਸ ਬਾਰਾਂ ਵਿੱਚ ਅਕਸਰ ਵੇਖੀ
ਜਾਂਦੀ ਹੈ, ਕਿਉਂਕਿ ਘਟੀਆਂ ਕੰਮ ਮਨ ਨੂੰ ਚੰਗੇ ਲਗਦੇ ਹਨ। ਇਸ ਦੇ ਉਲਟ ਧਰਮ ਸਥਾਨਾਂ ਵਿੱਚ ਬਹੁਤ
ਘਟ ਭੀੜ ਹੁੰਦੀ ਹੈ, ਕਿਉਂਕਿ ਉਥੇ ਮੱਤ ਸਖਾਈ ਜਾਂਦੀ ਹੈ, ਜੋ ਮਨ ਨੂੰ ਪਸੰਦ ਨਹੀਂ। ਮਨ ਨੂੰ
ਉਤੇਜਿਤ ਕਰਨ ਲਈ ਲੋਕ ਪੈਸੇ ਦੇ ਕੇ ਵੀ ਕਲੱਬਾਂ ਵਿੱਚ ਜਾਂਦੇ ਹਨ। ਪਰ ਜਿਥੇ ਅਕਲ ਸਖਾਈ ਜਾਂਦੀ ਹੈ,
ਉਥੇ ਮੁਫਤ ਵਿੱਚ ਵੀ ਜਾਣ ਲਈ ਤਿਆਰ ਨਹੀਂ ਹੁੰਦੇ। ਇਹੀ ਕਾਰਨ ਹੈ ਕਿ ਮਨੁੱਖ ਸਹੀ ਮਾਰਗ ਛੱਡ ਕੇ
ਗਲਤ ਮਾਰਗ ਅਸਾਨੀ ਨਾਲ ਫੜ ਲੈਂਦਾ ਹੈ। ਇਹੀ ਹਾਲ ਅੱਜਕਲ ਆਮ ਸਿੱਖਾਂ ਦਾ ਹੋ ਗਿਆ ਹੈ। ਲੋਕਾਂ ਨੂੰ
ਹਾਰਮੋਨੀਅਮ ਨਾਲ ਕੀਤਾ ਗਿਆ ਕੀਰਤਨ ਚੰਗਾ ਲਗਦਾ ਹੈ, ਕਿਉਂਕਿ ਉਸ ਵਿੱਚ ਰਾਗ ਹੈ, ਗੁਰਮਤਿ ਵੀਚਾਰ
ਪਸੰਦ ਨਹੀਂ ਕਿਉਂਕਿ ਉਸ ਨਾਲ ਉਨ੍ਹਾਂ ਦੇ ਅੰਦਰਲੇ ਵਿਕਾਰਾਂ ਦੇ ਪੋਲ ਖੁਲਦੇ ਹਨ। ਪ੍ਰਬੰਧਕਾਂ ਨੂੰ
ਸਚਾਈ ਪਸੰਦ ਨਹੀਂ ਕਿਉਂਕਿ ਉਨ੍ਹਾਂ ਦੀਆਂ ਵੋਟਾਂ ਖੁਸਦੀਆਂ ਹਨ। ਇਹੀ ਕਾਰਨ ਹੈ ਕਿ ਅੱਜਕਲ
ਗੁਰਦੁਆਰਿਆਂ ਵਿੱਚ ਗੁਰਮਤਿ ਘੱਟ ਤੇ ਮਨਮਤਿ ਜਿਆਦਾ ਹੋ ਗਈ ਹੈ।
ਮਨ ਨੂੰ ਖੁਸ਼ ਕਰਨ ਲਈ
ਮਨੁੱਖ ਮਾਇਆ ਤਾਂ ਬਹੁਤ ਇਕੱਠੀ ਕਰਦਾ ਹੈ, ਪਰ ਗੂਰੂ ਦੀ ਮਤ ਇਕੱਠੀ ਕਰਨ ਲਈ ਕੋਈ ਵਿਰਲਾ ਹੀ
ਉਪਰਾਲਾ ਕਰਦਾ ਹੈ। ਇਹ ਸਾਰੀ ਜਾਇਦਾਦ ਤੇ ਮਾਲ-ਧਨ ਨੇ ਇੱਕ ਦਿਨ ਬਿਗਾਨਾ ਹੋ ਜਾਣਾ ਹੈ, ਪਰ ਉਸ ਨੂੰ
ਅਸੀਂ ਆਪਣਾ ਮੰਨੀ ਬੈਠੇ ਹਾਂ। ਸਾਡਾ ਮਨ ਮਾਇਆ ਇਕੱਠੀ ਕਰਨ ਵਿੱਚ ਮਸਤ ਰਹਿੰਦਾ ਹੈ, ਜਿਸ ਨੂੰ ਆਖ਼ਿਰ
ਇੱਕ ਦਿਨ ਇਥੇ ਹੀ ਛੱਡ ਜਾਣਾ ਹੈ। ਸਾਡਾ ਮਾਇਆ ਨਾਲ ਪਿਆਰ ਹੈ, ਜਿਸ ਵਲੋਂ ਸਾਨੂੰ ਗੁਰਬਾਣੀ ਵਿੱਚ
ਵਰਜਿਆ ਜਾਂਦਾ ਹੈ। ਅਜੇਹੀ ਹਾਲਤ ਵਿੱਚ ਅਸੀਂ ਅਕਾਲ ਪੁਰਖੁ ਨੂੰ ਕਿਵੇਂ ਮਿਲ ਸਕਦੇ ਹਾਂ? ਇਹ ਖ਼ਿਆਲ
ਝੂਠਾ ਹੈ, ਕਿ ਅਸਾਂ ਇਥੇ ਸਦਾ ਲਈ ਬਹਿ ਰਹਿਣਾ ਹੈ, ਪਰ ਇਸ ਝੂਠੀ ਗੱਲ ਨੂੰ ਅਸਾਂ ਠੀਕ ਸਮਝਿਆ ਹੋਇਆ
ਹੈ। ਮੌਤ ਜੋ ਜ਼ਰੂਰ ਵਾਪਰਨੀ ਹੈ, ਉਹ ਸਾਡੇ ਮਨ ਵਿੱਚ ਰਤਾ ਭਰ ਵੀ ਨਹੀਂ ਆਂਉਂਦੀ ਤੇ ਨਾ ਹੀ ਮਨ ਨੂੰ
ਚੰਗੀ ਲਗਦੀ ਹੈ। ਮਾਇਆ ਨਾਲ ਪਿਆਰ ਪਾਉਂਣ ਕਰਕੇ, ਅਸਾਂ ਜੀਵਨ ਦਾ ਮੰਦਾ ਰਸਤਾ ਅਪਨਾਇਆ ਹੋਇਆ ਹੈ।
ਅਸੀਂ ਜੀਵਨ ਦੀ ਟੇਢੀ ਚਾਲ ਚੱਲ ਰਹੇ ਹਾਂ, ਤੇ ਜੀਵਨ ਦਾ ਸਿੱਧਾ ਰਾਹ ਛੱਡ ਕੇ ਪੁੱਠਾ ਤਾਣਾ ਬੁਣ
ਰਹੇ ਹਾਂ।
ਝੂਠੁ
ਬਾਤ ਸਾ ਸਚੁ ਕਰਿ ਜਾਤੀ॥ ਸਤਿ ਹੋਵਨੁ ਮਨਿ ਲਗੈ ਨ
ਰਾਤੀ॥ ੨॥ ਬਾਵੈ ਮਾਰਗੁ ਟੇਢਾ ਚਲਨਾ॥ ਸੀਧਾ ਛੋਡਿ ਅਪੂਠਾ ਬੁਨਨਾ॥ ੩॥ (੧੮੫)
ਅਕਾਲ ਪੁਰਖੁ ਆਪ ਹੀ
ਦੁਨੀਆਂ ਪੈਦਾ ਕਰ ਕੇ, ਆਪ ਹੀ ਇਸ ਦਾ ਧਿਆਨ ਰੱਖਦਾ ਹੈ। ਇਸ ਸੰਸਾਰ ਵਿੱਚ ਕਈ ਜੀਵ ਖੋਟੇ ਹਨ,
ਕਿਉਂਕਿ ਉਨ੍ਹਾਂ ਅੰਦਰ ਅਕਾਲ ਪੁਰਖੁ ਵਰਗੇ ਗੁਣ ਨਹੀਂ ਹਨ। ਕਈ ਸ਼ਾਹੀ ਸਿੱਕੇ ਵਾਂਗ ਖਰੇ ਹਨ,
ਕਿਉਂਕਿ ਉਹ ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਵਿੱਚ ਰਹਿੰਦੇ ਹਨ।। ਇਨ੍ਹਾਂ ਸਭਨਾਂ ਦੀ ਪਰਖ ਕਰਨ
ਵਾਲਾ ਅਕਾਲ ਪੁਰਖੁ ਆਪ ਹੀ ਹੈ। ਅਸਲੀ ਰੁਪਏ ਦੀ ਤਰ੍ਹਾਂ, ਖਰੇ ਬੰਦੇ ਅਕਾਲ ਪੁਰਖੁ ਦੇ ਖ਼ਜ਼ਾਨੇ ਵਿੱਚ
ਪਾਏ ਜਾਂਦੇ ਹਨ, ਭਾਵ, ਉਨ੍ਹਾਂ ਦਾ ਜੀਵਨ ਪ੍ਰਵਾਨ ਹੁੰਦਾ ਹੈ ਤੇ ਖੋਟੇ ਬਾਹਰਲੇ ਪਾਸੇ ਸੁੱਟੇ
ਜਾਂਦੇ ਹਨ, ਭਾਵ, ਅਜੇਹੇ ਜੀਵ ਚੰਗਿਆਂ ਵਿੱਚ ਨਹੀਂ ਰਲ ਸਕਦੇ, ਸੱਚੀ ਦਰਗਾਹ ਵਿੱਚ ਇਨ੍ਹਾਂ ਨੂੰ
ਧੱਕੇ ਮਿਲਦੇ ਹਨ। ਕੋਈ ਹੋਰ ਥਾਂ ਐਸਾ ਨਹੀਂ, ਜਿਥੇ ਇਹ ਸਹਾਇਤਾ ਲਈ ਪੁਕਾਰ ਕਰ ਸਕਣ। ਕਿਸੇ ਵੀ
ਡੇਰੇ ਵਾਲੇ ਜਾਂ ਮਨੁੱਖ ਕੋਲ ਚਲੇ ਜਾਉ, ਇਸ ਮਾਮਲੇ ਵਿੱਚ ਕੋਈ ਸਹਾਇਤਾ ਨਹੀਂ ਕਰ ਸਕੇਗਾ। ਜਿਸ
ਵਿਅਕਤੀ ਨੂੰ ਆਪਣੇ ਜੀਵਨ ਦਾ ਭਰੋਸਾ ਨਹੀਂ ਉਹ ਸਾਡੀ ਰੱਖਿਆ ਕੀ ਕਰ ਸਕੇਗਾ। ਵਿਕਾਰੀ ਜੀਵਨ ਵਾਲੇ
ਮਨੁੱਖਾਂ ਲਈ ਸਭ ਤੋਂ ਚੰਗੀ ਗੱਲ ਇਹੀ ਹੈ, ਕਿ ਸਤਿਗੁਰੂ ਦੀ ਸਰਨੀ ਜਾ ਪੈਣ। ਸਤਿਗੁਰੁ ਖੋਟਿਆਂ ਤੋਂ
ਖਰੇ ਬਣਾ ਦੇਂਦਾ ਹੈ, ਕਿਉਂਕਿ ਗੁਰੂ ਆਪਣੇ ਸ਼ਬਦ ਰਾਹੀਂ ਖਰੇ ਬਣਾਣ ਦੀ ਸਮਰੱਥਾ ਰੱਖਦਾ ਹੈ। ਅਜੇਹੇ
ਖੋਟੇ ਜੀਵ ਵੀ ਸਤਿਗੁਰ ਦੇ ਬਖ਼ਸ਼ੇ ਪ੍ਰੇਮ ਪਿਆਰ ਕਰਕੇ, ਅਕਾਲ ਪੁਰਖੁ ਦੀ ਦਰਗਾਹ ਵਿੱਚ ਆਦਰ ਪਾਂਦੇ
ਹਨ। ਭਾਈ ਸੱਜਣ ਜੀ, ਭਾਈ ਕੌਡਾ ਜੀ, ਭਾਈ ਬਿਧੀ ਚੰਦ ਜੀ, ਵਰਗਿਆਂ ਨੇ ਆਪਣਾ ਵਿਕਾਰੀ ਜੀਵਨ ਤਿਆਗ
ਦਿੱਤਾ ਤੇ ਸਬਦ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਣਾ ਜੀਵਨ ਸਫਲ ਕਰ ਲਿਆ। ਜਿਨ੍ਹਾਂ ਨੂੰ ਕਰਤਾਰ ਆਪ
ਬਖ਼ਸ਼ ਦਿੰਦਾਂ ਹੈ, ਉਨ੍ਹਾਂ ਦੀ ਕੋਈ ਨਿੰਦਾ ਕਿਸ ਤਰ੍ਹਾਂ ਕਰ ਸਕਦਾ ਹੈ, ਉਨ੍ਹਾਂ ਨੂੰ ਕਿਸੇ ਤਰ੍ਹਾਂ
ਦਾ ਲੇਖਾ ਜੋਖਾ ਵੀ ਨਹੀਂ ਦੇਣਾਂ ਪੈਂਦਾ ਹੈ। ਇਸ ਲਈ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਸਿਰਫ ਇਕੋ
ਇੱਕ ਤਰੀਕਾ ਹੈ, ਤੇ ਉਹ ਹੈ, ਸ਼ਬਦ ਗੁਰੂ, ਭਾਵ ਗੁਰਬਾਣੀ ਦਾ ਓਟ ਆਸਰਾ।
ਪਉੜੀ॥ ਆਪੇ ਕੁਦਰਤਿ ਸਾਜਿ
ਕੈ ਆਪੇ ਕਰੇ ਬੀਚਾਰੁ॥ ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ॥
ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ
ਬਾਹਰ ਵਾਰਿ॥ ਖੋਟੇ ਸਚੀ ਦਰਗਹ ਸੁਟੀਅਹਿ ਕਿਸੁ
ਆਗੈ ਕਰਹਿ ਪੁਕਾਰ॥ ਸਤਿਗੁਰ
ਪਿਛੈ ਭਜਿ ਪਵਹਿ ਏਹਾ ਕਰਣੀ ਸਾਰੁ॥ ਸਤਿਗੁਰੁ
ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ॥ ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ॥ ਗਣਤ ਤਿਨਾ ਦੀ
ਕੋ ਕਿਆ ਕਰੇ ਜੋ ਆਪਿ ਬਖਸੇ ਕਰਤਾਰਿ॥ ੧੨॥ (੧੪੩)
ਆਮ ਵੇਖਣ ਵਿੱਚ ਆਂਉਂਦਾ
ਹੈ ਕਿ ਬਾਹਰਲੀ ਸੁੱਚ ਤੇ ਤਾਂ ਬਹੁਤ ਜੋਰ ਦਿਤਾ ਜਾਂਦਾ ਹੈ, ਪਰ ਅੰਦਰਲੀ ਸੁੱਚ ਤੇ ਨਹੀਂ। ਸਰੀਰਕ
ਸੁੱਚਮਤਾ ਸਿਰਫ ਇਸ ਦੇਸ ਦੇ ਲੋਕਾਂ ਵਿੱਚ ਹੀ ਹੈ, ਸਿੱਖ ਧਰਮ ਵਿੱਚ ਸਰੀਰਕ ਸਫਾਈ ਨੂੰ ਮਾਨਤਾ ਹੈ,
ਪਰ ਬਾਹਰਲੀ ਸੁੱਚਮਤਾ ਨੂੰ ਨਹੀਂ। ਸਰੀਰਕ ਸਫਾਈ ਨਾਲ ਸਰੀਰ ਤੰਦਰੁਸਤ ਤੇ ਰਿਸ਼ਟਪੁਸ਼ਟ ਰਹਿੰਦਾ ਹੈ,
ਪਰੰਤੂ ਬਾਹਰਲੀ ਸੁੱਚਮਤਾ ਕਰਮ ਕਾਂਡਾ ਤੇ ਆਪਸੀ ਭੇਦ ਭਾਵ ਵੱਲ ਲੈ ਜਾਂਦੀ ਹੈ, ਇਹੀ ਕਾਰਨ ਹੈ ਕਿ
ਗੁਰਬਾਣੀ ਵਿੱਚ ਅੰਦਰਲੀ ਸੁੱਚ ਪੈਦਾ ਕਰਨ ਲਈ ਸਿਖਿਆ ਦਿੱਤੀ ਗਈ ਹੈ। ਅਸੀਂ ਅੰਦਰੋਂ ਵਿਕਾਰਾ ਨਾਲ
ਭਰੇ ਹੋਏ ਹਾਂ, ਇਸ ਲਈ ਆਪਣੇ ਅੰਦਰਲੇ ਵਿਕਾਰ ਤਿਆਗ ਕੇ, ਅਕਾਲ ਪੁਰਖੁ ਦੇ ਗੁਣ ਧਾਰਨ ਕਰਨੇ ਹਨ।
ਅਕਾਲ ਪੁਰਖੁ ਅੱਗੇ ਬੇਨਤੀ ਕਰਨੀ ਹੈ, ਕਿ ਹੇ ਗ਼ਰੀਬ ਨਿਵਾਜ਼! , ਗਰੀਬਾਂ ਉਤੇ ਬਖ਼ਸ਼ਸ਼ਾਂ ਕਰਨ ਵਾਲੇ!
ਮੇਰੇ ਉਤੇ ਮੇਹਰ ਕਰ, ਮੇਰਾ ਕੋਈ ਗੁਣ ਨਾ ਵਿਚਾਰੀਂ, ਮੇਰਾ ਕੋਈ ਔਗੁਣ ਨਾ ਵਿਚਾਰੀਂ, ਕਿਉਂਕਿ ਮੇਰੇ
ਅੰਦਰ ਤਾਂ ਔਗੁਣ ਹੀ ਔਗੁਣ ਹਨ। ਜਿਵੇਂ ਪਾਣੀ ਨਾਲ ਧੋਤਿਆਂ ਮਿੱਟੀ ਦਾ ਮੈਲਾ-ਪਨ ਕਦੇ ਖਤਮ ਨਹੀਂ ਹੋ
ਸਕਦਾ, ਠੀਕ ਉਸੇ ਤਰ੍ਹਾਂ ਸਾਡਾ ਜੀਵਾਂ ਦਾ ਵੀ ਇਹੀ ਹਾਲ ਹੈ। ਭਾਵੇਂ ਹਰੇਕ ਮਨੁੱਖ ਆਪਣੇ ਆਪ ਨੂੰ
ਸਹੀ ਤੇ ਅਕਲਮੰਦ ਸਮਝਦਾ ਹੈ, ਪਰ ਅਸਲੀਅਤ ਇਹ ਹੈ, ਕਿ ਸਾਡੇ ਮਨ ਦੇ ਅੰਦਰ ਲਗਾਤਾਰ ਵਿਕਾਰ ਪੈਦਾ
ਹੁੰਦੇ ਰਹਿੰਦੇ ਹਨ। ਆਪਣੇ ਮਨ ਨੂੰ
ਸਮਝਾਂਉਣਾਂ ਹੈ, ਕਿ ਗੁਰੂ ਦੀ ਸਰਨ ਪਿਆ ਰਹੁ, ਕਿਉਂਕਿ ਸਬਦ ਗੁਰੂ ਦੇ ਦਰ ਤੇ ਰਿਹਾਂ ਹੀ ਸਚਾਈ ਦੀ
ਸਮਝ ਆਂਉਂਦੀ ਹੈ, ਅਸਲੀਅਤ ਦਾ ਪਤਾ ਲਗਦਾ ਹੈ, ਜੀਵਨ ਬਾਰੇ ਸੋਝੀ ਪ੍ਰਾਪਤ ਹੁੰਦੀ ਹੈ, ਦੁਖ ਸੁਖ ਸਮ
ਕਰਕੇ ਜਾਨਣ ਦੀ ਜਾਚ ਆਂਉਂਦੀ ਹੈ, ਜਿਸ ਸਦਕਾ ਆਨੰਦ ਮਿਲਦਾ ਹੈ।
ਕਿਰਪਾ
ਕਰਹੁ ਦੀਨ ਕੇ ਦਾਤੇ ਮੇਰਾ ਗੁਣੁ ਅਵਗਣੁ ਨ ਬੀਚਾਰਹੁ ਕੋਈ॥ ਮਾਟੀ ਕਾ ਕਿਆ ਧੋਪੈ ਸੁਆਮੀ ਮਾਣਸ ਕੀ
ਗਤਿ ਏਹੀ॥ ੧॥ (੮੮੨, ੮੮੩)
ਮੈਲੇ ਸਰੀਰ ਵਾਲੇ ਮਨੁੱਖ
ਨੂੰ ਅਸੀਂ ਆਪਣੇ ਘਰ ਵਿੱਚ ਵੜਨ ਨਹੀਂ ਦਿੰਦੇ ਹਾਂ। ਇਸੇ ਤਰ੍ਹਾਂ ਅਕਾਲ ਪੁਰਖੁ, ਮੈਲੇ ਮਨ ਵਾਲੇ
ਮਨੁੱਖ ਨੂੰ ਆਪਣੇ ਦਰ ਵਿੱਚ ਅਸਥਾਨ ਨਹੀਂ ਦਿੰਦਾਂ ਹੈ। ਇਸ
ਜਗਤ ਵਿੱਚ ਸਿਰਫ ਇੱਕ ਕਰਤਾਰ ਹੀ ਸਦਾ-ਥਿਰ ਰਹਿਣ ਵਾਲਾ ਦਿੱਸਦਾ ਹੈ, ਹੋਰ ਸਾਰੀ ਸ੍ਰਿਸ਼ਟੀ ਜੰਮਦੀ
ਮਰਦੀ ਰਹਿੰਦੀ ਹੈ। ਉਹ ਅਕਾਲ ਪੁਰਖੁ ਆਪ ਤਾਂ ਮਾਇਆ ਦੇ ਮੋਹ ਦੀ ਮੈਲ ਤੋਂ ਸਾਫ਼ ਹੈ, ਪਰ ਬਾਕੀ ਸਾਰੀ
ਦੁਨੀਆਂ ਇਸ ਮਾਇਆ ਦੇ ਮੋਹ ਦੇ ਬੰਧਨਾਂ ਵਿੱਚ ਬੱਝੀ ਪਈ ਹੈ। ਜਿਨ੍ਹਾਂ ਨੂੰ ਗੁਰੂ ਨੇ ਇਸ ਮਾਇਆ ਦੇ
ਮੋਹ ਤੋਂ ਬਚਾ ਲਿਆ ਹੈ, ਉਹ ਸਦਾ-ਥਿਰ ਅਕਾਲ ਪੁਰਖੁ ਦੇ ਚਰਨਾਂ ਵਿੱਚ ਲਿਵ ਲਾਈ ਰੱਖਦੇ ਹਨ ਤੇ ਮਾਇਆ
ਬੰਧਨਾਂ ਤੋਂ ਬਚ ਜਾਂਦੇ ਹਨ। ਗੁਰਬਾਣੀ ਦੁਆਰਾ ਅਕਾਲ ਪੁਰਖੁ ਨਾਲ ਜਾਣ-ਪਛਾਣ ਪੈ ਸਕਦੀ ਹੈ, ਤੇ
ਗੁਰੂ ਦੇ ਸ਼ਬਦ ਨਾਲ ਆਪਣੇ ਆਪ ਨੂੰ ਅਕਾਲ ਪੁਰਖੁ ਦੇ ਪ੍ਰੇਮ ਵਿੱਚ ਰੰਗਿਆ ਜਾ ਸਕਦਾ ਹੈ। ਗੁਰਬਾਣੀ
ਦੁਆਰਾ ਜਿਸ ਮਨੁੱਖ ਦੀ ਲਿਵ ਅਕਾਲ ਪੁਰਖੁ ਨਾਲ ਲਗ ਜਾਂਦੀ ਹੈ, ਉਸ ਦਾ ਮਨ ਅਕਾਲ ਪੁਰਖੁ ਦੇ ਚਰਨਾਂ
ਵਿੱਚ ਟਿਕਿਆ ਰਹਿੰਦਾ ਹੈ, ਉਸ ਦੇ ਸਰੀਰ ਅੰਦਰ ਮਾਇਆ ਦੀ ਮੈਲ ਨਹੀਂ ਲੱਗਦੀ। ਸਦਾ-ਥਿਰ ਅਕਾਲ ਪੁਰਖੁ
ਦੀ ਪ੍ਰਾਪਤੀ ਉਸੇ ਮਨੁੱਖ ਨੂੰ ਹੁੰਦੀ ਹੈ, ਜਿਸ ਉਤੇ ਉਹ ਮਿਹਰ ਦੀ ਨਿਗਾਹ ਕਰਦਾ ਹੈ। ਇਹ ਹਮੇਸ਼ਾਂ
ਧਿਆਨ ਵਿੱਚ ਰੱਖਣਾਂ ਹੈ ਕਿ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਨਾਮੁ ਨੂੰ ਹਿਰਦੇ ਵਿੱਚ ਵਸਾਉਂਣ
ਤੋਂ ਬਿਨਾ, ਉਸ ਨਾਲ ਸੰਬੰਧ ਨਹੀਂ ਬਣ ਸਕਦਾ।
ਅਸਥਿਰੁ ਕਰਤਾ ਦੇਖੀਐ
ਹੋਰੁ ਕੇਤੀ ਆਵੈ ਜਾਇ॥ ਆਪੇ
ਨਿਰਮਲੁ ਏਕੁ ਤੂੰ ਹੋਰ ਬੰਧੀ ਧੰਧੈ ਪਾਇ॥ ਗੁਰਿ ਰਾਖੇ ਸੇ ਉਬਰੇ ਸਾਚੇ ਸਿਉ ਲਿਵ ਲਾਇ॥
੪॥ ਹਰਿ ਜੀਉ ਸਬਦਿ ਪਛਾਣੀਐ ਸਾਚਿ ਰਤੇ ਗੁਰ ਵਾਕਿ॥
ਤਿਤੁ ਤਨਿ ਮੈਲੁ ਨ ਲਗਈ ਸਚ
ਘਰਿ ਜਿਸੁ ਓਤਾਕੁ॥ ਨਦਰਿ ਕਰੇ ਸਚੁ ਪਾਈਐ ਬਿਨੁ
ਨਾਵੈ ਕਿਆ ਸਾਕੁ॥ ੫॥ (੫੪-੫੫)
ਜਿਸ ਨੇ ਇਸ ਮਨੁੱਖਾ ਜਨਮ
ਵਿੱਚ ਪੂਰੇ ਗੁਰੂ ਦਾ ਪੱਲਾ ਨਹੀਂ ਫੜਿਆ, ਸਬਦ ਗੁਰੂ ਦਾ ਓਟ ਆਸਰਾ ਨਹੀਂ ਲਿਆ, ਆਪਣੇ ਆਪ ਨੂੰ
ਅੰਦਰੋਂ ਨਿਰਮਲ ਨਹੀਂ ਕੀਤਾ, ਉਸ ਨੇ ਇਹ ਆਪਣਾ ਵਡਮੁੱਲਾ ਮਨੁੱਖਾ ਜਨਮ ਵਿਅਰਥ ਗਵਾ ਲਿਆ। ਅਕਾਲ
ਪੁਰਖੁ ਆਪ ਨਿਰਮਲ ਹੈ, ਤੇ ਮਨੁੱਖ ਨੇ ਆਪਣੇ ਆਪ ਨੂੰ ਨਿਰਮਲ ਕਰਨ ਲਈ, ਆਪਣੇ ਅੰਦਰ ਉਸ ਵਰਗੇ ਗੁਣ
ਪੈਦਾ ਕਰਨੇ ਹਨ। ਮਨੁੱਖ ਨੇ ਆਪਣੇ ਆਪ ਨੂੰ ਕਿਸ ਤਰ੍ਹਾਂ ਨਿਰਮਲ ਕਰਨਾ ਹੈ, ਇਸ ਸਬੰਧੀ ਗੁਰਬਾਣੀ
ਵਿੱਚ ਬਹੁਤ ਸਾਰੇ ਸਬਦ ਅੰਕਿਤ ਕੀਤੇ ਗਏ ਹਨ। ਇਸ ਵਿਸ਼ੇ ਸਬੰਧੀ ਗੁਰਬਾਣੀ ਦੇ ਕੁੱਝ ਕੁ ਸਬਦ ਸਾਂਝੇ
ਕੀਤੇ ਜਾ ਰਹੇ ਹਨ ਤਾਂ ਜੋ ਸਾਨੂੰ ਆਪਣੇ ਆਪ ਨੂੰ ਅੰਦਰੋਂ ਨਿਰਮਲ ਕਰਨ ਦੀ ਜਾਚ ਆ ਸਕੇ।
ਅਕਾਲ ਪੁਰਖੁ ਸਦਾ
ਪਵਿੱਤ੍ਰ-ਸਰੂਪ ਰਹਿੰਦਾ ਹੈ, ਉਸ ਦੇ ਅੰਦਰ ਕੋਈ ਮੈਲ ਨਹੀਂ, ਕੋਈ ਭੇਦ ਭਾਵ ਨਹੀਂ, ਕੋਈ ਵੈਰ ਨਹੀਂ,
ਉਹ ਸਾਰਿਆਂ ਨਾਲ ਆਪਣੇ ਹੁਕਮੁ ਅਨੁਸਾਰ ਇਕੋ ਜਿਹਾ ਵਰਤਾਉ ਕਰਦਾ ਹੈ। ਇਸ ਲਈ ਨਿਰਮਲ ਮਨ ਦੁਆਰਾ ਹੀ
ਉਸ ਨੂੰ ਮਿਲਿਆ ਜਾ ਸਕਦਾ ਹੈ। ਅਕਾਲ ਪੁਰਖੁ ਦਾ ਨਾਮੁ ਸਾਰੇ ਗੁਣਾਂ ਦਾ ਖ਼ਜਾਨਾ ਹੈ, ਜਿਸ ਮਨੁੱਖ ਦੇ
ਮਨ ਵਿੱਚ ਨਾਮੁ ਵੱਸ ਪੈਂਦਾ ਹੈ, ਉਸ ਦਾ ਹਉਮੈਂ ਦਾ ਰੋਗ ਮਿਟ ਜਾਂਦਾ ਹੈ, ਜਿਸ ਸਦਕਾ ਜੀਵ ਦੇ ਸਾਰੇ
ਦੁੱਖ ਦੂਰ ਹੋ ਜਾਂਦੇ ਹਨ। ਗੁਰੂ ਸਾਹਿਬ ਸਮਝਾਂਉਂਦੇ ਹਨ ਕਿ ਮੈਂ ਉਸ ਭਾਗਾਂ ਵਾਲੇ ਮਨੁੱਖ ਤੋਂ ਸਦਾ
ਕੁਰਬਾਨ ਜਾਂਦਾ ਹਾਂ, ਜਿਸ ਨੰੂ ਸਤਿਗੁਰੂ ਨੇ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਦਾ ਸਬਦ ਸੁਣਾ ਦਿੱਤਾ
ਹੈ, ਭਾਵ, ਜਿਸਦੀ ਸੁਰਤਿ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਨਾਲ ਜੁੜ ਗਈ।
ਪ੍ਰਭੁ
ਮੇਰਾ ਸਦਾ ਨਿਰਮਲਾ ਮਨਿ ਨਿਰਮਲਿ ਪਾਇਆ ਜਾਇ॥ ਨਾਮੁ ਨਿਧਾਨੁ ਹਰਿ ਮਨਿ ਵਸੈ ਹਉਮੈ ਦੁਖੁ ਸਭੁ ਜਾਇ॥
ਸਤਿਗੁਰਿ ਸਬਦੁ ਸੁਣਾਇਆ ਹਉ ਸਦ ਬਲਿਹਾਰੈ ਜਾਉ॥
੭॥ (੬੫)
ਜਿਨ੍ਹਾਂ ਮਨੁੱਖਾਂ ਨੇ
ਅਕਾਲ ਪੁਰਖੁ ਦਾ ਨਾਮੁ ਸੁਣ ਕੇ ਮੰਨ ਲਿਆ ਹੈ, ਭਾਵ,
ਆਪਣੇ ਮਨ ਨੂੰ ਉਸ ਦੀ ਯਾਦ ਵਿੱਚ ਲੀਨ ਕਰ ਲਿਆ ਹੈ, ਉਨ੍ਹਾਂ ਦਾ ਆਪਣੇ ਆਤਮ ਤੀਰਥ ਵਿੱਚ ਨਿਵਾਸ
ਬਣਿਆ ਰਹਿੰਦਾ ਹੈ, ਤੇ ਉਨ੍ਹਾਂ ਦਾ ਮਨ ਬਾਹਰੀ ਭਟਕਣਾ ਤੋਂ ਹਟ ਜਾਂਦਾ ਹੈ। ਗੁਰੂ ਦੀ ਸਿੱਖਿਆ
ਅਨੁਸਾਰ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਕਰ ਕੇ, ਉਹ ਗੁਣਾਂ ਦੇ ਖ਼ਜ਼ਾਨੇ, ਭਾਵ ਅਕਾਲ ਪੁਰਖੁ ਨੂੰ
ਲੱਭ ਲੈਂਦੇ ਹਨ। ਗੁਰੂ ਸਾਹਿਬ ਤਾਂ ਉਨ੍ਹਾਂ ਤੋਂ ਸਦਾ ਸਦਕੇ ਜਾਂਦੇ ਹਨ, ਜੇਹੜੇ ਮਨੁੱਖ ਗੁਰੂ ਦੇ
ਸ਼ਬਦ ਵਿੱਚ ਰੰਗੇ ਜਾਂਦੇ ਹਨ। ਅਜੇਹੇ ਮਨੁੱਖ ਪਵਿਤ੍ਰ ਆਚਰਨ ਵਾਲੇ ਬਣ ਜਾਂਦੇ ਹਨ, ਤੇ ਉਨ੍ਹਾਂ ਦਾ
ਜੀਵਨ ਉੱਚਾ ਤੇ ਸੁੱਚਾ ਹੋ ਜਾਂਦਾ ਹੈ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਅਕਾਲ ਪੁਰਖੁ ਆ ਵੱਸਦਾ
ਹੈ, ਉਨ੍ਹਾਂ ਦੇ ਹਿਰਦੇ ਵਿੱਚ ਗੁਰਬਾਣੀ ਗਿਆਨ ਦੁਆਰਾ ਚਾਨਣ ਹੋ ਜਾਂਦਾ ਹੈ, ਉਨ੍ਹਾਂ ਨੂੰ ਸਹੀ
ਜੀਵਨ ਜੀਊਣ ਦੀ ਜਾਚ ਆ ਜਾਂਦੀ ਹੈ। ਇਸ ਲਈ ਆਪਣੇ ਮਨ ਨੂੰ ਸਮਝਾਂਉਂਣਾ ਹੈ, ਕਿ ਗੁਰਬਾਣੀ ਦੁਆਰਾ
ਨਿਰਮਲ ਅਕਾਲ ਪੁਰਖੁ ਨੂੰ ਹਮੇਸ਼ਾਂ ਆਪਣੇ ਹਿਰਦੇ ਵਿੱਚ ਵਸਾ ਕੇ ਰੱਖੋ।
ਸਬਦਿ
ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸੁ॥ ਹਿਰਦੈ ਜਿਨ ਕੈ ਹਰਿ ਵਸੈ ਤਿਤੁ ਘਟਿ ਹੈ ਪਰਗਾਸੁ॥ ੧॥
(੨੭)
ਆਪਣੇ ਮਨ ਦੇ ਪਿੱਛੇ ਤੁਰਨ
ਵਾਲੀ ਜੀਵ ਇਸਤ੍ਰੀ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ, ਮਾਇਆ ਉਸ ਨੂੰ ਕੁਰਾਹੇ ਪਾ ਦੇਂਦੀ
ਹੈ, ਜੀਵਨ ਦੇ ਮਾਰਗ ਤੋਂ ਖੁੰਝੀ ਹੋਈ ਨੂੰ, ਸਬਦ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ, ਜੇਹੜਾ ਠੀਕ
ਰਸਤਾ ਵਿਖਾ ਸਕੇ। ਇਸ ਗੱਲ ਤੋਂ ਹਮੇਸ਼ਾਂ ਸੁਚੇਤ ਰਹਿਣਾਂ ਹੈ ਕਿ ਸਬਦ ਗੁਰੂ ਤੋਂ ਬਿਨਾ ਹੋਰ ਕੋਈ
ਸਹੀ ਰਸਤਾ ਨਹੀਂ ਵਿਖਾ ਸਕਦਾ ਹੈ। ਗੁਰੂ ਦੀ ਦੱਸੀ ਹੋਈ ਸੇਵਾ ਕੀਤਿਆਂ, ਚਾਕਰੀ ਕੀਤਿਆਂ, ਮਨ ਨਿਰਮਲ
ਹੋ ਜਾਂਦਾ ਹੈ, ਤੇ ਆਤਮਕ ਆਨੰਦ ਮਿਲਦਾ ਹੈ। ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦਾ ਸਬਦ ਵੱਸ ਪੈਂਦਾ
ਹੈ, ਉਹ ਆਪਣੇ ਅੰਦਰੋਂ ਹਉਮੈ ਦਾ ਰੋਗ ਦੂਰ ਕਰ ਲੈਂਦਾ ਹੈ। ਜਿਸ ਮਨੁੱਖ ਨੇ ਸਬਦ ਗੁਰੂ ਦੀ ਸਰਨ ਪੈ
ਕੇ ਅੰਮ੍ਰਿਤ ਨਾਮੁ ਹਾਸਲ ਕਰ ਲਿਆ ਹੈ, ਉਸ ਦੇ ਮਨ ਵਿੱਚ ਸਦਾ ਲਾਭ ਹੀ ਹੁੰਦਾ ਹੈ, ਤੇ ਉਸ ਦਾ ਮਨ
ਨਿਰਮਲ ਹੋ ਜਾਂਦਾ ਹੈ।
ਗੁਰ
ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ॥ ਗੁਰ ਕਾ ਸਬਦੁ ਮਨਿ ਵਸਿਆ ਹਉਮੈ ਵਿਚਹੁ ਖੋਇ॥
ਨਾਮੁ ਪਦਾਰਥੁ ਪਾਇਆ ਲਾਭੁ ਸਦਾ ਮਨਿ ਹੋਇ॥ ੬॥ (੬੧)
ਆਪਣੇ ਮਨ ਨੂੰ ਸਮਝਾਂਉਣਾਂ
ਹੈ ਕਿ ਅਕਾਲ ਪੁਰਖੁ ਨੂੰ ਸਦਾ ਆਪਣੇ ਅੰਗ-ਸੰਗ ਵੇਖ। ਅਕਾਲ ਪੁਰਖੁ ਜੀਵਾਂ ਦੇ ਜਨਮ ਮਰਨ ਦਾ ਦੁੱਖ
ਦੂਰ ਕਰ ਦੇਂਦਾ ਹੈ, ਉਹ ਗੁਰੂ ਦੇ ਸ਼ਬਦ ਵਿੱਚ ਭਰਪੂਰ ਵੱਸ ਰਿਹਾ ਹੈ, ਇਸ ਵਾਸਤੇ, ਗੁਰੂ ਦਾ ਸ਼ਬਦ
ਆਪਣੇ ਅੰਦਰ ਵਸਾ। ਗੁਰੂ
ਦੀ ਦੱਸੀ ਸੇਵਾ, ਭਾਵ ਸਬਦ ਦੀ ਵੀਚਾਰ ਕਰ ਕੇ, ਹਉਮੈ ਤੋਂ ਪੈਦਾ ਹੋਣ ਵਾਲੇ ਵਿਕਾਰ ਛੱਡ ਕੇ, ਮਨੁੱਖ
ਦਾ ਮਨ ਪਵਿਤ੍ਰ ਹੋ ਜਾਂਦਾ ਹੈ। ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਹਿਰਦੇ
ਵਿੱਚ ਟਿਕਾ ਕੇ, ਮਨੁੱਖ ਹਉਮੈਂ ਦੂਰ ਕਰ ਸਕਦਾ ਹੈ, ਆਪਣੇ ਅੰਦਰਲੇ ਵਿਕਾਰਾਂ ਤੇ ਕਾਬੂ ਪਾ ਸਕਦਾ
ਹੈ, ਤੇ ਦੁਨੀਆਂ ਵਿੱਚ ਕਿਰਤ ਕਰਦਾ ਹੋਇਆ ਨਿਰਲੇਪ ਰਹਿ ਸਕਦਾ ਹੈ। ਜਿਨ੍ਹਾਂ ਮਨੁੱਖਾਂ ਦਾ ਸਦਾ-ਥਿਰ
ਅਕਾਲ ਪੁਰਖੁ ਨਾਲ ਪਿਆਰ ਬਣ ਜਾਂਦਾ ਹੈ, ਉਹ ਮਾਇਆ ਮੋਹ ਦੀ ਭਟਕਣਾ ਤੇ ਉਸ ਤੋਂ ਪੈਦਾ ਹੋਣ ਵਾਲੇ
ਝਮੇਲਿਆਂ ਤੋਂ ਬਚ ਜਾਂਦੇ ਹਨ। ਅਕਾਲ ਪੁਰਖੁ ਦੇ ਪ੍ਰੇਮ ਵਿੱਚ ਰੰਗੇ ਹੋਏ ਮਨੁੱਖ, ਅਕਾਲ ਪੁਰਖੁ ਦੇ
ਦਰਬਾਰ ਵਿੱਚ ਸੁਰਖ਼ਰੂ ਹੋ ਜਾਂਦੇ ਹਨ ਤੇ ਆਪਣਾ ਮਨੁੱਖਾ ਜਨਮ ਸਫਲ ਕਰ ਲੈਂਦੇ ਹਨ।
ਸਿਰੀਰਾਗੁ ਮਹਲਾ ੩॥
ਸਤਗੁਰੁ ਸੇਵਿ ਮਨੁ ਨਿਰਮਲਾ
ਹਉਮੈ ਤਜਿ ਵਿਕਾਰ॥ ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ॥
ਧੰਧਾ ਧਾਵਤ ਰਹਿ ਗਏ ਲਾਗਾ ਸਾਚਿ ਪਿਆਰੁ॥ ਸਚਿ ਰਤੇ ਮੁਖ
ਉਜਲੇ ਤਿਤੁ ਸਾਚੈ ਦਰਬਾਰਿ॥ ੪॥ (੩੪)
ਗੁਰੂ ਦੁਆਰਾ ਹੀ ਨਾਮੁ
ਰੂਪੀ ਪਵਿਤ੍ਰ ਅੰਮ੍ਰਿਤ ਬਾਰੇ ਪਤਾ ਲਗਦਾ ਹੈ ਤੇ ਉਸ ਨਾਮੁ ਨਾਲ ਸਾਂਝ ਪੈਂਦੀ ਹੈ। ਨਾਮੁ ਰੂਪੀ
ਅੰਮ੍ਰਿਤ ਬਾਣੀ ਨਾਲ ਮਨੁੱਖ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ, ਭਾਵ, ਸਾਰੇ ਗਿਆਨ-ਇੰਦ੍ਰੇ ਵਿਕਾਰਾਂ
ਦੀ ਮੈਲ ਤੋਂ ਬਚ ਜਾਂਦੇ ਹਨ। ਉਹ ਸੱਚਾ ਅਕਾਲ ਪੁਰਖੁ, ਜੋ ਕਿ ਮਨੁੱਖ ਦੀ ਅੰਦਰਲੀ ਅਵਸਥਾ ਜਾਣਦਾ
ਹੈ, ਗੁਰੂ ਦੀ ਕਿਰਪਾ ਨਾਲ, ਮਨੁੱਖ ਦੇ ਮਨ ਵਿੱਚ ਵਸ ਜਾਂਦਾ ਹੈ। ਅਕਾਲ ਪੁਰਖੁ ਦੀ ਮਿਹਰ ਤੇ
ਗੁਰਬਾਣੀ ਦੇ ਗਿਆਨ ਸਦਕਾ, ਮਨੁੱਖ ਦਾ ਮਨ ਸਹਜ ਅਵਸਥਾ ਵਿੱਚ ਟਿਕ ਜਾਂਦਾ ਹੈ, ਮਨ ਨੂੰ ਜੀਵਨ ਦੇ
ਸਹੀ ਮਾਰਗ ਦਾ ਪਤਾ ਲਗ ਜਾਂਦਾ ਹੈ, ਤੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ। ਸਹਜ ਤੇ ਆਨੰਦ ਦੀ
ਅਵਸਥਾ ਵਿੱਚ ਟਿਕੇ ਮਨੁੱਖ ਨੂੰ ਜਮ ਦਾ ਤੀਰ ਵੀ ਨਹੀਂ ਪੋਂਹ ਸਕਦਾ, ਭਾਵ ਮੌਤ ਦਾ ਡਰ ਨਹੀਂ ਲਗਦਾ।
ਜਿਵੇਂ ਸਾਫ਼ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਸਰੀਰ ਦੀ ਬਾਹਰਲੀ ਮੈਲ ਲਹਿ ਜਾਂਦੀ ਹੈ, ਤਿਵੇਂ ਸੱਚੀ
ਬਾਣੀ ਵਿੱਚ ਇਸ਼ਨਾਨ ਕੀਤਿਆਂ ਮਨ ਦੇ ਅੰਦਰਲੇ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ। ਗੁਰਬਾਣੀ
ਦੁਆਰਾ ਆਪਣੇ ਮਨ ਨੂੰ ਸਮਝਾਉਂਣਾਂ ਹੈ ਕਿ ਸਿਰਫ਼ ਅਕਾਲ ਪੁਰਖੁ ਹੀ ਅਸਲ ਵਿੱਚ ਪਵਿਤ੍ਰ ਹੈਂ, ਬਾਕੀ
ਹੋਰ ਸਾਰੀਆਂ ਥਾਂਵਾਂ ਮਾਇਆ ਦੇ ਮੋਹ ਦੀ ਮੈਲ ਨਾਲ ਭਰੀਆਂ ਹੋਈਆਂ ਹਨ।
ਗੁਰ
ਤੇ ਨਿਰਮਲੁ ਜਾਣੀਐ ਨਿਰਮਲ ਦੇਹ ਸਰੀਰੁ॥ ਨਿਰਮਲੁ ਸਾਚੋ ਮਨਿ ਵਸੈ ਸੋ ਜਾਣੈ ਅਭ ਪੀਰ॥ ਸਹਜੈ ਤੇ
ਸੁਖੁ ਅਗਲੋ ਨਾ ਲਾਗੈ ਜਮ ਤੀਰੁ॥ ੧॥
ਭਾਈ ਰੇ ਮੈਲੁ ਨਾਹੀ ਨਿਰਮਲ ਜਲਿ ਨਾਇ॥
ਨਿਰਮਲੁ ਸਾਚਾ ਏਕੁ ਤੂ ਹੋਰੁ ਮੈਲੁ ਭਰੀ ਸਭ ਜਾਇ॥ ੧॥ ਰਹਾਉ॥
(੫੭)
ਮਨ ਸਾਫ ਕਿਸ ਤਰ੍ਹਾਂ
ਕਰਨਾ ਹੈ? ਗੁਰਬਾਣੀ ਵਿੱਚ ਕਿਤੇ ਹੁਕਮ ਕੀਤਾ ਗਿਆ ਹੈ, ਕਿਤੇ ਹਦਾਇਤ ਦਿੱਤੀ ਗਈ ਹੈ, ਕਿਤੇ ਪਿਆਰ
ਨਾਲ ਮਿੱਤਰ ਕਹਿ ਕੇ ਸਮਝਾਇਆ ਗਿਆ ਹੈ। ਕੁੱਝ ਲੋਕ ਆਤਮਕ ਗਿਆਨ ਨੂੰ ਸਵਾਰਥ ਲਈ ਵਰਤਦੇ ਹਨ, ਤੇ
ਕੁੱਝ ਆਪਣੇ ਅਤੇ ਮਨੁੱਖਤਾ ਦੇ ਭਲੇ ਲਈ। ਜੇ ਕਰ ਗੁਰਬਾਣੀ ਦੇ ਗਿਆਨ ਨੂੰ ਆਪਣੇ ਅਤੇ ਮਨੁੱਖਤਾ ਦੇ
ਭਲੇ ਲਈ ਅਪਨਾਇਆ ਜਾਵੇ ਤਾਂ ਅੰਦਰ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ, ਤੇ ਸਗਲ ਮਨੋਰਥ ਆਪਣੇ ਆਪ ਹੀ
ਪੂਰੇ ਹੋ ਜਾਂਦੇ ਹਨ।
ਅਕਾਲ ਪੁਰਖੁ ਦਾ ਨਾਮੁ
ਇੱਕ ਐਸਾ ਕੀਮਤੀ ਪਦਾਰਥ ਹੈ, ਜਿਸ ਵਰਗਾ ਕੋਈ ਹੋਰ ਨਹੀਂ। ਜਿਨ੍ਹਾਂ ਨੂੰ ਗੁਰੂ ਨੇ ਅਕਾਲ ਪੁਰਖੁ ਦਾ
ਨਾਮ-ਦਾਰੂ ਦਿੱਤਾ, ਉਨ੍ਹਾਂ ਦੇ ਮਨ ਹਰੇਕ ਕਿਸਮ ਦੇ ਵਿਕਾਰਾਂ ਦੀ ਮੈਲ ਤੋਂ ਸਾਫ਼ ਹੋ ਗਏ। ਇਸ
ਵਾਸਤੇ, ਗੁਰਬਾਣੀ ਨੂੰ ਆਪਣੇ ਜੀਵਨ ਦਾ ਹਿਸਾ ਬਣਾਓ ਤੇ ਗੁਰਬਾਣੀ ਦੁਆਰਾ ਨਾਮੁ ਨੂੰ ਆਪਣੇ ਹਿਰਦੇ
ਵਿੱਚ ਵਸਾਓ।
ਗਉੜੀ ਮਹਲਾ ੫॥
ਅਨੂਪ ਪਦਾਰਥੁ ਨਾਮੁ ਸੁਨਹੁ ਸਗਲ
ਧਿਆਇਲੇ ਮੀਤਾ॥ ਹਰਿ ਅਉਖਧੁ ਜਾ ਕਉ ਗੁਰਿ ਦੀਆ ਤਾ ਕੇ ਨਿਰਮਲ ਚੀਤਾ॥ ੧॥ ਰਹਾਉ॥
(੨੦੮)
ਨਿਰੇ ਬਾਹਰੋਂ ਦਿੱਸਦੇ
ਕਰਮ ਕਾਂਡ ਕਰਨ ਨਾਲ ਮਨ ਵਿਚਲੇ ਵਿਕਾਰਾਂ ਦੀ ਮੈਲ ਟਿਕੀ ਰਹਿੰਦੀ ਹੈ, ਮਨ ਨੂੰ ਮਾਇਆ ਦੇ ਮੋਹ ਦਾ
ਰੋਗ ਚੰਬੜਿਆ ਰਹਿੰਦਾ ਹੈ। ਹੁਣ ਜਿੱਥੇ ਰੋਗ ਹੈ, ਉਥੇ ਆਨੰਦ ਕਿਸ ਤਰ੍ਹਾਂ ਹੋ ਸਕਦਾ ਹੈ? ਅਜੇਹੇ
ਜੀਵ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦੇ ਹਨ।
ਜੀਅਹੁ
ਮੈਲੇ ਬਾਹਰਹੁ ਨਿਰਮਲ॥ ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ॥
(੯੧੯)
ਆਪਣਾ ਮਨੁੱਖਾ ਜੀਵਨ
ਵਿਅਰਥ ਗਵਾਉਂਣ ਤੋਂ ਬਚਣ ਲਈ, ਤੇ ਮਨ ਅੰਦਰਲੀ ਮੈਲ ਦੂਰ ਕਰਨ ਲਈ, ਗੁਰਬਾਣੀ ਦੁਆਰਾ ਅਕਾਲ ਪੁਰਖੁ
ਦਾ ਨਾਮੁ ਚੇਤੇ ਕਰੋ। ਕਿਉਂਕਿ, ਇਹ ਮਨ ਦੀ ਅਰੋਗਤਾ ਲਈ ਅਸਲੀ ਵਸੀਲਾ ਹੈ, ਤੇ ਇਹੀ ਆਤਮਕ ਆਨੰਦ ਦੇਣ
ਵਾਲਾ ਸੋਮਾ ਹੈ।
ਜਿਹੜੇ ਜੀਵ ਗੁਰੂ ਦੀ
ਸਿਖਿਆ ਤੇ ਹਦਾਇਤਾ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦੇ ਹਨ, ਉਹ ਮਨੋਂ ਵੀ ਪਵਿਤ੍ਰ ਹੁੰਦੇ ਹਨ,
ਤੇ ਉਹ ਬਾਹਰੋਂ ਵੀ ਪਵਿਤ੍ਰ ਹੁੰਦੇ ਹਨ, ਭਾਵ, ਉਨ੍ਹਾਂ ਦਾ ਲੋਕਾਂ ਨਾਲ ਵਰਤਾਰਾ ਵੀ ਸੁਚੱਜਾ ਹੁੰਦਾ
ਹੈ। ਉਹ ਬਾਹਰੋਂ ਵੀ ਪਵਿਤ੍ਰ ਰਹਿੰਦੇ ਹਨ, ਤੇ ਅੰਦਰੋਂ ਵੀ ਸੁੱਚੇ ਰਹਿੰਦੇ ਹਨ। ਉਨ੍ਹਾਂ ਦੇ ਮਨ
ਅੰਦਰ ਮਾਇਆ ਲਈ ਲਾਲਸਾ ਮਿਟ ਜਾਂਦੀ ਹੈ। ਗੁਰਬਾਣੀ ਸਦਕਾ, ਉਨ੍ਹਾਂ ਦੇ ਅੰਦਰ ਇਤਨਾ ਆਤਮਕ ਆਨੰਦ ਬਣ
ਜਾਂਦਾ ਹੈ, ਕਿ ਮਾਇਆ ਦੇ ਮੋਹ ਦੀ ਖ਼ਬਰ ਵੀ ਉਨ੍ਹਾਂ ਦੇ ਮਨ ਤਕ ਨਹੀਂ ਪਹੁੰਚਦੀ। ਗੁਰੂ ਦੇ ਦੱਸੇ
ਰਸਤੇ ਉਤੇ ਤੁਰਨ ਵਾਲੇ ਮਨੁੱਖਾਂ ਦਾ ਮਨ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ, ਤੇ ਮਨ ਹਮੇਸ਼ਾਂ ਸੱਚੇ
ਅਕਾਲ ਪੁਰਖੁ ਵਿੱਚ ਸਮਾਇਆ ਰਹਿੰਦਾ ਹੈ। ਉਹੀ ਮਨੁੱਖ ਚੰਗੇ ਵਾਪਾਰੀ ਕਹੇ ਜਾਂਦੇ ਹਨ, ਜਿਨ੍ਹਾਂ ਨੇ
ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ, ਨਾਮੁ ਦੀ ਕਮਾਈ ਕੀਤੀ ਅਤੇ ਆਪਣਾ ਮਨੁੱਖਾ ਜਨਮ ਸਫਲਾ ਕਰ ਲਿਆ।
ਅਜੇਹੇ ਨਿਰਮਲ ਮਨ ਵਾਲੇ ਮਨੁੱਖ, ਗੁਰਬਾਣੀ ਦੁਆਰਾ ਹਮੇਸ਼ਾਂ ਅਕਾਲ ਪੁਰਖੁ ਦੇ ਚਰਨਾਂ ਵਿੱਚ ਜੁੜੇ
ਰਹਿੰਦੇ ਹਨ।
ਜੀਅਹੁ
ਨਿਰਮਲ ਬਾਹਰਹੁ ਨਿਰਮਲ॥ ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ॥ ਕੂੜ ਕੀ ਸੋਇ
ਪਹੁਚੈ ਨਾਹੀ ਮਨਸਾ ਸਚਿ ਸਮਾਣੀ॥ ਜਨਮੁ ਰਤਨੁ
ਜਿਨੀ ਖਟਿਆ ਭਲੇ ਸੇ ਵਣਜਾਰੇ॥ ਕਹੈ ਨਾਨਕੁ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ॥ ੨੦॥ (੯੧੯)
ਗੁਰੂ ਸਾਹਿਬ ਨੇ ਗੁਰਬਾਣੀ
ਵਿੱਚ ਵਾਰ ਵਾਰ ਇਹੀ ਸਮਝਾਇਆ ਗਿਆ ਹੈ, ਕਿ ਮਨ ਨੂੰ ਬਾਹਰਲੀ ਸੁੱਚ ਰੱਖਣ ਵਾਲੇ ਕਰਮ ਕਾਂਡਾਂ ਨਾਲ,
ਅੰਦਰੋਂ ਸੁੱਚਾ ਨਹੀਂ ਕੀਤਾ ਜਾ ਸਕਦਾ ਹੈ। ਬਾਹਰਲੀ ਸੁੱਚਮਤਾ ਹਉਮੈਂ ਤੇ ਆਪਸੀ ਭੇਦ ਭਾਵ ਪੈਦਾ
ਕਰਦੀ ਹੈ। ਅੰਦਰਲੀ ਸੁੱਚਮਤਾ ਪੈਦਾ ਕਰਨ ਲਈ ਸਾਨੂੰ ਸ਼ਬਦ ਗੁਰੂ ਦਾ ਓਟ ਆਸਰਾ ਲੈਂਣਾਂ ਪਵੇਗਾ। ਮਨ
ਨੂੰ ਨਿਰਮਲ ਕਰਨ ਲਈ ਗੁਰਬਾਣੀ ਵਿੱਚ ਦਿੱਤੀ ਸਿਖਿਆ ਤੇ ਚਲਣਾ ਪਵੇਗਾ, ਤਾਂ ਜੋ ਸਾਡੇ ਮਨ ਅੰਦਰ
ਸੁੱਚਮਤਾ ਪੈਦਾ ਹੋ ਸਕੇ।
ਜੇ ਕਰ
ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿੱਚ ਕਹਿ ਸਕਦੇ
ਹਾਂ ਕਿ
ਗੁਰੂ ਨਾਨਕ ਸਾਹਿਬ ਨੇ ਸੁੱਚਮਤਾ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਹੈ, ਬਲਕਿ ਜੀਵਨ ਦੀ ਸਚਾਈ
ਨੂੰ ਸਮਝਣ ਅਤੇ ਅਕਾਲ ਪੁਰਖੁ ਦੇ ਨਾਮੁ ਨੂੰ ਚਿਤ ਵਿੱਚ ਵਸਾਉਂਣ ਲਈ ਪ੍ਰੇਰਿਆ ਹੈ।
ਕਬੀਰ ਸਾਹਿਬ ਵੀ ਆਪਣੀ ਬਾਣੀ ਵਿੱਚ ਇਹੀ ਸਮਝਾਉਂਦੇ ਹਨ, ਕਿ ਰਵਾਇਤਾਂ ਪੂਰੀਆਂ ਕਰਕੇ ਜਾਂ
ਤ੍ਰਿਗੁਣੀ ਲਕੀਰਾਂ ਕੱਢ ਕੇ, ਚੌਕੇ ਬਣਾਇਆਂ, ਮਨ ਦੀ ਪਵਿਤ੍ਰਤਾ ਨਹੀਂ ਬਣ ਸਕਦੀ। ਸਿਰਫ਼ ਉਹੀ
ਬੰਦੇ ਸੁੱਚੇ ਹਨ, ਜਿਨ੍ਹਾਂ ਨੂੰ ਅਕਾਲ ਪੁਰਖੁ ਬਾਰੇ ਸੋਝੀ ਆ ਜਾਂਦੀ ਹੈ।
ਆਤਮਕ ਸੁਖ ਤੇ ਆਨੰਦ ਦੀ ਅਵਸਥਾ, ਉਹੀ ਜੀਵ-ਇਸਤ੍ਰੀ ਮਾਣ ਸਕਦੀ ਹੈ, ਜਿਹੜੀ ਗੁਰੁ ਸਬਦ ਦੁਆਰਾ
ਅਕਾਲ ਪੁਰਖੁ ਦੇ ਪ੍ਰੇਮ ਵਿੱਚ ਲੀਨ ਰਹਿੰਦੀ ਹੈ।
ਸੱਚੇ ਅਕਾਲ ਪੁਰਖੁ ਨੂੰ ਧਿਆਉਣ ਨਾਲ ਹੀ ਸੁੱਚ ਜਾਂ ਪਵਿੱਤਰਤਾ ਹੋ ਸਕਦੀ ਹੈ। ਜੇ ਕਰ ਅੰਦਰ
ਸੁਚਿ ਹੈ, ਅੰਦਰ ਅਕਾਲ ਪੁਰਖੁ ਵਰਗੇ ਗੁਣ ਹਨ, ਤਾਂ ਸੱਚਾ ਅਕਾਲ ਪੁਰਖੁ ਮਿਲ ਸਕਦਾ ਹੈ।
ਕਿਸੇ ਦਾ ਦਿੱਤਾ ਹੋਇਆ ਦਾਨ ਅੱਗੇ ਨਹੀਂ ਅਪੜਾਇਆ ਜਾ ਸਕਦਾ ਹੈ, ਤੇ ਨਾ ਹੀ ਪਿਤਰਾਂ ਨੂੰ ਮਿਲ
ਸਕਦਾ ਹੈ, ਅਗਾਂਹ ਤਾਂ ਮਨੁੱਖ ਨੂੰ ਉਸ ਦੇ ਕੀਤੇ ਕਰਮਾਂ ਅਨੁਸਾਰ ਫਲ ਮਿਲਦਾ ਹੈ।
ਅਜੇਹੇ ਮਨੁੱਖ ਸੁੱਚੇ ਨਹੀਂ ਆਖੇ ਜਾਂਦੇ ਜੋ ਨਿਰਾ ਸਰੀਰ ਨੂੰ ਹੀ ਧੋ ਕੇ ਆਪਣੇ ਵਲੋਂ ਪਵਿੱਤਰ
ਬਣ ਕੇ ਬੈਠ ਜਾਂਦੇ ਹਨ। ਕੇਵਲ ਉਹੀ ਮਨੁੱਖ ਸੁੱਚੇ ਹਨ, ਜਿਨ੍ਹਾਂ ਦੇ ਮਨ ਵਿੱਚ, ਉਹ ਸੱਚਾ
ਅਕਾਲ ਪੁਰਖੁ ਵੱਸਦਾ ਹੈ।
ਪਾਣੀ ਨਾਲ ਚੁਲੀ ਕੀਤਿਆਂ ਮਨ ਨਹੀਂ ਧੁਪ ਸਕਦਾ। ਸੁੱਚੀ ਚੁਲੀ ਤਾਂ ਹੋ ਸਕਦੀ ਹੈ, ਜੇਕਰ ਆਪਣੇ
ਜੀਵਨ ਦਾ ਮੰਤਵ ਤੇ ਮਨੁੱਖਤਾ ਪ੍ਰਤੀ ਫਰਜ਼ ਨਿਭਾਇਆ ਜਾਵੇ।
ਗੁਰੂ ਦੀ ਮਤਿ ਅਨੁਸਾਰ ਚਲਣ ਨਾਲ ਹੀ ਨਾਮੁ ਮਿਲਦਾ ਹੈ, ਤੇ ਗੁਰੂ ਦੇ ਰਾਹ ਤੇ ਤੁਰਨ ਵਾਲਾ
ਮਨੁੱਖ ਸਦਾ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਂਉਂਦਾ ਰਹਿੰਦਾ ਹੈ।
ਸਤਿਗੁਰੁ ਖੋਟਿਆਂ ਤੋਂ ਖਰੇ ਬਣਾ ਦੇਂਦਾ ਹੈ, ਕਿਉਂਕਿ ਗੁਰੂ ਆਪਣੇ ਸ਼ਬਦ ਰਾਹੀਂ ਖਰੇ ਬਣਾਣ ਦੇ
ਸਮਰੱਥ ਰੱਖਦਾ ਹੈ।
ਗੁਰਬਾਣੀ ਵਿੱਚ ਅੰਦਰਲੀ ਸੁੱਚ ਪੈਦਾ ਕਰਨ ਲਈ ਸਿਖਿਆ ਦਿਤੀ ਗਈ ਹੈ। ਇਸ ਲਈ ਗੁਰਬਾਣੀ ਦੁਆਰਾ
ਆਪਣੇ ਅੰਦਰਲੇ ਵਿਕਾਰ ਤਿਆਗ ਕੇ, ਅਕਾਲ ਪੁਰਖੁ ਦੇ ਗੁਣ ਧਾਰਨ ਕਰਨੇ ਹਨ।
ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਨਾਮੁ ਨੂੰ ਹਿਰਦੇ ਵਿੱਚ ਵਸਾਉਂਣ ਤੋਂ ਬਿਨਾ, ਉਸ ਨਾਲ
ਸੰਬੰਧ ਨਹੀਂ ਬਣ ਸਕਦਾ।
ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ, ਉਹ ਆਪਣੇ ਅੰਦਰੋਂ ਹਉਮੈ ਰੋਗ ਦੂਰ
ਕਰ ਲੈਂਦਾ ਹੈ।
ਜਿਵੇਂ ਸਾਫ਼ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਸਰੀਰ ਦੀ ਬਾਹਰਲੀ ਮੈਲ ਲਹਿ ਜਾਂਦੀ ਹੈ, ਤਿਵੇਂ
ਸੱਚੀ ਬਾਣੀ ਵਿੱਚ ਇਸ਼ਨਾਨ ਕੀਤਿਆਂ ਮਨ ਦੇ ਅੰਦਰਲੇ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ।
ਜਿੱਥੇ ਰੋਗ ਹੈ ਉਥੇ ਆਨੰਦ ਕਿਸ ਤਰ੍ਹਾਂ ਹੋ ਸਕਦਾ ਹੈ? ਆਪਣਾ ਮਨੁੱਖਾ ਜੀਵਨ ਵਿਅਰਥ ਗਵਾਉਂਣ
ਤੋਂ ਬਚਣ ਲਈ, ਤੇ ਮਨ ਅੰਦਰਲੀ ਮੈਲ ਦੂਰ ਕਰਨ ਲਈ, ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ
ਚੇਤੇ ਕਰੋ।
ਉਹੀ ਮਨੁੱਖ ਚੰਗੇ ਵਾਪਾਰੀ ਕਹੇ ਜਾਂਦੇ ਹਨ, ਜਿਨ੍ਹਾਂ ਨੇ ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ,
ਸਬਦ ਦੀ ਕਮਾਈ ਕੀਤੀ ਅਤੇ ਆਪਣਾ ਮਨੁੱਖਾ ਜਨਮ ਸਫਲਾ ਕਰ ਲਿਆ।
ਇਸ ਲਈ ਆਓ ਸਾਰੇ ਜਾਣੇ
ਬਾਹਰਲੀ ਸੁੱਚਮਤਾ ਤੇ ਜੋਰ ਦੇਣ ਦੀ ਬਜਾਏ ਮਨ ਦੀ ਨਿਰਮਲਤਾ ਤੇ ਜੋਰ ਦਈਏ, ਗੁਰਬਾਣੀ ਤੋਂ ਸਿਖਿਆ ਲੈ
ਕੇ ਆਪਣਾ ਮਨ ਨਿਰਮਲ ਕਰੀਏ, ਜੀਵਨ ਦੀ ਸੇਧ ਲਈਏ, ਸਦੀਵੀ ਸੱਚ ਨੂੰ ਪਹਿਚਾਨੀਏ ਤੇ ਆਪਣਾ ਮਨੁੱਖਾ
ਜਨਮ ਸਫਲ ਕਰੀਏ।
“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”
(ਡਾ: ਸਰਬਜੀਤ ਸਿੰਘ) (Dr. Sarbjit Singh)
ਆਰ ਐਚ ੧/ਈ - ੮, ਸੈਕਟਰ - ੮, RH1 / E-8, Sector-8,
ਵਾਸ਼ੀ, ਨਵੀਂ ਮੁੰਬਈ - ੪੦੦੭੦੩. Vashi, Navi Mumbai - 400703.
http://www.geocities.com/sarbjitsingh/, http://www.gurbani.us
|
. |