ਆਪਣੇ ਆਪ ਨੂੰ ਸਵਾਰਨਾ
ਗੁਰਬਾਣੀ ਦਾ ਹਰ ਬੋਲ ਮਨੁੱਖੀ ਜੀਵਨ ਨੂੰ ਬਦਲਣ ਦੇ ਸਮਰੱਥ ਹੈ। ਭਾਵੇਂ
ਮਨੁੱਖ ਇਹ ਗੱਲ ਕਹੇ ਕੇ ਜੀ ਅਸੀਂ ਤਾਂ ਬਹੁਤ ਠੀਕ-ਠੀਕ ਹਾਂ। ਸਾਨੂੰ ਕਿਸੇ ਗਿਆਨ-ਗਿਉਨ ਦੀ ਲੋੜ
ਨਹੀਂ ਹੈ। ਪਰ ਹਾਲਾਤ ਅਜੇਹੇ ਹਨ ਕਿ ਸਾਨੂੰ ਹਰ ਪੱਧਰ `ਤੇ ਗੁਰਬਾਣੀ ਸੁਚੱਜਾ ਜੀਵਨ ਜਿਉਣ ਦਾ ਵਲ਼
ਸਮਝਾ ਰਹੀ ਹੈ। ਮੰਨ ਲਓ ਕੋਈ ਆਦਮੀ ਸੜਕ ਦੇ ਖੱਬੇ ਪਾਸੇ ਜਨੀ ਕਿ ਆਪਣੇ ਹੱਥ ਜਾ ਰਿਹਾ ਹੈ, ਪਰ ਕੋਈ
ਹੋਰ ਦੂਸਰਾ ਆਦਮੀ ਓਸੇ ਹੀ ਹੱਥ ਜਨੀ ਕਿ ਖੱਬੇ ਪਾਸੇ ਵਲੋਂ ਆ ਰਿਹਾ ਹੈ। ਤੁਸੀਂ ਜਾ ਰਹੇ ਹੋ, ਉਹ ਆ
ਰਿਹਾ ਹੈ। ਹੁਣ ਗਿਆਨ ਏੱਥੇ ਇੱਕ ਗੱਲ ਸਮਝਾ ਰਿਹਾ ਹੈ ਕਿ ਖੱਬੇ ਪਾਸੇ ਵਲੋਂ ਆ ਰਹੇ ਮਨੁੱਖ ਨੂੰ ਇਹ
ਗੱਲ ਸਮਝਾ ਕਿ ਇੰਜ ਤੁਰਨ ਨਾਲ ਤੇਰਾ ਤੇ ਮੇਰਾ ਸਾਂਝਾ ਨੁਕਸਾਨ ਹੋਵੇਗਾ। ਭਾਵ ਅਸੀਂ ਉਸ ਮਨੁਖ ਨੂੰ
ਇਸ ਲਈ ਸਮਝਾਉਣਾ ਹੈ ਕਿ ਸਾਡਾ ਨੁਕਸਾਨ ਨਾ ਹੋਵੇ। ਪੁੱਠੀ ਦਿਸ਼ਾ ਵਲ ਨੂੰ ਜਾ ਰਹੇ ਮਨੁੱਖ ਨੇ ਆਪਣਾ
ਨੁਕਸਾਨ ਤਾਂ ਕਰਨਾ ਹੀ ਹੈ, ਪਰ ਘੱਟੋ-ਘੱਟ ਅਸੀਂ ਤਾਂ ਆਪਣਾ ਬਚਾ ਕਰ ਸਕੀਏ। ਗੁਰਬਾਣੀ ਦੀ ਇਹ ਮਹਾਨ
ਵਡਿਆਈ ਹੈ ਕਿ ਇਸ ਵਿਚਲੇ ਰੱਬੀ ਗਿਆਨ ਨੇ ਕਈ ਤਰ੍ਹਾਂ ਦੀਆਂ ਉਦਾਹਰਣਾਂ, ਅੰਲਕਾਰ ਵਰਤ ਕੇ ਮਨੁੱਖ
ਦੀ ਹੋਣੀ ਸੰਵਾਰਨ ਦਾ ਸਾਰਥਕ ਯਤਨ ਕੀਤਾ ਹੈ। ਜੇਹਾ ਕੇ ਆਸਾ ਕੀ ਵਾਰ ਦੇ ਪਹਿਲਿਆਂ ਸਲੋਕਾਂ ਵਿੱਚ
‘ਮਨੁੱਖ ਤੋਂ ਦੇਵਤਾ’ ਬਣਨ ਦੀ ਜੁੱਗਤੀ ਦੱਸੀ ਹੈ ਓੱਥੇ ਡੰਕੇ ਦੀ ਚੋਟ ਨਾਲ ਇਹ ਗੱਲ ਕਹੀ ਕਿ ਐ
ਸੱਜਣਾ! ਬੇਸ਼ੱਕ ਦੁਨੀਆਂ `ਤੇ ਹਜ਼ਾਰਾਂ ਚੰਦਰਮਾਵਾਂ ਸੂਰਜਾਂ ਦਾ ਚਾਨਣ ਹੋ ਜਾਏ ਪਰ ਗੁਰ-ਗਿਆਨ ਤੋਂ
ਬਿਨਾ ਤੇਰੀ ਜ਼ਿੰਦਗੀ ਵਿੱਚ ਸੁਚੱਜਾ ਚਾਨਣ ਨਹੀਓਂ ਆ ਸਕਦਾ। ਬੇ-ਸ਼ੱਕ ਤਿਲ਼ਾਂ ਦੇ ਬੀਜ ਇਕਸਾਰ ਉੱਗਦੇ
ਤੇ ਫ਼ਲਦੇ ਫੁੱਲਦੇ ਨੇ ਪਰ ਜੇ ਉਹਨਾਂ ਵਿੱਚ ਤਿਲ਼ ਸਾਬਤ ਨਹੀਂ ਹਨ ਤਾਂ ਉਹ ਬੂਟੇ ਸਵਾਏ ਬਾਲਣ ਦੇ ਹੋਰ
ਕਿਸੇ ਕੰਮ ਨਹੀਂ ਆਉਂਦੇ। ਗੁਰਬਾਣੀ ਦੀ ਆਪਣੀ ਸ਼ੈਲੀ ਹੈ ਜਿਸ ਵਿੱਚ ਵਾਰ ਵਾਰ ਮਨੁੱਖ ਨੂੰ ਪਰਮਾਤਮਾ
ਵਰਗਾ ਬਣਨ ਦੀ ਤਾਗੀਦ ਕਰਦੀ ਹੈ। ਪਰਮਾਤਮਾ ਵਰਗਾ ਬਣਨ ਦੇ ਇੱਕ ਨੁਕਤੇ ਨੂੰ ਸਮਝਣ ਲਈ ਆਸਾ ਕੀ ਵਾਰ
ਦੀ ਪਹਿਲੀ ਪਉੜੀ ਨੂੰ ਧਿਆਨ ਵਿੱਚ ਲਿਅਉਣ ਦਾ ਯਤਨ ਕੀਤਾ ਹੈ----
ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥
ਕਰਿ ਆਸਣੁ ਡਿਠੋ ਚਾਉ॥ 1॥
ਪਉੜੀ ਮ: ੧ ਪੰਨਾ ੪੬੨
ਇਸ ਪਉੜੀ ਦੇ ਅਖ਼ੱਰੀ ਅਰਥ ਇਸ ਪਰਕਾਰ ਹਨ---
ਅਕਾਲ
ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਅਤੇ ਆਪ ਹੀ ਆਪਣਾ ਨਾਮਣਾ ਬਣਾਇਆ। ਫਿਰ, ਉਸ ਨੇ ਕੁਦਰਤ
ਰਚੀ (ਅਤੇ ਉਸ ਵਿਚ) ਆਸਣ ਜਮਾ ਕੇ, (ਭਾਵ, ਕੁਦਰਤ ਵਿੱਚ ਵਿਆਪਕ ਹੋ ਕੇ, ਇਸ ਜਗਤ ਦਾ) ਆਪ ਤਮਾਸ਼ਾ
ਵੇਖਣ ਲੱਗ ਪਿਆ ਹੈ।
(ਹੇ ਪ੍ਰਭੂ
!)
ਤੂੰ ਆਪ ਹੀ (ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈਂ ਅਤੇ ਆਪ ਹੀ (ਇਹਨਾਂ ਦੇ) ਸਾਜਣ ਵਾਲਾ ਹੈਂ।
(ਤੂੰ ਆਪ ਹੀ ਤ੍ਰੁੱਠ ਕੇ (ਜੀਵਾਂ ਨੂੰ) ਦੇਂਦਾ ਹੈਂ ਅਤੇ ਬਖ਼ਸ਼ਸ਼ ਕਰਦਾ ਹੈਂ। ਤੂੰ ਸਭਨਾਂ ਜੀਆਂ ਦੀ
ਜਾਣਨਹਾਰ ਹੈਂ। ਜਿੰਦ ਅਤੇ ਸਰੀਰ ਦੇ ਕੇ (ਤੂੰ ਆਪ ਹੀ) ਲੈ ਲਵੇਂਗਾ (ਭਾਵ, ਤੂੰ ਆਪ ਹੀ ਜਿੰਦ ਤੇ
ਸਰੀਰ ਦੇਂਦਾ ਹੈਂ, ਆਪ ਹੀ ਮੁੜ ਲੈ ਲੈਂਦਾ ਹੈਂ)। ਤੂੰ (ਕੁਦਰਤ ਵਿਚ) ਆਸਣ ਜਮਾ ਕੇ ਤਮਾਸ਼ਾ ਵੇਖ
ਰਿਹਾ ਹੈਂ।
ਵਿਚਾਰ----- ਜੇ ਤਾਂ ਕੇਵਲ ਅੱਖਰੀਂ ਅਰਥ ਹੀ ਕਰਨੇ ਹਨ ਤਾਂ ਉਹ ਉੱਪਰ ਆ ਗਏ
ਹਨ ਏਨੇ ਕੁ ਅਰਥਾਂ ਨੂੰ ਸੰਗਤਾਂ ਵਿੱਚ ਸੁਣਾਇਆ ਵੀ ਜਾ ਰਿਹਾ ਹੈ। ਦੂਸਰਾ ਇਸ ਪਉੜੀ ਦਾ ਕੀਰਤਨ
ਲਗ-ਪਗ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਅੱਜ ਤੀਕ ਹਰੇਕ ਗੁਰਦੁਆਰੇ ਵਿੱਚ ਹੋ ਵੀ ਰਿਹਾ
ਹੈ। ਜ਼ੋਰ ਜ਼ੋਰ ਦੀ ਕੀਰਤਨ ਕਰਦਿਆਂ ਕਰਦਿਆਂ ਕਈਆਂ ਢੋਲਕੀਆਂ ਤੇ ਤਬਲਿਆਂ ਨੂੰ ਬਲ਼ੀ ਦਾ ਬੱਕਰਾ ਬਣਨਾ
ਪਿਆ। ਵਾਜਿਆਂ ਦੀਆਂ ਸੁਰਾਂ ਘਸਾ ਦਿੱਤੀਆਂ। ਤੰਤੀ ਸਾਜਾਂ ਦੀ ਤਾਰਾਂ ਨੂੰ ਬਾਰ ਬਾਰ ਬਦਲਣਾ ਪਿਆ।
ਆਸਾ ਦੀ ਵਾਰ ਦਾ ਕੀਰਤਨ ਏਸੇ ਤਰ੍ਹਾਂ ਅਗਾਂਹ ਵੀ ਹੁੰਦਾ ਰਹੇਗਾ। ਕੀਰਤਨ ਭੇਟਾ ਆਉਂਦੀ ਰਹੇਗੀ,
ਗੋਲਕਾਂ ਦੀ ਰੌਣਕ ਵਿੱਚ ਹਰ ਵਾਰੀ ਵਾਧਾ ਹੁੰਦਾ ਰਹੇਗਾ। ਸਹਿਜ ਪਾਠ ਕਰਦਿਆਂ ਜਾਂ ਅਖੰਡ-ਪਾਠਾਂ
ਦੀਆਂ ਲੜੀਆਂ ਵਿੱਚ ਵੀ ਇਸ ਬਾਣੀ ਦਾ ਪਾਠ ਹੋ ਰਿਹਾ ਹੈ। ਜੇ ਗੁਰਬਾਣੀ ਦਾ ਕੇਵਲ ਏਨਾ ਕੁ ਮਕਸਦ ਹੈ
ਤਾਂ ਇਹ ਬਾ-ਖੂਬੀ ਨਾਲ ਨਿਭਾਇਆ ਜਾ ਰਿਹਾ ਹੈ।
ਗੁਰਬਾਣੀ ਦਾ ਕੇਵਲ ਏਨਾ ਕੁ ਮਕਸਦ ਨਹੀਂ ਹੈ। ਦਰ-ਅਸਲ ਇਸ ਮਹਾਨ ਫਲਸਫ਼ੇ ਨੂੰ
ਵਿਚਾਰ ਕੇ ਆਪਣੇ ਆਪ ਨੂੰ ਸੰਵਾਰਨਾ ਸੀ। ਹੁਣ ਅਗਾਂਹ ਇਹ ਦੇਖਣਾ ਹੈ ਕਿ ਇਸ ਪਉੜੀ ਦੇ ਗਿਆਨ ਤੋਂ
ਸਾਨੂੰ ਕੀ ਉਪਦੇਸ਼ ਮਿਲਦਾ ਹੈ? ਜਿਸ ਤਰ੍ਹਾਂ ਪਰਮਾਤਮਾ ਨੇ ਆਪਣਾ ਆਪ ਸਾਜਿਆ ਹੈ, ਏਸੇ ਤਰ੍ਹਾਂ
ਮਨੁੱਖ ਨੇ ਵੀ ਆਪਣੇ-ਆਪ ਨੂੰ ਸਾਜਣਾ ਹੈ। ਬੋਹੜ ਦੇ ਦਰਖੱਤ ਦਾ ਬੀਜ ਬਹੁਤ ਹੀ ਸੂਖ਼ਸ਼ਮ ਜੇਹਾ ਹੁੰਦਾ
ਹੈ ਪਰ ਉਸ ਵਿੱਚ ਵੱਡ-ਆਕਾਰੀ ਦਰੱਖ਼ਤ ਲੁਕਿਆ ਹੋਇਆ ਹੈ। ਬੋਹੜ ਦੇ ਬੀਜ ਨੂੰ, ਜ਼ਮੀਨ ਵਿੱਚ ਲੁਕ ਕੇ,
ਆਪਣੀ ਹੋਂਦ ਨੂੰ ਮਿਟਾਉਣਾ ਪੈਂਦਾ ਹੈ ਤਾਂ ਜਾ ਕੇ ਕਿਤੇ ਉਹ ਸੰਘਣੀ ਛਾਂ ਦੇਂਦਾ ਹੈ। ਪਰਮਾਤਮਾ ਜ਼ਰੇ
ਜ਼ਰੇ ਵਿੱਚ ਹੈ—ਇਸ ਦਾ ਭਾਵ ਅਰਥ ਹੋਇਆ ਕਿ ਪਰਮਾਤਮਾ ਨੇ ਹੀ ਆਪਣੇ ਆਪ ਨੂੰ ਸਾਕਾਰ ਕੀਤਾ ਹੈ। ਤੇ
ਸਾਰਾ ਪਾਸਾਰਾ ਤਾਂ ਰੱਬ ਜੀ ਦਾ ਹੀ ਹੈ। ਇਸ ਲਈ ਜਿੰਨਾ ਵੀ ਸੰਸਾਰ ਦਿੱਸਦਾ ਹੈ ਇਹ ਸਾਰਾ ਪਰਮਾਤਮਾ
ਦਾ ਹੀ ਸਾਕਾਰ ਰੂਪ ਹੈ। ਆਸਾ ਕੀ ਵਾਰ ਦੇ ਕੇਂਦਰੀ ਭਾਵ ਵਾਲੀਆਂ ਰਹਾਉ ਦੀਆਂ ਤੁਕਾਂ ਵੀ ਏਹੀ ਦਰਸ਼ਨ
ਦੇ ਰਹੀਆਂ ਹਨ—
ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥ 1॥ ਰਹਾਉ
ਜੇ ਪਰਮਾਤਮਾ ਨੇ ਆਪਣੇ ਆਪ ਨੂੰ ਸਾਜਿਆ ਹੈ ਤਾਂ ਉਹੋ ਜੇਹਾ ਹੀ ਉਸ ਦਾ ਨਾਮ
ਪੈ ਗਿਆ ਹੈ---
“ਆਪੀਨੈੑ ਆਪੁ
ਸਾਜਿਓ ਆਪੀਨੈੑ ਰਚਿਓ ਨਾਉ”॥ ਜੇ ਪਰਮਾਤਮਾ ਦੇ
ਕੁਦਰਤੀ ਕਨੂੰਨ ਅਨੁਸਾਰ ਸੰਸਾਰ ਦੀ ਹਰ ਵਸਤੂ ਜਨਮ ਲੈ ਕੇ ਸਾਕਾਰ ਰੂਪ ਹੋ ਰਹੀ ਹੈ ਤਾਂ ਅਵੱਸ਼
ਸਾਨੂੰ ਵੀ ਆਪਣੇ ਜੀਵਨ ਇਹ ਪ੍ਰੇਰਨਾ ਲੈ ਕੇ ਤਰੱਕੀ ਦੀਆਂ ਪੰਲਾਘਾਂ ਪੁੱਟਣੀਆਂ ਚਾਹੀਦੀਆਂ ਹਨ। ਇੱਕ
ਬੱਚਾ ਡਾਕਟਰੀ ਕਰਦਿਆਂ ਆਪਣੇ ਆਪ ਨੂੰ ਸਾਜ ਸਵਾਰ ਰਿਹਾ ਹੈ। ਜਿਸ ਦਿਨ ਉਸ ਨੇ ਡਾਕਟਰੀ ਕਰ ਲਈ ਉਸ
ਦਿਨ ਉਸ ਦਾ ਨਾਂ ਡਾਕਟਰ ਹੋ ਜਾਏਗਾ—
“ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ
ਨਾਉ” ‘ਅਪੀਨੈ ਆਪ ਸਾਜਿਓ’ ਕੀ ਇਸ ਰੱਬੀ ਗੁਣ ਤੋਂ
ਅਸੀਂ ਪ੍ਰੇਰਨਾ ਨਹੀਂ ਲੈ ਸਕਦੇ ਕਿ ਅਸੀਂ ਵੀ ਆਪਣੇ ਆਪ ਨੂੰ ਸਾਜ ਲਈਏ। ਜਦੋਂ ਮਨੁੱਖ ਕਿਸੇ ਹੁਨਰ
ਨੂੰ ਸਿੱਖਦਾ ਹੈ ਤਾਂ ਉਹ ਹੀ ਉਸ ਦਾ ਨਾਂ ਬਣ ਜਾਂਦਾ ਹੈ। ਕਿਰਸਾਨੀ ਵਿੱਚ ਆਪਣੇ ਆਪ ਨੂੰ ਢਾਲਣ
ਵਾਲੇ ਦਾ ਨਾਂ ਕਿਰਸਾਨ ਬਣ ਜਾਂਦਾ ਹੈ। ਕਪੜਾ ਧੋਣ ਵਾਲੇ ਨੂੰ ਧੋਬੀ ਤੇ ਸਿਉਣ ਵਾਲੇ ਨੂੰ ਦਰਜ਼ੀ ਕਹਿ
ਬਲਾਉਂਦੇ ਹਾਂ। ਜੇ ਏਹੀ ਸਤਿ, ਸੰਤੋਖ, ਹਲੀਮੀ, ਨਿੰਮ੍ਰਤਾ, ਸੇਵਾ-ਭਾਵਨਾ ਵਾਲੇ ਰਬੀ ਗੁਣਾਂ ਵਿੱਚ
ਆਪਣੇ ਆਪ ਨੂੰ ਸਾਜ ਸਵਾਰ ਰਿਹਾ ਹੈ ਤਾਂ ਅਵੱਸ਼ ਉਹ ਰੱਬ ਜੀ ਦਾ ਹੀ ਰੂਪ ਹੋ ਨਿਬੜਦਾ ਹੈ। ਏਸੇ
ਸਿਲਸਿਲੇ ਵਿੱਚ ਭਗਤ ਪੂਰਨ ਸਿੰਘ ਜੀ ਦਾ ਜੀਵਨ ਦੇਖਿਆ ਜਾ ਸਕਦਾ ਹੈ। ਇਹ ਤੁਕ ਨਿਜੀ ਤੌਰ `ਤੇ ਹਰ
ਪ੍ਰਾਣੀ ਨੂੰ ਕੁੱਝ ਕਰਨ ਦੀ ਪ੍ਰੇਰਨਾ ਦੇ ਰਹੀ ਹੈ।
ਦੂਸਰੀ ਤੁਕ ਵਿੱਚ ਜੋ ਸਾਜਿਆ ਗਿਆ ਹੈ ਉਸ ਦੇ ਸਾਕਾਰ ਰੂਪ ਨੂੰ ਕੁਦਰਤ ਕਿਹਾ
ਗਿਆ ਹੈ—
“ਦੁਯੀ ਕੁਦਰਤਿ
ਸਾਜੀਐ ਕਰਿ ਆਸਣੁ ਡਿਠੋ ਚਾਉ” ਜਿਸ ਤਰ੍ਹਾਂ ਮੈਂ
ਡਾਕਟਰ ਦੀ ਉਦਾਹਰਣ ਦਿੱਤੀ ਹੈ ਕਿ ਪਹਿਲਾਂ ਇੱਕ ਆਮ ਬੱਚਾ ਸੀ ਪਰ ਜਦੋਂ ਡਾਕਟਰੀ ਕਰ ਲਈ ਉਹ ਉਸ ਦਾ
ਦੂਸਰਾ ਰੂਪ ਹੋ ਗਿਆ- “ਦੁਯੀ
ਕੁਦਰਤਿ ਸਾਜੀਐ” ਡਾਕਟਰ ਦੇ ਦਿਮਾਗ ਵਿੱਚ ਡਾਕਟਰੀ
ਬੋਲ ਰਹੀ ਹੈ— “ਕਰਿ ਆਸਣੁ
ਡਿਠੋ ਚਾਉ” ਗੁਰਬਾਣੀ ਸਾਡੇ ਲਈ ਪ੍ਰੇਰਨਾ ਸਰੋਤ
ਹੈ ਕੁੱਝ ਕਰਨ ਦੀ। ਇਸ ਦਾ ਹਰ ਬੋਲ ਸਾਰੀ ਮਨੁੱਖਤਾ ਨੂੰ ਰੱਬ ਵਰਗਾ ਬਣਨ ਲਈ ਕਹਿ ਰਹੀ ਹੈ। ਭਗਤ
ਪੂਰਨ ਸਿੰਘ ਜੀ ਨੇ ਇੱਕ ਪਿੰਗਲੇ ਤੋਂ ਪਿੰਗਲਵਾੜੇ ਦੀ ਮਹਾਨ ਸੰਸਥਾ ਕਾਇਮ ਕੀਤੀ ਹੈ। ਭਗਤ ਪੂਰਨ
ਸਿੰਘ ਜੀ ਅੱਜ ਸਾਡੇ ਵਿੱਚ ਨਹੀਂ ਹਨ ਪਰ ਸੰਸਥਾ ਨੂੰ ਕਾਇਮ ਕਰਨ ਕਰਕੇ ਸਦੀਵ ਕਾਲ ਲਈ ਇਸ ਸੰਸਥਾ
ਵਿੱਚ ਬੈਠੇ ਹਨ। ਅਸਲ ਵਿੱਚ ਅਸੀਂ ਗੁਰਬਾਣੀ ਨੂੰ ਆਪਣੇ ਤੇ ਲਾਗੂ ਕਰਨ ਲਈ ਤਿਆਰ ਨਹੀਂ ਹਾਂ। ਘਰ
ਵਿੱਚ ਬੱਚੀ ਸਵਾ-ਦਿਸ਼ਟ ਪ੍ਰਸ਼ਾਦਾ ਤਿਆਰ ਕਰਦੀ ਹੈ ਤਾਂ ਸਾਰੇ ਹੀ ਸਿਫਤ ਕਰਦੇ ਹਨ। ਖਾਣੇ ਵਿੱਚ ਬੱਚੀ
ਦੀ ਭੋਜਨ ਤਿਆਰ ਕਰਨ ਦੀ ਕਲਾ ਲੁਕੀ ਹੋਈ ਹੈ। ਬੁੱਤ ਜਾਂ ਤਸਵੀਰ ਵਿਚੋਂ ਕਲਾਕਾਰ ਦੀ ਮੂੰਹ ਬੋਲਦੀ
ਤਸਵੀਰ ਹੁੰਦੀ ਹੈ।
ਤੀਸਰੀ ਤੁਕ ਹੋਰ ਵੀ ਵਿਸਥਾਰ ਮੰਗਦੀ ਹੈ—
“ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ
ਕਰਹਿ ਪਸਾਉ” ਦੇ ਅਖੱਰੀਂ ਅਰਥ ਭਾਵੇ ਪਹਿਲਾਂ ਦੇ
ਦਿੱਤੇ ਹਨ ਪਰ ਫਿਰ ਵੀ ਸਮਝ ਲੈਂਦੇ ਹਾਂ— ( “ਹੇ
ਪ੍ਰਭੂ!)
ਤੂੰ ਆਪ ਹੀ (ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈਂ ਅਤੇ ਆਪ ਹੀ (ਇਹਨਾਂ ਦੇ) ਸਾਜਣ ਵਾਲਾ ਹੈਂ।
(ਤੂੰ ਆਪ ਹੀ ਤ੍ਰੁੱਠ ਕੇ (ਜੀਵਾਂ ਨੂੰ) ਦੇਂਦਾ ਹੈਂ ਅਤੇ ਬਖ਼ਸ਼ਸ਼ ਕਰਦਾ ਹੈਂ”
ਜੇ ਭਗਤ ਪੂਰਨ ਸਿੰਘ ਜੀ ਨੇ ਪਿੰਗਲਵਾੜੇ ਦੀ ਨੀਂਹ ਰੱਖੀ
ਹੈ ਤਾਂ ਉਸ ਵਿੱਚ ਬਿਮਾਰ ਮਰੀਜ਼ਾਂ ਨੂੰ ਦਵਾ ਦਾਰੂ ਵੀ ਮਿਲ ਰਿਹਾ ਹੈ। ਇਸ ਦਾ ਭਾਵ ਅਰਥ ਹੈ ਕਿ
ਉਹਨਾਂ ਨੇ ਇਸ ਰੱਬੀ ਗੁਣ ਨੂੰ ਸਮਝ ਕੇ ਅਪਨਾ ਲਿਆ। ਦਾਤਾ ਅਤੇ ਕਰਤਾ ਦਾ ਸਾਕਾਰ ਰੂਪ ਮਨੁੱਖੀ ਸੇਵਾ
ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਜੇ ਪਿੰਗਲਵਾੜੇ ਨੂੰ ਸਾਕਾਰ ਕੀਤਾ ਹੈ ਤਾਂ ਉਸ ਵਿਚੋਂ ਮਰੀਜ਼ਾਂ
ਦੀਆਂ ਲੋੜਾਂ ਵੀ ਪੂਰੀਆਂ ਹੋ ਰਹੀਆਂ ਹਨ। ਇਸ ਤੁਕ ਵਿੱਚ ਆਪਣੇ ਆਪ ਨੂੰ ਸਵਾਰਨ ਜਾਂ ਸਾਜਣ ਦੇ
ਗੁਣਾਂ ਦਾ ਪ੍ਰਗਟਾਵਾ ਹੁੰਦਾ ਹੈ। ਜੇ ਧਰਮ ਦੀਆਂ ਵਿੱਚ ਧਰਮ-ਬਿਰਤੀ ਨੇ ਆਪਣੇ ਆਪ ਨੂੰ ਨਹੀਂ
ਸਵਾਰਿਆ ਤਾ ਗੁਰੂ ਨਾਨਕ ਸਾਹਿਬ ਜੀ ਫੈਸਲਾ ਵੀ ਸਭ ਦੇ ਸਾਹਮਣੇ ਹੈ—
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥
ਧਨਾਸਰੀ ਮਹਲਾ ੧ ਪੰਨਾ ੬੬੨
ਚੌਥੀ ਤੁਕ ਪਰਮਾਤਮਾ ਦੇ ਸਭ ਕੁੱਝ ਜਾਨਣ ਦੀ ਅਵਸਥਾ ਹੈ---
“ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ
ਕਵਾਉ”॥ ਇਸ ਦੇ ਅਖਰੀਂ ਅਰਥ ਤਾਂ ਆਪਾਂ ਪਹਿਲਾਂ
ਹੀ ਪੜ੍ਹ ਲਏ ਹਨ। ਜਦੋਂ ਸ਼ੁਭ ਗੁਣਾਂ ਵਿੱਚ ਆਪਣੇ ਆਪ ਨੂੰ ਬੰਦਾ ਸਾਜਣ ਦਾ ਯਤਨ ਕਰਦਾ ਹੈ ਤਾਂ
ਕੁਦਰਤੀ ਔਗੁਣਾਂ ਦਾ ਖਾਤਮਾ ਹੋਏਗਾ। ਪਰਮਾਤਮਾ ਤਾਂ ਸਾਡੇ ਅੰਦਰ ਵੀ ਬੈਠਾ ਹੋਇਆ ਹੈ। ਇਸ ਦਾ ਭਾਵ
ਅਰਥ ਹੈ – “ਬੰਦੇ ਖੋਜੁ ਦਿਲ
ਹਰ ਰੋਜ, ਨਾ ਫਿਰੁ ਪਰੇਸਾਨੀ ਮਾਹਿ” ਦੀ ਅਸਲੀਅਤ
ਨੂੰ ਸਮਝਣਾ ਹੈ। ਜਦੋਂ ਬੰਦਾ ਆਪਣੇ ਆਪ ਨੂੰ ਸਾਜਣ ਲਈ ਤਿਆਰ ਹੋ ਜਾਂਦਾ ਹੈ ਤਾਂ ਆਪਣੇ ਮਨ ਵਿਚੋਂ
ਔਗੁਣਾਂ ਵਾਲੀ ਜਿੰਦ ਨੂੰ ਬਾਹਰ ਕੱਢ ਦੇਂਦਾ ਹੈ। ਕਿਉਂਕਿ ਆਪਣੇ ਆਪ ਨੂੰ ਸਾਜਣਾ ਜੂ ਹੋਇਆ।
ਪ੍ਰੋਫੈਸਰ ਸਾਹਿਬ ਸਿੰਘ ਜੀ ਵਰਗਿਆਂ ਨੇ ਜ਼ਿੰਦਗੀ ਦੇ ਮਹੱਤਵ ਨੂੰ ਸਮਝ ਲਿਆ ਸੀ। ਜਿਸ ਦਾ ਨਤੀਜਾ
ਸਿਧਾਂਤਿਕ ਤੌਰ `ਤੇ ਗੁਰੂ ਗ੍ਰੰਥ ਜੀ ਦਾ ਪਹਿਲਾ ਵੱਡ ਆਕਾਰੀ ਟੀਕਾ ਸਾਕਾਰ ਹੋਇਆ ਹੈ। ਆਲਸ ਵਰਗੀਆਂ
ਬਿਮਾਰੀਆਂ ਨੂੰ ਸਦਾ ਲਈ ਤਿਆਗ ਦਿੱਤਾ।
“ਦੇ ਲੈਸਹਿ ਜਿੰਦੁ ਕਵਾਉ”
ਜੇ ਕਿਤੇ ਔਗੁਣਾਂ ਦਾ ਜਨਮ ਹੋਣ ਲੱਗਦਾ ਹੈ ਤਾਂ ਅੰਦਰ
ਬੈਠਾ ਰੱਬ ਜੀ ਝੱਟ ਸਮਝਾ ਦੇਂਦਾ ਹੈ ਭਲੇ ਇਸ ਭੈੜੇ ਅਚਾਰ ਨੂੰ ਆਪਣੇ ਨੇੜੇ ਨਾ ਢੱਕਣ ਨਾ ਦੇਵੀਂ।
ਇਹ ਤੇ ਠੀਕ ਹੈ ਕਿ ਪਰਮਾਤਮਾ ਸਾਡਿਆਂ ਮਨਾਂ ਦੀ ਜਾਣਦਾ ਹੈ, ਉਸ ਦੇ ਹੁਕਮ ਵਿੱਚ ਜੀਵ ਜੰਮਦੇ ਮਰਦੇ
ਹਨ। ਅਸੀਂ ਖ਼ੁਦ ਵੀ ਜਾਣਦੇ ਹਾਂ ਕਿ ਕੀ ਚੰਗਾ ਹੈ ਜਾਂ ਕੀ ਮਾੜਾ ਹੈ। ਇਸ ਲਈ ਆਪਣੇ ਆਪ ਨੂੰ ਸਵਾਰਨ
ਲਈ ਵਿਕਾਰਾਂ ਵਾਲੀ ਬਿਰਤੀ ਨੂੰ ਮਾਰ ਕੇ ਸਦਚਾਰਕ ਵਾਲੀ ਜਿੰਦ ਨੂੰ ਸਾਕਾਰ ਕਰਨ ਦਾ ਯਤਨ ਕਰਨਾ
ਚਾਹੀਦਾ ਹੈ।
ਪਉੜੀ ਦੀ ਅਖ਼ੀਰਲੀ ਤੁਕ ਵਿੱਚ ਪਰਮਾਤਮਾ ਖ਼ੁਦ ਤਮਾਸ਼ਾ ਦੇਖ ਰਿਹਾ ਹੈ---
“ਕਰਿ ਆਸਣੁ ਡਿਠੋ ਚਾਉ”॥ ਜਦੋਂ ਆਪਣੇ ਆਪ ਨੂੰ
ਸ਼ੁਭ ਕਰਮ ਵਿੱਚ ਢਾਲ ਲਿਆ ਜਾਂ ਆਪਣੇ ਆਪ ਨੂੰ ਸਾਜ ਲਿਆ, ਉਹ ਸਾਜਣਾ ਹੀ ਅੰਦਰਲਾ ਟਿਕਾਓ ਹੈ। ਸਖਤ
ਮਿਹਨਤ ਕਰਕੇ ਕਿਸੇ ਬੱਚੇ ਨੇ ਡਿਗਰੀ ਹਾਸਲ ਕੀਤੀ ਹੈ। ਉਹ ਡਿਗਰੀ ਸਾਰੀ ਉਮਰ ਅੰਦਰ ਬੈਠੀ ਉਸ
ਅਨੁਸਾਰ ਉਸ ਪਾਸੋਂ ਕੰਮ ਕਰਵਾ ਰਹੀ ਹੈ।
ਗੁਰਬਾਣੀ ਦੇ ਅਖ਼ਰੀਂ ਅਰਥ ਤਾਂ ਏਹੀ ਬਣਨਗੇ ਜੋ ਪਹਿਲਾਂ ਵਿਚਾਰ ਲਏ ਹਨ ਪਰ
ਇੱਕ ਯਤਨ ਕੀਤਾ ਹੈ ਕਿ ਇਹਨਾਂ ਅੱਖਰੀਂ ਅਰਥਾਂ ਦੇ ਭਾਵ ਅਰਥ ਨੂੰ ਆਪਣੇ ਜੀਵਨ ਵਿੱਚ ਵੀ ਲੈ ਕੇ
ਆਈਏ। ਇਸ ਪਉੜੀ ਵਿਚੋਂ ਇਹ ਵਿਚਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿੱਥੇ ਰੱਬ ਜੀ ਨੇ ਦੁਨੀਆਂ ਨੂੰ
ਸਾਜਿਆ ਹੈ ਓੱਥੇ ਅਸੀਂ ਵੀ ਪਰਵਾਰ, ਸਮਾਜ ਜਾਂ ਭਾਈਚਾਰਕ ਸਾਂਝਾਂ ਵਿੱਚ ਈਰਖਾ ਦਵੈਖ ਵਰਗੀਆਂ
ਬਿਮਾਰੀਆਂ ਹਿਰਦੇ ਵਿਚੋਂ ਬਾਹਰ ਕੱਢ ਕੇ ਰੱਬ ਵਰਗੇ ਬਣ ਸਕੀਏ।