. |
|
(ਜਬ ਲਗ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ)
ਅਵਤਾਰ ਸਿੰਘ ਮਿਸ਼ਨਰੀ (510-432-5827)
ਇਹ ਪਾਵਨ ਪੰਕਤੀ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਣ ਕੀਤੀ ਹੋਈ ਗੁਰੂ ਗ੍ਰੰਥ
ਸਾਹਿਬ ਜੀ ਦੇ ਪੰਨਾ 661 ਤੇ ਧਨਾਸਰੀ ਰਾਗ ਵਿਖੇ ਅੰਕਿਤ ਹੈ। ਇਸ ਵਿੱਚ ਗੁਰੂ ਜੀ ਫੁਰਮਾਂਦੇ ਹਨ ਕਿ
ਐ ਦੁਨੀਆਂ ਦੇ ਲੋਗੋ ਜਿਨਾਂ ਚਿਰ ਅਸੀਂ ਦੁਨੀਆਂ ਵਿੱਚ ਸਰੀਰ ਕਰਕੇ ਜੀਵਤ ਹਾਂ ਸਾਨੂੰ ਇੱਕ ਦੂਜੇ
ਤੋਂ ਸਿੱਖਣ ਲਈ ਕੁੱਝ ਸੁਣਨਾ ਅਤੇ ਕੁੱਝ ਕਹਿਣਾ ਚਾਹੀਦਾ ਹੈ ਭਾਵ ਚੰਗੀ ਵਿਚਾਰ ਚਰਚਾ ਕਰਦੇ ਰਹਿਣਾ
ਚਾਹੀਦਾ ਹੈ। ਦੇਖੋ! ਪ੍ਰਮਾਤਮਾਂ ਨੇ ਵਿਚਾਰ ਵਿਟਾਂਦਰੇ ਦੀ ਖੁੱਲ੍ਹ ਸਭ ਨੂੰ ਬਰਾਬਰ ਦਿੱਤੀ ਹੈ। ਕਈ
ਵਾਰ ਸਾਡੇ ਵਿਚਾਰ ਆਪਸ ਵਿੱਚ ਨਹੀਂ ਵੀ ਮਿਲਦੇ ਤਾਂ ਕੋਈ ਗੱਲ ਨਹੀਂ ਕਿਉਂਕਿ ਕਰਤੇ ਨੇ ਸ੍ਰਿਸ਼ਟੀ ਦਾ
ਖੇਲ ਹੀ ਐਸਾ ਰਚਿਆ ਹੈ ਰੰਗ ਰੂਪ ਅਤੇ ਅੰਗਾਂ ਕਰਕੇ ਸਭ ਵੱਖ ਵੱਖ ਹਨ ਭਾਵ ਇੰਨ ਬਿੰਨ ਸਰੀਰਾਂ ਦੀ
ਬਣਤਰ ਵੀ ਨਹੀਂ ਮਿਲਦੀ, ਅਨੇਕ ਧਰਤੀਆਂ ਤੇ ਪਤਾਲ ਹਨ, ਅਨੇਕਾਂ ਨਦੀਆਂ ਨਾਲੇ ਸਮੁੰਦਰ, ਪਹਾੜ ਜੰਗਲ
ਅਤੇ ਦੇਸ਼ ਹਨ। ਅਸੀਂ ਅਲੱਗ ਅਲੱਗ ਦੇਸ਼ਾਂ ਦਿਸ਼ਾਤਰਾਂ ਦੇ ਵਸਨੀਕ ਹਾਂ। ਸਾਡੀ ਸਭ ਦੀ ਬੋਲੀ,
ਸਭਿਆਚਾਰ, ਰਹਿਣ ਸਹਿਣ ਅਤੇ ਆਦਤਾਂ ਵੱਖਰੀਆਂ ਵੱਖਰੀਆਂ ਹਨ- ਮੇਰੈ
ਪ੍ਰਭਿ ਸਾਚੈ ਇਕੁ ਖੇਲੁ ਰਚਾਇਆ॥ ਕੋਈ ਨ ਕਿਸੇ ਜੇਹਾ ਉਪਾਇਆ॥ ਆਪੇ ਫਰਕੁ ਕਰੇ ਵੇਖਿ ਵਿਗਸੈ ਸਭਿ ਰਸ
ਦੇਹੀ ਮਾਹਾ ਹੇ॥ (1056) ਇਵੇਂ ਹੀ ਸਾਡੇ ਵਿਚਾਰ
ਵੀ ਵੱਖ ਵੱਖ ਹਨ ਜੋ ਅਸੀਂ ਇੱਕ ਦੂਜੇ ਨਾਲ ਮਿਲ ਬੈਠ ਕੇ ਸਾਂਝੇ ਕਰ ਸਕਦੇ ਹਾਂ। ਜਿੱਥੋਂ ਤੱਕ ਸਾਡੇ
ਵਿਚਾਰ ਆਪਸ ਵਿੱਚ ਮਿਲ ਜਾਣ, ਮੇਲ ਲੈਣੇ ਚਾਹੀਦੇ ਹਨ ਅਤੇ ਨਾਂ ਮਿਲਣ ਤੇ ਲੜਾਈ ਝਗੜਾ ਨਹੀਂ ਕਰਨਾ
ਚਾਹੀਦਾ ਅੱਗੇ ਵਿਚਾਰ ਚਲਦੀ ਰਹਿਣੀ ਚਾਹੀਦੀ ਹੈ। ਇਹ ਹੀ ਪ੍ਰਮਾਤਮਾਂ ਦੀ ਮਰਜੀ ਅਤੇ ਗੁਰੂ ਦਾ ਹੁਕਮ
ਹੈ।
ਦੁਨੀਆਂ ਦੇ ਰਹਿਬਰ ਗੁਰੂ ਨਾਨਕ ਸੰਸਾਰ ਵਿੱਚ ਵਿਚਰੇ, ਵੱਖ ਵੱਖ ਧਰਮ
ਅਸਥਾਨਾਂ ਤੇ ਗਏ ਅਤੇ ਉਨ੍ਹਾਂ ਦੇ ਵੱਖ ਵੱਖ ਆਗੂਆਂ ਨਾਲ ਆਪਸੀ ਵਿਚਾਰ ਵਿਟਾਂਦਰੇ ਦੀ ਸਾਂਝ ਪਾਉਂਦੇ
ਰਹੇ, ਕਿਤੇ ਵੀ ਲੜਾਈ ਝਗੜਾ ਨਹੀਂ ਕੀਤਾ, ਕਿਸੇ ਨੂੰ ਵੀ ਵਿਚਾਰ ਨਾਂ ਮਿਲਣ ਤੇ ਕਦੇ ਧਮਕੀ ਨਹੀਂ
ਦਿੱਤੀ, ਜਿਸ ਦਾ ਸਬੂਤ “ਸਿੱਧ ਗੋਸਟਿ” ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਖੇ ਸੁਭਾਇਮਾਨ ਹੈ। ਜਰਾ
ਠੰਡੇ ਦਿਮਾਗ਼ ਨਾਲ ਵਿਚਾਰੀਏ ਤਾਂ ਪਤਾ ਲਗਦਾ ਹੈ ਕਿ ਸਾਰੇ ਝਗੜੇ ਹੀ ਹਉਮੈ ਹੰਕਾਰ, ਲੋਭ-ਲਾਲਚ,
ਚੌਧਰ, ਖੁਦਗਰਜ਼ੀ, ਈਰਖਾ ਅਗਿਆਨਤਾ ਅਤੇ ਨਾਂ ਸਮਝੀ ਕਰਕੇ ਪੈਦਾ ਹੁੰਦੇ ਹਨ। ਸੋ ਸਾਨੂੰ ਪਹਿਲਾਂ
ਇਨ੍ਹਾਂ ਮਾਰੂ ਔਗੁਣਾਂ ਦਾ ਤਿਆਗ ਕਰਨਾ ਚਾਹੀਦਾ ਹੈ ਜੋ ਗੁਰਬਾਣੀ ਵਿਚਾਰੇ ਅਤੇ ਧਾਰੇ ਬਿਨਾ ਨਹੀਂ
ਹੋ ਸਕਦਾ। ਬਾਹਰੀ ਭੇਖ ਦਾ, ਤਾਂ ਹੀ ਫਾਇਦਾ ਹੈ ਜੇ ਅੰਦਰ ਗੁਣ ਵੀ ਚੰਗੇ ਹੋਣ। ਕ੍ਰਿਪਾਨ ਧਾਰਨ ਦੇ
ਨਾਲ ਸਾਨੂੰ ਗੁਰੂ ਸ਼ਬਦ ਦਾ ਗਿਆਨ ਵੀ ਹੋਣਾ ਚਾਹੀਦਾ ਹੈ। ਗੁਰ ਗਿਆਨ ਵਿਹੂਣਾ ਸਿੱਖ ਕ੍ਰਿਪਾਨ ਦੀ
ਗ਼ਲਤ ਵਰਤੋਂ ਵੀ ਕਰ ਸਕਦਾ ਹੈ। ਗੁਰੂ ਗਿਆਨ ਤਾਂ ਸਾਨੂੰ ਦਰਸਾਉਂਦਾ ਹੈ ਕਿ ਜਦ ਵਿਚਾਰ ਵਿਟਾਂਦਰੇ
(ਗਲ ਬਾਤ) ਦੇ ਸਾਰੇ ਹੀਲੇ ਖਤਮ ਹੋ ਜਾਣ ਤਾਂ ਹੀ ਤੁਹਾਡਾ ਹੱਥ ਕ੍ਰਿਪਾਨ ਦੀ ਮੁੱਠੀ ਤੇ ਜਾਣਾ
ਚਾਹੀਦਾ ਹੈ। ਸਾਡੇ ਪੁਰਖਿਆਂ ਦਾ ਇਤਿਹਾਸ ਵੀ ਇਸ ਸਿਧਾਂਤ ਦੀ ਵਰਤੋਂ ਨਾਲ ਭਰਿਆ ਪਿਆ ਹੈ।
ਗੁਰੂ ਗ੍ਰੰਥ ਸਾਹਿਬ ਆਪਸੀ ਭਾਈਚਾਰੇ, ਮੇਲ ਮਿਲਾਪ, ਸੰਗਤ-ਪੰਗਤ ਅਤੇ
ਵਿਚਾਰਾਂ ਦੇ ਸਿਧਾਂਤਾਂ ਦਾ ਸੁੰਦਰ ਗੁਲਦਸਤਾ ਹੈ। ਸੰਸਾਰੀ ਲੋਕ ਜਾਤ ਪਾਤ, ਬੋਲੀ, ਵੱਖ ਵੱਖ
ਗ੍ਰੰਥਾਂ ਅਤੇ ਧਰਮਾਂ ਦੇ ਨਾਂ ਤੇ ਆਪਸ ਵਿੱਚ ਲੜਦੇ ਸਨ। ਇੱਕ ਧਰਮ ਦਾ ਆਗੂ, ਦੂਜੇ ਧਰਮ ਦਾ, ਨਾ ਹੀ
ਗ੍ਰੰਥ ਪੜ੍ਹਦਾ ਵਾਚਦਾ ਸੀ ਅਤੇ ਨਾਂ ਹੀ ਦੂਜੇ ਦੇ ਧਰਮ ਅਸਥਾਨ ਤੇ ਵਿਚਾਰ ਵਿਟਾਂਦਰਾ ਕਰਨ ਜਾਂਦਾ
ਸੀ ਜਿਸ ਕਰਕੇ ਨਫਰਤ ਹੋਰ ਵਧਦੀ ਜਾਂਦੀ ਸੀ। ਹਿੰਦੂ, ਮੁਸਲਮਾਨ ਨੂੰ ਮਲੇਛ ਅਤੇ ਮੁਸਲਮਾਨ, ਹਿੰਦੂ
ਨੂੰ ਕਾਫਰ ਕਹਿੰਦਾ ਸੀ। ਲੋੜ ਤਾਂ ਸੀ ਕੰਪੈਰੇਟਿਵ ਸਟੱਡੀ ਰਾਹੀਂ ਗੁਣਾਂ ਦੀ ਸਾਂਝ ਪਾਈ ਜਾਂਦੀ ਪਰ
ਇੱਕ ਦੂਜੇ ਦੇ ਧਰਮ ਗ੍ਰੰਥ ਪੜ੍ਹਨ ਵਾਚਨ ਤੋਂ ਬਿਨਾ ਹੀ ਕਟੜਵਾਦੀ ਆਗੂਆਂ ਦੇ ਮਗਰ ਲੱਗ ਕੇ ਉਨ੍ਹਾਂ
ਦੇ ਭੜਕਾਏ ਹੋਏ ਅਗਿਆਨੀ ਲੋਕ ਇੱਕ ਦੂਜੇ ਵਿਰੁੱਧ ਤਲਵਾਰਾਂ ਸੋਟੇ ਚੁੱਕ ਲੈਂਦੇ ਸਨ। ਅੱਜ ਵੀ ਬਹੁਤੇ
ਝਗੜੇ ਆਪਸੀ ਵਿਚਾਰ ਵਿਟਾਂਦਰੇ ਦੀ ਘਾਟ ਕਰਕੇ ਹੀ ਹੋ ਰਹੇ ਹਨ। ਗੁਰੂਆਂ ਭਗਤਾਂ ਦੀ ਫਰਾਖਦਿਲੀ
ਦੇਖੋ! ਉਨ੍ਹਾਂ ਦਾ ਨਾਹਰਾ ਹੀ ਇਹ ਸੀ- ਏਕੁ
ਪਿਤਾ ਏਕਸੁ ਕੇ ਹਮ ਬਾਰਿਕ (611) ਅਵਲਿ ਅਲਹ ਨੂਰੁ ਉਪਾਇਆ ਕੁਦਰਤ ਕੇ ਸਭ ਬੰਦੇ (1349)
ਅਤੇ-ਸਭੇ ਸਾਂਝੀਵਾਲ ਸਦਾਇਨਿ
ਤੂੰ ਕਿਸੇ ਨਾਂ ਦਿਸਹਿ ਬਾਹਰਾ ਜੀਉ॥ (97) ਇਕੱਲਾ
ਨਾਹਰਾ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਦੇਖੋ! ਵੱਖ ਵੱਖ ਬੋਲੀਆਂ, ਰਾਗਾਂ, ਜਾਤਾਂ,
ਫਿਰਕਿਆਂ ਅਤੇ ਇਲਾਕਿਆਂ ਦੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਖੇ ਦਰਜ ਹੈ। ਹਿੰਦੀ,
ਪੰਜਾਬੀ, ਸੰਸਕ੍ਰਿਤ, ਅਰਬੀ-ਫਾਰਸੀ, ਉਰਦੂ ਅਤੇ ਹੋਰ ਕਈ ਬੋਲੀਆਂ ਵਰਤੀਆਂ ਗਈਆਂ ਹਨ। ਅੱਜ ਜਿਹੜਾ
ਵੀ ਇਨਸਾਨ ਸੱਚੇ ਦਿਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਵਿਚਾਰ ਲੈਂਦਾ ਹੈ, ਉਹ ਗੁਰੂਆਂ
ਭਗਤਾਂ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਜਾਂਦਾ ਹੈ ਕਿਉਂਕਿ ਇਹ ਗਿਆਨ ਸਰਬਸਾਂਝਾ ਅਤੇ
ਸਾਂਇੰਟੇਫਿਕ ਹੈ। ਸੋ ਗੁਰੂ ਜੀ ਨੇ ਆਪਸੀ ਵਿਚਾਰ ਵਿਟਾਂਦਰੇ ਰਾਹੀਂ ਹੀ ਸਰਬਸਾਂਝੀਵਾਲਤਾ ਦੇ
ਸਿਧਾਂਤ ਨੂੰ ਵੱਖ ਵੱਖ ਧਰਮਾਂ ਦੇ ਆਗੂਆਂ ਅਤੇ ਅਨੁਯਾਈਆਂ ਨਾਲ ਸਾਂਝਾ ਕੀਤਾ। ਜਿੱਥੋਂ ਵੀ ਉਨ੍ਹਾਂ
ਨੂੰ ਸਰਬਸਾਂਝੇ ਅਤੇ ਮਨੁੱਖਤਾ ਦੀ ਏਕਤਾ ਅਤੇ ਭਲਾਈ ਵਾਲੇ ਵਿਚਾਰ ਮਿਲੇ, ਲੈ ਲਏ। ਰੱਬੀ ਭਗਤਾਂ ਦੀ
ਬਾਣੀ ਇਵੇਂ ਹੀ ਗੁਰੂ ਨਾਨਕ ਜੀ ਨੇ ਇਕੱਤਰ ਕਰਕੇ ਆਪਣੀ ਪੋਥੀ ਵਿੱਚ ਲਿਖੀ ਜੋ ਸਦਾ ਨਾਲ ਰੱਖਦੇ ਸਨ।
ਜਿਸ ਦਾ ਸਬੂਤ ਭਾ. ਗੁਰਦਾਸ ਜੀ ਲਿਖਦੇ ਹਨ ਕਿ-ਆਸਾ
ਹਥਿ ਕਿਤਾਬ ਕਛਿ ਕੂਜ਼ਾ ਬਾਂਗ ਮੁਸੱਲਾਧਾਰੀ॥ ਫਿਰ
ਸੀਨਾ ਬਾਸੀਨਾ ਇਹ ਪੋਥੀ ਗੁਰੂ ਅਰਜਨ ਸਾਹਿਬ ਜੀ ਕੋਲ ਪਹੁੰਚੀ ਤਾਂ ਗੁਰੂ ਜੀ ਨੇ ਗੁਰੂ ਗ੍ਰੰਥ ਵਿੱਚ
ਅੰਕਿਤ ਕਰਕੇ ਆਪਸੀ ਵਿਚਾਰਾਂ ਦੀ ਸਾਂਝ ਨੂੰ ਸਦੀਵੀ ਥਾਂ ਦੇ ਦਿੱਤਾ। ਦਸਵੇਂ ਨਾਨਕ ਗੁਰੂ ਗੋਬਿੰਦ
ਸਿੰਘ ਜੀ ਨੇ ਆਪਣੇ ਪਿਤਾ ਗੁਰੂ ਤੇਗ਼ਬਹਾਦਰ ਦੀ ਬਾਣੀ ਨੂੰ ਇਸ ਗ੍ਰੰਥ ਵਿੱਚ ਚੜ੍ਹਾ ਕੇ ਸੰਪੂਰਨ
ਕੀਤਾ ਅਤੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਭਰੀ ਸਭਾ ਵਿੱਚ ਸਰਬਸਾਂਝੇ ਗੁਰੂ ਦਾ ਦਰਜਾ ਦਿਂਦੇ ਹੋਇ
ਹੁਕਮ ਕੀਤਾ ਕਿ-ਸਭਿ ਸਿਖਨ ਕਉ
ਹੁਕਮ ਹੈ ਗੁਰੂ ਮਾਨਿਓਂ ਗ੍ਰੰਥ। ਸੋ ਹੋਰ ਕੋਈ
ਗ੍ਰੰਥ ਜੋ ਸਰਬਸਾਂਝੀ ਵਾਲਤਾ ਦੇ ਸਿਧਾਂਤ ਨੂੰ ਖੰਡਨ ਕਰਦਾ ਹੈ ਗੁਰੂ ਜੀ ਨੇ ਪ੍ਰਵਾਨ ਨਹੀਂ ਕੀਤਾ।
ਹਾਂ ਸਾਰੇ ਧਰਮ ਗ੍ਰੰਥਾਂ ਨੂੰ ਪੜ੍ਹਨ ਵਿਚਾਰਨ ਦੀ ਖੁੱਲ੍ਹ ਜਰੂਰ ਦਿੱਤੀ ਹੈ। ਸੋ ਸਿੱਖ ਨੇ ਅੱਜ ਵੀ
ਗੁਰੂ ਦੇ ਹੁਕਮਾਂ ਦੀ ਪਾਲਨਾ ਕਰਨੀ ਹੈ ਨਾ ਕਿ ਬਾਅਦ ਦੇ ਲਿਖਾਰੀਆਂ ਦੇ ਲਿਖੇ ਕਿਸੇ ਗੁਰਮਤਿ
ਵਿਰੋਧੀ ਗ੍ਰੰਥ ਦੀ।
ਮਿਤਰੋ! ਇਸ ਸੰਸਾਰ ਵਿੱਚ ਕਿਸੇ ਨੇ ਵੀ ਸਦਾ ਲਈ ਬੈਠੇ ਨਹੀਂ ਰਹਿਣਾ ਫਿਰ
ਅਸੀਂ ਮਨੁੱਖਾ ਜਨਮ ਨੂੰ ਈਰਖਾ, ਨਫ਼ਰਤ, ਲੜਾਈਆਂ, ਝਗੜਿਆਂ, ਮੋਹ-ਮਾਇਆ, ਮੇਰ-ਤੇਰ, ਹਉਮੈ-ਹੰਕਾਰ
ਅਤੇ ਚੌਧਰ ਦੀ ਖਾਤਰ, ਗ਼ਫਲਤ ਦੀ ਨੀਂਦ ਵਿੱਚ ਅਜਾਈਂ ਕਿਉਂ ਗਵਾ ਰਹੇ ਹਾਂ?
ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ
ਖਾਇ॥ ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ॥ (156)
ਆਓ ਆਪਸੀ ਮਤਭੇਦ ਭੁਲਾ ਕੇ ਵਿਚਾਰ ਵਿਟਾਂਦਰਿਆਂ ਰਾਹੀਂ
ਗੁਰੂ ਗਿਆਨ ਦੀਆਂ ਸਾਂਝਾਂ ਪਾਈਏ ਅਤੇ ਸੱਚੇ ਗੁਰੂ ਦੇ ਗਿਆਨ ਨੂੰ ਹੀ ਅੱਗੇ ਵੰਡੀਏ। ਗੁਰੂ ਨਾਨਕ
ਸਾਹਿਬ ਜੀ ਨੇ ਸੰਸਾਰ ਵਿੱਚ ਵਿਚਰਦਿਆਂ ਇਹ ਸਰਬਸਾਂਝਾ ਉਪਦੇਸ਼ ਸਾਨੂੰ ਸਭ ਨੂੰ ਦਿੱਤਾ ਸੀ ਕਿ-ਜਬ
ਲਗ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥ ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ
ਰਹੀਐ॥ (661) ਅਰਥ-ਜਿਨਾਂ
ਚਿਰ ਸੰਸਾਰ ਵਿੱਚ ਵਿਚਰਨਾ ਹੈ ਕੁੱਝ ਸੁਣਨਾ ਅਤੇ ਕੁੱਝ ਕਹਿਣਾ ਵੀ ਹੈ ਭਾਵ ਵੀਚਾਰਾਂ ਦੀ ਸਾਂਝ
ਬਣਾਈ ਰੱਖਣੀ ਹੈ। ਨਫਰਤ ਆਪਸੀ ਪਾੜੇ ਪਾਉਂਦੀ ਅਤੇ ਵੀਚਾਰਾਂ ਦਾ ਰਸਤਾ ਹੀ ਦੂਰ ਗਇਆਂ ਨੂੰ ਨੇੜੇ
ਲਿਆ ਸਕਦਾ ਹੈ। ਇਸ ਵਿਚਾਰ ਨੂੰ ਧਾਰਨ ਵਿੱਚ ਹੀ ਸਾਡਾ ਸਭ ਦਾ ਭਲਾ ਹੈ। ਵਿਚਾਰ ਲਈ ਆਪ ਇਸ ਨੰ:
510-432-5827. ਤੇ ਫੋਨ ਕਰ ਸਕਦੇ ਹੋ।
|
. |