ਇਹ ਵੀ ਮਨਮਤਿ ਦਾ ਇੱਕ ਰੂਪ
ਜਿਸ ਇਲਾਕੇ ਵਿੱਚ ਮੈਂ ਰਹਿੰਦਾ ਹਾਂ ਓਥੇ ਨੇੜੇ-ਤੇੜੇ ਕੋਈ 7 ਕੁ ਗੁਰਦਵਾਰੇ
ਹਨ ਜਿਨ੍ਹਾ ਵਿੱਚੋਂ ਇੱਕ ਗੁਰਦਵਾਰਾ ਕਾਫੀ ਵੱਡਾ ਹੈ ਤੇ ਤਕਰੀਬਨ ਤਕਰੀਬਨ ਸਾਰੇ ਸਰਮਾਏਦਾਰ ਹੀ ਉਕਤ
ਗੁਰਦਵਾਰੇ ਦੇ ਪ੍ਰਬੰਧਕ ਹਨ ਤੇ ਓਹਨਾ ਦਾ ਹੀ ਪੱਕਾ ਕਬਜ਼ਾ ਹੈ ਕਿਉਂਕਿ ਗੁਰਦਵਾਰਾ ਸਾਹਬ ਦਾ ਨਾਮ
ਭਾਵੇਂ ਸਿੰਘ ਸਭਾ ਹੈ ਪਰ ਹੈ ਓਹ ਟਰਸਟ, ਇਸ ਲਈ ਮਜੂਦਾ ਮੈਂਬਰ ਹੀ ਹਮੇਸ਼ਾਂ ਵਾਸਤੇ ਪ੍ਰਬੰਧਕ
ਰਹਿਣਗੇ ਜੇ ਕਿਤੇ ਕੋਈ ਇੱਕ ਅੱਧਾ ਓਹਨਾ ਚੋਂ ਚੜ੍ਹਈ ਵੀ ਕਰ ਗਿਆ ਤੇ ਉਸ ਦਾ ਪੁੱਤਰ/ਪੁੱਤਰੀ
ਪ੍ਰਬੰਧਕ ਮੈਂਬਰ ਹੋਣਗੇ, ਖੈਰ ਵੈਸੇ ਵੀ ਅਜ ਕਲ ਭਾਈ ਲਾਲੋ ਨੂੰ ਕੋਈ ਨੇੜੇ ਨਹੀਂ ਫਟਕਣ ਦਿੰਦਾ ਤੇ
ਜਿਆਦਾਤਰ ਸੰਸਥਾਵਾਂ ਚਾਹੇ ਓਹ ਧਾਰਮਿਕ ਹੋਵੇ ਜਾਂ ਰਾਜਨੀਤਕ ਬਹੁਤਾਤ ਵਿੱਚ ਓਹਨਾਂ ਉਤੇ ਮਲਕ
ਭਾਗੋਆਂ ਦਾ ਹੀ ਕਬਜ਼ਾ ਹੈ। ਖੈਰ ਅਗਲੀ ਗਲ ਤੋਰੀਏ ਉਕਤ ਗੁਰਦਵਾਰੇ ਵਿੱਚ ਕਾਫੀ ਸਾਲਾਂ ਤੋਂ ਸਾਉਣ ਦਾ
ਸਾਰਾ ਮਹੀਨਾ ਸਵੇਰ ਵੇਲੇ ਕਾਫੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੇ ਵਧੀਆ ਲੰਗਰ ਕੀਤੇ ਜਾਂਦੇ ਹਨ
ਜਿਨ੍ਹਾਂ ਵਿੱਚ ਬਦਾਮਾਂ ਵਾਲੀ ਖੀਰ, ਮ੍ਹਾਲ ਪੂੜੇ ਵਗੈਰ੍ਹਾ ਵੀ ਹੁੰਦੇ ਹਨ। ਲਾਗੇ ਬਨਿਓ ਬਲਕਿ
ਦੂਜੀਆਂ ਕਲੋਨੀਆਂ ਵਿੱਚੋਂ ਵੀ ਲੋਕ ਆਉਂਦੇ ਹਨ (ਖਾਸ ਕਰਕੇ ਲੰਗਰ ਵੇਲੇ ਤਕ ਤੇ ਪਹੁੰਚ ਹੀ ਜਾਂਦੇ
ਹਨ) ਮੇਰੇ ਪ੍ਰਵਾਰ ਵਿਚੋਂ ਵੀ ਕੁੱਝ ਮੈਂਬਰ ਜਾਂਦੇ ਹੁੰਦੇ ਹਨ। ਇੱਕ ਦਿਨ ਓਥੇ ਇੱਕ ਬੀਬੀ ਨੇ ਮੇਰੀ
ਪਤਨੀ ਨੂੰ ਕਿਹਾ ਕਿ ਭੈਣ ਜੀ ਇੱਕ ਸੇਵਾ ਹੈ ਜੇ ਤੁਹਾਨੂੰ ਕਹੀਏ ਤੇ ਕਰੋਗੇ ਮੇਰੇ ਘਰਵਾਲੀ ਨੇ
ਸੋਚਿਆ ਕਿ ਸ਼ਾਇਦ ਗੁਰਦਵਾਰੇ ਦੀਆਂ ਕੋਈ ਚਾਦਰਾਂ ਧੋਣ ਵਾਲੀਆਂ ਹੋਣਗੀਆਂ ਜਾਂ ਏਹੋ ਜਿਹਾ ਕੋਈ ਹੋਰ
ਕੰਮ, ਮੇਰੇ ਘਰਵਾਲੀ ਨੇ ਬੜੇ ਉਤਸ਼ਾਹ ਨਾਲ ਕਿਹਾ ਕਿ ਜਰੂਰ ਜੀ ਕਿਉਂ ਨਹੀ ਤੁਸੀਂ ਦਸੋ ਕੀ ਕੰਮ ਹੈ,
ਓਹ ਬੀਬੀ ਕਹਿਣ ਲਗੀ ਕਿ ਇੱਕ ਕਾਪੀ ਤਹਾਨੂੰ ਦੇਣੀ ਹੈ ਉਸ ਤੇ 51000 ਵਾਰੀ ਵਾਹਿਗੁਰੂ-ਵਾਹਿਗੁਰੂ
ਲਿਖਣਾ ਹੈ। ਮੇਰੇ ਘਰਵਾਲੀ ਨੂੰ ਜਿਸਨੇ ਸਾਰੀ ਜਿੰਦਗੀ ਕੁੱਝ ਨਾ ਲਿਖਿਆ ਹੋਵੇ ਉਸ ਲਈ ਤੇ ਮੁਸੀਬਤ
ਹੋ ਗਈ ਕਿਉਂਕਿ ਇਹ ਥੋੜਾ ਬਹੁਤ ਹੀ ਪੜ੍ਹੀ ਹੋਈ ਹੈ ਤੇ ਪੜ੍ਹਨ ਲਿਖਣ ਦਾ ਉੱਕਾ ਹੀ ਇਸ ਨੂੰ ਚਾਅ
ਨਹੀਂ। ਉਸ ਬੀਬੀ ਨੇ ਉਕਤ ਕਾਪੀ ਕਿਸੇ ਬੱਚੇ ਨੂੰ ਦੇਣੀ ਸੀ ਤੇ ਅਗਾਂਹ ਉਸ ਬੱਚੇ ਨੇ ਗਿਆਨੀ ਗੁਰ
ਇਕਬਾਲ ਸਿੰਘ ਤੋਂ ਇਨਾਮ ਲੈਣਾ ਸੀ।
ਜਿਸ ਲਾਲਚ ਨੂੰ ਮੁੱਖ ਰੱਖਕੇ ਵਾਹਿਗੁਰੂ ਲਿਖਿਆ ਜਾ ਰਿਹਾ ਹੈ ਜਾਂ ਲਿਖਾਇਆ
ਜਾ ਰਿਹਾ ਹੈ ਓੁਹ ਤੇ ਉੱਕਾ ਹੀ ਗਲਤ ਹੈ। ਇਸ ਸਾਰੇ ਵਾਕਿਆ ਤੋ ਬਾਅਦ ਮੈਂ ਸੋਚਣ ਤੇ ਮਜਬੂਰ ਹੋ ਗਿਆ
ਕਿ ਸਿੱਖ ਕੋਮ ਕਿਧਰ ਨੂੰ ਤੁਰੀ ਜਾ ਰਹੀ ਹੈ ਇਹ ਤੇ ਨਿਰੀ ਸੋਦੇ ਬਾਜ਼ੀ ਹੀ ਹੋ ਗਈ ਵਪਾਰ ਬਣ ਗਿਆ
ਧਰਮ ਦੇ ਨਾ ਤੇ। ਗੁਰੂ ਅਰਜਨ ਪਾਤਸ਼ਾਹ ਤੇ ਪ੍ਰਭੂ ਭਗਤੀ, ਪ੍ਰਭੂ ਸਿਮਰਨ, ਪ੍ਰਭੂ ਪਿਆਰ ਤੋਂ ਰਾਜ ਵੀ
ਕੁਰਬਾਨ ਕਰਨ ਦੀ ਗਲ ਕਰ ਰਹੇ ਹਨ। ਤੇ ਆਪਣੀ ਬਾਣੀ ਵਿੱਚ ਇਉਂ ਕਿਹ ਰਹੇ ਹਨ। ਗੁਰਬਾਣੀ ਦਾ ਫਰਮਾਨ
ਹੈ।
“ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ” ਪੰਨਾ 534
ਹੇ ਪਿਆਰੇ ਪ੍ਰਭੂ
!
ਮੈਂ ਰਾਜ ਨਹੀਂ ਮੰਗਦਾ, ਮੈਂ ਮੁਕਤੀ ਨਹੀਂ ਮੰਗਦਾ, (ਮੇਹਰ ਕਰ, ਸਿਰਫ਼ ਤੇਰੇ) ਸੋਹਣੇ ਕੋਮਲ ਚਰਨਾਂ
ਦਾ ਪਿਆਰ ਮੇਰੇ ਮਨ ਵਿੱਚ ਟਿਕਿਆ ਰਹੇ।
ਅਤੇ
ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖੁ ਰਾਜਿ ਨ ਲਹੀਐ॥ 1॥ ਪੰਨਾ 336
ਤੇ ਇਨਾਮ ਦੇ ਲਾਲਚ ਵਿੱਚ ਸਾਰੇ ਲੋਕ ਵਾਹਿਗੁਰੂ ਵਾਹਿਗੁਰੂ ਹੀ ਲਿਖੀ ਜਾ
ਰਹੇ ਹਨ। ਸਾਡੇ ਬਲਾਕ ਦੇ ਗੇਟ ਤੇ ਦਿਨ ਵੇਲੇ ਇੱਕ ਅਮ੍ਰਿਤਧਾਰੀ ਸਿੰਘ ਦੀ ਡੀਊਟੀ ਹੁੰਦੀ ਹੈ ਮੈਂ
ਓਹਨਾ ਨੂੰ ਦੇਖਿਆ ਕਿ ਉਹ ਵੀ ਏਹੀ ਕੁੱਝ ਕਰੀ ਜਾ ਰਹੇ ਸੀ। ਉਹਨਾਂ ਨੂੰ ਮੈਂ ਜਦੋਂ ਇਸ ਬਾਰੇ ਪੁਛਿਆ
ਤੇ ਉਹ ਕਹਿਣ ਲਗੇ ਕਿ ਇੱਕ ਬੀਬੀ ਦੇ ਗਈ ਸੀ ਲਿਖਣ ਨੂੰ, ਵੇਹਲੇ ਬੈਠੇ ਲਿਖੀ ਜਾਂਦਾ ਹਾਂ, ਬਸ ਮੂੰਹ
ਲਿਹਾਜ਼ਾ।
ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ॥ ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ
ਸਾਰੁ॥ 3॥ ਪੰਨਾ 787
ਭਾਵ:- ਜੋ ਮਨੁੱਖ ਕੋਈ ਕੰਮ ਬੱਧਾ-ਰੁੱਧਾ ਕਰੇ, ਉਸ ਦਾ ਲਾਭ ਨਾ ਤੇ ਆਪਣੇ
ਆਪ ਨੂੰ ਅਤੇ ਨਾ ਕਿਸੇ ਹੋਰ ਨੂੰ। ਹੇ ਨਾਨਕ
!
ਉਹੀ ਕੰਮ ਸਿਰੇ ਚੜ੍ਹਿਆ ਜਾਣੋ ਜੋ ਖ਼ੁਸ਼ੀ ਨਾਲ ਕੀਤਾ ਜਾਏ।
ਵਾਹਿਗੁਰੂ ਲਫਜ਼ ਗੁਰੂ ਕੇ ਸਿਖਾਂ ਨੇ ਅਕਾਲ ਪੁਰਖ ਨੂੰ ਸੰਬੋਧਨ ਕਰਨ ਵਾਸਤੇ
ਵਰਤਣਾ ਸ਼ੁਰੂ ਕੀਤਾ ਸੀ ਵਾਹ ਗੁਰੂ ਦਾ ਸਿਮਰਨ ਕਰਨਾ ਮਾੜੀ ਗਲ ਨਹੀਂ ਪਰ ਉਚਾਰਣ ਤੇ ਠੀਕ ਕਰਨ ਦੀ
ਲੋੜ ਹੈ ਵਾਹਿਗੁਰੂ ਦਾ ਉਚਾਰਣ ਵਾਹ ਗੁਰੂ ਹੈ ਵਾਹੇਗੁਰੂ ਨਹੀਂ ਤੇ ਏਹ ਲਫਜ਼ ਅਡ-ਅਡ ਹਨ ਇਕਠੇ ਨਹੀਂ,
ਬਾਬਾ ਨਾਨਕ ਜੀ ਦੀਆਂ ਸਾਰੀਆਂ ਜੋਤਾਂ ਨੇ ਆਪ ਆਪਣੀ ਸਾਰੀ ਬਾਣੀ ਵਿੱਚ ਕਿਤੇ ਇੱਕ ਵਾਰੀ ਵੀ
ਵਾਹਿਗੁਰੂ ਨਹੀਂ ਉਚਾਰਿਆ। ਇਹ ਲਫਜ਼ ਭੱਟਾਂ ਦੀ ਬਾਣੀ ਵਿੱਚ ਆਉਂਦਾ ਹੈ ਤੇ ਫਰਕ ਨਾਲ ਵੀ,
ਸਤਿ ਸਾਚੁ ਸ੍ਰੀ ਨਿਵਾਸੁ, ਆਦਿ ਪੁਰਖੁ ਸਦਾ ਤੁਹੀ, ਵਾਹਿ ਗੁਰੂ, ਵਾਹਿ
ਗੁਰੂ, ਵਾਹਿ ਗੁਰੂ, ਵਾਹਿ ਜੀਉ॥ 2॥ 7॥ ਪੰਨਾ 1402
ਸੇਵਕ ਕੈ ਭਰਪੂਰ ਜੁਗੁ ਜੁਗੁ, ਵਾਹ ਗੁਰੂ, ਤੇਰਾ ਸਭੁ ਸਦਕਾ॥
ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ॥ ਪੰਨਾ 1403
ਉਂਜ ਵਾਹ ਗੁਰੂ ਦੇ ਸੰਬੋਧਨ ਨਾਲ ਭੱਟਾਂ ਵਲੋਂ ਗੁਰੂ ਦੀ ਸਿਫਤ ਸਲਾਹ ਕੀਤੀ
ਗਈ ਹੈ ਤੇ ਗੁਰੁ ਸਾਹਿਬਾਂ ਨੇ ਅਕਾਲ ਪੁਰਖ ਦੀ ਉਸਤਤਿ ਲਈ ਮੂਲ ਮੰਤਰ ਦਾ ਉਚਾਰਣ ਕੀਤਾ ਹੈ। ਸਾਡੀ
ਤੇ ਏਨੀ ਬੁੱਧੀ ਹੀ ਨਹੀਂ ਕਿ ਅਸੀਂ ਗੁਰੁ ਜਾਂ ਅਕਾਲ ਪੁਰਖ ਦੀ ਸਿਫਤ ਸਲਾਹ, ਉਸਤਤਿ ਕਰ ਸਕੀਏ। ਇਸ
ਪਰਥਾਏ ਬਾਬਾ ਕਬੀਰ ਜੀ ਆਪਣੀ ਬਾਣੀ ਵਿੱਚ ਫੁਰਮਾਨ ਕਰ ਰਹੇ ਹਨ।
ਕਬੀਰ ਸਾਤ ਸਮੁੰਦਹਿ ਮਸੁ ਕਰਉ, ਕਲਮ ਕਰਉ ਬਨਰਾਇ॥ ਬਸੁਧਾ ਕਾਗਦੁ ਜਉ ਕਰਉ,
ਹਰਿ ਜਸੁ ਲਿਖਨੁ ਨ ਜਾਇ॥ 81॥ ਪੰਨਾ 1368
ਕਬੀਰ ਸਾਹਿਬ ਕਿਹਦੇ ਹਨ ਹੇ ਕਬੀਰ! ਜੇ ਮੈਂ ਸੱਤਾਂ ਹੀ ਸਮੁੰਦਰਾਂ ਦੇ ਪਾਣੀ
ਨੂੰ ਸਿਆਹੀ ਬਣਾ ਲਵਾਂ, ਸਾਰੇ ਰੁੱਖਾਂ-ਬਿਰਖਾਂ ਦੀਆਂ ਕਲਮਾਂ ਘੜ ਲਵਾਂ, ਸਾਰੀ ਧਰਤੀ ਨੂੰ ਕਾਗਜ਼ ਦੇ
ਥਾਂ ਵਰਤ ਲਵਾਂ, ਤਾਂ ਭੀ ਪਰਮਾਤਮਾ ਦੇ ਗੁਣ ਲਿਖੇ ਨਹੀਂ ਜਾ ਸਕਦੇ।
ਓ ਗੁਰੂ ਨਾਨਕ ਦੇ ਪੰਥ ਨੂੰ ਮਨਣ ਵਾਲਿਉ ਜੇ ਚਾਂਹਦੇ ਹੋ ਸਿੱਖ ਧਰਮ
ਪ੍ਰਫੁਲਤ ਹੋਵੇ ਤੇ ਛਡ ਦਿਉ ਪਖੰਡ, ਅਡੰਬਰ ਨੂੰ ਤੇ ਗੁਰੂ ਦੀ ਮਤਿ ਨੂੰ ਧਾਰਣ ਕਰੋ, ਸਭ ਲੋਕਾਂ ਤੋਂ
ਜਾਅਦਾ ਦਿਨ ਤਿਉਹਾਰ ਅਸੀਂ ਮਨਾਊਂਦੇ ਹਾ ਪਰ ਕਦੀ ਨਤੀਜੇ ਵਲ ਵੀ ਧਿਆਨ ਮਾਰੋ। ਇਸਾਈ ਸਾਲ ਵਿੱਚ
ਸਿਰਫ ਤਿਨ ਦਿਨ ਮਨਾਉਂਦੇ ਹਨ ਪਰ ਉਹਨਾ ਦਾ ਧਰਮ ਕਿੱਨਾ ਫੈਲਿਆ ਹੈ। ਈਸਾ ਮਸੀਹ ਜੀ ਨੇ ਆਪਣੇ ਜੀਵਨ
ਕਾਲ ਵਿੱਚ ਸਿਰਫ 12 ਈਸਾਈ ਬਣਾਏ ਸੀ ਤੇ ਓਹਨਾ ਦੇ ਸੂਲੀ ਤੇ ਚੜ੍ਹਨ ਵੇਲੇ 7 ਭੱਜ ਗਏ ਸੀ ਬਾਕੀ ਬਚੇ
ਪੰਜਾਂ ਨੇ ਐਸੀ ਮਿਸ਼ਨਰੀ ਲਹਿਰ ਚਲਾਈ ਕਿ ਕੁਲ ਦੁਨੀਆਂ ਵਿੱਚ ਅੱਜ 2/3 ਮੁਲਕ ਇਸਾਈ ਹਨ। ਆਓ ਅਸੀਂ
ਵੀ ਹੰਬਲਾ ਮਾਰੀਏ ਗੁਰੁ ਨਾਨਕ ਦਾ ਧਰਮ ਅਜ ਦੇ ਜੁਗ ਦਾ ਧਰਮ ਹੈ, ਲੋਕਾਂ ਨੂੰ ਦੱਸੀਏ ਸਿੱਖੀ ਕੀ
ਹੈ, ਕਿਸੇ ਬਿਪਰ ਕੀ ਰੀਤ, ਕਿਸੇ ਪਖੰਡ, ਕਿਸੇ ਅਡੰਬਰ ਨਾਲ ਇਸ ਦਾ ਦੂਰ ਦਾ ਵੀ ਕੋਈ ਰਿਸ਼ਤਾ ਨਹੀਂ,
ਗੁਰਬਾਣੀ ਵੀਚਾਰ ਮੰਗਦੀ ਹੈ ਤੋਤਾ ਰਟਨ ਨਹੀ, ਗੁਰੁ ਬਾਬੇ ਦੇ ਸੱਚੇ ਸਿੱਖ ਬਣੀਏਂ, ਹਰ ਸਿੱਖ
ਮਿਸ਼ਨਰੀ ਬਣ ਕੇ ਕੰਮ ਕਰੇ ਫਿਰ ਵੇਖਿਓ ਇਹ ਕਿਆਰੀ ਕਿਵੇਂ ਵਧਦੀ ਫੁਲਦੀ ਹੈ ਤੇ ਇਸ ਦੀ ਮਹਿਕ ਦੁਨੀਆਂ
ਦੇ ਹਰ ਕੋਨੇ ਵਿੱਚ ਮਹਿਸੂਸ ਕਰੋਗੇ, ਕਿਸੇ ਹੋਈ ਗਲਤੀ ਲਈ ਖਿਮਾਂ ਦਾ ਜਾਚਕ ਹਾਂ॥
ਗੁਰਦੇਵ ਸਿੰਘ ਬਟਾਲਵੀ
94172 70965