.

ਨੋਟ:- ‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕੀ ਪੰਨੇ `ਤੇ ਗੁਰਮਤਿ ਸਿਧਾਂਤਾਂ ਦੀ ‘ਬਜਰ’ ਉਲੰਘਣਾ ਕਰਦਾ ਲੇਖ ‘ਮੁੱਖ ਲੇਖ’ ਵਜੋਂ 17 ਜੂਨ 2009 ਦੇ ਪੰਨਾ 6 `ਤੇ ਛਪਿਆ “ਸਿੰਧੀ ਭਾਈਚਾਰੇ ਦੀ ਬਹੁ-ਧਰਮ ਪਰੰਪਰਾ”। ਜਿਸ ਦੇ ਲੇਖਕ ਸਨ ਬਲਵੰਤ ਸਿੰਘ ਜੀ ਆਈ. ਏ. ਐਸ. । ਐਸੀ ਹਾਲਤ ਵਿੱਚ ਬੇਹੱਦ ਜ਼ਰੂਰੀ ਸੀ ਕਿ ਨਾਲ ਸੰਪਾਦਕੀ ਟਿੱਪਣੀ ਵੀ ਛਾਪੀ ਜਾਂਦੀ ਤਾਂ ਕਿ ਪਾਠਕ ਗੁਮਰਾਹ ਨਾ ਹੋ ਸਕਣ। ਪਰ ਐਸੀ ਕੋਈ ਟਿੱਪਣੀ (ਉਸ ਦਿਨ ਜਾਂ ਬਾਅਦ ਵਿਚ) ਨਹੀਂ ਛਪੀ, ਜੋ ਕਿ ਇਸ ਗੱਲ ਵੱਲ ਇਸ਼ਾਰਾ ਹੈ ਕਿ ਇਹ ਲੇਖ ਸਪੋਕਸਮੈਨ ਦੀ ਵਿਚਾਰਧਾਰਾ ਦੀ ਪ੍ਰੋਢਤਾ ਕਰਦਾ ਹੈ। ਇਸ ਲਈ ‘ਤੱਤ ਗੁਰਮਤਿ ਪਰਿਵਾਰ’ ਵਲੋਂ ਇੱਕ ਨਿਸ਼ਚਿਤ ਸਮੇਂ (15 ਦਿਨ) ਦੇ ਅੰਦਰ ਹੇਠ ਲਿਖਿਆ ਲੇਖ ਸੰਪਾਦਕ ਜੀ ਨੂੰ ਸਪੋਕਸਮੈਨ ਵਿੱਚ ਥਾਂ ਦੇਣ ਦੀ ਬੇਨਤੀ ਇਸ ਮਕਸਦ ਨਾਲ ਕੀਤੀ ਸੀ ਤਾਂ ਕਿ ਗੁਰਮਤਿ ਸਿਧਾਂਤ ਸ਼ਪਸ਼ਟ ਹੋ ਸਕਣ। ਪਰ ਉਨ੍ਹਾਂ ਵੱਲੋਂ ਨਾ ਹੀ ਕੋਈ ਇਸ ਲੇਖ ਸਬੰਧੀ ਸਪਸ਼ਟੀਕਰਨ ਅਤੇ ਨਾ ਹੀ ਹੇਠ ਲਿਖਿਆ ਲੇਖ ਛੱਪਿਆ। ਕਰੀਬ ਇੱਕ ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ‘ਤੱਤ ਗੁਰਮਤਿ ਪਰਿਵਾਰ’ ਉਪਰੋਕਤ ਵਿਸ਼ੇ ਸਬੰਧੀ ‘ਸਿਖ ਮਾਰਗ’ ਦੇ ਪਾਠਕਾਂ ਦੇ ਰੂ-ਬ-ਰੂ ਹਨ। ਅਤੇ ਵੀਰ ਮੱਖਣ ਸਿੰਘ ਜੀ ਨੂੰ ਬੇਨਤੀ ਕਰਦੇ ਹਨ ਕਿ ਜੇ ਕਰ ਹੋ ਸਕੇ ਤਾਂ ਹੇਠ ਲਿਖੇ ਸਾਡੇ ਲੇਖ ਦੇ ਨਾਲ ਉਪਰੋਕਤ ਅਸਲ ਲੇਖ (ਸਿੰਧੀ ਭਾਈਚਾਰੇ ਦੀ ਬਹੁ-ਧਰਮ ਪਰੰਪਰਾ) ਵੀ ਪਾ ਦਿੱਤਾ ਜਾਏ ਤਾਂ ਕਿ ਗੱਲ ਵਧੇਰੇ ਸਪਸ਼ਟ ਹੋ ਸਕੇ।

ਗੁਰੂ ਗ੍ਰੰਥ ਸਾਹਿਬ ਜੀ, ਸਿੰਧੀ ਭਾਈਚਾਰਾ

ਅਤੇ

ਸਪੋਕਸਮੈਨ ਦੀ ‘ਸਿਧਾਂਤਕ’ ਦੋਹਰੀ ਨੀਤੀ!

ਸਿੱਖ ਸਮਾਜ ਵਿੱਚ ਗੁਰਬਾਣੀ ਸਿਧਾਂਤਾਂ ਸਬੰਧੀ ਚੱਲ ਰਹੀ ਜਾਗ੍ਰਿਤੀ ਅਤੇ ਚੇਤਨਾ ਲਹਿਰ ਵਿੱਚ ‘ਰੋਜ਼ਾਨਾ ਸਪੋਕਸਮੈਨ’ ਨੂੰ ਮੋਹਰੀ ਰੂਪ ਵਿੱਚ ਮੰਨਿਆ ਜਾਂਦਾ ਹੈ। ਇਸ ਲਹਿਰ ਨਾਲ ਜੁੜੀਆਂ ਜੱਥੇਬੰਦੀਆਂ ਅਤੇ ਵਿਅਕਤੀਆਂ ਨਾਲ ‘ਤੱਤ ਗੁਰਮਤਿ’ (ਸਹੀ ਗੁਰਮਤਿ) ਲਫਜ਼ ਆਪੇ ਹੀ ਜੁੱੜ ਗਿਆ। ਮੀਡੀਆ ਦੇ ਖੇਤਰ ਵਿੱਚ ‘ਤੱਤ ਗੁਰਮਤਿ’ ਦਾ ਝੰਡਾ ਬਰਦਾਰ ਹੋਣ ਦਾ ਦਾਅਵਾ ‘ਸਪੋਕਸਮੈਨ’ (ਅਤੇ ਇਸ ਨਾਲ ਸਬੰਧਿਤ ਸੰਸਥਾਵਾਂ) ਵਲੋਂ ਵਾਰ-ਵਾਰ ਕੀਤਾ ਜਾਂਦਾ ਰਿਹਾ ਹੈ। ਇਸ ਦਾਅਵੇ ਨੂੰ ਕਿਸੇ ਹੱਦ ਤੱਕ ਠੀਕ ਵੀ ਮੰਨਿਆ ਜਾ ਸਕਦਾ ਹੈ। ਕਿਉਂਕਿ ਪੰਥ ਅਤੇ ਤੱਤ ਗੁਰਮਤਿ ਨਾਲ ਸਬੰਧਿਤ ਮੁੱਦਿਆਂ ਨੂੰ ਇੰਨ੍ਹੇ ਜ਼ੋਰਦਾਰ ਢੰਗ ਨਾਲ ਮੀਡੀਆ ਵਿੱਚ ਸਪੋਕਸਮੈਨ ਹੀ ਉਠਾ ਰਿਹਾ ਹੈ।

ਪਰ ਕਈਂ ਵਾਰ ਸਪੋਕਸਮੈਨ (ਜਾਂ ਉਸ ਨਾਲ ਸਬੰਧਿਤ ਸੰਸਥਾਵਾਂ ਅਤੇ ਵਿਅਕਤੀਆਂ) ਵੱਲੋਂ ਐਸੇ ਕੰਮ ਕੀਤੇ ਜਾਂਦੇ ਹਨ ਜਾਂ ਐਸੇ ਲੇਖ ਛਾੱਪੇ ਜਾਂਦੇ ਹਨ ਜੋ ਤੱਤ ਗੁਰਮਤਿ (ਗੁਰਮਤਿ ਸਿਧਾਂਤਾਂ) ਦੀ ਖਿਲਾਫਤ ਕਰਨ ਵਾਲੇ ਹੁੰਦੇ ਹਨ। ‘ਗਲਤੀ ਹੋ ਜਾਣਾ’ ਕੋਈ ਵੱਡੀ ਗੱਲ ਨਹੀਂ, ਪਰ ਅਤਿ ਅਫਸੋਸਜਨਕ ਪਹਿਲੂ ਇਹ ਹੈ ਕਿ ਜਦੋਂ ਐਸੀਆਂ ਗਲਤੀਆਂ ਬਾਰੇ ‘ਸਪੋਕਸਮੈਨ’ ਨੂੰ ਇਹਸਾਸ ਕਰਵਾਇਆ ਜਾਂਦਾ ਹੈ ਤਾਂ ਇਸ ਨਾਲ ਜੁੜੇ ਵਿਅਕਤੀਆਂ ਦਾ ਵਤੀਰਾ ਬੜਾ ਗੈਰ-ਸਿਧਾਂਤਕ, ਹੋਂਸਲਾ-ਢਾਉ, ਗੈਰ-ਸਭਿਅਕ ਹੁੰਦਾ ਹੈ। ਸੰਪਰਦਾਈਆਂ (ਸਿੱਖ ਭੇਖ ਵਿੱਚ ਬ੍ਰਾਹਮਣਵਾਦੀ ਸੋਚ ਵਾਲੇ) ਨੂੰ ਨਿੱਤ ‘ਰੋਸ ਨ ਕੀਜੈ, ਉਤਰ ਦੀਜੈ’ ਗੁਰ ਫੁਰਮਾਨ ਦਾ ਚੇਤਾ ਕਰਵਾਉਣ ਵਾਲਾ ‘ਸਪੋਕਸਮੈਨ’ ਆਪਣੇ ਪ੍ਰਤੀ ਕੀਤੀ ਉਸਾਰੂ ਅਲੋਚਣਾ ਵੀ ਸਹਿਨ ਨਹੀਂ ਕਰ ਸਕਦਾ। ਆਪਣੇ ਪ੍ਰਤੀ ਕੀਤੀ ਅਲੋਚਣਾ ਨੂੰ ਨਾ ਤਾਂ ਸਪੋਕਸਮੈਨ ਵਿੱਚ ਥਾਂ ਦਿੱਤੀ ਜਾਂਦੀ ਹੈ ਅਤੇ ਨਾ ਹੀ ਉਸ ਦਾ ਨਿਜੀ ਜਵਾਬ ਜਾਂ ਸਪਸ਼ਟੀਕਰਨ ਦਿੱਤਾ ਜਾਂਦਾ ਹੈ। ਹੋਰ ਤਾਂ ਹੋਰ ਕਈਂ ਵਾਰੀ ਅਲੋਚਣਾ ਕਰਨ ਵਾਲੇ ਨੂੰ ਮੁੱਖ ਸੰਪਾਦਕ ਜੀ ਆਪਣਾ ਦੁਸ਼ਮਣ ਐਲਾਨਣ ਦੀ ਹੱਦ ਤੱਕ ਚਲੇ ਜਾਂਦੇ ਹਨ। ਕੀ ਇਹ ਗੈਰ-ਸਿਧਾਂਤਕ, ਗੈਰ-ਸਭਿਅਕ ਨਹੀਂ। ਗੁਰਮਤਿ ਤਾਂ ਆਪਣੀ ਅਲੋਚਣਾ ਦਾ ਖਿੜੇ ਮੱਥੇ ਸੁਆਗਤ ਕਰਨ ਦਾ ਸੰਦੇਸ਼ ਦਿੰਦੇ ਹੋਏ ਸਮਝਾਉਂਦੀ ਹੈ ਕਿ -

“ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ, ਨਿੰਦਾ ਜਨ ਕਉ ਖਰੀ ਪਿਆਰੀ” (ਪੰਨਾ 339)

ਇਹ ‘ਸਪੋਕਸਮੈਨ’ ਦਾ ਇੱਕ ਅਫਸੋਸਜਨਕ ਪਹਿਲੂ ਹੈ।

‘ਤੱਤ ਗੁਰਮਤਿ’ ਨਾਲ ਜੁੜੇ ਕੁੱਝ ‘ਮਨੁੱਖਤਾ ਦਰਦੀਆਂ’ ਵੱਲੋਂ ‘ਤੱਤ ਗੁਰਮਤਿ’ ਦੀ ਸੋਚ ਵਾਲੇ ਲੋਕਾਂ ਨੂੰ ਇੱਕ ‘ਮੰਚ’ ਮੁਹੱਈਆ ਕਰਵਾਉਣ ਦੇ ਮਕਸਦ ਨਾਲ, ਕੁੱਝ ਸਮਾਂ ਪਹਿਲਾਂ ‘ਤੱਤ ਗੁਰਮਤਿ ਪਰਿਵਾਰ’ ਬਣਾਇਆ ਗਿਆ। ਇਸ ਪਰਿਵਾਰ ਦਾ ਮੁੱਖ ਟੀਚਾ ਇਹ ਵੀ ਸੀ ਕਿ ਇਸ ਰਾਹੀਂ ਜਿੱਥੇ ਸਿੱਖ ਸਮਾਜ ਵਿੱਚ ਫੈਲ ਚੁੱਕੇ ਪੁਜਾਰੀਵਾਦੀ, ਬ੍ਰਾਹਮਣਵਾਦੀ ਫਲਸਫੇ ਦੇ ਕਰਮਕਾਂਡਾਂ ਦੇ ਤਿਆਗ ਪ੍ਰਤੀ ਵੱਖ-ਵੱਖ ਤਰੀਕਿਆਂ ਨਾਲ ਜਾਗਰੂਕ ਕਰਕੇ, ‘ਨਿਰੋਲ ਗੁਰਮਤਿ’ ਅਨੁਸਾਰੀ ‘ਜੀਵਨ ਜਾਚ’ ਬਣਾਉਣ ਲਈ ਪ੍ਰੇਰਿਆ ਜਾਵੇ। ਨਾਲ ਹੀ ਇਹ ਵੀ ਕੋਸ਼ਿਸ਼ ਰਹਿੰਦੀ ਹੈ ਕਿ ‘ਤੱਤ ਗੁਰਮਤਿ’ ਨਾਲ ਜੁੜੇ ਹੋਣ ਦਾ ਦਾਅਵਾ ਕਰਨ ਵਾਲੀਆਂ ਜੱਥੇਬੰਦੀਆਂ, ਸੰਸਥਾਵਾਂ (ਮਿਸ਼ਨਰੀ ਕਾਲਜ, ਸਪੋਕਸਮੈਨ ਅਤੇ ਹੋਰ) ਵੱਲੋਂ ਚੁੱਕੇ ਗਏ ਅਨੁਚਿਤ ਕਦਮਾਂ ਦੀ, ਸੁਧਾਰ ਦੇ ਨਜ਼ਰੀਏ ਨਾਲ, ਦਲੀਲ ਭਰਪੂਰ ਅਤੇ ਉਸਾਰੂ ਅਲੋਚਣਾ ਕੀਤੀ ਜਾਵੇ ਤਾਂ ਕਿ ਉਹ ਆਪਣੀਆਂ ਸਿਧਾਂਤਕ ਕਮਜੋਰੀਆਂ ਵਿੱਚ ਸੁਧਾਰ ਕਰ ਸਕਣ। ‘ਪਰਿਵਾਰ’ ਵੱਲੋਂ ਆਪਣੇ ‘ਸੰਵਿਧਾਨ’ ਵਿੱਚ ਆਪਣੀ ਅਲੋਚਣਾ ਦਾ ਖਿੜੇ ਮੱਥੇ ਸਵਾਗਤ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਪਰ ਅਫਸੋਸ ਹੈ ਕਿ ਸਪੋਕਸਮੈਨ ਪ੍ਰਤੀ ਹੁਣ ਤੱਕ ਕੀਤੀਆਂ ਅਲੋਚਣਾਵਾਂ ਪ੍ਰਤੀ ਉਨ੍ਹਾਂ ਦਾ ਰਵਈਆ ਗੈਰ-ਸਿਧਾਂਤਕ, ਨਾਂਹ-ਪੱਖੀ ਹੀ ਰਿਹਾ ਹੈ। ਪਰ ‘ਤੱਤ ਗੁਰਮਤਿ ਪਰਿਵਾਰ’ ਆਪਣਾ ਫਰਜ਼ ਸਮਝ ਕੇ ਐਸੀ ਅਲੋਚਣਾ ਨੂੰ ਅੱਗੇ ਵੀ ਜਾਰੀ ਰੱਖੇਗਾ। ਇਸ ਨਾਲ ਜਿੱਥੇ ਇੱਕ ਪਾਸੇ ਅਲੋਚਣਾ ਵਾਲੀ ਧਿਰ ਨੂੰ ਸਿਧਾਂਤਕ ਸੁਧਾਰ ਕਰਨ ਦਾ ਮੌਕਾ ਮਿਲੇਗਾ (ਜੇ ਉਹ ਸੁਹਿਰਦ ਹੋਣ ਤਾਂ) ਅਤੇ ਦੂਜੇ ਪਾਸੇ ਆਮ ਸਿੱਖ ਅਤੇ ਪਾਠਕ ਵੀ ਜਾਗਰੂਕ ਹੋ ਸਕਣਗੇ।

ਆਓ ਹੁਣ ਅੱਜ ਦੇ ਵਿਸ਼ੇ ਵੱਲ ਪਰਤਦੇ ਹਾਂ। ਕੁੱਝ ਦਿਨ ਪਹਿਲਾਂ 17 ਜੂਨ 2009 ਦੇ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕੀ ਪੰਨੇ `ਤੇ ਗੁਰਮਤਿ ਸਿਧਾਂਤਾਂ ਦੀ ‘ਘੋਰ’ ਉਲੰਘਣਾ ਕਰਦਾ ਲੇਖ ਪੰਨਾ 6 `ਤੇ “ਸਿੰਧੀ ਭਾਈਚਾਰੇ ਦੀ ਬਹੁ-ਧਰਮ ਪਰੰਪਰਾ” ਦੇ ਸਿਰਲੇਖ ਹੇਠ ਛਪਿਆ। ਇਸ ਦੇ ਲੇਖਕ ਸਨ ਬਲਵੰਤ ਸਿੰਘ ਜੀ ਆਈ. ਏ. ਐਸ. । ਅੰਨ੍ਹਾਪਨ ਸਿੱਖੀ ਦਾ ਅੰਗ ਨਹੀਂ ਹੋ ਸਕਦਾ ਪਰ ਸਪੋਕਸਮੈਨ ਦੇ ਅੰਨ੍ਹੇ ਸ਼ਰਧਾਲੂ, ਇਸ ਤਰਾਂ ਦੇ ਵਿਰੋਧੀ ਵਿਚਾਰਾਂ ਵਾਲੇ ਲੇਖਾਂ ਨੂੰ ਵੀ ਸਪੋਕਸਮੈਨ ਵਿੱਚ ਥਾਂ ਦੇਣ ਦਾ ਬਹਾਨਾ ਬਣਾ ਸਕਦੇ ਹਨ। ਪਰ ਐਸੇ ਹਾਲਾਤ ਵਿੱਚ ਬੇਹੱਦ ਜ਼ਰੂਰੀ ਹੈ ਕਿ ਨਾਲ ਸੰਪਾਦਕੀ ਟਿੱਪਣੀ ਵੀ ਛਾਪੀ ਜਾਂਦੀ ਤਾਂ ਕਿ ਪਾਠਕ ਗੁਮਰਾਹ ਨਾ ਹੋ ਸਕਣ। ਪਰ ਐਸੀ ਕੋਈ ਟਿੱਪਣੀ (ਉਸ ਦਿਨ ਜਾਂ ਬਾਅਦ ਵਿਚ) ਨਹੀਂ ਛਪੀ, ਜੋ ਕਿ ਇਹ ਸਿੱਧ ਕਰਦਾ ਹੈ ਕਿ ਇਹ ਲੇਖ ਸਪੋਕਸਮੈਨ ਦੀ ਵਿਚਾਰਧਾਰਾ ਦੀ ਹੀ ਪ੍ਰੋਢਤਾ ਕਰਨ ਵਾਲਾ ਹੈ। ਜੇ ਇਸ ਦਾ ਕੋਈ ਹੋਰ ਕਾਰਨ ਹੈ ਤਾਂ ਮੁੱਖ ਸੰਪਾਦਕ ਲਈ ਇਸ ਦਾ ਸਪਸ਼ਟੀਕਰਨ ਦੇਣਾ ਅਤਿ ਜ਼ਰੂਰੀ ਬਣ ਜਾਂਦਾ ਹੈ।

ਬਲਵੰਤ ਸਿੰਘ ਜੀ ਆਈ. ਏ. ਐਸ. ਦਾ ਲੇਖ “ਸਿੰਧੀ ਭਾਈਚਾਰੇ ਦੀ ਬਹੁ-ਧਰਮ ਪ੍ਰੰਪਰਾ” ਆਪਾ ਵਿਰੋਧੀ, ਗੈਰ-ਸਿਧਾਂਤਕ, ਅਤੇ ਬੇਤੁੱਕੀਆਂ ਦਲੀਲਾਂ ਨਾਲ ਭਰਪੂਰ ਹੈ। ਸਤਿਕਾਰਯੋਗ ਲੇਖਕ ਜੀ ਨੇ ਸਿੰਧੀ ਭਾਈਚਾਰੇ ਦੀ ‘ਗੈਰ-ਸਿਧਾਂਤਕ ਅਤੇ ਗਲਤ’ ਪਰੰਪਰਾ ਨੂੰ ਸਿੱਖ ਸਮਾਜ ਦੀ ਸਿਧਾਂਤਕ ਪੱਖੋਂ ਅਣਗਹਿਲੀ ਦੀ ਉਦਾਹਰਣ ਦੇ ਕੇ ਜਾਇਜ਼ ਸਾਬਿਤ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ। ਪਰ ਕੋਈ ਵੀ ਸਮਝਦਾਰ ਅਤੇ ਜਾਗਰੂਕ ਮਨੁੱਖ, ਲੇਖਕ ਜੀ ਦੇ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹੋ ਸਕਦਾ। ਲੇਖਕ ਜੀ ਦੇ ਲੇਖ ਦਾ ਉਹ ਹਿੱਸਾ ਖਾਸਕਰ ਇਤਰਾਜ਼ਯੋਗ ਹੈ ਜਿਸ ਵਿੱਚ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਦਿਲੋਂ (ਸਿਧਾਂਤਕ) ਸਤਿਕਾਰ ਕਰਨ ਵਾਲਿਆਂ (ਤੱਤ ਗੁਰਮਤਿ ਦੀ ਸੋਚ ਵਾਲਿਆਂ) ਨੂੰ ਗੈਰ-ਸਿਧਾਂਤਕ ਅਤੇ ਦਲੀਲ ਰਹਿਤ ਤਾਹਨੇ ਦਿੱਤੇ ਹਨ।

ਅੱਗੇ ਕੀਤੀ ਜਾ ਰਹੀ ਵਿਚਾਰ ਇਹ ਸਾਬਿਤ ਕਰੇਗੀ ਕਿ ਇਹ ਲੇਖ ਬਿਲਕੁਲ ਗੈਰ-ਸਿਧਾਂਤਕ, ਬੇਦਲੀਲਾ ਅਤੇ ਆਪਾ-ਵਿਰੋਧੀ ਵਿਚਾਰਾਂ ਨਾਲ ਭਰਪੂਰ ਹੈ। ਇਸ ਲੇਖ ਦੀ ਪੜਚੋਲ ਕਰਨ ਲਈ ਲੇਖਕ ਜੀ ਵੱਲੋਂ ਉਠਾਏ ਨੁਕਤਿਆਂ ਨੂੰ ਹੇਠ ਲਿਖੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ।

1. ਗੁਰੂ ਗ੍ਰੰਥ ਸਾਹਿਬ ਜੀ ਦਾ ਦਿਲੋਂ (ਸਿਧਾਂਤਕ) ਸਤਿਕਾਰ ਕਰਨ ਵਾਲਿਆਂ ਨੂੰ ਤਾਹਨਿਆਂ ਭਰੇ ਬੇ-ਦਲੀਲੇ ਸਵਾਲ

2. ਸਿੱਖ ਸਮਾਜ ਵਿੱਚ ਪ੍ਰਚਲਿਤ ਹੋ ਚੁੱਕੀਆਂ ਗਲਤ ਕੁਰੀਤੀਆਂ ਅਤੇ ਕਰਮਕਾਂਡ ਦਾ ਉਲਾਂਭਾ।

3. ਸਿੰਧੀ ਭਾਈਚਾਰੇ ਦੀ ਗਲਤ ਪ੍ਰੰਪਰਾ ਦਾ ਗੈਰ-ਸਿਧਾਂਤਕ ਸਮਰਥਨ।

ਪਹਿਲਾਂ ਲੇਖਕ ਜੀ ਦੇ ਵਿਚਾਰ ਉਪਰੋਕਤ ਸਿਰਲੇਖ ਅਧੀਨ ਦਿਤੇ ਜਾ ਰਹੇ ਹਨ। ਫਿਰ ਉਨ੍ਹਾਂ ਦਾ ਸਿਧਾਂਤ ਅਨੁਸਾਰ ਬਾ-ਦਲੀਲ ਉੱਤਰ ਦੇਣ ਦੀ ਕੋਸ਼ਿਸ਼ ਕਰਾਂਗੇ।

ਲੇਖਕ ਜੀ ਨੇ ਇਹ ਲੇਖ ਸਪੋਕਸਮੈਨ ਵਿੱਚ ਛਪੀ ਉਸ ਖਬਰ ਦੇ ਵਿਰੋਧ ਵਿੱਚ ਲਿਖਿਆ ਹੈ ਜਿਸ ਅਨੁਸਾਰ ਕੁੱਝ ਪੰਥਕ ਜੱਥੇਬੰਦੀਆਂ ਨੇ ਅਮਰੀਕਾ ਦੇ ਇੱਕ ਸਿੰਧੀ ਮੰਦਿਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ‘ਪ੍ਰਕਾਸ਼’ ਦੇ ਸਮਾਨਾਂਤਰ ਨਾਲ ਹੁੰਦੀ ਮੂਰਤੀ ਪੂਜਾ ਅਤੇ ਮੁੰਡਨ ਦੀ ਰਸਮ ਦਾ ਵਿਰੋਧ ਕਰਦੇ ਹੋਏ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ‘ਪ੍ਰਕਾਸ਼’ ਨਾ ਕਰਨ ਦੀ ਅਪੀਲ ਕੀਤੀ ਸੀ।

ਲੇਖ ਦੇ ਦੂਜੇ ਪੈਰ੍ਹੇ ਵਿੱਚ ਲੇਖਕ ਜੀ ਨੇ ਕੁੱਝ ਮਨਮੱਤੀ, ਅਨਜਾਂਣ ਜਾਂ ਸਿਧਾਂਤ ਵਿਰੋਧੀ ਸਿੱਖਾਂ (ਵਿਖਾਵੇ ਵਾਲੇ ਸਿੱਖ) ਜਾਂ ਲੀਡਰਾਂ ਵੱਲੋਂ ਮੰਦਰਾਂ ਵਿੱਚ ਜਾ ਕੇ, ਅਖੌਤੀ ਸਾਧਾਂ ਦੇ ਅੱਗੇ ਮੱਥੇ ਟੇਕਣ ਦਾ ਉਦਾਹਰਣ ਦਿੱਤਾ ਹੈ। ਲੇਖਕ ਜੀ ਦਾ ਸਿੱਧਾ ਇਸ਼ਾਰਾ ਪੰਥ ਉੱਤੇ ਮਾਰੂ ਅਮਰਵੇਲ ਵਾਂਗੂ ਫੈਲੇ ਬਾਦਲ ਪ੍ਰਵਾਰ, ਅਖੌਤੀ ਅਕਾਲੀਆਂ ਜਾਂ ਉਨ੍ਹਾਂ ਦੇ ‘ਗੁਲਾਮ’ ਪੁਜਾਰੀਆਂ (ਜੱਥੇਦਾਰ, ਸਿੰਘ ਸਾਹਿਬਾਨਾਂ) ਵੱਲ ਹੈ। ਕਿ ਇਸ ਸਮੇਂ ਮੱਕਾਰ ਅਤੇ ਭ੍ਰਿਸ਼ਟ ਲੋਕ ਪੰਥ `ਤੇ ਕਾਬਜ਼ ਹਨ। ਇਹ ਕੌਮ ਦੀ ਅਣਗਿਹਲੀ ਦੀ ਨਿਸ਼ਾਨੀ ਹੈ।

ਪਰ ‘ਵਿਦਵਾਨ’ ਲੇਖਕ ਜੀ ਇਨ੍ਹਾਂ ਸਾਰੀਆਂ ਕਮਜ਼ੋਰੀਆਂ ਦਾ ਠੀਕਰਾ ਬਿਨਾਂ ਕਿਸੇ ਦਲੀਲ ਦੇ, ਗੁਰੂ ਗ੍ਰੰਥ ਸਾਹਿਬ ਜੀ ਦਾ ਦਿਲੋਂ (ਸਿਧਾਂਤਕ) ਸਤਿਕਾਰ ਕਰਨ ਵਾਲੇ ‘ਤੱਤ ਗੁਰਮਤਿ’ ਦੇ ਧਾਰਨੀਆਂ `ਤੇ ਭੰਨਦੇ ਹੋਏ, ਤਾਹਨੇ ਭਰਪੂਰ ਸਵਾਲ ਕਰਦੇ ਹਨ: “ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਦਮਗੱਜੇ ਮਾਰਨ ਵਾਲੇ ਦਸਣਗੇ ਕਿ ਕੀ ਇਹ ਵਰਤਾਰਾ ਸਿਧਾਂਤ ਅਨੁਕੂਲ ਹੈ?”

ਪਹਿਲਾਂ ਇਹ ਸਪਸ਼ਟ ਕਰ ਲਈਏ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਸਤਿਕਾਰ ਕਰਨ ਵਾਲਿਆਂ ਵਿੱਚ ਸਿਧਾਂਤਕ ਵਿਚਾਰ ਅਨੁਸਾਰ ਕੌਣ ਆਉਂਦਾ ਹੈ? ਇਸ ‘ਸਤਿਕਾਰ’ ਵਿੱਚ ਨਾਨਕ ਪਾਤਸ਼ਾਹ ਜੀ ਦੇ ਸੰਦੇਸ਼ ਨੂੰ, ਇਸ ਦੇ ਖਰੇ ਅਤੇ ਸਪਸ਼ਟ ਮਨੁੱਖਤਾਵਾਦੀ ਸਰੂਪ ਵਿੱਚ ਸਾਹਮਣੇ ਲਿਆਉਣ ਲਈ ਕਾਰਜਰਤ ‘ਤੱਤ ਗੁਰਮਤਿ’ ਦੇ ਨਾਂ ਹੇਠ ਵਿਚਰ ਰਹੇ ਜਾਗਰੂਕ ਸਿੱਖ ਹਨ। ਜਿਨ੍ਹਾਂ ਦੇ ਮੁੱਖ ਬੁਲਾਰੇ ਹਨ ‘ਸਿੱਖ ਮਾਰਗ ਵੈਬਸਾਈਟ’, ‘ਇੰਡੀਆ ਅਵੇਅਰਨੈਸ ਮੈਗਜ਼ੀਨ’, ‘ਦ ਸਿੱਖ ਅਫੇਅਰ ਵੈਬਸਾਈਟ’ ਕੁੱਝ ਹੱਦ ਤੱਕ ‘ਰੋਜ਼ਾਨਾ ਸਪੋਕਸਮੈਨ’। ਇਹ ਸੂਚੀ ਬਹੁਤ ਲੰਬੀ ਹੈ, ਜਿਨ੍ਹਾਂ ਦੇ ਟੀਚੇ ਕੁੱਝ ਇਸ ਤਰਾਂ ਹਨ:

* ਗੁਰਮਤਿ ਨੂੰ, ਇਸ ਦੇ ਖਰੇ ਅਤੇ ਸਪਸ਼ਟ ਰੂਪ ਵਿੱਚ ਸਾਹਮਣੇ ਲਿਆਉਣਾ।

* ਕੌਮ ਵਿੱਚ ਫੈਲ ਚੁੱਕੇ ਬ੍ਰਾਹਮਣੀ ਕਰਮਕਾਂਡਾਂ, ਅੰਧਵਿਸ਼ਵਾਸ਼ਾਂ ਅਤੇ ਕੁਰੀਤੀਆਂ ਪ੍ਰਤੀ ਜਾਗ੍ਰਿਤੀ ਲਿਆਉਣਾ।

* ਸੰਪਰਦਾਈ ਸੋਚ ਵਾਲੇ ‘ਸਿੱਖਾਂ’ (ਅਖੌਤੀ ਸੰਤ ਬਾਬੇ, ਪੁਜਾਰੀ ਸ਼੍ਰੇਣੀ ਆਦਿ) ਵੱਲੋਂ ਕੀਤੇ ਜਾ ਰਹੇ ਕੌਮ ਦੇ ‘ਸਿਧਾਂਤਕ ਨੁਕਸਾਨ’ ਬਾਰੇ ਜਾਗ੍ਰਿਤੀ ਲਿਆਉਣਾ।

ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ‘ਤੱਤ ਗੁਰਮਤਿ’ ਦੀ ਸੋਚ ਵਾਲੇ ਸਿੱਖ ਲੇਖਕ ਜੀ ਵੱਲੋਂ ਦਸੀਆਂ ਕਮਜ਼ੋਰੀਆਂ ਲਈ ਕਿਵੇਂ ਜ਼ਿੰਮੇਵਾਰ ਠਹਿਰਾਏ ਜਾ ਸਕਦੇ ਹਨ? ਐਸੀ ਸੋਚ ਵਾਲੇ ਸਾਰੇ ਹੀ ਸਿੱਖ, ਬਾਦਲ ਪ੍ਰਵਾਰ, ਅਖੌਤੀ ਅਕਾਲੀਆਂ, ਅਖੌਤੀ ਬਾਬਿਆਂ, ਪੁਜਾਰੀਆਂ (ਜੱਥੇਦਾਰ, ਸਿੰਘ ਸਾਹਿਬਾਨ ਆਦਿ) ਦੀ ਸਿਧਾਂਤ ਵਿਰੋਧੀ ਮੰਦ ਕਰਤੂਤਾਂ ਦੀ ਰੱਜ-ਰੱਜ ਕੇ ਖਿਲਾਫਤ ਕਰਦੇ ਹੋਏ ਅਖੌਤੀ ਜੱਥੇਦਾਰਾਂ ਨੂੰ ‘ਧਾਰਮਿਕ ਵੇਸ਼ਵਾ’ ਤੱਕ ਵੀ ਕਹਿ ਦਿੰਦੇ ਹਨ। ਅਤੇ ਇਨ੍ਹਾਂ ਤੋਂ ਕੌਮ ਦਾ ਖਹਿੜਾ ਛੁਡਾਉਣ ਲਈ ਸੰਘਰਸ਼ ਕਰ ਰਹੇ ਹਨ। ਕੀ ਲੇਖਕ ਜੀ ਦਾ ‘ਤੱਤ ਗੁਰਮਤਿ’ ਵਾਲਿਆਂ ਨੂੰ ਉਪਰੋਕਤ ਸਵਾਲ ਕਰਨਾ ਜਾਇਜ ਹੈ? ਪਰ ਲੇਖਕ ਜੀ ਨੂੰ ਤੱਤ ਗੁਰਮਤਿ ਰਾਹੀਂ ਕੀਤੇ ਜਾ ਰਹੇ ਜਾਗ੍ਰਿਤੀ ਦੇ ਕੰਮਾਂ ਤੋਂ ਕੋਈ ਲੈਣਾ-ਦੇਣਾ ਨਹੀਂ ਹੈ। ਲੇਖਕ ਜੀ ਨੂੰ ਤਾਂ ਸ਼ਾਇਦ ਇਹ ਤਕਲੀਫ ਜਾਪਦੀ ਹੈ ਕਿ ‘ਤੱਤ ਗੁਰਮਤਿ’ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਦਿਲੋਂ (ਸਿਧਾਂਤਕ) ਸਤਿਕਾਰ ਕਿਉਂ ਕਰਦੇ ਹਨ ਜਾਂ ਸਪਸ਼ਟ ਸ਼ਬਦਾਂ ਵਿੱਚ ਉਹ ਰਾਸ਼ਟਰੀ ਸਿੱਖ ਸੰਗਤ (ਆਰ. ਐਸ. ਐਸ.) ਦੀ ਸਿੱਖੀ (ਜਿਸ ਨੂੰ ਬਾਦਲ ਆਦਿ ਮੰਨ ਰਹੇ ਹਨ) ਨੂੰ ਕਿਉਂ ਨਹੀਂ ਮੰਨਦੇ? ਉਪਰੋਕਤ ਲੇਖ ਤੋਂ ਤਾਂ ਲੇਖਕ ਜੀ ਆਰ. ਐਸ. ਐਸ. ਦੇ ਬੁਲਾਰੇ ਲੱਗਦੇ ਹਨ। ਲੇਖਕ ਜੀ ਨੇ ਆਪ ਤਾਂ ਸ਼ਾਇਦ ਕਦੇ ਵੀ ਸਿਧਾਂਤਕ ਗਲਤੀਆਂ ਬਾਰੇ ਆਵਾਜ਼ ਨਹੀਂ ਉਠਾਈ, ਪਰ ਜੇ ‘ਤੱਤ ਗੁਰਮਤਿ’ ਵਾਲੇ ਆਵਾਜ਼ ਉਠਾਉਂਦੇ ਹਨ ਤਾਂ ਉਹ ਵੀ ਲੇਖਕ ਜੀ ਨੂੰ ਰਾਸ ਨਹੀਂ ਆ ਰਹੇ। ਐਸੇ ਲੇਖਕਾਂ ਉੱਤੇ ਇਹ ਗੁਰਵਾਕ ਪੂਰਾ ਢੁੱਕਦਾ ਹੈ:

“ਆਪਿ ਨ ਦੇਹਿ ਚੁਰੂ ਭਰਿ ਪਾਨੀ॥ ਤਿਹ ਨਿੰਦਹਿ ਜਿਹ ਗੰਗਾ ਆਨੀ॥” (ਪੰਨਾ 332)

ਤੱਤ ਗੁਰਮਤਿ ਵਾਲੇ, “ਅਖੌਤੀ ਸਿੱਖਾਂ” (ਬਾਦਲ ਪ੍ਰਵਾਰ, ਸੰਪਰਦਾਈ, ਪੁਜਾਰੀ ਆਦਿ) ਵੱਲੋਂ ਕੀਤੇ ਜਾ ਰਹੇ ਸਿਧਾਂਤ ਵਿਰੋਧੀ ਕਰਮਾਂ ਦੇ ਨਾਲ-ਨਾਲ ਗੈਰ ਸਿੱਖਾਂ (ਸਿੰਧੀ ਆਦਿ) ਵੱਲੋਂ ਕੀਤੇ ਜਾ ਰਹੇ ਗੈਰ-ਸਿਧਾਂਤਕ ਕਰਮਾਂ ਦਾ ਵੀ ਪੁਰਜੋਰ ਵਿਰੋਧ ਕਰਦੇ ਹਨ।

ਦੂਜੇ ਪੈਰ੍ਹੇ ਦੇ ਅੰਤ ਵਿੱਚ ਲੇਖਕ ਜੀ ਸੱਚਮੁਚ ਬਹੁਤ ਹੀ ਚੰਗੀ ਗੱਲ ਲਿਖਦੇ ਹਨ ਕਿ “ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਤਾਂ ਇਸ ਵਿੱਚਲੇ ਸਿਧਾਂਤਾਂ ਦਾ ਆਦਰ, ਸਤਿਕਾਰ ਅਤੇ ਪਾਲਣਾ ਕਰਨਾ ਹੈ ਨਾ ਕਿ ਸਿਰਫ ਬੀੜ ਨੂੰ ਹੀ ਮੂਰਤ ਵਾਂਗ ਮੱਥਾ ਟੇਕੀ ਜਾਣਾ”।

ਅਸੀਂ ਲੇਖਕ ਜੀ ਦੇ ਇਸ ਨੁੱਕਤੇ ਨਾਲ ਬਿਲਕੁਲ ਸਹਿਮਤ ਹਾਂ। ਪਰ ਕਾਸ਼! ਲੇਖਕ ਜੀ ਇਹੀ ਨੁੱਕਤਾ ਸਿੰਧੀ ਭਾਈਚਾਰੇ `ਤੇ ਲਾਗੂ ਕਰਕੇ ਸੋਚਦੇ ਕਿ ਕੀ ਸਿੰਧੀ ਭਾਈਚਾਰੇ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਵਿਚਲੇ ਸਿਧਾਤਾਂ ਦਾ ਆਦਰ, ਸਤਿਕਾਰ ਅਤੇ ਪਾਲਣਾ ਕਰ ਰਹੇ ਹਨ? ਉਹ ਤਾਂ ਮੂਰਤੀ ਪੂਜਾ, ਦੇਵੀ ਦੇਵਤਿਆਂ ਦੀ ਮਾਨਤਾ ਅਤੇ ਐਸੇ ਹੋਰ ਕਰਮਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਿੱਤੇ ਸਿਧਾਂਤਾਂ ਦੀ ਸ਼ਰੇਆਮ ਖਿਲਾਫਤ ਕਰਦੇ ਹਨ। ਇਸ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਸਿੰਧੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਜਾ ਰਿਹਾ ਸਤਿਕਾਰ ਜਾਂ ਸ਼ਰਧਾ, ਸੱਚੀ ਅਤੇ ਸਹੀ ਨਹੀਂ ਹੈ। ਇਹ ਗੱਲ ਅਸੀਂ ਲੇਖਕ ਜੀ ਦੀ ਦੱਸੀ ਕੱਸਵਟੀ `ਤੇ ਹੀ ਸਿੱਧ ਕਰ ਰਹੇ ਹਾਂ। ਹੁਣ ਜੇ ਸਿੰਧੀ ਭਾਈਚਾਰਾ ਗੁਰੂ ਗ੍ਰੰਥ ਸਾਹਿਬ ਜੀ ਦਾ (ਸਹੀ) ਸਤਿਕਾਰ ਨਹੀਂ ਕਰ ਰਿਹਾ ਤਾਂ ਸਪਸ਼ਟ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੀ ਕਰ ਰਿਹਾ ਹੈ।

ਬੇਸ਼ਕ ਅੱਜ ਜ਼ਿਆਦਾਤਰ ਗੁਰਮਤਿ ਤੋਂ ਅਨਜਾਣ (ਭੇਖ ਵਾਲੇ) ਸਿੱਖ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੋਂ ਉਲਟ ਕਰਮ ਕਰ ਰਹੇ ਹਨ, ਉਹ ਵੀ ਠੀਕ ਨਹੀਂ ਹਨ। ਤੱਤ ਗੁਰਮਤਿ ਵਾਲੇ ਉਨ੍ਹਾਂ ਦੇ ਗਲਤ ਕਰਮਾਂ ਦਾ ਵੀ ਵਿਰੋਧ ਕਰਦੇ ਹੋਏ ਜਾਗ੍ਰਿਤੀ ਲਿਆਉਣ ਲਈ ਸੰਘਰਸ਼ ਕਰ ਰਹੇ ਹਨ। ਪਰ ਇਸ ਨਾਲ ਸਿੰਧੀ ਭਾਈਚਾਰੇ ਦੀ ‘ਮਨਮੱਤ’ ਠੀਕ ਸਾਬਿਤ ਤਾਂ ਨਹੀਂ ਹੋ ਜਾਂਦੀ, ਜਿਹੜੀ ਨਾਕਾਮ ਕੋਸ਼ਿਸ਼ ਲੇਖਕ ਜੀ ਕਰ ਰਹੇ ਹਨ। ਇਸ ਗੱਲ ਤੋਂ ਹੀ ਲੇਖਕ ਜੀ ਦੀ ਮਾਨਸਿੱਕ ਹਾਲਤ ਸਪਸ਼ਟ ਹੋ ਜਾਂਦੀ ਹੈ।

ਲੇਖ ਦੇ ਤੀਜੇ ਪੈਰ੍ਹੇ ਵਿੱਚ ਲੇਖਕ ਜੀ ਨੇ ‘ਸੌਧਾ ਸਾਧ’ ਦੇ ਮਾਮਲੇ ਵਿੱਚ ਭ੍ਰਿਸ਼ਟ ਆਗੂਆਂ ਅਤੇ ਪੁਜਾਰੀਆਂ ਵੱਲੋਂ ਕੌਮ ਨੂੰ ਦਿੱਤੀ ਗਲਤ ਅਗਵਾਈ ਦਾ ਹਵਾਲਾ ਦਿੱਤਾ ਹੈ। ਨਾਲ ਹੀ ਸ਼ਤਾਬਦੀ ਸਮਾਰੋਹ ਵਿੱਚ ਮੱਕਾਰ ਅਤੇ ਭ੍ਰਿਸ਼ਟ ਆਗੂਆਂ, ਪੁਜਾਰੀਆਂ ਅਤੇ ਉਨ੍ਹਾਂ ਦੇ ਪਿਛਲਗੂਆਂ ਵੱਲੋਂ ਕੀਤੀ ਗਈ ਹੁਲੱੜਬਾਜ਼ੀ ਦਾ ਹਵਾਲਾ ਦਿੱਤਾ ਗਿਆ ਹੈ। ਇਹ ਹਵਾਲੇ ਬਿਲਕੁੱਲ ਦਰੂਸਤ ਹਨ ਪਰ ਲੇਖਕ ਜੀ ਨੇ ਬੜੀ ਹੂਸ਼ਿਆਰੀ ਅਤੇ ਬੇਸ਼ਰਮੀ ਨਾਲ ਇਨ੍ਹਾਂ ਗਲਾਂ ਦਾ ਠੀਕਰਾ ‘ਤੱਤ ਗੁਰਮਤਿ’ ਦੀ ਸੋਚ ਵਾਲਿਆਂ ‘ਦੇ ਸਿਰ ਭੰਨਣ ਦੀ ‘ਨਾਪਾਕ’ ਕੋਸ਼ਿਸ਼ ਕੀਤੀ ਹੈ। ਲੇਖਕ ਜੀ ਇਸ ਤਰ੍ਹਾਂ ਲਿਖਦੇ ਹਨ ਜਿਵੇਂ ਇਨ੍ਹਾਂ ਘਟਨਾਵਾਂ ਲਈ ‘ਤੱਤ ਗੁਰਮਤਿ’ ਦੀ ਸੋਚ ਵਾਲੇ ਹੀ ਜ਼ਿੰਮੇਵਾਰ ਹੋਣ। ਆਓ, ਪੜ੍ਹਦੇ ਹਾਂ ਕਿ ਲੇਖਕ ਜੀ ਦੇ ਆਪਣੇ ਲੇਖ ਵਿਚਲੇ ਵਿਚਾਰ: “ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਅਤੇ ਸਤਿਕਾਰ ਬਾਰੇ ਦੁਹਾਈ ਦੇਣ ਵਾਲੇ ਸਿੱਖ ਦਸਣਗੇ ਕਿ ਇਨ੍ਹਾਂ ਸਾਰੀਆਂ ਗੱਲਾਂ ਵਿਚ, ਗੁਰੂ ਗ੍ਰੰਥ ਸਾਹਿਬ ਜੀ ਦੇ ਕਿਹੜੇ ਸਿਧਾਂਤ ਦੀ ਪਾਲਣਾ ਕੀਤੀ ਗਈ ਅਤੇ ਉਨ੍ਹਾਂ ਨੇ ਇਸ ਬਾਰੇ ਕੀ ਕੀਤਾ?”

ਸ਼ਾਇਦ ਲੇਖਕ ਜੀ ਨੂੰ ਪਤਾ ਨਾ ਹੋਵੇ ਜਾਂ ਜਾਣਬੂਝ ਕੇ ਅਨਜਾਣ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਉਸ ਸਮੇਂ ਦੀ ਇੰਡੀਆ ਅਵੇਅਰਨੈਸ, ਰੋਜ਼ਾਨਾ ਸਪੋਕਸਮੈਨ, ਸਿੱਖ ਮਾਰਗ ਵੈਬਸਾਈਟ ਆਦਿ ਤੱਤ ਗੁਰਮਤਿ ਦੀ ਸੋਚ ਵਾਲੇ ਕਿਸੇ ਵੀ ਰਸਾਲੇ ਨੂੰ ਪੜ੍ਹ ਕੇ ਵੇਖ ਸਕਦੇ ਹਨ। ਇਨ੍ਹਾਂ ਵਿੱਚ ਇਸ ਤਰ੍ਹਾਂ ਦੀਆਂ ਸਭ ਗੱਲਾਂ ਦਾ ਵਿਰੋਧ ਕੀਤਾ ਮਿਲੇਗਾ।

ਅੱਗੇ ਲੇਖਕ ਜੀ ਬੜਾ ਵਾਜਿਬ ਨੁੱਕਤਾ ਉਠਾਉਂਦੇ ਹੋਏ ਲਿਖਦੇ ਹਨ:

“ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਬਿਨਾਂ ਸਮਝਿਆਂ ਪਾਠ ਕਰੀ ਜਾਣਾ, ਮੱਥਾ ਟੇਕੀ ਜਾਣਾ, ਕੀ ਇਸ ਨੂੰ ਸਤਿਕਾਰ ਸਮਝਿਆ ਜਾ ਸਕਦਾ ਹੈ? ਕੀ ਇਹ ਵਰਤਾਰਾ ਮੂਰਤੀ ਜਾਂ ਬੁੱਤ ਨੂੰ ਮੱਥਾ ਟੇਕਣ ਦੇ ਬਰਾਬਰ ਨਹੀਂ?”

ਇਹ ਨੁੱਕਤਾ ਬਿਲਕੁਲ ਵਾਜਿਬ ਅਤੇ ਸਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲੀ ਸਤਿਕਾਰ ਤਾਂ ਹੀ ਹੈ, ਜੇ ਅਸੀਂ ਉਨ੍ਹਾਂ ਵਿੱਚ ਦਿੱਤੀਆਂ ਸੇਧਾਂ (ਸਿਧਾਂਤਾਂ) ਨੂੰ ਮੰਨਦੇ ਹਾਂ। ਸਿਧਾਂਤਾਂ ਦੀ ਬਿਨਾਂ ਪਾਲਣਾ ਕੀਤੇ ਸਿਰਫ ਮੱਥੇ ਟੇਕੀ ਜਾਣਾ ਜਾਂ ਬਿਨਾਂ ਸਮਝੇ ਪਾਠ ਕਰੀ ਜਾਣਾ, ਬੇਸ਼ਕ ਇਹ ਸੱਭ ਕਰਮਕਾਂਡ ਤੋਂ ਵੱਧ ਕੁੱਝ ਵੀ ਨਹੀਂ ਹੈ।

ਪਰ ਅਗਲੀ ਪੰਕਤੀ ਵਿੱਚ ਲੇਖਕ ਜੀ ਬੜੇ ਬੇਦਲੀਲੇ ਅਤੇ ਬੇਸ਼ਰਮੀ ਭਰੇ ਢੰਗ ਨਾਲ ਤੱਤ ਗੁਰਮਤਿ ਵਾਲਿਆਂ ਨੂੰ ਝੂਠਾ ਤਾਹਨਾ ਦਿੰਦੇ ਹੋਏ ਲਿਖਦੇ ਹਨ:

“ਇੰਜ ਲਗਦਾ ਹੈ ਕਿ ਇਹ ‘ਸਤਿਕਾਰੀਏ’ ਸਿਰਫ ਸਰੂਪ (ਬੀੜ) ਨੂੰ ਹੀ ਸਤਿਕਾਰ ਦਿੰਦੇ ਹਨ, ਇਸ ਵਿਚਲੇ ਸਿਧਾਂਤਾਂ ਨੂੰ ਬੇਸ਼ਕ ਛਿੱਕੇ `ਤੇ ਟੰਗ ਦਿੱਤਾ ਜਾਵੇ। ਇਸ ਨਾਲ ਇਨ੍ਹਾਂ ਨੂੰ ਕੋਈ ਸਰੋਕਾਰ ਨਹੀਂ।”

ਲੇਖਕ ਜੀ ਤੱਤ ਗੁਰਮਤਿ ਦੀ ਸੋਚ ਵਾਲਿਆਂ `ਤੇ ਆਧਾਰ ਵਿਹੂਣੇ, ਅਤੇ ਝੂਠੇ ਇਲਜ਼ਾਮ ਲਗਾ ਰਹੇ ਹਨ। ਤੱਤ ਗੁਰਮਤਿ ਵਾਲੇ ਸਤਿਕਾਰੀਏ ਤਾਂ ਸ਼ੁਰੂ ਤੋਂ ਹੀ ਕੌਮ ਵਿੱਚ ਅਖੰਡ ਪਾਠ, ਅਖੰਡ ਪਾਠਾਂ ਦੀਆਂ ਲੜੀਆਂ, ਜਾਂ ਉਸਦੇ ਤੋਤਾ ਰਟਨੀ ਪਾਠ ਅਤੇ ਹੋਰ ਕਰਮਕਾਂਡਾਂ ਨੂੰ ਗਲਤ ਦਸ ਕੇ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ ਅਤੇ ਐਸੇ ਕਰਮਕਾਂਡਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਇਸ ਦੇ ਬਾਵਜੂਦ ਲੇਖਕ ਜੀ ਦਾ ਇਹ ਕਹਿਣਾ ਕਿ ਸਿਧਾਂਤਾਂ ਨੂੰ ਛਿੱਕੇ ਟੰਗਣ ਨਾਲ ਉਨ੍ਹਾਂ (ਸਤਿਕਾਰੀਆਂ) ਨੂੰ ਕੋਈ ਫਰਕ ਨਹੀਂ ਪੈਂਦਾ, ਇਹ ਲੇਖਕ ਜੀ ਦੀ ਸਰਾਸਰ ਬੇਈਮਾਨੀ ਅਤੇ ਬੇਇੰਸਾਫੀ ਹੈ। ਲੀਡਰ ਅਤੇ ਪੁਜਾਰੀ ਤਾਂ ਬਇਮਾਨ ਅਤੇ ਭ੍ਰਿਸ਼ਟ ਹੁੰਦੇ ਬਹੁਤ ਮਿਲਦੇ ਹਨ ਪਰ ਐਸੇ ਲੇਖਕ ਬਹੁੱਤ ਘੱਟ ਹੀ ਮਿਲਦੇ ਹਨ। ਕਿਉਂਕਿ ਲੇਖਕ ਬੁੱਧੀਜੀਵੀ ਮੰਨੇ ਜਾਂਦੇ ਹਨ।

ਇਹ ਕਹਿਣਾ ਬਿਲਕੁਲ ਵੀ ਗੈਰ-ਵਾਜਿਬ ਨਹੀਂ ਕਿ ਤੱਤ ਗੁਰਮਤਿ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਤਾਂ ਦਾ ਵੀ ਸਤਿਕਾਰ ਕਰਦੇ ਹਨ ਅਤੇ ਸਰੂਪ ਦਾ ਵੀ। ਪਰ ਸ਼ਾਇਦ ਲੇਖਕ ਜੀ ਨੂੰ ਉਨ੍ਹਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਜਾ ਰਿਹਾ ‘ਸਤਿਕਾਰ’ ਪ੍ਰਵਾਨ ਨਹੀਂ। ਸ਼ਾਇਦ ਉਹ ਚਾਹੁੰਦੇ ਹਨ ਕਿ ‘ਤੱਤ ਗੁਰਮਤਿ’ ਵਾਲੇ ਵੀ ‘ਸਿਧਾਂਤ ਵਿਹੂਣੇ’ ਸਤਿਕਾਰ ਵਾਲੇ ਪਾਸੇ ਤੁਰ ਪੈਣ। ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ‘ਪ੍ਰਕਾਸ਼’ ਨਾਲ ਮੂਰਤੀਆਂ ਅਤੇ ਦੇਵੀ ਦੇਵਤਿਆਂ ਦੀ ਪੂਜਾ ਸ਼ੁਰੂ ਕਰ ਦੇਣ। ਇਹੀ ਮਕਸਦ ਤਾਂ ਆਰ. ਐਸ. ਐਸ. ਵਾਲਿਆਂ ਦਾ ਹੈ। ਕੀ ਲੇਖਕ ਜੀ ਅਤੇ ਸਪੋਕਸਮੈਨ ਵੀ ਜਾਣੇ-ਅਨਜਾਣੇ ਉਨ੍ਹਾਂ ਦੇ ਬੁਲਾਰੇ ਤਾਂ ਨਹੀਂ ਬਣ ਰਹੇ? ਸਿੰਧੀ ਵੀਰ ਤਾਂ ਪਹਿਲਾਂ ਹੀ ਉਨ੍ਹਾਂ ਦਾ ਸ਼ਿਕਾਰ ਬਣ ਕੇ ਇਸ ਤਰਾਂ ਦੇ ਕਰਮ ਨਿਭਾ ਰਹੇ ਹਨ। ਇਹੀ ਗੱਲ ਗਿਆਨ ਵਿਹੂਣੇ, ਸੰਪਰਦਾਈ ‘ਸਿੱਖਾਂ’ ਦੀ ਵੀ ਹੈ। ਅਸਲ ਵਿੱਚ ਕਿਤੇ ਲੇਖਕ ਜੀ ਨੂੰ ‘ਤੱਤ ਗੁਰਮਤਿ’ ਵਾਲਿਆਂ ਦੀ ਜਾਗਰੂਕਤਾ ਹੀ ਤਾਂ ਪਰੇਸ਼ਾਨ ਨਹੀਂ ਕਰ ਰਹੀ?

ਅਗਲੇ ਪੈਰ੍ਹੇ ਵਿੱਚ ਲੇਖਕ ਜੀ ਨੇ ਕੌਮੀ ਕਮਜ਼ੋਰੀਆਂ ਦਾ ਜ਼ਿਕਰ ਕੀਤਾ ਹੈ, ਜੋ ਹਰ ਜਾਗਰੂਕ ਸਿੱਖ ਸਮਝਦਾ ਅਤੇ ਜਾਣਦਾ ਹੈ।

ਉਸ ਤੋਂ ਅਗਲੇ ਪੈਰ੍ਹੇ ਵਿੱਚ ਲੇਖਕ ਜੀ ਨੇ ਜ਼ਬਰਦਸਤੀ ‘ਤੱਤ ਗੁਰਮਤਿ’ ਵਾਲਿਆਂ ਦੀ ਸੋਚ ਦੇ ਪ੍ਰਣਾਏ ਸਿੱਖਾਂ ਨੂੰ ‘ਜੱਟ-ਸਿੱਖ’ ਗਰਦਾਨ ਕੇ ਬੇਹੱਦ ਕੋਝਾ ਕੰਮ ਕੀਤਾ ਹੈ। ਲੇਖਕ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਚੁੱਕੇ ਜਾ ਰਹੇ ਕਦਮ ਹਜ਼ਮ ਨਹੀਂ ਹੋ ਰਹੇ ਤਾਂ ਹੀ ਇਸ ਨੂੰ ‘ਜੱਟ-ਸਿੱਖ’ ਆਦਿ ਦਾ ਨਾਂ ਦੇ ਕੇ ਭੰਬਲਭੂਸੇ ਖੜੇ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ।

ਆਓ ਖੁੱਲੀ ਵਿਚਾਰ ਦੇਣ ਤੋਂ ਪਹਿਲਾਂ ਲੇਖਕ ਜੀ ਵੱਲੋਂ ਆਪੂੰ ਖੜੇ ਕੀਤੇ ਤੌਖਲਿਆਂ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਸਾਜਿਸ਼ ਬਣਾ ਕੇ ਪੇਸ਼ ਕਰਨ ਦਾ ਹਾਲ, ਉਨ੍ਹਾਂ ਦੇ ਹੱਥੀਂ ਲਿਖਿਆ ਪੜ੍ਹ ਲੈਂਦੇ ਹਾਂ:

ਇੱਕ ਥਾਂ ਉਹ ਲਿਖਦੇ ਹਨ:

“ਸਾਡੇ ਪ੍ਰਾਚਰਕ ਕਹਿੰਦੇ ਥੱਕਦੇ ਨਹੀਂ ਕਿ ਗੁਰੁ ਗ੍ਰੰਥ ਸਾਹਿਬ ਸਾਰੀ ਮਨੁੱਖਤਾ ਵਾਸਤੇ ਹੈ ਅਤੇ ਇਸ ਦੀ ਬਾਣੀ ਸਾਰਿਆਂ ਦੀ ਭਲਾਈ ਲਈ ਹੈ। ਜੱਦ ਗੈਰ ਸਿਖਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਣ ਤੇ ਪਾਬੰਦੀਆਂ ਲਾ ਕੇ, ਇਸ ਦੀ ਬਾਣੀ ਤੋਂ ਵਾਂਝਾ ਰਖਿਆ ਜਾਂਦਾ ਹੈ ਅਤੇ ਇਨ੍ਹਾਂ ਕੋਲ ਜੋ ਸਰੂਪ ਹੈ, ਉਹ ਵੀ ਸਤਿਕਾਰ ਦੇ ਬਹਾਨੇ ਖੋ ਲਿਆ ਜਾਂਦਾ ਹੈ ਤਾਂ ਇਸ ਨੂੰ ਮਨੁੱਖਤਾ ਲਈ ‘ਗੁਰੂ ਗ੍ਰੰਥ ਸਾਹਿਬ’ ਹਰਗਿਜ਼ ਨਹੀਂ ਕਿਹਾ ਜਾ ਸਕਦਾ।”

ਥੋੜਾ ਅੱਗੇ ਜਾ ਕੇ ਹੋਰ ਲਿਖਦੇ ਹਨ: “ਦਸਵੇਂ ਪਾਤਸ਼ਾਹ ਦਾ ਹੁਕਮ ਹੀ ਸਪਸ਼ਟ ਹੈ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਸਿਰਫ ਉਨ੍ਹਾਂ ਦੇ ਗੁਰੂ ਹਨ, ਜਿਹੜੇ ਸਿੱਖ ਰਹਿਤ ਮਰਿਆਦਾ ਦੀ ਪੂਰੀ ਤਰ੍ਹਾਂ ਪਾਲਨਾ ਕਰਦੇ ਹਨ। ਇਹ ਤਾਂ ਕਿਤੇ ਹੁਕਮ ਨਹੀਂ ਹੋਇਆ ਕਿ ਕੋਈ ਗੈਰ ਸਿੱਖ, ਗੁਰੁ ਗ੍ਰੰਥ ਸਾਹਿਬ ਰੱਖ ਨਹੀਂ ਸਕਦਾ ਅਤੇ ਬਾਣੀ ਪੜ੍ਹ ਕੇ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦਾ। ਉਹ ਸਿੱਖ, ਜਿਹੜੇ ਅਪਣੇ ਆਪ ਨੂੰ ਤੱਤ ਗੁਰਮਤਿ ਦੇ ਧਾਰਨੀ ਅਖਵਾਉਂਦੇ ਹਨ, ਉਹਨਾਂ ਨੂੰ ਆਪਣਾ ਨਜ਼ਰੀਆਂ ਬਦਲਨਾ ਚਾਹੀਦਾ ਹੈ ਅਤੇ ਆਪਣੀ ਸੋਚ ਨੂੰ ਛੋਟੀ ਰੱਖਣ ਦੀ ਬਜਾਏ, ਉਦਾਰਚਿਤ ਹੋਣਾ ਚਾਹੀਦਾ ਹੈ। ਕਈ ਘਰਾਂ ਅਤੇ ਅਸਥਾਨਾਂ ਤੋਂ ਸਰੂਪਾਂ ਨੂੰ ਚੁੱਕ ਕੇ ਗੁਰਦੁਆਰਿਆਂ ਦੀਆਂ ਅਲਮਾਰੀਆਂ ਵਿੱਚ ਬੰਦ ਕਰ ਕੇ, ਤਾਲੇ ਲਾ ਕੇ ਰੱਖਣਾ ਤੇ ਇਸ ਤਰ੍ਹਾਂ ਲੋਕਾਂ ਨੂੰ ਗੁਰਬਾਣੀ ਪੜ੍ਹਨ ਅਤੇ ਸੁਣਨ ਤੋਂ ਵਾਂਝੇ ਰੱਖਣ ਨੂੰ ਗੁਰੁ ਗ੍ਰੰਥ ਸਾਹਿਬ ਜੀ ਦਾ ‘ਸਤਿਕਾਰ’ ਕਹਿਣਾ ਮੰਦਭਾਗਾ ਹੈ। ਇਸੇ ਸਾਜਿਸ਼ ਤਹਿਤ ਮੱਧ ਪ੍ਰਦੇਸ਼ ਵਿੱਚ ਸੈਂਕੜੇ ਘਰਾਂ ਤੋਂ ਕੋਈ ਨਾ ਕੋਈ ਬਹਾਨਾ ਕਰ ਕੇ, ਸਰੂਪਾਂ ਨੂੰ ਚੁੱਕ ਲਿਆ ਗਿਆ ਹੈ।”

ਅਸੀਂ ਉੱਪਰ ਲਿਖੇ ਲੇਖਕ ਜੀ ਦੇ ਵਿਚਾਰ ਪੜ੍ਹੇ। ਸ਼ਬਦਜਾਲ ਵਾਂਗੂ ਬੁਣੀ ਸ਼ਬਦਾਵਲੀ ਕਾਰਨ ਆਮ ਪਾਠਕ ਦਾ ਗੁੰਮਰਾਹ ਹੋ ਜਾਣਾ ਸੁਭਾਵਿਕ ਹੈ (ਸ਼ਾਇਦ ਸਪੋਕਸਮੈਨ ਦੇ ਸੰਪਾਦਕ ਜੀ ਵੀ ਗੁੰਮਰਾਹ ਹੋ ਗਏ ਜਾਂ ਹੋਰ ਕੋਈ ਕਾਰਨ ਹੈ, ਉਹ ਆਪ ਹੀ ਜਾਣਦੇ ਹੋਣਗੇ) ਪਰ ਜੇ ਸੂਝ ਵਾਲੀ ਪੜਚੋਲਵੀਂ ਨਜ਼ਰ ਨਾਲ ਇਸ ਸ਼ਬਦਾਵਲੀ ਨੂੰ ਵਿਚਾਰੀਏ ਤਾਂ ਇਹ ਖੰਡ ਵਿੱਚ ਲਪੇਟੇ ਜ਼ਹਿਰ ਵਾਂਗੂ ਲਗੇਗੀ। ਗੱਲ ਚੱਲੀ ਹੈ ‘ਸਤਿਕਾਰ’ ਦੀ ਤਾਂ ਪਹਿਲਾਂ ਇੱਕ ਕਲਪਨਾ ਕਰਕੇ ਇਸ ਸਿਧਾਂਤ ਨੂੰ ਸਮਝਨ ਦੀ ਕੋਸ਼ਿਸ਼ ਕਰਦੇ ਹਾਂ। ਕਿਹਾ ਜਾਂਦਾ ਹੈ ਕਿ ਉਦਾਹਰਣ ਨਾਲ ਗੱਲ ਜਲਦੀ ਸਮਝ ਆ ਜਾਂਦੀ ਹੈ।

ਮੰਨ ਲਉ, (ਕਾਲਪਨਿਕ) ਲੇਖਕ ਜੀ ਦੇ ਘਰ ਪਿਤਾ ਜੀ ਹਨ। ਉਹ ਲੇਖਕ ਜੀ ਨੂੰ ਸੇਧਾਂ ਬਖਸ਼ਦੇ ਹਨ ਕਿ ਨਸ਼ਾ ਕਰਨਾ ਗਲਤ ਹੈ, ਤੰਬਾਕੂ ਖਾਣਾ, ਸਿਗਰੇਟ ਪੀਣਾ ਗਲਤ ਹੈ ਆਦਿ ਆਦਿ। ਉਹ ਇਨ੍ਹਾਂ ਸੇਧਾਂ ਨੂੰ ਖਿੜੇ ਮੱਥੇ ਮੰਨਦੇ ਹਨ। ਉਹ ਇਨ੍ਹਾਂ ਸੇਧਾਂ ਬਾਰੇ ਆਪਣੇ ਦੋਸਤਾਂ ਨੂੰ ਵੀ ਦਸਦੇ ਹਨ। ਉਨ੍ਹਾਂ ਦੇ ਦੋਸਤ ਇਨ੍ਹਾਂ ਸੇਧਾਂ ਨੂੰ ਮੰਨ ਵੀ ਸਕਦੇ ਹਨ ਤੇ ਨਹੀਂ ਵੀ। ਜੇ ਨਹੀਂ ਮੰਨਦੇ ਤਾਂ ਗਿਲਾ ਕਰਨਾ ਨਹੀਂ ਬਣਦਾ, ਇਹ ਉਨ੍ਹਾਂ ਦੀ ਮਰਜੀ ਹੈ। ਪਰ ਜੇ ਉਹਨਾਂ ਦਾ ਕੋਈ ਦੋਸਤ ਲੇਖਕ ਜੀ ਦੇ ਪਿਤਾ ਜੀ ਨੂੰ ਆਪਣੇ ਘਰ ਲੈ ਜਾਵੇ ਉਹਨਾਂ ਨੂੰ ਚੰਗੇ ਕੱਪੜੇ ਪਾਵੇ ਪਰ ਉਹਨਾਂ ਸਾਹਮਣੇ ਬੈਠ ਕੇ ਹੀ ਸ਼ਰਾਬ ਪੀਵੇ, ਤੰਬਾਕੂ ਪੀਵੇ ਤਾਂ ਕੀ ਲੇਖਕ ਜੀ, ਇਸ ਨੂੰ ਦੋਸਤ ਦੀ ਆਪਣੇ ਪਿਤਾ ਜੀ ਪ੍ਰਤੀ ਸਰਧਾ ਜਾਂ ਸਤਿਕਾਰ ਮੰਨਣਗੇ? ਕੀ ਉਹ ਆਪਣੇ ਪਿਤਾ ਜੀ ਨੂੰ ਉਸ ਦੋਸਤ ਦੇ ਘਰ ਰਹਿਣ ਦੇਣਗੇ? ਜੇ ਮੰਨ ਲਵੋ ਢੀਠ ਹੋ ਕੇ ਰਹਿਣ ਵੀ ਦੇਣ ਤਾਂ ਕੀ ਸਪੁੱਤਰ ਕਹਿਲਾਉਣ ਲਇਕ ਹੋਣਗੇ?

ਬਿਲਕੁਲ ਇਹੀ ਗੱਲ ‘ਗੁਰੂ ਗ੍ਰੰਥ ਸਾਹਿਬ ਜੀ’ ਤੇ ਢੁੱਕਦੀ ਹੈ। ‘ਤੱਤ ਗੁਰਮਤਿ’ ਵਾਲੇ ਸਿੱਖ ‘ਗੁਰੁ ਗ੍ਰੰਥ ਸਾਹਿਬ ਜੀ’ ਨੂੰ ‘ਗੁਰੂ ਪਿਤਾ’ ਮੰਨਦੇ ਹਨ। ਉਨ੍ਹਾਂ ਦੀਆਂ ਸੇਧਾਂ (ਸਿਖਿਆਵਾਂ) ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਨ। ਉਨ੍ਹਾਂ ਦੀਆਂ ਸਿਖਿਆਵਾਂ ਦਾ ਪ੍ਰਚਾਰ ਵੀ ਕਰਦੇ ਹਨ। ਕਿਸੇ ਨੂੰ ਵੀ ਉਨ੍ਹਾਂ ਦੀਆਂ ਸਿਖਿਆਵਾਂ ਨੂੰ ਸੁਣਨ ਅਤੇ ਮੰਨਣ ਤੇ ਪਾਬੰਦੀ ਨਹੀਂ ਹੈ। ਅੱਜ ਸੀਡੀਜ਼, ਕਿਤਾਬਾਂ, ਇੰਟਰਨੈਟ ਆਦਿ ਰਾਹੀਂ ‘ਗੁਰੁ ਗੁੰਥ ਸਾਹਿਬ ਜੀ’ ਦੀਆਂ ਸਿਖਿਆਵਾਂ ਆਮ ਮਿਲ ਜਾਂਦੀਆਂ ਹਨ। ਕੋਈ ਵੀ ਉਨ੍ਹਾਂ ਨੂੰ ਸੂਣੇ, ਪੜ੍ਹੇ ਕੋਈ ਰੋਕ-ਟੋਕ ਨਹੀਂ ਹੈ। ਉਨ੍ਹਾਂ ਨੂੰ ਮੰਨਣਾ ਜਾਂ ਨਾ ਮੰਨਣਾ ਵੀ ਕਿਸੇ ਦੀ ਆਪਣੀ ਮਰਜੀ ਉੱਤੇ ਹੈ। ਪਰ ਇਹ ਧਿਆਨਯੋਗ ਜ਼ਰੂਰੀ ਨੁਕਤਾ ਹੈ ਕਿ ‘ਗੁਰੁ ਗ੍ਰੰਥ ਸਾਹਿਬ ਜੀ’ ਦੇ ਸਰੂਪ ਦਾ ‘ਪ੍ਰਕਾਸ਼’ ‘ਗੁਰੂ ਪਿਤਾ’ ਵਾਂਗੂ ਕਰਨ ਦੀ ਪਰੰਪਰਾ (ਇਹ ਪਰੰਪਰਾ ਗਲਤ ਨਹੀਂ ਹੈ, ਸਿਧਾਂਤ ਵਿਰੁਧ ਨਹੀਂ ਹੈ, ਇਸ ਲਈ ਜਾਇਜ਼ ਹੈ) ਹੈ। ਜੋ ਕੋਈ ਸਿੱਖ ਜਾਂ ਗੈਰ-ਸਿੱਖ ਇਸ ‘ਗੁਰੂ ਪਿਤਾ’ ਦੇ ‘ਪ੍ਰਕਾਸ਼’ ਕਰਨ ਦਾ ਬਹਾਨਾ ਲਾ ਕੇ ਉਨ੍ਹਾਂ ਦੀ ਹਜ਼ੂਰੀ ਵਿੱਚ, ਉਨ੍ਹਾਂ ਦੀਆਂ ਸਿਖਿਆਵਾਂ ਦੀ ਸ਼ਰੇਆਮ ਖਿਲਾਫਤ ਕਰਦਾ ਹੈ ਤਾਂ ਉਸਦਾ ਵਿਰੋਧ ਨਾ ਕਰਨਾ ‘ਨਾਲਾਇਕ ਪੁੱਤਰ’ ਹੋਣ ਵਾਲੀ ਗੱਲ ਹੈ। ਇਹ ਉਸ ‘ਗੁਰੂ ਪਿਤਾ’ ਦੀ ਬੇਅਦਬੀ ਹੈ, ਜੋ ਹਰਗਿਜ਼ ਬਰਦਾਸ਼ਤ ਨਹੀਂ ਹੋ ਸਕਦੀ। ਲਾਇਕ ਪੁੱਤਰਾਂ (ਤੱਤ ਗੁਰਮਤਿ ਵਾਲਿਆਂ ਦਾ ਫਰਜ਼ ਬਣਦਾ ਹੈ ਕਿ ਉਹ ਇਸ ਬੇਅਦਬੀ ਵਿਰੁਧ ਆਵਾਜ਼ ਉਠਾਉਣ ਅਤੇ ਜਿਹੜੇ ਇਸ ਵਿਰੋਧ ਦੇ ਬਾਵਜੂਦ ਐਸੀ ਮਨਮੱਤ ਕਰਦੇ ਹਨ, ਉਹ ਭਾਂਵੇ ਸਿੰਧੀ ਹੋਣ, ਡੇਰੇਦਾਰ ਹੋਣ ਜਾਂ ਕੋਈ ਹੋਰ) ਉਹ ਸ਼ਰਧਾਲੂ ਜਾਂ ਸਿੱਖ ਨਹੀਂ ਮੰਨੇ ਜਾ ਸਕਦੇ। ਉਹ ਦੋਗਲੇ ਜਾਂ ਗੈਰ-ਸਿਧਾਂਤਕ ਹੀ ਕਹਿਲਾ ਸਕਣਗੇ। ਜੇ ਆਪਣੇ ਪਿਤਾ ਦਾ ‘ਸਤਿਕਾਰ’ ਕਰਨ ਲਈ ਕਦਮ ਚੁੱਕਣਾ ਲੇਖਕ ਜੀ ਨੂੰ ‘ਛੋਟੀ ਸੋਚ’ ਲਗਦੀ ਹੈ ਤਾਂ ਉਨ੍ਹਾਂ ਦੀ ਸੋਚ ਉਨ੍ਹਾਂ ਨੂੰ ਮੁਬਾਰਕ। ਲੇਖਕ ਜੀ ਨੇ ਬੜੇ ਬੇਸ਼ਰਮੀ ਅਤੇ ਬੇਦਲੀਲੇ ਢੰਗ ਨਾਲ ‘ਤੱਤ ਗੁਰਮਤਿ’ ਦੀ ਸੋਚ ਵਾਲਿਆਂ ਨੂੰ ਜੱਟ ਲਿਖ ਦਿਤਾ, ਜੋ ਗੈਰ ਸਿੱਖਾਂ ਦੇ ਸਰੂਪ ਰੱਖਣ ਤੇ ਪਾਬੰਦੀਆਂ ਲਾਉਂਦੇ ਹਨ। ਪਰ ਸੱਚਾਈ ਇਹ ਹੈ ਕਿ ਜਿਹੜਾਂ ਅਪਣੇ ਆਪ ਨੂੰ ਜੱਟ, ਭਾਪਾ, ਬ੍ਰਾਹਮਣ ਆਦਿ ਮੰਨਦਾ ਹੈ ਉਹ ਸਿੱਖ ਨਹੀਂ ਹੋ ਸਕਦਾ। ਖਾਸਕਰ ‘ਤੱਤ ਗੁਰਮਤਿ’ ਵਾਲੇ ਤਾਂ ਐਸੀ ਸੋਚ ਬਿਲਕੁਲ ਨਹੀਂ ਰਖਦੇ। ਬਲਕਿ ਉਹ ਤਾਂ ਸਿੱਖ ਕੌਮ ਵਿੱਚ ਫੈਲ ਚੁਕੀਆਂ ਐਸੀਆਂ ਕੁਰੀਤੀਆਂ (ਜਾਤੀਵਾਦ ਤੇ ਹੋਰ) ਵਿਰੁਧ ਆਵਾਜ਼ ਬੁਲੰਦ ਕਰ ਰਹੇ ਹਨ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ‘ਗੁਰੁ ਗ੍ਰੰਥ ਸਾਹਿਬ ਜੀ’ ਦੀਆਂ ਸਿਖਿਆਵਾਂ ਸਾਰੀ ਮਨੁੱਖਤਾ ਦੀ ਭਲਾਈ ਲਈ ਹਨ। ਕਿਸੇ ਨੂੰ ਵੀ ਇਨ੍ਹਾਂ ਸਿਖਿਆਵਾਂ ਨੂੰ ਪੜ੍ਹਨ, ਸੁਣਨ, ਮੰਨਣ, ਪ੍ਰਚਾਰਨ ਦੀ ਕੋਈ ਪਾਬੰਦੀ ਨਹੀਂ। ਇਹ ਸਭ ਕਿਤਾਬਾਂ, ਸੀ ਡੀਜ਼, ਇੰਟਰਨੈਟ, ਅਖਬਾਰਾਂ ਤੇ ਹੋਰ ਸਾਧਨਾਂ ਰਾਹੀਂ ਬਾਖੂਬੀ ਹੋ ਸਕਦਾ ਹੈ। ਪਰ ‘ਗੁਰੁ ਗ੍ਰੰਥ ਸਾਹਿਬ ਜੀ’ ਦੇ ਸਰੂਪ ਦੇ ‘ਪ੍ਰਕਾਸ਼’ ਦੀ ਵੀ ਕੋਈ ਪਰੰਪਰਾ ਹੈ। ਇਹ ਉੱਥੇ ਹੀ ਹੋਣਾ ਚਾਹੀਦਾ ਹੈ, ਜਿੱਥੇ ਗੁਰਮਤਿ ਦਾ ਮਾਹੌਲ ਹੋਵੇ। ਜੋ ਵੀ ਇਸ ਨਿਯਮ ਦੀ ਉਲੰਘਣਾ ਕਰਦਾ ਹੈ (ਕਾਰਨ ਭਾਂਵੇ ਕੋਈ ਵੀ ਹੋਣ) ਉਹ ਗਲਤ ਹੈ। ਹੁਣ ‘ਸਿੰਧੀ ਸਮਾਜ’ ਦੀ ਹੀ ਉਦਾਹਰਣ ਲੈ ਲੈਂਦੇ ਹਾਂ। ਉਹਨਾਂ ਵਲੋਂ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ‘ਪ੍ਰਕਾਸ਼’ ਕਰਨ ਦਾ ਮਕਸਦ ਸਿਖਿਆ ਲੈਣਾ ਬਿਲਕੁਲ ਨਹੀ ਹੈ? ਜੇ ਐਸਾ ਹੁੰਦਾ ਤਾਂ ਉਨ੍ਹਾਂ ਦੇ ਜੀਵਨ ਜਾਚ ਵਿੱਚ ਵੀ ‘ਪ੍ਰਕਾਸ਼’ ਹੋ ਜਾਂਦਾ? ਉਹ ਤਾਂ ਸ਼ਾਇਦ ਬ੍ਰਾਹਮਣਵਾਦੀ ਤਾਕਤਾਂ ਦੇ ਜਾਲ ਵਿੱਚ ਫਸ ਕੇ ਜਾਂ ਸਿਰਫ ਅੰਨ੍ਹੀ ਸ਼ਰਧਾ ਅਧੀਨ ਐਸਾ ਕਰ ਰਹੇ ਹਨ। ਦੋਨੋਂ ਗੱਲਾਂ ਗਲਤ ਹਨ। ਅੰਨ੍ਹੀ ਸ਼ਰਧਾ ਵੀ ਗੁਰਮਤਿ ਵਿੱਚ ਪ੍ਰਵਾਨ ਨਹੀਂ। ਦੂਜੇ ਲੋਕਾਂ ਕੋਲੋਂ ਆਪਣੇ ਗੁਰੂ (ਪਿਤਾ) ਦੀ ਬੇਅਦਬੀ ਕਰਵਾਉਣ ਦੀ ਥਾਂ ਚੰਗਾ ਹੈ, ਉਹਨਾਂ ਨੂੰ ਆਪਣੇ ਘਰ ਵਿੱਚ ਹੀ (ਲੇਖਕ ਦੀ ਸ਼ਬਦਾਵਲੀ ਮੁਤਾਬਿਕ ਤਾਲੇ ਲਾ ਕੇ ਰੱਖਣਾ) ਰਖਿਆ ਜਾਵੇ।

ਲੇਖਕ ਜੀ ਦੀ ਇਹ ਗੱਲ ਬਿਲਕੁਲ ਦੁਰੁਸਤ ਹੈ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਸਰਬ ਲੋਕਾਈ ਦੇ ਸਾਂਝੇ ਹਨ, ਗੁਰਬਾਣੀ ਸਰਬ ਕਲਿਆਣਕਾਰੀ ਹੈ। ਇਸ ਦਾ ਦੁਨੀਆ ਵਿੱਚ ਵੱਧ ਤੋਂ ਵੱਧ ਪ੍ਰਚਾਰ ਪੰਜਾਬੀ ਵਿੱਚ ਹੀ ਨਹੀਂ ਬਲਕਿ ਦੂਸਰੀਆਂ ਭਾਸ਼ਵਾਂ ਵਿੱਚ ਵੀ ਹੋਣਾ ਚਾਹੀਦਾ ਹੈ। ਇਸ ਨੂੰ ਸਿਰਫ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਿਆਂ ਤੱਕ ਮਹਿਦੂਦ ਰੱਖਣ ਦੀ ਜ਼ਰੂਰਤ ਨਹੀਂ। ਪਰ ਇਸ ਲਈ ਗੁਰਬਾਣੀ ਅਤੇ ਗੁਰਮਤਿ ਸਿਧਾਂਤਾਂ ਨੂੰ ਕਿਤਾਬਾਂ, ਸੀ ਡੀਜ਼, ਇੰਟਰਨੈਟ, ਮੀਡੀਆ ਆਦਿ ਰਾਹੀਂ ਵੱਖ ਵੱਖ ਭਾਸ਼ਾਵਾਂ ਵਿੱਚ ਲੋਕਾਈ ਤੱਕ ਪਹੁੰਚਾਉਣ ਦੀ ਲੋੜ ਹੈ ਨਾ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਵੰਡਣ ਦੀ। ਇਹ ਗੱਲ ਨੋਟ ਕਰਨ ਵਾਲੀ ਹੈ ਕਿ ਐਸੀਆਂ ਜਿੰਨ੍ਹੀਆਂ ਵੀ ਥਾਵਾਂ ਹਨ, ਜਿੱਥੇ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ‘ਪ੍ਰਕਾਸ਼’ ਨਾਲ ਮਨਮੱਤਾਂ ਹੁੰਦੀਆਂ ਹਨ, ਉੱਥੇ ‘ਪ੍ਰਕਾਸ਼’ ਗਿਆਨ ਲੈਣ ਦੇ ਮਕਸਦ ਨਾਲ ਨਹੀਂ, ਬਲਕਿ ਅੰਨ੍ਹੀ ਸ਼ਰਧਾ ਜਾਂ ਵਿਖਾਵੇ ਵਜੋਂ ਹੁੰਦਾ ਹੈ। ਉਹ ਭਾਵੇ ਡੇਰਿਆਂ ਵਿੱਚ ਹੋ ਰਿਹਾ ਹੋਵੇ, ਕਬਰਾਂ ਵਿੱਚ ਜਾਂ ਸਿੰਧੀ ਮੰਦਰਾਂ ਵਿੱਚ। ਸੋ ਸਪਸ਼ਟ ਹੈ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ‘ਪ੍ਰਕਾਸ਼’ ਉੱਥੇ ਹੀ ਹੋਣਾ ਚਾਹੀਦਾ ਹੈ, ਜਿੱਥੇ ਗੁਰੁਮਤਿ ਸਿਧਾਂਤਾਂ ਵਿਰੁਧ ਬਜੱਰ ਮਨਮੱਤਾਂ (ਜਿਵੇਂ ਮੂਰਤੀ ਪੂਜਾ, ਦੇਵੀ ਦੇਵਤਿਆਂ ਦੀ ਪੂਜਾ, ਅਤੇ ਨਸ਼ੇ ਦੀ ਵਰਤੋਂ ਆਦਿ) ਨਾ ਹੋ ਰਹੀਆਂ ਹੋਣ।

ਉਸ ਤੋਂ ਅੱਗੇ ਲੇਖਕ ਜੀ ‘ਸਿੰਧੀ ਭਾਈਚਾਰੇ’ ਬਾਰੇ ਵਿਚਾਰ ਦਿੰਦੇ ਹੋਏ ਲਿਖਦੇ ਹਨ: “ਗਾਂਧੀ ਨਗਰ ਸ਼ਹਿਰ ਜਿੱਥੇ ਮੈਂ ਰਹਿੰਦਾ ਹਾਂ, ਵਿੱਚ ਸਿੰਧੀਆਂ ਦਾ ਸ੍ਰੀ ਝੂਲੇ ਲਾਲ ਮੰਦਿਰ ਹੈ, ਜਿਸ ਵਿੱਚ ਸੰਤ ਝੂਲੇ ਲਾਲ ਦੀ ਮੂਰਤੀ ਸਥਾਪਤ ਹੈ। ਇੱਥੇ ਹਿੰਦੂ ਰਸਮਾਂ ਨਾਲ ਪੂਜਾ ਪਾਠ ਹੁੰਦਾ ਹੈ। ਇਸ ਮੰਦਰ ਵਿੱਚ ‘ਗੁਰੂ ਗ੍ਰੰਥ ਸਾਹਿਬ’ ਦਾ ਸਰੂਪ ਵੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ ਉਤਸਵ ਇਸ ਮੰਦਿਰ ਵਿੱਚ ਬੜੀ ਖੁਸ਼ੀ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਬਹੁਤ ਸਾਰੇ ਸਿੰਧੀ ਆਪਣੇ ਘਰੋਂ ਰੁਮਾਲੇ ਚੜਾਉਣ ਵਾਸਤੇ ਲਿਆਉਦੇ ਹਨ। ਇਨ੍ਹਾਂ ਨੇ ਇੱਥੇ ਹਰ ਛੋਟੇ ਵੱਡੇ ਸ਼ਹਿਰ ਵਿੱਚ ਗੁਰੂ ਨਾਨਕ ਦਰਬਾਰ ਜਾਂ ਮੰਦਰ ਬਣਾਏ ਹਨ। ਇਨ੍ਹਾਂ ਵਿੱਚ ਗੁਰਬਾਣੀ ਦਾ ਪਾਠ ਹੁੰਦਾ ਹੈ ਅਤੇ ਨਾਲ ਹੀ ਆਮ ਤੌਰ ਤੇ ਹਿੰਦੂ ਰਸਮਾਂ ਵੀ ਨਿਭਾਈਆਂ ਜਾਂਦੀਆ ਹਨ। ਆਪਣੇ ਘਰਾਂ ਵਿੱਚ ਸਹਿਜ ਜਾਂ ਅਖੰਡ ਪਾਠ ਰਖਦੇ ਹਨ।”

ਆਪਣੇ ਇੱਕ ਦੋਸਤ ਦੀ ਉਦਾਹਰਣ ਦਿੰਦੇ ਹੋਏ ਲੇਖਕ ਜੀ ਲਿਖਦੇ ਹਨ ਕਿ “ਮੇਰੇ ਸਿੰਧੀ ਮਿੱਤਰ ਨੇ ਆਪਣੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਛੋਟੇ ਆਕਾਰ ਦਾ ਕਾਫੀ ਪੁਰਾਣਾ ਸਰੂਪ ਰਖਿਆ ਹੋਇਆ ਹੈ। ਸਰੂਪ ਦੇ ਪਹਿਲੇ ਖਾਲੀ ਪੰਨੇ ਉੱਤੇ ਸਿੰਧੀ ਭਾਸ਼ਾ ਵਿੱਚ ਇੱਕ ਸ਼ਬਦ ਲਿਖਿਆ ਹੋਇਆ ਹੈ ਇਸ ਸਰੂਪ ਨੂੰ ਉਹ ਅਪਣੇ ਪੂਜਾ ਵਾਲੇ ਕਮਰੇ ਵਿੱਚ ਰਖਦੇ ਹਨ ਅਤੇ ਨਾਲ ਹੀ ਹਿੰਦੂ ਗ੍ਰਥ ਅਤੇ ਮੂਰਤੀਆਂ ਵੀ ਉੱਥੇ ਹੀ ਪਈਆ ਹਨ। ਇਹ ਪ੍ਰੰਪਰਾ ਬਹੁਤ ਸਾਰੇ ਸਿੰਧੀਆਂ ਦੇ ਘਰਾਂ ਵਿੱਚ ਨਿਭਾਈ ਜਾ ਰਹੀ ਹੈ।”

ਇੱਕ ਹੋਰ ਸਿੰਧੀ ਸੱਜਣ ਦੀ ਉਦਾਹਰਣ ਦਿੰਦੇ ਹੋਏ ਲਿਖਦੇ ਹਨ ਕਿ “ਉਸ ਸਿੰਧੀ ਸੱਜਣ ਨੇ ਖੁਸ਼ ਹੋ ਕੇ ਇਹਾ ਕਿ ਕ੍ਰਿਪਾ ਕਰਕੇ ਮੇਰੇ ਲਈ ਇੱਕ ਦਰਜਨ ਕੜੇ, ਹਿੰਦੀ ਵਿੱਚ ਨਿਤਨੇਮ ਦੇ ਗੁਟਕੇ, ਆਸਾ ਦੀ ਵਾਰ ਦੀਆਂ ਕੈਸੇਟਾਂ ਅਤੇ ਹਰਿਮੰਦਿਰ ਸਾਹਿਬ ਦਾ ਇੱਕ ਮਾਡਲ ਲੈ ਆਉਣਾ।”

ਉੱਪਰ ਦਿੱਤੇ ਸਿੰਧੀਆਂ ਪ੍ਰਤੀ ਲੇਖਕ ਜੀ ਦੇ ਵਿਚਾਰ ਪੜ੍ਹ ਕੇ ਇਹ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਕਿਸੇ ਸਮੇਂ ‘ਸਿੰਧੀ ਭਾਈਚਾਰਾ’ ਨਾਨਕ ਪਾਤਸ਼ਾਹ ਜੀ ਤੇ ਉਨ੍ਹਾਂ ਦੇ ਪ੍ਰਚਾਰਕਾਂ ਦੇ ਪ੍ਰਭਾਵ ਹੇਠ ਆਉਣ ਕਰਕੇ ‘ਸੱਚ ਦੀ ਰਾਹ’ (ਗੁਰਮਤਿ ਜੀਵਨ ਜਾਚ) ਨਾਲ ਜੁੱੜ ਗਿਆ ਸੀ। ਪਰ ਹੋਲੀ-ਹੋਲੀ ਅਨੇਕਾਂ ਕਾਰਨਾਂ ਕਰਕੇ, ਉਹ ਫਿਰ ‘ਸੱਚ ਦੀ ਰਾਹ’ ਤੋਂ ਭਟਕ ਕੇ ਫਿਰ ਬ੍ਰਾਹਮਣਵਾਦ (ਮੂਰਤੀ ਪੂਜਾ ਆਦਿ) ਦੇ ਖਾਰੇ ਸਮੁੰਦਰ ਵਿੱਚ ਡੁੱਬ ਗਏ। ਜਾਂ ਫਿਰ ਨਾਨਕ ਪਾਤਸ਼ਾਹ ਜੀ ਅਤੇ ਗੁਰਬਾਣੀ ਪ੍ਰਤੀ ਇਨ੍ਹਾਂ ਦਾ ਪਿਆਰ ਅਤੇ ਸ਼ਰਧਾ ਕਦੇ ਵੀ ਸਿਧਾਂਤਕ ਨਹੀਂ ਰਹੇ। ਜੋ ਵੀ ਹੈ, ਲੇਖਕ ਜੀ ਵਲੋਂ ਪ੍ਰਚਲਿਤ ਇਨ੍ਹਾਂ ਦੀ ਮਰਿਆਦਾ (ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਮੁਰਤੀ ਪੂਜਾ ਅਤੇ ਹੋਰ ਕਰਮਕਾਂਡ) ਗੁਰਬਾਣੀ ਸਿਧਾਂਤਾਂ ਤੋਂ ਬਿਲਕੁਲ ਉਲਟ ਹਨ। ਜੇ ਇਹ ਮਰਿਆਦਾ ਜਾਂ ਪਰੰਪਰਾ ਬਹੁਤ ਪੁਰਾਣੀ ਚਲੀ ਆ ਰਹੀ ਹੈ ਤਾਂ ਇਹ ਸਾਬਿਤ ਕਰਦੀ ਹੈ ਕਿ ਇੰਨੇ ਸਮੇਂ ਬਾਅਦ ਵੀ ਸਿੰਧੀਆਂ ਨੇ ਗੁਰਬਾਣੀ ਦੇ ‘ਮੂਲ ਸਿਧਾਂਤ’ ਵੀ ਗ੍ਰਹਿਣ ਨਹੀਂ ਕੀਤੇ। ਸਪਸ਼ਟ ਹੈ ਉਨ੍ਹਾਂ ਦੀ ਨਾਨਕ ਪਾਤਸ਼ਾਹ ਜੀ ਅਤੇ ਗੁਰਬਾਣੀ ਪ੍ਰਤੀ ‘ਸ਼ਰਧਾ’ ਅੰਨ੍ਹੀ ਅਤੇ ਕਰਮਕਾਂਡੀ ਹੈ। ਐਸੀ ਅੰਨ੍ਹੀ ਅਤੇ ਕਰਮਕਾਂਡੀ ਸ਼ਰਧਾ ਨੂੰ ਤਾਂ ਨਾਨਕ ਪਾਤਸ਼ਾਹ ਜੀ ਗੁਰਬਾਣੀ ਵਿੱਚ ਥਾਂ-ਥਾਂ ਰੱਦ ਕਰਦੇ ਹਨ। ਐਸੀ ਅੰਨ੍ਹੀ ਸ਼ਰਧਾ ਨੂੰ ਕੋਈ ਵੀ ਜਾਗਰੂਕ ਮਨੁੱਖ ਸਹੀ ਨਹੀਂ ਕਹਿ ਸਕਦਾ।

ਪਰ ਲੇਖਕ ਜੀ ਐਸੀ ਅੰਨ੍ਹੀ ਗਿਆਨ ਵਿਹੂਣੀ ਸ਼ਰਧਾ ਨੂੰ ਬਹੁਮੱਲਾ ਦਸਦੇ ਹੋਏ ਲਿਖਦੇ ਹਨ:

“ਐਸੀ ਹੈ ਸਿੰਧੀ ਸਹਿਜਧਾਰੀਆਂ ਦੀ ਗੁਰਬਾਣੀ ਲਈ ਸ਼ਰਧਾ। ਸਿੱਖਾਂ ਵਿੱਚ ਮੈਨੂੰ ਐਸੀ ਸ਼ਰਧਾ ਦੇਖਣ ਨੂੰ ਨਹੀਂ ਮਿਲੀ। ਮਾਯੂਸੀ ਅਵੇਸਲਾਪਨ ਅਤੇ ਦੰਭ ਦੇਖਣ ਨੂੰ ਮਿਲਿਆ ਹੈ”।

ਕਾਸ਼! ਕਿ ਸਿੱਖ ਵੀ ਸਿੰਧੀਆਂ ਵਾਂਗੂ ਅੰਨ੍ਹੀ ਤੇ ਗਿਆਨ ਵਿਹੂਣੀ ਸ਼ਰਧਾ ਦੇ ਸ਼ਿਕਾਰ ਨਾ ਹੁੰਦੇ, ਤਾਂ ਅੱਜ ਉਹ ਅਖੌਤੀ ਸਾਧਾਂ, ਸੰਤ ਬਾਬਿਆਂ ਅਤੇ ਕਰਮਕਾਂਡਾਂ ਦੇ ਜਾਲ ਵਿੱਚ ਨਾ ਫਸਦੇ ਪਰ ਅਫਸੋਸ! ਉਹ ਵੀ ………. . ਦੇ ਸ਼ਿਕਾਰ ਹੋ ਕੇ ਰਾਹ ਤੋਂ ਭਟਕ ਗਏ। ਲੇਖਕ ਜੀ ਵਲੋਂ ਸਿੰਧੀ ਦੋਸਤਾਂ ਦੀ ਦਿੱਤੀ ਉਦਾਹਰਣ ਤੋਂ ਵੀ ਸਪਸ਼ਟ ਹੈ ਕਿ ਉਨ੍ਹਾਂ ਦੀ ਗੁਰਬਾਣੀ ਆਦਿ ਪ੍ਰਤੀ ਸ਼ਰਧਾ ਅੰਨ੍ਹੀ ਅਤੇ ਗਿਆਨ ਵਿਹੂਣੀ ਹੈ ਤਾਂ ਹੀ ਉਹ ਮੂਰਤੀ ਪੂਜਾ ਤੇ ਹੋਰ ਕਰਮਕਾਂਡਾਂ ਵਿੱਚ ਫਸੇ ਪਏ ਹਨ। ਕਾਸ਼! ਕਿ ਉਨ੍ਹਾਂ ਦੇ ਦੋਸਤ ਨੇ ‘ਆਸਾ ਕੀ ਵਾਰ’ ਇੱਕ ਵਾਰ ਵਿਚਾਰ ਕੇ ਪੜ੍ਹ ਲਈ ਹੁੰਦੀ ਤਾਂ ਉਹ ਸੋਚ ਸਮਝ ਕੇ ਸਹੀ ਰਾਹ (ਸੱਚ ਦੀ ਰਾਹ) `ਤੇ ਤੁਰ ਪੈਂਦੇ ਪਰ ਐਸਾ ਸਮਝਾਉਣ ਦੀ ਕੋਸ਼ਿਸ ਲੇਖਕ ਜੀ ਨੇ ਸ਼ਇਦ ਹੀ ਕਦੀ ਕੀਤੀ ਹੋਵੇਗੀ ਬਲਕਿ ਲੇਖਕ ਜੀ ਤਾਂ ਉਨ੍ਹਾਂ ਦੀ ਅੰਨ੍ਹੀ ਸ਼ਰਧਾ ਦੀ ਪ੍ਰੋਢਤਾ ਹੀ ਕਰਦੇ ਹਨ, ਉਸ ਨੂੰ ਬੜ੍ਹਾਵਾ ਦਿੰਦੇ ਹੀ ਲਗਦੇ ਹਨ।

ਅੱਗੇ ਲੇਖਕ ਜੀ ‘ਸਿੰਧੀ ਭਾਈਚਾਰੇ’ ਨੂੰ ਸੱਚ ਸਮਝਾਉਣ ਦੀ ਥਾਂ ਉਨ੍ਹਾਂ ਦੀ ਇਸ ਗਲਤ ਅਤੇ ਗਿਆਨ ਵਿਹੂਣੀ ਪਰੰਪਰਾ ਨੂੰ ‘ਬਹੁ-ਧਰਮ ਪਾਲਨ’ ਦਾ ਨਾਂ ਦੇ ਕੇ, ਇਸਦਾ ਸਿਧਾਂਤ ਵਿਰੋਧੀ, ਬੇਲੋੜਾ ਸਮਰਥਨ ਕਰਦੇ ਹੋਏ ਲਿਖਦੇ ਹਨ:

“ਆਮ ਤੌਰ ਤੇ ਸਿੰਧੀ ਬਹੁ-ਧਰਮਵਾਦ ਦੀ ਪ੍ਰੰਪਰਾ ਪਾਲਦੇ ਹਨ। ਇਹ ਆਪਣਾ ਧਰਮ ਹਿੰਦੂ ਲਿਖਵਾਉਂਦੇ ਹਨ। ਕਈ ਸਿੰਧੀ ਬੜੀ ਸ਼ਰਧਾ ਨਾਲ ਹਰਿਮੰਦਿਰ ਸਾਹਿਬ ਅਤੇ ਦੂਜੇ ਇਤਿਹਾਸਿਕ ਗੁਰਦੁਆਦਿਆਂ ਦੇ ਦਰਸ਼ਨ ਲਈ ਜਾਂਦੇ ਹਨ। ਇਹੀ ਨਹੀਂ, ਸਿੰਧੀ ਲੋਕ ਗੁਰਬਾਣੀ ਦਾ ਪਾਠ ਬੜੀ ਸ਼ਰਧਾ ਨਾਲ ਨਿਭਾਉਂਦੇ ਹਨ। ਕਈ ਸਿੰਧੀ ਆਪਣੇ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਮੂਰਤੀਆਂ ਵੀ ਰੱਖਦੇ ਹਨ ਇਹ ਇਨ੍ਹਾਂ ਦੀ ਧਾਰਮਿਕ ਪ੍ਰੰਪਰਾ ਹੈ, ਜੋ ਸਦੀਆਂ ਤੋ ਨਿਭਾ ਰਹੇ ਹਨ। ਜਿਸ ਤਰਾਂ ਸਿੱਖ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਧਰਮ ਵਿੱਚ ਕੋਈ ਦਖਲ ਦੇਵੇ, ਇਸੇ ਤਰ੍ਹਾਂ ਇਨ੍ਹਾਂ ਦੇ ਰਵਾਇਤੀ ਧਰਮ ਵਿੱਚ ਵੀ ਕਿਸੇ ਦੂਜੇ ਨੂੰ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ। ਨਿਉਯਾਰਕ ਦੇ ਸਿੰਧੀ ਮੰਦਿਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੂੰ ਹਟਾਉਣਾ, ਉਥੋਂ ਦੇ ਸਿੰਧੀ ਸਮਾਜ ਨੂੰ ਗੁਰਬਾਣੀ ਤੋਂ ਤੋੜਨ ਵਾਲੀ ਗੱਲ ਹੋਵੇਗੀ। ਇਹ ਧਰਮ ਵਿਹੁਣੀ ਅਤੇ ਧਰਮ ਵਿਰੋਧੀ ਗੱਲ ਹੋਵੇਗੀ ਅਤੇ ਉਨ੍ਹਾਂ ਦੇ ਧਰਮ ਉੱਤੇ ਹਮਲੇ ਦੇ ਬਰਾਬਰ ਹੋਵੇਗਾ, ਜੋ ਕਿਸੇ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ।”

ਲੇਖਕ ਜੀ ਨੇ ਇਥੇ ਬੜੀ ਭਰਮਾਊ ਪਰ ਸਿਧਾਂਤ ਵਿਰੋਧੀ ਸ਼ਬਦਾਵਲੀ ਵਰਤ ਕੇ, ਸਿੰਧੀ ਭਾਈਚਾਰੇ ਨੂੰ ਭੜਕਾਉਣ ਅਤੇ ‘ਸੱਚ’ ਤੋਂ ਭਟਕਾਉਣ ਦੀ ਬੇਲੋੜੀ ਅਤੇ ਨਾਪਾਕ ਕੋਸ਼ਿਸ਼ ਕੀਤੀ ਹੈ। ਆਓ ਅਸੀਂ ਖੁੱਲੀ ਵਿਚਾਰ ਰਾਹੀਂ ਸਾਰਾ ਕੁੱਝ ਸਪਸ਼ਟ ਕਰ ਦੇਈਏ ਤਾਂ ਕਿ ਪਾਠਕਾਂ ਅਤੇ ‘ਸਿੰਧੀ ਭਾਈਚਾਰੇ’ ਦੇ ਭੁਲੇਖੇ ਦੂਰ ਹੋ ਸਕਣ।

1. ਇਹ ਲੇਖਕ ਜੀ ਦੀ ਆਪੂੰ ਬਣਾਈ ਧਾਰਨਾ ਹੈ ਕਿ ‘ਸਿੰਧੀ ਭਾਈਚਾਰੇ’ ਦੀ ਪਰੰਪਰਾ ਬਹੁ-ਧਰਮੀ ਹੈ। ਕੀ ਸਿੰਧੀ ਭਾਈਚਾਰਾ ‘ਨਮਾਜ਼’ ਪੜ੍ਹਦਾ ਹੈ? ਕੀ ਉਹ ਬਾਈਬਲ ਜਾਂ ਈਸਾ ਜੀ ਨੂੰ ਮੰਨਦੇ ਹਨ? ਕੀ ਉਹ ਕੁਰਾਨ ਨੂੰ ਮੁਰਤੀਆਂ ਦੇ ਨਾਲ ਰੱਖਦੇ ਹਨ? ਬਿਲਕੁਲ ਨਹੀਂ, ਫਿਰ ਉਹ ਬਹੁ-ਧਰਮੀ ਕਿਵੇਂ ਹੋਏ? ਸਿੱਧੀ ਤੇ ਸਪਸ਼ਟ ਗੱਲ ਇਹ ਹੈ ਕਿ ਉਹ ਉਸ ਬ੍ਰਾਹਮਣੀ ਤਾਕਤਾਂ ਦੀ ਸਾਜ਼ਿਸ਼ ਦਾ ਸ਼ਿਕਾਰ ਹਨ ਜੋ ਸਿੱਖੀ ਦੇ ਨਿਵਕਲੇਪਨ ਨੂੰ ਮਿਲਗੋਭਾ ਸਾਬਿਤ ਕਰਨਾ ਚਾਹੁੰਦੇ ਹਨ। ਐਸੀ ਗਲਤ ਸਿਧਾਂਤ ਵਿਰੋਧੀ ਅਤੇ ਕਰਮਕਾਂਡੀ ਪਰੰਪਰਾ ਸਿਰਫ ਸਿੰਧੀ ਮੰਦਿਰਾਂ, ਵਿੱਚ ਹੀ ਨਹੀਂ, ਬਲਕਿ ‘ਮਨੀਕਰਨ’ ਅਤੇ ਹੋਰ ਕਈ ਸਥਾਨਾਂ ਤੇ ਵੀ ਵੇਖੀ ਜਾ ਸਕਦੀ ਹੈ। ਇਹ ਪ੍ਰੰਪਰਾ ਜਿੱਥੇ-ਕਿੱਥੇ ਵੀ ਹੈ, ਉਹ ਗਲਤ ਹੈ। ਇਹ ੳੇੁਨ੍ਹਾਂ ਤਾਕਤਾਂ ਦੀ ਸਾਜਿਸ਼ਾਂ ਦੇ ਕਾਰਨ ਹਨ ਜਿਹੜੇ ਸਿੱਖਾਂ ਦੇ ਨਿਵੇਕਲੇ, ਮਨੁੱਖਤਾਵਾਦੀ ਸਿਧਾਂਤਾਂ ਨੂੰ ਸਹਿਣ ਨਹੀਂ ਕਰ ਸਕੇ ਅਤੇ ਇਸ ਨੂੰ ਮਿਲਗੋਭਾ ਬਣਾ ਕੇ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿੱਚ ਡੋਬਣਾ ਚਾਹੁੰਦੇ ਹਨ। ਇਹਨਾਂ ਤਾਕਤਾਂ ਦੇ ਜਤਨ ਬਹੁਪੱਖੀ, ਬਹੁਆਯਾਮੀ ਹਨ। ਸਿੱਖ ਵੀ ਇਸਦਾ ਸ਼ਿਕਾਰ ਹੋਏ ਅਤੇ ਹੋ ਰਹੇ ਹਨ। ਦਸਮ ਗ੍ਰੰਥ, ਗੁਰਬਿਲਾਸ ਆਦਿ ਇਹਨਾਂ ਤਾਕਤਾਂ ਦੀ ਹੀ ਦੇਣ ਹਨ। ਮਨੀਕਰਨ, ਸਿੰਧੀ ਭਾਈਚਾਰੇ ਦਾ ਮਿਲਗੋਭਾਪਨ ਵੀ ਇਹਨਾਂ ਤਾਕਤਾਂ ਦੀ ਦੇਣ ਹੈ। ਸੋ ਸਪਸ਼ਟ ਹੈ ਕਿ ਲੇਖਕ ਜੀ ਦੀ ਇਹ ਆਪੂੰ ਬਣਾਈ ਧਾਰਨਾ ਨਿਰਮੂਲ ਅਤੇ ਗਲਤ ਹੈ ਕਿ “ਸਿੰਧੀ ਭਾਈਚਾਰਾ ਬਹੁਧਰਮੀ ਪਰੰਪਰਾ ਦਾ ਪਾਲਨ ਕਰਦਾ ਹੈ।”

2. ਆਓ, ਗੁਰਮਤਿ ਦੇ ਆਧਾਰ ਤੇ ਹੇਠ ਲਿਖੇ ਗੁਰਵਾਕ ਵਿਚੋਂ ‘ਧਰਮ’ ਦਾ ਸਰੂਪ ਸਮਝਦੇ ਹਾਂ:

“ਕਬੀਰਾ ਜਹਾ ਗਿਆਨੁ ਤਹ ਧਰਮੁ ਹੈ” (ਪੰਨਾ 1372)

ਭਾਵ: ‘ਸੱਚ ਦੇ ਗਿਆਨ’ ਤੋਂ ਬਿਨਾਂ ‘ਸੱਚਾ ਧਰਮ’ ਹੋ ਨਹੀਂ ਸਕਦਾ। ਇਸ ਕਸਵੱਟੀ ਤੇ ਸਿੰਧੀ ਪਰੰਪਰਾ ਗਲਤ ਸਾਬਿਤ ਹੁੰਦੀ ਹੈ।

“ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥” (ਪੰਨਾ 266)

ਭਾਵ: ਸ੍ਰੇਸ਼ਟ ਅਤੇ ਇੱਕੋ ਇੱਕ ਸੱਚਾ ‘ਧਰਮ’ ਇਹੀ ਹੈ ਕਿ ‘ਸੱਚ ਦੇ ਗਿਆਨ’ (ਹਰਿ ਨਾਮ) ਨਾਲ ਜੁੜੋ ਅਤੇ ਉਸ ਅਨੁਸਾਰ ਨਿਰਮਲ ਕਰਮ ਕਰੋ। ਨਿਰਮਲ ਕਰਮ ਤੋਂ ਭਾਵ ਅੰਧਵਿਸ਼ਵਾਸ, ਕਰਮਕਾਂਡ ਰਹਿਤ ਮਨੁੱਖਤਾਵਾਦ ਦੇ ਕਰਮ ਹਨ। ਇਸ ਕਮਵੱਟੀ ਤੇ ਵੀ ਸਿੰਧੀ ਪਰੰਪਰਾ ਫੇਲ ਸਾਬਿਤ ਹੁੰਦੀ ਹੈ।

ਲੇਖਕ ਜੀ ਨੇ ਸਿੰਧੀ ਭਾਈਦਾਰੇ ਦੀ ਗੁਰਬਾਣੀ ਪ੍ਰਤੀ ਸ਼ਰਧਾ ਤੇ ਸਤਿਕਾਰ ਦਾ ਬਹੁਤ ਗੁਣਗਾਨ ਕੀਤਾ ਹੈ ਅਤੇ ਉਸ ਨੂੰ ਬਹੁਮੱਲਾ ਦਸਿਆ ਹੈ। ਪਰ ਆਓ, ਅਸੀਂ ਪੜਚੋਲੀਏ ਕਿ ਕੀ ਇਹ ਸ਼ਰਧਾ ਤੇ ਸਤਿਕਾਰ ਲੇਖਕ ਜੀ ਵਲੋਂ ਲੇਖ ਦੇ ਸ਼ੁਰੂ ਵਿੱਚ ਦਰਸਾਈ ਕਸਵੱਟੀ ਤੇ ਸਹੀ ਸਾਬਿਤ ਹੁੰਦਾ ਹੈ? ਲੇਖ ਦੇ ਪਹਿਲੇ ਕਾਲਮ ਵਿੱਚ ਲੇਖਕ ਜੀ ਲਿਖਦੇ ਹਨ:

“ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਤਾਂ ਇਸ ਵਿਚਲੇ ਸਿਧਾਂਤਾਂ ਦਾ ਆਦਰ, ਸਤਿਕਾਰ ਅਤੇ ਪਾਲਣਾ ਕਰਨਾ ਹੈ ਨਾ ਕਿ ਸਿਰਫ ਬੀੜ ਨੂੰ ਮੂਰਤ ਵਾਂਗੂ ਮੱਥੇ ਟੇਕੀ ਜਾਣਾ”।

ਕੀ ਸਿੰਧੀ ਭਾਈਚਾਰਾ ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚਲੇ ਸਿਧਾਂਤਾਂ ਦਾ ਸਤਿਕਾਰ ਅਤੇ ਪਾਲਣਾ ਕਰਦਾ ਹੈ? ਬਿਲਕੁਲ ਨਹੀਂ। ਬਲਕਿ ਉਹ ਤਾਂ ਉਨ੍ਹਾਂ ਸਿਧਾਂਤਾਂ ਵਿਰੁਧ ਬਜ਼ਰ ਮਨਮੱਤਾ ਕਰਦਾ ਹੈ। ਇਸ ਤਰਾਂ ਉਨ੍ਹਾਂ ਦੀ ‘ਗੁਰੂ ਗ੍ਰੰਥ ਸਾਹਿਬ ਜੀ’ ਪ੍ਰਤੀ ਸ਼ਰਧਾ ਵੀ ਲੇਖਕ ਜੀ ਵਲੋਂ ਮੰਨੀ ਕਸਵੱਟੀ ਤੇ ਗਲਤ ਅਤੇ ਕੱਚੀ ਸਾਬਿਤ ਹੋ ਜਾਂਦੀ ਹੈ।

ਲੇਖਕ ਜੀ ਨੇ ਸਿੰਧੀ ਭਾਈਚਾਰੇ ਦੀ ਸਦੀਆਂ ਪੁਰਾਣੀ ਪਰੰਪਰਾ ਦੀ ਦੁਹਾਈ ਦੇ ਕੇ ਉਸ ਨੂੰ ਸਹੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਲੇਖਕ ਜੀ ਸ਼ਾਇਦ ‘ਸਿੱਖ ਇਤਿਹਾਸ’ ਭੁੱਲ ਗਏ ਹਨ। ਕੀ ਉਨ੍ਹਾਂ ਨੂੰ ਯਾਦ ਨਹੀਂ ਕਿ ਨਾਨਕ ਪਾਤਸ਼ਾਹ ਜੀ ਨੇ ਜਨੇਊ ਦੀ ਰਸਮ ਸਮੇਂ, ਹਰਿਦੁਆਰ ਵਿੱਚ, ਜਗਨਨਾਥ ਆਦਿ ਥਾਵਾਂ ਤੇ ਜਾ ਕੇ ਗਲਤ (ਪਰ ਪੁਰਾਤਨ) ਪਰੰਪਰਾ ਨੂੰ ਰੱਦ ਕਰਨ ਦੀ ਦਲੇਰੀ ਕੀਤੀ ਸੀ? ਨੁਕਤਾ ਇਹ ਨਹੀ ਹੈ ਕਿ ਪਰੰਪਰਾ ਕਿੰਨੀ ਪੁਰਾਣੀ ਹੈ, ਨੁਕਤਾ ਇਹ ਹੈ ਕਿ ਪਰੰਪਰਾ ਗਲਤ ਹੈ ਜਾਂ ਸਹੀਂ। ਜੇ ਪਰੰਪਰਾ ਗਲਤ ਹੈ ਤਾਂ ਉਸ ਦਾ ਵਿਰੋਧ ਕਰਨ ਵਿੱਚ ਕੁੱਝ ਗਲਤ ਨਹੀਂ ਹੈ। ਸਿੰਧੀ ਭਾਈਚਾਰੇ ਦੀ ਪਰੰਪਰਾ ਸਿਧਾਂਤਕ ਤੌਰ ਤੇ ਗਲਤ ਹੈ। ਸੋ ਉਨ੍ਹਾਂ ਨੂੰ ਚਾਹੀਦਾ ਹੈ ਕਿ ਇਸ ਵਿੱਚ ਸੁਧਾਰ ਕਰਨ, ਨਾ ਕਿ ਪੁਰਾਤਨਤਾ ਦੇ ਨਾ ਤੇ ਗਲਤ ਗੱਲ ਉੱਤੇ ਅੱੜੇ ਰਹਿਣ।

ਲੇਖਕ ਜੀ ਸ਼ਾਇਦ ਪੁਰਾਤਨਤਾ ਦੇ ਨਾ ਤੇ ‘ਸਤੀ ਪ੍ਰਥਾ’ ਅਤੇ ‘ਬਾਲ ਵਿਆਹ’ ਆਦਿ ਕੁਰੀਤੀਆਂ ਦਾ ਵੀ ਸਮਰਥਨ ਕਰਦੇ ਹੋਣਗੇ? ਕੀ ਉਹ ਇਸ ਬਾਰੇ ਸਪਸ਼ਟ ਕਰਨਗੇ? ਪਰ ‘ਤੱਤ ਗੁਰਮਤਿ’ ਵਾਲੇ ਐਸੀ ਗਲਤ ਗੱਲ ਦਾ ਵਿਰੋਧ ਕਰਦੇ ਹਨ, ਉਹ ਗਲਤ ਗੱਲ ਭਾਵੇਂ ਕੋਈ ਵੀ ਕਰੇ। ਸਪਸ਼ਟ ਹੈ ਕਿ ਸਿੰਧੀ ਭਾਈ ਚਾਰੇ ਦੀ ਨਾਨਕ ਪਾਤਸ਼ਾਹ ਜੀ ਜਾਂ ਗੁਰਬਾਣੀ ਪ੍ਰਤੀ ਸ਼ਰਧਾ ਕੱਚੀ ਅਤੇ ਗਲਤ ਹੈ, ਕਿਉਂਕਿ ਉਹ ਆਪ ਨਾਨਕ ਪਾਤਸ਼ਾਹ ਜੀ ਅਤੇ ਗੁਰਬਾਣੀ ਦੇ ਸਮਝਾਏ ਰਾਹ ਤੋਂ ਮੁਨਕਰ ਹਨ।

ਲੋੜ ਹੈ, ਕਿ ਸਿੰਧੀ ਭਾਈਚਾਰੇ (ਅਤੇ ਗੁਰਬਾਣੀ ਸਿਧਾਂਤਾਂ ਵਿਰੁਧ ਐਸੀਆਂ ਮਨਮੱਤਾਂ ਕਰਨ ਵਾਲਿਆਂ) ਨੂੰ ਪਿਆਰ ਨਾਲ ਮਿਲ ਬੈਠ ਕੇ ਉਨ੍ਹਾਂ ਦੀ ਸਿਧਾਂਤ ਵਿਰੋਧੀ ਪਹੁੰਚ ਦਾ ਅਹਿਸਾਸ ਕਰਵਾਇਆ ਜਾਵੇ। ਉਨ੍ਹਾਂ ਨੂੰ ਸੁਧਾਰ ਲਈ ਬੇਨਤੀ ਕੀਤੀ ਜਾਵੇ। ਧਰਮ ਕਿਸੇ ਤੇ ਥੋਪਿਆ ਨਹੀਂ ਜਾ ਸਕਦਾ। ਪਰ ਉਨ੍ਹਾਂ ਨੂੰ ਇੰਨਾ ਤਾਂ ਸਮਝਾਇਆ ਜਾ ਸਕਦਾ ਹੈ ਕਿ ਤੁਹਾਡੇ ਵਲੋਂ ਜਾਣੇ-ਅਨਜਾਣੇ ‘ਗੁਰੂ ਗ੍ਰਂਥ ਸਾਹਿਬ ਜੀ’ ਦੀ ਬੇਅਦਬੀ ਕੀਤੀ ਜਾ ਰਹੀ ਹੈ। ਜੇ ਤੁਸੀਂ ਬ੍ਰਾਹਮਣੀ ਕਰਮਕਾਂਡ ਦਾ ਤਿਆਗ ਨਹੀਂ ਕਰਨਾ ਚਾਹੁੰਦੇ ਤਾਂ ਤੁਹਾਡੀ ਮਰਜ਼ੀ, ਪਰ ਕਿਰਪਾ ਕਰਕੇ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਪ੍ਰਕਾਸ਼ ਨਾਲ (ਹਜ਼ੂਰੀ ਵਿੱਚ) ਐਸੇ ਕਰਮਕਾਂਡ ਕਰਕੇ ਉਨ੍ਹਾਂ ਦੀ ਬੇਅਦਬੀ ਨਾ ਕਰੋ। ਉਸ ਹਾਲਤ ਵਿੱਚ ਤੁਸੀਂ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਪ੍ਰਕਾਸ਼ ਕਰਨਾ ਬੰਦ ਕਰ ਦੇਵੋ। ਤੁਸੀਂ ਗੁਰਬਾਣੀ ਨਾਲ ਕਿਤਾਬਾਂ, ਸੀ ਡੀਜ਼ ਆਦਿ ਰਾਹੀਂ ਜੁੜੇ ਰਹਿ ਸਕਦੇ ਹੋ, ਕੋਈ ਰੋਕ-ਟੋਕ ਨਹੀਂ ਹੈ। ਐਸੀ ਪਹੁੰਚ ਨਾਲ ਉਹ ਜ਼ਰੁਰ ਸਮਝ ਜਾਣਗੇ, ਇਹ ਸਾਡਾ ਵਿਸ਼ਵਾਸ ਹੈ।

ਪਰ ਲੇਖਕ ਜੀ ਵਾਂਗੂ ਉਨ੍ਹਾਂ ਦੀ ਗਲਤ ਪ੍ਰੰਪਰਾ ਦੀ ਸਿਧਾਤ ਵਿਰੋਧੀ, ਅੰਨ੍ਹੀ ਪ੍ਰੋਢਤਾ ਕਰਕੇ ਸਹੀ ਸੋਚ ਵਾਲੇ ਸਿੱਖਾਂ ਨੂੰ ਬੇਲੋੜੇ ਤਾਹਨੇ ਤੇ ਸਲਾਹਾਂ ਦੇਣੀਆਂ ਸ਼ੋਭਦੀਆਂ ਨਹੀਂ। ਇਹ ਤਾਂ ਜਵਾਬ ਹੋਇਆ ਲੇਖਕ ਜੀ ਦੇ ਲੇਖ ਦਾ।

ਹੁਣ ਇੱਥੇ ਕੁੱਝ ਗੱਲ ‘ਸਪੋਕਮਮੈਨ’ ਦੀ ਜਿੰਮੇਵਾਰੀ ਦੀ ਵੀ ਕਰਨੀ ਜਾਇਜ਼ ਹੋਵੇਗੀ। ਐਸਾ ਲੇਖ ਜੇ ਆਰ. ਐਸ. ਐਸ. ਦੀ ਵਿਚਾਰਧਾਰਾ ਵਾਲੇ ਅਖਬਾਰਾਂ ਜਾਂ ਮੈਗਜ਼ੀਨ ਵਿੱਚ ਛੱਪ ਜਾਂਦਾ ਤਾਂ ਕੋਈ ਗੱਲ ਨਹੀਂ ਸੀ। ਹਰ ਕਿਸੇ ਨੂੰ ਆਪਣੇ ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਹੈ। ਪਰ ਬੇਹੱਦ ਅਫਸੋਸਜਨਕ ਗੱਲ ਇਹ ਹੈ ਕਿ ਇਹ ਲੇਖ ‘ਤੱਤ ਗੁਰਮਤਿ’ ਦਾ ਝੰਡਾ ਬਰਦਾਰ ਮੰਨੇ ਜਾਂਦੇ ਅਖਬਾਰ ‘ਰੋਜ਼ਾਨਾ ਸਪੋਕਸਮੈਨ’ ਵਿੱਚ ਛਪਿਆ ਹੈ, ਉਹ ਵੀ ਸੰਪਾਦਕੀ ਪੰਨੇ ਦੇ ਮੁਖ ਲੇਖ ਵਜੋਂ ਇਸ ਦਲੀਲ ਵਿਹੂਣੇ, ਆਪਾ ਵਿਰੋਧੀ ਅਤੇ ਗੈਰ ਸਿਧਾਂਤਕ ਲੇਖ ਨੂੰ ਪ੍ਰਕਾਸ਼ਿਤ ਕਰਨ ਲਈ ‘ਮੁਖ ਸੰਪਾਦਕ ਜੀ’ ਪੂਰੀ ਤਰ੍ਹਾਂ ਜਿੰਮੇਵਾਰ ਹਨ। ਹੋ ਸਕਦਾ ਹੈ ਕਿ ਮੁਖ ਮੰਪਾਦਕ ਜੀ ਇਹ ਸਪਸ਼ਟੀਕਰਨ ਦੇਣ ਕਿ ਇਹ ਤਾਂ ਵਿਰੋਧੀ ਵਿਚਾਰਾਂ ਨੂੰ ਥਾਂ ਦੇਣ ਲਈ ਪ੍ਰਕਾਸ਼ਿਤ ਕੀਤਾ ਲੇਖ ਹੈ। ਵਿਰੋਧੀ ਵਿਚਾਰਾਂ ਨੂੰ ਪ੍ਰਕਾਸ਼ਿਤ ਕਰਨ ਵਿੱਚ ਕੋਈ ਹਰਜ ਨਹੀਂ ਹੈ, ਪਰ ਉਸ ਮਾਮਲੇ ਵਿੱਚ ਬੇਹਦ ਜ਼ਰੂਰੀ ਸੀ ਕਿ ਲੇਖ ਨਾਲ ਸੰਪਾਦਕੀ ਟਿੱਪਣੀ ਦਿੱਤੀ ਜਾਂਦੀ ਤਾਂ ਕਿ ਪਾਠਕ ਗੁੰਮਰਾਹ ਨਾ ਹੋ ਸਕਣ। ਪਰ ਐਸੀ ਸੰਪਾਦਕੀ ਟਿੱਪਣੀ ਜਾਂ ਸਪਸ਼ਟੀਕਰਨ ਉਸ ਲੇਖ ਨਾਲ ਜਾਂ ਬਾਅਦ ਵਿੱਚ ਪ੍ਰਕਾਸ਼ਿਤ ਨਹੀਂ ਹੋਇਆ, ਇਹ ਸਾਬਿਤ ਕਰਦਾ ਹੈ ਕਿ ਇਸ ਲੇਖ ਨਾਲ ‘ਸੰਪਾਦਕ ਜੀ’ ਦੀ ਵੀ ਸਹਿਮਤੀ ਸੀ। ਇਹ ਗੱਲ ਵੀ ਜ਼ਿਕਰਯੋਗ ਹੈ ਕਿ ਸਪੋਕਸਮੈਨ ਟ੍ਰਸਟ ਦੀ ਸਰਪ੍ਰਸਤੀ ਹੇਠ ਬਣਾਈ ਗਈ ਜਥੇਬੰਦੀ ‘ਏਕਸ ਕੇ ਬਾਰਕ’ ਵਲੋਂ ਬਣਾਏ ਗਏ ਵਿਦਵਾਨਾਂ ਦੇ ਪੈਨਲ ਵਿੱਚ ‘ਲਛਮਣ ਚੇਲਾ ਰਾਮ ਸਿੰਧੀ’ ਦਾ ਵੀ ਨਾ ਸ਼ਾਮਿਲ ਹੈ, ਜੋ ਇਹ ਸਪਸ਼ਟ ਕਰਦਾ ਹੈ ਕਿ ਇਸ ਜੱਥੇਬੰਦੀ ਦੇ ਸਰਪ੍ਰਸਤੀ (ਮੁੱਖ ਸੰਪਾਦਕ ਜੀ) ਸਿੰਧੀ ਸਮਾਜ (ਅਤੇ ਐਸੇ ਹੋਰਾਂ ਵਲੋਂ) ਕੀਤੀ ਜਾਂਦੀ ਇਸ ‘ਮਨਮੱਤ’ ਨੂੰ ਮਾਨਤਾ ਦਿੰਦੇ ਹਨ।

ਦਿਲਚਸਪ ਗੱਲ ਇਹ ਹੈ ਕਿ ਜਿੱਥੇ ਇੱਕ ਪਾਸੇ ‘ਸਪੋਕਸਮੈਨ’ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਤਿਕਾਰ ਨਾਲ ਸੰਬੰਧਿਤ ਖਬਰਾਂ ਲਾ ਕੇ ‘ਤੱਤ ਗੁਰਮਤਿ’ ਵਾਲਿਆਂ ਨਾਲ ਖੜਾ ਹੋਣ ਦਾ ਦਾਅਵਾ ਕਰਦਾ ਹੈ ਤਾਂ ਦੂਜੇ ਪਾਸੇ ਉਸਦੇ ਵਿਪਰੀਤ ਐਸੇ ਗੈਰ-ਸਿਧਾਂਤਕ ਲੇਖ ਵੀ ਬਿਨਾਂ ਟਿੱਪਣੀ ਛਾਪ ਰਿਹਾ ਹੈ। ਕੀ ਇਹ ‘ਸਿਧਾਂਤਕ’ ਵਖਰੇਵਾਂ ਨਹੀਂ ਹੈ? ਅਸੀਂ ‘ਤੱਤ ਗੁਰਮਤਿ ਪਰਿਵਾਰ’ ਵਲੋਂ ਇਸ ਗੈਰ-ਸਿਧਾਂਤਕ ਵਰਤਾਰੇ ਲਈ ‘ਸਪੋਕਸਮੈਨ’ ਦਾ ਹਾਂ-ਪੱਖੀ (ਸੁਧਾਰ ਲਈ) ਵਿਰੋਧ ਕਰਦੇ ਹਾਂ। ਜੇ ਸੰਪਾਦਕ ਜੀ ‘ਤੱਤ ਗੁਰਮਤਿ’ ਦੀ ਸੋਚ ਵਾਲੇ ਜਾਂ ਨਿਰਪੱਖ ਹਨ ਤਾਂ ਸਾਡਾ ਇਹ ਜਵਾਬੀ ਲੇਖ ਵੀ ‘ਰੋਜ਼ਾਨਾ ਸਪੋਕਸਮੈਨ’ ਵਿੱਚ ਪ੍ਰਕਾਸ਼ਿਤ ਕਰਨ ਦੀ ਕ੍ਰਿਪਾਲਤਾ ਕਰਨ ਤਾਂ ਕਿ ਪਾਠਕਾਂ ਦੇ ਭੁਲੇਖੇ ਦੂਰ ਹੋ ਸਕਣ। ਸੰਪਾਦਕ ਜੀ ਸਾਡੇ ਲੇਖ ਨਾਲ ਆਪਣੀ ਸੰਪਾਦਕੀ ਟਿੱਪਣੀ ਲਾਉਣ ਲਈ ਆਜ਼ਾਦ ਹਨ।

ਅੱਜ ਤੋਂ 15 ਦਿਨ ਦੇ ਅੰਦਰ-ਅੰਦਰ ਇਹ ਲੇਖ ਪ੍ਰਕਾਸ਼ਿਤ ਨਹੀਂ ਹੁੰਦਾ ਤਾਂ ਸਾਨੂੰ ਮਜਬੂਰਨ ਦੂਸਰੇ ਸਾਧਨਾਂ ਰਾਹੀਂ ਇਸ ਨੂੰ ਪਾਠਕਾਂ ਦੀ ਕਚਹਿਰੀ ਵਿੱਚ ਲਿਜਾਉਣਾ ਪਵੇਗਾ। ਉਸ ਲਈ ‘ਰੋਜ਼ਾਨਾ ਸਪੋਕਮਮੈਨ’ ਹੀ ਜ਼ਿੰਮੇਵਾਰ ਹੋਵੇਗਾ।

ਗੁਰ ਫਤਹਿ।

ਨਿਰੋਲ ਨਾਨਕ ਫਲਸਫੇ ਦੀ ਰਾਹ `ਤੇ

ਤੱਤ ਗੁਰਮਤਿ ਪਰਿਵਾਰ




.