.

ਜਦੋਂ ਦਲ ਖ਼ਾਲਸਾ ਨੇ ਧੀਰਮਲੀਏ ਵਡਭਾਗ ਸਿੰਘ ਨੂੰ ਸੋਧਣ ਦਾ ਫੈਸਲਾ ਕੀਤਾ!

ਬਾਬਾ ਵਡਭਾਗ ਸਿੰਘ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ ਧੀਰਮਲ ਦੀ ਪੰਜਵੀਂ ਪੁਸ਼ਤ ਵਿਚੋਂ ਬਾਬਾ ਰਾਮ ਦੇ ਬੇਟੇ ਸਨ। ਇਸ ਦਾ ਜਨਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਸੱਤ ਸਾਲ ਪਿਛੋਂ ੧੮ ਭਾਦੋਂ ਬਿਕ੍ਰਮੀ ੧੭੭੨ ਸੰਨ ੧੭੧੮ ਨੂੰ ਹੋਇਆ। ਧੀਰਮਲ ਅਜਿਹਾ ਕੁਟਿਲ ਸੁਆਰਥੀ ਤੇ ਦੰਭੀ ਵਿਅਕਤੀ ਸੀ, ਜਿਸ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਹਕੂਮਤ ਨਾਲ ਮਿਲ ਕੇ ਗੁਰੂ ਘਰ ਵਿਰੁਧ ਸਾਜਿਸ਼ਾ ਰਚਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਦੀਆਂ ਕਰਤੂਤਾਂ ਦੇਖ ਕੇ ਸਤਿਗੁਰੂ ਜੀ ਨੇ ਬਚਨ ਕੀਤੇ ਸਨ ਕਿ ਇਹ ਦੂਜਾ ਮੀਣਾ ਪ੍ਰਿਥੀਆ (ਪ੍ਰਿਥੀ ਚੰਦ) ਹੈ। ਕਿਉਂਕਿ, ਪ੍ਰਿਥੀਚੰਦ ਨੇ ਗੁਰਿਆਈ ਨਾ ਮਿਲਣ ਕਾਰਣ, ਹਕੂਮਤ ਦਾ ਹੱਥ-ਠੋਕਾ ਬਣ ਕੇ ਜਿਥੇ ਆਪਣੇ ਭਰਾ ਗੁਰੂ ਅਰਜਨ ਸਾਹਿਬ ਜੀ ਤੇ ਮਾਰੂ ਹਮਲੇ ਕਰਵਾਏ, ਉਥੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਬਚਪਨ ਦੀ ਉਮਰ ਵਿੱਚ ਮਰਵਾਉਣ ਦੀਆਂ ਕੁਟਿਲ ਚਾਲਾਂ ਵੀ ਚੱਲੀਆਂ।
ਜਦੋਂ ਅਠਵੇਂ ਪਤਾਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਗੁਰਿਆਈ ਦੀ ਜ਼ਿਮੇਂਵਾਰੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਖਸ਼ ਦਿੱਤੀ ਤਾਂ ਧੀਰਮਲ ਇਤਨਾ ਕ੍ਰਧਿਤ ਹੋਇਆ ਕਿ ਉਸ ਨੇ ਸਤਿਗੁਰਾਂ ਨੂੰ ਮਾਰਨ ਦੀ ਭੈੜੀ ਨੀਤ ਨਾਲ ਸ਼ੀਹੇਂ ਮਸੰਦ ਪਾਸੋਂ ਗੋਲੀ ਵੀ ਚਲਵਾਈ। ਕਿਉਂਕਿ, ਉਸ ਦੇ ਗੁਰੂ-ਦੰਭ ਨੂੰ ਬੰਦ ਹੋਣ ਦਾ ਖਤਰਾ ਪੈਦਾ ਹੋ ਗਿਆ ਸੀ। ਕੁੱਝ ਅਜਿਹੇ ਕਾਰਨ ਹਨ, ਜਿਨ੍ਹਾਂ ਕਰਕੇ ਗੁਰੂ ਕਾਲ ਤੋਂ ਹੀ ਬਾਬਾ ਪ੍ਰਿਥੀਚੰਦ, ਧੀਰਮਲ ਤੇ ਰਾਮਰਾਇ ਦੀ ਉਲਾਦ ਅਤੇ ਇਨ੍ਹਾਂ ਦੰਭੀਆਂ ਨੂੰ ਗੁਰੂ ਮੰਨ ਕੇ ਤੁਰਨ ਵਾਲੇ ਵਿਅਕਤੀਆਂ ਨਾਲ ਗੁਰਸਿੱਖਾਂ ਨੂੰ ਨਾ-ਮਿਲਵਰਤਨ ਦੇ ਅਦੇਸ਼ ਦਿੱਤੇ ਗਏ। ਗੁਰੂ ਸਾਹਿਬ ਦਾ ਮਨੋਰਥ ਪੰਥ ਨੂੰ ਇੱਕ ਕਰਕੇ ਰੱਖਣ ਦਾ ਸੀ ਤਾਂ ਕਿ ਵੱਖਰੇ ਗੁਰਆਈ ਸੈਂਟਰ ਜਾਂ ਬਿਪਰਵਾਦੀ ਪ੍ਰਭਾਵ ਵਾਲੇ ਮਿਲਗੋਭਾ ਸਿੱਖੀ ਦੇ ਅੱਡੇ ਨਾ ਬਣਨ। ਇਸੇ ਲਈ ਜਦੋਂ ਖ਼ਾਲਸਾ ਪੰਥ ਨੇ ਸਿੱਖ ਰਹਿਤ ਮਰਯਾਦਾ ਲਿਖੀ ਤਾਂ ਅੰਮ੍ਰਿਤ ਸੰਸਕਾਰ ਦੀ ਮਦ (ਠ) ਵਿੱਚ ‘ਤਨਖਾਹੀਏ ਇਹ ਹਨ’ ਦੇ ਸਿਰਲੇਖ ਹੇਠ ਨੰਬਰ ਇੱਕ `ਤੇ ਅੰਕਤ ਕੀਤਾ ‘ਮੀਣੇ (ਪ੍ਰਿਥੀਚੰਦੀਏ), ਮਸੰਦ, ਧੀਰਮਲੀਏ, ਰਾਮਰਾਈਏ ਆਦਿਕ ਪੰਥ ਵਿਰੋਧੀਆਂ ਨਾਲ ਜਾਂ ਨੜੀ ਮਾਰ (ਤੰਬਾਕੂ ਵਰਤਣ ਵਾਲੇ), ਕੁੜੀ ਮਾਰ, ਸਿਰਗੁੰਮ (ਕੇਸ਼ ਦਾੜੀ ਕਟਾਉਣ ਵਾਲੇ) ਨਾਲ ਵਰਤਣ ਵਾਲਾ ਤਨਖਾਹੀਆ ਹੋ ਜਾਂਦਾ ਹੈ’। ਪਰ, ਇੱਕ ਵਿਸ਼ੇਸ਼ ਨੋਟ ਲਿਖ ਕੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਇਨ੍ਹਾਂ ਵਿਚੋਂ ਜਿਹੜੇ ਅੰਮ੍ਰਿਤ ਛਕ ਕੇ ਪੰਥ ਵਿੱਚ ਮਿਲ ਜਾਣ, ਉਨ੍ਹਾਂ ਨਾਲ ਵਰਤਣਾ ਠੀਕ ਹੈ।
ਵਡਭਾਗ ਸਿੰਘ ਕਰਤਾਰਪੁਰ (ਜਲੰਧਰ) ਵਿਖੇ ਡੋਲੀਆਂ ਖਿਡਾਉਣ ਅ੍ਰਥਾਤ ਭੂਤਨੇ ਕੱਢਣ ਦਾ ਪਖੰਡ ਕਰਿਆ ਕਰਦਾ ਸੀ। ਇਸ ਦੀ ਜਲੰਧਰ ਦੇ ਹਾਕਮਾਂ ਨਾਲ ਅਣਬਣ ਹੋ ਗਈ। ਇਸ ਨੇ ਦਲ ਖ਼ਾਲਸਾ ਤੋਂ ਸਹਾਇਤਾ ਮੰਗੀ। ਪਹਿਲਾਂ ਇਹਦਾ ਨਾਮ ਭਡਭਾਗ ਰਾਇ ਸੀ। ਖ਼ਾਲਸੇ ਨੇ ਇਸ ਨੂੰ ਭੂਤ ਕਢਣ ਵਾਲੀ ਪਖੰਡੀ ਖੇਡ ਛੱਡ ਕੇ ਖੰਡੇ ਦਾ ਅੰਮ੍ਰਿਤ ਛਕਣ ਲਈ ਆਖਿਆ। ਕਿਉਂਕਿ, ਇਸ ਇਹ ਦਾ ਕੰਮ ਗੁਰਮਤ ਅਨੁਕੂਲ ਨਹੀ ਸੀ। ਭਾਈ ਕਾਨ੍ਹ ਸਿੰਘ ਨਾਭਾ ਆਪਣੀ ਪੁਸਤਕ ‘ਗੁਰਮਤ ਮਾਰਤੰਡ’ ਦੇ ਭਾਗ ਦੂਜਾ ਪੰਨਾ ੫੦੮’ ਤੇ ਲਿਖਦੇ ਹਨ ਕਿ ‘ਪੰਜਾਂ ਤੱਤਾਂ ਦਾ ਨਾਮ ਭੂਤ ਹੈ, ਪਰ ਭ੍ਰਮ ਗ੍ਰਸੇ ਅਗਯਾਨੀਆਂ ਨੇ ਮਰੇ ਹੋਏ ਜੀਵਾਂ ਦੀ ਆਤਮਾ ਦੇ ਕਈ ਨਾਮ ਰੱਖ ਅਡੰਬਰ ਰਚ ਰੱਖੇ ਹਨ, ਤਾਂਤਰਿਕਾਂ ਦੇ ਵੱਸ ਪਏ ੳਸੇਬਾ ਛਾਯਾ ਆਦਿਕ ਮੰਨ ਕੇ ਗੁਰਮਤਿ ਵਿਰੁਧ ਕਰਮ ਕਰਦੇ ਹਨ। ਵਾਸਤਵ ਵਿੱਚ ਕਰਤਾਰ ਤੋਂ ਵੇਮੁੱਖ ਕੁਕਰਮਾਂ ਦੇ ਪਰੇਮੀ ਦੁਖਦਾਈ ਲੋਕਾਂ ਦੀ ਭੂਤ ਪ੍ਰੇਤ ਆਦਿ ਸੰਗਯਾ ਹੈ, ਇਹ ਤਾਮਸੀ ਜੀਵ ਗੁਰੂ ਉਪਦੇਸ਼ ਤੇ ਅਮਲ ਕਰਨ ਤੋਂ ਦੇਵ ਪਦ ਨੂੰ ਪ੍ਰਾਪਤ ਹੋ ਜਾਂਦੇ ਹਨ। ਗੁਰਬਾਣੀ ਇਸ ਸਬੰਧ ਵਿੱਚ ਇਸ ਤਰ੍ਹਾਂ ਸੇਧ ਦਿੰਦੀ ਹੈ:
ਕਬੀਰ ਜਾ ਘਰ ਸਾਧ ਨ ਸੇਵੀਅਹਿ, ਹਰਿ ਕੀ ਸੇਵਾ ਨਾਹਿ॥
ਤੇ ਘਰ ਮਰਘਟ ਸਾਰਖੇ, ਭੂਤ ਬਸਹਿ ਤਿਨ ਮਾਹਿ॥ (ਪੰਨਾ ੧੩੭੪)

ਸੋ ਇਸ ਤਰ੍ਹਾਂ ਵਡਭਾਗ ਰਾਇ ਆਪਣੀ ਲੋੜ ਨੂੰ ਤੁਰਕਾਂ ਤੋਂ ਡਰਦਾ ਹੋਇਆ ਅੰਮ੍ਰਿਤ ਛੱਕ ਕੇ ਭਡਭਾਗ ਸਿੰਘ ਬਣਿਆ। ਖ਼ਾਲਸੇ ਨੇ ਇਸ ਦੀ ਸਹਾਇਤਾ ਕੀਤੀ ਅਤੇ ਜਲੰਧਰ ਦੇ ਹਾਕਮਾਂ ਤੋਂ ਬਦਲਾ ਲਿਆ। ਸ੍ਰੀ ਕਰਤਾਰ ਪੁਰ ਦੇ ਗੁਰਦੁਆਰਾ ਥੰਮ ਸਾਹਿਬ ਨੂੰ ਸਾੜਨ ਵਾਲੇ ਫ਼ੌਜਦਾਰ ਦੀ ਲਾਸ਼ ਕਬਰ ਵਿਚੋਂ ਕਢ ਕੇ ਸਾੜੀ। ਪਰ, ਅਜਿਹਾ ਹੋਣ ਤੋਂ ਕੁੱਝ ਦੇਰ ਕੁੱਝ ਦੇਰ ਪਿਛੋਂ ਆਮਦਨ ਘਟਣ ਕਾਰਨ ਲਾਲਚ ਅਧੀਨ ਅੰਮ੍ਰਿਤ ਭੰਗ ਕਰਕੇ ਦੁਬਾਰਾ ਡੋਲੀਆਂ ਖਿਡਾਉਣ ਲਗ ਪਿਆ। ਦਲ ਖ਼ਾਲਸਾ ਵਲੋਂ ਚੇਤਾਵਨੀ ਦੇਣ ਤੇ ਵੀ ਜਦੋਂ ਇਸ ਪਖੰਡੀ ਖੇਡ ਤੋਂ ਨਾ ਹਟਿਆ ਤਾਂ ਖ਼ਾਲਸੇ ਨੇ ਇਸ ਨੂੰ ਸੋਧਣ ਲਈ ਅੰਮ੍ਰਿਤਸਰ ਤੋਂ ਚੜ੍ਹਾਈ ਕਰ ਦਿੱਤੀ। ਇਹ ਖ਼ਾਲਸਾ ਫੌਜ਼ ਤੋਂ ਡਰਦਾ ਹੋਇਆ ਕਰਤਾਰਪੁਰ ਛੱਡ ਕੇ ਪਹਾੜਾਂ ਵੱਲ ਭੱਜ ਗਿਆ ਤੇ ਧੀਰਮਲੀਆਂ ਦੀ ਗੱਦੀ ਦਾ ਵਾਰਸ ਬਣ ਕੇ ਗੁਰੂ-ਦੰਭ ਚਲਾਉਂਦਾ ਰਿਹਾ। ਇਥੇ ਹੀ ਇਹ ਸੰਨ ੧੭੬੨ ਵਿੱਚ ਮਰਿਆ।
ਸਿੱਖੀ ਸਿਧਾਂਤਾਂ ਤੋਂ ਅਨਜਾਣ ਅਤੇ ਭੂਤਨਿਆਂ ਦੇ ਵਹਿਮ ਵਿੱਚ ਫਸੇ ਲੋਕ ਹਿਮਾਚਲ ਦੇ ਪਹਾੜਾਂ ਵਿੱਚ ਇਹਦੀ ਪੂਜਾ ਕਰਨ ਲਈ ਇਸਦੇ ਡੇਰੇ ਜਾਂਦੇ ਹਨ। ਹੁਣ ਇਸ ਡੇਰੇ ਦੀਆਂ ਕਈ ਹੋਰ ਸ਼ਖਾਵਾਂ ਜਿਥੇ ਜਿਥੇ ਵੀ ਸਿੱਖਾਂ ਦੀ ਘਣੀ ਵਸੋਂ ਹੈ, ਓਥੇ ਵੀ ਬਣਾ ਦਿੱਤੀਆਂ ਗਈਆਂ ਹਨ। ਇਨ੍ਹਾਂ ਦੇ ਕਈ ਡੇਰਿਆਂ ਵਿੱਚ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਜਾਂਦਾ ਹੈ, ਪਰ ਓਥੇ ਕੰਮ ਸਾਰੇ ਗੁਰਬਾਣੀ ਦੀ ਸਿਖਿਆ ਦੇ ਉਲਟ ਹੁੰਦੇ ਹਨ। ਇਨ੍ਹਾਂ ਪਾਖੰਡੀਆਂ ਦੇ ਦਰਬਾਰ ਵਿੱਚ ਕੋਈ ਇੱਕ ਡੇਰੇਦਾਰ ਪਹਿਲਾਂ ਗੁਰਬਾਣੀ ਦਾ ਸ਼ਬਦ ਪੜ੍ਹਦਾ ਹੈ ਤੇ ਫਿਰ ਆਪਣੀ ਬਣਾਈ ਕੱਚੀ ਬਾਣੀ ਦੇ ਕੁੱਝ ਬੋਲ ਬੋਲਦਾ ਹੈ। ਬੈਠੀ ਸੰਗਤ ਵਿਚੋਂ ਕੁੱਝ ਮਰਦ ਤੇ ਔਰਤਾਂ ਸਿਰ ਘਮਾਉਣ ਲਗਦੀਆਂ ਹਨ। ਕੇਸ ਖਿਲਰ ਜਾਂਦੇ ਹਨ। ਕਈਆਂ ਦੇ ਕੇਸਾਂ ਨੂੰ ਪਕੜ ਕੇ ਘੁਮਾਇਆ ਜਾਂਦਾ ਹੈ ਤਾਂ ਕਿ ਉਹ ਵੀ ਸਿਰ ਮਾਰਨ ਲਗ ਪੈਣ। ਕੋਈ ਨਚਣ ਲਗਦਾ ਹੈ, ਤੇ ਕੋਈ ਜ਼ੋਰ ਨਾਲ ਹੱਥ ਪੈਰ ਮਾਰਦਾ ਹੋਇਆ ਭਿਆਨਕ ਅਵਾਜ਼ਾਂ ਕਢਣ ਲਗਦਾ ਹੈ।
ਗੁਰੂ ਪਿਆਰਿਓ! ਕੀ ਇਹ ਸਭ ਕੁੱਝ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸ਼ੋਭਨੀਕ ਹੈ? ਕੀ ਇਹ ਸਤਿਗੁਰੂ ਜੀ ਦੀ ਬੇਅਦਬੀ ਨਹੀ? ਕੇਸਾਂ ਦੀ ਨਿਰਾਦਰੀ ਨਹੀਂ?
ਇਹ ਆਪਣੇ ਮਰੀਜ਼ ਨੂੰ ਡੇਰੇ ਦੇ ਚਲੀਹੇ ਕਢਣੇ ਦਸਦੇ ਅਤੇ ਸੂਤਕ ਪਾਤਕ ਵਾਲੇ ਘਰ ਵਿੱਚ ਜਾਣ ਤੋਂ ਰੋਕਦੇ ਹਨ। ਇਨ੍ਹਾਂ ਦੀ ਇਹ ਵਿਚਾਰ ਵੀ ਗੁਰਮਤ ਵਿਚਾਰਧਾਰਾ ਦੇ ਉਲਟ ਹੈ। ਆਸਾ ਦੀ ਵਾਰ ਵਿੱਚ ਸੂਤਕ ਦੇ ਭਰਮ ਹੈ। ਨਿਰਣੈਜਨਕ ਗੁਰਵਾਕ ਹੈ: ਨਾਨਕ ਜਿਨ੍ਹੀ ਗੁਰਮੁਖਿ ਬੁਝਿਆ, ਤਿਨ੍ਹਾਂ ਸੂਤਕ ਨਾਹਿ॥
ਇਹ ਪਾਖੰਡੀ ਗੁਰਸਿੱਖਾਂ ਨੂੰ ਭਰਮਾਉਣ ਲਈ ਆਖਦੇ ਹਨ ਕਿ ਵਡਭਾਗ ਸਿੰਘ ਗੁਰੂ ਵੰਜਸ਼ ਸੀ ਅਤੇ ਉਸ ਨੂੰ ਗੁਰੂ ਜੀ ਨੇ ਅਸ਼ੀਰਵਾਦ ਦਿੱਤਾ ਸੀ ਕਿ ਉਹ ਦੁਖੀਆਂ ਦੀ ਸੇਵਾ ਕਰੇ। ਪਰ ਵਿਚਾਰਨ ਵਾਲਾ ਪੱਖ ਇਹ ਹੈ ਕਿ ਜਦੋਂ ਇਹਦਾ ਜਨਮ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਸਮਾਉਣ ਤੋਂ ਸੱਤ ਸਾਲ ਪਿਛੋਂ ਹੋਇਆ ਹੈ, ਤਾਂ ਇਸ ਨੂੰ ਅਸ਼ੀਰਵਾਦ ਕਿਹੜੇ ਗੁਰੂ ਨੇ ਦੇ ਦਿੱਤਾ। ਖ਼ਾਲਸਾ ਪੰਥ ਨੇ ਇਸ ਨੂੰ ਧੀਰਮਲ ਦੀ ਵੰਸ਼ ਮੰਨਿਆ ਹੈ, ਗੁਰੂ ਕੀ ਵੰਸ਼ ਨਹੀ। ਕਿੳਂਕਿ, ਇਹ ਵੀ ਧੀਰਮਲ ਵਾਂਗ ਵਖਰੀ ਗੁਰਗਦੀ ਲਾ ਕੇ ਗੁਰੂ ਅਖਵਾਉਂਦਾ ਰਿਹਾ ਅਤੇ ਭੂਤ-ਪ੍ਰੇਤਾਂ ਦੀ ਖੇਡ ਰਚਾ ਕੇ ਲੋਕਾਂ ਨੂੰ ਵੀ ਜਾਰੀ ਹੈ। ਅਜਿਹੇ ਡੇਰਦਾਰ ਆਪਣੇ ਇਸ਼ਤਿਹਾਰਾਂ ਉਪਰ ਫੋਟਿਆ ਰਾਹੀਂ ਸ਼ੋ ਕਰਦੇ ਹਨ ਕਿ ਵਡਭਾਗ ਸਿੰਘ ਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਅਸ਼ੀਰਵਾਦ ਪ੍ਰਾਪਤ ਹੈ, ਜੋ ਸਰਾਸਰ ਗੁਰਸਿੱਖਾਂ ਨੂੰ ਗੁੰਮਰਾਹ ਕਰਨ ਵਾਲੀ ਚਲਾਕੀ ਭਰੀ ਚਾਲ ਹੈ। ਐਸੇ ਲੋਕਾਂ ਨੂੰ ਗੁਰੂ ਕਾ ਅਸ਼ੀਰਵਾਦ ਕਿਥੋਂ? ਸਤਿਗੁਰੂ ਜੀ ਤਾਂ ਐਸੇ ਪਾਖੰਡੀਆਂ ਨੂੰ ਸਿੱਖ ਹੀ ਨਹੀ ਮੰਨਦੇ। ਗੁਰਵਾਕ ਹੈ: ਸੋ ਸਿਖੁ ਸਖਾ ਬੰਧਪੁ ਹੈ ਭਾਈ, ਜਿ ਗੁਰ ਕੇ ਭਾਣੇ ਵਿੱਚ ਆਵੈ॥ (ਪੰਨਾ ੬੦੧)
ਵਡਭਾਗ ਸਿੰਘ ਦੇ ਚੇਲਿਆਂ ਵਾਂਗ ਗੁਰੂ ਹੁਕਮਾਂ ਤੋਂ ਮੂੰਹ ਫੇਰ ਕੇ ਬੇਮੁਖਤਾ ਭਰਿਆ ਜੀਵਨ ਜੀਊਣ ਵਾਲੇ ਦੁਮੂੰਹਿਆਂ ਨੂੰ ਤਾਂ ਗੁਰਬਾਣੀ ਵਿੱਚ ਫਿਟਕਾਰੇ ਹੋਏ ਕਾਲੇ ਮੂੰਹਾਂ ਵਾਲੇ ਵੇਮੁਖ, ਨਰਕਗਾਮੀ ਤੇ ਵਿਕਾਰ ਰੂਪ ਜਮਾਂ ਦੀ ਫਾਹੀ ਵਿੱਚ ਫਸੇ ਦੁਖਦਾਈ ਜੀਵਨ ਵਾਲੇ ਦਸਿਆ ਹੈ। ਇਹ ਵੀ ਆਖਿਆ ਹੈ ਕਿ ਉਨ੍ਹਾਂ ਦੇ ਕੀਤੇ ਧਰਮ ਕਰਮ ਕਿਸੇ ਅਰਥ ਨਹੀ। ਗੁਰਵਾਕ ਹੈ: ਗੁਰ ਤੇ ਮੁਹੁ ਫੇਰੇ ਜੇ ਕੋਈ, ਗੁਰ ਕਾ ਕਹਿਆ ਨ ਚਿਤਿ ਧਰੈ॥ ਕਰਿ ਆਚਾਰ ਬਹੁ ਸੰਪਉ ਸੰਚੈ, ਜੋ ਕਿਛੁ ਕਰੈ ਸੁ ਨਰਕਿ ਪਰੈ॥ ੪॥ (ਪੰਨਾ ੧੩੩੪)
ਸੋ ਪੰਥਕ ਜਥੇਬੰਦੀਆਂ ਨੂੰ ਅਪੀਲ ਹੈ ਕਿ ਉਹ ਸਿੱਖ ਸੰਗਤਾਂ ਨੂੰ ਅਜਿਹੇ ਲੋਕਾਂ ਦੇ ਭਰਮ ਜਾਲ ਵਿੱਚ ਫਸਣ ਤੋਂ ਬਚਾਉਣ ਲਈ ਉਪਰੋਕਤ ਕਿਸਮ ਦੀ ਜਾਣਕਾਰੀ ਦੇਣ ਅਤੇ ਲੜਾਈ ਝਗੜੇ ਤੋਂ ਰਹਿਤ ਸੰਵਾਦ ਰਚਾ ਕੇ ਇਨ੍ਹਾਂ ਦੇ ਦੰਭ ਪ੍ਰਪੰਚ ਨੂੰ ਨਸ਼ਰ ਕਰਨ।
ਭੁਲ-ਚੁਕ ਮੁਆਫ਼।
ਗੁਰੂ ਪੰਥ ਦਾ ਪਹਿਰੇਦਾਰ: ਜਗਤਾਰ ਸਿੰਘ ਜਾਚਕ, ਫੋਨ: ੯੮੫੫੨੦੫੦੮੯




.