. |
|
ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ
ਗੁਰੂ ਗ੍ਰੰਥ ਸਾਹਿਬ ਵਿੱਚ ਅਜਿਹੇ ਕਈ ਸ਼ਬਦ ਹਨ ਜਿਨ੍ਹਾਂ ਨੂੰ ਗੁਰਬਾਣੀ ਭਾਵ
ਦਰਸਾਉਂਦੇ ਪ੍ਰਚਲਤ/ਅੱਖਰੀਂ ਅਰਥਾਂ ਵਿੱਚ ਨਹੀਂ ਵਰਤਿਆ ਗਿਆ, ਭਾਵ ਜੋ ਕੋਸ਼ਾਂ ਵਿੱਚ ਅਰਥ ਹਨ
ਉਨ੍ਹਾਂ ਅਰਥਾਂ ਵਿੱਚ ਨਹੀਂ ਵਰਤਿਆ ਗਿਆ। ਹਾਂ, ਕੁੱਝ ਸ਼ਬਦ ਅਜਿਹੇ ਹਨ ਜਿਨ੍ਹਾਂ ਨੂੰ ਦੋਹਾਂ ਅਰਥਾਂ
ਵਿਚ: ਪ੍ਰਚਲਤ ਅਰਥਾਂ ਅਤੇ ਇਨ੍ਹਾਂ ਤੋਂ ਵੱਖਰੇ ਅਰਥਾਂ ਵਿਚ। ਉਦਾਹਰਣ ਵਜੋਂ ‘ਕਾਂ’ ਸ਼ਬਦ ਹੈ,
‘ਕਾਂ’ ਸ਼ਬਦ ਪ੍ਰਚਲਤ ਅਰਥਾਂ ਵਿੱਚ ਵੀ ਆਇਆ ਹੈ:
ਕਾਵ ਉਡਾਵਤ ਭੁਜਾ ਸਿਰਾਨੀ;
ਵਿਕਾਰਾਂ ਦੇ ਅਰਥ ਵਿੱਚ ਵੀ:
ਧਰਤਿ ਸੁਹਾਵੜੀ ਆਕਾਸੁ ਸੁਹੰਦਾ
ਜਪੰਦਿਆ ਹਰਿ ਨਾਉ॥ ਨਾਨਕ ਨਾਮ ਵਿਹੂਣਿਆ ਤਿਨੑ ਤਨ ਖਾਵਹਿ ਕਾਉ॥ (ਪੰਨਾ 1247)
ਅਰਥ: ਪਰਮਾਤਮਾ ਦਾ ਨਾਮ ਸਿਮਰਨ ਵਾਲੇ ਬੰਦਿਆਂ ਨੂੰ ਧਰਤੀ
ਅਤੇ ਆਕਾਸ਼ ਸੁਹਾਵੇ ਲੱਗਦੇ ਹਨ (ਕਿਉਂਕਿ ਉਹਨਾਂ ਦੇ ਅੰਦਰ ਠੰਢ ਵਰਤੀ ਰਹਿੰਦੀ ਹੈ); ਪਰ, ਹੇ ਨਾਨਕ!
ਜਿਹੜੇ ਮਨੁੱਖ ਨਾਮ ਤੋਂ ਸੱਖਣੇ ਹਨ, ਉਹਨਾਂ ਦੇ ਸਰੀਰ ਨੂੰ ਵਿਸ਼ੇ-ਵਿਕਾਰ ਕਾਂ ਹੀ ਖਾਂਦੇ ਰਹਿੰਦੇ
ਹਨ (ਤੇ, ਉਹਨਾਂ ਦੇ ਅੰਦਰ ਵਿਸ਼ੇ-ਰੋਗ ਹੋਣ ਕਰਕੇ ਉਹਨਾਂ ਨੂੰ ਪ੍ਰਭੂ ਦੀ ਕੁਦਰਤਿ ਵਿੱਚ ਕੋਈ
ਸੁੰਦਰਤਾ ਸੁਹਾਵਣੀ ਨਹੀਂ ਲੱਗਦੀ) ; ਅਤੇ ਵਿਕਾਰਾਂ ਵਿੱਚ ਲਿਬੜੇ ਹੋਏ ਪ੍ਰਾਣੀ ਲਈ ਵੀ:
ਫਿਰਿ ਫਿਰਿ ਫਾਹੀ ਫਾਸੈ ਕਊਆ॥ ਫਿਰਿ
ਪਛੁਤਾਨਾ ਅਬ ਕਿਆ ਹੂਆ॥ ਫਾਥਾ ਚੋਗ ਚੁਗੈ ਨਹੀ ਬੂਝੈ॥ ਸਤਗੁਰੁ ਮਿਲੈ ਤ ਆਖੀ ਸੂਝੈ॥ (935)
(ਅਰਥ: ਕਾਲੀਆਂ ਕਰਤੂਤਾਂ ਵਾਲਾ ਮਨੁੱਖ ਮੁੜ ਮੁੜ ਫਾਹੀ
ਵਿੱਚ ਫਸਦਾ ਹੈ, (ਫਸ ਕੇ) ਫਿਰ ਪਛੁਤਾਂਦਾ ਹੈ ਕਿ ਇਹ ਕੀਹ ਹੋ ਗਿਆ; ਫਸਿਆ ਹੋਇਆ ਭੀ (ਫਾਹੀ ਵਿੱਚ
ਫਸਾਣ ਵਾਲਾ) ਚੋਗਾ ਹੀ ਚੁਗੀ ਜਾਂਦਾ ਹੈ ਤੇ ਹੋਸ਼ ਨਹੀਂ ਕਰਦਾ। ਜੇ ਸਤਿਗੁਰੂ (ਇਸ ਨੂੰ) ਮਿਲ ਪਏ,
ਤਾਂ ਅੱਖੀਂ (ਅਸਲ ਗੱਲ) ਦਿੱਸ ਪੈਂਦੀ ਹੈ।), ਵਿੱਚ ਵੀ ਵਰਤਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ
ਇਸ ਤਰ੍ਹਾਂ ਦੇ ਅਨੇਕਾਂ ਸ਼ਬਦ ਹਨ।
ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਵਿੱਚ ਦੁੱਖ –ਸੁਖ, ਭਾਗ/ਕਰਮ, ਨਰਕ –
ਸੁਰਗ ਆਦਿ ਬਾਰੇ ਜੋ ਧਾਰਨਾ ਪ੍ਰਚਲਤ ਸੀ/ਹੈ, ਇਨ੍ਹਾਂ ਨੂੰ ਕਿਤੇ ਕਿਤੇ ਇਨ੍ਹਾਂ ਹੀ ਅਰਥਾਂ ਵਿੱਚ
ਦਰਸਾਉਂਦਿਆਂ ਹੋਇਆਂ ਫਿਰ ਆਪਣਾ ਦ੍ਰਿਸ਼ਟੀਕੋਣ ਦਰਸਾਉਂਦਿਆਂ ਹੋਇਆਂ ਪ੍ਰਚਲਤ ਧਾਰਨਾ ਨਾਲੋਂ ਭਿੰਨ
ਅਰਥਾਂ ਵਿੱਚ ਇਨ੍ਹਾਂ ਦੀ ਵਰਤੋਂ ਕੀਤੀ ਹੈ। ਉਦਾਹਰਣ ਵਜੋਂ ਸਤਿਗੁਰੂ ਕੋਲੋਂ ਮਿਲਦੇ ਸੁਖ ਦਾ ਸਰੂਪ
ਬਿਆਨ ਕਰਦਿਆਂ ਹੋਇਆਂ ਗੁਰਦੇਵ ਫ਼ਰਮਾਉਂਦੇ ਹਨ:
ਸਤਿਗੁਰਿ ਮਿਲਿਐ ਸਦਾ ਸੁਖੁ ਜਿਸ ਨੋ
ਆਪੇ ਮੇਲੇ ਸੋਇ॥ ਸੁਖੈ ਏਹੁ ਬਿਬੇਕੁ ਹੈ ਅੰਤਰੁ ਨਿਰਮਲੁ ਹੋਇ॥ ਅਗਿਆਨ ਕਾ ਭ੍ਰਮੁ ਕਟੀਐ ਗਿਆਨੁ
ਪਰਾਪਤਿ ਹੋਇ॥ ਨਾਨਕ ਏਕੋ ਨਦਰੀ ਆਇਆ ਜਹ ਦੇਖਾ ਤਹ ਸੋਇ॥ (ਪੰਨਾ 947)
ਇਹੋ ਜੇਹੇ ਸ਼ਬਦਾਂ ਵਿੱਚ ਹੀ ਇੱਕ ਸ਼ਬਦ ਹੈ ‘ਅਉਖੀ ਘੜੀ ਨ ਦੇਖਣ ਦੇਈ’। ਇਸ
ਦਾ ਭਾਵ ਆਮ ਤੌਰ `ਤੇ ਇਹ ਹੀ ਲਿਆ ਜਾਂਦਾ ਹੈ ਕਿ ਸੇਵਕ ਨੂੰ ਹਰੀ ਕਿਸੇ ਤਰ੍ਹਾਂ ਦਾ ਸੰਕਟਮਈ ਸਮਾਂ
ਨਹੀਂ ਦੇਖਣ ਦੇਂਦਾ ਭਾਵ ਉਸ ਦੇ ਜੀਵਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਠਿਨਾਈ ਨਹੀਂ ਆਉਂਦੀ। ਇਸ
ਵਿੱਚ ਕੋਈ ਸੰਦੇਹ ਨਹੀਂ ਹੈ ਕਿ ਇਸ ਦਾ ਅੱਖਰੀਂ ਅਰਥ ਇਹੀ ਬਣਦਾ/ਨਿਕਲਦਾ ਹੈ ਕਿ ਉਹ ਪ੍ਰਭੂ ਆਪਣੇ
ਸੇਵਕ ਨੂੰ ਦੁੱਖ ਵਾਲਾ ਸਮਾਂ ਨਹੀਂ ਦੇਖਣ ਦੇਂਦਾ, ਪਰ ਸਤਿਗੁਰੂ ਜੀ ਅਨੁਸਾਰ ਦੁੱਖਦਾਇਕ/ਸੰਕਟਮਈ
ਸਮੇਂ ਤੋਂ ਕੀ ਭਾਵ ਹੈ, ਇਹ ਗੱਲ ਸਮਝਣ ਲਈ ਇਸ ਸ਼ਬਦ ਦੀਆਂ ‘ਰਹਾਉ’ ਦੀਆਂ ਪੰਗਤੀਆਂ ਨੂੰ ਧਿਆਨ ਨਾਲ
ਪੜ੍ਹਣ/ਵਿਚਾਰਨ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਅਨੁਸਾਰ ਸੰਕਟਮਈ ਸਮੇਂ ਤੋਂ ਕੀ ਭਾਵ ਹੈ ਅਰਥਾਤ
ਅਉਖੀ ਘੜੀ ਦਾ ਕੀ ਸਰੂਪ ਹੈ? ਇਸ ਦੀ ਹੀ ਸੰਖੇਪ ਵਿੱਚ ਇੱਥੇ ਚਰਚਾ ਕੀਤੀ ਜਾ ਰਹੀ ਹੈ।
ਇਹ ਪੰਗਤੀ ਗੁਰੂ ਨਾਨਕ ਜੋਤ ਦੇ ਪੰਜਵੇਂ ਪ੍ਰਕਾਸ਼ ਗੁਰੂ ਅਰਜਨ ਸਾਹਿਬ ਦਾ
ਰਾਗ ਧਨਾਸਰੀ ਵਿੱਚ ਉਚਾਰਣ ਕੀਤੇ ਸ਼ਬਦ ਦੀ ਪਹਿਲੀ ਪੰਗਤੀ ਦਾ ਪਹਿਲਾ ਹਿੱਸਾ ਹੈ। ਪੂਰੀ ਪੰਗਤੀ ਹੈ:
‘ਅਉਖੀ ਘੜੀ ਨ ਦੇਖਣ ਦੇਈ
ਅਪਨਾ ਬਿਰਦੁ ਸਮਾਲੇ॥’ ਇਸ ਦਾ ਅਰਥ ਹੈ (ਉਹ
ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ ਦੇਣ ਵਾਲਾ ਸਮਾਂ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ –
ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ।
ਇਸ ਸ਼ਬਦ ਦੀਆਂ ‘ਰਹਾਉ’ ਦੀਆਂ ਪੰਗਤੀਆਂ ਹਨ:
ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ॥
ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ॥ ਰਹਾਉ॥
ਇਨ੍ਹਾਂ ਤੁਕਾਂ ਦਾ ਭਾਵ ਹੈ ਕਿ ਮੇਰਾ ਮਨ ਪ੍ਰਭੂ ਨਾਲ
ਜੁੜਿਆ ਰਹਿੰਦਾ ਹੈ। ਅਕਾਲ ਪੁਰਖ ਨਾਲ ਜੁੜਿਆ ਮਨ ਹੀ ਅਨੰਦਤ ਹੋ ਸਕਦਾ ਹੈ ਭਾਵ ਸਾਰੇ ਇੰਦਰੇ ਕਾਬੂ
ਵਿੱਚ ਆ ਜਾਂਦੇ ਹਨ। ਵਾਹਿਗੁਰੂ ਨਾਲ ਜੁੜਿਆਂ ਹੀ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਸਮਝ ਸਕਦਾ ਹੈ, ਰਜ਼ਾ
ਨੂੰ ਸਮਝਿਆਂ ਹੀ ਪ੍ਰਾਣੀ ਦੁੱਖ – ਸੁਖ ਨੂੰ ਇੱਕ ਸਮਾਨ ਸਮਝਕੇ ਅਡੋਲ ਰਹਿ ਸਕਦਾ ਹੈ; ਅਡੋਲ ਰਹਿਣ
ਵਾਲਾ ਵਿਅਕਤੀ ਹੀ ਆਤਮਕ ਸੁਖ ਨੂੰ ਮਾਣ ਸਕਦਾ ਹੈ। ਇਨ੍ਹਾਂ ‘ਰਹਾਉ’ ਦੀਆਂ ਪੰਗਤੀਆਂ ਵਿੱਚ ਸਤਿਗੁਰੂ
ਜੀ ਅਨੰਦਦਾਇਕ ਅਵਸਥਾ ਦਾ ਸਰੂਪ ਬਿਆਨ ਕਰਦਿਆਂ ਸਪਸ਼ਟ ਕਰਦੇ ਹਨ ਕਿ ਵਾਹਿਗੁਰੂ ਦੀ ਰਜ਼ਾ ਨੂੰ ਸਮਝ ਕੇ
ਗਿਆਨ ਅਤੇ ਕਰਮ ਇੰਦ੍ਰਿਆਂ ਨੂੰ ਕਾਬੂ ਵਿੱਚ ਰੱਖਣਾ ਹੀ ਅਨੰਦਦਾਇਕ ਜੀਵਨ ਦਾ ਰਹੱਸ ਹੈ। ਜੇਕਰ
ਮਨੁੱਖ ਵਾਹਿਗੁਰੂ ਦੀ ਰਜ਼ਾ ਨੂੰ ਸਮਝ ਕੇ ਉਸ ਅਨੁਸਾਰ ਵਿਚਰਦਾ ਹੋਇਆ ਆਪਣੇ ਇੰਦ੍ਰਿਆਂ ਨੂੰ ਕੰਟਰੋਲ
ਵਿੱਚ ਨਹੀਂ ਕਰਦਾ ਤਾਂ ਇਹ ਅਵਸਥਾ ਨਹੀਂ ਮਾਣ ਸਕਦਾ।
ਸ਼ਬਦ ਦੀਆਂ ‘ਰਹਾਉ’ ਦੀਆਂ ਪੰਗਤੀਆਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ।
ਇਸ ਮੁੱਖ ਭਾਵ ਨੂੰ ਹੀ ਵਿਸਥਾਰ ਸਹਿਤ ਸ਼ਬਦ ਦੇ ਬਾਕੀ ਬੰਦਾਂ ਵਿੱਚ ਦਰਸਾਇਆ ਗਿਆ ਹੁੰਦਾ ਹੈ। ਸੋ,
ਇਸ ਸ਼ਬਦ ਵਿੱਚ ਵੀ ‘ਰਹਾਉ’ ਵਾਲੀਆਂ ਇਨ੍ਹਾਂ ਤੁਕਾਂ ਦਾ ਵਿਸਥਾਰ ਸ਼ਬਦ ਦੇ ਦੂਜੇ ਦੋ ਬੰਦਾਂ ਵਿੱਚ
ਕੀਤਾ ਗਿਆ ਹੈ। ਹਜ਼ੂਰ ਸ਼ਬਦ ਦੀਆਂ ਪ੍ਰਾਰੰਭਕ ਪੰਗਤੀਆਂ ਵਿੱਚ ਫ਼ਰਮਾਉਂਦੇ ਹਨ:
ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ
ਸਮਾਲੇ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ॥ 1॥
ਅਰਥ: ਹੇ ਭਾਈ! (ਉਹ ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ
ਦੇਣ ਵਾਲਾ ਸਮਾਂ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ – ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ
ਚੇਤੇ ਰੱਖਦਾ ਹੈ। ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ)
ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ।
ਜੇਕਰ ਅਸੀਂ ‘ਰਹਾਉ’ ਵਾਲੀਆਂ ਪੰਗਤੀਆਂ ਨੂੰ ਸਾਹਮਣੇ ਰੱਖ ਕੇ ਇਹ ਸਮਝਣ ਦਾ
ਯਤਨ ਕਰਾਂਗੇ ਕਿ ਤਾਂ ਇਹ ਗੱਲ ਸਪਸ਼ਟ ਹੋਵੇਗੀ ਕਿ ਗੁਰਦੇਵ ਅਨੁਸਾਰ ਦੁੱਖਦਾਇਕ ਸਮੇਂ ਤੋਂ ਭਾਵ ਉਹ
ਸਮਾਂ ਹੈ ਜਦ ਪ੍ਰਾਣੀ ਨੂੰ ਉਸ ਵਾਹਿਗੁਰੂ ਦੀ ਯਾਦ ਭੁੱਲ ਜਾਵੇ ਭਾਵ ਰੱਬੀ ਗੁਣਾਂ ਨੂੰ ਤਿਲਾਂਜਲੀ
ਦੇ ਕੇ ਮਨਮੁਖਤਾ ਦਾ ਜੀਵਨ ਜਿਊਂਣ ਲੱਗ ਪਵੇ। ਅਜਿਹੇ ਸੰਕਟਮਈ ਸਮੇਂ ਦੇ ਸਰੂਪ ਦਾ ਗੁਰੂ ਗਰੰਥ
ਸਾਹਿਬ ਵਿੱਚ ਕਈ ਥਾਂਈ ਵਰਣਨ ਕੀਤਾ ਗਿਆ ਹੈ। ਗੁਰੂ ਅਰਜਨ ਮਹਾਰਾਜ ਇਸ ਕਸ਼ਟਦਾਇਕ ਸਮੇਂ ਦਾ ਹੀ ਰੂਪ
ਦਸਾਉਂਦੇ ਹੋਏ ਕਹਿੰਦੇ ਹਨ:
ਇੱਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ॥ ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ॥ ਮੋਹਿ ਰੈਣਿ ਨ
ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ॥ (ਪੰਨਾ 96)
ਅਰਥ: ਹੇ ਪਿਆਰੇ ਭਗਵਾਨ! ਜਦੋਂ ਮੈਂ ਤੈਨੂੰ ਇੱਕ ਘੜੀ ਭਰ
ਭੀ ਨਹੀਂ ਮਿਲਦਾ ਤਾਂ ਮੇਰੇ ਭਾ ਦਾ ਕਲਿਜੁਗ ਹੋ ਜਾਂਦਾ ਹੈ (ਮੈਂ
ਤੇਰੇ ਵਿਛੋੜੇ ਵਿੱਚ ਬਿਹਬਲ ਹਾਂ, ਦੱਸ ਹੁਣ ਤੈਨੂੰ ਮੈਂ ਕਦੋਂ ਮਿਲ ਸਕਾਂਗਾ। (ਹੇ ਭਾਈ! ਗੁਰੂ ਦੀ
ਸਰਨ ਤੋਂ ਬਿਨਾ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ, ਤਾਹੀਏਂ) ਗੁਰੂ ਦੇ ਦਰਬਾਰ ਦਾ ਦਰਸਨ ਕਰਨ
ਤੋਂ ਬਿਨਾ ਮੇਰੀ (ਜ਼ਿੰਦਗੀ ਦੀ) ਰਾਤ (ਸੌਖੀ) ਨਹੀਂ ਲੰਘਦੀ, ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ।
ਬਾਬਾ ਫ਼ਰੀਦ ਸਾਹਿਬ ਇਸ ਸੰਕਟਮਈ ਸਮੇਂ ਬਾਰੇ ਚਰਚਾ ਕਰਦਿਆਂ ਆਖਦੇ ਹਨ:
ਅਜੁ ਨ ਸੁਤੀ ਕੰਤ ਸਿਉ ਅੰਗੁ
ਮੁੜੇ ਮੁੜਿ ਜਾਇ॥ ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ॥ (ਪੰਨਾ 1379)
ਅਰਥ:-
ਮੈਂ (ਤਾਂ ਕੇਵਲ) ਅੱਜ (ਹੀ) ਪਿਆਰੇ ਨਾਲ ਨਹੀਂ ਸੁੱਤੀ (ਭਾਵ, ਮੈਂ ਤਾਂ ਕੇਵਲ ਅੱਜ ਹੀ ਪਿਆਰੇ
ਪਤੀ-ਪਰਮਾਤਮਾ ਵਿੱਚ ਲੀਨ ਨਹੀਂ ਹੋਈ, ਤੇ ਹੁਣ) ਇਉਂ ਹੈ ਜਿਵੇਂ ਮੇਰਾ ਸਰੀਰ ਟੁੱਟ ਰਿਹਾ ਹੈ। ਜਾ
ਕੇ ਛੁੱਟੜਾਂ (ਮੰਦ-ਭਾਗਣਾਂ) ਨੂੰ ਪੁੱਛੋ ਕਿ ਤੁਹਾਡੀ (ਸਦਾ ਹੀ) ਰਾਤ ਕਿਵੇਂ ਬੀਤਦੀ ਹੈ (ਭਾਵ,
ਮੈਨੂੰ ਤਾਂ ਅੱਜ ਹੀ ਥੋੜਾ ਚਿਰ ਪ੍ਰਭੂ ਵਿਸਰਿਆ ਹੈ ਤੇ ਮੈਂ ਦੁਖੀ ਹਾਂ। ਜਿਨ੍ਹਾਂ ਕਦੇ ਭੀ ਉਸ ਨੂੰ
ਯਾਦ ਨਹੀਂ ਕੀਤਾ, ਉਹਨਾਂ ਦੀ ਤਾਂ ਸਾਰੀ ਉਮਰ ਹੀ ਦੁਖੀ ਗੁਜ਼ਰਦੀ ਹੋਵੇਗੀ)।
ਵਾਹਿਗੁਰੂ ਨੂੰ ਭੁਲਾਇਆਂ ਹੀ ਮਨੁੱਖ ਕਈ ਤਰ੍ਹਾਂ ਦੇ ਵਿਕਾਰ/ਚਸਕਿਆਂ ਦਾ
ਸ਼ਿਕਾਰ ਹੋ ਜਾਂਦਾ ਹੈ। ਇਹ ਤਰ੍ਹਾਂ ਤਰ੍ਹਾਂ ਦੇ ਚਸਕੇ, ਤ੍ਰਿਸਨਾ ਆਦਿ ਹੀ ਤਾਂ ਇਹਨਾਂ ਆਤਮਕ
ਕਲੇਸ਼ਾਂ ਦਾ ਭਿਆਨਕ ਰੂਪ ਹੈ:
ਸਭੇ ਦੁਖ ਸੰਤਾਪ ਜਾਂ ਤੁਧਹੁ ਭੁਲੀਐ॥ ਜੇ ਕੀਚਨਿ ਲਖ ਉਪਾਵ ਤਾਂ ਕਹੀ ਨ
ਘੁਲੀਐ॥ ਜਿਸ ਨੋ ਵਿਸਰੈ ਨਾਉ ਸੁ ਨਿਰਧਨੁ ਕਾਂਢੀਐ॥ ਜਿਸ ਨੋ ਵਿਸਰੈ ਨਾਉ ਸੋ ਜੋਨੀ ਹਾਂਢੀਐ॥ ਜਿਸੁ
ਖਸਮੁ ਨ ਆਵੈ ਚਿਤਿ ਤਿਸੁ ਜਮੁ ਡੰਡੁ ਦੇ॥ ਜਿਸੁ ਖਸਮੁ ਨ ਆਵੀ ਚਿਤਿ ਰੋਗੀ ਸੇ ਗਣੇ॥ ਜਿਸੁ ਖਸਮੁ ਨ
ਆਵੀ ਚਿਤਿ ਸੁ ਖਰੋ ਅਹੰਕਾਰੀਆ॥ ਸੋਈ ਦੁਹੇਲਾ ਜਗਿ ਜਿਨਿ ਨਾਉ ਵਿਸਾਰੀਆ॥ 14॥
ਅਰਥ:-
ਜਦੋਂ ਹੇ ਪ੍ਰਭੂ! ਤੇਰੀ ਯਾਦ ਤੋਂ ਖੁੰਝ ਜਾਈਏ ਤਾਂ (ਮਨ
ਨੂੰ) ਸਾਰੇ ਦੁੱਖ-ਕਲੇਸ਼ (ਆ ਵਾਪਰਦੇ ਹਨ)। (ਤੇਰੀ ਯਾਦ ਤੋਂ ਬਿਨਾ ਹੋਰ) ਜੇ ਲੱਖਾਂ ਉਪਰਾਲੇ ਭੀ
ਕੀਤੇ ਜਾਣ, ਕਿਸੇ ਭੀ ਉਪਾਵ ਨਾਲ (ਉਹਨਾਂ ਦੁੱਖਾਂ-ਕਲੇਸ਼ਾਂ ਤੋਂ) ਖ਼ਲਾਸੀ ਨਹੀਂ ਹੁੰਦੀ।
(ਹੇ ਭਾਈ!) ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ (ਸਿਮਰਨਾ) ਭੁੱਲ ਜਾਏ ਉਹ ਕੰਗਾਲ ਕਿਹਾ ਜਾਂਦਾ ਹੈ
(ਜਿਵੇਂ ਕੋਈ ਕੰਗਾਲ ਮੰਗਤਾ ਦਰ ਦਰ ਤੇ ਰੁਲਦਾ ਹੈ, ਤਿਵੇਂ) ਉਹ ਜੂਨਾਂ ਵਿੱਚ ਭਟਕਦਾ ਫਿਰਦਾ ਹੈ।
ਜਿਸ ਮਨੁੱਖ ਦੇ ਚਿੱਤ ਵਿੱਚ ਖਸਮ-ਪ੍ਰਭੂ ਨਹੀਂ ਆਉਂਦਾ ਉਸ ਨੂੰ ਜਮਰਾਜ ਸਜ਼ਾ ਦੇਂਦਾ ਹੈ {ਭਾਵ ਉਸ
ਦਾ ਜੀਵਨ ਸਦਾ ਸਹਿਮ ਵਿੱਚ ਬੀਤਦਾ ਹੈ।} (ਕਿਉਂਕਿ) ਅਜੇਹੇ ਬੰਦੇ ਰੋਗੀ {ਆਤਮਿਕ ਰੋਗੀ} ਗਿਣੇ
ਜਾਂਦੇ ਹਨ, ਅਜੇਹਾ ਬੰਦਾ ਬੜਾ ਅਹੰਕਾਰੀ ਹੁੰਦਾ ਹੈ (ਹਰ ਵੇਲੇ ‘ਮੈਂ ਮੈਂ’ ਹੀ ਕਰਦਾ ਹੈ)
ਗੱਲ ਕੀ, ਜਿਸ ਮਨੁੱਖ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ ਉਸ ਦੇ ਜੀਵਨ
ਵਿੱਚ ਦੁੱਖ/ਸੰਕਟ ਹੈ। ਪ੍ਰਭੂ ਨੂੰ ਭੁਲਾਇਆਂ ਮਨੁੱਖ ਨੂੰ ਜੋ ਸੰਕਟ/ਦੁੱਖ ਬਿਆਪਦਾ ਹੈ, ਉਸ ਦਾ ਰੂਪ
ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਦਰਸਾਇਆ ਗਿਆ ਹੈ:
ਨਉਮੀ ਨਵੇ ਛਿਦ੍ਰ ਅਪਵੀਤ॥ ਹਰਿ ਨਾਮੁ ਨ ਜਪਹਿ ਕਰਤ ਬਿਪਰੀਤਿ॥ ਪਰ ਤ੍ਰਿਅ
ਰਮਹਿ ਬਕਹਿ ਸਾਧ ਨਿੰਦ॥ ਕਰਨ ਨ ਸੁਨਹੀ ਹਰਿ ਜਸੁ ਬਿੰਦ॥ ਹਿਰਹਿ ਪਰ ਦਰਬੁ ਉਦਰ ਕੈ ਤਾਈ॥ ਅਗਨਿ ਨ
ਨਿਵਰੈ ਤ੍ਰਿਸਨਾ ਨ ਬੁਝਾਈ॥ ਹਰਿ ਸੇਵਾ ਬਿਨੁ ਏਹ ਫਲ ਲਾਗੇ॥ ਨਾਨਕ ਪ੍ਰਭ ਬਿਸਰਤ ਮਰਿ ਜਮਹਿ ਅਭਾਗੇ॥
(ਪੰਨਾ 298) ਅਰਥ: ਜੇਹੜੇ ਮਨੁੱਖ
ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹ (ਮਨੁੱਖਤਾ ਦੀ ਮਰਯਾਦਾ ਦੇ) ਉਲਟ (ਮੰਦੇ) ਕਰਮ ਕਰਦੇ ਰਹਿੰਦੇ
ਹਨ (ਇਸ ਵਾਸਤੇ ਉਹਨਾਂ ਦੇ ਕੰਨ ਨੱਕ ਆਦਿਕ) ਨੌ ਹੀ ਇੰਦਰੇ ਗੰਦੇ (ਵਿਕਾਰੀ) ਹੋਏ ਰਹਿੰਦੇ ਹਨ।
(ਪ੍ਰਭੂ ਦੇ ਸਿਮਰਨ ਤੋਂ ਖੁੰਝੇ ਹੋਏ ਮਨੁੱਖ) ਪਰਾਈਆਂ ਇਸਤ੍ਰੀਆਂ ਭੋਗਦੇ ਹਨ ਤੇ ਭਲੇ ਮਨੁੱਖਾਂ ਦੀ
ਨਿੰਦਾ ਕਰਦੇ ਰਹਿੰਦੇ ਹਨ, ਉਹ ਕਦੇ ਰਤਾ ਭਰ ਸਮੇ ਲਈ ਭੀ (ਆਪਣੇ) ਕੰਨਾਂ ਨਾਲ ਪਰਮਾਤਮਾ ਦੀ
ਸਿਫ਼ਤਿ-ਸਾਲਾਹ ਨਹੀਂ ਸੁਣਦੇ। (ਸਿਮਰਨ-ਹੀਨ ਬੰਦੇ) ਆਪਣਾ ਪੇਟ ਭਰਨ ਦੀ ਖ਼ਾਤਰ ਪਰਾਇਆ ਧਨ ਚੁਰਾਂਦੇ
ਰਹਿੰਦੇ ਹਨ (ਫੇਰ ਭੀ ਉਹਨਾਂ ਦੀ) ਲਾਲਚ ਦੀ ਅੱਗ ਦੂਰ ਨਹੀਂ ਹੁੰਦੀ, (ਉਹਨਾਂ ਦੇ ਅੰਦਰੋਂ)
ਤ੍ਰਿਸ਼ਨਾ ਨਹੀਂ ਮਿਟਦੀ। ਹੇ ਨਾਨਕ! ਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ (ਉਹਨਾਂ ਦੇ ਸਾਰੇ ਉੱਦਮਾਂ
ਨੂੰ ਉਪਰ-ਦੱਸੇ ਹੋਏ) ਇਹੋ ਜਿਹੇ ਫਲ ਹੀ ਲੱਗਦੇ ਹਨ, ਪਰਮਾਤਮਾ ਨੂੰ ਵਿਸਾਰਨ ਕਰਕੇ ਉਹ ਭਾਗ-ਹੀਨ
ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ।
ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਭੂ ਵਲੋਂ ਸੇਵਕ ਦੀ ਰਾਖੀ ਕਰਨ ਤੋਂ ਭਾਵ ਹੈ
ਮਨੁੱਖ ਦਾ ਆਪਣੀ ਮੱਤ ਨੂੰ ਤਿਆਗ ਕੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਵਿਕਾਰਾਂ ਦੇ ਹਲਿਆਂ ਤੋਂ
ਹਮੇਸ਼ਾਂ ਸੁਚੇਤ ਰਹਿਣਾ। ਮਨੁੱਖ ਦਾ ਹਰੇਕ ਸਮੇਂ ਇਨਸਾਨੀਅਤ ਨੂੰ ਬਰਕਰਾਰ ਰੱਖਦਿਆਂ ਹੋਇਆਂ ਕਿਸੇ ਵੀ
ਪ੍ਰਸਥਿੱਤੀ ਵਿੱਚ ਮਨੁੱਖਤਾ/ਸੱਚ ਦੀਆਂ ਕਦਰਾਂ –ਕੀਮਤਾਂ ਤੋਂ ਮੂੰਹ ਨਾ ਮੋੜਨਾ। ਇਸ ਸੱਚ ਨੂੰ ਗੁਰੂ
ਗ੍ਰੰਥ ਸਾਹਿਬ ਵਿਚ: ‘ਤਾ ਕਉ
ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ’ (ਪੰਨਾ 711)
ਅਰਥ: ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ,
ਉਸ ਨੂੰ (ਮਾਇਆ ਦੇ ਕਿਸੇ ਭੀ ਵਿਕਾਰ ਵੱਲੋਂ) ਧੋਖਾ ਨਹੀਂ ਲੱਗ ਸਕਦਾ।, ਦੇ ਕਥਨ ਦੁਆਰਾ ਵੀ
ਪ੍ਰਗਟ ਕੀਤਾ ਹੈ।
ਪ੍ਰਭੂ ਵਲੋਂ ਆਪਣੇ ਸੇਵਕ ਦੀ ਹੱਥ ਦੇ ਕੇ ਪਾਲਣਾ ਤੋਂ ਭਾਵ ਵਾਹਿਗੁਰੂ ਵਲੋਂ
ਸੇਵਕ ਨੂੰ ਸ਼ਬਦ/ਗੁਰੂ ਗਿਆਨ ਰਾਂਹੀਂ ਆਤਮਕ ਸੋਝੀ ਦੀ ਬਖ਼ਸ਼ਿਸ਼ ਕਰਕੇ ਆਤਮਕ ਜ਼ਿੰਦਗੀ ਪ੍ਰਦਾਨ ਕਰਨਾ
ਹੈ। ਇਸ ਬਿਬੇਕ ਬੁੱਧੀ ਦੀ ਬਰਕਤ ਨਾਲ ਹੀ ਸੇਵਕ ਸਦਾ ਹੀ ਆਤਮਕ ਤਲ `ਤੇ ਜੀਵਨ ਗੁਜ਼ਾਰਦਾ ਹੋਇਆਂ
ਆਤਮਕ ਜ਼ਿੰਦਗੀ ਨੂੰ ਮਾਣਦਾ ਹੈ।
ਸ਼ਬਦ ਦੀਆਂ ਅਖ਼ਰੀਲੀਆਂ ਪੰਗਤੀਆਂ ਵਿੱਚ ਹਜ਼ੂਰ ਫ਼ਰਮਾਉਂਦੇ ਹਨ:
ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ
ਬਡਾਈ॥ ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ॥ 2॥
ਹੇ ਭਾਈ! ਮਾਲਕ – ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ
ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿੱਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਹੇ
ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ। (ਜਿਸ ਭੀ ਮਨੁੱਖ ਨੇ ਸਿਮਰਨ
ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ। 2.
ਵਾਹਿਗੁਰੂ ਦਾਸਾਂ ਦੀ ਇੱਜ਼ਤ ਦਾਸਾਂ ਨੂੰ ਸਤਿਗੁਰੂ ਰਾਂਹੀ ਆਪਣੇ ਨਾਮ ਦੀ
ਦਾਤ ਬਖ਼ਸ਼ਸ਼ ਕਰਕੇ ਰੱਖਦਾ ਹੈ। ਸਤਿਗੁਰੂ ਦੀ ਇਸ ਇਲਾਹੀ ਦਾਤ ਦੀ ਬਦੌਲਤ ਉਹ ਹਮੇਸ਼ਾਂ ਹੀ ਮਾਇਆ ਦੇ
ਮੋਹ ਤੋਂ ਉਪਰ ਉੱਠ ਕੇ, ਸੁਚੇਤਤਾ ਦਾ ਜੀਵਨ ਜਿਊਂਦੇ ਹਨ।
ਸੋ, ਇਹਨਾਂ ਫ਼ਰਮਾਉਨਾਂ ਤੋਂ ਗੁਰੂ ਗਰੰਥ ਸਾਹਿਬ ਵਿੱਚ ਅਉਖੀ ਘੜੀ ਦਾ ਸਰੂਪ
ਉਘੜ ਕੇ ਸਾਡੇ ਸਾਹਮਣੇ ਆਉਂਦਾ ਹੈ ਕਿ ਅਉਖੀ ਘੜੀ ਉਹ ਘੜੀ ਹੈ ਜਦ ਸਾਨੂੰ ਵਾਹਿਗੁਰੂ ਦੀ ਯਾਦ ਭੁੱਲ
ਜਾਂਦੀ ਹੈ; ਜਦੋਂ ਅਸੀਂ ਮਨੁੱਖੀ ਕਮਜ਼ੋਰੀਆਂ ਦੇ ਸ਼ਿਕਾਰ ਹੋ ਕੇ ਦੈਵੀ ਗੁਣਾਂ ਤੋਂ ਮੂੰਹ ਮੋੜ ਕੇ
ਪਸ਼ੂ ਤਲ `ਤੇ ਜਿਊਣ ਲੱਗ ਪੈਂਦੇ ਹਾਂ। ਸਤਿਗੁਰੂ ਜੀ ਇਸ ਅਉਖੀ ਘੜੀ ਦਾ ਜ਼ਿਕਰ ਕਰਦਿਆਂ ਆਖ ਰਹੇ ਹਨ
ਕਿ ਪ੍ਰਭੂ ਆਪਣੇ ਸੇਵਕਾਂ ਨੂੰ ਇਹੋ ਜੇਹਾ ਸਮਾਂ ਨਹੀਂ ਦੇਖਣ ਦੇਂਦਾ ਭਾਵ ਅਕਾਲ ਪੁਰਖ ਨੂੰ ਹਰ ਸਮੇਂ
ਚੇਤੇ ਕਰਨ ਵਾਲੇ ਪ੍ਰਾਣੀ ਕਦੀ ਵੀ, ਕਿਸੇ ਵੀ ਪ੍ਰਸਿੱਥਤੀ ਵਿੱਚ ਇਨਸਾਨੀਅਤ ਦਾ ਪੱਲਾ ਨਹੀਂ ਛੱਡਦੇ;
ਉਹ ਇਸ ਨੂੰ ਘੁੱਟ ਕੇ ਫੜੀ ਰੱਖਦੇ ਹਨ।
ਜਸਬੀਰ ਸਿੰਘ ਵੈਨਕੂਵਰ
|
. |