ਸਾਚਾ ਸਤਿਗੁਰ ਕੌਣ?
‘ਗੁਰੂ’ ਪਦ ਬਾਰੇ ਗੁਰਮਤਿ ਵਿਚਾਰ
ਸਿੱਖ ਮਾਰਗ ‘ਤੇ ‘ਸਿੱਖ ਰਹਿਤ ਮਰਿਯਾਦਾ’ ਦੇ ਸੁਧਾਰ ਸੰਬੰਧੀ ਵਿਚਾਰ ਚਰਚਾ
ਦੀ ਸ਼ੁਰੂਆਤ ‘ਸਿੱਖ ਦੀ ਪਰਿਭਾਸ਼ਾ’ ਨਾਲ ਹੋਈ ਹੈ। ‘ਤੱਤ ਗੁਰਮਤਿ ਪਰਿਵਾਰ’ ਦੇ ਵਿਚਾਰ ਤੋਂ ਬਾਅਦ ਆਏ
ਦੋਵੇਂ ਵਿਚਾਰਾਂ (ਜਸਬੀਰ ਸਿੰਘ ਕੈਲਗਰੀ, ਗੁਰਮੀਤ ਸਿੰਘ ਆਸਟ੍ਰੇਲਿਆ) ਵਿੱਚ ਮੌਜੂਦਾ ‘ਸਿੱਖ ਰਹਿਤ
ਮਰਿਯਾਦਾ’ ਦੀ ਪੜਚੋਲ ਵਿੱਚ ‘ਪਰਿਵਾਰ’ ਵਲੋਂ ‘ਦਸ ਗੁਰੂ ਸਾਹਿਬਾਨ’ ਲਫਜ਼ ਪ੍ਰਤੀ ਉਠਾਏ ਦਲੀਲਯੁਕਤ
ਇਤਰਾਜ਼ ਦਾ ਕੋਈ ਸਹੀ ਜਵਾਬ ਦਿਤੇ ਬਗੈਰ ਦੋਹਾਂ ਵੀਰਾਂ ਨੇ ਅਪਣੀ ਸੁਝਾਈ ਪਰਿਭਾਸ਼ਾ ਵਿੱਚ ਇਹੀ ਲਫਜ਼
(ਦਸ ਗੁਰੂ ਸਾਹਿਬਾਨ) ਫਿਰ ਦੋਹਰਾ ਦਿੱਤੇ ਹਨ। ਸਿੱਖ ਰਹਿਤ ਮਰਿਯਾਦਾ ਸੁਧਾਰ ਸੰਬੰਧੀ ਵਿਚਾਰ ਚਰਚਾ
ਵਿੱਚ ਅੱਗੇ ਵਧਣ ਲਈ ‘ਗੁਰੂ’ ਲਫਜ਼ ਬਾਰੇ ਗੁਰਮਤਿ ਅਨੁਸਾਰੀ ਸਪਸ਼ਟ ਹੋਣਾ ਬਹੁਤ ਜ਼ਰੁਰੀ ਹੈ। ਇਸ
ਸੰਬੰਧੀ ‘ਤੱਤ ਗੁਰਮਤਿ ਪਰਿਵਾਰ
’
ਗੁਰਮਤਿ ਦੀ ਰੋਸ਼ਨੀ ਵਿੱਚ ਅਪਣੇ ਵਿਚਾਰ ਪੇਸ਼ ਕਰ ਰਿਹਾ ਹੈ। ਇਸ ਵਿਚਾਰ ਦਾ ਮਕਸਦ ਕੈਲਗਰੀ ਜੀ ਜਾਂ
ਗੁਰਮੀਤ ਸਿੰਘ ਜੀ ਆਸਟ੍ਰੇਲੀਆ ਨੂੰ ਅਪਣੇ ਵਿਚਾਰ ਦੇਣ ਤੋਂ ਨਿਰਉਤਸਾਹਿਤ ਕਰਨਾ ਬਿਲਕੁਲ ਨਹੀਂ ਹੈ।
ਸਾਡੀ ਨਜ਼ਰ ਵਿੱਚ ਤਾਂ ਉਹ ਸਪੋਕਸਮੈਨ, ਮਿਸ਼ਨਰੀ ਕਾਲਜਾਂ ਨਾਲ ਜੁੜੇ ਅਤੇ ਹੋਰ ਵਿਦਵਾਨਾਂ (ਜੋ ਤੱਤ
ਗੁਰਮਤਿ ਦੇ ਹਮਾਇਤੀ ਹੋਣ ਦਾ ਦਾਅਵਾ ਕਰਦੇ ਹਨ) ਨਾਲੋਂ ਬਹੁਤ ਅੱਗੇ ਹਨ, ਜੋ ਇਸ ਅਹਿਮ ਮਸਲੇ ‘ਤੇ
ਵਿਚਾਰ ਕਰਨ ਲਈ, ਡਰਦੇ ਮਾਰੇ ਮੂੰਹ ਖੋਲਣ ਨੂੰ ਵੀ ਤਿਆਰ ਨਹੀਂ। ਇਹਨਾਂ (ਜਸਬੀਰ ਸਿੰਘ ਜੀ, ਗੁਰਮੀਤ
ਸਿੰਘ ਜੀ ਅਤੇ ਹੋਰ ਜੋ ਵਿਚਾਰ ਦੇ ਰਹੇ ਹਨ) ਵੀਰਾਂ ਦੀ ਪੰਥ ਪ੍ਰੇਮ, ਜਾਗਰੂਕਤਾ ਅਤੇ ਨਿਡਰਤਾ ਦੀ
ਅਸੀਂ ਕਦਰ ਕਰਦੇ ਹਾਂ। ਇਸ ਕਰਕੇ ਬੇਨਤੀ ਹੈ ਕਿ ਉਹ ਸਾਡੇ ਵਰਤੇ ਲਫਜ਼ਾਂ ‘ਤੇ ਨਾ ਜਾ ਕੇ ਸਾਡੀ
ਭਾਵਨਾ ਨੂੰ ਵਿਚਾਰਨ ਦੀ ਕੋਸ਼ਿਸ਼ ਕਰਨ ਦੀ ਕ੍ਰਿਪਾ ਕਰਨ।
‘ਗੁਰੂ’ ਲਫਜ਼ ਦਾ ਇਤਿਹਾਸ ਬਹੁਤ ਪੁਰਾਤਨ ਹੈ। ਭਾਰਤੀ ਸਭਿਅਤਾ ਵਿੱਚ ਕਾਫੀ
ਪਹਿਲਾਂ ਤੋਂ ਹੀ ਇਹ ਲਫਜ਼ ਵਰਤਿਆ ਜਾਂਦਾ ਰਿਹਾ ਹੈ। ਗੁਰੂ ਦਾ ਸਭ ਤੋਂ ਸਾਦਾ ਤੇ ਸਟੀਕ ਅਰਥ ‘ਸੇਧ
ਦਾਤਾ’ ਹੈ। ਭਾਵ ਜਿਸ ਤੋਂ ਅਸੀਂ ਸੇਧ ਲੈਂਦੇ ਹਾਂ ਉਹੀ ਸਾਡਾ ‘ਗੁਰੂ’ ਹੁੰਦਾ ਹੈ। ਜੇ ਧਾਰਮਿਕ
ਖੇਤਰ ਦੀ ਗੱਲ ਕਰੀਏ ਤਾਂ ਜੋ ਸਾਨੂੰ ਅਧਿਆਤਮਕ ਪੱਖੋਂ ਸੋਝੀ ਦੇਂਦਾ ਹੈ, ਉਹ ਸਾਡਾ ‘ਧਾਰਮਿਕ ਗੁਰੂ’
ਹੁੰਦਾ ਹੈ। ਵੱਖ-ਵੱਖ ਮੱਤਾਂ (ਮੰਨੇ ਜਾਂਦੇ ਧਰਮਾਂ) ਵੱਲੋਂ ਵੱਖ ਵੱਖ ਤਰ੍ਹਾਂ ਦੇ ਗੁਰੂ ਮੰਨੇ ਅਤੇ
ਪ੍ਰਚਾਰੇ ਜਾਂਦੇ ਹਨ। ਪਰ ਅਸੀਂ ਗੱਲ ਕਰਾਂਗੇ ਸਿਰਫ ‘ਗੁਰਮਤਿ’ ਦੇ ਨਜ਼ਰੀਏ ਤੋਂ।
‘ਗੁਰਮਤਿ’ ਉਹ ਨਿਰੋਲ ਮਨੁੱਖਤਾਵਾਦੀ ਵਿਚਾਰਧਾਰਾ ਹੈ ਜਿਸ ਨੂੰ ਪ੍ਰਗਟ ਕਰਨ
ਦਾ ਸਿਹਰਾ ਨਾਨਕ ਪਾਤਸ਼ਾਹ ਜੀ ਨੂੰ ਜਾਂਦਾ ਹੈ। ਨਾਨਕ ਪਾਤਸ਼ਾਹ ਅਤੇ ਬਾਅਦ ਦੇ ਨਾਨਕ ਜਾਮਿਆਂ ਨੇ
‘ਗੁਰੂ ਗ੍ਰੰਥ ਸਾਹਿਬ ਜੀ’ ਦੇ ਰੂਪ ਵਿੱਚ ਜਗਤ ਨੂੰ ਨਿਰੋਲ ਮਨੁੱਖਤਾਵਾਦੀ ਵਿਚਾਰਧਾਰਾ ਬਖਸ਼ਿਸ਼
ਕੀਤੀ।
‘ਗੁਰੂ ਗ੍ਰੰਥ ਸਾਹਿਬ ਜੀ’ ਦੀ ਵਿਚਾਰਧਾਰਾ
ਦਾ ਨਾਂ ਹੀ ‘ਗੁਰਮਤਿ’ ਕਰਕੇ ਪ੍ਰਚਲਿਤ ਹੈ। ‘ਗੁਰਮਤਿ’ ਸਾਰੀ ਮਨੁੱਖਤਾ ਦੀ ਵਿਚਾਰਧਾਰਾ ਹੈ।
ਦੁਨੀਆਂ ਵਿੱਚ ਕਿਸੇ ਹੋਰ ਪ੍ਰਚਲਿਤ ਧਰਮ ਜਾਂ ਧਾਰਮਿਕ ਗ੍ਰੰਥ ਦੀ ਵਿਚਾਰਧਾਰਾ ਨਿਰੋਲ (ਪੂਰੀ
ਤਰ੍ਹਾਂ) ਮਨੁੱਖਤਾਵਾਦੀ ਨਹੀਂ ਹੈ। ਇਹ ਸਿਰਫ ਸਿੱਖਾਂ ਦਾ ਹੀ ਦਾਅਵਾ ਨਹੀਂ ਹੈ ਬਲਕਿ ਹੋਰ ਮੱਤਾਂ
(ਧਰਮਾਂ) ਦਾ ਤੁਲਨਾਤਮਿਕ ਅਧਿਐਨ ਕਰਨ ਵਾਲੇ ਜ਼ਿਆਦਾਤਰ ਗੈਰ-ਸਿੱਖ ਵਿਦਵਾਨਾਂ ਦਾ ਇਹੀ ਵਿਚਾਰ ਹੈ।
ਸਾਰੀ ਮਨੁੱਖਤਾ ਦੀ ਇਸ ਵਿਚਾਰਧਾਰਾ ਤੋਂ ਹੀ ਪੁਛਦੇ ਹਾਂ ਕਿ ਅਸਲੀ ‘ਗੁਰੂ’
ਕੌਣ ਹੁੰਦਾ ਹੈ? ਨਾਨਕ ਪਾਤਸ਼ਾਹ ਤੋਂ ਪਹਿਲੇ ਤੱਕ ਇਹ ਪ੍ਰਚਲਿਤ ਸੀ ਕਿ ਕੋਈ ਦੇਹਧਾਰੀ ਹੀ ਗੁਰੂ ਹੋ
ਸਕਦਾ ਹੈ। ਧਰਮ ਦੇ ਖੇਤਰ ਵਿੱਚ ਕਿਸੇ ਦੇਹਧਾਰੀ ਗੁਰੂ ਦਾ ਧਾਰਨ ਕਰਨਾ ਬਹੁਤ ਜਰੂਰੀ ਮੰਨਿਆ ਜਾਂਦਾ
ਸੀ। ਨਾਨਕ ਪਾਤਸ਼ਾਹ ਜੀ ਤੋਂ ਥੋੜਾ ਪਹਿਲਾਂ ਜਾਂ ਉਹਨਾਂ ਦੇ ਸਮਕਾਲੀ ਸਮੇਂ ਵਿੱਚ ਹੀ ਹੋਏ ਭਗਤ ਕਬੀਰ
ਜੀ ਨੇ ਵੀ ਦੇਹਧਾਰੀ ਗੁਰੂ ਨੂੰ ਬੇਲੋੜਾ ਸਮਝ ਕੇ ਇਹ ਐਲਾਨ ਕੀਤਾ ਸੀ:-
‘ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ+’ (ਅੰਕ 793)
ਭਾਵ: ‘ਸੱਚ ਦੇ ਗਿਆਨ’ ਵਾਲਾ ਮੇਰਾ ਬਿਬੇਕ (ਸੋਝੀ) ਹੀ ਮੇਰਾ ਗੁਰੂ ਹੈ ਜੋ
ਮੈਨੂੰ ਸੱਚ ਦੇ ਰਾਹ ਤੇ ਚੱਲਣ ਦੀ ਸੇਧ ਦਿੰਦਾ ਹੈ। ਐਸੇ ਹੀ ਵਿਚਾਰਾਂ ਕਾਰਨ ਕਬੀਰ ਸਾਹਿਬ ਜੀ ਦੀ
ਰਚਨਾ ਨੂੰ ਨਾਨਕ ਪਾਤਸ਼ਾਹ ਜੀ ਨੇ ਆਪਣੀ ਬਾਣੀ ਨਾਲ ਇਕਤ੍ਰ ਕੀਤਾ। ਪਰ ਸੱਚ ਵਿਰੋਧੀ ਤਾਕਤਾਂ ਨੇ
ਕਬੀਰ ਸਾਹਿਬ ਦੇ ਇਸ ਕ੍ਰਾਂਤੀ ਕਾਰੀ ਪ੍ਰਚਾਰ ਨੂੰ ਦਬਾਉਣ ਲਈ ਬਾਅਦ ਵਿੱਚ ਇਹ ਪ੍ਰਚਾਰ ਵੀ ਸ਼ੁਰੂ ਕਰ
ਦਿੱਤਾ ਕਿ ਕਬੀਰ ਸਾਹਿਬ ਦੇ (ਦੇਹਧਾਰੀ) ਗੁਰੂ ਰਾਮਾਨੰਦ ਜੀ ਸਨ। ਨਾਨਕ ਪਾਤਸ਼ਾਹ ਜੀ ਨੇ ਵੀ
ਦੇਹਧਾਰੀ ਗੁਰੂ ਨੂੰ ਨਕਾਰ ਕੇ ਸੱਚ ਸਮਝਾਇਆ ਕਿ ਸ਼ਰੀਰ ਗੁਰੂ ਨਹੀਂ ਹੁੰਦਾ। ਫਿਰ ਗੁਰੂ ਕੀ ਹੁੰਦਾ
ਹੈ? ਫਿਰ ਮਨੁੱਖਤਾ ਦਾ ਗੁਰੂ ਕੌਣ ਹੈ? ਸਿੱਖਾਂ ਦਾ ਗੁਰੂ ਕੌਣ ਹੈ?
ਸਾਰੀ ਮਨੁੱਖਤਾ (ਸਮੇਤ ਸਿੱਖਾਂ) ਦਾ ਗੁਰੂ ਉਹੀ ਹੈ ਜਿਸ ਨੂੰ ਨਾਨਕ ਪਾਤਸ਼ਾਹ
ਜੀ ਅਪਣਾ ‘ਗੁਰੂ’ ਮੰਨਦੇ ਸਨ। ਇਸ ‘ਗੁਰੂ’ ਬਾਰੇ ਨਾਨਕ ਪਾਤਸ਼ਾਹ ਜੀ ਨੇ ਸਿਧਾਂ ਦੇ ਪੁਛਨ ‘ਤੇ ਜਵਾਬ
ਦੇਂਦੇ ਹੋਏ ਦਸਿਆ ਸੀ:-
‘ਸਬਦ ਗੁਰੂ ਸੁਰਤਿ ਧੁਨਿ ਚੇਲਾ’ (ਪੰਨਾ 943)
ਭਾਵ: ਸੱਚ ਦਾ ਗਿਆਨ ਹੀ ਮੇਰਾ ‘ਗੁਰੂ’ ਹੈ। ਕੋਈ ਦੇਹਧਾਰੀ ਮੇਰਾ ਗੁਰੂ
ਨਹੀਂ। ਜੋ ਨਾਨਕ ਪਾਤਸ਼ਾਹ ਜੀ ਦਾ ਗੁਰੂ ਹੈ, ਉਹੀ ਸਾਰੀ ਮਨੁੱਖਤਾ ਦਾ ਗੁਰੂ ਹੈ। ਇਹ ਗੁਰੂ ਹਮੇਸ਼ਾ
ਸੀ ਅਤੇ ਹਮੇਸ਼ਾ ਰਹੇਗਾ। ਸਾਰੀ ਮਨੁੱਖਤਾ ਦਾ ਸਿਰਫ ਤੇ ਸਿਰਫ ਇੱਕੋ ਗੁਰੂ ‘ਸੱਚ ਦਾ ਗਿਆਨ’ ਹੀ ਹੈ।
ਪ੍ਰਭੂ (ਅਕਾਲ ਪੁਰਖ) ਲਈ ਵੀ ‘ਸਤਿਗੁਰੂ’ ਲਫਜ਼ ਵਰਤਿਆ ਜਾਂਦਾ ਹੈ ਅਤੇ ਇਹ ਬਿਲਕੁਲ ਸਹੀ ਹੈ। ਅਕਾਲ
ਪੁਰਖ ਦਾ ਪ੍ਰਕਟ ਸਰੂਪ ਇਹ ‘ਸੱਚ ਦਾ ਗਿਆਨ’ ਹੀ ਹੈ। ਗੁਰਮਤਿ ਅਨੁਸਾਰ ਗੁਰੂ ਅਤੇ ਪਾਰਬ੍ਰਹਮ ਵਿੱਚ
ਕੋਈ ਵੀ ਫ਼ਰਕ ਨਹੀਂ ਹੈ। ਇਸ ਪ੍ਰਥਾਇ ਗੁਰਵਾਕ ਹੈ:-
ਨਾਨਕ ਸੋਧੇ ਸਿੰਮ੍ਰਿਤਿ ਬੇਦ॥ ਪਾਰਬ੍ਰਹਮ ਗੁਰ ਨਾਹੀ ਭੇਦ॥ (1142)
ਇਹ ਅਕਾਲ ਪੁਰਖ ਦੀ ਹੀ ਬਖਸ਼ਿਸ਼ ਹੈ ਤਾਂ ਹੀ ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ
ਬਾਣੀ (ਸੱਚ ਦੇ ਗਿਆਨ) ਨੂੰ ਨਿਰੰਕਾਰ (ਅਕਾਲ ਪੁਰਖ) ਵੀ ਕਿਹਾ ਗਿਆ ਹੈ। ਗੁਰਵਾਕ ਹੈ:-
‘ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸ ਜੇਵਡੁ ਅਵਰੁ ਨ ਕੋਇ’ (ਪੰਨਾ 515)
ਗੁਰਮਤਿ ਵਿੱਚ ਪ੍ਰਭੂ ਅਤੇ ਗਿਆਨ ਨੂੰ ਹੀ ‘ਗੁਰੂ’ ਮੰਨਿਆ ਗਿਆ ਹੈ ਇਹ ਸਪਸ਼ਟ
ਕਰਦੇ ਕੁੱਝ ਹੋਰ ਗੁਰਵਾਕ ਵਿਚਾਰ ਲੈਂਦੇ ਹਾਂ:-
1. ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ
ਜਿਨਿ ਵੈਰੀ ਮਿਤ੍ਰ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ॥ (ਪੰਨਾ 594)
2. ਸਬਦਿ ਗੁਰੂ ਭਵਸਾਗਰੁ ਤਰੀਐ ਇਤ ਉਤ ਏਕੋ ਜਾਣੈ॥
ਚਿਹਨੁ ਵਰਨੁ ਨਹੀ ਛਾਇਆ ਮਾਇਆ ਨਾਨਕ ਸਬਦੁ ਪਛਾਣੈ॥ (ਪੰਨਾ 944)
ਜਿਵੇਂ ਅਕਾਲ ਪੁਰਖ ਆਦਿ ਸੱਚ, ਜੁਗਾਦਿ ਸੱਚ ਹੈ ਉਸੇ ਤਰਾਂ ਹੀ ਉਸਦਾ ਪ੍ਰਕਟ
ਸਰੂਪ ‘ਸਤਿਗੁਰੂ’ (ਸੱਚ ਦਾ ਗਿਆਨ) ਵੀ ਆਦਿ ਸੱਚ, ਜੁਗਾਦਿ ਸੱਚ ਹੈ। ਪਰ ਕੋਈ ਦੇਹ (ਦੇਹਧਾਰੀ) ਆਦਿ
ਸੱਚ ਜੁਗਾਦਿ ਸੱਚ ਨਹੀਂ ਹੋ ਸਕਦੀ।
ਇਹ ਗੁਰਵਾਕ ਵਿਚਾਰ ਲੈਂਦੇ ਹਾਂ:-
ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ॥
ੳਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥ (ਪੰਨਾ 759)
ਇਹ ਗੁਰਵਾਕ ਸਪੱਸ਼ਟ ਕਰਦਾ ਹੈ ਕਿ ਗੁਰਮਤਿ ਅਨੁਸਾਰ ‘ਗੁਰੂ’ ਪਦ ਸਿਰਫ ‘ਅਕਾਲ
ਪੁਰਖ’ ਜਾਂ ਉਸਦੇ (ਪ੍ਰਕਟ ਸਰੂਪ) ਸੱਚ ਦਾ ਗਿਆਨ’ ਲਈ ਹੀ ਢੁੱਕਵਾਂ ਹੈ, ਕਿਸੇ ਦੇਹਧਾਰੀ ਲਈ ਨਹੀਂ।
ਕੋਈ ਵੀ ਦੇਹਧਾਰੀ ‘ਸਦਾ ਸਦਾ ਰਹਿਨ ਵਾਲਾ’ ਨਹੀਂ ਹੋ ਸਕਦਾ। ਇਹੀ ਗੱਲ ਨਾਨਕ ਜਾਮਿਆਂ ਤੇ ਵੀ ਪੂਰੀ
ਢੁੱਕਦੀ ਹੈ। ਕੀ ਨਾਨਕ ਜਾਮਿਆਂ ਲਈ ‘ਗੁਰੂ’ ਪਦ ਵਰਤਨਾ ਇਸ ਗੁਰਮਤਿ ਕਸਵੱਟੀ ਤੇ ਖਰਾ ਸਾਬਿਤ ਹੁੰਦਾ
ਹੈ? ਕੀ ਨਾਨਕ ਪਾਤਸ਼ਾਹ ਜੀ 1469 ਵਿੱਚ ਪੈਦਾ ਨਹੀਂ ਹੋਏ ਅਤੇ 1539 ਵਿੱਚ ਇਸ ਫਾਨੀ ਸੰਸਾਰ ਤੋਂ
ਕੂਚ ਨਹੀਂ ਕਰ ਗਏ? ਫਿਰ ਉਹਨਾਂ ਲਈ ‘ਗੁਰੂ’ ਪਦ ਵਰਤਨਾ ਉਹਨਾਂ ਵਲੋਂ ਸਮਝਾਏ ਗੁਰਮਤਿ ਸਿਧਾਂਤਾਂ ਦੀ
ਉਲੰਘਣਾ ਨਹੀਂ ਹੈ? ਕੀ 1469 ਤੋਂ ਪਹਿਲਾਂ ‘ਗੁਰੂ’ ਨਹੀਂ ਸੀ? ਜੇ ਨਹੀਂ ਸੀ ਤਾਂ ਫਿਰ ਗੁਰਮਤਿ ਦਾ
ਇਹ ਸਿਧਾਂਤ
‘ਸਤਿਗੁਰੁ ਮੇਰਾ
ਸਦਾ ਸਦਾ ਨਾ ਆਵੈ ਨਾ ਜਾਇ’ ਗਲਤ ਸਾਬਿਤ ਨਹੀਂ ਹੋ
ਜਾਂਦਾ? ਹੁਣ ਅਸੀਂ ਫੈਸਲਾ ਆਪ ਹੀ ਕਰਨਾ ਹੈ ਕਿ ਗੁਰਮਤਿ ਸਿਧਾਂਤ ਠੀਕ ਹਨ ਜਾਂ (ਅੰਨ੍ਹੀ) ਸ਼ਰਧਾ
ਅਧੀਨ ਬਣਾਏ ਗਏ ਸਾਡੇ ਅਪਣੇ ਵੀਚਾਰ?
ਆਓ ਕੁੱਝ ਗੁਰਵਾਕ ਪੜ੍ਹਦੇ ਹਾਂ ਜੋ ਨਾਨਕ ਪਾਤਸ਼ਾਹ ਜੀ ਨੇ ਮਾਰੂ ਰਾਗ ਵਿੱਚ
ਉਚਾਰਨ ਕੀਤੇ ਹਨ।
ਬਿਨੁ ਸਤਿਗੁਰ ਸੇਵੇ ਕਿਉ ਸੁਖ ਪਾਈਐ ਸਾਚੇ ਹਾਥਿ ਵਡਾਈ ਹੇ॥
ਮਾਰੂ ਮਹਲਾ
1
(ਪੰਨਾ 1022)
ਹਉਮੈ ਮਾਰਿ ਕਰਹੁ ਗੁਰ ਸੇਵਾ ਜਨ ਨਾਨਕ ਹਰਿ ਰੰਗਿ ਭੀਨਾ ਹੇ॥
ਮਾਰੂ ਮਹਲਾ
1
(ਪੰਨਾ 1028)
ਸਤਿਗੁਰ ਬਾਝਹੁ ਮੁਕਤਿ ਨ ਹੋਈ ਕਿਰਤਿ ਬਾਧਾ ਗ੍ਰਸਿ ਦੀਨਾ ਹੇ॥
ਮਾਰੂ ਮਹਲਾ
1
(ਪੰਨਾ 1028)
ਇਨ੍ਹਾਂ ਉਪਰੋਤੱਕ ਗੁਰਵਾਕਾਂ ਵਿੱਚ ਨਾਨਕ ਪਾਤਸ਼ਾਹ ਜੀ ਨੇ ਸਤਿਗੁਰ ਕਿਸ ਨੂੰ
ਕਿਹਾ ਹੈ? ਕੀ ਇੱਥੇ ‘ਸਤਿਗੁਰ’ ਲਫ਼ਜ਼ ਨਾਨਕ ਪਾਤਸ਼ਾਹ ਜੀ ਨੇ ਆਪਣੇ ਵਾਸਤੇ ਵਰਤਿਆ ਹੈ? ਵਿਚਾਰਨ ਦੀ
ਸਖ਼ਤ ਲੋੜ ਹੈ।
‘ਗੁਰੂ’ ਪਦ ਬਾਰੇ ਸੋਝੀ ਬਖਸ਼ਦਾ ਇੱਕ ਹੋਰ ਗੁਰਵਾਕ ਵਿਚਾਰਦੇ ਹਾਂ:-
“ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ੳਹੁ ਮਾਰਗਿ ਪਾਏ॥ (ਪੰਨਾ 491)
ਭਾਵ: ਜੋ (ਦੇਹਧਾਰੀ) ਅਪਣੇ ਆਪ ਨੂੰ ‘ਗੁਰੂ’ ਸਦਵਾਉਂਦਾ ਹੈ, ਉਹ ਅਗਿਆਨੀ,
ਅੰਨ੍ਹਾ ਹੈ। ਉਹ ਹੋਰ ਕਿਸੇ ਨੂੰ ਕਿਵੇਂ ਠੀਕ ਰਾਹ ਵਿਖਾ ਸਕਦਾ ਹੈ?
ਅਸੀਂ ਇਹ ਪ੍ਰਚਾਰ ਰਹੇ ਹਾਂ ਕਿ ‘ਭੱਟਾਂ ਦੇ ਸਵੱਈਏ’ ਗੁਰੂ ਗ੍ਰੰਥ ਸਾਹਿਬ
ਜੀ ਵਿੱਚ ਪੰਜਵੇਂ ਨਾਨਕ ਜਾਮੇ (ਅਰਜਨ ਪਾਤਸ਼ਾਹ ਜੀ) ਨੇ ਆਪ ਸ਼ਾਮਿਲ ਕੀਤੇ। ਨਾਲ ਹੀ ਇਹਨਾਂ ਸਵੱਈਆਂ
ਦੇ ਅਰਥ ਗਲਤ ਕਰਕੇ ਇਹ ਪ੍ਰਚਾਰ ਰਹੇ ਹਾਂ ਕਿ ਇਸ ਵਿੱਚ ਨਾਨਕ ਜਾਮਿਆਂ ਨੂੰ ‘ਗੁਰੂ’ ‘ਰੱਬ’ ਕਿਹਾ
ਗਿਆ ਹੈ। ਇਸ ਤਰੀਕੇ ਅਸੀਂ ਸਿੱਧੇ ਤੌਰ ਉਤੇ ਅਰਜਨ ਪਾਤਸ਼ਾਹ ਜੀ ਉਤੇ ਅਪਣੇ ਆਪ ਨੂੰ ‘ਗੁਰੂ’ ‘ਰੱਬ’
ਸਦਵਾਉਣ ਦਾ ‘ਇਲਜ਼ਾਮ’ ਲਾ ਰਹੇ ਹੁੰਦੇ ਹਾਂ। ਹੁਣ ਇਸ ਨੁਕਤੇ ਨੂੰ ਜੇ ਉਪਰਲੇ ਗੁਰਵਾਕ (ਗੁਰਮਤਿ
ਸਿਧਾਂਤ)
‘ਗੁਰੂ ਸਦਾਏ
ਅਗਿਆਨੀ ਅੰਧਾ” ਦੀ ਕਸਵੱਟੀ ਤੇ ਪਰਖੀਏ ਤਾਂ ਅਸੀਂ
ਇੱਕ ਤਰੀਕੇ ਅਰਜਨ ਪਾਤਸ਼ਾਹ ਜੀ ਨੂੰ ਹੀ ‘ਅਗਿਆਨੀ ਅਤੇ ਅੰਧਾ’ ਪ੍ਰਚਾਰ ਰਹੇ ਹੁੰਦੇ ਹਾਂ, ਜੋ
ਬਿਲਕੁਲ ਨਿਰਮੂਲ, ਸਿਧਾਂਤ ਵਿਰੋਧੀ ਪਹੁੰਚ ਹੈ? ਅਸਲ ਵਿੱਚ ਅਸੀਂ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਜੀ
ਵਿੱਚ ਆਏ ‘ਗੁਰੂ’ ਪਦ ਬਾਰੇ ਸਹੀ ਪੱਖ ਨੂੰ ਨਾ ਹੀ ਸਮਝ ਪਾਏ ਅਤੇ ਨਾ ਹੀ ਸਹੀ ਪ੍ਰਚਾਰ ਪਾਏ।
(ਅੰਨ੍ਹੀ) ਸ਼ਰਧਾ ਅਤੇ ਗਲਤ ਪ੍ਰਚਲਿਤ ਰਵਾਇਤ ਦੇ ਅਸਰ ਹੇਠ ਅਸੀਂ ਗਲਤ (ਸਿਧਾਂਤ ਵਿਰੋਧੀ) ਅਰਥ ਹੀ
ਮੰਨ ਅਤੇ ਪ੍ਰਚਾਰ ਰਹੇ ਹਾਂ।
‘ਗੁਰੂ’ ਪਦ ਬਾਰੇ ਸਿਧਾਂਤਕ ਜਾਣਕਾਰੀ ਦਿੰਦਾ ਇੱਕ ਹੋਰ ਗੁਰਵਾਕ ਵੀ ਵਿਚਾਰ
ਲੈਂਦੇ ਹਾਂ:-
“ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ”॥ (ਪੰਨਾ 646)
ਭਾਵ: ਸਾਰੀ ਕੁਦਰਤ ਦਾ ਰਚਨਹਾਰਾ ਇਕੋ ਹੈ, ਸਾਰੀ ਸ੍ਰਿਸ਼ਟੀ ਦਾ ਗੁਰੂ ਇਕੋ
ਹੈ ਅਤੇ ਉਸ ਦੀ ਸਿਖਿਆ ਵੀ ਇਕਸਾਰ ਹੈ।
ਇਸ ਗੁਰਵਾਕ ਤੋਂ ਸਪੱਸ਼ਟ ਹੈ ਕਿ ਗੁਰੂ ਇੱਕ ਹੀ ਹੈ। ਕੀ ਇਸ ਕਸਵੱਟੀ ਉਤੇ
‘ਦਸ ਗੁਰੂ ਸਾਹਿਬਾਨ’, ‘ਦੂਜੇ ਗੁਰੂ’, ਤੀਜੇ ਗੁਰੂ’ ਆਦਿ ਸਾਡੇ ਆਪੂੰ ਬਣਾਏ ਲਕਬ ਰੱਦ ਨਹੀਂ ਹੋ
ਜਾਂਦੇ?
ਆਓ ਹੁਣ ਨਾਨਕ ਜਾਮਿਆਂ ਲਈ ‘ਗੁਰੂ’ ਪਦ ਵਰਤਣ ਦੀ ਹਿਮਾਇਤ ਕਰਨ ਵਾਲੇ ਜਸਬੀਰ
ਸਿੰਘ ਜੀ ਕੈਲਗਰੀ (ਅਤੇ ਐਸੇ ਹੋਰ ਗੁਰਸਿੱਖਾਂ) ਦੀ ਦਿੱਤੀ ਦਲੀਲ ਵੀ ਵਿਚਾਰ ਲੈਂਦੇ ਹਾਂ। ਸਿੱਖ ਦੀ
ਪਰਿਭਾਸ਼ਾ ਸੰਬੰਧੀ ਚਲ ਰਹੀ ਵਿਚਾਰ ਵਿੱਚ ਇਸ ਵਿਸ਼ੇ ਤੇ ਕੈਲਗਰੀ ਜੀ ਲਿਖਦੇ ਹਨ ਕਿ
“ਇਹ ਠੀਕ ਹੈ ਕਿ ਗੁਰਮਤਿ ਫਿਲਾਸਫੀ (ਸਿਧਾਂਤ) ਦੇਹ ਰੂਪ ਗੁਰੂ ਨੂੰ
ਸਵੀਕਾਰ ਨਹੀਂ ਕਰਦੀ। ਗੁਰੂ ਸਾਹਿਬਾਨ ਨੇ ਸ਼ਬਦ ਅਰਥਾਤ ਗਿਆਨ ਨੂੰ ਹੀ ਗੁਰੂ ਮੰਨਿਆ ਹੈ। ਪਰ
ਗੁਰੂ ਲਫਜ਼ ਤਾਂ ਗੁਰੂ ਸਾਹਿਬਾਨ ਨੂੰ ਸੰਬੋਧਨ ਕਰਨ ਲਈ ਉਹਨਾਂ ਦੇ ਸਮੇਂ ਤੋਂ ਹੀ ਵਰਤਿਆ ਜਾ ਰਿਹਾ
ਹੈ ਇਸ ਬਾਰੇ ਗੁਰੂ ਗ੍ਰੰਥ ਸਾਹਿਬ ਜੀ ‘ਚੋਂ ਹੀ ਸੇਧ ਮਿਲਦੀ ਹੈ। ਦੇਖੋ ਭੱਟਾਂ ਦੇ ਸਵੱਈਏ…. (
ਨੋਟ-ਇਸ
ਤੋਂ ਬਾਅਦ ਭੱਟਾਂ ਦੇ ਸਵੱਈਆਂ ਵਿਚੋਂ ਕੁੱਝ ਤੁੱਕਾਂ ਦਿੱਤੀਆਂ ਹਨ)
…. । ਹੋਰ ਬਹੁਤ ਸਾਰੇ ਸਬੂਤ ਭੱਟਾਂ ਦੇ ਸਵਈਆਂ ਵਿਚ, ਸੱਤੇ ਬਲਵੰਡੇ ਦੀ ਵਾਰ, ਭਾਈ ਗੁਰਦਾਸ ਜੀ
ਦੀਆਂ ਵਾਰਾਂ ਵਿੱਚ ਦੇਖੇ ਜਾ ਸਕਦੇ ਹਨ। ਗੁਰੂ ਸਾਹਿਬਾਨ ਨੂੰ ਉਹਨਾਂ ਦੇ ਸਿੱਖ ਗੁਰੂ ਲਫਜ਼ ਨਾਲ
ਸੰਬੋਧਨ ਕਰਿਆ ਕਰਦੇ ਸਨ। ਜੇ ਗੁਰੂ ਸਾਹਿਬਾਨ ਦੇ ਹੁੰਦਿਆਂ ਉਹਨਾਂ ਦੇ ਸਿਖਾਂ ਦੁਆਰਾ ਉਹਨਾਂ ਨੂੰ
‘ਗੁਰੂ’ ਕਹਿ ਕੇ ਸੰਬੋਧਨ ਕਰਨ ਨਾਲ ਗੁਰਮਤਿ ਭੰਗ ਨਹੀਂ ਹੋਈ ਤਾਂ ਹੁਣ ਵੀ ਨਹੀਂ ਹੋਣੀ ਚਾਹੀਦੀ”।
ਅਪਣੇ ਉਪਰੋਕਤ ਵਿਚਾਰਾਂ ਦੀ ਸ਼ੁਰੂਆਤ ਵਿੱਚ ਕੈਲਗਰੀ ਜੀ ਨੇ ਇਸ ਮੁੱਢਲੇ
ਗੁਰਮਤਿ ਸਿਧਾਂਤ ਕਿ ‘ਦੇਹਧਾਰੀ ਗੁਰੂ ਨਹੀਂ ਹੋ ਸਕਦਾ, ਗਿਆਨ ਹੀ ਗੁਰੂ ਹੁੰਦਾ ਹੈ’ ਦੀ ਪ੍ਰੋਢਤਾ
ਹੀ ਕੀਤੀ ਹੈ। ਪਰ ਜੇ ਉਹਨਾਂ ਦੇ ਮਗਰਲੇ ਵੀਚਾਰਾਂ ਨੂੰ ਵੇਖੀਏ ਤਾਂ ਸਪੱਸ਼ਟ ਹੁੰਦਾ ਹੈ ਕਿ (ਉਹਨਾਂ
ਅਨੁਸਾਰ) ਉਸ ਸਮੇਂ ਦੇ ਸਿੱਖਾਂ ਨੇ ਨਾਨਕ ਜਾਮਿਆਂ ਨੂੰ ਗੁਰੂ ਕਹਿ ਕੇ ਇਸ ਮੁੱਢਲੇ ਗੁਰਮਤਿ ਸਿਧਾਂਤ
ਦੀ ਉਲੰਘਣਾ ਕੀਤੀ। ਗੁਰਬਾਣੀ ਦੇ ਉਨਾਂ ਵਲੋਂ ਦਿੱਤੇ ਹਵਾਲਿਆਂ ਦੇ ਉਹਨਾਂ ਵਲੋਂ ਮੰਨੇ (ਪ੍ਰਚਲਿਤ)
ਅਰਥਾਂ ਨੂੰ ਜੇ ਸਹੀ ਮੰਨ ਲਈਏ ਤਾਂ ਇਹ ਵੀ ਜ਼ਰੂਰ ਮੰਨਨਾ ਪਵੇਗਾ ਕਿ ਗੁਰਬਾਣੀ ਵਿੱਚ ਦੋਗਲਾਪਨ ਹੈ,
ਜੋ ਅਪਣੇ ਹੀ ਇੱਕ ਸਿਧਾਤ ਨੂੰ ਦੂਜੀ ਥਾਂ ਕੱਟਦੀ ਹੈ। ਭਾਵ ਇੱਕ ਥਾਂ ਕਹਿੰਦੀ ਹੈ ਕਿ ਸ਼ਰੀਰ (ਦੇਹ)
ਗੁਰੂ ਨਹੀਂ ਹੁੰਦਾ ਤੇ ਦੁਜੀ ਥਾਂ ਨਾਨਕ ਜਾਮਿਆਂ (ਸ਼ਰੀਰ) ਨੂੰ ਗੁਰੂ ਦਸ ਰਹੀ ਹੈ। ਕੀ ਕੈਲਗਰੀ ਜੀ
ਇਹ ਸਾਬਿਤ ਕਰ ਸਕਦੇ ਕਿ ਨਾਨਕ ਜਾਮੇ ਦੇਹ ਨਹੀਂ ਸਨ? ਹੋ ਸਕਦਾ ਹੈ ਕਿ ਉਹਨਾਂ ਦਾ ਬ੍ਰਾਹਮਣਵਾਦੀਆਂ
ਵਲੋਂ ਫੈਲਾਈਆਂ ਐਸੀ ਸਾਖੀਆਂ ਵਿੱਚ ਵਿਸ਼ਵਾਸ ਹੋਵੇ ਜਿਹਨਾਂ ਅਨੁਸਾਰ ਨਾਨਕ ਪਾਤਸ਼ਾਹ, ਦਸ਼ਮੇਸ਼ ਜੀ ਦੇਹ
ਸਮੇਤ ‘ਸੱਚਖੰਡ’ ਚਲੇ ਗਏ ਸਨ? ਵੈਸੇ ਤਾਂ ਇਹ ਅਖੌਤੀ ਸਾਖੀਆਂ ਗੁਰਮਤਿ ਵਿਰੋਧੀ ਅਤੇ ਨਿਰਮੂਲ ਹਨ ਪਰ
ਜੇ ਕਿਸੇ ਤਰ੍ਹਾਂ ਸੱਚ ਵੀ ਮੰਨ ਲਈਏ ਤਾਂ ਇਹ ਸਾਬਿਤ ਨਹੀਂ ਹੁੰਦਾ ਕਿ ਨਾਨਕ ਜਾਮੇ ਦੇਹ ਨਹੀਂ ਸਨ।
ਇਸ ਕਰਕੇ ਉਹਨਾਂ ਲਈ ‘ਗੁਰੂ’ ਪਦ ਵਰਤਣਾ ਮੁੱਢਲੇ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਹੈ। ਇਸ ਤਰੀਕੇ
ਕੈਲਗਰੀ ਜੀ (ਅਤੇ ਐਸੇ ਵਿਚਾਰਾਂ ਵਾਲੇ ਹੋਰ) ਉਸ ਸਮੇਂ ਦੇ ਸਿੱਖਾਂ, ਨਾਨਕ ਜਾਮਿਆਂ ਨੂੰ ਗੁਰਮਤਿ
ਸਿਧਾਂਤਾਂ ਵਿਰੁਧ ਚੱਲਣ ਵਾਲਾ ਅਤੇ ਗੁਰਬਾਣੀ ਵਿੱਚ ਦੋਗਲਾਪਨ ਹੀ ਸਾਬਿਤ ਕਰ ਰਹੇ ਹਨ।
ਪਰ ਸਾਡੀ ਜਾਚੇ ਨਾ ਤਾਂ ਉਸ ਸਮੇਂ ਦੇ ਸਿੱਖ, ਨਾਨਕ ਜਾਮੇ ਗੁਰਮਤਿ
ਸਿਧਾਂਤਾਂ ਵਿਰੁਧ ਚਲਣ ਵਾਲੇ ਸਨ ਅਤੇ ਨਾ ਹੀ ਗੁਰਬਾਣੀ ਵਿੱਚ ਦੋਗਲਾਪਨ ਹੈ। ਅਸਲ ਗੱਲ ਇਹ ਹੈ ਕਿ
ਹੁਣ ਤੱਕ ਗੁਰਬਾਣੀ ਦੇ ਪੂਰੀ ਤਰਾਂ ਸਹੀ ਅਰਥ ਨਹੀਂ ਹੋ ਸਕੇ। ਨਾਨਕ ਜਾਮਿਆਂ ਲਈ ‘ਗੁਰੂ’ ‘ਰੱਬ’ ਪਦ
ਵਰਤਣ ਦੇ ਹੱਕ ਵਿੱਚ ਵਰਤੇ ਜਾਂਦੇ ਕੁੱਝ ਗੁਰਵਾਕਾਂ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਵਿਚਾਰ ਲਈਏ ਤਾਂ
ਕਾਫੀ ਕੁੱਝ ਸਪਸ਼ਟ ਹੋ ਜਾਂਦਾ ਹੈ। ਆਉ ਵੀਚਾਰੀਏ:-
1.
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥ (ਪੰਨਾ 1408)
ਗਲਤ ਪ੍ਰਚਲਿਤ ਅਰਥ:- ਪ੍ਰਮਾਤਮਾ ਆਪ ਜੋਤ ਰੂਪ ਵਿੱਚ ਗੁਰ ਨਾਨਕ
ਕਹਾਇਆ।
ਗੁਰਮਤਿ ਅਨੁਸਾਰੀ ਅਰਥ: ਪ੍ਰਮਾਤਮਾ ਆਪਿ ਜੋਤ (ਸੱਚ ਦਾ ਗਿਆਨ) ਰੂਪ
ਵਿੱਚ ਨਾਨਕ ਪਾਤਸ਼ਾਹ ਜੀ ਦਾ ਗੁਰੂ ਕਹਾਇਆ। ਇਹ ਅਰਥ “ਸਬਦਿ ਗੁਰੂ ਸੁਰਤਿ ਧੁਨਿ ਚੇਲਾ” ਦੇ ਸਿਧਾਂਤ
ਤੇ ਖਰੇ ਉਤਰਦੇ ਹਨ।
2.
ਗੁਰੁ ਅਰਜੁਨੁ ਪ੍ਰਤਖ ਹਰਿ॥ (ਪੰਨਾ 1409)
ਗਲਤ ਪ੍ਰਚਲਿਤ ਅਰਥ:- ਗੁਰੂ ਅਰਜਨ ਦੇਵ ਜੀ ਹੀ ਪ੍ਰਤੱਖ ਹਰਿ ਹਨ। ਇਹ
ਅਰਥ ਮੁੱਢਲੇ ਗਰਮਤਿ ਸਿਧਾਂਤ (ਰੱਬ ਨਿਰਾਕਾਰ ਹੈ, ਅਜੂਨੀ ਹੈ) ਦੀ ਉਲੰਘਣਾ ਕਰਦੇ ਹਨ।
ਸਹੀ ਅਰਥ:-ਅਰਜਨ ਪਾਤਸ਼ਾਹ ਜੀ ਦਾ ਗੁਰੂ ਪ੍ਰਤੱਖ ਰੂਪ ਵਿੱਚ ਹਰੀ
(ਪ੍ਰਭੂ) ਆਪ ਹੈ।
3.
ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥ (ਪੰਨਾ 1395)
ਗਲਤ ਪ੍ਰਚਲਿਤ ਅਰਥ:- (ਗੁਰੂ ਅਮਰਦਾਸ) ਆਪ ਹੀ ਨਰਾਇਣ-ਰੂਪ ਹੈ, ਜੋ
ਆਪਣੀ ਸੱਤਾ ਰਚ ਕੇ ਜਗਤ ਵਿੱਚ ਪ੍ਰਵਿਰਤ ਹੋਇਆ ਹੈ।
ਸਹੀ ਅਰਥ:- ਪ੍ਰਭੂ ਆਪ ਆਪਣੇ ਨਿਯਮਾਂ-ਰੂਪ ਕਲਾ ਧਾਰ ਕੇ ਸਾਰੀ
ਸ੍ਰਿਸ਼ਟੀ (ਕੁਦਰਤ) ਵਿੱਚ ਪਸਰਿਆ ਹੋਇਆ ਹੈ।
ਦੂਜਾ ਨੁਕਤਾ, ਨਾਨਕ ਜਾਮਿਆਂ ਲਈ ‘ਗੁਰੂ’ ‘ਰੱਬ’ ਲਫਜ਼ ਵਰਤਣ ਵੇਲੇ ਸਿੱਖ
‘ਜੋਤਿ ਰੂਪ ਹਰਿ ਆਪ ਗੁਰੂ
ਨਾਨਕੁ ਕਹਾਯਉ’ ‘ਗੁਰੁ ਅਰਜੁਨੁ ਪ੍ਰਤਖ ਹਰਿ’
ਤੁਕਾਂ ਬੜੀ ਜਲਦੀ ਵਰਤ ਲੈਂਦੇ ਹਨ ਪਰ ਅਨਮਤਾਂ ਦੀ ਆਲੋਚਣਾ ਕਰਦੇ ਵਕਤ ਇਸ ਗੱਲ ਤੇ ਅੜੇ ਰਹਿੰਦੇ ਹਨ
ਕਿ ਦੇਹਧਾਰੀ ਗੁਰੂ ਜਾਂ ਰੱਬ ਨਹੀਂ ਹੋ ਸਕਦਾ। ਇਹ ਦੋਗਲਾਪਨ ਕਿਉਂ?
ਜੇ ਜੋਤਿ ਰੂਪ ਵਿੱਚ ਰੱਬ ਆਪਿ ਗੁਰੂ
ਨਾਨਕ ਕਹਾ ਸਕਦਾ ਹੈ ਤਾਂ ਉਹੀ ਰੱਬ ਜੋਤ ਰੂਪ ਵਿੱਚ ਕ੍ਰਿਸ਼ਨ ਜਾਂ ਰਾਮ ਕਿਉਂ ਨਹੀਂ ਹੋ ਸਕਦਾ?
ਫਿਰ ਜੇ ਇਹੀ ਦਲੀਲ਼ ਨਾਮਧਾਰੀ, ਨਿਰੰਕਾਰੀ,
ਰਾਧਾਸੁਆਮੀ, ਸੱਚੇ ਸੌਦੇ ਵਾਲੇ, ਨੰਦ ਸਿੰਘ, ਅਤਰ ਸਿੰਘ ਅਤੇ ਐਸੇ ਹੋਰਾਂ ਦੇ ਪੈਰੋਕਾਰ ਵਰਤ ਲੈਣ
ਤਾਂ ਗਲਤ ਕਿਵੇਂ ਹੋਵੇਗਾ?
ਇਹ ਗੁਰਮਤਿ ਸਿਧਾਂਤਾਂ ਦੀ ਥਾਂ (ਗਲਤ) ਪ੍ਰਚਲਿਤ ਵਿਚਾਰਾਂ, ਰਵਾਇਤਾਂ ਨੂੰ
ਪਹਿਲ ਦੇਣ ਦੀ ਉਲਝਣ ਸਿਰਫ ਕੈਲਗਰੀ ਜੀ ਦੀ ਹੀ ਨਹੀਂ ਹੈ। ਮਿਸ਼ਨਰੀ ਕਾਲਜਾਂ ਨਾਲ ਜੁੜੇ ਵਿਦਵਾਨਾਂ
ਦੀ ਵੀ ਇਹੀ ਸਮੱਸਿਆ ਹੈ। ਇਸ ਵਿਸ਼ੇ ਵਿੱਚ ਵੈਬਸਾਈਟ ‘ਸਿੱਖ ਮਾਰਗ ਡਾਟ ਕਾਮ’ ਦੇ ਸਪਤਾਹ 7 ਤੋਂ13
ਸਤੰਬਰ ਵਾਲੇ ਅੰਕ ਵਿੱਚ ਪਹਿਲੇ ਨੰ. ਉੱਤੇ ਪ੍ਰਿੰਸੀਪਲ ਸੁਰਜੀਤ ਸਿੰਘ ਜੀ ਮਿਸ਼ਨਰੀ ਦਾ ਲਿਖਿਆ ਲੇਖ
“ਬਾਣੀ ਗੁਰੂ, ਗੁਰੂ ਹੈ ਬਾਣੀ’ ਵਿਚਾਰਨਯੋਗ ਹੈ। ਇਸ ਵਿੱਚ ਮਿਸ਼ਨਰੀ ਸੁਰਜੀਤ ਸਿੰਘ ਜੀ ਲਿਖਦੇ ਹਨ
“ਗੁਰਬਾਣੀ ਅਨੁਸਾਰ ‘ਗੁਰੂ’ ਕਿਸੇ ਸ਼ਰੀਰ ਜਾਂ ਖਾਨਾਪੂਰੀ ਦਾ ਨਾਂ ਨਹੀਂ।
ਇਥੋਂ ਤੱਕ ਕਿ ਪੁਰਾਤਨ ਸਮੇਂ ਤੋਂ ‘ਗੁਰੂ’ ਪਦ ਲਈ ਜਿਤਨੇ ਵੀ ਅਰਥ ਦਿਤੇ ਜਾਂ ਵਰਤੇ ਜਾ ਰਹੇ ਹਨ,
ਗੁਰਬਾਣੀ ਰਾਹੀਂ ਪ੍ਰਗਟ ‘ਗੁਰੂ’ ਪਦ ਤੇ ਉਹਨਾਂ ਵਿਚੋਂ ਇੱਕ ਵੀ ਅਰਥ ਲਾਗੂ ਨਹੀਂ ਹੁੰਦਾ”।
ਇਥੇ ਪ੍ਰਿੰਸੀਪਲ ਸੁਰਜੀਤ ਸਿੰਘ ਜੀ ਨੇ ਵੀ ਸਪਸ਼ਟ ਇਸ ਮੁੱਢਲੇ ਗੁਰਮਤਿ
ਸਿਧਾਂਤ ਦੀ ਪ੍ਰੋਢਤਾ ਕੀਤੀ ਹੈ ਕਿ ਸ਼ਰੀਰ ਗੁਰੂ ਨਹੀਂ ਹੁੰਦਾ। ਪਰ ਫਿਰ ਵੀ ਅਪਣੇ ਇਸੇ ਲੇਖ ਵਿੱਚ
ਨਾਨਕ ਜਾਮਿਆਂ ਲਈ ਗੁਰੂ ਪਦ ਵਰਤਿਆ ਹੈ। ਕੀ ਇਹ ਦੋਗਲਾਪਨ ਨਹੀਂ ਹੈ?
ਕੁੱਝ ਐਸੀ ਹੀ ਗਲਤ ਪਹੁੰਚ ਮਿਸ਼ਨਰੀ ਕਾਲਜਾਂ ਵਲੋਂ ਛਪਵਾਏ ਲਿਟਰੇਚਰ ਵਿੱਚ
ਮਿਲਦੀ ਹੈ। ਉਹ ਥਾਂ ਥਾਂ ਤੇ ਇਹ ਸਪੱਸ਼ਟ ਮੰਨਦੇ ਅਤੇ ਪ੍ਰਚਾਰਦੇ ਹਨ ਕਿ ‘ਗੁਰੂ’ ਇੱਕ ਹੀ ਹੁੰਦਾ ਹੈ
ਅਤੇ ਦੇਹ ‘ਗੁਰੂ’ ਨਹੀਂ ਹੁੰਦੀ। ਪਰ ਜਦ ਨਾਨਕ ਜਾਮਿਆਂ ਦੀ ਗੱਲ ਆਉਂਦੀ ਹੈ ਤਾਂ ਦੇਹ ‘ਗੁਰੂ’ ਬਣ
ਜਾਂਦੀ ਹੈ ਅਤੇ ‘ਗੁਰੂ’ ਵੀ ਇੱਕ ਤੋਂ ਵਧ ਕੇ ਦਸ ਜਾਂ ਵੱਧ (ਦਸ ਗੁਰੂ ਸਾਹਿਬਾਨ, ਤੀਜੇ ਗੁਰੂ,
ਪੰਜਵੇਂ ਗੁਰੂ ਆਦਿ ਲਕਬ) ਹੋ ਜਾਂਦੇ ਹਨ। ਕੀ ਇਹ ਦੋਗਲੀ ਪਹੁੰਚ ਨਹੀਂ? ਜੇ ਸਵਾਲ ਕਰੋ ਤਾਂ ਇਹ
ਕੱਚੀਆਂ ਦਲੀਲਾਂ ਹੁੰਦੀਆਂ ਹਨ
1. ਭੱਟਾਂ ਦੇ ਸਵੱਈਏ ਆਦਿ ਵਿੱਚ ਵੀ ਨਾਨਕ ਜਾਮਿਆਂ ਲਈ ‘ਗੁਰੂ’ ਪਦ ਵਰਤਿਆ
ਮਿਲਦਾ ਹੈ।
ਇਸ ਬਾਰੇ ਵਿਚਾਰ ਕਰ ਚੁਕੇ ਹਾਂ ਕਿ ਇਹਨਾਂ ਦੇ ਅਰਥ ਗੁਰਮਤਿ ਅਨੁਸਾਰੀ ਨਹੀਂ
ਕੀਤੇ ਗਏ।
2. ਇਹ ਤਾਂ ਪੁਰਾਤਨ ਸਮੇਂ ਤੋਂ ਚਲੀ ਆਂ ਰਹੀ ਰੀਤ ਹੈ।
3. ਇਹ ਠੀਕ ਹੈ ਕਿ ਇਹ ਪ੍ਰਚਾਰ ਸਿਧਾਂਤਕ ਤੌਰ ਤੇ ਗਲਤ ਹੈ, ਪਰ ਜੇ ਅਸੀਂ
ਇਸ ਵਿਸ਼ੇ ਤੇ ਸਿਧਾਂਤਕ ਪ੍ਰਚਾਰ ਕਰਾਂਗੇ ਤਾਂ ਸੰਗਤ ਟੁਟ ਜਾਵੇਗੀ, ਨਰਾਜ਼ ਹੋ ਜਾਵੇਗੀ ਆਦਿ ਆਦਿ।
ਇਥੇ ਸਵਾਲ ਇਹ ਉਠਦਾ ਹੈ ਕਿ ਸਾਡੇ ਲਈ ਗੁਰਮਤਿ ਸਿਧਾਂਤ ਜ਼ਿਆਦਾ ਮਾਇਨੇ
ਰੱਖਦੇ ਹਨ ਜਾਂ ਕੱਚੀਆਂ ਦਲੀਲਾਂ?
ਕੁਝ ਵੀਰਾਂ ਵਲੋਂ ਇਹ ਗਲਤ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਕਿ ਨਾਨਕ
ਜਾਮਿਆਂ ਨਾਲ ‘ਗੁਰੂ’ ਪਦ ਵਰਤਣ ਦੀ ਆਲੋਚਣਾ ਕਰਣ ਵਾਲੇ ਨਾਨਕ ਜਾਮਿਆਂ ਦਾ ਸਤਿਕਾਰ ਨਹੀਂ ਕਰਦੇ ਜਾਂ
‘ਗੁਰੂ’ ਪਦ ਹਟਾਉਣ ਨਾਲ ਸਤਿਕਾਰ ਘੱਟ ਜਾਂਦਾ ਹੈ। ਇਹ ਬਿਲਕੁਲ ਬੇਲੋੜੀ ਦਲੀਲ ਹੈ। ਨਾਨਕ ਜਾਮਿਆਂ
ਦੀ ਜਿਹੜੀ ਅਦੁਤੀ, ਬੇਮਿਸਾਲ ਤੇ ਲਾਸਾਨੀ ਦੇਣ ਮਨੁੱਖਤਾ ਨੂੰ ਹੈ, ਵੈਸੀ ਦੇਣ ਤਾਂ ਅਪਣੇ ਆਪ ਨੂੰ
ਗੁਰੂ ਕੀ ਰੱਬ ਕਹਾਉਣ ਵਾਲੇ ਵੀ ਨਹੀਂ ਦੇ ਸਕੇ। ਨਾਨਕ ਜਾਮਿਆਂ ਦਾ ਸਭ ਤੋਂ ਵੱਡਾ ਅਸਲੀ ਸਤਿਕਾਰ
ਇਹੀ ਹੈ ਕਿ ਅਸੀਂ ਉਹਨਾਂ ਦੀ ਨਿਰੋਲ ਮਨੁੱਖਤਾਵਾਦੀ ਵਿਚਾਰਧਾਰਾ ਨੂੰ ਅਪਣਾ ਲਈਏ ਅਤੇ ਉਸ ਨੂੰ ਸਾਰੀ
ਦੁਨੀਆਂ ਤੱਕ ਪਹੁੰਚਾਉਣ ਦਾ ਉਪਰਾਲਾ ਕਰੀਏ। ਉਹਨਾਂ ਦੇ ਸਤਿਕਾਰ ਲਈ ਪਾਤਸ਼ਾਹ ਜਾਂ ਹੋਰ ਕੋਈ ਢੁਕਵੇਂ
ਲਕਬ ਵਰਤੇ ਜਾ ਸਕਦੇ ਹਨ ਪਰ ਉਹ ਲਕਬ (ਗੁਰੂ) ਹੀ ਕਿਉਂ ਵਰਤਣਾ ਜੋ ਸਾਨੂੰ ਸਿਧਾਂਤਕ ਦੋਗਲੇਪਨ ਦੇ
ਰਾਹ ਤੋਰਦਾ ਹੈ। ਇਹ ਨੁੱਕਤਾ ਵੀ ਧਿਆਨਯੋਗ ਹੈ ਕਿ ਜਿਹੜੇ ਲੋਕ ਬਾਹਰੀ ਤੌਰ ਤੇ ਨਾਨਕ ਜਾਮਿਆਂ ਦੇ
ਸਤਿਕਾਰ ਕਰਨ ਦਾ ਜ਼ਿਆਦਾ ਵਿਖਾਵਾ ਕਰਦੇ ਹਨ (ਆਰਤੀਆਂ, ਵੱਡੀਆਂ ਵੱਡੀਆਂ ਤਸਵੀਰਾਂ-ਮੂਰਤੀਆਂ ਆਦਿ
ਰਾਹੀਂ) ਉਹੀ ਗੁਰਮਤਿ ਜੀਵਨ ਤੋਂ ਜ਼ਿਆਦਾ ਦੂਰ ਹਨ। ਉਹੀ ਦਸਮ ਗ੍ਰੰਥ, ਗੁਰਬਿਲਾਸ ਆਦਿ ਨੂੰ ਮਾਨਤਾ
ਦੇ ਕੇ ਨਾਨਕ ਜਾਮਿਆਂ ਦੇ ਚਰਿਤ੍ਰ ਦੀ ਮਿੱਟੀ ਪਲੀਤ ਕਰਨ ਤੇ ਤੁਲੇ ਹਨ। ਉਹੀ (ਸਮੇਤ ਮਿਸ਼ਨਰੀਆਂ ਦੇ)
ਰੋਜ਼ ਭਗੌਤੀ ਨੂੰ ਸਿਮਰ ਕੇ, ਬੇਨਤੀ ਚੌਪਈ ਪੜ ਕੇ ਦਸ਼ਮੇਸ਼ ਜੀ ਨੂੰ ਦੇਵੀ ਪੂਜਕ ਅਤੇ ਅਸ਼ਲੀਲ ਰਚਨਾਵਾਂ
ਦਾ ਲੇਖਕ ਸਾਬਿਤ ਕਰ ਰਹੇ ਹੂੰਦੇ ਹਨ, ਕਿਉਂਕਿ ਉਹਨਾਂ ਨੇ ਨਾਨਕ ਜਾਮਿਆਂ ਦੇ ਅਸਲੀ ਸਤਿਕਾਰ (ਉਹਨਾਂ
ਦੇ ਉਪਦੇਸ਼ਾਂ ਨੂੰ ਅਪਣਾ ਲੈਣਾ) ਨੂੰ ਤਾਂ ਸਮਝਿਆ ਹੀ ਨਹੀਂ।
ਉਪਰੋਕਤ ਵਿਚਾਰ ਤੋਂ ਸਪਸ਼ਟ ਹੋ ਗਿਆ ਕਿ ‘ਗੁਰੂ’ ਸਿਰਫ ‘ਸੱਚ ਦਾ ਗਿਆਨ’ ਹੀ
ਹੈ। ਕੋਈ ਦੇਹਧਾਰੀ ‘ਗੁਰੂ’ ਨਹੀਂ ਹੋ ਸਕਦਾ। ਦੇਹਧਾਰੀ ਇਸ ਸੱਚ ਦੇ ਗਿਆਨ ਰੂਪੀ ਮੰਜ਼ਿਲ ਤੇ
ਪਹੁੰਚਾਣ ਵਾਲਾ ਸਾਧਨ (ਜ਼ਰੀਆ) ਤਾਂ ਹੋ ਸਕਦਾ ਹੈ, ਪਰ ਆਪ ਉਹ ਮੰਜ਼ਿਲ (ਗੁਰੂ) ਨਹੀਂ ਹੁੰਦਾ। ਸਾਧਨ
ਅਤੇ ਮੰਜ਼ਿਲ ਦੇ ਫਰਕ ਨੂੰ ਨਾ ਸਮਝਣ ਵਾਲੇ ਸੱਚ ਦੇ ਰਾਹ ਤੋਂ ਭਟਕ ਜਾਂਦੇ ਹਨ। (ਕੁਝ ਅਜਿਹੀ ਹੀ
ਹਾਲਤ ਅੱਜ ਸਿੱਖ ਕੌਮ ਦੀ ਹੋ ਗਈ ਹੈ।) ਠੀਕ ਇਸੇ ਤਰ੍ਹਾਂ, ‘ਚੇਲਾ’ ਵੀ ਸਰੀਰ ਨਹੀਂ, ਬਲਕਿ
‘ਵਿਚਾਰ’ ਹੀ ਹੁੰਦੇ ਹਨ।
ਕਈ ਵਾਰ ਮਨੁੱਖ ਗਲਤ ਵਿਚਾਰਾਂ ਵਿੱਚ ਗਲਤਾਨ ਹੋ ਕੇ ਮਾੜੇ ਕੰਮ ਕਰਨ ਲੱਗ
ਪੈਂਦਾ ਹੈ। ਪਰ ਕਈ ਵਾਰ ਹਾਲਾਤ ਜਾਂ ਸੂਝਵਾਨ ਮਨੁੱਖਾਂ ਦੇ ਉਦਮਾਂ ਸਦਕਾ ਉਹ ਗਲਤ ਮਾਨਸਿਕਤਾ ਨੂੰ
ਤਿਆਗਣ ਵਿੱਚ ਸਫਲ ਵੀ ਹੋ ਜਾਂਦਾ ਹੈ ਤੇ ਮੁੜ ਤੋਂ ਚੰਗੇ ਕੰਮ ਕਰਨ ਲੱਗ ਪੈਂਦਾ ਹੈ। ਭਾਵ, ਉਹ
ਮਨੁੱਖ, ਮਨਮੁਖ ਤੋਂ ਗੁਰਮੁਖ ਬਣ ਜਾਂਦਾ ਹੈ। ਕੀ ਅਜਿਹਾ ਹੋਣ ਨਾਲ ਉਸਦਾ ਸਰੀਰ ਬਦਲ ਜਾਂਦਾ ਹੈ?
ਬਿਲਕੁਲ ਨਹੀਂ, ਸਰੀਰ ਤਾਂ ਉਹੀ ਰਹਿੰਦਾ ਹੈ। ਫਿਰ ਬਦਲਿਆ ਕੀ? ਬਦਲੇ ਤਾਂ ਸਿਰਫ਼ ਵਿਚਾਰ ਹੀ ਹਨ। ਸੋ
ਸਪਸ਼ਟ ਹੋਇਆ ਕਿ ਸਰੀਰ ਚੇਲਾ ਨਹੀਂ, ਚੇਲਾ ਸੁਰਤ ਜਾਂ ਵਿਚਾਰ ਹੀ ਹਨ।
ਸਿੱਖ ਇਤਿਹਾਸ ਵਿੱਚ ਅਜਿਹੀਆਂ ਕਈ ਮਿਸਾਲਾਂ ਮਿਲਦੀਆਂ ਹਨ। ਸਿਰਫ਼ ਇੱਕ
ਮਿਸਾਲ ਸਾਂਝੀ ਕਰਦੇ ਹਾਂ ਤਾਂ ਕਿ ਨੁਕਤਾ ਜ਼ਿਆਦਾ ਸਪਸ਼ਟ ਹੋ ਸਕੇ। ਤੀਜੇ ਪਾਤਸ਼ਾਹ ਬਾਬਾ ਅਮਰਦਾਸ ਜੀ
ਗੁਰਮਤਿ ਵਿਚਾਰਧਾਰਾ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਸਾਰੇ ਬ੍ਰਾਹਮਣਵਾਦੀ ਕਰਮ-ਕਾਂਡ ਕਰਦੇ ਸਨ।
ਉਹ ਵੈਸ਼ਨੂੰ ਦੇਵੀ ਅਤੇ ਹੋਰ ਤੀਰਥਾਂ ਦੀ ਯਾਤਰਾ ‘ਤੇ ਜਾਂਦੇ ਸਨ, ਦੇਵੀ-ਦੇਵਤਿਆਂ ਨੂੰ ਪੂਜਦੇ ਸਨ,
ਮੂਰਤੀ ਪੂਜਾ ਵੀ ਕਰਦੇ ਸਨ। ਇਹ ਸਾਰੇ ਕਰਮ ਗੁਰਮਤਿ ਸਿਧਾਂਤਾਂ ਤੋਂ ਉਲਟ ਹਨ। ਪਰ ਜਦ ਉਹ ਗੁਰਮਤਿ
ਵਿਚਾਰਧਾਰਾ ਦੇ ਸੰਪਰਕ ਵਿੱਚ ਆਏ ਤਾਂ ‘ਸੱਚ ਦਾ ਗਿਆਨ’ ਪ੍ਰਾਪਤ ਕੀਤਾ ਤਾਂ ਇਹ ਸਾਰੀਆਂ ਮਨਮਤਾਂ
ਤਿਆਗ ਦਿੱਤੀਆਂ। ਕੀ ਅਜਿਹਾ ਕਰਨ ਨਾਲ ਉਨ੍ਹਾਂ ਦਾ ਸਰੀਰ ਬਦਲ ਗਿਆ? ਨਹੀਂ, ਸਰੀਰ ਤਾਂ ਉਹੀ ਰਿਹਾ।
ਬਦਲੇ ਸਨ ਤਾਂ ਸਿਰਫ਼ ਵਿਚਾਰ। ਸੋ ਸਪਸ਼ਟ ਹੋਇਆ ਕਿ ‘ਗੁਰੂ’ ਜਾਂ ‘ਚੇਲਾ’ ਸਰੀਰ ਨਹੀਂ ਬਲਕਿ
ਵਿਚਾਰਧਾਰਾ ਹੁੰਦੀ ਹੈ।
ਇਸ ਬਾਬਤ ਸਿੱਖ ਇਤਿਹਾਸ ਤੋਂ ਇਕ-ਦੋ ਮਿਸਾਲਾਂ ਹੋਰ ਲੈਂਦੇ ਹਾਂ ਤਾਂਕਿ
ਨੁਕਤਾ ਵਧੇਰੇ ਸਪਸ਼ਟ ਹੋ ਸਕੇ। ਬਾਬਾ ਨਾਨਕ ਜੀ ਆਪਣੇ ਦੁਨਿਆਵੀ ਸਫ਼ਰ ਦੇ ਆਖਰੀ ਸਾਲਾਂ ਵਿੱਚ
ਕਰਤਾਰਪੁਰ ਸਾਹਿਬ ਖੇਤੀ ਕਰਦੇ ਸਨ। ਇੱਕ ਵਾਰ ਭਾਈ ਲਹਿਣਾ ਜੀ ਬਾਬਾ ਨਾਨਕ ਜੀ ਦੇ ਦਰਸ਼ਨ ਕਰਨ ਦੀ
ਤਾਂਘ ਨਾਲ ਕਰਤਾਰਪੁਰ ਆਏ। ਉਨ੍ਹਾਂ ਵੇਖਿਆ ਕਿ ਕੋਈ ਵਿਅਕਤੀ ਖੇਤਾਂ ਵਿੱਚ ਹੱਲ ਵਾਹ ਰਿਹਾ ਹੈ। ਭਾਈ
ਲਹਿਣਾ ਜੀ ਨੇ ਪੁੱਛਿਆ ਕਿ ਬਾਬਾ ਨਾਨਕ ਜੀ ਨੂੰ ਮਿਲਣਾ ਹੈ, ਕਿੱਥੇ ਮਿਲਣਗੇ? ਦਿਲਸਚਪ ਤੱਥ ਇਹ ਹੈ
ਕਿ ਹੱਲ ਬਾਬਾ ਨਾਨਕ ਜੀ ਹੀ ਵਾਹ ਰਹੇ ਸਨ ਪਰ ਭਾਈ ਲਹਿਣਾ ਜੀ, ਨਾਨਕ ਸਾਹਿਬ ਜੀ ਦੇ ਸਰੀਰ ਤੋਂ
ਉਨ੍ਹਾਂ ਦੀ ਪਛਾਣ ਨਾ ਕਰ ਸਕੇ।
ਇਸੇ ਤਰ੍ਹਾਂ, ਇੱਕ ਵਾਰ ਕਾਬੁਲ ਦੀ ਸੰਗਤ ਦਰਬਾਰ ਸਾਹਿਬ, ਅੰਮ੍ਰਿਤਸਰ ਆਈ।
ਉਹ ਪੰਜਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਵਿਆਕੁਲ ਸਨ। ਅਰਜਨ ਪਾਤਸ਼ਾਹ ਉਸ ਵੇਲੇ ਜੋੜੇ ਸੰਭਾਲਣ ਦੀ
ਸੇਵਾ ਕਰ ਰਹੇ ਸਨ। ਕਾਬੁਲ ਦੀ ਸੰਗਤ ਨੇ ਜੋੜੇ ਉਤਾਰੇ, ਜਿਨ੍ਹਾਂ ਦੀ ਸੰਭਾਲ ਪੰਜਵੇਂ ਪਾਤਸ਼ਾਹ ਜੀ
ਨੇ ਕੀਤੀ। ਸੰਗਤ ਦੇ ਲੋਕ ਅੰਦਰ ਦਰਸ਼ਨੀ ਡਿਓਢੀ ਵਿੱਚ ਗਏ। ਬਾਬਾ ਬੁੱਢਾ ਜੀ ਨੂੰ ਮਿਲੇ ਤੇ ਕਿਹਾ ਕਿ
ਅਰਜਨ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਹਨ। ਉਹ ਕਿੱਥੇ ਮਿਲਣਗੇ? ਬਾਬਾ ਬੁੱਢਾ ਜੀ ਨੇ ਦੱਸਿਆ ਕਿ ਉਹ
ਤਾਂ ਬਾਹਰ ਜੋੜਿਆਂ ਦੀ ਸੇਵਾ ਕਰ ਰਹੇ ਹਨ। ਉਸ ਤੋਂ ਬਾਅਦ ਕਾਬਲ ਦੀ ਸੰਗਤ ਉਨਾਂ ਨੂੰ ਜਾ ਕੇ ਮਿਲੀ।
ਭਾਵ, ਸਿਰਫ਼ ਸਰੀਰ ਨੂੰ ਵੇਖ ਕੇ ਹੀ ਉਹ ਅਰਜਨ ਪਾਤਸ਼ਾਹ ਨੂੰ ਨਹੀਂ ਪਛਾਣ ਸਕੇ।
ਜੋ ਵੀ ਵਿਅਕਤੀ ਜਾਂ ਮੱਤ ਕਿਸੇ ਦੇਹਧਾਰੀ ਨੂੰ ‘ਗੁਰੂ’ ਜਾਂ ‘ਰੱਬ’ ਸਮਝਦਾ
ਹੈ ਉਹ ਸੱਚ ਤੋਂ ਭਟਕਿਆ ਹੋਇਆ ਹੈ। ਇਸ ਸ਼੍ਰੇਣੀ ਵਿੱਚ ਅੱਜ ਤੱਕ ਦੇ ਲਗਭਗ ਸਾਰੇ ਮੱਤ ਆ ਜਾਂਦੇ ਹਨ।
ਅੱਜ ਤਾਂ ਐਸੇ ਆਪੂੰ ਬਣੇ ਦੇਹਧਾਰੀ ਗੁਰੂਆਂ ਦੀ ਸੰਖਿਆ ਬਹੁਤ ਵੱਧ ਗਈ ਹੈ। ਹਰ ਸ਼ਹਿਰ ਵਿੱਚ ਐਸੇ
ਦਾਅਵੇ ਕਰਦੇ ਸਾਨੂੰ 5-7 ਤਾਂ ਮਿਲ ਹੀ ਜਾਣਗੇ। ਇਹਨਾਂ ਦੇ ਦਾਅਵਿਆਂ ਨੂੰ ਸੱਚ ਮੰਨ ਕੇ ਇਹਨਾਂ
ਪਿੱਛੇ ਭੱਟਕਣ ਵਾਲਿਆਂ ਦੀ ਵੀ ਗਿਣਤੀ ਘੱਟ ਨਹੀਂ। ਕੁੱਝ ਦੇਹਧਾਰੀ (ਪਾਖੰਡੀ) ਤਾਂ ਆਪਣੇ ਰੱਬ ਹੋਣ
ਦਾ ਦਾਅਵਾ ਵੀ ਕਰਦੇ ਰਹੇ ਹਨ ਅਤੇ ਕਰ ਰਹੇ ਹਨ।
ਪਰ ਸਿੱਖ ਮੱਤ ‘ਸਿਧਾਂਤਕ ਤੌਰ ਉੱਤੇ’ ਇਸ ਭਰਮ (ਦੇਹਧਾਰੀ ਗੁਰੂ ਵਾਲੇ) ਤੋਂ
ਬਚਿਆ ਹੋਇਆ ਹੈ। ਅਸੀਂ ਖਾਸ ‘ਸਿਧਾਂਤਕ’ ਲਫ਼ਜ਼ ਇਸ ਕਰ ਕੇ ਜੋੜਿਆ ਕਿਉਂਕਿ ਸਿੱਖਾਂ ਦਾ ਸਿਧਾਂਤ
‘ਗੁਰੂ ਗ੍ਰੰਥ ਸਾਹਿਬ ਜੀ’ ਹਨ। ਪਰ ਇਹ ਵੀ ਅਫਸੋਸਜਨਕ ਸੱਚਾਈ ਹੈ ਕਿ ਸਿੱਖ ਕੌਮ ਵਿਵਹਾਰਿਕ ਤੌਰ ਤੇ
ਇਸ ਸਿਧਾਂਤ ਤੋਂ ਬਹੁਤ ਪਹਿਲਾਂ ਹੀ ਥਿੜੱਕ ਚੁਕੀ ਹੈ। ਤਾਂ ਹੀ ਸਿੱਖ ਕੌਮ ਵਿੱਚ ‘ਦਸ ਗੁਰੂ
ਸਾਹਿਬਾਨ’ ‘ਪਹਿਲੇ ਗੁਰੂ’ ‘ਦੂਜੇ ਗੁਰੂ’ ਆਦਿ ਨਿਰੋਲ ਸਿਧਾਂਤ ਵਿਰੋਧੀ ਲਫਜ਼ ਕੇਂਦਰੀ ਤੌਰ ਤੇ
ਪ੍ਰਚਲਿਤ ਹੋ ਗਏ ਹਨ। ਭਾਵ ਸਿੱਖ ਇੱਕ ਗੁਰੂ ਤੋਂ ਟੁੱਟ ਕੇ ਦਸ ਜਾਂ ਵੱਧ ਗੁਰੂਆਂ ਦੀ ਘੁੰਮਣਘੇਰੀ
ਵਿੱਚ ਫਸ ਗਏ ਹਨ। ਇਸ ਦਾ ਇੱਕੋ ਇੱਕ ਕਾਰਨ ਇਹ ਸੀ ਕਿ ਸਿੱਖ ਵੀ (ਗਲਤੀ ਨਾਲ) ਦੇਹ ਨੂੰ ‘ਗੁਰੂ’
ਮੰਨਣ ਲਗ ਪਏ। ਪਰ ਸੱਚ ਇਹ ਹੈ ਕਿ ਨਾਨਕ ਪਾਤਸ਼ਾਹ ਜੀ ਦਾ ਸ਼ਰੀਰ ਸਾਡਾ ‘ਗੁਰੂ’ ਨਹੀ ਸੀ ਕਿਉਂਕਿ ਕੋਈ
ਸ਼ਰੀਰ ਗੁਰੂ ਨਹੀਂ ਹੋ ਸਕਦਾ ਇਹ ਪਹਿਲੇ ਸਮਝ ਚੁਕੇ ਹਾਂ। ਨਾਨਕ ਪਾਤਸ਼ਾਹ ਜੀ ਦਾ ਸ਼ਰੀਰ ਤਾਂ 1539
ਵਿੱਚ ਖਤਮ ਹੋ ਗਿਆ ਸੀ ਪਰ ਗੁਰੂ ਤਾਂ ਸਦੀਵੀ ਹੁੰਦਾ ਹੈ। ਅਸੀਂ ਨਾਨਕ ਪਾਤਸ਼ਾਹ ਜੀ ਦੇ ਸ਼ਰੀਰ ਨੂੰ
ਹੀ (ਭੁਲੇਖੇ ਨਾਲ) ਗੁਰੂ ਸਮਝ ਰਹੇ ਤੇ ਪ੍ਰਚਾਰ ਰਹੇ ਹਾਂ, ਤਾਂ ਹੀ ਅੰਗਦ ਪਾਤਸ਼ਾਹ ਜੀ ਨੂੰ ਦੂਜਾ,
ਅਮਰਦਾਸ ਜੀ ਨੂੰ ਤੀਜਾ ਗੁਰੂ ਆਦਿ ਪ੍ਰਚਾਰ ਰਹੇ ਹਾਂ।
ਸੱਚਾਈ ਇਹ ਹੈ, ਕਿ ਸਾਡਾ ਗੁਰੂ ਉਹੀ ਸੱਚ ਦਾ ਗਿਆਨ (ਗੁਰੂ ਗ੍ਰੰਥ ਸਾਹਿਬ
ਜੀ) ਜਿਸ ਨੂੰ ਨਾਨਕ ਜਾਮਿਆਂ ਨੇ ਪ੍ਰਗਟ ਕੀਤਾ ਤੇ ਪ੍ਰਚਾਰਿਆ। ਜੇ ਪਹਿਲੇ, ਦੂਜੇ ਗੁਰੂ ਦੀ ਗਿਣਤੀ
ਠੀਕ ਹੈ ਤਾਂ ਫੇਰ ਕੀ ਸਾਡਾ ਪਹਿਲਾ ਗੁਰੂ ਉਹ ਨਹੀਂ ਹੋਣਾ ਚਾਹੀਦਾ ਸੀ ਜਿਸ ਨੂੰ ਨਾਨਕ ਪਾਤਸ਼ਾਹ ਜੀ
ਨੇ ਆਪਣਾ ਗੁਰੂ ਕਿਹਾ ਸੀ? ਕੀ ਇਸ ਹਿਸਾਬ ਨਾਲ ਨਾਨਕ ਪਾਤਸ਼ਾਹ ਦੂਜੇ ਗੁਰੂ ਨਹੀਂ ਹੋਏ?
ਅਸਲ ਵਿੱਚ ਨਾਨਕ ਜਾਮਿਆਂ ਰਾਹੀਂ ਪ੍ਰਗਟ ਕੀਤੇ ‘ਸੱਚ ਦੇ ਗਿਆਨ’ ਦੀ
ਵਿਚਾਰਧਾਰਾ ਹੀ ਸਾਡਾ ‘ਗੁਰੂ’ ਹੈ। ਆਦਿ ਵਿੱਚ ਵੀ ਇਹੀ ਗੁਰੂ ਸੀ, ਨਾਨਕ ਪਾਤਸ਼ਾਹ ਵੇਲੇ ਵੀ ਇਹੀ
‘ਗੁਰੂ’ ਸੀ, ਗੋਬਿੰਦ ਸਿੰਘ ਜੀ ਵੇਲੇ ਵੀ ਇਹੀ ‘ਗੁਰੂ’ ਸੀ ਅਤੇ ਹਮੇਸ਼ਾ ਇਹੀ ‘ਗੁਰੂ’ ਰਹੇਗਾ। ਦਸਾਂ
ਨਾਨਕ ਜਾਮਿਆਂ ਨੂੰ ਇੱਕ ਜੋਤ ਮੰਨਣ ਦਾ ਭਾਵ ਹੀ ਇਹ ਹੈ ਕਿ ਉਹਨਾਂ ਵਲੋਂ ਪ੍ਰਚਾਰੀ ਵਿਚਾਰਧਾਰਾ ਹੀ
‘ਗੁਰੂ’ ਸੀ, ਅੱਜ ਵੀ ਹੈ ਤੇ ਹਮੇਸ਼ਾ ਰਹੇਗੀ।
‘ਜੋਤਿ ੳਹਾ ਜੁਗਤਿ ਸਾਇ ਸਹਿ ਕਾਇਆ
ਫੇਰ ਪਲਟੀਐ’ (ਪੰਨਾ 966) ਦਾ ਵੀ ਸਹੀ ਅਰਥ ਇਹ
ਹੈ ਕਿ ਨਾਨਕ ਜਾਮਿਆਂ ਵੇਲੇ ਸਿਰਫ ਸ਼ਰੀਰ (ਕਾਇਆ) ਹੀ ਬਦਲਦਾ ਸੀ, ਵਿਚਾਰਧਾਰਾ ਉਹ ਹੀ ਸੀ।
ਇਹ ਵੀ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ
ਗੁਰੂ ਕਹਿਣ ਦਾ ਭਾਵ ਉਹ ਕਾਗਜ਼, ਸਿਆਹੀ ਜਾਂ ਜ਼ਿਲਦ ਸਾਡਾ ‘ਗੁਰੂ’ ਨਹੀਂ ਜਿਸ ਨਾਲ ਗੁਰੂ ਗ੍ਰੰਥ
ਸਾਹਿਬ ਜੀ ਦਾ ਸਰੂਪ ਬਣਿਆ ਹੈ। ਬਲਕਿ ਗ੍ਰੰਥ ਵਿੱਚ ਦਰਜ ਗਿਆਨ ਹੀ ਸਾਡਾ ਗੁਰੂ ਹੈ। ਸਰੂਪ (ਕਾਗਜ਼,
ਸਿਆਹੀ ਆਦਿ) ਤਾਂ ਨਾਸ਼ਵਾਨ ਹੋਣ ਕਰਕੇ ਸ਼ਰੀਰ ਰੂਪ ਹੀ ਹਨ। ਅਸੀਂ ਮੱਥਾ ਵੀ ਉਸੇ ਗਿਆਨ ਗੁਰੂ ਨੂੰ
ਟੇਕਦੇ ਹਾਂ ਨਾ ਕਿ ਕਾਗਜ਼, ਸਿਆਹੀ ਆਦਿ ਨੂੰ। ਸਰੂਪ ਦਾ ਸਤਿਕਾਰ ਤਾਂ ਸਿਰਫ ਇਸ ਕਰਕੇ ਹੈ ਕਿ ਉਸ
ਵਿੱਚ ਗਿਆਨ ਦਰਜ਼ ਹੈ।
ਜਦੋਂ ਤੱਕ ਇਸ ਸਿਧਾਂਤਕ ਸੱਚਾਈ ਨੂੰ ਕੱਚੇ ਜਜ਼ਬਾਤਾਂ ਦਾ ਬਹਾਨਾ ਬਣਾ ਕੇ
ਨਕਾਰਦੇ ਰਹਾਂਗੇ, ਤਦੋਂ ਤੱਕ ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ। ਇਸ ਸੱਚਾਈ ਨੂੰ ਸਵੀਕਾਰ ਕਰ ਲੈਣ
ਨਾਲ ਨਾਨਕ ਜਾਮਿਆਂ ਦੇ ਸਤਿਕਾਰ ਵਿੱਚ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਜੋ ਕੰਮ ਨਾਨਕ ਜਾਮਿਆਂ ਨੇ
ਕੀਤਾ ਹੈ ਉਹ ਆਪਣੇ ਆਪ ਨੂੰ ਗੁਰੂ ਤੇ ਕੀ, ਰੱਬ ਕਹਿਲਾਉਣ ਵਾਲੇ ਵੀ ਨਹੀਂ ਕਰ ਸਕੇ। ਕੱਚੇ ਜਜ਼ਬਾਤਾਂ
ਦੇ ਚੱਕਰਵਿਊਹ ਵਿੱਚ ਫੱਸ ਕੇ ਸੱਚਾਈ ਤੋਂ ਮੂੰਹ ਮੋੜ ਲੈਣਾ ਅਕਲਮੰਦੀ ਨਹੀਂ। ਇਸ ਸੱਚਾਈ ਤੋਂ ਮੂੰਹ
ਮੋੜਨ ਕਰਕੇ ਅਸੀਂ ਨਾਨਕ ਪਾਤਸ਼ਾਹ ਜੀ ਦੇ (ਅਤੇ ਉਹਨਾਂ ਦੇ ਦੱਸੇ ਗੁਰੂ ਦੇ) ਵੀ ਬਾਗੀ ਬਣ ਜਾਂਦੇ
ਹਾਂ, ਜੋ ਸਮਝਾਉਂਦੇ ਹਨ ਕਿ ਕੋਈ ਦੇਹਧਾਰੀ ਗੁਰੂ ਨਹੀਂ ਹੋ ਸਕਦਾ। ਪਰ ਕਈ ਸਿੱਖ ਤਾਂ ਪੁਰਾਣੇ ਹੋ
ਚੁਕੇ (ਇਸ ਦੁਨੀਆਂ ਤੋਂ ਜਾ ਚੁਕੇ) ਡੇਰੇਦਾਰਾਂ ਨੂੰ ਹੀ ਗੁਰੂ, ਸਤਿਗੁਰੂ ਪ੍ਰਚਾਰਨ ਲਗ ਪਏ ਹਨ।
ਅਕਾਲ ਪੁਰਖ ਸਿੱਖ ਕੌਮ ਨੂੰ ਸੁਮੱਤ ਬਖਸ਼ੇ ਤਾਂ ਕਿ ਉਹ ਵਾਪਿਸ ਸਿਧਾਂਤ ਦੀ
ਰਾਹ ਤੇ ਆ ਸਕਣ। ਅਸੀਂ ਅਕਾਲ ਪੁਰਖ ਅੱਗੇ ਇਹ ਅਰਦਾਸ ਕਰ ਤਾਂ ਦਿੱਤੀ ਹੈ ਪਰ ਸਾਨੂੰ ਖੂਦ ਨੂੰ ਇਹ
ਅਰਦਾਸ ਬੇਮਾਨੀ ਲਗਦੀ ਹੈ ਕਿਉਂਕਿ ਅਕਾਲ ਪੁਰਖ ਪਹਿਲਾਂ ਹੀ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਰੂਪ
ਵਿੱਚ ਸਿੱਖਾਂ ਨੂੰ ਸੁਮੱਤ (ਗੁਰਮਤਿ) ਬਖਸ਼ ਰਿਹਾ ਹੈ ਪਰ ਜੇ ਉਹ ਲੈਣਾ ਹੀ ਨਾ ਚਾਹੁਣ ਤਾਂ ਅਰਦਾਸ
ਦਾ ਕੀ ਫਾਇਦਾ? ਸਾਡੇ ਉੱਤੇ ਇਹ ਗੁਰਵਾਕ ਪੂਰਾ ਢੁਕਦਾ ਹੈ:-
‘ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ॥
ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ॥ ‘ (ਅੰਕ-1372)
ਜਿਸ ਕੌਮ ਨੇ ਸਾਰੀ ਮਨੁੱਖਤਾ ਦਾ ਰਾਹ ਦਸੇਰਾ ਬਨਣਾ ਸੀ, ਉਹ ਆਪ ਹੀ ਸੱਚ ਦੀ
ਰਾਹ ਤੋਂ ਭਟਕ ਗਈ। ਅਫਸੋਸ-ਦਰ-ਅਫਸੋਸ! ਉਸ ਤੋਂ ਵੱਡੀ ਅਫਸੋਸ ਦੀ ਗੱਲ ਇਹ ਹੈ ਕਿ ਸੱਚਾਈ (ਕੌਮ ਦੀ
ਕਮਜ਼ੋਰੀ) ਸਾਹਮਣੇ ਲਿਆਉਣ ਵਾਲੇ ਗੁਰਸਿੱਖਾਂ ਨੂੰ ਮਾਨਸਿਕ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਦੀ
ਕੋਸ਼ਿਸ਼ ਸਿੱਖਾਂ ਵਲੋਂ ਹੀ ਕੀਤੀ ਜਾਂਦੀ ਹੈ। ਇਹੋ ਜਿਹੀ ਪਹੁੰਚ ਉਹ ਕੌਮ ਅਪਣਾ ਰਹੀ ਹੈ ਜਿਸਦਾ ਗੁਰੂ
(ਗੁਰੂ ਗ੍ਰੰਥ ਸਾਹਿਬ ਜੀ) ਉਪਦੇਸ਼ ਦਿੰਦਾ ਹੈ –
‘ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ॥ ਨਿੰਦਾ ਜਨ ਕਉ ਖਰੀ ਪਿਆਰੀ॥ (ਪੰਨਾ
339)
ਮਨੁੱਖਤਾ ਦੀ ਕਾਇਆ ਪਲਟਣ (ਬੇਹਤਰੀ) ਲਈ ਪ੍ਰਗਟ ਹੋਈ ਵਿਚਾਰਧਾਰਾ (ਗੁਰਮਤਿ)
ਦੀ ਰੱਖਵਾਲੀ ਅਤੇ ਪ੍ਰਚਾਰਕ ਸਮਝੀ ਜਾਂਦੀ ਕੌਮ ਦੀ ਇਸ ਸਿਧਾਂਤਕ ਗਿਰਾਵਟ ਵੱਲ ਵੇਖ ਕੇ ਅਫਸੋਸ ਤੋਂ
ਜ਼ਿਆਦਾ ਹੋਰ ਕੀਤਾ ਵੀ ਕੀ ਜਾ ਸਕਦਾ ਹੈ?
ਜੇ ਅਸੀਂ ਚਾਹੁੰਦੇ ਹਾਂ ਕਿ ਰਹਿਤ ਮਰਿਯਾਦਾ ਨਿਰੋਲ ਗੁਰਮਤਿ ਅਨੁਸਾਰੀ ਤਿਆਰ
ਹੋਵੇ ਤਾਂ ਜ਼ਰੂਰੀ ਹੈ ਕਿ ਅਸੀਂ ਸਿਧਾਂਤ ਦਾ ਪੱਲਾ ਘੁੱਟ ਕੇ ਫੜੀਏ ਤੇ ਐਸੀ (ਅੰਨ੍ਹੀ) ਸ਼ਰਧਾ ਵਾਲੀ,
(ਗਲਤ) ਪ੍ਰਚਲਿਤ ਰਵਾਇਤਾਂ ਦੀ ਦੁਹਾਈ ਦੇਂਦੀਆਂ ਕੱਚੀਆਂ ਤੇ ਸਮਝੌਤਾਵਾਦੀ ਦਲੀਲਾਂ ਤੋਂ ਬੱਚ ਕੇ
ਰਹੀਏ। ਇਹੀ ਗਲਤੀ 1932 ਵਿੱਚ ਰਹਿਤ ਮਰਿਯਾਦਾ ਬਣਾਉਣ ਵਾਲੇ ਵਿਦਵਾਨਾਂ ਨੇ ਕੀਤੀ ਸੀ
ਕਿਰਪਾ ਕਰਕੇ ਉਸ ਨੂੰ ਨਾ ਦੁਹਰਾਈਏ।
ਨਿਰੋਲ ਨਾਨਕ ਫਲਸਫੇ ਦੀ ਰਾਹ ‘ਤੇ
‘ਤੱਤ ਗੁਰਮਤਿ ਪਰਿਵਾਰ’