ੴ ਸਤਿਗੁਰ ਪ੍ਰਸਾਦਿ
ਮਤਿ ਥੋੜੀ ਸੇਵ ਗਵਾਈਐ॥
ਸੇਵਾ ਸਿੱਖ ਧਰਮ ਦਾ ਇੱਕ ਵਿਸ਼ੇਸ਼ ਹਿੱਸਾ ਹੈ, ਗੁਰੂ ਸਾਹਿਬ ਨੇ ਗੁਰਬਾਣੀ
ਵਿੱਚ ਬਾਰ-ਬਾਰ ਸਾਨੂੰ ਮਨੁੱਖਤਾ ਦੀ ਸੇਵਾ ਸੰਭਾਲ ਦਾ ਹੁਕਮ ਦਿੱਤਾ ਹੈ। ਪਰ ਦੂਜੇ ਪਾਸੇ ਗੁਰੂ
ਸਾਹਿਬ ਨੇ ਸਾਨੂੰ ਇਹ ਗੱਲ੍ਹ ਵੀ ਸਾਫ ਦੱਸ ਦਿੱਤੀ ਹੈ ਕਿ ਪਰਮਾਤਮਾ ਦੀ ਸੇਵਾ ਅਕਲ (ਗੁਰੂ ਦੀ ਮੱਤ)
ਦੇ ਨਾਲ ਹੀ ਕੀਤੀ ਜਾ ਸਕਦੀ ਹੈ, ਤੇ ਅਕਲ ਤੋਂ ਬਿਨਾ ਕੀਤੀ ਹੋਈ ਸੇਵਾ ਵਿਅਰਥ ਹੈ। ਗੁਰਬਾਣੀ ਦਾ
ਪਾਵਨ ਫੁਰਮਾਨ ਹੈ
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥
ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨ॥ (੧੨੪੫)
ਅਸੀਂ ਆਮ ਦੇਖ ਸਕਦੇ ਹਾਂ ਕਿ ਜਿਹੜੀ ਸੇਵਾ ਅੱਜ ਸਿੱਖ ਸਮਾਜ ਕਰ ਰਿਹਾ ਹੈ,
ਉਸ ਵਿੱਚ ਅਕਲ ਦੀ ਬਹੁਤ ਕਮੀ ਹੈ। ਅੱਜ ਦਾ ਸਿੱਖ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਕੀਮਤੀ
ਰੁਮਾਲੇ ਚੜ੍ਹਾਨ ਨੂੰ, ਗੁਰਦੁਆਰਿਆ ਦੀਆਂ ਇਮਾਰਤਾਂ ਤੇ ਵੱਧ ਤੋਂ ਵੱਧ ਸੋਨਾ ਚੜ੍ਹਾਨ ਨੂੰ, ਅਖੌਤੀ
ਸੰਤਾਂ ਨੂੰ ਬੜੀਆਂ ਕੀਮਤੀ ਕਾਰਾਂ ਦੇਣ ਨੂੰ, ਤੇ ਆਪਣਾ ਸਭ ਕੁੱਝ ਉਹਨਾ ਤੇ ਵਾਰਨ ਨੂੰ ਹੀ ਸੇਵਾ
ਸਮਝ ਰਿਹਾ ਹੈ। ਇਹਨਾ ਸਾਰੀਆਂ ਗਲ੍ਹਾਂ ਤੋਂ ਤਾਂ ਸਤਿਗੁਰੂ ਸਾਨੂੰ ਵਰਜ ਰਹੇ ਹਨ, ਗੁਰੂ ਸਾਹਿਬ
ਸਾਨੂੰ ਸਮਝਾ ਰਹੇ ਹਨ ਕਿ ਗੁਰੂ ਦੀ ਮੱਤ ਲਏ ਬਿਨ੍ਹਾ ਕੀਤੀ ਹੋਈ ਸੇਵਾ ਕਿਸੇ ਅਰਥ ਨਹੀ। ਗੁਰਬਾਣੀ
ਦਾ ਫੁਰਮਾਨ ਹੈ
ਮਤਿ ਥੋੜੀ ਸੇਵ ਗਵਾਈਐ॥ (੪੬੮)
ਪੰਜਾਬ ਦਾ ਕਿਸਾਨ ਅੱਜ ਭੁੱਖਾ ਮਰ ਰਿਹਾ ਹੈ, ਕਰਜ਼ੇ ਹੇਠ ਦਬ ਕੇ ਖੁਦਖੁਸ਼ੀ
ਕਰ ਰਿਹਾ ਹੈ, ਸਾਡੇ ਨੌਜਵਾਨ ਮੁੰਡੇ ਨਸ਼ੇ ਕਰ ਰਹੇ ਨੇ, ਤੇ ਚੰਗੇ ਪੜ੍ਹੇ ਹੋਏ ਨੌਜਵਾਨ ਬਾਹਰਲੇ
ਮੁਲਕਾਂ ਨੂੰ ਜਾ ਰਹੇ ਹਨ ਇਸ ਪਾਸੇ ਤਾਂ ਕੋਈ ਧਿਆਨ ਹੀ ਨਹੀ ਦੇ ਰਿਹਾ, ਤੇ ਸ਼੍ਰੋਮਣੀ ਕਮੇਟੀ ਵਾਲੇ
ਲੰਗਰ ਹਾਲਾਂ ਵਿੱਚ ਏ. ਸੀ ਲਵਾ ਰਹੇ ਹਨ। ਕੋਈ ਇਹਨਾ ਤੋਂ ਪੁੱਛਣ ਵਾਲਾ ਹੋਵੇ ਕਿ ਭੁੱਖੇ ਮਰ ਰਹੇ,
ਕਰਜ਼ੇ ਹੇਠ ਦਬੇ ਬੰਦਿਆਂ ਨੇ ਤੁਹਾਡੇ ਏ. ਸੀ ਸਿਰ `ਚ ਮਾਰਨੇ ਨੇ।
ਜੇ ਅੱਜ ਦਾ ਸਿੱਖ ਗੁਰਦਆਰੇ ਵਿੱਚ ਕੋਈ ਪੱਖਾ ਵੀ ਲਵਾ ਦਿੰਦਾ ਹੈ ਤਾਂ ਉਸ
ਉੱਤੇ ਬੜੇ-ਬੜੇ ਅੱਖਰਾਂ ਵਿੱਚ ਆਪਣਾ ਨਾਮ ਲਿਖਵਾਂਦਾ ਹੈ। ਅੱਜ ਸਾਡੀ ਬਹੁ ਗਿਣਤੀ ਤਾਂ ਬ੍ਰਾਹਮਣੀ
ਕਰਮਕਾਂਡਾ ਵਿੱਚ ਫੱਸ ਕੇ ਗਿਣਤੀ ਦਿਆਂ ਪਾਠਾਂ, ਕੀਰਤਨ ਦਰਬਾਰਾਂ, ਤੇ ਨਗਰ ਕੀਰਤਨਾ ਵਿੱਚ ਹੀ ਉਲਝੀ
ਬੈਠੀ ਹੈ। ਕੋਈ ਵਿਰਲਾ ਹੀ ਹੋਵੇਗਾ, ਜਿਹੜਾ ਗੁਰੂ ਸਾਹਿਬ ਦੀ ਮੱਤ ਅਨੁਸਾਰ ਮਨੁੱਖਤਾ ਦੀ ਸੇਵਾ ਕਰ
ਰਿਹਾ ਹੋਵੇ।
ਗੁਰੂ ਸਾਹਿਬ ਤਾਂ ਸਾਨੂੰ ਕਹਿ ਰਹੇ ਹਨ ਕਿ ਮਨੁੱਖਤਾ ਦੀ ਸੇਵਾ ਕਰਨੀ
ਚਾਹੀਦੀ ਹੈ, ਇਹ ਸੇਵਾ ਹੀ ਪਰਮਾਤਮਾ ਦੀ ਦਰਗਾਹ ਵਿੱਚ ਪਰਵਾਨ ਹੈ। ਪਰ ਦੁਨੀਆ ਦੀ ਸੇਵਾ ਅਸੀਂ ਤਾਂ
ਕਰੀਏ ਜੇ ਸਾਨੂੰ ਡੇਰੇਦਾਰਾਂ ਦੀ ਚਾਕਰੀ ਕਰਨ ਤੋਂ ਵਿਹਲ ਮਿਲੇ। ਗੁਰਬਾਣੀ ਦਾ ਪਾਵਨ ਫੁਰਮਾਨ ਹੈ
ਵਿਚਿ ਦੁਨੀਆ ਸੇਵ ਕਮਾਈਐ॥
ਤਾ ਦਰਗਹ ਬੈਸਣੁ ਪਾਈਐ॥ (੨੬)
ਅੱਜ ਸਾਨੂੰ ਲੋੜ ਹੈ ਗੁਰਬਾਣੀ ਨੂੰ ਪਹਿਲਾਂ ਆਪ ਸਮਝਣ ਦੀ, ਗੁਰਬਾਣੀ
ਅਨੁਸਾਰ ਜ਼ਿੰਦਗੀ ਨੂੰ ਢਾਲਣ ਦੀ ਅਤੇ ਗੁਰੂ ਸਾਹਿਬ ਦੇ ਇਹਨਾ ਕੀਮਤੀ ਉਪਦੇਸ਼ਾਂ ਨੂੰ ਘਰ-ਘਰ ਪਰਚਾਰਨ
ਦੀ। ਆਉ ਅਸੀ ਸਾਰੇ ਇਹਨਾ ਬ੍ਰਾਹਮਣੀ ਕਰਮਕਾਂਡਾ ਤੋਂ ਪਿਛਾ ਛਡਾ ਕੇ ਤੇ ਆਪਣੇ ਨਿਜੀ ਸਵਾਰਥਾਂ ਤੋਂ
ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰੀਏ, ਤਾਂ ਕਿ ਕਰਜ਼ੇ ਹੇਠ ਦਬੇ ਤੇ ਨਸ਼ਿਆਂ ਵਿੱਚ ਫੱਸੇ ਸਾਡੇ
ਵੀਰਾਂ ਤੇ ਬਜ਼ੁਰਗਾਂ ਨੂੰ ਬਚਾ ਸਕੀਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥
ਹਰਮਨਪ੍ਰੀਤ ਸਿੰਘ (ਨਿਉਜ਼ੀਲੈਂਡ)