(ਸਰਦਾਰ ਬਲਦੇਵ ਸਿੰਘ ਟੋਰਾਂਟੋ ਦੀ ਛਪਣ ਜਾ ਰਹੀ ਪੁਸਤਕ ‘ਗੁਰਮਤਿ ਗਿਆਨ ਦਾ
ਚਾਨਣ’ ਅਸੀਂ ‘ਸਿੱਖ ਮਾਰਗ’ ਦੇ ਪਾਠਕਾਂ ਲਈ ਲੜੀਵਾਰ ਪਉਣ ਜਾ ਰਹੇ ਹਾਂ। ਉਮੀਦ ਹੈ ਕਿ ਸਾਡੇ ਪਾਠਕ
ਇਸ ਨੂੰ ਪੜ੍ਹ ਕੇ ਆਪਣੇ ਗਿਆਨ ਵਿੱਚ ਵਾਧਾ ਕਰਨਗੇ ਅਤੇ ਲੇਖਕ ਦੀ ਹੌਂਸਲਾ ਅਫਜਾਈ ਕਰਨਗੇ-ਸੰਪਾਦਕ)
ਕੁਝ ਸ਼ਬਦ: ਬਲਦੇਵ ਸਿੰਘ
ਹਿੰਦੁਸਤਾਨ ਦੇ ਖਿੱਤੇ ਵਿੱਚ ਕਈ ਹਜਾਰਾਂ ਸਾਲਾਂ ਤੋਂ ਬ੍ਰਾਹਮਣ ਜਾਤੀ ਵਲੋ
ਜਿਨਸੀ ਵੰਡ, ਕਰਮ-ਕਾਂਡ ਅਤੇ ਭਰਮ-ਵਹਿਮ ਦੇ ਜਾਲ ਵਰਤ ਕੇ ਲੋਕਾਂ ਉਪਰ ਜੁਲਮ ਢਾਹੇ ਜਾ ਰਹੇ ਹਨ। ਇਸ
ਦੇ ਖਿਲਾਫ ਪਤਾ ਨਹੀਂ ਕਿਤਨੇ ਹੀ ਸੂਝਵਾਨ ਅਤੇ ਜਾਗੇ ਹੋਏ ਸੂਰਬੀਰਾਂ ਨੇ ਕੁਰਬਾਨੀਆਂ ਦਿਤੀਆ ਹਨ।
ਇਨ੍ਹਾਂ ਸੂਰਮਿਆ ਵਿਚੋਂ ਕੁੱਝ ਗੁਰਮੁਖਿ ਲੋਕ ਜਿਵੇਂ ਪ੍ਰਹਿਲਾਦ, ਧਰੂ, ਸਦਾਮਾ, ਅਜਾਮਲ, ਗਣਕਾ,
ਕੁਬਜਾ, ਬਾਲਮੀਕ, ਆਦਿ ਵਰਗੇ ਲੋਕ ਕਥਾਵਾਂ ਦੇ ਨਾਇਕ (ਹੀਰੋ) ਬਣ ਗਏ। ਬ੍ਰਾਹਮਣਵਾਦ ਦੇ ਹਿਮਾਇਤੀਆਂ
ਨੇ ਇਹਨਾਂ ਗੁਰਮੁਖਾਂ ਨੂੰ ਛੁਟਿਆਉਣ ਲਈ ਇੱਕ ਪਾਸੇ ਤਾਂ ਇਹਨਾਂ ਨੂੰ ਦੁਸਟ, ਮਲੇਸ਼, ਚੰਡਾਲ, ਪਾਪੀ,
ਵੇਸਵਾ ਆਦਿਕ ਕਹਿਣਾ ਸੁਰੂ ਕਰ ਦਿਤਾ ਅਤੇ ਦੂਜੇ ਪਾਸੇ ਇਨ੍ਹਾਂ ਨੂੰ ਦੇਵੀ ਦੇਵਤਿਆ ਦੇ ਪੁਜਾਰੀ,
ਕਰਮ-ਕਾਂਡੀ ਅਤੇ ਬਰਾਹਮਣਵਾਦ ਦੇ ਪੈਰੋਕਾਰ ਦਰਸਾਉਣ ਲਈ ਇਹਨਾਂ ਦੇ ਨਾਵਾਂ ਨਾਲ ਮਨਘੜਤ ਕਹਾਣੀਆ ਜੋੜ
ਲਈਆਂ। ਭਗਤ ਨਾਮਦੇਵ ਅਤੇ ਭਗਤ ਕਬੀਰ ਨੇ ਆਪਣੇ ਸ਼ਬਦਾਂ ਦੁਆਰਾ ਸਪੱਸਟ ਕੀਤਾ ਹੈ ਕਿ ਪ੍ਰਹਿਲਾਦ,
ਧਰੂ, ਸਦਾਮਾ, ਅਜਾਮਲ, ਗਣਕਾ, ਕੁਬਜਾ ਅਤੇ ਬਾਲਮੀਕ ਵਰਗੇ ਲੋਕ ਗੁਰਮੁਖਿ ਸਨ ਅਤੇ ਇਨ੍ਹਾਂ ਨੇ
ਬ੍ਰਾਹਮਣਵਾਦ ਦਾ ਜਬਰਦਸਤ ਵਿਰੋਧ ਕੀਤਾ। ਫਿਰ ਗੁਰੁ ਸਹਿਬਾਨ ਨੇ ਭੀ ਆਪਣੀ ਬਾਣੀ ਵਿੱਚ ਇਹੀ ਗਲ ਕਹੀ
ਅਤੇ ਨਾਲ-ਨਾਲ ਨਾਮਦੇਵ, ਕਬੀਰ, ਰਵਿਦਾਸ ਅਤੇ ਧੰਨੇ ਜਿਹੇ ਗੁਰਮੁਖਾਂ ਨਾਲ ਜੋੜੀਆਂ ਮਨਘੜਤ
ਕਰਮ-ਕਾਂਡੀ ਕਹਾਣੀਆਂ ਦਾ ਖੰਡਣ ਕੀਤਾ।
ਬੜੇ ਦੁੱਖ ਅਤੇ ਸ਼ਰਮ ਦੀ ਗਲ ਹੈ ਕਿ ਪੰਜ ਸਦੀਆਂ ਪਹਿਲਾਂ ਗੁਰੁ ਨਾਨਾਕ ਨੇ
ਲੋਕਾਂ ਨੂੰ ਬ੍ਰਾਹਮਣਵਦ ਦੇ ਜਾਲ ਵਿਚੋਂ ਮੁਕਤ ਕਰਾਕੇ ਇੱਕ ਨਿਆਰੇ ਅਤੇ ਨਿਰਮਲ ਪੰਥ ਦੀ ਸਾਜਣਾ
ਕੀਤੀ ਸੀ। ਪਰ, ਅੱਜ ਇਕੀਵੀਂ ਸਦੀ (ਸਾਂਇਸ ਦੇ ਸੁਨਿਹਰੀ ਜੁਗ) ਵਿੱਚ ਸਿੱਖ ਹੀ ਕਰਮ ਕਾਂਡ ਦੀ ਦਲਦਲ
ਵਿੱਚ ਫਸ ਗਏ ਹਨ ਅਤੇ ਛਾਲਾਂ ਮਾਰ ਮਾਰ ਕੇ ਬ੍ਰਾਹਮਣਾਦ ਦੀ ਹਮਾਇਤ ਵਿੱਚ ਵਫਾਦਾਰੀ ਦਿਖਾਉਣ ਲਈ
ਝੰਡੇ ਫੜਕੇ ਅੱਗੇ ਆ ਰਹੇ ਹਨ। ਸਿੱਖਾਂ ਦੀ ਇਸ ਜਹਾਲਤ, ਸਿੱਖੀ ਦੇ ਨਾਂ ਥਲੇ ਪਾਖੰਡ ਹੀ ਪਖੰਡ,
ਸਿੱਖ ਸਦਾਚਾਰਕ ਕਦਰਾਂ-ਕੀਮਤਾਂ ਅਤੇ ਅਸੂਲਾਂ ਨੂੰ ਦਿੱਤੀ ਤਿਲਾਂਜਲੀ ਨੇ ਬਲਦੇਵ ਸਿੰਘ ਵਰਗੇ
ਅਨੇਕਾਂ ਸੂਝਵਾਨ ਗੁਰਸਿਖਾਂ ਦੇ ਹਿਰਦਿਆਂ ਨੂੰ ਵਲੂੰਧਰ ਕਰਕੇ ਰੱਖ ਦਿਤਾ ਹੈ। ਬਲਦੇਵ ਸਿੰਘ ਨੇ
ਆਪਣੀ ਸਿੱਖ ਪੰਥ ਬਾਰੇ ਚਿੰਤਾ ਨੂੰ
“ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ
ਚਲੇ ਹਮ ਕਛੂ ਨ ਲੀਆ॥” ਰਾਹੀਂ ਪ੍ਰਗਟ ਕੀਤਾ ਹੈ।
ਇਹੋ ਜਿਹੀ ਗੁਰਬਾਣੀ ਦੀ ਸ਼ੁਧ ਵਿਆਖਿਆ ਮੈਂ ਪਹਿਲਾਂ ਨਾਂ ਕਦੇ ਸੁਣੀ ਹੈ ਅਤੇ ਨਾਂ ਕਦੇ ਪੜ੍ਹੀ ਹੈ।
ਇਨ੍ਹਾਂ ਦੀ ਵਿਆਖਿਆ ਵਿਲੱਖਣ ਹੈ। ਮੈਂ ਇਸ ਲਿਖਤ ਦੀ ਪੁਰ-ਜੋਰ ਸਫਾਰਸ਼ ਕਰਦਾ ਹਾਂ ਅਤੇ ਬੇਨਤੀ ਕਰਦਾ
ਹਾਂ ਕਿ ਹਰ-ਇਕ ਗਰੰਥੀ, ਕਥਾਵਾਚਕ, ਕੀਰਤਨੀਆ, ਸੰਤ, ਬਾਬਾ ਅਤੇ ਸਿੱਖ ਇਸ ਅਣਮੁਲੀ ਕਤਾਬ ਨੂਂ
ਪੜ੍ਹੇ ਅਤੇ ਵਿਚਾਰੇ।
Baldev Singh (P.H.D.)
2035 Tres Picos Drive
Yuba City, CA 95993
USA
Telephone: 530-870-8040
ਆਰੰਭਕਾ
ਸਮਾਂ ਆਪਣੀ ਚਾਲੇ ਕੁਦਰਤ ਦੇ ਬਣਾਏ ਹੋਏ ਨੇਮ ਅਨੁਸਾਰ ਚਲੀ ਜਾਂਦਾ ਹੈ ਅਤੇ
ਚਲੀ ਹੀ ਜਾਣਾ ਹੈ। ਸਮਾਂ ਕਿਸੇ ਦੀ ਉਡੀਕ ਵੀ ਨਹੀਂ ਕਰਦਾ। ਉਂਝ ਵੀ ਸਮੇ ਨੂੰ ਕੋਈ ਆਪਣੀ ਚਾਲੇ
ਚਲਾਉਣਾ ਚਾਹੇ ਤਾ ਬਹੁਤੀ ਸਿਆਣਪ ਨਹੀਂ ਕਹੀ ਜਾ ਸਕਦੀ। ਬੀਤਿਆ ਸਮਾ ਕਦੀ ਵਾਪਸ ਵੀ ਨਹੀਂ ਮਿਲਦਾ।
ਹੱਥੋਂ ਵਿਅਰਥ ਨਿਕਲ ਚੁੱਕੇ ਸਮੇ ਬਾਰੇ ਜੇਕਰ ਸੋਚਿਆ ਜਾਏ ਪਛਤਾਵੇ ਤੋਂ ਛੁੱਟ ਕੁਛ ਵੀ ਪੱਲੇ ਨਹੀ
ਪੈ ਸਕਦਾ। ਇਹ ਗੱਲ ਜਰੂਰ ਸੱਚ ਮੰਨੀ ਜਾ ਸਕਦੀ ਹੈ, ਜੇਕਰ ਕੋਈ ਮਨੁੱਖ ਬੀਤੇ ਤੋਂ ਸਿਖਣਾ ਚਾਹੇ ਤਾਂ
ਬੀਤੇ ਸਮੇ ਦੀਆਂ ਗਲਤੀਆਂ ਤੋਂ ਤੌਬਾ ਕਰਨ ਵਾਲਾ ਮਨੁੱਖ ਬੀਤੇ ਤੋਂ ਸਿੱਖ ਜਰੂਰ ਸਕਦਾ ਹੈ। ਸਿਖ ਤਾਂ
ਸਕਦਾ ਹੈ ਜੇਕਰ ਅਗੇ ਤੋਂ ਸਮਝਕੇ ਚੱਲਣ ਦਾ ਪ੍ਰਣ ਕਰੇ ਅਤੇ ਸਮੇ ਦਾ ਹਾਂਣੀ ਬਣੇ। ਸਿਖ ਨੂੰ
ਗੁਰਬਾਂਣੀ ਦੀ ਸਹੀ ਸੂਝ ਹੀ ਹਰ ਸਮੇ ਦਾ ਹਾਂਣੀ ਬਣਾਂ ਸਕਦੀ ਹੈ। ਸਿਖ ਦੇ ਜੀਵਨ ਵਿੱਚੋ ਜੇਕਰ
ਗੁਰਬਾਣੀ ਨੂੰ ਮਨਫੀ ਕਰ ਦਿੱਤਾ ਜਾਵੇ ਤਾਂ ਇੰਝ ਸਮਝੋ ਜਿਵੇ ਬਿਨਾਂ ਸੁਆਸਾ ਦੇ ਲਾਸ਼।
ਅਜ ਦੇ ਅਜੋਕੇ ਸਿਖ ਦੇ ਸਮਾਜਕ ਜੀਵਣ ਵਿੱਚੋ ਵੀ ਜਿਆਦਾਤਰ ਗੁਰਮਤਿ ਮਨਫੀ ਹੀ
ਵੇਖਣ ਨੂੰ ਨਜਰ ਆ ਰਹੀ ਹੈ। ਉਸਦਾ ਦਾ ਸੱਭ ਤੋਂ ਵੱਡਾ ਕਾਰਨ ਇਹ ਹੈ ਕਿ ਅਜੋਕੇ ਸਿਖ ਨੂੰ ਇੱਕ ਸਾਜਸ਼
ਅਧੀਨ ਗੁਰਬਾਣੀ ਤੋ ਪਰੇ ਕਰ ਦਿੱਤਾ ਗਿਆ ਹੈ। ਅਜੋਕੇ ਸਿਖ ਦੇ ਅੰਦਰ ਗੁਰੂ ਨਾਲ ਪਿਆਰ ਦੀ ਝਲਕ ਤਾਂ
ਨਜਰ ਆਉਦੀ ਹੈ ਪਰ ਗੱਲ ਗੁਰੂ ਦੀ ਇੱਕ ਵੀ ਮੰਨਣ ਨੂੰ ਤਿਆਰ ਨਹੀ। ਇਸ ਦਾ ਕਾਰਣ ਇਹ ਹੀ ਹੈ ਕਿ ਸਿਖ
ਗੁਰਬਾਣੀ ਤੋ ਪਰੇ ਹੀ ਚਲ ਰਿਹਾ ਹੈ। ਗੁਰਮਤਿ ਦੀ ਸੂਝ ਦੇ ਦਾਇਰੇ ਅੰਦਰ ਆਉਣ ਬਾਰੇ ਸੋਚ ਹੀ ਨਹੀ
ਰਿਹਾ। ਇਸੇ ਤਰ੍ਹਾਂ ਦੀ ਮਾਨਸਕਤਾ ਦਾ ਦਾਸ ਵੀ ਸ਼ਿਕਾਰ ਸੀ। ਉਂਝ ਵੀ ਗੁਰਮਤਿ ਦੇ ਦਾਇਰੇ ਅੰਦਰ ਦਾਖਲ
ਹੋਣ ਵਾਲੇ ਸਾਰੇ ਰਸਤਿਆ ਉਪਰ ਸਿਖੀ ਭੇਸ ਅੰਦਰ ਪਹਿਰੇਦਾਰ ਖੜੇ ਕਰਕੇ ਬੰਦ ਕਰ ਦਿੱਤੇ ਗਏ ਹਨ।
ਅਜੋਕੇ ਸਿਖ ਦਾ ਫਰਜ ਤਾਂ ਇਹ ਬਣਦਾ ਸੀ ਕਿ ਇਨ੍ਹਾਂ ਨੂੰ ਪਾਸੇ ਕਰਕੇ ਸਿੱਧਾ ਗੁਰੂ ਨਾਲ ਆਪਣਾ ਸਬੰਧ
ਬਣਾਉਦਾ, ਪਰ ਵਾਪਰ ਇਸ ਦੇ ਉਲਟ ਰਿਹਾ ਹੈ। ਅਗਰ ਜੇਕਰ ਕੋਈ ਸਿਖ ਗੁਰੂ ਨਾਲ ਆਪਣਾ ਸਿੱਧਾ ਸਬੰਧ
ਬਣਾਉਣਾ ਚਾਹੇ ਤਾਂ ਪਹਿਰੇਦਾਰ ਉਸ ਨੂੰ ਰੋਕਦਾ ਹੈ। ਅਜੋਕਾ ਸਿਖ, ਧੜੇਬੰਦੀਆਂ ਵਿੱਚ ਵੰਡਿਆ ਹੋਇਆ,
ਪਹਿਰੇਦਾਰਾ ਦੀ ਮਦਦ ਕਰਨ ਲਈ ਨਿਤਰਕੇ ਉਲਟਾ ਸਗੋ ਮਰਨ ਮਾਰਨ ਤੇ ਆ ਉਤਰਦਾ ਹੈ। ਇਹ ਇੱਕ ਸੱਭ ਤੋ
ਵੱਡਾ ਦੁਖਾਤ ਹੈ। ਦੂਸਰੀ ਗੱਲ ਸਿਖ ਨੂੰ ਗੁਰਬਾਣੀ ਤੋਂ ਦੂਰ ਕਰਨ ਵਾਸਤੇ ਇਹ ਪ੍ਰਚਾਰੀ ਜਾਂਦੀ ਹੈ
ਕਿ ਗੁਰਬਾਣੀ ਅਗਾਧ ਬੋਧ ਹੈ। ਗੁਰੂ ਪਾਤਸ਼ਾਹ ਆਪ ਹੀ ਜਾਣਦੇ ਹਨ। ਇਹ ਤਾਂ ਗੱਲ ਸੱਚੀ ਹੈ ਕਿ ਗੁਰੂ
ਪਾਤਸਾਹ ਤਾਂ ਸੱਭ ਕੁੱਝ ਜਾਣਦੇ ਹਨ। ਇਸ ਗੱਲ ਤੋ ਵੀ ਮੁਨਕਰ ਨਹੀ ਹੋਇਆ ਜਾ ਸਕਦਾ। ਸੱਚ ਨੂੰ ਜਾਨਣ
ਵਾਸਤੇ ਹੀ ਇਹ ਸੱਚਾ ਸੁੱਚਾ ਸਿਧਾਂਤ ਸਾਡੀ ਝੋਲੀ ਪਾਇਆ ਹੈ ਤਾਂ ਜੋ ਕਿ ਸਿਖ ਵੀ ਸੱਚ ਨੂੰ ਸਮਝ
ਸਕੇ। ਇੱਕ ਵਾਰ ਦਾਸ ਨੇ ਗੁਰਦਵਾਰੇ ਦੀ ਸਟੇਜ ਤੋਂ ਗੁਰਮਤਿ ਸਿਧਾਂਤ ਬਾਰੇ ਕੁੱਝ ਸਬਦ ਕਹੇ। ਉਸ ਤੋਂ
ਬਾਅਦ ਕਿਸੇ ਪਹਿਰੇਦਾਰ ਨੇ ਬੋਲਣਾ ਸੀ। ਉਹ ਇਹ ਬੋਲਿਆ ਕਿ ਫੈਕਟਰੀਆਂ ਵਿੱਚ ਪੰਜ ਪੰਜ ਡਾਲਰ ਤੇ ਕੰਮ
ਕਰਨ ਵਾਲੇ ਆ ਜਾਂਦੇ ਹਨ ਸਟੇਜ ਉਪਰ। ਇਹ ਕੀ ਜਾਨਣ ਗੁਰਮਤਿ ਸਿਧਾਂਤ ਬਾਰੇ, ਜੋ ਕੁੱਝ ਵੀ ਉਹ ਬੋਲ
ਸਕਦਾ ਸੀ ਵੱਧ ਤੋ ਵੱਧ ਬੋਲਿਆ। ਇਹ ਸੁਣ ਕੇ ਕੁੱਝ ਮਾਜੂਸੀ ਹੋਈ ਕਿਉਂਕਿ ਦਾਸ ਗੁਰਮਤਿ ਬਾਰੇ ਬਹੁਤਾ
ਕੁੱਝ ਜਾਣਦਾ ਵੀ ਨਹੀ ਸੀ। ਦਾਸ ਨੇ ਕਿਸੇ ਪੰਥ ਦਰਦੀ ਦੇ ਲਿਖੇ ਹੋਏ ਲੇਖ ਵਿੱਚੋ ਹੀ ਕੁੱਝ ਸਬਦ ਲੈ
ਕਰ ਬੋਲੇ ਸਨ।
ਕਈ ਚਿਰ ਇਹ ਸਵਾਲ ਆਪਣੇ ਮਨ ਨਾਲ ਹੀ ਹੱਲ ਕਰਨ ਦਾ ਯਤਨ ਕਰਦਾ ਰਿਹਾ। ਕਿਸੇ
ਨਤੀਜੇ ਤੇ ਨਾ ਪਹੁੰਚ ਸਕਿਆ। ਬੱਚੇ ਵੀ ਕਈ ਵਾਰ ਘਰ ਵਿੱਚ ਗੁਰਮਤਿ ਬਾਰੇ ਸਵਾਲ ਕਰਦੇ, ਉਨ੍ਹਾਂ ਨੂੰ
ਵੀ ਕਈ ਵਾਰ ਸੰਤੁਸ਼ਟ ਨਾ ਕਰ ਸਕਦਾ। ਹਿੰਮਤ ਕਰਕੇ ਸਹਿਜ ਪਾਠ ਕਰਨ ਦਾ ਮਨ ਬਣਾਇਆਂ ਤਾਂ ਸੰਤੁਸ਼ਟੀ
ਮਿਲੀ। ਜਿਹੜਾ ਇਹ ਸਵਾਲ ਸੀ ਕਿ ਫੈਕਟਰੀਆਂ ਵਿੱਚ ਪੰਜ ਪੰਜ ਡਾਲਰ ਤੇ ਕੰਮ ਕਰਨ ਵਾਲੇ ਗੁਰਮਤਿ ਨੂੰ
ਕੀ ਜਾਨਣ, ਗੁਰਮਤਿ ਨੇ ਹੱਲ ਕਰ ਦਿੱਤਾ।
ਸਲੋਕ ਮਃ ੧॥
ਗਿਆਨ ਵਿਹੂਣਾ ਗਾਵੈ ਗੀਤ॥ ਭੁਖੇ ਮੁਲਾਂ ਘਰੇ ਮਸੀਤਿ॥
ਮਖਟੂ ਹੋਇ ਕੈ ਕੰਨ ਪੜਾਏ॥ ਫਕਰੁ ਕਰੇ ਹੋਰੁ ਜਾਤਿ ਗਵਾਏ॥
ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ॥
ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ ੧॥
ਗੁਰੂ ਗ੍ਰੰਥ ਸਾਹਿਬ, ਪੰਨਾ ੧੨੪੫
ਜਦੋ ਇਹ ਗੁਰਮਤਿ ਦੇ ਸਬਦ ਪੜਨ ਨੂੰ ਮਿਲੇ ਤਾਂ ਮਨ ਦਾ ਸਵਾਲ ਹੱਲ ਹੋਇਆ ਅਤੇ
ਮਨ ਵਿੱਚ ਗੁਰੂ ਗ੍ਰੰਥ ਸਹਿਬ ਪ੍ਰਤੀ ਦ੍ਰਿੜ ਵਿਸਵਾਸ ਵੀ। ਅਖੌਤੀ ਪਹਿਰੇਦਾਰਾਂ ਨੂੰ ਗੁਰਮਤਿ
ਸਿਧਾਂਤ ਅੰਦਰ ਕੋਈ ਰਾਖਵੇ ਹੱਕ ਨਹੀ ਦਿੱਤੇ ਗਏ ਹਨ। ਕਿਰਤੀ, ਘਾਲਣਾਂ ਘਾਲਕੇ, ਕਿਰਤ ਕਰਕੇ ਖਾਣ
ਵਾਲੇ ਹੀ ਇਹ ਰਾਹ ਪਛਾਣ ਸਕਦੇ ਹਨ। ਇਹ ਸਬਦ ਹਰੇਕ ਪ੍ਰਾਣੀ ਨੂੰ ਕਿਰਤ ਕਰਦਿਆ ਹੋਇਆ ਸੱਚ ਨਾਲ ਜੁੜਨ
ਦੀ ਪ੍ਰੇਣਾ ਕਰਦਾ ਹੈ। ਜਿਹੜੇ ਇਹ ਕਹਿ ਕਰ ਮਾਨਵਤਾ ਨੂੰ ਭਲੇਖੇ ਵਿੱਚ ਰੱਖਣਾ ਚਾਹੁੰਦੇ ਹਨ ਕਿ
ਕਾਰਖਾਨਿਆਂ ਵਿੱਚ ਪੰਜ ਪੰਜ ਡਾਲਰ ਲਈ ਕੰਮ ਕਰਨ ਵਾਲੇ ਇਹ ਸੱਚ ਜਾਣ ਨਹੀ ਸਕਦੇ। ਇਹ ਸਬਦ ਉਨ੍ਹਾਂ
ਨੂੰ ਵੀ ਸਵੈ ਪੜਚੋਲ ਅਤੇ ਕਿਰਤ ਕਰਕੇ ਖਾਣ ਲਈ ਪ੍ਰੇਰਣਾ ਕਰਦਾ ਹੈ। ਦਰਅਸਲ ਸਿਖੀ ਹੈ ਹੀ ਸੱਚੀ
ਸੁੱਚੀ ਕਿਰਤ ਕਰਕੇ, ਬਗੈਰ ਰੰਗ ਨਸਲ ਜਾਤ ਪਾਤ ਦੇ ਵੰਡ ਕੇ ਛਕਣ ਅਤੇ ਰੱਬ ਦੀ ਰਜਾਂ ਵਿੱਚ ਰਹਿਣ ਦੀ
ਸਿਖਿਆ ਦਾ ਨਾਮ ਹੈ। ਸੋ ਹਰੇਕ ਸਿਖ ਨੂੰ ਗੁਰਬਾਣੀ ਨਾਲ ਸਿੱਧਾ ਰਿਸ਼ਤਾ ਜੋੜਨਾ ਚਾਹੀਦਾ ਹੈ। ਇਸੇ
ਕਰਕੇ ਹੀ ਆਮ ਲੋਕਾਂ ਦੀ ਭਾਸ਼ਾ ਵਿੱਚ ਗੁਰਬਾਣੀ ਲਿਖੀ ਗਈ ਹੈ। ਇਸੇ ਕਰਕੇ ਦਾਸ ਦੀ ਬੇਨਤੀ ਹੈ ਕਿ
ਸਮੇ ਦੇ ਨਾਲ ਚਲਣ ਲਈ ਅਤੇ ਸਮੇ ਦੇ ਹਾਣੀ ਬਣਨ ਲਈ, ਗੁਰਮਤਿ ਦੀ ਸੂਝ ਬਹੁਤ ਜਰੂਰੀ ਹੈ। ਗੁਰਮਤਿ
ਸਿਧਾਂਤ ਸਿਰਫ ਸਾਡੇ ਵਾਸਤੇ ਹੀ ਨਹੀ ਸਗੋ ਸਮੁੱਚੀ ਮਾਨਵਤਾ ਲਈ ਹੈ। ਸਾਡੀ ਭਾਸ਼ਾ ਵਿੱਚ ਲਿਖਿਆ ਹੋਣ
ਕਰਕੇ ਸਾਡੀ ਅੱਜ ਜੁਮੇਵਾਰੀ ਬਣਦੀ ਹੈ ਕਿ ਆਪ ਇਸ ਵਡਮੁਲੇ ਖਜਾਨੇ ਨੂੰ ਖੋਲੀਏ, ਸੱਚ ਨੂੰ ਜਾਣੀਏ
ਅਤੇ ਮਾਣੀਏ। ਸੰਸਾਰ ਪੱਧਰ ਤਕ ਲੈ ਕਰ ਜਾਈਏ ਤਾਂ ਜੋ ਕਿ ਮਾਨਵਤਾ ਦਾ ਭਲਾ ਹੋ ਸਕੇ।
ਦਾਸ ਨੇ ਕੁੱਝ ਚੋਣਵੇ ਸਬਦਾ ਦੀ ਵਿਆਖਿਆ ਗੁਰਮਤਿ ਅਨੁਸਾਰ ਕਰਨ ਦੀ ਕੋਸਿਸ਼
ਕੀਤੀ ਹੈ। ਜਿਵੇ ਨਾਮਦੇਵ ਜੀ ਵਲੋ ਮੰਦਰ ਜਾਣਾ, ਕਬੀਰ ਸਹਿਬ ਨੂੰ ਗੰਗਾ ਵਿੱਚ ਸੁਟਣਾ, ਨਾਮਦੇਵ ਜੀ
ਵਲੋ ਮਰੀ ਗਊ ਜੀਵਾਲਣੀ, ਕਬੀਰ ਜੀ ਨੂੰ ਹਾਥੀ ਅੱਗੇ ਸੁੱਟਣਾ, ਧੰਨਾ ਜੀ ਵਲੋ ਪੱਥਰ ਪੂਜਕੇ ਪ੍ਰਭੂ
ਪ੍ਰਾਪਤੀ ਕਰਨੀ, ਪੁਤੀਂ ਗੰਢ ਪਵੈ ਸੰਸਾਰ, ਪ੍ਰਹਿਲਾਦ ਜੀ ਦਾ ਵਿਸ਼ਾ ਅਤੇ ਇਸਦੇ ਨਾਲ ਹੋਰ ਵੀ ਬਹੁਤ
ਸਾਰੇ ਸਬਦ ਹਨ। ਜਿਨ੍ਹਾਂ ਦੀ ਗੁਰਮਤਿ ਅਨੁਸਾਰ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਾਠਕਾਂ ਨੂੰ
ਗੁਰਮਤਿ ਦੀ ਕਸਵੱਟੀ ਉਪਰ ਪਰਖਣ ਦਾ ਪੂਰਾ ਪੂਰਾ ਹੱਕ ਹੈ।
ਨੋਟ – ਇਸ ਕਿਤਾਬ ਨੂੰ ਸਿਰੇ ਚਾੜ੍ਹਨ ਵਿੱਚ ਜਿਨ੍ਹਾਂ ਗੁਰਸਿਖਾਂ ਵਲੋ ਦਾਸ
ਦਾ ਸੰਜੋਗ ਦਿੱਤਾ ਗਿਆ ਹੈ, ਦਾਸ ਉਨ੍ਹਾਂ ਦਾ ਬਹੁਤ ਧੰਨਵਾਦੀ ਹੈ। ਦਾਸ ਵਾਹਿਗੁਰੂ ਅਗੇ ਬੇਨਤੀ
ਕਰਦਾ ਹੈ ਕਿ ਇਨ੍ਹਾਂ ਗੁਰਸਿਖਾਂ ਨੂੰ ਵਾਹਿਗੁਰੂ ਹੋਰ ਵੀ ਗੁਰਸਿਖੀ ਪ੍ਰਤੀ ਪਿਆਰ ਸਤਿਕਾਰ ਅਤੇ
ਦ੍ਰਿੜਤਾ ਬਖਸੇ ਅਤੇ ਇਸ ਤੋ ਵੀ ਵਧੇਰੇ ਦ੍ਰਿੜਤਾ ਨਾਲ ਗੁਰਮਤਿ ਦੇ ਕਾਰਜਾਂ ਵਿੱਚ ਵੱਧ ਚੜਕੇ ਇਸੇ
ਤਰਾਂ ਯੋਗਦਾਨ ਪਾਉਦੇ ਰਹਿਣ। ਉਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ: -
ਸਰਦਾਰ ਪਾਲ ਸਿੰਘ ਪੁਰੇਵਾਲ (ਨਾਨਕਸ਼ਾਹੀ ਕੈਲੰਡਰ ਵਾਲੇ)
ਨੌਜਵਾਨ ਹਰਮਨਜੀਤ ਸਿੰਘ
ਨੌਜਵਾਨ ਰਣਦੀਪ ਸਿੰਘ
ਗੁਰੂ ਪੰਥ ਦਾ ਦਾਸ
ਬਲਦੇਵ ਸਿੰਘ (ਕੈਨੇਡਾ)
*********************************************************************
ਜਿਉ ਜਿਉ ਨਾਮਾ ਹਰਿ ਗੁਣ ਉਚਰੈ
ਜਿਉ ਜਿਉ ਨਾਮਾ ਹਰਿ ਗੁਣ ਉਚਰੈ॥
ਭਗਤ ਜਨਾਂ ਕਉ ਦੇਹੁਰਾ ਫਿਰੈ॥
ਗੁਰੂ ਗ੍ਰੰਥ ਸਾਹਿਬ, ਪੰਨਾ ੧੧੬੪
ਗੁਰਬਾਣੀ ਨੂੰ ਗੁਰਮਤਿ ਵੀਚਾਰਧਾਰਾ ਅਨੁਸਾਰ ਜ਼ਰਾ ਗਹੁ ਨਾਲ ਵੀਚਾਰੀਏ ਤਾਂ
ਗੁਰਬਾਣੀ ਹਰ ਪੱਖ ਤੋਂ ਸੰਪੂਰਨ ਹੈ। ਗੁਰਮਤਿ ਵੀਚਾਰਧਾਰਾ ਹਰ ਕਰਮਕਾਂਡੀ ਮਿਥ ਦਾ ਖੰਡਣ ਕਰਦੀ ਹੈ।
ਪਰ ਸਦੀਆਂ ਤੋਂ ਕਰਮਕਾਂਡਾਂ ਵਿੱਚ ਫਸੀ ਮਨੁੱਖਤਾ ਉੱਪਰ ਕਰਮਕਾਂਡਾਂ ਦਾ ਬਹੁਤ ਵੱਡਾ ਪ੍ਰਭਾਵ ਹੈ,
ਜੋ ਅਜ ੨੧ਵੀਂ ਸਦੀ ਅੰਦਰ ਵੀ ਜਿਉਂ ਦਾ ਤਿਉਂ ਹੀ ਚਲਿਆ ਆਉਂਦਾ ਹੈ। ਜਿਹੜੀਆਂ ਕਰਮਕਾਂਡੀ ਮਿਥਾਂ,
ਕਹਾਣੀਆਂ ਦਾ ਗੁਰੂ ਸਾਹਿਬਾਨ ਅਤੇ ਭਗਤਾਂ ਨੇ ਖੰਡਣ ਕਰਕੇ ਸਮੁੱਚੀ ਮਨੁੱਖਤਾ ਨੂੰ ਇਸ ਕਰਮਕਾਂਡੀ
ਦਲਦਲ ਵਿੱਚੋਂ ਨਿਕਲਣ ਵਾਸਤੇ ਪ੍ਰੇਰਣਾ ਕਰਕੇ ਉਤਸ਼ਾਹਤ ਕੀਤਾ ਸੀ; ਮਨੁੱਖਤਾ ਫਿਰ ਉਸੇ ਹੀ ਕਰਮਕਾਂਡੀ
ਦਲਦਲ ਵਿੱਚੋਂ ਨਿਕਲਣ ਦੀ ਥਾਂ ਧਸਦੀ ਜਾ ਰਹੀ ਹੈ। ਹੋਰ ਤਾਂ ਕੀ, ਗੁਰਬਾਣੀ ਦੇ ਅਰਥ
ਮਿਥ-ਵੀਚਾਰਧਾਰਾ ਨਾਲ ਜੋੜ ਕੇ ਸ੍ਰੋਮਣੀ ਭਗਤਾਂ ਨੂੰ ਵੀ ਕਰਮਕਾਂਡੀ ਹੀ ਦਰਸਾਇਆ ਜਾ ਰਿਹਾ ਹੈ, ਜੋ
ਗੁਰਬਾਣੀ ਦੀ ਵੀਚਾਰਧਾਰਾ ਨਾਲ ਅਨਿਯਾਏ ਹੈ।
ਜਿਹੜੇ ਕਰਮਕਾਂਡਾਂ ਨੂੰ ਮਿਥਿਹਾਸ ਕਿਹਾ ਜਾਂਦਾ ਹੈ, ਜੇ ਕਿਸੇ ਨਾਲ
ਗੁਰਬਾਣੀ ਗੁਰਮਤਿ ਦੀ ਵੀਚਾਰ ਸਾਂਝੀ ਕਰਨ ਦਾ ਯਤਨ ਕਰੀਏ ਤਾਂ ਜਵਾਬ ਮਿਲਦਾ ਹੈ, ਕਿ ਇਤਿਹਾਸ ਇਹੀ
ਕਹਿੰਦਾ ਹੈ। ਕਿਵੇਂ ਅੱਖੋਂ ਪਰੋਖੇ ਕਰੋਗੇ? ਬਹੁਤ ਹੀ ਹੈਰਾਨੀ ਹੁੰਦੀ ਹੈ। ਹੈਰਾਨੀ ਇਸ ਗੱਲ ਦੀ
ਹੁੰਦੀ ਹੈ, ਕਿ ਉਸ ਤਰ੍ਹਾਂ ਤਾਂ ਅਸੀਂ ਮਿਥਿਹਾਸ ਕਹਿੰਦੇ ਹਾਂ ਪਰ ਜਦੋਂ ਗੁਰਬਾਣੀ ਦੀ ਵਿਆਖਿਆ
ਕਰਮਕਾਂਡੀ ਮਿਥਿਹਾਸ ਨਾਲੋ ਵੱਖ ਕਰਨ ਦਾ ਯਤਨ ਕਰਦੇ ਹਾਂ, ਤਾਂ ਪਤਾ ਨਹੀਂ ਉਸ ਸਮੇਂ ਮਿਥਿਹਾਸ
ਇਤਿਹਾਸ ਵਿੱਚ ਕਿਵੇਂ ਬਦਲ ਜਾਂਦਾ ਹੈ।
ਗੁਰਬਾਣੀ ਤਾਂ ਕਰਮਕਾਂਡੀ ਕਹਾਣੀਆਂ ਨੂੰ ਰੱਦ ਕਰਦੀ ਹੈ। ਪਰ ਇਸ ਦੇ ਉਲਟ ਜੋ
ਪਰਚੱਲਤ ਵਿਆਖਿਆ ਹੈ, ਉਹ ਕਰਮਕਾਂਡਾਂ ਦੀ ਪ੍ਰੋੜ੍ਹਤਾ ਕਰਦੀ ਹੈ। ਗੁਰਬਾਣੀ ਨੂੰ ਵੀਚਾਰਨ ਸਮੇਂ
ਗੁਰਮਤਿ ਕਸਵੱਟੀ ਨਾਲ ਵੀਚਾਰ-ਵਿਆਖਿਆ ਦਾ ਯਤਨ ਕਰਨਾ ਚਾਹੀਦਾ ਹੈ ਨਾਂ ਕਿ ਕਰਮਕਾਂਡੀ ਮਿਥਾਂ ਨੂੰ
ਗੁਰਮਤਿ ਨਾਲ ਜੋੜ ਕੇ ਕਰਮਕਾਂਡਾਂ ਦੀ ਪ੍ਰੋੜਤਾ।
ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥
ਗੁਰੂ ਗ੍ਰੰਥ ਸਾਹਿਬ, ਪੰਨਾ ੧੧੫੯
ਸਭ ਤੋਂ ਪਹਿਲਾ ਸਾਨੂੰ ਮਿਥਿਹਾਸ ਅਤੇ ਇਤਿਹਾਸ ਵਿੱਚ ਫੱਰਕ ਦੇਖਣਾ ਪਵੇਗਾ।
ਮਿਥਿਹਾਸ ਇੱਕ ਮਨ ਦੀ ਕਲਪਣਾ ਹੈ। ਜਾਂ ਇੰਜ ਕਹਿ ਲਵੋ ਕਿ ਕਲਪਿਤ ਪਾਤਰਾਂ ਨੂੰ ਮੰਨ ਕੇ ਕਥਾ
ਕਹਾਣੀਆਂ ਅਤੇ ਮਿਥ ਚਿਤਰਣ ਮਿਥਿਹਾਸ ਹੈ, ਪਰ ਵਾਪਰੇ ਵਰਤਾਰਿਆਂ ਨੂੰ ਸਹੀ ਸੇਧ ਵਿੱਚ ਪੇਸ਼ਕਾਰੀ
ਇਤਿਹਾਸ ਹੈ। ਸੋ ਗੁਰਬਾਣੀ ਨੂੰ ਵੀਚਾਰਨ ਵਾਸਤੇ ਮਨੋਕਲਪਤਿ ਮਿਥਿਹਾਸ ਦੇ ਕਰਮਕਾਂਡੀ ਹਵਾਲਿਆਂ ਨੂੰ
ਹਰਗਿਜ਼ ਤਰਜੀਹ ਨਹੀਂ ਦੇਣੀ ਚਾਹੀਦੀ ਕਿਉਂਕਿ ਗੁਰਬਾਣੀ ਕਰਮਕਾਂਡੀ ਮਿਥਾਂ ਦਾ ਖੰਡਣ ਕਰਦੀ ਹੈ।
ਕਰਮਕਾਂਡਾਂ ਤੋਂ ਦੂਰ ਰਹਿ ਕੇ ਜੋ ਸਮੁੱਚੀ ਮਨੁੱਖਤਾ ਨੂੰ ਗੁਰੂ ਪਾਤਸ਼ਾਹ ਨੇ ਸੱਚ ਨਾਲ ਜੁੜਨ ਦੀ
ਜੁਗਤ ਦਰਸਾਈ ਹੈ, ਉਸ ਸੱਚ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਗੁਰਬਾਣੀ ਦੀ ਵੀਚਾਰਧਾਰਾ ਅਨੁਸਾਰ ਮਨੁੱਖ ਦੀ ਜ਼ਿੰਦਗੀ ਦੇ ਦੋ ਪੱਖ ਹਨ। ਇੱਕ ਨਾਮ ਦਾ ਹੈ, ਅਤੇ
ਦੂਜਾ ਮਾਇਆ ਦਾ ਹੈ। ਨਾਮ ਦੀ ਤਰਜ਼ੇ-ਜ਼ਿੰਦਗੀ ਮਨੁੱਖ ਨੂੰ ਗੁਰਮੁਖ ਅਤੇ ਮਾਇਆ ਦੀ ਤਰਜ਼ੇ-ਜ਼ਿੰਦਗੀ
ਮਨੁੱਖ ਨੂੰ ਮਨਮੁਖ ਬਣਾਉਦੀ ਹੈ। ਗੁਰਮਤਿ ਮਨੁੱਖ ਨੂੰ ਮਾਇਆ ਵਿੱਚ ਰਹਿੰਦਿਆ ਹੋਇਆਂ, ਵਿਚਰਦਿਆਂ
ਹੋਇਆਂ ਨਾਮ ਦੀ ਤਰਜ਼ੇ ਜ਼ਿੰਦਗੀ ਨਾਲ ਜੁੜਨ ਦੀ ਪ੍ਰੇਰਨਾ ਕਰਦੀ ਹੈ।
ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ॥
ਗੁਰੂ ਗ੍ਰੰਥ ਸਾਹਿਬ, ਪੰਨਾ ੮੨੧
ਮਾਇਆ ਵਿੱਚ ਵਿਚਰਦਿਆਂ ਹੋਇਆਂ ਵੀ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਹਿਣ ਦੀ
ਪ੍ਰੇਰਣਾ ਹੈ। ਨਾਮ ਨਾਲੋ ਟੁੱਟ ਕੇ ਇਕੱਲੀ ਮਾਇਆ ਵਿੱਚ ਹੀ ਖਚਿਤ ਹੋ ਕੇ ਕਰਮਕਾਂਡੀ ਤਰੀਕੇ
ਅਪਣਾਉਣੇ, ਇਹ ਮਾਇਆ ਦੀ ਤਰਜ਼ੇ-ਜ਼ਿੰਦਗੀ ਦੀਆਂ ਹੀ ਕੁੱਝ ਵੰਨਗੀਆ ਹਨ। ਜਿਵੇਂ ਪੱਥਰਾ ਦੇ ਠਾਕੁਰਾਂ
ਨੂੰ ਦੁੱਧ ਪਿਆਉਣਾ, ਗਊ ਪੂਜਾ, ਪਿੱਪਲ ਪੂਜਾ, ਮਨੁੱਖ ਪੂਜਾ, ਮੂਰਤੀ ਪੂਜਾ, ਆਦਿ ਇਹ ਮਾਇਆ ਦੀ
ਤਰਜ਼ੇ-ਜ਼ਿੰਦਗੀ ਦੀਆਂ ਹੀ ਕੁੱਝ ਕਰਮਕਾਂਡੀ ਵੰਨਗੀਆਂ ਹਨ। ਸੋ ਅਜਿਹੇ ਕਰਮਕਾਂਡ, ਗੁਰਬਾਣੀ
ਰਚਣਹਾਰਿਆਂ ਦੇ ਜੀਵਣ ਦਾ ਹਿੱਸਾ ਨਹੀਂ, ਕਿਉਂਕਿ ਗੁਰਬਾਣੀ ਰਚਣਹਾਰੇ ਤਾਂ ਆਪ ਕਰਮਕਾਂਡਾਂ ਵਿੱਚ
ਫਸੀ ਮਨੁੱਖਤਾ ਨੂੰ ਸੱਚ ਦਾ ਮਾਰਗ ਅਪਨਾਉਣ ਲਈ ਗੁਰਬਾਣੀ ਰਾਹੀਂ ਪ੍ਰੇਰਿਤ ਕਰਦੇ ਰਹੇ ਹਨ। ਫਿਰ ਆਪ
ਕਿਵੇਂ ਕਰਮਕਾਂਡੀ ਹੋ ਸਕਦੇ ਹਨ?
ਸੋ ਗੁਰਬਾਣੀ ਅੰਦਰ ਕਰਮਕਾਂਡਾਂ ਦੀ ਪ੍ਰੋੜਤਾ ਨਹੀਂ ਬਲਕਿ ਇਸਦੇ ਉਲਟ
ਕਰਮਕਾਂਡਾਂ ਦਾ ਜ਼ੋਰਦਾਰ ਖੰਡਣ ਕੀਤਾ ਗਿਆ ਹੈ। ਪਰ ਪਰਚੱਲਤ ਵਿਆਖਿਆ ਗੁਰਮਤਿ ਵੀਚਾਰਧਾਰਾ ਨੂੰ
ਅੱਖੋਂ ਪਰੋਖੇ ਕਰਕੇ ਫਿਰ ਤੋਂ ਸਮੁੱਚੀ ਮਨੁੱਖਤਾ ਨੂੰ ਕਰਮਕਾਂਡਾਂ ਵਲ ਧਕੇਲ ਰਹੀ ਹੈ। ਅੱਜ
ਇੱਕੀਵੀਂ ਸਦੀ ਦੇ ਅੰਦਰ ਵੀ ਅਜੋਕਾ ਸਿੱਖ ਕਰਮਕਾਂਡਾਂ ਵਿੱਚ ਫਸਕੇ ਸਭ ਤੋਂ ਵੱਧ ਲੁੱਟ ਹੋਈ ਜਾ
ਰਿਹਾ ਹੈ। ਗੁਰਮਤਿ ਵੀਚਾਰਧਾਰਾ ਨੂੰ ਅੱਖੋਂ ਪਰੋਖੇ ਕਰਕੇ ਗੁਰਬਾਣੀ ਦੀ ਵਿਆਖਿਆ ਕਰਨੀ ਕਰਮਕਾਂਡਾਂ
ਨੂੰ ਮੁੜ ਸੁਰਜੀਤ ਕਰਨਾ ਹੈ। ਜਿਵੇਂ ਕਿ –
ਜਿਉ ਜਿਉ ਨਾਮਾ ਹਰਿ ਗੁਣ ਉਚਰੈ॥
ਭਗਤ ਜਨਾਂ ਕਉ ਦੇਹੁਰਾ ਫਿਰੈ॥
ਗੁਰੂ ਗ੍ਰੰਥ ਸਾਹਿਬ, ਪੰਨਾ ੧੧੬੪
ਇਸ ਸ਼ਬਦ ਨਾਲ ਮਿਥ ਜੋੜ ਕੇ ਇਹ ਕਿਹਾ ਜਾਂਦਾ ਹੈ ਕਿ ਭਗਤ ਨਾਮਦੇਵ ਜੀ ਇੱਕ
ਦਿਨ ਗ਼ਲਤੀ ਨਾਲ ਮੰਦਰ ਚਲੇ ਗਏ, ਪਰ ਮੰਦਰ ਦੇ ਪੁਜਾਰੀਆ ਨੇ ਉਨ੍ਹਾਂ ਨੂੰ ਬਾਂਹ ਤੋਂ ਪਕੜ ਕੇ ਮੰਦਰ
ਵਿੱਚੋਂ ਬਾਹਰ ਕੱਢ ਦਿੱਤਾ।
ਇਸ ਦੇ ਉਲਟ ਨਾਮਦੇਵ ਜੀ ਖ਼ੁਦ ਆਪ ਗੁਰਬਾਣੀ ਅੰਦਰ ਕਹਿ ਰਹੇ ਹਨ ਕਿ ਨਾਮਦੇਵ
ਮੰਦਰ ਜਾਂ ਮਸੀਤ ਨੂੰ ਕਦੀ ਪੂਜਦਾ ਹੀ ਨਹੀਂ। ਨਾਮਦੇਵ ਤਾਂ ਉਸ ਸਰਬ-ਵਿਆਪਕ ਪ੍ਰਭੂ ਦਾ ਪੁਜਾਰੀ ਹੈ
ਜਿਹੜਾ ਮੰਦਰ ਜਾਂ ਮਸੀਤ ਤੱਕ ਹੀ ਸੀਮਤ ਨਹੀਂ ਬਲਕਿ ਜ਼ੱਰੇ-ਜ਼ੱਰੇ ਵਿੱਚ ਰਮਿਆ ਹੋਇਆ ਹੈ। ਸੋ ਭਗਤ
ਨਾਮਦੇਵ ਜੀ ਦੀ ਬਾਣੀ ਨੂੰ ਪੜ੍ਹੀਏ ਤਾਂ ਉਹ ਕਹਿੰਦੇ ਹਨ ਕਿ ਮੰਦਰ ਨੂੰ ਪੂਜਣਾ ਅਗਿਆਨੀ ਅੰਧਿਆਂ ਦਾ
ਕੰਮ ਹੈ।
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥
ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੮੭੫
ਦੂਸਰੀ ਗੱਲ - ਭਗਤ ਨਾਮਦੇਵ ਜੀ ਨੂੰ ਜਦੋਂ ਮੰਦਰ ਤੋਂ ਬਾਹਰ ਕੱਢ ਦਿੱਤਾ
ਤਾਂ ਕਹਾਣੀ ਅਨੁਸਾਰ ਨਾਮਦੇਵ ਜੀ ਨੇ ਪ੍ਰਭੂ ਨੂੰ ਮੇਹਣਾ ਮਾਰਿਆ ਕਿ ਮੈਨੂੰ ਛੀਂਬੇ ਦੀ ਜ਼ਾਤਿ ਵਿੱਚ
ਜਨਮ ਕਿੳਂ ਦਿੱਤਾ। ਇਹ ਗੱਲ ਭਗਤ ਨਾਮਦੇਵ ਜੀ ਦੀ ਬਾਣੀ ਦੇ ਨਾਲ ਮੇਲ ਨਹੀਂ ਖਾਂਦੀ। ਇਸ ਦੇ ਉਲਟ
ਪਹਿਲੀ ਗੱਲ ਤਾਂ ਇਹ ਹੈ ਕਿ ਨਾਮਦੇਵ ਜੀ ਤਾਂ ਸਮੁੱਚੀ ਮਨੁੱਖਤਾ ਨੂੰ ਪ੍ਰਭੂ ਦੀ ਰਜ਼ਾ ਵਿੱਚ ਰਾਜ਼ੀ
ਰਹਿਣ ਲਈ ਪ੍ਰੇਰਣਾ ਕਰਦੇ ਹਨ।
ਜਿਉ ਰਾਮੁ ਰਾਖੈ ਤਿਉ ਰਹੀਐ ਰੇ ਭਾਈ॥
ਹਰਿ ਕੀ ਮਹਿਮਾ ਕਿਛੁ ਕਥਨੁ ਨ ਜਾਈ॥
ਗੁਰੂ ਗ੍ਰੰਥ ਸਾਹਿਬ, ਪੰਨਾ ੧੧੬੪
ਇਕ ਹੋਰ ਇਹ ਗੱਲ ਵੀ ਸਮਝਣ ਯੋਗ ਹੈ ਕਿ ਭਗਤ ਨਾਮਦੇਵ ਜੀ ਤਾਂ ਪ੍ਰਭੂ `ਤੇ
ਮਾਣ ਕਰਦੇ ਹਨ ਕਿ ਮੈਨੂੰ ਛੀਂਬੇ ਪਰਿਵਾਰ ਦੇ ਘਰ ਜਨਮ ਦਿੱਤਾ ਅਤੇ ਨਾਲ ਹੀ ਗੁਰ ਉਪਦੇਸ਼ ਦੀ ਬਖ਼ਸ਼ਿਸ਼
ਕੀਤੀ। ਭਗਤ ਜੀ ਦਾ ਕਹਿਣ ਦਾ ਮਤਲਬ ਹੈ ਕਿ ਅਗਰ ਉਨ੍ਹਾਂ ਨੂੰ ਕਿਸੇ ਕਰਮਕਾਂਡੀ ਬ੍ਰਾਹਮਣ ਦੇ ਘਰ
ਜਨਮ ਦਿੱਤਾ ਹੁੰਦਾ ਤਾਂ ਸ਼ਾਇਦ ਕਰਮਕਾਂਡਾਂ ਵਿੱਚ ਜਨਮ ਵਿਅਰਥ ਚਲਾ ਜਾਂਦਾ।
ਛੀਪੇ ਕੇ ਘਰਿ ਜਨਮੁ ਦੈਲਾ ਗੁਰ ਉਪਦੇਸੁ ਭੈਲਾ॥
ਸੰਤਹ ਕੈ ਪਰਸਾਦਿ ਨਾਮਾ ਹਰਿ ਭੇਟੁਲਾ॥
ਗੁਰੂ ਗ੍ਰੰਥ ਸਾਹਿਬ, ਪੰਨਾ ੪੮੬
ਜੌ ਰਾਜੁ ਦੇਹਿ ਤ ਕਵਨ ਬਡਾਈ॥
ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ॥
ਗੁਰੂ ਗ੍ਰੰਥ ਸਾਹਿਬ, ਪੰਨਾ ੫੨੫
ਸੋ ਭਗਤ ਨਾਮਦੇਵ ਜੀ ਨੇ ਰੱਬ ਨੂੰ ਕੋਈ ਵੀ, ਕਿਤੇ ਵੀ ਮੇਹਣਾ ਨਹੀਂ ਮਾਰਿਆ।
ਪ੍ਰਭੂ ਨੂੰ ਮੇਹਣੇ ਤਾਂ ਆਤਮਿਕ ਜੀਵਨ ਪੱਖ ਤੋਂ ਹਾਰੇ ਹੋਏ ਮਨੁੱਖ ਮਾਰਦੇ ਹਨ, ਸੋ ਇਸ ਕਰਕੇ ਭਗਤ
ਨਾਮਦੇਵ ਜੀ ਦੀ ਬਾਣੀ ਵਲੋਂ ਸਿਰਜੇ ਹੋਏ ਸੱਚ ਨੂੰ ਪਛਾਨਣ ਦੀ ਲੋੜ ਹੈ।
ਜੋ ਕਰਮਕਾਂਡੀ ਕਹਾਣੀ ਕਰਮਕਾਂਡੀਆਂ ਵਲੋਂ ਭਗਤ ਜੀ ਨਾਲ ਜੋੜੀ ਜਾਂਦੀ ਹੈ ਕਿ
ਨਾਮਦੇਵ ਜੀ ਨੂੰ ਬ੍ਰਹਮਣਾਂ ਨੇ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ, ਤਾਂ ਨਾਮਦੇਵ ਜੀ ਮੰਦਰ ਦੇ
ਪਿਛਲੇ ਪਾਸੇ ਬੈਠ ਗਏ। ਫਿਰ ਕਹਾਣੀ ਮੁਤਾਬਿਕ, ਉਨ੍ਹਾਂ ਨੇ ਪਰਮਾਤਮਾ ਨੂੰ ਮੇਹਣਾ ਮਾਰਿਆ ਤਾਂ ਮੰਦਰ
ਦਾ ਮੂੰਹ ਘੁੰਮ ਗਿਆ, ਅਤੇ ਪੱਥਰ ਦੀ ਮੂਰਤੀ ਵਿੱਚੋਂ ਉਨ੍ਹਾਂ ਨੂੰ ਪ੍ਰਭੂ ਦੇ ਦਰਸ਼ਨ ਹੋਏ। ਇਹ ਗੱਲ
ਵੀ ਉਨ੍ਹਾਂ ਦੀ ਆਪਣੀ ਗੁਰਮਤਿ ਵੀਚਾਰਧਾਰਾ ਦੇ ਉਲਟ ਸਿੱਧ ਹੁੰਦੀ ਹੈ ਕਿਉਂਕਿ ਭਗਤ ਜੀ ਤਾਂ ਪੱਥਰ
ਪੂਜਾ ਦਾ ਖੰਡਣ ਕਰਦੇ ਹਨ, ਮੰਡਣ ਨਹੀਂ।
ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥
ਜੇ ਓਹੁ ਦੇਉ ਤ ਓਹੁ ਭੀ ਦੇਵਾ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ॥
ਗੁਰੂ ਗ੍ਰੰਥ ਸਾਹਿਬ, ਪੰਨਾ ੫੨੫
ਗੱਲ ਕੀ, ਕਰਮਕਾਂਡੀਆ ਵਲੋਂ ਉਨ੍ਹਾਂ ਦੇ ਸਿਰਜੇ ਗੁਰਮਤਿ ਸਿਧਾਂਤ ਨੂੰ ਗ਼ਲਤ
ਸਾਬਤ ਕਰਨ ਲਈ ਅਜਿਹੀਆ ਕਰਮਕਾਂਡੀ ਕਹਾਣੀਆਂ ਬਣਾ ਕੇ ਉਨ੍ਹਾਂ ਦੇ ਜੀਵਨ ਨਾਲ ਜੋੜਨ ਦਾ ਯਤਨ ਕੀਤਾ
ਗਿਆ ਹੈ। ਪਰ ਅਜਿਹੀਆਂ ਕਰਮਕਾਂਡੀ ਕਹਾਣੀਆਂ ਉਨ੍ਹਾਂ ਵਲੋਂ ਉਚਾਰਣ ਕੀਤੀ ਗੁਰਬਾਣੀ ਦੇ ਸਾਹਮਣੇ
ਥੋਥੀਆਂ ਹਨ, ਨਿਰਅਧਾਰ ਹਨ।
ਭਗਤ ਨਾਮਦੇਵ ਜੀ ਨਾਲ ਜੋੜੀ ਕਰਮਕਾਂਡੀ ਕਹਾਣੀ ਰਾਹੀਂ ਇਹ ਸਿੱਧ ਕਰਨ ਦਾ
ਯਤਨ ਕੀਤਾ ਜਾ ਰਿਹਾ ਹੈ ਕਿ ਨਾਮਦੇਵ ਜੀ ਵਾਸਤੇ ਪੁੰਡਰਪੁਰ ਦਾ ਮੰਦਰ ਹੀ ਹਰੀ ਦਾ ਦਵਾਰਾ ਹੈ ਜਾਂ
ਸੀ। ਇਥੇ ਵੀਚਾਰਨ ਦੀ ਜ਼ਰੂਰਤ ਹੈ ਕਿ ਉਹ ਤਾਂ ਇਸ ਸ਼ਬਦ ਅੰਦਰ
ਤੇਰੇ ਦੇਹੁਰੇ,
ਭਾਵ ਪ੍ਰਭੂ ਦੇ ਦੁਆਰੇ ਦੀ ਗੱਲ ਕਰ ਰਹੇ ਹਨ, ਨਾਂ ਕੇ
ਪੁੰਡਰ ਦੇ ਮੰਦਰ ਦੀ ਜਿਸ ਵਿੱਚ ਪੱਥਰ ਦੀ ਮੂਰਤੀ ਦੀ ਪੂਜਾ ਹੁੰਦੀ ਹੈ। ਉਨ੍ਹਾਂ ਵਲੋਂ ਖ਼ੁਦ ਉਚਾਰਣ
ਬਾਣੀ ਅੰਦਰ ਦੇਹੁਰਾ ਕੀ ਹੈ ਸਾਫ਼ ਅਤੇ ਸਪਸ਼ਟ ਹੈ।
ਆਪਨ ਦੇਉ ਦੇਹੁਰਾ ਆਪਨ ਆਪ ਲਗਾਵੈ ਪੂਜਾ॥
ਜਲ ਤੇ ਤਰੰਗ ਤਰੰਗ ਤੇ ਹੈ ਜਲੁ ਕਹਨ ਸੁਨਨ ਕਉ ਦੂਜਾ॥
ਗੁਰੂ ਗ੍ਰੰਥ ਸਾਹਿਬ, ਪੰਨਾ ੧੨੫੨
ਗੁਰਬਾਣੀ ਰਚਣਹਾਰਿਆਂ ਦਾ ਮੰਦਰ ਜਾਂ ਦੇਹੁਰਾ ਉਹ ਹੈ, ਜੋ ਪ੍ਰਭੂ ਨੇ ਆਪ ਹੀ
ਬਖ਼ਸ਼ਿਆ ਹੈ। ਉਹ ਹੈ ਸਰੀਰ ਰੂਪੀ ਦੇਹੁਰਾ ਜੋ ਪਰਮੇਸ਼ਰ ਨੇ ਆਪ ਹੀ ਬਖ਼ਸ਼ਿਆ ਹੈ, ਅਤੇ ਆਪ ਹੀ ਬਖਸ਼ਿਸ਼
ਕਰਕੇ ਇਸ ਦੇਹੁਰੇ ਮੰਦਰ ਅੰਦਰ ਆਪਣਾ ਸਿਮਰਨ ਰੂਪੀ ਪੂਜਾ ਬਖ਼ਸ਼ੀ ਹੈ। ਇਹੋ ਹੀ ਗੁਰਮਤਿ ਦਾ
ਸੱਚਾ-ਸੁੱਚਾ ਸਿਧਾਂਤ ਹੈ। ਜਿਵੇਂ ਜਲ ਅਤੇ ਤਰੰਗ ਹਨ। ਜਲ ਦੇ ਵਿੱਚੋਂ ਹੀ ਤਰੰਗ ਉਪਜਦੀ ਹੈ। ਤਰੰਗ
ਵੀ ਜਲ ਹੀ ਹੈ। ਕਹਿਣ ਅਤੇ ਸੁਣਨ ਨੂੰ ਜਲ ਅਤੇ ਤਰੰਗ ਦੋ ਹਨ। ਇਸੇ ਤਰ੍ਹਾਂ ਉਸ ਦਾ ਬਖ਼ਸ਼ਿਆ ਹੋਇਆ
ਸਰੀਰ ਰੂਪੀ ਦੇਹੁਰਾ ਹੀ ਮੰਦਰ ਹੈ।
ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥
ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ॥
ਗੁਰੂ ਗ੍ਰੰਥ ਸਾਹਿਬ, ਪੰਨਾ ੧੩੪੬
ਗੁਰੂ ਅਰਜਨ ਸਾਹਿਬ ਜੀ ਨੇ ਵੀ ਸਾਫ਼ ਤੇ ਸਪਸ਼ਟ ਕੀਤਾ ਹੈ, ਕਿ ਦਰਅਸਲ ਹਰੀ ਦਾ
ਮੰਦਰ ਇਹ ਸਰੀਰ ਹੈ। ਆਤਮਿਕ ਗਿਆਨ ਦੀ ਸੂਝ ਨਾਲ ਇਹ ਵਡਮੁੱਲਾ ਰਤਨ ਪਰਾਪਤ ਹੁੰਦਾ ਹੈ। ਭਾਵ
ਗਿਆਨਵਾਨਾਂ ਨੂੰ ਇਸ ਅਸਲ ਮੰਦਰ ਦੀ ਸਮਝ ਪੈਂਦੀ ਹੈ। ਜਿਹੜੇ ਮਨਮੁਖ ਹਨ, ਮੂਲ ਤੋਂ ਖੁੰਝੇ ਹੋਏ ਹਨ,
ਅਗਿਆਨੀ ਹਨ, ੳਨ੍ਹਾਂ ਦੀ ਇਹ ਸੋਚ ਹੈ ਕਿ ਮਨੁੱਖੀ ਸਰੀਰ ਹਰੀ ਮੰਦਰ, ਦੇਹੁਰਾ ਨਹੀਂ ਹੋ ਸਕਦਾ।
ਸੋ ਨਾਮਦੇਵ ਜੀ ਵਲੋਂ ਦਰਜ ਉਪੱਰਲੀਆਂ ਪੰਗਤੀਆ ਤੋਂ ਸੁਤੇ -ਸਿੱਧ ਹੀ ਸਿੱਧ
ਹੁੰਦਾ ਹੈ ਕਿ
ਤੇਰਾ ਦੇਹੁਰਾ
ਕੀ ਹੈ, ਸਵੈ ਪੜਚੋਲ ਦੀ ਗੱਲ ਹੈ। ਭਾਵ ਗੱਲ ਅੰਦਰ ਦੀ ਹੈ, ਨਾਂਹ ਕਿ ਮੂਰਤੀ ਸਥਾਪਿਤ ਮੰਦਰ ਦੀ। ਇਹ
ਸਰੀਰ ਮੰਦਰ ਬਣਦਾ ਕਿਵੇਂ ਹੈ?
ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ॥
ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ॥
ਗੁਰੂ ਗ੍ਰੰਥ ਸਾਹਿਬ, ਪੰਨਾ ੯੨੧
ਸੋ ਗੁਰਮਤਿ ਸਿਧਾਂਤ ਆਪਣੇ ਆਪ ਵਿੱਚ ਸਪਸ਼ਟ ਹੈ। ਸਿਰਫ਼ ਤੇ ਸਿਰਫ਼ ਇਸ ਸਿਧਾਂਤ
ਨੂੰ ਸਮਝਣ ਦੀ ਲੋੜ ਹੈ, ਵੀਚਾਰਨ ਦੀ ਲੋੜ ਹੈ। ਇੱਕ ਹੋਰ ਮਨਘੜਤ ਕਹਾਣੀ ਉਨ੍ਹਾਂ ਦੇ ਜੀਵਨ ਨਾਲ
ਜੋੜੀ ਜਾਂਦੀ ਹੈ ਕਿ ਨਮਦੇਵ ਜੀ ਨੂੰ ੭੨ ਵਾਰ ਦਰਸ਼ਨ ਹੋਏ। ਇਹ ਕਹਾਣੀ ਵੀ ਉਨ੍ਹਾਂ ਨਾਲ ਜੋੜੀ ਜਾਂਦੀ
ਹੈ ਕਿ ਉਨ੍ਹਾਂ ਨੇ ਬਾਲ ਉਮਰੇ ਠਾਕੁਰ ਨੂੰ ਦੁੱਧ ਪਿਲਾ ਦਿੱਤਾ। ਸੋ ਕਦੀ ਪੰਡਰਪੁਰ ਦੇ ਮੰਦਰ ਨੂੰ
ਅਤੇ ਕਦੀ ਦੁੱਧ ਪਿਲਾਉਣ ਵਾਲੀਆਂ ਅਜਿਹੀਆਂ ਕਈ ਕਹਾਣੀਆਂ ਉਨ੍ਹਾਂ ਨਾਲ ਜੋੜੀਆਂ ਜਾਂਦੀਆਂ ਹਨ, ਜਦੋਂ
ਕਿ ਗੁਰਬਾਣੀ ਦਾ ਫੁਰਮਾਨ ਹੈ: -
ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ॥
ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ॥
ਗੁਰੂ ਗ੍ਰੰਥ ਸਾਹਿਬ, ਪੰਨਾ ੭੨੯
ਪ੍ਰਭੂ ਇੱਕ ਵਾਰ ਜਿਸ ਨੂੰ ਮਿਲ ਪਵੇ ਉਹ ਫਿਰ ਕਦੇ ਵਿੱਛੜਦਾ ਨਹੀਂ। ਭਗਤ
ਨਾਮਦੇਵ ਜੀ ਤੋਂ ਪ੍ਰਭੂ ਬਾਰੇ ਪੁੱਛੀਏ ਤਾਂ ਉਨ੍ਹਾਂ ਦਾ ਜਵਾਬ ਹੈ:
ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ॥
ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ॥
ਗੁਰੂ ਗ੍ਰੰਥ ਸਾਹਿਬ, ਪੰਨਾ ੪੮੫
ਸੋ ਇਥੇ ਕੋਈ ਭੁਲੇਖਾ ਰਹਿ ਹੀ ਨਹੀਂ ਜਾਂਦਾ ਕਿ ਭਗਤ ਜੀ ਦਾ ਬੀਠੁਲ ਕੋਣ
ਹੈ। ਭਗਤ ਜੀ ਇਹ ਵੀ ਕਹਿ ਰਹੇ ਹਨ ਕਿ ਜਿੱਧਰ ਦੇਖਦਾ ਹਾਂ, ਮੇਰਾ ਬੀਠਲ ਰਮਿਆ ਹੋਇਆ ਹੈ। ਇਥੇ ਇੱਕ
ਗੱਲ ਹੋਰ ਸਪਸ਼ਟ ਕਰਨੀ ਬਣਦੀ ਹੈ, ਕਿ ਭਗਤ ਜਨਾਂ ਦਾ ਬੀਠਲ ਹੋਰ ਅਤੇ ਕਰਮਕਾਂਡੀਆਂ ਦਾ ਬੀਠਲ ਹੋਰ
ਹੈ। ਭਗਤ ਜਨਾਂ ਦਾ ਰਾਮ ਕ੍ਰਿਸਨ ਹੋਰ ਅਤੇ ਕਰਮਕਾਂਡੀਆਂ ਦਾ ਹੋਰ। ਹੋਰ ਤਾਂ ਹੋਰ, ਭਗਤ ਜਨਾਂ ਦੀ
ਜੀਵਨ ਜਾਂਚ ਹੀ ਕਰਮਕਾਂਡੀਆਂ ਨਾਲੋ ਵੱਖਰੀ ਹੈ। ਮੁੱਕਦੀ ਗੱਲ ਇਹ ਹੈ ਕਿ ਨਾਮਦੇਵ ਜੀ ਦੇ ਆਪਣੇ ਕਥਨ
ਅਨੁਸਾਰ ਉਹ ਕਦੀ ਕਰਮਕਾਂਡੀ ਮੰਦਰ ਗਏ ਹੀ ਨਹੀਂ ਅਤੇ ਨਾਂਹ ਹੀ ਕਦੀ ਉਨ੍ਹਾਂ ਪ੍ਰਭੂ ਨੂੰ ਮਿਹਣਾ
ਮਾਰਿਆ ਕਿ ਮੈਨੂੰ ਛੀਬੇ ਦੀ ਜ਼ਾਤ ਵਿੱਚ ਜਨਮ ਕਿਉਂ ਦਿੱਤਾ।
ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ॥
ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ॥
ਗੁਰੂ ਗ੍ਰੰਥ ਸਾਹਿਬ, ਪੰਨਾ ੭੩੩
ਇਹ ਗੁਰੂ ਸਾਹਿਬ ਵਲੋਂ ਨਾਮਦੇਵ ਜੀ ਪ੍ਰਤੀ, ਪਰਮੇਸ਼ਰ ਦੇ ਪੁਜਾਰੀ ਹੋਣ ਦੀ
ਪ੍ਰੋੜ੍ਹਤਾ ਦਾ ਸਬੂਤ ਹੈ, ਅਤੇ ਨਾਲ ਹੀ ਇਹ ਗੱਲ ਪੂਰੀ ਸਪਸ਼ਟ ਹੁੰਦੀ ਹੈ ਕਿ ਲੋਕ ਛੀਬਾ ਕਹਿ ਕੇ
ਬੁਲਾਉਂਦੇ ਹਨ। ਕਰਮਕਾਂਡੀ ਲੋਕ ਨਾਮਦੇਵ ਜੀ ਨੂੰ ਛੀਬਾ ਕਹਿੰਦੇ ਹਨ, ਪਰ ਨਾਮਦੇਵ ਜੀ ਤਾਂ
ਕਰਮਕਾਂਡੀਆਂ ਦਾ ਬੁਣਿਆ ਜਾਲ ਕੱਟ ਕੇ ਹਰੀ ਨਾਲ ਜੁੜ ਕੇ ਜ਼ਾਤ- ਪਾਤ ਅਤੇ ਕਰਮਕਾਂਡੀ ਜਾਲ ਦੀਆਂ
ਹੱਦਾਂ ਤੋੜਦੇ ਹੀ, ਸਾਰੀ ਗੁਰਬਾਣੀ ਅੰਦਰ ਨਜ਼ਰ ਆਉਂਦੇ ਹਨ। ਗੁਰਬਾਣੀ ਇੱਕ ਅਟੱਲ ਸਚਾਈ ਹੈ, ਭਗਤ ਜੀ
ਦੇ ਗੁਰਮਤਿ ਸਿਧਾਂਤ ਉੱਪਰ ਚਲਣ ਦੀ ਮੋਹਰ ਹੈ।
ਸੋ ਭਗਤ ਨਾਮਦੇਵ ਜੀ ਦੀ ਗੁਰਬਾਣੀ, ਇਨ੍ਹਾਂ ਕਰਮਕਾਂਡੀਆਂ ਵਲੋਂ ਰਚੀ ਗਈ
ਮੰਦਰ ਜਾਣ ਦੀ ਅਤੇ ਮੰਦਰ ਘੁੰਮਣ ਵਾਲੀ ਕਹਾਣੀ ਨੂੰ ਰੱਦ ਕਰਦੀ ਹੈ। ਭਗਤ ਜੀ ਤਾਂ ਕਹਿੰਦੇ ਹਨ, ਕਿ
ਮੈਂ ਕਦੇ ਮੰਦਰ ਗਿਆ ਹੀ ਨਹੀਂ, ਅਤੇ ਜੇਕਰ ਉਹ ਮੰਦਰ ਗਏ ਹੀ ਨਹੀਂ ਤਾਂ ਫਿਰ ਘੁੰਮਿਆ ਕੀ? ਇਹ ਰਹੱਸ
ਜਾਨਣ ਲਈ ਗੁਰਮਤਿ ਵੀਚਾਰਧਾਰਾ ਅਪਣਾਉਣ ਦੀ ਲੋੜ ਹੈ। ਵਿਸ਼ਾ ਅੱਗੇ ਤੋਰਨ ਤੋਂ ਪਹਿਲਾਂ ਇੱਕ ਹੋਰ
ਸਵਾਲ ਪੈਦਾ ਹੁੰਦਾ ਹੈ ਕਿ ਕੀ ਗੁਰੂ ਨਾਨਕ ਪਾਤਸ਼ਾਹ ਜੀ ਮੱਕੇ ਗਏ ਕਿ ਨਹੀਂ, ਤਾਂ ਜਵਾਬ ਜ਼ਰੂਰ ਹਾਂ
ਵਿੱਚ ਮਿਲੇਗਾ। ਫਿਰ ਦੂਸਰਾ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਗੁਰੂ ਸਾਹਿਬ ਮੱਕੇ ਜਾ ਸਕਦੇ ਹਨ,
ਤਾਂ ਭਗਤ ਨਾਮਦੇਵ ਜੀ ਮੰਦਰ ਨਹੀਂ ਜਾ ਸਕਦੇ? ਤਾਂ ਜਵਾਬ ਫਿਰ ਹਾਂ ਵਿੱਚ ਮਿਲੇਗਾ।
ਸੋਚਣ ਵੀਚਾਰਨ ਵਾਲੀ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਮੱਕੇ ਜਾਣ ਦਾ
ਮਨੋਰਥ ਤਾਂ ਇਹ ਭਰਮ ਦੂਰ ਕਰਨ ਦਾ ਸੀ ਕਿ ਖ਼ੁਦਾ ਇੱਕ ਨਿਸਚਿਤ ਸੀਮਾ ਤੱਕ ਹੀ ਸੀਮਤ ਨਹੀਂ ਹੈ। ਉਹ
ਤਾਂ ਸਰਬ-ਵਿਆਪਕ ਹੈ ਨਾਂਹ ਕਿ ਇੱਕ ਮਸੀਤ ਤੱਕ ਸੀਮਤ ਹੈ।
ਇਧਰ ਦੂਸਰੇ ਪਾਸੇ ਜੋ ਕਰਮਕਾਂਡੀ ਲੋਕਾਂ ਵਲੋਂ ਨਾਮਦੇਵ ਜੀ ਨਾਲ ਕਹਾਣੀ
ਜੋੜੀ ਜਾਂਦੀ ਹੈ, ਉਹ ਇਹ ਸਿੱਧ ਕਰਨ ਦੀ ਕੋਸ਼ਿਸ਼ ਹੈ, ਕਿ ਪੁੰਡਰਪੁਰ ਦਾ ਮੰਦਰ ਹੀ ਹਰੀ ਦਾ ਦਵਾਰਾ
ਹੈ। ਨਾਮਦੇਵ ਜੀ ਦੀ ਪ੍ਰਭੂ ਪਰਾਪਤੀ ਵੀ ਉਥੋਂ ਹੀ ਦਰਸਾਈ ਜਾਂਦੀ ਹੈ। ਭਗਤ ਜੀ ਭਰਮ ਦੂਰ ਕਰਨ ਤਾਂ
ਜਾ ਸਕਦੇ ਸਨ, ਜਿਵੇਂ ਗੁਰੂ ਨਾਨਕ ਮਹਾਰਾਜ ਜੀ ਭਰਮ ਦੂਰ ਕਰਨ ਗਏ ਸਨ, ਪਰ ਇਹ ਕਰਮਕਾਂਡੀ ਕਹਾਣੀ
ਤਾਂ ਭਰਮ ਖੜੇ ਕਰਦੀ ਹੈ।
ਹੁਣ ਇਥੇ ਇਹ ਸਵਾਲ ਪੈਦਾ ਹੂੰਦਾ ਹੈ ਕਿ ਜੇਕਰ ਗੁਰੂ ਨਾਨਕ ਜੀ ਮੱਕਾ ਘੁਮਾ
ਸਕਦੇ ਸਨ, ਤਾਂ ਨਾਮਦੇਵ ਜੀ ਮੰਦਰ ਕਿਉ ਨਹੀਂ ਘੁਮਾ ਸਕਦੇ? ਬੱਸ ਇਹੀ ਸੱਚ ਜਾਨਣ ਦੀ ਲੋੜ ਹੈ, ਕਿ
ਗੁਰੂ ਨਾਨਾਕ ਜੀ ਨੇ ਮੱਕਾ ਕਿਹੜਾ ਘੁਮਾਇਆ? ਗੁਰਮਤਿ ਮੱਕਾ ਕਹਿੰਦੀ ਕਿਸ ਨੂੰ ਹੈ ਅਤੇ ਗੁਰਬਾਣੀ ਦਾ
ਮੱਕਾ ਕੀ ਹੈ? ਗੁਰੂ ਪਾਤਸ਼ਾਹ ਜੀ ਕਹਿੰਦੇ ਹਨ: -
ਮਨੁ ਕਰਿ ਮਕਾ ਕਿਬਲਾ ਕਰਿ ਦੇਹੀ॥
ਬੋਲਨਹਾਰੁ ਪਰਮ ਗੁਰੁ ਏਹੀ॥ ੧॥
ਗੁਰੂ ਗ੍ਰੰਥ ਸਾਹਿਬ, ਪੰਨਾ ੧੧੫੮
ਮੱਕਾ ਇੱਕ ਸ਼ਹਿਰ ਦਾ ਨਾਮ ਹੈ। ਮੁਸਲਮਾਨ ਵੀਚਾਰਧਾਰਾ ਅਨੁਸਾਰ ਮੱਕੇ ਸ਼ਹਿਰ
ਅੰਦਰ ਕਾਅਬੇ ਵਿੱਚ ਖ਼ੁਦਾ ਦਾ ਵਾਸਾ ਹੈ, ਪਰ ਉੱਪਰ ਦਿੱਤਾ ਗੁਰਬਾਣੀ ਦਾ ਫੁਰਮਾਨ ਗੁਰਮਤਿ
ਵੀਚਾਰਧਾਰਾ ਨੂੰ ਸਪਸ਼ਟ ਕਰਦਾ ਹੈ, ਕਿ ਗੁਰਮਤਿ ਅਨੁਸਾਰ ਮੱਕਾ ਕੀ ਹੈ। ਮਨ ਨੂੰ ਮੱਕਾ ਅਤੇ ਦੇਹੀ
ਨੂੰ ਕਿਬਲਾ (ਮਸੀਤ) ਬਣਾਉਣ ਲਈ ਗੁਰਮਤਿ ਸਿਧਾਂਤ ਪ੍ਰੇਰਣਾ ਕਰਦਾ ਹੈ। ਵਿਸ਼ਾ ਅੱਗੇ ਤੋਰਨ ਤੋਂ
ਪਹਿਲਾ ਇਥੇ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ੩੨ਵੀਂ ਪਉੜੀ ਦਾ ਜ਼ਿਕਰ ਕਰਨਾ ਬਣਦਾ ਹੈ।