.

ਜਤੁ ਪਾਹਾਰਾ----

‘ਜਪੁ’ ਦੀਆਂ ਚਾਰ ਪਉੜੀਆਂ (ਨੰ: ੩੪ ਤੋਂ ੩੭) ਵਿੱਚ ਗਿਆਨ ਦੇ ਸੂਰਜ ਨਾਨਕ ਦੇਵ ਜੀ ਨੇਂ ਮਨੁੱਖ ਦੀ ਆਤਮ-ਜੀਵਨ-ਯਾਤ੍ਰਾ ਦੀਆਂ ਪੰਜ ਅਵਸਥਾਵਾਂ (ਖੰਡਾਂ) ਦੀ ਸਿਧਾਂਤਕ ਜਾਣ-ਪਛਾਣ ਕਰਾਈ ਹੈ। ਅੰਤਲੀ ਪਉੜੀ ਨੰ: ੩੮ ਵਿੱਚ ਆਪ ਉਸ ਸਰਮ (ਸ਼੍ਰਮ), ਘਾਲ, ਉਦੱਮ, ਮਿਹਨਤ, ਮੁਸ਼ੱਕਤ ਦਾ ਵਰਣਨ ਕਰਦੇ ਹਨ ਜਿਸ ਦੇ ਸਹਾਰੇ ਮਨੁੱਖ ਨੇਂ ਇਹ ਮੰਜ਼ਿਲਾਂ ਤੈਅ ਕਰਨੀਆਂ ਹਨ।

ਦਾਰਸ਼ਨਿਕ ਨਾਨਕ ਦੇਵ ਜੀ ਵਿਚਾਰ ਕਰਦੇ ਹਨ ਕਿ ਜਨਸਾਧਾਰਨ ਦੀ ਮੂੜ੍ਹ ਪਦਵੀ ਤੋਂ ਉਠੱ ਕੇ ਸਚਿਆਰ ਦੀ ਸਰਵ-ਉਚ ਪਦਵੀ ਤੱਕ ਪਹੁੰਚਣ ਲਈ ਮਨ/ਆਤਮਾ ਨਾਲ ਕੀਤੀ ਕਠੋਰ ਤਪੱਸਿਆ ਦੀ ਲੋੜ ਹੈ। ਅਗਿਆਨ, ਸੁਆਰਥੀ, ਤੇ ਭੇਖੀ ਮਾਇਆਧਾਰੀਆਂ ਦੇ ਬਣਾਏ ਹੋਏ ਦੁਨਿਆਵੀ ਦਿਖਾਵੇ ਦੇ ਕਰਮ, ਭੇਖ, ਚਿੰਨ੍ਹ, ਅਤੇ ਆਪੂੰ ਬਣਾਈਆਂ ਪਰੰਪਰਾਵਾਂ/ਰਹਿਤਾਂ ਆਦਿ ਸੱਭ ਮਾਇਆ ਦੀਆਂ ਖੇਡਾਂ ਤੇ ਝੂਠ ਦਾ ਪਾਸਾਰਾ ਹਨ। ਇਨ੍ਹਾਂ ਝੂਠ ਦੀਆਂ ਖੇਡਾਂ ਦੇ ਸੰਸਾਰਕ ਮਨੋਰੰਜਨ ਕਾਰਣ ਮਨੁੱਖ ਅਗਿਆਨਤਾ ਦੇ ਅਨ੍ਹੇਰੇ ਵਿੱਚ ਹੀ ਭਟਕਦਾ ਰਹਿੰਦਾ ਹੈ। ਅਗਿਆਨਤਾ ਦੀ ਧੁੰਦ ਵਿੱਚ ਖੇਡੀਆਂ ਜਾਂਦੀਆਂ ਇਨ੍ਹਾਂ ਸੰਸਾਰਕ ਖੇਡਾਂ ਕਾਰਣ ਹੀ ਭ੍ਰਿਸ਼ਟਾਚਾਰ, ਪਾਪ, ਵਿਕਾਰ ਅਤੇ ਕੁਕਰਮ ਵਿਆਪਕ ਹੁੰਦੇ ਹਨ। ਧਰਮ ਨੂੰ ਪਛਾਣਨ ਤੇ ਪਾਲਣ ਲਈ ਗਿਆਨ ਲਾਜ਼ਮੀ ਹੈ। ਫ਼ਰਮਾਨ ਹੈ:

“ਕਬੀਰਾ ਜਹਾ ਗਿਆਨ ਤਹ ਧਰਮੁ ਹੈ, ਜਹਾ ਝੂਠ ਤਹ ਪਾਪੁ॥

ਜਹਾ ਲੋਭੁ ਤਹ ਕਾਲੁ ਹੈ, ਜਹਾ ਖਿਮਾ ਤਹ ਆਪਿ॥”

ਸੋ, ਗਿਆਨ ਦੇ ਸਾਗਰ ਨਾਨਕ ਦੇਵ ਜੀ ਆਤਮ-ਯਾਤ੍ਰਾ ਦੇ ਯਾਤ੍ਰੀ ਨੂੰ ਗਿਆਨ-ਪੂਰਨ ਸੱਚੀ ਸੇਧ ਦਿੰਦੇ ਹੋਏ ਉਸ ਸਰਮ (ਸ਼੍ਰਮ) /ਘਾਲਣਾ ਤੋਂ ਜਾਣੂੰ ਕਰਾਉਂਦੇ ਹਨ ਜੋ ਸਿੱਖ/ਮਨੁੱਖ ਨੇਂ ਘਾਲਣੀਂ ਹੈ। ਆਪ ਵਿਚਾਰ ਦਿੰਦੇ ਹਨ:

“ਜਤੁ ਪਾਹਾਰਾ, ਧੀਰਜੁ ਸੁਨਿਆਰੁ॥ ਅਹਰਣਿ ਮਤਿ, ਵੇਦੁ ਹਥੀਆਰੁ॥

ਭਉ ਖਲਾ, ਅਗਨਿ ਤਪਤਾਉ॥ ਭਾਂਡਾ ਭਾਉ, ਅੰਮ੍ਰਿਤੁ ਤਿਤੁ ਢਾਲਿ॥

ਘੜੀਐ ਸਬਦੁ, ਸਚੀ ਟਕਸਾਲ॥ ਜਿਨ ਕਉ ਨਦਰਿ ਕਰਮੁ, ਤਿਨ ਕਾਰ॥

ਨਾਨਕ, ਨਦਰੀ ਨਦਰਿ ਨਿਹਾਲ॥ ੩੮” ਜਪੁ

ਉਪਰੋਕਤ ਪਉੜੀ ਦੇ ਭਾਵ ਅਤੇ ਫ਼ਲਸਫ਼ੇ ਨੂੰ ਸਮਝਣ ਲਈ ਇਸ ਵਿੱਚ ਵਰਤੇ ਸੂਖ਼ਸ਼ਮ ਦ੍ਰਿਸ਼ਟਾਂਤ ਅਤੇ ਪਰਿਭਾਸ਼ਕ ਸ਼ਬਦਾਵਲੀ ਨੂੰ ਜਾਣ ਲੈਣਾਂ ਅਤਿ ਜ਼ਰੂਰੀ ਹੈ। ਪੁਰਾਣੇ ਜ਼ਮਾਨੇ ਵਿੱਚ ਘਟੀਆ ਅਸ਼ੁੱਧ ਧਾਤ ਨੂੰ ਸਾਫ਼ ਕਰਕੇ ਖਰੇ/ਪ੍ਰਮਾਣਿਤ ਸਿੱਕੇ ਘੜਨ ਲਈ ਜੋ ਤਰਕੀਬ ਵਰਤੀ ਜਾਂਦੀ ਸੀ ਉਸ ਦਾ ਦ੍ਰਿਸ਼ਟਾਂਤ ਦੇ ਕੇ ਦਰਸ਼ਨਵੇਤਾ ਨਾਨਕ ਦੇਵ ਜੀ ਇਹ ਜਤਾਉਂਦੇ ਹਨ ਕਿ ਮਨੁੱਖ ਨੇ ਸਚਿਆਰ ਹੋਣ ਲਈ ਅਜਿਹੀ ਹੀ ਤਰਕੀਬ ਵਰਤਨੀਂ ਹੈ। ਫ਼ਰਕ ਸਿਰਫ਼ ਇਤਨਾਂ ਹੈ ਕਿ ਖਰੇ ਸਿੱਕੇ ਬਣਾਉਣ ਲਈ ਜਿੱਥੇ ਦ੍ਰਿਸ਼ਟਮਾਨ ਸੰਸਾਰਕ ਟਕਸਾਲ ਅਤੇ ਇਸ ਵਿਚਲੇ ਔਜ਼ਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉੱਥੇ ਮਨੁੱਖ ਨੇਂ ਆਪਣੇ ਅੰਤਹਕਰਣ ਰੂਪੀ ਅਦ੍ਰਿਸ਼ਟ ਟਕਸਾਲ ਵਿੱਚ ਆਤਮਿਕ ਗੁਣ ਰੂਪੀ ਸੂਖ਼ਸ਼ਮ ਸੰਦ ਵਰਤਣੇ ਹਨ। (ਨੋਟ:-ਇਸ ਪੌੜੀ ਵਿੱਚ ਰੂਪਕ ਅਲੰਕਾਰ ਵਰਤਿਆ ਗਿਆ ਹੈ, ਇਸ ਲਈ ਉਪਮਾਨ ਅਤੇ ਉਪਮੇਯ ਦੋਹਾਂ ਦਾ ਭਾਵ-ਅਰਥ ਲਿਖਣ ਦਾ ਉਪਰਾਲਾ ਹੈ)।

ਪਾਹਾਰਾ: ਸੁਨਿਆਰੇ ਦੀ ਛੋਟੀ ਜਿਹੀ ਨਿੱਜੀ ਦੁਕਾਨ/ਫ਼ੈਕਟਰੀ/ਕਾਰਖ਼ਾਨਾਂ/ਟਕਸਾਲ।

ਸੁਨਿਆਰ: ਨਿੱਜੀ ਟਕਸਾਲ ਦਾ ਮਾਲਿਕ/ਕਾਰੀਗਰ, ਜੋ ਨਿਰਧਾਰਿਤ ਮਿਆਰ ਅਨੁਸਾਰ ਸਿੱਕੇ ਢਾਲਣ ਦਾ ਜ਼ਿੱਮੇਦਾਰ ਹੈ।

ਅਹਰਣਿ: ਪੱਕੇ ਲੋਹੇ ਦਾ ਪਿੰਡ/ਆਧਾਰ ਜਿਸ ਉਤੇ ਅਸ਼ੁੱਧ ਅਤੇ ਕੁਰੂਪ ਧਾਤ ਨੂੰ ਕੁੱਟ ਕੁੱਟ ਕੇ ਲੋੜੀਂਦਾ ਰੂਪ ਦਿੱਤਾ ਜਾਂਦਾ ਹੈ।

ਹਥਿਆਰੁ: ਘਨ/ਹਥੌੜਾ ਜਿਸ ਦੀਆਂ ਸੱਟਾਂ/ਚੋਟਾਂ ਨਾਲ ਤਪਦੀ/ਪਿਘਲੀ ਹੋਈ ਬੇਰੂਪ ਧਾਤ ਨੂੰ ਲੋੜੀਂਦਾ ਪ੍ਰਵਾਣਿਤ ਰੂਪ ਦਿੱਤਾ ਜਾਂਦਾ ਹੈ।

ਖਲਾ: ਖੱਲ/ਧੌਂਕਨੀ/ਚਮੜੇ ਦਾ ਝੋਲਾ/ਫੂਕਣੀ, ਜਿਸ ਦੀਆਂ ਫੂਕਾਂ ਨਾਲ ਟਕਸਾਲ ਦੀ ਭੱਠੀ ਦੀ ਅੱਗ ਨਿਰੰਤਰ ਮਘਦੀ ਰੱਖੀ ਜਾਂਦੀ ਹੈ।

ਅਗਨਿ: ਟਕਸਾਲ ਦੀ ਭੱਠੀ ਦੀ ਅੱਗ ਜੋ ਖੋਟੀ ਅਸ਼ੁੱਧ ਧਾਤ ਨੂੰ ਸਾੜ/ਪਿਘਲਾ ਕੇ ਸ਼ੁੱਧ ਕਰਦੀ ਹੈ।

ਭਾਂਡਾ: ਮਿੱਟੀ ਦਾ ਖੁਲ੍ਹਾ ਪਾਤ੍ਰ/ਭਾਂਡਾ/ਬਾਟਾ/ਕੁਠਾਲੀ, ਜਿਸ ਵਿੱਚ ਖੋਟੀ/ਕੱਚੀ ਧਾਤ ਪਿਘਲਾਈ/ਪਾਈ ਜਾਂਦੀ ਹੈ।

ਟਕਸਾਲ: (mint) ਉਹ ਸਥਾਨ/ਕਾਰਖ਼ਾਨਾ ਜਿੱਥੇ ਟਕੇ/ਸਿੱਕੇ ਬਣਾਏ ਜਾਂਦੇ ਹਨ। ਸਤ-ਸੰਗ ਨੂੰ ਵੀ ਟਕਸਾਲ ਕਿਹਾ ਗਿਆ ਹੈ।

ਜਤੁ: ਇੰਦ੍ਰੀਆਂ ਨੂੰ ਵੱਸ ਵਿੱਚ ਕਰਕੇ, ਮਨ ਉੱਤੇ ਪੂਰਾ ਨਿਯੰਤ੍ਰਣ/ਕਾਬੂ ਪਾਕੇ ਵਿਕਾਰਾਂ ਤੋਂ ਪਰਹੇਜ਼ ਕਰਨਾਂ। ਅਰਥਾਤ, ਸੁੱਚਾ ਸੱਚਾ ਆਚਰਣ।

ਧੀਰਜੁ: ਸਹਿਨਸ਼ੀਲਤਾ, ਚਿਤ ਦਾ ਟਿਕਾਉ, ਦੁੱਖ ਸੁੱਖ ਵਿੱਚ ਮਨ ਦੀ ਇਸਥਿਤਿ/ਅਡੋਲਤਾ, ਮਾਨਸਿਕ ਸੰਤੁਲਨ ਜੋ ਸਿਮਰਨ ਦੀ ਕਾਰ ਕਰਨ ਲਈ ਲਾਜ਼ਮੀ ਹੈ।

ਮਤਿ: ਬੁੱਧਿ, ਗਿਆਨ, ਧਿਆਨ, ਯਕੀਨ ਆਦਿ।

ਵੇਦ: ਵਿਚਾਰ ਸ਼ਕਤੀ, ਅਧਿਆਤਮ-ਗਿਆਨ, ਇਲਾਹੀ ਇਲਮ ਆਦਿ।

ਭਉ: ਪ੍ਰਭੂ ਦੀ ਸਰਵਸ਼ਕਤੀਮਾਨਤਾ ਦਾ ਨਿਰੰਤਰ ਡਰ/ਖ਼ੌਫ਼।

ਅਗਨਿ: ਸ੍ਰਿਸ਼ਟੀ ਦੇ ਪੰਜ ਤੱਤਾਂ ਵਿੱਚੋਂ ਇੱਕ ਤੱਤ ਜੋ ਸ਼ੁੱਧਤਾ ਦਾ ਸਾਧਨ ਹੈ। ਮਨ/ਆਤਮਾ ਨਾਲ ਕੀਤੀ ਘਾਲਨਾਂ, ਮਿਹਨਤ, ਮੁਸ਼ੱਕਤ।

ਭਾਉ: ਪ੍ਰਭੂ-ਪ੍ਰੇਮ, ਅਕਾਲਪੁਰਖ ਵਿੱਚ ਸ਼੍ਰੱਧਾ ਵਿਸ਼ਵਾਸ॥

ਅੰਮ੍ਰਿਤ: ਮੌਤ ਤੋਂ ਬਿਨਾਂ, ਸਦੀਵੀ। ਆਤਮਾ ਨੂੰ ਅਮਰਤਾ/ਸਦੀਵਤਾ ਪ੍ਰਦਾਨ ਕਰਨ ਵਾਲਾ ਸੱਚ-ਨਾਮ।

ਸਬਦੁ: ਗੁਰ-ਉਪਦੇਸ਼, ਅਕਾਲਪੁਰਖ ਅਤੇ ਉਸ ਦਾ ਨਾਮ-ਸਿਮਰਨ।

ਉਤੇ ਲਿਖੇ ਸ਼ਬਦ-ਅਰਥਾਂ ਨੂੰ ਵਿਚਾਰਨ ਉਪਰੰਤ, ਆਉ ਹੁਣ ਪਉੜੀ ਦੇ ਫ਼ਲਸਫ਼ਾਨਾ ਭਾਵ-ਅਰਥ ਵਿਚਾਰੀਏ:

(ਗੁਰਸਿੱਖ/ਮਨੁੱਖ ਨੂੰ ਸੰਸਾਰਕ ਭਵਸਾਗਰ ਤਰਕੇ ਸਚਿਆਰਤਾ ਦੀ ਮੰਜ਼ਿਲ ਤਕ ਅਪੜਨ, ਉਸ ਦੀ ਨੇੜਤਾ ਹਾਸਿਲ ਕਰਨ, ਅਤੇ ਫ਼ੇਰ ਅਭੇਦਤਾ ਦੀ ਅਵਸਥਾ ਤਕ ਪਹੁੰਚਣ ਲਈ ਜਿਸ ਸ਼ੁੱਧੀਕਰਨ ਦੀ ਲੋੜ ਹੈ ਉਹ) ਇੰਦ੍ਰੀਆਤਮਿਕ ਸੰਜਮ ਰੂਪੀ ਨਿੱਜੀ ਕਾਰਖ਼ਾਨੇ (ਸਰੀਰ/ਪਾਹਾਰਾ) ਵਿੱਚ ਮਾਨਸਿਕ ਅਡੋਲਤਾ (ਧੀਰਜ) ਰੂਪੀ ਕਾਰੀਗਰ ਦਾ ਆਪਣੀ ਅਲ੍ਹੜ ਕੱਚੀ ਮਤਿ ਰੂਪੀ ਅਹਰਣਿ ਉੱਤੇ ਆਤਮ-ਗਿਆਨ ਰੂਪੀ ਹਥੌੜੇ ਦੀਆਂ ਸੱਟਾਂ/ਚੋਟਾਂ ਨਾਲ ਹੁੰਦਾ ਹੈ। (ਮਤਿ, ਮਨ, ਬੁੱਧਿ ਦੀ ਕੱਚੀ ਕੁਰੂਪ ਮੈਲੀ ਧਾਤ ਨੂੰ ਸਦੀਵੀ ਸਰੂਪ ਅਤੇ ਰੱਬੀ ਰੌਣਕ ਦੇਣ ਲਈ) ਮਨ/ਆਤਮਾ ਨਾਲ ਕੀਤੀ ਘਾਲਿ ਕਮਾਈ ਦੀ ਸ਼ੁੱਧਤਾ ਪ੍ਰਦਾਨ ਕਰਨ ਵਾਲੀ ਅਗਨਿ, ਅਤੇ ਉਸ ਅਗਨਿ ਨੂੰ ਹਰਿ ਦੇ ਮਿੱਠੇ ਡਰ ਦੀ ਫੂਕਣੀ ਨਾਲ ਮਘਦੇ ਰੱਖਣਾ ਜ਼ਰੂਰੀ ਹੈ। ਇਸ ਤਰਕੀਬ ਨਾਲ ਪ੍ਰਭੂ-ਪ੍ਰੇਮ ਦੀ ਕੁਠਾਲੀ ਵਿੱਚ ਅਮਰਤਾ ਬਖ਼ਸ਼ਨ ਵਾਲਾ ਨਾਮ ਢਾਲਿਆ ਜਾ ਸਕਦਾ ਹੈ। ਗੁਰੁ-ਉਪਦੇਸ ਅਤੇ ਹਰਿ-ਸਿਮਰਨ ਵਾਲਾ ਸੱਚਾ ਸੁੱਚਾ ਅਨੂਪਮ ਤੇ ਸਚਿਆਰ ਜੀਵਨ ਉਪਰੋਕਤ ਦੈਵੀ ਟਕਸਾਲ ਵਿੱਚ ਹੀ ਘੜਿਆ ਜਾ ਸਕਦਾ ਹੈ। ਇਹ ਆਤਮਿਕ ਘਾਲ ਉਨ੍ਹਾਂ ਦੇ ਹੀ ਵੱਸ ਦੀ ਹੈ ਜਿਨ੍ਹਾਂ ਉੱਤੇ ਓਸ ਦੀ ਨਜ਼ਰਿ ਕਰਮ ਹੁੰਦੀ ਹੈ। ਨਾਨਕ ਵਿਚਾਰ ਕਰਦਾ ਹੈ ਕਿ ਬਖ਼ਸ਼ਨਹਾਰ ਹਰਿ ਦੀ ਕ੍ਰਿਪਾ-ਦ੍ਰਿਸ਼ਟੀ ਸਦਕਾ ਹੀ ਮਨੁੱਖ ਸਚਖੰਡ ਵਾਲੀ ਆਖ਼ਰੀ ਅਵਸਥਾ, ਜਿਸ ਨੂੰ ‘ਨਿਹਾਲ’ ਕਿਹਾ ਗਿਆ ਹੈ, ਵਿੱਚ ਪਹੁੰਚਦਾ ਹੈ।

ਸੰਖੇਪ ਅਤੇ ਸਹਿਲ ਸ਼ਬਦਾਂ ਵਿੱਚ: ਸੱਚ-ਖੰਡ ਵਾਲੀ ਅਵਸਥਾ ਤੱਕ ਪਹੁੰਚਣ ਲਈ ਮਨੁੱਖ ਨੇਂ ਸਦਾਚਾਰ, ਸਹਿਨਸ਼ੀਲਤਾ, ਮਨ ਦੀ ਅਡੋਲਤਾ, ਆਤਮ-ਗਿਆਨ ਨਾਲ ਸਿੰਚੀ ਹੋਈ ਮਤ, ਪ੍ਰਭੂ ਦਾ ਸਦੀਵੀ ਡਰ ਤੇ ਪ੍ਰੇਮ ਆਦਿ ਆਤਮਿਕ ਦੈਵੀ ਗੁਣਾਂ ਨੂੰ ਧਾਰਨ ਕਰਨਾ ਹੈ। ਇਹ ਗੁਣ ਅਕਾਲਪੁਰਖ ਦੀ ਕ੍ਰਿਪਾ-ਦ੍ਰਿਸ਼ਟੀ/ਨਿਗਾਹੇ ਕਰਮ ਨਾਲ ਹੀ ਪ੍ਰਾਪਤ ਹੁੰਦੇ ਹਨ।

* * * * * * * * * *

‘ਜਪੁ’ ਦਾ ਅੰਤਕ ਪਦ ਨਾਨਕ ਦੇਵ ਜੀ ਦਾ ਸਲੋਕ ਹੈ ਜੋ ਇਸ ਸਾਰੀ ਬਾਣੀ ਦਾ ਸਾਰੰਸ਼ ਕਿਹਾ ਜਾਂਦਾ ਹੈ। ਇਸ ਸਲੋਕ ਵਿੱਚ ਆਪ ਵਿਚਾਰਦੇ ਹਨ ਕਿ ਜਿਵੇਂ ਸੰਸਾਰਕ ਸਫ਼ਰ ਵਿੱਚ ਮਨੁੱਖ ਦੇ - ਮਾਤਾ, ਪਿਤਾ, ਅਤੇ ਗੁਰੂ - ਤਿੰਨ ਸੇਧ-ਦਾਤੇ ਹਨ, ਜਿਨ੍ਹਾਂ ਤੋਂ ਸੇਧ/ਸਿਖਿਆ ਲੈ ਕੇ ਉਹ ਜੀਵਨ ਵਿੱਚ ਵਿਚਰਦਾ ਤੇ ਵਿਕਸਿਤ ਹੁੰਦਾ ਹੈ, ਤਿਵੇਂ ਮਨ/ਆਤਮਾ ਦੇ ਵਿਕਾਸ ਵਾਸਤੇ ਮਨੁੱਖ ਨੇ ਕਾਦਰ ਦੀ ਕੁਦਰਤ ਦੇ ਤੱਤ੍ਵਾਂ ਦੇ ਰੱਬੀ ਗੁਣਾਂ ਤੋਂ ਸਿੱਖਿਆ ਲੈਣੀ ਹੈ। ਪ੍ਰਕ੍ਰਿਤੀ ਦੇ ਤੱਤ੍ਵੀ ਗੁਣਾਂ ਵਿੱਚ ਕੁੱਝ ਸਮਾਨਤਾਵਾਂ ਹਨ: ੧. ਜੀਵਨ-ਦਾਨ: ਇਹ ਸਾਰੇ ਤੱਤ ਜੀਵਾਂ ਦਾ ਜੀਵਨ-ਆਧਾਰ ਹਨ। ਇੱਕ ਵੀ ਤੱਤ ਤੋਂ ਬਿਨਾਂ ਜੀਵਨ ਅਸੰਭਵ ਹੈ। ੨. ਸਮਦ੍ਰਿਸ਼ਟਤਾ: ਸ੍ਰਿਸ਼ਟੀ ਦੇ ਸਾਰੇ ਜੀਵਾਂ ਨਾਲ, ਬਿਨਾਂ ਕਿਸੇ ਭੇਦ ਭਾਵ ਦੇ, ਇੱਕੋ ਜਿਹਾ ਸਲੂਕ ਕਰਨਾਂ। ੩. ਨਿਸ਼ਕਾਮਤਾ: ਸ੍ਰਿਸ਼ਟੀ ਦੀਆਂ ਸਾਰੀਆਂ ਹੋਂਦਾਂ ਨੂੰ ਅਨਮੋਲ ਦਾਤਾਂ ਦਿੰਦੇ ਹਨ, ਪਰ ਇਸ ਦੇ ਬਦਲੇ ਕੁੱਝ ਨਹੀਂ ਲੋਚਦੇ। ਮਨੁੱਖ ਨੇਂ ਤੁਰੀਆਸਥਾ ਹਾਸਿਲ ਕਰਨ ਲਈ ਤਦਗੁਣੀ ਬਣਨਾਂ ਹੈ, ਅਰਥਾਤ, ਪ੍ਰਭੂ ਦੀ ਸਾਜੀ ਕੁਦਰਤ ਦੇ ਤੱਤ੍ਵੀ ਗੁਣਾਂ ਨੂੰ ਗ੍ਰਹਿਣ ਕਰਨਾਂ ਹੈ।

॥ ਸਲੋਕ॥

“ਪਵਣੁ ਗੁਰੁ, ਪਾਣੀ ਪਿਤਾ, ਮਾਤਾ ਧਰਤਿ ਮਹਤੁ॥

ਦਿਵਸੁ ਰਾਤਿ ਦੁਇ ਦਾਈ ਦਾਇਆ, ਖੇਲੈ ਸਗਲ ਜਗਤੁ॥

ਚੰਗਿਆਈਆ ਬੁਰਿਆਈਆ, ਵਾਚੈ ਧਰਮੁ ਹਦੂਰਿ॥

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥

ਜਿਨੀ ਨਾਮੁ ਧਿਆਇਆ, ਗਏ ਮਸਕਤਿ ਘਾਲਿ॥

ਨਾਨਕ, ਤੇ ਮੁਖ ਉਜਲੇ, ਕੇਤੀ ਛੁਟੀ ਨਾਲਿ॥”

ਭਾਵ: ਸੰਸਾਰ ਇੱਕ ਰੰਗ-ਮੰਚ ਹੈ ਜਿਸ ਤੇ ਸਾਰੇ ਮਨੁੱਖ ਦਿਨ ਰਾਤ ਦੇ ਸਾਏ ਹੇਠ ਜੀਵਨ-ਖੇਡਾਂ ਖੇਡਦੇ ਹਨ। ਕਈ ਮਨੁੱਖ ਮਾਤਾ, ਪਿਤਾ, ਅਤੇ ਦੁਨਿਆਵੀ ਗੁਰੂ ਦੀ ਦੇਖ ਰੇਖ ਵਿੱਚ ਸੰਸਾਰਕ ਖੇਡਾਂ ਹੀ ਖੇਡਦੇ ਹਨ, ਅਤੇ ਕੁੱਝ ਕੁਦਰਤ ਦੇ ਤੱਤ੍ਵੀ ਗੁਣਾਂ ਤੋਂ ਸੇਧ ਲੈ ਕੇ, ਸੰਸਾਰੀ ਹੁੰਦੇ ਹੋਏ ਵੀ, ਅਧਿਆਤਮਿਕ ਖੇਡਾਂ ਖੇਡਦੇ ਹਨ। (ਮਾਇਆ ਦੇ ਮਾਰੂ ਪ੍ਰਭਾਵਾਧੀਨ) ਅਮਾਨਵੀ ਕੰਮ ਕਰਨ ਵਾਲਿਆਂ ਦੀ ਪ੍ਰਭੂ ਤੋਂ ਦੂਰੀ ਵਧੇਰੇ ਹੁੰਦੀ ਜਾਂਦੀ ਹੈ; ਅਤੇ, ਦੈਵੀ ਗੁਣਾਂ ਦੇ ਅਸਰ ਹੇਠ ਪੁਰਸ਼ਾਰਥੀ ਖੇਡਾਂ ਖੇਡਣ ਵਾਲੇ ਸੁਰਖ਼ਰੂ ਹੋਕੇ ਅਕਾਲਪੁਰਖ ਦੀ ਨੇੜਤਾ ਦੇ ਭਾਗੀ ਬਣਦੇ ਹਨ। ਨੇੜਤਾ ਜਾਂ ਦੂਰੀ ਦਾ ਫ਼ੈਸਲਾ ਪਰਮਾਤਮਾ ਦੀ ਹਜ਼ੂਰੀ ਵਿੱਚ ਮਨੁੱਖਾਂ ਦੀਆਂ ਕਰਨੀਆਂ ਦੇ ਆਧਾਰ ਤੇ ਕੀਤਾ ਜਾਂਦਾ ਹੈ। (ਰੱਬੀ ਗੁਣ, ਨਾਮ-ਸਿਮਰਨ ਦੀ ਸ਼ਕਤੀ ਨਾਲ ਹੀ ਪ੍ਰਾਪਤ ਹੁੰਦੇ ਹਨ, ਇਸ ਲਈ) ਜਿਹੜੇ ਮਨੁੱਖ ਸਿਮਰਨ ਕਰਦੇ ਹਨ ਉਨ੍ਹਾਂ ਦੀ ਪਰਮਾਰਥਕ ਘਾਲ, ਮਿਹਨਤ, ਮੁਸ਼ੱਕਤ ਥਾਇ ਪੈਂਦੀ ਹੈ, ਉਹ (ਹਰਿ-ਘਰਿ ਵਿਖੇ) ਸੁਰਖ਼ਰੂ/ਉਜੱ੍ਵਲਮੁੱਖ ਹੁੰਦੇ ਹਨ, ਅਤੇ ਉਨ੍ਹਾਂ ਦਾ ਸੰਗ ਕਰਨ ਵਾਲੇ ਵੀ ਮਾਇਆ-ਮੁਕਤ ਹੋ ਜਾਂਦੇ ਹਨ।

ਉਪਰੋਕਤ ਵਿਚਾਰ ਤੋਂ ਇਹ ਸੱਚ ਸਿੱਧ ਹੁੰਦਾ ਹੈ ਕਿ ਧਰਮ ਪਾਲਣ ਅਤੇ ਜੀਵਨ-ਮਨੋਰਥ ਦੀ ਪੂਰਤੀ ਲਈ ਆਤਮਿਕ ਗੁਣਾਂ ਦੀ ਸੱਚੀ ਸੁੱਚੀ ਸਦਾਚਾਰਕ ਰਹਿਤ/ਰਹਿਣੀ ਦੀ ਲੋੜ ਹੈ। ਢੌਂਗੀਆਂ ਦੇ ਬਣਾਏ ਬਾਹਰੀ ਭੇਖ, ਚਿੰਨ੍ਹ, ਦਿਖਾਵੇ ਦੇ ਧਰਮ-ਕਰਮ, ਅਤੇ ਸੁਆਰਥ ਲਈ ਬਣਾਈਆਂ ਸੰਸਾਰਕ ਮਰਯਾਦਾਵਾਂ/ਰਹਿਤਾਂ ਆਦਿ ਅਗਿਆਨ ਜਨਤਾ ਨੂੰ ਲੁੱਟਣ ਦਾ ਅਮਾਨਵੀ/ਅਧਾਰਮਿਕ ਢੰਗ ਹੈ। ਅਤੇ, ਇਹ ਸਾਰੇ ਮਾਇਆ-ਜਾਲ ਹਨ, ਜੋ ਆਤਮ-ਜੀਵਨ-ਯਾਤ੍ਰਾ ਦੇ ਯਾਤ੍ਰੀ ਲਈ ਨਿਰਾਰਥਕ ਹਨ।

ਭੁੱਲ ਚੁਕ ਲਈ ਖਿਮਾ ਦਾ ਜਾਚਕ

ਦਾਸ,

ਗੁਰਇੰਦਰ ਸਿੰਘ ਪਾਲ

ਸਤੰਬਰ 25, 2009.




.