ਨਿਊਜ਼ੀਲੈਂਡ ਵਿਖੇ ਸ਼ਬਦ ਵਿਚਾਰ
(ਕਿਸ਼ਤ ਤੀਜੀ)
ਤੀਜਾ ਹਫਤਾ
ਮਿਤੀ ੨੦-੦੭-੦੯ ਤੋਂ ੨੬-੦੭-੦੯ ਤੀਕ
ਗੁਰਦੁਆਰਾ ਸਿਰੀ ਸਿੰਘ ਸਭਾ ਸ਼ੈਰਲੀ ਰੋਡ ਪਾਪਾਟੋਏਟੋਏ ਨਿਊਜ਼ੀਲੈਂਡ
ਮਿਤੀ ੨੦-੦੭-੦੯.
ਗੁਰਦੁਆਰਾ ਸਿਰੀ ਗੁਰੂ ਸਿੰਘ ਸਭਾ ਸ਼ੈਰਲੀ ਰੋਡ ਵਿਖੇ ਲੜੀ ਵਾਰ ਸ਼ਬਦ ਦੀ
ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਪੰਨਾ ਨੰਬਰ ੧੦੫ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਕਬੀਰ ਜੀ ਦੇ ਇੱਕ
ਸਲੋਕ ਦੀ ਵਿਚਾਰ ਕੀਤੀ ਕਿ ਉਹ ਪਰਮਾਤਮਾ ਜਿਸ ਨੂੰ ਕਬੀਰ ਜੀ ਸਾਂਈ ਦੇ ਨਾਮ ਨਾਲ ਪੁਕਾਰਦੇ ਹਨ ਬੋਲ਼ਾ
ਨਹੀਂ ਹੈ। ਇਸ ਲਈ ਮੇਰੇ ਮੁਸਲਮਾਨ ਮੁੱਲਾਂ ਵੀਰ ਤੂੰ ਉੱਚੀ ਥਾਂ `ਤੇ ਖਲੋ ਕੇ ਬਾਂਗ ਤਾਂ ਜ਼ਰੂਰ ਦੇ
ਰਿਹਾ ਏਂ, ਪਰ ਤੇਰੇ ਆਪਣੇ ਹਿਰਦੇ ਵਿੱਚ ਰਹਿ ਰਿਹਾ ਰੱਬ ਤੈਨੂੰ ਕਦੀ ਵੀ ਨਜ਼ਰ ਨਹੀਂ ਆਇਆ—
“ਕਬੀਰ ਮੁਲਾਂ ਮੁਨਾਰੇ ਕਿਆ ਚਢਹਿ,
ਸਾਂਈ ਨ ਬਹਰਾ ਹੋਇ॥ ਜਾ ਕਾਰਨਿ ਤੂੰ ਬਾਂਗ ਦੇਹਿ, ਦਿਲ ਹੀ ਭੀਤਰਿ ਜੋਇ”॥
ਇਸ ਲਈ ਤੂੰ ਨਿਰਾ ਧਰਮ ਕਰਮ ਤਾਂ ਨਿਭਾਅ ਰਿਹਾ ਏਂ ਪਰ
ਰੱਬੀ ਗੁਣਾਂ ਨੂੰ ਜ਼ਿੰਦਗੀ ਦਾ ਅੰਗ ਨਹੀਂ ਬਣਾਇਆ। ਇਸ ਦਾ ਅਰਥ ਇਹ ਨਹੀਂ ਕਿ ਇਹ ਕੇਵਲ ਮੁਸਲਮਾਨ
ਵੀਰਾਂ ਨੂੰ ਹੀ ਉਪਦੇਸ਼ ਹੈ ਤੇ ਸਾਡੇ `ਤੇ ਲਾਗੂ ਨਹੀਂ ਹੁੰਦਾ। ਆਪਣੇ ਮੂੰਹ ਨਾਲ ਤਾਂ ਸਾਰੇ ਨਾਮ
ਜੱਪ ਰਹੇ ਹਨ ਪਰ ਆਪਣੇ ਸੁਭਾਅ ਵਿੱਚ ਕੋਈ ਵੀ ਤਬਦੀਲੀ ਨਹੀਂ ਲਿਆਂਦੀ। ਸ਼ਬਦ ਦੇ ਪਹਿਲੇ ਬੰਦ ਵਿੱਚ
ਨਾਮ ਜੱਪਣ ਦੀ ਗੱਲ ਨੂੰ ਸਮਝਾਇਆ ਗਿਆ ਹੈ, ਜਿਸ ਦਾ ਭਾਵ ਅਰਥ ਹੈ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਚਤਾ।
ਜਿਹੜਾ ਮਨੁੱਖ ਤਨ-ਦੇਹੀ ਨਾਲ ਆਪਣੇ ਫ਼ਰਜ਼ਾਂ ਦੀ ਪੂਰਤੀ ਕਰਦਾ ਹੈ ਓੱਥੇ ਸਮਝੋ ਸੋਨੇ ਦੇ ਚੌਬਾਰੇ ਉਸਰ
ਗਏ। ਜੇ ਇਨਸਾਨ ਇਮਾਨਦਾਰੀ ਨਾਲ ਕਿਰਤ ਕਰੇਗਾ ਜ਼ਰੂਰੀ ਹੈ ਕਿ ਉਸ ਦਾ ਆਰਥਕ ਤਾਂ ਪੱਖ ਸੌਖਾ
ਹੋਏਗਾ-ਹੀ-ਹੋਏਗਾ ਓੱਥੇ ਆਤਮਕ ਤਿਰਪਤੀ ਵੀ ਆਉਂਦੀ ਹੈ।
ਸ਼ਬਦ ਦੇ ਦੂਸਰੇ ਬੰਦ ਵਿੱਚ ਆਪਣੀ ਕਿਰਤ ਦੀ ਰੋਟੀ ਖਾਣ ਦੀ ਤਗ਼ੀਦ ਕੀਤੀ ਹੈ।
ਐਸਾ ਕਿਰਤੀ ਅੰਦਰੋਂ ਸੱਚਾ ਹੁੰਦਾ ਹੈ। ਬਹੁਤਾਤ ਉਹਨਾਂ ਮਨੁੱਖਾਂ ਦੀ ਹੈ ਜੋ ਚੰਗਾ ਖਾ ਕੇ ਮੰਦਾ
ਬੋਲਦੇ ਹਨ ਜਾਂ ਵਿਕਾਰੀ ਜੀਵਨ ਜਿਊ ਰਹੇ ਹਨ। ਅਜੇਹੇ ਭੱਦਰਾਂ ਪੁਰਸ਼ਾਂ ਨੇ ਰੱਬ ਦੇ ਬਾਗ਼ ਵਿੱਚ ਜ਼ਹਿਰ
ਘੋਲ਼ਿਆ ਹੋਇਆ ਹੈ। ਤੀਸਰੇ ਬੰਦ ਵਿੱਚ ਜਿੰਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਦਾ ਕੋਈ ਵੀ ਅਹਿਸਾਸ ਨਹੀਂ
ਕੀਤਾ, ਸਗੋਂ ਸਾਕਤ ਮਨੁੱਖਾਂ ਨਾਲ ਮਿਲ ਕੇ ਕੁਕਰਮਾਂ ਵਾਲਾ ਜੀਵਨ ਬਣਾ ਲਿਆ ਹੈ, ਉਹਨਾਂ ਨੇ ਆਪਣੀ
ਜ਼ਿੰਦਗੀ ਬਰਬਾਦ ਕਰਕੇ ਆਪਣ ਹੱਥੀਂ ਆਪਣੀ ਆਪੇ ਹੀ ਜੜ੍ਹ ਪੁੱਟ ਲਈ ਹੈ।
ਸ਼ਬਦ ਦੇ ਅਖ਼ੀਰਲੇ ਬੰਦ ਵਿੱਚ ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਐ ਇਨਸਾਨ!
ਤੇਰੇ ਪਾਸ ਅਜੇ ਵੀ ਸਮਝਣ ਦਾ ਵੇਲਾ ਹੈ। ਉਸ ਦਾ ਇਕੋ ਇੱਕ ਉੱਤਰ ਹੈ ਕਿ ਤੂੰ ਆਪਣੇ ਆਪ ਨੂੰ ਗੁਰੂ
ਦੇ ਹਵਾਲੇ ਕਰਕੇ ਗੁਰੂ ਜੀ ਦੇ ਦੱਸੇ ਗੁਣਾਂ ਆਪਣੀ ਜ਼ਿੰਦਗੀ ਹਿੱਸਾ ਬਣਾ ਲੈ।
ਮਿਤੀ ੨੧-੦੭-੦੯. ਦਿਨ ਮੰਗਲ਼ਵਾਰ
ਲੜੀਵਾਰ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਦੋ ਸਲੋਕਾਂ ਦੀ ਵਿਚਾਰ ਕੀਤੀ ਗਈ।
ਰੱਬ ਜੀ ਨੂੰ ਸੁਣਦੇ ਹਾਂ ਪਰ ਉਸ ਦਾ ਸੁਆਦ ਨਹੀਂ ਆਇਆ ਕਿਉਂ ਕਿ ਸਾਡੇ ਪਾਸ ਅੰਦਰ ਅੰਤਰ-ਆਤਮੇ ਵਾਲੇ
ਸਰੀਰਕ ਅੰਗ ਨਹੀਂ ਹਨ ਜਿੰਨ੍ਹਾਂ ਨਾਲ ਅਸੀਂ ਰੱਬ ਜੀ ਦਾ ਅਹਿਸਾਸ ਕਰ ਸਕੀਏ। ਦੂਸਰੇ ਸਲੋਕ ਵਿੱਚ ਇਹ
ਅਹਿਸਾਸ ਕਰਾਇਆ ਗਿਆ ਹੈ ਕਿ ਅੱਖਾਂ, ਜ਼ਬਾਨ, ਕੰਨ, ਹੱਥਾਂ ਤੇ ਪੈਰਾਂ ਦੀ ਵਰਤੋਂ ਕਰਨੀ ਸਿੱਖ ਲਏਂਗਾ
ਤਾਂ ਤੈਨੂੰ ਰਬ ਜੀ ਦੇ ਗੁਣਾਂ ਦਾ ਪਤਾ ਲੱਗ ਜਾਏਗਾ। ਸ਼ਬਦ ਦੇ ਪਹਿਲੇ ਬੰਦ ਵਿੱਚ ਪਰਮਾਤਮਾ ਦੇ
ਚਰਣਾਂ ਨੂੰ ਹਿਰਦੇ ਵਿੱਚ ਵਸਾਉਣ ਲਈ ਕਿਹਾ ਹੈ। ਸੁਆਲ ਪੈਦਾ ਹੁੰਦਾ ਹੈ ਕਿ ਜੇ ਪਰਮਾਤਮਾ ਦਾ ਕੋਈ
ਰੂਪ ਨਹੀਂ ਹੈ ਤਾਂ ਫਿਰ ਉਸ ਦੇ ਪੈਰ ਕਿਹੜੇ ਹੋਏ? ਇਸ ਦਾ ਉੱਤਰ ਹੈ ਰੱਬੀ ਗੁਣਾਂ ਨੂੰ ਸਮਝ ਕੇ ਮਨ
ਵਿੱਚ ਵਸਾਉਣ ਨੂੰ ਹੀ ਚਰਣ ਕਿਹਾ ਗਿਆ ਹੈ। ਇਸ ਸਲੀਕੇ ਦੀ ਸਮਝ ਪੈਂਦਿਆਂ ਹੀ ਕਲ਼ਾ-ਕਲੇਸ਼ ਭੱਜ ਜਾਂਦੇ
ਹਨ। ਜਿਸ ਦਾ ਨਤੀਜਾ ਆਤਮਕ ਸੁੱਖ-ਸ਼ਾਤੀ ਤੇ ਸਹਿਜ ਅਵਸਥਾ ਦੀ ਧੁੰਨ ਵੱਜਦੀ ਸੁਭਾਅ ਵਿਚੋਂ ਦਿਸਦੀ
ਹੈ। ਦੂਸਰੇ ਬੰਦ ਵਿੱਚ ਬਹੁਤ ਗਹਿਰਾ ਉਪਦੇਸ਼ ਮਿਲਦਾ ਹੈ ਕਿ ਜੇ ਰੱਬੀ ਗੁਣਾਂ ਨਾਲ ਸਾਂਝ ਬਣ ਜਾਏ
ਤਾਂ ਫਿਰ ਮਨੁੱਖ ਗ਼ੈਰ-ਕੁਦਰਤੀ ਸਮਝਾਉਤੇ ਨਹੀਂ ਕਰੇਗਾ। ਇਸ ਨੂੰ ਸੱਚੀ ਪ੍ਰੀਤ ਕਿਹਾ ਗਿਆ ਹੈ।
ਪਰਮਾਤਮਾ ਦੀ ਕੁਦਰਤੀ ਨਿਯਮਾਵਲੀ ਨੂੰ ਆਪਨਾਉਣਾ ਹੀ ਉਸ ਦਾ ਸਿਮਰਨ ਹੈ ਜਿਸ ਦੁਆਰਾ ਵਿਕਾਰ ਨੇੜੇ
ਨਹੀਂ ਢੁੱਕਦੇ।
ਸ਼ਬਦ ਦੇ ਤੀਸਰੇ ਬੰਦ ਵਿੱਚ ਜਦੋਂ ਗੁਰ-ਗਿਆਨ ਦੀ ਅੰਮ੍ਰਿਤ ਵਰਖਾ ਹੁੰਦੀ ਹੈ
ਤਾਂ ਮਨੁੱਖ ਦੀ ਸ਼ਾਤੀ ਵਾਲੀ ਅਵਸਥਾ ਅੰਦਰੋਂ ਬਾਹਰੋਂ ਇਕੋ ਜੇਹੀ ਹੋ ਜਾਂਦੀ ਹੈ। ਸਤਿਗੁਰ ਵਲੋਂ
ਦਰਸਾਏ ਮਾਰਗ ਨੂੰ ਸਮਝਦਿਆਂ ਆਤਮਕ ਟਿਕਾਓ ਮਿਲਦਾ ਹੈ। ਚੌਥੇ ਬੰਦ ਵਿੱਚ ਪਰਮਾਤਮਾ ਦੇ ਮਿਲਾਪ ਦੀ
ਸਿਖਰ ਆਉਂਦੀ ਹੈ। ਗੁਰਬਾਣੀ ਦੁਆਰਾ ਰੱਬੀ ਗੁਣਾਂ ਦਾ ਪਤਾ ਚੱਲਦਾ ਹੈ ਤੇ ਉਹਨਾਂ ਰੱਬੀ ਗੁਣਾਂ ਨੂ
ਜੀਵਨ ਵਿੱਚ ਅਪਨਾਇਆਂ ਨਿਤਾ ਪ੍ਰਤੀ ਦਾ ਆਉਣਾ ਜਾਣਾ ਖਤਮ ਹੁੰਦਾ ਹੈ।
ਦਿਨ ਬੁੱਧਵਾਰ ਮਿਤੀ ੨੨-੦੭-੦੯.
ਗੁਰੂ ਗ੍ਰੰਥ ਸਾਹਿਬ ਜੀ ਦੇ ੧੦੬ ਪੰਨੇ ਉੱਤੇ ਅੰਕਤ ਸ਼ਬਦ ਦੀ ਲੜੀਵਾਰ ਕਥਾ
ਵਿੱਚ ਸ਼ਬਦ ‘ਕਲੇਸ਼’ ਦੀ ਵਿਚਾਰ ਕੀਤੀ ਗਈ। ਮਹਾਨ ਕੋਸ਼ ਵਿੱਚ ਕਲੇਸ਼ ਦਾ ਮੂਲ ਕਾਰਨ ਅਗਿਆਨਤਾ ਤੇ
ਬੇ-ਸਮਝੀ ਦੱਸੀ ਗਈ ਹੈ। ਪ੍ਰਮੇਸ਼ਰ ਨੇ ਮੀਂਹ ਪਾਇਆ ਭਾਵ ਉਸ ਦੇ ਦੈਵੀ ਗੁਣਾਂ ਦਾ ਸਾਰੇ ਹੀ ਸੰਸਾਰ
`ਤੇ ਮੀਂਹ ਪੈ ਰਿਹਾ ਹੈ। ਜਿਹੜਿਆਂ ਮਨੁੱਖਾਂ ਨੇ ਗਿਆਨ ਰੂਪੀ ਮੀਂਹ ਦੇ ਵਿੱਚ ਇਸ਼ਨਾਨ ਕਰ ਲਿਆ ਉਸ
ਦੇ ਕਲੇਸ਼ ਜ਼ਰੂਰ ਮਿਟ ਜਾਣਗੇ ਤੇ ਸੁੱਖਾਂ ਦੀ ਪ੍ਰਾਪਤੀ ਅਵੱਸ਼ ਹੋਵੇਗੀ। ਕਲੇਸ਼ ਨੂੰ ਸਮਝਣ ਲਈ ‘ਪੂਤਾ
ਮਾਤਾ ਕੀ ਅਸੀਸ’ ਵਾਲੇ ਸ਼ਬਦ ਦੀ ਵੀ ਵਿਚਾਰ ਕੀਤੀ ਗਈ ਕਿ ਇਹ ਸ਼ਬਦ ਕੇਵਲ ਇੱਕ ਪਰਵਾਰ ਲਈ ਨਹੀਂ ਹੈ
ਇਹ `ਤੇ ਸਾਰੀ ਮਨੁੱਖਤਾ ਨੂੰ ਹੀ ਉਪਦੇਸ਼ ਹੈ ਕਿ ਗੁਰੂ ਦੀ ਮਤ ਲੈ ਕੇ ਆਪਣੇ ਕਰਮ ਤੇ ਗਿਆਨ ਇੰਦਰਿਆਂ
ਦੇ ਪਰਵਾਰ ਦਾ ਉਧਾਰ ਕਰਨਾ ਚਾਹੀਦਾ ਹੈ। ਗੁਰੂ ਦੀ ਮਤ ਨੂੰ ਅੱਖ ਦੇ ਫੋਰ ਜਿੰਨੇ ਸਮੇਂ ਵਿੱਚ ਵੀ
ਨਹੀਂ ਵਿਸਾਰਨਾ ਚਾਹੀਦਾ। ਇਹ ਅਤਮਕ ਜੀਵਨ ਦੇਣ ਵਾਲਾ ਅੰਮ੍ਰਿਤ ਸਦਾ ਹੀ ਸਾਨੂੰ ਪੀਂਦੇ ਰਹਿਣਾ
ਚਾਹੀਦਾ ਹੈ। ਲੜੀਵਾਰ ਸ਼ਬਦ ਦੇ ਦੂਸਰੇ ਬੰਦ ਵਿੱਚ ਪਾਰਬ੍ਰਹਮ ਨੇ ਬੇਨਤੀ ਸੁਣੀ ਭਾਵ ਮਨੁੱਖ ਨੂੰ
ਦੈਵੀ ਗੁਣਾਂ ਦੀ ਪਹਿਛਾਣ ਹੋ ਗਈ, ਜਿਸ ਨੂੰ ਸੰਪੂਰਨ ਘਾਲ ਦਾ ਨਾਂ ਦਿੱਤਾ ਹੈ। ਤੀਸਰੇ ਬੰਦ ਵਿੱਚ
ਗੁਰ-ਕ੍ਰਿਪਾ ਭਾਵ ਗੁਰ-ਗਿਆਨ ਦੀ ਸਹਾਇਤਾ ਨਾਲ ਆਤਮਕ ਅਨੰਦ ਦਾ ਹੁਲਾਰਾ ਦਿਸਦਾ ਹੈ। ਇਸ ਲਈ ਗੁਰੂ
ਜੀ ਦੇ ਚਰਨ ਧੋਣ ਦੀ ਅਵੱਸਥਾ ਰੱਖੀ ਗਈ ਹੈ। ਇਸ ਦਾ ਭਾਵ ਅਰਥ ਨਿੰਮ੍ਰਤਾ ਨਾਲ ਗੁਰੂ ਦੇ ਦਰਸਾਏ
ਮਾਰਗ `ਤੇ ਚੱਲਣਾ ਹੈ। ਚੌਥੇ ਬੰਦ ਵਿੱਚ ਮਨ ਦੀਆਂ ਸ਼ੁਭ ਇਛਾਵਾਂ ਪੂਰੀਆਂ ਹੋਣ ਦਾ ਯਕੀਨ ਬੱਝਦਾ ਹੈ।
ਜਿਸ ਦੀ ਸਿੱਖਰ ਰੱਬੀ ਪਿਆਰ ਵਿੱਚ ਰੰਗੇ ਹੋਣਾ ਹੈ।
ਦਿਨ ਵੀਰਵਾਰ ਮਿਤੀ ੨੩-੦੭-੦੯.
ਚੱਲ ਰਹੀ ਲੜੀਵਾਰ ਕਥਾ ਦੀ ਵੀਚਾਰ ਕਰਨ ਤੋਂ ਪਹਿਲਾਂ ਭਾਈ ਗੁਰਦਾਸ ਜੀ ਦੇ
ਇੱਕ ਕਬਿੱਤ ਦੀ ਵਿਆਖਿਆ ਕੀਤੀ ਗਈ। ਬਿੱਲੇ ਕਹਿੰਦੇ ਹਨ ਕਿ ਅਸੀਂ ਚੂਹੇ ਖਾਣੇ ਛੱਡ ਦਿੱਤੇ ਹਨ ਪਰ
ਚੂਹਾ ਦੇਖਦਿਆਂ ਹੀ ਪਿੱਛੇ ਭੱਜ ਉੱਠਦੇ ਹਨ। ਕਾਂ ਕਹਿੰਦੇ ਨੇ ਗੰਦਗੀ ਵਿੱਚ ਚੁੰਜ ਨਹੀਂ ਮਾਰਨੀ ਪਰ
ਗੰਦ ਖਾਣੇ ਤੋਂ ਹੱਟਦੇ ਨਹੀਂ ਹਨ। ਗਿੱਦੜ ਆਖਦੇ ਨੇ ਕਿ ਅਸੀਂ ਸਦਾ ਲਈ ਚੁੱਪ ਰਹਾਂਗੇ ਪਰ ਇੱਕ ਦੂਜੇ
ਦੀ ਅਵਾਜ਼ ਸੁਣਦਿਆਂ ਹੀ ਸ਼ੋਰ ਪਉਣ ਲੱਗ ਜਾਂਦੇ ਹਨ। ਇੰਜ ਹੀ ਮਨੁੱਖ ਕਹਿੰਦਾ ਹੈ ਮੈਂ ਵਿਕਾਰ ਆਦ ਛੱਡ
ਦਿੱਤੇ ਹਨ, ਪਰ ਮੌਕਾ ਮਿਲਦਿਆਂ ਵਿਕਾਰਾਂ ਨੂੰ ਮੂੰਹ ਮਾਰਨ ਲਈ ਤੁਰ ਪੈਂਦਾ ਹੈ। ਸ਼ਬਦ ਦੀ ਵਿਚਾਰ
ਅਨੁਸਾਰ ਮਨੁੱਖ ਕਹਿੰਦਾ ਹੈ ਕਿ ਮੈਂ ਆਪਣਾ ਮਨ, ਤਨ ਤੇ ਧਨ ਗੁਰੂ ਦੇ ਚਰਨਾਂ ਵਿੱਚ ਰੱਖ ਦਿਤਾ ਪਰ
ਅੰਦਰੋਂ ਤਿਆਰ ਨਹੀਂ ਹੈ ਕਿਉਂਕਿ ਕਬਜ਼ਾ ਆਪਣਾ ਹੀ ਜਮਾਈ ਰੱਖਣਾ ਚਾਹੁੰਦਾ ਹੈ। ਜੇ ਮਨੁੱਖ ਸੁੱਖ ਦੀ
ਪ੍ਰਾਪਤੀ ਚਾਹੁੰਦਾ ਹੈ ਤਾਂ ਇਸ ਨੂੰ ਮਨ ਕਰਕੇ ਆਪਣਾ ਮਨ ਨਿੰਮ੍ਰਤਾ ਨਾਲ ਗੁਰੂ ਦੀ ਭੇਟ ਕਰਨਾ
ਪਏਗਾ। ਜਿਸ ਤਰ੍ਹਾਂ ਗਹਿਣਾ ਪਾਇਆਂ ਸਰੀਰ ਦੀ ਬਾਹਰ ਦੀ ਦਿੱਖ ਸੋਹਣੀ ਹੋ ਜਾਂਦੀ ਹੈ। ਏਸੇ ਤਰ੍ਹਾਂ
ਜੇ ਅਸੀਂ ਵੀ ਸ਼ੁਭ ਗੁਣਾਂ ਦੇ ਗਹਿਣਿਆਂ ਨਾਲ ਆਪਣੀ ਅੰਦਰਲੀ ਦਿੱਖ ਨੂੰ ਸਵਾਰ ਲਈਏ ਤਾਂ ਸਾਡਾ ਕਾਰ
ਵਿਹਾਰ ਵੀ ਸੋਹਣਾ ਹੋ ਸਕਦਾ ਹੈ। ਅਜੇਹੀ ਮਾਨਸਕ ਅਵੱਸਥਾ ਬਣਨ ਨਾਲ ਮਨੁੱਖ ਜਿੱਥੇ ਵੀ ਜਾਏਗਾ ਉਸ ਲਈ
ਓੱਥੇ ਸਵਰਗ ਭਾਵ ਆਤਮਕ ਖੁਸ਼ੀ ਹੀ ਹੋਏਗੀ। ਵਿਕਾਰਾਂ ਵਲੋਂ ਸੁਚੇਤ ਰਹਿ ਕੇ ਗੁਰੂ ਦੇ ਦਰਸਾਏ ਗੁਣਾਂ
ਨੂੰ ਵਰਤਦੇ ਰਹਿਣਾ ਹੀ ਸਿਮਰਣ ਹੈ ਤੇ ਇਸ ਦਾ ਅਭਿਆਸ ਅੱਠੇ ਪਹਿਰ ਕਰਦੇ ਰਹਿਣਾ ਚਾਹੀਦਾ ਹੈ। ਇਸ
ਵਿਚਾਰ ਨੂੰ ਹੋਰ ਸਮਝਣ ਲਈ
“ਮਨਿ ਮੇਲੈ ਸਭੁ ਕਿਛੁ ਮੈਲਾ” ਵਾਲੇ ਸ਼ਬਦ ਦੀ ਵੀ
ਨਾਲ ਵਿਚਾਰ ਹੋਈ। ਬੇ-ਸ਼ੱਕ ਸਿੱਧਾਂ ਵਾਲੇ ਆਸਣ ਵੀ ਸਿੱਖ ਲਏ ਜਾਣ ਪਰ ਗੁਰ-ਗਿਆਨ ਤੋਂ ਬਿਨਾਂ ਮਨ ਦੀ
ਅੰਦਰਲੀ ਮੈਲ ਦੂਰ ਨਹੀਂ ਹੋ ਸਕਦੀ। ਜੇ ਮਨ ਵਿੱਚ ਮਲੀਨਤਾ ਆ ਗਈ ਤਾਂ ਸਾਰਾ ਕਾਰ ਵਿਹਾਰ ਹੀ ਮੈਲਾ
ਹੋ ਜਾਏਗਾ। ਸ਼ਬਦ ਦੀ ਵਿਚਾਰ ਦੁਆਰਾ ਮੋਹ-ਮਮਤਾ ਦੀ ਮੈਲ ਲੱਥ ਜਾਏਗੀ।
ਮਿਤੀ ੨੪-੦੭-੦੯ ਦਿਨ ਸ਼ੁੱਕਰਵਾਰ
ਕਬੀਰ ਸਾਹਿਬ ਜੀ ਦੇ ਸ਼ਬਦ
“ਸੁਰਹ ਕੀ ਜੈਸੀ ਤੇਰੀ ਚਾਲ॥ ਤੇਰੀ
ਪੂੰਛਟ ਊਪਰਿ ਝਮਕ ਬਾਲ” ਦੀ ਵਿਚਾਰ ਸ਼ੁਰੂ ਕਰਦਿਆਂ
ਇਹ ਵਿਚਾਰਿਆ ਗਿਆ ਕਿ ਕੁੱਤੇ ਦੀ ਚਾਲ ਗਊ ਵਰਗੀ ਹੈ ਤੇ ਪੂਛਲ ਦੇ ਵਾਲ ਵੀ ਬਹੁਤ ਸੋਹਣੇ ਲੱਗਦੇ ਹਨ।
ਪਰ ਕਮੀਨਗੀ ਏਨੀ ਹੈ ਕਿ ਜਿਸ ਚੱਕੀ ਨੂੰ ਚੱਟ ਕੇ ਹੱਟਿਆ ਹੈ ਉਸ ਦੇ ਸਾਫ਼ ਕਰਨ ਵਾਲੇ ਪਰੋਲ਼ੇ ਵਿਚੋਂ
ਵੀ ਆਟਾ ਲੱਭ ਰਿਹਾ ਹੈ। ਜਾਣ ਲੱਗਾ ਕਿੱਲੀ ਨਾਲ ਬੱਧੇ ਹੋਏ ਛਿੱਕੇ ਵਿਚੋਂ ਦੁੱਧ ਨੂੰ ਜਦੋਂ ਮੂੰਹ
ਮਾਰਨ ਦਾ ਯਤਨ ਕਰਦਾ ਹੈ ਫਿਰ ਇਸ ਦੀ ਪਿੱਠ ਤੇ ਸੋਟਾ ਵੱਜਦਾ ਹੈ। ਇੱਕ ਜਗਿਆਸੂ ਨੂੰ ਉਪਦੇਸ਼ ਮਿਲਦਾ
ਹੈ ਕਿ ਭਲੇ ਲੋਕ ਆਪਣੇ ਘਰ ਵਿੱਚ ਰਹਿ ਕੇ ਅਨੰਦ ਮਾਣ ਸਕਦਾ ਏਂ। ਪਰ ਜਦੋਂ ਬਗਾਨਿਆਂ ਘਰਾਂ ਵਿੱਚ
ਮੂੰਹ ਮਾਰਨ ਦਾ ਯਤਨ ਕਰੇਂਗਾ ਤਾਂ ਅਵੱਸ਼ ਤੇਰੀ ਪਿੱਠ ਤੇ ਦੀਰਘ ਰੋਗਾਂ ਤੇ ਬੇ-ਇਜ਼ਤੀ ਵਾਲਾ ਸੋਟਾ
ਵੱਜੇਗਾ। ਦਰ-ਅਸਲ ਮਨੁੱਖ ਦੀ ਇਹ ਫਿਦਰਤ ਹੈ ਕਿ ਇਹ ਹਮੇਸ਼ਾਂ ਹੀ ਬਗਾਨਿਆਂ ਘਰਾਂ ਵਲ ਨੂੰ ਝਾਕਣ ਦੀ
ਤ੍ਰਿਸ਼ਨਾ ਰੱਖਦਾ ਹੈ। ਲੜੀਵਾਰ ਸ਼ਬਦ ਦੀ ਵਿਚਾਰ ਵੀ ਏਹੋ ਹੀ ਹੈ। ਮਨ ਵਿੱਚ ਜਦੋਂ ਵਿਚਾਰ ਫੁੱਟਿਆ
ਵਿਚਾਰ ਆਸਾ ਦਾ ਰੂਪ ਧਾਰਨ ਕਰਦਾ ਹੈ। ਆਸਾ ਦਾ ਸਾਕਾਰ ਰੂਪ ਤ੍ਰਿਸ਼ਨਾ ਵਿੱਚ ਪ੍ਰਬਲ਼ ਹੁੰਦਾ ਹੈ।
ਤ੍ਰਿਸ਼ਨਾ ਅਜੇਹੀ ਅਗਨੀ ਹੈ ਜੋ ਹਰ ਸਮੇਂ ਮੱਘਦੀ ਰਹਿੰਦੀ ਹੈ। ਰੱਬੀ ਗਿਆਨ ਦਾ ਮੀਂਹ ਪੈਣ ਨਾਲ
ਜਿੱਥੇ ਤ੍ਰਿਸ਼ਨਾ ਬੁੱਝਦੀ ਹੈ ਓੱਥੇ ਆਤਮਕ ਸ਼ਾਂਤੀ ਤੇ ਅਨੰਦ ਦਾ ਜਨਮ ਹੁੰਦਾ ਹੈ। ਸ਼ਬਦ ਦੇ ਦੂਸਰੇ
ਬੰਦ ਵਿੱਚ ਰੱਬੀ ਗਿਆਨ ਦੁੱਖਾਂ ਨੂੰ ਭੰਨਦਾ ਹੋਇਆ ਸੁੱਖਾਂ ਨੂੰ ਜਨਮ ਦੇਂਦਾ ਹੈ। ਚੰਗੀ ਵਿਚਾਰ ਲੈਣ
ਤੋਂ ਬਿਨਾਂ ਆਤਮਕ ਜੀਵਨ ਵਿੱਚ ਰੱਬੀ ਗੁਣਾਂ ਦੀ ਸਪੱਸ਼ਟਤਾ ਨਹੀਂ ਆ ਸਕਦੀ।
‘ਤੂੰ ਸਚਾ ਸਾਹਿਬੁ ਗੁਣੀ ਗਹੇਰਾ’
ਨੂੰ ਅੱਠੇ-ਪਹਿਰ ਯਾਦ ਰੱਖਣਾ ਚਾਹੀਦਾ ਹੈ।
ਦਿਨ ਸ਼ਨੀਚਰਵਾਰ ਮਿਤੀ ੨੫-੦੭-੦੯
ਵਿਲੰਗਟਿਨ
ਗੁਰਦੁਆਰਾ ਸਿਰੀ ਗੁਰੂ ਸਿੰਘ ਸਭਾ ਸ਼ੈਰਲੀ ਰੋਡ ਦੇ ਬਣਾਏ ਹੋਏ ਪ੍ਰੋਗਰਾਮ
ਅਨੁਸਾਰ ਗੁਰਦੁਆਰਾ ਵਲਿੰਗਟਨ ਵਿਖੇ ਦੋ ਦਿਨ ਸ਼ਬਦ ਦੀ ਵਿਚਾਰ ਕਰਨ ਦਾ ਸਮਾਂ ਬਣਿਆਂ। ਸ਼ਨੀਚਰਵਾਰ ਨੂੰ
ਸ਼ਾਮ ਦੇ ਸਮੇਂ
‘ਮੇਰੇ ਸਾਹਿਬਾ
ਹਉ ਆਪੇ ਭਰਮਿ ਭੁਲਾਣੀ॥ ਅਖਰ ਲਿਖੇ ਸੇਈ ਗਾਵਾ ਅਵਰ ਨ ਜਾਣਾ ਬਾਣੀ’॥
ਸ਼ਬਦ ਦੀ ਵਿਚਾਰ ਕਰਦਿਆਂ ਸੰਗਤ ਪਾਸੋਂ ਸਵਾਲ ਪੁੱਛੇ ਕਿ ਕੀ
ਅਸੀਂ ਭਰਮਾਂ ਵਿੱਚ ਤਾਂ ਨਹੀਂ ਵਿਚਰ ਰਹੇ। ਕੁੱਝ ਭਰਮਾਂ ਦੀ ਜਾਣਕਾਰੀ ਦੇਂਦਿਆਂ ਵਿਚਾਰਿਆ ਗਿਆ ਕਿ
ਗੁਰੂ ਗ੍ਰੰਥ ਸਾਹਿਬ ਜੀ ਪਾਸ ਰੱਖਿਆ ਹੋਇਆ ਪਾਣੀ ਅੰਮ੍ਰਿਤ ਨਹੀਂ ਹੋ ਸਕਦਾ। ਚਿਤ੍ਰਕਾਰਾਂ ਵਲੋਂ
ਗੁਰੂਆਂ ਦੀਆਂ ਬਣਾਈਆਂ ਹੋਈਆਂ ਤਸਵੀਰਾਂ ਦੀ ਸਿੱਖੀ ਵਿੱਚ ਕੋਈ ਅਹਿਮੀਅਤ ਨਹੀਂ ਹੈ। ਜੇ ਅੰਮ੍ਰਿਤਸਰ
ਸ਼ਹੀਦਾਂ ਦੇ ਗੁਰਦੁਆਰਾ ਵਿਖੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਜੋਤ ਜਗ ਰਹੀ
ਹੈ ਤਾਂ ਸਿੱਖੀ ਦੇ ਸਿਧਾਂਤ ਅਨੁਸਾਰ ਓੱਥੇ ਵੀ ਗਲਤ ਪਿਰਤ ਹੈ। ਇਸ ਸ਼ਬਦ ਦੀ ਵਿਚਾਰ ਕਰਦਿਆਂ ਦੱਸਿਆ
ਗਿਆ ਕਿ ਸਾਡੇ ਕੀਤੇ ਹੋਏ ਕਰਮ ਹੀ ਸਾਡੇ ਸਾਹਮਣੇ ਆਉਂਦੇ ਹਨ। ਸਾਡਾ ਇੱਕ ਦੁਖਾਂਤ ਹੈ ਕਿ ਅਸੀਂ ਕਰਮ
ਹੋਰ ਕਰਦੇ ਹਾਂ ਪਰ ਮੰਗ ਸਾਡੀ ਕੁੱਝ ਹੋਰ ਹੁੰਦੀ ਹੈ। ਚੱਲ ਰਹੀ ਕਥਾ ਵਿੱਚ ਸੰਗਤ ਵਲੋਂ ਸੁਆਲ ਆਇਆ
ਕਿ ਕੀ ਵਾਕਿਆ ਹੀ ਸਰੋਵਰ ਵਿਚੋਂ ਕਾਂ ਇਸ਼ਨਾਨ ਕਰਨ ਨਾਲ ਚਿੱਟੇ ਹੰਸ ਬਣ ਗਏ ਸਨ? ਗੁਰਬਾਣੀ ਦੀ
ਰੋਸ਼ਨੀ ਵਿੱਚ ਵਿਚਾਰ ਕਰਦਿਆਂ ਦੱਸਿਆ ਗਿਆ ਕਿ ਕਾਂ ਮਨੁੱਖੀ ਚਲਾਕੀ ਦਾ ਨਾਂ ਹੈ। ਗੁਰਬਾਣੀ ਗਿਆਨ
ਵਿੱਚ ਇਸ਼ਨਾਨ ਕਰਨ ਨਾਲ ਕਾਂ ਵਰਗੀ ਭੈੜੀ ਬਿਰਤੀ ਹੰਸ ਦੀ ਸੋਚ ਵਿੱਚ ਤਬਦੀਲ ਹੋ ਜਾਂਦੀ ਹੈ।
ਦਿਨ ਸ਼ਨੀਚਰਵਾਰ ਮਿਤੀ ੨੫-੦੭-੦੯.
ਪਲਮਰਸਟਨ ਨੋਰਥ ਸ਼ਾਮ—
ਗੁਰਦੁਆਰਾ ਵਲਿਗੰਟਨ ਤੋਂ ਕੋਈ ਸਵਾ ਕੁ ਸੌ ਕਿਲੋਮੀਟਰ ਦੀ ਦੂਰੀ `ਤੇ ਸ਼ਾਮ
ਨੂੰ ਉਚੇਚੇ ਤੌਰ `ਤੇ ਸੰਗਤਾਂ ਵਲੋਂ ਦੀਵਾਨ ਰੱਖਿਆ ਗਿਆ। ਕੁੱਝ ਪਰਵਾਰ, ਪਰ ਬਹੁਤੇ ਪੰਜਾਬ ਤੋਂ
ਵਿਦਿਆ ਲੈਣ ਲਈ ਆਏ ਬੱਚਿਆਂ ਵਲੋਂ ਹਾਲ ਕਰਾਏ ਤੇ ਲੈ ਕੇ ਸ਼ਾਮ ਦਾ ਸਮਾਗਮ ਰੱਖਿਆ ਗਿਆ। ਪਹਿਲਾ ਸੁਆਲ
ਸੀ ਕਿ ਕੀ ਅਸੀਂ ਹਾਲ ਕਰਾਏ `ਤੇ ਲੈ ਕੇ, ਤੇ ਅੱਜ ਦਾ ਦੀਵਾਨ ਸਜਾ ਕੇ ਗੁਰਬਾਣੀ ਸਮਝ ਰਹੇ ਕਿਤੇ
ਕੋਈ ਗੁਰੂ ਗਰੰਥ ਸਾਹਿਬ ਜੀ ਦੀ ਕੋਈ ਬੇ-ਅਦਬੀ ਤਾਂ ਨਹੀਂ ਹੋਈ। ਵਿਚਾਰ ਨੂੰ ਖੋਹਲਦਿਆ ਬੇਨਤੀ ਕੀਤੀ
ਕਿ ਅੱਜ ਤੋਂ ਪੰਜ ਸੱਤ ਸਾਲ ਪਹਿਲਾਂ ਸਾਡਿਆਂ ਪਿੰਡਾਂ ਵਿੱਚ ਹਵੇਲੀ ਵਿਚੋਂ ਕਿੱਲੇ ਪੁੱਟ ਕੇ ਸਫ਼ਾਈ
ਕਰਕੇ ਅਨੰਦ ਕਾਰਜ ਕੀਤੇ ਜਾਂਦੇ ਸਨ। ਪਰ ਅੱਜ ਸਤਿਕਾਰ ਦੇ ਨਾਂ `ਤੇ ਸਤਿਕਾਰ ਦੀ ਵਾਲ ਤੋਂ ਛਿੱਲ
ਲਾਹੀ ਜਾ ਰਹੀ ਹੈ। ਕਵੈਤ ਵਿੱਚ ਅੱਜ ਵੀ ਸੰਗਤ ਸਕੂਲ ਦਾ ਹਾਲ ਕਰਾਏ ਤੇ ਲੈ ਕੇ ਗੁਰਬਾਣੀ ਨਾਲ ਸਾਂਝ
ਪਾਉਣ ਦਾ ਹਫਤੇ ਬਾਅਦ ਯਤਨ ਕਰ ਲੈਂਦੀ ਹੈ। ਵੀਰ ਹਰਨੇਕ ਸਿੰਘ ਜੋ ਔਕਲੈਂਡ ਤੋਂ ਗਏ ਹੋਏ ਸਨ ਉਹਨਾਂ
ਨੇ ਗੁਰਬਾਣੀ ਸਤਿਕਾਰ ਸਬੰਧੀ ਬੇਨਤੀ ਕੀਤੀ ਕਿ ਅਸੀਂ ਤੁਹਾਡੇ ਨਾਲ ਹਾਂ ਤੁਸਾਂ ਕੋਈ ਵੀ ੳਲੰਘਣਾਂ
ਨਹੀਂ ਕੀਤੀ। ਅਸਲ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਓਦੋਂ ਹੀ ਹੋਏਗਾ ਜਦੋਂ ਗੁਰਬਾਣੀ ਗਿਆਨ ਨੂੰ
ਸਮਝਾਂਗੇ। ਡੇਰਿਆਂ ਵਾਲੇ ਸਾਧ ਸਤਿਕਾਰ ਦਾ ਰੋਲ਼ਾ ਤਾਂ ਬਹੁਤ ਪਾਉਂਦੇ ਹਨ ਪਰ ਸਿੱਖੀ ਸਿਧਾਂਤ ਉਹਨਾਂ
ਦੇ ਨੇੜੇ ਤੇੜੇ ਵੀ ਨਹੀਂ ਹੈ।
ਮਿਤੀ ੨੬-੦੭-੦੯ ਦਿਨ ਐਤਵਾਰ
ਹਫਤਾਵਾਰੀ ਦੀਵਾਨ ਵਿੱਚ ਰਾਤ ਵਾਲੇ ਸ਼ਬਦ ਦੀ ਹੀ ਵਿਚਾਰ ਨੂੰ ਅੱਗੇ ਤੋਰਦਿਆਂ
ਜੀਵ ਰੂਪੀ ਇਸਤ੍ਰੀ ਦੀ ਉਦਾਹਰਣ ਦੇਂਦਿਆਂ ਦੱਸਿਆ ਗਿਆ ਕਿ ਜਿਸ ਤਰ੍ਹਾਂ ਜੀਵ ਰੂਪੀ ਇਸਤਰੀ ਦੀ
ਬਿਰਤੀ ਵੱਖ ਵਾਦੀ ਹੁੰਦੀ ਹੈ ਪਰ ਸਾਹੁਰੇ ਘਰ ਪਤੀ ਦੀਆਂ ਸਾਰੀਆਂ ਵਸਤੂਆਂ ਸਾਂਝੀਆਂ ਹੁੰਦੀਆਂ ਹਨ।
ਏਸੇ ਤਰ੍ਹਾਂ ਹੀ ਜਦੋਂ ਅਸੀਂ ਅੰਦਰਲੇ ਸਾਂਝੇ ਦੈਵੀ ਗੁਣ ਜੋ ਸਾਨੂੰ ਪਰਮਾਤਮਾ ਨੇ ਬਖਸ਼ੇ ਹੋਏ ਹਨ ਉਹ
ਪਤੀ ਪਰਮਾਤਮਾ ਦੇ ਸਾਂਝੇ ਗੁਣ ਹਨ। ਇਸ ਲਈ ਸਾਨੂੰ ਇਹਨਾਂ ਸਾਂਝੇ ਗੁਣਾਂ ਦੀ ਵਰਤੋਂ ਕਰਨੀ ਚਾਹੀਦੀ
ਹੈ। ਸਤ, ਸੰਤੋਖ, ਹਲੇਮੀ ਆਦ ਦੇ ਰੱਬੀ ਗੁਣਾਂ ਨੂੰ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵਰਤ ਕੇ ਆਪਣੇ
ਸੁਭਾਅ ਰਾਂਹੀ ਪ੍ਰਗਟਾਅ ਕਰਨਾ ਚਾਹੀਦਾ ਹੈ। ਗੁਰਬਾਣੀ ਇਸ ਨੂੰ ਕਸੀਦਾ ਕਹਿੰਦੀ ਹੈ। ਵੱਖ ਵੱਖ
ਉਦਾਹਰਣਾਂ ਦੇ ਕੇ ਗੁਰਬਾਣੀ ਦੀ ਮਹੱਤਤਾ ਸਬੰਧੀ ਖੁਲ੍ਹ ਕੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।
ਦੀਵਾਨ ਦੀ ਸਮਾਪਤੀ ਉਪਰੰਤ ਖੁਲ੍ਹੀਆਂ ਵਿਚਾਰਾਂ ਦੀ ਪ੍ਰੋਗਰਾਮ ਰੱਖਿਆ। ਜਿਸ
ਵਿੱਚ ਵਿਸ਼ੇਸ਼ ਤੌਰ `ਤੇ ਬਚਿੱਤ੍ਰ ਨਾਟਕ (ਦਸਮ ਗ੍ਰੰਥ) ਸੰਬੰਧੀ ਖੁਲ੍ਹ ਕੇ ਸਵਾਲ ਪੁੱਛੇ ਗਏ। ਆਮ
ਸਵਾਲਾਂ ਵਾਂਗ ਏਥੇ ਵੀ ਸਭ ਤੋਂ ਪਹਿਲਾਂ ਇਹ ਪੁੱਛਿਆ ਗਿਆ ਕਿ ਹੇਮ ਕੁੰਟ ਜਾਣਾ ਚਾਹੀਦਾ ਹੈ ਕਿ
ਨਹੀਂ? ਸਵਾਲਾਂ ਦਾ ਜੁਆਬ ਦੇਂਦਿਆਂ ਇਹ ਦੱਸਿਆ ਕਿ ਜੇ ਹੇਮ ਕੁੰਟ ਨੂੰ ਸਿੱਖ ਮੰਨ ਲੈਂਦਾ ਹੈ ਤਾਂ
ਫਿਰ ਸਭ ਤੋਂ ਪਹਿਲਾਂ ਸਾਨੂੰ ਬਾਕੀ ਨੌਂ ਗੁਰੂਆਂ ਦੇ ਅਸਥਾਨਾਂ ਦਾ ਵੀ ਪਤਾ ਕਰਨਾ ਹੋਏਗਾ। ਜਦ
ਗੁਰਿਆਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਗਈ ਹੈ ਤਾਂ ਫਿਰ ਸਾਨੂੰ ਅਜੇਹੇ ਗ੍ਰੰਥਾਂ `ਤੇ ਭਰੋਸਾ
ਕਰਨ ਦੀ ਕੀ ਜ਼ਰੂਰਤ ਹੈ।
ਰਾਤ ਨੂੰ ਇੱਕ ਪਰਵਾਰ ਵਲ ਬਹੁਤ ਸਾਰੇ ਵੀਰ ਇਕੱਠੇ ਹੋਏ ਤੇ ਉਹਨਾਂ ਸਾਰਿਆਂ
ਆਪਣੇ ਆਪਣੇ ਸ਼ੰਕੇ ਰੱਖੇ। ਇਹਨਾਂ ਵਿੱਚ ਇੱਕ ਸਵਾਲ ਸੀ ਕਿ ਅੱਜ ਜਿਹੜੇ ਸੰਤ ਕਾਰ ਸੇਵਾ ਕਰਾ ਰਹੇ ਉਹ
ਪਹੁੰਚੇ ਹੋਏ ਨਹੀਂ ਹਨ? ਇਸ ਦਾ ਉੱਤਰ ਵੀਰ ਹਰਨੇਕ ਸਿੰਘ ਨੇ ਬਹੁਤ ਹੀ ਭਾਵ-ਪੂਰਤ ਸ਼ਬਦਾਂ ਵਿੱਚ
ਰੱਖਿਆ ਕਿ ਜਿਸ ਤਰ੍ਹਾਂ ਕੋਈ ਪਤਨੀ ਆਪਣੇ ਪਤੀ ਵਾਲਾ ਅਧਿਕਾਰ ਕਿਸੇ ਹੋਰ ਪਤੀ ਨੂੰ ਥੋੜਾ ਜਿੰਨਾਂ
ਵੀ ਦੇ ਦੇਂਦੀ ਹੈ ਤਾਂ ਇਹ ਅਧਿਕਾਰ ਪਤੀ ਨੂੰ ਕਦਾ ਚਿੱਤ ਵੀ ਪਰਵਾਨ ਨਹੀਂ ਹੋਏਗਾ। ਏਸੇ ਤਰ੍ਹਾਂ
ਕੋਈ ਕਿੰਨਾ ਵੀ ਪਹੁੰਚਿਆ ਹੋਵੇ ਸਾਧ ਕਿਉਂ ਨਾ ਹੋਵੇ ਅਸੀਂ ਗੁਰੂ ਵਾਲਾ ਅਧਿਕਾਰ ਨਹੀਂ ਦੇ ਸਕਦੇ।
ਜੇ ਗੁਰੂ ਵਾਲਾ ਅਧਿਕਾਰ ਅਸੀਂ ਸਾਧ ਨੂੰ ਦੇਂਦੇ ਹਾਂ ਤਾਂ ਕੀ ਗੁਰੂ ਸਾਡੇ ਤੇ ਖੁਸ਼ ਹੋਏਗਾ? ਇੰਜ
ਗੁਰਬਾਣੀ ਦੀ ਰੋਸ਼ਨੀ ਵਿੱਚ ਬ੍ਰਹਮਣੀ ਸ਼ੰਕਿਆਂ ਨੂੰ ਨਿਵਰਤ ਕਰਨ ਦਾ ਬਹੁਤ ਹੀ ਸਾਰਥਿਕ ਯਤਨ ਕੀਤਾ
ਗਿਆ। ਆਮ ਸਿੱਖ ਆਪਣੀ ਆਪਣੀ ਗ਼ਰਜ਼ ਅਨੁਸਾਰ ਗੁਰੂ ਦੀ ਮਤ ਨੂੰ ਢਾਲਣ ਦੇ ਯਤਨ ਵਿੱਚ ਲੱਗਾ ਹੋਇਆ ਹੈ।
ਆਮ ਦੇਖਣ ਵਿੱਚ ਆ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਘੋੜੇ, ਕਿਤੇ ਹਵਾਈ ਜਾਹਜ਼ ਜਾਂ
ਗਾਂਵਾਂ ਆਦਿ ਰੱਖ ਕੇ ਦੁਨਿਆਵੀ ਮੰਗਾਂ ਦੀ ਮੰਗੀਆਂ ਜਾ ਰਹੀਆਂ ਹਨ ਤੇ ਇਸ ਨੂੰ ਗੁਰਬਾਣੀ ਸਤਿਕਾਰ
ਦਾ ਨਾਂ ਦੇ ਰਹੇ ਹਾਂ।