ਨੌਜਵਾਨਾਂ ਬਾਰੇ ਦਰਦਨਾਕ ਤੱਥ ਡਾ. ਹਰਸ਼ਿੰਦਰ ਕੌਰ ਦੀ ਜ਼ਬਾਨੀ
ਅਵਤਾਰ ਸਿੰਘ ਮਿਸ਼ਨਰੀ (510-432-5827)
ਸਿੱਖ ਕੌਮ ਦੇ ਮਹਾਂਨ ਵਿਦਵਾਨ
ਪ੍ਰੋ. ਸਾਹਿਬ ਸਿੰਘ ਡੀ. ਲਿਟ. ਦੇ ਪ੍ਰਵਾਰ ਨਾਲ ਸਬੰਧਤ ਪੰਜਾਬ ਦੀ ਬਹਾਦਰ ਧੀ ਅਤੇ ਵਿਦਵਾਨ ਬੀਬੀ
ਡਾ. ਹਰਸ਼ਿੰਦਰ ਕੌਰ ਜਿਨ੍ਹਾਂ ਨੇ ਬੜੀ ਬੇਬਾਕੀ ਨਾਲ ਯੂ. ਐੱਨ. ਓ. ਵਿੱਚ ਪੰਜਾਬ ਅਤੇ ਪੰਜਾਬੀਅਤ ਦਾ
ਪੱਖ ਪੂਰਦਿਆਂ ਪੰਜਾਬੀ ਅਤੇ ਸਿੱਖ ਵਿਰੋਧੀ ਚਾਲਾਂ ਚੱਲਣ ਵਾਲਿਆਂ ਨੂੰ ਯੂ. ਐਨ. ਓ. ਦੀ ਭਰੀ ਸਭਾ
ਵਿੱਚ ਮੂੰਹ ਤੋੜਵਾਂ ਜਵਾਬ ਦਿੱਤਾ ਸੀ ਜਿਸ ਦੇ ਫਲਸਰੂਪ ਪੰਜਾਬ ਦੀ ਬਾਦਲ ਸਰਕਾਰ ਨੇ ਬੀਬੀ ਜੀ ਨੂੰ
ਨੌਕਰੀਓਂ ਬਰਖਾਸਤ ਕਰ ਦਿੱਤਾ ਸੀ ਪਰ ਪੰਥਕ ਜਥੇਬੰਦੀਆਂ ਅਤੇ ਸਚਾਈ ਤੇ ਪਹਿਰਾ ਦੇਣ ਵਾਲੇ ਲੋਕਾਂ ਨੇ
ਇਸ ਮੁੱਦੇ ਤੇ ਪੰਜਾਬ ਸਰਕਾਰ ਦਾ ਨੱਕ ਵਿੱਚ ਦਮ ਕਰ ਦਿੱਤਾ ਸੀ ਜਿਸ ਕਰਕੇ ਬਹਾਦਰ ਬੀਬੀ ਦੀ ਬਿਆਨ
ਕੀਤੀ ਸਚਾਈ ਅੱਗੇ ਗੋਡੇ ਟੇਕਦਿਆਂ ਪੰਜਾਬ ਸਰਕਾਰ ਨੂੰ ਉਨ੍ਹਾਂ ਨੂੰ ਬਾ ਇਜ਼ਤ ਬਹਾਲ ਕਰਨਾ ਪਿਆ।
ਸਿੱਖ ਕੌਮ ਕੋਲ ਅਜਿਹੇ ਪੰਥ ਦਰਦੀ ਵਿਦਵਾਨ ਹਨ ਜਿਨ੍ਹਾਂ ਨੂੰ ਪੰਥ ਨੇ ਵੀ ਵਿਸਾਰਿਆ ਹੋਇਆ ਹੈ।
ਚਾਹੀਦਾ ਦਾ ਤਾਂ ਸੀ ਅਜਿਹੇ ਵਿਦਵਾਨਾਂ ਦੀ ਹੌਂਸਲਾ ਅਫਜ਼ਾਈ ਕਰਕੇ ਉਨ੍ਹਾਂ ਨੂੰ ਹੋਰ ਉਤਸ਼ਾਹਤ ਕੀਤਾ
ਜਾਂਦਾ ਤਾਂ ਕਿ ਪੰਜਾਬ ਅਤੇ ਸਿੱਖ ਕੌਮ ਦੀ ਦ੍ਰਿੜਤਾ ਨਾਲ ਗੱਲ ਕਰਨ ਵਾਲੇ ਦੁਨੀਆਂ ਵਿੱਚ ਪੰਜਾਬ,
ਪੰਜਾਬੀਅਤ ਅਤੇ ਸਿੱਖ ਕੌਮ ਦਾ ਸਿਰ ਹੋਰ ਉੱਚਾ ਕਰਦੇ। ਪਰ ਹੁਣ ਜਿਵੇਂ ਦੇਸ਼ਾਂ ਵਿਦੇਸ਼ਾਂ ਵਿੱਚ ਬੀਬੀ
ਜੀ ਦਾ ਮਾਨ ਸਨਮਾਨ ਹੋ ਰਿਹਾ ਹੈ ਬਹੁਤ ਹੀ ਚੰਗੀ ਅਤੇ ਮਾਨ ਵਾਲੀ ਗੱਲ ਹੈ।
ਦਾਸ ਨੇ ਡਾ. ਹਰਸ਼ਿੰਦਰ ਕੌਰ ਦਾ ਲੇਖ ਜੋ ਸਤੰਬਰ 2009 ਦੇ ਮਿਸ਼ਨਰੀ ਸੇਧਾਂ ਮੰਥਲੀ ਮੈਗਜ਼ੀਨ ਵਿੱਚ
ਛਪਿਆ ਹੈ ਜੋ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ ਵਲੋਂ ਜਲੰਧਰ ਆਫਿਸ ਪੰਜਾਬ
ਤੋਂ ਛਪਦਾ ਹੈ। ਜਿਸ ਵਿੱਚ ਨੌਜਵਾਨਾਂ ਅਤੇ ਅੱਲੜ ਬਚਿਆਂ ਦੇ ਨਿਘਾਰ ਦਾ ਕਾਰਨ ਟੀ. ਵੀ. ਅਤੇ ਲੱਚਰ
ਗਾਇਕੀ ਅਤੇ ਮਾਪਿਆਂ ਦੀ ਬੱਚਿਆਂ ਪ੍ਰਤੀ ਅਣਗਹਿਲੀ ਦਰਸਾਇਆ ਗਿਆ ਹੈ। ਆਪ ਲਿਖਦੇ ਹਨ ਕਿ ਬੱਚੇ ਦਾ
ਮਨ ਪਾਣੀ ਅਤੇ ਸ਼ੀਸ਼ੇ ਵਰਗਾ ਹੁੰਦਾ ਹੈ ਪਾਣੀ ਵਿੱਚ ਜੋ ਰੰਗ ਘੋਲ ਦਿਓ ਉਹ ਉਸੇ ਰੰਗ ਦਾ ਦਿਖਾਈ
ਦਿੰਦਾ ਹੈ ਅਤੇ ਸ਼ੀਸ਼ੇ ਵਿੱਚ ਜਿਹੋ ਜਿਹਾ ਅਕਸ ਪਵੇ ਓਸਾ ਹੀ ਦਿਖਦਾ ਹੈ ਇਵੇਂ ਹੀ ਬਹੁਤੀਆਂ ਕੰਪਨੀਆਂ
ਨੇ ਬਚਿਆਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਚੀਜਾਂ ਦੇ ਇਸ਼ਤਿਹਾਰ ਦੇਣੇ ਸ਼ੁਰੂ ਕਰ ਦਿੱਤੇ ਹਨ। ਬੱਚਾ
ਉਨ੍ਹਾਂ ਨੂੰ ਟੀ. ਵੀ. ਤੇ ਦੇਖਦਾ ਤੇ ਉਨ੍ਹਾਂ ਚੀਜਾਂ ਨੂੰ ਲੈਣ ਦੀ ਜਿਦ ਕਰਦਾ ਹੈ। ਜਿਸ ਬੱਚੇ ਨੇ
ਉਸ ਡਰਾਮੇ ਨੂੰ ਰੋਜ਼ਾਨਾਂ ਵੇਖਣਾ ਹੈ ਜਿਸ ਵਿੱਚ ਵਿਆਹ ਤੋਂ ਪਹਿਲਾਂ ਪਿਆਰ ਮੁਹਬਤ ਤੇ ਜਿਸਮਾਨੀ
ਨਜ਼ਦੀਕੀਆਂ ਤੇ ਵਧੀਕੀਆਂ ਦਿਖਾਈਆਂ ਜਾ ਰਹੀਆਂ ਹੋਣ। ਜੇ ਉਸ ਨੇ ਲਚਰ ਗੀਤ ਸੁਣਨੇ ਹਨ ਅਤੇ ਨੰਗੇਜ਼
ਵੇਖਣਾ ਹੈ ਤਾਂ ਉਹ ਉਸ ਦੇ ਪ੍ਰਭਾਵ ਤੋਂ ਬਚ ਨਹੀਂ ਸਕਦਾ। ਜਿਸ ਦਾ ਸਦਕਾ ਅੱਜ ਬੱਚੇ ਬੱਚੀਆਂ 12-13
ਸਾਲ ਦੀ ਕੱਚੀ ਉਮਰੇ ਹੀ ਨਸ਼ਿਆਂ ਦੇ ਆਦੀ ਹੋ ਕੇ ਵਿਭਚਾਰੀ ਹੋ ਰਹੇ ਹਨ ਅਤੇ ਹਜਾਰਾਂ ਰਿਸ਼ਤੇ ਟੁੱਟ
ਰਹੇ ਹਨ।
ਆਪ ਜੀ ਲਿਖਦੇ ਹਨ ਕਿ ਦਿੱਲੀ ਵਿੱਚ ਭਾਰਤ ਵਿੱਚੋਂ ਸਭ ਤੋਂ ਵੱਧ ਤਲਾਕ ਦੇ ਕੇਸ ਹਨ। ਨੌਂ ਹਜ਼ਾਰ
ਤਲਾਕ ਹਰ ਸਾਲ ਮੁੰਬਈ। ਬੰਗਲੌਰ ਵਿੱਚ ਪੰਜ ਹਜ਼ਾਰ ਰਿਸ਼ਤੇ ਹਰ ਸਾਲ ਟੁੱਟ ਰਹੇ ਹਨ। ਕਲਕੱਤੇ ਅਤੇ
ਮਦਰਾਸ (ਚਨੇਈ) ਵਿੱਚ ਪਿਛਲੇ ਦਸ ਸਾਲਾਂ ਤੋਂ ਰਿਸ਼ਤੇ ਟੁੱਟਣ ਵਿੱਚ 200% ਵਾਧਾ ਹੋਇਆ ਹੈ। ਹਰਿਆਣਾ
ਤੇ ਪੰਜਾਬ ਵਿੱਚ ਇਸ ਦੀ ਦਰ 150 ਹੈ ਅਤੇ ਸਭ ਤੋਂ ਵੱਧ ਪੜ੍ਹੇ ਲਿਖੇ ਸੂਬੇ ਕੇਰਲਾ ਵਿੱਚ ਇਸ ਦੀ ਦਰ
350% ਤੇ ਪਹੁੰਚ ਗਈ ਹੈ। ਸੰਨ 1970 ਤੋਂ ਪਹਿਲਾਂ ਜਿਹੜੀ ਗੱਲ ਕਦੇ ਸੁਣੀ ਵੀ ਨਹੀਂ ਸੀ ਉਸ ਬਾਰੇ
ਸੁਪਰੀਮ ਕੋਰਟ ਦੇ ਕੇਸ ਸਾਹਮਣੇ ਹਨ ਕਿ ਜਵਾਨ ਕੁੜੀਆਂ ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਵਿਆਹ ਤੋੜਨ
ਨੂੰ ਤਰਜ਼ੀਹ ਦੇ ਰਹੀਆਂ ਹਨ। ਮਨੋ ਵਿਗਿਆਨੀਆਂ ਨੇ ਵੀ ਇਹੀ ਸਾਬਤ ਕੀਤਾ ਹੈ ਕਿ ਮਾਪਿਆਂ ਵੱਲੋਂ
ਬੱਚਿਆਂ ਨੂੰ ਘੱਟ ਦਿੱਤਾ ਸਮਾਂ, ਘਟੀਆ ਸਹਿਤ, ਟੀ. ਵੀ ਤੇ ਦਿਖਾਏ ਜਾ ਰਹੇ ਗੰਦੇ ਸੀਨ ਹੀ ਐਸਾ
ਪ੍ਰਭਾਵ ਪਾ ਰਹੇ ਹਨ। ਸੁਪਰੀਮ ਕੋਰਟ ਦੇ ਇੱਕ ਜੱਜ ਨੇ ਵੀ ਤਲਾਕ ਦੇ ਕੇਸਾਂ ਬਾਰੇ ਕਿਹਾ ਹੈ ਕਿ
1990 ਵਿੱਚ ਇੱਕ ਦੋ ਹੀ ਐਸੇ ਕੇਸ ਹੁੰਦੇ ਸਨ ਜੋ 1960 ਤੱਕ 200 ਤੱਕ ਪਾਹੁੰਚ ਗਏ, 1990 ਵਿੱਚ
1000 ਤੇ ਹੁਣ 9000 ਕੇਸ ਹਰ ਸਾਲ ਹੋ ਰਹੇ ਹਨ ਜਿਸ ਵਿੱਚ ਆਪਸੀ ਅਣਬਣ, ਮਾਰ ਕੁਟਈ, ਦਾਜ ਦਹੇਜ਼ ਅਤੇ
ਵਿਆਹ ਦੇ ਪਵਿੱਤਰ ਬੰਧਨ ਤੋਂ ਬਾਹਰ ਵਧਦੇ ਜਿਸਮਾਨੀ ਸਬੰਧ ਵੀ ਤਲਾਕ ਦਾ ਵੱਡਾ ਕਾਰਣ ਬਣਦੇ ਜਾ ਰਹੇ
ਹਨ।
ਇੱਕ ਗੱਲ ਜੋ ਨਜ਼ਰਅੰਦਾਜ ਕੀਤੀ ਜਾ ਰਹੀ ਹੈ ਕਿ ਜਦੋਂ ਵੀ ਬੱਚਿਆਂ ਵਿੱਚ ਸਰੀਰਕ ਸਬੰਧ ਵੱਲ ਵਧਦੇ
ਰੁਝਾਨ ਬਾਰੇ ਗੱਲ ਕੀਤੀ ਜਾਵੇ ਤਾਂ ਹਰੇਕ ਦਾ ਇਹੀ ਜਵਾਬ ਹੁੰਦਾ ਹੈ ਕਿ ਸਾਡੇ ਧੀ-ਪੁੱਤ ਤਾਂ ਅਸਲੋਂ
ਸ਼ਰੀਫ ਨੇ ਜੋ ਅਜਿਹਾ ਕਰ ਹੀ ਨਹੀਂ ਸਕਦੇ ਪਰ ਕਬੂਤਰ ਜੇ ਅੱਖਾਂ ਮੀਟ ਲਵੇ ਤਾਂ ਕੀ ਬਿੱਲੀ ਤੋਂ ਬਚ
ਸਕਦਾ ਹੈ? ਉੱਚ ਪੱਧਰੀ ਬ੍ਰਿਟਸ਼ ਮੈਡੀਕਲ ਜਨਰਲ ਨੇ ਜਦੋਂ ਭਾਰਤ ਵਿਚਲੀ “ਨੈਸ਼ਨਲ ਇੰਸਟੀਚਿਊਟ ਆਫ
ਹੈਲਥ ਐਂਡ ਫੈਮਲੀ ਵੈਲਫੇਅਰ” ਦੀ ਖੋਜ ਛਾਪੀ ਕਿ ਭਾਰਤ ਦੇ ਸਕੂਲਾਂ ਵਿੱਚ ਪੜ੍ਹ ਰਹੇ ਇੱਕ ਤਿਹਾਈ
ਬੱਚਿਆਂ ਵਿੱਚ ਟੀ. ਵੀ. ਤੋਂ ਸਿਖਿਆ ਲੈ ਕੇ ਸਰੀਰਕ ਸਬੰਧ ਕਾਇਮ ਹੋ ਚੁੱਕੇ ਹਨ ਤਾਂ ਰੌਲਾ ਪੈ ਗਿਆ,
ਇਹ ਖਬਰ ਦਬਾ ਦਿੱਤੀ ਗਈ। 3300 ਬੱਚੇ ਜਿਹੜੇ ਮੰਨੇ ਕਿ ਉਹ ਅਜਿਹਾ ਕਰ ਚੁੱਕੇ ਹਨ ਜਿਨ੍ਹਾਂ ਦੀ ਉਮਰ
17 ਸਾਲ ਤੋਂ ਥੱਲੇ ਹੈ। ਉਹ ਵੀ ਆਪਣੀ ਕਲਾਸ ਦੀਆਂ ਛੋਟੀਆਂ ਕੁੜੀਆਂ ਨਾਲ। ਖਤਰਨਾਕ ਗੱਲ ਇਹ ਸਾਹਮਣੇ
ਆਈ ਕਿ ਇਨ੍ਹਾਂ ਚੋਂ 90% ਮਾਪਿਆਂ ਨੇ ਕਿਹਾ ਕਿ ਸਾਡੇ ਬੱਚੇ ਤਾਂ ਅਜਿਹਾ ਸੋਚ ਵੀ ਨਹੀਂ ਸਕਦੇ, ਪਰ
ਅਸਲੀਅਤ ਇਸ ਤੋਂ ਉਲਟ ਸੀ। ਅਜਿਹੇ ਬਹੁਤ ਸਾਰੇ ਅੰਕੜਿਆਂ ਨੂੰ ਸਰਕਾਰ ਵਲੋਂ ਵੀ ਦਬਾ ਦਿੱਤਾ ਗਿਆ।
ਮਹਾਂਰਾਸ਼ਟਰ ਦੇ ਇੱਕ ਹਸਪਤਾਲ ਦੇ (ਜੱਚਾ-ਬੱਚਾ) ਵਿਭਾਗ ਵਿਖੇ 1997 ਵਿੱਚ ਗਰਭ ਗਿਰਾਉਣ ਪਹੁੰਚ
ਰਹੀਆਂ ਬੱਚੀਆਂ ਜਿਹੜੀਆਂ 15 ਸਾਲ ਤੋਂ ਵੀ ਛੋਟੀਆਂ ਸਨ ਦੀ ਗਿਣਤੀ ਲਗ-ਭਗ 22% ਪਹੁੰਚ ਗਈ ਸੀ। ਇਸ
ਖਤਰੇ ਨੂੰ ਭਾਂਪਦਿਆਂ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦਿੱਲੀ ਨੂੰ ਸਰਵੇਖਣ ਲਈ
ਹੁਕਮ ਦਿੱਤਾ ਗਿਆ ਤੇ 100 ਸਕੂਲਾਂ ਦੇ 10 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਦੀ 15 ਮਹੀਨੇ ਦੀ
ਜਾਂਚ ਤੋਂ ਪਤਾ ਲੱਗਾ ਕਿ ਇਹ ਸਭ ਕੁੱਝ ਟੀ. ਵੀ. ਵੇਖਣ ਨਾਲ ਹੋਇਆ ਹੈ। ਬੱਚੇ ਤਾਂ ਆਪਸ ਵਿੱਚ
ਇੱਥੋਂ ਤੱਕ ਕਹਿੰਦੇ ਸੁਣੇ ਗਏ ਕਿ ਫਲਾਣਾ ਮੁੰਡਾ ਤਾਂ ਪੁਰਾਣੇ ਜਮਾਨੇ ਦਾ ਹੈ ਕਿਉਂਕਿ ਪਿਛਲੇ 15
ਦਿਨਾਂ ਤੋਂ ਉਸ ਦੀ ਗਰਲ ਫਰੈਂਡ ਇੱਕ ਹੀ ਚੱਲ ਰਹੀ ਹੈ। ਸੈਕਸ ਕੌਂਸਲਰ ਭੱਲਾ ਨੇ ਤਾਂ ਇਹ ਵੀ ਦੱਸ
ਦਿੱਤਾ ਕਿ ਸੈਕਸੀ ਸਮੱਸਿਆਵਾਂ ਬਾਰੇ 12 ਸਾਲ ਦੇ ਬੱਚੇ ਉਸ ਕੋਲ ਪਹੁੰਚ ਰਹੇ ਹਨ ਜਿਨ੍ਹਾਂ ਦੇ ਮਾਂ
ਬਾਪ ਨੂੰ ਉੱਕਾ ਹੀ ਪਤਾ ਨਹੀਂ। ਡਾ. ਅਲਕਾ ਢੱਲ ਜੱਚਾ-ਬੱਚਾ ਸਪੈਸ਼ਲਿਸਟ ਨੇ ਤਾਂ ਹੈਰਾਨੀਜਨਕ ਅੰਕੜੇ
ਦੱਸੇ ਕਿ 1981 ਵਿੱਚ ਉਸ ਕੋਲ ਸਰੀਰਕ ਸਬੰਧਾਂ ਪ੍ਰਤੀ ਸਵਾਲ ਲੈ ਕੇ ਆਉਣ ਵਾਲੀਆਂ 90% ਕੁੜੀਆਂ
ਨਾਬਾਲਗ ਸਨ ਹੁਣ ਤਾਂ ਆਵਾ ਹੀ ਊਤਿਆ ਪਿਆ ਹੈ। ਜਦੋਂ 1993 ਵਿੱਚ ਚੌਧਰੀ ਨੇ ਦਿੱਲੀ ਦੇ 7 ਸਕੂਲਾਂ
ਵਿੱਚ ਸਰਵੇਖਣ ਕਰਕੇ ਦੱਸਿਆ ਕਿ 64% ਮੁੰਡੇ ਅਤੇ 38% ਕੁੜੀਆਂ ਅਜਿਹੇ ਸਬੰਧਾਂ ਦੇ ਹੱਕ ਵਿੱਚ ਹਨ
ਤਾਂ ਸੰਸਦ ਵਿੱਚ ਰੌਲਾ ਪੈ ਗਿਆ ਤੇ ਸਾਰੇ ਸਬੂਤ ਦਫਨ ਕਰ ਦਿੱਤੇ ਗਏ।
ਸੰਯੁਕਤ ਰਾਸ਼ਟਰ ਨੇ ਭਾਰਤ ਦੇ ਵੱਖ ਵੱਖ ਹਿਸਿਆਂ ਵਿਚਲੇ ਸਕੂਲਾਂ ਦੇ ਅੱਠ ਵੱਖੋ-ਵੱਖਰੇ ਬੰਦਿਆਂ
ਵਲੋਂ ਸਰਵੇਖਣ ਕਰਵਾਏ ਤਾਂ ਇਹ ਖਬਰ ਸਾਰੀ ਦੁਨੀਆਂ ਵਿੱਚ ਫੈਲ ਗਈ ਕਿ ਭਾਰਤ ਵਿੱਚ 16 ਸਾਲ ਤੋਂ
ਛੋਟੇ ਹਰ 10 ਬੱਚਿਆਂ ਵਿੱਚੋਂ ਇੱਕ ਸਰੀਰਕ ਸਬੰਧ ਕਾਇਮ ਕਰ ਚੁਕਿਆ ਹੈ ਜਿਕਰਯੋਗ ਹੈ ਕਿ ਇਸ ਵਿੱਚ
ਪੰਜਾਬ ਵੀ ਸ਼ਾਮਲ ਸੀ। ਭਾਰਤੀ ਡਾਕਟਰਾਂ ਨੇ ਫਿਕਰਮੰਦ ਹੋ ਕੇ ਮੁੰਮਈ ਦੇ ਸਕੂਲਾਂ ਵਿੱਚ ਖੋਜ ਕੀਤੀ
ਜਿੱਥੋਂ ਦੇ 430 ਵਿਦਿਆਰਥੀਆਂ ਵਿਚਲੇ 12 ਤੋਂ 15 ਸਾਲ ਦੇ ਬੱਚਿਆਂ ਵਿੱਚੋਂ 13% ਦੇ ਸਰੀਰਕ ਸਬੰਧ
ਕਾਇਮ ਹੋ ਚੁੱਕੇ ਸਨ। ਕੇਰਲ ਵਿਚਲੇ ਇੱਕ ਸਰਕਾਰੀ ਮੈਡੀਕਲ ਕਾਲਜ ਵਿੱਚ ਹਰ ਮਹੀਨੇ 110 ਗਰਭ ਡੇਗੇ
ਜਾ ਰਹੇ ਸਨ ਤੇ ਉਨ੍ਹਾਂ ਵਿੱਚੋਂ 12% ਅਣਵਿਆਹੀਆਂ ਨਾਬਾਲਗ ਤੇ ਸਕੂਲ ਪੜ੍ਹਦੀਆਂ ਬੱਚੀਆਂ ਦੇ ਸਨ।
ਇੰਡੀਅਨ ਕੌਂਸਲ ਆਫ ਮੈਡੀਕਲ ਰੀਸਰਚ ਨੇ 6 ਰਾਜਾਂ ਵਿੱਚ ਇੱਕੋ ਵੇਲੇ ਖੋਜ ਕਰਕੇ 10 ਤੋਂ 14 ਸਾਲਾਂ
ਦੇ ਬੱਚਿਆਂ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਦੇ ਅੰਕੜੇ ਵੀ ਦਿਲ-ਕੰਬਾਊ ਸਨ ਜੋ ਉਨ੍ਹਾਂ ਦੇ
ਮਾਪਿਆਂ ਨੂੰ ਵੀ ਪਤਾ ਨਹੀਂ ਸੀ। ਬਾਕੀ ਰਹਿੰਦੀ ਕਸਰ ਸੈਕਸ ਰਸਾਲੇ, ਦੋਸਤ ਅਤੇ ਇੰਟ੍ਰਨੈੱਟ ਪੂਰੀ
ਕਰ ਦਿੰਦੇ ਹਨ। ਇਹ ਵੇਖਦੇ ਹੋਏ ਮੁੰਬਈ ਦੇ 200 ਪ੍ਰਾਈਵੇਟ ਸਕੂਲਾਂ ਵਿੱਚ ਅੱਜ ਤੋਂ 4 ਸਾਲ ਪਹਿਲਾਂ
ਸੈਕਸ ਸਬੰਧੀ ਗਿਆਨ ਉੱਤੇ ਕਲਾਸਾਂ ਚਾਲੂ ਕਰ ਦਿੱਤੀਆਂ ਗਈਆਂ ਅਤੇ ਇਸ ਤੋਂ ਪੈਦਾ ਹੋ ਰਹੀਆਂ
ਬੀਮਾਰੀਆਂ ਤੋਂ ਬਚਾਓ ਦੇ ਸਾਧਨ ਵੀ ਦੱਸੇ ਗਏ।
ਇਧਰ ਜਦ ਪੰਜਾਬੀਆਂ ਨੇ ਆਪਣੇ ਬੱਚਿਆਂ ਵਿੱਚ ਅਜਿਹੇ ਸਬੰਧਾਂ ਤੋਂ ਇਨਕਾਰ ਕਰ ਦਿੱਤਾ ਤਾਂ ਪੀ. ਜੀ.
ਆਈ ਚੰਡੀਗੜ੍ਹ ਦੇ ਡਾਕਟਰਾਂ ਨੂੰ ਇਸ ਵਿਸ਼ੇ ਤੇ ਖੋਜ ਕਰਨ ਲਈ ਕਿਹਾ ਗਿਆ ਤਾਂ ਪੰਜਾਬ ਵਿਚਲੇ ਇੱਕ
ਸਕੂਲ ਦੇ ਚੌਥੀ ਜਮਾਤ ਦੇ ਬੱਚੇ ਦੇ ਸਵਾਲ ਨੇ ਇਸ ਪੂਰੀ ਟੀਮ ਨੂੰ ਹੈਰਾਨ ਕਰ ਦਿੱਤਾ ਕਿ ਉਸ ਨੂੰ ਵੀ
ਅਜਿਹੇ ਸਬੰਧਾਂ ਬਾਰੇ ਟੀ. ਵੀ. ਤੋਂ ਕਾਫੀ ਜਾਣਕਾਰੀ ਮਿਲ ਗਈ ਸੀ। ਪੀ. ਜੀ. ਆਈ. ਦੀ ਬਾਲ
ਮਨੋਵਿਗਿਆਨੀ ਡਾ. ਸਵਿਤਾ ਨੇ ਵੀ ਸਾਬਤ ਕੀਤਾ ਕਿ ਪੰਜਾਬ ਦੇ ਸਕੂਲਾਂ ਵਿਚਲੀਆਂ 15 ਸਾਲ ਤੋਂ
ਛੋਟੀਆਂ ਕੁੜੀਆਂ ਇਸ ਮਸਲੇ ਬਾਰੇ ਬੇਬਾਕ ਹੋ ਕੇ ਸਵਾਲ ਪੁੱਛਦੀਆਂ ਹਨ। ਚੰਡੀਗੜ੍ਹ ਵਿੱਚ ਪੰਜਾਬ ਦੇ
ਵੱਖੋ-ਵੱਖਰੇ ਦਿਹਾਤੀ ਤੇ ਸ਼ਹਿਰੀ ਸਕੂਲਾਂ ਵਿੱਚੋਂ ਪਹੁੰਚੇ 14 ਤੋਂ 16 ਸਾਲਾਂ ਦੇ ਬੱਚੇ-ਬੱਚੀਆਂ
ਜਦੋਂ ਕਾਮਨਵੈਲਥ ਯੂਥ ਪ੍ਰੋਗਰਾਮ ਵਿੱਚ ਇਕੱਠੇ ਹੋਏ ਤਾਂ ਇਸੇ ਸਵਾਲ ਦਾ ਲੁਕਵੇਂ ਤੌਰ ਤੇ ਕਾਗਜ਼ਾਂ
ਉੱਤੇ ਲਿਖ ਕੇ ਜਵਾਬ ਦੇਣ ਲਈ ਕਿਹਾ ਗਿਆ ਤਾਂ ਇਨ੍ਹਾਂ ਚੋਂ 38% ਮੁੰਡਿਆਂ ਨੇ ਅਤੇ 27% ਕੁੜੀਆਂ ਨੇ
ਅਜਿਹੇ ਸਬੰਧਾਂ ਦੀ ਹਾਮੀ ਭਰੀ। ਚੈੱਕਅਪ ਕਰਨ ਤੇ ਪਤਾ ਲਗਿਆ ਕਿ ਇਨ੍ਹਾਂ ਚੋਂ 10% ਨੂੰ ਤਾਂ ਸਰੀਰਕ
ਸਬੰਧਾਂ ਰਾਹੀਂ ਫੈਲਦੀਆਂ ਬੀਮਾਰੀਆਂ ਵੀ ਹੋ ਚੁੱਕੀਆਂ ਸਨ ਪਰ ਕਿਸੇ ਵੀ ਬੱਚੇ ਦੇ ਮਾਪੇ ਨੂੰ ਇਸ
ਬਾਰੇ ਪਤਾ ਨਹੀਂ ਸੀ ਤੇ ਸਭ ਨੇ ਇਸ ਪਾਸੇ ਵੱਲ ਨੂੰ ਪ੍ਰੇਰਿਤ ਹੋਣ ਦਾ ਕਾਰਨ ਟੈਲੀਵਿਯਨ ਨੂੰ
ਦੱਸਿਆ।
ਅਜਿਹੇ ਨਿਘਰਦੇ ਹਾਲਾਤ ਵੇਖਦੇ ਹੋਏ ਟੀ. ਵੀ. ਚੈਨਲਾਂ ਤੇ ਪੇਸ਼ ਹੁੰਦੇ ਭੱਦੇ ਪ੍ਰੋਗਰਾਮਾਂ ਉੱਤੇ
ਸਖਤੀ ਨਾਲ ਰੋਕ ਲਗਣੀ ਚਾਹੀਦੀ ਹੈ। ਅਜਿਹੇ ਭੱਦੇ ਪ੍ਰੋਗਰਾਮਾਂ ਦੀ ਥਾਂ ਤੇ ਬੱਚਿਆਂ ਵਿੱਚ ਸੰਤੁਲਤ
ਅਤੇ ਸਿਹਤਮੰਦ ਸੋਚ ਉਘਾੜਨ ਵਾਲੇ ਪ੍ਰੋਗਰਾਮ ਪੇਸ਼ ਹੋਣੇ ਚਾਹੀਦੇ ਹਨ, ਜਿਹੜੇ ਧੀਆਂ-ਭੈਣਾ ਦੇ ਨਾਲ
ਬਹਿ ਕੇ ਵੇਖੇ ਜਾ ਸਕਣ। ਇਸ ਲਈ ਸਮਾਜ ਵਿੱਚ ਇੱਕ ਸ਼ਕਤੀਸ਼ਾਲੀ ਲੋਕ-ਰਾਇ ਬਣਾਈ ਜਾਣੀ ਚਾਹੀਦੀ ਹੈ। ਇਹ
ਹਨ ਦਿਲ ਟੁੰਬਵੇਂ ਅੰਕੜੇ ਜੋ ਡਾ. ਹਰਸ਼ਿੰਦਰ ਕੌਰ ਜੀ ਨੇ ਸਾਡੇ ਸਮਾਜ ਦੀਆਂ ਅੱਖਾਂ ਖੋਲ੍ਹਣ ਵਾਸਤੇ
ਪੇਸ਼ ਕੀਤੇ ਹਨ। ਕੋਈ ਦਰਦੀ ਹੀ ਦੂਜੇ ਦੀ ਪੀੜਾ ਨੂੰ ਸਮਝ ਕੇ ਉਸ ਦੇ ਹੱਲ ਲਈ ਉਪਰਾਲਿਆਂ ਦਾ ਯਤਨ
ਕਰਦਾ ਹੈ। ਅਜਿਹੇ ਹਾਲਾਤਾਂ ਬਾਰੇ ਜਿੱਥੇ ਟੀ. ਵੀ. ਆਦਿਕ ਦਾ ਕਸੂਰ ਹੈ ਓਥੇ ਸਾਡੀ ਲੋੜੋਂ ਵੱਧ
ਬੱਚਿਆਂ ਨੂੰ ਕੇਵਲ ਕਰਮਕਾਂਡ ਸਿਖਾਈ ਜਾਣ ਦੀ ਸਿਖਿਆ ਵੀ ਹੈ ਜੋ ਅਸਲੀਆਤ ਨੂੰ ਜਾਣੇ ਬਿਨਾਂ
ਬਲਾਈਂਡਫੇਥ ਹੋ ਕੇ ਸਾਰਾ ਧਰਮ ਕਰਮ ਕੀਤਾ-ਕਰਾਇਆ ਜਾ ਰਿਹਾ ਹੈ। ਦੂਜਾ ਗੁਰਦੁਆਰਿਆਂ ਦੀਆਂ ਪ੍ਰਬੰਧਕ
ਕਮੇਟੀਆਂ ਚੌਧਰ ਦੀ ਖਾਤਰ ਧੜੇਬੰਦੀਆਂ ਬਣਾ ਕੇ ਧਰਮ ਅਸਥਾਨਾਂ ਤੇ ਵੀ ਲੜਦੀਆਂ ਹਨ। ਬੱਚਿਆਂ ਦੀ ਸਮਝ
ਆਉਣ ਵਾਲਾ ਪ੍ਰਚਾਰ ਨਹੀਂ ਸਗੋਂ ਰਵਾਇਤੀ ਮਨਘੜਤ ਕਥਾ ਕਹਾਣੀਆਂ ਹੀ ਸੁਣਾਈਆਂ ਜਾ ਰਹੀਆਂ ਹਨ ਤੇ ਉਹ
ਵੀ ਬਹੁਤੇ ਲੰਬੇ ਚੋਲੇ ਅਤੇ ਨੰਗੀਆਂ ਲੱਤਾਂ ਵਾਲੇ ਸਾਧ ਹੀ ਸੁਣਾ ਰਹੇ ਹਨ। ਇਸ ਕਰਕੇ ਸਾਡੀ ਨੌਜਵਾਨ
ਪੀੜੀ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ। ਅਸੀਂ ਕਬੂਤਰ ਵਾਂਗ ਕਿਨਾਂਕੁ ਚਿਰ ਅੱਖਾਂ ਮੀਟੀ ਰੱਖਾਂਗੇ,
ਇਧਰ ਵੀ ਫੌਰੀ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਅਸੀਂ ਨਵੀਂ ਪੀੜੀ ਨੂੰ ਆਪਣੇ ਪੁਰਖਿਆਂ ਦੇ ਅਮੀਰ
ਵਿਰਸੇ ਨਾਲ ਜੋੜ ਕੇ ਦੁਨੀਆਂ ਦੀ ਚਕਾਚੌਂਦ ਤੋਂ ਬਚਾ ਸਕੀਏ। ਆਪਣੀ ਮਾਤ ਭਾਸ਼ਾ ਪੰਜਾਬੀ ਵਿੱਚ
ਦੁਨੀਆਂ ਨੂੰ ਰੂਹਾਨੀਅਤ ਅਤੇ ਉੱਚੇ-ਸੁੱਚੇ ਅਚਾਰ ਦੀ ਜੋ ਅਮੋਲਕ ਸਿਖਿਆ ਗੁਰੂ ਗ੍ਰੰਥ ਵਿਖੇ ਦਿੱਤੀ
ਗਈ ਹੈ ਉਹ ਬਚਿਆਂ ਨੂੰ ਸਿਖਾਉਣ ਦੀ ਅਤਿਅੰਤ ਲੋੜ ਹੈ। ਇਸ ਸਬੰਧ ਵਿੱਚ ਅਜੋਕੇ ਇੰਟਰਨੈੱਟ, ਟੀਵੀ
ਆਦਿਕ ਮੀਡੀਏ ਰਾਹੀਂ ਬਚਿਆਂ ਦੇ ਲੈਵਲ ਦਾ ਅਧੁਨਿਕ ਮਨੋਰੰਜਨ ਹੋਣਾ ਚਾਹੀਦਾ ਹੈ ਜਿੱਥੋਂ ਕੁੱਝ
ਸਿਖਿਆ ਜਾ ਸਕੇ। ਇਸ ਸਬੰਧ ਵਿੱਚ ਪਹਿਲਾਂ ਮਾਪੇ ਤੇ ਦੂਜੇ ਨੰਬਰ ਤੇ ਸਕੂਲ ਕਾਲਜ ਹਨ ਜੋ ਸੈਕਸ ਬਾਰੇ
ਚੰਗੀ ਸਿਖਿਆ ਦੇ ਸਕਦੇ ਹਨ ਕਿਉਂਕਿ ਬੱਚਾ ਜੋ ਸਿਖਦਾ ਹੈ ਉਹ ਹੀ ਕਰਦਾ ਹੈ। ਦਾਸ ਅਖੀਰ ਵਿੱਚ ਡਾ.
ਬੀਬੀ ਹਰਸ਼ਿੰਦਰ ਕੌਰ ਦਾ ਅਤਿਧੰਨਵਾਦੀ ਹੁੰਦਾ ਹੋਇਆ ਅਰਦਾਸ ਕਰਦਾ ਹੈ ਕਿ ਅਕਾਲ ਪੁਰਖ ਬੀਬੀ ਜੀ ਨੂੰ
ਸਦਾ ਸਿਹਤਯਾਬੀ, ਚੜ੍ਹਦੀ ਕਲਾ ਅਤੇ ਉਤਸ਼ਾਹ ਬਖਸ਼ਣ ਤਾਂ ਕਿ ਕੌੰਮ ਦੀ ਹੋਣਹਾਰ ਵਿਦਵਾਨ ਬੀਬੀ ਇਸੇ
ਤਰ੍ਹਾਂ ਬੇਬਾਕੀ ਨਾਲ ਕੌਮੀ ਮਸਲੇ ਅੰਤਰਰਾਸ਼ਟਰੀ ਪੱਧਰ ਤੇ ਉਠਾ ਕੇ, ਅਗਿਆਨਤਾ, ਗਾਫਲਤਾ, ਮੋਹ
ਮਾਇਆ, ਚੌਧਰ, ਡੇਰਾਵਾਦ ਅਤੇ ਵਹਿਮਾਂ-ਭਰਮਾਂ ਦੀ ਗੂੜੀ ਨੀਂਦ ਵਿੱਚ ਸੁੱਤੀ ਕੌਮ ਨੂੰ ਅਜਿਹੇ ਹਲੂਣੇ
ਦੇ ਕੇ ਜਗਾਉਂਦੇ ਰਹਿਣ।