ਨੋਟ:-
ਮਾਸਿਕ ਪੱਤਰ
‘ਸਿੱਖ ਫੁਲਵਾੜੀ’ ਜੁਲਾਈ 2009 ਦੇ ਸਵਾਲ-ਜਵਾਬ ਦੇ ਕਾਲਮ ਵਿੱਚ ਪੰਨਾ 8 ‘ਤੇ ਸ. ਸੁਰਪ੍ਰੀਤ ਸਿੰਘ,
ਚੰਡੀਗੜ੍ਹ ਵੱਲੋਂ ਇੱਕ ਸਵਾਲ ਪੁਛਿਆ ਗਿਆ ਸੀ ਕਿ
ਕਿਹਾ ਜਾਂਦਾ ਹੈ ਕਿ ਗੁਰੂ ਹਰਿਗੋਬਿੰਦ
ਸਾਹਿਬ ਨੇ ਧਰਮ ਪ੍ਰਚਾਰ ਲਈ ਚਾਰ ਧੂਣੇ ਕਾਇਮ ਕੀਤੇ ਸਨ। ‘ਧੂਣੇ’ ਦਾ ਕੀ ਅਰਥ ਹੈ? ਇਨ੍ਹਾਂ ਨੇ
ਪ੍ਰਚਾਰ ਕਿਵੇਂ ਕੀਤਾ? ਸਵਾਲ ਬਹੁਤ ਹੀ ਅਹਿਮ ਅਤੇ
ਸੰਜੀਦਾ ਸੀ। ਐਸੀ ਹਾਲਤ ਵਿੱਚ ਬੇਹੱਦ ਜ਼ਰੂਰੀ ਸੀ ਕਿ ਜਵਾਬ ਪੂਰਨ ਗੁਰਮਤਿ ਸਿਧਾਂਤਾਂ ਅਨੁਸਾਰ
ਦਿੱਤਾ ਜਾਂਦਾ ਤਾਂ ਕਿ ਪਾਠਕ ਗੁਰਮਤਿ ਸਿਧਾਂਤਾਂ ਤੋਂ ਜਾਣੂ ਹੋ ਸਕਣ। ਪਰ ਜਵਾਬ ਗੁਰਮਤਿ ਸਿਧਾਂਤਾਂ
ਦੀ ਉਲੰਘਣਾ ਕਰਨ ਵਾਲਾ ਸੀ।
‘ਤੱਤ ਗੁਰਮਤਿ ਪਰਿਵਾਰ’ ਵੱਲੋਂ, ਗੁਰਮਤਿ ਫਰਜ਼ ਸਮਝ ਕੇ, ਇਸ ਜਵਾਬ ਦਾ
ਨੋਟਿਸ ਲੈਂਦੇ ਹੋਏ, ‘ਸਿੱਖ ਫੁਲਵਾੜੀ’ ਦੇ ਸੰਪਾਦਕੀ ਮੰਡਲ ਨੂੰ ਇੱਕ ਲੇਖ,
ਸਿੱਖ ਫੂਲਵਾੜੀ: ਕੀ ਉਦਾਸੀ ਮੱਤ
ਗੁਰਮਤਿ ਅਨੁਸਾਰ ਪ੍ਰਵਾਨ ਹੈ? ਲਿਖ ਕੇ 14 ਜੁਲਾਈ
ਈ-ਮੇਲ ਰਾਹੀਂ ਭੇਜਿਆ ਗਿਆ ਸੀ। ਉਸ ਤੋਂ ਬਾਅਦ ਡਾਕ ਰਾਹੀਂ ਵੀ ਭੇਜਿਆ ਗਿਆ ਸੀ।
‘ਤੱਤ ਗੁਰਮਤਿ ਪਰਿਵਾਰ’ ਦੀ ਨੀਤੀ ਅਨੁਸਾਰ ‘ਹਾਂ-ਪੱਖੀ’ ਆਲੋਚਣਾ ਪਹਿਲਾਂ
ਸੰਬੰਧਿਤ ਜਥੇਬੰਦੀ ਜਾਂ ਮੈਗਜੀਨ ਨੂੰ ਭੇਜੀ ਜਾਂਦੀ ਹੈ, ਤਾਂ ਕਿ ਉਹ ਜਥੇਬੰਦੀ ਜਾਂ ਮੈਗਜ਼ੀਨ ਵਿੱਚ
(ਜੇ ਸੁਹਿਰਦ ਹਨ ਤਾਂ) ਸੁਧਾਰ ਕੀਤਾ ਜਾ ਸਕੇ ਜਾਂ ਸਪਸ਼ਟੀਕਰਨ ਦਿੱਤਾ ਜਾ ਸਕੇ।
ਇਸ ਲਈ ‘ਪਰਿਵਾਰ’ ਬੇਨਤੀ ਕੀਤੀ ਸੀ ਕਿ ਸਾਡੀ ਇਹ ਆਲੋਚਣਾ ‘ਸਿੱਖ ਫੁਲਵਾੜੀ’
ਦੇ ਅਗਲੇ ਅੰਕ (ਅਗਸਤ ਜਾਂ ਸਤੰਬਰ 09) ਵਿਚ, ਬਿਨਾ ਕਿਸੇ ਕਾਂਟ-ਛਾਂਟ ਦੇ, ਪ੍ਰਕਾਸ਼ਿਤ ਕੀਤੀ ਜਾਵੇ
ਅਤੇ ਸੰਪਾਦਕੀ ਮੰਡਲ ਸਾਡੀ ਆਲੋਚਣਾ ਨਾਲ ਅਪਣੀ ਸੰਪਾਦਕੀ ਟਿੱਪਣੀ ਲਾਉਣ ਲਈ ਆਜ਼ਾਦ ਹੈ। ਜੇਕਰ ਸਤੰਬਰ
2009 ਤੱਕ ਸਿੱਖ ਫੁਲਵਾੜੀ ਵਿੱਚ ਸਾਡਾ ਇਹ ਪੱਖ ਪ੍ਰਕਾਸ਼ਿਤ ਨਾ ਕੀਤਾ ਗਿਆ ਤਾਂ ਮਜ਼ਬੂਰਨ ‘ਪਰਿਵਾਰ’
ਨੂੰ ਕਿਸੇ ਹੋਰ ਵਸੀਲੇ ਪਾਠਕਾਂ ਦੀ ਕਚਹਿਰੀ ਵਿੱਚ ਜਾਣਾ ਪਏਗਾ, ਜਿਸ ਲਈ ਅਦਾਰਾ ‘ਸਿੱਖ ਫੁਲਵਾੜੀ’
ਨੂੰ ਹੀ ਜਿੰਮੇਵਾਰ ਮੰਨਿਆ ਜਾਵੇਗਾ।
ਪਰ ਸੰਪਾਦਕੀ ਮੰਡਲ ‘ਸਿੱਖ ਫੁਲਵਾੜੀ’ ਨੇ ਨਾ ਤਾਂ ਅਗਸਤ ਅਤੇ ਨਾ ਸਤੰਬਰ
2009 ਦੇ ਕਿਸੇ ਵੀ ਅੰਕ ਵਿੱਚ ਇਸ ਨੁਕਤੇ ਬਾਰੇ ਨਾ ਹੀ ਕੋਈ ਸਪਸ਼ਟੀਕਰਨ ਦਿੱਤਾ ਅਤੇ ਨਾ ਹੀ ਸਾਡਾ
ਪੱਖ ਪੇਸ਼ ਕੀਤਾ। ਇਸ ਲਈ ਮਜਬੂਰਨ ‘ਤੱਤ ਗੁਰਮਤਿ ਪਰਿਵਾਰ’ ਇਹ ਲੇਖ ‘ਸਿੱਖ ਮਾਰਗ’ ਅਤੇ ‘ਇੰਡੀਆ
ਅਵੇਅਰਨੈੱਸ’ ਵਿੱਚ ਪ੍ਰਕਾਸ਼ਨ ਲਈ ਭੇਜ ਰਿਹਾ ਹੈ। ਤਾਂ ਕਿ ਪਾਠਕ ਇਸ ਵਿਸ਼ੇ ਬਾਰੇ ਗੁਰਮਤਿ ਸਿਧਾਂਤਾਂ
ਤੋਂ ਜਾਣੂ ਹੋ ਸਕਣ ਅਤੇ ਭੁਲੇਖੇ ਦੂਰ ਹੋ ਸਕਣ।
*****************************
ਸਿੱਖ ਫੁਲਵਾੜੀ: ਕੀ ਉਦਾਸੀ ਮੱਤ ਗੁਰਮਤਿ ਅਨੁਸਾਰ ਪ੍ਰਵਾਨ ਹੈ?
ਸਤਿਕਾਰਯੋਗ ਸੰਪਾਦਕੀ ਮੰਡਲ, ਸਿੱਖ ਫੁਲਵਾੜੀ।
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਸਿੱਖ ਫੁਲਵਾੜੀ ਮਾਸਿਕ ਪੱਤਰ ਗੁਰਮਤਿ ਦੇ ਰਾਹ ਤੇ ਤੁਰਨ ਦੇ ਚਾਹਵਾਨ
ਮਨੁੱਖਾਂ ਲਈ ਬਹੁਤ ਲਾਹੇਵੰਦ ਹੈ। ਪਰ ਕਈਂ ਵਾਰ ਇਸ ਵਿੱਚ ਐਸੀ ਗੁਰਮਤਿ ਵਿਰੋਧੀ ਸਮੱਗਰੀ ਛੱਪ
ਜਾਂਦੀ ਹੈ, ਜੋ ਗੁਰਮਤਿ ਦੇ ਜਾਣਕਾਰ (ਜਾਗਰੂਕ) ਸਿੱਖਾਂ ਦੇ ਮਨ ਨੂੰ ਵਿਚਲਿਤ ਕਰ ਦਿੰਦੀ ਹੈ। ਨਾਲ
ਹੀ ਐਸੀ ਸਮੱਗਰੀ ਗੁਰਮਤਿ ਦੇ ਰਾਹ ਤੇ ਤੁਰਨ ਦੇ ਚਾਹਵਾਨ ਪਾਠਕਾਂ ਨੂੰ ਵੀ ਗੁੰਮਰਾਹ ਕਰ ਸਕਦੀ ਹੈ।
‘ਤੱਤ ਗੁਰਮਤਿ ਪਰਿਵਾਰ’ ਗੁਰਮਤਿ ਦੇ ਖੇਤਰ ਵਿੱਚ ਪ੍ਰਚਾਰ ਕਰ ਰਹੀਆਂ ਐਸੀ ਜਥੇਬੰਦੀਆਂ, ਮੈਗਜੀਨਾਂ
ਆਦਿ ਦੇ ਐਸੇ ਗੁਰਮਤਿ ਵਿਰੋਧੀ ਵਿਚਾਰਾਂ ਦੀ ‘ਹਾਂ-ਪੱਖੀ’ ਆਲੋਚਣਾ ਕਰਨਾ ਅਪਣਾ ਫਰਜ਼ ਸਮਝਦਾ ਹੈ,
ਤਾਂ ਕਿ ਉਹ ਅੱਗੇ ਤੋਂ ਸੁਧਾਰ ਕਰ ਸਕਣ। ‘ਤੱਤ ਗੁਰਮਤਿ ਪਰਿਵਾਰ’ ਵਲੋਂ ਉਠਾਏ ਗਏ ਨੁਕਤੇ ਗਲਤ ਵੀ
ਹੋ ਸਕਦੇ ਹਨ, ਪਰ ਉਸ ਹਾਲਾਤ ਵਿੱਚ ਉਸਦਾ ਦਲੀਲ ਆਧਾਰਿਤ ਸਪਸ਼ਟੀਕਰਨ ਦੇਣਾ ਜ਼ਰੂਰੀ ਹੋ ਜਾਂਦਾ ਹੈ।
ਗੱਲ ਕਰਦੇ ਹਾਂ ਸਿੱਖ ਫੁਲਵਾੜੀ ਦੇ ਤਾਜ਼ਾ ਪ੍ਰਕਾਸ਼ਿਤ ਜੁਲਾਈ 2009 ਅੰਕ ਦੀ।
ਇਸ ਅੰਕ ਵਿੱਚ ਕੁੱਝ ਲੇਖ ਬਹੁਤ ਵਧੀਆ ਸੇਧ ਦੇਣ ਵਾਲੇ ਹਨ। ਖਾਸਕਰ ਪੰਨਾ 17 ਤੇ ਪ੍ਰਕਾਸ਼ਿਤ ਡਾ.
ਦਰਸ਼ਨਜੋਤ ਕੌਰ ਜੀ ਦਾ ਲੇਖ
‘ਸਿੱਖ ਧਰਮ ਤੇ ਸ਼ਿੰਗਾਰ’। ਇਸੇ ਤਰਾਂ ਅਮਰੀਕ
ਸਿੰਘ ਜੀ ਸ਼ੇਰ ਖਾਂ ਦੀ ਪੰਨਾ 42 ਤੇ ਛਪੀ ਕਹਾਣੀ
‘ਬੋਲ ਵੀਰਾਂਗਣ ਦੇ’
ਵੀ ਨੌਜਵਾਨਾਂ ਲਈ ਬਹੁਤ ਪ੍ਰੇਰਣਾਦਾਇਕ ਹੈ। ਲੋੜ ਹੈ ਐਸੀਆਂ ਕਹਾਣੀਆਂ ‘ਤੇ ਆਧਾਰਿਤ ਨਾਟਕ, ਫਿਲਮਾਂ
ਆਦਿ ਬਣਾ ਕੇ ਵਿਖਾਉਣ ਦੀ ਤਾਂ ਕਿ ਨੌਜਵਾਨਾਂ ਨੂੰ ਪ੍ਰੇਰਣਾ ਮਿਲ ਸਕੇ।
ਪਰ ਅੱਜ ਅਸੀਂ ਜਿਸ ਨੁਕਤੇ ਬਾਰੇ ਵਿਚਾਰ ਕਰਾਂਗੇ, ਉਹ ਸਵਾਲ-ਜਵਾਬ ਕਾਲਮ
ਅਧੀਨ ਪੰਨਾ 8 ਤੇ ਛਪੇ ਸਵਾਲ ਦਾ ਜਵਾਬ ਹੈ। ਇਹ ਸਵਾਲ ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦੇ ਧੁਣੇ ਦੀ
ਸਥਾਪਨਾ ਬਾਰੇ ਹੈ। ਅੱਜ ਹਰ ਜਾਗਰੂਕ ਸਿੱਖ (ਸਮੇਤ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ) ਜਾਣਦਾ ਤੇ
ਮੰਨਦਾ ਹੈ ਕਿ ਬ੍ਰਾਹਮਨਵਾਦੀ ਤਾਕਤਾਂ ਵਲੋਂ ਸਿੱਖ ਇਤਿਹਾਸ ਅਤੇ ਫਲਸਫੇ ਵਿੱਚ ਬਹੁਤ ਮਿਲਾਵਟ ਕੀਤੀ
ਗਈ ਤਾਂ ਕਿ ਕੌਮ ਨੂੰ ‘ਨਾਨਕ ਫਲਸਫੇ’ ਦੇ ਰਾਹ ਤੋਂ ਭਟਕਾਇਆ ਜਾ ਸਕੇ। ਸੋ ਲੋੜ ਹੈ ਐਸੇ ਮਿਲਾਵਟੀ
ਅੰਸ਼ਾਂ ਬਾਰੇ ਜਾਗ੍ਰਿਤੀ ਲਿਆਉਂਦੀ ਜਾਵੇ। ਜੇ ਪੂਰਾ ਸੱਚ ਬੋਲਣ ਜਾਂ ਲਿਖਣ ਵਿੱਚ ਕਿਸੇ ਨੂੰ ਦਿੱਕਤ
ਮਹਿਸੂਸ ਹੁੰਦੀ ਹੋਵੇ ਤਾਂ ਘੱਟੋ-ਘੱਟ ਇਹ ਤਾਂ ਕੀਤਾ ਹੀ ਜਾ ਸਕਦਾ ਹੈ ਕਿ ਗੁਰਮਤਿ ਸਿਧਾਂਤਾਂ ‘ਤੇ
ਪੂਰੇ ਉਤਰਦੇ ਇਤਿਹਾਸਕ ਤੱਥ ਹੀ ਪਾਠਕਾਂ ਸਾਹਮਣੇ ਰੱਖੇ ਜਾਣ।
ਇਹ ਗੱਲ ਤਾਂ 100% ਸੱਚ ਹੈ ਕਿ ਨਾਨਕ ਜਾਮੇ (ਸੰਨ 1469 ਤੋਂ 1708 ਤੱਕ)
ਕੋਈ ਵੀ ਗੁਰਮਤਿ ਸਿਧਾਂਤ ਵਿਰੋਧੀ ਕਰਮ ਨਹੀਂ ਕਰ ਸਕਦੇ ਸਨ। ਉਸ ਤੋਂ ਬਾਅਦ ਸਿੱਖਾਂ ਵਿੱਚ ਭਾਂਵੇ
ਕੁੱਝ ਆ ਚੁਕੀਆਂ ਕਮਜ਼ੋਰੀਆਂ ਕਾਰਣ ਪ੍ਰਚਲਿਤ ਇਤਿਹਾਸਕ ਸਾਖੀਆਂ ਨਾਨਕ ਜਾਮਿਆਂ ਨੂੰ ਗੁਰਮਤਿ ਵਿਰੁਧ
ਕਰਮ ਕਰਦੇ ਦਰਸਾਉਂਦੀਆਂ ਹਨ, ਉਹ ਬਿਨਾ ਸ਼ੱਕ ਮਿਲਾਵਟ ਹੈ। ਉਦਾਹਰਣ ਵਾਸਤੇ ਨਾਨਕ ਜਾਮਿਆ ਵਲੋਂ
ਕਰਾਮਾਤਾਂ ਵਿਖਾਉਣਾ, ਇੱਕ ਤੋਂ ਵੱਧ ਵਿਆਹ ਕਰਨਾ ਆਦਿ।
ਇਨ੍ਹਾਂ ਇਤਿਹਾਸਕ ਤੱਥਾਂ ਤੋਂ ਵੀ ਹਰ ਜਾਗਰੂਕ ਸਿੱਖ ਜਾਣੂੰ ਹਨ ਕਿ ਬਾਬਾ
ਨਾਨਕ ਜੀ ਦੇ ਬਿੰਦੀ ਪੁਤਰ ਸ੍ਰੀ ਚੰਦ ਹੀ ਉਹਨਾਂ ਦੇ ਦਸੇ ਰਾਹ ਤੋਂ ਬਾਗੀ ਹੋ ਗਏ ਸਨ। ਇਸ ਬਾਰੇ
ਜਾਣਕਾਰੀ ਦਿੰਦਾ ਗੁਰਵਾਕ ਹੈ
“ਸਚੁ ਜੇ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ॥ ਪੁਤ੍ਰੀ ਕਉਲ ਨ ਪਾਲਿੳ
ਕਰਿ ਪੀਰਹੁ ਕੰਨੑ ਮੁਰਟੀਐ॥ ਦਿਲਿ ਖੋਟੈ ਆਕੀ ਫਿਰਨਿੑ ਬੰਨਿੑ ਭਾਰੁ ਉਚਾਇਨਿੑ ਛਟੀਐ॥ …. . 2॥
(ਪੰਨਾ 967)
ਗੁਰੂ (ਨਾਨਕ ਵਿਚਾਰਧਾਰਾ) ਤੋਂ ਬਾਗੀ ਹੋ ਕੇ ਸ੍ਰੀ ਚੰਦ ਜੀ ਨੇ ਉਦਾਸੀ ਮੱਤ
ਅਪਣਾ ਲਿਆ। ਇਸ ਮੱਤ ਦੇ ਜ਼ਿਆਦਾਤਰ ਸਿਧਾਂਤ ਗੁਰਮਤਿ ਸਿਧਾਂਤਾਂ ਦੇ ਵਿਪਰੀਤ ਹਨ। ਸੋ ਇਸ ਮੱਤ ਨੂੰ
ਗੁਰੂ-ਘਰ ਵਲੋਂ ਕਦੇ ਵੀ ਪ੍ਰਵਾਨਗੀ ਨਹੀਂ ਸੀ ਮਿਲ ਸਕਦੀ। ਪਰ ਵਿਰੋਧੀ ਤਾਕਤਾਂ ਨੇ ਇਤਿਹਾਸ ਵਿੱਚ
ਮਿਲਾਵਟ ਕਰਦੇ ਹੋਏ ਕਈਂ ਐਸੀਆਂ ਸਾਖੀਆਂ ਪ੍ਰਚਲਿਤ ਕਰ ਦਿਤੀਆਂ, ਜਿਸ ਰਾਹੀਂ ਕੌਮ ਨੂੰ
ਬ੍ਰਾਹਮਣਵਾਦੀ (ਉਦਾਸੀ ਮੱਤ ਵੀ ਬ੍ਰਾਹਮਣਵਾਦ ਦੀ ਇੱਕ ਸ਼ਾਖ ਹੈ) ਸਾਗਰ ਵਿੱਚ ਡੁਬੋਇਆ ਜਾ ਸਕੇ। ਐਸੀ
ਹੀ ਇੱਕ ਸਾਖੀ ਚੌਥੇ ਨਾਨਕ ਜਾਮੇ (ਰਾਮਦਾਸ ਪਾਤਸ਼ਾਹ ਜੀ) ਨਾਲ ਵੀ ਜੋੜੀ ਮਿਲਦੀ ਹੈ, ਜਿਸ ਦਾ ਸੰਬੰਧ
ਸ੍ਰੀ ਚੰਦ ਜੀ ਨਾਲ ਹੈ। ਪ੍ਰਚਾਰੀ ਗਈ ਸਾਖੀ ਅਨੁਸਾਰ ਸ੍ਰੀ ਚੰਦ ਜੀ ਨੇ ਰਾਮਦਾਸ ਪਾਤਸ਼ਾਹ ਜੀ ਦਾ
ਲੰਮਾ ਦਾਹੜਾ ਵੇਖ ਕਿ ਪੁਛਿਆ ਕਿ ਇਹ (ਲੰਬਾ ਦਾਹੜਾ) ਕਿਸ ਲਈ ਰੱਖਿਆ ਹੈ ਤਾਂ ਰਾਮਦਾਸ ਪਾਤਸ਼ਾਹ ਜੀ
ਨੇ ਜਾਵਾਬ ਦਿਤਾ ਕਿ ਇਹ ਦਾਹੜਾ ਆਪ ਜੀ ਵਰਗੇ ਮਹਾਪੁਰਖਾਂ ਦੇ ਚਰਨ ਝਾੜਣ ਲਈ ਰੱਖਿਆ ਹੈ।
ਜੇਕਰ ਕੋਈ ਵੀ ਜਾਗਰੂਕ ਸਿੱਖ ਇਸ ਸਾਖੀ ਦੀ ਪੜਚੋਲ ਕਰੇ ਤਾਂ ਇਹ ਸਪਸ਼ਟ ਹੋ
ਜਾਂਦਾ ਹੈ ਕਿ ਇਹ ਸਾਖੀ ਕੇਵਲ ਇਹ ਗੱਲ ਪ੍ਰਚਾਰਨ ਵਾਸਤੇ ਰਚੀ ਗਈ ਸੀ ਕਿ ਸ੍ਰੀ ਚੰਦ ਵਾਲਾ ‘ਉਦਾਸੀ
ਮੱਤ’ ਗੁਰੂ-ਘਰ ਵਿੱਚ ਪ੍ਰਵਾਨ ਸੀ। ਨਾਲ ਹੀ ਅਸਿੱਧੇ ਤੌਰ ਤੇ ਇਹ ਸਾਖੀ ਅਖੌਤੀ ਸੰਤ-ਬਾਬਿਆਂ ਨੂੰ
ਮਾਨਤਾ ਦੇਣ ਵਾਲੀ ਹੈ। ਤਾਂ ਹੀ ਸੰਪਰਦਾਈ ਸੋਚ ਵਾਲੇ ਅਖੌਤੀ ਸੰਤ ਬਾਬੇ ਐਸੀਆਂ ਗੁਰਮਤਿ ਵਿਰੋਧੀ
ਸਾਖੀਆਂ ਹੀ ਸੁਣਾਉਂਦੇ ਹਨ। ਪਰ ਅਸਲ ਸੱਚਾਈ ਇਹ ਹੈ ਕਿ ਉਦਾਸੀ ਮੱਤ ਪੂਰੀ ਤਰਾਂ ਗੁਰਮਤਿ ਸਿਧਾਂਤਾਂ
ਤੇ ਖਰਾ ਨਾ ਉਤਰਣ ਕਰਕੇ ਗੁਰੂ-ਘਰ ਵਿੱਚ ਪ੍ਰਵਾਨ ਨਹੀਂ ਸੀ ਕੀਤਾ ਗਿਆ।
ਇਹ ਤਾਂ ਸੀ ਕੁੱਝ ਵਿਚਾਰ ਉਦਾਸੀ ਮੱਤ ਬਾਰੇ। ਹੁਣ ਇਸ ਮੱਤ ਸੰਬੰਧੀ ਸਿੱਖ
ਫੁਲਵਾੜੀ ਵਿੱਚ ਛਪੇ ਸਵਾਲ-ਜਵਾਬ ਨੂੰ ਵਿਚਾਰਦੇ ਹਾਂ। ਪਾਠਕ ਦਾ ਸਵਾਲ ਸੀ
“ਕਿਹਾ ਜਾਂਦਾ ਹੈ ਕਿ ਗੁਰੂ
ਹਰਿਗੋਬਿੰਦ ਪਾਤਸ਼ਾਹ ਜੀ ਨੇ ਧਰਮ ਪ੍ਰਚਾਰ ਲਈ ਚਾਰ ਧੁਣੇ ਕਾਇਮ ਕੀਤੇ ਸਨ। ‘ਧੁਣੇ’ ਦਾ ਕੀ ਅਰਥ ਹੈ?
ਇਨ੍ਹਾਂ ਨੇ ਕਿਵੇਂ ਪ੍ਰਚਾਰ ਕੀਤਾ?
ਸਿੱਖ ਫੁਲਵਾੜੀ ਦੇ ਸੰਪਾਦਕਾਂ ਦਾ ਫਰਜ਼ ਬਣਦਾ ਸੀ ਕਿ ਇਸ ਸਵਾਲ ਦੇ ਜਵਾਬ
ਵਿੱਚ ਇਤਿਹਾਸ ਵਿੱਚ ਹੋਈ ਮਿਲਾਵਟ ਬਾਰੇ ਰੌਸ਼ਨੀ ਪਾਉਂਦੇ ਹੋਏ ਇਸਦਾ ਲੁਕਿਆ ਸੱਚ ਪ੍ਰਕਟ ਕਰਦੇ। ਜਿਸ
ਨਾਲ ਪਾਠਕਾਂ ਦੇ ਕੁੱਝ ਭੁਲੇਖੇ ਦੂਰ ਹੁੰਦੇ। ਪਰ ਇਸਦੇ ਉਲਟ ਆਪ ਜੀ ਨੇ ਉਦਾਸੀ ਮੱਤ ਨੂੰ
ਹਰਿਗੋਬਿੰਦ ਪਾਤਸ਼ਾਹ ਜੀ ਵਲੋਂ ਬਾਬਾ ਗੁਰਦਿਤਾ ਜੀ ਰਾਹੀਂ ਪ੍ਰਵਾਨਗੀ ਦਿੱਤੀ ਦਸ ਕੇ ਪਾਠਕਾਂ ਨੂੰ
ਅਨਜਾਣੇ ਹੀ ਗੁੰਮਰਾਹ ਕਰ ਦਿੱਤਾ ਹੈ। ਸਵਾਲ ਦੇ ਜਵਾਬ ਵਿੱਚ ਸਪਸ਼ਟ ਲਿਖਿਆ ਹੈ,
“ਹਰਿਗੋਬਿੰਦ ਪਾਤਸ਼ਾਹ ਜੀ ਵਲੋਂ ਹੁਕਮ
ਮਿਲਣ ਤੇ ਬਾਬਾ ਗੁਰਦਿਤਾ ਜੀ ਨੇ ‘ਉਦਾਸੀ ਮਹਾਪੁਰਖਾਂ’ ਨੂੰ ਸਿੱਖ ਧਰਮ ਦੇ ਪ੍ਰਚਾਰ ਵਿੱਚ ਲਾ
ਦਿਤਾ। ਬਾਬਾ ਗੁਰਦਿਤਾ ਜੀ ਨੇ ਇਹਨਾਂ ਉਦਾਸੀ ਮਹਾਤਮਾਵਾਂ ਦੀ ਦੇਖ ਰੇਖ ਵਿੱਚ ਚਾਰ ਮੁਖ ਕੇਂਦਰ
(ਧੁਣੇ) ਕਾਇਮ ਕੀਤੇ। “ ਪਹਿਲੇ ਧੁਣੇ ਦੇ
ਪ੍ਰਚਾਰਕ ਭਾਈ ਅਲਮਸਤ ਜੀ ਬਾਰੇ ਦਿਤੀ ਜਾਣਕਾਰੀ ਵਿੱਚ ਲਿਖਿਆ ਹੈ, ਕਿ
“ਇਹਨਾਂ (ਅਲਮਸਤ ਜੀ) ਦਾ ਜਨਮ ਭਾਈ
ਹਰੀ ਦੱਤ (ਬ੍ਰਾਹਮਣ) ਦੇ ਘਰ ਸ੍ਰੀਨਗਰ (ਕਸ਼ਮੀਰ) ਵਿੱਚ ਹੋਇਆ। ਸੰਨ 1574 ਵਿੱਚ ਆਪ ਡੇਰਾ ਬਾਬਾ
ਨਾਨਕ ਗਏ ਅਤੇ ਉਥੇ ਬਾਬਾ ਸ੍ਰੀ ਚੰਦ ਜੀ ਦੇ ਸੇਵਕ ਬਣ ਗਏ।”
ਉਪਰੋਕਤ ਤੌਂ ਸਪਸ਼ਟ ਹੈ ਕਿ ਇਹ ਉਦਾਸੀ ‘ਮਹਾਤਮਾ’ ਸ੍ਰੀ ਚੰਦ ਜੀ ਦੇ ਚੇਲੇ
ਸਨ। ਇਹਨਾਂ ਦਾ ਅਪਣਾ ਜੀਵਨ ਗੁਰਮਤਿ ਸਿਧਾਂਤਾਂ ਤੋਂ ਉਲਟ ਸੀ। ਫੇਰ ਇਹਨਾਂ ਨੂੰ ਗੁਰਮਤਿ ਪ੍ਰਚਾਰਕ
ਕਿਵੇਂ ਥਾਪਿਆ ਜਾ ਸਕਦਾ ਸੀ? ਤੇ ਜੇ ਕਰ ਥਾਪਣਾਂ ਹੀ ਸੀ ਤਾਂ ਸ੍ਰੀ ਚੰਦ ਜੀ ਵਿੱਚ ਕੀ ਬੁਰਾਈ ਸੀ?
ਆਖਰ ਨਾਨਕ ਪਾਤਸ਼ਾਹ ਜੀ ਦੇ ਪੁੱਤਰ ਸਨ ਅਤੇ ਜੇਕਰ ਨਾਨਕ ਪਾਤਸ਼ਾਹ ਜੀ ਦੇ ਪੁੱਤਰ ਹੁੰਦਿਆਂ ਵੀ ਨਹੀਂ
ਥਾਪਿਆ ਗਿਆ ਤਾਂ ਕੇਵਲ ਇਸ ਕਾਰਨ ਕਿ ਇਹਨਾਂ ਦਾ ਪ੍ਰਚਾਰ ਗੁਰਮਤਿ ਸਿਧਾਂਤਾਂ ਦੀ ਖੁੱਲੀ ਖਿਲਾਫਤ
ਕਰਦਾ ਸੀ।
“ਅਵਰ
ਉਪਦੇਸੈ ਆਪਿ ਨ ਕਰੈ, ਆਵਤ ਜਾਵਤ ਜਨਮੈ ਮਰੈ॥ “ (ਪੰਨਾ 269)
ਅੱਗੇ ਜਵਾਬ ਵਿੱਚ ‘ਧੁਣੇ’ ਦੇ ਅਰਥ ਮਹਾਨ ਕੋਸ਼ ਦੇ ਹਵਾਲੇ ਨਾਲ ਕਰਦੇ ਲਿਖਿਆ
ਹੈ
“ਤਪੱਸਵੀ ਸਾਧੂ ਦੀ ਗੱਦੀ
ਦਾ ਅਸਥਾਨ”। ਕੀ ਗੁਰਮਤਿ ਵਿੱਚ ਐਸੀ ਤਪੱਸਿਆ
ਪ੍ਰਵਾਨ ਹੈ? ਬਲਕਿ ਗੁਰਮਤਿ ਵਿੱਚ ਥਾਂ ਥਾਂ ਖੰਡਨ ਕੀਤਾ ਜ਼ਰੂਰ ਮਿਲਦਾ ਹੈ। ਹਰ ਜਾਗਰੂਕ ਸਿੱਖ ਇਹ
ਜਾਣਦਾ ਹੈ ਕਿ ਕੌਮ ਦੇ ਬਿਖੜੇ ਸਮੇਂ ਦੌਰਾਨ (ਸੰਨ 1720 ਤੋਂ ਬਾਅਦ), ਹਾਲਾਤ ਦਾ ਫਾਇਦਾ ਚੁਕਦੇ
ਹੋਏ, ਬ੍ਰਾਹਮਣਵਾਦੀ ਸੋਚ ਵਾਲੇ, (ਉਦਾਸੀ ਅਤੇ ਨਿਰਮਲੇ) ਸਿੱਖ ਅਸਥਾਨਾਂ ਤੇ ਹਮਦਰਦ ਬਣਕੇ ਕਾਬਜ਼ ਹੋ
ਗਏ। ਇਹਨਾਂ ਨੇ ਹੀ ਸਿੱਖ ਇਤਿਹਾਸ ਅਤੇ ਫਲਸਫੇ ਨੂੰ ਬ੍ਰਾਹਮਣਵਾਦੀ ਰੰਗਤ ਦੇ ਕੇ ਸਿੱਖ ਸਮਾਜ ਨੂੰ
ਨਿਰੋਲ ‘ਨਾਨਕ ਫਲਸਫੇ’ ਦੇ ਰਾਹ ਤੋਂ ਭਟਕਾ ਦਿਤਾ। ਇਸੇ ਸੱਚਾਈ ਦੀ ਪ੍ਰੋਢਤਾ ਕਰਦੇ ਹੋਏ ਸਿੱਖ
ਫੁਲਵਾੜੀ ਦੇ ਇਸੇ ਅੰਕ ਦੇ ਪੰਨਾ 2 ਤੇ ਛਪੇ ਸੰਪਾਦਕੀ ਵਿੱਚ ਲਿਖਿਆ ਹੈ,
“ਮਜ਼ਬੂਰਨ ਸਿੱਖ ਗੁਰਧਾਮਾਂ ਦਾ ਪ੍ਰਬੰਧ
ਸਿੱਖਾਂ ਦੇ ਹੱਥਾਂ ਵਿਚੋਂ ਨਿਕਲ ਕੇ ਹੁਕੂਮਤ ਦੇ ਕਰਿੰਦਿਆਂ, ਉਦਾਸੀ ਮਹੰਤਾਂ ਅਤੇ
ਨਿਰਮਲਿਆਂ ਦੇ ਹੱਥ ਵਿੱਚ ਆ ਗਿਆ। ਗੁਰਦੁਆਰਿਆਂ ਵਿੱਚ ਮਨਮਰਜ਼ੀ ਦੀਆਂ ਮਰਯਾਦਵਾਂ ਚੱਲਣ ਲਗੀਆਂ। ….
“
ਸਿੱਖ ਫੁਲਵਾੜੀ ਦੇ ਇਕੋ ਅੰਕ ਵਿੱਚ ਜਿੱਥੇ ਸੰਪਾਦਕੀ ਵਿੱਚ ‘ਉਦਾਸੀਆਂ’ ਨੂੰ
ਖਾਲਸੇ ਦੀ ਮਜ਼ਬੂਰੀਵੱਸ ਗੁਰਧਾਮਾਂ ਤੇ ਕਾਬਜ਼ ਹੁੰਦਾ ਦਸਿਆ ਹੈ, ਉੱਥੇ ਦੁਜੀ ਥਾਂ (ਸਵਾਲ ਦੇ ਜਵਾਬ
ਵਿਚ) ਉਦਾਸੀਆਂ ਨੂੰ ਹਰਿਗੋਬਿੰਦ ਪਾਤਸ਼ਾਹ ਜੀ ਵਲੋਂ ਨਿਯੁਕਤ ਕੀਤੇ ਪ੍ਰਚਾਰਕ ਲਿਖਿਆ ਹੈ। ਕੀ ਸਿੱਖ
ਫੁਲਵਾੜੀ ਦੀ ਇਹ ਗੈਰ-ਸਿਧਾਂਤਕ ਤੇ ਦੋਹਰੀ ਪਹੁੰਚ ਨਹੀਂ ਹੈ? ਕੁੱਝ ਐਸੀ ਹੀ ਮਾਨਤਾ ਰਾਹੀਂ,
ਇਤਿਹਾਸ ਵਿੱਚ ਕੀਤੀ ਮਿਲਾਵਟ ਸਦਕਾ ਨਿਰਮਲਿਆਂ ਨੂੰ ਦਸ਼ਮੇਸ਼ ਜੀ ਨਾਲ ਜੋੜ ਕੇ ਪ੍ਰਚਾਰਿਆ ਜਾਂਦਾ ਹੈ,
ਜਿਸ ਨੂੰ ਸ਼ਾਇਦ ਸਿੱਖ ਮਿਸ਼ਨਰੀ ਕਾਲਜ ਵੀ ਮਾਨਤਾ ਦਿੰਦਾ ਹੈ?
ਅਪਣੀ ਇਸ ਗਲਤੀ ਦੀ ਸਫਾਈ ਲਈ ਸੰਪਾਦਕੀ ਮੰਡਲ ਭਾਈ ਕਾਨ ਸਿੰਘ ਜੀ ਨਾਭਾ ਤੇ
ਹੋਰ ਵਿਦਵਾਨਾਂ ਵਲੋਂ ਲਿਖੀਆਂ ਪੁਸਤਕਾਂ ਦਾ ਹਵਾਲਾ ਦੇ ਸਕਦਾ ਹੈ। ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ
ਜ਼ਿਆਦਾਤਰ ਵਿਦਵਾਨਾਂ ਨੇ (ਸਮੇਤ ਨਾਭਾ ਜੀ) ਕੂਝ ਐਸੀਆਂ ਸਾਖੀਆਂ ਨੂੰ ਸਿਰਫ ਪ੍ਰਚਲਿਤ ਮਾਨਤਾ ਦੇ
ਆਧਾਰ ਤੇ ਹੀ ਪ੍ਰਵਾਨਗੀ ਦੇ ਦਿਤੀ ਅਤੇ ਉਹਨਾਂ ਦੀ ਗੁਰਮਤਿ ਆਧਾਰਿਤ ਪੜਚੋਲ ਨਾ ਕੀਤੀ। ਪਰ ਸਿਰਫ
ਇੱਕ ਤੱਥ ਨੂੰ ਵਿਚਾਰਿਆਂ ਹੀ ਸਾਰੇ ਝੂਠ ਦਾ ਪਾਜ ਉਘੜ ਜਾਂਦਾ ਹੈ। ਲਗਭਗ ਹਰ ਇਤਿਹਾਸਕਾਰ ਤੇ
ਵਿਦਵਾਨ ਨੇ ਇਸ ਸਾਖੀ ਨੂੰ ਮਾਨਤਾ ਦਿੰਦੇ ਹੋਏ ਇਹ ਲਿਖਿਆ ਹੈ ਕਿ ਬਾਬਾ ਗੁਰਦਿਤਾ ਜੀ ਨੂੰ
ਹਰਿਗੋਬਿੰਦ ਪਾਤਸ਼ਾਹ ਜੀ ਨੇ, ਸ੍ਰੀ ਚੰਦ ਜੀ ਵਲੋਂ ਮੰਗੇ ਜਾਣ ਤੇ, ਉਹਨਾਂ ਦੇ ਹਵਾਲੇ ਕਰ ਦਿਤਾ।
ਭਾਵ ਸ੍ਰੀ ਚੰਦ ਦਾ ਸੇਵਕ ਬਣਾ ਦਿਤਾ। ਇਹੀ ਗੱਲ ਮਹਾਨ ਕੋਸ਼ ਵਿੱਚ ਵੀ ਪੰਨਾ 9 ਤੇ ਅਸਿੱਧੇ ਤਰੀਕੇ
ਸਹੀ ਮੰਨੀ ਗਈ ਹੈ। ਪਰ ਇਸੇ ਮਹਾਨ ਕੋਸ਼ ਦੇ ਆਧਾਰ ਤੇ ਹੀ ਇਹ ਮਹਾਂ-ਝੂਠ ਨੰਗਾ ਵੀ ਹੋ ਜਾਂਦਾ ਹੈ।
ਮਹਾਨ ਕੋਸ਼ ਦੇ ਪੰਨਾ 200 ਅਤੇ 251 ਤੇ ਸ੍ਰੀ ਚੰਦ ਜੀ ਦਾ ਦਿਹਾਂਤ 15 ਅਸੂ
ਸੰਮਤ 1669 ਨੂੰ ਲਿਖਿਆ ਮਿਲਦਾ ਹੈ। ਇਸੇ ਮਹਾਨ ਕੋਸ਼ ਦੇ ਪੰਨਾ 416 ਤੇ ਬਾਬਾ ਗੁਰਦਿਤਾ ਜੀ ਦਾ ਜਨਮ
ਕਤਕ ਸੁਦੀ 15 ਸੰਮਤ 1670 ਵਿੱਚ ਹੋਇਆ ਲਿਖਿਆ ਹੈ। ਭਾਵ ਬਾਬਾ ਗੁਰਦਿਤਾ ਜੀ ਦਾ ਜਨਮ ਸ੍ਰੀ ਚੰਦ ਦੇ
ਦੇਹਾਂਤ ਤੋਂ ਪੂਰੇ 13 ਮਹੀਨੇ ਬਾਅਦ ਹੋਇਆ। ਸੋ ਸਪਸ਼ਟ ਹੈ ਕਿ ਸ੍ਰੀ ਚੰਦ ਜੀ ਬਾਬਾ ਗੁਰਦਿਤਾ ਜੀ
ਨੂੰ ਕਦੇ ਵੀ ਨਹੀਂ ਮਿਲੇ। ਸੋ ਇਹ ਪੂਰੀ ਸਾਖੀ ਹੀ ਨਿਰਾ ਝੂਠ ਦਾ ਪੁਲੰਦਾ ਸਾਬਿਤ ਹੋ ਜਾਂਦੀ ਹੈ।
ਉਦਾਸੀ ਮੱਤ ਦੇ ਸਿਧਾਂਤ ਕਿੰਨੇਂ ਗੁਰਮਤਿ ਅਨੁਸਾਰੀ ਹਨ ਜੇ ਇਸ ਦੇ ਦਰਸ਼ਨ
ਕਰਨੇ ਹੋਣ ਤਾਂ ਕਿਸੇ ਵੀ ਉਦਾਸੀ ਮੱਤ ਨਾਲ ਸੰਬੰੀਧਤ ਸਥਾਨ ਤੇ ਜਾਇਆ ਜਾ ਸਕਦਾ ਹੈ? ਇਹਨਾਂ ਦੇ
ਡੇਰਿਆਂ ਤੇ ਬੇਸ਼ਕ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਮਿਲ ਜਾਵੇਗਾ ਪਰ ਨਾਲ ਹੀ ਦੇਵੀ
ਦੇਵਤਿਆਂ ਦੀ ਕੀਤੀ ਜਾਂਦੀ ਪੱਥਰ (ਮੂਰਤੀ) ਪੂਜਾ ਦਾ ਨਜ਼ਾਰਾ ਵੀ ਵੇਖਣ ਨੂੰ ਮਿਲੇਗਾ। ਸ੍ਰੀ ਚੰਦ
ਅਤੇ ਉਹਨਾਂ ਦੇ ਉਦਾਸੀ ਮੱਤ ਦੇ ਗੁਰਮਤਿ ਵਿਰੋਧੀ ਸਰੂਪ ਦੀ ਜ਼ਿਆਦਾ ਜਾਣਕਾਰੀ ਲਈ
ਗੁਰਮਤਿ ਦੇ ਉਘੇ ਵਿਦਵਾਨ ਸ੍ਰ.
ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਦੀ ਪੁਸਤਕ ‘ਬਿਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ-4’ ਪੜਿਆ
ਜਾ ਸਕਦਾ ਹੈ। ਇਸ ਪੁਸਤਕ ਦੇ ਪੰਨਾ 255 ਤੋਂ ਲੈ ਕੇ ਪੰਨਾ 294 ਤੱਕ ਵਿਦਵਾਨ ਅਫਗਾਨਾ ਜੀ ਨੇ ਇਸ
ਦੀ ਗੁਰਮਤਿ ਆਧਾਰਿਤ ਖੁੱਲੀ ਪੜਚੋਲ ਕੀਤੀ ਹੈ।
‘ਤੱਤ ਗੁਰਮਤਿ’ ਦੇ ਨਾਂ ਹੇਠ ਚਲ ਰਹੀ ਲਹਿਰ ਵਿੱਚ ਕੰਮ ਕਰ ਰਹੇ ਗੁਰਸਿੱਖ
‘ਸਿੱਖ ਇਤਿਹਾਸ ਅਤੇ ਗੁਰਮਤਿ ਫਲਸਫੇ’ ਨੂੰ ਇਸਦੇ ਸ਼ੁੱਧ ਅਤੇ ਖਰੇ ਰੂਪ ਵਿੱਚ ਸਾਹਮਣੇ ਲਿਆਉਣ ਲਈ
ਸੰਘਰਸ਼ਰਤ ਹਨ। ਮਿਸ਼ਨਰੀ ਕਾਲਜ ਵੀ ਇਸ ਲਹਿਰ ਦਾ ਹਿੱਸਾ ਮੰਨੇ ਜਾਂਦੇ ਹਨ। ਪਰ ਇਸ ਸਵਾਲ ਦੇ ਜਵਾਬ
ਕਾਰਣ ਅਨਜਾਣੇ ਹੀ ਉਸ ਸੰਘਰਸ਼ ਨੂੰ ਪਿੱਛੇ ਧੱਕਣ ਲਈ ਕਾਫੀ ਹੈ।
‘ਤੱਤ ਗੁਰਮਤਿ ਪਰਿਵਾਰ’ ਇਸ ਗੈਰ-ਸਿਧਾਂਤਕ ਪਹੁੰਚ ਲਈ ਅਪਣਾ ‘ਹਾਂ-ਪੱਖੀ’
ਵਿਰੋਧ ਜ਼ਾਹਿਰ ਕਰਦਾ ਹੈ। ਪਰਿਵਾਰ ਦੀ ਨੀਤੀ ਅਨੁਸਾਰ ‘ਹਾਂ-ਪੱਖੀ’ ਆਲੋਚਣਾ ਪਹਿਲਾਂ ਸੰਬੰਧਿਤ
ਜਥੇਬੰਦੀ ਜਾਂ ਮੈਗਜੀਨ ਨੂੰ ਭੇਜੀ ਜਾਂਦੀ ਹੈ, ਤਾਂ ਕਿ ਉਹ ਜਥੇਬੰਦੀ ਜਾਂ ਮੈਗਜ਼ੀਨ ਵਿੱਚ (ਜੇ
ਸੁਹਿਰਦ ਹਨ ਤਾਂ) ਸੁਧਾਰ ਕੀਤਾ ਜਾ ਸਕੇ ਜਾਂ ਸਪਸ਼ਟੀਕਰਨ ਦਿੱਤਾ ਜਾ ਸਕੇ। ਅਸੀਂ ਸਮਝਦੇ ਹਾਂ ਕਿ
ਸਿੱਖ ਫੁਲਵਾੜੀ ਵਲੋਂ (ਬਿਨਾ ਪੜਚੋਲ) ਕਿਸੇ ਕਿਤਾਬ ਵਿਚੋਂ ਲੈ ਕੇ ਛਾਪੇ ਇਸ ‘ਗੈਰ-ਸਿਧਾਂਤਕ’ ਜਵਾਬ
ਨਾਲ ਪਾਠਕ ਗੁੰਮਰਾਹ ਹੋ ਸਕਦੇ ਹਨ। ਇਸ ਲਈ ਪਰਿਵਾਰ ਬੇਨਤੀ ਕਰਦਾ ਹੈ ਕਿ ਸਾਡੀ ਇਹ ਆਲੋਚਣਾ ਸਿੱਖ
ਫੁਲਵਾੜੀ ਦੇ ਅਗਲੇ ਅੰਕ (ਅਗਸਤ ਜਾਂ ਸਤੰਬਰ 09) ਵਿਚ, ਬਿਨਾ ਕਿਸੇ ਕਾਂਟ-ਛਾਂਟ ਦੇ, ਪ੍ਰਕਾਸ਼ਿਤ
ਕੀਤੀ ਜਾਵੇ। ਸੰਪਾਦਕੀ ਮੰਡਲ ਸਾਡੀ ਆਲੋਚਣਾ ਨਾਲ ਅਪਣੀ ਸੰਪਾਦਕੀ ਟਿੱਪਣੀ ਲਾਉਣ ਲਈ ਆਜ਼ਾਦ ਹੈ।
ਜੇਕਰ ਸਤੰਬਰ 2009 ਤੱਕ ਸਿੱਖ ਫੁਲਵਾੜੀ ਵਿੱਚ ਸਾਡਾ ਇਹ ਪੱਖ ਪ੍ਰਕਾਸ਼ਿਤ ਨਾ ਕੀਤਾ ਗਿਆ ਤਾਂ
ਮਜ਼ਬੂਰਨ ‘ਪਰਿਵਾਰ’ ਕਿਸੇ ਹੋਰ ਵਸੀਲੇ ਪਾਠਕਾਂ ਦੀ ਕਚਹਿਰੀ ਵਿੱਚ ਜਾਏਗਾ, ਜਿਸ ਲਈ ਅਦਾਰਾ ਸਿੱਖ
ਫੁਲਵਾੜੀ ਨੂੰ ਹੀ ਜਿੰਮੇਵਾਰ ਮੰਨਿਆ ਜਾਵੇਗਾ।
ਗੁਰ ਫਤਹਿ।
ਨਿਮਰਤਾ ਸਹਿਤ,
ਤੱਤ ਗੁਰਮਤਿ ਪਰਿਵਾਰ।