ਬਾਬਾ ਫਿਰ ਮਕੇ ਗਯਾ
ਬਾਬਾ ਫਿਰ ਮਕੇ ਗਯਾ ਨੀਲ
ਬਸਤ੍ਰ ਧਾਰੇ ਬਨਵਾਰੀ॥
ਆਸਾ ਹਥ ਕਿਤਾਬ ਕਛ ਕੂਜਾ ਬਾਂਗ ਮੁਸਲਾ ਧਾਰੀ॥
ਬੈਠਾ ਜਾਇ ਮਸੀਤ ਵਿੱਚ ਜਿਥੇ ਹਾਜੀ ਹਜ ਗੁਜਾਰੀ॥
ਜਾ ਬਾਬਾ ਸੁਤਾ ਰਾਤ ਨੂੰ ਵਲ ਮਹਿਰਾਬੇ ਪਾਇ ਪਸਾਰੀ॥
ਜੀਵਨ ਮਾਰੀ ਲਤਿ ਦੀ ਕੇਹੜਾ ਸੁਤਾ ਕੁਫ਼ਰ ਕੁਫ਼ਾਰੀ॥
ਲਤਾ ਵਲ ਖ਼ੁਦਾਇ ਦੇ ਕਿਉਕਰ ਪਇਆ ਹੋਇ ਬਜਗਾਰੀ॥
ਟੰਗੋ ਪਕੜ ਘਸੀਟਿਆ ਫਿਰਿਆ ਮਕਾ ਕਲਾ ਦਿਖਾਰੀ॥
ਹੋਇ ਹੈਰਾਨ ਕਰੇਨ ਜੁਹਾਰੀ॥
ਭਾਈ ਗੁਰਦਾਸ, ਵਾਰ ੩੨
ਸਾਰੀ ਪਉੜੀ ਉੱਪਰ ਤਾਂ ਖੁੱਲ ਕੇ ਅੱਗੇ ਵੀਚਾਰ ਕਰਾਂਗੇ। ਇਥੇ ਭਾਈ ਗੁਰਦਾਸ ਜੀ ਗੁਰੂ ਨਾਨਕ ਪਾਤਸ਼ਾਹ
ਦੇ ਮੱਕੇ ਜਾਣ ਦਾ ਵਰਨਣ ਕਰਦੇ ਹਨ। ਭਾਈ ਜੀ ਕਹਿੰਦੇ ਹਨ ਜਦੋਂ ਬਾਬਾ ਰਾਤ ਨੂੰ ਸੁੱਤਾ ਤਾਂ ਮਹਿਰਾਬ
ਵੱਲ ਗੁਰੂ ਪਾਤਸ਼ਾਹ ਬਾਬੇ ਨੇ ਪੈਰ ਕਰ ਲਏ। ਇਹ ਗੱਲ ਯਾਦ ਰੱਖਣੀ ਅਤਿਅੰਤ ਜ਼ਰੂਰੀ ਹੈ ਕਿ ਪੈਰ
ਮਹਿਰਾਬ ਵਲ ਕੀਤੇ, ਮੱਕੇ ਵਲ ਨਹੀਂ। ਦੂਸਰੀ ਗੱਲ ਇਹ ਹੈ ਕਿ ਜੀਵਨ ਕਿਸੇ ਕਾਜ਼ੀ ਦਾ ਨਾਮ ਨਹੀਂ, ਇਥੇ
ਜੀਵਣ ਦੀ ਗੱਲ ਹੈ।
ਜੀਵ - ਜੀਵਣ
ਮਾਰੀ - ਖ਼ਤਮ, ਮਰੀ ਹੋਈ ਬੁੱਧੀ (ਜਿਸ ਨੂੰ ਜੀਵਣ ਦੀ ਸੂਝ ਨਹੀਂ)
ਜੀਵਨ ਮਾਰੀ * ਜੀਵਣ ਪੱਖ ਤੋਂ ਖਤਮ ਹੋਇਆ, ਭਾਵ ਜੀਵਣ ਪੱਖ ਤੋਂ ਹਾਰਿਆ ਹੋਇਆ ਮਨੁੱਖ
ਲਤਿ - ਬੁਰੀ ਵਾਦੀ, ਭੈੜੀ ਆਦਤ (ਲਤਿ ਦੇ ‘ਤ’ ਨੂੰ ਸਿਹਾਰੀ ਹੈ ਜਿਸ ਦਾ ਮਤਲਬ ਲਤਿ ਲਗ ਗਈ ਹੈ ਜਾਂ
ਬੁਰੀ ਆਦਤ ਪੈ ਗਈ ਹੈ)
ਭਾਈ ਸਾਹਿਬ ਨੇ ਸਾਫ ਅਤੇ ਸਪਸ਼ਟ ਕੀਤਾ ਹੈ ਕਿ ਜਦੋਂ ਬਾਬਾ ਰਾਤ ਨੂੰ ਸੌਣ ਸਮੇਂ ਮਹਿਰਾਬ ਵਲ ਪੈਰ ਕਰ
ਕੇ ਸੌਂ ਗਿਆ, ਤਾਂ ਕਾਜ਼ੀ ਨੇ ਆਣ ਕੇ ਇਹ ਕਿਹਾ ਕਿ ਕਿਹੜਾ ਜੀਵਣ ਪੱਖ ਤੋਂ ਖ਼ਤਮ ਹੋਇਆ ਕਾਫਰ ਮਨੁੱਖ
ਕੁਫਰ ਕਰ ਰਿਹਾ ਹੈ, ਜੋ ਖ਼ੁਦਾ ਦੇ ਘਰ ਵਲ ਪੈਰ ਕਰੀ ਪਿਆ ਹੈ। ਕਿਉਂ ਏਡਾ ਵੱਡਾ ਕੁਫਰ ਕੀਤਾ? ਕਿਉਂ
ਏਡਾ ਵੱਡਾ ਪਾਪ ਕੀਤਾ?
ਟੰਗੋ ਪਕੜ ਘਸੀਟਿਆ ਫਿਰਿਆ ਮਕਾ ਕਲਾ ਦਿਖਾਰੀ॥
ਹੋਇ ਹੈਰਾਨ ਕਰੇਨ ਜੁਹਾਰੀ॥
ਭਾਈ ਗੁਰਦਾਸ, ਵਾਰ ੩੨
ਇਨ੍ਹਾਂ ਪੰਗਤੀਆਂ ਨੂੰ ਬੜੀ ਗਹਿਰਾਈ ਨਾਲ ਸਮਝਣ ਦੀ ਲੋੜ ਹੈ। ਇਥੇ ਭਾਈ ਜੀ ਕਹਿੰਦੇ ਹਨ ਕਿ ਗੁਰੂ
ਨਾਨਕ ਦੇਵ ਜੀ ਨੇ ਪੈਰ ਮਹਿਰਾਬ ਵੱਲ ਕੀਤੇ ਅਤੇ ਕਾਜ਼ੀ ਨੇ ਗੁੱਸੇ ਅੰਦਰ ਆ ਕੇ ਬੁਰਾ-ਭਲਾ ਬੋਲਦੇ
ਹੋਏ ਨੇ ਲੱਤਾਂ ਤੋਂ ਪਕੜ ਕੇ ਘਸੀਟਿਆ। ਤਦ ਫਿਰਿਆ ਮੱਕਾ (ਮਹਿਰਾਬ ਨਹੀਂ ਪਰ ਪੈਰ ਤਾਂ ਮਹਿਰਾਬ ਵਲ
ਕੀਤੇ ਹੋਏ ਸਨ)। ਸੋ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕਿਹੜਾ ਮੱਕਾ ਫਿਰਿਆ ਅਤੇ ਗੁਰਮਤਿ ਅਨੁਸਾਰ
ਮੱਕਾ ਕੀ ਹੈ। ਗੁਰਬਾਣੀ ਮੱਕਾ ਕਹਿੰਦੀ ਕਿਸ ਨੂੰ ਹੈ? ਮਨ ਨੂੰ ਮੱਕਾ
ਕਹਿੰਦੀ ਹੈ।
ਮਨੁ ਕਰਿ ਮਕਾ ਕਿਬਲਾ ਕਰਿ ਦੇਹੀ॥
ਬੋਲਨਹਾਰੁ ਪਰਮ ਗੁਰੁ ਏਹੀ॥ ੧॥
ਗੁਰੂ ਗ੍ਰੰਥ ਸਾਹਿਬ, ਪੰਨਾ ੧੧੫੮
ਜਦੋਂ ਗੁਰੂ ਪਤਾਸ਼ਾਹ ਦੇ ਆਤਮਿਕ-ਗਿਆਨ ਰੂਪੀ ਚਰਨ ਛੋਹੇ, ਵਿਚਾਰ ਗੋਸ਼ਟੀ ਕੀਤੀ ਤਾਂ ਗੁਰੂ ਜੀ ਨੇ
ਆਤਮਿਕ ਗਿਆਨ ਕਾਜ਼ੀ ਨੂੰ ਬਖ਼ਸ਼ਿਆ। ਇਸ ਆਤਮਿਕ ਗਿਆਨ ਨਾਲ ਫਿਰ ਕਾਜ਼ੀ ਨੂੰ ਸੱਚ ਦੀ ਸਮਝ ਪਈ ਅਤੇ ਉਸ
ਦਾ ਮਨ ਰੂਪੀ ਮੱਕਾ ਫਿਰਿ ਗਿਆ। ਗੁਰੂ ਜੀ ਦੇ ਦਿੱਤੇ ਇਸ ਗਿਆਨ ਨਾਲ ਸਾਰੇ ਹੈਰਾਨ ਹੋ ਗਏ। ਗੁਰੂ ਜੀ
ਨੇ ਕਲਾ ਕਿਹੜੀ ਦਿਖਾਈ?
ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥
ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ॥
ਗੁਰੂ ਗ੍ਰੰਥ ਸਾਹਿਬ, ਪੰਨਾ ੧੩੪੬
ਸੋ ਵੀਚਾਰਧਾਰਾ ਬਦਲਣ ਦੀ ਕਲਾ ਦਿਖਾਈ ਅਤੇ ਮਨ ਰੂਪੀ ਮੱਕਾ ਘੁਮਾ ਦਿੱਤਾ। ਮਨ ਬਦਲ ਦਿਤੇ, ਮਾਨਸਿਕ
ਅਵਸਥਾ ਬਦਲ ਦਿੱਤੀ।
ਜਬ ਬੁਧਿ ਹੋਤੀ ਤਬ ਬਲੁ ਕੈਸਾ ਅਬ ਬੁਧਿ ਬਲੁ ਨ ਖਟਾਈ॥
ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ॥
ਗੁਰੂ ਗ੍ਰੰਥ ਸਾਹਿਬ, ਪੰਨਾ ੩੩੯
ਬੁੱਧੀ ਅੰਦਰ ਬਦਲਾਅ ਆਉਣ ਲਈ ਹੀ ਫਿਰੈ ਲਫਜ਼ ਵਰਤਿਆ ਗਿਆ ਹੈ, ਸੋ ਬੁਧਿ ਬਦਲਣਾ ਹੀ ਮਨ ਰੂਪੀ ਮੱਕਾ
ਫਿਰਨਾ ਹੈ।
ਜੋ ਸਾਡੀ ਆਪਣੀ ਅਸਲ ਅਤੇ ਸਾਦੀ ਪੁਰਾਣੀ ਭਾਸ਼ਾ ਸੀ, ਉਹ ਅਸੀਂ ਤਕਰੀਬਨ ਗਵਾ ਚੁੱਕੇ ਹਾਂ। ਜਿਵੇਂ
ਪੁਰਾਣੇ ਸਮੇਂ ਅੰਦਰ ਕਿਸੇ ਹੋਰ ਮਤਿ ਧਾਰਨ ਕਰਨ ਵਾਲੇ ਆਦਮੀ ਨੂੰ ਸੁਭਾਵਕ ਹੀ ਕਹਿ ਦਿੰਦੇ ਸਨ, ਕਿ
ਇਸ ਦਾ ਸਿਰ ਫਿਰ ਗਿਆ ਹੈ। ਉਸ ਬੰਦੇ ਦਾ ਕੋਈ ਮੂੰਹ ਫਿਰ ਕੇ ਪਿਠ ਵੱਲ ਤਾਂ ਨਹੀਂ ਹੋ ਜਾਂਦਾ। ਹੋਰ,
ਜੇ ਕਿਸੇ ਨੂੰ ਬੁਰੀ ਆਦਤ ਪੈ ਜਾਂਦੀ ਸੀ ਤਾਂ ਕਹਿ ਦਿੰਦੇ ਸਨ, ਕਿ ਇਸ ਨੂੰ ਲਤਿ ਲਗ ਗਈ ਹੈ। ਸੋ
ਇਸੇ ਤਰ੍ਹਾਂ, ਗੁਰਮਤਿ ਦੀ ਵੀਚਾਰਧਾਰਾ ਅਨੁਸਾਰ ਬੁੱਧਿ ਅੰਦਰ ਬਦਲਾਅ ਆਉਣਾ (ਫਿਰਨਾ) ਹੀ ਘੁੰਮਣਾ
ਹੈ।
ਇਥੇ ਹੁਣ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਵਲੋਂ ਉਚਾਰਣ ਕੀਤੀ ੨੫ਵੀਂ ਵਾਰ ਦੀ ਚੌਥੀ ਪਉੜੀ ਸਮਝਣ
ਦੀ ਬਹੁਤ ਜ਼ਰੂਰਤ ਹੈ।