.

ਨਾਨਕਵਾਦ ਦਾ ਲੰਗਰ?

ਜਾਂ

ਲੰਗਰ ਦਾ ਨਾਨਕਵਾਦ?

“ਏਕ ਚਾਕ ਹੋ ਤੋ ਸੀ ਲੂੰ ਮੈ ਦਾਮਨ ਅਪਨਾ,

ਜ਼ਾਲਿਮ ਦੁਸ਼ਮਨ ਨੇ ਫਾੜ ਡਾਲਾ ਹੈ ਇਸੇ ਤਾਰ ਤਾਰ ਕਰਕੇ।”

ਪਤਾ ਨਹੀਂ ਸ਼ਾਇਰ ਨੇ ਇਹ ਸ਼ਿਅਰ ਕਿਸ ਮੰਤਵ ਹੇਠ ਲਿਖਿਆ ਸੀ। ਪਰ ਅੱਜ ਇਹ ਸ਼ਿਅਰ ਸਿੱਖ ਕੌਮ ਦੀ ਸਿਧਾਂਤਕ ਹਾਲਤ ਤੇ ਪੂਰੀ ਤਰ੍ਹਾਂ ਖਰਾ ਉਤਰਦਾ ਹੈ। ਅਸੀਂ ਜਦ ਵੀ ਸਿੱਖ ਕੌਮ ਦੇ ਮੌਜੂਦਾ ਹਾਲਾਤ ਬਾਰੇ ਕੁੱਝ ਲਿੱਖਣ ਲਈ ਕਲਮ ਫੜਦੇ ਹਾਂ ਤਾਂ ਖਦਸ਼ਾ ਬਣ ਜਾਂਦਾ ਹੈ ਕਿ ਕੌਮ ਦੇ ਪੜ੍ਹੇ ਲਿਖੇ ਤਬਕੇ ਨੇ ਫਿਰ ਪੁਕਾਰ ਉਠਣਾ ਹੈ, ਕਿ ਲਉ ਪਹਿਲੇ ਵਿਵਾਦ ਘੱਟ ਹਨ, ਹੋਰ ਨਵਾਂ ਕੱਢ ਮਾਰਿਆ ਇਹਨਾਂ ਨੇ। ਅਸੀਂ ਵੀ ਕੀ ਕਰੀਏ, ਕੌਮ ਦੇ ਜਿਸ ਵੀ ਸਿਧਾਂਤਕ ਪੱਖ ਉੱਤੇ ਸੋਚਣਾ ਸ਼ੁਰੂ ਕਰਦੇ ਹਾਂ, ਉੱਥੇ ਹੀ ਕੌਮ ਨਾਨਕ ਫਲਸਫੇ ਦੇ ਮੂਲ ਸਿਧਾਂਤ ‘ਮਨੁੱਖਤਾ’ ਤੋਂ ਭਟਕੀ ਨਜ਼ਰ ਆਉਂਦੀ ਹੈ। ਕੌਮ ਦੀ ਜਿਸ ਵੀ ‘ਰੱਗ’ ਉੱਤੇ ਹੱਥ ਰੱਖਦੇ ਹਾਂ ਉਹੀ ਬ੍ਰਾਹਮਣਵਾਦੀ, ਪੁਜਾਰੀਵਾਦੀ ਮਿਲਗੋਭੇ ਕਾਰਨ (ਸਿਧਾਂਤਕ ਪੱਖੋਂ) ਦੁਖਦੀ ਨਜ਼ਰ ਆਉਂਦੀ ਹੈ। ਨਾਨਕ ਪਾਤਸ਼ਾਹ ਜੀ ਨੇ ‘ਨਾਨਕਵਾਦ’ ਦੇ ਰੂਪ ਵਿੱਚ ਸੰਸਾਰ ਨੂੰ ਉਹ ਨਿਰੋਲ ਮਨੁੱਖਤਾਵਾਦੀ ਫਲਸਫਾ ਬਖਸ਼ਿਆ ਜਿਸ ਰਾਹੀਂ ਸਾਰੇ ਵਿਸ਼ਵ ਨੂੰ ‘ਬੇਗਮਪੁਰਾ’ ਬਣਾਇਆ ਜਾ ਸਕਦਾ ਸੀ। ਸਿੱਖ (ਖਾਲਸਾ) ਕੌਮ ਦੀ ਜਿੰਮੇਵਾਰੀ ਸੀ ਕਿ ਇਸ ਫਲਸਫੇ ਦਾ ਪ੍ਰਚਾਰ ਸਾਰੀ ਦੁਨੀਆਂ ਵਿੱਚ ਕਰਦੀ। ਪਰ ਅਫਸੋਸ ਇਹ ਕੌਮ ਤਾਂ ਆਪ ਹੀ ਉਸ ਫਲਸਫੇ ਤੋਂ ਪੂਰੀ ਤਰ੍ਹਾਂ ਭਟਕ ਚੁਕੀ ਹੈ। ਅੱਜ ਹਰ ਜਾਗਰੂਕ ਸਿੱਖ ਇਸ ਅਫਸੋਸ ਜਨਕ ਸੱਚਾਈ ਤੋਂ ਵਾਕਿਫ ਹੈ ਕਿ ਕੌਮ ਉਸ ਹਾਲਾਤ ਵਿੱਚ ਪਹੁੰਚ ਗਈ ਹੈ, ਜਿੱਥੋਂ ਨਾਨਕ ਪਾਤਸ਼ਾਹ ਜੀ ਨੇ ਸ਼ੁਰੂ ਕੀਤਾ ਸੀ। ਅੱਜ ਉਹ ਸਾਰੇ ਬ੍ਰਾਹਮਣਵਾਦੀ (ਗੈਰ-ਮਨੁੱਖਤਾਵਾਦੀ) ਕਰਮਕਾਂਡ, ਅੰਧਵਿਸ਼ਵਾਸ, ਰੀਤੀ-ਰਿਵਾਜ਼ ਆਦਿ ਚਿਹਰਾ ਬਦਲ ਕੇ ਕੌਮ ਵਿੱਚ ਦੁਬਾਰਾ ਪ੍ਰਚਲਿਤ ਹੋ ਗਏ ਹਨ, ਜਿਹਨਾਂ ਦੀ ਜਿਲ੍ਹੱਣ ਵਿੱਚੋਂ ਨਾਨਕ ਜਾਮਿਆਂ ਨੇ 239 ਸਾਲ ਲਾ ਕੇ ਸਾਨੂੰ ਕੱਢਿਆ ਸੀ।

ਅਸੀਂ ਜਦ ਵੀ ਕਿਸੇ ਸੁਹਿਰਦ ਸਿੱਖ ਨਾਲ (ਭਾਵੇਂ ਉਹ ਜਾਗਰੂਕ ਹੀ ਕਿਉਂ ਨਾ ਹੋਵੇ) ਐਸੇ ਵਿਸ਼ਿਆਂ ਬਾਰੇ ਵਿਚਾਰ ਕਰਦੇ ਹਾਂ ਤਾਂ ਲਗਭਗ ਸੱਭ ਦਾ ਜਵਾਬ ਹੁੰਦਾ ਹੈ ‘ਭਾਈ ਸਾਹਿਬ ਗੱਲ ਤਾਂ ਤੁਹਾਡੀ ਖਰੀ ਸੱਚ ਹੈ, ਪਰ ਕੌਮ ਨੂੰ ਇਹ ਗੱਲ ਹਜ਼ਮ ਨਹੀਂ ਹੋਣੀ’। ਕੁੱਝ ਲੋਕ ਸਾਡੇ ਲੇਖ ਪੜ੍ਹਕੇ ਇਹ ਵਿਚਾਰ ਵੀ ਦੇਂਦੇ ਹਨ ਕਿ ਨੁੱਕਤੇ ਤਾਂ ਅਸੀਂ ਬਿਲਕੁਲ ਠੀਕ ਉਠਾਉਂਦੇ ਹਾਂ, ਪਰ ਭਾਸ਼ਾ ਜ਼ਿਆਦਾ ਸਖਤ ਵਰਤਦੇ ਹਾਂ ਉਸ ਸਮੇਂ ਅਸੀਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਇਹ ਬਚਨ ਪੜ੍ਹ ਕੇ ਹੈਰਾਨ ਹੋ ਜਾਂਦੇ ਹਾਂ:

‘ਹਿੰਦੂ ਅੰਨਾ ਤਰਕੂ ਕਾਨਾ’

ਕੀ ਇਹ ਭਾਸ਼ਾ ਸ਼ਖਤ ਨਹੀਂ ਹੈ? ਜੋ ਜਿਤਨੀ ਜ਼ਿਆਦਾ ਗਹਿਰੀ ਨੀਂਦ ਵਿੱਚ ਹੋਵੇ, ਉਸ ਨੂੰ ਉਠਾਉਣ ਲਈ ਉਤਨਾ ਹੀ ਜ਼ਿਆਦਾ ਜ਼ੋਰ ਨਾਲ ਝੰਝੋੜਨਾ ਪੈਦਾ ਹੈ। ਅਫਸੋਸ! ਪਰ ਸਾਨੂੰ ਲੇਖਾਂ ਦੀ ਭਾਸ਼ਾ ਨਾਲੋਂ ਭਾਵਨਾ ਨੂੰ ਜ਼ਿਆਦਾ ਮਹੱਤਵ ਦੇਣਾ ਚਾਹੀਦਾ ਹੈ।

ਸਾਡਾ ਇਹ ਪੂਰਾ ਯਕੀਨ ਹੈ ਕਿ ਇਸ ਸਮੇਂ ਕੌਮ ਵਿੱਚ ਜਾਗ੍ਰਤੀ ਦਾ ਪੂਰਾ ਮਾਹੌਲ ਬਣਿਆ ਪਿਆ ਹੈ। ਇਹੀ ਸਮਾਂ ਹੈ ਕਿ ਇਸੇ ਸਮੇਂ ਨਾਨਕ ਫਲਸਫੇ ਨੂੰ ਇਸਦੇ ਨਿਰੋਲ ਖਰੇ ਅਤੇ ਸਪੱਸ਼ਟ ਰੂਪ ਵਿੱਚ ਸਾਹਮਣੇ ਲਿਆ ਕੇ ਉਸ ਤੇ ਚੱਲਣ ਵਾਲਾ ਇੱਕ ਸਮਾਜ ਤਿਆਰ ਕੀਤਾ ਜਾਵੇ। ਇਹ ਸਮਾਜ (ਕੌਮ) ਬ੍ਰਾਹਮਣਵਾਦੀ ਤਰਜ਼ ਦੇ ਕਰਮਕਾਂਡਾਂ, ਰੀਤੀ ਰਿਵਾਜਾਂ, ਅੰਧ ਵਿਸ਼ਵਾਸਾਂ ਤੋਂ ਪੂਰੀ ਤਰਾਂ ਮੁਕਤ ਹੋਵੇ। ਐਸਾ ਆਦਰਸ਼ ਸਮਾਜ ਹੀ ਆਪਣੀ ਜੀਵਨ ਜਾਚ ਅਤੇ ਪ੍ਰਚਾਰ ਰਾਹੀਂ ‘ਨਾਨਕ ਫਲਸਫੇ’ ਨੂੰ ਫੇਰ ਸਾਰੇ ਜਗਤ ਵਿੱਚ ਪ੍ਰਚਾਰ ਸਕਦਾ ਹੈ। ਜਿਹੜਾ ਵੀ ਮਨੁੱਖ ਆਪਣੇ ਆਪ ਨੂੰ ਨਾਨਕ ਪਾਤਸ਼ਾਹ ਜੀ ਦਾ ‘ਸੱਚਾ ਸਿੱਖ’ ਮੰਨਦਾ ਹੈ ਉਸਦਾ ਇਹ ਪਵਿੱਤਰ ਫਰਜ ਬਣਦਾ ਹੈ ਕਿ ਇਸ ਜਾਗ੍ਰਤੀ ਲਹਿਰ ਨੂੰ ਪੁਰਜ਼ੋਰ ਸਮਰਪਣ ਦੇਵੇ ਤੇ ਇਸ ਦਾ ਸਰਗਰਮ ਹਿੱਸਾ ਬਣਨ ਦਾ ਯਤਨ ਕਰੇ। ਜੇ ਉਹ ਮਜ਼ਬੂਰੀ ਕਾਰਨ ਐਸਾ ਨਹੀਂ ਕਰ ਸਕਦਾ ਤਾਂ ਵੀ ਉਸ ਲਈ ਜ਼ਰੂਰੀ ਹੈ ਕਿ ਉਹ ਇਸ ਲਹਿਰ ਦੇ ਰਾਹ ਵਿੱਚ ਨਿਗੁਣੇ ਜਿਹੇ ਬਹਾਨੇ ਲਾ ਕੇ ਰੋੜੇ ਨਾ ਅਟਕਾਵੇ। ਖਾਸਕਰ ਜਾਗਰੂਕ ਵੀਰਾਂ ਨੂੰ ਸਾਡੀ ਇਹ ਬੇਨਤੀ ਹੈ ਕਿ ‘ਸੰਗਤ ਅਜੇ ਤਿਆਰ ਨਹੀਂ’, ‘ਰਹਿਤ ਮਰਿਆਦਾ ਦੇ ਨੁਕਤਿਆਂ ਤੇ ਕਿੰਤੂ ਕਰਨਾ ਠੀਕ ਨਹੀ’, ‘ਪੰਥ ਪ੍ਰਵਾਨਿਤ (ਗਲਤ) ਨੁਕਤਿਆਂ ਦੀ ਆਲੋਚਨਾ ਨਹੀ ਕਰਨੀ ਚਾਹੀਦੀ’ ਆਦਿ ਗੈਰ-ਸਿਧਾਂਤਕ ਦਲੀਲਾਂ ਰਾਹੀਂ ਇਸ ਜਾਗ੍ਰਤੀ ਲਹਿਰ ਦਾ ਵਿਰੋਧ ਨਾ ਕਰਨ। ਸਿਰਫ ਤੇ ਸਿਰਫ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਕਸਵੱਟੀ ਮੰਨ ਕੇ ਚਲਿਆ ਜਾਵੇ। ਇਹ ਵੀ ਯਾਦ ਰਖਿਆ ਜਾਵੇ ਕਿ ‘ਨਾਨਕ ਫਲਸਫੇ’ ਦਾ ਰਾਹ ਦਲੀਲ ਅਤੇ ਤਰਕ ਦਾ ਰਾਹ ਹੈ, ਇਸ ਵਿੱਚ ਅੰਨ੍ਹੀ ਸ਼ਰਧਾ ਲਈ ਕੋਈ ਥਾਂ ਨਹੀਂ।

ਗੁਰਪੁਰਬ ਅਤੇ ਲੰਗਰ

ਅਸੀਂ ਅੱਜ ਜਿਸ ਨੁਕਤੇ ਉੱਤੇ ਵਿਚਾਰ ਕਰਾਂਗੇ ਉਹ ਹੈ ‘ਗੁਰਪੁਰਬ ਅਤੇ ਲੰਗਰ’ ਦਾ। ਵੈਸੇ ਤਾਂ ਸਿੱਖਾਂ ਦੇ ਗੁਰਪੁਰਬ ਸਾਰੇ ਸਾਲ ਹੀ ਚਲਦੇ ਰਹਿੰਦੇ ਹਨ ਪਰ ਅਕਤੂਬਰ ਤੋਂ ਜਨਵਰੀ ਤੱਕ ਤਾਂ ਪ੍ਰਚੱਲਿਤ ਗੁਰਪੁਰਬਾਂ ਦਾ ਮੌਸਮ (ਸੀਜਨ) ਸ਼ੁਰੂ ਹੋ ਜਾਂਦਾ ਹੈ। ਭਾਂਤ-ਭਾਂਤ ਦੇ ਗੁਰਪੁਰਬਾਂ ਨਾਲ ਹੀ ਜੁੜੇ ਮਿਲਣਗੇ ਭਾਂਤ-ਭਾਂਤ ਦੇ ਲੰਗਰ। ਆਉ ਪਹਿਲਾਂ ਗੱਲ ਕਰਦੇ ਹਾਂ ਗੁਰਪੁਰਬ ਦੀ। ਸਿੱਖ ਕੌਮ ਨੇ ਜਿਹੜੀ ਗੱਲ ਘੁਟ ਕੇ ਪੱਲੇ ਨਾਲ ਬਨਣੀ ਸੀ, ਉਹ ਸੀ ‘ਹਮੇਸ਼ਾ ਸਿਧਾਂਤ ਉੱਤੇ ਹੀ ਦ੍ਰਿੜ ਰਹਿਣਾ ਹੈ, ਜੁੜਨਾ ਹੈ ਸਿਧਾਂਤ ਨਾਲ ਨਾ ਕਿ ਥਾਂ ਤੇ ਸ਼ਰੀਰ ਨਾਲ’ ਜੇ ਕੌਮ ਇਸ ਸੱਭ ਤੋਂ ਜ਼ਰੂਰੀ ਨੁੱਕਤੇ ਨੂੰ ਦ੍ਰਿੜ ਰਖਦੀ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਰਾਹ ਤੋਂ ਭਟਕ ਜਾਂਦੀ। ਪਰ ਅਫਸੋਸ ਕੌਮ ਨੇ ਸਿਧਾਂਤ ਦਾ ਪੱਲਾ ਛੱਡ ਦਿੱਤਾ ਤਾਂ ਹੀ ਇਸ ਖੇਤਰ ਵਿੱਚ ਖੁਆਰੀ ਹੀ ਪੱਲੇ ਪੈ ਰਹੀ ਹੈ। ਨਾਨਕ ਜਾਮਿਆਂ ਦੇ ਸਮੇਂ (1469-1708) ਨਾ ਤਾਂ ਕੋਈ ਇਤਿਹਾਸਕ ਗੁਰਦੁਆਰਾ (ਪਹਿਲੇ ਨਾਨਕ ਜਾਮਿਆਂ ਨਾਲ ਸਬੰਧਿਤ) ਹੀ ਬਣਾਇਆ ਗਿਆ ਤੇ ਨਾਂ ਹੀ ਕਿਸੇ ‘ਗੁਰਪੁਰਬ’ ਮਨਾਉਣ ਦਾ ਜ਼ਿਕਰ ਮਿਲਦਾ ਹੈ। ਇਹ ਇਸ ਗੱਲ ਦਾ ਸੱਭ ਤੋਂ ਵੱਡਾ ਸਬੂਤ ਹੈ ਕਿ ਨਾਨਕ ਜਾਮੇ ਨਹੀਂ ਚਾਹੁੰਦੇ ਸੀ ਕਿ ਅਸੀਂ ਸ਼ਰੀਰ, ਨਿਸ਼ਾਨੀਆਂ ਜਾਂ ਖਾਸ ਦਿਨਾਂ ਨਾਲ ਜੁੜੀਏ। ਮਕਸਦ ਸੀ ਤਾਂ ਸਿਰਫ ਤੇ ਸਿਰਫ ‘ਸਿਧਾਂਤ’ ਨਾਲ ਜੁੜਨ ਦਾ।

ਜੇ ਗੁਰਪੁਰਬ ਮਨਾਉਣ ਦੀ ਪ੍ਰਥਾ ਨੂੰ ਕੁੱਝ ਦਲੀਲਾਂ ਰਾਹੀਂ ਜਾਇਜ ਮੰਨ ਵੀ ਲਿਆ ਜਾਵੇ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਗੁਰਪੁਰਬ ਕਿਹੜੇ-ਕਿਹੜੇ ਮਨਾਏ ਜਾਣ। ਜੇ ਤਾਂ ਅਸੀਂ ਸਿਧਾਂਤ ਦਾ ਪੱਲਾ ਫੜਿਆ ਹੁੰਦਾ ਤਾਂ ਇਸ ਵਿੱਚ ਵੀ ਕੋਈ ਦੁਬਿਧਾ ਨਹੀਂ ਹੁੰਦੀ ਪਰ ਕਿਉਂਕਿ ਸਿਧਾਂਤ ਨੂੰ ਤਾਂ ਅਸੀਂ ਬੇਲੋੜੀ ਜਿਹੀ ਚੀਜ ਸਮਝ ਕੇ ਪਰਾਂ ਵਗਾਹ ਕੇ ਮਾਰਿਆ ਤਾਂ ਹੀ ਅੱਜ, ਪ੍ਰਕਾਸ਼, ਗੁਰਗੱਦੀ ਅਤੇ ਜੋਤੀ ਜੋਤ ਸਮਾਉਣ ਦੇ ਪੁਰਬਾਂ ਦੀ ਭਰਮਾਰ ਹੋਈ ਹੈ। ਕਿਸੇ ਨੂੰ ਪਤਾ ਨਹੀਂ (ਕੁੱਝ ਕੁ ਜਾਗਰੂਕ ਸਿੱਖਾਂ ਨੂੰ ਛੱਡ ਕੇ) ਕਿ ਗੁਰਪੁਰਬ ਦਾ ਕੀ ਮਤਲਬ ਹੈ, ਕੀ ਮਕਸਦ ਹੈ, ਕਿਸ ਤਰ੍ਹਾਂ ਮਨਾਉਣਾ ਹੈ ਬਸ ‘ਭੇਡ ਚਾਲ’ ਭਾਰੂ ਹੈ।

ਇਕ ਦਿਨ ਪ੍ਰਚਲਿਤ ਗੁਰਪੁਰਬ ਅਮਰਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਸੀ, ਜੋ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਸਿਆ ਜਾਂਦਾ ਸੀ। ਅਸੀਂ ਉੱਥੇ ਇਕਤ੍ਰ ਦੋ-ਚਾਰ ਸੂੱਝਵਾਨ ਸਿੱਖਾਂ ਨੂੰ ਪੁਛਿਆਂ ਵੀਰ ਜੀਉ! ‘ਪ੍ਰਕਾਸ਼’ ਦਾ ਮਤਲਬ ਕੀ ਹੁੰਦਾ ਹੈ? ਇਹੀ ਹੈ ਕਿ ਜਿਸ ਨਾਲ ਗਿਆਨ ਦਾ ਚਾਨਣ ਫੈਲਦਾ ਹੋਵੇ? ਸਾਰੇ ਹੀ ਬੋਲੇ, ‘ਬਿਲਕੁਲ’। ਫੇਰ ਅਸੀਂ ਕਿਹਾ ਵੀਰ ਜੀਉ! ਜੇ ਅਸੀਂ ਨਿਰਪੱਖ ਹੋ ਕੇ ਪੜਚੋਲ ਕਰੀਏ ਤਾਂ ਇਤਿਹਾਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਭਾਈ ਲਹਿਣਾ ਜੀ (ਅੰਗਦ ਪਾਤਸ਼ਾਹ ਜੀ ਦਾ ਪਹਿਲਾ ਨਾਂ) ਤੇ ਅਮਰਦਾਸ ਜੀ ‘ਨਾਨਕ ਫਲਸਫੇ’ ਦੇ ਨਾਲ ਜੁੜਨ ਤੋਂ ਪਹਿਲਾਂ ਸਾਰੇ ਬ੍ਰਾਹਮਣਵਾਦੀ ਕਰਮਕਾਂਡ (ਦੇਵੀ ਪੂਜਾ, ਤੀਰਥ ਯਾਤਰਾ ਆਦਿ) ਕਰਦੇ ਰਹੇ। ਉਹਨਾਂ ਦੀ ਸੋਚ ਤਾਂ ਨਾਨਕ ਫਲਸਫੇ (ਗੁਰੂ ਘਰ) ਨਾਲ ਜੁੜਨ ਤੋਂ ਬਾਅਦ ਹੀ ਸੱਚ ਦੀ ਰਾਹ ਤੇ ਤੁਰੀ। ਫੇਰ ਉਹਨਾਂ ਦਾ ‘ਜਨਮ ਦਿਨ’ ਪ੍ਰਕਾਸ਼ ਉਤਸਵ ਵਜੋਂ ਕਿਉਂ ਮਨਾਇਆ ਜਾਂਦਾ ਹੈ। ਉਹ ਉਸ ਜਨਮ ਦਿਨ ਤੋਂ ਬਾਅਦ ਅਨੇਕਾਂ ਸਾਲਾਂ ਤੱਕ ਆਪ ਹੀ ਸੱਚ ਦੇ ਗਿਆਨ ਤੋਂ ਸੱਖਣੇ ਰਹੇ ਸਨ। ਕੀ ਇਸ ਤਰ੍ਹਾਂ ਦੇ ਗੁਰਪੁਰਬ ਮਨਾਉਣਾ ਗਲਤ ਨਹੀਂ ਹੈ?

ਇਹ ਵਿਚਾਰ ਸੁਣ ਕੇ ਲਗਭਗ ਸਾਰੇ ਇੱਕ ਸੁਰ ਹੋ ਕੇ ਕਹਿਨ ਲੱਗੇ ਕਿ ਸਾਡੇ ਬੁਜੁਰਗ ਬੇਫਕੂਫ ਹਨ, ਜੋ ਇਤਨੇ ਸਮੇਂ ਤੋਂ ਮਨਾ ਰਹੇ ਹਨ। ਭਾਵ ਕਿ ਸਿੱਖ ਸਮਾਜ ਵਿੱਚ ਦਲੀਲ (ਸੱਚ) ਸੁਣਨ ਨੂੰ ਕੋਈ ਤਿਆਰ ਨਹੀਂ ਬਸ ਹਰ ਪਾਸੇ ਪਰੰਪਰਾ, ਪੰਥ ਪ੍ਰਵਾਨਿਕਤਾ ਦਾ ਹੀ ਬੋਲ-ਬਾਲਾ ਹੈ। ਜਦ ਕਿ ਸੱਚ ਇਹ ਹੈ ਕਿ ਨਾਨਕ ਸਾਹਿਬ ਜੀ ਦਾ ਰਾਹ ਤਾਂ ਹੈ ਹੀ ‘ਦਲੀਲ ਦਾ ਰਾਹ’। ਦਲੀਲ ਦੇ ਰਾਹ ਦਾ ਤਿਆਗ ਕਰਨ ਦਾ ਸਪੱਸ਼ਟ ਮਤਲਬ ਨਾਨਕ ਫਲਸਫੇ ਨੂੰ ਪਿੱਠ ਵਿਖਾਉਣਾ ਹੈ। ਬਾਕੀ ਕਈ ਹੋਰ ਗੁਰਪੁਰਬਾਂ ਦੀ ਹੋਂਦ ਦਲੀਲ ਦੀ ਕਸਵੱਟੀ ਤੇ ਸ਼ੱਕੀ ਹੋ ਜਾਂਦੀ ਹੈ। ਹੁਣ ਉਦਾਹਰਣ ਲੈਂਦੇ ਹਾਂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਉਤਸਵ ਦਾ ਜੋ ਨਵੰਬਰ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਲਗਭਗ 80% ਤੋਂ 90% ਇਤਿਹਾਸਕਾਰ ਮੰਨਦੇ ਹਨ ਕਿ ਨਾਨਕ ਪਾਤਸ਼ਾਹ ਜੀ ਦਾ ਜਨਮ ਅਪ੍ਰੈਲ (ਵੈਸਾਖ) ਵਿੱਚ ਹੋਇਆ। ਪਰ ਵਾਰੇ ਜਾਈਏ ਕੌਮ ਦੇ ਪਿਛਲੇ 100 ਸਾਲਾਂ (ਜਦ ਤੋਂ ਇਹ ਸੱਚਾਈ ਖੁੱਲ ਕੇ ਸਾਹਮਣੇ ਆਉਂਦੀ ਹੈ) ਵਿੱਚ ਇਹ ਗਲਤ ਪਰੰਪਰਾ ਵੀ ਦੂਰ ਨਹੀਂ ਕਰ ਸਕੀ। ਹੋਰ ਤਾਂ ਹੋਰ ਆਪਣਾ ‘ਨਾਨਕਸ਼ਾਹੀ ਕਲੰਡਰ’ ਵੀ ਬਣਾ ਲਿਆ। ਉਸ ਵਿੱਚ ਵੀ ਇਹ ਗੁਰਪੁਰਬ ਨਵੰਬਰ (ਕੱਤਕ) ਵਿੱਚ ਮਨਾਏ ਜਾਣ ਦੀ ਗਲਤ ਪਰੰਪਰਾ ਜਾਰੀ ਰੱਖੀ। ਹੋਰ ਵੀ ਕਈ ਨੁੱਕਤੇ ਇਸ ਕਲੰਡਰ ਵਿੱਚ ਐਸੇ ਹਨ ਜੋ ਇਸ ਨੂੰ ਬ੍ਰਾਹਮਣਵਾਦੀ ਸ਼ਕਲ ਦੇਂਦੇ ਹਨ।

ਅਸਲ ਵਿੱਚ ਇਤਿਹਾਸਕ ਪੱਖੋਂ ਸਿੱਖਾਂ ਲਈ ਸਿਰਫ ਵੇਸਾਖ ਦੇ ਮਹੀਨੇ ਦਾ ਹੀ ਮਹੱਤਵ ਹੈ। ਇਸ ਮਹੀਨੇ ਵਿੱਚ ਹੀ ਐਸੀਆਂ ਦੋ ਵੱਡੀਆਂ ਇਤਿਹਾਸਿਕ ਘਟਨਾਂਵਾਂ ਹੋਈਆਂ ਜਿਨ੍ਹਾਂ ਨੇ ਸਮਾਜ ਦੀ ਰਾਹ ਹੀ ਮੋੜ ਦਿੱਤੀ। ਪਹਿਲੀ ਘਟਨਾ ਸੀ ਇਤਿਹਾਸ ਦੀ ਲਾਸਾਨੀ ਸ਼ਖਸੀਅਤ ਨਾਨਕ ਪਾਤਸ਼ਾਹ ਜੀ ਦਾ ਆਗਮਨ (1469) ਤੇ ਦੂਜੀ ਸੀ ਦਸਵੇਂ ਨਾਨਕ ਜਾਮੇ ਵਲੋਂ ‘ਖੰਡੇ ਦੀ ਪਾਹੁਲ’ ਦਾ ਕੌਤਕ (1699)। ਇਸ ਕਰਕੇ ਚੰਗਾ ਹੈ ਕਿ ਸਿੱਖ ਕੌਮ ਵਲੋਂ ਵੈਸਾਖ ਦੇ ਮਹੀਨੇ ਉਹਨਾਂ ਦਿਨਾਂ ਨੂੰ (ਇੱਕ ਹਫਤਾ ਜਾਂ ਪੰਦਰਵਾੜਾ) ਕੌਮੀ ਪੱਧਰ ਉੱਤੇ ਮਨਾਇਆ ਜਾਵੇ। ਇਹ ਸਾਰੀ ਕੌਮ ਨੂੰ ਇੱਕ ਏਕਤਾ ਦੇ ਸੂਤਰ ਵਿੱਚ ਪਿਰੋਣ ਦੇ ਕੰਮ ਆਏਗਾ। ਨਾਲ ਹੀ ਭਾਂਤ-ਭਾਂਤ ਦੇ ਗੁਰਪਰਬਾਂ, ਮਾਰਚਾਂ, ਦਿਹਾੜਿਆਂ, ਲੰਗਰਾਂ, ਵਿਖਾਵਿਆਂ ਆਂਦਿ ਦੇ ਨਾਂ ਤੇ ਬਰਬਾਦ ਕੀਤਾ ਜਾ ਰਿਹਾ ਕੌਮੀ ਧਨ ਬਚਾਇਆ ਜਾ ਸਕਦਾ ਹੈ। ਵਰਨਾ ਅੱਜ ਕੌਮ ਵਲੋਂ ‘ਆਪਣੀ-ਆਪਣੀ ਡਫਲੀ ਆਪਣਾ-ਆਪਣਾ ਰਾਗ’ ਵਾਂਗੂ ਭਾਂਤ-ਭਾਂਤ ਦੇ ਗੁਰਪੁਰਬਾਂ, ਦਿਹਾੜਿਆਂ ਨੂੰ ਮਨਾਉਣ ਦੇ ਨਾਂ ਉੱਤੇ ਕੌਮ ਦਾ ਬੇਹਿਸਾਬ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ। ਨਾਲ ਹੀ ਇਸ ਰਾਹੀ ਸਿੱਖਾਂ ਨੂੰ ਵਖਰੇਵਿਆਂ, ਅੰਧਵਿਸ਼ਵਾਸਾਂ, ਕਰਮਕਾਡਾਂ ਵਿੱਚ ਵੀ ਫਸਾਇਆ ਜਾ ਰਿਹਾ ਹੈ।

ਦੂਜੀ ਗੱਲ ਹੈ ਕਿ ਗੁਰਪੁਰਬ ਮਨਾਇਆ ਕਿਵੇਂ ਜਾਵੇ? ਗੁਰਪੁਰਬ ਮਨਾਉਣ ਦਾ ਅਸਲੀ ਮਕਸਦ ਹੈ ‘ਨਾਨਕਵਾਦ ਦਾ ਲੰਗਰ’ ਚਲਾਉਣਾ। ਭਾਵ ਨਾਨਕ ਫਲਸਫੇ ਦੀ ਮਨੁੱਖਤਾਵਾਦੀ ਵਿਚਾਰਧਾਰਾ ਨੂੰ ਸਾਰੀ ਦੁਨੀਆ ਵਿੱਚ ਫੈਲਾਉਣਾ। ਇਸ ਨਾਲ ਸੰਸਾਰ ਵਿੱਚ ਇੱਕ ਵਿਤਕਰੇ ਰਹਿਤ ਸਮਾਜ ਦੀ ਸਥਾਪਨਾ ਹੋ ਸਕਦੀ ਹੈ। ਸੋ ਗੁਰਪੁਰਬ ਮਨਾਉਣ ਵੇਲੇ ਉਹ ਸਾਰੇ ਕੰਮ ਕਰਨੇ ਚਾਹੀਦੇ ਹਨ, ਜਿਸ ਰਾਹੀਂ ‘ਨਾਨਕ ਵਿਚਾਰਧਾਰਾ’ ਸੰਸਾਰ ਵਿੱਚ ਫੈਲੇ। ਇਹ ਨੁੱਕਤਾ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਸਾਡਾ ਧਰਮ ਪ੍ਰਚਾਰ ਹੋਰ ਮਤਾਂ ਵਾਂਗੂ ਸਿਰਫ ਇਸ ਟੀਚੇ ਨੂੰ ਸਮਰਪਿਤ ਨਹੀਂ ਹੋਣਾ ਚਾਹੀਦਾ ਕਿ ਹਰ ਜਾਇਜ਼ ਜਾਂ ਨਾਜਾਇਜ਼ ਤਰੀਕਾ ਵਰਤ ਕੇ ਆਪਣੇ ਮੱਤ ਦੇ ਮੰਨਣ ਵਾਲਿਆਂ ਦੀ ਗਿਣਤੀ ਨੂੰ ਵਧਾਉਣਾ। ਇਹੀ ਸੋਚ ਹੈ ਜੋ ਧਰਮ ਦੇ ਨਾਂ ਤੇ ਕਤਲੇਆਮ, ਨਫਰਤ ਆਦਿ ਨੂੰ ਜਨਮ ਦੇਂਦੀ ਹੈ।

ਪਰ ਹਰ ਸਿੱਖ ਨੂੰ ਇਹ ਗੁਰਵਾਕ ਸਾਹਮਣੇ ਰੱਖ ਕੇ ਪ੍ਰਚਾਰ ਕਰਨਾ ਜ਼ਰੂਰੀ ਹੈ:-

‘ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ’

ਭਾਵ ਸੱਚੇ ਸਿੱਖ ਵਾਸਤੇ ਕੋਈ ਅਛੂਤ ਨਹੀਂ, ਕੋਈ ਕਾਫਿਰ ਨਹੀਂ। ਸਿਰਫ ਹਰ ਮਨੁੱਖ ਤੱਕ ਨਾਨਕ ਫਲਸਫੇ ਦੀ ਮਨੁੱਖਤਾਵਾਦੀ ਵਿਚਾਰਧਾਰਾ ਆਪਣੇ ਜੀਵਨ ਰਾਹੀਂ ਜਾਂ ਪ੍ਰਚਾਰ ਰਾਹੀਂ ਸਰਲ ਅਤੇ ਸਪਸ਼ਟ ਸ਼ਬਦਾਂ ਵਿੱਚ ਪਹੁੰਚਾਉਂਣੀ ਚਾਹੀਦੀ ਹੈ। ਜੋ ਇਸ ਸੱਚ ਨੂੰ ਗ੍ਰਹਿਣ ਕਰਨਾ ਚਾਹੇ ਤਾਂ ਵੀ ਭਲਾ, ਜੇ ਨਹੀਂ ਕਰਨਾ ਚਾਹੁੰਦਾ ਤਾਂ ਉਸਦੀ ਮਰਜ਼ੀ। ਯਾਦ ਰਹੇ ਨਾਨਕ ਪਾਤਸ਼ਾਹ ਇੱਕ ਹੋਰ ਨਵਾਂ ਮੱਤ ਨਹੀਂ ਚਲਾਉਣਾ ਚਾਹੁੰਦੇ ਸਨ। ਉਹ ਤਾਂ ਆਮ ਸਨੁੱਖ ਨੂੰ ਇਹ ਸਮਝਾਉਣ ਆਏ ਸਨ ਕਿ ਅਸਲੀ ਧਰਮ ਕੀ ਹੈ। ਉਹ ਪੁਜਾਰੀ ਸ੍ਰੇਣੀ ਵਲੋਂ ਧਰਮ ਦੇ ਨਾਂ ਉੱਪਰ ਫੈਲਾਏ ਵਿਤਕਰਿਆਂ, ਕਰਮਕਾਂਡਾਂ, ਅੰਧ ਵਿਸ਼ਵਾਸਾਂ, ਵਹਿਮਾਂ ਭਰਮਾਂ ਤੋ ਛੁੱਟਕਾਰਾ ਦਿਲਾਉਣਾ ਚਾਹੁੰਦੇ ਸਨ। ਸੋ ਸਾਡਾ ਗੁਰਪੁਰਬ ਮਨਾਉਣਾ ਤਾਂ ਹੀ ਸਫਲ ਹੈ ਜੇ ਅਸੀਂ ‘ਨਾਨਕਵਾਦ ਦਾ ਲੰਗਰ’ ਚਲਾਉਣ ਲਈ ਜਤਨ ਕਰੀਏ।

ਹੁਣ ਅਸੀਂ ਵਿਚਾਰਦੇ ਹਾਂ ਕਿ ਅਜੋਕਾ ਸਿੱਖ ਸਮਾਜ ਗੁਰਪੁਰਬ ਮਨਾਉਣ ਦੇ ਨਾਂ ਉੱਤੇ ਕੀ ਕਰ ਰਿਹਾ ਹੈ। ਗੁਰਪੁਰਬ ਮਨਾਉਣ ਰਾਹੀਂ ਅੱਜ ਜੋ ਸੱਭ ਤੋਂ ਵੱਧ ਸੰਦੇਸ਼ ਜਾ ਰਿਹਾ ਹੈ ਉਹ ਹੈ ‘ਲੰਗਰ’। ਸਿੱਖਾਂ ਦੇ ਗੁਰਪੁਰਬ ਲੰਗਰ ਦੇ ਦੁਆਲੇ ਹੀ ਘੁੰਮਦੇ ਰਹਿੰਦੇ ਹਨ। ਨਾਨਕ ਜਾਮਿਆਂ ਵਲੋਂ ‘ਲੰਗਰ’ ਦੀ ਪ੍ਰਥਾ ਸ਼ੁਰੂ ਕਰਨ ਦਾ ਮਕਸਦ ਬਹੁਤ ਵਧੀਆ ਸੀ। ਇਸ ਦਾ ਸੱਭ ਤੋਂ ਵੱਡਾ ਮਕਸਦ ਸੀ ਸਮਾਜ ਵਿੱਚ ਧਰਮ ਦੇ ਨਾਂ ਉੱਤੇ ਫੈਲਾਏ ਗਏ ਜਾਤ, ਵਰਣ ਆਦਿ ਦੇ ਵਿਤਕਰਿਆਂ ਨੂੰ ਦੂਰ ਕਰਨਾ। ਉਹ ਮਕਸਦ ਹੀ ਖਤਮ ਹੋ ਗਿਆ ਹੈ ਵਰਣ ਵਿਵਸਥਾ ਤੋਂ ਸਿੱਖ ਕੌਮ ਨੇ ਕਿਤਨਾ ਛੁੱਟਕਾਰਾ ਪਾਇਆ ਹੈ ਇਸ ਦਾ ਅੰਦਾਜ਼ਾ ਇੱਕ ਪਿੰਡ ਵਿੱਚ ਤਿੰਨ-ਚਾਰ ਗੁਰਦੁਆਂਰਿਆ ਦੀ ਹੋਂਦ ਤੋਂ ਹੀ ਪਤਾ ਚਲ ਜਾਂਦਾ ਹੈ। ਜੱਟਾਂ ਦਾ ਗੁਰਦੁਆਰਾ ਅਲਗ, ਖਤਰੀਆਂ ਦਾ ਗੁਰਦੁਆਰਾ ਅਲਗ, ਰਵਿਦਾਸੀਆਂ ਦਾ ਗੁਰਦੁਆਰਾ ਅਲਗ। ਹੋਰ ਤਾਂ ਹੋਰ ਇਹਨਾਂ ਨੇ ਤਾਂ ਦੇਵੀ-ਦੇਵਤਿਆਂ ਦੇ ਨਾਂ ਤੇ ਵੀ ਗੁਰਦੁਆਰੇ ਬਣਾ ਲਏ ਹਨ ਜਿਵੇਂ ਗੁਰਦੁਆਰਾ ਵਿਸ਼ਵਕਰਮਾ ਜੀ ਆਦਿ।

ਹੁਣ ‘ਲੰਗਰ’ ਵੀ ਸਾਦਾ ਨਹੀਂ ਰਿਹਾ। ਲੰਗਰ ਵੀ ਭਾਂਤ-ਭਾਂਤ ਦੇ ਹੋ ਗਏ ਹਨ। ਜੋ ਅੱਜ ਆਮ ਗੁਰਦੁਆਰੇ ਦੇ ਗੁਰਪੁਰਬ ਦੇ ਪ੍ਰਗਰਾਮ ਦੀ ਪੜਚੋਲ ਕੀਤੀ ਜਾਵੇ ਤਾਂ ਇਹ ਸਾਨੂੰ ਪੂਰੀ ਤਰਾਂ ‘ਲੰਗਰ’ ਦੇ ਆਲੇ ਦੁਆਲੇ ਹੀ ਘੁੰਮਦੀ ਨਜ਼ਰ ਪਵੇਗੀ। ਆਮ ਗੁਰਦੁਆਂਰਿਆਂ ਵਿੱਚ ਲੰਗਰ ਕਦੇ-ਕਦੇ ਗੁਰਪੁਰਬਾਂ ਵੇਲੇ ਹੀ ਹੁੰਦਾ ਹੈ। ਸਵੇਰੇ 10-11 ਵਜੇ ਤੱਕ ਤਾਂ ਮੁਸ਼ਕਿਲ ਨਾਲ ਗੁਰਦੁਆਰੇ ਵਿੱਚ 30-40 ਲੋਕ ਹੁੰਦੇ ਹਨ। ਬੀਬੀਆਂ ਰੋਟੀਆਂ ਪਕਾਉਣ ਵਾਲੇ ਪਾਸੇ ਤੇ ਬੰਦੇ ਦਾਲ, ਸਬਜੀ ਵਗੈਰਹ ਬਣਾਉਣ ਵਾਲੇ ਪਾਸੇ। ਦੀਵਾਨ ਹਾਲ ਵਿੱਚ ਇੱਕ ਕੀਰਤਨੀ ਜੱਥਾ ਹੁੰਦਾ ਹੈ, ਇੱਕ ਚੌਰ ਕਰਨ ਵਾਲਾ ਤੇ 5-7 ਬਜ਼ੁਰਗ। ਅਨੰਦ ਸਾਹਿਬ ਦਾ ਕੀਰਤਨ ਸ਼ੁਰੂ ਹੁੰਦੇ ਹੀ ਸੰਗਤ ਦੀਵਾਨ ਹਾਲ ਵਿੱਚ ਆਉਣੀ ਸ਼ੁਰੂ ਹੁੰਦੀ ਹੈ। 10 ਕੁ ਮਿੰਟ ਅਨੰਦ ਸਾਹਿਬ ਦਾ ਕੀਰਤਨ ਹੁੰਦਾ ਹੈ ਤੇ ਫੇਰ ਸ਼ੁਰੂ ਹੁੰਦੀ ਹੈ ਸੇਵਾ ਦੇ ਨਾਮ ਤੇ ਦਿੱਤੇ ਮਿਰੋਪਾਉ ਦੇਣ ਦੀ ਲਿਸਟ। 40 ਕਿੱਲੋ ਆਟੇ ਵਾਸਤੇ ਸਿਰੋਪਾਉ, ਟੈਂਟ ਵਾਲੇ ਨੂੰ ਸਿਰੋਪਾਉ ਆਦਿ-ਆਦਿ। ਇਹ ਸਿਲਸਲਾ ਅੱਧਾ-ਪੌਣਾ ਘੰਟਾ ਘੱਟੋ ਘੱਟ ਚਲਦਾ ਹੈ। ਫੇਰ 15 ਕੁ ਮਿੰਟ ‘ਪ੍ਰਧਾਨ ਸਾਹਿਬ’ ਲੈਕਚਰ ਦਿੰਦੇ ਹਨ।

ਇਤਨੇ ਵਿੱਚ ਸੰਗਤ ਉਕਤਾਉਣ ਲੱਗ ਜਾਂਦੀ ਹੈ। ਫੇਰ ਪ੍ਰਚੱਲਿਤ ਅਰਦਾਸ ਹੁੰਦੀ ਹੈ, ਕੜਾਹ ਪ੍ਰਸਾਦ, ਦਾਲ, ਰੋਟੀ, ਫੁਲਕਾ, ਸਬਜੀ, ਪਾਣੀ, ਖੀਰ ਆਦਿ ਨੂੰ ਭੋਗ ਲਾਇਆ ਜਾਂਦਾ ਹੈ। ਫੇਰ ਹੁਕਮਨਾਮਾ ਹੁੰਦਾ ਹੈ ਤੇ ਫੇਰ ਸ਼ੁਰੂ ਹੁੰਦਾ ਹੈ ਲੰਗਰ। ਲੰਗਰ ਵਿੱਚ ਵੀ ਵਿਤਕਰਾ ਜ਼ਿਆਦਾਤਰ ਸਪੱਸ਼ਟ ਵੇਖਿਆਂ ਜਾ ਸਕਦਾ ਹੈ। ਵੀ. ਆਈ. ਪੀ (ਮੁਖ ਮਹਿਮਾਨ) ਸਮਝੇ ਜਾਂਦੇ ਲੋਕਾਂ ਦੇ ਪਿੱਛੇ ਹੀ ਪ੍ਰਬੰਧਕ ਲੱਗੇ ਰਹਿੰਦੇ ਹਨ। ਗਰੀਬ, ਗੁਰਬਿਆਂ ਨੂੰ ਪਹਿਲੀ ਪੰਗਤ ਤੋਂ ਦੂਰ ਹੀ ਰੱਖਣ ਦੇ ਜਤਨ ਕੀਤੇ ਜਾਂਦੇ ਹਨ। ਭਾਵ ਲੰਗਰ ਤਾਂ ਬਹੁਤ ਹੋ ਰਹੇ ਹਨ ਪਰ ਸਿਰਫ ਮੌਜ ਮੇਲੇ (Get Together) ਵਾਂਗੂ। ਜਿਹੜਾ ਲੰਗਰ ਪਿਛੇ ਮਕਸਦ ਸੀ, ਉਹ ਤਾਂ ਲਗਭਗ ਸਾਰਿਆਂ ਨੂੰ ਹੀ ਭੁਲਿਆ ਪਿਆ ਹੈ।

‘ਗੁਰਪੁਰਬ’ ਸਮਾਗਮਾਂ ਦੀ ਰੌਣਕ, ਲੰਗਰ ਤੋਂ ਅੱਗੇ ਵੱਧ ਕੇ ਪ੍ਰਭਾਤ ਫੇਰੀਆਂ, ਆਤਿਸ਼ਬਾਜੀ, ਨਗਰ ਕੀਰਤਨਾਂ, ਆਦਿਕ ਵਿਖਾਵੇ ਤੇ ਸ਼ੋਰ-ਸ਼ਰਾਬੇ ਵਾਲੇ ਕੰਮਾਂ ਤੱਕ ਜਾਂਦੀ ਹੈ। ਕਈ ਜਗ੍ਹਾ ਤਾਂ ਸਿੱਖ ਹੋਰ ਵੀ ਮਾਡਰਨ ਹੋ ਗਏ ਹਨ। ਉਹਨਾਂ ਨੇ ਪ੍ਰਚਲਿਤ ਪ੍ਰਕਾਸ਼ ਗੁਰਪੁਰਬਾਂ ਤੇ ‘Birthday Cake’ ਵੀ ਕਟਣੇ ਸ਼ੁਰੂ ਕਰ ਦਿੱਤੇ ਹਨ। ਕਈ ਗੁਰਦਵਾਰਿਆਂ ਵਿੱਚ ‘Happy Birthday Guru Nanak Dev G’ ਅਤੇ ‘Happy Birthday Guru Gobind Singh G’ ਆਦਿ ਵਾਕ ਲਿਖੇ ਵੀ ਮਿਲਣ ਲਗ ਪਏ ਹਨ। ਕਹਿਣ ਦਾ ਭਾਵ ਹੈ ਕਿ ਸਿੱਖਾਂ ਵਲੋਂ ਮਨਾਏ ਜਾ ਰਹੇ ਗੁਰਪੁਰਬਾਂ ਵਿੱਚ ਸੱਭ ਕੁੱਝ ਮਿਲਦਾ ਹੈ ਬਸ ਨਾਨਕ ਸਾਹਿਬ ਜੀ ਦਾ ਸੰਦੇਸ਼ ਹੀ ਗਾਇਬ ਹੈ। ਲਗਭਗ ਹਰ ਥਾਂ ਗੁਰਪੁਰਬ ਮਸ਼ੀਨੀ ਢੰਗ ਵਾਲੇ ਤੇ ਮੌਜ ਮੇਲੇ ਵਾਂਗੂ ਮਨਾਏ ਜਾ ਰਹੇ ਹਨ। ਜਿੰਨੀਆਂ ਹੀ ਗੁਰਪੁਰਬ, ਸ਼ਤਾਬਦੀਆਂ ਗੁਜ਼ਰਦੀਆਂ ਜਾ ਰਹੀਆਂ ਹਨ, ਸਿੱਖ ਸਮਾਜ ਗੁਰਮਤਿ ਤੋਂ ਉSਨਾਂ ਹੀ ਦੂਰ ਹੁੰਦਾ ਜਾ ਰਿਹਾ ਹੈ। ਬ੍ਰਾਹਮਣਵਾਦ, ਅੰਧਵਿਸ਼ਵਾਸਾਂ, ਕਰਮਕਾਂਡਾਂ ਦੀ ਦਲਦਲ ਵਿੱਚ ਹੋਰ ਫਸਦਾ ਜਾ ਰਿਹਾ ਹੈ। ਸਨੁੱਖਤਾ ਦੇ ਸੱਭ ਤੋਂ ਵੱਡੇ ਦੁਸ਼ਮਨ ‘ਪੁਜਾਰੀਵਾਦ’ ਦੇ ਜਾਲ ਵਿੱਚ ਸਿੱਖ ਸਮਾਜ ਦਿਨੋ ਦਿਨ ਫਸਦਾ ਹੀ ਜਾ ਰਿਹਾ ਹੈ।

ਜੇ ਅੱਜ ਕਿਸੇ ਗੈਰ-ਸਿੱਖ ਕੋਲੋਂ ਪੁਛੋ ਕਿ ਤੁਹਾਨੂੰ ਸਿੱਖਾਂ (ਜਾਂ ਗੁਰਦੁਆਰੇ) ਵਿੱਚ ਕੀ ਚੰਗਾ ਲਗਦਾ ਹੈ? ਤਾਂ ਉਸਦਾ ਸਪਸ਼ਟ ਜਵਾਬ ਹੁੰਦਾ ਹੈ ਕਿ ਸਿੱਖਾਂ ਦਾ ਲੰਗਰ ਬਹੁਤ ਵਧੀਆ ਹੁੰਦਾ ਹੈ। ਲੰਗਰ ਵੀ ਇੱਕ ਨਹੀਂ ਭਾਂਤ-ਭਾਂਤ ਦੇ ਲੰਗਰ। ਜ਼ਬਰਦਸਤੀ ਸੜਕ ਤੇ ਤੁਰੇ ਜਾਂਦੇ ਲੋਕਾਂ ਨੂੰ ਰੋਕ-ਰੋਕ ਕੇ ‘ਲੰਗਰ’ ਛਕਾਇਆ ਜਾਂਦਾ ਹੈ। ਜੇ ਚੇਤਨਾ ਮਾਰਚ ਜਾਂ ਕੋਈ ਸ਼ਤਾਬਦੀ ਹੋਵੇ ਤਾਂ ਕਹਿਣਾ ਹੀ ਕੀ। ਇੱਕ ਕਿਲੋਮੀਟਰ ਵਿੱਚ ਘੱਟੋ-ਘੱਟ 15-20 ਲੰਗਰ। ਜਿਹੜਾ ਵੀ ਗੈਰ-ਸਿੱਖ ਉੱਥੇ ਆਉਂਦਾ ਹੈ ਉਸ ਨੂੰ ਬਸ ਲੰਗਰ ਹੀ ਲੰਗਰ ਨਜ਼ਰ ਆਉਂਦੇ ਹਨ। ਲੰਗਰ ਪਿੱਛੇ ਸੁਨੇਹਾ ਕੀ ਹੈ ਤੇ ਲੰਗਰ ਕੈਸਾ ਹੋਣਾ ਚਾਹੀਦਾ ਹੈ, ਉਸ ਨਾਲ ਕਿਸੇ ਸਿੱਖ ਨੂੰ ਕੋਈ ਮਤਲਬ ਨਹੀਂ ਹੈ। ਪਰ ਲੰਗਰ ਦੇ ਨਾਮ ਤੇ ਵੀ ਕੌਮੀ ਪੱਧਰ ਤੇ ਇਹ ਝਗੜਾ ਛੇੜ ਬਹਿਣਾ ਕਿ ‘ਕੁਰਸੀਆਂ ਤੇ ਲੰਗਰ ਛਕਣਾ ਜਾਇਜ਼ ਹੈ ਜਾਂ ਨਹੀਂ? ਰਾਹੀਂ ਸਿੱਖ ਪਿੱਛੜੀ ਸੋਚ ਦਾ ਪ੍ਰਗਟਾਵਾ ਜ਼ਰੂਰ ਕਰ ਦੇਂਦੇ ਹਨ।

ਉਪਰੋਕਤ ਵਿਚਾਰ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਸਿੱਖ ਕੌਮ ਦਾ ਮਕਸਦ ਤਾਂ ਹੋਣਾ ਚਾਹੀਦਾ ਸੀ ‘ਨਾਨਕਵਾਦ ਦਾ ਲੰਗਰ ਚਲਾਉਣਾ’ ਪਰ ਇਹਨਾਂ ਨੇ ਤਾਂ ‘ਨਾਨਕਵਾਦ’ ਨੂੰ ਸਿਰਫ ‘ਲੰਗਰ’ ਤੱਕ ਹੀ ਸੀਮਤ ਕਰ ਕੇ ਰੱਖ ਦਿੱਤਾ ਹੈ। ਕੌਮ ਨੂੰ ਇਹ ਪੜਚੋਲਨ ਦੀ ਲੋੜ ਹੈ ਕਿ ‘ਲੰਗਰ ਦੇ ਨਾਂ ਤੇ ਹੋ ਰਹੀ ਕੌਮੀ ਧਨ ਦੀ ਬਰਬਾਦੀ ਨੂੰ ਕਿਵੇਂ ਰੋਕਿਆ ਜਾਵੇ। ਉਸ ਤੋਂ ਵੀ ਜ਼ਰੂਰੀ ਲੋੜ ਇਸ ਗੱਲ ਨੂੰ ਵਿਚਾਰਨ ਦੀ ਹੈ ਕਿ ਮਨੁੱਖਤਾ ਦੀ ਭਲਾਈ ਖਾਤਰ ਸਾਰੇ ਸੰਸਾਰ ਵਿੱਚ ‘ਨਾਨਕਵਾਦ ਦਾ ਲੰਗਰ’ ਕਿਵੇਂ ਵੰਡਿਆ ਜਾਵੇ?

ਨਿਰੋਲ ਨਾਨਕ ਫਲਸਫੇ ਦੀ ਰਾਹ `ਤੇ

ਤੱਤ ਗੁਰਮਤਿ ਪਰਿਵਾਰ’




.