ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
“ਸਮੁੱਚੀ ਮਾਨਵ ਜਾਤੀ ਦੀ
ਏਕਤਾ, ਅਖੰਡਤਾ, ਧਰਮ ਨਿਰਪੱਖਤਾ ਅਤੇ ਸਦਭਾਵਨਾ ਦਾ ਪ੍ਰਤੀਕ”
ਗੁਰੂ ਗੋਬਿੰਦ ਸਿੰਘ ਜੀ ਨੇ
ਇਸ ਗ੍ਰੰਥ ਨੂੰ ਜੋ ਗੁਰਗੱਦੀ ਸੌਂਪੀ ਜਾਂ ਇੰਝ ਕਹੀਏ ਕਿ ਗੁਰੂ ਦਾ ਦਰਜਾ ਪ੍ਰਦਾਨ ਕੀਤਾ, ਇਸ ਪਿੱਛੇ
ਉਹਨਾਂ ਦਾ ਗੰਭੀਰ ਚਿੰਤਨ ਅਤੇ ਦੈਵੀ ਦ੍ਰਿਸ਼ਟੀ ਕੰਮ ਕਰ ਰਹੇ ਸਨ। ਉਹਨਾਂ ਨੂੰ ਇਹ ਚੰਗੀ ਤਰ੍ਹਾਂ
ਪਤਾ ਸੀ ਕਿ ਗੁਰੂ ਦਾ ਦਰਜਾ ਹਾਸਲ ਕਰਨ ਵਾਸਤੇ ਜੋ ਦੈਵੀ ਗੁਣ ਹੋਣੇ ਚਾਹੀਦੇ ਹਨ, ਜਿਵੇਂ ਕਿ (1)
ਗੁਰੂ ਬ੍ਰਹਮ ਗਿਆਨੀ ਹੋਵੇ, (2) ਗੁਰੂ ਮਨੁੱਖ ਨੂੰ ਮਨੁੱਖ ਨਾਲ ਜੋੜਨ ਵਾਲਾ ਹੋਵੇ, ਤੋੜਨ ਵਾਲਾ
ਨਹੀਂ, (3) ਗੁਰੂ ਗਿਆਨ ਅਤੇ ਆਨੰਦ ਦਾ ਦਾਤਾ ਹੋਵੇ, (4) ਗੁਰੂ ਵਿਕਾਰ ਰਹਿਤ ਹੋਵੇ ਭਾਵ ਉਸ `ਚ
ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਵਿਕਾਰ ਨਾ ਹੋਣ, (5) ਗੁਰੂ ਸਰਬੱਤ ਦਾ ਭਲਾ ਚਾਹੁਣ ਵਾਲਾ
ਹੋਵੇ, ਉਹ ਜਦ ਵੀ ਗੱਲ ਕਰੇ ਵਿਸ਼ਵ ਦੀ ਭਲਾਈ ਦੀ ਗੱਲ ਕਰੇ, ਕਿਸੇ ਇੱਕ ਧਰਮ, ਜਾਤੀ ਜਾਂ ਫਿਰਕੇ ਦੀ
ਭਲਾਈ ਬਾਰੇ ਨਾ ਸੋਚੇ, (6) ਗੁਰੂ ਪਰਮ ਵੈਦ ਹੋਵੇ ਜੋ ਪ੍ਰਾਣੀ ਮਾਤਰ ਦੇ ਹਰ ਤਰ੍ਹਾਂ ਦੇ ਰੋਗ ਹਰ
ਸਕੇ, (7) ਗੁਰੂ ਪਰਮਾਤਮਾ ਦਾ ਰੂਪ ਹੋਵੇ, ਕਿਸੇ ਨਾਲ ਵੈਰ ਵਿਰੋਧ ਨਾ ਰੱਖੇ, (8) ਗੁਰੂ ਤੀਰਥ ਰੂਪ
ਹੋਵੇ। ਉਸ ਗੁਰੂ ਦੇ ਦਰਸ਼ਨਾਂ ਮਗਰੋਂ ਤੀਰਥਾਂ ਦੀ ਲੋੜ ਨਾ ਰਹੇ। ਤੀਰਥਾਂ ਉੱਪਰ ਤਾਂ ਕਰਮਕਾਂਡ ਵਾਲੇ
ਲੋਕ ਹੀ ਭਟਕਦੇ ਹਨ। ਗੁਰੂ ਦੇ ਬਚਨ ਅਜਿਹੇ ਹੋਣ ਜੋ ਮਨ ਸ਼ੁੱਧ ਕਰ ਦੇਣ, (9) ਗੁਰੂ ਨਿਰਵੈਰ ਹੋਵੇ,
ਉਹ ਆਪਣੇ ਵਿਰੋਧੀ ਨਾਲੋਂ ਵੀ ਕੋਈ ਵੈਰ ਨਾ ਰੱਖੇ, (10) ਗੁਰੂ ਮਨੁੱਖ ਦਾ ਆਤਮਿਕ ਜੀਵਨ ਉਚੇਰਾ ਕਰਨ
ਵਾਲਾ ਹੋਵੇ, ਜਿਸ ਨਾਲ ਸੰਸਾਰਿਕ ਦੁੱਖ ਉਸ ਨੂੰ ਪਰੇਸ਼ਾਨ ਨਾ ਕਰ ਸਕਣ ਅਤੇ ਉਹ ਸੰਜਮ ਵਿੱਚ ਰਹਿ
ਸਕੇ। ਇਤਨੇ ਗੁਣ ਇੱਕੋ ਵਿਅਕਤੀ `ਚ ਹੋਣੇ ਅਸੰਭਵ ਹਨ। ਅੱਜ ਅਸੀਂ ਟੈਲੀਵਿਜਨ ਤੇ ਅਖ਼ਬਾਰ ਦੇ ਸਾਧਨ
ਰਾਹੀਂ ਰੋਜ਼ ਵੇਖ ਪੜ੍ਹ ਰਹੇ ਹਾਂ ਕਿ ਉਸ ਧਰਮ ਗੁਰੂ `ਤੇ ਬਲਾਤਕਾਰ ਦਾ ਇਲਜ਼ਾਮ ਹੈ ਉਸ ਧਰਮ ਗੁਰੂ
`ਤੇ ਹੱਤਿਆ ਦਾ ਇਲਜ਼ਾਮ ਹੈ। ਅੱਜ ਕੋਈ ਧਰਮ ਗੁਰੂ ਅਜਿਹਾ ਦਿਖਾਈ ਨਹੀਂ ਦਿੰਦਾ ਜਿਸ ਉਪਰ ਕਿਸੇ ਨਾ
ਕਿਸੇ ਅਦਾਲਤ `ਚ ਕੋਈ ਨਾ ਕੋਈ ਕੇਸ ਨਾ ਚੱਲ ਰਿਹਾ ਹੋਵੇ। ਇਹ ਸਭ ਸੋਚ ਵਿਚਾਰ ਕੇ ਗੁਰੂ ਗੋਬਿੰਦ
ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗੱਦੀ ਸੌਪੀ ਸੀ। ਅਜੋਕੇ ਯੁੱਗ ਅੰਦਰ ਸਾਨੂੰ ਅਜਿਹੇ
ਗਿਆਨ ਦੀ ਜ਼ਰੂਰਤ ਹੈ ਜੋ ਸਾਡਾ ਦੈਵੀ, ਭੌਤਿਕ, ਸਰੀਰਕ, ਮਾਨਸਿਕ, ਬੌਧਿਕ, ਸਮਾਜਿਕ, ਧਾਰਮਿਕ ਅਤੇ
ਅਧਿਆਤਮਕ ਵਿਕਾਸ ਕਰਨ ਦੇ ਸਮਰੱਥ ਹੋਵੇ। ਇਹ ਸਮਰੱਥਾ ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਹੈ।
ਜੇਕਰ ਦੇਖਿਆ ਜਾਵੇ ਤਾਂ ਅੱਜ ਘਰ ਘਰ ਧਰਮ ਗੁਰੂ ਬਣੇ ਬੈਠੇ ਹਨ, ਪਰ ਉਹ ਆਪ ਮੋਹ ਅਤੇ ਮਾਇਆ ਦੀ ਅੱਗ
`ਚ ਜਲ ਰਹੇ ਹਨ। ਉਂਝ ਇਸ ਗਿਆਨ ਨੂੰ ਗੁਰੂ ਦੀ ਪਦਵੀ ਦੇਣ ਦਾ ਅਮਲ ਤਾਂ ਗੁਰੂ ਨਾਨਕ ਦੇਵ ਦੇ ਸਮੇਂ
ਤੋਂ ਹੀ ਸ਼ੁਰੂ ਹੋ ਗਿਆ ਸੀ। ਇਸ ਦਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ `ਚ ਸ਼ਾਮਲ ਸਿੱਧ ਗੋਸ਼ਟ `ਚ ਮਿਲ
ਜਾਂਦਾ ਹੈ। ਸਰੀਰਕ ਗੁਰੂ ਤਾਂ ਕਦੇ ਵੀ ਭਟਕ ਸਕਦਾ ਹੈ ਅਤੇ ਚੇਲਿਆਂ ਨੂੰ ਵੀ ਭਟਕਾ ਸਕਦਾ ਹੇ ਪਰ
ਗਿਆਨ ਗੁਰੂ ਨਾ ਆਪ ਭਟਕਦਾ ਹੈ ਤੇ ਨਾ ਹੀ ਕਿਸੇ ਹੋਰ ਨੂੰ ਗੁੰਮਰਾਹ ਕਰਦਾ ਹੈ। ਏਸੇ ਤੱਥ ਨੂੰ
ਸਾਹਮਣੇ ਰੱਖਦਿਆਂ ਦਸਮ ਪਾਤਸ਼ਾਹ ਨੇ ਇਸ ਗ੍ਰੰਥ ਨੂੰ ਗੁਰੂ ਦੀ ਪਦਵੀ ਨਾਲ ਨਿਵਾਜਿਆ।
ਇਸ ਗ੍ਰੰਥ ਦੀ ਮਹਾਨਤਾ ਇਸ ਵਿੱਚ ਨਹੀਂ ਹੈ ਕਿ ਇਹ ਸਿੱਖਾਂ ਦਾ ਧਰਮ ਗ੍ਰੰਥ ਹੈ। ਪਰ ਇਸ ਦੀ ਮਹਾਨਤਾ
ਤਾਂ ਇਸ ਦੇ ਸਮੁੱਚੀ ਮਾਨਵ ਜਾਤੀ ਦੇ ਕਲਿਆਣ, ਏਕਤਾ ਅਤੇ ਅਖੰਡਤਾ ਦਾ ਸੰਦੇਸ਼ ਦੇਣ `ਚ ਹੈ। ਇਸ ਦਾ
ਰੂਹਾਨੀ ਸੰਦੇਸ਼ ਸਰਬ ਵਿਆਪੀ ਅਤੇ ਵਿਗਿਆਨਕ ਹੈ। ਇਹ ਮਨੋ-ਵਿਗਿਆਨਕ, ਦਾਰਸਨਿਕ, ਸਦਾਚਾਰਿਕ,
ਵਿਹਾਰਿਕ ਅਤੇ ਧਾਰਮਿਕ ਪਹਿਲੂਆਂ ਤੇ ਖਰਾ ਉਤਰਦਾ ਹੈ। ਇਸ ਗ੍ਰੰਥ ਦੀ ਇੱਕ ਵੱਡੀ ਵਿਸ਼ੇਸ਼ਤਾ ਇਹ ਹੈ
ਕਿ ਇਸ `ਚ ਅਧਿਆਤਮਕ ਮਾਰਗ ਨੂੰ ਵਿਗਿਆਨਕ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਜਦ ਕਿ ਬਾਕੀ ਦੇ ਜ਼ਿਆਦਾਤਰ
ਧਰਮ ਗ੍ਰੰਥਾਂ `ਚ ਕਈ ਤਰ੍ਹਾਂ ਦੇ ਕਰਮ ਕਾਂਢ, ਸੰਦੇਹ, ਪੌਰਾਣਿਕ ਤੇ ਕਾਲਪਨਿਕ ਕਿੱਸੇ ਕਹਾਣੀਆਂ
ਨਾਲ ਹੀ ਕੰਮ ਚਲਾ ਲਿਆ ਗਿਆ ਹੈ ਜੋ ਕਿ ਯਥਾਰਥ ਅਤੇ ਸੱਚਾਈ ਤੋਂ ਕੋਹਾਂ ਦੂਰ ਦਿਖਾਈ ਦਿੰਦੇ ਹਨ। ਇਸ
`ਚ ਸਭ ਤੋਂ ਮਹੱਤਵ ਪੂਰਣ ਗੱਲ ਇਹ ਹੈ ਕਿ ਇਸ `ਚ ਸਿਰਫ ਪਰਲੋਕ ਨੂੰ ਸੁਧਾਰਨ ਦੀ ਗੱਲ ਹੀ ਨਹੀਂ ਕਹੀ
ਗਈ, ਬਲਕਿ ਪ੍ਰਾਣੀ ਮਾਤਰ ਦਾ ਸਮਾਜਕ ਜੀਵਨ ਵੀ ਸੁਧਾਰਨ ਅਤੇ ਸੰਵਾਰਨ ਉੱਪਰ ਵੀ ਉਨ੍ਹਾਂ ਹੀ ਬਲ
ਦਿੱਤਾ ਗਿਆ ਹੈ, ਜਿਨ੍ਹਾਂ ਕਿ ਮੁਕਤੀ ਦੀ ਪ੍ਰਾਪਤੀ ਉੱਪਰ। ਏਸੇ ਕਰਕੇ ਇਸਨੂੰ ਵਿਸ਼ਵਵਿਆਪੀ ਗ੍ਰੰਥ
ਕਿਹਾ ਗਿਆ ਹੈ।
ਇਕ ਗ੍ਰੰਥ ਨੂੰ ਗੁਰੂ ਦੇ ਦਰਜੇ ਨਾਲ ਸੁਸ਼ੋਭਿਤ ਕਰਨਾ ਇੱਕ ਅਜਿਹੀ ਘਟਨਾ ਹੈ ਜਿਸ ਦੀ ਮਿਸਾਲ ਪੂਰੇ
ਵਿਸ਼ਵ `ਚ ਹੋਰ ਕਿਧਰੇ ਨਹੀਂ ਮਿਲਦੀ। ਇਹ ਮਾਣ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਹੀ ਹਾਸਲ ਹੈ ਅਤੇ
ਰਹਿੰਦੀ ਦੁਨੀਆਂ ਤੱਕ ਰਹੇਗਾ।
ਆਦਿ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ ਪਹਿਲੀ ਵਾਰ 1 ਸਤੰਬਰ 1604 ਈ. `ਚ ਅੰਮ੍ਰਿਤਸਰ ਵਿਖੇ
ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ, ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਕੀਤਾ
ਗਿਆ। ਬਾਬਾ ਬੁੱਢਾ ਜੀ ਨੂੰ ਇੱਥੋਂ ਦਾ ਪਹਿਲਾ ਗ੍ਰੰਥੀ ਥਾਪਿਆ ਗਿਆ। ਇਸ ਗ੍ਰੰਥ `ਚ ਦਿੱਤੀ ਗਈ
ਸਿੱਖਿਆ ਦੇ ਆਧਾਰ `ਤੇ ਅਗਿਆਨ ਦਾ ਹਨ੍ਹੇਰਾ ਦੂਰ ਹੋ ਜਾਂਦਾ ਹੈ। ਇਹ ਮਨੁੱਖੀ ਜਗਤ ਨੂੰ ਗਿਆਨ ਦਾ
ਪ੍ਰਕਾਸ਼ ਪ੍ਰਦਾਨ ਕਰਦਾ ਹੈ। ਇਸ ਗ੍ਰੰਥ ਦਾ ਸੰਪਾਦਨ ਕਰਦਿਆਂ ਪੰਜਵੀਂ ਪਾਤਸ਼ਾਹੀ ਨੇ ਇਸ ਵਿੱਚ ਕਈ
ਸੰਤਾਂ, ਫਕੀਰਾਂ ਤੇ ਗੁਰੂਆਂ ਦੀ ਬਾਣੀ ਸ਼ਾਮਲ ਕੀਤੀ। ਇਸ ਗ੍ਰੰਥ ਨੂੰ ਲਿਖਣ ਦਾ ਕਾਰਜ ਭਾਈ ਗੁਰਦਾਸ
ਨੂੰ ਸੌਂਪਿਆ ਗਿਆ। ਉਹ ਬਹੁਤ ਗਿਆਨੀ ਤੇ ਅਧਿਆਤਮਕ ਵਿਅਕਤੀ ਸਨ। ਉਹਨਾਂ ਨੇ ਆਪਣੇ ਚਾਰ ਸਾਲਾਂ ਦੀ
ਮੇਹਨਤ ਨਾਲ (1601-1604) ਇਸ ਨੂੰ ਅੰਮ੍ਰਿਤਸਰ ਵਿਖੇ ਗੁਰਦੁਆਰਾ ਰਾਮਸਰ ਦੇ ਸਰੋਵਰ ਕੰਢੇ ਬੈਠ ਕੇ
ਸੰਪੂਰਨ ਕੀਤਾ। ਇਸ ਗਿਆਨ ਦੇ ਪੁੰਜ ਨੂੰ ਗ੍ਰੰਥ ਜਾਂ ਪੋਥੀ ਦੇ ਨਾਂ ਨਾਂਲ ਪ੍ਰਚਾਰਿਆ ਗਿਆ ਸੀ।
ਮਗਰੋਂ 1706 ਈ. `ਚ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਦੁਬਾਰਾ ਭਾਈ ਮਨੀ ਸਿੰਘ
ਜੀ ਤੋਂ ਗੁਰਦੁਆਰਾ ਦਮਦਮਾ ਸਾਹਿਬ `ਚ ਲਿਖਵਾਇਆ। ਉਹਨਾਂ ਆਪਣੇ ਪਿਤਾ ਨੌਵੀਂ ਪਾਤਸ਼ਾਹੀ ਗੁਰੂ ਤੇਗ
ਬਹਾਦਰ ਜੀ ਦੀ ਬਾਣੀ ਇਸ `ਚ ਦਰਜ ਕਰਵਾਈ। ਇਸ ਉਪਰੰਤ 1708 ਈ. `ਚ ਉਹਨਾਂ ਨੇ ਦੇਹਧਾਰੀ ਗੁਰੂ ਦੀ
ਪਰੰਪਰਾ ਨੂੰ ਖਤਮ ਕਰਕੇ ਨਾਂਦੇੜ ਵਿਖੇ (ਜੋ ਕੇ ਭਾਰਤ ਦੇ ਦੱਖਣ `ਚ ਹੈ) ਗੁਰਦੁਆਰਾ ਹਜ਼ੂਰ ਸਾਹਿਬ
`ਚ ਇਸ ਗ੍ਰੰਥ ਨੂੰ ਗੁਰਗੱਦੀ ਸੌਂਪ ਦਿੱਤੀ। ਉਹਨਾਂ ਆਦੇਸ਼ ਦਿੱਤਾ ਕਿ ਅੱਜ ਤੋਂ ਬਾਅਦ ਰਹਿੰਦੀ
ਦੁਨੀਆਂ ਤੱਕ ਸਿੱਖਾਂ ਦੇ ਗੁਰੂ, ਗੁਰੂ ਗ੍ਰੰਥ ਸਾਹਿਬ ਹੀ ਰਹਿਣਗੇ। ਉਸ ਤੋਂ ਬਾਅਦ ਉਸ ਪੋਥੀ ਜਾਂ
ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਕਹਿਕੇ ਪ੍ਰਚਾਰਿਆ ਜਾਣ ਲੱਗ ਪਿਆ।
ਜੇਕਰ ਗੁਰੂ ਗ੍ਰੰਥ ਸਾਹਿਬ ਨੂੰ ਭਾਰਤੀ ਭਾਸ਼ਾਵਾਂ ਦਾ ਭੰਡਾਰ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ
ਹੋਵੇਗੀ। ਇਸ ਗ੍ਰੰਥ `ਚ ਭਾਵੇਂ ਸਾਧ ਭਾਸ਼ਾ ਦੀ ਬਹੁਤ ਵਰਤੋਂ ਕੀਤੀ ਗਈ ਹੈ ਪਰ ਪੰਜਾਬੀ ਹਿੰਦੀ,
ਬ੍ਰਿਜ, ਸੰਸਕ੍ਰਿਤ, ਮਰਾਠੀ, ਅਰਬੀ, ਫਾਰਸੀ, ਉਰਦੂ ਆਦਿ ਭਾਸ਼ਾਵਾਂ ਦਾ ਵੀ ਭਰਪੂਰ ਇਸਤੇਮਾਲ ਹੋਇਆ
ਹੈ। ਕਈ ਥਾਂਈਂ ਬੰਗਾਲੀ ਭਾਸ਼ਾ ਦੇ ਸ਼ਬਦ ਵੀ ਉਪਲਬਧ ਹਨ। ਸੋ ਗੁਰੂ ਸਾਹਿਬ ਨੇ ਉਸ ਸਮੇਂ ਦੀ ਆਮ ਬੋਲ
ਚਾਲ ਦੀ ਭਾਸ਼ਾ ਨੂੰ ਸਾਹਤਿਕ ਭਾਸ਼ਾ ਦਾ ਰੂਪ ਦਿੱਤਾ। ਗੁਰੂ ਅਰਜੁਨ ਦੇਵ ਵੱਲੋਂ ਕੀਤੀ ਗਈ ਇਹ
ਸੰਪਾਦਨਾ, ਸੰਪਾਦਨਾ ਦੇ ਖੇਤਰ `ਚ ਇੱਕ ਵਿਲੱਖਣ ਉਦਾਹਰਣ ਹੋ ਨਿਬੜਦੀ ਹੈ।
ਗੁਰੂ ਗ੍ਰੰਥ ਸਾਹਿਬ `ਚ ੬ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ। ਇਹ ਸਾਰੀ ਬਾਣੀ ‘ਨਾਨਕ’ ਪਦ ਦੇ
ਅੰਤਰਗਤ ਹੀ ਦਰਜ ਹੈ। ਪਛਾਣ ਲਈ ਹਰ ਸ਼ਬਦ ਤੋਂ ਪਹਿਲਾਂ ‘ਮਹਲਾ’ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਹੈ।
ਜਿਵੇਂ ਕੋਈ ਸ਼ਬਦ ਜੇਕਰ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਦਾ ਹੈ ਤਾਂ ਉਸਦੇ ਸ਼ੁਰੂ `ਚ ਮਹਲਾ 4 ਲਿਖਿਆ
ਹੈ। ਏਸੇ ਤਰ੍ਹਾ ਮਹਲਾ, ੧, ੨, ੩, ੪, ੫ ਤੇ 9 ਦਾ ਇਸਤੇਮਾਲ ਕੀਤਾ ਗਿਆ ਹੈ ਜੋ ਗੁਰੂ ਸਾਹਿਬਾਨ ਦੇ
ਕ੍ਰਮ ਨੂੰ ਦਰਸ਼ਾਉਂਦਾ ਹੈ। ਮਹਲਾ ਦਾ ਅਰਥ ਸਰੀਰ ਹੈ।
ਗੁਰੂ ਗ੍ਰੰਥ ਸਾਹਿਬ `ਚ ਬਾਣੀ 31 ਰਾਗਾਂ `ਚ ਦਰਜ ਹੈ। ਇਹ ਰਾਗ ਇਸ ਪ੍ਰਕਾਰ ਹਨ - ਸ੍ਰੀ ਰਾਗ, ਮਾਝ
ਰਾਗ, ਗਉੜੀ ਰਾਗ, ਆਸਾ ਰਾਗ, ਗੁਜਰੀ ਰਾਗ, ਦੇਵ ਗੰਧਾਰੀ ਰਾਗ, ਰਾਗ ਬਿਹਾਗੜਾ, ਰਾਗ ਵਡਹੰਸ, ਰਾਗ
ਸੋਰਠ, ਰਾਗ ਧਨਾਸਰੀ, ਰਾਗ ਜੈਤਸ੍ਰੀ, ਰਾਗ ਟੋਡੀ, ਰਾਗ ਬੈਰਾੜੀ, ਰਾਗ ਤਿਲੰਗ, ਰਾਗ ਸੂਹੀ, ਰਾਗ
ਬਿਲਾਵਲ, ਰਾਗ ਗੌਂਡ, ਰਾਗ ਰਾਮਕਲੀ, ਰਾਗ ਨਟ ਨਾਰਾਇਣ, ਰਾਗ ਮਾਲੀ ਗਾਉੜਾ, ਰਾਗ ਮਾਰੂ, ਰਾਗ
ਤੁਖਾਰੀ, ਰਾਗ ਕੇਦਾਰਾ, ਰਾਗ ਭੈਰੋਂ, ਰਾਗ ਬਸੰਤ, ਰਾਗ ਸਾਰੰਗ, ਰਾਗ ਮਲਹਾਰ, ਰਾਗ ਕਾਨੜਾ, ਰਾਗ
ਕਲਿਆਣ, ਰਾਗ ਪ੍ਰਭਾਤੀ, ਰਾਗ ਜੈਜਾਵੰਤੀ।
ਗੁਰੂ ਗ੍ਰੰਥ ਸਾਹਿਬ `ਚ ਸ਼ਾਮਲ ਗੁਰੂ ਨਾਨਕ ਜੀ ਦੇ ਰਚਿਤ 974 ਸ਼ਬਦ 19 ਰਾਗਾਂ `ਚ ਹਨ। ਗੁਰੂ ਅੰਗਦ
ਦੇਵ ਜੀ ਦੇ ਸਿਰਫ 63 ਸ਼ਲੋਕ ਹਨ। ਗੁਰੂ ਅਮਰਦਾਸ ਜੀ ਦੇ 17 ਰਾਗਾਂ `ਚ ਰਚਿਤ 907 ਸ਼ਬਦ ਹਨ। ਗੁਰੂ
ਰਾਮਦਾਸ ਦੇ 30 ਰਾਗਾਂ `ਚ 679 ਸ਼ਬਦ ਹਨ। ਗੁਰੂ ਅਰਜੁਨ ਦੇਵ ਜੀ ਦੇ 30 ਰਾਗਾਂ `ਚ 2218 ਸ਼ਬਦ ਹਨ।
ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 15 ਰਾਗਾਂ `ਚ 116 ਸ਼ਬਦ ਹਨ।
ਇਸ ਤੋਂ ਇਲਾਵਾ ਹੋਰਨਾਂ ਸੰਤਾਂ, ਸੂਫੀਆਂ ਤੇ ਭਗਤਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ `ਚ ਦਰਜ
ਹੈ। ਬਾਬਾ ਫਰੀਦ ਜੀ ਜੋ ਮੁਸਲਮਾਨ ਸਨ, ਮੁਲਤਾਨ ਦੇ ਰਹਿਣ ਵਾਲੇ ਸਨ। ਉਹਨਾਂ ਦੇ 116 ਸ਼ਬਦ ਗੁਰੂ
ਗ੍ਰੰਥ ਸਾਹਿਬ ਵਿੱਚ ਸ਼ਾਮਲ ਹਨ। ਭਗਤ ਜੈਦੇਵ ਬ੍ਰਾਹਮਣ ਜਾਤੀ ਦੇ ਸਨ, ਉਹ ਬੰਗਾਲ ਦੇ ਰਹਿਣ ਵਾਲੇ
ਸਨ, ਉਹਨਾਂ ਦੇ 2 ਸ਼ਬਦ ਹਨ, ਭਗਤ ਤ੍ਰਿਲੋਚਨ ਮਹਾਰਾਸ਼ਟਰ ਦੇ ਰਹਿਣ ਵਾਲੇ ਬ੍ਰਾਮਹਣ ਸਨ, ਉਹਨਾਂ ਦੇ
ਚਾਰ ਸ਼ਬਦ ਦਰਜ ਹਨ। ਭਗਤ ਨਾਮਦੇਵ ਮਹਾਰਾਸ਼ਟਰ ਦੇ ਹੀ ਵਾਸੀ ਸਨ ਉਹ ਛੀਂਬਾ ਜਾਤੀ ਨਾਲ ਸੰਬੰਧਤ ਸਨ,
ਉਹਨਾਂ ਦੇ 61 ਸ਼ਬਦ ਹਨ। ਭਗਤ ਸਦਨਾ ਸਿੰਧ ਦੇ ਰਹਿਣ ਵਾਲੇ ਸਨ ਜੋ ਕਸਾਈ ਜਾਤੀ ਤੋਂ ਸਨ, ਉਹਨਾਂ ਦਾ
1 ਸ਼ਬਦ ਹੈ, ਤਾਮਿਲਨਾਡੂ ਤੋਂ ਭਗਤ ਰਾਮਾਨੰਦ ਗੌਂੜ ਬ੍ਰਾਹਮਣ ਸਨ ਜਿਹਨਾਂ ਦਾ 1 ਸ਼ਬਦ ਦਰਜ ਹੈ। ਭਗਤ
ਰਵਿਦਾਸ ਜੋ ਚਮਾਰ ਜਾਤੀ ਨਾਲ ਸੰਬੰਧਤ ਸਨ, ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ, ਦੇ 40 ਸ਼ਬਦ ਹਨ।
ਭਗਤ ਕਬੀਰ ਮੁਸਲਮਾਨ ਜੁਲਾਹੇ ਸਨ, ਉਹਨਾਂ ਦੇ 535 ਸ਼ਬਦ ਦਰਜ ਹਨ। ਭਗਤ ਧੰਨਾ ਰਾਜਸਥਾਨ ਤੋਂ ਜਾਟ
ਜਾਤੀ ਨਾਲ ਸੰਬੰਧਤ ਸਨ, ਉਹਨਾਂ ਦਾ 1 ਸ਼ਬਦ ਹੈ। ਗੁਜਰਾਤ ਤੋਂ ਭਗਤ ਪੀਪਾ ਬ੍ਰਾਹਮਣ ਸਨ, ਉਹਨਾਂ ਦਾ
1 ਸ਼ਬਦ ਦਰਜ ਹੈ। ਉੱਤਰ ਪ੍ਰਦੇਸ਼ ਤੋਂ ਬ੍ਰਾਹਮਣ ਜਾਤੀ ਨਾਲ ਸੰਬੰਧਤ ਭਗਤ ਸੂਰਦਾਸ ਸਨ ਉਹਨਾਂ ਦਾ 1
ਸ਼ਬਦ ਹੈ। ਉੱਤਰ ਪ੍ਰਦੇਸ਼ ਤੋਂ ਹੀ ਮੁਸਲਮਾਨ ਭਗਤ ਭੀਖਣ ਹੋਏ ਹਨ, ਉਹਨਾਂ ਦੇ ਦੋ ਸ਼ਬਦ ਹਨ। ਭਗਤ
ਪਰਮਾਨੰਦ ਮਹਾਰਾਸ਼ਟਰ ਦੇ ਨਿਵਾਸੀ ਸਨ, ਉਹਨਾਂ ਦਾ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ `ਚ ਦਰਜ ਹੈ। ਭਗਤ
ਬੈਣੀ ਜੀ ਬਿਹਾਰ ਦੇ ਨਿਵਾਸੀ ਸਨ, ਉਨ੍ਹਾਂ ਦੇ ਤਿੰਨ ਸ਼ਬਦ ਦਰਜ ਹਨ। ਭਗਤ ਸੈਣ ਰਾਜਸਥਾਨ ਤੋਂ ਨਾਈ
ਜਾਤੀ ਨਾਲ ਸੰਬੰਧ ਰਖਦੇ ਸਨ, ਉਹਨਾਂ ਦਾ ਇੱਕ ਸ਼ਬਦ ਹੈ।
ਇਹ ਉਹ 15 ਭਗਤ ਹਨ ਜੋ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ ਸਨ। ਉਹਨਾਂ ਦੇ ਵਿਚਾਰ ਗੁਰੂ ਨਾਨਕ ਤੋਂ
ਲੈ ਕੇ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਤੱਕ ਜਿਹਨਾਂ ਦੇ ਸਰੀਰ ਵੱਖ-ਵੱਖ ਹੋਣ ਦੇ ਬਾਵਜੂਦ
ਇੱਕ ਹੀ ਜੋਤ ਸੀ, ਦੀ ਵਿਚਾਰਧਾਰਾ ਦੇ ਅਨੁਕੂਲ ਸਨ। ਉਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ `ਚ
ਸ਼ਾਮਲ ਕਰਕੇ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੇ ਜਾਤੀ-ਪਾਤੀ, ਧਰਮ ਅਤੇ ਉਚ-ਨੀਚ ਦੇ ਭੇਦਭਾਵ
ਤੋਂ ਪਾਰ ਜਾ ਕੇ ਉਹਨਾਂ ਨੂੰ ਸਨਮਾਨ ਦਿੱਤਾ। ਇਹ ਆਪਣੇ ਆਪ `ਚ ਬਹੁਤ ਵੱਡੀ ਗੱਲ ਹੈ ਤੇ ਵਿਸ਼ਵ ਭਰ
`ਚ ਇੱਕੋਂ ਇੱਕ ਵਿਲੱਖਣ ਉਦਾਹਰਣ ਵੀ ਹੈ।
ਇਸ ਉਪਰੰਤ ਗੁਰੂਆਂ ਦੇ 4 ਸੇਵਕਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ `ਚ ਦਰਜ ਹੈ। ਇਹਨਾਂ `ਚ
ਰਬਾਬੀ ਮਰਦਾਨਾ ਦੇ 4 ਸ਼ਬਦ, ਮੁਸਲਮਾਨ ਰਬਾਬੀ ਬਲਵੰਡ ਦੀਆ ਪੰਜ ਪੌੜੀਆਂ, ਮੁਸਲਮਾਨ ਰਬਾਬੀ ਸੱਤਾ
ਦੀਆਂ 3 ਪੌੜੀਆਂ ਅਤੇ ਕਸ਼ੱਤਰੀ ਬਾਬਾ ਸੁੰਦਰ ਜੀ ਦੇ 6 ਬੰਦ ਦਰਜ ਹਨ।
ਗੁਰੂ ਗ੍ਰੰਥ ਸਾਹਿਬ `ਚ 11 ਭੱਟਾਂ ਦੀ ਬਾਣੀ ਨੂੰ ਵੀ ਸਨਮਾਨਯੋਗ ਸਥਾਨ ਹਾਸਲ ਹੈ। ਇਹ ਭੱਟ ਗੁਰੂ
ਸਾਹਿਬ ਦੇ ਦਰਬਾਰ `ਚ ਕੀਰਤਨ ਕਰਦੇ ਸਨ। ਭੱਟ ਕਲਸਹਾਰ ਦੇ 54 ਸ਼ਬਦ ਤੇ ਸਵੱਈਏ ਹਨ, ਭੱਟ ਗੰਯਧ ਦੇ
13 ਸ਼ਬਦ ਤੇ ਸਵੱਈਏ, ਭੱਟ ਭੀਖਾ ਦੇ 2 ਸ਼ਬਦ ਸਵੱਈਏ, ਭੱਟ ਕੀਰਤ ਦੇ 8 ਸ਼ਬਦ ਸਵੱਈਏ, ਭੱਟ ਮਥੁਰਾ ਦੇ
14, ਭੱਟ ਜਾਲਪ ਦੇ 5, ਭੱਟ ਸਲ੍ਹ ਦੇ 3, ਭੱਟ ਮਲ੍ਹ ਦਾ 1, ਭੱਟ ਬਲ੍ਹ ਦੇ 5, ਭੱਟ ਹਰਿਬੰਸ ਦੇ 2
ਅਤੇ ਭੱਟ ਨਲ ਦੇ 16 ਸ਼ਬਦ ਸਵੱਈਏ ਦਰਜ ਹਨ।
ਗੁਰੂ ਗ੍ਰੰਥ ਸਾਹਿਬ `ਚ ਪ੍ਰਮੁੱਖ ਬਾਣੀਆਂ ਦੇ ਨਾਂ ਇਸ ਪ੍ਰਕਾਰ ਹਨ, ਜਪੁ,
ਪਹਿਰੇ, ਅਲਾਹੁਣੀਆਂ, ਆਰਤੀ, ਸੁਚੱਜੀ, ਕੁਚੱਜੀ, ਓਅੰਕਾਰ, ਸਿੱਧ-ਗੋਸ਼ਟ, ਬਾਰਹ ਮਾਹ ਤੁਖਾਰੀ, ਬਾਰਹ
ਮਾਹ ਮਾਂਝ, ਵਾਰਾਂ, ਸਲੋਕ, ਅਨੰਦ, ਸਤਵਾਰਾ, ਵਣਜਾਰਾ, ਕਰਹਲ, ਘੋੜੀਆਂ, ਲਾਵਾਂ, ਦਿਨ ਰੈਣ, ਬਾਵਨ
ਅਖਰੀ, ਸੁਖਮਨੀ, ਥਿੱਤੀ, ਬਿਰਹੜੇ, ਗੁਣਵੰਤੀ, ਰੁਤੀ, ਅੰਜਲੀਆਂ, ਸੋਹਿਲੇ, ਗਾਥਾ, ਫੁਨਹੇ,
ਚਉਬੋਲੇ, ਸਲੋਕ ਅਤੇ ਸ਼ਬਦ।
ਇਸ ਗ੍ਰੰਥ ਦੀ ਸੰਪਾਦਨਾ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਨੇ 1604 ਈ. `ਚ ਕੀਤੀ। ਇਸ ਨੂੰ ਇੱਕ
ਅਜਿਹੇ ਢੰਗ ਨਾਲ ਸੰਪਾਦਿਤ ਕੀਤਾ ਕਿ ਇਸ ਵਿੱਚ ਮਗਰੋਂ ਕੋਈ ਫੇਰ ਬਦਲ ਕਰਨ ਦੀ ਗੁੰਜਾਇਸ ਨਹੀਂ ਰਹਿਣ
ਦਿੱਤੀ। ਇਸ ਤੋਂ ਇਲਾਵਾ ਇਸ ਗ੍ਰੰਥ `ਚ ਦਿੱਤੀ ਗਈ ਸਿੱਖਿਆ ਨਾ ਸਿਰਫ ਪਰਲੋਕ ਸੁਧਾਰਨ ਲਈ ਹੈ ਬਲਕਿ
ਮਾਨਵ ਜਾਤੀ ਦੇ ਸਮਾਜਕ ਜੀਵਨ ਦਾ ਪੱਧਰ ਉੱਚਾ ਕਰਨ ਲਈ ਵੀ ਮਾਰਗ ਦਰਸ਼ਨ ਕਰਦੀ ਹੈ।
ਇਸ ਗ੍ਰੰਥ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਧਰਮ ਦੇ ਗੁਰੂ ਸਾਹਿਬਾਨ ਨੇ ਆਪ ਲਿਖ ਕੇ ਇਕੱਤ੍ਰ ਕੀਤਾ
ਹੈ, ਜਦ ਕਿ ਵਿਸ਼ਵ ਦੇ ਬਾਕੀ ਸਭ ਧਰਮਾਂ ਦੇ ਗ੍ਰੰਥ ਉਹਨਾਂ ਦੇ ਗੁਰੂਆਂ ਦੇ ਸੰਸਾਰ ਛੱਡ ਕੇ ਚਲੇ ਜਾਣ
ਤੋਂ ਕਈ ਸਾਲਾਂ ਮਗਰੋਂ ਰਚੇ ਗਏ। ਦੁਨੀਆਂ `ਚ ਜਿਆਦਾਤਰ ਜਿੰਨੇ ਵੀ ਧਰਮ ਗੁਰੂ ਹੋਏ ਉਹਨਾਂ ਚੋਂ
ਕਿਸੇ ਨੇ ਵੀ ਕੁੱਝ ਵੀ ਲਿਖ ਕੇ ਸੰਭਾਲਿਆ ਨਹੀਂ। ਇਸ ਕਾਰਨ ਉਹਨਾਂ ਦੇ ਅਸੂਲਾਂ ਜਾਂ ਵਿਚਾਰਧਾਰਾ
ਬਾਰੇ ਕੁੱਝ ਵੀ ਸਪਸ਼ਟ ਰੂਪ `ਚ ਸਾਹਮਣੇ ਨਹੀਂ ਆਇਆ। ਸਿਰਫ ਸੁਣੀਆਂ ਸੁਣਾਈਆਂ ਗੱਲਾਂ ਹੀ ਰਹੀਆਂ।
ਪਾਈਥਾਗੋਰਸ ਬਹੁਤ ਵੱਡਾ ਦਾਰਸ਼ਨਿਕ ਸੀ। ਉਹਨਾਂ ਦੇ ਚੇਲੇ ਵੀ ਬਹੁਤ ਸਨ। ਪਰ ਉਸ ਨੇ ਆਪਣੇ ਚੇਲਿਆਂ
ਲਈ ਕਦੇ ਇੱਕ ਪੰਕਤੀ ਵੀ ਨਹੀਂ ਲਿਖੀ। ਮਹਾਤਮਾ ਬੁੱਧ ਬਹੁਤ ਗਿਆਨੀ ਸਨ, ਪਰ ਉਹਨਾਂ ਨੇ ਵੀ ਕੁੱਝ
ਨਹੀਂ ਲਿਖਿਆ। ਜੈਨ ਧਰਮ ਦਾ ਗ੍ਰੰਥ ਵੀ ਉਹਨਾਂ ਦੇ ਧਰਮ ਦਾ ਆਰੰਭ ਕਰਨ ਵਾਲੇ ਗੁਰੂ ਦੇ ਸਰੀਰ ਤਿਆਗਣ
ਤੋਂ 800 ਸਾਲ ਮਗਰੋਂ ਲਿਖਿਆ ਗਿਆ। ਵੇਦਾਂ ਵਿਚਲਾ ਮੱਤਭੇਦ ਸਭ ਦੇ ਸਾਹਮਣੇ ਹੈ। ਅੱਜ ਰਿਗ ਵੇਦ
ਦੀਆਂ 4 ਸ਼ਾਖ਼ਾਵਾਂ ਹਨ, ਅਥਰ ਵੇਦ ਦੀਆਂ 50, ਯਜੁਰਵੇਦ ਦੀਆਂ 109, ਸਾਮਵੇਦ ਦੀਆਂ 1000 ਅਤੇ
ਵਿਸ਼ਨੂੰ ਪੁਰਾਣ ਚੋਂ 17000 ਸਲੋਕ ਗਾਇਬ ਹੋ ਚੁੱਕੇ ਹਨ। ਅਗਨੀ ਪੁਰਾਣ ਚੋਂ 500 ਸਲੋਕ ਗਾਇਬ ਹਨ।
ਅੱਜ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਧਰਮ ਪੁਸਤਕਾਂ `ਚ ਅਜਿਹਾ ਗ੍ਰੰਥ ਹੈ ਜਿਸਦੀ ਹੋਂਦ ਆਦਿ ਕਾਲ
ਤੋਂ ਹੀ ਆਪਣੇ ਉਸੇ ਮੌਲਿਕ ਗੌਰਵ ਨਾਲ ਵਿਦੈਮਾਨ ਹੈ।
ਸੋ ਗੁਰੂ ਗ੍ਰੰਥ ਸਾਹਿਬ ਸੰਪੂਰਨ ਮਾਨਵ ਜਾਤੀ ਦੇ ਕਲਿਆਣ ਦਾ ਗ੍ਰੰਥ ਹੈ। ਇਹ ਸਮੁੱਚੀ ਮਾਨਵਤਾ ਲਈ
ਏਕਤਾ, ਅਖੰਡਤਾ, ਸਰਬ ਧਰਮ ਸਮਾਨ (ਧਰਮ ਨਿਰਪੱਖਤਾ) ਅਤੇ ਸਦਭਾਵਨਾ ਦਾ ਪ੍ਰਤੀਕ ਹੈ। ਇਸ ਗ੍ਰੰਥ `ਚ
ਜਾਤ ਪਾਤ ਜਾਂ ਵਰਗ ਨੂੰ ਕੋਈ ਸਥਾਨ ਨਹੀਂ ਦਿੱਤਾ ਗਿਆ। ਸੰਤਾਂ, ਭਗਤਾਂ ਦੀ ਬਾਣੀ ਵੀ ਉਸੇ ਸ਼ਰਧਾ
ਭਾਵਨਾ ਨਾਲ ਗਾਈ ਜਾਂ ਪੜ੍ਹੀ ਜਾਂਦੀ ਹੈ ਜਿਸ ਤਰ੍ਹਾਂ ਗੁਰੂ ਸਾਹਿਬਾਨ ਦੀ। ਇਹ ਗ੍ਰੰਥ ਸੰਸਾਰ ਦੇ
ਬਾਕੀ ਸਾਰੇ ਧਾਰਮਿਕ ਗ੍ਰੰਥਾਂ ਨਾਲੋਂ ਵਿਲੱਖਣ ਹੈ। ਵਿਸ਼ਵ ਪੱਧਰ ਤੇ ਕਿਸੇ ਵੀ ਧਰਮ ਗ੍ਰੰਥ ਨੂੰ
ਗੁਰੂ ਦੀ ਪਦਵੀ ਨਾਲ ਸੁਸ਼ੋਭਿਤ ਨਹੀਂ ਕੀਤਾ ਗਿਆ। ਇਹ ਪਦਵੀ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਹੀ
ਪ੍ਰਾਪਤ ਹੈ।
ਵੱਖ-ਵੱਖ ਧਰਮਾਂ `ਚ ਪ੍ਰਮਾਤਮਾ ਦੇ ਜੋ ਨਾਂ ਦਿਤੇ ਗਏ ਹਨ ਉਹਨਾਂ ਸਾਰਿਆਂ ਨੂੰ ਇਸ ਗ੍ਰੰਥ `ਚ
ਬਰਾਬਰ ਦਾ ਸਨਮਾਨ ਦਿੱਤਾ ਗਿਆ ਹੈ। ਇਸ ਦਾ ਵੇਰਵਾ ਇਸ ਪ੍ਰਕਾਰ ਹੈ। ਗੁਰੂ ਗ੍ਰੰਥ ਸਾਹਿਬ `ਚ ਹਰੀ
ਸ਼ਬਦ 8344 ਵਾਰੀ ਆਇਆ ਹੇ। ਰਾਮ ਸ਼ਬਦ 2533 ਵਾਰੀ, ਪ੍ਰਭੂ 1371 ਵਾਰੀ, ਗੋਪਾਲ 491 ਵਾਰੀ, ਗੋਬਿੰਦ
475 ਵਾਰੀ, ਪਰਮਾਤਮਾ 324 ਵਾਰੀ, ਕਰਤਾਰ 228 ਵਾਰੀ, ਠਾਕੁਰ 216 ਵਾਰੀ, ਦਾਤਾ 151 ਵਾਰੀ,
ਪ੍ਰਮੇਸ਼ਵਰ 139 ਵਾਰੀ, ਮੁਰਾਰੀ 97 ਵਾਰੀ, ਨਾਰਾਇਣ 89 ਵਾਰੀ, ਅੰਤਰਜਾਮੀ 61 ਵਾਰੀ, ਜਗਦੀਸ਼ 60
ਵਾਰੀ, ਸਤਿਨਾਮੁ 59 ਵਾਰੀ, ਮੋਹਨ 54 ਵਾਰੀ, ਅੱਲਾ 46 ਵਾਰੀ, ਭਗਵਾਨ 30 ਵਾਰੀ, ਨਿਰੰਕਾਰ 29
ਵਾਰੀ, ਕ੍ਰਿਸ਼ਨ 22 ਵਾਰੀ, ਵਾਹਿਗੁਰੂ 13 ਵਾਰੀ ਅਤੇ ਵਾਹਗੁਰੂ 3 ਵਾਰੀ ਆਇਆ ਹੈ। ਇਸ ਤੋਂ ਪਤਾ
ਲਗਦਾ ਹੈ ਕਿ ਇਹ ਗ੍ਰੰਥ ਸੰਪੂਰਨ ਮਾਨਵ ਜਾਤੀ ਦੇ ਕਲਿਆਣ ਲਈ ਰਚਿਆ ਗਿਆ ਹੈ।
ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨ ਕਲਾ ਪਿੱਛੇ ਪੰਜਵੀਂ ਪਾਤਸ਼ਾਹੀ ਗੁਰੂ ਅਰਜੁਨ ਜੀ ਦੇਵ ਦੀ ਸੂਝਬੂਝ
ਅਤੇ ਸਖਤ ਮਿਹਨਤ ਹੈ। ਅਜਿਹਾ ਕਰਕੇ ਉਹਨਾਂ ਨੇ ਗ੍ਰੰਥ ਸੰਪਾਦਨ ਕਲਾ ਦੇ ਵਿਕਾਸ `ਚ ਮਹੱਤਵਪੂਰਣ
ਯੋਗਦਾਨ ਪਾਇਆ। ਇਸ ਵਿੱਚ ਬਿਨਾਂ ਭੇਦਭਾਵ ਦੇ ਨਿਰਗੁਣ ਭਗਤ ਸਾਧਕਾਂ ਦੀ ਬਾਣੀ ਸ਼ਾਮਲ ਕਰ ਲਈ ਗਈ,
ਜਿਸ ਦੁਆਰਾ ਮਾਨਵਤਾ ਦਾ ਅਧਿਆਤਮ ਕਲਿਆਣ ਸੰਭਵ ਸੀ। ਇਹ ਬਾਣੀ ਮਨੁੱਖ ਨੂੰ ਮਨੁੱਖ ਨਾਲ ਜੋੜਦੀ ਹੈ
ਅਤੇ ਜੀਵ ਨੂੰ ਮਨੁੱਖ ਬਣਨ ਲਈ ਪ੍ਰੇਰਦੀ ਹੈ। ਇਹ ਗ੍ਰੰਥ ਰਾਸ਼ਟਰੀ ਏਕਤਾ ਅਤੇ ਅਖੰਡਤਾ ਦਾ ਪ੍ਰਤੀਕ
ਹੈ। ਇਸ ਗ੍ਰੰਥ ਚੋਂ ਮਾਨਵਤਾ ਪ੍ਰਤੀ ਪ੍ਰੇਮ ਪਿਆਰ ਸਥਾਪਤ ਕਰਨ ਦਾ ਸੰਦੇਸ਼ ਮਿਲਦਾ ਹੈ। ਇਹ ਇੱਕ
ਅਜਿਹਾ ਗ੍ਰੰਥ ਹੈ ਜਿਸ ਵਿੱਚ ਹਰ ਵਿਅਕਤੀ ਨੂੰ ਆਤਮਿਕ ਸ਼ੁੱਧੀ ਲਈ ਆਬੇ-ਹਯਾਤ (ਅੰਮ੍ਰਿਤ) ਪ੍ਰਾਪਤ
ਹੋ ਸਦਕਾ ਹੈ। ਇਹ ਇੱਕ ਗਿਆਨ ਦਾ ਪੁੰਜ ਹੈ। ਇਸ ਦਾ ਲਾਭ ਉਹੀ ਉਠਾਏਗਾ ਜੋ ਇਸ ਵਿੱਚ ਲਿਖੇ ਉਪਦੇਸ਼ਾਂ
ਅਤੇ ਆਦਰਸ਼ਾਂ ਉੱਪਰ ਚਲੇਗਾ।
--ਦਾਸ
ਮਹਿੰਦਰ ਸਿੰਘ ਡਿੱਡਨ
ਫੋਨ: 9811526843
ਨਵੀ ਦਿੱਲੀ,
India