.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਨਿਊਜ਼ੀਲੈਂਡ ਵਿਖੇ ਸ਼ਬਦ ਵਿਚਾਰ

(ਕਿਸ਼ਤ ਚੌਥੀ)

ਚੌਥਾ ਹਫਤਾ

ਗੁਰਦੁਆਰਾ ਸਿਰੀ ਗੁਰੂ ਸਿੰਘ ਸਭਾ ਸ਼ੈਰਲ਼ੀ ਰੋਡ,

ਨਿਊਜ਼ੀਲੈਂਡ।

੨੭-੦੭-੦੯ ਤੋਂ ੦੨-੦੮-੦੯ ਤੀਕ

ਦਿਨ ਸੋਮਵਾਰ--੨੭-੦੭-੦੯

ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਸਲੋਕ ਦੀ ਵਿਆਖਿਆ ਕੀਤੀ। ਜੇ ਰੁੱਤ ਇੱਕ ਹੋਵੇ ਜ਼ਮੀਨ ਤਿਆਰ ਹੋਵੇ ਪਰ ਬੀਜ ਦੋ ਫਾੜ ਹੋਵੇ ਤਾਂ ਬੀਜ ਕਦੇ ਵੀ ਜਨਮ ਨਹੀਂ ਲਏਗਾ। ਜੇ ਜ਼ਮੀਨ ਤਿਆਰ ਹੋਵੇ ਤੇ ਬੀਜ ਸਾਬਤ ਹੋਵੇ ਪਰ ਰੁੱਤ ਅਨੁਕੂਲ ਨਾ ਹੋਵੇ, ਬੀਜ ਤਦ ਵੀ ਨਹੀਂ ਜਨਮ ਲਏਗਾ। ਬੀਜ ਸਾਬਤ ਹੋਵੇ ਰੁੱਤ ਅਨੁਕੂਲ ਹੋਵੇ ਪਰ ਜ਼ਮੀਨ ਤਿਆਰ ਨਹੀਂ ਬੀਜ ਕਦੇ ਵੀ ਫ਼ਲ਼ਦਾਰ ਨਹੀਂ ਹੋਵੇਗਾ। ਜਨੀ ਕਿ ਤਿੰਨਾਂ ਦਾ ਇਕਸਾਰ ਹੋਣਾ ਜ਼ਰੂਰੀ ਹੈ। ਇੰਜ ਹੀ ਕੁੱਝ ਪ੍ਰਾਪਤ ਕਰਨਾ ਹੈ ਤਾਂ ਸਾਨੂੰ ਵੀ ਇੱਕ ਹੋਣਾ ਹੀ ਪਏਗਾ। ਇਸ ਇਕਸਾਰਤਾ ਨੂੰ ਸਮਾਧੀ ਕਿਹਾ ਹੈ--- ‘ਸਹਜ ਸਮਾਧਿ ਲਗੀ ਲਿਵ ਅੰਤਰਿ ਸੋ ਰਸੁ ਸੇਈ ਜਾਣੈ ਜੀਉ’ ਲੜੀਵਾਰ ਸ਼ਬਦ ਦੀ ਵਿਚਾਰ ਵਿੱਚ ਸਹਿਜ ਅਵਸਥਾ ਵਿੱਚ ਵਿਚਰਨ ਨੂੰ ਸਮਾਧੀ ਕਿਹਾ ਹੈ। ਅੱਖਾਂ ਮੀਚ ਕੇ ਬੈਠਣ ਨੂੰ ਸਮਾਧੀ ਨਹੀਂ ਕਿਹਾ। ਗੁਰ-ਉਪਦੇਸ਼ ਨੂੰ ਸਮਝ ਕੇ ਜੀਵਨ ਵਿੱਚ ਧਾਰਨ ਕਰਨ ਨੂੰ ਸਹਿਜ ਅਵਸਥਾ ਦਾ ਨਾਂ ਦਿੱਤਾ ਹੈ। ਸਿੱਖੀ ਵਿੱਚ ਸਮਾਧੀ ਦੇ ਸੰਕਲਪ ਨੂੰ ਭਗਤ ਨਾਮ ਦੇਵ ਜੀ ਕੁੱਝ ਉਦਾਹਰਣਾਂ ਦੇ ਕੇ ਸਮਝਾਇਆ ਹੈ। ਜਿਸ ਤਰ੍ਹਾਂ ਮਾਂ ਘਰ ਦਾ ਕੰਮ ਕਰਦਿਆਂ ਬੱਚੇ ਵਿੱਚ ਧਿਆਨ ਰੱਖਦੀ ਹੈ ਏਸੇ ਤਰ੍ਹਾਂ ਹੀ ਆਪਣੀ ਕਿਰਤ-ਵਿਰਤ ਕਰਦਿਆਂ ਰੱਬੀ ਗੁਣਾਂ ਦਾ ਧਿਆਨ ਰੱਖਣਾ ਹੈ। ਪਰਮਾਤਮਾ ਦੂਰ ਨਹੀਂ ਹੈ ਪਰ ਸਾਡੇ ਗਿਆਨ ਇੰਦਰਿਆਂ `ਤੇ ਵਿਕਾਰਾਂ ਦਾ ਪਾਹ ਚੜ੍ਹੀ ਹੋਈ ਹੋਣ ਕਰਕੇ ਸਾਨੂੰ ਬਹੁਤ ਦੂਰ ਲੱਗਦਾ ਹੈ। ਰੱਬ ਜੀ ਦੇ ਮਿਲਣ ਦੀ ਨਿਸ਼ਾਨੀ ਸਹਿਜ ਤੇ ਸੰਤੋਖ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਮਨੁੱਖ ਹਰ ਵੇਲੇ ਖੁਸ਼ ਅਨੰਦ ਰਹਿੰਦਾ ਹੈ। ਦੈਵੀ ਗੁਣਾਂ ਦੀ ਦਾਤ ਤਾਂ ਸਾਨੂੰ ਰੱਬ ਜੀ ਨੇ ਬਖਸ਼ੀ ਹੋਈ ਹੈ ਪਰ ਅਸੀਂ ਲੈਣ ਲਈ ਤਿਆਰ ਨਹੀਂ ਹਾਂ। ਜਿਸ ਨੇ ਅਜੇਹੀ ਅਵਸਥਾ ਨੂੰ ਪ੍ਰਾਪਤ ਕਰ ਲਿਆ ਉਸ ਦਾ ਨਿਤਾ ਪ੍ਰਤੀ ਦਾ ਜਨਮ ਮਰਣ ਖ਼ਤਮ ਹੋ ਗਿਆ।

ਦਿਨ ਮੰਗਲ਼ਵਾਰ ਮਿਤੀ ੨੮-੦੭-੦੯.

ਲੜੀਵਾਰ ਕਥਾ ਕਰਨ ਤੋਂ ਪਹਿਲਾਂ ਭਾਈ ਗੁਰਦਾਸ ਜੀ ਦਾ ਵਿਚਾਰ ਸਮਝ ਵਿੱਚ ਲਿਆਉਣ ਦਾ ਯਤਨ ਕੀਤਾ। ਜਿਸ ਤਰ੍ਹਾਂ ਕਾਗ਼ਜ਼ ਪਾਣੀ ਵਿੱਚ ਪਾਉਣ ਨਾਲ ਗਲ਼ ਜਾਂਦਾ ਹੈ ਪਰ ਜੇ ਕਾਗ਼ਜ਼ ਨੂੰ ਥਿੰਦਾ ਲਗਾ ਲਈਏ ਤਾਂ ਉਹ ਕਾਗ਼ਜ਼ ਗਲ਼ੇਗਾ ਨਹੀਂ। ਲੋਹਾ ਪਾਣੀ ਵਿਣ ਪਾਉਣ ਨਾਲ ਡੁੱਬ ਜਾਂਦਾ ਹੈ ਪਰ ਜੇ ਉਸ ਦੀਆਂ ਪੱਤੀਆਂ ਬਣਾ ਕੇ ਬੇੜੀ ਬਣਾ ਲਈਏ ਤਾਂ ਉਹ ਕਈਆਂ ਨੂੰ ਪਾਰ ਲੰਘਾਉਂਦਾ ਹੈ। ਇੱਕ ਚੰਗਿਆੜਾ ਲੱਖਾਂ ਮਣ ਰੂੰ ਸਾੜ ਦੇਂਦਾ ਹੈ ਪਰ ਜੇ ਉਸ ਦੀ ਬੱਤੀ ਬਣਾ ਕੇ ਦੀਵੇ ਵਿੱਚ ਪਾ ਦਈਏ ਤਾਂ ਉਹ ਰੂੰ ਲੋਅ ਕਰਦਾ ਹੈ। ਏਸੇ ਤਰ੍ਹਾਂ ਹੀ ਅਸੀਂ ਦੁੱਖਾਂ ਦਾ ਸਿੱਧੇ ਤੌਰ ਤੇ ਮੁਕਾਬਲਾ ਨਹੀਂ ਕਰ ਸਕਦੇ ਪਰ ਗੁਰ-ਗਿਆਨ ਦੁਆਰਾ ਦੁੱਖ ਦੀ ਅਸਲੀਅਤ ਸਮਝ ਆ ਜਾਏ ਤਾਂ ਅਸੀਂ ਸੁੱਖ ਪ੍ਰਾਪਤ ਕਰ ਸਕਦੇ ਹਾਂ। ਲੜੀਵਾਰ ਕਥਾ ਵਿੱਚ ਗੁਰੂ ਜੀ ਵਲੋਂ ਪਹਿਲਾਂ ਸਿਧਾਂਤ ਦੱਸਿਆ ਹੈ ਕੇ ਜੇ ਗੁਰੂ ਦੇ ਚਰਣਾਂ ਨੂੰ ਭਾਵ ਰੱਬੀ ਉਪਦੇਸ਼ ਨੂੰ ਮਨ ਵਿੱਚ ਵਸਾ ਲਈਏ ਤਾਂ ਦੁੱਖਾਂ ਦਾ ਡੇਰਾ ਪੁੱਟਿਆ ਜਾ ਸਕਦਾ ਹੈ। ਦੂਸਰਾ ਵਿਚਾਰ ਗੁਰੂ ਜੀ ਚਰਣ ਭਾਵ ਰੱਬੀ ਗੁਣ ਮਨ ਵਿੱਚ ਵੱਸਣ ਨਾਲ ਵਿਕਾਰ ਰੋਗ ਸਾਡੇ ਦੋਸਤ ਬਣ ਜਾਂਦੇ ਹਨ। ਕਾਮ ਦੇਵਤਾ ਪਿਆਰ ਵਿੱਚ ਤਬਦੀਲ ਹੋ ਜਾਂਦਾ ਹੈ। ਤੀਸਰਾ, ਉਸ ਦੇ ਰਾਹ `ਤੇ ਤੁਰਨ ਵਾਲਿਆਂ ਦੀ ਬਾ-ਜਾਤੇ ਖ਼ੁਦ ਸਹਾਇਤਾ ਹੋਣੀ ਸ਼ੁਰੂ ਹੋ ਜਾਂਦੀ ਹੈ। ਚੌਥਾ ਜਿਸ ਨੂੰ ਰਸ ਆਉਣ ਲੱਗ ਪੈਂਦਾ ਉਹ ਹਰ ਵੇਲੇ ਸਹਿਜ ਅਵਸਥਾ ਵਿੱਚ ਵਿਚਰਦਾ ਹੈ। ਸੰਸਾਰ ਦੇ ਪਦਾਰਥਾਂ ਵਿਚੋਂ ਸਰੀਰਕ ਸੁੱਖ ਤਾਂ ਲਿਆ ਜਾ ਸਕਦਾ ਹੈ ਪਰ ਆਤਮਕ ਸੁੱਖ ਦੀ ਰੱਬੀ ਨਾਮ ਭਾਵ ਉਸ ਦੇ ਗੁਣਾਂ ਵਿਚੋਂ ਹੀ ਆ ਸਕਦੀ ਹੈ।

ਦਿਨ ਬੁੱਧਵਾਰ ਮਿਤੀ ੨੯-੦੭-੦੯.

ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ੧੦੭ ਤੇ ‘ਸੋ ਰਿਦਾ ਸੁਹੇਲਾ ਜਿਤੁ ਹਰਿ ਗੁਣ ਗਾਈਐ’ ਅੰਕਤ ਸ਼ਬਦ ਦੀ ਵਿਚਾਰ ਕਰਨ ਤੋਂ ਇਹ ਵਿਚਾਰਿਆ ਗਿਆ। ਕਿ ਜੇ ਆਦਮੀ ਕੋਲੇ ਸਰੀਰਕ ਤਲ਼ ਵਾਲੀਆਂ ਸਾਰੀਆਂ ਸੁੱਖ ਸਹੂਲਤਾਂ ਹੋਣ ਤਾਂ ਫਿਰ ਇਸ ਪਾਸ ਕੋਈ ਵੀ ਬਹਾਨਾ ਨਹੀਂ ਰਹਿ ਜਾਂਦਾ ਕਿ ਮੈਂ ਚੰਗਾ ਇਨਸਾਨ ਨਾ ਬਣਾ। ਹਾਂ ਕਿਸੇ ਆਦਮੀ ਪਾਸ ਸੁੱਖ ਸਹੂਲਤ ਨਾ ਹੋਣ ਤਾਂ ਉਹ ਤਰਕ ਕਰ ਸਕਦਾ ਹੈ ਕਿ ਜੀ ਮੇਰੇ ਪਾਸ ਤਾਂ ਸਮਾਂ ਹੀ ਨਹੀਂ ਹੈ ਮੈਂ ਸਮਾਜ ਦੀ ਸੇਵਾ ਕਿਵੇਂ ਕਰਾਂ? ਲੜੀਵਾਰ ਸ਼ਬਦ ਦੀ ਵਿਚਾਰ ਦੇ ਪਹਿਲੇ ਚਰਣ ਵਿੱਚ ਗੁਰੂ ਸਾਹਿਬ ਜੀ ਕਹਿ ਰਹੇ ਹਨ, ਕਿ ਜੇ ਸੱਚ ਨੂੰ ਅਪਨਾਉਣ ਦਾ ਯਤਨ ਕਰੇਂਗਾ ਤਾਂ ਅਵੱਸ਼ ਤੇਰੇ ਮਨ ਰੂਪੀ ਧਰਤੀ ਵਿੱਚ ਆਤਮਕ ਸੁੱਖ ਫਸਲ ਤਿਆਰ ਹੋਵੇਗੀ। ਦੂਸਰੇ ਬੰਦ ਵਿੱਚ ਪਰਮਾਤਮਾ ਦੇ ਗੁਣਾਂ ਦੀ ਕੋਈ ਵੀ ਕੀਮਤ ਨਹੀਂ ਪਾ ਸਕਦਾ। ਸ਼ਬਦ ਨੂੰ ਸਮਝ ਕੇ ਉਸ `ਤੇ ਤੁਰਨ ਨਾਲ ਜ਼ਿੰਦਗੀ ਦੀ ਸੂਝ ਆ ਸਕਦੀ ਹੈ। ਗੁਰ-ਗਿਆਨ ਵਿੱਚ ਰੰਗਿਆ ਹੋਇਆ ਵਡਭਾਗੀ ਜੀਵ ਸੱਚ ਦਾ ਰੂਪ ਹੋ ਨਿਬੜਦਾ ਹੈ। ਚੌਥੇ ਬੰਦ ਵਿੱਚ ਸਮਝਾਇਆ ਗਿਆ ਹੈ ਕਿ ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਸੁਭ ਗੁਣਾਂ ਨੂੰ ਅਸੀਂ ਜਾਣਦੇ ਹੋਏ ਵੀ ਅਵੇਸੇਲੇ ਹੋ ਜਾਂਦੇ ਹਾਂ। ਪਰਮਾਣ ਵਜੋਂ ਦੋ ਸ਼ਬਦਾਂ ਦੀ ਵੀ ਵਿਚਾਰ ਕੀਤੀ। ਇੱਕ ਤਾਂ ‘ਜੋ ਮਾਗਹਿ ਠਾਕੁਰ ਆਪਣੇ’ ਸ਼ਬਦ ਦੀ ਵਿਚਾਰ ਨੂੰ ਸਮਝਿਆ ਗਿਆ ਕਿ ਇਸ ਵਿੱਚ ਦੁਨਿਆਵੀ ਕਿਸੇ ਵੀ ਮੰਗ ਦਾ ਜ਼ਿਕਰ ਨਹੀਂ ਕੀਤਾ ਗਿਆ। ਇਸ ਵਿੱਚ ਤਾਂ ਅਵਗੁਣਾਂ ਨੂੰ ਕੱਟਣ ਤੇ ਗੁਣਾਂ ਦੀ ਪ੍ਰਾਪਤੀ ਦੀ ਗੱਲ ਨੂੰ ਵਿਚਾਰਿਆ ਗਿਆ ਹੈ। ਕਬੀਰ ਸਾਹਿਬ ਜੀ ਦੇ ਸ਼ਬਦ ਹਜ ਹਮਾਰੀ ਗੋਮਤੀ ਤੀਰ ਵਾਲੇ ਸ਼ਬਦ ਦੀ ਵਿਚਾਰ ਨੂੰ ਸਮਝਿਆ ਕਿ ਖ਼ੁਦਾ ਜਾਂ ਭਗਵਾਨ ਕਿਸੇ ਧਾਰਮਕ ਥਾਂ ਦਾ ਮੁਥਾਜ ਨਹੀਂ ਹੈ। ਉਹ ਤਾਂ ਸਾਰਿਆਂ ਹਿਰਦਿਆਂ ਵਿੱਚ ਰਹਿੰਦਾ ਹੈ। ਇਸ ਲਈ ਮੇਰੇ ਲਈ ਹੱਜ ਜਾਂ ਗੋਮਤੀ ਨਦੀ ਦੇ ਕਿਨਾਰਿਆਂ `ਤੇ ਜਾਣ ਦੀ ਥਾਂ `ਤੇ ਆਪਣੇ ਦੇ ਸ਼ੁਭ ਗੁਣਾਂ ਵਿੱਚ ਹੀ ਇਸ਼ਨਾਨ ਕਰਨਾ ਚਾਹੀਦਾ ਹੈ।

ਦਿਨ ਵੀਰਵਾਰ ਮਿਤੀ ੩੦-੦੭-੦੯.

ਲੜੀਵਾਰ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਕਬੀਰ ਜੀ ਦੇ ਇੱਕ ਸਲੋਕ ਦੀ ਵਿਚਾਰ ਕੀਤੀ ਕੇ ਜਿਸ ਤਰ੍ਹਾਂ ਆਟਾ ਮਿੱਟੀ ਵਿੱਚ ਡਿੱਗ ਕੇ ਖਾਣ ਦੇ ਕਾਬਲ ਨਹੀਂ ਰਹਿੰਦਾ ਪਰ ਵਿਕਾਰਾਂ ਵਿੱਚ ਜੀਵਨ ਵੀ ਮਨੁੱਖੀ ਕਦਰਾਂ ਕੀਮਤਾਂ ਤੋਂ ਡਿੱਗ ਜਾਂਦਾ ਹੈ। ਪਰ ਚੱਕੀ ਪੀਂਹਦਿਆਂ ਜੋ ਦਾਣੇ ਖਾਧੇ ਗਏ ਉਹ ਬਾਕੀ ਬੱਚ ਜਾਂਦਾ ਹੈ। ਕੋਈ ਦਿਨ ਰਾਤ ਮਾੜਾ ਨਹੀਂ ਹੈ, ਸਿਰਫ ਉਹ ਹੀ ਘੜੀ ਚੰਗੀ ਹੈ ਜਦੋਂ ਖ਼ੁਦਾਈ ਹੋ ਕੇ ਬਤੀਤ ਕੀਤੀ ਜਾਏ। ਲੜੀਵਾਰ ਸ਼ਬਦ ਵਿੱਚ ਵੀ ਏਸੇ ਗੱਲ ਦੀ ਪ੍ਰੋੜਤਾ ਕੀਤੀ ਗਈ ਹੈ। ਗੁਰੂ ਦੀ ਸੰਗਤ ਕੀਤਿਆਂ ਜਿੱਥੇ ਸੋਝੀ ਆਉਂਦੀ ਹੈ ਓੱਥੇ ਸਾਡੇ ਭਰਮ ਅਤੇ ਡਰ ਵੀ ਖ਼ਤਮ ਹੁੰਦੇ ਹਨ। ਭੈੜੀਆਂ ਵਾਦੀਆਂ ਕਿਨਾਰਾ ਕਰ ਜਾਂਦੀਆਂ ਹਨ। ਦੂਜੀ ਗੱਲ ਕੇ ਰੱਬੀ ਗੁਣਾਂ ਦੇ ਰਹਿੰਦਿਆਂ ਭੈੜੀ ਵਿਚਾਰ ਨੇੜੇ ਨਹੀਂ ਢੁੱਕ ਸਕਦੀ। ਸ਼ੁਭ ਗੁਣਾਂ ਦੇ ਹਰ ਵੇਲੇ ਦੇ ਅਭਿਆਸ ਨੂੰ ਨਾਮ ਧਿਆਉਣਾ ਕਿਹਾ ਗਿਆ ਹੈ।

ਗੁਰੂ ਤੇਗ ਬਹਾਦਰ ਜੀ ਦੇ--- “ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ” ਸ਼ਬਦ ਦੀ ਵਿਚਾਰ ਕਰਦਿਆਂ ਇਸ ਗੱਲ ਨੂੰ ਸਮਝਿਆ ਹੈ ਕਿ ਨਿਰੀ ਅਜਾਮਲ, ਗਨਿਕਾ ਤੇ ਦ੍ਰੋਪਤੀ ਦੀ ਸਾਖੀ ਸਣਾਉਣ ਨਾਲ ਸਾਡਾ ਕੋਈ ਕਲਿਆਣ ਨਹੀਂ ਹੋ ਸਕਦਾ ਜਿੰਨਾ ਚਿਰ ਅਸੀਂ ਅੰਦਰ ਬੈਠੇ ਅਜਾਮਲ ਤੇ ਗਨਿਕਾ ਦੀ ਪਹਿਛਾਣ ਨਹੀਂ ਕਰਦੇ। ਸਾਡੀ ਮਤ ਦ੍ਰੋਪਤੀ ਵਾਂਗ ਵਿਕਾਰਾਂ ਵਿੱਚ ਘਿਰੀ ਹੋਈ ਹੈ। ਮੁਕਤ ਹੋ ਸਕਦੀ ਹੈ ਜੇ ਗੁਰਮਤ ਨੂੰ ਮਨ ਵਿੱਚ ਵਸਾ ਲਈਏ। ਦੂਸਰਾ ਸ਼ਬਦ “ਹਲੇ ਯਾਰਾਂ ਹਲੇ ਯਾਰਾਂ, ਖੁਸਿ ਖਬਰੀ” ਦੀ ਵਿਚਾਰ ਕਰਦਿਆਂ ਇਹ ਸਮਝਿਆ ਗਿਆ ਕਿ ਜਿਸ ਤਰ੍ਹਾਂ ਕਬੀਰ ਜੀ ਹੱਜ ਹਮਾਰੀ ਗੋਮਤੀ ਦੇ ਅਰਥਾਂ ਨੂੰ ਆਪਣੇ ਦੀ ਵਿਚਲੀ ਅਵਸਥਾ ਦਾ ਜ਼ਿਕਰ ਕਰਦੇ ਹਨ। ਕਿ ਹੁਣ ਸਾਨੂੰ ਹੱਜ ਜਾਂ ਹਿੰਦੂਆਂ ਦੇ ਧਾਰਮਕ ਅਸਥਾਨ `ਤੇ ਜਾਣ ਦੀ ਲੋੜ ਨਹੀਂ ਹੈ। ਏਸੇ ਤਰ੍ਹਾਂ ਹੀ ਇਸ ਸ਼ਬਦ ਦੀ ਵਿਚਾਰਧਾਰਾ ਨੂੰ ਸਮਝ ਕੇ ਕਹਿ ਸਕਦੇ ਹਾਂ ਬਿੰਦਰਾਬਨ ਨਾਂ ਵੀ ਸਾਡੇ ਮਨ ਦੀ ਅਵਸਥਾ ਵਿੱਚ ਹੀ ਆਉਂਦਾ ਹੈ। ਮਨੁੱਖ ਵਾਂਗ ਰੱਬ ਜੀ ਦਾ ਪ੍ਰਗਟ ਹੋਣਾ ਕੋਈ ਸਿੱਖੀ ਦਾ ਸਿਧਾਂਤ ਨਹੀਂ ਹੈ। ਗੁਰਬਾਣੀ ਸਿਧਾਂਤ ਤਾਂ ਸਾਰੀ ਮਨੁੱਖਤਾ ਦੇ ਮਨ ਨੂੰ ਸਚਿਆਰ ਬਣਨ ਦਾ ਸੁਨੇਹਾ ਦੇ ਰਹੀ ਹੈ ਪਰ ਅਸੀਂ ਭਗਤਮਾਲਾਂ ਦੀਆਂ ਬੇ-ਸਿਰ ਕਥਾ ਕਹਾਣੀਆਂ ਨੂੰ ਜੱਫੀ ਪਾਈ ਬੈਠੇ ਹਾਂ। ਅਸਲ ਵਿੱਚ ਗੁਰਬਾਣੀ ਸਾਡੇ ਜੀਵਨ ਜਾਚ ਦਾ ਖ਼ਜ਼ਾਨਾ ਹੈ।

ਦਿਨ ਸ਼ੁੱਕਰਵਾਰ ਮਿਤੀ ੩੧-੦੭-੦੯.

ਕਬੀਰ ਜੀ ਦੇ ਸਲੋਕ ਤੋਂ ਵਿਚਾਰ ਦੀ ਅਰੰਭਤਾ ਕਰਦਿਆਂ ਕਿਹਾ ਗਿਆ ਕਿ ਗੁਰਦੁਆਰੇ ਆਇਆ ਤਦੋਂ ਹੀ ਸਫਲ ਗਿਣਿਆ ਜਾ ਸਕਦਾ ਹੈ ਜਦੋਂ ਨਿਜੀ ਲਾਲਚ ਗਿਆਨ ਇੰਦ੍ਰਿਆਂ ਦੀ ਮਲੀਨ ਸੋਚ ਤੋਂ ਛੁੱਟਕਾਰਾ ਪਾ ਲਈਏ। ਬੇ-ਲੋੜੀਆਂ ਖੁਸ਼ੀਆਂ, ਚਿੰਤਾਵਾਂ ਤੋਂ ਮੁਕਤ ਹੋ ਸਕੀਏ। ਮਨੁੱਖ ਦਾ ਜੀਵਨ ਬਹੁਤ ਕੀਮਤੀ ਹੈ ਪਰ ਇਸ ਖ਼ੁਦਾ ਦੇ ਬੇਟੇ ਨੇ ਇਸ ਦੀ ਕੀਮਤ ਨੂੰ ਨਹੀਂ ਸਮਝਿਆ। ਲੜੀਵਾਰ ਸ਼ਬਦ ਦੀ ਵਿਚਾਰ ਕਰਦਿਆਂ ਗੁਰੂ ਸਾਹਿਬ ਜੀ ਸ਼ਬਦ ਦੇ ਪਹਿਲੇ ਬੰਦ ਵਿੱਚ ਸਮਝਾ ਰਹੇ ਹਨ ਕਿ ਬੰਦਿਆ! ਪਰਮਾਤਮਾ ਹਰ ਥਾਂ `ਤੇ ਹਾਜ਼ਰ ਹੈ। ਉਸ ਰੱਬੀ ਨਿਯਮ ਦੇ ਤਹਿਤ ਹੀ ਸਾਰੇ ਸੰਸਾਰ ਦੀ ਉਤਪਤੀ ਹੋ ਰਹੀ ਹੈ। ਉਸ ਦੇ ਗੁਣ ਵਰਤਮਾਨ ਜੀਵਨ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਡੇ ਕੰਮ ਆਉਣਗੇ। ਇਸ ਲਈ ਦੂਸਰੇ ਬੰਦ ਵਿੱਚ ਇਸ ਗੱਲ ਨੂੰ ਨਿਰਧਾਰਤ ਕੀਤਾ ਗਿਆ ਹੈ ਕਿ ਕਿਉਂ ਨਾ ਉਸ ਦੇ ਗੁਣਾਂ ਨੂੰ ਹਰ ਵੇਲੇ ਯਾਦ ਕਰਦੇ ਰਹੀਏ। ਜਿਸ ਨੇ ਵੀ ਇਸ ਅਭਿਆਸ ਵਿੱਚ ਆਪਣੇ ਆਪ ਨੂੰ ਢਾਲ ਲਿਆ ਉਹ ਆਪਣੇ ਜਨਮ ਨੂੰ ਜੂਆਰੀਆਂ ਵਾਂਗ ਹਰਾਏਗਾ ਨਹੀਂ। ਤੀਸਰੇ ਬੰਦ ਵਿੱਚ ਇਸ ਗੱਲ `ਤੇ ਜ਼ੋਰ ਦਿੱਤਾ ਗਿਆ ਹੈ ਕਿ ਮਲੀਨ ਸੋਚ ਦਾ ਜੋ ਹਰ ਵੇਲੇ ਜਨਮ ਹੋ ਰਿਹਾ ਸੀ ਉਸ ਅਖੌਤੀ ਜਨਮ ਤੋਂ ਛੁੱਟਕਾਰਾ ਮਿਲ ਜਾਏਗਾ। ਜੇ ਅੱਠੇ ਪਹਿਰ ਰੱਬੀ ਗੁਣਾਂ ਦੀ ਵਰਤੋਂ ਕਰਦਾ ਰਹੇਗਾ। ਗੁਰ-ਗਿਆਨ ਦੁਆਰਾ ਰੱਬੀ ਗੁਣਾਂ ਦੀ ਦਾਤ ਨੂੰ ਵਰਤਦਿਆਂ ਕਿਸੇ ਮਨੁੱਖ ਦੀ ਆਸ ਦਾ ਝੰਝਟ ਮੁੱਕ ਜਾਂਦਾ ਹੈ। ਜਨਮ ਦੀ ਵਿਚਾਰਧਾਰਾ ਨੂੰ ਸਮਝਣ ਲਈ ਗੁਰੂ ਅਰਜਨ ਸਾਹਿਬ ਜੀ ਦੇ ਇੱਕ ਸ਼ਬਦ “ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ” ਜੋ ਗੁਰੂ ਗ੍ਰੰਥ ਸਾਹਿਬ ਜੀ ਪੰਨਾ ਨੰਬਰ ੧੭੬ `ਤੇ ਅੰਕਤ ਹੈ ਦੀ ਵਿਚਾਰ ਕਰਦਿਆਂ ਇਹ ਵਿਚਾਰਨ ਦਾ ਯਤਨ ਕੀਤਾ ਕਿ ਅਸੀਂ ਕੇਵਲ ਪਹਿਲੀਆਂ ਤੁਕਾਂ ਹੀ ਪੜ੍ਹ ਲੈਂਦੇ ਹਾਂ ਸਾਰੇ ਸ਼ਬਦ ਨੂੰ ਕਦੇ ਵੀ ਪੜ੍ਹਨ ਦਾ ਯਤਨ ਨਹੀਂ ਕੀਤਾ। ਦਰ-ਅਸਲ ਇਸ ਸ਼ਬਦ ਵਿੱਚ ਮਨੁੱਖ ਦੀਆਂ ਅੰਦਰਲੀਆਂ ਬਿਰਤੀਆਂ ਦਾ ਵਿਸਥਾਰ ਸਹਿਤ ਵਰਣਨ ਕੀਤਾ ਗਿਆ ਹੈ ਕਿ ਦੇਖਣ ਨੂੰ ਤਾਂ ਇਹ ਮਨੁੱਖ ਲੱਗਦਾ ਹੈ ਪਰ ਇਸ ਦੀ ਕਰਤੂਤਾਂ ਪਸ਼ੂਆਂ ਪੰਛੀਆਂ ਵਰਗੀਆਂ ਲੱਗਦੀਆਂ ਹਨ। ਆਮ ਕਰਕੇ ਇਸ ਸ਼ਬਦ ਨੂੰ ਪਿਛਲੀਆਂ ਜੂਨਾਂ ਵਿੱਚ ਪੇਸ਼ ਕਰਕੇ ਸੁਣਾਇਆ ਗਿਆ ਹੈ। ਇਸ ਸ਼ਬਦ ਦਾ ਤੱਤ ਭਾਵ ਇਹ ਹੀ ਹੈ ਕਿ ਜੇ ਅਸੀਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰ-ਸਿਧਾਂਤ ਨੂੰ ਆਪਣੀ ਸੋਚ ਦਾ ਹਿੱਸਾ ਬਣਾ ਲਈਏ ਤਾਂ ਇੱਕ ਨਵੇਂ ਅਧਿਆਏ ਦੀ ਅਰੰਭਤਾ ਹੁੰਦੀ ਹੈ। ਇਸ ਨੂੰ ਮਾਨਸਕ ਤਲ਼ `ਤੇ ਦੂਸਰਾ ਜਨਮ ਕਿਹਾ ਗਿਆ ਹੈ। ਬਰਹਾਮਣ ਵਾਲੀਆਂ ਜੂਨਾਂ ਦਾ ਸਿੱਖ ਸਿਧਾਂਤ ਨਾਲ ਕੋਈ ਮਤਲਵ ਨਹੀਂ ਹੈ।

ਦਿਨ ਸ਼ਨੀਚਰਵਾਰ ਮਿਤੀ ੦੧-੦੮-੦੯.

ਗੁਰੁਦੁਆਰਾ ਸ੍ਰਿੀ ਗੁਰੂ ਸਿੰਘ ਸਭਾ ਸ਼ੈਰਲ਼ੀ ਰੋਡ ਵਲੋਂ ਤਰਾਨਾ ਰੇਡੀਓ `ਤੇ ਭਾਈ ਕੁਲਵੰਤ ਸਿੰਘ ਜੀ ਨਾਲ ਬਣਾਏ ਪ੍ਰੋਗਰਾਮ ਅਨੁਸਾਰ ਇਤਿਹਾਸਕ ਤੱਥਾਂ ਦੇ ਅਧਾਰਤ ਇਹ ਦੱਸਣ ਦਾ ਯਤਨ ਕੀਤਾ ਗਿਆ ਕਿ ਸੰਤ ਸ਼ਬਦ ਦੀ ਵਰਤੋਂ ੧੯੦੫ ਦੇ ਨੇੜੇ ਜਾ ਕੇ ਹੋਈ ਹੈ ਇਸ ਤੋਂ ਪਹਿਲਾਂ ਕਿਸੇ ਵੀ ਮਨੁੱਖ ਦੇ ਨਾਂ ਨਾਲ ਸੰਤ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। ਇਸ ਗੱਲ ਦੀ ਖਾਸ ਤੌਰ `ਤੇ ਵਿਚਾਰ ਹੋਈ ਕੇ ਫਲਾਣੇ ਬ੍ਰਹਮ ਗਿਆਨੀ ਜਾਂ ਸੰਤ ਬਾਬਾ ਜੀ ਬਹੁਤ ਹੀ ਪਹੁੰਚੇ ਹੋਏ ਹਨ। ਬੇਨਤੀ ਕੀਤੀ ਗਈ ਕਿ ਅਜੇਹੇ ਪਹੁੰਚਿਆਂ ਹੋਇਆਂ ਬੂਬਨਿਆਂ ਤੂਤਿਆਂ ਦਾ ਕੌਮ ਨੂੰ ਕੀ ਲਾਭ ਹੈ? ਰੇਡੀਓ ਤੇ ਗੁਰਬਾਣੀ ਦੀ ਮਹੱਤਤਾ ਸੰਬੰਧੀ ਵਿਚਾਰ ਕਰਦਿਆਂ ਕਿਹਾ ਗਿਆ ਕਿ ਅੱਜ ਕੁੱਝ ਵੀਰ ਬਚਿੱਤ੍ਰ ਨਾਟਕ ਵਰਗੇ ਗ੍ਰੰਥਾਂ ਦਾ ਵੀ ਪ੍ਰਕਾਸ਼ ਕਰਨ ਦੀ ਜ਼ਿਦ ਕਰ ਰਹੇ ਹਨ ਤੇ ਏਸੇ ਦੇ ਅਧਾਰਤ ਹੇਮ ਕੁੰਟ ਵਰਗੇ ਅਸਥਾਨ ਪੈਦਾ ਹੋ ਗਏ ਹਨ ਜੋ ਕੌਮ ਲਈ ਬਹੁਤ ਘਾਤਕ ਹਨ। ਗੁਰਮਤ ਵਿਚਾਰਾਂ ਦੀ ਸਾਂਝ ਪਾਉਂਦਿਆਂ ਬਹੁਤ ਸਾਰੇ ਸਰੋਤਾ ਜਨ ਵਲੋਂ ਆਏ ਸਵਾਲਾਂ ਦੇ ਜੁਆਬ ਦਿੱਤੇ ਗਏ।

ਦਿਨ ਸ਼ਨੀਚਰਵਾਰ ਮਿਤੀ ੦੧-੦੮-੦੯.

ਸ਼ਾਮ ਦੇ ਦਿਵਾਨ ਵਿੱਚ ਲੜੀਵਾਰ ਸ਼ਬਦ ਦੀ ਵਿਚਾਰ ਕਰਦਿਆਂ ਸਮਝਿਆ ਗਿਆ ਕਿ ਰੱਬ ਜੀ ਦਾ ਅੱਠੇ ਪਹਿਰ ਹੀ ਗੁਣਾਂ ਨੂੰ ਗਾਉਣਾ ਚਾਹੀਦਾ। ਪ੍ਰਮਾਣ ਵਜੋਂ “ਊਠਤ ਬੈਠਤ ਸੋਵਤ ਧਿਆਈਐ” ਦੀ ਵਿਚਾਰ ਕੀਤੀ ਕਿ ਪਰਮਾਤਮਾ ਦੇ ਰੱਬੀ ਗੁਣਾਂ ਦੀ ਹਰ ਵੇਲੇ ਵਰਤੋਂ ਕਰਦੇ ਰਹਿਣ ਨੂੰ ਹੀ ਪ੍ਰਮਾਤਮਾ ਦਾ ਨਾਂ ਧਿਆਉਣਾ ਗਿਆ ਹੈ। ਜੇ ਗੁਰਬਾਣੀ ਦੇ ਰੱਬੀ ਗਿਆਨ ਨੂੰ ਜੋ ਗੁਣਾਂ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਹਰ ਸਮੇਂ ਆਪਣੀ ਜ਼ਿੰਦਗੀ ਦਾ ਅੰਗ ਬਣਾ ਲਈਏ ਤਾਂ ਸਾਡੇ ਗਿਆਨ ਇੰਦਰਿਆਂ ਨੇੜੇ ਵਿਕਾਰ ਨਹੀਂ ਢੁੱਕ ਸਕਦੇ। ਇਸ ਨੂੰ ਕਿਹਾ ਗਿਆ ਹੈ ਕਿ ਮਨ ਤਨ ਰੱਬੀ ਪਿਆਰ ਵਿੱਚ ਰੰਗਿਆ ਗਿਆ। ਫਿਰ ਇੱਕ ਸਵਾਸ ਵੀ ਸਾਡਾ ਵਿਕਾਰੀ ਬਿਰਤੀ ਵਿੱਚ ਨਹੀਂ ਡੁੱਬਦਾ। ਕੋਈ ਬੇੜੀ ਪਾਣੀ ਵਿੱਚ ਹੀ ਤਰ ਸਕਦੀ ਹੈ ਤੇ ਪਾਣੀ ਵਿਚਹੀ ਡੁੱਬ ਸਕਦੀ ਹੈ ਇੰਜ ਹੀ ਅਸੀਂ ਸੰਸਾਰ ਵਿੱਚ ਰਹਿੰਦਿਆਂ ਤਰ ਵੀ ਸਕਦੇ ਹਾਂ ਤੇ ਵਿਕਾਰਾਂ ਦੇ ਪਾਣੀ ਡੁੱਬ ਵੀ ਸਕਦੇ ਹਾਂ। ਹਾਂ ਗੁਰੂ ਨਾਲ ਵਿਚਾਰਾਂ ਦੀ ਸਾਂਝ ਪਾ ਕੇ ਵਿਕਾਰੀ ਜਮਾਂ ਤੋਂ ਖਲਾਸੀ ਪਾ ਸਕਦੇ ਹਾਂ। ਸ਼ੁਭ ਗੁਣਾਂ ਰੂਪੀ ਪਦਾਰਥਾਂ ਦੀ ਪੂਰਤੀ, ਗੁਰੂ ਦੀ ਸ਼ਰਣ ਵਿੱਚ ਨਿਰਧਾਰਤ ਕਰਦਿਆਂ ਨਤੀਜਾ ਕਿਲਬਿਖ ਭਾਵ ਮਲੀਨ ਸੋਚ ਦੇ ਖਾਤਮੇ `ਤੇ ਜਾ ਕੇ ਹੁੰਦਾ ਹੈ। ਫਿਰ ਗ੍ਰਹਿਸਤ ਛੱਡਣ ਦੀ ਲੋੜ ਨਹੀਂ ਰਹਿੰਦੀ। ਪਰਵਾਰਕ ਜ਼ਿੰਮੇਵਾਰੀ ਨਿਬਾਹੁੰਦਿਆਂ ਹੀ ਕਰਤਾਰ ਨਾਲ ਮਿਲਾਪ ਦੀ ਸਿਖਰ ਨੂੰ ਛੋਹ ਜਾਂਦਾ ਹੈ। ਦੁਖਾਂਤ ਏਹੀ ਹੈ ਕਿ ਅੱਜ ਭੋਲੀ ਸੰਗਤ ਨੂੰ ਤੇਜ਼-ਤਰਾਰ ਬਿਰਤੀ ਵਾਲੇ ਲੋਕਾਂ ਤੇ ਸਾਧਾਂ ਨੇ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਹੋਇਆ ਹੈ। ਕਿਉਂਕਿ ਅਸੀਂ ਆਪ ਗੁਰਬਾਣੀ ਵਿਚਾਰਨ ਲਈ ਤਿਆਰ ਨਹੀਂ ਹਾਂ।

ਦਿਨ ਐਤਵਾਰ ਮਿਤੀ ੦੨-੦੮-੦੯.

ਐਤਵਾਰ ਨੂੰ ਦੋ ਸ਼ਬਦ ਦੇ ਇੱਕ ਸਲੋਕ ਦੀ ਵਿਚਾਰ ਸਾਂਝੀ ਕੀਤੀ। ਸਲੋਕ ਸਹਿਸਕ੍ਰਿਤੀ ਅਨੁਸਾਰ ਹਰ ਇਨਸਾਨ ਚਾਹੁੰਦਾ ਹੈ ਕਿ ਮੈਨੂੰ ਦੁੱਖ ਨਾ ਆਉਣ, ਮੈਨੂੰ ਕੋਈ ਵੀ ਫਿਟਕਾਰ ਨਾ ਪਾਏ, ਮੇਰਾ ਕਦੇ ਵੀ ਮਾਣ ਨਹੀਂ ਘਟਨਾ ਚਾਹੀਦਾ ਤਾਂ ਇਸ ਦਾ ਇਕੋ ਹੀ ਹੱਲ ਹੈ ਕਿ ਗੁਰੂ ਜੀ ਦੀ ਸੰਗਤ ਕੀਤੀ ਜਾਏ ਭਾਵ ਗੁਰ-ਗਿਆਨ ਨੂੰ ਸਮਝ ਕਿ ਆਪਣੀ ਸੋਚ ਦਾ ਹਿੱਸਾ ਬਣਾਇਆ ਜਾਏ। ਦੂਸਰਾ ਸ਼ਬਦ ਸੋਰਿਠ ਰਾਗ ਵਿਚੋਂ ਲੈ ਕੇ ਇਸ ਸਿਧਾਂਤ ਨੂੰ ਸਮਝਿਆ ਗਿਆ ਕਿ ਰੱਬ ਜੀ ਕਿਸੇ ਉੱਪਰਲੇ ਅਸਮਾਨ `ਤੇ ਨਹੀ ਰਹਿੰਦੇ। ਗੁਰ-ਗਿਆਨ ਦੁਆਰਾ ਮੈਨੂੰ ਮੇਰੇ ਹਿਰਦੇ ਵਿਚੋਂ ਹੀ ਲੱਭ ਗਿਆ ਹੈ। ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਮੇਰੇ ਗਿਆਨ ਤੇ ਕਰਮ ਇੰਦਰਿਆਂ ਵਿਚੋਂ ਵਿਕਾਰੀ ਬਿਰਤੀ ਦਾ ਅੰਤ ਹੋ ਗਿਆ ਹੈ। ਸਹਿਜ ਅਵਸਥਾ ਦੇ ਟਿਕਾਅ ਦੀ ਅਰੰਭਤਾ ਹੋ ਗਈ ਹੈ। ਜਿਸ ਰੱਬ ਜੀ ਨੂੰ ਅਸੀਂ ਬਹੁਤ ਦੂਰ ਸਮਝਦੇ ਸੀ ਉਹ ਤਾਂ ਮੈਨੂੰ ਮੇਰੇ ਹਿਰਦੇ ਵਿਚੋਂ ਹੀ ਲੱਭ ਗਿਆ ਹੈ। ਭਾਵ ਸ਼ੁਭ ਗੁਣਾਂ ਦੀ ਵਰਤੋਂ ਕਰਨ ਲੱਗ ਪਿਆ ਹਾਂ। ਜਿਹੜੇ ਦੂਤ ਭਿਆਨਕ ਰੂਪ ਵਿੱਚ ਮੈਨੂੰ ਸਤਾਉਂਦੇ ਸਨ ਉਹ ਹੁਣ ਤਰਲੇ ਕਰ ਰਹੇ ਹਨ ਕਿ ਯਾਰ ਸਾਨੂੰ ਮਾੜਾ ਜੇਹਾ ਤਾਂ ਆਪਣੇ ਪਾਸ ਬੈਠ ਲੈਣ ਦੇ। ਭਾਵ ਮੇਰੇ ਕੰਟਰੋਲ ਵਿੱਚ ਹਨ। ਗੁਰੂ ਦੀ ਇੱਕ ਸਿੱਖਿਆ ਨੂੰ ਵੀ ਜੇ ਧਿਆਨ ਨਾਲ ਸੁਣਿਆ ਜਾਏ ਤਾਂ ਸਾਡੀ ਮਤ ਕੀਮਤੀ ਹੋ ਜਾਂਦੀ ਹੈ। ਫਿਰ ਮਨੁੱਖ ਕਦੇ ਵੀ ਆਤਮਕ ਮੌਤੇ ਨਹੀਂ ਮਰਦਾ।

ਏਸੇ ਹੀ ਦਿਵਾਨ ਵਿੱਚ ਦੂਸਰਾ ਸ਼ਬਦ ਕਬੀਰ ਜੀ ਦਾ “ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ” ਵਿਚਾਰਆ ਗਿਆ ਕਿ ਜਦੋਂ ਰੱਬੀ ਗਿਆਨ ਆ ਜਾਂਦਾ ਹੈ ਤਾਂ ਵਿਕਾਰਾਂ ਦੀਆਂ ਜੰਜ਼ੀਰਾਂ ਟੁੱਟ ਜਾਂਦੀਆਂ ਹਨ। ਤੇ ਆਤਮਕ ਅਵੱਸਥਾ ਵਿੱਚ ਟਿਕਾ ਆ ਜਾਂਦਾ ਹੈ। ਹਰ ਥਾਂ ਤੇ ਵਿਕਾਰਾਂ ਵਲੋਂ ਬਚਾ ਹੋ ਜਾਂਦਾ ਹੈ। ਪਾਣੀ ਕਦੇ ਵੀ ਆਪਣਾ ਸੁਭਾਅ ਨਹੀਂ ਤਿਆਗਦਾ। ਜੋ ਪਾਣੀ ਵਿੱਚ ਪੈ ਗਿਆ ਉਹ ਤੇਜ਼ ਵਹਾ ਵਿੱਚ ਰੁੜ੍ਹ ਗਿਆ। ਇਸ ਲਈ ਕਬੀਰ ਜੀ ਦੀ ਕਿਸੇ ਵੀ ਵਿਸ਼ਨੂੰ ਭਗਵਾਨ ਨੇ ਜੰਜ਼ੀਰਾਂ ਨਹੀਂ ਤੋੜੀਆਂ ਇਹ ਤੇ ਰੱਬੀ ਗਿਆਨ ਨੇ ਵਿਕਾਰ, ਕਰਮ-ਕਾਂਡਾਂ ਦੀਆਂ ਜੰਜ਼ੀਰਾਂ ਤੋੜ ਦਿੱਤੀਆਂ ਹਨ ਜਿਸ ਸਦਕਾ ਮੇਰੀ ਸਹਿਜ ਅਵਸਥਾ ਬਣ ਗਈ ਹੈ।

ਦਿਨ ਐਤਵਾਰ ਮਿਤੀ ੦੨-੦੮-੦੯.

ਟੁਰੰਗਾ ਤੇ ਟੀਪੁੱਕੀ ਦੇ ਉਤਸ਼ਾਹੀ ਵੀਰਾਂ ਵਲੋਂ ਸ਼ਾਮ ਨੂੰ ਭਾਈ ਗਰੁਮੀਤ ਸਿੰਘ ਦੇ ਘਰ ਗੁਰਮਤ ਵਿਚਾਰਾਂ ਕਰਨ ਲਈ ਇਕੱਠ ਕੀਤਾ ਗਿਆ। ਭਾਈ ਹਰਨੇਕ ਸਿੰਘ ਜੋ ਆਪਣੇ ਸਾਥੀਆਂ ਨਾਲ ਮੇਰੇ ਸਮੇਤ ਔਕਲੈਂਡ ਤੋਂ ਪਾਹੁੰਚੇ ਹੋਏ ਸਨ ਹੁਰਾਂ ਨੇ ਸਪੱਸ਼ਟ ਲਫ਼ਜ਼ਾਂ ਵਿੱਚ ਕਿਹਾ ਕਿ ਸਾਡਾ ਨਿਸ਼ਾਨਾਂ ਕੀ ਹੋਣਾ ਚਾਹੀਦਾ ਹੈ ਜੇ ਸਾਡਾ ਨਿਸ਼ਾਨਾਂ ਕੋਈ ਨਹੀਂ ਤਾਂ ਸਾਨੂੰ ਇਕੱਠੇ ਹੋਣ ਦਾ ਬਹੁਤਾ ਲਾਭ ਨਹੀਂ ਹੈ। ਸਾਰਿਆਂ ਵਲੋਂ ਅਵਾਜ਼ ਆਈ ਕਿ ਸਾਡਾ ਨਿਸ਼ਾਨਾਂ ਗੁਰੂ ਗ੍ਰੰਥ ਸਾਹਿਬ ਜੀ ਸਿਰਮੋਰਤਾ ਨੂੰ ਕਾਇਮ ਰੱਖਣ ਦਾ ਹੈ। ਸਿਰਮੋਰਤਾ ਤਾਂ ਕਾਇਮ ਰਹਿ ਸਕਦੀ ਹੈ ਜਦੋਂ ਅਸੀਂ ਗੁਰੂ ਸਿਧਾਂਤ ਨੂੰ ਸਮਝ ਕੇ ਹੋਰਨਾਂ ਨੂੰ ਸਮਝਾੳਣ ਦਾ ਯਤਨ ਕਰਾਂਗੇ। ਬਹੁਤ ਸਾਰੇ ਸਵਾਲਾਂ ਦੇ ਜੁਆਬ ਵੀ ਦਿੱਤੇ ਗਏ। ਸਾਰਿਆਂ ਹੀ ਵੀਰਾਂ ਨੇ ਕਿਹਾ ਕਿ ਬਚਿੱਤ੍ਰ ਨਾਟਕ ਸੰਬੰਧੀ ਸਾਡਾ ਹੁਣ ਕੋਈ ਭੁਲੇਖਾ ਨਹੀਂ ਹੈ। ਸਿੱਖੀ ਵਿੱਚ ਆਏ ਬ੍ਰਾਹਮਣੀ ਕਰਮ-ਕਾਂਡ ਨੂੰ ਸਮਝਣ ਦੀ ਜ਼ਰੂਰਤ ਹੈ।




.