ਨਾਮਾ ਛੀਂਬਾ ਆਖੀਐ
ਨਾਮਾ ਛੀਂਬਾ ਆਖੀਐ ਗੁਰਮੁਖਿ ਭਾਇ
ਭਗਤਿ ਲਿਵ ਲਾਈ॥
ਖਤ੍ਰੀ ਬ੍ਰਾਹਮਣ ਦੇਹੁਰੈ ਉਤਮ ਜਾਤਿ ਕਰਨਿ ਵਡਿਆਈ॥
ਨਾਮਾ ਪਕੜਿ ਉਠਾਲਿਆ ਬਹਿ ਪਛਵਾੜੈ ਹਰਿ ਗੁਣ ਗਾਈ॥
ਭਗਤ ਵਛਲੁ ਆਖਾਇਦਾ ਫੇਰਿ ਦੇਹੁਰਾ ਪੈਜਿ ਰਖਾਈ॥
ਦਰਗਹ ਮਾਣੁ ਨਿਮਾਣਿਆ ਸਾਧਸੰਗਤਿ ਸਤਿਗੁਰ ਸਰਣਾਈ॥
ਉਤਮੁ ਪਦਵੀ ਨੀਚ ਜਾਤਿ ਚਾਰੇ ਵਰਣ ਪਏ ਪਗਿ ਆਈ॥
ਜਿਉ ਨੀਵਾਨਿ ਨੀਰੁ ਚਲਿ ਜਾਈ॥
ਭਾਈ ਗੁਰਦਾਸ, ਵਾਰ ੨੫
ਪਦ ਅਰਥ
ਦੇਹੁਰੈ - ਬਹੁ ਵਚਨ ਹੈ ਖਤਰੀ ਬ੍ਰਹਾਮਣ ਬਹੁ ਬਚਨ ਹੋਣ ਕਾਰਨ ਦੇਹੁਰੈ ਦੇ ਰਾਰੇ ਨੂੰ ਦੁਲਾਈਆਂ ਹਨ
ਪਕੜਿ ਉਠਾਇਆ – ਉੱਪਰ ਉਠਾ ਲੈਣਾ, ਉੱਪਰ ਚੁੱਕ ਲੈਣਾ, ਭਾਵ ਕਰਮਕਾਂਡਾਂ ਤੋਂ ਉੱਪਰ ਉਠਾ ਲੈਣਾ
ਵਛਲ – ਕਿਰਪਾਲੂ, ਦਇਆਵਾਨ (ਇਹ ਅਰਥ ਭਾਈ ਮਾਯਾ ਸਿੰਘ ਦੀ ਪੰਜਾਬੀ, ਰੋਮਨ, ਇੰਗਲਿਸ਼ ਡਿਕਸ਼ਨਰੀ
ਵਿੱਚੋਂ ਲਏ ਗਏ ਹਨ)
ਦੇਹੁਰਾ – ਭਗਤ ਜਨਾਂ ਦਾ ਦੇਹਰਾ (ਮਨ ਰੂਪੀ)
ਫੇਰਿ – ਬਦਲਾਉ ਆਉੇਣਾ
ਸਤਿਗੁਰ – ਸਤਿਗੁਰ ਹੈ ਗਿਆਨ
ਸਤਿਗੁਰ ਸਰਣਾਈ – ਆਤਮਿਕ ਗਿਆਨ ਦੀ ਸ਼ਰਨ ਆ ਜਾਣਾ
ਫੇਰਿ ਦੇਹੁਰਾ – ਮਨ ਰੂਪੀ ਮੰਦਰ ਘੁਮ ਜਾਣਾ – ਭਾਵ ਬਾਹਰ ਦੀ ਥਾਂ ਅੰਦਰ ਖੋਜਣਾ, ਸਵੈ ਪੜਚੋਲ ਕਰਨੀ
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥
ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥
ਗੁਰੂ ਗ੍ਰੰਥ ਸਾਹਿਬ, ਪੰਨਾ ੪੪੧
ਆਪਣਾ ਮੂਲ ਪਛਾਨਣਾ ਭਾਵ ਸਵੈ-ਪੜਚੋਲ ਕਰਨੀ
ਪਿਛਵਾੜੈ – ਪਿਛਵਾੜਾ – ਜਿਧਰ ਨੂੰ ਮਨੁੱਖ ਦੀ ਪਿੱਠ ਹੈ (ਇਥੇ ਭਾਈ ਗੁਰਦਾਸ ਜੀ ਨਾਮਦੇਵ ਜੀ ਨੂੰ
ਕਰਮਕਾਂਡੀ ਨਹੀਂ ਸਿੱਧ ਕਰ ਰਹੇ। ਉਹ ਤਾਂ ਇਹ ਸਿੱਧ ਕਰ ਰਹੇ ਹਨ ਕਿ ਭਗਤ ਨਾਮਦੇਵ ਜੀ ਪ੍ਰਭੂ ਦੀ
ਬਖ਼ਸ਼ਿਸ਼ ਨਾਲ ਸਦਾ ਕਰਮਕਾਂਡਾਂ ਵਲ ਪਿੱਠ ਕਰ ਕੇ ਹਰੀ ਦੇ ਗੁਣ ਗਉਂਦੇ ਸਨ।
ਅਰਥ
ਜਿਸ ਨਾਮਦੇਵ ਜੀ ਨੂੰ ਲੋਕ ਛੀਂਬਾ ਆਖਦੇ ਸਨ, ਉਸ ਦੀ ਗੁਰਮੁਖਿ ਆਤਮਿਕ ਗਿਆਨ ਦੀ ਬਖ਼ਸ਼ਿਸ਼ ਰਾਹੀਂ
ਪ੍ਰਭੂ ਦੀ ਬੰਦਗੀ ਅੰਦਰ ਲਿਵ ਲੱਗੀ ਹੋਈ ਸੀ। ਕਰਮਕਾਂਡੀ ਖੱਤਰੀ, ਬ੍ਰਾਹਮਣ (ਆਪਣੇ ਆਪ ਨੂੰ ਉੱਚੀ
ਕੁਲ ਦੇ ਸਮਝਣ ਵਾਲੇ) ਕਰਮਕਾਂਡੀ ਮੰਦਰਾਂ ਵਿੱਚ ਜਾ ਕਰ ਕੇ ਪੂਜਾ ਕਰਦੇ ਸਨ।
ਨਾਮਦੇਵ ਜੀ ਦੀ ਆਤਮਿਕ ਗਿਆਨ ਅੰਦਰ ਸੁਰਤ ਜੁੜੀ ਹੋਣ ਕਾਰਨ ਵਾਹਿਗੁਰੂ ਨੇ ਉਨ੍ਹਾਂ ਨੂੰ ਅਜਿਹੇ
ਕਰਮਕਾਂਡਾਂ ਤੋਂ ਉੱਪਰ ਉਠਾ ਲਿਆ ਸੀ ਅਤੇ ਨਾਮਦੇਵ ਜੀ ਅਜਿਹੇ ਕਰਮਕਾਂਡੀ ਮੰਦਰਾਂ ਵਲ ਪਿੱਠ ਕਰਕੇ
ਹਰੀ ਦੇ ਗੁਣ ਗਾਉਂਦੇ (ਭਾਵ ਸਿਮਰਨ ਕਰਦੇ) ਅਤੇ ਮੰਦਰ ਨਹੀਂ ਜਾਂਦੇ ਸਨ।
ਭਗਤ – ਬੰਦਗੀ
ਭਗਤ ਵਛਲ – ਬੰਦਗੀ ਕਰਨ ਵਾਲਿਆਂ ਉੱਪਰ ਕਿਰਪਾ ਕਰਨ ਵਾਲਾ
ਪੈਜਿ – ਬਖਸ਼ਿਸ਼
ਜਿਸ ਪ੍ਰਭੂ ਨੂੰ ਬੰਦਗੀ ਕਰਨ ਵਾਲਿਆਂ ਉੱਪਰ ਕਿਰਪਾ ਕਰਨ ਵਾਲਾ ਆਖਿਆ ਜਾਂਦਾ ਹੈ, ਉਸ ਨੇ ਹੀ
ਨਾਮਦੇਵ ਜੀ ਦਾ ਮਨ ਆਪਣੀ ਬਖ਼ਸ਼ਿਸ਼ ਕਰ ਕੇ ਬਦਲਿਆ ਸੀ ਭਾਵ ਭਗਤ ਜੀ ਕਰਮਕਾਂਡਾਂ ਤੋਂ ਮੁਕਤ ਸਨ।
ਦਰਗਹ ਵਿੱਚ ਉਨ੍ਹਾਂ ਨਿਮਾਣਿਆਂ ਨੂੰ ਹੀ ਮਾਣ ਪਰਾਪਤ ਹੁੰਦਾ ਹੈ, ਜੋ ਸੱਚ ਦੀ ਸੰਗਤ (ਸਤਿਗੁਰ)
ਆਤਮਿਕ ਗਿਆਨ ਦੀ ਸ਼ਰਨ ਆਉਂਦੇ ਹਨ। ਨਿਮਾਣਿਆਂ ਨੂੰ ਬੇਸ਼ਕ ਕੋਈ ਛੀਂਬਾ ਆਖੇ ਪਰ ਦਰਗਹੇ (ਪ੍ਰਭੂ ਦੇ
ਘਰਿ) ਉਨ੍ਹਾਂ ਨੂੰ ਉੱਤਮ ਪਦਵੀ ਪ੍ਰਾਪਤ ਹੁੰਦੀ ਹੈ। ਜਿਵੇਂ ਪਾਣੀ ਨਿਵਾਣ ਚੱਲ ਆਉਂਦਾ ਹੈ, ਇਵੇਂ
ਹੀ ਚਹੁਂ ਵਰਨਾਂ ਦੇ ਲੋਕ ਆਤਮਿਕ ਗਿਆਨੀਆਂ ਦੇ ਆਤਮਿਕ ਗਿਆਨ ਰੂਪੀ ਸਚਿ ਦੇ ਪੈਰੀਂ ਆ ਡਿਗਦੇ ਹਨ
(ਝੁਕਦੇ ਹਨ)।
ਨੋਟ – ਇਹ ਗੱਲ ਕਦੇ ਵੀ ਨਹੀਂ ਹੋ ਸਕਦੀ ਕਿ ਭਾਈ ਗੁਰਦਾਸ ਜੀ ਵਰਗੀ ਮਹਾਨ ਸ਼ਖਸੀਅਤ ਵੀ ਕੋਈ
ਗੁਰਮਤਿ ਵਿਰੁੱਧ ਫੈਸਲਾ ਕਰੇ। ਭਾਈ ਗੁਰਦਾਸ ਜੀ ਦੀ ਕੋਈ ਭੁੱਲ ਨਹੀਂ, ਭੁੱਲ ਸਾਡੀ ਹੈ ਕਿ ਨਾਂਹ
ਅਸੀਂ ਗੁਰਬਾਣੀ ਸਿਧਾਂਤ ਨੂੰ ਸਮਝਿਆ, ਅਤੇ ਨਾਂਹ ਹੀ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ
ਗੁਰਮਤਿ ਦੀ ਪ੍ਰੋੜ੍ਹਤਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਅਸੀਂ ਗੁਰਬਾਣੀ ਨੂੰ ਭਗਤਮਾਲ ਵਰਗੀਆਂ
ਕਰਮਕਾਂਡੀ ਕਹਾਣੀਆਂ ਦੀ ਪ੍ਰੋੜ੍ਹਤਾ ਕਰਦੇ ਹੀ ਦਿਖਾਇਆ ਹੈ, ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ
ਨੂੰ ਵੀ। ਜਦੋਂ ਕਿ ਇਸ ਦੇ ਉਲਟ, ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਅੰਦਰ ਭਗਤਮਾਲ ਵਰਗੇ
ਕਰਮਕਾਂਡਾਂ ਦਾ ਖੰਡਣ ਹੈ। ਪਰ ਅਸੀਂ ਬਗ਼ੈਰ ਗੁਰਮਤਿ ਵੀਚਾਰਧਾਰਾ ਨੂੰ ਸਮਝਣ ਦੇ, ਗੁਰਮਤਿ
ਵੀਚਾਰਧਾਰਾ ਦਾ ਕਰਮਕਾਂਡੀ ਵਿਖਿਆਨ ਕਰਕੇ ਭਗਤਮਾਲ ਦਾ ਕਰਮਕਾਂਡ ਸਹੀ ਸਿੱਧ ਕਰਨ ਦਾ ਜਤਨ ਕਰੀ ਜਾ
ਰਹੇ ਹਾਂ, ਜੋ ਕਿ ਗੁਰਮਤਿ ਸਿਧਾਂਤ ਦੇ ਨਾਲ ਅਨਿਯਾਏ ਹੈ।
ਇਥੇ ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਨਾਮਦੇਵ ਜੀ ਖ਼ੁਦ ਕਹਿ ਰਹੇ ਹਨ ਕਿ ਮੈਂ ਮੰਦਰ
ਪੂਜਿਆ ਹੀ ਨਹੀਂ, ਹਿੰਦੂ ਮੰਦਰ ਪੂਜਦਾ ਹੈ, ਮੁਸਲਮਾਨ ਮਸੀਤ ਪੂਜਦਾ ਹੈ, ਉਨ੍ਹਾਂ ਨੂੰ ਮੁਬਾਰਕ
ਹੋਵੇ, ਪਰ ਨਾਮਦੇਵ ਤਾਂ ਸਰਬ-ਵਿਆਪਕ ਅਕਾਲ ਮੂਰਤਿ ਵਾਹਿਗੁਰੂ ਦਾ ਪੁਜਾਰੀ ਹੈ। ਸ਼ਬਦ ਦੀ ਵਿਆਖਿਆ
ਤੋਂ ਪਹਿਲਾਂ ਇਹ ਜ਼ਰੂਰੀ ਯਾਦ ਰੱਖਣਾ ਹੈ: -
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥
ਗੁਰੂ ਗ੍ਰੰਥ ਸਾਹਿਬ, ਪੰਨਾ ੮੭੫