“ਉਨਾਂ ਸੰਤਾਂ, ਮਹਾਂਪੁਰਸ਼ਾਂ ਦੇ ਚਿਹਰੇ ਤੇ ਬੜਾ ਨੂਰ ਹੈ, ਚਿਹਰਾ ਦੱਗ-ਦੱਗ
ਕਰਦਾ ਹੈ” ਇਹੋ ਜਿਹੀਆਂ ਗੱਲਾਂ ਆਮ ਸੁਣੀਆਂ ਜਾ ਸਕਦੀਆਂ ਹਨ। ਤੁਸੀਂ ਸਹਿਜ ਹੀ ਇਨਾਂ ਲੋਕਾਂ ਨੂੰ
ਸਾਧਾਂ, ਸੰਤਾਂ ਦਿਆਂ ਡੇਰਿਆਂ ਤੇ ਮਹਾਂਪੁਰਸ਼ਾਂ ਦੇ ਸਾਹਮਣੇ ਹੱਥ ਜੋੜੇ ਹੋਏ ਨਿਮੋਝੂਣਾ ਜਿਹਾ ਖੜਾ
ਦੇਖ ਸਕਦੇ ਹੋ, ਜੋ ਕਿ ਆਪਣੇ ਆਪ ਨੂੰ ਅਮ੍ਰਿਤਧਾਰੀ ਗੁਰਸਿੱਖ ਦਸਦੇ ਹਨ। ਇਹ ਆਮ ਵੇਖਣ ਵਿੱਚ ਆਇਆ
ਹੈ ਕਿ ਇਹੋ ਜਿਹੇ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਬਜਾਇ ਜਦੋਂ ਇਹਨਾਂ ਅਖੌਤੀ ਮਹਾਂਪੁਰਸ਼ਾਂ
ਦੇ ਸਾਹਮਣੇ ਜਾਂਦੇ ਹਨ ਤਾਂ ਇਹਨਾਂ ਦੇ ਤਰਸਯੋਗ ਬਣੇ ਚਿਹਰੇ ਤੋਂ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ
ਕਿ ਇਹਨਾਂ ਦੇ ਮਨ ਵਿੱਚ ਕੀ ਚਲ ਰਿਹਾ ਹੈ? ਇਹ ਸੋਚ ਰਹੇ ਹੁੰਦੇ ਹਨ ਕਿ ਜੇ ਕਿਤੇ ਮਹਾਂਪੁਰਸ਼ਾਂ ਦੀ
ਨਿਗਾਹ ਮੇਰੇ ਵਲ ਪੈ ਜਾਵੇ ਤਾਂ ਮੇਰਾ ਜਨਮ ਹੀ ਸੰਵਰ ਜਾਏ, ਭਾਂਵੇ ਉਹ ਮਹਾਂਪੁਰਸ਼ ਗੁਰੂ ਗ੍ਰੰਥ
ਸਾਹਿਬ ਜੀ ਨੂੰ ਸਿਰਮੌਰ ਮੰਨਣ ਦਾ ਪਖੰਡ ਹੀ ਕਿਉਂ ਨਾ ਕਰਦਾ ਹੋਵੇ।
ਹੁਣ ਗੱਲ ਕਰੀਏ ਇਹਨਾਂ ਸੰਤਾਂ ਮਹਾਂਪੁਰਸ਼ਾਂ ਦੇ ਚਿਹਰੇ ਦੇ ਨੂਰ ਦੀ। ਅੱਜਕਲ
ਇਹ ਪੈਮਾਨਾ ਜਿਹਾ ਬਣ ਗਿਆ ਹੈ ਕਿ ਜਿਸ ਮਹਾਂਪੁਰਸ਼ ਦੇ ਚਿਹਰੇ ਤੇ ਜਿਆਦਾ ਨੂਰ, ਜਿਆਦਾ ਲਾਲੀ ਹੋਵੇ
ਉਸ ਦੀ ਅਵਸਥਾ ਉਤਨੀ ਵੱਡੀ ਹੈ। ਅੱਜ ਇਹ ਵਿਚਾਰ ਕਰਨ ਦੀ ਲੋੜ ਹੈ ਕਿ ਬਾਣੀ ਪੜਨ ਦੇ ਨਾਲ ਚਿਹਰੇ ਤੇ
ਕੋਈ ਲਾਲੀ ਜਾਂ ਨੂਰ ਆ ਜਾਂਦਾ ਹੈ ਜਾਂ ਕੁੱਝ ਹੋਰ ਹੁੰਦਾ ਹੈ। ਜੇ ਧਿਆਨ ਨਾਲ ਵੇਖੀਏ ਤਾਂ ਪਤਾ
ਚਲਦਾ ਹੈ ਕਿ ਚਿਹਰੇ ਦੀ ਲਾਲੀ, ਜਿਸ ਨੂੰ ਨੂਰ ਕਿਹਾ ਜਾਂਦਾ ਹੈ ਉਹ ਤਾਂ ਕੜ੍ਹੇ ਹੋਏ ਦੁੱਧ ਦੇ ਨਾਲ
ਬਦਾਮ ਖਾਣ ਦੇ ਨਾਲ ਅਉਂਦੀ ਹੈ। ਜੇ ਤੁਸੀਂ ਵੀ ਚੰਗੀ ਖੁਰਾਕ ਖਾਕੇ ਬਿਨਾਂ ਕੋਈ ਧੁੱਪੇ ਕੰਮ ਕੀਤਿਆਂ
ਭੋਰੇ
ਅੰਦਰ ਬੈਠੇ ਰਹੋਂ ਅਤੇ ਬਾਹਰ ਜਾਣ ਤੇ ਖੱਜਲ-ਖੁਆਰ ਹੁੰਦੀਆਂ ਬੱਸਾਂ ਦੀ ਬਜਾਇ ਵਧੀਆ 35-40 ਲੱਖ ਦੀ
ਗੱਡੀ ਹੋਵੇ ਤਾਂ ਸ਼ਰਤੀਆ ਆਪ ਜੀ ਦੇ ਚਿਹਰੇ ਤੇ ਵੀ ਉਹ ਲਾਲੀ (ਨੂਰ) ਆ ਜਾਊਗਾ।
ਜੇ ਬਾਣੀ ਪੜਨ, ਨਾਮ ਜਪਣ ਦੇ ਨਾਲ ਚਿਹਰੇ ਤੇ ਲਾਲੀ ਜਾਂ ਕੋਈ ਖਾਸ ਕਿਸਮ ਦਾ
ਨੂਰ ਆ ਜਾਂਦਾ ਹੈ, ਜਿਸ ਨਾਲ ਉਸ ਮਨੁੱਖ ਦਾ ਚਿਹਰਾ ਰੁਸ਼ਨਾਇਆ ਹੋਇਆ ਦੂਰੋਂ ਹੀ ਪਛਾਣਿਆ ਜਾਂਦਾ ਹੈ
ਤਾਂ ਮੈ ਆਪ ਜੀ ਦੇ ਸਾਹਮਣੇ ਗੁਰ ਇਤਹਾਸ ਵਿਚੋਂ ਇੱਕ ਘਟਨਾਂ ਰੱਖਣਾ ਚਾਹਾਂਗਾ, ਜੋ ਆਪ ਸਾਰਿਆਂ ਨੇ
ਜਰੂਰ ਸੁਣੀ ਹੋਵੇਗੀ। ਜਦ ਭਾਈ ਲਹਿਣਾ ਜੀ, ਜੋ ਬਾਦ ਵਿੱਚ ਗੁਰੂ ਅੰਗਦ ਦੇਵ ਜੀ ਬਣੇ, ਪਹਿਲੀ ਵਾਰ
ਗੁਰੂ ਨਾਨਕ ਪਾਤਸ਼ਾਹ ਨੂੰ ਮਿਲਣ ਵਾਸਤੇ ਗਏ ਤਾਂ ਉਸ ਸਮੇ ਗੁਰੂ ਨਾਨਕ ਪਾਤਸ਼ਾਹ ਖੇਤਾਂ ਵਿੱਚ ਕੰਮ ਕਰ
ਰਹੇ ਸੀ। ਭਾਈ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਕੋਲ ਗਏ ਅਤੇ ਉਹਨਾਂ ਨੂੰ ਪੁੱਛਣ ਲੱਗੇ “ਬਾਬਾ ਜੀ
ਗੁਰੂ ਨਾਨਕ ਪਾਤਸ਼ਾਹ ਦਾ ਘਰ ਕਿਹੜਾ ਹੈ, ਮੈ ਉਹਨਾਂ ਨੂੰ ਮਿਲਣਾ ਹੈ”। ਇਹ ਸੁਣ ਕੇ ਗੁਰੂ ਨਾਨਕ
ਪਾਤਸ਼ਾਹ ਨੇ ਭਾਈ ਲਹਿਣਾ ਜੀ ਦੇ ਘੋੜੇ ਦੀਆਂ ਵਾਗਾਂ ਫੜ ਕੇ ਨਾਨਕ ਨੂੰ ਮਿਲਾਉਣ ਵਾਸਤੇ ਆਪਣੇ ਹੀ ਘਰ
ਲੈ ਆਏ ਅਤੇ ਘਰ ਪਹੁੰਚ ਕੇ ਭਾਈ ਲਹਿਣਾ ਜੀ ਨੂੰ ਪਤਾ ਲੱਗਾ ਕਿ ਇਹ ਬਜੁਰਗ ਆਪ ਹੀ ਗੁਰੂ ਨਾਨਕ ਹਨ।
ਇਸ ਘਟਨਾਂ ਤੋਂ ਇਹ ਪਤਾ ਚਲਦਾ ਹੈ ਕਿ ਭਾਈ ਲਹਿਣਾ ਜੀ ਨੇ ਗੁਰੂ ਨਾਨਕ
ਪਾਤਸ਼ਾਹ ਦੇ ਚਿਹਰੇ ਨੂੰ ਵੇਖ ਕੇ ਉਹਨਾਂ ਨੂੰ ਨਹੀਂ ਪਛਾਣਿਆ। ਕੀ ਇਸ ਦਾ ਮਤਲਬ ਗੁਰੂ ਨਾਨਕ ਪਾਤਸ਼ਾਹ
ਦੇ ਚਿਹਰੇ ਤੇ ਕੋਈ ਨੂਰ ਨਹੀਂ ਸੀ? ਬਾਣੀ ਦਾ ਪਰਤਾਪ ਉਹਨਾਂ ਉਪਰ ਕੋਈ ਨਹੀਂ ਸੀ, ਜਾਂ ਭਾਈ ਲਹਿਣਾ
ਜੀ ਜਿਹਨਾਂ ਨੂੰ ਬਾਦ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਜੋਤ ਬਣਾਇਆ ਸੱਚੇ ਸਿੱਖ ਨਹੀਂ ਸਨ।
ਜੇ ਵਿਚਾਰ ਕੇ ਵੇਖੀਏ ਤਾਂ ਪਤਾ ਚਲਦਾ ਹੈ ਕਿ ਬਾਣੀ ਪੜਨ ਦੇ ਨਾਲ ਚਿਹਰੇ ਤੇ
ਕੋਈ ਨੂਰ, ਲਾਲੀ ਆਉਣ ਦੀ ਬਜਾਇ, ਜੀਵਨ ਵਿੱਚ ਨੂਰ (ਪ੍ਰਕਾਸ਼) ਹੁੰਦਾ ਹੈ, ਜੀਵਨ ਨੂੰ ਇੱਕ ਨਵੀਂ
ਸੇਧ ਮਿਲਦੀ ਹੈ, ਜੀਵਨ ਜਿਉਣ ਦਾ ਪਤਾ ਲਗਦਾ ਹੈ। ਬਾਣੀ ਪੜ ਕੇ ਹਰ ਬੰਦਾ ਆਪਣੀ ਜਿੰਦਗੀ ਦੇ ਹਰ ਇੱਕ
ਪੱਖ ਨੂੰ ਸੰਵਾਰ ਕੇ ਇਸ ਸੰਸਾਰ ਨੂੰ ਸੱਚੇ ਕੀ ਕੋਠੜੀ ਬਣਾ ਸਕਦਾ ਹੈ।
ਜੇ ਬਾਣੀ ਦੇ ਨੂਰ ਨੂੰ ਵੇਖਣਾ ਹੋਵੇ ਤਾਂ ਗੁਰੂ ਅਰਜਨ ਪਾਤਸ਼ਾਹ ਦਾ ਜੀਵਨ
ਵੇਖੋ, ਇਸ ਡਿਗ ਚੁੱਕੀ ਮਨੁੱਖਤਾ ਨੂੰ ਉੱਪਰ ਚੁੱਕਣ ਵਸਤੇ ਖੁਸ਼ੀ-ਖੁਸ਼ੀ ਆਪਣੇ ਸ਼ਰੀਰ ਦੀ ਕੁਰਬਾਨੀ ਦੇ
ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਨੇ ਹੱਕ ਤੇ ਸੱਚ ਨੂੰ ਕਾਇਮ ਰੱਖਣ ਲਈ ਸਾਰਾ ਪਰਿਵਾਰ ਕੁਰਬਾਨ ਕਰ
ਦਿੱਤਾ। ਅੱਗੇ ਚੱਲ ਕੇ ਇਸੇ ਬਾਣੀ ਦੇ ਨੂਰ ਦਾ ਸਦਕਾ ਸਿੱਖਾਂ ਨੇ ਸਮੇ-ਸਮੇ ਸਿਰ ਸਮਾਜ ਨੂੰ ਉਪਰ
ਚੁੱਕਣ ਵਾਸਤੇ ਆਪਣੇ ਆਪ ਨੂੰ ਖੁਸ਼ੀ ਖੁਸ਼ੀ ਪਰਮਾਤਮਾ ਦੀ ਖਲਕਤ ਦੇ ਲੇਖੇ ਲਾ ਦਿੱਤਾ। ਬਾਬਾ ਬੰਦਾ
ਸਿੰਘ ਬਹਾਦਰ ਵਰਗਿਆਂ ਸੂਰਮਿਆਂ ਨੇ ਸੱਚ ਦਾ ਰਾਜ ਕਾਇਮ ਕਰਦਿਆਂ ਆਪਣੇ ਸ਼ਰੀਰ ਨੂੰ ਜਮੂਰਾਂ ਨਾਲ
ਪਟਵਾ ਲਿਆ ਅਤੇ ਆਪਣੇ ਹੀ ਮੁੰਡੇ ਦਾ ਕਲੇਜਾ ਆਪਣੀਆਂ ਅੱਖਾਂ ਸਾਹਮਣੇ ਕਢਵਾ ਕੇ ਮੂੰਹ ਵਿੱਚ ਪਵਾ
ਲਿਆ। ਇਸੇ ਨੂਰ ਦਾ ਸਦਕਾ ਮੀਰ ਮੰਨੂੰ ਦੀ ਕੈਦ ਅੰਦਰ ਬੀਬੀਆਂ ਨੇ ਚਾਈਂ ਚਾਈਂ ਆਪਣੇ ਬੱਚਿਆਂ ਦੇ
ਟੋਟਿਆਂ ਦੇ ਬਣੇ ਹਾਰ ਆਪਣੇ ਗਲ੍ਹਾਂ ਵਿੱਚ ਪਵਾ ਲਏ ਪਰ ਇਸ ਸਮਾਜ ਨੂੰ ਗੁਲਾਮ ਨਹੀਂ ਹੋਣ ਦਿੱਤਾ।
ਅੱਜ ਸਾਨੂੰ ਲੋੜ ਹੈ ਬਾਣੀ ਦੇ ਇਸ ਅਸਲੀ ਨੂਰ ਨੂੰ ਆਪਣੀ ਜਿੰਦਗੀ ਵਿੱਚ
ਵਸਾਉਣ ਦੀ, ਤਾਂ ਜੋ ਸਾਡੇ ਸਾਰਿਆਂ ਦੇ ਜੀਵਨ ਅਤੇ ਕਿਰਦਾਰ ਚੋਂ ਇਹ ਨੂਰ ਪਰਗਟ ਹੋਵੇ। ਜੇ ਇਸ ਤਰਾਂ
ਦੇ ਨੂਰ ਦਾ ਭਰਿਆ ਹੋਇਆ ਜੀਵਨ ਕਿਸੇ ਸੰਤ ਜਾਂ ਮਹਾਂਪੁਰਖਾਂ ਦਾ ਹੈ ਤਾਂ ਉਹਨਾਂ ਨੂੰ ਦੋਵੇ ਹੱਥ
ਜੋੜ ਕੇ ਨਮਸਕਾਰ ਹੈ ਅਤੇ ਜੇ ਨਹੀਂ ਤਾਂ ਸੰਗਤਾਂ ਨੂੰ ਆਪ ਫੈਸਲਾ ਕਰਨਾ ਪਵੇਗਾ ਕਿ ਇਹਨਾਂ ਸੰਤਾਂ,
ਮਹਾਂਪੁਰਸ਼ਾਂ ਦਾ ਕੀ ਕਰਨਾ ਹੈ।
ਬਲਜਿੰਦਰ ਸਿੰਘ ਨਿਊਜੀਲੈਂਡ
ਸ੍ਰੀ ਗੁਰੂ ਸਿੰਘ ਸਭਾ ਸ਼ਰਲੀ ਰੋਡ
ਆਕਲੈਂਡ