ਜਿਸ ਯੁਗ `ਚੋਂ ਲੰਙ ਰਹੇ ਹਾਂ, ਸਮੇਂ ਦੀ ਲੋੜ ਹੈ ਕਿ ਹਰੇਕ ਧਰਮ ਵਿਸ਼ਵਾਸ
ਵਾਲਾ, ਦੂਜੇ ਦੇ ਧਰਮ ਨੂੰ ਸਮਝੇ ਤੇ ਇਸ ਤਰ੍ਹਾਂ ਮਨੁੱਖ, ਮਨੁੱਖ ਵਿਚਾਲੇ ਨੇੜਤਾ ਤੇ ਭਾਈਚਾਰਾ
ਵਧੇ। ਸ਼ਾਇਦ ਇਹੀ ਕਾਰਨ ਹੈ, ਜਿਸ ਪਾਸੇ ਨਜ਼ਰ ਮਾਰੋ! ਸੰਸਾਰ ਭਰ `ਚ ਸਰਬ-ਧਰਮ-ਸਮੇਲਨਾਂ ਦਾ ਹੱੜ ਆਇਆ
ਪਿਆ ਹੈ। ਇਸ ਦੇ ਬਾਵਜੂਦ ਗੱਲ ਫ਼ਿਰ ਵੀ ਨਹੀਂ ਬਣ ਰਹੀ, ਕਾਰਨ ਕੀ ਹੈ? “ਮਰਜ਼ ਬੜ੍ਹਤਾ ਗਿਆ ਜਿਉਂ
ਜਿਉਂ ਦਵਾ ਕੀ” ਦੀ ਨਿਆਂਈ ਇਹ ਤਾਂ ਉਲਟਾ ਇਉਂ ਹੋ ਰਿਹਾ ਹੈ ਜਿਵੇਂ ਦਿਨ-ਬ-ਦਿਨ ਹਾਲਤ, ਸੁਧਰਨ ਦੀ
ਬਜਾਏ ਬੱਦ ਤੋਂ ਬੱਦਤਰ ਹੁੰਦੀ ਜਾ ਰਹੀ ਹੋਵੇ।
ਕਾਰਨ ਇਕੋ ਹੈ ਕਿ ਅਸੀਂ ਚਾਹੁੰਦੇ ਤਾਂ ਹਾਂ ਕਿ ਮਾਨਵੀ ਪਿਆਰ ਏਕਤਾ ਤੇ
ਭਿੰਨ ਭਿੰਨ ਧਰਮਾ ਦੇ ਲੋਕਾਂ ਦਾ ਆਪਸੀ ਮੇਲਜੋਲ ਵਧੇ ਪਰ ਇਸ ਦਾ ਸਾਡੇ ਕੋਲ ਕੋਈ ਹਲ ਨਹੀਂ ਬਲਕਿ
ਹਨੇਰੇ `ਚ ਹੀ ਟੱਕਰਾਂ ਮਾਰ ਰਹੇ ਹਾਂ। ਆਓ! ਸਚਾਈ ਵਲ ਟੁਰਣ ਲਈ ਥੋੜਾ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਣ
`ਚ ਆਵੀਏ। ਗੁਰਦੇਵ ਦੀ ਨਿੱਘੀ ਗੋਦ `ਚ ਬੈਠ ਕੇ ਇਸ ਭਿਅੰਕਰ ਮੱਸਲੇ ਦਾ ਹੱਲ ਉਹਨਾਂ ਕੋਲੋਂ ਪੁਛੀਏ,
ਗੱਲ ਬਣ ਜਾਵੇਗੀ। ਕੋਈ ਕਿਸੇ ਵੀ ਧਰਮ ਨਾਲ ਸਬੰਧ ਰਖਦਾ ਹੋਵੇ, ਫ਼ਿਰ ਵੀ ਆਓ! ਤੇ ਇੱਕ ਵਾਰੀ
ਗੁਰਦੁਆਰੇ ਜਾ ਕੇ, ਉਥੇ ਰੋਜ਼ਾਨਾ ਪ੍ਰਭੂ ਚਰਨਾਂ `ਚ ਹੁੰਦੀ ਅਰਦਾਸ ਦੇ ਆਖਰੀ ਲਫ਼ਜ਼ਾਂ ਨੂੰ ਧਿਆਨ ਨਾਲ
ਸੁਣੋ। ਅਰਦਾਸ ਦੇ ਅੰਤਮ ਲਫ਼ਜ਼ ਹੁੰਦੇ ਹਨ “ਨਾਨਕ ਨਾਮ ਚੜ੍ਹਦੀ ਕਲਾ, ਤੇਰੈ ਭਾਣੇ ਸਰਬਤ ਦਾ ਭਲਾ”
ਇਹਨਾ ਚਾਰ ਲਫ਼ਜ਼ਾਂ ਦੀ ਅਸਲੀਅਤ ਸਮਝਾਂਗੇ ਤਾ ਗੱਲ ਆਪੇ ਬਣੀ ਬਣਾਈ ਮਿਲੇਗੀ।
ਉਹੀ ਗੱਲ ਜਿਸ ਨੂੰ ਅੱਜ ਸਾਰਾ ਸੰਸਾਰ ਢੂੰਡ ਰਿਹਾ ਹੈ। ਇਥੇ ਪ੍ਰਭੂ ਚਰਣਾ `ਚ ਅਰਦਾਸ ਹੋ ਰਹੀ ਹੈ
ਕੇਵਲ ਚੜ੍ਹਦੀ ਕਲਾ ਦੀ। ਫ਼ਿਰ ਉਹ ਚੜ੍ਹਦੀ ਕਲਾ ਵੀ ਕਿਸੇ ਧਰਮ ਵਿਸ਼ੇਸ਼ ਦੀ ਨਹੀਂ, ਬਲਕਿ ਸਾਰੇ ਸੰਸਾਰ
ਦੀ। ਇਸ ਦੇ ਨਾਲ ਹੀ ਈਸ਼ਵਰ ਤੋਂ ਭਲਾ ਮੰਗਿਆ ਜਾ ਰਿਹਾ ਹੈ ਤਾਂ ਕੁੱਝ ਲੋਕਾਂ ਜਾਂ ਖਾਸ ਧਰਮ ਨੂੰ
ਮੰਨਣ ਵਾਲਿਆਂ ਦਾ ਨਹੀਂ ਬਲਕਿ ‘ਸਰਬਤ ਦਾ’। ਬਿਨਾ ਵਿੱਤਕਰਾ ਬ੍ਰਹਾਮਣ, ਸ਼ੂਦਰ, ਇਸਤ੍ਰੀ, ਪੁਰਖ,
ਗੋਰਾ -ਕਾਲਾ, ਜੁਆਨ-ਬਿਰਧ, ਦੇਸੀ-ਵਿਦੇਸ਼ੀ ਸਾਰੇ ਸੰਸਾਰ ਦੇ ਸਾਰੇ ਧਰਮਾਂ ਦੇ ਲੋਕਾਂ ਦਾ ‘ਭਲਾ’।
ਇਹ ‘ਸਰਬਤ ਦਾ ਭਲਾ’ ਮਨ ਦੀ ਕਿਨੀਂ ਉਚੀ ਅਵਸਥਾ `ਚ ਮੰਗਿਆ ਜਾ
ਰਿਹਾ ਹੈ? ਪ੍ਰਭੂ ਚਰਨਾਂ `ਚ ਅਜਿਹੀ ਅਰਦਾਸ, ਜਿੱਥੇ ਮਨ `ਚ ਕਿਸੇ ਲਈ ਦੁਸ਼ਮਣੀ ਜਾਂ ਵੈਰ-ਭਾਵ ਹੀ
ਨਾ ਹੋਵੇ। ਸਿੱਖ ਧਰਮ `ਚ ਇਹ ਕੇਵਲ ਅਰਦਾਸ ਦੀ ਸ਼ਬਦਾਵਲੀ ਹੀ ਨਹੀਂ ਬਲਕਿ ਗੁਰਬਾਣੀ `ਚ ਵੀ ਗੁਰਦੇਵ
ਨੇ ਸਮੂਚੇ ਮਨੁੱਖ ਮਾਤ੍ਰ ਲਈ ਇਸੇ ਸਿਧਾਂਤ ਨੁੰ ਇਸ ਤਰ੍ਹਾਂ ਪ੍ਰਗਟ ਕੀਤਾ ਹੈ, ਫ਼ੁਰਮਾਣ ਹੈ “ਨਾ
ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ” (ਪੰ: 1299)। ਸੁਆਲ ਹੈ, ਜੀਵਨ
ਦਾ ਇਨਾਂ ਵੱਡਾ ਸੱਚ ਪਰ ਭਿੰਨ ਭਿੰਨ ਧਰਮਾ `ਚ ਵਿਸ਼ਵਾਸ ਰਖਣ ਵਾਲੇ ਇੱਕ ਦੂਜੇ ਦੇ ਨੇੜੇ ਆਉਣ ਤਾਂ
ਕਿਵੇਂ? ਇਕੱਠੇ ਬੈਠ ਕੇ “ਸਰਵ ਧਰਮ ਸਮੇਲਨ” ਕਰ ਲੈਣੇ, ਵੱਧੀਆ ਉਦੱਮ ਹੈ। ਅਜੋਕੇ ਸਮੇਂ ਅਜਿਹੇ
ਸਮੇਲਣ’ ਹੋ ਵੀ ਬਥੇਰੇ ਰਹੇ ਹਨ ਪਰ ਲੋੜ ਤਾਂ ਫ਼ਿਰ ਵੀ ਉਥੇ ਦੀ ਉਥੇ ਹੀ ਰੁਕੀ ਪਈ ਹੈ। ਇਹ ਲੋੜ ਕਿ
ਇਹਨਾ ਸਮੇਲਨਾ ਤੋਂ ‘ਸਰਵ ਧਰਮ ਮਿਲਾਪ’ ਵਾਲੀ ਚੇਤਨਾ ਕਿਵੇਂ ਪੈਦਾ ਹੋਵੇ?
ਦਰਅਸਲ ਉਹ ਵੀ ਉਦੋਂ ਹੀ ਸੰਭਵ ਹੈ ਜਦੋਂ ਸਾਨੂੰ ਗੁਰੂ ਨਾਨਕ ਸਾਹਿਬ ਤੋਂ ਇਹ
ਵੀ ਸਮਝ ਆ ਜਾਵੇ ਜਿਸ ਨੂੰ ਗੁਰਦੇਵ ਬਿਆਨਦੇ ਹਨ “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ
ਸਭ ਮਹਿ ਚਾਨਣੁ ਹੋਇ” (ਪੰ: 13) ਜਾਂ “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ
ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ” (ਪੰ: 1349) ਅਤੇ ਗੁਰਬਾਣੀ `ਚ ਹੀ ਇਸੇ ਸੱਚ
ਨੂੰ ਅਨੇਕਾਂ ਵਾਰੀ ਪੱਕਾ ਕੀਤਾ ਤੇ ਬੇਅੰਤ ਵਾਰੀ ਮਨੁੱਖ ਨੂੰ ਇਸ ਦੀ ਤਹਿ ਤੀਕ ਵੀ ਪੁਚਾਇਆ ਹੈ।
ਮਨੁੱਖ ਮਾਤ੍ਰ `ਚ ਆਪਸੀ ਨੇੜਤਾ ਕਿਵੇਂ? ਗੁਰੂ ਸਾਹਿਬ ਨੇ ਕੇਵਲ ਰਸਤਾ
ਹੀ ਨਹੀਂ ਦਸਿਆ। ਉਹਨਾਂ ਨੇ ਤਾਂ ਇਸ ਨੂੰ ਅਮਲ `ਚ ਲਿਆਉਣ ਲਈ ਚਾਰ ਅਜਿਹੀਆਂ ਸੰਸਥਾਂਵਾਂ ਵੀ ਸੰਸਾਰ
ਨੂੰ ਬਖ਼ਸ਼ੀਆਂ ਜਿਨ੍ਹਾਂ ਦੀ ਮਿਸਾਲ ਸੰਸਾਰ ਭਰ ਦੇ ਧਰਮਾਂ `ਚ ਨਹੀਂ ਮਿਲੇਗੀ। ਉਸ ਤੋਂ ਬਿਨਾ ਕੁੱਝ
ਵੀ ਕਰਦੇ ਜਾਵੀਏ, ਹਜ਼ਾਰਾਂ ‘ਸਰਵ ਧਰਮ ਸਮੇਲਨ’ ਵੀ ਨਿਸ਼ਫਲ ਜਾਂਦੇ ਰਹਿਣਗੇ ਤੇ ‘ਸਰਵ ਧਰਮ ਮਿਲਾਪ’
ਭਾਵ ਭਿੰਨ ਭਿੰਨ ਧਰਮਾ ਦੇ ਲੋਕਾਂ ਵਿਚਾਲੇ ਨੇੜਤਾ ਵੀ ਕਦੇ ਪੈਦਾ ਨਹੀਂ ਹੋ ਸਕੇਗੀ।
ਇਹ ਚਾਰ ਸੰਸਥਾਵਾਂ ਹਨ (੧) ਗੁਰੂ ਕੀ ਸੰਗਤ ਜਾਂ ਸਾਧ ਸੰਗਤ- ਇਥੇ
ਹਰ ਦੇਸ਼ ਜਾਤੀ, ਧਰਮ, ਵਰਣ, ਰੰਗ, ਨਸਲ, ਲਿੰਗ ਦੇ ਲੋਕ ਬਿਨਾ ਵਿੱਤਕਰਾ ਇਕੱਠੇ ਬੈਠ ਕੇ ਗੁਰਬਾਣੀ
ਦੇ ਇਲਾਹੀ ਵਿਚਾਰ ਸੁਣ ਤੇ ਸਮਝ ਸਕਦੇ ਹਨ। ਇਥੋਂ ਇਸ ਤੋਂ ਵੱਡੀ ਗੱਲ ਇਹ ਵੀ ਹੈ ਕਿ ਸੰਗਤ `ਚ ਆਉਣ
ਵਾਲੇ ਨਾਲ, ਬੈਠਣ ਲਈ ਵੀ ਵਿੱਤਕਰਾ ਨਹੀਂ ਕੀਤਾ ਜਾ ਸਕਦਾ। ਕਿਸੇ ਰਈਸ ਜਾਂ ਰਾਜਸੀ ਆਗੂ ਲਈ,
ਬ੍ਰਾਹਮਣ ਤੇ ਸ਼ੂਦਰ ਲਈ ਸੰਗਤ `ਚ ਵੱਖ-ਵੱਖ ਰੁਤਬੇ ਨਹੀਂ। ਬਿਨਾ ਭੇਦ-ਭਾਵ ਸਾਰੇ ਇਕ-ਦੂਜੇ ਦੇ
ਨਾਲ-ਨਾਲ ਬੈਠ ਕੇ ਗੁਰ-ਉਪਦੇਸ਼ ਸੁਨਣ ਲਈ ਬਰਾਬਰ ਦਾ ਹੱਕਦਾਰ ਹੁੰਦੇ ਹਨ।
(੨) ਕੜਾਹ ਪ੍ਰਸ਼ਦਿ ਵਰਤਾਉਣਾ-ਦੂਜੇ ਨੰਬਰ ਤੇ ਵਾਰੀ ਆਉਂਦੀ ਹੈ ਕੜਾਹ
ਪ੍ਰਸ਼ਾਦਿ ਦੀ ਦੇਗ਼ ਲੈਣ ਤੇ ਵਰਤਾਉਣ ਦੀ। ਇਥੇ ਵੀ ਗੱਲ ਉਹੀ ਹੈ ਜੋ ਸਾਧਸੰਗਤ ਲਈ ਹੈ। ਕਿਸੇ ਨਾਲ
ਕਿਸੇ ਤਰ੍ਹਾਂ ਦਾ ਵੀ ਵਿੱਤਕਰਾ ਰੱਖ ਕੇ ਸੰਗਤ `ਚ ਦੇਗ਼ ਨਹੀਂ ਵਰਤਾਈ ਜਾਂਦੀ, ਸਭ ਨੂੰ ਇਕੋ ਜਿਹੀ
ਮਿਲਦੀ ਹੈ।
(੩) ਲੰਗਰ ਤੇ ਪੰਕਤ- ਤੀਜੇ ਨੰਬਰ ਤੇ ਮਨੁੱਖੀ ਬਰਾਬਰੀ ਤੇ ਆਪਸੀ
ਨੇੜਤਾ ਪੈਦਾ ਹੁੰਦੀ ਹੈ ਗੁਰੂ ਕੇ ਲੰਗਰ ਤੇ ਪੰਕਤ ਵਾਲੀ ਦੇਣ ਤੋਂ। ਇਥੇ ਵੀ, ਬਿਨਾ ਵਿੱਤਕਰਾ
ਬਾਦਸ਼ਾਹ ਤੇ ਰੰਕ ਨੇ, ਬ੍ਰਾਹਮਣ ਤੇ ਸ਼ੂਦਰ ਨੇ ਗੁਰੂ ਕਾ ਲੰਗਰ ਮਿਲ ਕੇ ਬਨਾਉਣਾ, ਵਰਤਾਉਣਾ ਤੇ ਇਕੋ
ਪੰਕਤ `ਚ ਬੈਠ ਕੇ ਛੱਕਣਾ ਹੈ। ਗੁਰੂ ਦਰ `ਤੇ ਅਜਿਹੇ ਧਰਮ-ਸਥਾਨਾਂ ਵਾਲਾ ਹਾਲ ਨਹੀਂ ਜਿੱਥੇ
ਭੁਖਿਆਂ-ਮੰਗਤਿਆਂ ਨੂੰ ਤਾਂ ਲਾਈਨਾ ਲੁਆ ਕੇ ਭੋਜਣ ਛੱਕਾਏ ਜਾਣ। ਉਪ੍ਰੰਤ ਸੁੱਚ-ਭਿੱਟ, ਵਰਣ-ਵੰਡ ਦੇ
ਪੁਜਾਰੀ ਆਪ, ਆਪਣੇ ਘਰਾਂ `ਚ ਜਾ ਕੇ ਭੋਜਣ ਛੱਕਣ। ਗੁਰੂ ਦਰ `ਤੇ ਕੇਵਲ ਸੇਹਤ-ਸਫ਼ਾਈ ਪੱਖੋਂ ਹੀ
ਧਿਆਣ ਦਿੱਤਾ ਜਾਂਦਾ ਹੈ, ਸੁੱਚ-ਭਿਟ ਨਹੀਂ। ਇਥੇ ਊਚ-ਨੀਚ, ਬ੍ਰਾਹਮਣ-ਸ਼ੂਦਰ ਵਾਲੀ ਗੱਲ ਤਾਂ ਸੋਚੀ
ਹੀ ਨਹੀਂ ਜਾ ਸਕਦੀ।
(੪) ਗੁਰੂ ਦਰ `ਤੇ ਇਸ ਲੜੀ `ਚ ਚੌਥੀ ਸੰਸਥਾ ਹੈ ਸਾਂਝੇ ਸਰੋਵਰ।
ਨਦੀਆਂ, ਦਰਿਆਵਾਂ ਦੇ ਚਲਦੇ ਪਾਣੀਆਂ `ਤੇ ਤਾਂ ਕਿਸੇ ਦਾ ਜ਼ੋਰ ਨਹੀਂ। ਉਥੇ ਕੌਣ ਸ਼ੂਦਰ-ਕੌਣ ਬ੍ਰਾਹਮਣ
ਤੇ ਕੌਣ ਅਨਮਤੀ। ਜਿਥੋਂ ਤੀਕ ਖੂਹੀਆਂ, ਸਰੋਵਰਾਂ, ਬਾਉਲੀਆਂ ਭਾਵ ਖੜੇ ਪਾਣੀ `ਤੇ ਮੰਦਰਾਂ ਦਾ
ਸੰਬੰਧ ਹੈ-ਸੁੱਚ-ਭਿੱਟ, ਊਚ-ਨੀਚ, ਵਰਣ ਵੰਡ ਦੇ ਸ਼ੈਦਾਈਆਂ `ਚ ਅੱਜ ਵੀ ਸੁਅਰਣਾਂ ਲਈ ਖੂਹ, ਬਾਉਲੀਆਂ
ਮੰਦਰ ਵੱਖ ਹਨ ਜਦ ਕਿ ਗੁਰੂਦਰ ਦੇ ਸਾਂਝੇ ਸਰੋਵਰਾਂ `ਚ ਟੁੱਭੀਆਂ ਲਾਉਣ ਲਈ, ਇਹਨਾ ਵਿੱਤਕਰਿਆਂ ਨੂੰ
ਕੋਈ ਥਾਂ ਨਹੀਂ। ਇਸ ਤੋਂ ਬਾਅਦ, ਫ਼ਿਰ ਵੀ ਜੇ ਕੋਈ ਮਾਈਆਂ-ਬੀਬੀਆਂ ਇਸ ਭਰਮ `ਚ ਨਵ-ਜਨਮੇ ਬਚਿਆਂ ਦੇ
ਕਪੜੇ ਲਾ ਕੇ ਸੁੱਟ ਆਉਣ ਕਿ ਉਹਨਾਂ ਦੇ ਬੱਚੇ ਦਾ ਪ੍ਰਛਾਵਾਂ ਉਤਰ ਜਾਵੇ ਤੇ ਦੂਜੇ ਨੂੰ ਲਗ ਜਾਵੇ
ਜਾਂ ਉਹਨਾਂ ਦੇ ਹਰੇ ਹੋ ਜਾਣ, ਦੂਜਿਆਂ ਦੇ ਸੁੱਕ ਜਾਣ, ਤਾਂ ਇਹ ਭਰਮ ਵੀ ਗੁਰੂਦਰ ਦੇ ਸਾਂਝੇ
ਸਰੋਵਰਾਂ `ਤੇ ਲਾਗੂ ਨਹੀਂ ਹੁੰਦੇ। ਜੋ ਕੋਈ ਅਜਿਹਾ ਕਰਦਾ ਹੈ ਤਾਂ ਉਹ ਆਪ ਗੁਰੂ ਦਾ ਦੇਣਦਾਰ ਤੇ ਇਹ
ਨਿਰੋਲ ਮਨਮੱਤ ਹੈ।
ਸਰਬ ਧਰਮ ਮਿਲਾਪ ਦਾ ਇਕੋ ਇੱਕ ਰਾਹ- ਹਜ਼ਾਰਾਂ ‘ਸਰਵ ਧਰਮ ਸਮੇਲਨ’ ਕਰ
ਲਏ ਜਾਣ। ਸੱਚ ਇਹੀ ਹੈ, ਜਦੋਂ ਤੀਕ ਮਨੁੱਖ ਅੰਦਰ ਇਲਾਹੀ ਭਾਵ ਸਰਵ ਸਾਂਝਾ ਧਰਮ ਜਨਮ ਨਹੀਂ ਲਵੇ ਗਾ,
ਉਦੋਂ ਤੀਕ ‘ਸਰਵ ਧਰਮ ਮਿਲਾਪ’ ਸੰਭਵ ਹੀ ਨਹੀਂ, ਤੇ ਨਾ ਹੀ ਕਿਸੇ ਨੂੰ ਇਸ ਦੀ ਸਮਝ `ਚ ਆ ਸਕਦੀ ਹੈ।
ਸੰਸਾਰ ਭਰ `ਚ ‘ਸਰਵ ਧਰਮ ਮਿਲਾਪ’ ਦਾ ਅਸਲ `ਤੇ ਇਕੋ ਇੱਕ ਪ੍ਰਗਟਾਵਾ ਤੇ ਸਬੂਤ ਹਨ
“ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ”। “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਹੀ ਹਨ ਜਿਨ੍ਹਾਂ
ਅੰਦਰ ਪਾਕਪੱਟਨ ਦੇ ਮੁਸਲਮਾਨ ਸ਼ੇਖ ਫਰੀਦ ਹਨ। ਅਖੌਤੀ ਸ਼ੂਦਰਾਂ `ਚੋਂ ਨਾਮਦੇਵ ਮਹਾਰਾਸ਼ਟਰ ਦੇ, ਕਬੀਰ,
ਰਵਿਦਾਸ ਬਨਾਰਸ ਦੇ ਹਨ। ਇਸ ਤਰ੍ਹਾਂ ਇਥੇ 15 ਭਗਤਾਂ ਦੀ ਬਾਣੀ ਮੌਜੂਦ ਹੈ। ਜਿਨ੍ਹਾਂ ਚੋਂ
ਲਗਭਗ ਦੱਸ ਭਗਤ ਹਨ ਜਿਨ੍ਹਾਂ ਨੂੰ ਨੀਵੀਂ ਤੇ ਸ਼ੂਦਰ ਜਾਤ ਦੇ ਮੰਨਿਆ ਜਾਂਦਾ ਸੀ। ਬੰਗਾਲ ਦੇ
ਤ੍ਰਿਲੋਚਨ ਜੀ, ਜੈਦੇਵ ਗੁਜਰਾਤ ਦੇ ਉਪ੍ਰੰਤ ਪਰਮਾਨੰਦ, ਰਾਮਾ ਨੰਦ ਵੀ ਹਨ ਜੋ ਸਾਰੇ ਬ੍ਰਾਹਮਣ ਕੁਲ
`ਚੋਂ ਹਨ। ਇਸ ਤਰ੍ਹਾਂ ਸਾਰੇ ਭਗਤਾਂ ਦੇ ਜਨਮ ਤੋਂ ਭਗਤੀ ਦੇ ਢੰਗ, ਇਸ਼ਟ, ਜਨਮ ਸਥਾਨ, ਪ੍ਰਾਂਤ ਤੇ
ਦੇਸ਼ ਤੀਕ ਭਿੰਨ ਭਿੰਨ ਸਨ। ਇਹਨਾ ਦੀਆਂ ਜਾਤਾਂ-ਕੁਲ ਤੇ ਜਨ ਮ ਤੋਂ ਧਰਮ ਵੀ ਭਿੰਨ ਭਿੰਨ ਸਨ। ਇਸ
ਤੋਂ ਬਾਅਦ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਇਨ੍ਹਾ ਨੂੰ ਆਪਣੀ ਛਾਤੀ ਨਾਲ ਲਗਾ ਕੇ ਬਰਾਬਰੀ ਦੀ ਠੰਡਕ
ਬਖਸ਼ੀ ਤਾਂ ਉਸ ਸਮੇ ਇਹ ਸਾਰੇ ਇਕੋ ਇਲਾਹੀ, ਸਰਬ ਸਾਂਝੇ ਰੱਬੀ ਸੱਚ ਧਰਮ ਦੇ ਰਾਹੀ ਬਣ ਚੁੱਕੇ ਹੋਏ
ਸਨ। ਉਦੋਂ ਇਹ ਬ੍ਰਾਹਮਣ, ਸ਼ੂਦਰ, ਮੁਸਲਮਾਨ ਨਹੀਂ ਬਲਕਿ ਇਹਨਾ ਸਾਰਿਆਂ ਦਾ ਧਰਮ “ਪੰਚਾ ਕਾ ਗੁਰੁ
ਏਕੁ ਧਿਆਨੁ” (ਬਾਣੀ ਜਪੁ) ਸੀ ਤੇ ਇਹੀ ਹੈ ਅਸਲ `ਚ ਸਮੁਚੇ ਮਨੁੱਖ ਮਾਤ੍ਰ ਦਾ ਧਰਮ। “ਸ੍ਰੀ
ਗੁਰੂ ਗ੍ਰੰਥ ਸਾਹਿਬ” ਦੇ ਚਰਣਾਂ `ਚ ਮੱਥਾ ਟੇਕਣ ਵਾਲਾ, ਕੇਵਲ ਗੁਰੂ ਹਸਤੀਆਂ ਅਗੇ ਹੀ ਨਹੀਂ
ਬਲਕਿ ਨਾਮਦੇਵ, ਰਵਿਦਾਸ, ਕਬੀਰ, ਸਦਣਾ, ਸੈਣ, ਪਰਮਾਨੰਦ, ਰਾਮਾ ਨੰਦ, ਤ੍ਰਿਲੋਚਨ, ਫ਼ਰੀਦ ਆਦਿ ਸਾਰੇ
ਭਗਤਾਂ ਅਗੇ ਵੀ ਮੱਥਾ ਟੇਕ ਰਿਹਾ ਹੁੰਦਾ ਹੈ। ਅਸਲ `ਚ ਉਸ ਸਮੇਂ ਉਹ ਸੱਚੇ ਤੇ ਇਲਾਹੀ ਧਰਮ ਅਗੇ ਸਿਰ
ਝੁਕਾਅ ਰਿਹਾ ਹੁੰਦਾ ਹੈ।
ਇਲਾਹੀ ਸੱਚ ਧਰਮ ਹੈ ਕੀ? ਇਨਸਾਨ ਜਿਉਂ ਜਿਉਂ ਸੱਚ ਧਰਮ ਵਲ ਵੱਧਦਾ ਹੈ
ਉਸ ਦੇ ਹਜ਼ਾਰਾਂ-ਲਖਾਂ ਇਸ਼ਟ, ਧਰਮ ਨਹੀਂ ਰਹਿ ਜਾਂਦੇ। ਉਸ ਨੂੰ ਸਮਝ ਆਉਣ ਲਗ ਜਾਂਦੀ ਹੈ-ਪੈਦਾ ਕਰਣ
ਵਾਲਾ, ਪਾਲਣਾ ਕਰਨ ਵਾਲਾ ਤੇ ਮਾਰਨ ਵਾਲਾ ਕੇਵਲ ਇਕੋ ਸਰਵ-ਵਿਆਪੀ ਪ੍ਰਮਾਤਮਾ ਹੀ ਹੈ, ਦੂਜਾ ਕੋਈ
ਨਹੀਂ। ਮਨੁੱਖ ਨੂੰ ਜਦੋਂ ਉਸ ਇਕੋ-ਇੱਕ ਪ੍ਰਭੂ ਦੀ ਸਮਝ ਆ ਜਾਂਦੀ ਹੈ ਤਾਂ ਉਸ ਨੂੰ ਹਰ ਸਮੇਂ
ਪ੍ਰੇਸ਼ਾਨ ਕਰਣ ਵਾਲੀ ਮੰਗਾਂ-ਇਛਾਵਾਂ, ਤ੍ਰਿਸ਼ਨਾ-ਭੱਟਕਣਾ ਦੀ ਦੌੜ ਵੀ ਸ਼ਾਂਤ ਹੁੰਦੀ ਜਾਂਦੀ ਹੈ। ਉਸ
ਅੰਦਰੋਂ ਜਾਤ-ਵਰਣ-ਧਰਮ ਦੇ ਬਨਾਵਟੀ ਭੁਲੇਖੇ ਵੀ ਮੁੱਕਦੇ ਜਾਂਦੇ ਹਨ। ਉਸ ਨੂੰ ਸਾਰਿਆਂ ਅੰਦਰ ਵੱਸ
ਰਹੇ ਅਕਾਲਪੁਰਖ ਦੀ ਪਹਿਚਾਣ ਆਉਣ ਲਗ ਜਾਂਦੀ ਹੈ। ਵੈਰ ਵਿਰੋਧ, ਠੱਗੀਆਂ, ਹੇਰਾ ਫ਼ੇਰੀਆਂ ਵਾਲੇ
ਅਉਗੁਣ ਮੁੱਕਦੇ ਜਾਂਦੇ ਹਨ। ਇਹੀ ਰਸਤਾ ਹੈ ਸਰਵ-ਧਰਮ ਮਿਲਾਪ ਦਾ ਜਿਹੜਾ ਕੇਵਲ ਤੇ ਕੇਵਲ ‘ਗੁਰੂ
ਗ੍ਰੰਥ ਸਾਹਿਬ ਜੀ’ ਤੋਂ ਮਿਲੇ ਗਾ। ਇਹੀ ਕਾਰਨ ਹੈ ਜਦੋਂ ਗੁਰਬਾਣੀ ਵਿਚਲੇ 15 ਭਗਤ,
ਆਪਣੇ ਭਿੰਨ ਭਿੰਨ ਜਮਾਂਦਰੂ ਬਨਾਵਟੀ ਧਰਮ ਵਿਸ਼ਵਾਸਾਂ ਤੋਂ ਉਪਰ ਉਠ ਕੇ, ਸੱਚ ਧਰਮ ਵਲ ਵੱਧਦੇ ਗਏ
ਤਾਂ ਇੱਕ ਦਿਨ ਉਹਨਾਂ ਅੰਦਰੋਂ ਜਨਮ-ਜਾਤ-ਵਰਣ-ਪ੍ਰਾਂਤ-ਦੇਸ਼ ਦੀਆਂ ਵਿੱਥਾਂ ਮੁੱਕ ਗਈਆਂ। ਉਪ੍ਰੰਤ
ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਬਰਾਬਰੀ ਦੇ ਕੇ ਆਪਣੀ ਛਾਤੀ ਨਾਲ ਲਗਾਇਆ, ਤਦ ਉਹਨਾਂ
ਸਾਰਿਆਂ ਦਾ “ਪੰਚਾ ਕਾ ਗੁਰੁ ਏਕੁ ਧਿਆਨੁ” (ਬਾਣੀ ਜਪੁ) ਅਨੁਸਾਰ ਗੁਰੂ ਵੀ ਇਕੋ ਤੇ ਧਰਮ
ਵੀ “ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ” (ਪੰ: 266) ਇਕੋ ਸੀ।
ਰੱਬੀ ਤੇ ਸਰਬ-ਸਾਂਝੇ ਸੱਚ ਧਰਮ ਦੀ ਪਛਾਣ- ਲਖਾਂ ਸਾਲਾਂ ਤੋਂ ਚਲਦੇ ਆ
ਰਹੇ ਸੰਸਾਰ ਰਚਨਾ ਦੇ ਨੀਯਮ `ਚ ਕਦੇ ਕਿਸੇ ਨੇ ਗੁਲਾਬ ਤੋਂ ਮੋਤੀਏ ਦਾ ਭੁਲੇਖਾ ਨਹੀਂ ਖਾਦਾ। ਚਿੱੜੀ
ਨੂੰ ਕਦੇ ਕਿਸੇ ਤੋਤਾ ਨਹੀਂ ਸਮਝਿਆ, ਕਾਂ-ਕਾਂ ਹੈ ਤੇ ਉਲੂ-ਉਲੂ। ਸ਼ਕਲਾਂ ਕਰ ਕੇ ਗਊ ਤੇ ਬੱਕਰੀ
ਭਿੰਨ ਹਨ। ਸੱਪ-ਬਿੱਛੂ-ਮਗਰਮੱਛ, ਮੋਰ, ਚਮਗਿੱਦੜ ਬੇਅੰਤ ਜੂਨੀਆਂ ਹਨ। ਕਰਤੇ ਨੇ ਜਿਸ ਦੀ ਜੋ ਸ਼ਕਲ
ਘੜੀ ਹੈ ਅਰੰਭ ਤੋਂ ਅੰਤ ਤੀਕ ਉਸ ਦੀ ਸ਼ਕਲ ਨਹੀਂ ਬਦਲਦੀ। ਅੰਬ-ਖਰਬੂਜਾ, ਲੁਕਾਠ, ਬੇਰ, ਚਾਵਲ,
ਗੇਹੂੰ ਆਪਣੀ ਆਪਣੀ ਸ਼ਕਲ ਦੀ ਭਿੰਨਤਾ ਕਾਰਨ ਹੀ ਪਛਾਣੇ ਜਾਂਦੇ ਹਨ। ਇਹ ਵੱਖਰੀ ਗਲ ਹੈ ਵੱਖ-ਵੱਖ
ਬੋਲੀਆਂ `ਤੇ ਭਾਸ਼ਾਵਾਂ `ਚ ਉਨ੍ਹ੍ਹਾਂ ਦੇ ਨਾਂ ਬਦਲ ਜਾਂਦੇ ਹਨ ਪਰ ਜਿਸ ਬੋਲੀ `ਚ, ਜਿਸ ਦਾ ਜੋ ਨਾਂ
ਹੈ, ਕੇਵਲ ਨਾਂ ਲੈਣ ਨਾਲ ਹੀ ਉਸ ਦੀ ਸ਼ਕਲ, ਗੁਣ-ਦੋਸ਼ ਸਾਡੀਆਂ ਅੱਖਾਂ ਸਾਹਮਣੇ ਆ ਜਾਂਦੇ ਹਨ।
ਪ੍ਰਭੂ ਰਚਨਾ ਦੇ ਹਰੇਕ ਅੰਗ ਦੀ ਜਿਸ ਤਰ੍ਹਾਂ ਸੂਰਤ ਮੁਕਰੱਰ ਹੈ, ਇਸੇ
ਤਰ੍ਹਾਂ ਰਚਨਾ ਦੇ ਹਰੇਕ ਅੰਗ ਦਾ ‘ਸੁਭਾਅ’ - ‘ਸੀਰਤ’ ਵੀ ਨੀਯਤ ਹੈ। ਸੂਰਜ ਦਾ ਧਰਮ ਗਰਮੀ
ਦੇਣਾ ਹੈ ਤੇ ਚੰਦ੍ਰਮਾਂ ਦਾ ਧਰਮ ਠੰਡਕ। ਗੁੱੜ ਤੋਂ ਮਿਠਾਸ, ਨਮਕ ਤੋਂ ਮਿਰਚਾਂ ਦਾ ਭੁਲੇਖਾ ਨਹੀਂ
ਪੈਂਦਾ। ਬਿੱਲੀ ਦਾ ਚੂਹੇ ਖਾਣ ਵਾਲਾ ਸੁਭਾਅ, ਘੋੜੇ ਦੀ ਦੁਲੱਤੀ, ਗਊ-ਮੱਝ ਦਾ ਸਿੰਗ ਮਾਰਣ ਵਾਲਾ
ਸੁਭਾਅ, ਨਸਲ ਦਰ ਨਸਲ ਚਲਦਾ ਆ ਰਿਹਾ ਹੈ। ਗਿੱਦੜ ਆਦਿ ਕਾਲ ਤੋਂ ਹੀ ਡੱਰਪੌਕ ਤੇ ਸ਼ੇਰ ਸੁਭਾਅ ਤੋਂ
ਖੂੰਖਾਰ ਹੈ। ਚੂਹਾ ਹਰ ਵਸਤ ਨੂੰ ਕੁੱਤਰਦਾ ਹੈ, ਦੀਮਕ-ਲੱਕੜੀ, ਕਾਗਜ਼ ਨੂੰ ਮਿੱਟੀ ਬਣਾ ਦੇਂਦੀ ਹੈ,
ਕੱਕੀ ਕੀੜੀ ਲੱੜਦੀ ਹੈ, ਬਿੱਛੂ ਜ਼ਹਿਰੀਲਾ ਡੰਗ ਮਾਰਦਾ ਹੈ। ਹਰੇਕ `ਚ ਸ਼ਕਲ `ਤੇ ਸੁਭਾਅ ਦੀ ਸਾਂਝ
ਕਰਤੇ ਵਲੋਂ ਹੀ ਹੁੰਦੀ ਹੈ।
ਮੈਡੀਕਲ, ਵਿਗਿਆਨਕ-ਖੇਤੀਬਾੜੀ ਆਦਿ ਦੀਆਂ ਬੇਅੰਤ ਖੋਜਾਂ ਇਸੇ ਇਲਾਹੀ ਸੱਚ
`ਤੇ ਆਧਾਰਤ ਹਨ। ਕੋਈ ਮਿਸ਼ਰਣ (