.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਨਿਊਜ਼ੀਲੈਂਡ ਵਿਖੇ ਸ਼ਬਦ ਵਿਚਾਰ

(ਕਿਸ਼ਤ ਪੰਜਵੀਂ)

ਪੰਜਵਾਂ ਹਫ਼ਤਾ
ਦਿਨ ਸੋਮਵਾਰ ਮਿਤੀ ੦੩-੦੮-੦੯.
ਗੁਰਦੁਆਰਾ ਟੀਪੁੱਕੀ—
ਜਿਸ ਤਰ੍ਹਾਂ ਸਰੀਰ ਦੇ ਤਲ਼ `ਤੇ ਮਾਤਾ-ਪਿਤਾ, ਭੈਣ-ਭਰਾ, ਪਤੀ–ਪਤਨੀ ਆਦਕ ਦੀਆਂ ਸਾਡੀਆਂ ਰਿਸ਼ਤੇਦਾਰੀਆਂ ਹਨ। ਏਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਆਤਮਕ ਤਲ਼ ਦੀਆਂ ਰਿਸ਼ਤੇਦਾਰੀਆਂ ਦੀ ਗੱਲ ਕਰਦਿਆਂ ਕਿਹਾ ਹੈ ਕਿ ਗੁਰੂ ਦੀ ਮਤ ਨੂੰ ਮਾਂ, ਸੰਤੋਖ ਨੂੰ ਪਿਤਾ ਤੇ ਦੁਨੀਆਂ ਦੀ ਸੇਵਾ ਨੂੰ ਆਤਮਕ ਤਲ਼ `ਤੇ ਭਰਾ ਬਣਾ ਲਿਆ ਜਾਏ। ਆਪਣੀ ਨੇਕ ਕਿਰਤ ਨੂੰ ਸਹੁਰਾ ਤੇ ਸ਼ਬਦ ਦੀ ਵਿਚਾਰ ਨੂੰ ਹਰ ਵੇਲੇ ਸੁਰਤ ਵਿੱਚ ਟਿਕਾਈ ਰੱਖਣਾ ਆਤਮਕ ਤਲ਼ `ਤੇ ਸੱਸ ਹੈ। ਨੇਕ ਕਰਮਾਂ ਵਿੱਚ ਉਤਸ਼ਾਹਤ ਰਹਿਣਾ ਆਤਮਾ ਦੀ ਵਹੁਟੀ ਹੈ। ਸਮੇਂ ਦਾ ਪਾਬੰਧ ਹੋ ਕੇ ਵਿਕਾਰਾਂ ਵਲੋਂ ਸੁਚੇਤ ਰਹਿਣਾ ਵਿਆਹ ਦਾ ਦਿਨ ਬੰਨਣਾ ਹੈ। ਇਸ ਆਤਮਕ ਤਲ਼ `ਤੇ ਰਿਸ਼ਤਿਆਂ ਦੀ ਗ੍ਰਹਿਸਤ ਵਿਚੋਂ ਸੱਚ ਰੂਪੀ ਪੁੱਤਰ ਪਰਮਾਤਮਾ ਦੇ ਰੂਪ ਵਿੱਚ ਪ੍ਰਗਟ ਹੋਏਗਾ ਜੋ ਸਾਡੇ ਰੋਜ਼-ਮਰਾ ਦੀ ਜ਼ਿੰਦਗੀ ਵਿਚੋਂ ਪ੍ਰਗਟ ਹੋਏਗਾ।
ਦੂਸਰੇ ਸਲੋਕ ਵਿੱਚ ਇਹ ਵਿਚਾਰਿਆ ਗਿਆ ਕਿ ਸ਼ੁਭ ਜ਼ਿੰਮੇਵਾਰੀਆਂ ਨਿਬਹੁੰਣ ਤੋਂ ਕਦੇ ਵੀ ਦੇਰ ਨਹੀਂ ਕਰਨੀ ਚਾਹੀਦੀ ਜਦੋਂ ਕਿ ਵਿਕਾਰੀ ਸੋਚ ਸੋਚਣ `ਤੇ ਜ਼ਰੂਰ ਦੇਰ ਕਰਨੀ ਚਾਹੀਦੀ ਹੈ। ਨਾਮ ਭਾਵ ਗੁਰ-ਗਿਆਨ ਨੂੰ ਬਾਰ ਬਾਰ ਵਿਚਾਰ ਦਾ ਵਿਸ਼ਾ ਬਣਾਉਣ ਨਾਲ ਅੰਦਰਲੀ ਮਲੀਨ ਸੋਚ ਦਾ ਅੰਤ ਹੁੰਦਾ ਹੈ। ਇਹ ਸਾਰਾ ਕੁੱਝ ਤਦ ਹੀ ਸੰਭਵ ਹੋ ਸਕਦਾ ਹੈ, ਜਦੋਂ ਗੁਰੂ ਗ੍ਰੰਥ ਦੀ ਵਿਚਾਰਧਾਰਾ ਨੂੰ ਆਪਣੀ ਸਮਝ ਦਾ ਹਿੱਸਾ ਬਣਾਇਆ। ਇਸ ਰਾਹ `ਤੇ ਤੁਰਨ ਵਾਲੇ ਨੂੰ ਧਰਮ ਦੀ ਸਮਝ ਆਉਂਦੀ ਹੈ ਜੋ ਰੱਬ ਦੀ ਪ੍ਰਾਪਤੀ ਦਾ ਸੁਖੈਨ ਰਸਤਾ ਹੈ।
ਦਿਨ ਮੰਗਲ਼ਵਾਰ ਮਿਤੀ ੦੪-੦੮-੦੯.
ਗੁਰਦੁਆਰਾ ਟੀਪੁੱਕੀ—
ਇਕਨਾ ਤਿਲ਼ਾਂ ਦੇ ਬੂਟਿਆਂ ਵਿੱਚ ਦਾਣੇ ਤੇ ਇਕਨਾਂ ਵਿੱਚ ਸੁਆਹ ਭਰੀ ਹੁੰਦੀ ਹੈ। ਪਰ ਦੇਖਣ ਨੂੰ ਤਿਲ਼ਾਂ ਦੇ ਬੂਟੇ ਇਕੋ ਜੇਹੇ ਲਗਦੇ ਹਨ। ਜਿਨ੍ਹਾਂ ਬੂਟਿਆਂ ਵਿੱਚ ਦਾਣੇ ਹੁੰਦੇ ਹਨ ਉਹਨਾਂ ਦਾ ਇੱਕ ਮਾਲਕ ਹੁੰਦਾ ਹੈ ਪਰ ਜਿੰਨ੍ਹਾਂ ਵਿੱਚ ਸੁਆਹ ਹੁੰਦੀ ਹੈ ਉਹਨਾਂ ਦੇ ਕਈ ਮਾਲਕ ਹੁੰਦੇ ਹਨ। ਏਸੇ ਤਰ੍ਹਾਂ ਹੀ ਜਿਹੜੇ ਮਨੁੱਖਾਂ ਵਿੱਚ ਰੱਬੀ ਗੁਣਾਂ ਦੀ ਭਰਮਾਰ ਹੁੰਦੀ ਹੈ ਉਹਨਾਂ ਦਾ ਮਾਲਕ ਇੱਕ ਪ੍ਰਮਾਤਮਾ ਹੁੰਦਾ ਹੈ। ਜਿਨ੍ਹਾਂ ਮਨੁੱਖਾਂ ਵਿੱਚ ਰੱਬੀ ਗੁਣਾਂ ਦੀ ਘਾਟ ਹੁੰਦੀ ਹੈ ਓੱਥੇ ਕਈ ਵਿਕਾਰ ਮਾਲਕ ਹੁੰਦੇ ਹਨ।
ਕਬੀਰ ਜੀ ਦੇ ਦੋ ਸਲੋਕਾਂ ਦੀ ਵਿਚਾਰ ਕੀਤੀ ਕਿ ਅਕਾਸ਼ ਵਿਚੋਂ ਬਦਲਾਂ ਦੀਆਂ ਬੂੰਦਾਂ ਇਕਸਾਰ ਆਉਂਦੀਆਂ ਹਨ। ਜਿਹੜੀਆਂ ਬੂੰਦਾਂ ਨੂੰ ਜ਼ਮੀਨ ਚੰਗੀ ਮਿਲ ਗਈ ਓੱਥੇ ਵਧੀਆ ਫਸਲ ਤਿਆਰ ਹੋਏਗੀ। ਤੇ ਜੋ ਬੂੰਦਾਂ ਕਰਲਾਠੀ ਜ਼ਮੀਨ `ਤੇ ਡਿੱਗ ਪਈਆਂ ਉਹ ਬੇਕਾਰ ਚਲੀਆਂ ਜਾਂਦੀਆਂ ਹਨ। ਏਸੇ ਤਰ੍ਹਾਂ ਹੀ ਬੱਚੇ ਸਾਰੇ ਹੀ ਪਵਿੱਤਰ ਆਤਮਾਵਾਂ ਹੁੰਦੇ ਹਨ। ਜਿੰਨਾਂ ਬੱਚਿਆਂ ਨੂੰ ਚੰਗੇ ਮਾਪਿਆਂ ਦੀ ਜ਼ਿੰਮੇਵਾਰੀ ਤੇ ਚੰਗੀ ਸੰਗਤ ਮਿਲ ਗਈ ਉਹ ਚੰਗੇ ਇਨਸਾਨ ਬਣ ਜਾਂਦੇ ਹਨ। ਜਿੰਨ੍ਹਾਂ ਮਾਪਿਆਂ ਨੇ ਬੱਚਿਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਹੀਂ ਸੰਭਾਲ਼ੀ ਤੇ ਨਾ ਹੀ ਉਹਨਾਂ ਬੱਚਿਆਂ ਨੂੰ ਕੋਈ ਚੰਗੀ ਸੰਗਤ ਮਿਲੀ ਹੈ ਕੁਦਰਤੀ ਉਹ ਬੱਚੇ ਸਮਾਜ ਵਿੱਚ ਵੇਕਾਰੀ ਹੁੰਦੇ ਹਨ।
ਜਿੱਥੇ ਮਾਪਿਆਂ ਨੂੰ ਆਪਣੀ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ ਓੱਥੇ ਸਾਡੇ ਗੁਰਦੁਆਰਿਆਂ ਵਿੱਚ ਵੀ ਗੁਰਬਾਣੀ ਨੂੰ ਯੋਗ ਢੰਗ ਨਾਲ ਪੜ੍ਹਾਉਣ ਲਈ ਪੜ੍ਹੇ ਲਿਖੇ ਪਰਚਾਰਕਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ ਤਾਂ ਕਿ ਬੱਚਿਆਂ ਨੂੰ ਗੁਰਬਾਣੀ ਦੀ ਸਮਝ ਆ ਸਕੇ। ਅੱਜ ਗੁਰਦੁਆਰਿਆਂ ਦੀਆਂ ਇਮਾਰਤਾਂ ਤਾਂ ਅਸੀਂ ਬਹੁਤ ਵੱਡੀਆਂ ਵੱਡੀਆਂ ਬਣਾ ਲਈਆਂ ਹਨ ਪਰ ਬੱਚਿਆਂ ਦੀ ਪੜ੍ਹਾਈ ਲਈ ਕੋਈ ਵੀ ਯੋਗ ਪ੍ਰਬੰਧ ਨਹੀਂ ਕੀਤਾ ਗਿਆ। ਕੌਮ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।
ਦਿਨ ਬੁੱਧਵਾਰ ਮਿਤੀ ੦੫-੦੮-੦੯.
ਗੁਰਦੁਆਰਾ ਟੌਰੰਗਾ—
ਸੋਨੇ ਦੇ ਵੱਡੇ ਵੱਡੇ ਵਾਲ਼ਿਆਂ ਵਿੱਚ ਬਹੁਤ ਕੀਮਤੀ ਡਾਇਮੰਡ ਫਿੱਟ ਕਰਾ ਲਏ ਜਾਣ ਤਾਂ ਕਿ ਮੇਰੀ ਹੈਸੀਅਤ ਦਾ ਲੋਕਾਂ ਨੂੰ ਪਤਾ ਲੱਗ ਜਾਏ ਕਿ ਮੈਂ ਬਹੁਤ ਅਮੀਰ ਆਦਮੀ ਹਾਂ। ਅਜੇਹੇ ਦਿਖਾਵੇ ਦੇ ਮਨੁੱਖਾਂ ਪ੍ਰਤੀ ਕਬੀਰ ਸਾਹਿਬ ਜੀ ਨੇ ਆਪਣਾ ਨਜ਼ਰੀਆ ਦਿੱਤਾ ਹੈ ਕਿ ਇਹ ਉਹਨਾਂ ਸੜੇ ਹੋਏ ਕਾਨਿਆਂ ਵਰਗੇ ਹਨ ਜੋ ਦੇਖਣ ਨੂੰ ਤਾਂ ਬਾਹਰੋਂ ਬਹੁਤ ਲਿਸ਼ਕਦੇ ਹਨ ਪਰ ਉਹਨਾਂ ਦਾ ਅੰਦਰੋਂ ਗੁੱਦਾ ਸੜਿਆ ਹੁੰਦਾ ਹੈ। ਇਹਨਾਂ ਮਨੁੱਖਾਂ ਵਿੱਚ ਪਰਮਾਤਮਾ ਦਾ ਨਾਂ ਭਾਵ ਇਨਸਾਨੀਅਤ ਦੀਆਂ ਕਦਰਾਂ ਕੀਮਤਾ ਨਹੀਂ ਹੁੰਦੀਆਂ ਹਨ।
ਗੁਰੂ ਨਾਨਕ ਸਾਹਿਬ ਜੀ ਦੇ ਪ੍ਰਭਾਤੀ ਰਾਗ ਵਿੱਚ ਉਚਾਰਣ ਕੀਤੇ ਹੋਏ ਸ਼ਬਦ ਦੀ ਵਿਚਾਰ ਕਰਦਿਆਂ ਇਹ ਸਮਝਣ ਦਾ ਯਤਨ ਕੀਤਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਰੱਬ ਜੀ ਪਾਸੋਂ ਨਾਮ ਦੀ ਦਾਤ ਮੰਗੀ ਹੈ। ਜੋ ਰੱਬੀ ਗੁਣਾਂ ਵਿੱਚ ਤਬਦੀਲ ਹੁੰਦੀ ਹੈ। ਜਿਸ ਤਰ੍ਹਾਂ ਇੱਕ ਬ੍ਰਹਾਮਣ ਆਪਣਿਆਂ ਜਜਮਾਨਾਂ ਦੇ ਘਰਾਂ ਵਿੱਚ ਜਾ ਕੇ ਹਾੜੀ ਸਉਣੀ ਦੀ ਫਸਲ ਮੰਗ ਲਿਆਉਂਦਾ ਹੈ ਏਸੇ ਤਰ੍ਹਾਂ ਹੀ ਗੁਰਦੇਵ ਜੀ ਕਹਿੰਦੇ ਹਨ ਕਿ ਐ ਰੱਬ ਜੀ! ਮੈਂ ਤੇਰੇ ਘਰ ਦਾ ਬ੍ਰਹਾਮਣ ਹਾਂ ਕਿਰਪਾ ਕਰਕੇ ਮੈਨੂੰ ਆਤਮਕ ਤਲ਼ ਵਾਲੀਆਂ ਚੀਜ਼ਾਂ ਦਿਓ। ਸ਼ਬਦ ਦੇ ਪਹਿਲੇ ਬੰਦ ਵਿੱਚ ਵਿਦਿਆ ਦੀ ਦਾਤ ਮੰਗੀ ਹੈ। ਵਿਦਿਆ ਰਾਂਹੀ ਹੀ ਮਨੁੱਖ ਦੁਨੀਆਂ ਵਿੱਚ ਤਰੱਕੀ ਕਰ ਸਕਦਾ ਹੈ। ਵਿਦਿਆ ਦੁਨੀਆਂ ਦੇ ਭਲੇ ਲਈ ਹੋਣੀ ਚਾਹੀਦੀ ਹੈ। ਸ਼ਬਦ ਦੇ ਦੂਸਰੇ ਪਦੇ ਵਿੱਚ ਗੁਰ-ਗਿਆਨ ਰਾਂਹੀ ਵਿਕਾਰਾਂ ਦੀ ਸਥਿੱਤੀ ਸਮਝ ਵਿੱਚ ਆਉਂਦੀ ਹੈ ਜਿਸ ਨਾਲ ਵਿਕਾਰੀ ਦ੍ਰਿਸ਼ਟੀ ਦਾ ਖ਼ਾਤਮਾ ਹੁੰਦਾ ਹੈ। ਤੀਸਰੇ ਬੰਦ ਵਿੱਚ ਸੰਜਮ ਤੇ ਉੱਚੇ ਕਿਰਦਾਰ ਦੇ ਚਾਵਲਾਂ ਮੰਗ ਮੰਗੀ ਗਈ ਹੈ ਜਦੋਂ ਮਨੁੱਖੀ ਸੇਵਾ ਦੀ ਕਣਕ ਮੰਗੀ ਗਈ ਹੈ। ਹਰ ਵੇਲੇ ਉਸ ਦੇ ਚਰਨਾਂ ਵਿੱਚ ਜੁੜੇ ਰਹਿਣ ਦੀ ਭੇਟਾ ਮੰਗੀ ਗਈ ਹੈ। ਨੇਕ ਕਰਮਾਂ ਦਾ ਦੁੱਧ ਤੇ ਸੰਤੋਖ ਰੂਪੀ ਘਿਓ ਦੀ ਮੰਗ ਰੱਖੀ ਗਈ ਹੈ।
ਸ਼ਬਦ ਦੇ ਅਖ਼ੀਰਲੇ ਬੰਦ ਵਿੱਚ ਖ਼ਿਮਾ-ਧੀਰਜ ਦੀ ਗਊ ਮੰਗੀ ਗਈ ਹੈ ਜਿਸ ਦਾ ਸਹਿਜ ਰੂਪੀ ਵੱਛਾ ਹੋਵੇ। ਇਸ ਸ਼ਬਦ ਵਿਚਲੇ ਗੁਣਾਂ ਦੀ ਹਰ ਵੇਲੇ ਵਰਤੋਂ ਕਰਦੇ ਰਹਿਣ ਨੂੰ ਆਤਮਕ ਤਲ਼ ਦਾ ਕਪੜਾ ਕਿਹਾ ਹੈ। ਗੁਰਬਾਣੀ ਅਨੁਸਾਰ ਨਾਮ, ਸ਼ਬਦ ਦੀ ਵਿਚਾਰ ਨੂੰ ਹੀ ਕਿਹਾ ਗਿਆ ਹੈ। ਸ਼ਬਦ ਵਿਚਲੇ ਉਪਦੇਸ਼ ਨੂੰ ਧਾਰਨ ਕਰਨਾ ਨਾਮ ਜੱਪਣਾ ਕਿਹਾ ਗਿਆ ਹੈ।
ਦਿਨ ਵੀਰਵਾਰ ਮਿਤੀ ੦੫-੦੮-੦੯.
ਗੁਰਦੁਆਰਾ ਟੌਰੰਗਾ—
ਹਰ ਮਨੁੱਖ ਦੀ ਭਾਵਨਾ ਹੁੰਦੀ ਹੈ ਕਿ ਮੈਨੂੰ ਕੋਈ ਦੁੱਖ ਨਾ ਆਵੇ, ਮੇਰੀ ਇੱਜ਼ਤ ਹਮੇਸ਼ਾਂ ਬਣੀ ਰਹੇ, ਮੈਨੂੰ ਕੋਈ ਫਿਟਕਾਰ ਨਾ ਪਾਵੇ ਤੇ ਹਰ ਸਮੇਂ ਮੇਰੀ ਸ਼ੋਭਾ ਬਣੀ ਰਹੇ। ਇਹ ਸਾਰਾ ਕੁੱਝ ਹੋ ਸਕਦਾ ਹੈ ਜਦੋਂ ਗੁਰੁ-ਉਪਦੇਸ਼ ਨੂੰ ਆਪਣੇ ਸੁਭਾਅ ਦਾ ਅੰਗ ਬਣਾ ਲਈਏ ਤਾਂ ਆਤਮਕ ਸੁੱਖਾਂ ਦਾ ਅਨੰਦ ਮਾਣਿਆਂ ਜਾ ਸਕਦਾ ਹੈ।
ਸਰੀਰ ਨੂੰ ਸੰਜਮ ਦੀ ਦੁਕਾਨ ਤੇ ਇਸ ਵਿੱਚ ਧੀਰਜ ਰੂਪੀ ਸੁਨਿਆਰਾ ਬੈਠਾ ਕੇ ਮਨ ਨੂੰ ਲੋਹੇ ਦੀ ਅਹਿਰਣ ਵਾਂਗ ਗੁਰੂ ਦੇ ਸਮਰਪਤ ਕਰਕੇ ਗਿਆਨ ਦਾ ਹਥੌੜਾ ਚਲਾਉਣਾ ਹੈ। ਜਪੁਜੀ ਦੀ ਅਠੱਤਵੀਂ ਪਉੜੀ ਰਾਂਹੀ ਸੁਨਿਆਰੇ ਦੀ ਦੁਕਾਨ ਦਾ ਪ੍ਰਤੀਕ ਦੇਂਦਿਆਂ ਰੱਬੀ ਡਰ ਭਾਵ ਅਦਬ ਤੇ ਸਤਿਕਾਰ ਦੀ ਭਾਵਨਾ ਨੂੰ ਮਨ ਵਿੱਚ ਵਸਾ ਕੇ ਹਰ ਵੇਲੇ ਉਦਮੀ ਬਣੇ ਰਹਿਣ ਨੂੰ ਪ੍ਰੇਰਤ ਕਰਦੀ ਹੈ। ਪਿਆਰ ਦਾ ਭਾਂਡਾ ਲੈ ਕੇ ਆਤਮਕ ਜੀਵਨ ਬਣਾਉਣਾ ਹੈ। ਇਹਨਾਂ ਗੁਣਾਂ ਦਾ ਹਰ ਵੇਲੇ ਜਾਪ ਕਰਨ ਨਾਲ ਸੱਚੇ ਕਿਰਦਾਰ ਦੀ ਸਿਰਜਣਾ ਹੁੰਦੀ ਹੈ। ਜਿਸ ਨੂੰ ਘੜੀਏ ਸ਼ਬਦ ਕਿਹਾ ਹੈ। ਅਜੇਹਾ ਕਿਰਦਾਰ ਹੀ ਸਚਿਆਰ ਦਾ ਰੂਪ ਹੋ ਨਿਬੜਦਾ ਹੈ।
ਦਿਨ ਸ਼ੁਕਰਰਵਾਰ ਮਿਤੀ ੦੬-੦੮-੦੯.
ਗੁਰਦੁਆਰਾ ਟੌਰੰਗਾ—
ਅੰਬ ਖਾਣ ਦੀ ਸੱਧਰ ਇਮਲੀ ਖਾਣ ਨਾਲ ਪੂਰੀ ਨਹੀਂ ਹੁੰਦੀ। ਪਿਤਾ ਦਾ ਪਿਆਰ ਗੁਆਂਢੀਆਂ ਪਾਸੋਂ ਨਹੀਂ ਮਿਲ ਸਕਦਾ। ਸਾਗਰ ਦੇ ਕੀਮਤੀ ਮੋਤੀ ਪਿੰਡਾਂ ਦਿਆਂ ਛੱਪੜਾਂ ਵਿਚੋਂ ਨਹੀਂ ਮਿਲਣੇ ਤੇ ਸੂਰਜ ਦੀ ਰੋਸ਼ਨੀ ਦਾ ਦੀਵਾ ਕਦੇ ਵੀ ਮੁਕਾਬਲਾ ਨਹੀਂ ਕਰ ਸਕਦਾ। ਕੁਦਰਤੀ ਬਰਸਾਤ ਦਾ ਮੁਕਾਬਲਾ ਖੂਹ ਨਹੀਂ ਕਰ ਸਕਦਾ ਤੇ ਚੰਦਨ ਵਰਗੀ ਸੁਗੰਧੀ ਅੱਕਾਂ ਵਿਚੋਂ ਨਹੀਂ ਮਿਲਣੀ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਇੰਜ ਹੀ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿੱਪਣ ਤੀਕ ਸਾਰੇ ਖੰਡ, ਬ੍ਰਹਮੰਡ ਫੋਲ ਲਈਏ ਕਿਸੇ ਵੀ ਦੇਵੀ ਦੇਵਤੇ ਪਾਸ ਗੁਰੂ ਵਰਗੀ ਰੋਸ਼ਨੀ ਨਹੀਂ ਹੈ। ਇਸ ਲਈ ਸਿੱਖ ਦਾ ਗੁਰਬਾਣੀ `ਤੇ ਭਰੋਸਾ ਹੋਣਾ ਚਾਹੀਦਾ ਹੈ।
ਆਮ ਕਰਕੇ ਦੇਖਿਆ ਗਿਆ ਹੈ ਕਿ ਅਸੀਂ ਬਹੁਤ ਵੱਡੇ ਮੁਗ਼ਾਲਤੇ ਵਿੱਚ ਰਹਿੰਦੇ ਹਾਂ, ਕਿਉਂਕਿ ਗੁਰਬਾਣੀ ਕੁੱਝ ਹੋਰ ਕਹਿੰਦੀ ਹੈ ਤੇ ਇਤਿਹਾਸ ਕੁੱਝ ਹੋਰ ਕਹਿੰਦਾ ਹੈ ਇਸ ਲਈ ਅਸੀਂ ਦੁਬਿੱਧਾ ਦੇ ਸ਼ਿਕਾਰ ਹੋ ਜਾਂਦੇ ਹਾਂ। ਭਗਤ ਨਾਮ ਦੇਵ ਜੀ ਦਾ ਸ਼ਬਦ ਵਿਚਾਰ ਕਰਨ ਲਈ ਲਿਆ ਗਿਆ। ਭਗਤ ਜੀ ਨੇ ਵੱਖ ਵੱਖ ਉਦਾਹਰਣਾਂ ਦੇ ਕੇ ਮੁਸਲਮਾਨ ਵੀਰ ਤੇ ਹਿੰਦੂ ਵੀਰ ਨੂੰ ਰੱਬੀ ਉਪਦੇਸ਼ ਦਿੱਤਾ ਹੈ। ਪਹਿਲੇ ਹਿੰਦੂ ਵੀਰ ਨੂੰ ਉਪਦੇਸ਼ ਕਰਦਿਆਂ ਕਿਹਾ ਹੈ ਕਿ ਇੱਕ ਤਾਂ ਤੁੰ ਰੱਬ ਨੂੰ ਪੱਥਰ ਦੀ ਮੁਰਤੀ ਵਿੱਚ ਮੰਨੀ ਬੈਠਾ ਏਂ ਦੂਜਾ ਆਪਣਿਆਂ ਦੇਵਤਿਆਂ ਤੇ ਵੀ ਸ਼ੱਕ ਕਰੀ ਜਾਂਦਾ ਏਂ। ਗਾਇਤ੍ਰੀ ਦੇ ਪਾਠ ਉੱਤੇ ਸ਼ੱਕ, ਰਾਮ ਚੰਦਰ ਤੇ ਸ਼ਿਵ ਨੂੰ ਦੇਵਤੇ ਦਾ ਦਰਜਾ ਦੇ ਰਹੇ ਹੋ ਦੂਜੇ ਪਾਸੇ ਇਹਨਾਂ ਦੇ ਜੀਵਨ ਤੇ ਸ਼ੱਕ ਬ੍ਰਹਾਮਣ ਜੀ ਤੁਸੀਂ ਦੱਸ ਰਹੇ ਹੋ। ਇਸ ਲਈ ਤੇਰੀਆਂ ਦੋਵੇਂ ਅੱਖਾਂ ਹੀ ਨਹੀਂ ਹਨ।
ਮੁਸਲਮਾਨ ਭਾਈ ਨੂੰ ਭਗਤ ਨਾਮ ਦੇਵ ਜੀ ਕਹਿ ਰਹੇ ਹਨ ਕਿ ਮਿੱਤਰਾ ਖ਼ੁਦਾ ਨੂੰ ਤਾਂ ਤੂੰ ਇੱਕ ਮੰਨਦਾ ਏਂ ਪਰ ਕੇਵਲ ਪੱਛਮ ਵਲ ਨੂੰ ਮੰਨਣ ਕਰਕੇ ਇੱਕ ਅੱਖ ਗਵਾ ਬੈਠਾ ਏਂ। ਮੈਂ ਤੇ ਉਸ ਰੱਬ ਜੀ ਨੂੰ ਮੰਨਦਾ ਹਾਂ ਜੋ ਸਾਰਿਆਂ ਵਿੱਚ ਰਵਿਆ ਹੋਇਆ ਹੈ। ਉਹ ਰੱਬ ਜੀ ਕੇਵਲ ਧਾਰਮਕ ਅਸਥਾਨਾਂ ਦੀ ਕੈਦ ਵਿੱਚ ਨਹੀਂ ਆਉਂਦਾ। ਇੰਜ ਅਸੀਂ ਵੀ ਗੁਰੂਆਂ ਪ੍ਰਤੀ ਸ਼ਰਧਾ ਰੱਖਦੇ ਹੋਏ ਵੀ ਗੈਰ ਕੁਦਰਤੀ ਇਤਿਹਾਸ ਸੁਣਾ ਕੇ ਸ਼ੱਕ ਕਰੀ ਜਾਂਦੇ ਹਾਂ। ਕਦੇ ਦੇਹੁਰਾ ਫੇਰ ਦਿੱਤਾ, ਪੱਥਰ ਵਿੱਚ ਪੰਜਾ ਲਗਾ ਦਿੱਤਾ ਜਾਂ ਮੱਕੇ ਨੂੰ ਘੁਮਾ ਕੇ ਗੁਰੂ ਜੀ ਦੀ ਵਡਿਆਈ ਕਰ ਰਹੇ ਹਾਂ।
ਦਿਨ ਸ਼ਨੀਚਵਾਰ ਮਿਤੀ ੦੮-੦੮-੦੯.
ਗੁਰਦੁਆਰਾ ਟੀਪੁੱਕੀ—
ਗੁਰ-ਗਿਆਨ ਮਨ ਦੀ ਸੋਚ ਨੂੰ ਬਦਲ ਕੇ ਦੈਵੀ ਗੁਣਾਂ ਵਾਲਾ ਪੁਰਸ਼ ਬਣਾਉਂਦਾ ਹੈ ਇਸ ਲਈ ਆਪਣੇ ਗੁਰੂ ਸ਼ਬਦ ਤੋਂ ਹਰ ਸਮੇਂ ਬਲਿਹਾਰ ਜਾਣਾ ਚਾਹੀਦਾ ਹੈ।
ਆਪਣੇ ਹਰ ਕਰਮ ਵਿੱਚ ਸ਼ਬਦ ਦਾ ਬੀਜ ਪਾ ਕੇ ਸੱਚ ਬੋਲਣ ਦੀ ਚਮਕ ਦਾ ਹਰ ਵੇਲੇ ਪਾਣੀ ਦੇਂਦੇ ਰਹਿਣਾ ਚਾਹੀਦਾ ਹੈ। ਕਿਰਸਾਨ ਵਰਗਾ ਉਦਮੀ ਬਣ ਕੇ ਇਮਾਨ ਦੀ ਖੇਤੀ ਪੈਦਾ ਕਰੇਂਗਾ ਤਾਂ ਤੈਨੂੰ ਨਰਕ ਤੇ ਸਵਰਗ ਦਾ ਪਤਾ ਲੱਗੇਗਾ। ਗੱਲਾਂ ਨਾਲ ਕਿਸੇ ਵੀ ਮੰਜ਼ਿਲ `ਤੇ ਨਹੀਂ ਪਹੁੰਚਿਆ ਜਾ ਸਕਦਾ। ਮਾਲ ਇਕੱਠਾ ਕਰ ਲੈਣਾ ਜਾਂ ਕਾਮਕ ਬਿਰਤੀ ਵਿੱਚ ਹਰ ਵੇਲੇ ਵਿਚਰਦੇ ਰਹਿਣ ਨਾਲ ਆਤਮਕ ਤਲ਼ `ਤੇ ਕਦੇ ਵੀ ਖੁਸ਼ੀ ਨਹੀਂ ਮਿਲ ਸਕਦੀ।
ਚਿੱਕੜ ਵਿੱਚ ਰਹਿ ਰਿਹਾ ਡੱਡੂ ਕਮਲ ਦੇ ਫੁੱਲ ਦੀ ਸਾਰ ਨਹੀਂ ਜਾਣਦਾ ਪਰ ਭੌਰਾ ਦੂਰੋਂ ਆ ਕੇ ਵੀ ਕਮਲ ਦੇ ਫੁੱਲ ਦੀ ਸੁਗੰਧੀ ਲੈਂਦਾ ਹੈ। ਭੌਰੇ ਦੀ ਅਵਾਜ਼ ਸੁਣ ਕੇ ਵੀ ਡੱਡੂ ਜੀ ਦੀ ਜਾਗ ਨਹੀਂ ਖੁਲ੍ਹਦੀ। ਏਸੇ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਰਹਿ ਕੇ ਵੀ ਇਸ ਦੇ ਗਿਆਨ ਦੀ ਸਾਰ ਨਹੀਂ ਜਾਣੀ। ਗੁਰੂ ਤਾਂ ਹਰ ਵੇਲੇ ਉਪਦੇਸ਼ ਦੇ ਰਿਹਾ ਹੈ। ਅਸੀਂ ਆਪਣੀ ਅਵਸਥਾ ਏਦਾਂ ਦੀ ਬਣਾ ਲਈ ਹੈ ਕਿ ਇੱਕ ਕੰਨ ਦੀ ਗੱਲ ਸੁਣੀ ਤੇ ਦੂਜੇ ਕੰਨ ਦੀ ਕੱਢ ਦਿੱਤੀ ਕਿਉਂ ਕਿ ਸਾਡਾ ਮਨ ਸੰਸਾਰ ਦੇ ਪਦਾਰਥਾਂ ਵਿੱਚ ਰੁੱਝ ਗਿਆ ਹੈ। ਲੋਕ ਦਿਖਾਵੇ ਲਈ ਤੀਹ ਰੋਜ਼ੇ ਤੇ ਪੰਜੇ ਵਕਤ ਦੀਆਂ ਨਮਾਜ਼ਾਂ ਪੜ੍ਹੀਆਂ ਜਾ ਰਹੀਆਂ ਹਨ ਪਰ ਇਹਨਾਂ ਵਿਚੋਂ ਜੀਵਨ ਦੀ ਸਚਾਈ ਨੂੰ ਨਹੀਂ ਸਮਝਿਆ ਗਿਆ। ਧਾਰਮਕ ਰਸਮਾਂ ਕੇਵਲ ਇਸ ਲਈ ਨਿਭਾਈਆਂ ਜਾ ਰਹੀਆਂ ਹਨ ਕਿ ਸਾਨੂੰ ਕੋਈ ਸ਼ੈਤਾਨ ਦੀ ਟੂਟੀ ਨਾ ਕਹੇ।
ਦਿਨ ਐਤਵਾਰ ਮਿਤੀ ੦੯-੦੮-੦੯.
ਗੁਰਦੁਆਰਾ ਸ੍ਰਿੀ ਗੁਰੂ ਸਿੰਘ ਸਭਾ ਸ਼ੇਰਲ਼ੀ ਰੋਡ ਪਾਪਾਟੋਏਟੋਏ
ਨਿਊਜ਼ੀਲੈਂਡ—
ਫ਼ਰੀਦ ਜੀ ਦੇ ਇੱਕ ਸਲੋਕ ਦੀ ਵਿਆਖਿਆ ਕਰਦਿਆਂ ਇਹ ਸਮਝਿਆ ਕਿ ਮਨੁੱਖ ਦਾ ਜੀਵਨ ਇੱਕ ਰਾਤ ਵਾਂਗ ਹੈ। ਜ਼ਿੰਦਗੀ ਦੀ ਰਾਤ ਵਿੱਚ ਜੋ ਮਨੁੱਖ ਸੁੱਤਾ ਰਿਹਾ ਉਹ ਕੋਈ ਵਸਤੂ ਪ੍ਰਾਪਤ ਨਹੀਂ ਕਰ ਸਕਦਾ। ਹੱਥਲੇ ਜੀਵਨ ਵਿੱਚ ਸੁਚੇਤ ਹੋ ਕੇ ਆਪਣੇ ਜੀਵਨ ਨੂੰ ਸਵਾਰਨਾ ਹੈ।
ਦੂਸਰਾ ਸ਼ਬਦ ਪ੍ਰਭਾਤੀ ਰਾਗ ਵਿਚੋਂ ਲਿਆ ਗਿਆ ਇਸ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਰੱਬ ਜੀ ਪਾਸੋਂ ਨਾਮ ਦੀ ਦਾਤ ਮੰਗੀ ਹੈ। ਨਾਮ ਦੀ ਵਿਆਖਿਆ ਕਰਦਿਆਂ ਸਭ ਤੋਂ ਪਹਿਲਾਂ ਵਿਦਿਆ ਦੀ ਮੰਗ ਰੱਖੀ ਹੈ। ਵਿਦਿਆ ਦੁਆਰਾ ਹੀ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਵਿਦਿਆ ਰਾਂਹੀ ਕੁਦਰਤ ਦੇ ਕੁੱਝ ਗੁੱਝੇ ਭੇਤ ਮਿਲਦੇ ਹਨ। ਨਿਤ ਨਵੀਆਂ ਨਵੀਆਂ ਖੋਜਾਂ ਵਿਗਿਆਨੀ ਸਭ ਤੇ ਸਾਹਮਣੇ ਰੱਖ ਰਹੇ ਹਨ। ਵਿਦਿਆ ਦੇ ਕਮਾਲ ਦੁਆਰਾ ਹੀ ਮਹੀਨਿਆ ਦੀਆਂ ਦੂਰੀਆਂ ਘੰਟਿਆ ਵਿੱਚ ਕਰਨ ਦੇ ਮਨੁੱਖ ਸਮਰੱਥ ਹੋਇਆ ਹੈ। ਹਾਂ ਇਹ ਵਿਦਿਆ ਮਨੁੱਖੀ ਭਾਈ ਚਾਰੇ ਲਈ ਲਾਭਦਾਇਕ ਹੋਣੀ ਚਾਹੀਦੀ ਹੈ। ਨਾਮ ਦਾ ਪਹਿਲਾ ਗੁਣ ਵਿਦਿਆ ਦੀ ਪ੍ਰਾਪਤੀ, ਜਿਸ ਨਾਲ ਆਪਣੇ ਆਪ ਦੀ ਪਹਿਛਾਣ ਕਰਨੀ ਕਿ ਮੈਂ ਕੀ ਕਰ ਰਿਹਾ ਹਾਂ।
ਨਾਮ ਦਾ ਦੂਜਾ ਗੁਣ ਪੰਜ ਚੋਰ ਜੋ ਹਮੇਸ਼ਾਂ ਹੀ ਸਾਡੇ ਆਤਮਕ ਗੁਣ ਚੁਰਾ ਲੈਂਦੇ ਹਨ ਇਹਨਾਂ ਨੂੰ ਆਪਣੇ ਵੱਸ ਵਿੱਚ ਕਰਨਾ ਹੈ। ਮਨ ਵਿੱਚ ਮਲੀਨ ਸੋਚ ਜੋ ਜਨਮ ਲੈ ਰਹੀ ਹੈ ਉਸ ਤੋਂ ਛੁਟਕਾਰਾ ਪਉਣਾ ਹੈ। ਅਸਲ ਵਿੱਚ ਇਹ ਬ੍ਰਹਮ ਦੀ ਵਿਚਾਰ ਹੈ। ਗਿਆਨ ਇੰਦ੍ਰਿਆਂ ਨੂੰ ਜਤ ਦੇ ਕੇ ਉੱਚਾ ਕਿਰਦਾਰ ਰੱਖਣਾ ਤੇ ਕਿਸੇ ਦੀ ਲੋੜ ਦੇਖ ਕੇ ਉਸ ਪ੍ਰਤੀ ਕੁੱਝ ਕਰਨ ਦਾ ਚਾਉ ਪੈਦਾ ਹੋਣਾ ਚਾਵਲ ਤੇ ਕਣਕ ਦੇ ਰੂਪ ਵਿੱਚ ਮੰਗ ਮੰਗਦਾ ਹਾਂ। ਹਰ ਵੇਲੇ ਇਹਨਾਂ ਦੇ ਅਭਿਆਸ ਵਿੱਚ ਲੱਗੇ ਰਹਿਣ ਨੂੰ ਨਾਮ ਜੱਪਣਾ ਕਿਹਾ ਹੈ। ਨੇਕ ਕਰਮ ਕਰਨ ਦਾ ਦੁੱਧ ਤੇ ਸੰਤੋਖ ਰੂਪੀ ਘਿਓ ਰੱਬ ਜੀ ਪਾਸੋਂ ਮੰਗ ਕੇ ਨਾਮ ਦਾ ਵਿਸਥਾਰ ਕੀਤਾ ਹੈ। ਆਮ ਬ੍ਰਹਾਮਣ ਲੋਕਾਂ ਦਿਆਂ ਘਰਾਂ ਵਿੱਚ ਜਾ ਕੇ ਲਵੇਰੀ ਗਊ ਦੀ ਮੰਗ ਮੰਗਦਾ ਹੈ ਪਰ ਗੁਰੂ ਨਾਨਕ ਸਾਹਿਬ ਜੀ ਨੇ ਸਰੀਰ ਵਾਲੀ ਗਊ ਦੀ ਥਾਂ `ਤੇ ਕਿਸੇ ਨੂੰ ਖ਼ਿਮਾ ਕਰਕੇ ਧੀਰਜ ਬਣਾਈ ਰੱਖਣੀ ਤੇ ਸਹਿਜ ਅਵਸਥਾ ਵਿੱਚ ਰਹਿਣ ਦੇ ਯਤਨ ਨੂੰ ਵਰਤਣਾ ਸੁਭਾਅ ਦਾ ਪਹਿਰਾਵਾ ਹੈ। ਸੋ ਰੱਬੀ ਗੁਣਾਂ ਨੂੰ ਹਰ ਵੇਲੇ ਅਪਨਾਈ ਰੱਖਣਾ ਨਾਮ ਜੱਪਣਾ ਹੈ।
ਦਿਨ ਐਤਵਾਰ ਮਿਤੀ ੦੯-੦੮-੦੯.
ਗੁਰਦੁਆਰਾ ਟੌਰੰਗਾ—
ਭਾਈ ਗੁਰਦਾਸ ਜੀ ਦੇ ਇੱਕ ਕਬਿੱਤ ਦੀ ਵਿਚਾਰ ਕੀਤੀ। ਜਿਸ ਤਰ੍ਹਾਂ ਸਾਬਣ ਤੇ ਪਾਣੀ ਤੋਂ ਬਿਨਾ ਕਪੜਾ ਸਾਫ਼ ਨਹੀਂ ਹੋ ਸਕਦਾ, ਤੇਲ ਤੋਂ ਬਿਨਾਂ ਕੇਸ ਡਰਾਉਣੇ ਜੇਹੇ ਲੱਗਦੇ ਹਨ। ਸ਼ੀਸ਼ਾ ਸਾਫ਼ ਕਰਨ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ ਹੈ ਤੇ ਬਰਸਾਤ ਤੋਂ ਬਿਨਾਂ ਝੋਨੇ ਦੀ ਫਸਲ ਵਿੱਚ ਦਾਣਿਆਂ ਦੀ ਮਿਕਦਾਰ ਪੂਰੀ ਨਹੀਂ ਹੁੰਦੀ। ਘਿਓ ਤੇ ਲੂਣ ਤੋਂ ਬਿਨਾ ਸਵਾਦਿਸਟ ਭੋਜਨ ਤਿਆਰ ਨਹੀਂ ਹੁੰਦਾ ਤੇ ਦੀਵੇ ਤੋਂ ਬਿਨਾ ਘਰ ਵਿੱਚ ਹਨੇਰਾ ਹੀ ਰਹੇਗਾ ਤੇ ਕਦੇ ਵੀ ਚਾਨਣ ਨਹੀਂ ਹੁੰਦਾ। ਏਸੇ ਤਰ੍ਹਾਂ ਹੀ ਗੁਰ-ਗਿਆਨ ਤੋਂ ਬਿਨਾਂ ਭਰਮ-ਭੁਲੇਖੇ ਕਦੇ ਦੂਰ ਨਹੀਂ ਹੁੰਦੇ।
ਦੂਸਰਾ ਜਪੁ ਬਾਣੀ ਦੇ ਅਖ਼ੀਰਲੇ ਸਲੋਕ ਦੀ ਵਿਚਾਰ ਕੀਤੀ। ਪਹਿਲੀ ਤੁਕ ਵਿੱਚ ਤਿੰਨ ਗੁਣ, ਹਵਾ ਦਾ ਸਾਂਝੀਵਾਲਤਾ, ਪਾਣੀ ਦੀ ਨਿਰਮਲਤਾ, ਗਤੀ ਸ਼ੀਲਤਾ ਤੇ ਧਰਤੀ ਦੀ ਧੀਰਜਤਾ ਵਾਲੇ ਗੁਣ ਦੀ ਪਕੜ ਬਣਾਈ ਰੱਖਣ ਨੂੰ ਕਿਹਾ ਹੈ। ਹੋਇਆ ਇਹ ਕਿ ਮਨੁੱਖ ਦਿਨ ਰਾਤ ਵਿੱਚ ਖੇਢ ਰਿਹਾ ਹੈ ਤੇ ਇਹਨਾਂ ਉਪਰੋਕਤ ਗੁਣਾਂ ਦੀ ਵਰਤੋਂ ਨਹੀਂ ਕਰ ਰਿਹਾ। ਚੰਗਿਆਈਆਂ ਤੇ ਬੁਰਿਆਈਆਂ ਕਰਕੇ ਹੀ ਅਸੀਂ ਪ੍ਰਮਾਤਮਾ ਨਾਲੋਂ ਨੇੜੇ ਅਤੇ ਦੂਰ ਹਾਂ। ਬਿਬੇਕ ਬਿਰਤੀ ਜੋ ਰੱਬ ਜੀ ਦਾ ਅਸਥਾਨ ਹੈ ਇਸ ਨਾਲ ਵਿਚਾਰ ਕਰਕੇ ਪਹਿਲੀਆਂ ਤੁਕਾਂ ਦਿਆਂ ਗੁਣਾਂ ਦੀ ਵਰਤੋਂ ਕਰਨੀ ਤੇ ਬੁਰਿਆਈਆਂ ਤੋ ਦੂਰੀ ਬਣਾਉਣੀ ਹੈ। ਚੰਗਿਆਈਆਂ ਨੂੰ ਇਕੱਠੇ ਕਰਦੇ ਰਹਿਣਾ ਤੇ ਬੁਰਿਆਈਆਂ ਤੋਂ ਹਮੇਸ਼ਾਂ ਦੂਰੀ ਬਣਾਈ ਰੱਖਣੀ ਨਾਮ ਜੱਪਣਾ ਹੈ। ਇਸ ਅਭਿਆਸ ਦਾ ਨਾਂ ਹੀ ਮਸ਼ੱਕਤ ਹੈ। ਇਸ ਰਾਹ ਤੇ ਤੁਰਨ ਵਾਲਾ ਅੰਦਰੋਂ ਬਾਹਰੋਂ ਇਕੋ ਜੇਹਾ ਹੋ ਜਾਂਦਾ ਹੈ। ਉਹ ਦੋਹਰੇ ਤਲ਼ ਦੀ ਜ਼ਿੰਦਗੀ ਨਹੀਂ ਜਿਉਂਦਾ।




.