ਹਸਤ ਖੇਲਤ ਤੇਰੇ ਦੇਹੁਰੇ ਆਇਆ
ਬਲਦੇਵ ਸਿੰਘ ਟੋਰਾਂਟੋ
ਹਸਤ
ਖੇਲਤ ਤੇਰੇ ਦੇਹੁਰੇ ਆਇਆ॥
ਭਗਤਿ ਕਰਤ ਨਾਮਾ ਪਕਰਿ ਉਠਾਇਆ॥ ੧॥
ਹੀਨੜੀ ਜਾਤਿ ਮੇਰੀ ਜਾਦਿਮ ਰਾਇਆ॥
ਛੀਪੇ ਕੇ ਜਨਮਿ ਕਾਹੇ ਕਉ ਆਇਆ॥ ੧॥ ਰਹਾਉ॥
ਲੈ ਕਮਲੀ ਚਲਿਓ ਪਲਟਾਇ॥ ਦੇਹੁਰੈ ਪਾਛੈ ਬੈਠਾ ਜਾਇ॥ ੨॥
ਜਿਉ ਜਿਉ ਨਾਮਾ ਹਰਿ ਗੁਣ ਉਚਰੈ॥
ਭਗਤ ਜਨਾਂ ਕਉ ਦੇਹੁਰਾ ਫਿਰੈ॥ ੩॥ ੬॥
ਗੁਰੂ ਗ੍ਰੰਥ ਸਾਹਿਬ, ਪੰਨਾ ੧੧੬੪
ਪਦ ਅਰਥ – ਹਸਤ ਖੇਲਤ – ਪ੍ਰਸੰਨ ਹੋ ਜਾਣਾ, ਖੁਸ਼ੀ ਦੀ ਕੋਈ ਹੱਦ ਨਹੀਂ ਰਹਿਣੀ।
ਤੇਰੇ ਦੇਹੁਰੇ – ਅਕਾਲ ਪੁਰਖੁ ਨੂੰ ਸੰਬੋਧਨ ਹੈ, (ਕਿਸੇ ਕਰਮਕਾਂਡੀ ਮੰਦਰ ਦੀ ਗੱਲ ਨਹੀਂ)
ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥
ਗੁਰੂ ਗ੍ਰੰਥ ਸਾਹਿਬ, ਪੰਨਾ ੧੩੪੬
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥
ਗੁਰੂ ਗ੍ਰੰਥ ਸਾਹਿਬ, ਪੰਨਾ ੪੪੧
ਸੋ ਗੁਰਬਾਣੀ ਸਵੈ-ਪੜਚੋਲ ਦੀ ਗੱਲ ਕਰਦੀ ਹੈ, ਅਤੇ ਇਸ ਰਸਤੇ ਹੀ ਪ੍ਰਭੂ ਤੱਕ ਪਹੁੰਚਣਾ ਹੈ।
ਇਤੁ ਕਰਿ ਭਗਤਿ ਕਰਹਿ ਜੋ ਜਨ ਤਿਨ ਭਉ ਸਗਲ ਚੁਕਾਈਐ॥
ਕਹਤ ਨਾਮਦੇਉ ਬਾਹਰਿ ਕਿਆ ਭਰਮਹੁ ਇਹ ਸੰਜਮ ਹਰਿ ਪਾਈਐ॥ ੪॥ ੨॥
ਗੁਰੂ ਗ੍ਰੰਥ ਸਾਹਿਬ, ਪੰਨਾ ੬੯੩
ਸੱਚੇ ਦੀ ਸੱਚੀ ਬੰਦਗੀ ਜੋ ਜਨ ਕਰਦਾ ਹੈ, ਉਸ ਦਾ ਸਾਰਾ ਭਰਮ ਰੂਪੀ ਭਉ ਚੁੱਕਿਆ ਜਾਂਦਾ ਹੈ। ਅਜਿਹੇ
ਗੁਰਮੁਖਿ ਨੂੰ ਬਾਹਰ ਪ੍ਰਭੂ ਨੂੰ ਲੱਭਣ ਦੀ ਲਾਲਸਾ ਨਹੀਂ ਰਹਿੰਦੀ। ਸਵੈ ਪੜਚੋਲ ਕਰਦਾ ਹੋਇਆ ਆਪਣੇ
ਅੰਦਰ ਹੀ ਪ੍ਰਭੂ ਨੂੰ ਖੋਜਦਾ ਹੈ।
ਭਗਤਿ – ਪ੍ਰਭੂ ਦੀ ਬੰਦਗੀ ਕਰਨ ਨਾਲ (ਭਗਤ ਦੇ ‘ਤ’ ਨੂੰ ‘ਿ’ ਹੈ)
ਕਰਤ – ਸੰਸਕ੍ਰਿਤ ਦਾ ਸ਼ਬਦ ਹੈ ਜਿਸਦਾ ਅਰਥ ਹੈ ਟੋਆ, ਗਰਤ, ਚਿੱਕੜ
ਪਕਰਿ ਉਠਾਇਆ – ਪਕੜ ਕੇ ਉੱਪਰ ਉਠਾ ਲੈਣਾ
ਹੀਨੜੀ ਜਾਤਿ ਮੇਰੀ – ਮੇਰੀ ਜ਼ਾਤ ਨੀਵੀਂ ਹੈ
ਜਾਦਿਮ ਰਾਇਆ – ਤੂੰ ਪਾਰਬ੍ਰਹਮ ਕਰਤਾਰ ਹੈਂ
ਛੀਪੇ ਕੇ ਜਨਮਿ – ਛੀਬੇ ਦੇ ਘਰ ਜਨਮ ਹੋਣਾ, ਹੋਇਆ
ਕਾਹੇ – ਕਿਉਂ
ਕਮਲੀ – ਸੰ: ਦੀਵਾਨੀ, ਸਿਰੜੀ, ਦ੍ਰਿੜ੍ਹ ਵਿਸ਼ਵਾਸ ਕਰਨਾ
ਲੈ ਕਮਲੀ – ਦ੍ਰਿੜ੍ਹ ਵਿਸ਼ਵਾਸ ਕਰਕੇ ਚਲਣ ਵਾਲਾ
ਦੇਹੁਰੈ – ਦੇਹੁਰੇ ਦਾ ਬਹੁ ਬਚਨ
ਪਾਛੈ – ਜਿੱਧਰ ਕੋਈ ਪਿੱਠ ਕਰ ਲਵੇ
ਪਾਛੈ ਬੈਠਾ ਜਾਇ – ਪਿੱਠ ਕਰ ਕੇ ਬੈਠਣਾ (ਕਰਮਕਾਂਡਾਂ ਵਲ ਪਿੱਠ ਕਰਨੀ)
ਨਾਮਾ – ਇਥੇ ਨਾਮਦੇਵ ਜੀ ਦੇ ਨਾਮ ਤੋਂ ਨਹੀਂ ਭਾਵ ਲੈਣਾ; ਨਾਮ ਸਿਮਰਨ ਦੀ ਗੱਲ ਹੈ
ਸ੍ਰੀ ਰਾਮ ਨਾਮਾ ਉਚਰੁ ਮਨਾ॥
ਆਗੈ ਜਮ ਦਲੁ ਬਿਖਮੁ ਘਨਾ॥ ੧॥ ਰਹਾਉ॥
ਗੁਰੂ ਗ੍ਰੰਥ ਸਾਹਿਬ, ਪੰਨਾ ੧੫੫
ਮਨ ਮਹਿ ਰਾਮ ਨਾਮਾ ਜਾਪਿ॥
ਕਰਿ ਕਿਰਪਾ ਵਸਹੁ ਮੇਰੈ ਹਿਰਦੈ ਹੋਇ ਸਹਾਈ ਆਪਿ॥ ੧॥
ਗੁਰੂ ਗ੍ਰੰਥ ਸਾਹਿਬ, ਪੰਨਾ ੪੦੫
ਹਰਿ ਗਾਇ ਮੰਗਲੁ ਰਾਮ ਨਾਮਾ ਹਰਿ ਸੇਵ ਸੇਵਕ ਸੇਵਕੀ॥
ਗੁਰੂ ਗ੍ਰੰਥ ਸਾਹਿਬ, ਪੰਨਾ ੫੭੬
ਸੋ ਅਨੇਕ ਹੀ ਪ੍ਰਮਾਣ ਹਨ। ਜ਼ਿਆਦਾ ਤਰ ਅਸੀਂ ਨਾਮਦੇਵ ਜੀ ਦੀ ਉਚਾਰਣ ਬਾਣੀ ਵਿੱਚ ਉਨ੍ਹਾਂ ਦੇ ਨਾਮ,
ਅਤੇ ਸਿਮਰਨ ਰੂਪੀ ਨਾਮ ਤੋਂ ਭੁਲੇਖਾ ਖਾ ਜਾਂਦੇ ਹਾਂ। ਉਨ੍ਹਾਂ ਵਲੋਂ ਸਿਰਜੇ ਸਿਧਾਂਤ ਨੂੰ ਸਮਝਣ ਦੀ
ਕੋਸ਼ਿਸ਼ ਕਰਨੀ ਹੈ।
ਭਗਤ – ਇੱਕ ਬਚਨ, ਇੱਕ ਭਗਤ
ਭਗਤ ਜਨਾਂ – ਜਦੋਂ ਭਗਤ ਦੇ ਨਾਲ ਸ਼ਬਦ ‘ਜਨਾਂ’ ਜੁੜ ਗਿਆ ਤਾਂ ਬਹੁ ਵਚਨ (ਇਥੇ ਭਗਤ ਜੀ ਸੰਮੂਹ
ਬੰਦਗੀ ਕਰਨ ਵਾਲਿਆਂ ਦਾ ਜ਼ਿਕਰ ਕਰਦੇ ਹਨ)
ਦੇਹੁਰਾ – ਮੰਦਰ
ਭਗਤ ਜਨਾਂ ਕਉ ਦੇਹੁਰਾ – ਕਰਮਕਾਂਡੀ ਮੰਦਰ ਦੀ ਗੱਲ ਨਹੀਂ, ਭਗਤ ਜਨਾਂ ਦਾ ਦੇਹੁਰਾ ਮਨ-ਮੰਦਰ ਭਾਵ
ਅੰਦਰ ਦੀ ਗੱਲ ਹੈ।
ਫਿਰੈ – ਬਦਲਾਉ ਆਉਣਾ, ਵੀਚਾਰਧਾਰਾ ਬਦਲ ਜਾਣੀ
ਜਬ ਬੁਧਿ ਹੋਤੀ ਤਬ ਬਲੁ ਕੈਸਾ ਅਬ ਬੁਧਿ ਬਲੁ ਨ ਖਟਾਈ॥
ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ॥
ਗੁਰੂ ਗ੍ਰੰਥ ਸਾਹਿਬ, ਪੰਨਾ ੩੩੯
ਬੜੇ ਸੌਖੇ ਸ਼ਬਦ ਹਨ, ਜੋ ਅਸੀਂ ਅੱਖਾਂ ਤੋਂ ਪਰੇ ਕਰ ਬੈਠੇ ਹਾਂ। ਵੀਚਾਰਧਾਰਾ ਦਾ ਬਦਲਣਾ ਹੀ ਦੇਹੁਰਾ
ਫਿਰਨਾ ਹੈ, ਜਿਸ ਦੀ ਭਗਤ ਜੀ ਗੱਲ ਕਰ ਰਹੇ ਹਨ। ਜਿਸ ਤਰ੍ਹਾਂ ਕੋਈ ਬੰਦਾ ਕਿਸੇ ਹੋਰ ਬੰਦੇ ਬਾਰੇ
ਆਪਣੇ ਵੀਚਾਰ ਬਦਲ ਲਵੇ, ਤਾਂ ਅਸੀਂ ਕਹਿ ਦਿੰਦਾ ਹਾਂ ਕਿ ਉਹ ਤਾਂ ਬਦਲ ਹੀ ਗਿਆ ਹੈ। ਮਾੜੀ ਤੋਂ
ਚੰਗੀ ਅਤੇ ਚੰਗੀ ਤੋਂ ਮਾੜੀ ਵੀਚਾਰਧਾਰਾ ਵਿੱਚ ਬਦਲ ਜਾਣਾ ਹੀ ਫਿਰਨਾ ਹੈ।
ਅਰਥ – ਹੇ ਵਾਹਿਗੁਰੂ ਜਦੋਂ ਮੈਂ ਨਾਮਦੇਵ ਤੇਰੇ ਦੇਹੁਰੇ ਆਇਆ ਤਾਂ ਮੇਰੀ ਪ੍ਰਸੰਨਤਾ ਦੀ ਕੋਈ ਹੱਦ
ਨਹੀਂ ਰਹੀ। ਮੇਰੀ ਜ਼ਾਤ ਹੀਨੜੀ ਹੈ ਅਤੇ ਤੂੰ ਜਾਦਿਮ ਰਾਇਆ, ਪਾਰਬ੍ਰਹਮ ਕਰਤਾਰ ਹੈਂ। ਤੂੰ ਇਹ
ਪੁੱਛਿਆ ਹੀ ਨਹੀਂ ਕਿ ਤੇਰਾ ਛੀਬੇ ਦੇ ਘਰ ਦਾ ਜਨਮ ਹੈ, ਤੇ ਤੂੰ ਮੇਰੇ ਦਰ ਤੇ ਕਿਉਂ ਅਤੇ ਕੀ ਲੈਣ
ਆਇਆ ਹੈਂ।
ਜਦੋਂ ਮੈਂ ਤੇਰੀ ਬੰਦਗੀ ਕੀਤੀ ਤਾਂ ਤੂੰ ਮੈਨੂੰ ਜ਼ਾਤ ਪਾਤ ਦੀ ਗਰਤ (ਖੱਡ) ਵਿੱਚੋਂ ਬਾਂਹ ਪਕਰਿ ਉਠਾ
ਲਿਆ। ਜੋ ਵੀ ਕੋਈ ਤੇਰੇ ਤੇ ਦ੍ਰਿੜ੍ਹ ਵਿਸ਼ਵਾਸ ਕਰਕੇ ਚਲਦਾ ਹੈ, ਉਸ ਦੇ ਜੀਵਣ ਅੰਦਰ ਅਜਿਹਾ ਪਲਟਾ
ਭਾਵ ਬਦਲਾਉ ਆ ਜਾਂਦਾ ਹੈ, ਅਤੇ ਉਹ ਕਰਮਕਾਂਡੀ ਮੰਦਰਾਂ ਵਲ ਪਿੱਠ ਕਰ ਬੈਠਦਾ ਹੈ। (ਉਹ ਕਰਮਕਾਂਡੀ
ਮੰਦਰ ਹੀ ਹਨ ਜਿੱਥੇ ਜ਼ਾਤ-ਪਾਤ ਵੇਖੀ ਜਾਂਦੀ ਹੈ)
ਨੋਟ - ਪ੍ਰਭੂ ਦੀ ਬੰਦਗੀ ਕਰਨ ਵਾਲੇ ਅਜਿਹੇ ਮੰਦਰਾਂ ਵਲ ਪਿੱਠ ਕਰ ਬੈਠਦੇ ਹਨ ਅਤੇ ਪ੍ਰੇਰਦੇ ਹਨ,
ਕਿ ਅਜਿਹੇ ਮੰਦਰਾਂ ਅੰਦਰ ਜਾਣਾ ਹੀ ਨਹੀਂ ਚਾਹੀਦਾ।)
ਨਾਮਦੇਵ ਜੀ ਦਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਕਿ ਜਿਉਂ ਜਿਉਂ ਬੰਦਗੀ ਕਰਨ ਵਾਲੇ ਪੁਰਖ ਹਰੀ ਦਾ ਨਾਮ
ਸਿਮਰਨ ਕਰਦੇ ਹਨ, ਉਨ੍ਹਾਂ ਦੀ ਮਨ ਰੂਪੀ ਵੀਚਾਰਧਾਰਾ ‘ਫਿਰੈ’ ਭਾਵ ਬਦਲ ਜਾਂਦੀ ਹੈ। ਵਾਹਿਗੁਰੂ ਦੇ
ਸਿਮਰਨ ਦੀ ਬਖ਼ਸ਼ਿਸ਼ ਨਾਲ ਉਹ ਆਪਣੇ ਆਪ ਨੂੰ ਕਰਮਕਾਂਡਾਂ ਵਲੋਂ ਮੋੜ, ਤੇਰੇ ਦਰ ਨਾਲ ਜੁੜ ਜਾਂਦੇ ਹਨ।
ਜਿਥੈ ਲੇਖਾ ਮੰਗੀਐ ਤਿਥੈ ਦੇਹ ਜਾਤਿ ਨ ਜਾਇ॥
ਸਾਚਿ ਰਤੇ ਸੇ ਉਬਰੇ ਦੁਖੀਏ ਦੂਜੈ ਭਾਇ॥ ੬॥
ਗੁਰੂ ਗ੍ਰੰਥ ਸਾਹਿਬ, ਪੰਨਾ ੧੩੪੬
ਨੋਟ – ਸੋ ਪ੍ਰਭੂ ਦੇ ਦਰ ਤੇ ਜ਼ਾਤਿ-ਪਾਤਿ ਨਹੀਂ ਜਾਣੀ ਜਾਂਦੀ ਅਤੇ ਨਾਂ ਹੀ ਉਥੇ ਦੇਹ (ਸਰੀਰ)
ਜਾਂਦੀ ਹੈ। ਸ਼ਬਦ ਰਾਹੀਂ ਉਸ ਸੱਚੇ ਦੇ ਦਰ ਸੱਚ ਨਾਲ ਸੁਰਤ ਜੋੜ ਕੇ ਪਹੁੰਚਿਆ ਜਾ ਸਕਦਾ ਹੈ। ਜੋ
ਸੱਚੇ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਉਹ ਕਰਮਕਾਂਡਾਂ ਤੋਂ ਉੱਪਰ ਉੱਠ ਜਾਂਦੇ ਹਨ। ਸੋ, ਸਪਸ਼ਟ ਹੈ
ਕਿ ਗੁਰਮਤਿ ਸਿਧਾਂਤ ਅਨੁਸਾਰ ਉਸ ਸੱਚੇ ਦੇ ਦਰ ਤਨ ਕਰਕੇ ਨਹੀਂ ਜਾਇਆ ਜਾ ਸਕਦਾ, ਪਰ ਜਿਉਂਦੇ ਜੀ ਮਨ
ਕਰਕੇ ਜਾਇਆ ਜਾ ਸਕਦਾ ਹੈ। ਸੋ ਨਾਮਦੇਵ ਜੀ ਤਨ ਕਰਕੇ ਕਿਸੇ ਕਰਮਕਾਂਡੀ ਮੰਦਰ ਨਹੀਂ ਗਏ ਸਗੋਂ ਮਨ
ਕਰਕੇ ਗੁਰਮਤਿ ਸਿਧਾਂਤ ਵਾਲੇ ਮੰਦਰ ਗਏ ਸਨ, ਭਾਵ ਸੱਚ ਨੂੰ ਉਨ੍ਹਾਂ ਪਛਾਣਿਆ ਹੈ। ਏਥੋਂ ਇਹ ਸਪਸ਼ਟ
ਹੁੰਦਾ ਹੈ ਕਿ ਭਗਤ ਜਨਾਂ ਦਾ ਦੇਹੁਰਾ ਅਤੇ ਪ੍ਰਭੂ ਦਾ ਦਵਾਰਾ ਹੋਰ ਹੈ, ਜਿਸ ਦੁਆਰੇ ਸ਼ਬਦ ਰੂਪ
ਆਤਮਿਕ ਗਿਆਨ ਰਾਹੀਂ ਸੁਰਤ ਜੋੜ ਕੇ ਜਾਇਆ ਜਾ ਸਕਦਾ ਹੈ।
ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ॥
ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ॥
ਗੁਰੂ ਗ੍ਰੰਥ ਸਾਹਿਬ, ਪੰਨਾ ੭੩੩
ਗੁਰ ਪਰਸਾਦੀ ਜਾਨਿਆ॥
ਜਨੁ ਨਾਮਾ ਸਹਜ ਸਮਾਨਿਆ॥ ੪॥ ੧॥
ਗੁਰੂ ਗ੍ਰੰਥ ਸਾਹਿਬ, ਪੰਨਾ ੬੫੬