ਭਾਰਤੀ ਸਮਾਜ ਵਿੱਚ ਨਾਰੀ ਦਾ ਸਤਿਕਾਰ ਅਤੇ ਅਪਮਾਨ
--ਜਸਵੰਤ ਸਿੰਘ ‘ਅਜੀਤ’
ਭਾਰਤੀ ਸਮਾਜ ਵਿੱਚ ਇੱਕ
ਪਾਸੇ ਤਾਂ ਨਾਰੀ ਨੂੰ ਸਮਾਨਤਾ ਦਾ ਅਧਿਕਾਰ ਦਿਤੇ ਜਾਣ ਅਤੇ ਦੂਜੇ ਪਾਸੇ ਮਾਦਾ ਭਰੂਣ ਹਤਿਆ ਦੇ
ਵਿਰੁਧ ਸਮਾਜ ਵਿੱਚ ਜਾਗ੍ਰਿਤੀ ਪੈਦਾ ਕਰਨ ਲਈ ਲੰਮੇਂ ਸਮੇਂ ਤੋਂ ਸੰਘਰਸ਼ ਹੁੰਦਾ ਚਲਿਆ ਆ ਰਿਹਾ ਹੈ।
ਜਿਥੇ ਭਰੂਣ ਹਤਿਆ ਦੇ ਵਿਰੁਧ ਮੁਹਿੰਮ ਨੂੰ ਕਾਰਗਰ ਬਣਾਉਣ ਲਈ ‘ਨੰਨ੍ਹੀਂ ਛਾਂ’ ਦੇ ਅੰਦੋਲਣ ਨੂੰ
ਉਤਸਾਹਿਤ ਕਰਨ ਦੇ ਜਤਨ ਕੀਤੇ ਜਾ ਰਹੇ ਹਨ, ਉਥੇ ਹੀ ਨਾਰੀ ਨੂੰ ਬਰਾਬਰਤਾ ਦਾ ਅਹਿਸਾਸ ਕਰਵਾਉਣ ਲਈ
ਸੰਸਦ ਅਤੇ ਵਿਧਾਨ ਸਭਾਵਾਂ ਆਦਿ ਲੋਕਤਾਂਤ੍ਰਿਕ ਸੰਸਥਾਵਾਂ ਵਿੱਚ ਉਸ ਦੇ ਲਈ ੩੩% ਸੀਟਾਂ ਰਖਵੀਆਂ
ਕਰਨ ਦੇ ਲਈ ਕਾਨੂੰਨ ਬਣਾਏ ਜਾਣ ਦੀਆਂ ਕੌਸ਼ਿਸ਼ਾਂ ਵੀ ਜਾਰੀ ਹਨ। ਪਰ ਇਹ ਕੌਸ਼ਿਸ਼ਾਂ ਕਦੋਂ ਸਫਲ
ਹੋਣਗੀਆਂ? ਕਿਹਾ ਨਹੀਂ ਜਾ ਸਕਦਾ, ਕਿਉਂਕਿ ਇੱਕ ਪਾਸੇ ਤਾਂ ਸੰਸਦ ਤੋਂ ਬਾਹਰ ਲਗਭਗ ਸਾਰੀਆਂ ਹੀ
ਰਾਜਨੈਤਿਕ ਪਾਰਟੀਆਂ ਲੋਕਤਾਂਤ੍ਰਿਕ ਸੰਸਥਾਵਾਂ ਵਿੱਚ ਨਾਰੀਆਂ ਲਈ ਸੀਟਾਂ ਰਾਖਵੀਆਂ ਕੀਤੇ ਜਾਣ ਦੀ
ਜ਼ਬਰਦਸਤ ਵਕਾਲਤ ਕਰਦੀਆਂ ਹਨ, ਪਰ ਦੂਜੇ ਪਾਸੇ ਜਦੋਂ ਇਸ ਉਦੇਸ਼ ਲਈ ਸੰਸਦ ਵਿੱਚ ਬਿਲ ਪੇਸ਼ ਕਰਨ ਦੀ ਗਲ
ਤੁਰਦੀ ਹੈ, ਤਾਂ ਇਨ੍ਹਾਂ ਵਿਚੋਂ ਹੀ ਕਈ ਪਾਰਟੀਆਂ ਆਨੇ-ਬਹਾਨੇ ਇਸ ਬਿਲ ਦਾ ਵਿਰੋਧ ਕਰਨਾ ਸ਼ੁਰੂ ਕਰ
ਦਿੰਦੀਆਂ ਹਨ, ਜਿਸ ਕਾਰਣ ਇਸ ਮੁੱਦੇ ਤੇ ਆਮ ਸਹਿਮਤੀ ਨਹੀਂ ਹੋ ਪਾਂਦੀ। ਫਲਸਰੂਪ ਪਰਨਾਲਾ ਉਥੇ ਦਾ
ਉਥੇ ਹੀ ਟਿਕਿਆ ਰਹਿ ਜਾਂਦਾ ਹੈ। `ਤੇ ਫਿਰ ਵੀ ਇਸ ਮੰਗ ਨੂੰ ਲੈ ਕੇ ਚਰਚਾ ਚਲਦੀ ਹੀ ਰਹਿੰਦੀ ਹੈ।
ਪ੍ਰਾਚੀਨ ਸਮੇਂ ਦੀ ਗਲ: ਕਈ ਇਤਿਹਾਸਕ ਤੇ ਮਿਥਿਹਾਸਕ ਮਾਨਤਾਵਾਂ ਅਨੁਸਾਰ ਇੱਕ ਸਮਾਂ ਅਜਿਹਾ
ਵੀ ਸੀ, ਜਦੋਂ ਭਾਰਤ ਵਿੱਚ ਨਾਰੀ ਨੂੰ ਨਾ ਕੇਵਲ ਸਨਮਾਨ ਦੀ ਭਾਵਨਾ ਨਾਲ ਵੇਖਿਆ ਜਾਂਦਾ ਸੀ, ਸਗੋਂ
ਉਸਨੂੰ ਸਨਮਾਨ ਤੇ ਸਤਿਕਾਰ ਦਿਤਾ ਵੀ ਜਾਂਦਾ ਸੀ। ਇਸ ਗਲ ਦੀ ਪੁਸ਼ਟੀ ਲਈ ਭਗਵਾਨ ਰਾਮ ਦੇ ਨਾਂ ਤੋਂ
ਪਹਿਲਾਂ ਮਾਤਾ ਸੀਤਾ ਦਾ ਨਾਂ ਜੋੜ ਕੇ ‘ਸੀਤਾ-ਰਾਮ’ ਕਹੇ ਜਾਣ, ਭਗਵਾਨ ਕ੍ਰਿਸ਼ਨ ਦੇ ਨਾਂ ਤੋਂ
ਪਹਿਲਾਂ ਰਾਧਾ ਦਾ ਨਾਂ ਜੋੜ ਕੇ ‘ਰਾਧਾ-ਕ੍ਰਿਸ਼ਨ’ ਜਾਂ ‘ਰਾਧੇ-ਸ਼ਿਆਮ’ ਕਹੇ ਜਾਣ ਆਦਿ ਦੀਆਂ ਕਈ
ਉਦਾਹਰਣਾਂ ਦਿਤੀਆਂ ਜਾਂਦੀਆਂ ਹਨ।
ਇਸੇ ਤਰ੍ਹਾਂ ਮਹਾਭਾਰਤ ਕਾਲ ਦਾ ਜ਼ਿਕਰ ਕਰਦਿਆਂ ਦਸਿਆ ਜਾਂਦਾ ਹੈ ਕਿ ਉਸ ਸਮੇਂ ਔਲਾਦ ਦੀ ਪਛਾਣ ਪਿਤਾ
ਦੇ ਨਾਂ ਨਾਲ ਨਹੀਂ, ਸਗੋਂ ਮਾਤਾ ਦੇ ਨਾਂ ਨਾਲ ਕੀਤੀ ਜਾਂਦੀ ਸੀ, ਜਿਵੇਂ ਕਿ ਪਾਂਡਵਾਂ ਨੂੰ
ਕੁੰਤੀ-ਪੁਤਰ ਤੇ ਕੌਰਵਾਂ ਨੂੰ ਗਾਂਧਾਰੀ-ਪੁਤਰ ਕਹਿ ਕੇ ਹੀ ਸੰਬੋਧਨ ਕੀਤਾ ਅਤੇ ਪਛਾਣਿਆ ਜਾਂਦਾ ਸੀ।
ਘੋਖ ਕੀਤਿਆਂ ਇਸ ਤੋਂ ਇਲਾਵਾ ਇਸੇ ਸਮੇਂ ਦਾ ਇੱਕ ਹੋਰ ਪਖ ਵੀ ਸਾਹਮਣੇ ਆਉਂਦਾ ਹੈ। ਉਹ ਇਹ ਕਿ ਇਸ
ਸਮੇਂ ਦੀਆਂ ਇਤਿਹਾਸਕ ਤੇ ਮਿਥਿਹਾਸਿਕ ਮਾਨਤਾਵਾਂ ਵਿਚ, ਜਿਥੇ ਮਾਤਾਵਾਂ, ਪਤਨੀਆਂ ਤੇ ਸ਼ਰਧਾਲੂ
ਔਰਤਾਂ ਦੇ ਨਾਂ ਨਾਲ ਇਨ੍ਹਾਂ ਦੇ ਧਾਰਮਕ ਤੇ ਇਤਿਹਾਸਿਕ ਸ਼ਖਸੀਅਤਾਂ ਦੇ ਮਾਲਕ ਪੁਤਰਾਂ ਦਾ ਜ਼ਿਕਰ
ਆਉਂਦਾ ਹੈ, ਉਥੇ ਇਨ੍ਹਾਂ ਦੀਆਂ ਧੀਆਂ ਦਾ ਜ਼ਿਕਰ ਕਿਧਰੇ ਵੀ ਨਹੀਂ ਮਿਲਦਾ। ਜਿਸ ਕਾਰਣ ਇਹ ਸ਼ੰਕਾਂ
ਪੈਦਾ ਹੋਣੀ ਸੁਭਾਵਕ ਹੈ ਕਿ ਉਸ ਸਮੇਂ ਵੀ ਦੇਸ਼ ਵਿੱਚ ਕੁੱਝ ਅਜਿਹੇ ਵਰਗ ਸਨ, ਜੋ ਧੀਆਂ ਨੂੰ ਜਾਂ
ਤਾਂ ਜੰਮਦਿਆਂ ਹੀ ਮਾਰ ਦਿੰਦੇ ਸਨ ਜਾਂ ਫਿਰ ਭਾਰ ਸਮਝ ਕੇ ਕਿਧਰੇ ਸੁਟ ਦਿੰਦੇ ਸਨ। ਇਹੀ ਨਹੀਂ ਕੁੱਝ
ਲੋਕੀ ਉਸ ਸਮੇਂ ਵੀ ਧੀਆਂ ਨੂੰ ਨਿਜੀ ਜਾਇਦਾਦ ਹੀ ਸਮਝਦੇ ਸਨ। ਇਨ੍ਹਾਂ ਸ਼ੰਕਾਵਾਂ ਦੀ ਪੁਸ਼ਟੀ ਵਿੱਚ
ਧਾਰਮਕ ਤੇ ਮਿਥਿਹਾਸਿਕ ਮਾਨਤਾਵਾਂ ਵਿਚੋਂ ਕਈ ਅਜਿਹੀਆਂ ਮਹਤਵਪੂਰਣ ਨਾਰੀਆਂ ਦੀਆਂ ਉਦਾਹਰਣਾਂ
ਦਿਤੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਜਨਮ ਧਰਤੀ ਜਾਂ ਖੇਤ ਵਿੱਚ ਹੋਇਆ ਮੰਨਿਆ ਜਾਂਦਾ ਹੈ, ਤੇ
ਜਿਨ੍ਹਾਂ ਦੇ ਪਤੀ ਉਨ੍ਹਾਂ ਨੂੰ ਨਿਜੀ ਜਾਇਦਾਦ ਵਾਂਗ ਜੂਏ ਵਿੱਚ ਦਾਅ ਤੇ ਲਾਉਂਦੇ ਰਹੇ ਸਨ।
ਇਤਿਹਾਸ ਦੇ ਕਈ ਪ੍ਰਮੁਖ ਵਿਦਵਾਨਾਂ ਦੀ ਮਾਨਤਾ ਹੈ ਕਿ ਭਾਵੇਂ ਮੰਨਿਆ ਇਹ ਜਾਂਦਾ ਹੈ ਕਿ ਨਾਰੀਆਂ ਦੀ
ਜੰਮਦਿਆਂ ਜਾਂ ਜੰਮਣ ਤੋਂ ਪਹਿਲਾਂ ਹੀ ਹਤਿਆ ਕਰਨ ਦੀ ਰਵਾਇਤ ਵਿਦੇਸ਼ੀ ਹਮਲਿਆਂ ਦੇ ਸਮੇਂ ਸ਼ੁਰੂ ਹੋਈ
ਸੀ, ਕਿਉਂਕਿ ਹਮਲਾਵਰ ਜਿਥੇ ਦੇਸ਼ ਦੀ ਦੌਲਤ ਲੁਟ ਕੇ ਲੈ ਜਾਂਦੇ ਸਨ, ਉਥੇ ਹੀ ਭਾਰਤੀ ਮੁਟਿਆਰਾਂ ਨੂੰ
ਵੀ ਚੁਕ ਲਿਜਾਂਦੇ ਤੇ ਗ਼ਜ਼ਨੀ ਦੇ ਬਾਜ਼ਾਰਾਂ ਵਿੱਚ ਨਿਲਾਮ ਕਰ ਦਿਆ ਕਰਦੇ ਸਨ। ਆਪਣੀਆਂ ਧੀਆਂ ਨੂੰ ਇਸ
ਨਮੋਸ਼ੀ ਤੇ ਅਪਮਾਨ ਭਰੀ ਜ਼ਿੰਦਗੀ ਜੀਣ ਤੋਂ ਬਚਾਣ ਲਈ ਹੀ, ਭਾਰਤੀਆਂ ਨੇ ਕੁੜੀਆਂ ਨੂੰ ਜੰਮਦਿਆਂ ਹੀ
ਮਾਰ ਦੇਣਾ ਅਰੰਭ ਦਿਤਾ ਸੀ। ਪਰ ਕਈ ਪ੍ਰਾਚੀਨ ਲਿਖਤਾਂ ਤੋਂ ਮਿਲਦੀ ਜਾਣਕਾਰੀ ਅਨੁਸਾਰ, ਪ੍ਰਾਚੀਨ
ਵੈਦਿਕ ਕਾਲ ਦੌਰਾਨ ਵੀ ਜਿਥੇ ਇੱਕ ਪਾਸੇ ਭਾਰਤੀ ਸਮਾਜ ਵਿੱਚ ਨਾਰੀ ਨੂੰ ਸਤਿਕਾਰ ਤੇ ਸਨਮਾਨ ਦਿਤਾ
ਸੀ, ਉਥੇ ਹੀ ਦੂਜੇ ਪਾਸੇ ਸਮਾਜ ਵਿੱਚ ਕੁੱਝ ਅਜਿਹੇ ਵਰਗ ਵੀ ਸਨ, ਜੋ ਨਾਰੀ ਨੂੰ ਸਨਮਾਨ-ਸਤਿਕਾਰ
ਦੀਆਂ ਨਜ਼ਰਾਂ ਨਾਲ ਨਹੀਂ ਸਨ ਵੇਖਦੇ।
ਜਿਵੇਂ ਕਿ ਮਹਾਭਾਰਤ ਵਿੱਚ ਜਿਥੇ ਇੱਕ ਪਾਸੇ ਮਾਤਾਵਾਂ ਦੇ ਨਾਂ ਨਾਲ ਮਹਾਨ ਸ਼ਖਸੀਅਤਾਂ ਦੇ ਨਾਂ ਜੋੜ
ਕੇ ਨਾਰੀ ਨੂੰ ਸਨਮਾਨ ਦਿਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ, ਉਥੇ ਹੀ ਦੂਜੇ ਪਾਸੇ ਮਹਾਭਾਰਤ ਵਿੱਚ
ਇੱਕ ਥਾਂ ਤੇ ਉਸਨੂੰ ਕਾਮੁਕਤਾ ਦੀ ਅੱਗ ਕਹਿ ਕੇ ਅਪਮਾਨਤ ਵੀ ਕਰ ਦਿਤਾ ਗਿਆ ਹੋਇਆ ਹੈ - ‘ਜਿਵੇਂ
ਜਿਤਨਾ ਮਰਜ਼ੀ ਬਾਲਣ ਪਾਉ ਅੱਗ ਕਦੀ ਰਜਦੀ ਨਹੀਂ, ਕਿੰਨਾ ਵੀ ਪਾਣੀ ਪਾਉ ਸਮੁੰਦਰ ਕਦੀ ਭਰਦਾ ਨਹੀਂ,
ਕਿਤਨੇ ਵੀ ਖੂਨ ਕਰ ਲਵੇ ਖੂਨੀ ਦੀ ਪਿਆਸ ਕਦੀ ਬੁਝਦੀ ਨਹੀਂ, ਉਸੇ ਤਰ੍ਹਾਂ ਨਾਰੀ ਨੂੰ ਕਿਸੇ ਵੀ ਮਰਦ
ਕੋਲੋਂ ਕਦੇ ਰਜ ਨਹੀਂ ਆਉਂਦਾ’।
ਮੰਨੂ ਸਮ੍ਰਿਤੀ ਵਿੱਚ ਵੀ ਇੱਕ ਪਾਸੇ ਤਾਂ ਇਹ ਕਹਿ ਕੇ ਨਾਰੀ ਨੂੰ ਸਨਮਾਨਿਆ ਗਿਆ ਹੈ ਕਿ ‘ਜਿਸ ਘਰ
ਜਾਂ ਖਾਨਦਾਨ ਵਿੱਚ ਨਾਰੀ ਦੀ ਪੂਜਾ ਹੁੰਦੀ ਹੈ, ਉਸ ਘਰ ਤੇ ਦੇਵਤੇ ਖੁਸ਼ ਰਹਿੰਦੇ ਹਨ’। ਉਥੇ ਹੀ
ਦੂਜੇ ਪਾਸੇ ਉਸ ਨੂੰ ਮਰਦ ਦੀ ਗ਼ੁਲਾਮ ਸਾਬਤ ਕਰਨ ਲਈ, ਇਹ ਵੀ ਕਹਿ ਦਿਤਾ ਗਿਆ ਹੈ ਕਿ ‘ਨਾਰੀਆਂ ਲਈ
ਪਤੀ ਦੀ ਸੇਵਾ ਤੋਂ ਬਿਨਾਂ ਹੋਰ ਕੋਈ ਯੱਗ ਨਹੀਂ। ਪਤੀ ਦੀ ਆਗਿਆ ਤੋਂ ਬਿਨਾਂ ਕੀਤੇ ਵਰਤ ਜਾਂ ਉਪਵਾਸ
ਪਤੀ ਦੀ ਉਮਰ ਘਟਾਂਦੇ ਹਨ ਅਤੇ ਅਜਿਹੀ ਨਾਰੀ ਨਰਕ ਨੂੰ ਜਾਂਦੀ ਹੈ’। ਇਸੇ ਤਰ੍ਹਾਂ ਮੰਨੂ ਸਮ੍ਰਿਤੀ
ਵਿੱਚ ਹੀ ਨਾਰੀ ਨੂੰ ਮਰਦ ਦੀ ਗ਼ੁਲਾਮ ਸਾਬਤ ਕਰਨ ਲਈ, ਇੱਕ ਹੋਰ ਥਾਂ ਇਹ ਲਿਖਿਆ ਗਿਆ ਹੋਇਆ ਹੈ ਕਿ
‘ਨਾਰੀ ਦੀ ਰਖਿਆ ਬਚਪਨ ਵਿੱਚ ਪਿਤਾ, ਜਵਾਨੀ ਵਿੱਚ ਪਤੀ ਤੇ ਬੁਢਾਪੇ ਵਿੱਚ ਪੁਤਰ ਕਰਦਾ ਹੈ। ਨਾਰੀ
ਕਦੇ ਵੀ ਸੁਤੰਤਰ ਰਹਿਣ ਦੇ ਯੋਗ ਨਹੀਂ’।
ਮਹਾਨ ਨੀਤੀਵਾਨ ਚਾਣਕਿਆ ਦਾ ਕਹਿਣਾ ਹੈ ਕਿ ‘ਨਾਰੀ ਵਿੱਚ ਜਿਵੇਂ ਮਰਦ ਦੀ ਤੁਲਨਾ ਵਿੱਚ ਭੋਜਨ ਖਾਣ
ਦੀ ਸਮਰਥਾ ਦੁਗਣੀ, ਸ਼ਰਮੀਲਾਪਣ ਚੌਗਣਾ ਅਤੇ ਦਲੇਰੀ ਛੇ ਗੁਣਾ ਹੁੰਦੀ ਹੈ, ਉਵੇਂ ਹੀ ਉਸ ਵਿੱਚ
ਕਾਮੁਕਤਾ ਮਰਦ ਨਾਲੋਂ ਅੱਠ ਗੁਣਾ ਜ਼ਿਆਦਾ ਹੁੰਦੀ ਹੈ’।
ਸਮਾਜ ਦੇ ਇੱਕ ਮੰਨੇ-ਪ੍ਰਮੰਨੇ ਸਮਾਜ ਸੁਧਾਰਕ ਰਾਮ ਕ੍ਰਿਸ਼ਨ ਪਰਮਹੰਸ ਇੱਕ ਪਾਸੇ ਤਾਂ ਮਾਂ ਦੇ ਰੂਪ
ਵਿੱਚ ਨਾਰੀ ਨੂੰ ਰਬੀ ਦਰਜਾ ਦਿੰਦਿਆਂ ਸਤਿਕਾਰਦੇ ਹੋਏ ਆਖਦੇ ਹਨ ਕਿ ‘ਜਦੋਂ ਤੁਸੀਂ ਨਾਰੀ ਨੂੰ ਰਬੀ
ਮਾਂ ਦੇ ਰੂਪ ਵਿੱਚ ਵੇਖਦੇ ਹੋ ਤਾਂ ਉਸਦੇ ਸਾਰੇ ਹਥਿਆਰ ਖੁਸ ਜਾਂਦੇ ਹਨ’, ਪਰ ਜਦੋਂ ਉਹ ਉਸਨੂੰ
ਦੌਲਤ ਦੇ ਨਾਲ ਜੋੜਦਿਆਂ ਇਹ ਆਖਦੇ ਹਨ ਕਿ ‘ਨਾਰੀ ਤੇ ਦੌਲਤ ਨੇ ਸਾਰੇ ਸੰਸਾਰ ਨੂੰ ਗੁਨਾਹਾਂ ਵਿੱਚ
ਡੋਬਿਆ ਹੋਇਆ ਹੈ’। ਤਾਂ ਇਹ ਸੁਆਲ ਉਠਣਾ ਸੁਭਾਵਕ ਹੈ ਕਿ ਇਤਨੇ ਮਹਾਨ ਸਮਾਜ ਸੁਧਾਰਕ ਆਖਿਰ ਸਮਾਜ
ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ?
ਪੰਜਾਬੀ ਦੇ ਕਈ ਕਵੀਆਂ ਨੇ ਤਾਂ ਨਾਰੀ ਦਾ ਜ਼ਿਕਰ ਕਰਦਿਆਂ ਹਦ ਹੀ ਮੁਕਾ ਦਿਤੀ ਹੈ। ਉਹ ਔਰਤ ਨੂੰ
ਮਾਂ, ਭੈਣ ਤੇ ਧੀ ਦੇ ਰੂਪ ਵਿੱਚ ਪਿਆਰ ਤੇ ਸਤਿਕਾਰ ਦੀ ਮੂਰਤ ਸਮਝਣਾ ਤਾਂ ਦੂਰ ਰਿਹਾ, ਉਹ ਉਸਦੇ
ਇਨ੍ਹਾਂ ਰੂਪਾਂ ਨੂੰ ਵੇਖ ਹੀ ਨਹੀਂ ਸਕੇ। ਵਾਰਿਸਸ਼ਾਹ ਨੇ ਤਾਂ ਇਹ ਕਿਹਾ ਕਿ ‘ਵਾਰਿਸ ਰੰਨ, ਫਕੀਰ,
ਤਲਵਾਰ, ਘੌੜਾ; ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ’, ਪਰ ਪੀਲੂ ਨੇ ਤਾਂ ਉਸ ਤੋਂ ਇੱਕ ਕਦਮ ਅਗੇ
ਵਧ ਕੇ ਕਹਿ ਦਿਤਾ ਕਿ: ‘ਭਠ ਰੰਨਾਂ ਦੀ ਦੌਸਤੀ, ਖੁਰੀਂ ਜਿਨ੍ਹਾਂ ਦੀ ਮਤ। ਹਸ ਹਸ ਲਾਵਣ ਯਾਰੀਆਂ ਤੇ
ਰੋ ਕੇ ਦੇਵਣ ਦਸ’।
ਭਾਰਤੀ ਸਮਾਜ ਸੁਧਾਰਕਾਂ, ਧਾਰਮਕ ਮੁਖੀਆਂ ਤੇ ਕਵੀਆਂ ਨੇ ਹੀ ਨਹੀਂ, ਸਗੋਂ ਕਈ ਵਿਦੇਸ਼ੀ ਲੇਖਕ ਤੇ
ਧਾਰਮਕ ਮੁਖੀ ਵੀ ਨਾਰੀ ਨੂੰ ਭੰਡਣੋਂ ਪਿਛੇ ਨਹੀਂ ਰਹੇ। ਜਿਥੇ ਵਿਦੇਸ਼ੀ ਲੇਖਕ ਸ਼ੈਕਸਪੀਅਰ ਨੇ ਲਿਖਆ
ਹੈ ਕਿ ‘ਕਮਜ਼ੋਰੀ ਤੇਰਾ ਨਾਮ ਨਾਰੀ ਹੈ’, ਉਥੇ ਹੀ ਧਾਰਮਕ ਅਗਵਾਈ ਦੇਣ ਵਾਲੇ ਅਲੈਗਜ਼ੈਂਡਰ ਪੋਪ ਦਾ
ਕਹਿਣਾ ਹੈ ਕਿ ‘ਅਕਸਰ ਨਾਰੀ ਦਾ ਚਰਿਤ੍ਰ ਨਹੀਂ ਹੁੰਦਾ’।
ਇਸ ਸਾਰੇ ਕੁੱਝ ਦੇ ਵਿਰੁਧ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਰੀ-ਵਿਰੋਧੀ ਸਾਰੇ ਵਿਚਾਰਾਂ ਨੂੰ ਰੱਦ
ਕਰਦਿਆਂ ਕਿਹਾ ਕਿ ‘ਸੋ ਕਿਉਂ ਮੰਦਾ ਆਖਿਐ ਜਿਤੁ ਜੰਮੈ ਰਾਜਾਨ’।
ਐਸ ਬੀ ਐਨਥਨੀ ਦਾ ਕਹਿਣਾ ਹੈ ਕਿ ‘ਨਾਰੀ ਨੂੰ ਆਪਣੀ ਰਖਿਆ ਆਪ ਕਰਨ ਦੇ ਸਮਰਥ ਹੋਣਾ ਚਾਹੀਦਾ ਹੈ’।
ਨਾਰਾਇਣ ਪੰਡਤ ਨੇ ਇਹ ਹੀ ਨਹੀਂ ਕਿਹਾ ਕਿ ‘ਨਾਰੀ ਦੀ ਬੇਪਤੀ ਕਰਨ ਦਾ ਮਤਲਬ ਹੈ ਸਰਸਵਤੀ ਤੇ ਲਕਸ਼ਮੀ
ਦਾ ਨਿਰਾਦਰ ਕਰਨਾ’, ਸਗੋਂ ਉਨ੍ਹਾਂ ਨੇ ਇਹ ਵੀ ਕਿਹਾ ਕਿ ‘ਨਾਰੀ ਪ੍ਰਕ੍ਰਿਤੀ ਦੀ ਧੀ ਹੈ। ਉਸ ਵਲ
ਬੁਰੀ ਨਜ਼ਰ ਨਾਲ ਕਦੀ ਨਾ ਵੇਖੋ’। ਸ਼ੇਖ ਸਾਅਦੀ ਆਖਦਾ ਹੈ ਕਿ ‘ਸੁੰਦਰ ਨਾਰੀ ਇੱਕ ਹੀਰਾ ਹੈ, ਪਰ ਨੇਕ
ਨਾਰੀ ਹੀਰਿਆਂ ਦੀ ਖਾਣ ਹੈ’।
ਅੰਗ੍ਰੇਜ਼ੀ ਲੇਖਕ ਗੇਟੇ ਦਾ ਕਹਿਣਾ ਹੈ ਕਿ `ਚੰਗੀ ਨਾਰੀ ਈਸ਼ਵਰ ਦਾ ਪੁਰਸਕਾਰ ਹੈ, ਜਿਸਨੂੰ ਸਵਰਗ ਦੇ
ਖੁਸ ਜਾਣ ਤੇ ਈਸ਼ਵਰ ਨੇ ਮਨੁਖ ਨੂੰ ਆਪਣੀ ਸਿਖਿਆ ਦੀ ਪੂਰਤੀ ਕਰਨ ਲਈ ਦਿਤਾ ਹੈ’, ਇਸਦੇ ਨਾਲ ਹੀ ਉਹ
ਇਹ ਵੀ ਆਖਦਾ ਹੈ ਕਿ ‘ਨਾਰੀ ਰੱਬ ਦਾ ਕ੍ਰਿਸ਼ਮਾ ਹੈ। ਨਾਰੀ ਪਿਆਰ ਦਾ ਭੰਡਾਰ ਹੈ’। ਗੋਲਡ ਸਮਿਥ ਤਾਂ
ਇਥੋਂ ਤਕ ਆਖ ਜਾਂਦਾ ਹੈ ਕਿ `ਚੰਗੀ ਨਾਰੀ ਕੰਡੇਦਾਰ ਝਾੜੀ ਨੂੰ ਫੁਲ ਹੀ ਨਹੀਂ ਬਣਾਉਂਦੀ, ਸਗੋਂ
ਗ਼ਰੀਬ ਤੋਂ ਗ਼ਰੀਬ ਘਰ ਨੂੰ ਅਮੀਰ ਵੀ ਬਣਾ ਸਕਦੀ ਹੈ’।
…. ਅਤੇ ਅੰਤ ਵਿਚ: ਸੰਸਾਰ ਭਰ ਵਿੱਚ ਨਾਰੀ ਨੂੰ ਸਮਾਜ ਦਾ ਅਧਾ ਅੰਗ ਮੰਨਿਆ ਜਾਂਦਾ ਹੈ। ਫਿਰ ਵੀ ਕਈ
ਪੱਛਮੀ ਚਿੰਤਕਾਂ ਨੇ ਨਾਰੀ ਨੂੰ ਕੁਦਰਤ ਦੀ ਇੱਕ ਦਿਲਚਸਪ ਗ਼ਲਤੀ ਆਖ ਕੇ ਨਿੰਦਿਆ ਵੀ ਹੈ। ਅਰਸਤੂ
ਜਿਹੇ ਫਿਲਾਸਫਰਾਂ ਨੇ ਤਾਂ ਨਾਰੀ ਨੂੰ ਨਾ-ਮੁਕੰਮਲ ਵਸਤੂ ਤਕ ਕਰਾਰ ਦੇ ਦਿਤਾ। ਤੁਲਸੀ ਜਿਹੇ ਭਾਰਤੀ
ਵਿਦਵਾਨ ਕਵੀਆਂ ਨੇ ਵੀ ਨਾਰੀ ਨੂੰ ਅੱਧਾ ਜ਼ਹਿਰ ਤੇ ਅੱਧਾ ਅੰਮ੍ਰਿਤ ਕਹਿਣ ਤੋਂ ਵੀ ਸੰਕੋਚ ਨਹੀਂ
ਕੀਤਾ। ਇਸਲਾਮ ਵਿੱਚ ਦੋ ਨਾਰੀਆਂ ਦੀ ਗੁਆਹੀ ਨੂੰ ਇੱਕ ਮਰਦ ਦੀ ਗੁਆਹੀ ਦੇ ਬਰਾਬਰ ਮੰਨਣ ਦੀ ਹਿਦਾਇਤ
ਕੀਤੀ ਗਈ ਹੈ। ਮਹਾਤਮਾ ਬੁੱਧ ਦੇ ਸ਼ਬਦਾਂ ਵਿੱਚ ਨਾਰੀ ਵਿੱਚ ਰੂਹ ਹੀ ਨਹੀਂ ਹੁੰਦੀ। ਇਨ੍ਹਾਂ ਸਭ
ਵਿਚਾਰਾਂ ਦੇ ਚਲਦਿਆਂ, ਸੇਨੇਕਾ ਦੇ ਇਨ੍ਹਾਂ ਸ਼ਬਦਾਂ ‘ਜਿਹੜੀ ਨਾਰੀ ਆਤਮ-ਸੰਜਮੀ ਹੈ, ਉਹ
ਸਰਬ-ਸ਼ਕਤੀਮਾਨ ਹੈ’ ਨੂੰ ਪੇਸ਼ ਕਰਦਿਆਂ ਗੁਰੂ ਨਾਨਕ ਦੇਵ ਜੀ ਦੇ ਇਨ੍ਹਾਂ ਸ਼ਬਦਾਂ ਦੇ ਨਾਲ ਗਲ ਖਤਮ
ਕਰਦੇ ਹਾਂ ਕਿ ‘ਭੰਡ ਹੋਵਹਿ ਬੰਧਾਨ’ ਅਰਥਾਤ ਔਰਤ ਸੰਜਮ ਦੀ ਪ੍ਰਤੀਕ ਹੈ।
(Mobile : + 91 98 68 91 77 31)
Address : 64-C, U&V/B, Shalimar Bagh, DELHI-110088