“ਪੀਵਹੁ ਪਾਹੁਲ ਖੰਡੇ ਧਾਰ” ਭਾਈ ਗੁਰਦਾਸ ਜੀ ਦੀ ਰਚਨਾ ਨਹੀਂ ਹੈ
ਸਿੱਖ
ਕੌਮ ਵਿੱਚ ਪੰਥਕ ਹੋਣ ਦਾ ਦਾਵਾ ਕਰਨ ਵਾਲੇ ਮੈਗਜੀਨ ਜਾਂ ਅਖਬਾਰ ਵੱਡੀ ਗਿਣਤੀ ਵਿੱਚ ਨਿਯਮਿਤ ਨਿਕਲ
ਰਹੇ ਹਨ। ਸਪੋਕਸਮੈਨ ਵੀ ਇਹਨਾਂ ਵਿਚੋਂ ਹੀ ਇੱਕ ਹੈ। ਰੋਜ਼ਾਨਾ ਸਪੋਕਸਮੈਨ (ਤੱਤ) ਗੁਰਮਤਿ ਦੇ ਖੇਤਰ
ਵਿੱਚ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈ ਅਤੇ ਸਿੱਖ ਸਮਾਜ ਵਿੱਚ ਜਾਗ੍ਰਿਤੀ ਲਿਆਉਂਣ ਲਈ
ਸੰਘਰਸ਼ਸ਼ਲਿ ਹੈ। ਪਰ ਇਸ ਵਿੱਚ ਅਕਸਰ ਹੀ ਐਸੀਆਂ ਗੱਲਾਂ ਛੱਪ ਜਾਂਦੀਆਂ ਹਨ ਜੋ (ਤੱਤ) ਗੁਰਮਤਿ ਤੋਂ
ਉਲਟ ਹੁੰਦੀਆਂ ਹਨ। ਅਪਣਾ ਫਰਜ਼ ਸਮਝਦਿਆਂ ਹੋਇਆਂ ਪਰਿਵਾਰ ਐਸੀਆਂ ਗਲਤੀਆਂ ਬਾਰੇ ਲਿਖਦਾ ਰਹਿੰਦਾ ਹੈ
ਤਾਂ ਕਿ ਭਵਿਖ ਵਿੱਚ ਹੋਣ ਵਾਲੀਆਂ ਗਲਤੀਆਂ ਤੋਂ ਸੁਚੇਤ ਰਹਿੰਦਿਆਂ ਪਾਠਕਾਂ ਦੇ ਭੁਲੇਖੇ ਦੂਰ ਕੀਤੇ
ਜਾ ਸਕਣ। ਕੁੱਝ ਐਸਾ ਹੀ 6 ਜਨਵਰੀ 2009 ਦੇ ਰੋਜ਼ਾਨਾ ਸਪੋਕਸਮੈਨ ਦੇ ਸਫਾ 12 ਤੇ ਛਪੇ ਇੱਕ
ਸਪਲੀਮੈਂਟ ਵਿੱਚ ਹੋਇਆ। ਇਹ ਗੋਇੰਦਵਾਲ/ਫਤਿਆਬਾਦ ਵਿਸ਼ੇਸ਼ ਸਪਲੀਮੈਂਟ ਦਸਮੇਸ਼ ਪਾਤਸ਼ਾਹ ਜੀ ਦੇ ਪ੍ਰਕਾਸ਼
ਉਤਸਵ ਨੂੰ ਸਮਰਪਿਤ ਸੀ। ਇਸ ਦਾ ਸਿਰਲੇਖ
‘ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ
ਚੇਲਾ’ ਸੀ।
ਸਿਖ ਸਮਾਜ ਵਿੱਚ ਪੰਥ ਦਰਦੀ ਸਿੱਖ ਕਾਫੀ ਲੰਬੇ ਸਮੇਂ ਤੋਂ ਜਾਗ੍ਰਤੀ ਲਿਆਉਣ
ਦੀ ਕੋਸ਼ਿਸ਼ ਕਰ ਰਹੇ ਹਨ ਕਿ ਭਾਈ ਗੁਰਦਾਸ ਜੀ ਦੀਆਂ ਪ੍ਰਚਲਿਤ 40 ਵਾਰਾਂ ਨਾਲ ਕਿਸੇ ਦੁਜੇ ਗੁਰਦਾਸ
ਸਿੰਘ ਦੀ ਵਾਰ ਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਾਲ ਜੋੜ ਕੇ ਛਾਪਣਾ ਪੰਥ ਨੂੰ ਸਿਧਾਂਤਕ ਤੌਰ ਤੇ
ਮਿਲਗੋਭਾ ਬਣਾਉਣ ਦੀ ਪੁਰਾਣੇ ਸਮੇ ਤੋਂ ਚਲੀ ਆ ਰਹੀ ਸਾਜਿਸ਼ ਦਾ ਹੀ ਹਿੱਸਾ ਹੈ। ਅੱਜ ਤੱਕ ਭਾਈ
ਗੁਰਦਾਸ ਜੀ ਦੀਆਂ ਵਾਰਾਂ ਦੇ ਮਿਲਦੇ ਲੱਗਭਗ ਸਾਰੇ ਹੀ ਟੀਕਿਆਂ ਜਾਂ ਪੋਥੀਆਂ ਵਿੱਚ (ਸਮੇਤ ਸ਼੍ਰੋਮਣੀ
ਕਮੇਟੀ ਵਲੋਂ ਛਾਪੇ) ਇਸ ਦੁਜੇ ਗੁਰਦਾਸ ਸਿੰਘ ਦੀ ਵਾਰ ਨੂੰ ਵੀ ਨਾਲ ਹੀ ਜੋੜ ਕੇ ਛਾਪਿਆ ਜਾ ਰਿਹਾ
ਹੈ। ਹੋਰ ਤਾਂ ਹੋਰ ਵਾਰ ਦਾ ਨੰ. ਵੀ 41 ਰੱਖਣਾ ਇਸ ਸਾਜਿਸ਼ ਨੂੰ ਹੋਰ ਵੀ ਜਗ ਜਾਹਿਰ ਕਰਦਾ ਹੈ। ਇਸ
ਸਭ ਦੇ ਬਾਵਜ਼ੂਦ ਵੀ ਜ਼ਿਆਦਾਤਰ ਟੀਕਾਕਾਰ ਇਸ ਸੱਚਾਈ ਨੂੰ ਛੁਪਾ ਨਹੀਂ ਸਕੇ। ਉਹਨਾਂ ਦੀ ਮਜਬੂਰੀ ਇਹ
ਸੀ ਕਿ ਇਸ ਵਾਰ ਨੂੰ ਪੜ ਕੇ ਹੀ ਸਪਸ਼ਟ ਹੋ ਜਾਂਦਾ ਹੈ ਕਿ ਇਹ ਵਾਰ ਸੰਨ 1699 ਤੋਂ ਬਾਅਦ ਲਿਖੀ ਗਈ
ਹੈ ਕਿਉਂਕਿ ਇਸ ਵਿੱਚ 1699 ਵਾਲੇ ਖੰਡੇ ਦੀ ਪਾਹੁਲ ਦੇ ਕੌਤਕ ਦਾ ਜ਼ਿਕਰ ਹੈ। ਜਦੋਂ ਕਿ ਭਾਈ ਗੁਰਦਾਸ
ਜੀ ਉਸ ਤੋਂ ਕਾਫੀ ਸਮਾਂ ਪਹਿਲਾਂ ਸ਼ਰੀਰ ਤਿਆਗ ਚੁਕੇ ਸਨ। ਇਸ ਕਰਕੇ ਜ਼ਿਆਦਾਤਰ ਟੀਕਾਕਾਰਾਂ ਨੇ ਝੁਠੇ
ਸਾਬਿਤ ਹੋਣ ਦੇ ਡਰੋਂ ਲੁਕਾ ਛਿਪਾ ਕੇ ਨੋਟ ਵੀ ਦਿਤੇ ਕਿ ਇਹ 41 ਵੀਂ ਵਾਰ ਕਿਸੇ ਭਾਈ ਗੁਰਦਾਸ ਸਿੰਘ
ਦੀ ਹੈ ਜੋ 1699 ਤੋਂ ਬਾਅਦ ਰਚੀ ਗਈ। ਪਰ ਫੇਰ ਵੀ ਉਹ ਸਾਰੇ ਟੀਕਾਕਾਰ ਇਸ ਸਾਜਿਸ਼ ਦਾ ਜਾਣੇ-ਅੰਜਾਣੇ
ਹਿੱਸਾ ਬਨਣ ਦੇ ਭਾਗੀਦਾਰ ਜ਼ਰੂਰ ਹਨ, ਜਿਹਨਾਂ ਨੇ ਇਸ ਵਾਰ ਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਾਲ
ਅੱਜ ਤੱਕ ਜੋੜੀ ਰਖਿਆ।
‘ਵਾਹ
ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ’
ਸਿਰਲੇਖ ਅਧੀਨ ਲੇਖਕ ਲਿਖਦਾ ਹੈ “ਇਸ
ਬਾਰੇ ਭਾਈ ਗੁਰਦਾਸ ਜੀ ਨੇ 41 ਵੀਂ ਵਾਰ ਵਿੱਚ ਲਿਖਿਆ ਹੈ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ
ਚੇਲਾ॥”
ਇਥੇ ਇਸ ਲੇਖਕ ਜੀ ਨੇ ਸਪਸ਼ਟ ਇਸ ਵਾਰ ਨੂੰ ਪਹਿਲੇ ਭਾਈ ਗੁਰਦਾਸ ਜੀ ਦੀ 41
ਵੀਂ ਵਾਰ ਲਿਖਿਆ ਹੈ। ਇਹ ਵੀ ਸਪਸ਼ਟ ਹੈ ਕਿ ਲੇਖਕ ਵੀਰ ਪ੍ਰਸੰਗ ਅਨੁਸਾਰ ਸੰਨ 1699 ਵਾਲੇ ਖੰਡੇ ਦੀ
ਪਾਹੁਲ ਵਾਲੇ ਕੌਤਕ ਦਾ ਜ਼ਿਕਰ ਕਰ ਰਹੇ ਹਨ। ਉਸ ਸਮੇਂ ਦੇ ਹਾਲ ਬਾਰੇ ਭਾਈ ਗੁਰਦਾਸ ਜੀ ਕਿਵੇਂ ਲਿਖ
ਸਕਦੇ ਸਨ ਜਿਸ ਸਮੇਂ ਉਹ ਇਸ ਫਾਨੀ ਦੁਨੀਆ ਵਿੱਚ ਹੈ ਹੀ ਨਹੀਂ ਸਨ? ਹੋ ਸਕਦਾ ਹੈ ਲੇਖਕ ਦਾ ਇਹ
ਵਿਚਾਰ ਹੋਵੇ ਕਿ ਭਾਈ ਗੁਰਦਾਸ ਜੀ ਨੇ ਇਹ ਵਾਰ ਭਵਿੱਖਬਾਣੀ ਵਜੋਂ ਉਚਾਰੀ ਸੀ? ਪਰ ਵਾਰ ਦੀ ਸ਼ਬਦਾਵਲੀ
ਤੋਂ ਇਹ ਦਲੀਲ ਵੀ ਗਲਤ ਸਾਬਿਤ ਹੋ ਜਾਂਦੀ ਹੈ ਕਿਉਂਕਿ ਉੱਥੇ ‘ਮਨਾਈ’ (ਗੁਰ ਸਿਮਰ ਮਨਾਈ ਕਾਲਕਾ)
ਲਫਜ਼ ਵਰਤਿਆ ਗਿਆ ਹੈ ਜੋ ‘ਭੁਤਕਾਲ’ ਵਾਚਕ ਹੈ, ਨਾ ਕਿ ‘ਭਵਿੱਖਕਾਲ’ ਵਾਚਕ।
ਦੁਜੀ ਗੱਲ ਸਪੋਕਸਮੈਨ ਨੇ ਇਹ ਗੱਲ ਛਾਪਕੇ ਗਲਤ ਢੰਗ ਨਾਲ ਪ੍ਰਚਲਿਤ ਕੀਤੀ ਇਸ
ਵਾਰ ਦੀ ਪ੍ਰੋਢਤਾ ਕਰ ਦਿਤੀ ਹੈ ਕਿ ਦੂਜੇ ਭਾਈ ਗੁਰਦਾਸ ਸਿੰਘ ਦੀ ਇਹ ਵਾਰ ਗੁਰਮਤਿ ਅਨੁਸਾਰੀ ਹੈ।
ਪਰ ਹਰ ਪੰਥ ਦਰਦੀ ਸਿੱਖ ਇਹ ਚੰਗੀ ਤਰ੍ਹਾਂ ਸਮਝਦਾ ਹੈ ਕਿ ਇਹ ਵਾਰ ਨਿਰੋਲ ਗੁਰਮਤਿ ਵਿਰੋਧੀ ਹੈ ਤੇ
ਕਿਸੇ ਪੰਥ ਦੋਖੀ ਤਾਕਤ (ਲੇਖਕ) ਦੀ ਲਿਖੀ ਹੋਈ ਹੈ। ਆਉ ਇਸ ਵਾਰ ਬਾਰੇ ਵੀ ਵਿਚਾਰ ਕਰ ਲੈਣਾ
ਲਾਹੇਵੰਦਾ ਰਹੇਗਾ। ਇਸੇ ਵਾਰ ਵਿੱਚ ਲਿਖਿਆ ਮਿਲਦਾ ਹੈ: -
“ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ॥”
ਭਾਵ ਦਸ਼ਮੇਸ਼ ਜੀ ਨੇ ‘ਖੰਡੇ ਦੀ ਪਾਹੁਲ’ ਵਾਲੇ ਕੌਤਕ ਸਮੇਂ ਦੇਵੀ ਕਾਲਕਾ ਦੀ
ਪੂਜਾ ਕੀਤੀ। ਰੋਜ਼ਾਨਾ ਸਪੋਕਸਮੈਨ ਦਾ ਸੰਪਾਦਕੀ ਮੰਡਲ ਸ਼ਾਇਦ ਇਥੇ ‘ਕਾਲਕਾ’ ਦੇ ਅਰਥ ਜ਼ਬਰਦਸਤੀ
‘ਵਾਹਿਗੁਰੂ’ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ? ਪਰ ਇਸ ਵਾਰ ਨੂੰ ਗੁਰਮਤਿ ਵਿਰੋਧੀ ਸਾਬਿਤ ਕਰਦੇ ਕੁੱਝ
ਹੋਰ ਨੁੱਕਤੇ ਵਿਚਾਰ ਲੈਂਣੇ ਲਾਹੇਵੰਦ ਰਹਿਨਗੇ। ਇਸਲਾਮ ਕੌਮ ਪ੍ਰਤੀ ਸਿੱਖਾਂ ਵਿੱਚ ਨਫਰਤ ਪੈਦਾ ਕਰਨ
ਦੇ ਮਨੋਰਥ ਨਾਲ ਲਿਖੀ ਗਈ ਇਸ ਵਾਰ ਦੇ ਕੁੱਝ ਅੰਸ਼ ਹੇਠ ਲਿਖੇ ਅਨੁਸਾਰ ਹਨ:-
1. ਤੁਰਕ ਦੁਸਟ ਸਭ ਛੈ ਕੀਏ ਹਰਿਨਾਮੁ ਉਚਾਰਾ॥ -------- (ਪਉੜੀ 15 ਤੁੱਕ
10ਵੀਂ)
2. ਤਬ ਸੁੰਨਤ ਕੋਇ ਨ ਕਰ ਸਕੈ ਕਾਂਪਿਉ ਤੁਰਕਾਨਾ॥
ਇਉਂ ਉਮਤ ਸਭ ਮੁਹੰਮਦੀ ਖਪਿ ਗਈ ਨਿਦਾਨਾ॥ ------ (ਪਉੜੀ 16 ਤੁੱਕ 16-17)
3. ਦੀਨ ਮੁਹੰਮਦ ਉਠ ਗਇਉ ਹਿੰਦਕ ਠਹਿਰਾਏ॥
ਤਹਿ ਕਲਮਾ ਕੋਇ ਨ ਪੜਿ ਸਕੇ ਨਹੀਂ ਜ਼ਿਕਰ ਅਲਾਏ॥
ਨਿਵਾਜ਼ ਦਰੂਦ ਨ ਫਾਤਿਹਾ ਨਹ ਲੰਡ ਕਟਾਏ॥
ਯਹ ਰਾਹ ਸ਼ਰੀਅਤ ਮੇਟ ਕਰਿ ਮੁਸਲਿਮ ਭਰਮਾਏ॥ ----- (ਪਉੜੀ 17 ਤੁੱਕ 2-5)
4. ਸਭ ਜਗ ਤਿਨਹੂੰ ਲੁਟ ਕਰਿ ਤੁਰਕਾ ਚੁਣਿ ਖਾਏ॥ ------- (ਪਉੜੀ 17 ਤੁੱਕ
7)
5. ਸਭ ਤੁਰਕ ਮਲੇਛ ਖਪਾਇ ਕਰਿ ਸਚ ਬਣਤ ਬਣਾਏ॥ ---- (ਪਉੜੀ 17
ਤੁੱਕ13ਵੀਂ)
6. ਤਬ ਸਭ ਤੁਰਕਨ ਕੋ ਛੇਦਿ ਕਰਿ ਆਕਾਲ ਜਪਾਏ॥ ----- (ਪਉੜੀ 19 ਤੁੱਕ
10ਵੀਂ)
7. ਔਰੰਗੇ ਇਹ ਬਾਦ ਰਚਾਇਉ,
ਤਿਹ ਅਪਨਾ ਕੁਲ ਨਾਸ ਕਰਾਇਉ॥ -------------- (ਪਉੜੀ 22 ਤੁੱਕ 15-16)
8. ਤੁਰਕ ਦੁਸਟ ਸਭ ਮਾਰ ਬਿਦਾਰੇ॥ ---------------- (ਪਉੜੀ 24 ਤੁੱਕ 3)
ਉਪਰੋਕਤ ਤੁੱਕਾਂ ਦੀ ਵਿਚਾਰ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਸ ਵਾਰ ਦੀ
ਰਚਨਾ ਦਾ ਇਕੋ ਇੱਕ ਮਕਸਦ ਆਮ ਸਿੱਖਾਂ ਦੇ ਮਨ ਵਿੱਚ ਮੁਸਲਮਾਨਾਂ ਪ੍ਰਤੀ ਨਫਰਤ ਪੈਦਾ ਕਰਨਾ ਸੀ, ਜਿਸ
ਵਿੱਚ ਲੇਖਕ ਨੂੰ ਕਾਫੀ ਹੱਦ ਤਕ ਸਫਲਤਾ ਵੀ ਮਿਲੀ ਹੈ। ਬਿਲਕੁਲ ਐਸੀ ਹੀ ਬੋਲੀ ਕਈ ਫਿਰਕੂ
ਜਥੇਬੰਦੀਆਂ ਅੱਜ ਵੀ ਵਰਤ ਰਹੀਆਂ ਹਨ। ਬੇਸ਼ਕ ਉਸ ਸਮੇਂ ਮੁਗਲ ਸ਼ਾਸ਼ਕ ਜ਼ਾਲਮ ਸਨ ਫਿਰ ਵੀ ਇੱਕ ਗੱਲ ਖਾਸ
ਧਿਆਨਯੋਗ ਇਹ ਹੈ ਕਿ ਜਿਹਨਾਂ ਹਿੰਦੂ ਪਹਾੜੀ ਰਾਜਿਆਂ ਕਾਰਨ ਸਿੱਖ-ਮੁਸਲਮ ਜੰਗ ਹੋਏ ਉਹਨਾਂ ਦਾ ਜ਼ਿਕਰ
ਵੀ ਇਸ ਵਾਰ ਵਿੱਚ ਨਹੀਂ ਕੀਤਾ ਗਿਆ। ਨਾਲ ਹੀ ਸੂੰਨਤ ਲਈ ‘ਲੰਡ ਕਟਾਏ’ ਜਿਹੇ ਅਸ਼ਲੀਲ ਅਤੇ ਸੱਚ
ਵਿਰੋਧੀ ਲਫਜ਼ ਵਰਤਨੇ ਇਸ ਵਾਰ ਨੂੰ ਯਕੀਕਨ ਗੁਰਮਤਿ ਵਿਰੋਧੀ ਸਾਬਿਤ ਕਰਦੇ ਹਨ। ਇਸ ਵਾਰ ਦੀਆਂ
ਉਨ੍ਹਾਂ ਤੁੱਕਾਂ ਨੂੰ ਵਿਚਾਰਨਾ ਵੀ ਅਤਿ ਜਰੂਰੀ ਹੈ ਜੋ ਇਸ ਦੇ ਲੇਖਕ ਨੂੰ ਦੇਵੀ ਭਗੌਤੀ ਦਾ ਪੁਜਾਰੀ
ਸਾਬਿਤ ਕਰਦੀਆਂ ਹਨ। ਨਾਲ ਹੀ ਇਸ ਵਾਰ ਦੇ ਪੜ੍ਹਨ/ਰਟਨ ਕਰਨ ਨਾਲ ਇਸ ਤੋਂ ਮਿਲਦੇ ਫੱਲਾਂ ਦੇ ਗੁਰਮਤਿ
ਵਿਰੋਧੀ ਭਰਮਜਾਲ ਵਿੱਚ ਫਸਾਉਂਣ ਵਾਲੀਆਂ ਇਨ੍ਹਾਂ ਤੁੱਕਾਂ ਦੀ ਵਿਚਾਰ ਕਰ ਲੈਂਣੀ ਲਾਹੇਵੰਧ ਰਹੇਗੀ।
1. ਯਹ ਵਾਰ ਭਗਉਤੀ ਜੋ ਪੜੈ ਅਮਰਾਪਦੁ ਪਾਏ।
ਤਹ ਦੁਖ ਸੰਤਾਪ ਨ ਕਛੂ ਲਗੈ ਆਨੰਦ ਵਰਤਾਏ॥ ------ (ਪਉੜੀ 20 ਤੁੱਕ
11-12)
2. ਇਹ ਵਾਰ ਭਗਉਤੀ ਮਹਾਂ ਪੁਨੀਤੇ॥ --------------- (ਪਉੜੀ 41 ਤੁੱਕ 1)
3. ਜੋ ਨਿਸ ਬਾਸਰ ਰਟਹਿ ਇਹ ਵਾਰੇ
ਸੋ ਪਹੁੰਚੈ ਧੁਰ ਹਰਿ ਦਰਬਾਰੇ॥ ------------------ (ਪਉੜੀ 41 ਤੁੱਕ
7-8)
ਫੇਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਿਚਾਰਨ ਦੀ ਕੀ ਲੋੜ ਹੈ? ਇਸੇ
ਵਾਰ ਨੂੰ ਬਾਰ-ਬਾਰ ਕਿਉਂ ਨਾ ਰਟਦੇ ਰਹੀਏ?
ਇਸ ਵਾਰ ਦੀ ਇੱਕ ਹੋਰ ਦਿਲਚਸਪ ਗੱਲ ਨੋਟ ਕਰਨ ਵਾਲੀ ਇਹ ਹੈ ਕਿ ਇਸਦਾ
ਸਿਰਲੇਖ
‘ਵਾਰ ਸ੍ਰੀ ਭਗਉਤੀ
ਜੀ ਕੀ ਪਾਤਸ਼ਾਹੀ 10’ ਹੈ,
ਬਿਲਕੁਲ ਐਸਾ ਹੀ ਸਿਰਲੇਖ ਚੰਡੀ ਦੀ ਵਾਰ ਦਾ ਵੀ ਹੈ ਜਿਸ ਵਿਚੋਂ ਪ੍ਰਚਲਿਤ ਅਰਦਾਸ ਦੀ ਸ਼ੁਰੂਆਤ ਵਾਲਾ
ਬੰਦ ‘ਪ੍ਰਿਥਮ ਭਗੌਤੀ ਸਿਮਰਿ
ਕੈ’ ਲਿਆ ਗਿਆ ਹੈ। ਇਹ ਸਾਬਿਤ
ਕਰਦਾ ਹੈ ਕਿ ਦੋਵੇਂ ਰਚਨਾਵਾਂ ਇਕੋ ਹੀ ਲਿਖਾਰੀ ਦੀਆਂ ਹਨ।
ਉਪਰੋਕਤ ਵਿਚਾਰ ਤੋਂ ਉਪਰੰਤ ਇਹ ਸਾਬਿਤ ਕਰਨ ਲਈ ਸ਼ਾਇਦ ਹੀ ਕੋਈ ਗੁੰਜਾਇਸ਼
ਬਚਦੀ ਹੋਵੇ ਕਿ ਇਹ ਵਾਰ ਪੰਥ ਵਿਰੋਧੀ ਤਾਕਤਾਂ ਵਲੋਂ ਪੰਥ ਦੇ ਵਿਹੜੇ ਵਿੱਚ ਖੰਡ ਲਪੇਟੇ ਜ਼ਹਿਰ ਵਜੋਂ
ਸੁਟੀਆਂ ਗਈਆਂ ਰਚਨਾਵਾਂ ਦਾ ਹੀ ਹਿੱਸਾ ਹੈ। ਵੈਸੇ ਵੀ ਇਸ ਵਾਰ ਦੀ 19 ਵੀਂ
ਪਉੜੀ ਦੀ ਇਹ ਤੁੱਕ
“ਯਹ ਬਾਰਹ ਸਦੀ ਨਿਬੇੜ ਕਰਿ
ਗੁਰ ਫਤੇ ਬੁਲਾਏ।” ਇਹ ਸਾਬਿਤ
ਕਰਦੀ ਹੈ ਕਿ ਇਹ ਦਸ਼ਮੇਸ਼ ਜੀ ਤੋਂ ਬਹੁਤ ਸਮਾਂ ਬਾਅਦ ਦੀ ਲਿਖਤ ਹੈ।
ਪਰ ਅਫਸੋਸ ਹੈ ਕਿ ਇਹ ਵਾਰ ਸਿੱਖ ਪੰਥ ਵਿੱਚ ਪੂਰੀ ਤਰਾਂ ਪ੍ਰਮਾਣਿਕ ਮੰਨ ਲਈ
ਗਈ। ਹੋਰ ਤਾਂ ਹੋਰ ਗੁਰਬਾਣੀ ਦੀ ਤਰਾਂ ਪ੍ਰਚਲਿਤ ਇਸ ਵਾਰ ਦਾ ਕੀਰਤਨ ਅਕਸਰ ਹੀ ਗੁਰਦੁਆਰਿਆਂ ਵਿੱਚ
ਕੀਤਾ ਜਾ ਰਿਹਾ ਹੈ। ਜ਼ਿਆਦਾ ਅਫਸੋਸ ਇਸ ਗੱਲ ਦਾ ਵੀ ਹੈ ਕਿ ਇਸ ਵਾਰ ਨੂੰ ਪ੍ਰਮਾਣਿਕ ਪ੍ਰਚਾਰਨ
ਵਾਲੀਆਂ ਜੰਮੇਵਾਰ ਜਥੇਬੰਦੀਆਂ ਵਿੱਚ ਅਪਣੇ ਆਪ ਨੂੰ ਜਾਗਰੂਕ ਸਮਝਣ ਵਾਲੇ ਕੁੱਝ ਮਿਸ਼ਨਰੀ ਵੀ ਜਾ
ਸ਼ਾਮਿਲ ਹੋਏ ਹਨ। ਇਸ ਮਨਮੱਤੀ ਵਾਰ ਤੋਂ ਭੁਲੇਖੇ ਕਾਰਨ ਹੰਕਾਰ ਵਿੱਚ ਆਇਆ ਪੰਥ ਅਪਣੇ ਗੁਰੂ ਨੂੰ ਵੀ
ਚੇਲਾ ਐਲਾਣ ਕਰਨ ਤੋਂ ਸੰਕੋਚ ਨਹੀਂ ਕਰ ਰਿਹਾ (ਆਪੇ ਗੁਰ ਚੇਲਾ)।
ਖੈਰ ਜੋ ਵੀ ਹੋਵੇ ਰੋਜ਼ਾਨਾ ਸਪੋਕਸਮੈਨ ਵਿੱਚ ਇਸ ਵਾਰ ਨੂੰ ਭਾਈ ਗੁਰਦਾਸ ਜੀ
ਦੀ 41ਵੀਂ ਵਾਰ ਲਿਖਣਾ (ਤੱਤ) ਗੁਰਮਤਿ ਵਿਚਾਰਧਾਰਾ ਦਾ ਸਪਸ਼ਟ ਉਲੰਘਣ ਹੈ, ਜਿਸ ਦਾ ਪਰਚਮ ਲਹਿਰਾਉਣ
ਲਈ ਸਪੋਕਸਮੈਨ ਯਤਨਸ਼ੀਲ ਹੈ। ਜਿਸ ਕਰਕੇ ਇਸ ਨਾਲ ਪਾਠਕਾਂ ਦਾ ਗੁੰਮਰਾਹ ਹੋ ਜਾਣਾ ਕਾਫੀ ਹੱਦ ਤਕ
ਯਕੀਨੀ ਹੈ।
ਪਰਿਵਾਰ ਨੂੰ ਇਹ ਭੁਲੇਖਾ ਸੀ ਕਿ ਸਪੋਕਸਮੈਨ ਦੇ ਜਾਗਰੂਕ ਪਾਠਕਾਂ ਵਿਚੋਂ
ਕੋਈ ਨਾ ਕੋਈ ਇਸ ਬਜ਼ਰ ਗਲਤੀ ਬਾਰੇ ਸੰਪਾਦਕੀ ਮੰਡਲ ਦਾ ਧਿਆਨ ਜ਼ਰੂਰ ਦਵਾਏਗਾ, ਜਿਸਦੇ ਫਲਸਰੂਪ
ਸੁਹਿਰਦ ਸੰਪਾਦਕੀ ਮੰਡਲ ਇਸ ਬਾਰੇ ਸੋਧ ਜਾਂ ਸਪਸ਼ਟੀਕਰਨ ਛਾਪ ਕੇ ਪਾਠਕਾਂ ਕੋਂਲੋਂ ਭੁਲ ਦੀ ਯਾਚਨਾ
ਕਰੇਗਾ ਜਿਸ ਨਾਲ ਉਹਨਾਂ ਪਾਠਕਾਂ ਦੇ ਭੁਲੇਖੇ ਦੂਰ ਹੋ ਜਾਨੇ ਸਨ ਜਿਹਨਾਂ ਨੇ ਇਸ ਲੇਖ ਨੂੰ ਨਹੀਂ ਵੀ
ਪੜਿਆ ਸੀ। ਇਸਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਰੋਜ਼ਾਨਾ ਸਪੋਕਸਮੈਨ ਦੇ ਜ਼ਿਆਦਾਤਰ ਪਾਠਕ ਇੱਕ
ਰਸਮ ਵਾਂਗੂ (ਧਰਮ ਦਾ ਕੰਮ ਸਮਝ ਕੇ) ਬਿਨਾ ਪੜਚੋਲ ਕੀਤੇ ਹੀ ਪੜਦੇ ਹਨ। ਜਾਂ ਇਹ ਵੀ ਕਿਹਾ ਜਾ ਸਕਦਾ
ਹੈ ਕਿ ਸੰਪਾਦਕ ਜੀ ਨੇ ਐਸੇ ਇਤਰਾਜ਼ਾਂ ਦਾ ਨੋਟਿਸ ਹੀ ਨਾ ਲਿਆ ਹੋਵੇ। ਖੈਰ ਕਾਰਨ ਚਾਹੇ ਜੋ ਵੀ ਹੋਣ
ਪਰ ਇਹ ਵੀ ਹੋ ਸਕਦਾ ਹੈ ਕਿ ਇਹ ਗਲਤੀ ਕਿਸੇ ਦੀ ਨਿਗਾਹ ਵਿੱਚ ਆਈ ਹੀ ਨਾ ਹੋਵੇ (ਜੋ ਕਿ ਨਹੀਂ ਹੋਣਾ
ਚਾਹੀਦਾ)।
ਸੰਪਾਦਕੀ ਮੰਡਲ ਹਰ ਮੈਗਜੀਨ ਦੇ ਸ਼ੁਰੂ ਵਿੱਚ ਦਿਤੀ ਜਾਂਦੀ ਰਸਮੀ ਟਿੱਪਣੀ
(ਜ਼ਰੂਰੀ ਨੋਟ) ਕਿ ‘ਲੇਖਕਾਂ ਦੇ ਵਿਚਾਰ ਨਿਜ਼ੀ ਹੁੰਦੇ ਹਨ। ਇਸ ਨਾਲ ਸੰਪਾਦਕੀ ਮੰਡਲ ਦਾ ਸਹਿਮਤ ਹੋਣਾ
ਜ਼ਰੂਰੀ ਨਹੀਂ’ ਰਾਹੀ ਵੀ ਸੁਰਖਰੂ ਨਹੀਂ ਹੋ ਸਕਦਾ। ਜੇ ਇਸ ਤਰਾਂ ਹੈ ਤਾਂ ਕੀ ਕਲ ਨੂੰ ਜੇ ਕੋਈ
ਗੁਰਮਤਿ ਵਿਰੋਧੀ ਕੋਈ ਰਚਨਾ (ਤੰਬਾਕੂ ਦਾ ਪ੍ਰਚਾਰ ਕਰਦੀ ਜਾਂ ਕੋਈ ਹੋਰ) ਲਿਖ ਕੇ ਭੇਜ ਦੇਵੇਗਾ ਤਾਂ
ਕੀ ਸੰਪਾਦਕੀ ਮੰਡਲ ਉਸਨੂੰ ਵੀ ਛਾਪ ਦੇਵੇਗਾ? ਨਹੀਂ ਨਾ? ਇਹੀ ਤਾਂ ਸੰਪਾਦਕੀ ਮੰਡਲ ਦੀ ਜ਼ਿਮੇਵਾਰੀ
ਹੈ ਕਿ ਉਹ ਗਲਤ ਵਿਚਾਰਾਂ ਦੀ ਕਾਂਟ ਛਾਂਟ ਕਰ ਦੇਵੇ ਜਾਂ ਰੱਦ ਕਰ ਦੇਵੇ। ਹੋਰ ਨਹੀਂ ਤਾਂ ਘੱਟੋ-ਘੱਟ
ਸੰਪਾਦਕੀ ਨੋਟ ਤਾਂ ਦਿਤਾ ਹੀ ਜਾ ਸਕਦਾ ਸੀ। ਇਸ ਕਰਕੇ ਤੱਤ ਗੁਰਮਤਿ ਪਰਿਵਾਰ ਪਾਠਕਾਂ ਨੂੰ ਗੁੰਮਰਾਹ
ਹੋਣ ਤੋਂ ਬਚਾਉਣ ਦੇ ਮਕਸਦ ਨਾਲ ਲਿਖੇ ਇਸ ਲੇਖ ਰਾਹੀਂ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕੀ ਮੰਡਲ ਦੇ
ਜ਼ਵਾਬ ਦੀ ਉਡੀਕ ਵਿੱਚ।
ਨਿਸ਼ਕਾਮ ਨਿਮਰਤਾ ਸਹਿਤ,
ਨਾਨਕ ਫਲਸਫੇ ਦੀ ਰਾਹ `ਤੇ
‘ਤੱਤ ਗੁਰਮਤਿ ਪਰਿਵਾਰ’