.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਨਿਊਜ਼ੀਲੈਂਡ ਵਿਖੇ ਸ਼ਬਦ ਵਿਚਾਰ

(ਕਿਸ਼ਤ ਛੇਵੀਂ )

ਛੇਵਾਂ ਹਫਤਾ
ਦਿਨ ਸੋਮਵਾਰ ਮਿਤੀ ੧੦-੦੮-੦੯.
ਗੁਰਦੁਆਰਾ ਹਿੰਮੇਲਟਨ—
ਸਫ਼ਰ ਤੇ ਜਾਣ ਵਾਲੇ ਮਨੁੱਖ ਨੂੰ ਪਰਵਾਰ ਵਾਲੇ ਕਈ ਪਰਕਾਰ ਦੀਆਂ ਹਦਾਇਤਾਂ ਦੇਂਦੇ ਹਨ ਤਾਂ ਇਸ ਨੂੰ ਰਾਹ ਵਿੱਚ ਕੋਈ ਮੁਸ਼ਕਲ ਨਾ ਆਵੇ। ਏਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਜ਼ਿੰਦਗੀ ਦੇ ਸਫ਼ਰ ਸਬੰਧੀ ਸਾਨੂੰ ਸੁਚੇਤ ਕਰਦਿਆਂ ਸਮਝਾਇਆ ਹੈ ਕਿ ਐ ਇਨਸਾਨ ਤੇਰੇ ਪਾਸ ਮਕਾਨ, ਮਹਿਲ-ਮਾੜੀਆਂ ਹੋਣ ਪਰ ਇਹਨਾਂ ਵਿੱਚ ਪਕੜ ਨਾ ਬਣਾਈ ਰੱਖੀਂ। ਐਸਾ ਨਾ ਹੋਵੇ ਕਿ ਜ਼ਿੰਦਗੀ ਦੇ ਅਸਲੀ ਮਕਸਦ ਨੂੰ ਹੀ ਭੁੱਲ ਜਾਵੇਂ। ਸਿਰੀ ਰਾਗ ਦੇ ਪਹਿਲੇ ਸ਼ਬਦ ਦੀ ਵਿਚਾਰ ਕਰਦਿਆਂ ਰਹਾਉ ਦੀਆਂ ਤੁਕਾਂ ਵਿੱਚ ਇਹ ਸਮਝਾਇਆ ਗਿਆ ਹੈ ਕਿ ਆਪਣੇ ਗੁਰੂ ਨੂੰ ਕਦੇ ਵੀ ਨਾ ਵਿਸਾਰਿਆ ਜਾਏ। ਗੁਰ-ਗਿਆਨ ਤੋਂ ਵਿਛੜਿਆਂ ਸਾਡੀ ਆਤਮਾ ਸੜਦੀ-ਬਲ਼ਦੀ ਭਾਵ ਈਰਖਾਲੂ, ਤ੍ਰਿਸ਼ਨਾਲੂ ਹੁੰਦੀ ਹੈ।
ਅਜ ਸਾਡੇ ਮੂੰਹ ਵਿੱਚ ਪਰਮਾਤਮਾ ਦਾ ਨਾਂ ਤਾਂ ਬਹੁਤ ਹੈ ਪਰ ਸਾਡੇ ਚਿੱਤ ਵਿੱਚ ਰੱਬ ਜੀ ਦਾ ਨਾਂ ਨਹੀਂ ਹੈ। ਜੇ ਸਾਡੇ ਚਿੱਤ ਵਿੱਚ ਵਾਹਿਗੁਰੂ ਜੀ ਦਾ ਨਾਂ ਆ ਗਿਆ ਤਾਂ ਫਿਰ ਸਾਡੇ ਕਲਾ-ਕਲੇਸ਼ ਹਮੇਸ਼ਾਂ ਵਾਸਤੇ ਮੁੱਕ ਜਾਣਗੇ।
ਸ਼ਬਦ ਦੇ ਦੂਸਰੇ ਬੰਦ ਵਿੱਚ ਵਧੀਆ ਫ਼ਰਸ਼ ਤੇ ਚੰਗੀ ਸੁੱਖ-ਸਹੂਲਤ ਵਾਲੇ ਮੰਜੇ ਬਿਸਤਰੇ ਦੀ ਮੰਗ ਕਰਦਿਆਂ ਸਿਆਣੀ ਇਸਤ੍ਰੀ ਦੀ ਜ਼ਿੰਮੇਵਾਰੀ ਸਬੰਧੀ ਚਾਨਣਾ ਪਾਇਆ ਹੈ। ਹਾਂ ਇਹ ਸਾਰੀਆਂ ਸੁੱਖ ਸਹੂਲਤਾਂ ਹੋਣ ਪਰ ਕਦੇ ਵੀ ਰੱਬੀ ਗੁਣਾਂ ਨੂੰ ਨਾ ਭੁੱਲ ਜਾਈਂ। ਹਰ ਮਨੁੱਖ ਦੀ ਇੱਕ ਭਾਵਨਾ ਬਣੀ ਹੋਈ ਹੈ ਕਿ ਮੇਰੇ ਪਾਸ ਰਿਧੀਆਂ ਸਿੱਧੀਆਂ ਆ ਜਾਣ। ਮੈਂ ਜੋ ਚਾਹਾਂ ਉਹ ਹੀ ਪ੍ਰਾਪਤ ਕਰ ਲਵਾਂ। ਗੁਰੂ ਜੀ ਨੇ ਆਤਮਕ ਤਲ `ਤੇ ਇਸ ਨੂੰ ਬਹੁਤ ਵੱਡੀ ਰੁਕਾਵਟ ਕਿਹਾ ਹੈ ਤੇ ਇਸ ਦੀ ਮਾਨਤਾ ਨੂੰ ਰੱਦ ਕੀਤਾ ਹੈ। ਸ਼ਬਦ ਦੇ ਅਖ਼ੀਰਲੇ ਬੰਦ ਵਿੱਚ ਹਰ ਮਨੁੱਖ ਨੂੰ ਸ਼ਹਿਨਸ਼ਾਹਾਂ ਵਾਲੀ ਜ਼ਿੰਦਗੀ ਜਿਉਣ ਨੂੰ ਕਿਹਾ ਹੈ ਪਰ ਆਤਮਕ ਗੁਣਾਂ ਵਿੱਚ ਇਹ ਰੁਕਾਵਟ ਨਾ ਬਣ ਜਾਣ ਇਸ ਵਲੋਂ ਸੁਚੇਤ ਰਹਿਣ ਦੀ ਵੀ ਤਾਗ਼ੀਦ ਕੀਤੀ ਗਈ ਹੈ।
ਜੇ ਮਨੁੱਖ ਪਾਸ ਤੰਦਰੁਸਤ ਸਰੀਰ, ਚੰਗਾ ਕਾਰੋਬਾਰ, ਚੰਗਾ ਮਕਾਨ ਤੇ ਵਧੀਆ ਕਾਰੋਬਾਰ ਹੋਵੇ ਤਾਂ ਇਸ ਪਾਸ ਕੋਈ ਅਜੇਹਾ ਬਹਾਨਾ ਨਹੀਂ ਰਹਿ ਜਾਂਦਾ ਕਿ ਮੈਂ ਸਮਾਜ ਦੀ ਸੇਵਾ ਨਹੀਂ ਕਰਨੀ। ਜ਼ਿੰਦਗੀ ਦੇ ਮਹੱਤਵ ਨੂੰ ਸਮਝ ਕੇ ਵਧੀਆ ਇਨਸਾਨ ਬਣਨ ਦੀ ਤਸਵੀਰ ਸਭ ਦੇ ਸਾਹਮਣੇ ਰੱਖੀ ਹੈ।
ਦਿਨ ਮੰਗਲਵਾਰ ਮਿਤੀ ੧੧-੦੮-੦੯.
ਗੁਰਦੁਆਰਾ ਹਿੰਮੇਲਟਨ—
ਗੁਰਦੁਆਰੇ ਜਾਂ ਗੁਰੂ ਨੂੰ ਮਿਲਿਆ ਓਦੋਂ ਹੀ ਜਾਣਿਆ ਜਾ ਸਕਦਾ ਹੈ ਜਦੋਂ ਸਾਡੇ ਸੁਭਾਅ ਵਿਚੋਂ ਨਿਜੀ ਲਾਲਚ ਤੇ ਗਿਆਨ ਇੰਦ੍ਰਿਆਂ ਵਿੱਚ ਵਿਕਾਰੀ ਬੁਖ਼ਾਰ ਲਹਿ ਜਾਏਗਾ। ਕਿਸੇ ਪਰਾਏ ਦੀ ਚਿੰਤਾ ਵੇਖ ਮਨੋ ਖੁਸ਼ ਹੋਣਾ ਤੇ ਕਿਸੇ ਦੀ ਖੁਸ਼ੀ ਦੇਖ ਕੇ ਸੜ੍ਹ-ਬਲ਼ ਜਾਣਾ ਤੋਂ ਉੱਪਰ ਉੱਠ ਜਾਏ ਤਾਂ ਓੱਥੇ ਰੱਬ ਜੀ ਦਾ ਟਿਕਾਅ ਹੈ।
ਰੱਬ ਨੂੰ ਪਾਉਣ ਲਈ ਲੋਕ ਹਾਲੋਂ ਬੇ-ਹਾਲ ਹੋਏ ਹੋਏ ਹਨ। ਕੋਈ ਢਾਈ ਘੰਟੇ ਰੱਬ ਜੀ ਨੂੰ ਜਪ ਕੇ ਉਸ ਨਾਲ ਮਿਲਾਪ ਦੇ ਚੱਕਰ ਵਿੱਚ ਫਸਿਆ ਪਿਆ ਹੈ। ਕੋਈ ਰੱਬ ਦੀ ਲਾਈਟ ਦੇਖਣ ਲਈ ਤਰਲੋ ਮੱਛੀ ਹੋਇਆ ਹੈ। ਕੋਈ ਕਹਿ ਰਿਹਾ ਹੈ ਕਿ ਜੀ ਸਾਡੇ ਅੰਦਰ ਅੰਮ੍ਰਿਤ ਦਾ ਚਸ਼ਮਾ ਫੁੱਟਣਾ ਹੈ। ਜਨੀ ਕੇ ਜਿੰਨੇ ਮੂੰਹ ਓਨੀਆਂ ਹੀ ਗੱਲਾਂ। ਕਰਮ-ਕਾਂਡ ਦੇ ਚੱਕਰ ਵਿੱਚ ਫਸੇ ਹੋਏ ਮਨੁੱਖ ਨੂੰ ਗੁਰੂ ਨਾਨਕ ਸਾਹਿਬ ਜੀ ਸਿੱਧ ਪੱਧਰਾ ਉਪਦੇਸ਼ ਦਿੱਤਾ ਹੈ ਕਿ ਸੰਤੋਖ ਨੂੰ ਪਿਤਾ ਗੁਰੂ ਦੀ ਮਤ ਨੂੰ ਆਤਮਕ ਤਲ਼ `ਤੇ ਮਾਂ ਬਣਾ ਲਿਆ ਜਾਏ ਤੇ ਦੁਨੀਆਂ ਦੀ ਸੇਵਾ ਨੂੰ ਭਰਾ ਬਣਾ ਲਿਆ ਜਾਏ ਤਾਂ ਰੱਬ ਦੇ ਘਰ ਵਲ ਨੂੰ ਕਦਮ ਪੁੱਟਣਾ ਕਿਹਾ ਜਾ ਸਕਦਾ ਹੈ। ਗਿਣਤੀ ਦੇ ਪਾਠਾਂ ਨਾਲ, ਤੀਰਥਾਂ ਦੇ ਇਸ਼ਨਾਨਾਂ, ਧਾਰਮਕ ਅਸਥਾਨਾਂ ਦੀ ਯਾਤਰਾ ਨਾਲ ਜਾਂ ਘੰਟਿਆਂ ਬੱਧੀ ਇਕੋ ਸ਼ਬਦ ਨੂੰ ਵਾਰ ਵਾਰ ਬੋਲੀ ਜਾਣ ਨਾਲ ਰੱਬ ਜੀ ਦੀ ਬੇ-ਅੰਤ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਤੇ ਕਿਰਤ ਵਿਹਾਰ ਕਰਦਿਆਂ ਸੱਚ ਦੇ ਮਾਰਗ ਨੂੰ ਧਾਰਨ ਕਰਨ ਨਾਲ ਰੱਬੀ ਰਾਹ `ਤੇ ਤੁਰਨ ਦਾ ਅਭਿਆਸ ਹੈ।
ਮਨੁੱਖੀ ਦੀ ਉੱਨਤੀ ਦਾ ਰਾਜ਼ ਦੱਸਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ ਭਲਿਆ ਤੈਨੂੰ ਸਮੇਂ ਦਾ ਪਾਬੰਦ ਹੋਣਾ ਚਾਹੀਦਾ ਹੈ। ਡਿਊਟੀ ਵਿੱਚ ਹੋਰ ਡਿਊਟੀ ਕਰਨ ਦੀ ਲੋੜ ਨਹੀਂ ਇੰਜ ਕਰਨ ਨਾਲ ਜਿੱਥੇ ਤੇਰੇ ਮਾਲਕ ਦਾ ਨੁਕਸਾਨ ਹੋਏਗਾ ਓੱਥੇ ਆਪਣੇ ਆਪ ਨੂੰ ਧੋਖਾ ਵੀ ਦੇ ਰਿਹਾ ਏਂ। ਜ਼ਰੂਰੀ ਹੈ ਮਾਨਸਕ ਤਲ਼ `ਤੇ ਤੇਰੀ ਕਿਰਤ ਸਹੁਰਾ ਤੇ ਸੁਰਤੀ ਗੁਰ-ਸਿਧਾਂਤ ਨਾਲ ਜੁੜੀ ਰਹੇ ਇਹ ਸੱਸ ਦਾ ਰੂਪ ਹੈ। ਨੇਕ ਕਰਮਾਂ ਦੀ ਵਹੁਟੀ ਦੇ ਸਮੇਂ ਦੀ ਪਾਬੰਦੀ ਵਿਆਹ ਦਾ ਦਿਨ ਪੱਕਾ ਕੀਤਾ ਸਮਝ। ਇਹ ਸਾਰਾ ਕੁੱਝ ਕਰਦਿਆ ਤੇਰੇ ਮਨ ਵਿੱਚ ਵਿਕਾਰ ਨਹੀਂ ਆਉਣੇ ਚਾਹੀਦੇ। ਦੇਖੀਂ ਫਿਰ ਤੇਰੇ ਘਰ ਸੱਚ ਰੂਪੀ ਪਰਮਾਤਮਾ ਜਨਮ ਲਏਗਾ।
ਦਿਨ ਬੁੱਧਵਾਰ ਮਿਤੀ ੧੨-੦੮-੦੯.
ਗੁਰਦੁਆਰਾ ਹਿੰਮੇਲਟਨ---
ਫ਼ਰੀਦ ਜੀ ਦੇ ਉਚਾਰਨ ਕੀਤੇ ਸਲੋਕ ਦੀ ਵਿਚਾਰ ਕਰਦਿਆਂ ਇਹ ਵਿਚਾਰਿਆ ਗਿਆ ਕਿ ਸਾਡੇ ਮਨ ਨੂੰ ਗੁੱਸਾ ਕਿਉਂ ਆਉਂਦਾ? ਇਸ ਦਾ ਇਕੋ ਹੀ ਉੱਤਰ ਹੈ ਕਿ ਸਾਡੇ ਮਨ ਵਿੱਚ ਬੁਰੇ ਖ਼ਿਆਲ ਜਨਮ ਲੈਂਦੇ ਹਨ। ਜੇ ਅਖ਼ਰੀਂ ਅਰਥ ਕੀਤੇ ਜਾਣ ਤਾਂ ਇੰਜ ਮਹਿਸੂਸ ਹੁੰਦਾ ਹੈ, ਕਿ ਜਿਸ ਨੇ ਕੋਈ ਬੁਰਾ ਕੰਮ ਕੀਤਾ ਹੈ ਉਸ ਦਾ ਭਲਾ ਕੀਤਾ ਜਾਏ। ਪਰ ਇਹ ਅਰਥ ਸਮਾਜ ਵਿੱਚ ਲਾਗੂ ਨਹੀਂ ਹੁੰਦੇ ਕਿਉਂ ਕਿ ਮੱਸਾ ਰੰਘੜ ਸਭ ਤੋਂ ਬੁਰਾ ਕਰਮ ਦਰਬਾਰ ਸਾਹਿਬ ਦੀ ਬੇਹੁਰਮਤੀ ਕਰ ਰਿਹਾ ਸੀ ਉਸ ਦੇ ਕੀਤੇ ਦੀ ਉਸ ਨੂੰ ਸਜਾ ਮਿਲ ਗਈ। ਜੇ ਕਿਸੇ ਮਨੁੱਖ ਨੇ ਸਮਾਜ ਵਿੱਚ ਭੈੜੀ ਕਰਤੂਤ ਕੀਤੀ ਹੈ ਤਾਂ ਉਸ ਦੇ ਕੀਤੇ ਦੀ ਸਜਾ ਉਸ ਨੂੰ ਜ਼ਰੂਰ ਮਿਲਣੀ ਚਾਹੀਦੀ ਹੈ। ਦਰ-ਅਸਲ ਗੱਲ ਮਨ ਦੀ ਚਲ ਰਹੀ ਹੈ ਕਿ ਮਨ ਨੂੰ ਗੁੱਸਾ ਕਿਉਂ ਆਉਂਦਾ ਹੈ। ਇਸ ਗੁੱਸੇ ਨੂੰ ਸਮਝਣਾ ਚਾਹੀਦਾ ਹੈ। ਜੋ ਬੁਰੇ ਖ਼ਿਆਲ ਸਾਡੇ ਮਨ ਵਿੱਚ ਜਨਮ ਲੈ ਰਹੇ ਹਨ ਉਹਨਾਂ ਬੁਰੇ ਖ਼ਿਆਲਾਂ ਨੂੰ ਭਲੇ ਖ਼ਿਆਲਾਂ ਵਿੱਚ ਤਬਦੀਲ ਕਰਨ ਦਾ ਯਤਨ ਕਰ। ਭਾਵ ਜੋ ਵੀ ਬੁਰੀ ਸੋਚ ਜਨਮ ਲੈ ਰਹੀ ਹੈ ਉਸ ਨੂੰ ਚੰਗੀ ਸੋਚ ਵਿੱਚ ਬਦਲਣ ਦਾ ਯਤਨ ਕਰਨਾ ਚਾਹੀਦਾ ਹੈ।
ਸ਼ਬਦ ਦੀ ਦੂਸਰੀ ਤੁਕ ਵਿੱਚ ਸਰੀਰਕ ਰੋਗਾਂ ਦੀ ਗੱਲ ਕੀਤੀ ਹੈ। ਸਰੀਰਕ ਰੋਗਾਂ ਦਾ ਭਾਵ ਅਰਥ ਗਿਆਨ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਬਚਾਉਣਾ ਹੈ। ਅੱਖਾਂ ਨੂੰ ਪਰਾਇਆਂ ਰੂਪ ਦੇਖਣ ਦਾ ਰੋਗ ਲੱਗਾ ਹੋਇਆ ਹੈ, ਤੇ ਕੰਨਾਂ ਨੂੰ ਪਰਾਈ ਨਿੰਦਿਆ ਸੁਣਨ ਦੀ ਭੈੜੀ ਵਾਦੀ ਪਈ ਹੋਈ ਹੈ। ਇਹਨਾਂ ਰੋਗਾਂ ਤੋਂ ਬਚਾ ਕਰਨਾ ਹੈ। ਇਸ ਦਾ ਭਾਵ ਅਰਥ ਹੋਇਆ ਜਦੋਂ ਬੁਰੇ ਖ਼ਿਆਲਾਂ ਨੂੰ ਭਲਿਆਂ ਖ਼ਿਆਲ਼ਾਂ ਵਿੱਚ ਤਬਦੀਲ ਕਰਾਂਗੇ ਤਾਂ ਕੁਦਰਤੀ ਗੱਲ ਹੈ ਮਨ ਵਿੱਚ ਗੁੱਸਾ ਨਹੀਂ ਆਏਗਾ। ਫਿਰ ਸਾਡੇ ਗਿਆਨ ਇੰਦ੍ਰੇ ਤੇ ਕਰਮ ਇੰਦ੍ਰੇ ਵਿਕਾਰਾਂ ਵਲੌਂ ਬਚ ਜਾਣਗੇ। ਅਜੇਹੇ ਅਭਿਆਸ ਵਿਚੋਂ ਰੱਬ ਜੀ ਦਾ ਜਨਮ ਹੋਏਗਾ। ਭਾਵ ਸਾਡੇ ਜੀਵਨ ਵਿੱਚ ਰੱਬੀ ਗੁਣ ਆ ਜਾਣਗੇ।
ਦਿਨ ਵੀਰਵਾਰ ਮਿਤੀ ੧੩-੦੮-੦੯.
ਗੁਰਦੁਆਰਾ ਹਿੰਮੇਲਟਨ—
ਭਾਈ ਗੁਰਦਾਸ ਜੀ ਦਾ ਇੱਕ ਕਬਿੱਤ ਵਿਚਾਰਿਆ ਗਿਆ। ਜਿਸ ਤਰ੍ਹਾਂ ਹੀਰਾ ਦੇਖਣ ਨੂੰ ਬਹੁਤ ਛੋਟਾ ਜੇਹਾ ਹੂੰਦਾ ਹੈ ਪਰ ਇਸ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ। ਹੁੰਡੀ ਦੇ ਕਾਗ਼ਜ਼ ਦਾ ਭਾਰ ਕੁੱਝ ਵੀ ਨਹੀਂ ਹੁੰਦਾ ਪਰ ਜਦੋਂ ਉਸ `ਤੇ ਲਿਖੀ ਹੋਈ ਰਕਮ ਅਨੁਸਾਰ ਉਸ ਦਾ ਮੁੱਲ ਬਹੁਤ ਜ਼ਿਆਦਾ ਹੁੰਦਾ ਹੈ। ਬੋਹੜ ਦੇ ਦਰੱਖਤ ਦਾ ਬੀਜ ਦੇਖਣ ਨੂੰ ਬਹੁਤ ਛੋਟਾ ਜੇਹਾ ਲੱਗਦਾ ਹੈ ਪਰ ਉਸ ਦਾ ਅਕਾਰ ਬਹੁਤ ਵੱਡਾ ਹੁੰਦਾ ਹੈ। ਏਸੇ ਤਰ੍ਹਾਂ ਗੁਰ ਦੇ ਬਚਨ ਦੇਖਣ ਨੂੰ ਕੁੱਝ ਤੁਕਾਂ ਲੱਗਦੀਆਂ ਹਨ ਪਰ ਇਹਨਾਂ ਵਿੱਚ ਜੀਵਨ ਜਾਚ ਦਾ ਉਹ ਖ਼ਜ਼ਾਨਾ ਹੈ ਜਿਸ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ।
ਦੂਸਰਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਣ ਕੀਤਾ ਹੋਇਆ ਸਿਰੀ ਰਾਗ ਵਿਚੋਂ ਲਿਆ ਗਿਆ। ਆਪਣੇ ਜੀਵਨ ਦੇ ਕਰਮ ਨੂੰ ਧਰਤੀ ਬਣ ਕਿ ਇਸ ਵਿੱਚ ਸ਼ਬਦ ਦਾ ਬੀਜ ਪਾਉਣਾ ਹੈ, ਤੇ ਸੱਚ ਬੋਲਣ ਦੀ ਚਮਕ ਦਾ ਹਰ ਵੇਲੇ ਪਾਣੀ ਦੇਂਦੇ ਰਹਿਣਾ ਚਾਹੀਦਾ ਹੈ। ਕਿਰਸਾਨ ਵਾਂਗ ਉੱਦਮੀ ਹੋਣਾ ਹੈ ਫਿਰ ਈਮਾਨ ਦੀ ਖੇਤੀ ਉੱਗੇਗੀ, ਮੂਰਖ ਮਨ ਨੂੰ ਪਤਾ ਲੱਗੇਗਾ ਦੁਨੀਆਂ ਵਿੱਚ ਨਰਕ ਅਤੇ ਸਵਰਗ ਕੀ ਹੁੰਦਾ ਹੈ। ਪਦਾਰਥ ਤੇ ਰੂਪ ਵਿੱਚ ਉਲਝੇ ਹੋਏ ਮਨ ਨੂੰ ਸਪੱਸ਼ਟ ਕਿਹਾ ਹੈ ਕਿ ਨਿਰੀਆਂ ਗੱਲਾਂ ਨਾਲ ਰੱਬ ਜੀ ਕਦੇ ਵੀ ਨਹੀਂ ਮਿਲਣਗੇ।
ਮਨੁੱਖੀ ਮਨ ਦੀ ਹਾਲਤ ਤਾਂ ਉਸ ਡੱਡੂ ਵਰਗੀ ਹੈ ਜਿਹੜਾ ਕਮਲ ਦੇ ਪਾਸ ਬੈਠ ਕੇ ਵੀ ਕਮਲ ਦੀ ਸਾਰ ਨਹੀਂ ਜਾਣਦਾ। ਭੌਰਾ ਦੂਰੋਂ ਆ ਕੇ ਵੀ ਕਮਲ ਦੀ ਸੁਗੰਧੀ ਲੈ ਰਿਹਾ ਹੈ ਇਹ ਚਿੱਕੜ ਵਿੱਚ ਹੀ ਬੈਠਾ ਰਹਿੰਦਾ ਹੈ। ਜਿਸ ਤਰ੍ਹਾਂ ਡਡੂ ਨੂੰ ਭੌਰੇ ਦੀ ਅਵਾਜ਼ ਨਹੀਂ ਸੁਣਦੀ ਏਸੇ ਤਰ੍ਹਾਂ ਧਨ ਰੂਪ ਵਿੱਚ ਮਸਤ ਆਦਮੀ ਨੂੰ ਵੀ ਗੁਰੂ ਦੀ ਗੱਲ ਨਹੀਂ ਸੁਣਦੀ। ਗੁਰ-ਉਪਦੇਸ਼ ਨੂੰ ਅਸੀਂ ਇੰਜ ਹੀ ਲੈ ਰਹੇ ਹਾਂ ਜਿਸ ਤਰ੍ਹਾਂ ਹਵਾ ਆਈ ਤੇ ਚਲੀ ਗਈ। ਭਾਵ ਏਧਰ ਦੀ ਸੁਣਿਆਂ ਤੇ ਦੂਸਰੇ ਪਾਸੇ ਦੀ ਕੱਢ ਦਿੱਤਾ। ਦੁਨੀਆਂ ਵਿੱਚ ਧਰਮੀ ਹੋਣ ਦਾ ਅਸੀਂ ਨਾਟਕ ਪੂਰਾ ਕਰ ਰਹੇ ਹਾਂ ਕਿਉਂਕਿ ਸਾਨੂੰ ਕੋਈ ਸ਼ੈਤਾਨ ਨਾ ਕਹੇ। ਧਰਮ ਦੇ ਨਾਂ `ਤੇ ਮਾਲ ਇਕੱਠਾ ਕਰਨਾ ਬਹੁਤ ਸੌਖਾ ਹੈ। ਧਰਮੀ ਬਣਨਾ ਔਖਾ ਹੈ ਏਸੇ ਲਈ ਅਸੀਂ ਧਰਮੀ ਬਣਨ ਨੂੰ ਤਰਜੀਹ ਨਹੀਂ ਦੇਂਦੇ।
ਦਿਨ ਸ਼ੁੱਕਰਵਾਰ ਮਿਤੀ ੧੪-੦੮-੦੯.
ਗੁਰਦੁਆਰਾ ਹਿੰਮੇਲਟਨ—
ਬਸੰਤ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਣ ਕੀਤੇ ਹੋਏ ਸ਼ਬਦ ਦੀ ਵਿਚਾਰ ਕੀਤੀ ਗਈ “ਮੇਰੇ ਸਾਹਿਬਾ ਹਉ ਆਪੇ ਭਰਮਿ ਭੁਲਾਣੀ” ਧਰਮ ਦੇ `ਤੇ ਅਸੀਂ ਬਹੁਤ ਸਾਰੇ ਭਰਮ ਪਾਲ਼ ਲਏ ਹਨ ਜਿਸ ਤਰ੍ਹਾਂ ਬਾਹਰ ਦੀਵਾਰ `ਤੇ ਇਹ ਲਿਖਿਆ ਹੋਇਆ ਹੈ ਕਿ ਇਕਵੰਜਾ ਹਜ਼ਾਰ ਚੌਪਈ ਦੇ ਪਾਠ ਕੀਤੇ ਤੇ ਫਿਰ ਅਰਦਾਸ ਕਰਾਈ ਜਾਏ ਸਾਡੀ ਮਨੋ ਕਾਮਨੀ ਪੂਰੀ ਹੋਏਗੀ? ਕੀ ਫਿਰ ਗੁਰਬਾਣੀ ਦੀ ਵਿਚਾਰ ਕਰਨ ਦੀ ਜ਼ਰੂਰਤ ਨਹੀਂ ਹੈ। ਧਰਮ ਦੀ ਦੁਨੀਆਂ ਵਿੱਚ ਵਾਧੂ ਦਾ ਭਰਮ ਪਾਲ ਲਿਆ ਹੈ। ਪੇਕੇ ਘਰ ਵਿੱਚ ਧੀ ਲਈ ਬਣਾਇਆ ਹੋਇਆ ਦਾਜ ਉਹਦਾ ਹੁੰਦਾ ਹੈ ਆਮ ਕਰਕੇ ਉਸ ਦੀ ਕੋਈ ਵੀ ਵਸਤੂ ਨਹੀਂ ਵਰਤਦਾ ਪਰ ਸਹੁਰੇ ਘਰ ਇੰਜ ਨਹੀਂ ਹੁੰਦਾ। ਸਹੁਰੇ ਘਰ ਵਿੱਚ ਪਤੀ ਦੀਆਂ ਸਾਰੀਆਂ ਵਸਤੂਆਂ ਸਾਂਝੀਆਂ ਹੁੰਦੀਆਂ ਹਨ। ਇੰਜ ਹੀ ਸਾਡਾ ਬਾਹਰਲੇ ਤਲ਼ `ਤੇ ਲੋਕ ਵਿਖਾਵਾ ਪੇਕਾ ਘਰ ਹੈ ਤੇ ਅੰਦਰ ਸ਼ੁਭ ਗੁਣਾਂ ਦੇ ਰੂਪ ਵਿੱਚ ਪਤੀ ਬੈਠਾ ਹੈ। ਇਹ ਗੁਣ ਸਾਰੀ ਦੁਨੀਆਂ ਲਈ ਸਾਂਝੇ ਹਨ। ਅਸੀਂ ਉਸ ਕੁਚੱਜੀ ਇਸਤ੍ਰੀ ਵਰਗੇ ਹਾਂ ਜਿਸ ਨੂੰ ਘਰ ਪਈ ਵਸਤੂ ਵੀ ਵਰਤਣ ਦੀ ਜਾਚ ਨਹੀਂ ਹੈ। ਧਰਮ ਦੀ ਦੁਨੀਆਂ ਵਿੱਚ ਕਰਮ-ਕਾਂਡ ਨੂੰ ਅਸੀਂ ਧਰਮ ਸਮਝੀ ਬੈਠੇ ਹਾਂ।
ਇਸ ਸ਼ਬਦ ਵਿੱਚ ਇਹ ਸਮਝਣ ਦਾ ਯਤਨ ਕੀਤਾ ਹੈ ਕਿ ਸਾਡਾ ਕਰਮ ਹੋਰ ਹੈ ਪਰ ਸਾਡੀ ਮੰਗ ਕੁੱਝ ਹੋਰ ਹੈ ਇਸ ਲਈ ਸਾਡਾ ਸੁਭਾਅ ਵਧੀਆ ਨਹੀਂ ਬਣ ਸਕਿਆ। ਪਤੀ ਪਰਮਾਤਮਾ ਸ਼ੁਭ ਗੁਣਾਂ ਦੇ ਰੂਪ ਵਿੱਚ ਸਾਡੇ ਅੰਦਰ ਬੈਠਾ ਹੋਇਆ ਹੈ। ਉਸ ਦੇ ਗੁਣਾਂ ਨੂੰ ਜਦੋਂ ਬਾਹਰ ਵਰਤੋਂ ਵਿੱਚ ਲਿਅਵਾਂਗੇ ਤਾਂ ਸਾਡਾ ਬਾਹਰਲਾ ਚਿੱਤਰ ਬਣਨਾ ਹੈ। ਇਹ ਕਸੀਦਾ ਹਰ ਵੇਲੇ ਕੱਢਦੇ ਰਹਿਣਾ ਚਾਹੀਦਾ ਹੈ, ਜੋ ਕਾਰ-ਵਿਹਾਰ ਕਰਦਿਆਂ ਨਿਬਾਹਿਆ ਜਾ ਸਕਦਾ ਹੈ। ਕਿਸੇ ਜੰਗਲ਼ ਵਿੱਚ ਜਾਣ ਦੀ ਲੋੜ ਨਹੀਂ ਹੈ।
ਦਿਨ ਸ਼ਨੀਚਰਵਾਰ ਮਿਤੀ ੧੫-੦੮-੦੯
ਗੁਰਦੁਆਰਾ ਹਿੰਮੇਲਟਨ
ਗੰਗਾ ਕੀ ਲਹਿਰ ਮੇਰੀ ਟੂਟੀ ਜੰਜ਼ੀਰ ਦੀ ਵਿਚਾਰ ਕਰਦਿਆਂ ਇਹ ਦੱਸਿਆ ਗਿਆ ਭਗਤ ਮਾਲਾ ਦੀਆਂ ਸਾਖੀਆ ਏਨੀ ਵਾਰੀ ਸੁਣਾਈਆਂ ਗਈਆਂ ਹਨ ਕਿ ਉਹਨਾਂ ਵਿਚੋਂ ਗੁਰਮਤ ਦਾ ਸਿਧਾਂਤ ਹੀ ਖਤਮ ਹੋ ਗਿਆ ਹੈ। ਇਸ ਸ਼ਬਦ ਵਿੱਚ ਆਮ ਏਹੀ ਕਿਹਾ ਜਾਂਦਾ ਹੈ ਕਿ ਜਦੋਂ ਕਬੀਰ ਜੀ ਨੂੰ ਗੰਗਾ ਦੇ ਡੂੰਘੇ ਪਾਣੀ ਵਿੱਚ ਸੰਗਲ਼ਾਂ ਨਾਲ ਬੰਨ ਕੇ ਸੁਟਿਆ ਗਿਆ ਤਾਂ ਓਦੋਂ ਵਿਸ਼ਨੂੰ ਭਗਵਾਨ ਜੀ ਪ੍ਰਗਟ ਹੋਏ ਤੇ ਉਹਨਾਂ ਨੇ ਜੰਜ਼ੀਰਾਂ ਨੂੰ ਤੋੜ ਦਿੱਤਾ। ਕਬੀਰ ਜੀ ਪਾਣੀ ਉੱਤੇ ਇੰਜ ਤੁਰ ਰਹੇ ਸਨ ਜਿਸ ਤਰ੍ਹਾਂ ਕੋਈ ਸਾਧੂ ਹਿਰਨ ਦੀ ਖੱਲ `ਤੇ ਬੈਠ ਕੇ ਭਗਤੀ ਕਰ ਰਿਹਾ ਹੋਵੇ। ਦਰ-ਅਸਲ ਕਬੀਰ ਜੀ ਰੱਬੀ ਗਿਆਨ ਨੂੰ ਗੰਗਾ ਦੀ ਲਹਿਰ ਦੱਸ ਰਹੇ ਹਨ ਜਿਸ ਨਾਲ ਉਹਨਾਂ ਦੀ ਸਦੀਵੀ ਸਾਂਝ ਪੈਣ ਕਰਕੇ ਬ੍ਰਹਾਮਣੀ ਕਰਮ ਕਾਂਡ ਵਾਲੀ ਜੰਜ਼ੀਰ ਟੁੱਟ ਗਈ ਹੈ। ਸਹਿਜ ਅਵਸਥਾ ਵਾਲੀ ਮ੍ਰਿਗਸ਼ਾਲਾ `ਤੇ ਬੈਠੇ ਹੋਏ ਹਨ। ਯਨੀ ਕਿ ਸਹਿਜ ਅਵਸਥਾ ਵਿੱਚ ਵਿਚਰ ਰਹੇ ਹਨ। ਰੱਬੀ ਸੂਝ ਹਰ ਥਾਂ ਤੇ ਸਾਡੀ ਸਹਾਇਤਾ ਕਰਦੀ ਹੈ।
ਦਿਨ ਐਤਵਾਰ ਮਿਤੀ ੧੬-੦੮-੦੯
ਗੁਰਦੁਆਰਾ ਹਿੰਮੇਲਟਨ
ਕੀ ਪੁੱਤਰਾਂ ਨਾਲ ਹੀ ਸਾਡੀ ਪੀੜ੍ਹੀ ਅੱਗੇ ਵੱਧਦੀ ਹੈ? ਕੀ ਧੀਆਂ ਜੰਮ ਪੈਣ ਨਾਲ ਸਾਡਾ ਕੋਈ ਨੁਕਸਾਨ ਹੁੰਦਾ ਹੈ। ਅਜੇਹੀ ਖੁਲ੍ਹੀ ਵਿਚਾਰ ਹਫਤਾਵਾਰੀ ਦਿਵਾਨ ਵਿੱਚ ਰੱਖੀ। ਅੱਜ ਅਸੀਂ ਗੁਰਦੁਆਰਾ ਸਾਹਿਬ ਵਿਖੇ ਕੇਵਲ ਦੁਨਿਆਵੀ ਮੰਗਾਂ ਦੀ ਪੂਰਤੀ ਲਈ ਹੀ ਆਉਂਦੇ ਹਾਂ। ਪਰ ਗੁਰਬਾਣੀ ਇਹ ਕਹਿ ਰਹੀ ਹੈ ਕਿ ਭਲਿਆ ਸੰਸਾਰ ਦੀਆਂ ਮੰਗਾਂ ਤਾਂ ਸਦਾ ਨਾਲ ਨਿਬੰਣ ਵਾਲੀਆਂ ਨਹੀਂ ਹਨ। ਕੀ ਪੁੱਤਰਾਂ ਦੀ ਮੰਗ ਮੰਗਣ ਨਾਲ ਅਸੀਂ ਦਾਅਵਾ ਕਰ ਸਕਦੇ ਹਾਂ ਕਿ ਸਾਡੀ ਸਦਾ ਲਈ ਪੀੜ੍ਹੀ ਚੱਲਦੀ ਰਹੇਗੀ? ਇਤਿਹਾਸ ਵਲ ਨਿਗਾਹ ਮਾਰਿਆ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਪੁੱਤਰ ਮਨੁੱਖਤਾ ਲਈ ਸ਼ਹੀਦ ਹੋ ਗਏ। ਦੂਸਰੇ ਪਾਸੇ ਗੁਰੂ ਨਾਨਾਕ ਸਾਹਿਬ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਗੁਰਿਆਈਆਂ ਦੀਆਂ ਜ਼ਿੰਮੇਵਾਰੀਆਂ ਭਾਈ ਲਹਿਣਾ ਜੀ ਨੂੰ ਸੌਪੀਆਂ। ਨਾਮ ਧਰੀਕ ਮੇਰੇ ਵਰਗੇ ਪਰਚਾਰਕਾਂ ਤੇ ਸਾਧੜਿਆਂ ਨੇ ਇਨਸਾਨੀਅਤ ਨਾਲ ਧ੍ਰੋਅ ਕਮਾਉਂਦਿਆਂ ਕੇਵਲ ਪੁੱਤਰਾਂ ਦੀਆਂ ਹੀ ਅਰਦਾਸਾਂ ਕੀਤੀਆਂ ਹਨ। ਭਾਰਤ ਵਿੱਚ ਜੇ ਕੋਈ ਡਾਕਟਰ ਲਿੰਗ ਟੈਸਟ ਕਰਕੇ ਭਰੂਣ ਹੱਤਿਆ ਕਰਦਾ ਹੈ ਤਾਂ ਉਸ ਨੂੰ ਦਸ ਸਾਲ ਦੀ ਸਖ਼ਤ ਸਜਾ ਤੇ ਨਾਲ ਜੁਰਮਾਨਾ ਵੀ ਹੁੰਦਾ ਹੈ। ਅਜੇਹੀ ਸਜਾ ਧਰਮ ਦੀ ਦੁਨੀਆਂ ਵਿੱਚ ਕੇਵਲ ਪੁੱਤਰਾਂ ਦੀਆਂ ਅਰਦਾਸਾਂ ਕਰਨ ਵਾਲਿਆਂ ਨੂੰ ਵੀ ਹੋਣੀਆਂ ਚਾਹੀਦੀਆਂ ਹਨ। ਕਬੀਰ ਜੀ ਦੇ ਇੱਕ ਵਾਕ ਦੀ ਵਿਚਾਰ ਕਰਦਿਆਂ ਇਹ ਸਮਝਿਆ ਗਿਆ ਕਿ ਲੋਕ ਮਿੱਥ ਅਨੁਸਾਰ ਜੇ ਰਾਵਣ ਵੱਡ ਅਕਾਰੀ ਹੁੰਦਾ ਹੋਇਆ ਵੀ ਸੰਸਾਰ ਵਿੱਚ ਨਹੀਂ ਰਿਹਾ ਤਾਂ ਫਿਰ ਅਸੀਂ ਕੇਵਲ ਪੁੱਤਰਾਂ ਦੀ ਮੰਗ ਪਿੱਛੇ ਕਿਉਂ ਭੱਜੇ ਫਿਰਦੇ ਹਾਂ। ਦੀਵਾਨ ਦੀ ਸਮਾਪਤੀ `ਤੇ ਇੱਕ ਬਜ਼ੁਰਗ ਨੇ ਸਟੇਜ `ਤੇ ਬਹੁਤ ਹੀ ਭਾਵ ਪੂਰਤ ਟਿੱਪਣੀ ਕੀਤੀ ਕੇ ਅਜੇਹੇ ਬੇਬਾਕੀ ਵਾਲੇ ਸਿਧਾਂਤਕ ਵਿਚਾਰ ਜੇ ਸਾਡੇ ਪਾਸ ਆ ਜਾਣ ਤਾਂ ਅਸੀਂ ਬ੍ਰਹਾਮਣੀ ਕਰਮ-ਕਾਂਡ ਤੋਂ ਬਚ ਸਕਦੇ ਹਾਂ।
ਦਿਨ ਐਤਵਾਰ ਮਿਤੀ ੧੬-੦੮-੦੯.
ਗੁਰਦੁਆਰਾ ਟੌਰੰਗਾ—

ਇਸ ਪਰਚਾਰ ਫੇਰੀ ਦੀ ਅਖੀਰਲੀ ਵਿਚਾਰ ਗੁਰਦੁਆਰਾ ਟੌਰੰਗਾ ਵਿਖੇ ਕੀਤੀ ਗਈ। ਗੁਰੂ ਨਾਨਕ ਸਾਹਿਬ ਜੀ ਦੇ ਇੱਕ ਸ਼ਬਦ ਨੂੰ ਵਿਚਾਰਿਆ ਗਿਆ ਕਿ ਜੇ ਕਰ ਲੋਹਾ ਸੜ ਜਾਏ ਤਾਂ ਉਹ ਕਿਸੇ ਕੰਮ ਨਹੀਂ ਆਉਂਦਾ ਪਰ ਮਨ ਸੜ ਜਾਏ ਤਾਂ ਉਹ ਗੁਰ-ਗਿਆਨ ਦੁਆਰਾ ਸੋਨੇ ਵਰਗਾ ਹੋ ਸਕਦਾ ਹੈ। ਸਾਡੇ ਮਨ ਵਿੱਚ ਭਲਾ ਤੇ ਬੁਰਾ ਦੋ ਬੀਜ ਪਏ ਹੋਏ ਹਨ। ਜਿਹੜੀ ਵੀ ਸੰਗਤ ਸਾਨੂੰ ਮਿਲ ਗਈ ਉਹ ਹੀ ਗੁਣ ਪ੍ਰਗਟ ਹੋ ਜਾਣਾ ਹੈ। ਗੁਰਦੁਆਰੇ ਆਉਣ ਦਾ ਮਕਸਦ ਹੀ ਇਹ ਹੈ ਕਿ ਏੱਥੋਂ ਸਾਨੂੰ ਰੱਬੀ ਗੁਣਾਂ ਦੀ ਦੌਲਤ ਮਿਲ ਜਾਏ ਜਿਸ ਨਾਲ ਸਾਡੇ ਜੀਵਨ ਵਿਚੋਂ ਵਿਕਾਰ ਖਤਮ ਹੋ ਜਾਣ। ਜਦੋਂ ਅਸੀਂ ਬਾਰ ਬਾਰ ਕਰਮ ਕਰਦੇ ਹਾਂ ਤਾਂ ਉਹ ਸਾਡਾ ਸੁਭਾਅ ਬਣ ਜਾਂਦਾ ਹੈ। ਜਿਸ ਤਰ੍ਹਾਂ ਪੰਛੀ ਜਾਲ਼ ਵਿੱਚ ਫਸ ਜਾਂਦੇ ਹਨ ਏਸੇ ਤਰ੍ਹਾਂ ਅਸੀਂ ਵੀ ਆਪਣੇ ਬਣਾਏ ਜਾਲ ਵਿੱਚ ਆਪ ਹੀ ਫਸੇ ਹੋਏ ਹਾਂ। ਸਾਡਾ ਸਰੀਰ ਲੁਹਾਰ ਦੀ ਤਪ ਰਹੀ ਭੱਠੀ ਵਰਗਾ ਹੈ। ਭੱਠੀ ਵਿੱਚ ਪਿਆ ਲੋਹਾ ਅੱਗ ਨਾਲ ਲਾਲਾ ਹੁੰਦਾ ਹੈ ਏਸੇ ਤਰ੍ਹਾਂ ਹੀ ਸਾਡਾ ਮਨ ਵਿਕਾਰਾਂ ਦੀ ਅੱਗ ਵਿੱਚ ਪਿਆ ਹੋਇਆ ਸੜ ਰਿਹਾ ਹੈ। ਲੁਹਾਰ ਸੰਨ੍ਹੀ ਨਾਲ ਲੋਹੇ ਨੂੰ ਥੱਲਦਾ ਰਹਿੰਦਾ ਹੈ ਕਿ ਇਸ ਨੂੰ ਚਾਰੇ ਪਾਸਿਆਂ ਤੋਂ ਚੰਗੀ ਤਰ੍ਹਾਂ ਸੇਕ ਲੱਗ ਜਾਏ। ਏਸੇ ਤਰ੍ਹਾਂ ਸਾਡੇ ਮਨ ਨੂੰ ਚਿੰਤਾ ਰੂਪੀ ਸੰਨ੍ਹੀ ਹਰ ਵੇਲੇ ਪਾਪਾਂ ਦੇ ਭੱਖਦੇ ਕੋਲਿਆਂ `ਤੇ ਪਾਸੇ ਪਰਤਦੀ ਰਹਿੰਦੀ ਹੈ। ਇਸ ਦਾ ਬਚਾ ਹੋ ਸਕਦਾ ਹੈ ਜੇ ਅਸੀਂ ਗੁਰ- ਸ਼ਬਦ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਈਏ।




.