ਗੁਰਬਾਣੀ ਦਾ ਸੱਚ
(ਕਿਸ਼ਤ ਨੰ: 04)
ਜੇਹੜੇ ਸੱਜਣ ਇਹ ਸਮਝਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੀ ਗਈ
ਸ਼ਬਦਾਵਲੀ, ਵਿਸ਼ਵਾਸ ਆਦਿ ਕੇਵਲ ਉਦਾਹਰਣਾਂ ਹੀ ਨਹੀਂ ਹਨ ਬਲਕਿ ਬਾਣੀਕਾਰਾਂ ਦੇ ਹੀ ਵਿਸ਼ਵਾਸ ਦਾ
ਅਤੁੱਟ ਅੰਗ ਹਨ, ਉਨ੍ਹਾਂ ਨੂੰ ਸਨਿਮਰ ਬੇਨਤੀ ਹੈ ਕਿ ਉਹ ਗੁਰੂ ਨਾਨਕ ਸਾਹਿਬ ਦੇ ਇਸ ਸ਼ਲੋਕ ਦੀਆਂ
ਇਨ੍ਹਾਂ ਪੰਗਤੀਆਂ ਨੂੰ ਗਹੁ ਨਾਲ ਵਿਚਾਰਨ:
ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ
ਮੁਏ ਕਿਥਾਊ ਪਾਹੀ॥ ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ॥ . . ਨਾ ਓਇ ਜੋਗੀ ਨਾ ਓਇ
ਜੰਗਮ ਨਾ ਓਇ ਕਾਜੀ ਮੁੰਲਾ॥ . . ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ॥ ਪਾਣੀ ਵਿਚਹੁ
ਰਤਨ ਉਪੰਨੇ ਮੇਰੁ ਕੀਆ ਮਾਧਾਣੀ॥ ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ॥ ਨਾਇ ਨਿਵਾਜਾ ਨਾਤੈ
ਪੂਜਾ ਨਾਵਨਿ ਸਦਾ ਸੁਜਾਣੀ ॥
ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ॥ ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ॥
ਸਤਿਗੁਰੂ ਜੀ ਜਦ ਇਨ੍ਹਾਂ ਸਰੇਵੜਾਂ ਦੀ ਰਹਿਣੀ ਦੀ ਇਨ੍ਹਾਂ ਨਾਲ ਤੁਲਨਾ
ਕਰਦੇ ਹਨ ਤਾਂ ਆਪ ਸਰੇਵੜਾਂ ਨਾਲੋਂ ਇਨ੍ਹਾਂ ਦੀ ਇਸ ਸਾਧਾਰਨ ਰਹਿਣੀ ਨੂੰ ਸ੍ਰੇਸ਼ਟ ਕਹਿੰਦੇ ਹਨ। ਅੰਤ
ਵਿੱਚ ਹਜ਼ੂਰ
‘ਗੁਰੂ ਸਮੁੰਦੁ
ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ’ ਕਹਿੰਦਿਆਂ
ਹੋਇਆਂ ਇਸ ਇਸ਼ਨਾਨ ਦੀ ਮਹਿਮਾਂ ਦ੍ਰਿੜ ਕਰਾਉਂਦੇ ਹਨ। ਕੀ ਗੁਰੂ ਨਾਨਕ ਸਾਹਿਬ ਇਨ੍ਹਾਂ ਪੰਗਤੀਆਂ
ਵਿੱਚ ਸਰੇਵੜਿਆਂ ਦੀ ਰਹਿਣੀ ਦਾ ਵਰਣਨ ਕਰਦਿਆਂ ਹੋਇਆਂ ਇਨ੍ਹਾਂ ਵਲੋਂ ਪਿਤਰਾਂ ਦੇ ਨਮਿਤ ਪਿੰਡ ਪੱਤਲ
ਅਤੇ ਕਿਰਿਆ ਆਦਿ ਕਰਮਾਂ ਨੂੰ ਸਹੀ ਸਮਝਦੇ ਹਨ? ਜੇਕਰ ਇਸ ਦਾ ਉੱਤਰ ਹਾਂ ਵਿੱਚ ਹੈ ਤਾਂ ਫਿਰ ਗੁਰੂ
ਸਾਹਿਬ ਦੇ ਆਪਣੇ ਹੀ ਇਸ ਫ਼ਰਮਾਉਣ ਦਾ ਕੀ ਭਾਵ-ਅਰਥ ਲਵਾਂਗੇ:-
ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ
ਪਾਇਆ ਤੇਲੁ॥ ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ॥ 1॥ ਲੋਕਾ ਮਤ ਕੋ ਫਕੜਿ ਪਾਇ॥ ਲਖ ਮੜਿਆ
ਕਰਿ ਏਕਠੇ ਏਕ ਰਤੀ ਲੇ ਭਾਹਿ॥ 1॥ ਰਹਾਉ॥ ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ॥
ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ॥ 2॥ ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ॥ ਸਚਾ
ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾਉ॥ 3॥ ਇੱਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ
ਖਾਇ॥ ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ॥ 4॥ (ਪੰਨਾ 358)
ਅਰਥ: ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਦੀਵਾ ਹੈ (ਜੋ ਮੇਰੀ ਜ਼ਿੰਦਗੀ ਦੇ
ਰਸਤੇ ਵਿੱਚ ਆਤਮਕ ਰੌਸ਼ਨੀ ਕਰਦਾ ਹੈ) ਉਸ ਦੀਵੇ ਵਿੱਚ ਮੈਂ (ਦੁਨੀਆ ਵਿੱਚ ਵਿਆਪਣ ਵਾਲਾ) ਦੁੱਖ
(-ਰੂਪ) ਤੇਲ ਪਾਇਆ ਹੋਇਆ ਹੈ। ਉਸ (ਆਤਮਕ) ਚਾਨਣ ਨਾਲ ਉਹ ਦੁੱਖ-ਰੂਪ ਤੇਲ ਸੜਦਾ ਜਾਂਦਾ ਹੈ, ਤੇ ਜਮ
ਨਾਲ ਮੇਰਾ ਵਾਹ ਭੀ ਮੁੱਕ ਜਾਂਦਾ ਹੈ। 1.
ਹੇ ਲੋਕੋ! ਮੇਰੀ ਗੱਲ ਉਤੇ ਮਖ਼ੌਲ ਨ ਉਡਾਓ। ਲੱਖਾਂ ਮਣਾਂ ਲੱਕੜ ਦੇ ਢੇਰ
ਇਕੱਠੇ ਕਰ ਕੇ (ਜੇ) ਇੱਕ ਰਤੀ ਜਿਤਨੀ ਅੱਗ ਲਾ ਦੇਖੀਏ (ਤਾਂ ਉਹ ਸਾਰੇ ਢੇਰ ਸੁਆਹ ਹੋ ਜਾਂਦੇ ਹਨ।
ਤਿਵੇਂ ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਇੱਕ ਨਾਮ ਮੁਕਾ ਦੇਂਦਾ ਹੈ)। 1. ਰਹਾਉ।
ਪੱਤਲਾਂ ਉਤੇ ਪਿੰਡ ਭਰਾਣੇ (ਮਣਸਾਣੇ) ਮੇਰੇ ਵਾਸਤੇ ਪਰਮਾਤਮਾ (ਦਾ ਨਾਮ) ਹੀ
ਹੈ, ਮੇਰੇ ਵਾਸਤੇ ਕਿਰਿਆ ਭੀ ਕਰਤਾਰ (ਦਾ) ਸੱਚਾ ਨਾਮ ਹੀ ਹੈ। ਇਹ ਨਾਮ ਇਸ ਲੋਕ ਵਿੱਚ ਪਰਲੋਕ ਵਿੱਚ
ਹਰ ਥਾਂ ਮੇਰੀ ਜ਼ਿੰਦਗੀ ਦਾ ਆਸਰਾ ਹੈ। 2.
(ਹੇ ਪ੍ਰਭੂ!) ਤੇਰੀ ਸਿਫ਼ਤਿ-ਸਾਲਾਹ ਹੀ ਮੇਰੇ ਵਾਸਤੇ ਗੰਗਾ ਤੇ ਕਾਂਸ਼ੀ
(ਆਦਿਕ ਤੀਰਥਾਂ ਦਾ ਇਸ਼ਨਾਨ ਹੈ, ਤੇਰੀ ਸਿਫ਼ਤਿ-ਸਾਲਾਹ ਵਿੱਚ ਹੀ ਮੇਰਾ ਆਤਮਾ ਇਸ਼ਨਾਨ ਕਰਦਾ ਹੈ। ਸੱਚਾ
ਇਸ਼ਨਾਨ ਹੈ ਹੀ ਤਦੋਂ, ਜਦੋਂ ਦਿਨ ਰਾਤ ਪ੍ਰਭੂ-ਚਰਨਾਂ ਵਿੱਚ ਪ੍ਰੇਮ ਬਣਿਆ ਰਹੇ। 3.
ਬ੍ਰਾਹਮਣ (ਜਵਾਂ ਜਾਂ ਚੌਲਾਂ ਦੇ ਆਟੇ ਦਾ) ਪਿੰਨ ਵੱਟ ਕੇ ਇੱਕ ਪਿੰਨ
ਦੇਵਤਿਆਂ ਨੂੰ ਭੇਟਾ ਕਰਦਾ ਹੈ ਤੇ ਦੂਜਾ ਪਿੰਨ ਪਿਤਰਾਂ ਨੂੰ, (ਪਿੰਨ ਵੱਟਣ ਤੋਂ ਪਿਛੋਂ) ਉਹ ਆਪ
(ਖੀਰ-ਪੂਰੀ ਆਦਿਕ ਜਜਮਾਨਾਂ ਦੇ ਘਰੋਂ) ਖਾਂਦਾ ਹੈ। (ਪਰ) ਹੇ ਨਾਨਕ! (ਬ੍ਰਾਹਮਣ ਦੀ ਰਾਹੀਂ ਦਿੱਤਾ
ਹੋਇਆ ਇਹ ਪਿੰਨ ਕਦ ਤਕ ਟਿਕਿਆ ਰਹਿ ਸਕਦਾ ਹੈ? ਹਾਂ) ਪਰਮਾਤਮਾ ਦੀ ਮੇਹਰ ਦਾ ਪਿੰਨ ਕਦੇ ਮੁੱਕਦਾ ਹੀ
ਨਹੀਂ। 4.
ਜੇਕਰ ਗੁਰੂ ਸਾਹਿਬ ਪਿੰਡ ਪੱਤਲ ਆਦਿ ਕਿਰਿਆਵਾਂ ਨਾਲ ਸਹਿਮਤ ਨਹੀਂ ਹਨ ਤਾਂ
ਫਿਰ ਇਨ੍ਹਾਂ ਦਾ ਇਸ ਰੂਪ ਵਿੱਚ ਵਰਣਨ ਕਿਉਂ ਕੀਤਾ ਗਿਆ? ਇਸ ਗੱਲ ਨੂੰ ਸਮਝਣ ਲਈ ਕਬੀਰ ਸਾਹਿਬ ਦੇ
ਨਿਮਨ ਲਿਖਤ ਸ਼ਲੋਕ ਸਹਾਇਕ ਹੋਣਗੇ: -
ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ
ਕਾ ਅਭਿਮਾਨੁ॥ ਐਸਾ ਕੋਈ ਦਾਸੁ ਹੋਇ ਤਾਹਿ ਮਿਲੈ ਭਗਵਾਨੁ॥ 146॥
ਅਰਥ: ਹੇ ਕਬੀਰ! (ਜੇ ‘ਜਾ ਕੇ ਸੰਗ ਤੇ ਬੀਛੁਰਾ, ਤਾ ਹੀ
ਕੇ ਸੰਗਿ’ ਮਿਲਣ ਦੀ ਤਾਂਘ ਹੈ, ਤਾਂ) ਅਹੰਕਾਰ ਛੱਡ ਕੇ ਰਾਹ ਵਿੱਚ ਪਏ ਹੋਏ ਰੋੜੇ ਵਰਗਾ ਹੋ ਜਾਹ
(ਤੇ ਹਰੇਕ ਰਾਹੀ ਦੇ ਠੇਡੇ ਸਹਾਰ)! ਜੇਹੜਾ ਕੋਈ ਮਨੁੱਖ ਅਜੇਹਾ ਸੇਵਕ ਬਣ ਜਾਂਦਾ ਹੈ, ਉਸ ਨੂੰ
ਪਰਮਾਤਮਾ ਮਿਲ ਪੈਂਦਾ ਹੈ। 146.
ਪਰ ਅਗਲੇ ਸ਼ਲੋਕ ਵਿੱਚ ਕਬੀਰ ਸਾਹਿਬ ਆਖਦੇ ਹਨ:-
ਕਬੀਰ ਰੋੜਾ ਹੂਆ ਤ ਕਿਆ ਭਇਆ ਪੰਥੀ ਕਉ
ਦੁਖੁ ਦੇਇ॥ ਐਸਾ ਤੇਰਾ ਦਾਸੁ ਹੈ ਜਿਉ ਧਰਨੀ ਮਹਿ ਖੇਹ॥ 147॥
ਅਰਥ: ਪਰ ਹੇ ਕਬੀਰ! ਰੋੜਾ ਬਣਿਆਂ ਭੀ ਅਜੇ ਪੂਰੀ ਕਾਮਯਾਬੀ
ਨਹੀਂ ਹੁੰਦੀ, ਕਿਉਂਕਿ (ਰੋੜਾ ਠੇਡੇ ਤਾਂ ਸਹਾਰਦਾ ਹੈ, ਪਰ ਨੰਗੀਂ ਪੈਰੀਂ ਤੁਰਨ ਵਾਲੇ) ਰਾਹੀਆਂ ਦੇ
ਪੈਰਾਂ ਵਿੱਚ ਚੁੱਭਦਾ ਭੀ ਹੈ (ਤੂੰ ਕਿਸੇ ਨੂੰ ਦੁੱਖ ਨਹੀਂ ਦੇਣਾ)। ਹੇ ਪ੍ਰਭੂ! ਤੇਰਾ ਭਗਤ ਤਾਂ
ਅਜੇਹਾ (ਨਰਮ-ਦਿਲ) ਬਣ ਜਾਂਦਾ ਹੈ ਜਿਵੇਂ ਰਾਹ ਦੀ ਬਾਰੀਕ ਧੂੜ। 147.
ਪਰੰਤੂ ਅਗਲੇ ਸ਼ਲੋਕ ਵਿੱਚ ਆਪਣੀ ਹੀ ਆਖੀ ਹੋਈ ਇਸ ਗੱਲ ਨਾਲ ਅਹਿਸਹਿਮਤੀ
ਪ੍ਰਗਟ ਕਰਦਿਆਂ ਹੋਇਆਂ ਕਹਿੰਦੇ ਹਨ: -
ਕਬੀਰ ਖੇਹ ਹੂਈ ਤਉ ਕਿਆ ਭਇਆ ਜਉ ਉਡਿ
ਲਾਗੈ ਅੰਗ॥ ਹਰਿ ਜਨੁ ਐਸਾ ਚਾਹੀਐ ਜਿਉ ਪਾਨੀ ਸਰਬੰਗ॥ 148॥
ਅਰਥ: ਹੇ ਕਬੀਰ! ਖੇਹ (ਵਾਂਗ) ਬਣਿਆਂ ਭੀ ਅਜੇ ਕਸਰ ਰਹਿ
ਜਾਂਦੀ ਹੈ, ਖੇਹ (ਪੈਰਾਂ ਨਾਲ) ਉੱਡ ਕੇ (ਰਾਹੀਆਂ ਦੇ) ਅੰਗਾਂ ਉਤੇ ਪੈਂਦੀ ਹੈ। ਪਰਮਾਤਮਾ ਦਾ ਭਗਤ
ਅਜੇਹਾ ਚਾਹੀਦਾ ਹੈ ਜਿਵੇਂ ਪਾਣੀ ਹਰੇਕ ਸ਼ਕਲ ਦੇ ਭਾਂਡੇ ਨਾਲ ਸਮਾਈ ਰੱਖਦਾ ਹੈ। 148.
ਅੰਤ ਵਿੱਚ ਆਪ ਆਪਣੀ ਹੀ ਕਹੀ ਹੋਈ ਗੱਲ ਕਿ ‘ਹਰਿ ਜਨੁ ਐਸਾ ਚਾਹੀਐ ਜਿਉ
ਪਾਨੀ ਸਰਬੰਗ’ ਨਾਲ ਵੀ ਸਹਿਮਤ ਨਹੀਂ ਹੁੰਦੇ ਅਤੇ ਆਖਦੇ ਹਨ: -
ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ
ਤਾਤਾ ਹੋਇ॥ ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ॥ 149॥ (ਪੰਨਾ 1372)
ਅਰਥ: ਹੇ ਕਬੀਰ! ਪਾਣੀ ਵਾਂਗ ਸਭ ਨਾਲ ਮੇਲ ਰੱਖਿਆਂ (ਭੀ)
ਅਜੇ ਪੂਰਨਤਾ ਨਸੀਬ ਨਹੀਂ ਹੁੰਦੀ, ਪਾਣੀ ਕਦੇ ਠੰਢਾ ਤੇ ਕਦੇ ਤੱਤਾ ਹੋ ਜਾਂਦਾ ਹੈ, ਭਗਤ ਅਜੇਹਾ
ਹੋਣਾ ਚਾਹੀਦਾ ਹੈ (ਕਿ ਦੁਨੀਆ ਨਾਲ ਵਰਤਦਾ ਹੋਇਆ ਆਪਣੇ ਸੁਭਾਵ ਨੂੰ ਇਤਨਾ ਅਡੋਲ ਰੱਖੇ) ਕਿ ਇਸ
ਵਿੱਚ ਤੇ ਪਰਮਾਤਮਾ ਵਿੱਚ ਕੋਈ ਫ਼ਰਕ ਨਾਹ ਰਹਿ ਜਾਏ।
(ਨੋਟ: ਕਾਵਿ ਵਿੱਚ ਇਸ ਤਰ੍ਹਾਂ ਦਾ ਵਰਣਨ ਆਖੇਪ (ਅਰਥ) ਅਲੰਕਾਰ ਅਖਵਾਉਂਦਾ
ਹੈ। ਇਸ ਅਲੰਕਾਰ ਵਿੱਚ ਲੇਖਕ ਆਪਣੀ ਹੀ ਆਖੀ ਹੋਈ ਗੱਲ/ਵਾਕ ਵਿੱਚ ਆਪ ਹੀ ਦੋਸ਼ ਆਰੋਪਣਾ ਕਰਦਾ ਹੈ।
ਕਾਵਿ ਵਿੱਚ ਇਸ ਤਰ੍ਹਾਂ ਦਾ ਵਰਣਨ ਲੇਖਕ ਦੀ ਵਰਣਿਤ ਵਿਸ਼ੇ ਬਾਰੇ ਅਲਪਗਤਾ ਨਹੀਂ ਸਗੋਂ ਉਸ ਦੀ ਵਿਸ਼ੇ
ਪ੍ਰਤੀ ਮਜ਼ਬੂਤ ਪਕੜ ਵਲ ਸੰਕੇਤ ਕਰਦਾ ਹੈ। ਚੂੰਕਿ ਲੇਖਕ ਇਸ ਢੰਗ ਦੀ ਵਰਤੋਂ ਕਰਦਾ ਹੋਇਆ ਆਪਣੀ ਲਿਖਤ
ਵਿੱਚ ਸੁਹਜ ਸੁਆਦ ਭਰ, ਉਤਸੁਕਤਾ ਪੈਦਾ ਕਰਕੇ ਆਪਣੀ ਗੱਲ ਨੂੰ ਜ਼ੋਰਦਾਰ ਢੰਗ ਨਾਲ ਪਾਠਕਾਂ ਤਕ
ਪਹੁੰਚਾਉਂਣ ਦਾ ਉਪਰਾਲਾ ਕਰ ਰਿਹਾ ਹੁੰਦਾ ਹੈ।)
ਕਬੀਰ ਸਾਹਿਬ ਦੇ ਇਨ੍ਹਾਂ ਸ਼ਲੋਕਾਂ ਨੂੰ ਵਿਚਾਰਨ ਮਗਰੋਂ ਇੱਕ ਵਾਰ ਫਿਰ ਗੁਰੂ
ਨਾਨਕ ਸਾਹਿਬ ਦੇ ਸਰੇਵੜਿਆਂ ਪ੍ਰਤੀ ਉਚਾਰਣ ਕੀਤੇ ਹੋਏ ਸ਼ਬਦ ਦੀਆਂ ਕੁੱਝ ਪੰਗਤੀਆਂ ਨੂੰ ਗਹੁ ਨਾਲ
ਵਿਚਾਰਦੇ ਹਾਂ।
ਹਜ਼ੂਰ ਇਨ੍ਹਾਂ ਪੰਗਤੀਆਂ ਵਿੱਚ ਸਰੇਵਿੜਆਂ ਦੀ ਰਹਿਣੀ ਦੇ ਮੁਕਾਬਲੇ ਪੰਡਤ,
ਜੋਗੀ, ਮੁੱਲਾਂ ਆਦਿ ਦੀ ਰਹਿਣੀ ਦੇ ਇਸ ਪੱਖ ਨੂੰ, ਜਿਸ ਅਨੁਸਾਰ ਉਹ ਆਪਣੇ ਸਰੀਰ ਦੀ ਸੰਭਾਲ ਕਰਦੇ
ਹੋਏ ਇਸ ਨੂੰ ਸਾਫ ਸੁਥਰਾ ਰੱਖਦੇ ਹਨ, ਪਸੰਦ ਕਰਦੇ ਹਨ। ਪਰ ਇਸ ਦਾ ਇਹ ਅਰਥ ਨਹੀਂ ਕਿ ਗੁਰੂ ਸਾਹਿਬ
ਕੇਵਲ ਸਰੀਰਕ ਇਸ਼ਨਾਨ ਨੂੰ ਹੀ ਆਤਮਕ ਸ਼ੁਧੀ ਦਾ ਕਾਰਨ ਮੰਨਦੇ ਹਨ। ਸਰੀਰਕ ਇਸ਼ਨਾਨ ਅਥਵਾ ਤੀਰਥ ਇਸ਼ਨਾਨ
ਬਾਰੇ ਗੁਰੂ ਸਾਹਿਬ ਦੀ ਧਾਰਨਾ ਹੈ:-
ਅੰਤਰੁ ਮੈਲਾ ਬਾਹਰੁ ਨਿਤ ਧੋਵੈ॥ ਸਾਚੀ ਦਰਗਹਿ ਅਪਨੀ ਪਤਿ ਖੋਵੈ॥ (ਪੰਨਾ
1151)
ਅਰਥ: ਜਿਸ ਮਨੁੱਖ ਦਾ ਹਿਰਦਾ ਤਾਂ
ਵਿਕਾਰਾਂ ਨਾਲ ਗੰਦਾ ਹੋਇਆ ਪਿਆ ਹੈ, ਪਰ ਉਹ ਆਪਣੇ ਸਰੀਰ ਨੂੰ (ਸੁੱਚ ਦੀ ਖ਼ਾਤਰ) ਸਦਾ ਧੋਂਦਾ
ਰਹਿੰਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿੱਚ ਆਪਣੀ ਇੱਜ਼ਤ ਗਵਾ ਲੈਂਦਾ ਹੈ।
ਇਹ ਗੱਲ ਵੀ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਜਦ ਕਦੀ ਇਸ ਤਰ੍ਹਾਂ ਦਾ
ਦ੍ਰਿਸ਼ਟਾਂਤ ਆਦਿ ਦਿੱਤਾ ਜਾਂਦਾ ਹੈ ਤਾਂ ਇਸ ਦਾ ਕੇਵਲ ਇੱਕ ਪੱਖ ਹੀ ਲਿਆ ਜਾਂਦਾ ਹੈ; ਸਾਰੇ ਪੱਖ
ਨਹੀਂ। ਉਦਾਹਰਣ ਵਜੋਂ ਗੁਰੂ ਗ੍ਰੰਥ ਸਾਹਿਬ ਵਿੱਚ ਸੁਆਨ/ਕੁੱਤਾ ਸ਼ਬਦ ਦੀ ਵੱਖ ਵੱਖ ਪਹਿਲੂਆਂ `ਚ
ਕੀਤੀ ਗਈ ਵਰਤੋਂ ਤੋਂ ਦੇਖਿਆਂ ਜਾ ਸਕਦਾ ਹੈ:-
(ੳ)
ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ॥ (ਪੰਨਾ 411)
ਅਰਥ: ਕੁੱਤੇ ਵਾਂਗ ਹਰੇਕ ਦੇ ਦਰ ਤੇ ਭਟਕਦਾ ਫਿਰਦਾ ਹੈ ਇਸ
ਨੂੰ ਪਰਮਾਤਮਾ ਦਾ ਭਜਨ ਕਰਨ ਦੀ ਕਦੇ ਸੂਝ ਹੀ ਨਹੀਂ ਪੈਂਦੀ।
ਜਦ ਮਨੁੱਖ ਦੀ ਭਟਕਣਾ ਦਾ ਵਰਣਨ ਆਇਆ ਹੈ ਤਾਂ ਆਖਿਆ ਗਿਆ ਹੈ ਕਿ ਮਾਇਆ ਦੇ
ਮੋਹ ਵਿੱਚ ਫਸਿਆ ਹੋਇਆ ਪ੍ਰਾਣੀ ਕੁੱਤੇ ਵਾਂਗ ਦਰ ਦਰ `ਤੇ ਭਟਕਦਾ ਫਿਰਦਾ ਹੈ। ਇੱਥੇ ਕੁੱਤੇ ਦੇ ਦਰ
ਦਰ ਭਟਕਣ ਵਾਲੇ ਸੁਭਾਵ ਦਾ ਇਹ ਪੱਖ ਹੀ ਲਿਆ ਗਿਆ ਹੈ।
(ਅ)
ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ॥ (ਪੰਨਾ 536)
ਅਰਥ: ਜੇ ਭਾਈ! ਕੁੱਤੇ ਦੀ ਪੂਛਲ ਵਾਂਗ ਇਹ ਮਨ ਕਦੇ ਭੀ
ਸਿੱਧਾ ਨਹੀਂ ਹੁੰਦਾ, (ਕਿਸੇ ਦੀ ਭੀ) ਦਿੱਤੀ ਹੋਈ ਸਿੱਖਿਆ ਨੂੰ ਧਿਆਨ ਨਾਲ ਨਹੀਂ ਸੁਣਦਾ।
ਇਸ ਪੰਗਤੀ ਵਿੱਚ ਮਨੁੱਖੀ ਮਨ ਦੇ ਟੇਢੇਪਣ ਨੂੰ ਦਰਸਾਉਣ ਲਈ, ਇਸ ਨੂੰ ਕੁੱਤੇ
ਦੀ ਪੂਛ ਵਾਂਗ ਵਿੰਗਾ ਹੀ ਰਹਿਣ ਵਾਂਗ ਦਰਸਾਉਣ ਲਈ, ਕੁੱਤੇ ਨਾਲ ਸਬੰਧਤ ਇਸ ਪੱਖ ਨੂੰ ਹੀ ਸਾਹਮਣੇ
ਰੱਖਿਆ ਗਿਆ ਹੈ।
(ੲ)
ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ॥ (ਪੰਨਾ 672)
ਅਰਥ: (ਸੁਆਦਲੇ ਖਾਣਿਆ ਦੀ ਖ਼ਾਤਰ) ਉਹ ਮਨੁੱਖ ਕੁੱਤੇ ਵਾਂਗ
ਦੌੜ –ਭੱਜ ਕਰਦਾ ਰਹਿੰਦਾ ਹੈ, ਚਾਰੇ ਪਾਸੇ ਭਾਲਦਾ ਫਿਰਦਾ ਹੈ।
ਇਨ੍ਹਾਂ ਪੰਗਤੀਆਂ ਵਿੱਚ ਚਸ਼ਕਿਆਂ ਦੇ ਸ਼ਿਕਾਰ ਹੋ ਕੇ ਸਦਾ ਅਤ੍ਰਿਪਤ ਰਹਿਣ
ਵਾਲੇ ਪ੍ਰਾਣੀ ਦੇ ਇਸ ਸੁਭਾਅ ਦਾ ਵਰਣਨ ਕਰਦਿਆਂ ਹੋਇਆਂ ਇਸ ਨੂੰ ਕੁੱਤੇ ਵਾਂਗ ਦੌੜ-ਭੱਜ ਕਰਦਿਆਂ
ਦਰਸਾਇਆ ਹੈ। ਕੁੱਤੇ ਦੇ ਸੁਭਾਅ ਦਾ ਇਸ ਪੱਖ ਦਾ ਹੀ (ਤ੍ਰਿਪਤ ਨਾ ਹੋਣ ਵਾਲਾ) ਇੱਥੇ ਜ਼ਿਕਰ ਕੀਤਾ
ਗਿਆ ਹੈ।
(ਸ)
ਸਿਮਰਨੁ ਨਹੀ ਆਵਤ ਫਿਰਤ ਮਦ ਮਾਵਤ ਬਿਖਿਆ ਰਾਤਾ ਸੁਆਨ ਜੈਸੇ॥ (ਪੰਨਾ 829)
ਅਰਥ: (ਹੇ ਪ੍ਰਭੂ! ਤੇਰੀ ਮੇਹਰ ਤੋਂ ਬਿਨਾਂ ਜੀਵ ਨੂੰ
ਤੇਰਾ) ਸਿਮਰਨ ਕਰਨ ਦੀ ਜਾਚ ਨਹੀਂ ਆਉਂਦੀ, ਮਾਇਆ ਦੇ ਨਸ਼ੇ ਵਿੱਚ ਮਸਤ ਭਟਕਦਾ ਹੈ, ਮਾਇਆ (ਦੇ ਰੰਗ)
ਵਿੱਚ ਰੰਗਿਆ ਹੋਇਆ ਜੀਵ ਇਉਂ ਫਿਰਦਾ ਹੈ ਜਿਵੇਂ (ਹਲਕਿਆ) ਕੁੱਤਾ।
ਇਨ੍ਹਾਂ ਤੁਕਾਂ ਵਿੱਚ ਮਾਇਆ ਦੇ ਨਸ਼ੇ ਵਿੱਚ ਮਸਤੇ ਹੋਏ ਮਨੁੱਖ ਨੂੰ ਹਲਕੇ
ਹੋਏ ਕੁੱਤੇ ਵਾਂਗ ਭਟਕਦਾ ਹੋਇਆ ਦਰਸਾਉਂਣ ਲਈ ਕੁੱਤੇ ਦੇ ਇਸ ਪੱਖ ਨੂੰ ਹੀ ਸਾਹਮਣੇ ਰੱਖਿਆ ਗਿਆ ਹੈ।
(ਹ)
ਲੋਭ ਲਹਰਿ ਸਭੁ ਸੁਆਨੁ ਹਲਕੁ ਹੈ ਹਲਕਿਓ ਸਭਹਿ ਬਿਗਾਰੇ॥ (ਪੰਨਾ 983)
ਅਰਥ: ਹੇ ਭਾਈ! ਲੋਭ ਦੀ ਲਹਿਰ ਨਿਰੋਲ ਹਲਕਾਇਆ ਕੁੱਤਾ ਹੀ
ਹੈ (ਜਿਵੇਂ) ਹਲਕਾਇਆ ਕੁੱਤਾ ਸਭਨਾਂ ਨੂੰ (ਵੱਢ ਵੱਢ ਕੇ) ਵਿਗਾੜਦਾ ਜਾਂਦਾ ਹੈ (ਤਿਵੇਂ ਲੋਭੀ
ਮਨੁੱਖ ਹੋਰਨਾਂ ਨੂੰ ਭੀ ਆਪਣੀ ਸੰਗਤਿ ਵਿੱਚ ਲੋਭੀ ਬਣਾਈ ਜਾਂਦਾ ਹੈ)।
ਇਨ੍ਹਾਂ ਪੰਗਤੀਆਂ ਵਿੱਚ ਲੋਭੀ ਮਨੁੱਖ ਦਾ ਹੋਰਨਾਂ ਨੂੰ ਵੀ ਲੋਭੀ ਬਣਾਉਣ
ਵਾਲੇ ਕੰਮ ਨੂੰ ਦਰਸਾਉਣ ਲਈ ਹਲਕਾਏ ਕੁੱਤੇ ਦਾ ਦੂਜਿਆਂ ਨੂੰ ਵਢ ਕੇ ਇਸ ਰੋਗ ਦਾ ਸ਼ਿਕਾਰ ਬਣਾ ਦੇਂਦਾ
ਹੈ, ਦੇ ਇਸ ਪੱਖ ਨੂੰ ਹੀ ਲਿਆ ਗਿਆ ਹੈ।
(ਕ)
ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨਿ॥ ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ॥ (ਪੰਨਾ
1428) ਅਰਥ: ਹੇ ਨਾਨਕ! (ਆਖ—ਹੇ ਭਾਈ!) ਜਿਸ
ਮਨੁੱਖ ਦੇ ਮਨ ਵਿੱਚ ਪਰਮਾਤਮਾ ਦੀ ਭਗਤੀ ਨਹੀਂ ਹੈ, ਉਸ ਦਾ ਸਰੀਰ ਉਹੋ ਜਿਹਾ ਹੀ ਸਮਝ ਜਿਹੋ ਜਿਹਾ
(ਕਿਸੇ) ਸੂਰ ਦਾ ਸਰੀਰ ਹੈ (ਜਾਂ ਕਿਸੇ) ਕੁੱਤੇ ਦਾ ਸਰੀਰ ਹੈ।
ਇਨ੍ਹਾਂ ਪੰਗਤੀਆਂ ਵਿੱਚ ਪ੍ਰਭੂ ਦੀ ਭਗਤੀ ਤੋਂ ਰਹਿਤ ਪ੍ਰਾਣੀ ਵਲੋਂ ਭਖ ਅਭਖ
ਖਾਣ ਦੇ ਸੁਭਾਵ ਵਾਲੇ ਭਾਵ ਨੂੰ ਦਰਸਾਉਣ ਲਈ ਸੁਆਨ ਸ਼ਬਦ ਵਰਤਿਆ ਗਿਆ ਹੈ।
(ਖ)
ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ॥ ਨਾਨਕ ਇਹ ਬਿਧਿ ਹਰਿ ਭਜਉ ਇੱਕ ਮਨਿ ਹੁਇ ਇੱਕ
ਚਿਤਿ॥ 45॥ (ਪੰਨਾ 1428) ਅਰਥ: ਹੇ ਨਾਨਕ!
(ਆਖ—ਹੇ ਭਾਈ!) ਇਕ-ਮਨ ਹੋ ਕੇ ਇਕ-ਚਿੱਤ ਹੋ ਕੇ ਪਰਮਾਤਮਾ ਦਾ ਭਜਨ ਇਸੇ ਤਰੀਕੇ ਨਾਲ ਕਰਿਆ ਕਰੋ (ਕਿ
ਉਸ ਦਾ ਦਰ ਕਦੇ ਛੱਡਿਆ ਹੀ ਨਾਹ ਜਾਏ) ਜਿਵੇਂ ਕੁੱਤਾ (ਆਪਣੇ) ਮਾਲਕ ਦਾ ਘਰ (ਘਰ ਦਾ ਬੂਹਾ) ਸਦਾ
(ਮੱਲੀ ਰੱਖਦਾ ਹੈ) ਕਦੇ ਭੀ ਛੱਡਦਾ ਨਹੀਂ ਹੈ।)
ਇਸ ਸ਼ਲੋਕ ਵਿੱਚ ਗੁਰਦੇਵ ਕੁੱਤੇ ਦਾ ਆਪਣੇ ਮਾਲਕ ਦਾ ਦਰ ਮੱਲੀ ਰੱਖਣ ਵਾਲੇ
ਗੁਣ/ਸੁਭਾਵ ਦਾ ਵਰਣਨ ਕਰਦਿਆਂ ਹੋਇਆਂ ਮਨੁੱਖ ਨੂੰ ਇਸ ਤੋਂ ਪ੍ਰੇਰਣਾ ਲੈ ਕੇ ਪ੍ਰਭੂ ਦਾ ਲੜ ਪਕੜਨ
ਦੀ ਪ੍ਰੇਰਨਾ ਕਰਦੇ ਹਨ।
ਗੁਰੂ ਗ੍ਰੰਥ ਸਾਹਿਬ ਵਿੱਚ ਸੁਆਨ/ਕੁੱਤੇ ਦੇ ਸੁਭਾਅ ਆਦਿ ਦੇ ਵੱਖ ਵੱਖ
ਪਹਿਲੂਆਂ `ਚੋਂ, ਕਿਸੇ ਗੱਲ ਨੂੰ ਦਰਸਾਉਂਣ ਲਈ ਕਿਸੇ ਇੱਕ ਪਹਿਲੂ ਦਾ ਹੀ ਵਰਣਨ ਕੀਤਾ ਗਿਆ ਹੈ। ਇਹ
ਨਿਯਮ ਆਮ ਹੀ ਸਾਹਿਤ ਦੇ ਹਰੇਕ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਦ੍ਰਿਸ਼ਟਾਂਤ ਦੇਣ ਸਮੇਂ ਜਿਸ ਦਾ
ਦ੍ਰਿਸ਼ਟਾਂਤ ਦਿੱਤਾ ਜਾਂਦਾ ਹੈ, ਉਸ ਦੇ ਸਾਰੇ ਪਹਿਲੂਆਂ ਦਾ ਨਹੀਂ ਬਲਕਿ ਉਸ ਦੇ ਕੇਵਲ ਇੱਕ ਪਹਿਲੂ
ਨੂੰ ਸਾਹਮਣੇ ਰੱਖਿਆ ਜਾਂਦਾ ਹੈ।
ਇਸ ਲਈ ਜੇਕਰ ਗੁਰੂ ਸਾਹਿਬ ਇਸ ਸ਼ਲੋਕ ਵਿੱਚ ਸਰੇਵੜਿਆਂ ਦੀ ਰਹਿਣੀ ਨੂੰ
ਬ੍ਰਾਹਮਣ, ਜੋਗੀ, ਮੁੱਲਾਂ ਆਦਿ ਨਾਲੋਂ ਘਟੀਆ ਦਰਸਾ ਰਹੇ ਹਨ ਤਾਂ ਦਾ ਇਹ ਹਰਗ਼ਿਜ਼ ਭਾਵ ਨਹੀਂ ਕਿ
ਸਤਿਗੁਰੂ ਬ੍ਰਾਹਮਣ, ਜੋਗੀ, ਮੁੱਲਾਂ ਆਦਿ ਦੀ ਰਹਿਣੀ ਨੂੰ ਪਸੰਦ ਕਰਦੇ ਹਨ। ਗੁਰਦੇਵ ਨੇ ਗੁਰੂ
ਗ੍ਰੰਥ ਸਾਹਿਬ ਵਿੱਚ ਅਨੇਕਾਂ ਥਾਂਈਂ ਇਨ੍ਹਾਂ ਦੀ ਰਹਿਣੀ ਉੱਤੇ ਵੀ ਕਟਾਕਸ਼ ਕਰਦਿਆਂ ਹੋਇਆਂ ਇਨ੍ਹਾਂ
ਨੂੰ ਆਪਣਾ ਆਪ ਸੁਆਰਨ ਲਈ ਕਿਹਾ ਗਿਆ ਹੈ।
ਇਸੇ ਤਰ੍ਹਾਂ ਹੀ ਇਸ ਸ਼ਲੋਕ ਵਿੱਚ ਸਤਿਗੁਰੂ ਇਸ ਪੁਰਾਣਿਕ ਕਹਾਣੀ
‘ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ
ਮਾਧਾਣੀ’ ਦਾ ਜ਼ਿਕਰ ਕਰਦੇ ਹਨ। ਪਰ ਗੁਰੂ ਸਾਹਿਬ
ਇਸ ਮਿਥਿਹਾਸਕ ਕਹਾਣੀ ਨਾਲ ਸਹਿਮਤ ਨਹੀਂ ਹਨ ਕਿ ਦੇਵਤਿਆਂ ਅਤੇ ਦੈਂਤਾ ਨੇ ਕਦੀ ਮਿਲ ਕੇ ਸਮੁੰਦਰ
ਰਿੜਕਿਆ ਸੀ ਅਤੇ ਉਸ ਵਿਚੋਂ ਚੌਦਾਂ ਰਤਨ ਨਿਕਲੇ ਸਨ। ਚੂੰਕਿ ਇੱਥੇ ਮਹਾਰਾਜ ਸਰੇਵੜਿਆਂ ਨੂੰ ਪਾਣੀ
ਦੀ ਮਨੁੱਖੀ ਜੀਵਨ ਵਿੱਚ ਮਹੱਤਾ ਦਰਸਾ ਰਹੇ ਹਨ, ਇਸ ਲਈ ਇਹ ਗੱਲ ਦਰਸਾਉਣ ਲਈ ਕਿ ਪੁਰਾਣੇ ਸਮੇਂ ਤੋਂ
ਲੋਕੀਂ ਪਾਣੀ ਦੀ ਮਹਿਮਾਂ ਤੋਂ ਜਾਣੂੰ ਹਨ, ਇਸ ਪੁਰਾਣਿਕ ਕਥਾ ਦਾ ਦ੍ਰਿਸ਼ਟਾਂਤ ਦੇ ਰਹੇ ਹਨ।
ਇਸ ਸ਼ਲੋਕ
(ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ
ਮੰਗਿ ਮੰਗਿ ਖਾਹੀ) ਵਿੱਚ ਗੁਰਦੇਵ ਸਰੇਵੜਿਆਂ ਨੂੰ
ਮੁੱਖ ਰੂਪ ਇਹ ਗੱਲ ਸਮਝਾਉਂਣਾ ਚਾਹੁੰਦੇ ਹਨ ਕਿ
‘ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ
ਜਿਤੁ ਵਡਿਆਈ’। ਪਰੰਤੂ ਇਸ ਇਸ਼ਨਾਨ ਤੋਂ ਪਹਿਲਾਂ
ਮਹਾਰਾਜ ਉਨ੍ਹਾਂ ਨੂੰ ਵਹਿਮ -ਪ੍ਰਸਤੀ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਖੁਭੇ ਹੋਇਆਂ ਨੂੰ ਇਸ ਦਲਦਲ
ਵਿਚੋਂ ਬਾਹਰ ਨਿਕਲ ਲਈ ਪ੍ਰੇਰਦੇ ਹਨ।
ਜਸਬੀਰ ਸਿੰਘ ਵੈਨਕੂਵਰ