ੴਸਤਿਗੁਰਪ੍ਰਸਾਦਿ
ਨਾਮ ਸਿਮਰਨ (ਗੁਰਮਤਿ ਅਨੁਸਾਰ)
(ਕਿਸ਼ਤ ਨੰ: 01)
ਜੀਵਨ ਮਨੋਰਥ
ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਦੀ ਪਾਵਨ ਬਾਣੀ ਫੁਰਮਾਉਂਦੀ ਹੈ:
“ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥” {ਆਸਾ
ਮਹਲਾ 5, ਪੰਨਾ 374}
ਹੋਰ ਸਾਰੀਆਂ ਜੂਨਾਂ ਤੇਰੀਆਂ ਸੇਵਕ ਹਨ, ਇਸ ਧਰਤੀ ਉਤੇ ਤੇਰੀ ਹੀ ਸਰਦਾਰੀ ਹੈ।
ਪੁਰਾਤਨ ਸਮਿਆਂ ਤੋਂ ਇਹ ਵਿਚਾਰ ਚਲਿਆ ਆਉਂਦਾ ਹੈ ਕਿ ਇਸ ਧਰਤੀ ਤੇ ਅਕਾਲ-ਪੁਰਖੁ ਨੇ ਕੁਲ ਚੌਰਾਸੀ
ਲੱਖ ਜੂਨਾਂ ਪੈਦਾ ਕੀਤੀਆਂ ਹਨ। ਉਪਰਲੀਆ ਪੰਕਤੀਆਂ ਵਿੱਚ ਸਤਿਗੁਰੂ ਸਪਸ਼ਟ ਕਰਦੇ ਹਨ ਕਿ ਅਕਾਲ-ਪੁਰਖੁ
ਨੇ ਇਸ ਧਰਤੀ ਤੇ ਸਾਰੀਆਂ ਜੂਨਾਂ ਵਿੱਚੋਂ ਮਨੁੱਖ ਨੂੰ ਹੀ ਸਰਦਾਰੀ ਬਖਸ਼ੀ ਹੈ, ਬਾਕੀ ਦੀਆਂ ਸਾਰੀਆਂ
ਜੂਨਾਂ ਮਨੁੱਖ ਦੀ ਸੇਵਾ ਲਈ ਬਣਾਈਆਂ ਹਨ।
ਹੇਠਲੀਆਂ ਪੰਕਤੀਆਂ ਵਿੱਚ ਵੀ ਸਤਿਗੁਰੂ ਇਸੇ ਗਲ ਨੂੰ ਦ੍ਰਿੜ ਕਰਾਉਂਦੇ ਹਨ:
“ਲਖ ਚਉਰਾਸੀਹ ਜੋਨਿ ਸਬਾਈ॥ ਮਾਣਸ ਕਉ ਪ੍ਰਭਿ ਦੀਈ ਵਡਿਆਈ॥ ਇਸੁ ਪਉੜੀ
ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ॥ 2॥” {ਮਾਰੂ ਸੋਲਹੇ ਮਹਲਾ 5, ਪੰਨਾ 1075}
ਹੇ ਭਾਈ ! ਸਾਰੀਆਂ ਚੌਰਾਸੀ ਲੱਖ ਜੂਨਾਂ ਵਿਚੋਂ ਪਰਮਾਤਮਾ ਨੇ ਮਨੁੱਖਾ ਜਨਮ ਨੂੰ ਵਡਿਆਈ
ਦਿੱਤੀ ਹੈ । ਪਰ ਜਿਹੜਾ ਮਨੁੱਖ ਇਸ ਪੌੜੀ ਤੋਂ ਖੁੰਝ ਜਾਂਦਾ ਹੈ, ਉਹ ਜਨਮ ਮਰਨ ਦੇ ਗੇੜ ਵਿੱਚ ਪੈ
ਕੇ ਦੁੱਖ ਭੋਗਦਾ ਹੈ । 2.
ਪਰ ਇਥੇ ਸਤਿਗੁਰੂ ਨੇ ਇੱਕ ਚੇਤਾਵਨੀ ਵੀ ਦੇ ਦਿੱਤੀ ਹੈ ਕਿ ਜੇ ਮਨੁੱਖ ਇਸ ਮਨੁੱਖਾ ਸ਼ਰੀਰ ਮਿਲਣ ਦੇ
ਇਸ ਅਨਮੋਲ ਮੌਕੇ ਨੂੰ ਅਜਾਈਂ ਗੁਵਾ ਲਵੇ ਤਾਂ ਉਹ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਬਹੁਤ ਦੁੱਖ
ਪਾਉਂਦਾ ਹੈ। ਭਾਵ ਸਪਸ਼ਟ ਹੈ ਕਿ ਮਨੁੱਖਾ ਦੇਹੀ ਕਿਸੇ ਖਾਸ ਮਕਸਦ ਲਈ ਮਿਲੀ ਹੈ, ਇਸ ਜੀਵਨ ਦਾ ਕੁੱਝ
ਵਿਸ਼ੇਸ਼ ਮਨੋਰਥ ਹੈ ਅਤੇ ਜੇ ਉਹ ਮਨੋਰਥ ਪ੍ਰਾਪਤ ਨਹੀਂ ਕੀਤਾ ਤਾਂ ਇਸ ਦਾ ਮਤਲਬ ਹੈ, ਕਿ ਮਨੁੱਖਾ
ਜੀਵਨ ਮਿਲਣ ਦਾ ਇਹ ਸੁਨਹਿਰੀ ਮੌਕਾ ਅਜਾਂਈਂ ਗੁਆ ਲਿਆ। ਕੀ ਹੈ ਉਹ ਮਕਸਦ? ਸਤਿਗੁਰੂ ਗੁਰਬਾਣੀ ਵਿੱਚ
ਬਖਸ਼ਿਸ਼ ਕਰਦੇ ਹਨ:
“ਮੇਰੇ ਮਨ, ਲੈ ਲਾਹਾ ਘਰਿ ਜਾਹਿ॥ ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ
ਭਾਹਿ॥” {ਸਿਰੀ ਰਾਗੁ ਮਹਲਾ 1, ਪੰਨਾ 20}
ਹੇ ਮੇਰੇ ਮਨ! (ਇਥੋਂ ਆਤਮਕ) ਲਾਭ ਖੱਟ ਕੇ (ਆਪਣੇ ਪਰਲੋਕ) ਘਰ ਵਿੱਚ ਜਾਹ। ਗੁਰੂ ਦੀ ਸ਼ਰਨ
ਪੈ ਕੇ (ਇਥੇ) ਪ੍ਰਭੂ ਦਾ ਨਾਮ ਸਲਾਹੁਣਾ ਚਾਹੀਦਾ ਹੈ, ਨਾਮ ਦੀ ਬਰਕਤਿ ਨਾਲ ਹਉਮੈ ਦੀ ਅੱਗ
(ਅੰਦਰੋਂ) ਮਿਟ ਜਾਂਦੀ ਹੈ (ਇਹ ਅੱਗ ਕਿ ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ—ਬੁੱਝ ਜਾਂਦੀ ਹੈ)।
“ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥
ਅਵਰਿ ਕਾਜ ਤੇਰੈ ਕਿਤੈ ਨ ਕਾਮ॥ ਮਿਲੁ ਸਾਧ ਸੰਗਤਿ ਭਜੁ ਕੇਵਲ ਨਾਮ॥ 1॥” {ਆਸਾ ਮਹਲਾ 5, ਪੰਨਾ 12}
ਹੇ ਭਾਈ !) ਤੈਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ। ਪਰਮਾਤਮਾ ਨੂੰ ਮਿਲਣ ਦਾ ਤੇਰੇ ਲਈ
ਇਹੀ ਮੌਕਾ ਹੈ। (ਜੇ ਪ੍ਰਭੂ ਨੂੰ ਮਿਲਣ ਲਈ ਕੋਈ ਉੱਦਮ ਨਾਹ ਕੀਤਾ, ਤਾਂ) ਹੋਰ ਸਾਰੇ ਕੰਮ ਤੇਰੇ
ਆਪਣੇ ਕਿਸੇ ਭੀ ਅਰਥ ਨਹੀਂ (ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਅਪੜਾਣਗੇ)। (ਇਸ ਵਾਸਤੇ) ਸਾਧ ਸੰਗਤਿ
ਵਿੱਚ ਮਿਲ ਬੈਠਿਆ ਕਰ (ਸਾਧ ਸੰਗਤਿ ਵਿੱਚ ਬੈਠ ਕੇ ਭੀ) ਸਿਰਫ਼ ਪਰਮਾਤਮਾ ਦਾ ਨਾਮ ਸਿਮਰਿਆ ਕਰ (ਸਾਧ
ਸੰਗਤਿ ਵਿੱਚ ਬੈਠਣ ਦਾ ਭੀ ਤਦੋਂ ਹੀ ਲਾਭ ਹੈ ਜੇ ਉਥੇ ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿੱਚ
ਜੁੜੇਂ)।
ਉਪਰੋਕਤ ਪ੍ਰਮਾਣਾਂ ਤੋਂ ਸਪਸ਼ਟ ਹੈ ਕਿ ਮਨੁੱਖਾ ਜੀਵਨ ਦਾ ਅਸਲ ਮਨੋਰਥ ਹੈ, ਅਕਾਲ ਪੁਰਖ ਨਾਲ ਮਿਲਾਪ
ਕਰਨਾ, ਵਾਹਿਗੁਰੂ ਨਾਲ ਅਭੇਦ ਹੋਣਾ। ਇਥੇ ਸਤਿਗੁਰੂ ਨੇ ਸਾਨੂੰ ਨਾਲ ਹੀ, ਇਸ ਜੀਵਨ ਮਨੋਰਥ ਨੂੰ
ਪ੍ਰਾਪਤ ਕਰਨ ਦਾ ਤਰੀਕਾ ਵੀ ਦੱਸ ਦਿੱਤਾ ਹੈ। ਇਹ ਤਰੀਕਾ ਹੈ, “ਨਾਮ ਸਿਮਰਨ”।
ਨਾਮ ਸਿਮਰਨ ਸਿੱਖ ਫਲਸਫੇ ਦਾ ਮੂਲ ਆਧਾਰ ਹੈ। ਨਾਮ ਜਪਣਾ, ਅਰਾਧਣਾ, ਧਿਆਉਣਾ, ਆਦਿ ਸ਼ਬਦ ਵੀ ਸ੍ਰੀ
ਗੁਰੂ ਗ੍ਰੰਥ ਸਾਹਿਬ ਵਿੱਚ ਬਾਰ ਬਾਰ ਆਉਂਦੇ ਹਨ। ਇਨ੍ਹਾਂ ਸਾਰਿਆਂ ਦਾ ਅਰਥ (ਭਾਵ) ਤਕਰੀਬਨ ਇਕੋ
ਹੈ। ਅਜ ਕਲ ਇੱਕ ਹੋਰ ਸ਼ਬਦ ਅਕਸਰ ਨਾਮ ਸਿਮਰਨ ਦੇ ਨਾਲ ਜੋੜਿਆ ਜਾਂਦਾ ਹੈ, ਉਹ ਹੈ ਨਾਮ ਅਭਿਆਸ। ਇਹ
ਅਭਿਆਸ ਸ਼ਬਦ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਠ ਵਾਰ ਆਉਂਦਾ ਹੈ, ਇੱਕ ਦੋ ਵਾਰ ਤਾਂ ਇਹ
ਅਭਿਆਸ ਸ਼ਬਦ ਆਪਣੇ ਗ੍ਰਿਹਸਤ ਦੇ ਫਰਜ਼ ਨਿਭਾਉਂਦੇ ਹੋਏ, ਜੀਵਨ ਨਿਰਵਾਹ ਲਈ ਅਮਲੀ ਤੌਰ ਤੇ ਕੀਤੇ ਜਾ
ਰਹੇ ਚੰਗੇ ਜਾਂ ਮਾੜੇ ਕਰਮਾਂ ਵਾਸਤੇ ਆਉਂਦਾ ਹੈ।
“ਪੰਚ ਤਤੁ ਸੁੰਨਹੁ ਪਰਗਾਸਾ॥ ਦੇਹ ਸੰਜੋਗੀ ਕਰਮ ਅਭਿਆਸਾ॥ ਬੁਰਾ ਭਲਾ
ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ॥ 14॥” {ਮਾਰੂ ਮਹਲਾ 1, ਪੰਨਾ 1038}
ਪੰਜਾਂ ਤੱਤਾਂ ਤੋਂ ਬਣਿਆ ਇਹ ਮਾਨੁੱਖੀ ਸਰੀਰ ਨਿਰੋਲ ਪ੍ਰਭੂ ਦੇ ਆਪਣੇ ਆਪੇ ਤੋਂ ਹੀ ਪਰਗਟ
ਹੋਇਆ । ਇਸ ਸਰੀਰ ਦੇ ਸੰਜੋਗ ਕਰਕੇ ਜੀਵ ਕਰਮਾਂ ਵਿੱਚ ਰੁੱਝ ਪੈਂਦਾ ਹੈ । ਪ੍ਰਭੂ ਦੇ ਹੁਕਮ ਅਨੁਸਾਰ
ਹੀ ਜੀਵ ਦੇ ਕੀਤੇ ਚੰਗੇ ਤੇ ਮੰਦੇ ਕਰਮਾਂ ਦੇ ਸੰਸਕਾਰ ਉਸ ਦੇ ਮੱਥੇ ਤੇ ਲਿਖੇ ਜਾਂਦੇ ਹਨ, ਇਸ
ਤਰ੍ਹਾਂ ਜੀਵ ਪਾਪ ਤੇ ਪੁੰਨ (ਦੇ ਬੀਜ) ਬੀਜਦਾ ਹੈ (ਤੇ ਉਹਨਾਂ ਦਾ ਫਲ ਭੋਗਦਾ ਹੈ) । 14.
ਪਰ ਬਹੁਤੀ ਵਾਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਅਭਿਆਸ ਸ਼ਬਦ ਤਕਰੀਬਨ ਕੁੱਝ ਕਰਮ-ਕਾਂਡਾਂ ਬਾਰੇ
ਹੀ ਆਉਂਦਾ ਹੈ। ਜਿਵੇਂ:
“ਜੋਗ ਅਭਿਆਸ ਕਰਮ ਧ੍ਰਮ ਕਿਰਿਆ॥ ਸਗਲ ਤਿਆਗਿ ਬਨ ਮਧੇ ਫਿਰਿਆ॥ …ਨਹੀ
ਤੁਲਿ ਰਾਮ ਨਾਮ ਬੀਚਾਰ॥ ਨਾਨਕ ਗੁਰਮੁਖਿ ਨਾਮੁ ਜਪੀਐ ਇੱਕ ਬਾਰ॥ 1॥” {ਗਉੜੀ ਸੁਖਮਨੀ ਮਃ 5, ਪੰਨਾ
265}
ਜੋਗ ਦੇ ਸਾਧਨ ਕਰੇ, ਕਰਮ ਕਾਂਡੀ ਧਰਮ ਦੀ ਕ੍ਰਿਆ ਕਰੇ, (ਜਾਂ) ਸਾਰੇ (ਕੰਮ) ਛੱਡ ਕੇ
ਜੰਗਲਾਂ ਵਿੱਚ ਭਉਂਦਾ ਫਿਰੇ। … (ਪਰ ਇਹ ਸਾਰੇ ਹੀ) ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ
ਹਨ, (ਭਾਵੇਂ) ਹੇ ਨਾਨਕ ! ਇਹ ਨਾਮ ਇੱਕ ਵਾਰੀ (ਭੀ) ਗੁਰੂ ਦੇ ਸਨਮੁਖ ਹੋ ਕੇ ਜਪਿਆ ਜਾਏ। 1.
“ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸੁ॥ ਬਿਨੁ ਨਾਮ ਹਰਿ ਕੇ
ਮੁਕਤਿ ਨਾਹੀ ਕਹੈ ਨਾਨਕੁ ਦਾਸੁ॥ 4॥” {ਧਨਾਸਰੀ ਮਹਲਾ 1, ਪੰਨਾ 663}
(ਬ੍ਰਾਹਮਣ ਲੋਕ) ਅਸ਼ਟਾਧਿਆਈ ਆਦਿਕ ਗ੍ਰੰਥ ਰਚ ਕੇ (ਉਹਨਾਂ ਅਨੁਸਾਰ) ਪੁਰਾਣਾਂ ਨੂੰ
ਵਿਚਾਰਦੇ ਹਨ ਤੇ ਵੇਦਾਂ ਦਾ ਅਭਿਆਸ ਕਰਦੇ ਹਨ (ਬੱਸ ! ਇਤਨੇ ਨੂੰ ਸ੍ਰੇਸ਼ਟ ਧਰਮ ਕਰਮ ਮੰਨੀ ਬੈਠੇ
ਹਨ)। ਪਰ ਦਾਸ ਨਾਨਕ ਆਖਦਾ ਹੈ ਕਿ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ
ਹੋ ਸਕਦੀ। 4।
ਉਪਰੋਕਤ ਪ੍ਰਮਾਣਾਂ ਤੋਂ ਸਪਸ਼ਟ ਹੈ ਕਿ ਨਾਮ ਜਪਣਾ ਅਤੇ ਕੁੱਝ ਕਰਮਕਾਂਡੀ ਅਭਿਆਸ ਕਰਨੇ ਬਿਲਕੁਲ
ਅਲੱਗ- ਅਲੱਗ ਗੱਲ ਹੈ। ਗੁਰਬਾਣੀ ਵਿੱਚ ਕਿਧਰੇ ਵੀ ਨਾਮ ਅਭਿਆਸ ਦੀ ਗੱਲ ਨਹੀਂ ਆਉਂਦੀ।
ਗੁਰਮਤਿ ਦੀ ਓਟ ਛੱਡ ਕੇ, ਆਪਣੇ ਮਨ ਦੀ ਮਤਿ ਜਾਂ ਭਾਵਨਾਵਾਂ ਅਨੁਸਾਰ, ਗੁਰਬਾਣੀ ਦੀ ਵਿਆਖਿਆ ਕਰਨ
ਦੀ, ਅਤੇ ਆਪਣੀ ਭਾਵਨਾ ਅਨੁਸਾਰ ਲਫਜ਼ ਲੱਭ ਕੇ ਉਨ੍ਹਾਂ ਨੂੰ ਗੁਰਮਤਿ ਬਣਾ ਕੇ ਪੇਸ਼ ਕਰਨ ਦੀ, ਸਾਡੀ
ਇਸ ਆਦਤ ਨੇ ਸਾਡਾ ਕੌਮੀ ਤੌਰ ਤੇ ਬਹੁਤ ਨੁਕਸਾਨ ਕੀਤਾ ਹੈ। ਸਿੱਖ ਵਿਚਾਰਧਾਰਾ ਅਤੇ ਸਿੱਖ ਸਿਧਾਂਤਾਂ
ਬਾਰੇ ਵੱਡੇ ਭੁਲੇਖੇ ਖੜੇ ਕਰ ਦਿੱਤੇ ਹਨ। ਸਿੱਖੀ ਦਾ ਅਸਲ ਨਿਰਮਲ ਸਰੂਪ ਗੁਆਚਦਾ ਜਾ ਰਿਹਾ ਹੈ, ਅਤੇ
ਸਿੱਖੀ ਵੀ ਬ੍ਰਾਹਮਣੀ ਵਿਚਾਰਧਾਰਾ ਅਨੁਕੂਲ ਇੱਕ ਕਰਮਕਾਂਡੀ ਵਿਚਾਰਧਾਰਾ ਦੇ ਰੂਪ ਵਿੱਚ ਹੀ ਪਰਗਟ ਹੋ
ਰਹੀ ਹੈ। ਗੁਰਬਾਣੀ ਵਿਚਾਰ ਕੇ ਪੜ੍ਹਨ ਨੇ, ਅਕਾਲ-ਪੁਰਖ ਦੀ ਹੋਂਦ ਅਤੇ ਸਮਰੱਥਾ ਵਿੱਚ ਸਾਡਾ ਵਿਸ਼ਵਾਸ
ਪੱਕਾ ਕਰਨਾ ਸੀ, ਸਾਨੂੰ ਅਕਾਲ-ਪੁਰਖ ਦੇ ਅਗੰਮੀ ਗੁਣਾਂ ਨਾਲ ਜੋੜਨਾ ਸੀ, ਨਾਮ ਨੇ ਸਾਡੇ ਹਿਰਦੇ ਦਾ
ਸ਼ਿੰਗਾਰ ਬਨਣਾ ਸੀ, ਸਾਡਾ ਕਿਰਦਾਰ ਨਿਖਾਰਣਾ ਸੀ, ਜਿਸ ਨਾਲ ਸ਼ੁਭ ਗੁਣਾਂ ਨਾਲ ਭਰਪੂਰ, ਇੱਕ ਅਮਲੀ
ਜੀਵਨ ਵਿਕਸਤ ਹੋਣਾ ਸੀ। ਜਿਹੜਾ ਪੁਰਾਤਨ ਗੁਰਸਿੱਖਾਂ ਵਿੱਚ ਸੀ। ਜਿਸਨੂੰ ਸਿੱਖ ਕਿਰਦਾਰ ਆਖਿਆ
ਜਾਂਦਾ ਸੀ। ਜਿਸਨੂੰ ਵੇਖਕੇ ਅਨਮਤੀਆਂ ਵਿੱਚ ਸਿੱਖ ਬਨਣ ਦਾ ਚਾਅ ਪੈਦਾ ਹੁੰਦਾ ਸੀ, ਜਿਸਨੂੰ ਵੇਖਕੇ
ਸਾਡੇ ਦੁਸ਼ਮਨ ਵੀ ਸਾਡੀ ਤਾਰੀਫ ਕੀਤੇ ਬਿਨਾ ਨਹੀਂ ਸਨ ਰਹਿ ਸਕਦੇ। ਉਹ ਸਿੱਖ ਕਿਰਦਾਰ ਤਾਂ ਜਿਵੇਂ
ਗੁਆਚ ਜਿਹਾ ਗਿਆ ਹੈ। ਅਜ ਦੁਨਿਆਵੀ ਚਿਕੱੜ ਵਿੱਚ ਗਲਤਾਨ ਹੋਏ, ਅਨਮਤੀਆਂ ਅਤੇ ਸਿੱਖ ਦੇ ਕਿਰਦਾਰ
ਵਿੱਚ ਰੱਤੀ ਭਰ ਵੀ ਫਰਕ ਨਜ਼ਰ ਨਹੀਂ ਆਉਂਦਾ। ਕਾਰਣ ਕੀ ਹੈ? ਗੁਰਬਾਣੀ ਨੂੰ ਵਿਚਾਰ ਕੇ, ਸਮਝ ਕੇ,
ਗੁਰਬਾਣੀ ਦੇ ਗੁਣਾਂ ਨੂੰ, ਆਪਣੇ ਜੀਵਨ ਵਿੱਚ ਧਾਰਨ ਦੀ ਬਜਾਏ ਰਟਨ ਤਕ ਸੀਮਿਤ ਹੋ ਗਏ ਹਾਂ। ਹੁਣ
ਤਾਂ ਹਾਲਾਤ ਇਸ ਤੋਂ ਵੀ ਬਹੁਤ ਅੱਗੇ ਲੰਘ ਗਏ ਹਨ। ਗੁਰਬਾਣੀ ਨਾਲੋਂ ਸੰਬੰਧ ਇਸ ਤਰ੍ਹਾਂ ਟੁਟਦੇ ਜਾ
ਰਹੇ ਹਨ, ਕਿ ਗੁਰਬਾਣੀ ਸਮਝਣ ਦੀ ਗਲ ਤਾਂ ਕਿਤੇ ਰਹੀ, ਪੜ੍ਹਨ ਨੂੰ ਵੀ ਛੱਡ ਕੇ ਇੱਕ ਲਫਜ਼ ਦੇ ਰਟਨ
ਤੇ ਸੀਮਿਤ ਹੋ ਗਏ ਹਾਂ। ਪਰ ਬਹੁਤ ਖੁਸ਼ ਹਾਂ ਕਿ ਅਸੀਂ ਸਤਿਗੁਰੂ ਦੇ ਹੁਕਮ ਅਨੁਸਾਰ, ਨਾਮ ਸਿਮਰਨ ਕਰ
ਰਹੇ ਹਾਂ। ਜਾਪਦਾ ਹੈ ਸਾਡੇ ਇਸ ਭਰਮ ਜਾਲ ਬਾਰੇ ਹੀ ਸਤਿਗੁਰੂ ਨੇ ਫੁਰਮਾਇਆ ਹੈ:
“ਨਾਮੁ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ॥
ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ॥ 5॥” {ਆਸਾ ਮਹਲਾ 3 ਅਸਟਪਦੀਆ ਘਰੁ
2, ਪੰਨਾ 423}
ਹੇ ਪ੍ਰਭੂ ! ਜਿਤਨੀ ਭੀ ਆਵਾਗਵਨ ਵਿੱਚ ਪਈ ਹੋਈ ਸ੍ਰਿਸ਼ਟੀ ਹੈ ਇਸ ਵਿੱਚ ਹਰੇਕ ਜੀਵ (ਆਪਣੇ
ਵਲੋਂ) ਤੇਰਾ ਹੀ ਨਾਮ ਜਪਦਾ ਹੈ, ਪਰ ਜਦੋਂ ਤੈਨੂੰ ਚੰਗਾ ਲੱਗਦਾ ਹੈ ਗੁਰੂ ਦੀ ਸ਼ਰਨ ਪਿਆ ਹੋਇਆ ਹੀ
ਕੋਈ-ਜੀਵ (ਇਸ ਭੇਦ ਨੂੰ) ਸਮਝਦਾ ਹੈ, (ਕਿ ਨਾਮ ਸਿਮਰਨ ਕੀ ਹੈ), ਆਪਣੇ ਮਨ ਦੇ ਪਿਛੇ ਤੁਰਨ ਵਾਲੀ
ਹੋਰ ਮੂਰਖ ਲੁਕਾਈ ਤਾਂ ਭਟਕਦੀ ਹੀ ਫਿਰਦੀ ਹੈ। 5।
ਅਜ ਬਹੁਤੇ ਗੁਰਸਿੱਖ ਵੀਰ ਸਚਮੁਚ ਹੀ ਆਪਣੇ ਆਪ ਵਿੱਚ ਖੁਸ਼ ਹਨ ਕਿ ਨਾਮ ਜਪ ਰਹੇ ਹਾਂ, ਸਤਿਗੁਰੂ
ਕੋਲੋਂ ਪੁਛਣ ਦੀ ਕੋਸ਼ਿਸ਼ ਕਦੇ ਨਹੀਂ ਕੀਤੀ, ਕਿ ਸਤਿਗੁਰੂ ਜੀ ਅਸੀਂ ਠੀਕ ਕਰ ਰਹੇ ਹਾਂ ਯਾ ਗਲਤ? ਕੀ
ਇਹੀ ਤਰੀਕਾ ਹੈ ਨਾਮ ਜਪਣ ਦਾ?
ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿਚਾਰ ਕੇ ਪੜੀਏ ਤਾਂ ਸਤਿਗੁਰੂ ਨੇ ਨਾਮ ਦੇ ਬਾਰੇ
ਹਰ ਗੱਲ ਨੂੰ ਇੰਜ ਸਪਸ਼ਟ ਕੀਤਾ ਹੈ ਕਿ ਭੁਲੇਖੇ ਦੀ ਕੋਈ ਗੁੰਜਾਇਸ਼ ਹੀ ਨਹੀਂ। ਪਰ ਅਸੀਂ ਕੇਡੇ ਮੰਦ
ਭਾਗੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹਾ ਇਲਾਹੀ ਗਿਆਨ ਸਾਗਰ ਸਾਡੇ ਕੋਲ ਹੋਣ ਦੇ ਬਾਵਜੂਦ
ਅਸੀਂ ਸਤਿਗੁਰੂ ਨੂੰ ਪੁਛਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਅਤੇ ਸਭ ਕੁੱਝ ਆਪਣੇ ਮਨ ਦੀਆਂ ਭਾਵਨਾਵਾਂ
ਅਨੁਸਾਰ ਹੀ ਕਰ ਰਹੇ ਹਾਂ। ਸਤਿਗੁਰੂ ਦੀ ਪਾਵਨ ਬਾਣੀ ਵੀ ਫੁਰਮਾਂਉਂਦੀ ਹੈ:
“ਰਤਨੁ ਜਵੇਹਰੁ ਲਾਲੁ ਹਰਿਨਾਮਾ ਗੁਰਿ ਕਾਢਿ ਤਲੀ ਦਿਖਲਾਇਆ॥ ਭਾਗਹੀਣ ਮਨਮੁਖਿ ਨਹੀ ਲੀਆ ਤ੍ਰਿਣ ਓਲੈ
ਲਾਖੁ ਛਪਾਇਆ॥ 3॥” {ਰਾਮਕਲੀ ਮਹਲਾ 4, ਪੰਨਾ 880}
(ਹੇ ਭਾਈ !) ਪਰਮਾਤਮਾ ਦਾ ਨਾਮ ਰਤਨ ਜਵਾਹਰ ਲਾਲ (ਵਰਗਾ ਕੀਮਤੀ) ਹੈ (ਹਰੇਕ ਮਨੁੱਖ ਦੇ ਅੰਦਰ
ਲੁਕਿਆ ਪਿਆ ਹੈ । ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਸ ਨੂੰ) ਗੁਰੂ ਨੇ (ਉਸ ਦੇ ਅੰਦਰੋਂ
ਹੀ) ਕੱਢ ਕੇ (ਉਸ ਦੀ) ਤਲੀ ਉਤੇ (ਰੱਖ ਕੇ) ਵਿਖਾ ਦਿੱਤਾ ਹੈ । ਪਰ ਆਪਣੇ ਮਨ ਦੇ ਪਿੱਛੇ ਤੁਰਨ
ਵਾਲੇ ਮੰਦ-ਭਾਗੀ ਮਨੁੱਖ ਨੇ ਉਹ ਰਤਨ ਨਹੀਂ ਲੱਭਾ, (ਉਸ ਦੇ ਭਾ ਦਾ ਤਾਂ) ਲੱਖ ਰੁਪਇਆ ਤੀਲੇ ਦੇ
ਉਹਲੇ ਲੁਕਿਆ ਪਿਆ ਹੈ । 3।
ਕੁਝ ਸਮਾਂ ਪਹਿਲੇ ਮੈਂ ਲੁਧਿਆਣੇ ਇੱਕ ਸਮਾਗਮ ਵਿੱਚ ਹਾਜਰੀ ਭਰਨ ਗਿਆ ਹੋਇਆ ਸੀ। ਉਥੇ ਇੱਕ ਸਜਣ ਇੱਕ
ਛਪਿਆ ਹੋਇਆ ਪਰਚਾ ਵੰਡ ਰਹੇ ਸਨ, ਜੋ ਉਨ੍ਹਾਂ ਮੈਨੂੰ ਵੀ ਦਿੱਤਾ। ਉਸ ਵਿੱਚ 12-14 ਪੰਕਤੀਆਂ
ਲਿਖੀਆਂ ਹੋਈਆਂ ਸਨ। ਗੁਰਬਾਣੀ ਦੀ ਕਸਵੱਟੀ ਤੇ ਵੇਖੀਏ ਤਾਂ ਸ਼ਾਇਦ ਹੀ ਕੋਈ ਇੱਕ ਦੋ ਪੰਕਤੀਆਂ ਖਰੀਆਂ
ਉਤਰਨ, ਬਾਕੀ ਸੱਭ ਤਾਂ ਇਧਰੋਂ ਉਧਰੋਂ ਇਕੱਠਾ ਕੀਤਾ ਕੂੜ-ਕਬਾੜ ਹੀ ਸੀ। ਪਰ ਪਹਿਲੀ ਹੀ ਪੰਕਤੀ ਨੇ
ਮੈਨੂੰ ਝੰਜੋੜ ਕੇ ਰਖ ਦਿਤਾ, ਜਿਸ ਵਿੱਚ ਲਿਖਿਆ ਸੀ, “ਗੁਰਬਾਣੀ ਪੜ੍ਹਨਾ, ਸੁਨਣਾ ਵੀ ਠੀਕ ਹੈ, ਪਰ
ਅਸਲੀ ਗਲ ਹੈ ਨਾਮ ਜਪਣਾ। ਵੱਧ ਤੋਂ ਵੱਧ ਨਾਮ ਜਪੋ।
ਮੈਂ ਹੈਰਾਨ ਰਹਿ ਗਿਆ ਕਿ ਗੁਰਬਾਣੀ ਪੜ੍ਹਨ ਨੂੰ ਘੱਟ ਜਰੂਰੀ ਬਣਾ ਕੇ, ਅਖੌਤੀ ਨਾਮ ਜਪਣ ਤੋਂ ਪਿੱਛੇ
ਸੁਟ ਦਿਤਾ ਗਿਆ ਹੈ। ਮਨ ਵਿੱਚ ਕਈ ਸੁਆਲ ਇੱਕ ਦਮ ਉਠ ਖੜੋਤੇ। ਕੀ ਗੁਰਬਾਣੀ ਪੜ੍ਹਨਾ ਘੱਟ ਮਹਤਵ
ਪੂਰਨ ਅਤੇ ਮਨ ਮਰਜ਼ੀ ਤੇ ਹੈ? ਜੇ ਹਾਂ, ਤਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1429 ਪੰਨੇ
ਗੁਰਬਾਣੀ ਨਾਲ ਹੀ ਕਿਉਂ ਭਰੇ ਹੋਏ ਹਨ? 5871 ਸ਼ਬਦਾਂ ਦਾ ਇਹ ਖਜ਼ਾਨਾ ਤਿਆਰ ਕਰਨ ਦੀ ਕੀ ਲੋੜ ਸੀ? ਜੇ
ਕਿਸੇ ਇੱਕ ਸ਼ਬਦ ਦਾ ਰਟਨ ਕਰਨਾ ਨਾਮ ਜਪਣਾ ਹੈ ਅਤੇ ਇਹੀ ਸਭ ਤੋਂ ਮਹਤਵ ਪੂਰਨ ਹੈ, ਇਸੇ ਨਾਲ ਜੀਵਨ
ਸਫਲਾ ਹੋ ਜਾਂਦਾ ਹੈ ਤਾਂ ਫਿਰ ਸਤਿਗੁਰੂ ਜੀ ਨੇ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੋਈ
ਇੱਕ ਸ਼ਬਦ ਹੀ ਬਾਰ ਬਾਰ ਕਿਉ ਨਹੀਂ ਲਿੱਖ ਦਿੱਤਾ? ਕੀ ਗੁਰਬਾਣੀ ਪੜ੍ਹੇ ਬਗੈਰ ਨਾਮ ਸਿਮਰਨ ਦੀ ਸਮਝ ਆ
ਸਕਦੀ ਹੈ?
ਮੈਂ ਉਸ ਸੱਜਣ ਨੂੰ ਪੁਛਿਆ, ਕਿ ਵੀਰ ਜੀ! ਇਹ ਕੀ? ਤੁਸੀਂ ਗੁਰਬਾਣੀ ਪੜ੍ਹਨ ਨੂੰ ਗੈਰ ਜ਼ਰੂਰੀ ਬਣਾ
ਦਿੱਤਾ ਹੈ? ਜਿਹੜਾ ਜੁਆਬ ਉਸ ਨੇ ਦਿੱਤਾ ਉਹ ਹੋਰ ਵੀ ਦੁਖਦਾਈ ਸੀ। ਕਹਿਣ ਲੱਗਾ, ਸਾਨੂੰ ਨਹੀਂ ਜੇ
ਪਤਾ, ਸਾਨੂੰ ਤਾਂ ਇਹ ਪਰਚਾ ਸਾਡੇ ਮਹਾਪੁਰਖਾਂ ਨੇ ਬਣਾ ਕੇ ਦਿੱਤਾ ਸੀ, ਕਿ ਵੱਧ ਤੋਂ ਵੱਧ ਛਾਪ ਕੇ
ਵੰਡੋ, ਬਹੁਤ ਵੱਡੀ ਸੇਵਾ ਹੈ। ਅਸੀਂ ਤਾਂ ਸੇਵਾ ਕਰ ਰਹੇ ਹਾਂ। ਹੁਣ ਤਕ ਲੱਖ ਤੋਂ ਉਤੇ ਛਪਵਾ ਕੇ
ਵੰਡ ਚੁਕੇ ਹਾਂ। ਮੈਂ ਕੇਵਲ ਇਤਨਾ ਹੀ ਕਹਿ ਸਕਿਆ, ਕਿ ਜੇ ਤੁਹਾਡੀ ਅੰਧੀ ਸ਼ਰਧਾ ਵੱਲ ਵੇਖਾਂ, ਤਾਂ
ਬਲਿਹਾਰ ਜਾਵਾਂ, ਪਰ ਤੁਸੀਂ ਸੇਵਾ ਕਰ ਰਹੇ ਹੋ ਯਾ ਕੌਮ ਦਾ ਭੱਠਾ ਬਿਠਾ ਰਹੇ ਹੋ, ਇਹ ਤਾਂ ਵਿਚਾਰਨ
ਵਾਲੀ ਗੱਲ ਹੈ। ਓਏ ਭੋਲਿਆ! ਇੱਕ ਵਾਰੀ ਵੇਖ, ਵਿਚਾਰ ਤਾਂ ਲੈਣਾ ਸੀ, ਜੋ ਵੰਡਣ ਲੱਗਾ ਹਾਂ, ਕੀ ਉਹ
ਗੁਰਮਤਿ ਅਨੁਸਾਰ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਣਾ ਸੀ ਕਿ ਸਤਿਗੁਰੂ ਜੀ ਇਹ ਸਚਮੁਚ
ਆਪ ਜੀ ਦੇ ਨਾਮ ਅੰਮ੍ਰਿਤ ਦੀ ਗਲ ਹੋ ਰਹੀ ਹੈ ਯਾ ਕੋਈ ਨਾਮ ਦੀ ਮਿਠਾਸ ਵਿੱਚ ਜ਼ਹਿਰ ਲਪੇਟ ਕੇ ਦੇਣ
ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਸਾਡੀ ਮੁੱਖ ਸਮੱਸਿਆ ਤਾਂ ਇਹੀ ਹੈ ਕਿ ਕੁੱਝ ਵਿਅਕਤੀਆਂ ਪ੍ਰਤੀ
ਅੰਨ੍ਹਾ ਵਿਸ਼ਵਾਸ ਬੱਝ ਗਿਆ ਹੈ ਅਤੇ ਸਤਿਗੁਰੂ ਜੀ ਦੇ ਜ਼ਾਹਿਰਾ-ਜ਼ਹੂਰ, ਹਾਜ਼ਿਰਾ-ਹਜ਼ੂਰ ਹੁੰਦਿਆਂ ਵੀ
ਕਦੇ ਸਤਿਗੁਰੂ ਨੂੰ ਕੁੱਝ ਵੀ ਪੁੱਛਣ ਦੀ ਕੋਸ਼ਿਸ਼ ਹੀ ਨਹੀਂ ਕੀਤੀ।
ਵਿਚਾਰ ਮੰਡਲ ਵਿੱਚ ਇੱਕ ਤੁਫਾਨ ਜਿਹਾ ਉਠ ਖੜੋਤਾ। ਨਾਮ ਸਿਮਰਨ ਦੇ ਵਿੱਸ਼ੇ ਨਾਲ ਸੰਬੰਧਤ ਕੁੱਝ ਸੁਆਲ
ਤਿਆਰ ਕੀਤੇ, ਅਤੇ ਇੱਕ ਜਗਿਆਸੂ ਬਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਪਹੁੰਚ ਗਿਆ।
ਉਨ੍ਹਾਂ ਸੁਆਲਾਂ ਦੇ ਜੋ ਜੁਆਬ ਸਤਿਗੁਰੂ ਕੋਲੋਂ ਪ੍ਰਾਪਤ ਹੋਏ, ਉਸ ਅਨੁਸਾਰ ਇੱਕ ਪੇਸ਼ਕਾਰੀ
(presentation) ਬਣਾਈ ਅਤੇ
ਕੁੱਝ ਉਘੇ ਕੌਮੀ ਵਿਦਵਾਨਾਂ ਨੂੰ ਵਿਖਾਈ ਅਤੇ ਉਨ੍ਹਾਂ ਦੇ ਵਿਚਾਰ ਲੈਕੇ ਲੋੜੀਂਦੀਆਂ ਸੋਧਾਂ ਅਤੇ
ਵਾਧਾਂ-ਘਾਟਾਂ ਵੀ ਕੀਤੀਆਂ। ਉਸ ਤੋਂ ਬਾਅਦ ਇਸ ਨੂੰ ਕਈ ਗੁਰਦੁਆਰਿਆਂ ਅਤੇ ਗੁਰਮਤਿ ਕੈਂਪਾਂ ਵਿੱਚ
ਪੇਸ਼ ਕੀਤਾ ਜਾ ਚੁੱਕਾ ਹੈ। ਹਰ ਪੇਸ਼ਕਾਰੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਸੰਗਤਾਂ ਨੂੰ ਆਪਣੇ ਵਿਚਾਰ
ਅਤੇ ਨਿਰਪੱਖ ਸੁਝਾ ਦੇਣ ਲਈ ਬੇਨਤੀ ਕੀਤੀ ਜਾਂਦੀ ਹੈ, ਅਤੇ ਯਕੀਨ ਦੁਆਇਆ ਜਾਂਦਾ ਹੈ ਕਿ ਜੇ ਕੁੱਝ
ਗਲਤ ਹੈ ਤਾਂ ਗੁਰਬਾਣੀ ਅਨੁਸਾਰ ਦਿਤੇ ਸੁਝਾਵਾਂ ਦੇ ਅਧਾਰ ਤੇ ਹਰ ਲੋੜੀਂਦੀ ਸੋਧ ਕੀਤੀ ਜਾਵੇਗੀ।
ਇਥੋਂ ਤਕ ਕਿ ਜੇ ਗੁਰਬਾਣੀ ਦੇ ਕੁੱਝ ਐਸੇ ਪ੍ਰਮਾਣ ਹੋਣ ਜੋ ਇਸ ਨੂੰ ਪੂਰਨ ਗਲਤ ਸਾਬਤ ਕਰਦੇ ਹੋਣ
ਤਾਂ, ਇਸ ਨੂੰ ਪੂਰਨ ਰੂਪ ਵਿੱਚ ਰੱਦ ਕਰਨ ਵਿੱਚ ਵੀ ਪਲ ਨਹੀਂ ਲਾਇਆ ਜਾਵੇਗਾ। ਇਹੀ ਗਲ ਦਾਸ ਇਸ ਲੇਖ
ਬਾਰੇ ਵੀ ਦੁਹਰਾਉਣਾ ਚਾਹੁੰਦਾ ਹੈ।
ਇਕ ਸਾਖੀ ਹੈ, ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਨੰਦੇੜ ਵਿਖੇ ਸ੍ਰੀ ਗੁਰੂ ਗ੍ਰੰਥ
ਸਾਹਿਬ ਨੂੰ ਗੁਰਗੱਦੀ ਦੇਣ ਦੀ ਰਸਮ ਅਦਾ ਕੀਤੀ, ਤਾਂ ਸਿੱਖ ਸਮਝ ਗਏ, ਸਤਿਗੁਰੂ ਨੇ ਸ਼ਰੀਰ ਕਰਕੇ ਜਾਣ
ਦੀ ਤਿਆਰੀ ਕਰ ਲਈ ਹੈ। ਸਿੱਖਾਂ ਦੇ ਮਨ ਵੈਰਾਗ ਵਿੱਚ ਆ ਗਏ। ਬੇਨਤੀ ਕੀਤੀ, ਸਤਿਗੁਰੂ ਸਾਨੂੰ ਹਰ
ਵੇਲੇ ਤੁਹਾਡੇ ਦਰਸ਼ਨਾਂ ਦੀ ਤਾਂਘ ਰਹਿੰਦੀ ਹੈ, ਅਸੀਂ ਤੁਹਾਡੇ ਦਰਸ਼ਨਾਂ ਬਿਨਾਂ ਨਹੀਂ ਰਹਿ ਸਕਦੇ। ਆਪ
ਜੀ ਸਾਨੂੰ ਵਿਛੋੜਾ ਦੇ ਗਏ, ਤਾਂ ਤੁਹਾਡੇ ਦਰਸ਼ਨ ਕਿਵੇਂ ਕਰਾਂਗੇ? ਸਤਿਗੁਰੂ ਨੇ ਫੁਰਮਾਇਆ, ਖਾਲਸਾ
ਮੇਰਾ ਖਾਸ ਰੂਪ ਹੈ, ਜਦੋਂ ਕਿਸੇ ਤਿਆਰ ਬਰ ਤਿਆਰ ਖਾਲਸੇ ਦੇ ਦਰਸ਼ਨ ਕਰੋਗੇ, ਮੇਰੇ ਦਰਸ਼ਨ ਹੋਣਗੇ।
ਸਿੱਖਾਂ ਫੇਰ ਬੇਨਤੀ ਕੀਤੀ, ਸਤਿਗੁਰੂ ਸਾਡੇ ਮਨ ਦੇ ਕਈ ਸ਼ੰਕੇ ਹੁੰਦੇ ਹਨ, ਉਨ੍ਹਾਂ ਦਾ ਨਿਵਾਰਨ
ਚਾਹੁੰਦੇ ਹਾਂ, ਅਸੀਂ ਤੁਹਾਡੇ ਨਾਲ ਗੱਲਾਂ ਕਰਨਾ ਚਾਹੁੰਦੇ ਹਾਂ। ਸਤਿਗੁਰੂ ਨੇ ਫੇਰ ਫੁਰਮਾਇਆ,
ਸਿੱਖੋ! ਜਦੋਂ ਮਨ, ਚਿੱਤ ਲਾਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੋਗੇ, ਤੁਹਾਡੀਆਂ ਮੇਰੇ
ਨਾਲ ਸਿੱਧੀਆਂ ਗੱਲਾਂ ਹੋਣਗੀਆਂ। ਅਜ ਸਾਰੇ ਆਪਣੇ ਅੰਦਰ ਹੀ ਝਾਤੀ ਮਾਰ ਲਈਏ, ਕਿ ਅਸੀਂ ਕਿੰਨੇ ਕੁ,
ਅਤੇ ਕਿੰਨਾ ਕੁ ਗੁਰੂ ਨਾਲ ਗੱਲਾਂ ਕਰ ਰਹੇ ਹਾਂ? ਪਹਿਲਾਂ ਤਾਂ ਨੇਮ ਨਾਲ ਗੁਰਬਾਣੀ ਪੜ੍ਹਨ ਵਾਲੇ ਹੀ
ਵਿਰਲੇ ਰਹਿ ਗਏ ਹਨ। ਫੇਰ ਜਿਹੜੇ ਪੜ੍ਹਨ ਵਾਲੇ ਹਨ ਵੀ, ਉਨ੍ਹਾਂ ਵਿੱਚੋਂ ਵੀ ਬਹੁਤੇ ਕੁੱਝ ਚੋਣਵੀਆਂ
ਬਾਣੀਆਂ ਦੇ ਰਟਨ ਤੱਕ ਸੀਮਤ ਰਹਿ ਗਏ ਹਨ। ਨਤੀਜਾ ਇਹ ਹੈ ਕਿ ਦੁਬਿਧਾ ਹਰ ਦਿਨ ਵਧਦੀ ਜਾ ਰਹੀ ਹੈ।
ਫੇਰ ਅਸੀਂ ਇਨ੍ਹਾਂ ਦੁਬਿਧਾ ਦੇ ਨਿਵਾਰਨ ਲਈ ਕਦੇ ਕਿਸੇ ਪਖੰਡੀ ਬਾਬੇ ਕੋਲ ਜਾਂਦੇ ਹਾਂ, ਕਦੀ ਕਿਸੇ
ਕੱਚੇ ਪੱਕੇ ਵਿਦਵਾਨ ਕੋਲ। ਪਹਿਲਾਂ ਤਾਂ ਹਰ ਕਿਸੇ ਦਾ ਆਪਣਾ ਗਿਆਨ ਹੀ ਸੀਮਿਤ ਹੈ, ਦੂਸਰਾ ਉਨ੍ਹਾਂ
ਵਿਚੋਂ ਬਹੁਤਿਆਂ ਦੇ ਵੱਡੇ ਨਿਜੀ ਸੁਆਰਥ ਹਨ। ਜਿਸ ਬ੍ਰਾਹਮਣਵਾਦ ਦੇ ਪਰਭਾਵ ਹੇਠ ਉਹ ਕੰਮ ਕਰ ਰਹੇ
ਹਨ, ਸਿੱਖ ਨੂੰ ਉਸੇ ਵਿੱਚ ਉਲਝਾਉਣਾ ਹੀ ਉਨ੍ਹਾਂ ਦੀ ਕਾਮਯਾਬੀ ਹੈ। ਉਨ੍ਹਾਂ ਆਪਣੀਆਂ ਦੁਕਾਨਾਂ
ਚਲਦੀਆਂ ਰਖਣੀਆਂ ਹਨ। ਉਹੋ ਮਾਰਗ ਦਸਣਗੇ ਜਿਨ੍ਹਾਂ ਨਾਲ ਉਨ੍ਹਾਂ ਦੀਆਂ ਆਪਣੀਆਂ ਹੱਟੀਆਂ ਹੋਰ
ਪ੍ਰਫੁਲਤ ਹੋਣ।
ਇਥੇ ਨਾਮ ਸਿਮਰਨ ਨਾਲ ਸੰਬੰਧਤ ਹਰ ਗਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਵਿਸਥਾਰ ਨਾਲ ਪੁਛੀ ਗਈ
ਹੈ। ਹੇਠਲੇ ਸਾਰੇ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲੇ ਉਨ੍ਹਾਂ ਜੁਆਬਾਂ ਤੇ ਹੀ ਅਧਾਰਤ
ਹਨ, ਇਸ ਲਈ ਇਸ ਲੇਖ ਵਿੱਚ ਮੇਰੇ ਸ਼ਬਦ ਬਹੁਤ ਘੱਟ ਅਤੇ ਪ੍ਰਮੁਖ ਤੌਰ ਤੇ ਬਹੁਤੇ ਸਤਿਗੁਰੂ ਦੀ ਬਾਣੀ
ਦੇ ਪ੍ਰਮਾਣ ਹੀ ਹਨ। ਇਸ ਲਿਖਤ ਦਾ ਮਕਸਦ ਨਾ ਕਿਸੇ ਤੇ ਕਿੰਤੂ ਕਰਨ ਦਾ ਹੈ ਅਤੇ ਨਾ ਹੀ ਕਿਸੇ ਦੀ
ਪ੍ਰੋੜਤਾ ਕਰਨਾ ਬਲਕਿ ਗੁਰਬਾਣੀ ਦੇ ਚਾਨਣ ਵਿੱਚ ਵਿਸ਼ੇ ਨੂੰ ਸਮਝਣ ਦਾ ਉਪਰਾਲਾ ਕਰਨਾ ਹੈ।
---ਚਲਦਾ
ਰਾਜਿੰਦਰ ਸਿੰਘ,
(ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ