ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗਿ ਚਾਨਣੁ ਹੋਆ
ਭਾਈ ਗੁਰਦਾਸ ਜੀ ਦੀਆਂ ਇਨਾਂ
ਪੰਗਤੀਆਂ ਨੂੰ ਹਰ ਸਾਲ ਗੁਰੁ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਿੱਖ ਸੰਗਤਾਂ ਪਿੰਡਾਂ ਦੇ
ਗੁਰਦੁਅਰਿਆਂ ਤੋ ਲੈ ਕੇ ਕਸਬਿਆਂ; ਸ਼ਹਿਰਾਂ; ਦੇਸ਼ ਵਿਦੇਸ਼ਾਂ ਵਿੱਚ ਗਾਉਦੀਆਂ ਹਨ ਸੁਣਦੀਆਂ ਹਨ। ਪਰ
ਜਰਾ ਵਿਚਾਰੀਏ ਕਿ ਕੀ ਉਹ ਧੁੰਦ ਮਿਟ ਗਈ ਹੈ? ਜਿਹੜੀ ਧੁੰਦ ਦਾ ਜਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ
ਕੀ ਸੱਚਮੁਚ ਹੀ ਗਿਆਨ ਰੂਪੀ ਸੱਚ ਦਾ ਸੂਰਜ ਨਿਕਲ ਆਇਆ ਹੈ ਤੇ ਵਹਿਮ ਭਰਮ ਅਤੇ ਆਗਿਆਨਤਾ ਰੂਪੀ ਧੁੰਦ
ਖਤਮ ਹੋ ਗਈ ਹੈ? ਜਦ ਕਿ ਗੁਰੁ ਨਾਨਕ ਸਾਹਿਬ ਜੀ ਦੇ ਜੀਵਨ ਕਾਲ ਵੱਲ ਝਾਤ ਮਾਰਦੇ ਹਾਂ ਤਾਂ ਪਤਾ
ਚੱਲਦਾ ਹੈ ਕਿ ਗੁਰੁ ਨਾਨਕ ਸਾਹਿਬ ਜੀ ਨੇ ਸੰਸਾਰ ਤੇ ਪਈ ਹੋਈ ਅਗਿਆਨਤਾ ਦੀ ਧੁੰਦ ਨੁੰ ਖਤਮ ਕਰਨ
ਵਾਸਤੇ ਸਖਤ ਮਿਹਨਤ ਤੇ ਘਾਲਣਾ ਘਾਲੀ ਅਤੇ ਕੁਰਾਹੇ ਪਈ ਹੋਈ ਲੋਕਾਈ ਨੂੰ ਸੱਚ ਦਾ ਮਾਰਗ ਦੱਸਿਆ ਅਤੇ
ਧਰਮ ਦੇ ਨਾਂ ਤੇ ਕੀਤੇ ਜਾ ਰਹੇ ਪਾਖੰਡ ਦਾ ਡਟ ਕੇ ਵਿਰੋਧ ਕੀਤਾ ਅਤੇ ਸਮੇ ਦੇ ਧਾਰਮਿਕ ਆਗੂਆਂ ਨੂੰ
ਲਾਹਨਤਾਂ ਪਈਆਂ ਅਤੇ ਇਨਾ ਦੀ ਅਸਲੀਅਤ ਜਗ ਜਾਹਰ ਕੀਤਾ:
ਕਾਦੀ ਕੂੜ ਬੋਲਿ ਮਲੁ ਖਾਇ।
ਬ੍ਰਾਹਮਣੁ ਨਾਵੈ ਜੀਆਂ ਘਾਇ।
ਜੋਗੀ ਜੁਗਤਿ ਨ ਜਾਣੈ ਅੰਧ।
ਤੀਨੇ ੳਜਾੜੇ ਕਾ ਬੁੰਧੁ।
ਗੁਰੂ ਨਾਨਕ ਸਾਹਿਬ ਜੀ ਨੇ ਐਸੇ ਅਖੌਤੀ ਧਰਮ ਮੁਖੀਆਂ ਤੋ ਆਮ ਲੋਕਾਈ ਨੁੰ ਜਾਣੂ ਕਰਵਾਇਆ ਅਤੇ ਸੱਚ
ਦੇ ਮਾਰਗ ਤੇ ਚਲਣ ਦਾ ਉਪਦੇਸ਼ ਦ੍ਰਿੜ ਕਰਵਾਇਆ। ਸਤਿਗੁਰੂ ਨਾਨਕ ਸਾਹਿਬ ਜੀ ਦੀ ਸਿਖਿਆ ਨੂੰ ਗ੍ਰਹਿਣ
ਕਰਨ ਵਾਲੇ ਮਨੁੱਖ ਐਸੀ ਆਗਿਆਨਤਾ ਰੂਪੀ ਧੁੰਦ ਤੋ ਛੁਟਕਾਰਾ ਹਾਸਲ ਕਰਕੇ ਆਪਣੇ ਮਨੁੱਖੀ ਜੀਵਨ ਅੰਦਰ
ਲਾਹਾ ਪ੍ਰਾਪਤ ਕੀਤਾ। ਪ੍ਰੰਤੂ ਸਾਡਾ ਆਜੋਕਾ ਸਮਾਜ ਅਖੰਡ ਪਾਠ ਵੀ ਬਹੁਤ ਕਰਵਾ ਰਿਹਾ ਹੈ ਗੁਰਪੁਰਬ
ਵੀ ਹਰ ਸਾਲ ਮਨਾਏ ਜਾ ਰਹੇ ਹਨ ਸਾਡੇ ਸਿਖ ਅਖਵਾਉਦੇ ਬਹੁਤਾਤ ਸਮਾਜ ਦੀ ਹਾਲਤ ਤੋਤਾ ਰਟਨ ਵਰਗੀ ਹੈ।
ਇੱਕ ਮਨੁੱਖ ਨੇ ਤੋਤੇ ਨੁੰ ਪਿਜਰੇ ਵਿੱਚ ਰੱਖਿਆ ਹੋਇਆਂ ਸੀ ਅਤੇ ਉਸ ਨੇ ਤੋਤੇ ਨੂੰ ਸਿਖਾ ਦਿਤਾ ਕਿ
ਪੋਸਤ ਨਹੀਂ ਖਾਈਦਾ ਜੇ ਖਾਈਐ ਤਾਂ ਮਰ ਜਾਈਦਾ। ਅਚਾਨਕ ਮਾਲਕ ਤੋਂ ਪਿਜਰਾ ਖੁੱਲਾ ਰਿਹ ਗਿਆ ਤੇ ਤੋਤਾ
ਉਡਾਰੀ ਮਾਰ ਕੇ ਤੋਤਿਆਂ ਦੀ ਡਾਰ ਵਿੱਚ ਜਾ ਰਲਿਆ ਤੇ ਸਾਰਿਆਂ ਨੂੰ ਇਹ ਬੋਲਣਾ ਸਿਖਾ ਦਿਤਾ। ਹੁਣ
ਤੋਤਿਆਂ ਦੀ ਡਾਰ ਪੋਸਤ ਦੇ ਖੇਤ ਵਿੱਚ ਹੀ ਜਾ ਕੇ ਬੈਠੀ ਹੈ ਅਤੇ ਸਾਰੇ ਤੋਤੇ ਚੁੰਜਾਂ ਭਰ ਭਰ ਕੇ
ਪੋਸਤ ਦੀਆਂ ਖਾ ਰਹੇ ਹਨ ਅਤੇ ਜਿਸ ਵੀ ਤੋਤੇ ਦੀ ਚੁੰਜ ਖਾਲੀ ਹੁੰਦੀ ਉਹ ਇਹੀ ਗੁਨਗਣਾ ਰਿਹਾ ਸੀ। ਕਿ
ਤੋਤਿਆ ਪੋਸਤ ਨਹੀ ਖਾਈਦਾ ਨਹੀ ਤੇ ਮਰ ਜਾਈਦਾ। ਧਿਆਨ ਨਾਲ ਵੇਖੀਏ ਅਤੇ ਸਹਿਜ ਨਾਲ ਗੁਰਬਾਣੀ ਦੀ
ਵਿਚਾਰ ਕਰੀਏ ਤਾਂ ਸਾਡੇ ਅਜੋਕੇ ਬਹੁਤਾਤ ਸਮਾਜ ਦੀ ਹਾਲਤ ਵੀ ਤੋਤਿਆਂ ਵਰਗੀ ਹੈ। ਦਰਅਸਲ ਜਿਨੀ ਦੇਰ
ਤੱਕ ਅਸੀ ਗੁਰਬਾਣੀ ਗਿਆਨ ਆਪਣੇ ਜੀਵਨ ਦਾ ਅਧਾਰ ਨਹੀ ਬਣਾਉਦੇ ਉਨੀ ਦੇਰ ਤੱਕ ਅਗਿਆਨਤਾ ਰੂਪੀ ਧੁੰਦ
ਨਹੀ ਮਿਟ ਸਕਦੀ।
ਗਿਆਨੀ ਗੁਰਸ਼ਰਨ ਸਿੰਘ