.

(ਗੁਰਸਿੱਖ ਦੀ ਵਸੀਅਤ ਇਹ ਹੋਵੇ)

ਮੈ-----------ਸਪੁਤਰ-----------ਨਿਵਾਸੀ-------------ਆਪਣੇ ਪੂਰੇ ਹੋਸ਼ੋ ਹਵਾਸ ਵਿਚ, ਗੁਰਬਾਣੀ ਵਿੱਚ ਦਰਸਾਏ ਗਿਆਨ ਦੀ ਰੋਸ਼ਨੀ ਅਨੁਸਾਰ ਇੱਕ ਅਕਾਲ ਪੁਰੁਖ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਹ ਵਸੀਅਤ ਕਰ ਰਿਹਾ ਹਾਂ।

ਕਿ ਮੇਰੀ ਮੌਤ ਤੋਂ ਬਾਅਦ ਮ੍ਰਿਤਕ ਸੰਸਕਾਰ ਜਾਂ ਅੰਤਿਮ ਅਰਦਾਸ ਦੀ ਰਸਮ ਨੂੰ ਗੁਰਮਤਿ ਸਮਾਗਮ ਲਫਜ਼ ਨਾਲ ਸੰਬੋਧਨ ਕੀਤਾ ਜਾਵੇ। ਇਸ ਸਮਾਗਮ ਵਿੱਚ ਪੁਜਾਰੀ ਸ਼੍ਰੇਣੀ (ਗ੍ਰੰਥੀ, ਰਾਗੀ, ਪਾਠੀ ਆਦਿ ਜਿਨ੍ਹਾਂ ਨੇ ਬਾਣੀ ਪੜ੍ਹਨ ਅਤੇ ਗਾਉਣ ਨੂੰ ਇੱਕ ਕਿੱਤੇ ਵਜੋਂ ਅਪਨਾ ਲਿਆ ਹੈ) ਨੂੰ ਬਿਲਕੁਲ ਸ਼ਾਮਿਲ ਨਾ ਕੀਤਾ ਜਾਵੇ। ਸੰਗਤਾਂ ਅਤੇ ਰਿਸ਼ਤੇਦਾਰਾਂ ਵਾਸਤੇ (ਮੇਰੇ ਵਾਸਤੇ ਨਹੀਂ) ਜੋ ਵੀ ਕੀਰਤਨ ਜਾਂ ਸ਼ਬਦ ਵੀਚਾਰ ਆਦਿ ਕਰਵਾਉਣਾ ਹੈ, ਉਹ ਤੱਤ ਗੁਰਮਤਿ ਨੂੰ ਪ੍ਰਣਾਇ ਕਿਸੇ ਨਿਸ਼ਕਾਮ ਵੀਰ/ਭੈਣ ਕੋਲੋਂ ਹੀ ਕਰਵਾਇਆ ਜਾਵੇ ਜਾਂ ਰਿਸ਼ਤੇਦਾਰ/ਸੰਗਤ ਆਪ ਕਰੇ, ਅਤੇ ਹੇਠ ਲਿਖੀਆਂ ਗੱਲਾਂ ਦਾ ਵੀ ਖਾਸ ਧਿਆਨ ਰਖਿਆ ਜਾਵੇ।

1. ਮੇਰੇ ਚੜ੍ਹਾਈ ਕਰਨ (ਮ੍ਰਿਤੂ) ਤੋਂ ਬਾਅਦ ਸਭ ਤੋਂ ਪਹਿਲਾਂ ਨਜ਼ਦੀਕੀ ਸਰਕਾਰੀ ਹਸਪਤਾਲ ਨੂੰ ਸੂਚਿਤ ਕੀਤਾ ਜਾਵੇ, ਤਾਂ ਕਿ ਉਹ ਮੇਰੇ ਸ਼ਰੀਰ ਦੇ ਕੰਮ ਆਉਣਯੋਗ ਅੰਗ ਜਿਵੇਂ ਅੱਖਾਂ ਆਦਿ ਕੱਢ ਲੈਣ ਅਤੇ ਬਾਕੀ ਬਚਿਆ ਸ਼ਰੀਰ ਮੈਡੀਕਲ ਖੋਜ ਕਾਰਜਾਂ ਵਾਸਤੇ ਵਰਤ ਲੈਣ। ਜੇ ਇਹ ਸੰਭਵ ਨਾ ਹੋਵੇ ਤਾਂ ਮੇਰੇ ਮ੍ਰਿਤਕ ਸਰੀਰ ਦਾ ਬਿਨਾਂ ਕਿਸੇ ਕਰਮਕਾਂਡ ਤੋਂ, ਬਹੁਤ ਹੀ ਸਾਧਾਰਨ ਤਰੀਕੇ ਨਾਲ ਸਸਕਾਰ ਕੀਤਾ ਜਾਵੇ। (ਜੇ ਸੰਭਵ ਹੋ ਸਕੇ ਤਾਂ ਸਸਕਾਰ ਬਿਜਲੀ ਵਾਲੇ ਸ਼ਮਸ਼ਾਨ ਘਰ ਵਿੱਚ ਕੀਤਾ ਜਾਵੇ, ਤਾਂ ਕਿ ਪ੍ਰਦੂਸ਼ਨ ਘੱਟ ਹੋਵੇ)। ਮੇਰੀ ਲਾਸ਼ ਤੇ ਦੇਸੀ ਘਿਓ ਜਾਂ ਕੀਮਤੀ ਦੁਸ਼ਾਲੇ ਆਦਿ ਨਾ ਪਾਏ ਜਾਣ। ਮਿਰਤੱਕ ਸ਼ਰੀਰ ਨੂੰ ਸਿਰਫ ਸਾਦੇ ਕਪੜੇ ਵਿੱਚ ਲਪੇਟਿਆ ਜਾਵੇ ਅਤੇ ਕਿਸੇ ਤਰ੍ਹਾਂ ਦਾ ਕੋਈ ਵਹਿਮ-ਭਰਮ ਨਾ ਕੀਤਾ ਜਾਵੇ।

2. ਮੇਰੀ ਮ੍ਰਿਤੂ ਤੋਂ ਬਾਅਦ ਘਰ ਵਿੱਚ ਜਾਂ ਅਰਥੀ ਨਾਲ ਸ਼ਮਸ਼ਾਨਘਾਟ ਜਾਣ ਸਮੇਂ ਕਿਸੇ ਵਲੋਂ ਵੀ ਰੋਣਾ ਪਿਟਣਾ, ਸਿਆਪਾ ਆਦਿ ਬਿਲਕੁੱਲ ਨਾ ਕੀਤਾ ਜਾਵੇ ਬਲਕਿ ਸਿਰਫ ਗੁਰਬਾਣੀ ਦੇ ਸ਼ਬਦ ਪੜ੍ਹਦੇ ਹੋਏ ਸ਼ਮਸ਼ਾਨਘਾਟ ਪਹੁੰਚਿਆ ਜਾਵੇ। ਸਿੱਖ ਸਮਾਜ ਵਿੱਚ ਪਸਰ ਚੁੱਕੇ ਕਰਮਕਾਂਡਾਂ ਅਤੇ ਵਹਿਮਾਂ-ਭਰਮਾਂ ਬਾਰੇ ਗੁਰਬਾਣੀ ਦੇ ਸ਼ਬਦ ਵੀਚਾਰ ਰਾਹੀਂ ਕੁੱਝ ਦਿਨਾਂ ਤੱਕ (ਜੇ ਸੰਭਵ ਹੋ ਸਕੇ) ਸੰਗਤ ਨੂੰ ਜਾਗ੍ਰਤਿ ਕੀਤਾ ਜਾਵੇ।

3. ਸ਼ਮਸ਼ਾਨ ਘਾਟ ਵਿਚੋਂ ਫੁੱਲ (ਅਸਥੀਆਂ) ਆਦਿ ਚੁੱਗਣ ਦੇ ਨਾਂ ਤੇ ਕਿਸੇ ਤਰ੍ਹਾਂ ਦਾ ਕੋਈ ਕਰਮਕਾਂਡ ਬਿਲਕੁੱਲ ਨਾ ਕੀਤਾ ਜਾਵੇ। ਸਸਕਾਰ ਤੋਂ ਬਾਅਦ ਬਚੀਆਂ ਹੋਈਆਂ ਅਸਥੀਆਂ ਨੂੰ ਰਾਖ ਸਮੇਤ ਇੱਕ ਬੋਰੀ ਜਾਂ ਥੈਲੇ ਵਿੱਚ ਪਾਕੇ ਕੀਰਤਪੁਰ ਜਾਂ ਹਰਿਦੁਆਰ ਵਰਗੇ ਸਥਾਨਾਂ ਤੇ ਨਾ ਲਿਜਾਇਆ ਜਾਵੇ, ਬਲਕਿ ਨਜਦੀਕ ਵੱਗਦੇ ਕਿਸੇ ਦਰਿਆ ਵਿੱਚ ਹੀ ਜੱਲ ਪ੍ਰਵਾਹ ਜਾਂ ਕਿਸੇ ਜਗ੍ਹਾ ਟੋਆ ਪੁਟ ਕੇ ਦਬਾ ਦਿੱਤਾ ਜਾਵੇ।

4. ਗੁਰਮਤਿ ਦਾ ਸਿਧਾਂਤ ਹੈ ਕਿ ਮਰਨ ਤੋਂ ਬਾਅਦ ਮ੍ਰਿਤਕ ਪ੍ਰਾਣੀ ਨਮਿੱਤ ਕੀਤਾ ਗਿਆ ਕੋਈ ਵੀ ਕਰਮਕਾਂਡ (ਪਾਠ, ਦਾਨ-ਪੁੰਨ ਆਦਿ) ਉਸ ਦਾ ਕੁੱਝ ਨਹੀਂ ਸੰਵਾਰ ਸਕਦਾ। ਇਸ ਕਰਕੇ ਮੇਰੇ ਨਮਿੱਤ ਕੋਈ ਰਸਮੀ (ਅਖੰਡ, ਸਪਤਾਹ, ਸਹਿਜ ਆਦਿ) ਪਾਠ ਨਾ ਰਖਾਇਆ ਜਾਵੇ। ਹਾਂ ਰਿਸ਼ਤੇਦਾਰਾਂ ਅਤੇ ਸੰਗਤ ਦੇ ਗਿਆਨ ਲਈ ਸ਼ਬਦ ਵਿਚਾਰ/ ਕੀਰਤਨ ਆਦਿ ਕੀਤਾ ਜਾਵੇ, ਅਤੇ ਇਸ ਗੱਲ ਦਾ ਖਾਸ ਧਿਆਨ ਰਖਿਆ ਜਾਵੇ ਕਿ ਕੀਰਤਨ ਸਮੇਂ ਗੁਰਬਾਣੀ ਸ਼ਬਦਾਂ ਦੀ ਮਨਮੱਤੀ ਚੌਣ ਨਾ ਕਰਕੇ ਕੇਵਲ ‘ਰਹਾਉ’ ਦੀ ਪੰਗਤੀ ਨੂੰ ਹੀ ਟੇਕ ਬਣਾਕੇ ਸ਼ਬਦ ਪੜ੍ਹੇ ਜਾਣ ਅਤੇ ਸ਼ਬਦਾਂ ਦੇ ਸਹੀ ਭਾਵ ਅਰਥਾਂ ਨੂੰ ਸਪਸ਼ਟ ਕਰਨ ਲਈ ਯੋਗ ਓਪਰਾਲੇ ਕੀਤੇ ਜਾਣ। ਅਰਦਾਸ ‘ਦੇਵੀ ਭਗੌਤੀ’ ਦੇ ਪ੍ਰਚਲਿਤ ਸਿਮਰਨ ਵਾਲੇ ਚੰਡੀ ਚਰਿਤ੍ਰ (ਪ੍ਰਿਥਮ ਭਗੌਤੀ ਸਿਮਰ ਕੇ) ਦੇ ਬੰਦ ਨਾਲ ਨਾ ਸ਼ੁਰੂ ਕਰਕੇ ਕਿਸੇ ਤੱਤ ਗੁਰਮਤਿ ਨੂੰ ਪ੍ਰਨਾਏ ਵੀਰ ਵਲੋਂ ਹੀ ਕੀਤੀ ਜਾਵੇ। ਅਰਦਾਸ ਵਿੱਚ ਮੇਰੇ ਵਾਸਤੇ ‘ਅਕਾਲ ਪੁਰਖ’ ਪਾਸੋਂ ਸੁਰਗ, ਬਹਿਸ਼ਤ, ਸਚਖੰਡ ਨਿਵਾਸ, 84 ਲੱਖ ਜੂਨਾਂ ਦੇ ਗੇੜ ਤੋਂ ਮੁਕਤੀ ਜਾਂ ਵਿਛੜੀ ਆਤਮਾ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ਨ ਵਾਲੀਆਂ ਬ੍ਰਾਹਮਣਵਾਦੀ ਮੰਗਾਂ ਨੂੰ ਛੱਡਕੇ, ਮਨੁੱਖਤਾ ਨੂੰ ਕਰਮਕਾਂਡਾਂ, ਵਹਿਮਾਂ-ਭਰਮਾਂ ਆਦਿ ਤੋਂ ਮੁਕਤ ਹੋ ਸਕਣ ਲਈ ਸੁਮੱਤ ਅਤੇ ਸਮਰੱਥਾ ਮੰਗੀ ਜਾਵੇ।

5. ਮੇਰੇ ਪਿੱਛੋਂ ਮੰਜਾ, ਬਿਸਤਰਾ, ਭਾਂਡੇ, ਬਸਤਰ ਆਦਿ ਕੁੱਝ ਵੀ ਦਾਨ ਨਾ ਕੀਤਾ ਜਾਵੇ। ਮੇਰੇ ਵਾਸਤੇ ਕੋਈ ਸ਼ਰਧਾਂਜਲੀ ਸਮਾਗਮ ਖਾਸਕਰ ਗੁਰੂ ਗ੍ਰੰਥ ਸਹਿਬ ਜੀ ਦੀ ਹਜੂਰੀ ਵਿੱਚ ਬਿਲਕੁੱਲ ਨਾ ਕੀਤਾ ਜਾਵੇ। ਭੋਗ ਦੀ ਰਸਮ ਦੀ ਥਾਂ, ਕੇਵਲ ਗੁਰਮਤਿ ਸਮਾਗਮ ਹੀ ਕੀਤਾ ਜਾਵੇ। ਜਿਸ ਵਿੱਚ ਸੁਚੇਤ ਗੁਰਸਿੱਖਾਂ ਵਲੋਂ ਗੁਰਬਾਣੀ ਕੀਰਤਨ ਦੇ ਨਾਲ-ਨਾਲ ਸ਼ਬਦ ਵੀਚਾਰ ਅਤੇ ਲੈਕਚਰਾਂ ਨੂੰ ਹੀ ਪ੍ਰਮੁੱਖਤਾ ਦਿਤੀ ਜਾਵੇ, ਜਿਸ ਨਾਲ ਕੌਮ ਵਿੱਚ ਕੁੱਝ ਜਾਗ੍ਰਤੀ ਆ ਸਕੇ। ਮੇਰੀ ਫੋਟੋ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਹਜ਼ੂਰੀ ਵਿੱਚ ਬਿਲਕੁਲ ਨਾ ਰੱਖੀ ਜਾਵੇ।

6. ਇਹ ਗੁਰਮਤਿ ਸਮਾਗਮ ਸੱਚਮੁੱਚ ਹੀ ਅੰਤਿਮ ਹੋਵੇ। ਜਿਸ ਤੋਂ ਬਾਅਦ ਵਰ੍ਹੀਣਾ, ਬਰਸੀ, ਚੌਬਰਸੀ, ਆਦਿ ਦੇ ਨਾਂ ਤੇ ਕੁੱਝ ਵੀ ਨਾ ਕੀਤਾ ਜਾਵੇ। ਹਰ ਸਾਲ ਸ਼ਰਾਧਾਂ ਵਿੱਚ ਮੇਰੇ ਨਾਂ ਉੱਤੇ ਪੰਡਤਾਂ ਦੀ ਥਾਂ ਭਾਈ ਜੀ (ਪਗੜੀਧਾਰੀ ਪੰਡਿਤ) ਬੁਲਾ ਦੇ ਕੋਈ ਸ਼ਰਾਧ ਵਗੈਰਹ ਬਿਲਕੁੱਲ ਨਾ ਕੀਤਾ ਜਾਵੇ।

ਆਸ ਹੈ ਕਿ ਮੇਰੇ ਰਿਸ਼ਤੇਦਾਰ ਅਤੇ ਦੋਸਤ ਮੇਰੀ ਇਸ ਵਸੀਅਤ ਉੱਤੇ ਪੂਰੀ ਤਰਾਂ ਅਮਲ ਕਰਕੇ ਇਹ ਸਾਬਿਤ ਕਰ ਦੇਣਗੇ ਕਿ ਉਹ ਸਚਮੁੱਚ ਹੀ ਮੇਰੇ ਨਾਲ ਪਿਆਰ ਕਰਦੇ ਸਨ, ਨਾ ਕਿ ਸਿਰਫ ਦਿਖਾਵੇ ਲਈ ‘ਲੋਕ ਕੀ ਕਹਿਣਗੇ’ ਦੇ ਡਰ ਕਾਰਨ ਪ੍ਰਚਲਿਤ ਕਰਮਕਾਂਡਾਂ ਨੂੰ ਹੀ ਜਾਰੀ ਰਖਣਗੇ। ਇਸ ਤਰ੍ਹਾਂ ਮੇਰੀ ਗੁਰਮਤਿ ਅਨੁਸਾਰ ਜੀਉਣ ਦੀ ਸੱਧਰ ਮੇਰੇ ਮਰਨ ਤੋਂ ਬਾਅਦ ਵੀ ਪੂਰੀ ਹੋ ਸਕੇਗੀ। ਸਤਿਗੁਰੁ ਰਹਿਮਤ ਕਰਨ ਕਿ ਸਾਨੂੰ ਸਾਰਿਆਂ ਨੂੰ ਬਿਬੇਕ ਬੁੱਧੀ ਪ੍ਰਾਪਤ ਹੋਵੇ ਤਾਂ ਕਿ ਅਸੀਂ ਸਾਰੇ ਬ੍ਰਾਹਮਣਵਾਦੀ ਕਰਮਕਾਂਡਾਂ, ਵਹਿਮਾਂ-ਭਰਮਾਂ ਤੋਂ ਮੁਕਤਿ ਹੋ ਕੇ, ਸਹੀ ਮਾਇਨੇ ਵਿੱਚ ਨਾਨਕ ਪਾਤਸ਼ਾਹ ਜੀ ਦੇ ਸਿੱਖ ਬਣ ਸਕੀਏ।

ਮਿਤੀ: ------------------ਦਸਤਖਤ ----------------------------

ਨੋਟ: ਜਿਹੜੇ ਵੀਰਾਂ/ਭੈਣਾਂ ਨੂੰ ਇਹ ਵਸੀਅਤ ਠੀਕ ਲਗੇ, ਉਹਨਾਂ ਨੂੰ ਬੇਨਤੀ ਹੈ ਕਿ ਉਹ ਇਸ ਵਸੀਅਤ ਨੂੰ ਵੱਡੇ ਅਤੇ ਆਕਰਸ਼ਕ ਰੂਪ ਵਿੱਚ ਛਪਵਾ ਕੇ, ਅਪਣੇ ਡਰਾਇੰਗ ਰੂਮ ਵਿੱਚ ਰੱਖਣ ਤਾਂ ਕਿ ਹੋਰ ਵੀ ਇਸ ਤੋਂ ਪ੍ਰੇਰਣਾ ਲੈ ਸਕਣ।

ਨਿਸ਼ਕਾਮ ਨਿਮਰਤਾ ਸਹਿਤ,

ਨਿਰੋਲ ਨਾਨਕ ਫਲਸਫੇ ਦੀ ਰਾਹ `ਤੇ

‘ਤੱਤ ਗੁਰਮਤਿ ਪਰਵਾਰ’




.