ਹਰਿਮੰਦਰ ਦੇ
ਬੇਅਦਬੀ ਦਾ ਬਦਲਾ ਲੈਣ ਵਾਲਾ ਸਿਦਕੀ ਯੋਧੇ ਸ਼ਹੀਦ ਬਾਬਾ ਦੀਪ ਸਿੰਘ ਜੀ
ਐਸਾ ਪ੍ਰਤੀ ਹੁੰਦਾ ਹੈ ਕਿ ਅੱਜ ਅਸੀਂ ਹੀ ਅਬਦਾਲੀ ਬਣ ਕੇ ਗੁਰ ਸਿਧਾਂਤਾਂ ਦਾ ਮਲੀਆਮੇਟ ਕਰ ਰਹੇ
ਹਾਂ
13 ਨਵੰਬਰ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼………………
-ਇਕਵਾਕ ਸਿੰਘ
ਪੱਟੀ
ਆਪ ਜੀ ਦਾ ਜਨਮ 14 ਮਾਘ ਸੰਮਤ
1739 (ਜਨਵਰੀ 1682 ਈ: ) ਭਾਈ ਭਗਤਾ ਦੇ ਗ੍ਰਹਿ ਪਹੂਵਿੰਡ, ਜਿਲ੍ਹਾ ਅੰਮ੍ਰਿਤਸਰ ਵਿਖੇ ਮਾਤਾ
ਜਿਊਣੀ ਦੀ ਕੁੱਖੋਂ ਹੋਇਆ ਸੀ। ਬਚਪਨ ਵਿੱਚ ਆਪ ਜੀ ਦਾ ਨਾਮ ਦੀਪਾ ਸੀ। ਜੋ ਅੰਮ੍ਰਿਤਪਾਨ ਕਰਨ ਮਗਰੋਂ
ਦੀਪ ਸਿੰਘ ਹੋਇਆ। ਭਾਈ ਮਨੀ ਸਿੰਘ ਜੀ ਪਾਸੋਂ ਗੁਰੂ ਗੋਬਿੰਦ ਸਿੰਘ ਜੀ ਦੀ ਛਤਰ ਛਾਇਆ ਹੇਠ ਆਪ ਜੀ
ਨੇ ਗੁਰਮਤਿ ਗਿਆਨ ਹਾਸਲ ਕੀਤਾ। ਗੁਰੂ ਸਾਹਿਬ ਜੀ ਨੇ ਆਪ ਜੀ ਦੀ ਸੇਵਾ ਦਮਦਮਾ ਸਾਹਿਬ ਵਿਖੇ ਭਾਈ
ਮਨੀ ਸਿੰਘ ਜੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੇ ਉਤਾਰੇ ਲਈ ਲਗਾਈ ਸੀ। ਆਪ ਜੀ ਇੱਕ
ਸੂਰਬੀਰ ਯੋਧੇ ਸਨ।
ਗੱਲ ਸੰਨ 1756 ਈ: ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਤੇ ਚੌਥਾ ਹਮਲਾ ਕੀਤਾ। ਹਿੰਦੁਸਤਾਨ
ਦੇ ਵੱਖ-ਵੱਖ ਹਿੱਸਿਆਂ ਵਿੱਚ ਲੁੱਟਮਾਰ ਕਰਦਾ ਹੋਇਆ ਵਾਪਸ ਆਪਣੇ ਦੇਸ਼ ਪਰਤਣ ਸਮੇਂ ਉਸ ਕੋਲ ਹਜ਼ਾਰਾਂ
ਪਸ਼ੂਆਂ ਤੇ ਲੱਦਿਆ ਸੋਨਾ, ਚਾਂਦੀ ਅਤੇ ਹੋਰ ਕੀਮਤੀ ਸਾਜੋ-ਸਮਾਨ ਦੇ ਨਾਲ ਹਾਜ਼ਾਰਾਂ ਹਿੰਦੂ ਅਤੇ
ਮੁਸਲਮਾਨ ਨੌਜਵਾਨ ਵਿਆਹੀਆਂ ਅਤੇ ਕੁਆਰੀਆਂ ਇਸਤਰੀਆਂ ਨੂੰ ਕੈਦੀ ਬਣਾ ਕੇ ਆਪਣੇ ਦੇਸ਼ ਵਾਸੀਆਂ ਦੇ ਮਨ
ਪਰਚਾਵੇ ਲਈ ਗੁਲਾਮ ਬਣਾ ਲੇ ਲਿਜਾ ਰਿਹਾ ਸੀ। ਇਸਦੀ ਖਬਰ ਜਦ ਖਾਲਸੇ ਕੋਲ ਪੁੱਜੀ ਤਾਂ ਇਹ ਫੈਂਸਲਾ
ਹੋਇਆ ਕਿ ਅਬਦਾਲੀ ਕੋਲੋਂ ਦੇਸ਼ ਦੀ ਧੰਨ-ਦੌਲਤ ਦੇ ਨਾਲ ਇੱਥੋਂ ਦੀ ਇੱਜ਼ਤ (ਬਹੂ-ਬੇਟੀਆਂ) ਨੂੰ ਹਰ
ਹੀਲੇ ਛੁਡਵਾ ਕੇ ਆਜ਼ਾਦ ਕਰਵਾਉਣਾ ਹੈ। ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਜਬਰਦਸਤ
ਹੱਲਾ ਅਬਦਾਲੀ ਉੱਤੇ ਕੀਤਾ ਗਿਆ ਅਤੇ ਸਿੱਟੇ ਵੱਜੋਂ ਸਾਰਾ ਕੀਮਤੀ ਸਾਮਾਨ ਅਤੇ ਹਿਦੁਸਤਾਨੀ
ਮੁਟਿਆਰਾਂ ਨੂੰ ਜਾਲਮਾਂ ਦੀ ਕੈਦ ਵਿੱਚੋਂ ਛੁਡਵਾ ਕੇ ਆਜ਼ਾਦ ਕਰਵਾਇਆ। ਜਿਸ ਵਿੱਚ ਲਗਭਗ 300 ਭਾਰਤੀ
ਬੀਬੀਆਂ, 100 ਲੜਕੇ ਦੁਰਾਨੀ ਦੀ ਕੈਦ ਵਿੱਚੋਂ ਛੁਡਵਾਏ। ਅਗਲੇ ਹਮਲੇ ਵਿੱਚ ਸਿੰਘਾਂ ਨੇ ਅਬਦਾਲੀ
ਪਾਸੋਂ 2200 ਬੀਬੀਆਂ ਛੁਡਵਾਈਆਂ ਸਨ। ਉਸ ਸਮੇਂ ਕੋਈ ਮਰਹੱਟਾ, ਰੁਹੇਲਾ ਜਾਂ ਰਾਜਪੂਤ ਇਹਨਾਂ ਦੀ
ਮੱਦਦ ਤੇ ਨਹੀਂ ਪੁੱਜਾ ਸੀ। ਸਿੰਘਾਂ ਨੇ ਬੀਬੀਆਂ ਨੂੰ ਆਜ਼ਾਦ ਕਰਵਾਉਣ ਤੋਂ ਬਾਅਦ ਬੜੀ ਹਿਫਾਜ਼ਤ ਨਾਲ
ਸਾਰੀਆਂ ਬੀਬੀਆਂ ਨੂੰ ਉਹਨਾਂ ਦੇ ਘਰੋ-ਘਰੀ ਪਹੁੰਚਾਇਆ। ਉਹ ਬੀਬੀਆਂ ਹਿੰਦੂ ਸਨ ਜਾਂ ਮੁਸਲਮਾਨ ਜਾਂ
ਕਿਸੇ ਹੋਰ ਮਤ, ਮਜਹਬ ਨਾਲ ਸਬੰਧਿਤ ਸਨ, ਇਸ ਗੱਲ ਦਾ ਖਿਆਲ ਨਹੀ ਰੱਖਿਆ ਗਿਆ ਸੀ। ਬਸ ਮਾਨਵਤਾ ਦੀ
ਭਲਾਈ ਹੇਠ ਸਾਰਾ ਕਾਰਜ ਹੋਇਆ ਸੀ। ਉਦੋਂ ਇਹ ਕਹਾਵਤਾਂ ਮਸ਼ਹੂਰ ਹੋ ਚੁੱਕੀਆਂ ਸਨ ਕਿ “ਮੋੜੀਂ ਬਾਬਾ
ਕੱਛ ਵਾਲਿਆ, ਛਈ! ਰੰਨ ਗਈ, ਰੰਨ ਬਸਰੇ ਨੂੰ ਗਈ।”
ਇਸ ਹਮਲਿਆਂ ਤੋਂ ਬਾਅਦ ਵਾਪਿਸ ਜਾਂਦਾ ਅਬਦਾਲੀ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ
ਅਤੇ ਜਹਾਨ ਖਾਨ ਨੂੰ ਸੈਨਾਪਤੀ ਬਣਾ ਕੇ ਐਲਾਨ ਕਰ ਗਿਆ ਕਿ ਸਿੱਖਾਂ ਦੇ ਸ਼ਹਿਰ ਅੰਮਿਰਤਸਰ ਨੂੰ ਢਹਿ
ਢੇਰੀ ਅਤੇ ਸਰੋਵਰ ਨੂੰ ਪੂਰ ਦਿੱਤਾ ਜਾਵੇ। ਇਸੇ ਹੁਕਮ ਤਹਿਤ ਜਹਾਨ ਖਾਨ ਭਾਰੀ ਫੌਜ ਨਾਲ ਸ੍ਰੀ
ਹਰਮੰਦਿਰ ਸਾਹਿਬ ਤੇ ਹਮਲਾਵਰ ਹੋਇਆ ਉਸ ਸਮੇਂ ਬਾਬਾ ਗੁਰਬਖਸ਼ ਸਿੰਘ ਜੀ (ਲੀਲ੍ਹ ਪਿੰਡ) ਵਾਲਿਆਂ ਨੇ
ਆਪਣੇ 30 ਕੁ ਦੇ ਕਰੀਬ ਸਾਥੀਆਂ ਨਾਲ ਡੱਟ ਕੇ ਮੁਕਾਬਲਾ ਕੀਤਾ ਅਤੇ ਸ਼ਹਾਦਤ ਪ੍ਰਾਪਤ ਕੀਤੀ। ਜਹਾਨ
ਖਾਨ ਨੇ ਮਨਮਾਨੀ ਕਰਦਿਆਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਅਤੇ ਅੰਮਿਰਤ ਸਰੋਵਰ ਦੀ ਬੇਅਦਬੀ
ਕੀਤੀ ਅਤੇ ਸਮੁੱਚੀ ਇਮਾਰਤ ਦੇ ਆਲੇ –ਦੁਆਲੇ ਸਖਤ ਪਹਿਰਾ ਲਗਾ ਕੇ ਵਾਪਸ ਮੁੜ ਗਿਆ।
ਇਸ ਘਟਨਾ ਦੀ ਖਬਰ ਸ੍ਰੀ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ ਵਿਖੇ ਪੁੱਜੀ। ਬਾਬਾ ਦੀਪ ਸਿੰਘ ਜੀ
ਸਮੇਤ ਸਿੱਖਾਂ ਦੇ ਅੰਦਰ ਭਾਂਬੜ ਬਲ ਗਏ। ਸਿੰਘ ਇਕੱਤਰ ਕੀਤੇ ਗਏ, ਅਤੇ ਬਾਬਾ ਜੀ ਨੇ ਐਲਾਨ ਕਰ
ਦਿੱਤਾ “ਜਾਲਮਾਂ ਨੇ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਅੰਮ੍ਰਿਤ ਸਰੋਵਰ ਦੀ
ਬੇਅਦਬੀ ਕੀਤੀ ਹੈ, ਸਿੰਘੋ! ਅਸੀਂ ਇਸ ਕਾਰੇ ਦਾ ਹਿਸਾਬ ਜਾਲਮਾਂ ਕੋਲੋਂ ਲੈਣਾ ਹੈ। ਮੌਤ ਲਾੜੀ ਨੂੰ
ਵਿਆਹੁਣਾ ਹੈ, ਸ਼ਹੀਦਾਂ ਦੀ ਜੰਝ ਚੜੇਗੀ। ਜਿਹਨੇ ਆਪਾ ਵਾਰਨਾ ਹੈ ਤਿਆਰ ਹੋ ਜਾਵੋ ਅਤੇ ਗੁਰੂ ਦੀਆਂ
ਖੁਸ਼ੀਆਂ ਪ੍ਰਾਪਤ ਕਰੋ।” ਇਸ ਖਬਰ ਨੇ ਸਿੰਘਾਂ ਦੇ ਸੀਨੇ ਚੀਰ ਦਿੱਤੇ। ਤਿਆਰੀ ਸ਼ੁਰੂ ਹੋ ਗਈ, ਘੋੜਿਆਂ
ਤੇ ਕਾਠੀਆਂ ਪਈਆਂ, ਕ੍ਰਿਪਾਨਾ, ਖੰਡੇ, ਨੇਜ਼ੇ, ਢਾਲਾਂ ਸਾਂਭੀਆਂ ਗਈਆਂ ਅਤੇ ਘੋੜਿਆਂ ਨੂੰ ਅੱਢੀਆਂ
ਲਗਾ ਕੇ ਬਾਬਾ ਦੀਪ ਸਿੰਘ ਜੀ ਦੇ ਜਥੇ ਵਿੱਚ ਸਿੱਖ ਸ਼ਾਮਿਲ ਹੋਏ। ਲੋਕ ਹੇਰਾਨ ਹੋ ਰਹੇ ਸਨ ਕਿ ਇਹ
ਸਿੰਘ ਪਤਾ ਨਹੀਂ ਕਿਸੇ ਮਿੱਟੀ ਦੇ ਬਣੇ ਹੋਏ ਹਨ, ਦੂਜੇ ਪਾਸੇ ਸਿੰਘ ਇਹ ਗੱਲਾਂ ਪਏ ਕਰਦੇ ਸਨ, ਕਿ
ਇੱਕ ਦਿਨ ਤਾਂ ਮਰਨਾ ਹੀ ਹੈ, ਫਿਰ ਕਿਉਂ ਨਾ ਅੱਜ ਸਿੱਖੀ ਸਿਧਾਂਤਾਂ ਅਤੇ ਕੌਮੀ ਆਣ-ਸ਼ਾਨ ਲਈ ਮਰੀਏ।
ਬਾਬਾ ਦੀਪ ਸਿੰਘ ਜੀ ਨੇ ਇੱਕ ਲਕੀਰ ਖਿੱਚ ਦਿਤੀ ਤੇ ਐਲਾਨ ਕਰ ਦਿੱਤਾ ਕਿ ਉਹੀ ਸਿੰਘ ਲਕੀਰ ਪਾਰ
ਕਰੇ, ਜਿਹਨੈ ਧਰਮ ਤੋਂ ਜਾਨ ਵਾਰਨੀ ਹੈ ਅਤੇ ਯੁੱਧ ਵਿੱਚ ਪਿੱਠ ਨਾ ਵਿਖਾ ਕੇ ਸ਼ਹਾਦਤ ਪੀਣੀ ਹੈ।”
ਬਾਬਾ ਦੀਪ ਸਿੰਘ ਜੀ ਦੀ ਇਹ ਲਲਕਾਰ ਸੁਣ ਕੇ ਸਾਰੇ ਸਿੰਘ ਬਾਬਾ ਜੀ ਦੀ ਅਗਵਾਈ ਹੇਠ ਅੰਮ੍ਰਿਤਸਰ ਨੂੰ
ਤੁਰ ਪਏ ਜੋ 500 ਦੀ ਗਿਣਤੀ ਵਿੱਚ ਤੁਰੇ ਸਿੱਖਾਂ ਦਾ ਜੱਥਾ ਤਰਨ ਤਾਰਨ ਸਾਹਿਬ ਤੱਕ ਪੁਜਣ ਵੇਲੇ
5000 ਤੱਕ ਦੀ ਗਿਣਤੀ ਦਾ ਹੋ ਚੁੱਕਿਆ ਸੀ।
ਜਹਾਨ ਖਾਨ ਨੂੰ ਇਹ ਖਬਰ ਸੁਨਣ ਉਪਰੰਤ ਹੱਥਾਂ ਪੈਰਾਂ ਦੀ ਪੈ ਗਈ, ਉਹ ਆਪਣੀ 20, 000 ਦੀ ਫ਼ੌਜ ਲੈ
ਕੇ ਮੁਕਾਬਲੇ ਲਈ ਆ ਡਟਿਆ ਅਤੇ ਅੰਮ੍ਰਿਤਸਰ ਤੋਂ 5 ਕੁ ਮੀਲ ਦੀ ਵਿੱਥ ਤੇ ਘਮਸਾਨ ਦਾ ਯੁੱਧ ਹੋਇਆ।
ਸਿੰਘਾਂ ਦੇ ਖੰਡੇ ਅੱਗੇ ਜਹਾਨ ਖਾਂ ਦੀਆਂ ਫੋਜਾਂ ਵਿੱਚ ਭਗਦੜ ਮੱਚ ਗਈ। ਇੰਨੇ ਨੂੰ ਜਰਨੈਲ ਅਤਾਈ
ਖਾਨ ਹੋਰ ਫੋਜ਼ ਲੈ ਕੇ ਪੁਜ ਗਿਆ। ਬਾਬਾ ਦੀਪ ਸਿੰਘ ਜੀ ਹਾਜ਼ਰਾਂ ਫੱਟ ਸਰੀਰ ਤੇ ਖਾ ਕੇ ਵੀ 18 ਸੇਰ
ਦਾ ਖੰਡਾ ਖੜਕਾਉਂਦੇ ਹੋਏ ਦੁਸ਼ਮਣ ਦਲਾਂ ਦੇ ਆਹੂ ਲਾ ਰਹੇ ਸਨ ਕਿ ਅਚਾਨਕ ਇੱਕ ਫੱਟ ਆਪ ਜੀ ਦੀ ਗਰਦਨ
`ਤੇ ਜਾ ਲੱਗਾ ਬਾਬਾ ਜੀ ਦਾ ਸਿਰ ਇੱਕ ਪਾਸੇ ਨੂੰ ਉਲਰ ਗਿਆ (ਵੱਖ ਨਹੀਂ ਹੋਇਆ) ਬਾਬਾ ਜੀ ਨੇ ਇੱਕ
ਹੱਥ ਨਾਲ ਆਪਣੇ ਸੀਸ ਨੂੰ ਸਹਾਰਾ ਦਿੱਤਾ ਅਤੇ ਲੜਦੇ ਹੋਏ ਗੁ. ਰਾਮਸਾਰ ਸਾਹਿਬ ਸਰੋਵਰ ਦੇ ਕੰਢੇ ਤੇ
ਪ੍ਰਾਣ ਤਿਆਗੇ। ਅੱਜ ਉੱਥੇ ਗ. ਸ਼ਹੀਦ ਗੰਜ ਸੁਸ਼ੋਭਿਤ ਹੈ। ਇਸ ਤਰਾਂ ਬਾਬਾ ਜੀ ਨੇ ਪਵਿੱਤਰ ਹਰਮੰਦਰ
ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੇ ਆਹੂ ਲਾਹੁੰਦਿਆਂ ਦੱਸ ਦਿੱਤਾ ਕਿ ਸਿੱਖਾਂ ਦੇ ਕੇਂਦਰੀ ਅਸਥਾਨ
ਦੀ ਬੇਅਦਬੀ ਦਾ ਬਦਲਾ ਲੈ ਕੇ ਹੀ ਰਹਿੰਦੇ ਹਨ।
ਸੋ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਹੋਇਆਂ ਮੈਂ ਸਮੂਹ ਸਿੱਖਾਂ ਦਾ ਧਿਆਨ ਇਸ ਗੱਲ ਵੱਲ
ਜ਼ਰੂਰ ਦਿਵਾਉਣਾ ਚਾਹੁੰਦਾ ਹਾਂ ਕਿ ਬਾਬਾ ਦੀਪ ਸਿੰਘ ਜੀ ਦੇ ਮਨ ਅੰਦਰ ਸਿੱਖੀ ਪ੍ਰਤੀ ਕਿੰਨਾ ਜਜ਼ਬਾ
ਸੀ ਇਸ ਬਾਰੇ ਉਹਨਾਂ ਦਾ ਜੀਵਣ ਪੜ੍ਹ ਕੇ ਸਹਿਜੇ ਹੀ ਪਤਾ ਲੱਗ ਜਾਂਦਾ ਹੈ, ਆਪ ਜੀ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੇ ਉਤਾਰੇ ਵੀ ਕਰਦੇ ਰਹੇ ਸਨ ਆਪਾਂ ਸੱਭ ਤੇ ਉੱਪਰ ਪੜਿਆ ਹੈ,
ਗੁਰਬਾਣੀ ਦਾ ਗਿਆਨ ਉਹਨਾਂ ਦੇ ਹਿਰਦੇ ਵਿੱਚ ਵੱਸਿਆਂ ਹੋਇਆ ਸੀ ਅਤੇ ਆਪ ਜੀ ਨੇ ਗੁਰਬਾਣੀ ਸਿਧਾਂਤਾਂ
ਨੂੰ ਪੜ੍ਹ, ਸਮਝ ਕੇ ਆਪਣੇ ਅਮਲੀ ਜੀਵਣ ਵਿੱਚ ਲਾਗੂ ਕੀਤਾ ਸੀ। ਆਪ ਜੀ ਦੇ ਗੁਰਦੁਆਰਾ ਸਾਹਿਬ ਵਿੱਚ
ਕੀਤੀ ਗਈ ਗੁਰਮਤਿ, ਗੁਰੂ ਸਾਹਿਬ ਦੀ ਅਤੇ ਪਵਿੱਤਰ ਇਮਾਰਤ ਦੀ ਬੇਅਦਬੀ ਦਾ ਬਦਲਾ ਲਿਆ ਸੀ ਪਰ ਅੱਜ
ਸਿਰਫ ਇਹੀ ਕਹਾਂਗਾ ਕਿ ਕਿ ਆਪਣੇ ਮਨਾਂ ਅੰਦਰ ਝਾਤ ਮਾਰਨ ਤੋਂ ਬਆਦ ਇੱਕ ਵਾਰ ਗੁ. ਸ਼ਹੀਦ ਗੰਜ
ਅੰਮਿਰਤਸਰ ਵੀ ਜਾ ਆਉਣਾ ਫਿਰ ਦੱਸਣਾ ਕਿ ਅੱਜ ਵੀ ਉਹੀ ਬੇਅਦਬੀ ਮੁੜ ਤਾਂ ਨਹੀਂ ਹੋ ਰਹੀ? ਕਿਉਂਕਿ
ਐਸਾ ਪ੍ਰਤੀ ਹੁੰਦਾ ਹੈ ਕਿ (ਅਬਦਾਲੀ ਨੇ ਤਾਂ ਸਿੱਖਾਂ ਨੂੰ ਬਾਹਰੀ ਨੁਕਸਾਨ ਪਹੁੰਚਾਇਆ ਸੀ ਅਤੇ
ਇਮਾਰਤਾਂ ਢਹਿ ਢੇਰੀ ਕੀਤੀਆਂ ਸਨ, ਜੋ ਕੌਮ ਨੇ ਮੁੜ ਉਸਾਰ ਲਈਆਂ ਸਨ) ਅੱਜ ਅਸੀਂ ਹੀ ਅਬਦਾਲੀ ਬਣ ਕੇ
ਗੁਰ ਸਿਧਾਂਤਾਂ ਦਾ ਮਲੀਆਮੇਟ ਕਰ ਰਹੇ ਹਾਂ। ਅੱਜ ਅਸੀਂ ਗੁ. ਸ਼ਹੀਦ ਗੰਜ ਦੇ ਬਾਹਰ ਹਰਿਦੁਆਰ ਬਣਾ
ਛੱਡਿਆ ਹੈ। ਜੋਤਾਂ ਜਗ ਰਹੀਆਂ ਹਨ, ਸ਼ਰਧਾ ਅਤੇ ਅਗਿਆਨਤਾ ਵੱਸ ਉੱਥੇ ਲੰਮੀਆਂ-2 ਕਤਾਰਾਂ ਲਾਈ ਖੜੇ
ਅਸੀਂ ਗੁਰੂਬਾਣੀ ਸਮਝਣ ਦੀ ਥਾਂ ਤੇ ਬ੍ਰਹਾਮਣੀ ਕਰਮਕਾਂਢਾ ਨੂੰ ਪਹਿਲ ਦੇ ਰਹੇ ਹਾਂ। ਠੇਕੇ ਤੇ
ਅੰਡਪਾਠ ਚੱਲ ਰਹੇ ਹਨ, ਗੁਰਮਤਿ ਤੋਂ ਉਲਟ ਗਿਣਤੀਆਂ-ਮਿਣਤੀਆਂ ਦੇ ਪਾਠ ਵੱਡੇ ਪੱਧਰ ਤੇ ਉਸ ਪਵਿੱਤਰ
ਅਸਥਾਨ ਤੇ ਕਰਵਾ ਕੇ ਗੁਰਮਤਿ ਸਿਧਾਤਾਂ ਦੀ ਉਲੰਘਣਾ ਹੋ ਰਹੀ ਹੈ। ਦੁਪਹਿਰੇ ਅਤੇ ਚੁਪਿਹਰਿਆਂ ਦੀ
ਨਵੀ ਪਰਪਾਟੀ ਨੇ ਕੌਮ ਨੂੰ ਬਿਪਰਵਾਦੀ ਬਣ ਛੱਡਿਆ ਹੈ। ਇਸ ਸੱਭ ਵਿਰੁੱਧ ਮੂੰਹ ਖ੍ਹੋਲਣ ਦੀ ਹਿੰਮਤ
ਕਦੇ ਵੀ ਕਿਸੇ ਜਥੇਬੰਦੀ ਨੇ ਨਹੀਂ ਕੀਤੀ, ਜਦ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਵਾਣਿਤ
ਰਹਿਤ ਮਰਿਯਾਦਾ ਵਿੱਚ ਸਪੱਸ਼ਟ ਲਿਖਿਆ ਹੈ ਕਿ ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟੱਲ ਖੜਾਕਾਉਣੇ ਆਦਿ
ਕਰਮ ਗੁਰਮਤਿ ਅਨੁਸਾਰ ਨਹੀਂ ਹਨ। ਸੋ ਲੋੜ ਹੈ ਕਿ ਅੱਜ ਉਹਨਾਂ ਦੇ ਪਾਵਨ ਅਸਥਾਨ ਤੇ ਵੀ ਅਸੀਂ
ਗੁਰਮਤਿ ਲਾਗੂ ਕਰੀਏ ਅਤੇ ਉਹਨਾਂ ਦੇ ਜੀਵਣ ਤੋਂ ਸੇਧ ਲਈਏ। ਗੁਰੂ ਭਲੀ ਕਰੇ।
-ਇਕਵਾਕ ਸਿੰਘ ਪੱਟੀ
ਜੋਧ ਨਗਰ, ਸੁਲਤਾਨਵਿੰਡ ਰੋਡ,
ਅੰਮ੍ਰਿਤਸਰ। ਮੋ. 98150-24920