ਗੁਰਬਾਣੀ ਦਾ ਸੱਚ
(ਕਿਸ਼ਤ ਨੰ: 05)
ਸੋ, ਜੇਹੜੇ ਵੀਰ/ਭੈਣ ਪੁਰਾਣਿਕ ਕਥਾਵਾਂ/ਹਵਾਲਿਆਂ ਬਾਰੇ ਇਹ ਸੋਚਦੇ ਹਨ ਕਿ
ਇਨ੍ਹਾਂ ਨੂੰ ਗੁਰਬਾਣੀ ਦੇ ਬਾਣੀਕਾਰਾਂ ਨੇ ਸੱਚ ਮੰਨਿਆ ਹੈ, ਜੇਕਰ ਉਹ ਇਸ ਸ਼ਬਦ
(ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ
ਮੰਗਿ ਮੰਗਿ ਖਾਹੀ) ਵਿੱਚ ਦਰਸਾਈਆਂ/ਬਿਆਨੀਆਂ
ਗੱਲਾਂ ਨੂੰ ਧਿਆਨ ਨਾਲ ਪੜ੍ਹਨ/ਵਿਚਾਰਨਗੇ ਤਾਂ ਜ਼ਰੂਰ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਵਲੋਂ
ਇਨ੍ਹਾਂ (ਪੁਰਾਣ ਕਥਾਵਾਂ) ਦੀ ਵਰਤੋਂ ਦੇ ਮਨੋਰਥ ਨੂੰ ਸਮਝ ਕੇ ਗੁਰਬਾਣੀ ਦੇ ਸੱਚ ਦੀ ਨਿਸ਼ਾਨ ਦੇਹੀ
ਕਰਕੇ, ਗੁਰਬਾਣੀ ਦੇ ਤਤਸਾਰ ਨੂੰ ਹੀ ਗੁਰਬਾਣੀ ਦਾ ਸੱਚ ਕਬੂਲਣਗੇ।
ਜਿੱਥੇ ਇੱਕ ਪਾਸੇ ਕੁੱਝ ਵਿਦਵਾਨ ਪੁਰਾਣਿਕ ਹਵਾਲਿਆਂ ਨੂੰ ਵੀ ਬਾਣੀ ਦੇ ਸੱਚ
ਦਾ ਅੰਗ ਸਮਝਦੇ ਹਨ, ਉੱਥੇ ਦੂਜੇ ਪਾਸੇ ਕਈ ਵਿਦਵਾਨ ਗੁਰੂ ਗ੍ਰੰਥ ਸਾਹਿਬ ਵਿੱਚ ਮਿਥਿਹਾਸਕ ਪਾਤਰਾਂ
ਦੇ ਹਵਾਲਿਆਂ ਦੇ ਅਰਥ ਪੁਰਾਣ ਸਾਹਿਤ ਵਿੱਚ ਵਰਣਿਤ ਅਰਥਾਂ ਵਿੱਚ ਲੈਣ ਦੀ ਥਾਂ ਉਨ੍ਹਾਂ ਦੇ ਅੰਤਰੀਵ
ਜਾਂ ਪ੍ਰਚਲਤ ਅਰਥਾਂ ਤੋਂ ਭਿੰਨ ਅਰਥ ਕਰਦੇ ਹਨ। ਇਸ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਹਨ ਕਿ ਇਸ
ਤਰ੍ਹਾਂ ਦੀ ਸੋਚ ਰੱਖਣ ਵਾਲੇ ਵਿਦਵਾਨ ਗੁਰਮਤਿ ਦੀ ਨਿਰੋਲ ਵਿਚਾਰਧਾਰਾ ਨੂੰ ਹੀ ਪ੍ਰਚਾਰਨ `ਚ
ਵਿਸ਼ਵਾਸ ਰੱਖਦੇ ਹਨ। ਪਰੰਤੂ ਗੁਰਬਾਣੀ ਦੇ ਭਾਵ - ਅਰਥ ਦਰਸਾਉਂਣ ਸਮੇਂ ਕੋਸ਼, ਵਿਆਕਰਣ ਅਤੇ ਪ੍ਰਕਰਣ
ਨੂੰ ਨਜ਼ਰ-ਅੰਦਾਜ਼ ਕਰ ਦੇਣ ਨਾਲ ਉਨ੍ਹਾਂ ਸੱਜਣਾਂ ਨੂੰ ਠੱਲ ਪਾਉਣੀ ਮੁਸ਼ਕਲ ਹੋ ਜਾਵੇਗੀ, ਜੇਹੜੇ ਬਾਣੀ
ਦੇ ਅਰਥ ਕਰਨ ਸਮੇਂ ਕੋਸ਼, ਵਿਆਕਰਣ, ਪ੍ਰਕਰਣ ਆਦਿ ਨੂੰ ਬਿਲਕੁਲ ਹੀ ਧਿਆਨ ਵਿੱਚ ਨਹੀਂ ਰੱਖਦੇ। ਇਤਨਾ
ਹੀ ਨਹੀਂ, ਇਹ ਵੀ ਕਹਿੰਦੇ ਹਨ ਕਿ ਧੁਰ ਕੀ ਬਾਣੀ ਨੂੰ, ਕਿਸੇ ਤਰ੍ਹਾਂ ਦੇ ਵਿਆਕਰਣ ਆਦਿ ਦੇ ਨਿਯਮਾਂ
ਦਾ ਮੁਥਾਜ਼ ਦਰਸਾਉਣਾ ਬਾਣੀ ਦੀ ਬੇਅਦਬੀ ਹੈ, ਆਦਿ। ਪੁਰਾਣਿਕ ਪਾਤਰਾਂ ਦੇ ਅੰਤਰੀਵ ਜਾਂ ਪ੍ਰਚਲਤ
ਅਰਥਾਂ ਨਾਲੋਂ ਭਿੰਨ ਅਰਥ ਕਰਕੇ ਗੁਰਬਾਣੀ ਦਾ ਭਾਵ-ਅਰਥ ਦਰਸਾਉਣ ਵਾਲੇ ਵਿਦਵਾਨਾਂ `ਚੋਂ ਕੇਵਲ ਇੱਕ
ਵਿਦਵਾਨ ਵਲੋਂ ਕੀਤੇ ਅਰਥ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ।
ਆਸਾ ਰਾਗ ਵਿੱਚ ਕਬੀਰ ਜੀ ਦੇ ਉਚਾਰਣ ਕੀਤੇ ਹੋਏ ਸ਼ਬਦ:
ਲੰਕਾ ਸਾ ਕੋਟਿ ਸਮੁੰਦ ਸੀ ਖਾਈ॥ ਤਿਹ
ਰਾਵਨ ਘਰ ਖਬਰ ਨ ਪਾਈ’ ਵਾਲੇ ਸ਼ਬਦ ਦੀ ਵਿਆਖਿਆ
ਕਰਦੇ ਹੋਏ ਇੱਕ ਵਿਦਵਾਨ ਸੱਜਣ ਲਿੱਖਦੇ ਹਨ, “ਇਸ ਦਾ (ਰਾਵਨ) ਅਰਥ ਹੈ ਭੋਗਣਾ ਜਾਂ ਹੰਢਾਣਾ। ਇਹ
ਸ਼ਬਦ ‘ਰਾਵ’ ਤੋਂ ਬਣਿਆ ਹੈ। ਇੱਥੇ ‘ਰਾਵਨ’ ਦਾ ਅਰਥ ਅਖੌਤੀ ਲੰਕਾ ਦਾ ਰਾਜਾ ਰਾਵਣ ਨਹੀਂ ਲੈਣਾ
ਕਿਉਂਕਿ ਗੁਰਬਾਣੀ ਵਿੱਚ ਰਾਵਨ, ਮਾਣਨ ਜਾਂ ਹੰਢਾਉਣ ਦੇ ਭਾਵ ਅਰਥ ਵਿੱਚ ਵੀ ਆਉਂਦਾ ਹੈ ਜਿਵੇਂ ਕਿ
“ਸਭਿ ਸਹੀਆ ਸਹੁ ਰਾਵਣੁ ਗਈਆ”
(ਪੰਨਾ 558) ‘ਮੰਞੁ ਕੁਚਜੀ ਅੰਮਾਵਣਿ ਡੇਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ’ (ਪੰਨਾ 762) ਅਤੇ
‘ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ॥’ (ਪੰਨਾ 17)
(ਜੀਵਨ ਜਾਚ ਦਾ ਖ਼ਜ਼ਾਨਾ-ਵੀਰ ਭੂਪਿੰਦਰ ਸਿੰਘ ਜੀ)
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰਬਾਣੀ ਵਿੱਚ ‘ਰਾਵਣਿ’ ਸ਼ਬਦ ਦਾ ਅਰਥ
ਮਾਣਨ ਜਾਂ ਹੰਢਾਉਣ ਦੇ ਅਰਥ ਵਿੱਚ ਵੀ ਆਇਆ ਹੈ। ਉਪਰੋਕਤ ਬਾਣੀ ਦੇ ਪ੍ਰਮਾਣਾਂ ਵਿੱਚ ਸ਼ਬਦ
‘ਰਾਵਣੁ’,’ ਰਾਵਣਿ’, ‘ਰਾਵਿਆ’ ਦਾ ਕਰਮ ਵਾਰ ਅਰਥ ਹੈ: ਪ੍ਰਸੰਨ ਕਰਨ; ਮਾਣਨ ਲਈ; ਮਾਣਿਆ, ਮਿਲਾਪ
ਹਾਸਲ ਕੀਤਾ ਹੀ ਹੈ। ਪਰੰਤੂ ਇਸ ਸ਼ਬਦ ਵਿੱਚ ‘ਰਾਵਨ’ ਸ਼ਬਦ ਦਾ ਅਰਥ ਭੋਗਣਾ ਜਾਂ ਹੰਢਾਣਾ ਨਹੀਂ ਹੈ,
ਬਲਕਿ ਲੰਕਾਪਤੀ ‘ਰਾਵਨ’ ਹੀ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਅਜਿਹੇ ਕਈ ਸ਼ਬਦ ਹਨ ਜਿਨ੍ਹਾਂ ਦੇ ਇੱਕ ਤੋਂ ਵਧੀਕ
ਅਰਥ ਹਨ। ਬਹੁ ਅਰਥੀ ਸ਼ਬਦਾਂ ਦਾ ਕੇਹੜਾ ਅਰਥ ਵਾਕ ਵਿੱਚ ਵਰਤੇ ਗਏ ਸ਼ਬਦ `ਚ ਢੁਕਵਾਂ ਹੈ, ਇਹ ਗੱਲ ਉਸ
ਵਾਕ ਵਿੱਚ ਆਏ ਹੋਰ ਸ਼ਬਦਾਂ ਨਾਲ ਉਸ ਦੇ ਸਬੰਧ ਤੋਂ ਹੀ ਜਾਣ ਸਕੀਦਾ ਹੈ। ਭਾਵ ਵਾਕ ਦੇ ਅੰਤਰਗਤ ਹੋਰ
ਸ਼ਬਦਾਂ ਦੀ ਨੇੜਤਾ, ਸੰਜੋਗ, ਵਾਰਤਾਲਾਪ `ਚ ਪ੍ਰਸੰਗ ਅਤੇ ਸਥਾਨ ਜਾਂ ਸਮੇਂ ਦੇ ਅਨੁਸਾਰ ਕਹਿਣ ਵਾਲੇ
ਦੀ ਦ੍ਰਿਸ਼ਟੀ, ਚੇਸ਼ਟਾ ਧੁਨੀ ਆਦਿ ਗੱਲਾਂ ਨੂੰ ਵਿਚਾਰਿਆਂ ਹੀ ਕਿਸੇ ਸ਼ਬਦ ਦਾ ਅਰਥ ਸਮਝ ਸਕੀਦਾ ਹੈ।
ਜਦ ਅਸੀਂ ਇਨ੍ਹਾਂ ਉਪਰੋਕਤ ਨਿਯਮਾਂ ਨੂੰ ਸਾਹਮਣੇ ਰੱਖ ਕੇ ਇਸ ਸ਼ਬਦ ਦੇ ਅਰਥ
ਭਾਵ ਨੂੰ ਸਮਝਣ ਦਾ ਯਤਨ ਕਰਦੇ ਹਾਂ ਤਾਂ ਇਹ ਹੀ ਸਪਸ਼ਟ ਹੁੰਦਾ ਹੈ ਕਿ ਇਨ੍ਹਾਂ ਪੰਗਤੀਆਂ ਵਿੱਚ
‘ਰਾਵਨ’ ਸ਼ਬਦ ਦੇ ਨਾਲ ਲੰਕਾ, ਕੋਟਿ, ਸਮੁੰਦ ਸੀ ਖਾਈ, ਘਰ ਆਦਿ ਸ਼ਬਦ ਆਏ ਹਨ। ਇਹ ਸ਼ਬਦ ‘ਰਾਵਨ’ ਸ਼ਬਦ
ਦਾ ਅਰਥ ਸਪਸ਼ਟ ਕਰਨ ਵਿੱਚ ਸਹਾਈ ਹੁੰਦੇ ਹਨ। ਇਨ੍ਹਾਂ ਸਾਰੇ ਸ਼ਬਦਾਂ ਨੂੰ ਨਜ਼ਰ-ਅੰਦਾਜ਼ ਕਰ ਕੇ ‘ਰਾਵਨ’
ਸ਼ਬਦ ਦਾ ਅਰਥ ਭੋਗਣਾ ਜਾਂ ਮਾਣਨਾ ਕਰਨਾ ਅਢੁੱਕਵਾਂ ਹੀ ਆਖਿਆ ਜਾ ਸਕਦਾ ਹੈ। ‘ਰਾਵਨ’ ਸ਼ਬਦ ਦਾ ਲੰਕਾ
ਦਾ ਰਾਜਾ ਅਰਥ ਕਰਨ ਨਾਲ ਵੀ ਭਾਵ-ਅਰਥ ਵੀ ਉਹੀ ਬਣਦਾ ਹੈ ਜੋ ਵਿਦਵਾਨ ਸੱਜਣ ਕਰ ਰਹੇ ਹਨ। ਅਜਿਹੀ
ਸਥਿੱਤੀ ਵਿੱਚ ਸ਼ਬਦ ਦੇ ਅਰਥਾਂ ਵਿੱਚ ਖਿੱਚ-ਧੂਹ ਕਰਨੀ ਬੇਲੋੜੀ ਹੀ ਆਖੀ ਜਾ ਸਕਦੀ ਹੈ।
ਇਸ ਸੰਖੇਪ ਜੇਹੀ ਚਰਚਾ ਉਪਰੰਤ ‘ਰਾਵ’ ਸ਼ਬਦ ਬਾਰੇ ਦੋ ਸ਼ਬਦ ਪਾਠਕਾਂ ਨਾਲ
ਸਾਂਝੇ ਕਰ ਰਹੇ ਹਾਂ ਤਾਂ ਕਿ ਕੋਸ਼ ਵਿੱਚ ਇਸ ਦੇ ਅਰਥ ਨੂੰ ਦੇਖਿਆ ਜਾ ਸਕੇ। ਇਸ ਸ਼ਬਦ ਦਾ ਅਰਥ
ਸੰਸਕ੍ਰਿਤ ਇੰਗਲਿਸ਼ ਡਿਕਸ਼ਨਰੀ ਵਿੱਚ ਇਸ ਤਰ੍ਹਾਂ ਕੀਤਾ ਹੈ, “‘ਰਾਵ’ ਸ਼ਬਦ ਦਾ ਅਰਥ ਹੈ ਚੀਕਣਾ, ਜੋਰ
ਨਾਲ ਰੌਲਾ ਪਾਉਣਾ, ਕਿਸੇ ਨੂੰ ਨਰਾਜ਼ ਕਰਨਾ, ਕੋਈ ਵੀ ਆਵਾਜ਼ ਜਾਂ ਰੌਲਾ। ਰਾਵਣ/ਰਾਵਨ ਦਾ ਅਰਥ ਹੈ
ਚੀਕਣਾ ਜਾਂ ਰੋਣ ਦਾ ਵਸੀਲਾ ਬਣਨਾ। ਇਸ ਨੂੰ ਦਰਸਾਉਣ ਲਈ ਲੰਕਾ ਦੇ ਰਾਜੇ ਦੀ ਉਦਾਹਰਣ ਦਿੱਤੀ ਜਾਂਦੀ
ਹੈ।”
ਹਿੰਦੀ ਸ਼ਬਦ ਕੋਸ਼ ਵਿੱਚ ‘ਰਾਵ’ ਦਾ ਅਰਥ ਕੀਤਾ ਹੈ (ਪੁੰ) ਸਰਦਾਰ. ਧਨੀ ਅਤੇ ਦੂਜਾ ਅਰਥ ਕੀਤਾ
(ਸੰ, ਪੁੰ) ਹੈ ਗੂੰਜਾਰ ਅਤੇ ਚਿਲਾਹਟ।
ਭਾਈ ਕਾਨ੍ਹ ਸਿੰਘ ਨਾਭਾ ਨੇ ‘ਰਾਵ’ ਸ਼ਬਦ ਦਾ ਅਰਥ ਕੀਤਾ ਹੈ “ਸ਼ਬਦ, ਆਵਾਜ਼ ਸ਼ੋਰ।” (ਮਹਾਨ ਕੋਸ਼)
ਗੁਰਬਾਣੀ ਵਿੱਚ ਲੰਕਾ ਪਤੀ ਲਈ ‘ਰਾਵਨ’ ਅਤੇ ‘ਰਾਵਣ’ ਦੋਵੇਂ ਸ਼ਬਦ ਹੀ ਵਰਤੇ
ਗਏ ਹਨ। ਇਨ੍ਹਾਂ ਦੋਹਾਂ ਸ਼ਬਦਾਂ ਵਿਚੋਂ ‘ਰਾਵਣ’ ਸ਼ਬਦ ‘ਲੰਕਾਪਤੀ ਰਾਵਣ ਲਈ ਵੀ ਆਇਆ ਹੈ ਅਤੇ ਭੋਗਣਾ
/ਮਾਣਨਾ ਦੇ ਅਰਥ ਵਿੱਚ ਵੀ। ਪਰੰਤੂ ‘ਰਾਵਨ’ ਸ਼ਬਦ ‘ਰਾਵਨ’ /ਲੰਕਾਪਤੀ ਦੇ ਅਰਥਾਂ ਵਿੱਚ ਹੀ ਆਇਆ ਹੈ,
ਭੋਗਣਾ ਜਾਂ ਹੰਢਾਣਾ ਦੇ ਅਰਥ ਵਿੱਚ ਨਹੀਂ ਆਇਆ ਹੈ। ਹਾਂ, ‘ਰਾਵਨਾ’ ਸ਼ਬਦ ਜ਼ਰੂਰ ਮਾਣਨ ਦੇ ਅਰਥਾਂ
ਵਿੱਚ ਆਇਆ ਹੈ। ਜਿਵੇਂ:-
ਕਹੁ
ਨਾਨਕ ਗੁਰਿ ਚਲਤੁ ਦਿਖਾਇਆ ਮਨ ਮਧੇ ਹਰਿ ਹਰਿ ਰਾਵਨਾ॥ (ਪੰਨਾ 1018)
ਅਰਥ: ਹੇ ਨਾਨਕ! ਆਖ—ਗੁਰੂ ਨੇ (ਮੈਨੂੰ) ਅਚਰਜ ਤਮਾਸ਼ਾ
ਵਿਖਾ ਦਿੱਤਾ ਹੈ। ਮੈਂ ਆਪਣੇ ਮਨ ਵਿੱਚ ਹਰ ਵੇਲੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣ ਰਿਹਾ ਹਾਂ।
ਉਪਰੋਕਤ ਸ਼ਬਦ ਵਿੱਚ ‘ਰਾਵਨ’ ਦਾ ਅਰਥ ਲੰਕਾਪਤੀ ਰਾਵਨ ਹੀ ਢੁਕਵਾਂ ਹੈ, ਰਾਵਣਾ ਜਾਂ ਭੋਗਣਾ
ਨਹੀਂ। ਫਿਰ ਅਜਿਹਾ ਵੀ ਨਹੀਂ ਹੈ ਕਿ ਇਹ ਅਰਥ ਕਰਨ ਨਾਲ ਸ਼ਬਦ ਦਾ ਭਾਵ ਸਪਸ਼ਟ ਨਹੀਂ ਹੁੰਦਾ।
ਗੁਰਬਾਣੀ ਦੇ ਅਰਥ ਕਰਨ ਸਮੇਂ ਜੇਕਰ ਅਸੀਂ ਉਪਰੋਕਤ ਗੱਲਾਂ ਦਾ ਧਿਆਨ ਨਹੀਂ
ਰੱਖਾਂਗੇ ਤਾਂ ਫਿਰ ਬਾਣੀ ਦੇ ਅਰਥ ਕਰਨ ਸਮੇਂ ਅਰਥ ਕਰਨ ਵਾਲੇ ਸੱਜਣ ਜਿਸ ਤਰ੍ਹਾਂ ਨਾਲ ਕਲਪਣਾ
ਕਰਨਗੇ, ਇਸ ਦਾ ਨਮੂਨਾ ਨਿਮਨ ਲਿਖਤ ਪੰਗਤੀ ਦੇ ਕੀਤੇ ਅਰਥਾਂ `ਚੋਂ ਦੇਖਿਆ ਜਾ ਸਕਦਾ ਹੈ:-ਆਪੇ ਗੋਪੀ
ਕਾਨੁ ਹੈ ਪਿਆਰਾ ਬਨਿ ਆਪੈ ਗਊ ਚਰਾਹਾ॥ ਦਾ ਅਰਥ ਇਸ ਤਰ੍ਹਾਂ ਕੀਤਾ ਹੈ, “1. ਪਿਆਰਾ ਪ੍ਰਭੂ ਆਪੇ
ਗੋਪੀ =ਰਾਧਕਾਂ ਰੂਪ ਹੈ ਆਪ ਹੀ ਕਾਨੁ=ਕ੍ਰਿਸ਼ਨ ਰੂਪ ਹੈ, ਆਪ ਹੀ ਬਨਿ=ਬਿਦ੍ਰਾਬਨ ਰੂਪ ਹੈ, ਆਪ ਹੀ
ਗਊਆਂ ਦੇ ਚਰਾਉਣ ਵਾਲਾ ਹੈ।
2. ਅਥਵਾ:-ਪਿਆਰਾ ਪ੍ਰਭੂ ਆਪ ਹੀ ਗੋਪੀ =ਇੰਦ੍ਰੀਆਂ ਰੂਪ ਹੈ, ਕਾਨੁ=ਸਾਖੀ
ਚੇਤਨ ਰੂਪ ਹੋ ਰਿਹਾ ਹੈ, ਆਪ ਹੀ ਬਨਿ=ਬ੍ਰਿਦਾਬਨ ਅੰਤਹ ਕਰਨ ਰੂਪ ਹੈ, ਆਪ ਹੀ ਗਊ=ਬ੍ਰਹਮਾਕਾਰ
ਬਿਰਤੀ ਰੂਪ ਹੈ। ਆਪ ਹੀ ਬ੍ਰਹਮਾਨੰਦ ਰੂਪੀ ਘਾਹ ਚਰਾਉਂਦਾ ਹੈ।
3. ਅਥਵਾ:-ਪਿਆਰਾ ਪ੍ਰਭੂ ਆਪ ਹੀ ਗੋ+ਪੀ=ਪ੍ਰਿਥਵੀ ਦਾ ਪਤੀ ਈਸ਼ਵਰ ਰੂਪ ਹੈ,
ਕਾਨੁ=ਸੁਖ ਸਰੂਪ ਸ਼ੁੱਧ ਚੇਤਨ ਹੈ। ਆਪ ਹੀ ਬਨਿ=ਬ੍ਰਿਦਾਬਨ ਸੰਸਾਰ ਰੂਪ ਹੈ, ਗਊ=ਬਿਰਤੀ ਰੂਪ ਹੈ, ਆਪ
ਹੀ ਦੁੱਖ ਸੁੱਖ ਰੂਪ ਚਾਰੇ ਨੂੰ ਚਰਾਉਂਦਾ ਹੈ।
4. ਅਥਵਾ:-ਪਿਆਰਾ ਪ੍ਰਭੂ ਆਪ ਹੀ ਗੋਪੀ=ਇਸਤ੍ਰੀ ਰੂਪ ਹੈ, ਕਾਨੁ=ਪੁਰਸ਼ ਰੂਪ
ਹੈ, ਆਪ ਹੀ ਸੰਸਾਰ ਬਨ ਵਿੱਚ ਇੰਦ੍ਰੀਆਂ ਰੂਪ ਗਊਆਂ ਨੂੰ ਆਪੋ ਆਪਣੇ ਵਿਸ਼ਿਆਂ ਰੂਪ ਘਾਹ ਨੂੰ
ਚਰਾਉਂਦਾ ਹੈ। 5. ਪਿਆਰਾ ਪ੍ਰਭੂ ਆਪ ਹੀ ਗੋਪੀ =ਘੜੀਆਂ ਰੂਪ ਹੈ, ਆਪ ਹੀ ਕਾਨੁ=ਪਹਿਰ ਰੂਪ ਹੈ,
ਯਥਾ:-ਘੜੀਆ ਸਭੇ ਗੋਪੀਆ ਪਹਰ ਕੰਨ ਗੋਪਾਲ॥ (ਰਾਗ ਆਸਾ ਪੰਨਾ 464) ਆਪ ਹੀ ਤਤਵੇਤਾ ਪੁਰਸ਼ਾਂ ਦੀ
ਬੁੱਧੀ ਰੂਪ ਗਊ ਨੂੰ ਵੇਦ ਰੂਪ ਬਨ (ਜੰਗਲ) ਵਿੱਚ ਸਿਧਾਂਤ ਰੂਪੀ ਘਾਹ ਚਰਾਉਂਦਾ ਹੈ। ਯਥਾ:-ਆਪੇ
ਗੋਪੀ ਆਪੇ ਕਾਨਾ॥ ਆਪੇ ਗਊ ਕਰਾਵੈ {ਚਰਾਵੈ} ਬਾਨਾ॥ (ਰਾਗ ਮਾਰੂ ਪੰਨਾ 1083) (ਸੰਪਰਦਾਈ ਟੀਕਾ ਆਦਿ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੰਤ ਕਿਰਪਾਲ ਸਿੰਘ ਜੀ)
ਜੇਕਰ ਅਸੀਂ ਗੁਰਬਾਣੀ ਵਿਆਕਰਣ ਨੂੰ ਬਿਲਕੁਲ ਹੀ ਅੱਖੋਂ ਪਰੋਖਿਆਂ ਕਰਕੇ
ਬਾਣੀ ਦੇ ਅਰਥ ਕਰਨੇ ਹਨ ਤਾਂ ਫਿਰ ਕਥਿੱਤ ਸੰਪਰਦਾਈ ਵਿਦਵਾਨਾਂ ਵਲੋਂ ਕੀਤੇ ਹੋਏ ਅਰਥਾਂ ਨੂੰ ਕਿਸ
ਅਧਾਰ `ਤੇ ਅਸੀਂ ਝੁਠਲਾ ਸਕਦੇ ਹਾਂ? ਸੰਪਰਦਾਈ ਵਿਦਵਾਨ ਤਾਂ ਸ਼ਬਦਾਂ ਦੀ ਧੂਹ-ਖਿੱਚ ਕਰ ਕੇ ਅਰਥ ਕਰਨ
ਵਿੱਚ ਮਾਹਰ ਹਨ, ਇਸ ਮਾਮਲੇ ਵਿੱਚ ਅਸੀਂ ਉਨ੍ਹਾਂ ਦੀ ਬਰਾਬਰੀ ਨਹੀਂ ਕਰ ਸਕਦੇ। ਸੰਪਰਦਾਈ ਵਿਦਵਾਨਾਂ
ਦੀ ਮੁਹਾਰਤ ਦਾ ਇੱਕ ਨਮੂਨਾ ਪਾਠਕਾਂ ਨਾਲ ਸਾਂਝਿਆਂ ਕਰ ਰਹੇ ਹਾਂ। ਇੱਕ ਸੰਪਰਦਾਈ ਵਿਦਵਾਨ ਹੁਰੀਂ
ਰਾਗਮਾਲਾ ਦਾ ਅਰਥ ਕਰਦਿਆਂ ਲਿਖਦੇ ਹਨ, “ਰਾਗ=ਪ੍ਰੇਮ। ਮਾਲਾ=ਪੰਗਤੀ। ਪ੍ਰੇਮ ਰੂਪੀ ਮਾਲਾ। ਜਿਸ ਦੀ
ਪੰਗਤੀ ਰੂਪ ਮਣਕੇ ਹੈ, ਪਰੇਮ ਰੂਪ ਸੂਤ ਹੈ, ਪੜ੍ਹਨਾ ਰੂਪ ਫੇਰਨੀ ਹੈ. .
ਪ੍ਰਸ਼ਨ-ਮਹਾਰਾਜ! ਪੰਜੇ ਗਿਆਨ ਇੰਦ੍ਰੀਆਂ ਸ੍ਰੇਸ਼ਟ ਕਿਵੇਂ ਹੋਣ?
ਉੱਤਰ-ਰਾਗ ਏਕ ਸੰਗਿ ਪੰਚ ਬਰੰਗਨ॥ ਰਾਗ=ਪ੍ਰੇਮ। ਏਕ=ਅਦਵੈਤ ਵਾਹਿਗੁਰੂ।
ਸੰਗਿ =ਨਾਲ। ਪੰਚ=ਪੰਜ। ਬਰੰਗਨ = (ਬਰੰਗਨ) ਸਰੇਸ਼ਟ ਨਾਰੀਆਂ ਭਾਵ ਗਿਆਨ ਇੰਦ੍ਰੀਆਂ, ਇੱਕ ਵਾਹਿਗੁਰੂ
ਨਾਲ ਪਰੇਮ ਲਾਉਣ ਕਰ ਕੇ ਪੰਜ ਗਿਆਨ ਇੰਦ੍ਰੀਆਂ (ਰਸਨਾ, ਨੇਤ੍ਰ, ਤੁਚਾ, ਨੱਕ, ਕੰਨ) ਸਰੇਸ਼ਟ ਹੋ
ਜਾਂਦੀਆਂ ਹਨ। ਪ੍ਰਮਾਣ –ਲੋਇਣ ਰਤੇ ਲੋਇਣੀ ਕੰਨੀ ਸੁਰਤਿ ਸਮਾਇ॥ ਜੀਭ ਰਸਾਇਣਿ ਚੂਨੜੀ ਕੀਮਤਿ ਕਹੀ ਨ
ਜਾਇ॥ (ਸਲੋਕ ਮਹਲਾ 1, ਮਾਰੂ ਵਾਰ ਪਹਿਲੀ ਸਲੋਕ 15)
ਪ੍ਰਸ਼ਨ- ਇੱਕ ਵਾਹਿਗੁਰੂ ਨੂੰ ਕੌਣ ਆਖਦਾ ਹੈ?
ਉੱਤਰ-ਸੰਗਿ ਅਲਾਪਹਿ ਆਠਉ ਨੰਦਨ॥ ਸੰਗਿ=ਸੰਗਤਿ। ਆਲਾਪਹਿ=ਉਚਾਰਦੀ ਹੈ।
ਆਠਉ=ਅੱਠੇ ਪਹਿਰ। ਨੰਦਨ=ਪੁਤ੍ਰ (ਜਗਤ) ਸਤਿਸੰਗਤਿ ਅਠੇ ਪਹਿਰ (ਉਸ ਅਕਾਲ ਨੂੰ) ਜਿਸ ਦਾ ਜਗਤ ਪੁਤ੍ਰ
ਹੈ, ਉਚਾਰਦੀ ਹੈ।
ਪ੍ਰਮਾਣ-ਸੰਤ ਅਰਾਧਨਿ ਸਦ ਸਦਾ ਸਭਨਾ ਕਾ ਬਖਸਿੰਦੁ॥ (ਮਾਝ ਦਿਨ ਰੈਣਿ ਮਹਲਾ
5) (ਗੁਰਬਾਣੀ ਪਾਠ ਦਰਸ਼ਨ-ਭਾਗ ਦੂਜਾ, ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ‘ਖਾਲਸਾ’ )
ਅੰਤ ਵਿੱਚ ਪਾਠਕਾਂ ਦੀ ਦ੍ਰਿਸ਼ਟੀਗੋਚਰ ਪ੍ਰੋਫੈਸਰ ਸਾਹਿਬ ਸਿੰਘ ਹੁਰਾਂ ਵਲੋਂ
ਇਸ ਸਬੰਧ ਵਿੱਚ ਜੋ ਵਿਚਾਰ ਗੁਰੂ ਗ੍ਰੰਥ ਦਰਪਣ ਵਿੱਚ ਦਰਸਾਏ ਹਨ, ਕਰ ਰਹੇ ਹਾਂ ਤਾਂ ਕਿ ਪਾਠਕ ਇਸ
ਪੱਖ ਨੂੰ ਚੰਗੀ ਤਰ੍ਹਾਂ ਸਮਝ ਸਕਣ। ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਹਨ, “ਕਿਸੇ ਭੀ ਬੋਲੀ ਦਾ
‘ਵਰਣਾਤਮਕ’ ਰੂਪ ਸਮਝਣ ਵਾਸਤੇ ਇਹ ਜ਼ਰੂਰੀ ਹੈ ਕਿ ਉਸ ਦੇ ਵਿਆਕਰਣ ਅਤੇ ਕੋਸ਼ ਦੀ ਜਿੱਥੋਂ ਤਕ ਕਿ ਉਹ
ਮਦਦ ਕਰ ਸਕਦੇ ਹੋਣ, ਸਹਾਇਤਾ ਲਈ ਜਾਏ। ਜਿਨ੍ਹਾਂ ਵਡ-ਭਾਗੀਆਂ ਨੂੰ ਪ੍ਰਭੂ ਦੇ ਦਰ ਤੋਂ ਉੱਚੀਆਂ
ਉਡਾਰੀਆਂ ਲਾਣ ਦੀ ਦਾਤ ਮਿਲੀ ਹੋਈ ਹੈ, ਉਹ, ਜੀ ਸਦਕੇ ਲਾਣ, ਪਰ ਇਹ ਉਡਾਰੀਆਂ ਲਾਂਦਿਆਂ ਭੀ ਬਾਣੀ
ਦੇ ਬਾਹਰਲੇ ਰੂਪ (ਵਰਣਾਤਮਕ) ਨੂੰ ਅੱਖਾਂ ਤੋਂ ਉਹਲੇ ਨਹੀਂ ਕੀਤਾ ਜਾ ਸਕਦਾ।
ਸਿਰਜਣਹਾਰ ਨੇ ਹਰੇਕ ਜੀਵ ਨੂੰ ਜਗਤ ਦੇ ਕੌਤਕ ਵੇਖਣ ਸੁਣਨ ਵਾਸਤੇ ਸਰੀਰਕ
ਇੰਦ੍ਰੇ ਦਿੱਤੇ ਹੋਏ ਹਨ, ਪਰ ਹਰੇਕ ਜੀਵ ਦੇ ਆਪਣੇ ਆਪਣੇ ਅਸਲੇ ਅਨੁਸਾਰ ਇਹਨਾਂ ਕੌਤਕਾਂ ਦਾ
ਵੱਖੋ-ਵੱਖਰਾ ਅਸਰ ਹਰੇਕ ਉੱਤੇ ਪੈਂਦਾ ਹੈ। ਧਰਤੀ ਉੱਤੇ ਉੱਗੇ ਹੋਏ ਇੱਕ ਨਿੱਕੇ ਜਿਹੇ ਫੁੱਲ ਨੂੰ ਇਸ
ਫੁੱਲ ਦੀ ਸਾਰ ਨਾਹ ਜਾਣਨ ਵਾਲਾ ਮਨੁੱਖ ਤਾਂ ਸ਼ਾਇਦ ਪੈਰਾਂ ਹੇਠ ਲਿਤਾੜ ਕੇ ਲੰਘ ਜਾਂਦਾ ਹੈ, ਪਰ ਇੱਕ
ਕੋਮਲ ਹਿਰਦੇ ਵਾਲਾ ਸ਼ਾਇਰ ਇਸ ਨੂੰ ਵੇਖ ਕੇ ਮਸਤ ਹੋ ਜਾਂਦਾ ਹੈ, ਤੇ ਖ਼ਿਆਲ ਦੇ ਸਮੁੰਦਰ ਵਿੱਚ ਕਈ
ਲਹਿਰਾਂ ਚਲਾ ਦੇਂਦਾ ਹੈ। ਇਹੀ ਹਾਲ ‘ਰੱਬੀ-ਸ਼ਾਇਰਾਂ’ ਦਾ ਹੈ, ਉਹਨਾਂ ਦੇ ਅੰਦਰੋਂ ਤਾਂ ਸਗੋਂ ਵਧੀਕ
ਡੂੰਘਾਈ ਵਿਚੋਂ ਇਹ ਤਰੰਗ ਉਠਦੇ ਹਨ। ਜੇਠ ਦੇ ਮਹੀਨੇ ਅੱਕਾਂ ਦੀਆਂ ਖੱਖੜੀਆਂ ਨੂੰ ਅਸੀ ਸੱਭੇ ਵੇਖਦੇ
ਹਾਂ, ਪਰ ਜਦੋਂ ‘ਰੱਬੀ-ਸ਼ਾਇਰ’ ਪ੍ਰੀਤਮ ਜੀ ਦੀਆਂ ਅੱਖਾਂ ਉਹਨਾਂ ਖੱਖੜੀਆਂ ਉੱਤੇ ਪੈਂਦੀਆਂ ਹਨ, ਤਾਂ
ਆਪ ਉਹਨਾਂ ਨੂੰ ਤੱਕ ਕੇ ਇੱਕ ਡੂੰਘੇ ਬਿਰਹੋਂ ਦੇ ਰੰਗ ਵਿੱਚ ਆਉਂਦੇ ਹਨ ਤੇ ਇਉਂ ਗਾਉਂਦੇ ਹਨ:
ਖਖੜੀਆ ਸੁਹਾਵੀਆ, ਲਗੜੀਆ ਅਕ ਕੰਠਿ॥ ਬਿਰਹ ਵਿਛੋੜਾ ਧਣੀ ਸਿਉ, ਨਾਨਕ ਸਹਸੈ
ਗੰਠਿ॥ 1॥ 7॥ ਗਉੜੀ ਕੀ ਵਾਰ ਮ: 5
ਸਤਿਗੁਰੂ ਮਿਹਰ ਕਰੇ, ਉਸ ਦੇ ਨਾਮ-ਲੇਵਾ ਸਿੱਖਾਂ ਦੇ ਹਿਰਦੇ ਵਿੱਚ ਭੀ ਇਸ
ਦਿੱਸਦੇ ਜਗਤ-ਨਜ਼ਾਰੇ ਨੂੰ ਵੇਖ ਕੇ ਇਹੀ ਵਲਵਲਾ ਉੱਠੇ, ਇਹੀ ‘ਬਿਰਹੋਂ’ ਵਾਲੀ ਲਹਿਰ ਚੱਲੇ। ਪਰ ਜੇ
ਕੋਈ ਵਿਦਵਾਨ ਸੱਜਣ “ਅਕ ਖਖੜੀਆਂ” ਦੇ ਥਾਂ ਨਿਰੇ ਮਤਿ, ਬੁਧਿ, ਅੰਤਹਕਰਣ ਆਦਿਕ ਸ਼ਬਦ ਹੀ ਵਰਤ ਕੇ
ਆਤਮ-ਗਿਆਨ ਵਾਲੇ ਅਰਥ ਕਰਨੇ ਅਰੰਭ ਦੇਵੇ, ਤਾਂ ਪਾਠਕ-ਜਨ ਆਪ ਹੀ ਵੇਖ ਲੈਣ ਕਿ ਜੋ ਹੁਲਾਰਾ ਉਸ
ਸੁਹਣੇ ਅਲੰਕਾਰ ਨੇ ਪੈਦਾ ਕਰਨਾ ਸੀ, ਉਹ ਕਿਤਨਾ ਕੁ ਮੱਧਮ ਪੈ ਜਾਂਦਾ ਹੈ।” (ਨੋਟ: ਹੋਰ ਵਿਸਤਾਰ
ਸਹਿਤ ਪੜ੍ਹਣ ਲਈ ਦੇਖੋ ਸ੍ਰੀ ਗੁਰੂ ਗ੍ਰੰਥ ਦਰਪਨ)
ਅੰਤ ਵਿੱਚ ਅਸੀਂ ਪੁਰਾਣਿਕ ਪਾਤਰਾਂ ਬਾਰੇ ਇਸ ਤਰ੍ਹਾਂ ਦੀ ਧਾਰਨਾ ਰੱਖਣ
ਵਾਲੇ ਵਿਦਵਾਨ ਸੱਜਣਾਂ ਨੂੰ ਨਿਮ੍ਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਬਾਣੀਕਾਰਾਂ ਵਲੋਂ ਦਿੱਤੇ
ਪੁਰਾਣਿਕ ਪਾਤਰਾਂ ਦੇ ਹਵਾਲਿਆਂ ਤੋਂ ਇਨਕਾਰ ਕਰਨ ਦੀ ਜ਼ਰੂਰਤ ਨਹੀਂ ਹੈ। ਗੁਰਬਾਣੀ ਦਾ ਸੱਚ, ਜਿਸ
ਨੂੰ ਦਰਸਾਉਣ ਲਈ ਇਨ੍ਹਾਂ ਦਾ ਹਵਾਲਾ ਦਿੱਤਾ ਗਿਆ ਹੈ, ਉਸ ਨੂੰ ਉਭਾਰਨ ਦੀ ਲੋੜ ਹੈ। ਗੁਰਬਾਣੀ, ਜੋ
ਸਾਹਿਤ ਦਾ ਇੱਕ ਅਤਿ ਉੱਤਮ ਨਮੂਨਾ ਹੈ, ਆਪਣੇ ਸਮੇਂ ਦਾ ਦਰਪਣ ਵੀ ਹੈ; ਇਸ ਤੱਥ ਤੋਂ ਇਨਕਾਰੀ ਨਹੀਂ
ਹੋਇਆ ਜਾ ਸਕਦਾ। ਹਾਂ, ਇਹ ਜ਼ਰੂਰ ਸਪਸ਼ਟ ਕਰਨ ਦੀ ਲੋੜ ਹੈ ਕਿ ਗੁਰਬਾਣੀ ਸਮੇਂ ਅਤੇ ਸਥਾਨ ਦਾ ਦਰਪਣ
ਹੋਣ ਦੇ ਨਾਲ, ਸਮੇਂ ਅਤੇ ਸਥਾਨ ਦੀਆਂ ਹੱਦਾਂ ਨੂੰ ਉਲੰਘਦਿਆਂ ਹੋਇਆਂ ਮਨੁੱਖ ਨੂੰ ਸਦੈਵੀ ਅਗਵਾਈ
ਦੇਣ ਦੇ ਸਮਰੱਥ ਹੈ। ਇਸ ਗੱਲ ਦੀ ਸੰਖੇਪ ਚਰਚਾ ਕਰਨ ਮਗਰੋਂ ਹੀ ਗੁਰਬਾਣੀ ਦੇ ਸੱਚ ਨੂੰ ਅਜੋਕੇ ਜੁਗ
ਦੀ ਸ਼ਬਦਾਵਲੀ ਵਿੱਚ ਢਾਲ ਕੇ ਪੇਸ਼ ਕਰਨ ਦੀ ਲੋੜ ਹੈ।
ਜਸਬੀਰ ਸਿੰਘ ਵੈਨਕੂਵਰ