ਗੁਰੂ ਗ੍ਰੰਥ ਸਾਹਿਬ, ਪੰਨਾ ੬੫੭
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ।।
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ।। ੩।।
ਗੁਰੂ ਗ੍ਰੰਥ ਸਾਹਿਬ, ਪੰਨਾ ੮੭੪
ਪਿਛਲੇ ਸ਼ਬਦ ਦੀ ਵਿਆਖਿਆ ਵਾਂਗ ਹੀ ‘ਪਾੜ ਪੜੋਸਣਿ` ਵਾਲੇ ਸ਼ਬਦ ਦੀ ਵਿਆਖਿਆ
ਵਿਚਾਰਦੇ ਹਾਂ। ਇਸ ਸ਼ਬਦ ਨਾਲ ਵੀ ਇੱਕ ਮਨਘੜਤ ਕਹਾਣੀ ਜੋੜੀ ਜਾਂਦੀ ਹੈ। ਇਸ ਕਹਾਣੀ ਦਾ ਗੁਰਮਤਿ
ਸਿਧਾਂਤ ਮੋਹਰੇ ਕੋਈ ਅਧਾਰ ਨਹੀਂ ਹੈ। ਜਦੋਂ ਇਸ ਸ਼ਬਦ ਦੀਆਂ ਅਖੀਰਲੀਆਂ ਪੰਗਤੀਆਂ ਦੀ ਵਿਆਖਿਆ
ਪੜ੍ਹੀਦੀ ਹੈ ਕਿ ਨਾਮਦੇਵ ਜੀ ਦੀ ਛੰਨ ਉਸ ਤਰਖਾਣ ਨੇ ਬੰਨ੍ਹੀ ਹੈ, ਜਿਸਨੇ ਧਰੂ ਨੂੰ ਅਟੱਲ ਪਦਵੀ
ਦਿੱਤੀ ਅਤੇ ਸਮੁੰਦਰ ਉੱਤੇ ਪੁਲ ਬੰਨ੍ਹਿਆ; ਨਾਮਦੇਵ ਦੇ ਉਸ ‘ਤਰਖਾਣ` ਨੇ ਲੰਕਾ ਤੋਂ ਸੀਤਾ ਮੋੜ ਕੇ
ਲਿਆਂਦੀ। ਨਾਮਦੇਵ ਦੇ ਉਸੇ ਹੀ ‘ਤਰਖਾਣ` ਨੇ ਭਭੀਖਣ ਨੂੰ ਲੰਕਾ ਦਾ ਮਾਲਕ ਬਣਾ ਦਿੱਤਾ ਤਾਂ ਇਸ
ਮਨਘੜਤ ਕਹਾਣੀ ਦਾ ਨਾਮਦੇਵ ਜੀ ਦੀਆਂ ਇਹ ਉਚਾਰਨ ਕੀਤੀਆਂ ਪੰਗਤੀਆਂ, ਇਸ ਕਹਾਣੀ ਨੂੰ ਮੂਲੋਂ ਹੀ ਰੱਦ
ਕਰ ਦਿੰਦੀਆਂ ਹਨ।
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ।।
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ।। ੩।।
ਗੁਰੂ ਗ੍ਰੰਥ ਸਾਹਿਬ, ਪੰਨਾ ੮੭੪
ਇਥੇ ਹਿੱਕ ਥਾਪੜ ਕੇ ਨਾਮਦੇਵ ਜੀ ਕਹਿ ਰਹੇ ਹਨ ਕਿ ਸੀਤਾ ਨੂੰ ਮੋੜਕੇ ਲਿਆਉਣ
ਵਾਲਾ ਇਹ ਰਾਮਚੰਦ ਪਾਂਡੇ ਦਾ ਹੀ ਹੈ, ਮੇਰਾ ਨਹੀਂ। ਇਹ ਹਾਸੋ-ਹੀਣੀ ਗੱਲ ਬਣਦੀ ਹੈ, ਕਿ ਭਗਤ ਜੀ ਉਸ
ਪਾਂਡੇ ਦੇ ਰਾਮ ਚੰਦਰ ਨੂੰ ਆਪਣਾ ਸਵਾਮੀ ਮੰਨ ਲੈਣ, ਅਜਿਹਾ ਹਰਗਿਜ਼ ਨਹੀਂ ਹੋ ਸਕਦਾ। ਇਸ ਕਰਕੇ ਕਿਸੇ
ਨੇ ਵੀ ਨਾਮਦੇਵ ਜੀ ਲਈ ਕੱਖਾਂ ਵਾਲੀ ਛੰਨ ਰਾਤੋ-ਰਾਤ ਨਹੀਂ ਬਣਾਈ। ਗੁਰਬਾਣੀ ਦਾ ਸਿਧਾਂਤ ਛੋਟੇ
ਪੱਧਰ ਦਾ ਨਹੀਂ ਹੈ, ਜਿਸ ਤਰ੍ਹਾਂ ਦਾ ਅਸੀਂ ਬਣਾ ਦਿੱਤਾ।
ਗੁਰਬਾਣੀ ਅੰਦਰ ਮਾਇਆ ਦੀ ਤਰਜ਼ੇ-ਜ਼ਿੰਦਗੀ ਦੀਆਂ ਹੱਡ ਬੀਤੀਆਂ ਜਾਂ ਜੱਗ
ਬੀਤੀਆਂ ਨਹੀਂ ਹਨ। ਇਸ ਵਿੱਚ ਤਾਂ ਸੱਚ ਦੀ ਗੱਲ ਹੈ: -
ਆਦਿ ਸਚੁ ਜੁਗਾਦਿ ਸਚੁ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।। ੧।।
ਗੁਰੂ ਗ੍ਰੰਥ ਸਾਹਿਬ, ਪੰਨਾ ੧
ਬਾਣੀ ਸੱਚੇ ਦੇ ਸੱਚ ਨਾਲ ਜੁੜਨ ਦੀ ਪ੍ਰੇਰਨਾ ਕਰਦੀ ਹੈ ਅਤੇ ਜੋ ਕਰਮਕਾਂਡੀ
ਕਹਾਣੀਆਂ ਵਾਹਿਗੁਰੂ ਦੇ ਸੱਚ ਤੋਂ ਦੂਰ ਕਰਦੀਆਂ ਹੋਣ, ਉਨ੍ਹਾਂ ਦਾ ਖੰਡਨ ਕਰਦੀ ਹੈ। ਇਸ ਕਰਕੇ, ਧਰੂ
ਨੂੰ ਅਟੱਲ ਪਦਵੀ ਦੇਣ ਵਾਲਾ ਰਾਮ, ਸੀਤਾ ਨੂੰ ਮੋੜ ਕੇ ਲਿਆਉਣ ਵਾਲਾ ਨਹੀਂ ਹੈ। ਧਰੂ ਭਗਤ ਜੀ ਬਹੁਤ
ਪਹਿਲਾਂ ਹੋਏ ਅਤੇ ਗੁਰਮਤਿ ਸਿਧਾਂਤ ਅਨੁਸਾਰ ਉਹ ਪ੍ਰਭੂ ਦੇ ਪੁਜਾਰੀ ਸਨ। ਧਰੂ ਨੂੰ ਅਟਲ ਪਦਵੀ ਦੇਣ
ਵਾਲਾ ਤਾਂ ਰਮਿਆ ਹੋਇਆ ਰਾਮ ਭਾਵ ਸਰਬ-ਵਿਆਪਕ ਕਰਤਾਰ ਹੈ।
ਕਈਆਂ ਸੱਜਣਾਂ ਦਾ ਵੀਚਾਰ ਹੈ ਕਿ “ਪਾਂਡੇ ਤੁਮਰਾ ਰਾਮਚੰਦੁ” ਵਾਲੇ ਸ਼ਬਦ
ਅੰਦਰ ਨਾਮਦੇਵ ਜੀ ਨੇ ਕਿਸੇ ਦੇ ਧਾਰਮਿਕ ਜਜ਼ਬੇ ਨੂੰ ਸੱਟ ਮਾਰੀ ਹੈ, ਅਤੇ ਇਹ ਕਹਿੰਦੇ ਹਨ ਕਿ ਕਿਸੇ
ਦੇ ਧਾਰਮਿਕ ਜਜ਼ਬੇ ਨੂੰ ਠੋਕਰ ਮਾਰਨਾ ਧਰਮ ਦਾ ਮਾਰਗ ਨਹੀਂ ਹੋ ਸਕਦਾ। ਪਰ, ਸੱਚ ਨੂੰ ਸੱਚ ਅਤੇ ਝੂਠ
ਨੂੰ ਝੂਠ ਕਹਿਣਾ ਹੀ ਤਾਂ ਅਸਲ ਧਰਮ ਦਾ ਮਾਰਗ ਹੈ। ਇਹ ਕਹਿਣਾ ਕਿ ਨਾਮਦੇਵ ਜੀ ਨੇ ਕਿਸੇ ਦੇ ਧਾਰਮਿਕ
ਜਜ਼ਬੇ ਨੂੰ ਸੱਟ ਮਾਰੀ ਹੈ, ਇਹ ਗੱਲ ਸੱਚ ਨਹੀਂ ਹੈ, ਕਿਉਂਕਿ ਨਾਮਦੇਵ ਜੀ ਨੇ ਤਾਂ ਝੂਠ ਨਾਲੋ ਨਾਤਾ
ਤੋੜ ਕੇ ਸੱਚ ਨਾਲ ਜੋੜਨ ਦੀ ਪ੍ਰਰੇਨਾ ਕੀਤੀ ਹੈ।
ਪੜਿ ਪੁਸਤਕ ਸੰਧਿਆ ਬਾਦੰ।। ਸਿਲ ਪੂਜਸਿ ਬਗੁਲ ਸਮਾਧੰ।।
ਮੁਖਿ ਝੂਠ ਬਿਭੂਖਣ ਸਾਰੰ।। ਤ੍ਰੈਪਾਲ ਤਿਹਾਲ ਬਿਚਾਰੰ।।
ਗਲਿ ਮਾਲਾ ਤਿਲਕੁ ਲਿਲਾਟੰ।। ਦੁਇ ਧੋਤੀ ਬਸਤ੍ਰ ਕਪਾਟੰ।।
ਗੁਰੂ ਗ੍ਰੰਥ ਸਾਹਿਬ, ਪੰਨਾ ੪੭੦
ਕੀ ਇਹ ਉੱਪਰਲਾ ਸ਼ਬਦ ਗੁਰੂ ਜੀ ਨੇ ਕਿਸੇ ਦੇ ਰਾਮ ਦਾ ਮਖੌਲ ਉਡਾਉਣ ਲਈ ਅਤੇ
ਧਾਰਮਿਕ ਜਜ਼ਬੇ ਨੂੰ ਸੱਟ ਮਾਰਨ ਲਈ ਉਚਾਰਿਆ ਹੈ, ਜਾਂ ਧਰਮ ਦੇ ਨਾਂਅ ਤੇ ਹੋ ਰਹੇ ਕਰਮਕਾਂਡਾਂ ਤੋਂ
ਜਾਣੂ ਕਰਵਾਇਆ ਹੈ? ਇਹ ਸ਼ਬਦ ਤਾਂ ਕਰਮਕਾਂਡਾਂ ਵਿੱਚੋਂ ਨਿੱਕਲ ਕੇ ਸੱਚ ਨਾਲ ਜੁੜਨ ਦੀ ਪ੍ਰੇਰਨਾ
ਕਰਦਾ ਹੈ।
ਕੀ ਝੂਠ ਬੋਲਣਾ, ਸਿਲ ਨੂੰ ਪੂਜਣਾ, ਬਗਲੇ ਵਾਂਗ ਸਮਾਧੀ ਲਾਉਣੀ ਕੋਈ ਧਾਰਮਿਕ
ਜਜ਼ਬਾ ਹੈ? ਜੇਕਰ ਇਹ ਧਾਰਮਿਕ ਜਜ਼ਬਾ ਹੈ ਤਾਂ ਫਿਰ ਅਜਿਹੇ ਜਜ਼ਬੇ ਦੀ ਹੀ ਪ੍ਰੋੜ੍ਹਤਾ ਹੁੰਦੀ,
ਗੁਰਬਾਣੀ ਅੰਦਰ। ਸੋ ਅਸੀਂ ਅਸਲੀਅਤ ਤੋਂ ਮੁਨਕਰ ਨਾਂ ਹੋਈਏ।
ਜੇ ਜਾਣਸਿ ਬ੍ਰਹਮੰ ਕਰਮੰ।। ਸਭਿ ਫੋਕਟ ਨਿਸਚਉ ਕਰਮੰ।।
ਕਹੁ ਨਾਨਕ ਨਿਹਚਉ ਧਿਆਵੈ।। ਵਿਣੁ ਸਤਿਗੁਰ ਵਾਟ ਨ ਪਾਵੈ।। ੨।।
ਗੁਰੂ ਗ੍ਰੰਥ ਸਾਹਿਬ, ਪੰਨਾ ੪੭੦
ਫੋਕੇ ਕਰਮਕਾਂਡਾਂ ਵਲੋਂ ਮੋੜ ਕੇ, ਸੱਚ ਨਾਲ ਜੁੜਨ ਅਤੇ ਜੋੜਨ ਦੀ ਗੁਰਬਾਣੀ
ਅੰਦਰ ਪ੍ਰੇਰਨਾ ਹੀ ਗੁਰੂ ਪਾਤਸ਼ਾਹ ਅਤੇ ਭਗਤ ਜਨਾਂ ਨੇ ਕੀਤੀ ਹੈ। ਕਿਸੇ ਦੇ ਧਾਰਮਿਕ ਜਜ਼ਬੇ ਦਾ ਮਖੌਲ
ਨਹੀਂ ਹੈ। ਸੱਚ ਨੂੰ ਝੂਠ ਕਹਿਣਾ ਮਜ਼ਾਕ ਜਾਂ ਠੇਸ ਹੋ ਸਕਦਾ ਹੈ, ਪਰ ਝੂਠ ਨੂੰ ਝੂਠ ਕਹਿਣਾ ਕਿਸੇ ਦੇ
ਜਜ਼ਬੇ ਨੂੰ ਠੇਸ ਨਹੀਂ ਹੈ। ਅਸਲ ਗੱਲ ਤਾਂ ਇਹ ਹੈ ਕਿ ਕਿਸੇ ਗ਼ਲਤ ਰਸਤੇ ਤੁਰੇ ਮਨੁੱਖ ਨੂੰ ਸਹੀ ਰਸਤਾ
ਦੱਸਣਾ ਕਿਸੇ ਦੇ ਜਜ਼ਬੇ ਨਾਲ ਮਖੌਲ ਨਹੀਂ ਹੈ, ਸਗੋਂ ਅਸਲ ਧਰਮ ਦਾ ਮਾਰਗ ਹੈ, ਅਤੇ ਇਸੇ ਉਦੇਸ਼ ਨਾਲ
ਹੀ ਗੁਰਬਾਣੀ ਰਚਣਹਾਰਿਆਂ ਨੇ ਗੁਰਬਾਣੀ ਰਚੀ ਹੈ। ਕਿਸੇ ਨੂੰ ਉੱਚਾ ਨੀਵਾਂ ਦਿਖਾਉਣ ਦੇ ਉਦੇਸ਼ ਨਾਲ
ਨਹੀਂ। ਕੇਵਲ ਤੇ ਕੇਵਲ ਉੱਚੇ ਨੂੰ ਹੀ ਉੱਚਾ ਦਰਸਾਇਆ ਹੈ; ਜਿਸਦੇ ਬਰਾਬਰ ਹੋਰ ਕੋਈ, ਹੋ ਹੀ ਨਹੀਂ
ਸਕਦਾ। ਉਹ ਉੱਚਾ ਅਕਾਲ ਮੂਰਤਿ ਵਾਹਿਗੁਰੂ ਹੀ ਹੈ। ਪਰ ਕਰਮਕਾਂਡੀ ਲੋਕਾਂ ਦਾ ਰਾਮ ਹੋਰ, ਭਭੀਖਣ
ਹੋਰ, ਅਤੇ ਭਗਤ ਜਨਾਂ ਦਾ ਭਭੀਖਣ ਹੋਰ ਤੇ ਰਾਮ ਹੋਰ ਹੈ। ਗੁਰਬਾਣੀ ਅਨੁਸਾਰ ਭਗਤ ਜਨਾਂ ਦਾ ਰਾਮ
ਸਰਬ-ਵਿਆਪਕ ਹੈ:-
ਰਾਮੁ ਜਪਹੁ ਵਡਭਾਗੀਹੋ ਜਲਿ ਥਲਿ ਪੂਰਨੁ ਸੋਇ।।
ਨਾਨਕ ਨਾਮਿ ਧਿਆਇਐ ਬਿਘਨੁ ਨ ਲਾਗੈ ਕੋਇ।। ੧।।
ਗੁਰੂ ਗ੍ਰੰਥ ਸਾਹਿਬ, ਪੰਨਾ ੫੨੪
ਭਗਤ ਨਾਮਦੇਵ ਜੀ ਨੇ ਪਾੜ-ਪੜੋਸ ਭਾਵ ਵਾਹਿਗੁਰੂ ਤੋਂ ਦੂਰ ਮਨੁੱਖ ਨੂੰ ਨੇੜੇ
ਲਿਆਉਣ ਦੇ ਉਦੇਸ਼ ਲਈ ਸ਼ਬਦ ਉਚਾਰਨ ਕੀਤਾ ਹੈ। ਜਿਸ ਤਰ੍ਹਾਂ ਜਪੁਜੀ ਸਾਹਿਬ ਅੰਦਰ ਗੁਰੂ ਨਾਨਕ ਪਾਤਸ਼ਾਹ
ਜੀ ਨੇ ਫੁਰਮਾਇਆ ਹੈ:-
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।।
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।। ੧।।
ਗੁਰੂ ਗ੍ਰੰਥ ਸਾਹਿਬ, ਪੰਨਾ ੨
ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ‘ਪਾਲਿ` ਕੰਧ ਲਈ ਵਰਤਿਆ ਹੈ, ਅਤੇ ਸਮਝਾਇਆ
ਹੈ ਕਿਸ ਤਰ੍ਹਾਂ ਸਚਿਆਰੇ ਹੋਇਆ ਜਾ ਸਕਦਾ ਹੈ ਤਾਂ ਕਿ ਕੂੜ ਦੀ ਕੰਧ ਟੁੱਟ ਜਾਵੇ। ਇਸ ਦੇ ਜਵਾਬ
ਅੰਦਰ ਸਾਹਿਬ ਜੀ ਨੇ ਉਸ ਵਾਹਿਗੁਰੂ ਦੀ ਰਜ਼ਾ ਅੰਦਰ ਰਹਿਣ ਲਈ ਪ੍ਰੇਰਿਆ ਹੈ।
ਇਸ ਤਰ੍ਹਾਂ ਭਗਤ ਨਾਮਦੇਵ ਜੀ ਨੇ ਸ਼ਬਦ ਵਰਤਿਆ ਹੈ ਕਿ ਪਾੜਿ ਤੋਂ ਪੜੋਸ ਕਿਸ
ਤਰ੍ਹਾਂ ਆਇਆ ਜਾ ਸਕਦਾ ਹੈ ਅਤੇ ਇਹ ਪਾੜਾ ਕਿਸ ਤਰ੍ਹਾਂ ਖ਼ਤਮ ਹੋ ਸਕਦਾ ਹੈ। ਭਗਤ ਨਾਮਦੇਵ ਜੀ ਨੇ ਵੀ
ਇਸ ਸ਼ਬਦ ਵਿੱਚ ਉਸ ਪ੍ਰਭੂ ਪਰਮਾਤਮਾ ਦੀ ਰਜ਼ਾ ਅੰਦਰ ਰਹਿਣ ਦੀ ਅਤੇ ਨਾਮ ਸਿਮਰਨ ਦੀ ਹੀ ਪ੍ਰੇਰਨਾ
ਕੀਤੀ ਹੈ।
ਦੂਸਰੀ ਗੱਲ ਇਹ ਹੈ ਕਿ ਮਰਾਠੀ ਭਾਸ਼ਾ ਵਿੱਚ ਮਨੁੱਖ ਨੂੰ ਕੋਈ ਅਵਾਜ਼ ਮਾਰੇ
ਤਾਂ ਅਵਾਜ਼ ਮਾਰਨ ਸਮੇਂ ‘ਰੀ ਬਾਈ` ਕਹਿੰਦੇ ਹਨ, ਪਰ ਅਸੀਂ ਸਮਝ ਲਿਆ ਕਿ ਸ਼ਾਇਦ ਕਿਸੇ ਔਰਤ ਨੂੰ ਅਵਾਜ਼
ਮਾਰੀ ਹੈ। ਇਸੇ ਤਰ੍ਹਾਂ ਅਸੀਂ ਪੜੋਸਣਿ ਤੋਂ ਗਵਾਂਡਣ ਬਣਾ ਕੇ ਕਿਸੇ ਗਵਾਂਡਣ ਨਾਲ ਵਾਰਤਾਲਾਪ ਵਿੱਚ
ਬਦਲਕੇ ਸੱਚ ਨੂੰ ਛੁਪਾ ਦਿੱਤਾ। ਜਦੋਂ ਕਿ ਇਥੇ ਇਸ ਸ਼ਬਦ ਦਾ ਉਚਾਰਨ ਪਾੜ ਤੋਂ ਪੜੋਸ ਆਉਣ ਭਾਵ ਪਾੜਾ
ਖ਼ਤਮ ਕਰਨ ਦੇ ਉਦੇਸ਼ ਨਾਲ ਕੀਤਾ ਹੈ। ਸ਼ਬਦ ਦੀ ਸ਼ੁਰੂਆਤ ਪਾੜੇ ਤੋਂ ਹੁੰਦੀ ਹੈ ਅਤੇ ਅਖ਼ੀਰ ਤੇ ਸ਼ਬਦ
‘ਸੀਅ` ਵਰਤਿਆ ਹੈ। ‘ਸੀਅ` ਸੀਅਉ ਦਾ ਭਾਵ ਹੈ - ਕਿਸੇ ਪਾੜੇ ਨੂੰ ਸੀਉਣ ਦੀ ਸੀਅ ਲਾਉਣ ਦਾ ਉਦੇਸ਼
ਹੈ, ਪਰ ਅਸੀਂ ਇਥੇ ਸੀਤਾ (ਰਾਮ ਦੀ ਪਤਨੀ) ਅਰਥ ਕਰ ਦਿੱਤੇ। ਇਥੇ ਸੀਅ, ਸੀਅਉ ਦਾ ਸੰਖੇਪ ਹੈ (ਦੇਖੋ
ਮਹਾਨ ਕੋਸ਼) ਅਤੇ ਭਭੀਖਣ ਤੱਤ ਗਿਆਨ ਰੂਪੀ ਭਭੀਖਣ ਹੈ।
ਅਸੀਂ ਨਾਮਦੇਵ ਜੀ ਦੇ ਨਾਂਅ ਦਾ ਅਤੇ ਨਾਮ ਸਿਮਰਨ ਦਾ ਬਹੁਤ ਭੁਲੇਖਾ ਖਾਧਾ
ਹੈ। ਇਸ ਸ਼ਬਦ ਅੰਦਰ ‘ਲੇਨਾਮਾ` ਪ੍ਰੇਰਨਾ ਸਰੋਤ ਹੈ ਅਤੇ ਨਾਮ ਸਿਮਰਨ ਦੀ ਪ੍ਰੇਰਨਾ ਹੈ। ਇਸੇ ਤਰ੍ਹਾਂ
ਸੁਲਤਾਨੁ ਪੂਛੈ ਸੁਨੁ ਬੇ ਨਾਮਾ।।
ਦੇਖਉ ਰਾਮ ਤੁਮਾੑਰੇ ਕਾਮਾ।। ੧।।
ਗੁਰੂ ਗ੍ਰੰਥ ਸਾਹਿਬ, ਪੰਨਾ ੧੧੬੫
ਵਾਲੇ ਸ਼ਬਦ ਅੰਦਰ ਸ਼ਬਦ ਹੈ ‘ਬੇਨਾਮਾ` ਜਿਸ ਦਾ ਅਰਥ ਹੈ ਨਾਮ ਤੋਂ ਬਿਨਾਂ। ਇਸ
ਤੁਕ ਦਾ ਭਾਵ ਹੈ ਕਿ ਨਾਮ ਤੋਂ ਬਿਨਾਂ ਉਸ ਵਾਹਿਗੁਰ ਦੇ ਦਰ - ਸੁਲਤਾਨ ਦੇ ਦਰ – ਪੁੱਛ ਹੋਣੀ ਹੈ।
‘ਲੇਨਾਮਾ` ਪ੍ਰੇਰਨਾ ਸਰੋਤ ਹੈ ਅਤੇ ‘ਬੇਨਾਮਾ` ਸਿਮਰਨ ਤੋਂ ਬਗ਼ੈਰ ਹੈ।
‘ਬੇਨਾਮਾ` ਅੰਕਸ ਰੂਪ ਹੈ, ਚੋਟ ਰੂਪ ਹੈ। ਚੋਟ ਤੋਂ ਬਿਨਾਂ ਕੋਈ ਮੁੜਦਾ ਨਹੀਂ, ਸਿਮਰਨ ਤੋਂ ਬਗ਼ੈਰ
ਕੋਈ ਜੁੜਦਾ ਨਹੀਂ, ਸੀਤਾ ਨਹੀਂ ਜਾਂਦਾ, ਪਰੋਇਆ ਨਹੀਂ ਜਾਂਦਾ, ਪਾੜ ਤੋਂ ਪੜੋਸ ਆਇਆ ਨਹੀਂ ਜਾਂਦਾ
ਪਾੜਾ ਖਤਮ ਨਹੀਂ ਹੁੰਦਾ। ਇਹੀ ਗੁਰਮਤਿ ਦਾ ਅਸਲ ਮਾਰਗ ਹੈ।
ਰਹਿ ਗਈ ਗੱਲ ਬੇਢੀ ਸ਼ਬਦ ਦੀ - ਇਸ ਦੇ ਅਰਥ ਤਰਖਾਣ ਹਨ। ਜਿਸ ਦੀ ਗੱਲ
ਨਾਮਦੇਵ ਜੀ ਕਰਦੇ ਹਨ, ਉਹ ਬੇਢੀ ਕਿਹੜਾ ਹੈ, ਇਸੇ ਸ਼ਬਦ ਅੰਦਰ ਨਾਮਦੇਵ ਜੀ ਸਪਸ਼ਟ ਕਰਦੇ ਹਨ:
ਐਸੋ ਬੇਢੀ ਬਰਨਿ ਨ ਸਾਕਉ ਸਭ ਅੰਤਰ ਸਭ ਠਾਂਈ ਹੋ।।
ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ ਪੂਛੇ ਕਹਨੁ ਨ ਜਾਈ ਹੋ।। ੩।।
ਗੁਰੂ ਗ੍ਰੰਥ ਸਾਹਿਬ, ਪੰਨਾ ੬੫੭
ਸ੍ਰਿਸ਼ਟੀ ਨੂੰ ਘੜਨਹਾਰੇ ਸਰਬ-ਵਿਆਪਕ ਬੇਢੀ ਦਾ ਵਰਨਣ ਹੈ, ਨਾਂ ਕਿ ਕਿਸੇ
ਕੱਖਾਂ ਦੀ ਕੁੱਲੀ ਬੰਨਣ ਵਾਲੇ ਦਾ। ਛੰਨ ਸ਼ਬਦ ਕੋਈ ਕੱਖਾਂ ਦੀ ਕੁਲੀ ਨਹੀਂ, ਉਸ ਸਰਬ-ਵਿਆਪਕ ਬੇਢੀ
ਦੇ ਕ੍ਰਿਪਾ ਰੂਪੀ ਛੱਪਰ ਦਾ ਵਰਨਣ ਹੈ।
ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ।।
ਗੁਰੂ ਗ੍ਰੰਥ ਸਾਹਿਬ, ਪੰਨਾ ੫੯੦
ਘਰੁ ੪ ਸੋਰਠਿ।।
ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ।।
ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ।। ੧।।
ਰੀ ਬਾਈ ਬੇਢੀ ਦੇਨੁ ਨ ਜਾਈ।।
ਦੇਖੁ ਬੇਢੀ ਰਹਿਓ ਸਮਾਈ।।
ਹਮਾਰੈ ਬੇਢੀ ਪ੍ਰਾਨ ਅਧਾਰਾ।। ੧।। ਰਹਾਉ।।
ਬੇਢੀ ਪ੍ਰੀਤਿ ਮਜੂਰੀ ਮਾਂਗੈ ਜਉ ਕੋਊ ਛਾਨਿ ਛਵਾਵੈ ਹੋ।।
ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ।। ੨।।
ਐਸੋ ਬੇਢੀ ਬਰਨਿ ਨ ਸਾਕਉ ਸਭ ਅੰਤਰ ਸਭ ਠਾਂਈ ਹੋ।।
ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ ਪੂਛੇ ਕਹਨੁ ਨ ਜਾਈ ਹੋ।। ੩।।
ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ।।
ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ।। ੪।। ੨।।
ਗੁਰੂ ਗ੍ਰੰਥ ਸਾਹਿਬ, ਪੰਨਾ ੬੯੭
ਪਦ ਅਰਥ
ਪਾੜ – ਪਾੜਾ ਪੈਣਾ, ਵਿੱਥ, ਫ਼ਰਕ ਪੈਣਾ
ਪੜੋਸਣਿ – ਪੜੋਸ ਆ ਜਾਣਾ, ਨੇੜੇ ਹੋ ਜਾਣਾ, ਪਾੜਾ ਖਤਮ ਕਿਵੇਂ ਹੋ ਸਕਦਾ
ਹੈ?
ਪੂਛਿ – ਪੁੱਛਣਾ
ਲੇਨਾਮਾ – ਨਾਮ ਸਿਮਰਨਾ, ਨਾਮ ਸਿਮਰਨ ਨਾਲ
ਕਾ – ਕਿਹੜਾ, ਕਿਹੜੇ
ਪਹਿ – ਮਾਰਗ, ਰਸਤਾ, ਪਹਿਆ
ਕਾ ਪਹਿ – ਕਿਹੜੇ ਰਸਤੇ
ਛਾਨਿ – ਛੱਪਰ, ਕ੍ਰਿਪਾ ਰੂਪੀ ਛੱਪਰ
ਛਾਨਿ ਛਵਾਈ ਹੋ – ਕਿਵੇਂ ਕ੍ਰਿਪਾ ਰੂਪੀ ਛੱਪਰ ਹੋ ਸਕਦਾ ਹੈ?
ਤੋ ਪਹਿ – ਉਸੇ ਰਸਤੇ, ਉਹ ਕਿਹੜਾ ਰਸਤਾ ਹੈ ਜੋ ਉੱਪਰ ਦਸਿਆ ਹੈ
ਲੇਨਾਮਾ – ਨਾਮ ਦੇ ਰਸਤੇ
ਦੁਗਣੀ – ਦੋਹਰੀ ਭਾਵ ਦਿਨ ਅਤੇ ਰਾਤ (ਸਾਸ ਗਿਰਾਸ)
ਮਜੂਰੀ – ਮੁਸ਼ੱਕਤ ਕਰਨੀ
ਦੁਗਣੀ ਮਜੂਰੀ – ਦਿਨ ਰਾਤ ਉਸ ਸ੍ਰਿਸਟੀ ਨੂੰ ਘੜਨਹਾਰੇ ਬੇਢੀ ਦੀ ਮੁਸ਼ੱਕਤ
ਕਰਨੀ
ਨੋਟ – ਇਸੇ ਹੀ ਸ਼ਬਦ ਅੰਦਰ ਸਪਸ਼ਟ ਕੀਤਾ ਹੈ ਭਗਤ ਜੀ ਨੇ ਕਿ ਬੇਢੀ ਕੀ ਹੈ।
ਦੈਹਉ – ਦੇਕੇ, ਦਿੱਤੀ, ਕੀਤੀ
ਮੋ ਕਉ - ਮੈਨੂੰ
ਬੇਢੀ – ਸਰਬ-ਵਿਆਪਕ ਸ੍ਰਿਸ਼ਟੀ ਰਚਣਹਾਰਾ
ਦੇਹੁ – ਦੇਣਾ
ਦੇਹੁ ਬਤਾਈ ਹੋ – ਜੋ ਬੇਢੀ ਨੇ ਬਤਾਇਆ ਹੈ, ਦੱਸਿਆ ਹੈ
ਰੀ ਬਾਈ – ਦੁਨੀਆ ਦੇ ਲੋਕੋ
ਦੇਨ ਨ ਜਾਈ – ਦੱਸਿਆ ਨਹੀਂ ਜਾ ਸਕਦਾ
ਦੇਖੁ – ਦੇਖਣਾ
ਰਹਿਓ ਸਮਾਈ – ਸਮਾਇਆ ਹੈ, ਸਰਬ-ਵਿਆਪਕ ਹੈ
ਪ੍ਰੀਤਿ ਮਜੂਰੀ – ਪ੍ਰੀਤ ਦੀ ਮੁਸ਼ੱਕਤ
ਜਉ – ਅਗਰ
ਜਉ ਕੋਊ ਛਾਨਿ ਛਵਾਵੈ ਹੋ – ਅਗਰ ਕੋਈ ਕ੍ਰਿਪਾ ਦਾ ਛੱਪਰ ਚਾਹੁੰਦਾ ਹੈ
ਲੋਗ ਕੁਟੰਬ – ਦੁਨਿਆਵੀ ਕਰਮ ਕਾਂਡ
ਤੋਰੈ – ਤੋੜ ਲੈਣ
ਐਸੋ – ਐਸੇ, ਐਸਾ
ਬਰਨਿ - ਵਰਨਣ
ਬਰਨਿ ਨ ਸਾਕਉ – ਵਰਨਣ ਨਹੀਂ ਕਰ ਸਕਦਾ
ਸਭ ਅੰਤਰ – ਸਭ ਦੇ ਅੰਦਰ ਹੈ
ਸਭ ਠਾਂਈ ਹੋ – ਹਰੇਕ ਜਗ੍ਹਾ ਹੋ, ਸਰਬ-ਵਿਆਪਕ ਹੋ
ਗੂੰਗੈ – ਜਿਸ ਮਨੁੱਖ ਤੋਂ ਬੋਲਿਆ ਨਹੀਂ ਜਾ ਸਕਦਾ
ਜਲਧਿ – ਜਲ, ਪਾਣੀ
ਬਾਂਧਿ – ਬੰਨ੍ਹ, ਬੰਨ੍ਹ ਲਾਉਣਾ
ਧ੍ਰੂ - ਧਰੂ ਲੈਣਾ, ਖਿੱਚ ਲੈਣਾ, ਮੋੜ ਲੈਣਾ (ਇਥੇ ਧਰੂ ਭਗਤ ਦਾ ਜ਼ਿਕਰ
ਨਹੀਂ)
ਥਾਪਿਓ – ਥਾਪ ਦੇਣਾ, ਬੰਨ੍ਹ ਲਾਕੇ
ਜਲਧਿ ਬਾਂਧਿ ਧ੍ਰੂ ਥਾਪਿਓ – ਪਾਣੀ ਨੂੰ ਬੰਨ ਲਾਕੇ ਮੋੜ ਲੈਣਾ
ਨਾਮੇ ਕੇ ਸੁਆਮੀ – ਨਾਮਦੇਵ ਦਾ ਸੁਆਮੀ
ਸੀਅ – ਸੀਉ ਲੈਣਾ, ਜੋੜ ਲੈਣਾ, ਪਾੜਾ ਖ਼ਤਮ ਕਰ ਦੇਣਾ (ਸੀਅਉ ਦਾ ਸੰਖੇਪ ਹੈ)
ਬਹੋਰੀ – ਮੋੜਕੇ
ਸੀਅ ਬਹੋਰੀ – ਮੋੜਕੇ ਸੀਅ ਲੈਣਾ, ਜੋੜ ਲੈਣਾ
ਲੰਕ – ਹਿਰਦੇ ਰੂਪੀ ਲੰਕਾ ਇਥੇ ਕਰਮਕਾਂਡੀ ਲੰਕਾ ਦੀ ਗੱਲ ਨਹੀਂ; ਮਨ ਰੂਪੀ
ਲੰਕਾ ਦੀ ਹੈ, ਲੰਕ ਸ਼ਬਦ ਹਿਰਦੇ ਲਈ ਹੈ
ਭਭੀਖਣ – ਤੱਤ ਗਿਆਨ ਭੇਦ ਭਾਵ ਹੰਕਾਰ ਨੂੰ ਗੁਰਮੁਖ ਰੂਪ ਵਿਭੀਖਣ ਦੁਆਰਾ
ਤੱਤ ਗਿਆਨ ਦਾ ਭੇਦ ਕਰਵਾਕੇ ਹਉਮੈ ਨੂੰ ਖ਼ਤਮ ਕਰਨਾ ਹੈ
ਅਰਥ
ਨਾਮਦੇਵ ਜੀ ਕਹਿੰਦੇ ਹਨ – ਹੇ ਭਾਈ ਜੇਕਰ ਮੈਨੂੰ ਕੋਈ ਪੁੱਛੇ ਕਿ ਪਾੜ ਤੋਂ
ਪੜੋਸਿ ਕਿਵੇਂ ਆਇਆ ਜਾ ਸਕਦਾ ਹੈ, ਤਾਂ ਮੈਂ ਇਹੀ ਪ੍ਰੇਰਨਾ ਕਰਦਾ ਹਾਂ ਕਿ ਲੇਨਾਮਾ, ਨਾਮ ਸਿਮਰਨ
ਕਰੋ, ਨਾਮ ਦੇ ਮਾਰਗ ਤੇ ਚੱਲਣਾ ਕਰੋ, ਜੇਕਰ ਉਸ ਦੀ ਕ੍ਰਿਪਾ ਦਾ ਛੱਪਰ ਚਾਹੁੰਦੇ ਹੋ, ਕਿਉਂਕਿ
(ਨਾਮਦੇਵ ਨੂੰ ਤਾਂ ਬੇਢੀ ਨੇ ਇਹੀ ਦੱਸਿਆ ਹੈ, ਅਤੇ ਮੈਂ ਤਾਂ ਉਸ ਬੇਢੀ ਦੀ ਦਿਨ ਰਾਤ ਮੁਸ਼ੱਕਤ ਕੀਤੀ
ਹੈ; ਫਿਰ ਕ੍ਰਿਪਾ ਦਾ ਛੱਪਰ ਹੋਇਆ ਹੈ। ਜੇਕਰ ਉਸ ਬੇਢੀ ਬਾਰੇ ਕੋਈ ਪੁੱਛੇ ਤਾਂ ਦੱਸਿਆ ਨਹੀਂ ਜਾ
ਸਕਦਾ, ਉਹ ਸਰਬ-ਵਿਆਪਕ ਹੈ। ਮੇਰੇ ਪ੍ਰਾਣਾਂ ਨੂੰ ਉਸਦਾ ਹੀ ਅਧਾਰ ਅਤੇ ਆਸਰਾ ਹੈ। ਅਗਰ ਕੋਈ ਉਸਦੀ
ਬਖਸ਼ਿਸ਼ ਦਾ ਛੱਪਰ ਚਾਹੁੰਦਾ ਹੈ ਤਾਂ ਉਸ ਦੇ ਨਾਮ ਦੇ ਰਸਤੇ ਚੱਲਣਾ ਕਰੇ। ਪ੍ਰੀਤ ਨਾਲ ਉਸਦੀ ਮੁਸ਼ੱਕਤ
ਕਰੇ, ਤਮਾਮ ਦੁਨਿਆਵੀ ਕਰਮਕਾਂਡਾਂ ਨਾਲੋ ਪ੍ਰੀਤ ਤੋੜੇ, ਅਤੇ ਉਸ ਬੇਢੀ ਨਾਲ ਪ੍ਰੀਤ ਜੋੜੇ, ਤਾਂ ਉਹ
ਆਪ ਹੀ ਹਿਰਦੇ ਰੂਪੀ ਘਰ ਵਿੱਚ ਵਸ ਜਾਂਦਾ ਹੈ।
ਐਸੇ ਬੇਢੀ ਦਾ ਵਰਨਣ ਤਾਂ ਹੋ ਹੀ ਨਹੀਂ ਸਕਦਾ, ਬੋਲ ਕੇ ਦਰਸਾਇਆ ਨਹੀਂ ਜਾ
ਸਕਦਾ। ਉਹ ਤਾਂ ਸਭ ਦੇ ਅੰਦਰ ਹੈ ਅਤੇ ਸਭ ਥਾਈਂ ਹੈ, ਸਰਬ-ਵਿਆਪਕ ਹੈ। ਜਿਵੇਂ ਕੋਈ ਗੂੰਗਾ ਮਹਾਂ
ਅੰਮ੍ਰਿਤ ਰਸ ਚੱਖੇ, ਤਾਂ ਉਸ ਨੂੰ ਕੋਈ ਪੁੱਛੇ ਕਿ ਕਿਸ ਤਰ੍ਹਾਂ ਦਾ ਸੁਆਦ ਹੈ ਤਾਂ ਗੁੰਗਾ ਬੋਲ ਕੇ
ਨਹੀਂ ਦੱਸ ਸਕਦਾ। ਗੂੰਗੇ ਨੇ ਜੋ ਪਦਾਰਥ ਖਾਦਾ ਹੈ, ਉਸਦਾ ਸਵਾਦ ਜਾਨਣ ਵਾਲੇ ਨੂੰ ਵੀ ਉਹੀ ਪਦਾਰਥ
ਖਾਣਾ ਪਵੇਗਾ। ਇਸੇ ਹੀ ਤਰ੍ਹਾਂ ਬੇਢੀ ਦੇਖਣ ਲਈ ਪੁੱਛਣ ਵਾਲੇ ਨੂੰ ਨਾਮ ਦੇ ਮਾਰਗ ਤੇ ਚੱਲਣਾ
ਪਵੇਗਾ।
ਨਾਮਦੇਵ ਜੀ ਕਹਿੰਦੇ ਹਨ – ਹੇ ਭਾਈ ਮੈਂ ਤਾਂ ਉਸਦੇ ਗੁਣ ਹੀ ਦੱਸ ਸਕਦਾ ਹਾਂ
ਜੋ ਮੇਰੇ ਨਾਲ ਵਾਪਰਿਆ ਹੈ। ਜਿਵੇਂ ਪਾਣੀ ਨੂੰ ਇੱਕ ਪਾਸੇ ਤੋਂ ਮੋੜਕੇ ਦੂਸਰੇ ਪਾਸੇ ਖੜਨ ਲਈ ਬੰਨ੍ਹ
ਲਾਉਣਾ (ਥਾਪਣਾ) ਪੈਂਦਾ ਹੈ, ਇਸੇ ਤਰ੍ਹਾਂ ਜਦੋਂ ਮੈਂ (ਲੇਨਾਮਾ) ਨਾਮ ਦੇ ਰਸਤੇ ਤੇ ਚੱਲਿਆ ਤਾਂ
ਸ੍ਰਿਸ਼ਟੀ ਨੂੰ ਘੜਨਹਾਰੇ, ਰਚਨਹਾਰੇ ਬੇਢੀ ਨੇ (ਲੋਗ ਕੁਟੰਬ) ਦੁਨਿਆਵੀ ਪਦਾਰਥਾਂ ਵਲੋਂ ਬੰਨ੍ਹ ਲਾ
ਕੇ ਮੈਨੂੰ ਆਪਣੇ ਵਲ ਮੋੜ ਲਿਆ ਹੈ। ਨਾਮੇ ਦੇ ਸਰਬ-ਵਿਆਪਕ ਸੁਆਮੀ ਨੇ ਆਤਮਿਕ ਗਿਆਨ ਦਾ ਭੇਤ ਦੇ ਕੇ
ਮੋੜ ਲਿਆ ਹੈ, ਅਤੇ ਗੁਰਮੁਖ ਰੂਪੀ ਤੱਤ ਗਿਆਨ ਦਾ ਭੇਤ ਦੇ ਕੇ ਆਪਣੇ ਨਾਲ ਜੋੜ ਲਿਆ, ਭਾਵ ਪਾੜਾ ਖ਼ਤਮ
ਕਰ ਦਿੱਤਾ ਹੈ।
ਸੋ ਸਾਫ਼ ਅਤੇ ਸਪਸ਼ਟ ਹੈ ਕਿ ਨਾਮਦੇਵ ਜੀ ਗੁਰਮਤਿ ਵੀਚਾਰਧਾਰਾ ਅਨੁਸਾਰ ਪ੍ਰਭੂ
ਦੇ ਪੁਜਾਰੀ ਸਨ।
ਇਕ ਹੋਰ ਗੱਲ ਵੀਚਾਰਨੀ ਬਣਦੀ ਹੈ, ਗੁਰਬਾਣੀ ਵਿਆਖਿਆ ਕਰਨ ਵੇਲੇ। ਉਹ ਇਹ ਹੈ
ਕਿ ਗੁਰਬਾਣੀ ਕਾਵਿ ਰੂਪ ਹੈ, ਅਤੇ ਕਾਵਿ ਰੂਪ ਨੂੰ ਸਮਝਣ ਵਾਸਤੇ ਕਾਵਿ ਦਾ ਨਿਯਮ ਸਮਝਣਾ ਅਤਿਅੰਤ
ਜ਼ਰੂਰੀ ਹੈ। ਕਾਵਿ ਰਚਨਾ ਦਾ ਆਪਣਾ ਇੱਕ ਨਿਯਮ ਹੈ; ਲਿਖਣ ਵਾਲੇ ਨੂੰ ਕਾਵਿ ਲਿਖਣ ਵੇਲੇ ਉਸ ਨਿਯਮ
ਵਿੱਚ ਰਹਿਣਾ ਪੈਂਦਾ ਹੈ। ਉਹ ਨਿਯਮ ਹੈ ਪਿੰਗਲ, ਅਤੇ ਪਿੰਗਲ ਦੇ ਨਿਯਮ ਅਨੁਸਾਰ ਜਿਥੇ ਲਗਾਂ ਮਾਤਰਾਂ
ਅਤੇ ਅੱਖਰਾਂ ਦੀ ਗਿਣਤੀ ਦਾ ਪੂਰਾ-ਪੂਰਾ ਖ਼ਿਆਲ ਰੱਖਣਾ ਅਤਿ ਜ਼ਰੂਰੀ ਹੈ। ਉਥੇ ਬੋਲੀ ਭਾਵੇਂ ਕੋਈ ਵੀ
ਹੋਵੇ, ਸ਼ਬਦ ਦਾ ਸੰਕਲਪ ਤੋਲ ਮਾਪ ਪੂਰਾ ਕਰਨ ਲਈ ਇੱਕ ਗੱਲ ਦੀ ਖੁੱਲ ਹੁੰਦੀ ਹੈ ਕਿ ਕਿਸੇ ਵੀ ਬੋਲੀ
ਦਾ ਸ਼ਬਦ ਵਰਤਿਆ ਜਾ ਸਕਦਾ ਹੈ। ਬਸ਼ਰਤੇ ਉਹ ਸ਼ਬਦ ਸੰਕਲਪ, ਤੋਲ, ਮਾਪ, ਨਿਯਮ ਅਤੇ ਸਿਧਾਂਤ ਤੇ ਪੂਰਾ
ਉੱਤਰਦਾ ਹੋਵੇ। ਗੁਰਬਾਣੀ ਰਚਨਹਾਰਿਆਂ ਨੇ ਗੁਰਮਤਿ ਸਿਧਾਂਤ ਦੇ ਨਿਯਮ ਨੂੰ ਕਿਤੇ ਵੀ ਤਿਲਾਂਜਲੀ
ਨਹੀਂ ਦਿੱਤੀ। ਕਿਤੇ ਸੂਈ ਦੇ ਨੱਕੇ ਜਿੰਨ੍ਹਾ ਵੀ ਗੁਰਮਤਿ ਸਿਧਾਂਤ ਤੋਂ ਬਾਹਰ ਨਹੀਂ ਗਏ। ਬਾਕੀ
ਕਮਜ਼ੋਰੀ ਸਾਡੀ ਹੈ ਕਿ ਵਿਆਖਿਆ ਕਰਨ ਵੇਲੇ ਅਸੀਂ ਗੁਰਮਤਿ ਨੂੰ ਮੂਹਰੇ ਨਹੀਂ ਰੱਖਿਆ। ਇਸੇ ਕਾਰਨ
ਗੁਰਬਾਣੀ ਦੀ ਵਿਆਖਿਆ ਅੰਦਰ ਵਿਰੋਧਾਭਾਸ ਹੈ, ਪਰ ਗੁਰਬਾਣੀ ਅੰਦਰ ਆਪਸ ਵਿੱਚ ਕਿਤੇ ਵੀ ਵਿਰੋਧਾਭਾਸ
ਨਹੀਂ।
ਸ਼੍ਰੋਮਣੀ ਭਗਤ ਨਾਮਦੇਵ ਵਲੋਂ ਉਚਾਰੀ ਬਾਣੀ ਅੰਦਰ ਉਸ ਖ਼ਿੱਤੇ ਅੰਦਰ ਬੋਲੀਆਂ
ਜਾਂਦੀਆਂ ਸਾਰੀਆਂ ਭਾਸ਼ਾਵਾਂ ਮੌਜੂਦ ਹਨ, ਅਤੇ ਭਗਤ ਜੀ ਉਸ ਖ਼ਿੱਤੇ ਵਿੱਚ ਬੋਲੀ ਜਾਣ ਵਾਲੀ ਹਰ ਭਾਸ਼ਾ
ਵਿੱਚ ਪੂਰਨ ਤੌਰ ਤੇ ਮਾਹਰ ਸਨ (ਅਰਬੀ, ਫ਼ਾਰਸੀ, ਮਰਾਠੀ, ਸੰਸਕ੍ਰਿਤ)।