ਸਤਿਕਾਰਯੋਗ ਸੰਪਾਦਕ ਜੀ, ਸਿੱਖ ਮਾਰਗ
ਵਾਹਿ-ਗੁਰੂ ਜੀ ਕਾ ਖਾਲਸਾ, ਵਾਹਿ-ਗੁਰੂ ਜੀ ਕੀ ਫਤਿਹ
੨੫ ਮਾਰਚ ੨੦੦੯ ਦੇ ਸਪੋਕਸਮੈਨ ਦੇ ‘ਬਹੁਰੰਗੀ` ਪੰਨੇ ਤੇ ਇੱਕਵਾਕ ਸਿੰਘ ਜੀ
ਪੱਟੀ ਦਾ ਲੇਖ ‘ਸਪੋਕਸਮੈਨ ਦੇ ਹਿਮਾੲਤੀ ਬਨਾਮ ਸਪੋਕਸਮੈਨ ਦੇ ਵਿਰੋਧੀ` ਛਪਿਆ ਜੋ ਸਿਖ ਮਾਰਗ ਤੇ
‘ਸਪੋਕਸਮੈਨ, ਜੋਗਿੰਦਰ ਸਿੰਘ
ਤੇ ਜਗਜੀਤ ਕੌਰ ਬਾਰੇ ਸੱਚ` ਸਿਰਲੇਖ ਅਧੀਨ ਦਿੱਤਾ
ਗਿਆ ਦੋਨੋ ਲੇਖ ਬਿਲਕੁਲ ਇੱਕ ਜੈਸੇ ਹਨ ਸਿਵਾਏ ਆਖਿਰੀ ਪੈਰ੍ਹੇ ਦੇ। ‘ਸਿਖ ਮਾਰਗ` ਵਾਲਾ ਲੇਖ ‘ਖੈਰ!
ਰੱਬ ਇਹਨਾਂ ਨੂੰ ਸੁਮੱਤ ਦੇਵੇ` ਤੇ ਖਤਮ ਹੋ ਜਾਂਦਾ ਹੈ। ਪਰ ਸਪੋਕਸਮੈਨ ਵਾਲੇ ਲੇਖ ਵਿੱਚ ਆਖਰੀ
ਪੈਰ੍ਹੇ ਵਿੱਚ ੫-੬ ਲਾਈਨਾਂ ਵਾਧੂ ਹਨ। ਦਾਸਰਿਆਂ ਦਾ ਅੰਦਾਜ਼ਾ ਹੈ ਕਿ ਇਹ ਕੰਮ (ਸਿਰਲੇਖ ਬਦਲ ਕੇ
ਕੁੱਝ ਵਾਧੂ ਲਾਈਨਾਂ ਜੋੜਨੀਆਂ) ਕਿਸੇ ਹੋਰ ਵੱਲੋਂ ਕੀਤਾ ਗਿਆ। ਤੱਦ ਹੀ ਪੱਟੀ ਜੀ ਨੂੰ ਨਿੱਜੀ ਪੱਤਰ
ਰਾਹੀਂ ਇਹ ਲੇਖ ਭੇਜਿਆ ਗਿਆ ਸੀ। ਇਸਦਾ ਕੋਈ ਜਵਾਬ ਹੁਣ ਤੱਕ ਨਹੀਂ ਆਇਆ। ਪਰ ਅਸੀਂ ਇਹ ਭੁ-ਲ ਚੁੱਕੇ
ਸੀ। ਕੁੱਝ ਦਿਨ ਪਹਿਲਾਂ ਤੱਤ ਗੁਰਮਤਿ ਪਰਿਵਾਰ ਨੇ ਫਰੀਦਾਬਾਦ ਵਾਲੇ ਸਿੱਖਾਂ ਵਲੋਂ ਜੋਗਿੰਦਰ ਸਿੰਘ
ਜੀ ਦਾ ਲੋੜ ਤੋਂ ਵੱਧ (ਗੈਰ-ਸਿਧਾਂਤਕ) ਪ੍ਰਭਾਵ ਕਬੂਲਣ ਬਾਰੇ ਟਿੱਪਣੀ ਕੀਤੀ ਸੀ। ਅਪਣੀ ਇਸ ਗਲਤ
ਪਹੁੰਚ ਦੀ ਪ੍ਰੋੜਤਾ ਕਰਨ ਲਈ ਫਰੀਦਾਬਾਦ ਵਾਲੇ ਗੁਰਸਿੱਖਾਂ ਨੇ ਅਪਣੀ ਵੈਬਸਾਈਟ (ਸਿੱਖ ਅਫੈਅਰਜ਼)
ਵਿੱਚ ਪੱਟੀ ਜੀ ਦਾ ਇਹ ੪-੫ ਮਹੀਨੇ ਪੁਰਾਣਾ ਲੇਖ ‘ਨਵਾਂ` ਕਰ ਕੇ ਛਾਪ ਦਿਤਾ। ਅਸੀਂ ਅਪਣਾ ਪੱਖ
ਪੱਟੀ ਜੀ ਨੂੰ ਭੇਜੇ ਉਸ ਖੱਤ ਵਾਲੇ ਲੇਖ ਦੇ ਰੂਪ ਵਿੱਚ ‘ਸਿੱਖ ਅਫੈਅਰਜ਼` ਨੂੰ ਭੇਜ ਕੇ ਪ੍ਰਕਾਸ਼ਿਤ
ਕਰਨ ਦੀ ਬੇਨਤੀ ਕੀਤੀ। ਪਰ ਉਹ ਟਾਲਾ ਵੱਟ ਗਏ। ਇਹ ਪਹੁੰਚ ਸਾਡੇ ਵਲੋਂ ਉਹਨਾਂ ਦੀ ਨਿਰਪੱਖਤਾ
ਸੰਬੰਧੀ ਕੀਤੀ ਟਿੱਪਣੀ ਦੀ ਪ੍ਰੌੜਤਾ ਹੀ ਕਰਦੀ ਹੈ। ਦਾਸਰੇ ਹੁਣ ਪੱਟੀ ਜੀ ਨੂੰ ਲਿਖਿਆ ਉਹ ਖੱਤ
ਰੂਪੀ ਪੂਰਾ ਲੇਖ ਆਪ ਜੀ ਨੂੰ ਭੇਜ ਰਹੇ ਹਾਂ। ਜੇ ਆਪ ਯੋਗ ਸਮਝੋ, ਤਾਂ ਪ੍ਰਕਾਸ਼ਿਤ ਕਰ ਦੇਣਾ ਤਾਂ ਕਿ
ਪਾਠਕਾਂ ਤੱਕ ਦੂਜਾ ਪੱਖ ਵੀ ਪਹੁੰਚ ਸਕੇ
ਦਾਸਰੇ
ਤੱਤ ਗੁਰਮਤਿ ਪਰਿਵਾਰ
ਸਤਿਕਾਰਯੋਗ ਵੀਰ ਇਕਵਾਕ ਸਿੰਘ ਪੱਟੀ ਜੀਉ,
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।
੨੫ ਮਾਰਚ ੨੦੦੯ ਦੇ ਸਪੋਕਸਮੈਨ ਦੇ ‘ਬਹੁਰੰਗੀ` ਪੰਨੇ ਤੇ ਆਪ ਜੀ ਦਾ
ਲੇਖ ‘ਸਪੋਕਸਮੈਨ ਦੇ ਹਿਮਾੲਤੀ ਬਨਾਮ ਸਪੋਕਸਮੈਨ ਦੇ ਵਿਰੋਧੀ` ਪੜਿਆ। ਦਾਸਰੇ ਵੀ ਕੁੱਝ ਸਮੇਂ ਤੋਂ
ਤੱਤ ਗੁਰਮਤਿ ਨਾਲ ਜੁੜੀਆਂ ਪੰਥਕ ਸਫਾਂ ਵਿੱਚ ਵਿਚਰ ਰਹੇ ਹਨ, ਜਿਸ ਵਿੱਚ ਵਿਸ਼ੇਸ਼ ਥਾਂ ਸਪੋਕਸਮੈਨ ਦੀ
ਵੀ ਹੈ। ਦਾਸ ਸਪੋਕਸਮੈਨ ਸਮੇਤ ਹਰ ਉਸ ਸੰਸਥਾ ਅਤੇ ਵਿਅਕਤੀ ਦਾ ਤਹਿ ਦਿਲੋਂ ਕਦਰ ਕਰਦੇ ਹਨ, ਜੋ ਤੱਤ
ਗੁਰਮਤਿ ਦੇ ਖੇਤਰ ਵਿੱਚ ਕੰਮ ਕਰ ਰਿਹਾ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਪੋਕਸਮੈਨ ਨੇ ਇਸ
ਖੇਤਰ ਵਿੱਚ ਮੋਹਰੀ ਹੋ ਕੇ ਕੰਮ ਵੀ ਕੀਤਾ ਹੈ। ਪਰ ਆਪ ਜੀ ਦਾ ਲੇਖ ਪੜ੍ਹਕੇ ਮਨ ਸੋਂਚਾਂ ਵਿੱਚ ਘਿਰ
ਗਿਆ। ਗੱਲ ਅੱਗੇ ਵਧਾਉਣ ਤੋਂ ਪਹਿਲਾਂ ਹੀ ਦਾਸਰੇ ਨਿਮਰਤਾ ਸਹਿਤ ਹੱਥ ਜੋੜਕੇ ਬੇਨਤੀ ਕਰ ਦੇਣਾ
ਚਾਹੁੰਦੇ ਹਨ ਕਿ ਇਹ ਪੱਤਰ ਸਿਰਫ ‘ਸਵੈ-ਪੜਚੋਲ` ਕਰਨ ਦੀ ਮੰਸ਼ਾ ਨਾਲ ‘ਹਾਂ-ਪੱਖੀ` ਹੋ ਕੇ ਲਿਖ ਰਹੇ
ਹਾਂ, ਨਾ ਕਿ ਲੱਤਾਂ ਖਿੱਚਣ ਦੇ ਨਜ਼ਰੀਏ ਨਾਲ। ਆਸ ਹੈ ਆਪ ਇਸ ਪੱਤਰ ਨੂੰ ‘ਹਾਂ-ਪੱਖੀ` ਨਜ਼ਰੀਏ ਤੋਂ
ਹੀ ਵਿਚਾਰੋਗੇ।
ਸਿੱਖ “ਸਿਧਾਂਤ-ਪੂਜ ਬਣੇ, ਬੰਦਾ-ਪੂਜ ਨਹੀਂ”
ਜਿਹੜੀ ਵੀ ਕੌਮ, ਜਿਹੜੀ ਵੀ ਜਥੇਬੰਦੀ, ਜਿਹੜਾ ਵੀ ਇੰਸਾਨ ਸਿਧਾਂਤ-ਪੂਜ
(ਸਿਧਾਂਤਾਂ ਨਾਲ ਜੁੜਣ ਵਾਲਾ) ਹੁੰਦਾ ਹੈ, ਉਹ ਕਦੇ ਵੀ ਸੱਚ ਦੇ ਰਾਹ ਤੋਂ ਨਹੀਂ ਭਟਕਦਾ। ਪਰ ਅਫਸੋਸ
ਕਿ ੯੯% ਮਾਮਲਿਆਂ ਵਿੱਚ ਕੌਮਾਂ, ਸੰਸਥਾਵਾਂ, ਇੰਸਾਨ ‘ਸਿਧਾਤ-ਪੂਜ` ਦੀ ਥਾਂ ‘ਬੰਦਾ-ਪੂਜ` ਹੋ ਕੇ
ਸੱਚ ਦੇ ਰਾਹ ਤੋਂ ਭਟਕ ਜਾਂਦੇ ਹਨ। ਹੋਰਾਂ ਵੱਲ ਨਾ ਜਾਂਦੇ ਹੋਏ, ਸਿੱਖ ਕੌਮ ਦੀ ਇਸ ਪਖੋਂ
ਸਵੈ-ਪੜਚੋਲ ਕਰਦੇ ਹਾਂ ਤਾਂ ਕਿ ਨੁਕਤਾ ਵਧੇਰੇ ਸਪਸ਼ਟ ਹੋ ਸਕੇ।
ਨਾਨਕ ਪਾਤਸ਼ਾਹ (ਅਤੇ ਹੋਰ ਨਾਨਕ ਜਾਮਿਆਂ ਨੇ) ਸਾਨੂੰ ‘ਗੁਰੂ ਗ੍ਰੰਥ ਸਾਹਿਬ
ਜੀ` ਦੇ ਰੂਪ ਵਿੱਚ ‘ਸਿਧਾਂਤ` ਬਖਸ਼ਿਆ। ਪਰ ਕੌਮ ਸਿਧਾਂਤ-ਪੂਜ (ਸਿਧਾਂਤਕ ਪੱਖੋਂ ਦ੍ਰਿੜ ਹੋਣ) ਦੀ
ਥਾਂ ਬੰਦਾ-ਪੂਜ ਬਣ ਕੇ ਨਾਨਕ ਸਰੂਪਾਂ ਦੇ ਸ਼ਰੀਰ ਨਾਲ ਜੁੜ ਗਈ। ਤਾਂ ਹੀ ਉਹਨਾਂ ਨਾਲ ਜੋੜ ਕੇ
ਪ੍ਰਚਲਿਤ ਕੀਤੀਆਂ ‘ਗੁਰਮਤਿ ਵਿਰੋਧੀ` ਸਾਖੀਆਂ ਨੂੰ ਵੀ ਮਾਨਤਾ ਮਿਲਦੀ ਚਲੀ ਗਈ। ਕੌੰਮ ਇੱਕ ਸਾਹਿਬ
ਦੇ ‘ਸਿਧਾਂਤ` ਨਾਲ ਜੁੜਣ ਦੀ ਥਾਂ ਥੜਾ ਸਾਹਿਬ, ਦਾਤਣ ਸਾਹਿਬ, ਰੀਠਾ ਸਾਹਿਬ, ਪੀੜਾ ਸਾਹਿਬ
ਆਦਿ ਅਨਗਿਣਤ ਸਾਹਿਬਾਂ ਨਾਲ ਜੁੜ ਗਈ। “ਗੁਰੂ ਗ੍ਰੰਥ ਸਾਹਿਬ ਜੀ” ਤੋਂ ਵੀ ਸਿਧਾਂਤਕ ਸੇਧ ਲੈਣ ਦੀ
ਥਾਂ ਉਸ ਨੂੰ ਮੂਰਤੀ (ਸ਼ਰੀਰ, ਬੰਦੇ) ਵਾਂਗੂ ਪੂਜਣ ਲੱਗ ਪਈ। ਨਤੀਜਾ ਕੌਮ ਦੀ ਹਾਲਾਤ ਆਪ ਜਿਹੇ
ਸੂਝਵਾਣ ਅਤੇ ਜਾਗਰੂਕ ਸਿੱਖਾਂ ਤੋਂ ਛੁਪੀ ਹੋਈ ਨਹੀਂ ਹੈ। ਜੇ ਕੌਮ ‘ਸਿਧਾਂਤ-ਪੂਜ` ਰਹਿੰਦੀ ਤਾਂ
ਕਦੇ ਵੀ ਇੱਤਨੀ ਗਿਰਾਵਟ (ਰਸਾਤਲ) ਵਾਲੀ ਹਾਲਤ ਵਿੱਚ ਨਾ ਪੁੱਜਦੀ।
ਪੰਥਕ ਜਥੇਬੰਦੀਆਂ ਕਹਿਲਾਉਂਦੀਆਂ ਸੰਸਥਾਵਾਂ ਵੀ ‘ਬੰਦਾ-ਪੂਜ` ਹੋਣ ਦਾ
ਇਤਿਹਾਸਕ ਉਦਾਹਰਨ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ‘ਨਿਰੰਕਾਰੀ ਲਹਿਰ` ਦੀ। ਬਾਬਾ ਦਿਆਲ ਜੀ
ਨੇ ਨਿਰੰਕਾਰੀ ਲਹਿਰ ਸ਼ੁਰੂ ਕਰਕੇ ਸਿਧਾਂਤਕ ਪੱਖੋਂ ਸੁਧਾਰ ਲਈ ਕੁੱਝ ਕੰਮ ਜਰੂਰ, ਕੀਤੇ। ਪਰ ਥੌੜੇ
ਸਮੇਂ ਬਾਅਦ ਹੀ ਇਹ ਲਹਿਰ ‘ਸਿਧਾਂਤ-ਪੂਜ` ਦੀ ਥਾਂ ‘ਬੰਦਾ-ਪੂਜ` ਬਣ ਕੇ ਰਾਹ ਤੋਂ ਭਟਕ ਗਈ ਅਤੇ
ਬਾਬਾ ਦਿਆਲ ਤੇ ਹੋਰ ਆਗੂਆਂ ਨੂੰ ‘ਸਤਿਗੁਰੂ ਦਿਆਲ ਜੀ ਮਹਾਰਾਜ` ਆਦਿ ਸਿਧਾਂਤ ਵਿਰੋਧੀ ਲਕਬਾਂ ਨਾਲ
ਪੁਕਾਰਨ ਲਗ ਪਈ। ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਨਾਨਕਸਰੀਏ, ਰਾੜੇ ਵਾਲੇ, ਮਸਤੂਆਣੇ ਵਾਲੇ
ਆਦਿ ਸੰਪਰਦਾਈ ਸੰਸਥਾਵਾਂ ਵੀ ‘ਬੰਦਾ-ਪੂਜ` ਹੋਣ ਦੇ ਜੀਵੰਤ ਉਦਾਹਰਨ ਹਨ। ਇਹਨਾਂ ਦੇ ਆਗੂਆਂ ਨੇ
ਭਾਂਵੇ ਕਿਤਨਾ ਵੀ ‘ਗੁਰਮਤਿ` ਤੋਂ ਉਲਟ ਪ੍ਰਚਾਰ ਕਿਉਂ ਨਾ ਕੀਤਾ ਹੋਵੇ, ਇਹ ਸੰਸਥਾਂਵਾਂ ਉਹਨਾਂ ਦੀ
ਪੂਜਾ ਕਰਨ ਦੀ ਹੱਦ ਤੱਕ ਜਾਂਦੀਆਂ ਹਨ। ਜੇ ‘ਸਿਧਾਂਤ-ਪੂਜ` ਹੁੰਦੇ ਤਾਂ ਉਹਨਾਂ ਦੀ ਗਲਤੀਆਂ ਨੂੰ
ਪਛਾਣ ਲੈਂਦੇ। ਪਰ ਐਸਾ ਨਹੀਂ ਹੋਇਆ, ਤਾਂ ਹੀ ਤਾਂ ਗੁਰਮਤਿ ਦੀ ਥਾਂ ‘ਬੰਦੇ` ਨਾਲ ਜੁੜ ਗਏ। ਅੱਜ ਦੇ
ਸਮੇਂ ਵਿੱਚ ਵੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਦੀ ‘ਬੰਦਾ-ਪੂਜ` ਵਾਲੀ ਸਥਿਤੀ ਨੂੰ ਹਰ ਜਾਗਰੂਕ ਸਿੱਖ
ਚੰਗੀ ਤਰਾਂ ਸਮਝਦਾ ਹੈ। ਭਾਈ ਗੁਰਦਾਸ ਜੀ ਨੇ ਐਸਿਆਂ ਬਾਰੇ ਹੀ ਸ਼ਾਇਦ ਕਿਹਾ ਹੈ:
“ਸਤਿਗੁਰ ਸਾਹਿਬ ਛਾਡਿ ਕੈ, ਮਨਮੁਖ ਹੋਇ ਬੰਦੇ ਦਾ ਬੰਦਾ।। “
‘ਬੰਦਾ-ਪੂਜ` ਹੋਣ ਦਾ ਸਭ ਤੋਂ ਵੱਡਾ ਲੱਛਣ ਇਹ ਹੈ ਕਿ ਬੰਦਾ-ਪੂਜ
ਸੰਸਥਾਵਾਂ, ਵਿਅਕਤੀ ਅਪਣੇ ਆਗੂ (ਜਿਸਦੇ ਉਹ ਪੈਰੋਕਾਰ ਹੁੰਦੇ ਹਨ) ਦੀ ਗਲਤੀਆਂ, ਕਮਜ਼ੋਰੀਆਂ ਨੂੰ ਵੀ
ਅਨਗੋਲਿਆ ਕਰਦੇ ਰਹਿੰਦੇ ਹਨ। ਜੇ ਹੋਰ ਕੋਈ ਗੁਰਸਿੱਖ ਉਹਨਾਂ ਦੇ ਆਗੂਆਂ ਦੀਆਂ ਗਲਤੀਆਂ ਜਾਂ
ਕਮਜ਼ੋਰੀਆਂ ਨੂੰ ਪ੍ਰਗਟ ਕਰਦਾ ਹੈ ਤਾਂ ਉਸ ਵਿਰੁਧ ਇਹ ਡਾਂਗਾਂ ਅਤੇ ‘ਕਲਮਾਂ` ਚੁਕ ਲੈਂਦੇ ਹਨ।
ਗੁਰਮਤਿ ਸਿਧਾਂਤਾਂ ਉਪਰ ਦ੍ਰਿੜ ਮਨੁੱਖ ਇਹ ਗੁਰਵਾਕ ਹਮੇਸ਼ਾ ਧਿਆਨ ਵਿੱਚ
ਰੱਖਦਾ ਹੈ:
“ਭੁਲਣ ਮੈ ਹੈ ਸਭ ਕੋ, ਅਭੁਲ ਗੁਰੂ ਕਰਤਾਰ।। “
ਭਾਵ ਇੱਕ ਅਕਾਲਪੁਰਖ ਤੋਂ ਸਿਵਾ ਹਰ ਕੋਈ ਭੁਲਣਹਾਰ, ਗਲਤੀਆਂ ਤੇ ਕਮਜ਼ੋਰੀਆਂ
ਦਾ ਪੁਤਲਾ ਹੈ। ਐਸਾ ਮਨੁੱਖ ਕਿਸੇ ਬੰਦੇ ਦੇ ਅੰਨਾ ਹੋ ਕੇ ਮਗਰ ਨਹੀਂ ਲਗਦਾ ਬਲਕਿ ਉਸ ਵਲੋਂ ਕੀਤੇ
ਸਿਧਾਂਤਕ ਕੰਮਾਂ ਦਾ ਸਮਰਥਨ (ਗੁਰਮੱਤਿ ਸਮਰਥਨ) ਕਰਦਾ ਹੈ। ਐਸਾ ਮਨੁੱਖ ਕਿਸੇ ਦਾ ਵੀ ‘ਅੰਨ੍ਹਾ
ਸ਼ਰਧਾਲੂ`, ‘ਅੰਨ੍ਹਾ-ਸਮਰਥਕ` ਨਹੀਂ ਹੋ ਸਕਦਾ। ਜਿਹੜਾ ਵੀ ਮਨੁੱਖ ਅੰਨ੍ਹਾ-ਸਮਰਥਕ, ਅੰਨ੍ਹਾ ਸ਼ਰਧਾਲੂ
ਬਣ ਗਿਆ, ਸਮਝੋ ਉਹ ‘ਬੰਦਾ-ਪੂਜ` ਹੋ ਗਿਆ। ਬੰਦਾ ਪੂਜ ਮਨੁੱਖ ਕੁੱਝ ਵੀ ਹੋ ਸਕਦਾ ਹੈ, ਪਰ
ਗੁਰਸਿੱਖ, ਗੁਰਮੁਖ ਨਹੀਂ ਹੋ ਸਕਦਾ। ‘ਦਾਦੂ ਦੀ ਕਬਰ` ਵਾਲਾ ਕੌਤਕ ਵੀ ਇਹੀ ਸਿਖਿਆ ਦਿੰਦਾ ਹੈ।
ਗੁਰਮੁੱਖ ਦਾ ਇੱਕ ਹੋਰ ਵੱਡਾ ਗੁਣ ਹੈ ਕਿ ਉਹ ਅਪਣੀ ਆਲੋਚਣਾ ਜਾਂ ਨਿੰਦਾ
ਨੂੰ ‘ਹਾਂ-ਪੱਖੀ` ਲੈਂਦਾ ਹੈ, ਨਾ ਕਿ ਉਸ ਤੋਂ ਬੌਖਲਾ ਜਾਂਦਾ ਹੈ। ਉਹ ਇਸ ਗੁਰਵਾਕ ਨੂੰ ਹਮੇਸ਼ਾ
ਚੇਤੇ ਰਖਦਾ ਹੈ:
“ਨਿੰਦਉ ਨਿੰਦਉ ਮੋਕਉ ਲੋਗਾ ਨਿੰਦਉ, ਨਿੰਦਾ ਜਨ ਕੋ ਖਰੀ
ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ”।।
ਆਉ ਹੁਣ ਮੁੱਢਲੀ ਸਿਧਾਂਤਕ ਵਿਚਾਰ ਉਪਰੰਤ ਆਪ ਜੀ ਅਤੇ ਸਪੋਕਸਮੈਨ ਵਿੱਚ
ਲਿਖਣ ਵਾਲੇ ਕੁੱਝ ਹੋਰ ਐਸੇ ਲੇਖਕਾਂ, ਜੋ ਬੰਦਾ-ਪੂਜ ਦੀ ਹੱਦ ਤੱਕ ਪਹੁੰਚ ਚੁਕੇ ਲਗਦੇ ਹਨ, ਬਾਰੇ
ਵਿਚਾਰ ਕਰਨੀੇ ਲਾਹੇਵੰਦ ਰਹੇਗੀ। ਵਿਚਾਰ ਤੋਂ ਪਹਿਲਾਂ ਹੀ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਦਾਸਰੇ
ਸਪੋਕਸਮੈਨ ਟ੍ਰਸਟ ਰਾਹੀਂ ਜੋਗਿੰਦਰ ਸਿੰਘ ਜੀ ਨੇ ਕੌਮ ਵਿੱਚ ਜਾਗ੍ਰਿਤੀ ਲਿਆਉਣ ਲਈ ਜੋ ਕੰਮ ਕੀਤਾ
ਹੈ, ਉਸਦਾ ‘ਤਹਿ ਦਿਲੋਂ` ਸਤਿਕਾਰ ਕਰਦੇ ਹਾਂ, ਪਰ ਦਾਸਰੇ ਕਿਸੇ ਦੇ ਵੀ ਅੰਨੇ-ਸਮਰਥਕ ਨਹੀਂ। ਬਲਕਿ
ਹਰ ਕਿਸੇ ਦੇ ‘ਗੁਰਮਤਿ-ਸਮਰਥਕ` ਹਨ।
ਵੀਰ ਜੀ, ਆਪ ਜੀ ਨੇ ਅਪਣੇ ਲੇਖ ਦੇ ਅੰਤਿਮ ਪੈਰੇ ਵਿੱਚ ਸਪੋਕਸਮੈਨ ਖਿਲਾਫ
ਲਿਖਣ ਵਾਲੇ
‘ਕੋਈ ਅੱਧੀ ਦਰਜਨ
ਲੰਡੇ ਡੰਗ ਛਪਣ ਵਾਲੇ ਰਸਾਲਿਆਂ` ਦਾ ਜ਼ਿਕਰ ਕੀਤਾ
ਹੈ। ਵੀਰ ਜੀ, ਜੇ ਤੁਸੀ ਸੁਹਿਰਦ ਅਤੇ ਗੰਭੀਰ ਹੁੰਦੇ ਤਾਂ ਉਹਨਾਂ ਰਸਾਲਿਆਂ ਦੇ ਨਾਂ ਅਤੇ ਉਹਨਾਂ ਨੇ
ਕੀ ਗਲਤ ਲਿਖਿਆ ਹੈ, ਉਸ ਦਾ ਵੀ ਜ਼ਿਕਰ ਜਰੂਰ ਕਰਦੇ। ਪਰ ਹੋ ਸਕਦਾ ਹੈ ਉਸ ਨਾਲ ਸਪੋਕਸਮੈਨ ਦੀ ਕੁੱਝ
ਕਮਜ਼ੋਰੀਆਂ ਦਾ ਪਾਜ ਉਘੜ ਸਕਦਾ ਸੀ। ਸੋ ਤੁਸੀ ਗੁੰਮਰਾਹਕੁਨ ਗਲ ਕਰਦਿਆਂ, ਗੋਲ ਮੋਲ ਸ਼ਬਦਾਂ ਵਿੱਚ
ਗੱਲ ਕਰ ਗਏ ਲਗਦੇ ਹੋ। ਹੋ ਸਕਦਾ ਹੈ ਸਾਡਾ ਅੰਦਾਜ਼ਾ ਗਲਤ ਹੋਵੇ, ਪਰ ਆਪ ਜੀ ਦਾ ਲੇਖ ਛਪਣ ਦਾ ਸਮਾਂ
ਇਸੇ ਵੱਲ ਇਸ਼ਾਰਾ ਕਰਦਾ ਹੈ। ਕਿਉਂਕਿ ਕੁੱਝ ਸਮਾਂ ਪਹਿਲਾਂ ਹੀ ਦਿੱਲੀ ਤੋਂ ਛਪਦੇ ਮਾਸਿਕ ਪੰਥਕ ਪਰਚੇ
‘ਇੰਡੀਆ ਅਵੈਅਰਨੈਸ` ਵਿੱਚ ਸਪੋਕਸਮੈਨ ਦੀਆਂ ਕੁੱਝ ਗਲਤ ਨੀਤੀਆਂ ਦੀ ਆਲੋਚਣਾ ਛਪੀ ਹੈ। ਆਉ ਪਹਿਲਾਂ
ਇੰਡੀਆ ਅਵੈਅਰਨੈਸ ਵਲੋਂ ਉਠਾਏ ਮੁੱਖ ਨੁਕਤਿਆਂ ਦੀ ਵਿਚਾਰ ਕਰ ਲੈਂਦੇ ਹਾਂ।
1. ਜੋਗਿੰਦਰ ਸਿੰਘ ਜੀ ਵਲੋਂ ‘ਸਪੋਕਸਮੈਨ ਟ੍ਰਸਟ` ਦੀ ਸਰਪ੍ਰਸਤੀ ਹੇਠ ‘ਏਕਸ
ਕੇ ਬਾਰਿਕ` ਨਾਂ ਦੀ ਜਥੇਬੰਦੀ ਬਣਾਈ ਗਈ। ਇਹ ਬਹੁਤ ਹੀ ਅੱਛਾ ਉਪਰਾਲਾ ਹੈ। ਇਸ ਜਥੇਬੰਦੀ ਵਿੱਚ
‘ਪੰਥਕ` ਵਿਦਵਾਨਾਂ ਦਾ ਇੱਕ ਪੈਨਲ ਬਣਾਇਆ ਗਿਆ। ਪਰ ਉਸ ਪੈਨਲ ਦਾ ਪਹਿਲਾ ਵਿਦਵਾਨ ਹੈ ‘ਖੁਸ਼ਵੰਤ
ਸਿੰਘ`। ਇਹੀ ਖੁਸ਼ਵੰਤ ਸਿੰਘ ਰਾਸ਼ਟਰੀ ਅਖਬਾਰਾਂ ਵਿੱਚ ਸ਼ਰੇਆਮ ਲਿਖਦਾ ਹੈ ਕਿ ਮੈਂ ਸਿਰਫ ਬਾਹਰੀ ਦਿਖ
ਵਜੋਂ ਹੀ ਸਿੱਖ ਹਾਂ, ਮੈ ਸ਼ਰਾਬ ਵੀ ਪੀਂਦਾ ਹਾਂ, ਮੇਰੇ ਮੁੰਡੇ ਦੀ ਸ਼ਕਲ ਇੱਕ ਮੌਲਵੀ ਵਰਗੀ ਹੈ,
ਮੇਰੀ ਬੇਟੀ ਨੇ ਹਿੰਦੂ ਨਾਲ ਸ਼ਾਦੀ ਕੀਤੀ, ਮੇਰੇ ਘਰ ਗਨੇਸ਼ ਦੀ ਪੂਜਾ ਹੁੰਦੀ ਹੈ ਆਦਿ ਆਦਿ। ਉਸ ਦੀ
ਲਿਖੀ ਪੁਸਤਕ “ਕੰਪਨੀ ਆਫ ਵੂਮੈਨ` ਪੜ ਕੇ ਹਰ ਸਦਾਚਾਰੀ ਮਨੁੱਖ ਦਾ ਸਿਰ ਸ਼ਰਮ ਨਾਲ ਝੁੱਕ
ਜਾਂਦਾ ਹੈ। ਕੀ ਐਸੇ ਸ਼ਰਾਬੀ, ਕਬਾਬੀ, ਸਿੱਖੀ ਦਾ ਮਜ਼ਾਕ ਉਡਾਉਣ ਵਾਲੇ ਨੂੰ ‘ਸਿਰਮੌਰ ਵਿਦਵਾਨ` ਮੰਨ
ਕੇ ਪੰਥਕ ਪੈਨਲ ਵਿੱਚ ਸ਼ਾਮਿਲ ਕਰਨਾ ਜਾਇਜ਼ ਹੈ? ਜੇ ਇੰਡੀਆ ਅਵੈਅਰਨੈਸ ਨੇ ਇਸ ਗੱਲ ਦੀ ਆਲੋਚਣਾ ਕਰ
ਦਿਤੀ ਤਾਂ ਕੀ ਗਲਤ ਕੀਤਾ? ਇਸੇ ਵਿਦਵਾਨ ਪੈਨਲ ਦੇ ਇੱਕ ਹੋਰ ਵਿਦਵਾਨ ਹਨ, ਲਛਮਣ ਚੇਲਾ ਰਾਮ
‘ਸਿੰਧੀ` ਜੀ। ਉਹ ਅਪਣੇ ਡੇਰਾ ਰੂਪੀ ਮੰਦਿਰਾਂ ਵਿੱਚ ਉਸ ਸਿੱਖੀ ਦਾ ਪ੍ਰਚਾਰ ਕਰਦੇ ਹਨ, ਜੈਸਾ ਆਰ
ਐਸ ਐਸ ਜਿਹੀਆਂ ਸੰਸਥਾਵਾਂ ਕਰਦੀਆਂ ਹਨ (ਮਿਲਗੋਭਾ)। ਕੀ ਐਸਾ ਬੰਦਾ ਪੰਥਕ ਵਿਦਵਾਨ ਪੈਨਲ ਵਿੱਚ
ਸ਼ਾਮਿਲ ਕਰਨਾ ਜ਼ਾਇਜ਼ ਹੈ? ਜੇ ਇਸ ਖਿਲਾਫ ਇੰਡਿਆ ਅਵੈਅਰਨੈਸ ਜਾਂ ਕਿਸੇ ਹੋਰ ਮੈਗਜੀਨ ਨੇ ਆਲੋਚਣਾ
ਕਰਦੇ ਲਿਖ ਦਿਤਾ ਤਾਂ ਇਸ ਵਿੱਚ ਕੀ ਗਲਤ ਗੱਲ ਹੈ?
2. ਸਪੋਕਸਮੈਨ ਪਾਠਕਾਂ ਕੋਲੋਂ ਵਾਰ ਵਾਰ ਅਪੀਲਾਂ ਕਰਕੇ ਪੈਸਾ ਇਕੱਠਾ ਕਰਦਾ
ਹੈ ਤਾਂ ਕਿ ਪੰਥਕ ਟੀਚੇ (ਟੀ ਵੀ ਚੈਨਲ ਜਾਂ ਉਚਾ ਦਰ ਬਾਬੇ ਨਾਨਕ ਦਾ) ਪ੍ਰਾਪਤ ਕੀਤੇ ਜਾ ਸਕਣ। ਇਸ
ਵਿੱਚ ਕੁੱਝ ਵੀ ਗਲਤ ਨਹੀਂ। ਪਰ ਨਾਲ ਹੀ ਅਪਣੇ ਸਾਲਾਨਾ ਸਮਾਗਮਾਂ ਵਿੱਚ ‘ਦਲੇਰ ਮਹਿੰਦੀ` ਜਿਹੇ
ਗਾਇਕ ਦੇ ‘ਨਾਚ ਗਾਣੇ` ਦਾ ਪ੍ਰੋਗਰਾਮ ਕਰਵਾ ਕੇ ਉਸੇ ‘ਕੌਮੀ ਧਨ` ਦੀ ਬਰਬਾਦੀ ਕਰਨ ਦਾ ਰਾਹ ਨਹੀਂ
ਖੋਲਦਾ? ਕੀ ਕਿਸੇ ਪੰਥਕ ਜਥੇਬੰਦੀ ਵਲੋਂ ਐਸੇ ਪ੍ਰੋਗਰਾਮ ਕਰਵਾਉਣਾ ਸ਼ੋਭਦਾ ਹੈ? ਜੇ ਇਸ ਦੀ ਆਲੋਚਣਾ
ਇੰਡੀਆ ਅਵੈਅਰਨੈਸ ਨੇ ਕਰ ਦਿਤੀ ਤਾਂ ਕੀ ਗਲਤ ਕਰ ਦਿਤਾ? ਜੇ ਉਸੇ ਸਮੇਂ ਇਸ ਦੀ ਆਲੋਚਣਾ ਨਾ ਹੁੰਦੀ
ਤਾਂ ਸ਼ਾਇਦ ਇਹ ਪ੍ਰੋਗਰਾਮ ਹੋ ਵੀ ਗਿਆ ਹੁੰਦਾ?
ਇਹ ਤਾਂ ਹੋਈ ਗੱਲ ਇੰਡੀਆ ਅਵੈਅਰਨੈਸ ਵਲੋਂ ਕੀਤੀ ‘ਹਾਂ-ਪੱਖੀਂ` ਆਲੋਚਣਾ
ਦੀ, ਜੋ ਗਲਤ ਸਾਬਿਤ ਨਹੀਂ ਕੀਤੀ ਜਾ ਸਕਦੀ। ਹੁਣ ਜਦ ਗੱਲ ਤੁਰੀ ਹੀ ਹੈ ਤਾਂ ਸਪੋਕਸਮੈਨ (ਜੋਗਿੰਦਰ
ਸਿੰਘ ਜੀ) ਨਾਲ ਜੁੜੀਆਂ ਕੁੱਝ ਹੋਰ ਗੱਲਾਂ ਵੀ ਵਿਚਾਰਨੀਆਂ ਲਾਹੇਵੰਦ ਰਹਿਣਗੀਆਂ।
1. ਅਕਤੂਬਰ ੨੦੦੩ ਵਿੱਚ ਹੋਈ ਪਹਿਲੀ ਪੰਥਕ ਕਨਵੈਨਸ਼ਨ ਵਿੱਚ ਲਗਭਗ ਸਾਰੇ
ਪੰਥਦਰਦੀ ਇਕੱਠੇ ਸਨ। ਪਰ ਕੀ ਗੱਲ ਹੈ ਕਿ ਦੁਜੀ ਕਨਵੈਨਸ਼ਨ ਤੱਕ ਸਿਰਫ ਜੋਗਿੰਦਰ ਸਿੰਘ ਜੀ ਹੀ ਸਭ
ਤੋਂ ਅਲਗ ਹੋ ਗਏ, ਬਾਕੀ ਸਾਰੇ ਇਕੱਠੇ ਸਨ। ਉਸ ਸਮੇਂ ਜੋ ਪੰਥਦਰਦੀ (ਖਾਸਕਰ ਮੋਹਾਲੀ ਵਾਲੇ) ਪਹਿਲੀ
ਕਨਵੈਨਸ਼ਨ ਨੂੰ ਕਰਵਾਉਣ ਵਿੱਚ ਸਰਗਰਮ ਸਨ, ਉਹਨਾਂ ਕੋਲੋਂ ਜਾਨਕਾਰੀ ਲਵੋਂ ਤਾਂ ਸਪਸ਼ਟ ਹੋ ਜਾਵੇਗਾ ਕਿ
ਕੀ ਕਾਰਨ ਸੀ?
2. ਰੋਜ਼ਾਨਾ ਸਪੋਕਸਮੈਨ (ਪਹਿਲਾਂ ਮਾਸਿਕ ਪਰਚੇ ਵਿੱਚ ਵੀ) ਨਿਯਮਿਤ ਤੌਰ ਤੇ
‘ਨਾਨਕ ਜਾਮਿਆਂ` ਦੀਆਂ ਸਿਧਾਂਤ ਵਿਰੋਧੀ ਕਾਲਪਨਿਕ ਤਸਵੀਰਾਂ ਛਪਦੀਆਂ ਰਹਿੰਦੀਆਂ ਹਨ, ਜਿਵੇਂ ਉਹਨਾਂ
ਨੂੰ ਮਾਲਾ ਜਪਦੇ ਵਿਖਾਉਣਾ, ਸੇਲੀ ਟੋਪੀ ਪਾਏ ਵਿਖਾਉਣਾ, ਰੱਖੜੀ ਬਣਵਾਉਂਦੇ ਵਿਖਾਉਣਾ ਆਦਿ। ਇਸ
ਬਾਰੇ ਅਨੇਕਾਂ ਵਾਰ ਅਪੀਲ ਕਰਨ ਦੇ ਬਾਵਜੂਦ ਵੀ ਨਾ ਤਾਂ ਕੋਈ ਸਪਸ਼ਟੀਕਰਨ ਦਿਤਾ ਗਿਆ ਤੇ ਨਾ ਹੀ
ਤਸਵੀਰਾਂ ਛਪਣੀਆਂ ਬੰਦ ਹੋਈਆਂ।
3. ਕੁਝ ਸਮਾਂ ਪਹਿਲਾਂ ਤੱਕ ਸਪੋਕਸਮੈਨ ਵਿੱਚ ‘ਅੱਜ ਦਾ ਇਤਿਹਾਸ` ਕਾਲਮ ਦੇ
ਲੇਖਕ ਸਨ, ਹਰਿਭਜਨ ਸਿੰਘ ਜੀ ਜਨਚੇਤਨਾ। ਇਹਨਾਂ ਵੀਰ ਜੀ ਵਲੋੇ ਇਤਿਹਾਸ ਦੇ ਨਾਂ ਤੇ ‘ਗੁਰੂ ਗ੍ਰੰਥ
ਸਾਹਿਬ ਜੀ` ਦੇ ਅੰਦਰੂਣੀ ਸਰੂਪ (ਭਗਤ ਬਾਣੀ ਤੇ ਹੋਰ) ਬਾਰੇ ‘ਬੇਲੋੜੀਆਂ` ਅਤੇ ‘ਮਾਰੂ` ਟਿਪਣੀਆਂ
(ਬਿਨਾ ਕਿਸੇ ਪੁਖਤਾ ਸਬੂਤਾਂ ਦੇ) ਵਾਰ ਵਾਰ ਕੀਤੀਆਂ ਗਈਆਂ। ਪੰਥਦਰਦੀਆਂ ਵਲੋਂ ਕਈਂ ਵਾਰ ਧਿਆਨ
ਦਿਵਾਉਣ ਦੇ ਬਾਵਜੂਦ ਵੀ, ਨਾ ਤਾਂ ਗਲਤੀਆਂ ਹੀ ਮੰਨੀਆਂ ਗਈਆਂ ਅਤੇ ਨਾ ਹੀ ਸਪਸ਼ਟੀਕਰਨ ਦਿਤਾ ਗਿਆ।
ਜਦਕਿ ਸੰਪਰਦਾਈਆਂ ਕੋਲੋਂ (ਮਸਤੂਆਣੀਏ ਤੇ ਹੋਰ) ਧਮਕੀਆਂ ਆਉਣ ਤੋਂ ਬਾਅਦ ਬਿਨਾਂ ਸ਼ਰਤ ਵਾਰ ਵਾਰ
ਮਾਫੀਆਂ ਮੰਗੀਆਂ ਜਾਂਦੀਆਂ ਰਹੀਆਂ। ਫਰਕ ਸਿਰਫ ਇਤਨਾ ਸੀ ਕਿ ਤੱਤ ਗੁਰਮਤਿ ਨਾਲ ਜੁੜੇ ਪੰਥਦਰਦੀ
ਕੇਵਲ ਅਪੀਲਾਂ ਕਰਦੇ ਸਨ (ਜੋ ਜਾਇਜ ਵੀ ਸਨ) ਤੇ ਸੰਪਰਦਾਈ ਧਮਕੀਆਂ ਦੇਂਦੇ ਸਨ (ਜੋ ਨਜ਼ਾਇਜ਼ ਸਨ)। ਕੀ
ਐਸੀ ਪਹੁੰਚ ਅਪਨਾਉਣੀ ਜਾਇਜ਼ ਹੈ?
4. ਰੋਜਾਨਾ ਸਪੋਕਸਮੈਨ ਵਿੱਚ ਨਿਯਮਿਤ ਤੌਰ ਤੇ ਸਪਲੀਮੈਟਾਂ ਦੇ ਨਾਂ ਤੇ
ਸੰਪਰਦਾਈਆਂ ਨੂੰ ਵਡਿਆਉਂਦੀਆਂ ‘ਗੈਰ-ਸਿਧਾਂਤਕ` ਰਚਨਾਵਾਂ ਛਪਦੀਆਂ ਰਹਿੰਦੀਆਂ ਹਨ। ਜਿਵੇਂ
‘ਸੰਤ`
ਅਤਰ ਸਿੰਘ ਦਾ
‘ਅਵਤਾਰ ਦਿਹਾੜਾ`
ਲਿਖਣਾ। ਉਹਨਾਂ ਦੇ ਗੁਰਮਤਿ ਵਿਰੋਧੀ ਕਰਮਾਂ (ਤਪਸਿਆ,
ਚਲੀਹੇ ਆਦਿ) ਨੂੰ ਵਡਿਆਉਣਾ ਤੇ ਐਸੀਆਂ ਹੋਰ ਸਿਧਾਂਤ ਵਿਰੋਧੀ ਗੱਲਾਂ। ਬੇਸ਼ਕ ਪੈਸੇ ਖਾਤਿਰ ਐਸੀਆਂ
ਰਚਨਾਵਾਂ ਛਾਪਣਾ ਜਾਇਜ਼ ਨਹੀਂ। ਪਰ ਫੇਰ ਵੀ ਹੋ ਸਕਦਾ ਹੈ, ਤੂਸੀ ਇਸਨੂੰ ‘ਆਰਥਿਕ ਮਜ਼ਬੂਰੀ` ਕਰ ਕੇ
ਲਏ ਇਸ਼ਤਿਹਾਰ ਕਹਿ ਕੇ ਜ਼ਾਇਜ਼ ਠਹਿਰਾ ਸਕਦੇ ਹੋ? ਚਲੋ ਇਹ ਗੱਲ ਵੀ ਮੰਨ ਲਈ ਜਾ ਸਕਦੀ ਹੈ। ਪਰ ਇਸ ਨਾਲ
ਜੁੜਿਆ ਇੱਕ ਦਿਲਚਸਪ ਪਹਿਲੂ ਵੀ ਆਪ ਜੀ ਨਾਲ ਸਾਂਝਾ ਕਰਨਾ ਗੈਰ-ਵਾਜਿਬ ਨਹੀਂ ਹੋਵੇਗਾ।
ਕੌਮ ਵਿੱਚ ‘ਤੱਤ ਗੁਰਮਤਿ ਸਮਾਗਮਾਂ`
ਦੀ ਲਹਿਰ ਚਲਾਉਣ ਦੇ ਮਕਸਦ ਨੂੰ ਲੈ ਕੇ ਕੁੱਝ ਪੰਥਦਰਦੀਆਂ ਨੇ ‘ਤੱਤ ਗੁਰਮਤਿ ਪਰਿਵਾਰ` ਨਾਂ ਦਾ ਇੱਕ
ਮੰਚ ਗਠਿਤ ਕੀਤਾ (ਸ਼ਾਇਦ ਤੁਸੀ ਵੀ ਇਸ ਬਾਰੇ ਪੜਿਆ ਜਾਂ ਸੁਣਿਆਂ ਹੋਵੇ)। ਇਹਨਾਂ ਪੰਥਦਰਦੀਆਂ ਨੇ
ਤੱਤ ਗੁਰਮਤਿ ਸੋਚ ਵਾਲੇ ਲੋਕਾਂ (ਜਿਹਨਾਂ ਵਿਚੋਂ ਜ਼ਿਆਦਾਤਰ ਸਪੋਕਸਮੈਨ ਦੇ ਪਾਠਕ ਹੀ ਹਨ) ਤੱਕ ਇਹ
ਸੁਣੇਹਾ ਪਹੁੰਚਾਉਣ ਦੇ ਮਕਸਦ ਨਾਲ ‘ਤੱਤ ਗੁਰਮਤਿ ਪਰਿਵਾਰ` ਬਾਰੇ ਇੱਕ ਇਸ਼ਤਿਹਾਰ (ਪੈਸੇ ਲੈਕੇ)
ਸਪੋਕਸਮੈਨ ਵਿੱਚ ਛਾਪਣ ਦੀ ਬੇਨਤੀ ਕੀਤੀ। ਤਾਂ ਜੋਗਿੰਦਰ ਸਿੰਘ ਜੀ ਨੇ ਇਹ ਕਹਿ ਕੇ ਇਸ਼ਤਿਹਾਰ ਛਾਪਣ
ਤੋਂ ਮਨ੍ਹਾ ਕਰ ਦਿਤਾ ਕਿ ਅਸੀਂ ‘ਦੁਸ਼ਮਨਾਂ` ਦੇ ਇਸ਼ਤਿਹਾਰ ਨਹੀਂ ਛਾਪਦੇ। ਗੱਲ ਕਰਨ ਦਾ ਭਾਵ ਇਹ ਹੈ
ਕਿ ਸੰਪਰਦਾਈ ਤਾਂ ਜੋਗਿੰਦਰ ਸਿੰਘ ਜੀ ਵਾਸਤੇ ‘ਦੋਸਤ` ਹੋ ਗਏ ਤੇ ਤੱਤ ਗੁਰਮਤਿ ਵਾਲੇ ‘ਦੁਸ਼ਮਨ`। ਕੀ
ਇਹ ਬਿਲਕੁਲ ਇਸ ਗੁਰਵਾਕ ਅਨੁਸਾਰ ਨਹੀਂ ਹੈ
“ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ।। “
5. ਅੱਜ ਦੇ ਸਮੇਂ ਵਿੱਚ ਤੱਤ ਗੁਰਮਤਿ ਦੀ ਸੋਚ ਵਾਲੇ ‘ਸੰਤ ਰੂਪ` ਹਨ, ਜੋ
ਗੁਰਮਤਿ ਨੂੰ ਇਸਦੇ ਸਹੀ ਅਤੇ ਸਪਸ਼ਟ ਰੂਪ ਵਿੱਚ ਸਾਹਮਣੇ ਲਿਆਉਣ ਲਈ ਸੰਘਰਸ਼ਸ਼ੀਲ ਹਨ (ਬੇਸ਼ਕ ਸਪੋਕਸਮੈਨ
ਵੀ ਇਹਨਾਂ ਦਾ ਹੀ ਹਿੱਸਾ ਹੈ)। ਦੁਜੀ ਤਰਫ, ਸੰਪਰਦਾਈ ‘ਦੁਸ਼ਟ ਰੂਪ` ਹਨ ਜਿਹਨਾਂ ਨੇ ਗੁਰਮਤਿ ਨੂੰ
ਬ੍ਰਾਹਮਨਵਾਦ ਦਾ ਪਿਛਲੱਗੂ ਬਣਾ ਪੇਸ਼ ਕੀਤਾ ਹੈ। ਕੀ ਤੁਹਾਡੇ ਅਨੁਸਾਰ ਇਹ ਪਹੁੰਚ ਜ਼ਾਇਜ਼ ਹੋ ਸਕਦੀ
ਹੈ?
6. ੨੧ ਦਸੰਬਰ ੨੦੦੮ ਨੂੰ ਰੋਜਾਨਾ ਸਪੋਕਸਮੈਨ ਦਾ ਸਾਲਾਨਾ ਸਮਾਗਮ ਹੋਇਆ। ਉਸ
ਸਟੇਜ ਤੋਂ ਮੁੱਖ ਮਹਿਮਾਨ ਪ੍ਰੋ. ਸੋਬਤੀ ਜੀ ਗੁਰਮਤਿ ਤੋਂ ਉਲਟ ਬ੍ਰਾਹਮਣਵਾਦੀ ਤ੍ਰਿਸ਼ਕਤੀ (ਤਿਕੜੀ)
ਬ੍ਰਹਮਾ, ਵਿਸ਼ਨੂੰ, ਮਹੇਸ਼ ਨੂੰ ਸਹੀ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਉਹਨਾਂ ਨੂੰ ਬੋਲਦੇ ਵਕਤ
ਟੋਕਣਾ ਜ਼ਾਇਜ਼ ਵੀ ਨਹੀ ਸੀ, ਕਿਉਂਕਿ ਉਹ ਬੁਲਾਏ ਹੋਏ ‘ਮੁੱਖ ਮਹਿਮਾਨ` ਸਨ। ਪਰ ਕੀ ਕਾਰਨ ਸੀ ਕਿ
ਉਹਨਾਂ ਤੋਂ ਬਾਅਦ ਬੋਲਣ ਵਾਲੇ ਕਿਸੇ ਵਿਦਵਾਨ ਜਾਂ ਸਟੇਜ ਸਕੱਤਰ ਨੇ ਉਹਨਾਂ ਦੀ ਗੱਲ ਕਟ ਕੇ
‘ਗੁਰਮਤਿ` ਅਨੁਸਾਰੀ ਸਪਸ਼ਟੀਕਰਣ ਦੇਣ ਦੀ ਕੋਸ਼ਿਸ਼ ਹੀ ਨਹੀਂ ਕੀਤੀ? ਸਮਾਗਮ ਤੋਂ ਬਾਅਦ ਵੀ ੨-੩ ਮਹੀਨੇ
ਤੱਕ ਸਪੋਕਸਮੈਨ ਵਿੱਚ ਵੱਖ ਵੱਖ ਤਰੀਕੇ (ਲੇਖਾਂ, ਖੱਤਾਂ, ਸੰਪਾਦਕੀਆਂ ਆਦਿ) ਰਾਹੀਂ ਇਸ ਸਮਾਗਮ ਦੀ
ਤਾਰੀਫਾਂ ਦੇ ਪੁਲ ਬੰਨ੍ਹੇ ਗਏ (ਜੋ ਇੱਕ ਹੱਦ ਤੱਕ ਜ਼ਾਇਜ਼ ਮੰਨੇ ਜਾ ਸਕਦੇ ਹਨ), ਪਰ ਕੀ ਕਾਰਨ ਸੀ ਕਿ
ਕਿਸੇ ਨੇ ਵੀ ਇਸ ਨੁਕਤੇ ਨੂੰ ਛੁਹਿਆ ਤੱਕ ਵੀ ਨਹੀਂ। ਕੀ ਇਸ ਵੱਲ ਕਿਸੇ ਦਾ ਧਿਆਣ ਨਹੀਂ ਗਿਆ? ਜੇ
ਨਹੀਂ ਗਿਆ ਤਾਂ, ਕੀ ਫੇਰ ਐਸੇ ਇਕੱਠ ਨੂੰ ਜਾਗਰੂਕ ਮਨੁੱਖਾਂ/ਪਾਠਕਾਂ ਦਾ ਇਕੱਠ ਕਿਹਾ ਜਾ ਸਕਦਾ ਹੈ?
ਜਾਂ ਸੱਚ ਇਹ ਹੈ ਕਿ ਸਪੋਕਸਮੈਨ ਵਿੱਚ ਸਿਰਫ ਤਾਰੀਫ ਵਾਲੇ ਲੇਖ, ਖੱਤ ਹੀ ਛਪਦੇ ਹਨ, ਆਲੋਚਣਾ ਵਾਲੇ
ਨਹੀਂ (ਬੇਸ਼ਕ ਉਹ ਆਲੋਚਣਾ ‘ਹਾਂ-ਪੱਖੀ` ਹੀ ਕਿਉਂ ਨਾ ਹੋਵੇ)? ਘੱਟੋ-ਘੱਟ ਇਤਨਾ ਤਾਂ ਲਿਖਿਆ ਹੀ ਜਾ
ਸਕਦਾ ਸੀ ਕਿ ਇਹ ਵਿਚਾਰ ਸੋਬਤੀ ਜੀ ਦੇ ਨਿਜੀ ਵਿਚਾਰ ਸਨ, ਗੁਰਮਤਿ ਇਹਨਾਂ ਨਾਲ ਸਹਿਮਤ ਨਹੀ।
ਸ਼੍ਰੋਮਣੀ ਕਮੇਟੀ ਦੀ ਸਟੇਜ ਤੋਂ ਗੁਰਮਤਿ ਵਿਰੁਧ ਬੋਲਣ ਵਾਲਿਆਂ ਬਾਰੇ ਪੰਥਕ ਲੀਡਰਾਂ ਦੀ ਚੁਪੀ
ਸੰਬੰਧੀ ਖਬਰਾਂ ਲਾਉਣ ਵਾਲਾ (ਜੋ ਜ਼ਾਇਜ਼ ਵੀ ਹੈ) ਸਪੋਕਸਮੈਨ ਅਪਣੇ ਸਮਾਗਮ ਵਿੱਚ ਹੋਈ ਐਸੀ ਹਰਕਤ
ਬਾਰੇ ਚੁਪੀ ਕਿਉਂ ਧਾਰ ਗਿਆ? ਕੀ ਇਹ ਨਿਰਪੱਖਤਾ ਦੀ ਨਿਸ਼ਾਨੀ ਕਹੀ ਜਾ ਸਕਦੀ ਹੈ?
ਵੀਰ ਜੀ, ਇਹ ਤਾਂ ਗੱਲ ਸਮਝਾਉਣ ਲਈ ਸਿਰਫ ਕੁੱਝ ਅੰਸ਼ ਹੀ ਸਾਂਝੇ ਕੀਤੇ ਹਨ,
ਨਹੀਂ ਤਾਂ ਸਿਧਾਂਤ ਵਿਰੋਧੀ ਕਾਰਵਾਈਆਂ ਦੀ ਸੂਚੀ ਤਾਂ ਬੜੀ ਲੰਮੀ ਹੈ। ਭੁਲ ਕਰਨਾ ਜਾਂ ਭੁਲ ਹੋ
ਜਾਣਾ ਇਤਨਾ ਗਲਤ ਨਹੀਂ ਹੈ, ਪਰ ਉਸ ਭੁਲ ਨੂੰ ਨਾ ਮੰਨਣਾ ਜਾਂ ਉਸ ਭੁਲ ਬਾਰੇ ਧਿਆਨ ਦਿਵਾਉਣ ਵਾਲੇ
ਨੂੰ ‘ਦੁਸ਼ਮਨ` ਥਾਪ ਲੈਣਾ ਬਿਲਕੁਲ ਗਲਤ ਹੈ। ਅਫਸੋਸ ਇਹੀ ਸੋਚ ਹੋਰ ਵਿਦਵਾਨਾਂ ਵਾਂਗ ਸਪੋਕਸਮੈਨ
(ਜੋਗਿੰਦਰ ਸਿੰਘ ਜੀ) ਤੇ ਵੀ ਭਾਰੂ ਹੈ। ਅਪਣੀ ਆਲੋਚਣਾ ਸਹਿਨ ਨਾ ਕਰ ਸਕਣ ਵਾਲਾ ਮਨੁੱਖ ‘ਸਿਧਾਂਤਕ`
ਨਹੀਂ ਹੋ ਸਕਦਾ, ਗੁਰਮੁਖ ਨਹੀਂ ਹੋ ਸਕਦਾ। ਗੁਰਮੁਖ ਦਾ ਤਾਂ ਲੱਛਣ ਹੀ ਇਹ ਹੈ ਕਿ ਉਹ ਅਪਣੀ
ਆਲੋਚਣਾ, ਨਿੰਦਾ ਬਹੁਤ ਠਰੰਮੇ ਨਾਲ, ਸਹਿਜ ਨਾਲ ਸੁਣਦਾ ਹੈ। ਜੋ ਅਪਣੇ ਕੋਲੋਂ ਹੋਈ ਗਲਤੀ ਨੂੰ
ਧੰਨਵਾਦ ਸਹਿਤ ਸੁਧਾਰ ਲੈਂਦਾ ਹੈ। ਜੇ ਗਲਤੀ ਨਾ ਹੋਈ ਹੋਵੇ ਤਾਂ ‘ਦਲੀਲ` ਨਾਲ ਸਪਸ਼ਟੀਕਰਨ ਦਿੰਦਾ
ਹੈ। ਪਰ ‘ਅੱਗ ਬਬੂਲਾ` ਕਦੀਂ ਵੀ ਨਹੀਂ ਹੁੰਦਾ ਜਾਂ ਆਲੋਚਕ ਨਾਲ ‘ਦੁਸ਼ਮਨੀ` ਨਹੀਂ ਪਾ ਬਹਿੰਦਾ। ਪਰ
ਅਫਸੋਸ ਜ਼ਿਆਦਾਤਰ ਵਿਦਵਾਨ (ਸਮੇਤ ਜੋਗਿੰਦਰ ਸਿੰਘ ਜੀ ਦੇ) ਇਸੇ ਵਾਦੀ ਤੋਂ ਹੀ ਪੀੜਤ ਹਨ।
ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਸਪੋਕਸਮੈਨ (ਜੋਗਿੰਦਰ ਸਿੰਘ ਜੀ) ਵਿੱਚ
ਵੀ ਕੁੱਝ ਕਮੀਆਂ ਹਨ। ਸਾਨੂੰ ਸਾਰਿਆਂ ਨੂੰ ਯਤਨ ਕਰਨਾ ਚਾਹੀਦਾ ਹੈ ਕਿ ਉਹਨਾਂ ਕਮੀਆਂ ਨੂੰ ਦੂਰ
ਕੀਤਾ ਜਾ ਸਕੇ, ਤਾਂ ਕਿ ਹੋਰ ਜਿਆਦਾ ਦ੍ਰਿੜਤਾ ਨਾਲ ‘ਤੱਤ ਗੁਰਮਤਿ` ਦੀ ਰਾਹ ਤੇ ਤੁਰਿਆ ਜਾ ਸਕੇ।
ਪਰ ਅਪਣੀ (ਗਲਤੀਆਂ, ਕਮੀਆਂ ਦੀ) ਆਲੋਚਣਾ ਕਰਣ ਵਾਲੇ ਨੂੰ ‘ਦੁਸ਼ਮਨ` ਜਾਂ ‘ਵਿਰੋਧੀ` ਥਾਪ ਲੈਣ ਨਾਲ
ਇਹ ਕਮੀਆਂ ਦੂਰ ਨਹੀਂ ਹੋ ਸਕਦੀਆਂ। ਸਪੋਕਸਮੈਨ ਦੇ ‘ਅੰਨ੍ਹੇ ਭਗਤ` ਇਹਨਾਂ ਕਮੀਆਂ, ਕਮਜ਼ੋਰੀਆਂ ਨੂੰ
ਵੇਖ ਨਹੀਂ ਸਕਦੇ। ‘ਅੰਨ੍ਹਾਪਨ` ਹਰ ਥਾਂ ਗਲਤ ਹੁੰਦਾ ਹੈ। ਸਪੋਕਸਮੈਨ ਨਾਲ ਜੁੜੇ ਕੁੱਝ ‘ਬੰਦਾ-ਪੂਜ`
‘ਅੰਨ੍ਹੇ-ਭਗਤਾਂ` ਬਾਰੇ ਵੀ ਵਿਚਾਰ ਕਰਨਾ ਗੈਰ-ਵਾਜ਼ਿਬ ਨਹੀਂ ਹੋਵੇਗਾ ਤਾਂਕਿ ਗੱਲ ਵਧੇਰੇ ਸਪਸ਼ਟ ਹੋ
ਸਕੇ।
ਸਪੋਕਸਮੈਨ ਨਾਲ ਅਸੀਂ ਸਾਰੇ ਇਸ ਕਰਕੇ ਜੁੜੇ ਹਾਂ ਕਿਉਂਕਿ ਇਹ ਕਾਫੀ ਹੱਦ
ਤੱਕ (ਤੱਤ) ਗੁਰਮਤਿ ਦੀ ਗੱਲ ਕਰਦਾ ਹੈ। ਭਾਵ ਗੁਰਮਤਿ ਸੋਚ ਤੇ ਪਹਿਰਾ ਦੇਣ ਕਾਰਨ ਅਸੀਂ ਜੋਗਿੰਦਰ
ਸਿੰਘ ਜੀ ਜਾਂ ਸਪੋਕਸਮੈਨ ਨਾਲ ਖੜੇ ਹਾਂ। ਪਰ ‘ਬੰਦਾ-ਪੂਜ` ਸਮਰਥਕ ਸਪੋਕਸਮੈਨ ਦੇ ਸਮਾਗਮਾਂ ਵਿੱਚ
ਬੈਨਰ ਚੁਕੀ ਫਿਰਦੇ ਹਨ
‘ਜੋਗਿੰਦਰ
ਸਿੰਘ ਦੀ ਸੋਚ ਤੇ, ਪਹਿਰਾ ਦੇਵਾਂਗੇ ਠੋਕ ਕੇ`।
ਭਾਵ ਉਹ ‘ਗੁਰਮਤਿ (ਸਿਧਾਂਤ) ਪੂਜ` ਦੀ ਥਾਂ ਤੇ ‘ਬੰਦਾ
(ਜੋਗਿੰਦਰ ਸਿੰਘ) ਪੂਜ` ਬਣ ਗਏ। ਭਾਵ ਉਹ ‘ਗੁਰਮਤਿ ਸੋਚ` ਨਹੀਂ, ‘ਜੋਗਿੰਦਰ ਸੋਚ` ਦੇ ਪੈਰੋਕਾਰ ਬਣ
ਗਏ ਹਨ। ਉਪਰਲੀ ਵਿਚਾਰ ਤੋਂ ਅਸੀਂ ਪਹਿਲਾਂ ਹੀ ਸਪਸ਼ਟ ਹੋ ਚੁਕੇ ਹਾਂ ਕਿ ਜੋਗਿੰਦਰ ਸਿੰਘ ਜੀ
(ਸਪੋਕਸਮੈਨ) ਦੀ ਸੋਚ ਵੀ ਪੂਰੀ ਤਰਾਂ ਗੁਰਮਤਿ ਅਨੁਸਾਰੀ ਨਹੀਂ ਲਗਦੀ ਜੀ। ਵੀਰ ਜੀ, ਕੀ ਤੁਸੀ ਵੀ
‘ਗੁਰਮਤਿ ਸੋਚ` ਦੀ ਥਾਂ ‘ਜੋਗਿੰਦਰ ਸੋਚ` ਤੇ ਪਹਿਰਾ ਦੇਣ ਵਾਲਿਆਂ ਦਾ ਹਿੱਸਾ ਬਣਨਾ ਲੋਚਦੇ ਹੋ? ਆਸ
ਹੈ ਐਸਾ ਬਿਲਕੁਲ ਨਹੀਂ ਹੋਵੇਗਾ?
ਹਰ ਮਿਆਰੀ ਅਖਬਾਰ ਜਾਂ ਰਸਾਲੇ ਦਾ ਇੱਕ ਵੱਡਾ ਗੁਣ ਹੁੰਦਾ ਹੈ ਕਿ ਉਹ ਅਪਣੀ
ਤਾਰੀਫ ਦੀ ਥਾਂ ਆਲੋਚਣਾ ਨੂੰ ਤਰਜ਼ੀਹ ਦਿੰਦੇ ਹਨ। ‘ਨਿੰਦਉ ਨਿੰਦਉ ਮੋਕਉ ਲੋਗਾ ਨਿੰਦਉ`
ਵਰਗੇ ਗੁਰਮਤਿ ਸਿਧਾਂਤਾਂ ਦੇ ਪ੍ਰਚਾਰ ਦਾ ਦਾਅਵਾ ਕਰਨ ਵਾਲੇ ਪਰਚਿਆਂ ਲਈ ਤਾਂ ਇਹ ਨੀਤੀ ਹੋਰ ਵੀ
ਜ਼ਰੂਰੀ ਬਣ ਜਾਂਦੀ ਹੈ। ਪਰ ਵੀਰ ਜੀ ਤੁਸੀ ਪਿਛਲੇ ੬ ਮਹੀਨੇ ਦੇ ਸਪੋਕਸਮੈਨ ਚੁਕ ਕੇ ਵੇਖ ਲਵੋ, ਸ਼ਇਦ
ਹੀ ਕੋਈ ਐਸਾ ਦਿਨ ਹੋਵੇਗਾ ਜਿਸ ਦਿਨ ਕਿਸੇ ਲੇਖ, ਖੱਤ ਜਾਂ ਸੰਪਾਦਕੀ ਰਾਹੀਂ ਸਪੋਕਸਮੈਨ ਜਾਂ
ਜੋਗਿੰਦਰ ਸਿੰਘ ਜੀ ਦੀ ਤਾਰੀਫ ਨਾ ਛਪੀ ਹੋਵੇ? ਹੋਰ ਤਾਂ ਹੋਰ ‘ਮੇਰੀ ਨਿਜੀ ਡਾਇਰੀ ਦੇ ਪੰਨੇ` ਵਿੱਚ
ਵੀ ਜਿਆਦਾਤਰ ਅਪਣੀਆਂ ਹੀ ਤਾਰੀਫਾਂ ਦੇ ਪੁਲ ਬੰਨ੍ਹੇ ਮਿਲਦੇ ਹਨ ਪਰ ਗੁਰਬਾਣੀ ਤਾਂ ਸਮਝਾਉਂਦੀ ਹੈ
ਕਿ
“ਆਪਸ ਕੋ ਜੋ ਭਲਾ ਜਨਾਵੈ, ਤਿਸੈ ਭਲਾਈ ਨਿਕਟ ਨਾ ਆਵੈ।। “
ਦੁਜੀ ਤਰਫ, ਪਿਛਲੇ ੬ ਮਹੀਨਿਆਂ ਵਿੱਚ ਆਲੋਚਣਾ ਦੇ ਕਿਤਨੇ ਖੱਤ ਜਾਂ ਲੇਖ
ਸਪੋਕਸਮੈਨ ਵਿੱਚ ਛਪੇ ਹਨ, ਮੁਸ਼ਕਿਲ ਨਾਲ ਇੱਕ ਜਾਂ ਦੋ। ਕੀ ਸਪੋਕਸਮੈਨ ਵਿੱਚ ਇਸ ਦੌਰਾਨ ਕੁੱਝ ਵੀ
ਗਲਤ ਨਹੀਂ ਛਪਿਆ ਜਿਸ ਦੀ ਆਲੋਚਣਾ ਹੋਈ ਹੋਵੇ? ਘੱਟੋ-ਘੱਟ ਤਿੰਨ ਵਿਸ਼ਿਆਂ ਦੀ ਆਲੋਚਣਾ ਤਾਂ ਤੱਤ
ਗੁਰਮਤਿ ਪਰਿਵਾਰ ਵਲੋਂ ਭੇਜੀ ਜਾ ਚੁੱਕੀ ਹੈ। ਉਹ ਵਿਸ਼ੇ ਇਸ ਤਰ੍ਹਾਂ ਹਨ।
1. ਹੋਲੇ ਮਹੱਲੇ ਤੇ ਛਪੇ ਇੱਕ ਲੇਖ ‘ਹੋਲੀ ਦਾ ਸੁਧਰਿਆ ਰੂਪ ਹੋਲਾ ਮਹੱਲਾ”
ਵਿੱਚ ਭੰਗ ਪੀਣ ਅਤੇ ਰੰਗ ਸੁਟਣ ਦੀ ਗਲਤ ਪ੍ਰਚਲਿਤ ਰੀਤਾਂ ਦੀ ਤਾਰੀਫ ਕੀਤੀ ਗਈ।
2. ਕੁਝ ਸਮਾਂ ਪਹਿਲਾਂ ਛਪੇ ਇੱਕ ਸਪਲੀਮੈਂਟ ਵਿੱਚ ‘ਆਪੇ ਗੁਰ ਚੇਲਾ` ਵਾਲੀ
‘ਗੁਰਮਤਿ ਵਿਰੋਧੀ` ਵਾਰ ਨੂੰ ਗਲਤ ਬਿਆਨੀ ਕਰਦੇ ਹੋਏ ਭਾਈ ਗੁਰਦਾਸ ਜੀ ਪਹਿਲੇ ਦੀ ਵਾਰ ਲਿਖਦੇ ਹੋਏ
ਇਸ ਦੇ ਗੁਰਮਤਿ ਅਨੁਸਾਰੀ ਹੋਣ ਦਾ ਪ੍ਰਚਾਰ ਕੀਤਾ ਗਿਆ।
3. ਸਲਾਨਾ ਸਮਾਗਮ ਵਿੱਚ ਪ੍ਰੋ. ਸੋਬਤੀ ਵਲੋਂ ਤ੍ਰਿ-ਸ਼ਕਤੀ ਬ੍ਰਹਮਾ,
ਵਿਸ਼ਨੂੰ, ਮਹੇਸ਼ ਦੀ ਹਸਤੀ ਨੂੰ ਇੱਕ ਅਕਾਲ ਪੁਰਖ ਦੇ ਬਰਾਬਰ ਵਡਿਆਉਣਾ। ਪਰ ਸਪੋਕਸਮੈਨ ਜਾਂ ਇਸ
ਸਮਾਗਮ ਦੇ ਸਟੇਜ ਸੱਕਤਰ ਵਲੋਂ ਕੋਈ ਸ਼ਪਸ਼ਟੀਕਰਣ ਨਾਂ ਦੇਣਾ ਆਦਿ।
ਹੋਰ ਵੀ ਕਈ ਵਿਸ਼ੇ ਦਸੇ ਜਾ ਸਕਦੇ ਹਨ, ਇਹ ਤਾਂ ਸਿਰਫ ਉਦਾਹਰਨ ਮਾਤਰ ਹਨ।
ਸੱਚ ਇਹੀ ਲਗਦਾ ਹੈ ਕਿ ਸਪੋਕਸਮੈਨ ਵਿੱਚ ਆਲੋਚਣਾ ਲਈ ਕੋਈ ਥਾਂ ਨਹੀਂ ਹੈ।
ਸਪੋਕਸਮੈਨ ਨਾਲ ਜੁੜੇ ਕੁੱਝ ਲੇਖਕ ‘ਬੰਦਾ-ਪੂਜ` ਦੀ ਕਿਸ ਹੱਦ ਤੱਕ ਪਹੂੰਚ
ਚੁਕੇ ਹਨ, ਉਹ ਵੀ ਵਿਚਾਰ ਲੈਂਦੇ ਹਨ। ਇੱਕ ਲੇਖਕ ‘ਨਾਨਕਵਾਦ` ਦੀ ਥਾਂ ‘ਜੋਗਿੰਦਰਵਾਦ` ਦਾ ਪੈਰੋਕਾਰ
ਹੋਣ ਦਾ ਦਮ ਭਰਦਾ ਹੈ। ਇੱਕ ਹੋਰ ਲੇਖਕ ਬਾਰੇ ਛਪੀ ਖਬਰ ਵਿੱਚ ਉਹ ਲੇਖਕ ਕਹਿੰਦਾ ਦਸਿਆ ਗਿਆ ਹੈ
(ਖਬਰ ਅਨੁਸਾਰ)
“ਜਿਸ ਤਰਾਂ
ਪ੍ਰਮਾਤਮਾ ਪਹਿਲਾਂ ਦੁਨੀਆਂ ਉਤੇ ਹੋ ਰਹੇ ਪਾਪਾਂ ਨੂੰ ਖਤਮ ਕਰਨ ਲਈ ਵੱਖ-ਵੱਖ ਅਵਤਾਰਾਂ ਨੂੰ ਧਰਤੀ
ਤੇ ਭੇਜਦਾ ਰਿਹਾ ਹੈ, ਉਸੇ ਤਰਾਂ ਜੋਗਿੰਦਰ ਸਿੰਘ ਨੇ ਵੀ ਗੁਰੂ ਨਾਨਕ ਦੇ ਉਦੇਸ਼ਾਂ ਨੂੰ ਲੋਕਾਂ ਤੱਕ
ਪਹੁੰਚਾਉਣ ਦਾ ਦ੍ਰਿੜ ਇਰਾਦਾ ਕਰ ਲਿਆ ਹੈ”। ਭਾਵ
ਕਿ ਜੋਗਿੰਦਰ ਸਿੰਘ ਜੀ ਨੂੰ ਵੀ ਅਸਿੱਧੇ ਤਰੀਕੇ ਨਾਲ ਨਾਨਕ ਪਾਤਸ਼ਾਹ ਜੀ ਦਾ ਅਵਤਾਰ ਸਿੱਧ ਕਰਣ ਦਾ
ਜਤਨ ਹੈ। ਚਲੋ ਮੰਨ ਲੈਂਦੇ ਹਾਂ ਕਿ ਚਾਪਲੂਸੀ ਦੀ ਕੋਈ ਹੱਦ ਨਹੀਂ ਹੁੰਦੀ, ਪਰ ਇਹੋ ਜਿਹੇ ਲੇਖਾਂ,
ਖਬਰਾਂ ਨੂੰ ਚੁਣ ਕੇ ਛਾਪਨ ਦਾ ਕੰਮ ਤਾਂ ਮੁੱਖ ਸੰਪਾਦਕ (ਜੋਗਿੰਦਰ ਸਿੰਘ ਜੀ) ਆਪ ਹੀ ਕਰਦੇ ਹੋਣਗੇ?
ਕਿ ਇਹ ਗੁਰਵਾਕ “ਆਪਸ ਕੋ ਜੋ ਭਲਾ ਜਨਾਵੈ, ਤਿਸੇ ਭਲਾਈ ਨਿਕਟ ਨ ਆਵੈ।। “ ਉਹਨਾਂ ਉੱਤੇ
ਪੂਰਾ ਨਹੀਂ ਢੁਕਦਾ?
ਹੋ ਸਕਦਾ ਹੈ ਕਿ ਆਪ ਜੀ ਦੇ ਮਨ ਵਿੱਚ ਇਹ ਗੱਲ ਆ ਜਾਵੇ ਕਿ ਅਸੀਂ ਇਸ ਕਰਕੇ
ਸਪੋਕਸਮੈਨ (ਜੋਗਿੰਦਰ ਸਿੰਘ ਜੀ) ਦੀ ਆਲੋਚਣਾ ਕਰਦੇ ਹਾਂ ਕਿ ਉਹਨਾਂ ਨਾਲ ਬਹੁਤ ਲੋਗ ਜੁੜ ਰਹੇ ਹਨ
(ਉਹਨਾਂ ਦੇ ਗੁਰਮਤਿ ਅਨੁਸਾਰੀ ਕੰਮਾ ਦਾ ਸਮਰਥਨ ਤਾਂ ਅਸੀਂ ਵੀ ਕਰਦੇ ਹਾਂ)। ਪਰ ਵੀਰ ਜੀ ਸਿਰਫ ਇਹ
ਕੋਈ ਬਹੁਤ ਵੱਡੀ ਉਪਲਬਦੀ ਨਹੀਂ ਹੈ। ਗੱਲ ਗਿਣਤੀ ਦੀ ਨਹੀਂ, ਸਿਧਾਂਤ ਦੀ ਹੈ। ਜੇ ਸਿਰਫ ਗਿਣਤੀ ਦੀ
ਗੱਲ ਹੋਵੇ ਤਾਂ ਰਾਧਾਸੁਆਮੀ ਵਰਗੇ ਡੇਰੇਦਾਰਾਂ ਪਿਛੇ ‘ਬੰਦਾ-ਪੂਜ` ਲੋਕਾਂ ਦੀਆਂ ਡਾਰਾਂ ਝੱਲੀਆਂ
ਹੋਈਆਂ ਫਿਰਦੀਆਂ ਹਨ। ਉਹਨਾਂ ਦੀ ਗਿਣਤੀ ਸਾਹਮਣੇ ਤਾਂ ਸਪੋਕਸਮੈਨ ਨਾਲ ਜੁੜੇ ਲੋਕਾਂ ਦੀ ਗਿਣਤੀ
ਕੁੱਝ ਵੀ ਨਹੀਂ ਹੋਵੇਗੀ।
ਦਾਸਰੇ ਫੇਰ ਸਪਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਸਪੋਕਸਮੈਨ ਟ੍ਰਸਟ (ਜੋਗਿੰਦਰ
ਸਿੰਘ) ਜੀ ਵਲੋਂ ‘ਏਕਸ ਕੇ ਬਾਰਿਕ` ਆਦਿ ਦੇ ਰੂਪ ਵਿੱਚ ਕੀਤੇ ਜਾ ਰਹੇ ਪੰਥਕ ਕਾਰਜਾਂ ਵਿੱਚ ਕਾਫੀ
ਹੱਦ ਤੱਕ ਉਹਨਾਂ ਦਾ ਸਮਰਥਨ ਕਰਦੇ ਹਨ, ਪਰ ਉਹਨਾਂ ਵਲੋਂ ਹੋ ਚੁੱਕੀਆਂ ਭੁੱਲਾਂ ਦੀ ਆਲੋਚਣਾ ਕਰਣਾ
ਵੀ ਦਾਸਰਿਆਂ ਦਾ ਫਰਜ਼ ਹੈ ਤਾਂ ਕਿ ਭੁਲਾਂ ਸੁਧਾਰੀਆਂ ਜਾ ਸਕਣ। ਦਾਸਰੇ ਹਰ ਇੱਕ ਪੰਥਦਰਦੀ ਸੰਸਥਾ ਤੇ
ਵਿਅਕਤੀ ਨੂੰ ਉਥੇ ਤੱਕ ਪੂਰਾ ਸਮਰਥਨ ਦਿੰਦੇ ਹਨ, ਜਿਥੇ ਤੱਕ ਉਹ ਗੁਰਮਤਿ ਅਨੁਸਾਰੀ ਹੈ, ਪਰ ਗੁਰਮਤਿ
ਵਿਰੋਧੀ ਗੱਲਾਂ ਦੀ ਆਲੋਚਨਾ ਨਾ ਕਰਨਾ ਦਾਸਰੇ ‘ਨਾਨਕ ਪਾਤਸ਼ਾਹ ਨਾਲ ਧ੍ਰੋਹ` ਸਮਝਦੇ ਹਨ।
ਅਸਲ ਗੱਲ ਇਹ ਹੈ ਕਿ ਜੋ ਵੀ ਲਹਿਰ, ਸੰਸਥਾ ‘ਸਿਧਾਂਤ-ਪੂਜ` ਦੀ ਥਾਂ
‘ਬੰਦਾ-ਪੂਜ` ਬਣ ਜਾਂਦੀ ਹੈ, ਉਹ ਸੱਚ ਦੇ ਰਾਹ ਤੋਂ ਭਟਕ ਜਾਂਦੀ ਹੈ, ਉਸਦਾ ‘ਸਿਧਾਂਤਕ` ਵਿਕਾਸ ਰੁਕ
ਜਾਂਦਾ ਹੈ। ਸਿੱਖ ਕੌਮ ਇਸਦਾ ਜੀਵੰਤ ਉਦਾਹਰਨ ਹੈ। ਇਸ ਕਰਕੇ ਸਮੇਂ ਨਾਲ ਹਰ ਲਹਿਰ ਜਾਂ ਸੰਸਥਾ ਵਿੱਚ
ਆ ਰਹੀਆਂ ਕਮਜ਼ੋਰੀਆਂ ਦੀ ਸਵੈ-ਪੜਚੋਲ ਬਹੁਤ ਜ਼ਰੂਰੀ ਹੈ। ਇਸ ਲਈ ਜ਼ਰੂਰੀ ਹੈ ਕਿ ‘ਆਲੋਚਣਾ` ਦਾ
ਖਿੜੇ-ਮੱਥੇ ਸਵਾਗਤ ਕੀਤਾ ਜਾਵੇ। ਪਰ ਅਫਸੋਸ ਜ਼ਿਆਦਾਤਰ ਲਹਿਰਾਂ, ਸੰਸਥਾਵਾਂ ਵਿੱਚ ਇਸ ਪਹੁੰਚ ਦੀ
ਵੱਡੀ ਘਾਟ ਹੁੰਦੀ ਹੈ। ਤਾਂ ਹੀ ਉਹ ਸਿਧਾਂਤ ਤੋਂ ਥਿੜਕ ਕੇ ‘ਬੰਦਾ-ਪੂਜ` ਬਣ ਜਾਂਦੀਆਂ ਹਨ।
ਆਪ ਜੀ ਦੇ ਲੇਖ ਨਾਲ ਜੁੜਿਆ ਇੱਕ ਹੋਰ ਦਿਲਚਸਪ ਪਹਿਲੂ ਵੀ ਵਿਚਾਰ ਲੈਣਾਂ
ਲਾਹੇਵੰਦ ਰਹੇਗਾ। ਆਪ ਜੀ ਦਾ ਇਹੀ ਲੇਖ ਦਾਸਰਿਆਂ ਨੇ
‘ਸਿੱਖ ਮਾਰਗ`
ਦੀ ਵੈਬਸਾਈਟ ਤੇ ਵੀ ਪੜਿਆ ਸੀ, ਪਰ ਉਥੇ ਇਸਦਾ ਸਿਰਲੇਖ
ਕੁੱਝ ਹੋਰ ਸੀ (ਸ਼ਾਇਦ
‘ਸਪੋਕਸਮੈਨ, ਜੋਗਿੰਦਰ ਸਿੰਘ ਤੇ ਜਗਜੀਤ ਕੌਰ ਬਾਰੇ ਸੱਚ`)।
ਦੋਨੋ ਲੇਖ ਬਿਲਕੁਲ ਇੱਕ ਜੈਸੇ ਹਨ ਸਿਵਾਏ ਆਖਿਰੀ ਪੈਰ੍ਹੇ
ਦੇ। ‘ਸਿਖ ਮਾਰਗ` ਵਾਲਾ ਤੁਹਾਡਾ ਲੇਖ ‘ਖੈਰ! ਰੱਬ ਇਹਨਾਂ ਨੂੰ ਸੁਮੱਤ ਦੇਵੇ` ਤੇ ਖਤਮ ਹੋ ਜਾਂਦਾ
ਹੈ। ਪਰ ਸਪੋਕਸਮੈਨ ਵਾਲੇ ਲੇਖ ਵਿੱਚ ਆਖਿਰੀ ਪੈਰ੍ਹੇ ਵਿੱਚ ੫-੬ ਲਾਈਨਾਂ ਵਾਧੂ ਹਨ। ਦਾਸਰਿਆਂ ਦਾ
ਅੰਦਾਜ਼ਾ ਹੈ ਕਿ ਇਹ ਕੰਮ (ਸਿਰਲੇਖ ਬਦਲ ਕੇ ਕੁੱਝ ਵਾਧੂ ਲਾਈਨਾਂ ਜੋੜਨੀਆਂ) ਕਿਸੇ ਹੋਰ ਨੇ ਕੀਤਾ
ਹੈ। ਦਾਸਰਿਆਂ ਦਾ ਅੰਦਾਜ਼ਾ ਗਲਤ ਵੀ ਹੋ ਸਕਦਾ ਹੈ। ਪਰ ਜੇ ਦਾਸਰਿਆਂ ਦਾ ਅੰਦਾਜ਼ਾ ਠੀਕ ਹੈ, ਤਾਂ ਕੀ
ਤੁਸੀ ਇਸ ਗੱਲ ਦਾ ਨੋਟਿਸ ਲਿਆ?
ਵੀਰ ਜੀ, ਆਪ ਦੇ ਲੇਖ ਅਨੁਸਾਰ ਆਪ ਸਪੋਕਸਮੈਨ ਨਾਲ ਕਾਫੀ ਸਮੇਂ ਤੋਂ ਬਹੁਤ
ਗਹਿਰਾਈ ਨਾਲ ਜੁੜੇ ਹੋਏ ਹੋ। ਕੀ ਤੁਹਾਡੀ ਜਾਗਰੂਕ ਤੇ ਪਾਰਖੂ ਨਜ਼ਰ ਸਾਹਮਣੇ ਉਪਰ ਵਿਚਾਰੀਆਂ
ਸਪੋਕਸਮੈਨ (ਜੋਗਿੰਦਰ ਸਿੰਘ ਜੀ) ਦੀਆਂ ਗਲਤੀਆਂ ਨਹੀਂ ਆਈਆਂ? ਜੇ ਆਈਆਂ ਤਾਂ ਤੁਸੀ ਉਹਨਾਂ ਬਾਰੇ
ਸਪੋਕਸਮੈਨ ਜਾਂ ਜੋਗਿੰਦਰ ਸਿੰਘ ਜੀ ਨੂੰ ਸੁਚੇਤ ਕੀਤਾ? ਜੇ ਕੀਤਾ ਤਾਂ ਉਹਨਾਂ ਦਾ ਕੀ ਰਵੈਯਾ ਸੀ?
ਕੀ ਤਾਰੀਫ ਵਾਲੇ ਲੇਖ ਲਿਖਣ ਤੋਂ ਪਹਿਲਾਂ ਕਮੀਆਂ ਬਾਰੇ ਵਿਚਾਰ ਕਰਨੀ ਜ਼ਰ੍ਰੂਰੀ ਨਹੀਂ? ਵੀਰ ਜੀ, ਜੇ
ਆਪ ਜੀ ਵਰਗੇ ਸੂਝਵਾਨ ਅਤੇ ਸਪੋਕਸਮੈਨ ਨਾਲ ਜੁੜੇ ਕੁੱਝ ਜਾਗਰੂਕ ਪੰਥਦਰਦੀਆਂ ਦੀ ਜੋਗਿੰਦਰ ਸਿੰਘ ਜੀ
ਬਾਰੇ ਵਿਚਾਰ ਉਸ ਮੁਹਾਵਰੇ ਵਾਂਗ ਹੈ ਕਿ ‘ਜਿਸ ਗਾਂ ਕੋਲੋਂ ਦੁਧ ਲੈਣਾ ਹੋਵੇ, ਉਸ ਦੀਆਂ ਲੱਤਾਂ ਵੀ
ਖਾਣੀਆਂ ਹੀ ਪੈਂਦੀਆਂ ਹਨ`, ਤਾਂ ਐਸੀ ‘ਅੰਨ੍ਹੀ` (ਗਲਤੀਆਂ ਨਜ਼ਰਅੰਦਾਜ਼ ਕਰਨ) ਹਿਮਾਇਤ ਵਾਲੀ ਪਹੁੰਚ
ਕਿਸੇ ਗਿਆਨਹੀਨ ਮਨੁੱਖ ਦੀ ਤਾਂ ਹੋ ਸਕਦੀ ਹੈ ਪਰ ਗਿਆਨਵਾਨ ਗੁਰਸਿੱਖ ਦੀ ਬਿਲਕੁਲ ਨਹੀਂ।
ਵੀਰ ਜੀ, ਦਾਸਰੇ ਆਪ ਜੀ ਦੇ ਲੇਖ ‘ਸਿੱਖ ਮਾਰਗ` ਤੇ ਹੋਰ ਥਾਂਵਾਂ ਤੋਂ ਵੀ
ਪੜਦੇ ਰਹਿੰਦੇ ਹਨ। ਜੋ ਅਕਸਰ ਆਮ ਜਿਗਿਆਸੂ ਨੂੰ ਗੁਰਮਤਿ ਅਨੁਸਾਰੀ ਸੇਧ ਬਖਸ਼ਨ ਵਾਲੇ ਹੁੰਦੇ ਹਨ। ਪਰ
ਆਪਜੀ ਦਾ ਲਿਖਿਆ ‘ਵਿਚਾਰ ਅਧੀਨ` ਲੇਖ ਪੜਕੇ ਮਨ ਆਪ ਜੀ ਨੂੰ ਅਪਣਾ ‘ਗੁਰ ਭਾਈ` ਸਮਝਦੇ ਹੋਏ ਆਪ ਜੀ
ਨਾਲ ਖੁਲੀਆਂ ਵਿਚਾਰਾਂ ਕਰਦੇ ਜੋਦੜੀ ਕਰਦੇ ਹਨ ਕਿ ਜੇ ਆਪ ਜੀ ਨੂੰ ਦਾਸਰਿਆਂ ਦੇ ਵਿਚਾਰ ‘ਦਲੀਲ`
ਜਾਂ ਗੁਰਮਤਿ ਅਨੁਸਾਰੀ ਲਗੇ ਹੋਣ ਤਾਂ ਆਪ ਅਪਣੀ ਸੋਚ ਵਿੱਚ ਲੋੜੀਂਦਾ ਬਦਲਾਅ ਕਰਦੇ ਹੋਏ ਦਾਸਰਿਆਂ
ਨੂੰ ਹੋਈਆਂ ਭੁਲਾਂ ਲਈ ਆਪਣੇ ਬਹੁਮੁੱਲੇ ਵਿਚਾਰ ਜਰੂਰ ਲਿੱਖ ਭੇਜੋਂਗੇ, ਆਪ ਜੀ ਦੇ ਜਵਾਬ ਦੀ ਉਡੀਕ
ਵਿੱਚ;
ਨਿਸ਼ਕਾਮ ਨਿਮਰਤਾ ਸਹਿਤ,
ਨਿਰੋਲ ਨਾਨਕ ਫਲਸਫੇ ਦੀ ਰਾਹ `ਤੇ
ਤੱਤ ਗੁਰਮਤਿ ਪਰਿਵਾਰ