ਨਾਮ ਕੀ ਹੈ?
ਸਭ ਤੋਂ ਪਹਿਲਾਂ ਇਹ ਵਿਚਾਰਨਾ ਯੋਗ ਹੋਵੇਗਾ ਕਿ ਨਾਮ ਹੈ ਕੀ? ਮੈਂ ਕੁੱਝ
ਸਧਾਰਣ ਸ਼ਬਦਾਂ ਵਿੱਚ ਇਸ ਨੂੰ ਸਪਸ਼ਟ ਕਰਨ ਦਾ ਉਪਰਾਲਾ ਕਰਾਂਗਾ। ਮੈਂ ਆਪਣੀ ਪੇਸ਼ਕਾਰੀ ਵਿੱਚ ਵੀ
ਗੁਰਬਾਣੀ ਦੀਆਂ ਪੰਕਤੀਆਂ ਦੇ ਅਰਥ ਪ੍ਰੋ. ਸਾਹਿਬ ਸਿੰਘ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ
ਵਿੱਚੋਂ ਲਏ ਹਨ, ਜਿਸ ਨੂੰ ਅਜੇ ਤਕ ਦੇ ਸਾਰੇ ਟੀਕਿਆਂ ਵਿੱਚ ਸਭ ਤੋਂ ਵਧੇਰੇ ਪ੍ਰਮਾਣਿਤ ਸਮਝਿਆ
ਜਾਂਦਾ ਹੈ, ਮੈਂ ਇਸ ਲਿਖਤ ਵਿੱਚ ਵੀ ਉਨ੍ਹਾਂ ਹੀ ਅਰਥਾਂ ਦੀ ਵਰਤੋਂ ਕੀਤੀ ਹੈ।
ਨਾਮ ਕੀ ਹੈ? ਇਹ ਸਮਝਣ ਵਾਸਤੇ ਅਸੀਂ ਸਭ ਤੋਂ ਪਹਿਲਾਂ ‘ਜਪੁ’ ਬਾਣੀ ਦੀ
19ਵੀਂ ਪਉੜੀ ਦੀਆਂ ਹੇਠਲੀਆਂ ਪੰਕਤੀਆਂ ਲੈਂਦੇ ਹਾਂ:
“ਜੇਤਾ ਕੀਤਾ, ਤੇਤਾ ਨਾਉ॥ ਵਿਣੁ ਨਾਵੈ, ਨਾਹੀ ਕੋ ਥਾਉ॥”
ਇਹ ਸਾਰਾ ਸੰਸਾਰ, ਜੋ ਅਕਾਲ ਪੁਰਖ ਨੇ ਬਣਾਇਆ ਹੈ, ਇਹ ਉਸ ਦਾ ਸਰੂਪ ਹੈ (
‘ਇਹੁ ਵਿਸੁ ਸੰਸਾਰੁ ਤੁਮ ਦੇਖਦੇ, ਇਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ’ )। ਕੋਈ ਥਾਂ
ਅਕਾਲ ਪੁਰਖ ਦੇ ਸਰੂਪ ਤੋਂ ਖ਼ਾਲੀ ਨਹੀਂ ਹੈ, (ਭਾਵ, ਜਿਹੜੀ ਥਾਂ ਜਾਂ ਪਦਾਰਥ ਵੇਖੀਏ ਉਹੀ ਅਕਾਲ
ਪੁਰਖ ਦਾ ਸਰੂਪ ਦਿੱਸਦਾ ਹੈ, ਸ੍ਰਿਸ਼ਟੀ ਦਾ ਜ਼ੱਰਾ ਜ਼ੱਰਾ ਅਕਾਲ ਪੁਰਖ ਦਾ ਸਰੂਪ ਹੈ)।
ਸ੍ਰਿਸ਼ਟੀ ਰਚਨਾ ਬਾਰੇ ਹੀ ਸਤਿਗੁਰੂ ਦਾ ਇੱਕ ਦੂਸਰਾ ਪ੍ਰਮਾਣ ਵੇਖੋ:
“ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ
ਡਿਠੋ ਚਾਉ॥”
{ਆਸਾ ਮਹਲਾ 1, ਵਾਰ ਸਲੋਕਾ ਨਾਲਿ,
ਪੰਨਾ 463}
ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਅਤੇ ਆਪ ਹੀ ਆਪਣਾ ਨਾਮਣਾ
ਬਣਾਇਆ। ਫਿਰ, ਉਸ ਨੇ ਕੁਦਰਤ ਰਚੀ (ਅਤੇ ਉਸ ਵਿਚ) ਆਸਣ ਜਮਾ ਕੇ, (ਭਾਵ, ਕੁਦਰਤ ਵਿੱਚ ਵਿਆਪਕ ਹੋ
ਕੇ, ਇਸ ਜਗਤ ਦਾ) ਆਪ ਤਮਾਸ਼ਾ ਵੇਖਣ ਲੱਗ ਪਿਆ ਹੈ।
ਉਪਰਲੇ ਦੋ ਪ੍ਰਮਾਣਾਂ ਨੂੰ ਧਿਆਨ ਨਾਲ ਵਿਚਾਰਨ ਨਾਲ ਇਹ ਗਲ ਸਪਸ਼ਟ ਹੋ ਜਾਂਦੀ
ਹੈ ਕਿ ਅਕਾਲ ਪੁਰਖੁ ਆਪ ਹੀ ਨਾਮ ਹੈ ਉਸ ਦੀ ਹੋਂਦ ਹੀ ਨਾਮ ਹੈ। ਹੇਠਲੇ ਦੋ ਪ੍ਰਮਾਣ ਇਹ ਸਪਸ਼ਟ ਕਰਦੇ
ਹਨ ਕਿ ਸ੍ਰਿਸ਼ਟੀ ਦਾ ਸਾਰਾ ਸਿਲਸਿਲਾ ਅਕਾਲ ਪੁਰਖ ਦੇ ਇੱਕ ਅਟੱਲ ਨੇਮ ਵਿੱਚ ਚਲ ਰਿਹਾ ਹੈ, ਜਿਸਨੂੰ
ਹੁਕਮ ਵੀ ਕਿਹਾ ਜਾਂਦਾ ਹੈ, ਅਤੇ ਇਸੇ ਨੂੰ ਨਾਮ ਵੀ ਕਿਹਾ ਜਾਂਦਾ ਹੈ:
“ਨਾਮ ਕੇ ਧਾਰੇ ਸਗਲੇ ਜੰਤ॥ ਨਾਮ ਕੇ ਧਾਰੇ ਖੰਡ ਬ੍ਰਹਮੰਡ॥ ਨਾਮ ਕੇ ਧਾਰੇ
ਸਿਮ੍ਰਿਤਿ ਬੇਦ ਪੁਰਾਨ॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ॥ ਨਾਮ ਕੇ ਧਾਰੇ ਆਗਾਸ ਪਾਤਾਲ॥ ਨਾਮ ਕੇ
ਧਾਰੇ ਸਗਲ ਆਕਾਰ॥ ਨਾਮ ਕੇ ਧਾਰੇ ਪੁਰੀਆ ਸਭ ਭਵਨ॥ ਨਾਮ ਕੈ ਸੰਗਿ ਉਧਾਰੇ ਸੁਨਿ ਸ੍ਰਵਨ॥ ਕਰਿ ਕਿਰਪਾ
ਜਿਸੁ ਆਪਨੈ ਨਾਮਿ ਲਾਏ॥ ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ॥ 5॥”
{ਗਉੜੀ ਸੁਖਮਨੀ ਮਃ 5, ਪੰਨਾ 284}
ਸਾਰੇ ਜੀਆ ਜੰਤ ਅਕਾਲ ਪੁਰਖ ਦੇ ਆਸਰੇ ਹਨ, ਜਗਤ ਦੇ ਸਾਰੇ ਭਾਗ (ਹਿੱਸੇ) ਭੀ
ਪ੍ਰਭੂ ਦੇ ਟਿਕਾਏ ਹੋਏ ਹਨ। ਵੇਦ, ਪੁਰਾਣ ਸਿਮ੍ਰਿਤੀਆਂ ਪ੍ਰਭੂ ਦੇ ਅਧਾਰ ਤੇ ਹਨ, ਗਿਆਨ ਦੀਆਂ
ਗੱਲਾਂ ਸੁਣਨਾ ਤੇ ਸੁਰਤਿ ਜੋੜਨੀ ਭੀ ਅਕਾਲ ਪੁਰਖ ਦੇ ਆਸਰੇ ਹੀ ਹੈ। ਸਾਰੇ ਅਕਾਸ਼ ਪਤਾਲ ਪ੍ਰਭੂ-ਆਸਰੇ
ਹਨ, ਸਾਰੇ ਸਰੀਰ ਹੀ ਪ੍ਰਭੂ ਦੇ ਆਧਾਰ ਤੇ ਹਨ। ਤਿੰਨੇ ਭਵਨ ਤੇ ਚੌਦਹ ਲੋਕ ਅਕਾਲ ਪੁਰਖ ਦੇ ਟਿਕਾਏ
ਹੋਏ ਹਨ, ਜੀਵ ਪ੍ਰਭੂ ਵਿੱਚ ਜੁੜ ਕੇ ਤੇ ਉਸ ਦਾ ਨਾਮ ਕੰਨੀਂ ਸੁਣ ਕੇ ਵਿਕਾਰਾਂ ਤੋਂ ਬਚਦੇ ਹਨ। ਜਿਸ
ਨੂੰ ਮੇਹਰ ਕਰ ਕੇ ਆਪਣੇ ਨਾਮ ਵਿੱਚ ਜੋੜਦਾ ਹੈ, ਹੇ ਨਾਨਕ ! ਉਹ ਮਨੁੱਖ (ਮਾਇਆ ਦੇ ਅਸਰ ਤੋਂ ਪਰਲੇ)
ਚਉਥੇ ਦਰਜੇ ਵਿੱਚ ਅੱਪੜ ਕੇ ਉੱਚੀ ਅਵਸਥਾ ਪ੍ਰਾਪਤ ਕਰਦਾ ਹੈ। 5.
“ਚਹੁ ਦਿਸਿ ਹੁਕਮੁ ਵਰਤੈ ਪ੍ਰਭ ਤੇਰਾ ਚਹੁ ਦਿਸਿ ਨਾਮ ਪਤਾਲੰ॥ ਸਭ ਮਹਿ
ਸਬਦੁ ਵਰਤੈ ਪ੍ਰਭ ਸਾਚਾ ਕਰਮਿ ਮਿਲੈ ਬੈਆਲੰ॥”
(ਮਲਾਰ ਮਹਲਾ 1, ਪੰਨਾ 1275)
ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਵਿੱਚ ਤੇਰਾ ਹੀ ਹੁਕਮ ਚੱਲ ਰਿਹਾ ਹੈ, ਸਾਰੀ
ਸ੍ਰਿਸ਼ਟੀ ਵਿੱਚ ਨੀਵੇਂ ਤੋਂ ਨੀਵੇਂ ਥਾਵਾਂ ਵਿੱਚ ਭੀ ਤੇਰਾ ਹੀ ਨਾਮ ਵੱਜ ਰਿਹਾ ਹੈ। ਸਭ ਜੀਵਾਂ
ਵਿੱਚ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹੀ ਜੀਵਨ-ਰੌ ਰੁਮਕ ਰਹੀ ਹੈ (ਜਿਸ ਕਿਸੇ ਨੂੰ ਮਿਲਦਾ ਹੈ)
ਉਹ ਅਬਿਨਾਸ਼ੀ ਪ੍ਰਭੂ ਆਪਣੀ ਮਿਹਰ ਨਾਲ ਹੀ ਮਿਲਦਾ ਹੈ।
ਉਪਰੋਕਤ ਪ੍ਰਮਾਣਾਂ ਤੋਂ ਗੱਲ ਬੜੀ ਸਪਸ਼ਟ ਹੈ ਕਿ ਅਕਾਲ-ਪੁਰਖੁ, ਹੁਕਮ ਅਤੇ
ਨਾਮ ਇਕੋ ਚੀਜ਼ ਹਨ, ਸੋ ਅਕਾਲ-ਪੁਰਖੁ ਦੇ ਉਹ ਅਟਲ ਨੇਮ ਜਿਨ੍ਹਾਂ ਨਾਲ ਸ੍ਰਿਸ਼ਟੀ ਦਾ ਸਾਰਾ ਸਿਲਸਿਲਾ
ਚਲ ਰਿਹਾ ਹੈ ਉਹੀ ਨਾਮ ਹੈ। ਨਾਮ ਨਾਲ ਜੁੜਨਾ, ਅਕਾਲ-ਪੁਰਖੁ ਨਾਲ ਜੁੜਨਾ ਹੈ।
ਇਸੇ ਲਈ ਗੁਰਬਾਣੀ ਵਿੱਚ ਨਾਮ ਦੀ ਤੁਲਨਾ ਅਮੋਲਕ ਵਸਤੂਆਂ ਨਾਲ ਕੀਤੀ ਗਈ ਹੈ:
ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ॥
(ਗਉੜੀ ਸੁਖਮਨੀ ਮਃ 5, ਪੰਨਾ 284)
ਨਾਮੁ ਅਮੋਲਕੁ ਰਤਨੁ ਹੈ
(ਸਿਰੀਰਾਗੁ ਮਹਲਾ 4, ਪੰਨਾ 40)
ਅੰਮ੍ਰਿਤੁ ਨਾਮੁ ਨਿਧਾਨੁ ਹੈ
(ਗਉੜੀ ਕੀ ਵਾਰ ਮਹਲਾ 5, ਪੰਨਾ 318)
ਨਾਮੁ ਨਿਰੰਜਨ ਅਲਖੁ ਹੈ
(ਸਾਰੰਗ ਕੀ ਵਾਰ ਮਹਲਾ 4, ਪੰਨਾ 1242)
ਰਤਨੁ ਜਵੇਹਰੁ ਲਾਲੁ ਹਰਿ ਨਾਮਾ
(ਰਾਮਕਲੀ ਮਹਲਾ 4, ਪੰਨਾ 880)
ਅਮੋਲਕ ਨਾਮ ਧਨੁ ਕਿਥੋਂ ਮਿਲਦਾ ਹੈ?
ਹੁਣ ਸਤਿਗੁਰੂ ਕੋਲੋਂ ਹੀ ਪੁਛੀਏ ਕਿ ਇਹ ਨਾਮ ਰੂਪੀ ਅਮੋਲਕ ਪਦਾਰਥ ਮਿਲਦਾ
ਕਿਥੋਂ ਹੈ? ਤਾਂ ਸਤਿਗੁਰੂ ਸਾਨੂੰ ਦਸਦੇ ਹਨ:
“ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ॥
ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ॥”
{ਸਿਰੀਰਾਗੁ ਮਹਲਾ 4, ਪੰਨਾ 40}
ਪਰਮਾਤਮਾ ਦਾ ਨਾਮ ਇੱਕ ਐਸਾ ਰਤਨ ਹੈ, ਜਿਸ ਜਿਹੀ ਕੀਮਤੀ ਸ਼ੈ ਹੋਰ ਕੋਈ ਨਹੀਂ
ਹੈ, ਇਹ ਨਾਮ ਪੂਰੇ ਗੁਰੂ ਦੇ ਪਾਸ ਹੀ ਹੈ। ਜੇ ਗੁਰੂ ਦੀ ਦੱਸੀ ਸੇਵਾ ਵਿੱਚ ਲੱਗ ਜਾਈਏ, ਤਾਂ ਉਹ
ਹਿਰਦੇ ਵਿੱਚ ਗਿਆਨ ਦਾ ਚਾਨਣ ਕਰ ਕੇ (ਆਪਣੇ ਪਾਸੋਂ ਨਾਮ-) ਰਤਨ ਕੱਢ ਕੇ ਦੇਂਦਾ ਹੈ।
“ਭਾਈ ਰੇ, ਹਰਿ ਹੀਰਾ ਗੁਰ ਮਾਹਿ॥ ਸਤ ਸੰਗਤਿ ਸਤਗੁਰੁ ਪਾਈਐ, ਅਹਿ ਨਿਸਿ
ਸਬਦਿ ਸਲਾਹਿ॥ 1॥
{ਸਿਰੀਰਾਗੁ ਮਹਲਾ 1, ਪੰਨਾ 22}
ਹੇ ਭਾਈ! ਇਹ ਕੀਮਤੀ ਹਰਿ-ਨਾਮ ਗੁਰੂ ਦੇ ਕੋਲ ਹੈ। ਗੁਰੂ ਸਾਧ ਸੰਗਤਿ ਵਿੱਚ
ਮਿਲਦਾ ਹੈ। (ਸੋ, ਹੇ ਭਾਈ! ਸਾਧ ਸੰਗਤਿ ਵਿੱਚ ਜਾ ਕੇ) ਗੁਰੂ ਦੇ ਸ਼ਬਦ ਵਿੱਚ ਜੁੜ ਕੇ ਦਿਨ ਰਾਤ
ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ। 1.
“ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ॥ ਸਤਿਗੁਰੁ ਸੇਵੀ ਅਵਰੁ ਨ ਦੂਜਾ॥
ਸਤਿਗੁਰ ਤੇ ਨਾਮੁ ਰਤਨ ਧਨੁ ਪਾਇਆ ਸਤਿਗੁਰ ਕੀ ਸੇਵਾ ਭਾਈ ਹੇ॥ 3॥”
{ਮਾਰੂ ਸੋਲਹੇ ਮਹਲਾ 4, ਪੰਨਾ 1069}
ਹੇ ਭਾਈ ! ਗੁਰੂ ਆਤਮਕ ਜੀਵਨ ਦੀ ਸੂਝ (ਦੇਣ ਵਾਲਾ) ਹੈ, ਗੁਰੂ (ਪਰਮਾਤਮਾ
ਦੀ) ਭਗਤੀ (ਸਿਖਾਣ ਵਾਲਾ) ਹੈ । ਮੈਂ ਤਾਂ ਗੁਰੂ ਦੀ ਹੀ ਸ਼ਰਨ ਪੈਂਦਾ ਹਾਂ, ਕੋਈ ਹੋਰ ਦੂਜਾ (ਮੈਂ
ਆਪਣੇ ਮਨ ਵਿਚ) ਨਹੀਂ (ਲਿਆਉਂਦਾ)। ਮੈਂ ਗੁਰੂ ਪਾਸੋਂ ਸ੍ਰੇਸ਼ਟ ਨਾਮ-ਧਨ ਲੱਭਾ ਹੈ, ਮੈਨੂੰ ਗੁਰੂ ਦੀ
(ਦੱਸੀ) ਸੇਵਾ ਹੀ ਪਿਆਰੀ ਲੱਗਦੀ ਹੈ । 3.
“ਨਾਮੁ ਇਸਟੁ ਮੀਤ ਸੁਤ ਕਰਤਾ ਮਨ ਸੰਗਿ ਤੁਹਾਰੈ ਚਾਲੈ॥
ਕਰਿ ਸੇਵਾ ਸਤਿਗੁਰ ਅਪੁਨੇ ਕੀ ਗੁਰ ਤੇ ਪਾਈਐ ਪਾਲੈ॥”
{ਗਉੜੀ ਪੂਰਬੀ ਮਹਲਾ 5, ਪੰਨਾ 213}
ਹੇ ਮੇਰੇ ਮਨ ! ਕਰਤਾਰ ਦਾ ਨਾਮ ਹੀ ਤੇਰਾ ਅਸਲ ਪਿਆਰਾ ਹੈ ਮਿੱਤਰ ਹੈ ਪੁੱਤਰ
ਹੈ। ਹੇ ਮਨ ! ਇਹ ਨਾਮ ਹੀ ਹਰ ਵੇਲੇ ਤੇਰੇ ਨਾਲ ਸਾਥ ਕਰਦਾ ਹੈ। ਹੇ ਮਨ ! ਆਪਣੇ ਸਤਿਗੁਰੂ ਦੀ ਸ਼ਰਨ
ਪਉ, ਕਰਤਾਰ ਦਾ ਨਾਮ ਸਤਿਗੁਰੂ ਤੋਂ ਹੀ ਮਿਲਦਾ ਹੈ।
ਗਲ ਬੜੀ ਸਪਸ਼ਟ ਹੈ ਕਿ ਨਾਮ ਧਨੁ ਪੂਰੇ ਗੁਰੂ ਤੋਂ ਮਿਲਦਾ ਹੈ। ਹੁਣ ਕਈ
ਚੀਜ਼ਾਂ ਕਈ ਕਈ ਸਥਾਨਾਂ ਤੋਂ ਮਿਲ ਸਕਦੀਆਂ ਹਨ, ਉਨ੍ਹਾਂ ਨੂੰ ਮਿਲਣ ਦੇ ਇੱਕ ਤੋਂ ਵਧੇਰੇ ਸਾਧਨ ਹੋ
ਸਕਦੇ ਹਨ। ਆਓ ਸਤਿਗੁਰੂ ਨੂੰ ਹੀ ਪੁਛੀਏ ਕਿ, ਕੀ ਨਾਮ ਧਨੁ ਪ੍ਰਾਪਤ ਕਰਨ ਦਾ ਵੀ ਕੋਈ ਦੂਸਰਾ ਸਾਧਨ
ਹੈ? ਅਜ ਇਹ ਗੱਲ ਪੁੱਛਣੀ ਬਹੁਤ ਜਰੂਰੀ ਹੋ ਗਈ ਹੈ, ਕਿਉਂਕਿ ਅਜ ਨਾਮ ਦੇ ਨਾਂਅ ਤੇ ਅਨਗਿਣਤ
ਦੁਕਾਨਾਂ ਖੁਲ ਗਈਆਂ ਹਨ, ਨਾਮ ਦੇਣ ਵਾਸਤੇ ਵਿਸ਼ੇਸ਼ ਭੋਰੇ ਬਣ ਗਏ ਹਨ, ਜਿਥੇ ਨਾਮ ਲੈਣ ਗਈਆਂ ਅਨੇਕ
ਬੀਬੀਆਂ ਪਖੰਡੀ ਬਾਬਿਆਂ ਕੋਲੋਂ ਆਪਣੀ ਪੱਤ ਲੁਟਾ ਆਉਂਦੀਆਂ ਹਨ। ਅਨਗਿਣਤ ਡੇਰੇਦਾਰ ਭੋਲੇ ਭਾਲੇ
ਲੋਕਾਂ ਨੂੰ ਕੰਨਾਂ ਵਿੱਚ ਕੰਨਾਂ- ਮੰਨਾਂ- ਕੁਰ-ਰ-ਰ ਕਰ ਕੇ ਨਾਮ ਦੇ ਰਹੇ ਹਨ। ਸਤਿਗੁਰੂ ਬਖਸ਼ਿਸ਼
ਕਰਦੇ ਸਮਝਾਉਂਦੇ ਹਨ:
“ਬਿਨੁ ਸਤਿਗੁਰ ਦਾਤਾ ਕੋ ਨਹੀ ਜੋ ਹਰਿ ਨਾਮੁ ਦੇਇ ਆਧਾਰੁ॥
ਗੁਰ ਕਿਰਪਾ ਤੇ ਨਾਉ ਮਨਿ ਵਸੈ ਸਦਾ ਰਹੈ ਉਰਿ ਧਾਰਿ॥”
(ਸਲੋਕ ਮਹਲਾ 3, ਪੰਨਾ 1417)
ਹੇ ਭਾਈ! ਗੁਰੂ ਤੋਂ ਬਿਨਾ (ਪਰਮਾਤਮਾ ਦੇ ਨਾਮ ਦੀ) ਦਾਤਿ ਦੇਣ ਵਾਲਾ ਹੋਰ
ਕੋਈ ਨਹੀਂ ਹੈ, ਉਹ ਗੁਰੂ ਹੀ ਪਰਮਾਤਮਾ ਦਾ ਨਾਮ (ਜਿੰਦ ਲਈ) ਆਸਰਾ ਦੇਂਦਾ ਹੈ। ਗੁਰੂ ਦੀ ਕਿਰਪਾ
ਨਾਲ ਪਰਮਾਤਮਾ ਦਾ ਨਾਮ (ਮਨੁੱਖ ਦੇ) ਮਨ ਵਿੱਚ ਆ ਵੱਸਦਾ ਹੈ, (ਮਨੁੱਖ ਹਰਿ-ਨਾਮ ਨੂੰ ਆਪਣੇ) ਹਿਰਦੇ
ਵਿੱਚ ਵਸਾਈ ਰੱਖਦਾ ਹੈ।
“ਬਿਨੁ ਸਤਿਗੁਰ, ਹਰਿਨਾਮੁ ਨ ਲਭਈ, ਲਖ ਕੋਟੀ ਕਰਮ ਕਮਾਉ॥ 2॥”
{ਸਿਰੀਰਾਗੁ ਮਹਲਾ 4, ਪੰਨਾ 40}
ਜੇ ਮੈਂ ਲੱਖਾਂ ਕ੍ਰੋੜਾਂ (ਹੋਰ ਹੋਰ ਧਾਰਮਿਕ) ਕੰਮ ਕਰਾਂ ਤਾਂ ਭੀ ਸਤਿਗੁਰੂ
ਦੀ ਸ਼ਰਨ ਤੋਂ ਬਿਨਾ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ। 2.
“ਗੁਰ ਦੁਆਰੈ ਨਾਉ ਪਾਈਐ ਬਿਨੁ ਸਤਿਗੁਰ ਪਲੈ ਨ ਪਾਇ॥
ਸਤਿਗੁਰ ਕੈ ਭਾਣੈ ਮਨਿ ਵਸੈ ਤਾ ਅਹਿਨਿਸਿ ਰਹੈ ਲਿਵ ਲਾਇ॥ 3॥”
{ਮਾਰੂ ਮਹਲਾ 1, ਪੰਨਾ 1015}
ਪਰਮਾਤਮਾ ਦਾ ਨਾਮ ਗੁਰੂ ਦੇ ਦਰ ਤੋਂ ਮਿਲਦਾ ਹੈ, ਗੁਰੂ ਦੀ ਸ਼ਰਨ ਤੋਂ ਬਿਨਾ
ਪ੍ਰਭੂ-ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ । ਗੁਰੂ ਦੇ ਹੁਕਮ ਵਿੱਚ ਤੁਰ ਕੇ ਮਨੁੱਖ ਦੇ ਮਨ ਵਿੱਚ
ਨਾਮ ਵੱਸ ਪਏ, ਤਾਂ ਉਹ ਦਿਨ ਰਾਤ ਨਾਮ ਵਿੱਚ ਸੁਰਤਿ ਜੋੜੀ ਰੱਖਦਾ ਹੈ । 3.
“ਨਾਨਕ ਬਿਨੁ ਸਤਿਗੁਰ ਨਾਉ ਨ ਪਾਈਐ ਜੇ ਸਉ ਲੋਚੈ ਕੋਈ॥ 32॥”
(ਸਲੋਕ ਮਹਲਾ 3, ਪੰਨਾ 1416)
ਹੇ ਨਾਨਕ! (ਆਖ—ਹੇ ਭਾਈ!) ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਪਰਮਾਤਮਾ ਦਾ ਨਾਮ
ਨਹੀਂ ਮਿਲਦਾ, ਭਾਵੇਂ ਕੋਈ ਮਨੁੱਖ ਸੌ ਵਾਰੀ ਤਾਂਘ ਪਿਆ ਕਰੇ।
ਸਤਿਗੁਰੂ ਦਾ ਨਿਰਣਾ ਤਾਂ ਬਿਲਕੁਲ ਸਪਸ਼ਟ ਹੈ ਕਿ ਨਾਮ ਧਨੁ ਕੇਵਲ ਤੇ ਕੇਵਲ
ਸਤਿਗੁਰੂ ਤੋਂ ਮਿਲਦਾ ਹੈ ਹੋਰ ਕਿਤੋਂ ਨਹੀਂ ਮਿਲ ਸਕਦਾ। ਸਤਿਗੁਰੂ ਦੇ ਇਤਨੇ ਸਪਸ਼ਟ ਆਦੇਸ਼, ਕਿ ਗੁਰੂ
ਤੋਂ ਬਿਨਾਂ ਹੋਰ ਕਿਧਰੇ ਵੀ ਨਾਮ ਧਨੁ ਨਹੀਂ ਮਿਲ ਸਕਦਾ, ਦੇ ਬਾਅਦ ਵੀ ਜੇ ਕੁੱਝ ਭੁਲੜ ਵੀਰ, ਭੈਣਾਂ
ਕੁੱਝ ਵਿਅਕਤੀਆਂ ਕੋਲੋਂ ਜਾਂ ਪਖੰਡੀ ਡੇਰੇ ਦਾਰਾਂ ਕੋਲੋਂ ਨਾਮ ਲੈਣ ਲਈ ਤੁਰੇ ਫਿਰਦੇ ਹਨ ਤਾਂ
ਉਨ੍ਹਾਂ ਦੀ ਮਤਿ ਬਾਰੇ ਕੀ ਕਿਹਾ ਜਾਵੇ? ਜਾਂ ਫਿਰ ਇਹ ਸੋਚਣਾ ਪਵੇਗਾ ਕਿ ਕਿਤੇ ਸਾਨੂੰ ਸਤਿਗੁਰੂ
ਬਾਰੇ ਹੀ ਤਾਂ ਭੁਲੇਖਾ ਨਹੀਂ ਪੈ ਗਿਆ?
ਗੁਰੂ ਕੌਣ ਹੈ?
ਅਸਲ ਵਿੱਚ ਅਸੀਂ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥੇ ਟੇਕ ਰਹੇ
ਹਾਂ, ਪ੍ਰਕਰਮਾਂ ਵੀ ਕਰਦੇ ਹਾਂ, ਸੋਹਣੇ ਰੁਮਾਲੇ ਅਤੇ ਦੇਗਾਂ ਵੀ ਨਿਤ ਭੇਟਾ ਕਰ ਰਹੇ ਹਾਂ, ਪਰ
ਸ਼ਾਇਦ ਅਸੀਂ “ਗੁਰੂ” ਸ਼ਬਦ ਦੀ ਵਿਚਾਰਾਧਾਰਾ ਅਤੇ ਆਸ਼ਾ ਹੀ ਨਹੀਂ ਸਮਝ ਸਕੇ। ਜੇ ਹੁਣ ਸਾਨੂੰ ਗੁਰਬਾਣੀ
ਦਾ ਇਹ ਨਿਰਣਾ ਸਮਝ ਲੱਗ ਗਿਆ ਹੈ ਕਿ ਗੁਰੂ ਤੋਂ ਬਿਨਾਂ ਨਾਮ ਧਨੁ ਪ੍ਰਪਤ ਹੋ ਹੀ ਨਹੀਂ ਸਕਦਾ, ਤਾਂ
ਫਿਰ ਜ਼ਰੂਰੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਇਹ ਵੀ ਸਮਝ ਲਈਏ ਕਿ ਸਤਿਗੁਰੂ ਹੈ ਕੌਣ?
ਸਤਿਗੁਰੂ ਨਾਨਕ ਪਾਤਿਸ਼ਾਹ ਦੀ ਸਿੱਧਾਂ ਨਾਲ ਹੋਈ ਗਿਆਨ ਚਰਚਾ, ਜੋ “ਸਿੱਧ
ਗੋਸ਼ਟਿ” ਬਾਣੀ ਦੇ ਨਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਵਿੱਚ ਸਿੱਧਾਂ ਨੇ ਗੁਰੂ
ਨਾਨਕ ਪਾਤਿਸ਼ਾਹ ਨੂੰ ਸੁਆਲ ਕੀਤਾ ਹੈ:
“ਕਵਣ ਮੂਲੁ, ਕਵਣ ਮਤਿ ਵੇਲਾ॥ ਤੇਰਾ ਕਵਣੁ ਗੁਰੂ, ਜਿਸ ਕਾ ਤੂ ਚੇਲਾ॥”
{ਰਾਮਕਲੀ ਮਹਲਾ 1, ਸਿਧ ਗੋਸਟਿ, ਪੰਨਾ 942}
ਪ੍ਰਸ਼ਨ : ) — (ਜੀਵਨ ਦਾ) ਕੀਹ ਮੂਲ ਹੈ ? ਕੇਹੜੀ ਸਿੱਖਿਆ ਲੈਣ ਦਾ (ਇਹ
ਮਨੁੱਖਾ ਜਨਮ ਦਾ) ਸਮਾ ਹੈ ? ਤੂੰ ਕਿਸ ਗੁਰੂ ਦਾ ਚੇਲਾ ਹੈਂ ?
ਸਭ ਤੋਂ ਪਹਿਲਾਂ ਤਾਂ, ਬਲਿਹਾਰ ਜਾਵਾਂ ਆਪਣੇ ਸਤਿਗੁਰੂ ਨਾਨਕ ਪਾਤਿਸ਼ਾਹ ਦੇ,
ਅਜ ਦੇ ਸਮੇਂ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ, ਮਨੁੱਖ ਚੰਨ, ਤਾਰਿਆਂ ਤਕ ਪਹੁੰਚ ਚੁਕਾ ਹੈ,
ਪਰ ਅਜ ਵੀ ਕੋਈ ਵਿਗਿਆਨੀ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ। ਭਾਵੇਂ
ਕਈ ਵਿਚਾਰਾਂ ਅਤੇ ਖੋਜਾਂ ਸਾਹਮਣੇ ਆਈਆਂ ਹਨ, ਪਰ ਅਜੇ ਤਕ ਵੀ ਕੋਈ ਸਰਵ ਪ੍ਰਵਾਨਤ, ਨਿਰਣਾਇਕ ਫੈਸਲਾ
ਸਾਹਮਣੇ ਨਹੀਂ ਆਇਆ। ਪਰ ਸਤਿਗੁਰੂ ਨਾਨਕ ਪਾਤਿਸ਼ਾਹ ਨੇ ਅਜ ਤੋਂ ਪੰਜ ਸੌ ਸਾਲ ਪਹਿਲੇ ਸੰਸਾਰ ਨੂੰ
ਦੱਸ ਦਿੱਤਾ ਸੀ:
“ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ
ਡਿਠੋ ਚਾਉ॥”
{ਆਸਾ ਮਹਲਾ 1, ਵਾਰ ਸਲੋਕਾ ਨਾਲਿ,
ਪੰਨਾ 463}
ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਅਤੇ ਆਪ ਹੀ ਆਪਣਾ ਨਾਮਣਾ
ਬਣਾਇਆ। ਫਿਰ, ਉਸ ਨੇ ਕੁਦਰਤ ਰਚੀ (ਅਤੇ ਉਸ ਵਿਚ) ਆਸਣ ਜਮਾ ਕੇ, (ਭਾਵ, ਕੁਦਰਤ ਵਿੱਚ ਵਿਆਪਕ ਹੋ
ਕੇ, ਇਸ ਜਗਤ ਦਾ) ਆਪ ਤਮਾਸ਼ਾ ਵੇਖਣ ਲੱਗ ਪਿਆ ਹੈ।
ਅਗੋਂ ਕੁਦਰਤ ਸਾਜਣ ਦੀ ਗੱਲ ਵੀ ਸਤਿਗੁਰੂ ਨੇ ਸਪਸ਼ਟ ਕਰ ਦਿੱਤੀ:
“ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ
ਘਟਿ ਜੋਤਿ ਸਮੋਇ॥”
{ਸਿਰੀ ਰਾਗੁ ਮਹਲਾ 1, ਪੰਨਾ
19}
ਪਰਮਾਤਮਾ ਤੋਂ (ਸੂਖਮ ਤੱਤ) ਪਵਣ ਬਣਿਆ, ਪਵਣ ਤੋਂ ਜਲ ਹੋਂਦ ਵਿੱਚ ਆਇਆ, ਜਲ
ਤੋਂ ਸਾਰਾ ਜਗਤ ਰਚਿਆ ਗਿਆ, (ਤੇ, ਇਸ ਰਚੇ ਸੰਸਾਰ ਦੇ) ਹਰੇਕ ਘਟ ਵਿੱਚ ਪਰਮਾਤਮਾ ਦੀ ਜੋਤਿ ਸਮਾਈ
ਹੋਈ ਹੈ। 3.
ਪਵਨੈ ਤੇ ਜਲੁ ਹੋਇ, ਦੀ ਗਲ ਅਜ ਸਕੂਲ ਵਿੱਚ ਪੜ੍ਹਨ ਵਾਲਾ ਬੱਚਾ ਵੀ ਜਾਨਦਾ
ਹੈ ਕਿ ਹਵਾ ਵਿੱਚ ਗੈਸਾਂ ਹੁੰਦੀਆਂ ਹਨ, ਜਦੋਂ ਹਾਈਡਰੋਜਨ ਗੈਸ ਦੇ ਦੋ ਅਣੂ, ਆਕਸੀਜਨ ਗੈਸ ਦੇ ਇੱਕ
ਅਣੂ ਨਾਲ ਕਿਰਿਆਸ਼ੀਲ ਹੁੰਦੇ ਹਨ, ਤਾਂ ਪਾਣੀ ਦਾ ਇੱਕ ਕਣ ਬਨ ਜਾਂਦਾ ਹੈ। ਅਜ ਵੀ ਸੰਸਾਰ ਦੇ
ਵਿਗਿਆਨੀ ਕਿਸੇ ਦੂਸਰੇ ਗ੍ਰਹ ਤੇ ਜੀਵਨ ਦੀ ਖੋਜ ਕਰਦੇ ਹਨ, ਤਾਂ ਸਭ ਤੋਂ ਪਹਿਲਾਂ ਇਹ ਵੇਖਿਆ ਜਾਂਦਾ
ਹੈ ਕਿ ਉਥੇ ਹਵਾ ਹੈ ਯਾ ਨਹੀਂ। ਜੇ ਹਵਾ ਹੋਵੇਗੀ ਤਾਂ ਪਾਣੀ ਹੋਵੇਗਾ, ਅਤੇ ਜੇ ਪਾਣੀ ਹੋਵੇਗਾ ਤਾਂ
ਜੀਵਨ ਹੋਣ ਦੇ ਆਸਾਰ ਹਨ। ਇਥੇ ਵੀ ਸਤਿਗੁਰੂ ਨੇ ਉਨ੍ਹਾਂ ਦੇ ਸੁਆਲਾਂ ਦੇ ਜੁਆਬ ਦੀ ਸ਼ੁਰੂਆਤ ਇਸੇ
ਗੱਲ ਤੋਂ ਕੀਤੀ ਹੈ:
“ਪਵਨ ਅਰੰਭੁ, ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ, ਸੁਰਤਿ ਧੁਨਿ ਚੇਲਾ॥”
{ਰਾਮਕਲੀ ਮਹਲਾ 1, ਸਿਧ ਗੋਸਟਿ, ਪੰਨਾ 943}
ਉੱਤਰ : ) ਪ੍ਰਾਣ ਹੀ ਹਸਤੀ ਦਾ ਮੁੱਢ ਹਨ। (ਇਹ ਮਨੁੱਖਾ ਜਨਮ ਦਾ) ਸਮਾ
ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ। ਸ਼ਬਦ (ਮੇਰਾ) ਗੁਰੂ ਹੈ, ਮੇਰੀ ਸੁਰਤਿ ਦਾ ਟਿਕਾਉ (ਉਸ ਗੁਰੂ
ਦਾ) ਸਿੱਖ ਹੈ।
ਆਓ ਅਸੀਂ ਆਪਣੇ ਵਿਸ਼ੇ ਤੇ ਵਾਪਸ ਆਈਏ। ਸਤਿਗੁਰੂ ਨੇ ਸਿੱਧਾਂ ਦੇ ਇਸ ਸੁਆਲ
ਕਿ ਤੇਰਾ ਗੁਰੂ ਕੌਣ ਹੈ ਦਾ ਜੁਆਬ ਦਿੱਤਾ ਹੈ:
“ਸਬਦੁ ਗੁਰੂ, ਸੁਰਤਿ ਧੁਨਿ ਚੇਲਾ॥”
ਇਸੇ ਗੱਲ ਤੋਂ ਅਜ ਅਸੀਂ ਇਸ ਗੱਲ ਦਾ ਰਟਨ ਕਰ ਰਹੇ ਹਾਂ ਕਿ ਸ਼ਬਦ ਸਾਡਾ ਗੁਰੂ
ਹੈ। ਪਰ ਗਲ ਜੇ ਕੇਵਲ ਇਤਨੀ ਹੀ ਹੁੰਦੀ ਤਾਂ ਸਤਿਗੁਰੂ ਨੂੰ ਨਾਲ ਇਹ ਕਹਿਣ ਦੀ ਲੋੜ ਨਹੀਂ ਸੀ ਕਿ,
‘ਸੁਰਤਿ ਧੁਨਿ ਚੇਲਾ’।
ਅਜ ਅਧੂਰੀ ਪੰਕਤੀ ਲੈਣ ਦਾ ਹੀ ਨਤੀਜਾ ਹੈ ਕਿ
ਅਸੀਂ ਸ਼ਬਦ ਗੁਰੂ ਦੇ ਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਨ ਤਕ ਸੀਮਿਤ ਹੋ ਗਏ ਹਾਂ। ਜੇ
ਪੂਰੀ ਪੰਕਤੀ ਨੂੰ ਵਿਚਾਰਾਂਗੇ, ਤਾਂ ਹੀ ਅਸਲੀ ਗਲ ਸਮਝ ਆਵੇਗੀ ਕਿ ਸ਼ਬਦ ਗੁਰੂ ਤਾਂ ਬਣਦਾ ਹੈ ਜੇ
ਸੁਰਤਿ ਧੁਨਿ ਚੇਲਾ ਬਣੀ ਹੈ। ਜੇ ਸੁਰਤਿ ਸ਼ਬਦ ਵਿੱਚ ਜੁੜੀ ਹੈ ਤਾਂ। ਜੇ ਸ਼ਬਦ ਸੁਰਤਿ ਵਿੱਚ ਜਾ ਰਿਹਾ
ਹੈ ਤਾਂ। ਜੇ ਸ਼ਬਦ ਦੀ ਸਮਝ ਆ ਰਹੀ ਹੈ ਤਾਂ, ਫੇਰ ਤਾਂ ਸ਼ਬਦ ਦੇ ਇਲਾਹੀ ਰੰਗ, ਸੁਰਤਿ ਰਾਹੀਂ ਸਾਡੀ
ਆਤਮਾ ਦੀ ਗਹਿਰਾਈ ਤਕ ਪਹੁੰਚ ਕੇ ਸਾਡੇ ਜੀਵਨ ਨੂੰ ਵੀ ਇਲਾਹੀ ਰੰਗ ਵਿੱਚ ਰੰਗ ਦੇਣਗੇ। ਸਤਿਗੁਰੂ ਨੇ
ਇਸ ਇਲਾਹੀ ਸ਼ਬਦ ਨੂੰ ਸਾਡੇ ਤਕ ਗੁਰਬਾਣੀ ਦੇ ਰੂਪ ਵਿੱਚ ਪ੍ਰਗਟ ਕੀਤਾ ਹੈ। ਇਸੇ ਲਈ ਸਤਿਗੁਰੂ ਅਮਰ
ਪਾਤਿਸ਼ਾਹ ਸਾਨੂੰ ਦ੍ਰਿੜ ਕਰਵਾਉਂਦੇ ਹਨ:
“ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥”
{ਮਃ 3, ਪੰਨਾ 646}
ਕੇਵਲ ਬਾਣੀ ਹੀ ਪ੍ਰਮਾਣੀਕ ਗੁਰੂ ਹੈ, ਗੁਰੂ ਦੇ ਸ਼ਬਦ ਨੂੰ ਹੀ ਵਿਚਾਰੋ।
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਸਤਿਗੁਰੂ ਅਰਜਨ ਪਾਤਿਸ਼ਾਹ ਨੇ
ਕਰਾਇਆ। ਜਿਸ ਵੇਲੇ ਅਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਵੀ ਨਹੀਂ ਸੀ ਹੋਇਆ, ਅਤੇ
ਸਤਿਗੁਰੂ ਆਪ ਵੀ ਸ਼ਰੀਰਕ ਰੂਪ ਵਿੱਚ ਸੁਭਾਏਮਾਨ ਸਨ, ਉਸ ਵੇਲੇ ਵੀ ਸਤਿਗੁਰੂ ਰਾਮਦਾਸ ਪਾਤਿਸ਼ਾਹ
ਫੁਰਮਾਂਉਂਦੇ ਹਨ:
“ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ
ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥”
{ਨਟ ਮਹਲਾ 4, ਪੰਨਾ 982}
ਹੇ ਭਾਈ ! ਗੁਰੂ ਦੀ) ਬਾਣੀ (ਸਿੱਖ ਦਾ) ਗੁਰੂ ਹੈ, ਗੁਰੂ ਬਾਣੀ ਵਿੱਚ
ਮੌਜੂਦ ਹੈ। (ਗੁਰੂ ਦੀ) ਬਾਣੀ ਵਿੱਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਹੈ, ਜਿਸ ਨੂੰ ਸਿੱਖ ਹਰ
ਵੇਲੇ ਆਪਣੇ ਹਿਰਦੇ ਵਿਚ) ਸਾਂਭ ਰੱਖਦਾ ਹੈ। ਗੁਰੂ ਬਾਣੀ ਉਚਾਰਦਾ ਹੈ, (ਗੁਰੂ ਦਾ) ਸੇਵਕ ਉਸ ਬਾਣੀ
ਉਤੇ ਸ਼ਰਧਾ ਧਾਰਦਾ ਹੈ। ਗੁਰੂ ਉਸ ਸਿੱਖ ਨੂੰ ਯਕੀਨੀ ਤੌਰ ਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ
ਹੈ।
ਜਿਸ ਗੱਲ ਨੂੰ ਪੱਕਾ ਕਰਨਾ ਹੋਵੇ, ਕਈ ਵਾਰੀ ਉਸ ਨੂੰ ਬਾਰ-ਬਾਰ ਦ੍ਰਿੜ
ਕਰਾਇਆ ਜਾਂਦਾ ਹੈ। ਇਥੇ ਵੀ ਸਤਿਗੁਰੂ ਨੇ ਉਸੇ ਗੱਲ ਨੂੰ ਦੁਬਾਰਾ ਬਦਲਵੇਂ ਰੂਪ ਵਿੱਚ ਕਿਹਾ ਹੈ।
ਸ਼ਬਦ ਗੁਰੂ ਦੀ ਇਸ ਵਿਚਾਰਧਾਰਾ ਨੂੰ ਦ੍ਰਿੜ ਕਰਾਉਂਦੇ ਹੋਰ ਵੀ ਬਹੁਤ ਸ਼ਬਦ ਸਾਨੂੰ ਗੁਰਬਾਣੀ ਵਿੱਚ
ਮਿਲਦੇ ਹਨ। ਜਿਵੇਂ:
“ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿ ਜਨਾਵੈਗੋ॥”
(ਕਾਨੜਾ ਮਹਲਾ 4, ਪੰਨਾ 1310)
“ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥”
{ਸੋਰਠਿ ਮਹਲਾ 1, ਪੰਨਾ 635}
ਸ਼ਬਦ ਗੁਰੂ ਦੀ ਇਸ ਵਿਚਾਰਧਾਰਾ ਨੂੰ ਦ੍ਰਿੜ ਕਰਾਉਂਦੀ ਹੋਈ, ਇੱਕ ਲਾਜਵਾਬ
ਸਾਖੀ ਸਾਨੂੰ ਸਿੱਖ ਇਤਿਹਾਸ ਵਿੱਚੋਂ ਮਿਲਦੀ ਹੈ। ਪਿੰਡ ਤੁਲੰਭਾ ਜ਼ਿਲਾ ਮੁਲਤਾਨ ਦੇ ਸਥਾਨ ਤੇ ਸੱਜਣ
ਨਾਂ ਦਾ ਵਿਅਕਤੀ ਰਹਿੰਦਾ ਸੀ। ਜੋ ਦੁਨੀਆਂ ਦੀਆਂ ਨਜ਼ਰਾਂ ਵਿੱਚ ਵੱਡਾ ਧਰਮੀ ਸੀ। ਇਸ ਨੇ ਲੋਕਾਂ ਦੀ
ਸੇਵਾ ਲਈ ਇੱਕ ਸਰਾਂ ਵੀ ਬਣਾਈ ਹੋਈ ਸੀ, ਜਿਸ ਵਿੱਚ ਆਂਦੇ-ਜਾਂਦੇ ਰਾਹਗੀਰਾਂ ਨੂੰ ਠਹਿਰਨ ਵਾਸਤੇ
ਜਗ੍ਹਾ ਦੇ ਨਾਲ ਲੰਗਰ ਪਾਣੀ ਵੀ ਛਕਾਉਂਦਾ ਸੀ। ਅਸਲ ਵਿੱਚ ਇਹ ਇੱਕ ਠੱਗ ਸੀ ਅਤੇ ਜਦੋਂ ਕੋਈ ਅਮੀਰ
ਆਦਮੀ ਇਸ ਦੀ ਸਰਾਂ ਵਿੱਚ ਆ ਜਾਏ, ਉਸ ਨੂੰ ਮਾਰ ਮੁਕਾਉਂਦਾ ਅਤੇ ਉਸ ਦਾ ਮਾਲ ਅਸਬਾਬ ਲੁਟ ਲੈਂਦਾ।
ਗੁਰੂ ਨਾਨਕ ਪਾਤਿਸ਼ਾਹ ਇਸ ਦੇ ਕਰਮਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ। ਜਗਤ ਨੂੰ ਤਾਰਦੇ ਹੋਏ
ਸਤਿਗੁਰੂ, ਸੱਜਣ ਦੀ ਸਰਾਂ ਵਿੱਚ ਪੁੱਜੇ, ਨਾਲ ਭਾਈ ਮਰਦਾਨਾ ਜੀ ਸਨ, ਜਿਨ੍ਹਾਂ ਮਾਲ ਅਸਬਾਬ ਚੁਕਿਆ
ਹੋਇਆ ਸੀ। ਸਤਿਗੁਰੂ ਦੇ ਸੁੰਦਰ ਬਸਤ੍ਰ ਵੇਖ ਕੇ ਸੱਜਣ ਨੇ ਸੋਚਿਆ, ਜ਼ਰੂਰ ਕੋਈ ਧਨਾਢ ਵਪਾਰੀ ਹੈ,
ਨਾਲ ਸੇਵਾਦਾਰ ਹੈ, ਜਿਸ ਨੇ ਮਾਲ ਅਸਬਾਬ ਚੁਕਿਆ ਹੋਇਆ ਹੈ। ਸੱਜਣ ਨੇ ਸਤਿਗੁਰੂ ਨੂੰ ਜੀ ਆਇਆਂ ਆਖਿਆ
ਅਤੇ ਕਮਰੇ ਵਿੱਚ ਠਹਿਰਾ ਕੇ, ਸਤਿਗੁਰੂ ਨੂੰ ਲੁਟਣ ਦੀ ਸਕੀਮ ਤਿਆਰ ਕਰਨ ਲੱਗਾ। ਰੋਟੀ ਤਿਆਰ ਕੀਤੀ,
ਵਿੱਚ ਜ਼ਹਿਰ ਮਿਲਾ ਦਿੱਤੀ ਅਤੇ ਲੈ ਕੇ ਸਤਿਗੁਰੂ ਕੋਲ ਆਕੇ ਬੇਨਤੀ ਕੀਤੀ, ਆਪ ਥਕੇ ਆਏ ਹੋ, ਪ੍ਰਸ਼ਾਦਾ
ਛਕ ਲਓ ਤੇ ਫੇਰ ਅਰਾਮ ਕਰੋ। ਸਤਿਗੁਰੂ ਮੁਸਕਰਾ ਪਏ ਅਤੇ ਬੋਲੇ, ਭਾਈ ਅਸੀਂ ਕਿਸੇ ਕੰਮ ਲਈ ਇਥੇ ਆਏ
ਹਾਂ, ਉਹ ਕਰਕੇ ਹੀ ਪ੍ਰਸ਼ਾਦਾ ਛਕਾਂਗੇ। ਸੱਜਣ ਨੇ ਸੋਚਿਆ, ਚਲੋ ਕਰ ਲਵੇ ਜਿਹੜਾ ਕੰਮ ਕਰਨਾ ਸੂੰ,
ਆਖਿਰ ਤਾਂ ਰੋਟੀ ਖਾਣਗੇ ਅਤੇ ਮਰਨਗੇ, ਆਪ ਨਾਲ ਦੇ ਕਮਰੇ ਵਿੱਚ ਲੁਕ ਕੇ ਇੰਤਜ਼ਾਰ ਕਰਨ ਲੱਗਾ।
ਸਤਿਗੁਰੂ ਨੇ ਮਰਦਾਨਾ ਜੀ ਨੂੰ ਅਖਿਆ, ਮਰਦਾਨਿਆਂ ਰਬਾਬ ਚੁਕ, ਬਾਣੀ ਆਈ ਆ। ਸਤਿਗੁਰੂ ਨੇ ਸ਼ਬਦ
ਉਚਾਰਨ ਕੀਤਾ:
“ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥ ਧੋਤਿਆ ਜੂਠਿ ਨ ਉਤਰੈ ਜੇ ਸਉ
ਧੋਵਾ ਤਿਸੁ॥ 1॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿੑ॥ ਜਿਥੈ ਲੇਖਾ ਮੰਗੀਐ ਤਿਥੈ ਖੜੇ
ਦਿਸੰਨਿ॥ 1॥ ਰਹਾਉ॥”
(ਸੂਹੀ ਮਹਲਾ 1, ਪੰਨਾ
729)
ਸੱਜਣ ਜਿਉਂ ਜਿਉਂ ਸ਼ਬਦ ਸੁਣਦਾ ਗਿਆ, ਉਸ ਨੂੰ ਸਮਝ ਪੈਂਦੀ ਗਈ ਕਿ ਇਹ ਬਾਬਾ
ਤਾਂ ਮੇਰੇ ਜੀਵਨ ਦੀ ਸਾਰੀ ਸਚਾਈ ਜਾਣਦਾ ਹੈ, ਅਤੇ ਸਾਰੀਆਂ ਗੱਲਾਂ ਮੇਰੇ ਜੀਵਨ ਦੀਆਂ ਹੀ ਕਰ ਰਿਹਾ
ਹੈ। ਮਨ ਪਛਤਾਵੇ ਨਾਲ ਭਰ ਗਿਆ ਕਿ, ਓਹ! ਜੀਵਨ ਦਾ ਅਨਮੋਲ ਸਮਾਂ ਪਾਪ ਕਰਮਾਂ ਵਿੱਚ ਗੁਆਚ ਗਿਆ।
“ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ॥ ਲਾਗਤ ਹੀ ਭੁਇ ਗਿਰਿ ਪਰਿਆ
ਪਰਾ ਕਰੇਜੇ ਛੇਕੁ॥ 194॥”
(ਪੰਨਾ 374)
ਸਤਿਗੁਰੂ ਨਾਨਕ ਪਾਤਿਸ਼ਾਹ ਦੇ ਚਰਨਾਂ ਤੇ ਆਕੇ ਢਹਿ ਪਿਆ, ਬਾਬਾ ਮੈਨੂੰ ਬਖਸ਼
ਲੈ, ਇਹ ਤਾਂ ਸਾਰੇ ਮੇਰੇ ਜੀਵਨ ਦੇ ਕਰਮ ਹਨ। ਸਤਿਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਭਾਈ ਸੱਜਣ ਬਣ
ਗਿਆ। ਜੇ ਸਤਿਗੁਰੂ ਦਾ ਸ਼ਰੀਰ ਗੁਰੂ ਹੁੰਦਾ ਤਾਂ ਗੁਰੂ ਨਾਨਕ ਪਾਤਿਸ਼ਾਹ ਦੇ ਸ਼ਰੀਰਕ ਦਰਸ਼ਨ ਕਰਕੇ ਹੀ
ਉਸ ਦਾ ਜੀਵਨ ਬਦਲ ਜਾਂਦਾ। ਪਰ ਖਿਮਾ ਕਰਨਾ, ਸਿਰਫ ਸ਼ਰੀਰ ਦੇ ਦਰਸ਼ਨ ਕਰਕੇ ਤਾਂ ਉਸ ਅੰਦਰ ਵਿਕਾਰ ਆਇਆ
ਹੈ ਕਿ ਇਨ੍ਹਾਂ ਨੂੰ ਮਾਰ ਮੁਕਾਵਾਂ ਅਤੇ ਮਾਲ ਅਸਬਾਬ ਲੁਟ ਲਵਾਂ। ਜਿਸ ਵੇਲੇ ਸੱਜਣ ਦੀ ਸੁਰਤਿ ਦਾ
ਗੁਰੂ ਦੇ ਸ਼ਬਦ ਨਾਲ ਮੇਲ ਹੋਇਆ ਤਾਂ ਜੀਵਨ ਵਿੱਚ ਇਨਕਲਾਬ ਆ ਗਿਆ। ਸੱਜਣ ਨੇ ਇੱਕ ਸ਼ਬਦ ਸੁਣਿਆ, ਜੀਵਨ
ਬਦਲ ਗਿਆ, ਅਸੀਂ ਰੋਜ਼ ਕਈ ਸ਼ਬਦ ਸੁਣਦੇ ਹਾਂ, ਜੀਵਨ ਵਿੱਚ ਤਬਦੀਲੀ ਨਹੀਂ ਆਉਂਦੀ, ਕਾਰਨ ਸਪਸ਼ਟ ਹੈ,
ਸਾਡੀ ਸੁਰਤਿ, ਗੁਰੂ ਸ਼ਬਦ ਦਾ ਚੇਲਾ ਨਹੀਂ ਬਣ ਰਹੀ, ਅਸੀਂ ਤਾਂ ਅਜ ਸ਼ਬਦਾਂ ਨੂੰ ਵੀ ਦੁਨਿਆਵੀ ਗੀਤਾਂ
ਵਾਂਗ ਗਾ-ਸੁਣ ਰਹੇ ਹਾਂ। ਜਿਵੇਂ ਭਗਤ ਕਬੀਰ ਜੀ ਫੁਰਮਾਂਉਂਦੇ ਹਨ:
“ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥”
(ਪੰਨਾ 335)
ਇਹੀ ਗਲ ਸਤਿਗੁਰੂ ਸਾਨੂੰ ਬਾਰਬਾਰ ਦ੍ਰਿੜ ਕਰਾਉਂਦੇ ਹਨ। ਸਤਿਗੁਰੂ ਤਾਂ ਇਹ
ਵੀ ਨਹੀਂ ਕਹਿੰਦੇ ਕਿ ਇਹ ਮੇਰੀ ਬਾਣੀ ਹੈ, ਬਲਕਿ ਗੁਰਬਾਣੀ ਦੇ ਅਨੇਕ ਪ੍ਰਮਾਣ ਹਨ ਜੋ ਸਪਸ਼ਟ ਕਰਦੇ
ਹਨ ਕਿ ਬਾਣੀ ਤਾਂ ਅਕਾਲ-ਪੁਰਖੁ ਦੀ ਆਪਣੀ ਬਾਣੀ ਹੈ:
“ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥”
{ਸੋਰਠਿ ਮਹਲਾ 5, ਪੰਨਾ 628}
“ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥”
{ਤਿਲੰਗ ਮਹਲਾ 1, ਪੰਨਾ 722}
“ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰੁਸਿਖਹੁ ਹਰਿ ਕਰਤਾ ਆਪਿ
ਮੁਹਹੁ ਕਢਾਏ॥”
{ਮ: 4, ਪੰਨਾ 308}
“ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥”
{ਸੂਹੀ ਮਹਲਾ 5, ਪੰਨਾ 763}
ਉਪਰੋਕਤ ਪ੍ਰਮਾਣਾਂ ਤੋਂ ਸਪਸ਼ਟ ਹੈ ਕਿ ਗੁਰਬਾਣੀ ਇਲਾਹੀ ਬਾਣੀ ਹੈ, ਜੋ
ਸਤਿਗੁਰੂ ਦੇ ਹਿਰਦੇ ਵਿੱਚ ਪ੍ਰਗਟ ਹੋਈ ਅਤੇ ਸਤਿਗੁਰੂ ਦੇ ਮੁਖਾਰਬਿੰਦ ਤੋਂ ਉਚਾਰਨ ਹੋਕੇ ਜਾਂ ਕਲਮ
ਰਾਹੀਂ ਲਿੱਖ ਕੇ ਸਾਡੇ ਤਕ ਪਹੁੰਚੀ। ਇਹ ਇਲਾਹੀ ਬਾਣੀ ਗੁਰੂ ਹੈ, ਇਸ ਇਲਾਹੀ ਬਾਣੀ ਦਾ ਇਲਾਹੀ ਗਿਆਨ
ਗੁਰੂ ਹੈ।
ਨਾਮ ਜਪਣਾ, ਸਿਮਰਨਾ ਜਾਂ ਧਿਆਉਣਾ ਕੀ ਹੈ?
ਇਸ ਤੋਂ ਪਹਿਲਾਂ ਕਿ ਅਸੀਂ ਇਹ ਸਮਝੀਏ ਕਿ ਸ਼ਬਦ ਗੁਰੂ ਤੋਂ ਅਮੋਲਕ ਨਾਮ ਧਨੁ
ਕਿਵੇਂ ਪ੍ਰਾਪਤ ਕੀਤਾ ਜਾਂਦਾ ਹੈ? ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਨਾਮ ਜਪਣਾ, ਸਿਮਰਨਾ ਜਾਂ
ਧਿਆਉਣਾ ਹੈ ਕੀ? ਹੇਠ ਦਿੱਤੇ ਗੁਰਬਾਣੀ ਦੇ ਕੁੱਝ ਪ੍ਰਮਾਣ ਸਾਨੂੰ ਇਸ ਬਾਰੇ ਸਪਸ਼ਟ ਅਗਵਾਈ ਦੇਂਦੇ
ਹਨ:
“ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ॥ ਸਰਬ ਕਲਾ ਕਰਿ
ਥਾਪਿਆ ਅੰਤਰਿ ਜੋਤਿ ਅਪਾਰ॥ ਸਦਾ ਸਦਾ ਪ੍ਰਭੁ ਸਿਮਰੀਐ ਅੰਤਰਿ ਰਖੁ ਉਰਧਾਰਿ॥”
{ਸਿਰੀ ਰਾਗੁ ਮਹਲਾ 5, ਪੰਨਾ 47}
ਜਿਸ ਪ੍ਰਭੂ ਨੇ ਇਹ ਮਨ ਦਿੱਤਾ ਹੈ, (ਵਰਤਣ ਲਈ) ਧਨ ਦਿੱਤਾ ਹੈ, ਜਿਸ ਪ੍ਰਭੂ
ਨੇ ਮਨੁੱਖ ਦੇ ਸਰੀਰ ਨੂੰ ਸਵਾਰ ਬਣਾ ਕੇ ਰੱਖਿਆ ਹੈ, ਜਿਸ ਨੇ (ਸਰੀਰ ਵਿਚ) ਸਾਰੀਆਂ (ਸਰੀਰਕ)
ਤਾਕਤਾਂ ਪੈਦਾ ਕਰ ਕੇ ਸਰੀਰ ਰਚਿਆ ਹੈ, ਤੇ ਸਰੀਰ ਵਿੱਚ ਆਪਣੀ ਬੇਅੰਤ ਜੋਤਿ ਟਿਕਾ ਦਿੱਤੀ ਹੈ, (ਹੇ
ਭਾਈ !) ਉਸ ਪ੍ਰਭੂ ਨੂੰ ਸਦਾ ਹੀ ਸਿਮਰਦੇ ਰਹਿਣਾ ਚਾਹੀਦਾ ਹੈ। (ਹੇ ਭਾਈ
!)
ਆਪਣੇ ਹਿਰਦੇ ਵਿੱਚ ਉਸ ਦੀ ਯਾਦ ਟਿਕਾ ਰੱਖ। -
“ਹਰਿ ਹਰਿ ਨਾਮੁ ਅੰਤਰਿ ਉਰਿ ਧਾਰਿ॥
ਸੀਘਰ ਕਾਰਜੁ ਲੇਹੁ ਸਵਾਰਿ॥”
{ਗਉੜੀ ਗੁਆਰੇਰੀ ਮਹਲਾ 5, ਪੰਨਾ 176}
(ਹੇ ਭਾਈ !) ਆਪਣੇ ਅੰਦਰ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਸੰਭਾਲ
ਕੇ ਰੱਖ ਤੇ (ਇਸ ਤਰ੍ਹਾਂ) ਆਪਣਾ ਮਨੁੱਖਾ ਜੀਵਨ ਦਾ ਮਨੋਰਥ ਸਵਾਰ ਲੈ।
“ਉਰਿ ਧਾਰੈ ਜੋ ਅੰਤਰਿ ਨਾਮੁ॥ ਸਰਬ ਮੈ ਪੇਖੈ ਭਗਵਾਨੁ॥ ਨਿਮਖ ਨਿਮਖ
ਠਾਕੁਰ ਨਮਸਕਾਰੈ॥ ਨਾਨਕ ਓਹੁ ਅਪਰਸੁ ਸਗਲ ਨਿਸਤਾਰੈ॥”
{ਗਉੜੀ ਸੁਖਮਨੀ ਮਃ 5, ਪੰਨਾ 274}
ਜੋ ਮਨੁੱਖ ਸਦਾ ਆਪਣੇ ਹਿਰਦੇ ਵਿੱਚ ਅਕਾਲ ਪੁਰਖ ਦਾ ਨਾਮ ਟਿਕਾ ਰੱਖਦਾ ਹੈ,
ਅਤੇ ਭਗਵਾਨ ਨੂੰ ਸਭਨਾਂ ਵਿੱਚ ਵਿਆਪਕ ਵੇਖਦਾ ਹੈ, ਜੋ ਪਲ ਪਲ ਆਪਣੇ ਪ੍ਰਭੂ ਨੂੰ ਜੁਹਾਰਦਾ ਹੈ; ਹੇ
ਨਾਨਕ ! ਉਹ (ਅਸਲੀ) ਅਪਰਸ ਹੈ ਅਤੇ ਉਹ ਸਭ ਜੀਵਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈਂਦਾ ਹੈ।
ਉਪਰੋਕਤ ਪ੍ਰਮਾਣ ਬਿਲਕੁਲ ਸਪਸ਼ਟ ਹਨ ਕਿ ਅਕਾਲ-ਪੁਰਖੁ ਨੂੰ ਸਿਮਰਨਾ, ਧਿਆਉਣਾ
ਜਾਂ ਨਾਮ ਜਪਣਾ ਹੈ, ਅਕਾਲ ਪੁਰਖੁ ਦਾ ਪਿਆਰ, ਉਸ ਦੀ ਯਾਦ, ਉਸ ਦੀ ਹੋਂਦ ਅਤੇ ਸਮਰਥਾ ਦਾ ਵਿਸ਼ਵਾਸ,
ਆਪਣੇ ਹਿਰਦੇ ਵਿੱਚ ਟਿਕਾ ਲੈਣਾ, ਆਪਣੇ ਮਨ ਵਿੱਚ ਪੱਕਾ ਕਰ ਲੈਣਾ।