ਸੁਲਤਾਨੁ ਪੂਛੈ ਸੁਨੁ ਬੇ ਨਾਮਾ
ਸੁਲਤਾਨੁ ਪੂਛੈ ਸੁਨੁ ਬੇ ਨਾਮਾ॥
ਦੇਖਉ ਰਾਮ ਤੁਮਾੑਰੇ ਕਾਮਾ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 1165
ਇਸ ਸ਼ਬਦ ਦੀ ਵਿਆਖਿਆ ਵੇਲੇ ਵੀ ਸਾਡੇ ਬਜੁਰਗਾਂ ਜਾਂ ਹੋਰ ਵਿਆਖਿਆਕਾਰਾਂ ਦੇ ਮਨ ਅੰਦਰ ਭਗਤਮਾਲ
ਵਰਗੀਆਂ ਕਰਮਕਾਂਡੀ ਸਾਖੀਆਂ ਦਾ ਜੋ ਪ੍ਰਭਾਵ ਸਦੀਆਂ ਤੋਂ ਸੀ, ਨਹੀਂ ਗਿਆ। ਉਨ੍ਹਾਂ ਸਾਖੀਆਂ ਨੂੰ
ਮੂਹਰੇ ਰੱਖ ਕੇ ਗੁਰਬਾਣੀ ਨੂੰ ਭਗਤਮਾਲ ਅਨੁਸਾਰ ਕਰਮਕਾਂਡਾਂ ਦੀ ਪ੍ਰੋੜਤਾ ਕਰਦੀ ਹੀ ਦਰਸਾਇਆ ਹੈ,
ਜਦੋਂ ਕਿ ਇਹ ਗੁਰਮਤਿ ਸਿਧਾਂਤ ਨਹੀਂ ਹੈ।
ਮੁਹੰਮਦ ਬਿਨ ਤੁਗ਼ਲਕ ਦਾ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜ਼ਿਕਰ ਤੱਕ ਨਹੀਂ ਹੈ। ‘ਸੁਲਤਾਨ’
ਸ਼ਬਦ ਜੋ ਅਰਬੀ ਭਾਸ਼ਾ ਦਾ ਸ਼ਬਦ ਹੈ, ਇਸ ਦਾ ਤੁਗ਼ਲਕ ਨਾਲ ਕੋਈ ਸਬੰਧ ਨਹੀਂ ਹੈ ਪਰ ਇਥੇ ‘ਸੁਲਤਾਨ’ ਦੇ
ਅਰਥ ਤੁਗ਼ਲਕ ਕਰ ਦਿੱਤੇ ਗਏ ਹਨ। ਜਦੋਂ ਇਸ ਦੇ ਉਲਟ ‘ਸੁਲਤਾਨ’ ਸ਼ਬਦ ਨਾਮਦੇਵ ਜੀ ਵਲੋਂ ਅਕਾਲ ਪੁਰਖ
ਲਈ ਵਰਤਿਆ ਗਿਆ ਹੈ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ‘ਸੁਲਤਾਨ’ ਸ਼ਬਦ ਅਕਾਲ ਪੁਰਖ ਵਾਸਤੇ
ਵਰਤਿਆ ਹੈ।
ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ॥
ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 795
ਇਸੇ ਤਰ੍ਹਾ ਨਾਮਦੇਵ ਜੀ ਨੇ ‘ਸੁਲਤਾਨ’ ਸ਼ਬਦ ਪਰਮੇਸ਼ਰ ਵਾਸਤੇ ਵਰਤਿਆ ਹੈ। ਮਹੰਮਦ ਬਿਨ ਤੁਗ਼ਲਕ ਲਈ
ਨਹੀਂ। ਜੇਕਰ ਸ੍ਰੋਮਣੀ ਭਗਤ ਨਾਮਦੇਵ ਜੀ ਵਲੋਂ ਉਚਾਰੀ ਬਾਣੀ ਦਾ ਗਹਿਰਾਈ ਨਾਲ ਗੁਰਮਤਿ ਦ੍ਰਿਸਟੀਕੋਣ
ਤੋਂ ਅਧਿਐਨ ਕਰੀਏ ਤਾਂ ਭਗਤ ਜੀ ਦੇ ਗੁਰਮਤਿ ਵੀਚਾਰਧਾਰਾ ਵਾਲੇ ਸਾਰੇ ਤੱਤ ਆਪਣੇ ਆਪ ਉੱਘੜ ਕੇ
ਸਾਹਮਣੇ ਆ ਜਾਂਦੇ ਹਨ। ਭਗਤ ਜੀ ਦਾ ਅਕਾਲ ਪੁਰਖ ਕਿਸੇ ਖ਼ਾਸ ਅਸਥਾਨ ਜਾਂ ਦੇਹੁਰੇ ਜਾਂ ਮਸੀਤ ਤੱਕ ਹੀ
ਸੀਮਤ ਨਹੀਂ ਹੈ। ਉਹ ਸਰਬ-ਵਿਆਪਕ ਅਤੇ ਸ੍ਵੈ ਪ੍ਰਕਾਸ਼ਮਾਨ ਹੈ।
ਉਨ੍ਹਾਂ ਦਾ ਬੀਠੁਲ, ਸੁਲਤਾਨ, ਸਰਬ-ਵਿਆਪਕ ਹੈ। ਕਿਸੇ ਮੁਹੰਮਦ ਬਿਨ ਤੁਗ਼ਲਕ ਨੂੰ ਸੁਲਤਾਨ ਨਹੀਂ ਕਹਿ
ਰਹੇ। ਸੁਲਤਾਨ ਦੇ ਅਰਥ ਹਨ ਰਾਜਾ। ਗੁਰਬਾਣੀ ਰਚਨਹਾਰਿਆ ਦਾ ਰਾਜਾ ਕੌਣ ਹੈ? ਕਿਸ ਨੂੰ ਰਾਜਾ ਜਾਂ
ਸੁਲਤਾਨ ਕਹਿੰਦੇ ਹਨ?
ਕੋਊ ਹਰਿ ਸਮਾਨਿ ਨਹੀ ਰਾਜਾ॥
ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ॥ 1॥
ਗੁਰੂ ਗ੍ਰੰਥ ਸਾਹਿਬ ਪੰਨਾ 856
ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ॥
ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ॥
ਗੁਰੂ ਗ੍ਰੰਥ ਸਾਹਿਬ, ਪੰਨਾ 485
ਭਗਤ ਜੀੇ ਦੇ ਖ਼ਿਆਲ ਅੰਦਰ ਆਪਣੇ ਆਪ ਨੂੰ ਵੱਡੇ ਧਰਮੀ ਅਖ੍ਹਾਉਣ ਵਾਲੇ ਦੋ ਤਰ੍ਹਾਂ ਦੇ ਲੋਕ ਹਨ। ਇੱਕ
ਮੁਸਲਮਾਨ, ਅਤੇ ਦੂਸਰੇ ਹਿੰਦੂ। ਦੋਹਾਂ ਦੀ ਸੈਂਕੜੇ ਸਾਲਾਂ ਤੋਂ ਆਪਸ ਵਿੱਚ ਖਹਿ-ਬਾਜ਼ੀ ਚਲੀ ਆਉਂਦੀ
ਹੈ। ਹਿੰਦੂ ਮੁਸਲਮਾਨ ਨੂੰ ਮਲੇਸ਼ ਕਹਿੰਦਾ ਹੈ, ਅਤੇ ਮੁਸਲਮ ਹਿੰਦੂ ਨੂੰ ਕਾਫ਼ਰ। ਸੋ ਆਪਸ ਵਿੱਚ
ਟਕਰਾਅ ਹੈ।
ਖਹਿ ਮਰਦੇ ਬਾਮਣ ਮਉਲਾਣੇ।
ਭਾਈ ਗੁਰਦਾਸ, ਵਾਰ 1
ਗੁਰਮਤਿ ਅਨੁਸਾਰ ਧਰਮ ਦਾ ਤਾਂ ਕਿਸੇ ਕੀਮਤ ਤੇ ਟਕਰਾਅ ਹੋ ਹੀ ਨਹੀ ਸਕਦਾ ਕਿਉਂਕਿ ਧਰਮ ਦਾ ਮਾਰਗ
ਇੱਕ ਹੀ ਹੈ। ਜੇਕਰ ਸੱਚ ਪੱਲੇ ਹੈ ਤਾਂ ਸੱਚਾ ਮੁਸਲਮਾਨ ਹੈ। ਜੇਕਰ ਸੱਚ ਪੱਲੇ ਹੈ ਤਾਂ ਸੱਚਾ
ਬ੍ਰਾਹਮਣ ਹੈ। ਜੇਕਰ ਸੱਚ ਪੱਲੇ ਹੈ ਤਾਂ ਸੱਚਾ ਸਿੱਖ ਹੈ। ਗੱਲ ਕੀ ਸੱਚ ਪੱਲੇ ਹੈ ਤਾਂ ਸੱਚਾ ਧਰਮੀ
ਹੈ। ਧਰਮ ਹੈ - ਸੱਚ ਅਚਾਰ ਅਤੇ ਸੇਵਾ, ਸਿਮਰਨ। ਜੇਕਰ ਟਕਰਾਅ ਹੈ ਤਾਂ ਅਗਿਆਨਤਾ ਕਾਰਨ ਹੈ। ਕੇਵਲ
ਇੱਕ ਸੱਚ ਨੂੰ ਦ੍ਰਿੜ ਕਰਨ ਦਾ ਨਾਮ ਹੀ ਧਰਮ ਹੈ।
ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ॥
ਗੁਰੂ ਗ੍ਰੰਥ ਸਾਹਿਬ, ਪੰਨਾ 1188
ਸੱਚ ਨੂੰ ਕੋਈ ਵੀ ਦ੍ਰਿੜ ਕਰ ਲਵੇ ਤਾਂ ਉਹ ਧਰਮੀ ਹੈ। ਗੁਰਮਤਿ ਵਿੱਚ ਕਿਸੇ ਜ਼ਾਤ ਪਾਤ, ਰੰਗ ਜਾਂ
ਨਸਲ ਦਾ ਕੋਈ ਭੇਦ ਭਾਵ ਨਹੀਂ ਹੈ। ਇਸੇ ਮਕਸਦ ਨਾਲ ਨਾਮਦੇਵ ਜੀ ਵਲੋਂ ਦੋਹਾਂ (ਹਿੰਦੂ ਅਤੇ
ਮੁਸਲਮਾਨਾਂ) ਨੂੰ ਕਰਮਕਾਂਡਾਂ ਤੋਂ ਉੱਪਰ ਉੱਠ ਕੇ ਸੱਚ ਨਾਲ ਜੁੜਨ ਦੀ ਪ੍ਰੇਰਨਾ ਹੈ। ਸਿਰਫ਼ ਤੇ
ਸਿਰਫ਼ ਸੱਚ ਨੂੰ ਦ੍ਰਿੜ ਕਰਨ ਵਾਲਾ ਹੀ ਧਰਮੀ ਹੈ।
ਪਰ ਇਸ ਸਬਦ ਅੰਦਰ ਇੱਕ ਗਾਇਤ੍ਰੀ ਮੰਤਰ ਰਾਹੀਂ ਪ੍ਰਭੂ ਦੀ ਪ੍ਰਾਪਤੀ ਦਰਸਾ ਰਿਹਾ ਹੈ ਅਤੇ ਦੂਸਰਾ
ਸੁੰਨਤ ਕਰਨ ਨਾਲ ਗਿਆਨ ਦੀ ਪ੍ਰਾਪਤੀ। ਜਿਹੜਾ ਕਰਮ ਹਿੰਦੂ ਲਈ ਪਾਪ ਹੈ, ਉਹ ਮੁਸਲਮਾਨ ਲਈ ਪੁੰਨ ਹੈ।
ਜਿਹੜਾ ਕਰਮ ਮੁਸਲਮਾਨ ਲਈ ਪਾਪ ਹੈ, ਉਹ ਹਿੰਦੂ ਲਈ ਪੁੰਨ ਹੈ। ਇੱਕ ਗਊ ਦੀ ਪੂਜਾ ਕਰਦਾ ਹੈ, ਜਦਕਿ
ਦੂਜਾ ਉਸੇ ਗਊ ਨੂੰ ਕੋਹ ਕੋਹ ਕੇ ਮਾਰ ਕਰ ਕੇ ਖਾਣ ਨੂੰ ਜਾਇਜ਼ ਸਮਝਦਾ ਹੈ। ਨਾਮਦੇਵ ਜੀ ਅਨੁਸਾਰ
ਦੋਹਾਂ ਦੀ ਅੰਦਰਲੀ ਖਿਮਾ ਅਤੇ ਧੀਰਜ ਰੂਪੀ ਗਊ ਬਿਸਮਿਲ ਹੋਈ ਪਈ ਹੈ, ਕੋਹੀ ਹੋਈ ਹੈ। ਨਾਮਦੇਵ ਜੀ
ਦੋਨਾਂ ਨੂੰ ਕਿਹੜੀ ਗਊ ਜੀਵਾਲਣ ਦੀ ਪ੍ਰੇਰਨਾ ਕਰ ਰਹੇ ਹਨ, ਸਾਨੂੰ ਗੁਰਮਤਿ ਸਿਧਾਂਤ ਅਨੁਸਾਰ ਸਮਝਣ
ਦੀ ਲੋੜ ਹੈ, ਉਹ ਗਊ ਜੋ ਦੋਨਾਂ ਦੀ ਬਿਸਮਿਲ ਹੈ।
ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ॥
ਗੁਰੂ ਗ੍ਰੰਥ ਸਾਹਿਬ, ਪੰਨਾ 1329
ਨਾਂ ਹੀ ਖਿਮਾ ਅਤੇ ਧੀਰਜ ਹਿੰਦੂ ਕੋਲ ਹੈ, ਅਤੇ ਨਾਂ ਹੀ ਖਿਮਾ ਅਤੇ ਧੀਰਜ ਮੁਸਲਮਾਨ ਕੋਲ ਹੈ।
ਸਹਿਜ, ਖਿਮਾ ਤੇ ਧੀਰਜ ਤੋਂ ਬਿਨਾਂ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ। ਭਗਤ ਜੀ ਦੋਹਾਂ ਨੂੰ ਪ੍ਰਭੂ
ਅਗੇ ਅਰਦਾਸ ਕਰਨ ਲਈ ਪ੍ਰੇਰਨਾ ਕਰ ਰਹੇ ਹਨ।
ਬਿਸਮਿਲਿ ਗਊ ਦੇਹੁ ਜੀਵਾਇ॥
ਗੁਰੂ ਗ੍ਰੰਥ ਸਾਹਿਬ, ਪੰਨਾ 1165
ਕਿ ਆਪਸੀ ਖਹਿ-ਬਾਜ਼ੀ ਛੱਡਕੇ ਉਸ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਹੇ ਵਾਹਿਗੁਰੂ ਸਾਡੇ ਅੰਦਰਲੀ
ਖਿਮਾ ਅਤੇ ਧੀਰਜ ਰੂਪੀ ਗਊ ਜੀਵਾਲ ਦੇਹੁ ਭਾਵ (ਆਤਮਿਕ ਗਿਆਨ ਰੂਪੀ ਸਵਾਸ ਬਖਸ਼ ਦੇਉ) ਨਹੀਂ ਤਾਂ ਇਹ
ਅਗਿਆਨਤਾ ਰੂਪੀ ਵੀਚਾਰਧਾਰਾ ਸਾਨੂੰ ਸੰਸਾਰ ਸਮੁੰਦਰ ਵਿੱਚ ਖਚਿਤ ਕਰ ਦੇਵੇਗੀ।
ਸੋ ਅਸਲੀਅਤ ਇਹ ਹੈ ਕਿ ਦੋ ਅਸਲ ਮਾਰਗ ਤੋਂ ਭਟਕੇ ਹੋਏ ਫਿਰਕਿਆਂ ਨੇ ਜੋ ਆਪਣੇ ਆਪਣੇ ਅਨੁਸਾਰ ਪ੍ਰਭੂ
ਪ੍ਰਾਪਤੀ ਦੇ ਦੋ ਮਾਰਗ ਬਣਾਏ ਹੋਏ ਹਨ ਨੂੰ ਛੱਡਕੇ ਨਿਰਮਲ ਪੰਥ ਨੂੰ ਅਪਨਾਉਣ ਵਾਸਤੇ ਸਮੁੱਚੀ
ਮਨੁੱਖਤਾ ਲਈ ਇਸ ਸਾਰੇ ਸ਼ਬਦ ਵਿੱਚ ਪ੍ਰੇਰਨਾ ਹੈ। ਭਗਤ ਜੀ ਨੇ ਦਰਸਾਇਆ ਹੈ ਕਿ ਅਸਲ ਧਰਮ ਕੀ ਹੈ?
ਜਿਵੇਂ ਕਬੀਰ ਜੀ ਦਰਸਾਉਦੇ ਹਨ: -
ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ 155॥
ਗੁਰੂ ਗ੍ਰੰਥ ਸਾਹਿਬ, ਪੰਨਾ 1372
ਜਦੋਂ ਖਿਮਾ ਆ ਜਾਏ ਫਿਰ ਉਹ ਆਪ ਆ ਜਾਂਦਾ ਹੈ। ਫਿਰ ਕੀ ਹੁੰਦਾ ਹੈ?
ਬਾਦਿਸਾਹੁ ਮਹਲ ਮਹਿ ਜਾਇ॥
ਗੁਰੂ ਗ੍ਰੰਥ ਸਾਹਿਬ, ਪੰਨਾ 1166
ਫਿਰ ਉਸ ਅਕਾਲ ਪੁਰਖ ਦੇ ਨਾਮ (ਸੱਚ) ਵਿੱਚ ਜਾਕਰ ਮਨੁੱਖ ਮਹਲ (ਲੀਨ) ਹੋ ਜਾਂਦਾ ਹੈ।
ਬਾਕੀ ਮਰੀ ਗਊ ਨੂੰ ਜੀਂਦਾ ਕਰਨਾ ਜਾਂ ਵਿਸ਼ਨੂੰ ਦਾ ਗਰੁੜ ਉੱਪਰ ਚੜ੍ਹ ਕੇ ਆਉਣ ਦਾ ਇਸ ਸ਼ਬਦ ਨਾਲ ਕੋਈ
ਵੀ ਸਬੰਧ ਨਹੀਂ ਹੈ। ਹੁਣ ਆਪਾਂ ਇਸ ਸ਼ਬਦ ਤੇ ਵੀਚਾਰ ਕਰਨ ਦੀ ਕੋਸ਼ਿਸ਼ ਕਰੀਏ।
ਸੁਲਤਾਨੁ ਪੂਛੈ ਸੁਨੁ ਬੇਨਾਮਾ॥
ਦੇਖਉ ਰਾਮ ਤੁਮਾੑਰੇ ਕਾਮਾ॥ 1॥
ਨਾਮਾ ਸੁਲਤਾਨੇ ਬਾਧਿਲਾ॥
ਦੇਖਉ ਤੇਰਾ ਹਰਿ ਬੀਠੁਲਾ॥ 1॥ ਰਹਾਉ॥
ਗੁਰੂ ਗ੍ਰੰਥ ਸਾਹਿਬ, ਪੰਨਾ 1165
ਪਦ ਅਰਥ
ਸੁਲਤਾਨੁ – ਪ੍ਰਭੂ, ਵਾਹਿਗੁਰੂ
ਪੂਛੈ – ਪੁਛਿਆ ਜਾਣਾ
ਸੁਨੁ – ਸੁਣੋ
ਬੇਨਾਮਾ – ਨਾਮ ਤੋਂ ਬਗੈਰ, ਅਗਿਆਨੀ, ਪ੍ਰਭੂ ਦੀ ਰਜ਼ਾ ਨਾਲੋ ਟੁੱਟਿਆ ਹੋਇਆ ਮਨੁੱਖ ( ‘ਬੇ’ ਨਾਹ
ਵਾਚਕ ਸ਼ਬਦ ਹੈ ਜਿਸ ਤਰ੍ਹਾਂ ਸਮਝ ਦੇ ਅਗੇਤਰ ਬੇਸਮਝ)
ਦੇਖਉ – ਨਜ਼ਰਸਾਨੀ ਕਰਨੀ, ਦੇਖਣਾ
ਕਾਮਾ – ਕੰਮ, ਨਿੱਤ ਦੀ ਕਰਨੀ
ਨਾਮਾ – ਫ਼ਾਰਸੀ ਦਾ ਸ਼ਬਦ ਇਸ ਨੂੰ ਇਥੇ ਅਸੀਂ ਨਾਮਦੇਵ ਜੀ ਦੇ ਨਾਮ ਨਾਲ ਰਲਗੱਡ ਨਹੀਂ ਕਰਨਾ (ਇਸ ਸ਼ਬਦ
‘ਨਾਮਾ’ ਦੇ ਅਰਥ ਹਨ ਹੁਕਮ, ਰਜ਼ਾ)
ਨਾਮਾ ਸੁਲਤਾਨੇ – ਪ੍ਰਭੂ ਕਰਤਾਰ ਰੂਪ ਸੁਲਤਾਨ ਦੀ ਰਜ਼ਾ ਵਿੱਚ
ਬਾਧਿਲਾ – ਬੰਨ ਲੈਣਾ, ਨਿਯਮ ਵਿੱਚ ਹੋਣਾ, ਰਜ਼ਾ (ਹੁਕਮ) ਦੀ ਪਾਲਣਾ ਕਰਨਾ
ਨਾਮਾ ਸੁਲਤਾਨੇ ਬਾਧਿਲਾ – ਪ੍ਰਭੂ ਦੀ ਰਜ਼ਾ ਅੰਦਰ ਆਪਣੇ ਆਪ ਨੂੰ ਬੰਨ੍ਹ ਲੈਣਾ
ਹਰਿ – ਪ੍ਰਭੂ, ਕਰਤਾਰ
ਬੀਠੁਲਾ – ਬੀਠੁਲ ਅਰਥ ਮਹਾ, ਕੋਸ਼ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਨੇ ਲਿਖੇ ਹਨ। ਉਹ ਕਹਿੰਦੇ ਹਨ ਕਿ
ਬੀਠੁਨ ਵਿਠੁਲ ਤੋਂ ਬਣਿਆ ਹੈ। ਵਿ: (ਗਿਆਨ) ਠ (ਬਿਨਾ) ਲ (ਅੰਗੀਕਾਰ) ਜੋ ਗਿਆਨਹੀਣ ਮਹਾਂਮੂਰਖਾਂ
ਨੂੰ ਅੰਗੀਕਾਰ ਕਰੇ, ਉਹ ਵਿਠੁਲ ਹੈ। ਨਾਮਦੇਵ ਜੀ ਦੀ ਮਾਤ ਭਾਸ਼ਾ ਦਾ ਇਹ ਸ਼ਬਦ ਉਨ੍ਹਾਂ ਦਾ ਮੂਲ ਮੰਤਰ
ਸੀ। “ਬੀਠੁਲ ਬਿਨੁ ਸੰਸਾਰੁ ਨਹੀ”
ਸੋ ਵਿ: (ਗਿਆਨ) ਠ (ਬਿਨਾ) ਲ (ਅੰਗੀਕਾਰ) ਜੋ ਆਪਣੀ ਸਰਨ ਅਉਣ ਵਾਲੇ ਨੂੰ ਬਗੈਰ ਰੰਗ, ਨਸਲ, ਜਾਤ,
ਭੇਦ ਭਾਵ ਦੇ ਗਿਆਨ ਹੀਣਾਂ ਨੂੰ ਅੰਗੀਕਾਰ ਕਰੇ ਭਾਵ ਗਿਆਨ ਬਖਸ਼ਿਸ਼ ਕਰੇ, ਉਹ ਹੈ ਹਰਿ, ਬੀਠੁਲਾ
ਦੇਖਉ ਤੇਰਾ – ਤੇਰੇ ਤੇ ਨਜ਼ਰਸਾਨੀ ਕਰਨ ਵਾਲਾ, ਨਜ਼ਰਸਾਨੀ ਕਰਨ ਵਾਲਾ ਹੀ ਬਖਸ਼ਿਸ਼ ਕਰਨ ਵਾਲਾ ਹੈ। ਉਹ
ਹੈ ਪਾਰਬ੍ਰਹਮ ਕਰਤਾਰ
ਨੋਟ – ਨਾਮਦੇਵ ਜੀ ਰਜ਼ਾ ਨਾਲੋ ਟੁੱਟੇ ਹੋਏ ਮਨੁੱਖਾਂ ਨੂੰ ਵਾਹਿਗੁਰੂ ਦੀ ਰਜ਼ਾ ਵਿੱਚ ਆਉਣ ਲਈ
ਪ੍ਰੇਰਨਾ ਕਰਦੇ ਹਨ।
ਅਰਥ – ਉਸ ਦੀ ਰਜ਼ਾ (ਹੁਕਮ) ਨਾਲੋ ਟੁੱਟ ਕੇ (ਬੇਨਾਮਾ), ਅਗਿਆਨਤਾ ਵੱਸ ਉਸ ਦੀ ਰਜ਼ਾ ਦੇ
ਉਲਟ ਮਨੁੱਖਾਂ ਦੀ ਨਿੱਤ ਦੀ ਜੋ ਕਰਨੀ ਹੈ, ਉਨ੍ਹਾਂ ਦੀ ਕਰਨੀ ਤੇ ਸੁਲਤਾਨ, ਰਾਮ, ਵਾਹਿਗੁਰੂ,
ਨਜ਼ਰਸਾਨੀ ਕਰ ਰਿਹਾ ਹੈ। ਇਹ ਸੁਣੋ ਇਹ ਤਾ ਕਹਿਦੇ ਹੋ ਕਿ ਇੱਕ ਦਿਨ ਸੁਲਤਾਨ ਵਾਹਿਗੁਰੂ ਵਲੋਂ
(ਪੁਛੈ) ਪੁੱਛਿਆ ਜਾਣਾ ਹੈ।
ਨੋਟ – ਜੇਕਰ ਪੁੱਛਿਆ ਜਾਣਾ ਹੈ ਤਾਂ ਜਵਾਬ-ਦੇਹ ਹੋਣਾ ਪਵੇਗਾ। ਜਿਹੜਾ ਗਲਤ ਕੰਮ ਕਰ ਰਿਹਾ ਹੈ,
ਜਵਾਬ ਦੇ ਉਸ ਨੂੰ ਹੀ ਹੋਣਾ ਪਵੇਗਾ। ਜਿਸ ਦੇ ਵਿਰੁੱਧ ਕੋਈ ਗਲਤ ਕੰਮ ਦਾ ਸਬੂਤ ਹੀ ਨਹੀ ਉਸ ਨੂੰ
ਪੁਛ ਹੋ ਹੀ ਨਹੀ ਸਕਦੀ।
ਜਦੋਂ ਕੋਈ ਵੀ ਮਨੁੱਖ ਆਪਣੇ ਆਪ ਨੂੰ ਉਸ ਸੁਲਤਾਨ ਦੀ ਰਜ਼ਾ (ਹੁਕਮ) ਵਿੱਚ ਬੰਨ੍ਹ ਲੈਂਦਾ ਹੈ ਤਾਂ ਉਸ
ਉੱਤੇ ਸੁਲਤਾਨ ਦੀ ਨਜ਼ਰ ਬਖਸ਼ਿਸ਼ ਰੂਪ ਹੋ ਜਾਂਦੀ ਹੈ। ਰਜ਼ਾ ਵਿੱਚ ਆਉਣ ਵਾਲਿਆਂ ਨੂੰ ਬਖਸ਼ਿਸ਼ ਦੀ ਨਦਰ
ਕਰਕੇ ਅੰਗੀਕਾਰ ਕਰ ਲੈਂਦਾ ਹੈ ਅਤੇ ਆਪਣੇ ਨਾਲ ਜੋੜ ਲੈਂਦਾ ਹੈ। ਇਹ ਉਸਦਾ ਸੁਭਾਉ ਹੈ।
ਬਿਸਮਿਲਿ ਗਊ ਦੇਹੁ ਜੀਵਾਇ॥
ਨਾਤਰੁ ਗਰਦਨਿ ਮਾਰਉ ਠਾਂਇ॥ 2॥
ਬਾਦਿਸਾਹ ਐਸੀ ਕਿਉ ਹੋਇ॥
ਬਿਸਮਿਲਿ ਕੀਆ ਨ ਜੀਵੈ ਕੋਇ॥ 3॥
ਮੇਰਾ ਕੀਆ ਕਛੂ ਨ ਹੋਇ॥
ਕਰਿ ਹੈ ਰਾਮੁ ਹੋਇ ਹੈ ਸੋਇ॥ 4॥
ਗੁਰੂ ਗ੍ਰੰਥ ਸਾਹਿਬ, ਪੰਨਾ 1165
ਪਦ ਅਰਥ
ਬਿਸਮਿਲਿ – ਘਾਇਲ, ਜ਼ਖਮੀ, ਬੇਕਾਰ, ਤੜਫਣ ਵਾਲਾ, ਅੱਧ ਮੋਇਆ (ਪੰਜਾਬੀ ਫ਼ਾਰਸੀ ਕੋਸ਼), ਕੋਹਿਆ ਹੋਇਆ
ਨਾਤਰੁ – ਨਹੀਂ ਤਾਂ
ਗਰਦਨਿ – ਗਰਦਨ ਮਾਰਨਾ, ਖ਼ਤਮ ਕਰ ਦੇਣਾ
ਬਾਦਿਸਾਹ – ਅਕਾਲ ਪੁਰਖ, ਕਰਤਾਰ
ਕੋਊ ਹਰਿ ਸਮਾਨਿ ਨਹੀ ਰਾਜਾ॥
ਗੁਰੂ ਗ੍ਰੰਥ ਸਾਹਿਬ, ਪੰਨਾ 856
ਐਸੀ – ਐਸਾ
ਕਿਉ ਹੋਇ – ਕਿਵੇਂ ਹੋ ਸਕਦਾ ਹੈ
ਬਿਸਮਿਲਿ – ਅੱਧ-ਮੋਇਆ, ਕੋਹਿਆ ਹੋਇਆ
ਮੇਰਾ ਕੀਆ – ਮੇਰਾ ਕੀਤਾ ਕੁੱਝ ਨਹੀਂ ਹੋ ਸਕਦਾ
ਕਰਿ ਹੈ ਰਾਮੁ – ਰਾਮ ਜੋ ਕਰੇ, ਉਹ ਹੋ ਸਕਦਾ ਹੈ
ਹੋਇ ਹੈ ਸੋਇ – ਉਹੀ ਹੋ ਸਕਦਾ ਹੈ
ਗਊ –
ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ॥
ਗੁਰੂ ਗ੍ਰੰਥ ਸਾਹਿਬ, ਪੰਨਾ 1329
ਗੁਰਮਤਿ ਦੀ ਗਊ ਬ੍ਰਹਾਮਣ ਵਾਲੀ ਨਹੀਂ ਹੈ। ਬ੍ਰਹਾਮਣ ਗਊ ਨੂੰ ਕਾਮਧੇਨ ਸਮਝਦਾ ਹੈ।
ਕਾਮ – ਇਛਾ
ਧੇਨ – ਗਊ
ਬ੍ਰਹਾਮਣ ਲਈ ਗਾਂ ਹੀ ਕਾਮਧੇਨ ਹੈ, ਇੱਛਾ ਪੂਰਤੀ ਦਾ ਸਾਧਨ ਹੈ ਅਤੇ ਗੁਰਮਤਿ ਦੀ ਗਊ: ਗਊ – ਕਾਮਧੇਨ
ਨਾਮ ਰੂਪੀ ਹੈ
ਕਾਮਧੇਨ –
ਕਾਮਧੇਨ ਹਰਿ ਹਰਿ ਗੁਣ ਗਾਮ॥
ਗੁਰੂ ਗ੍ਰੰਥ ਸਾਹਿਬ, ਪੰਨਾ 265
ਗੁਰਮਤਿ ਦੀ ਕਾਮਧੇਨ ਗਊ ਹਰੀ ਸਿਮਰਨ ਕਰਨਾ ਹੈ। ਹਰੀ ਦਾ ਸਿਮਰਨ ਕਰਨ ਨਾਲ ਹੀ ਸਾਰੀਆਂ ਇੱਛਾਵਾਂ ਦੀ
ਪੂਰਤੀ ਹੁੰਦੀ ਹੈ। ਸੋ ਜਿਨ੍ਹਾਂ ਦੀ ਕਾਮਧੇਨ ਕਰਮਕਾਂਡ ਅਪਨਾਉਣ ਨਾਲ ਬਿਸਮਿਲ ਹੈ, ਕੋਹੀ ਹੋਈ ਹੈ,
ਉਨ੍ਹਾਂ ਲਈ ਪ੍ਰੇਰਨਾ ਹੈ। ਉਸ ਨਾਮ (ਸੱਚ) ਰੂਪ ਬਾਦਿਸ਼ਾਹ ਅਗੇ ਅਰਦਾਸ ਕਰਨ ਲਈ ਪ੍ਰੇਰਨਾ ਹੈ ਕਿ
ਆਤਮਿਕ ਗਿਆਨ ਸਿਮਰਨ ਦੀ ਚਾਹਤ ਰੂਪੀ ਗਊ ਜੋ ਕੋਹੀ ਹੋਈ ਹੈ, ‘ਦੇਹੁ ਜੀਵਾਇ’ ਭਾਵ ਬਖਸ਼ਿਸ਼ ਕਰਕੇ
ਮੇਰੇ ਅੰਦਰ ਸਿਮਰਨ ਰੂਪੀ ਚਾਹਤ ਪੈਦਾ ਹੋ ਜਾਵੇ।
‘ਬੇਨਾਮਾ’ ਸਾਰੇ ਸ਼ਬਦ ਦਾ ਅਧਾਰ ਹੈ। ਅੱਗੇ ਉਸ ਸੁਲਤਾਨ ਦੀ ਰਜ਼ਾ ਵਿੱਚ ਆਇਆ ਕਿਵੇਂ ਜਾ ਸਕਦਾ ਹੈ,
ਨਾਮਦੇਵ ਜੀ ਨੇ ਫੁਰਮਇਆ ਹੈ।
ਅਰਥ
ਹੇ ਵਾਹਿਗੁਰੂ ਖਿਮਾ ਅਤੇ ਧੀਰਜ ਦੀ ਆਤਮਿਕ ਗਿਆਨ ਰੂਪੀ ਗਊ ਜੀਵਾਲ ਦੇਹੁ, ਭਾਵ ਮੇਰੇ ਅੰਦਰ ਆਤਮਿਕ
ਗਿਆਨ ਦੀ ਸਿਮਰਨ ਰੂਪੀ ਚਾਹਤ ਪੈਦਾ ਕਰ ਦਿਉ, ਨਹੀਂ ਤਾਂ ਕਰਮਕਾਂਡੀ ਵੀਚਾਰਧਾਰਾ ਰੂਪੀ ਗਊ ਆਤਮਿਕ
ਤੌਰ ਤੇ ਖ਼ਤਮ ਕਰ ਦੇਵੇਗੀ। ਹੇ ਵਾਹਿਗੁਰੂ! ਐਸਾ ਹੋਣਾ ਕਿਵੇਂ ਕਿਉਂਕਿ ਕੋਹੀ ਹੋਈ ਖਿਮਾ ਅਤੇ ਧੀਰਜ
ਰੂਪੀ ਗਊ ਜੀ ਨਹੀਂ ਸਕਦੀ। ਇਹ ਮੇਰੇ ਕੀਤਿਆਂ ਤਾਂ ਕੁੱਝ ਹੋ ਨਹੀਂ ਸਕਦਾ, ਸੋ ਜੋ ਤੂੰ ਕਰੇਂ, ਉਹੀ
ਹੋ ਸਕਦਾ ਹੈ।
ਨੋਟ – ਇਸ ਤਰ੍ਹਾਂ ਨਾਮਦੇਵ ਜੀ ਬੇਨਾਮਾ ਰਜ਼ਾ ਤੋਂ ਟੁਟੇ ਹੋਏ ਮਨੁੱਖਾਂ ਨੂੰ ਉਸ ਸੁਲਤਾਨ ਪ੍ਰਭੂ ਦੀ
ਰਜ਼ਾ ਵਿੱਚ ਆਉਣ ਲਈ ਅਰਦਾਸ ਕਰਨ ਲਈ ਪ੍ਰੇਰਨਾ ਕਰਦੇ ਹਨ। ਜਿਹੜਾ ਮਨੁੱਖ ਫਿਰ ਉਸ ਵਾਹਿਗੁਰੂ ਦੀ ਰਜ਼ਾ
ਵਿੱਚ ਆ ਜਾਂਦਾ ਹੈ ਤਾਂ: ੑ-
ਬਾਦਿਸਾਹੁ ਚੜਿੑਓ ਅਹੰਕਾਰਿ॥ ਗਜ ਹਸਤੀ ਦੀਨੋ ਚਮਕਾਰਿ॥ 5॥
ਗੁਰੂ ਗ੍ਰੰਥ ਸਾਹਿਬ, ਪੰਨਾ 1165
ਪਦ ਅਰਥ
ਬਾਦਿਸਾਹੁ – ਨਾਮ ਰੂਪੀ ਬਾਦਸ਼ਾਹ, ਕਰਤਾਰ
ਚੜਿੑਓ ਅਹੰਕਾਰਿ – ਚੜਿਆ ਹੋੲਅਿਾ ਅਹੰਕਾਰ, ਅੰਧਕਾਰ
ਗਜ –
ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ
ਗੁਰੂ ਗ੍ਰੰਥ ਸਾਹਿਬ, ਪੰਨਾ 219
ਮਨ ਰੂਪੀ ਗਜ ਦੀ ਤ੍ਰਿਸਨਾ ਜਿਸ ਦੇ ਸਿਮਰਨ ਕਰਨ ਨਾਲ ਮਿਟਦੀ ਹੈ
ਹਸਤੀ – ਵਜੂਦ, ਵਜੂਦ ਹੋਣਾ, ਮੌਜੂਦਗੀ, ਹੋਂਦ (ਇਹ ਵੀ ਫ਼ਾਰਸੀ ਦਾ ਸ਼ਬਦ ਹੈ)
ਦੀਨੋ – ਬੀਤਿਆ ਹੋਇਆ ਕਾਲ ਭਾਵ ਖ਼ਤਮ ਹੋ ਜਾਣਾ
ਚਮਕਾਰਿ – ਅਗਿਆਨਤਾ ਰੂਪੀ ਹਨੇਰੇ ਅੰਦਰ ਗਿਆਨ ਦਾ ਪ੍ਰਕਾਸ਼ ਹੋਣਾ
ਅਰਥ
ਜੋ ਮਨੁੱਖ ਉਸ ਵਾਹਿਗੁਰੂ ਦੀ ਰਜ਼ਾ ਅੰਦਰ ਆ ਜਾਂਦਾ ਹੈ, ਉਸ ਨੂੰ ਵਾਹਿਗੁਰੂ ਦੇ ਗਿਆਨ ਦੀ ਹੋਂਦ ਦਾ
ਪ੍ਰਕਾਸ਼ ਹੋ ਜਾਂਦਾ ਹੈ ਅਤੇ ਚੜ੍ਹਿਆ ਹੋਇਆ ਅਹੰਕਾਰ ਬੀਤੇ ਹੋਏ ਕਾਲ ਦੀ ਤਰ੍ਹਾਂ ਖਤਮ ਹੋ ਜਾਂਦਾ
ਹੈ।
ਜਦੋਂ ਚੜਿਆ ਹੋਇਆ ਅਹੰਕਾਰ ਖਤਮ ਹੋ ਜਾਂਦਾ ਹੈ ਤਾਂ ਫਿਰ: -
ਰੁਦਨੁ ਕਰੈ ਨਾਮੇ ਕੀ ਮਾਇ॥ ਛੋਡਿ ਰਾਮੁ ਕੀਨ ਭਜਹਿ ਖੁਦਾਇ॥ 6॥
ਗੁਰੂ ਗ੍ਰੰਥ ਸਾਹਿਬ, ਪੰਨਾ 1165
ਰੁਦਨੁ – ਰੋਣਾ, ਅਗਿਆਨਤਾ ਦਾ ਰੋਣਾ
ਕਰੈ – ਕਰਨਾ
ਛੋਡਿ – ਛਡਣਾ
ਕੀਨ – ਕਪਟ ਕਰਨਾ, ਈਰਖਾ (ਪੰਜਾਬੀ ਫਾਰਸੀ ਕੋਸ਼ ਅਨੁਸਾਰ ਕੀਨਾ ਤੋਂ ਕੀਨ ਹੈ, ਜਿਸਦੇ ਅਰਥ ਹਨ ਕਪਟ,
ਈਰਖਾ, ਝਗੜਾ)
ਰਾਮ – ਵਾਹਿਗੁਰੂ
ਭਜਹਿ – ਬੰਦਗੀ ਕਰਨਾ
ਖੁਦਾਇ - ਵਾਹਿਗੁਰੂ
ਭਜਹਿ ਖੁਦਾਇ – ਖ਼ੁਦਾ ਦੀ ਬੰਦਗੀ ਕਰਦਾ ਹੈ
ਰੁਦਨੁ – ਅਗਿਆਨੀ ਰੋਂਦਾ ਹੈ (ਅਗਿਆਨਤਾ ਦੇ ਰੋਣ ਦੀ ਗੱਲ ਹੈ)
ਨਾਮੇ ਕੀ – ਨਾਮ ਦੀ ਬਖ਼ਸ਼ਿਸ਼ ਦੁਆਰਾ
ਮੁਈ ਮੇਰੀ ਮਾਈ ਹਉ ਖਰਾ ਸੁਖਾਲਾ॥
ਗੁਰੂ ਗ੍ਰੰਥ ਸਾਹਿਬ, ਪੰਨਾ 476
ਮਾਤਾ ਮਤਿ ਪਿਤਾ ਸੰਤੋਖੁ॥
ਗੁਰੂ ਗ੍ਰੰਥ ਸਾਹਿਬ, ਪੰਨਾ 151
ਸੋ ਮਾਈ ਦਾ ਮਤਲਬ ਮਤਿ ਹੈ
ਗੁਰਮਤਿ ਅਨੁਸਾਰ ਚੱਲਣ ਵਾਲਿਆਂ ਦੀ ਮਾਤਾ ਗੁਰਮਤਿ ਹੈ, ਅਤੇ ਉਹ ਗੁਰਮਤਿ ਅਨੁਸਾਰ ਚੱਲਦੇ ਹਨ।
ਨੋਟ – ਇਸ ਪੰਗਤੀ ਅੰਦਰ ‘ਰਾਮ’ ਅਤੇ ‘ਖ਼ੁਦਾਇ ਦੋਵੇ ਸ਼ਬਦ ਇਕੱਠੇ ਆਉਣ ਦਾ ਕੀ ਕਾਰਨ ਹੈ - ਇਸ ਨੂੰ
ਸਮਝਣ ਦੀ ਲੋੜ ਹੈ। ਉਨ੍ਹਾਂ ਦੋਹਾਂ ਫ਼ਿਰਕਿਆਂ ਦਾ ਝਗੜਾ ਹੀ ਇਨ੍ਹਾਂ ਗੱਲਾਂ ਉੱਪਰ ਹੈ। ਇੱਕ ਦਾ
ਖ਼ੁਦਾ ਹੈ ਅਤੇ ਦੂਸਰੇ ਦਾ ਰਾਮ। ਪਰ ਗੁਰਮਤਿ ਅਨੁਸਾਰ ਅਸਲ ਵਿੱਚ ਖ਼ੁਦਾ/ਰਾਮ ਇਕੋ ਹੀ ਸਰਬਵਿਆਪਕ ਰੱਬ
ਦੇ ਨਾਮ ਹਨ, ਕਰਮਕਾਂਡੀਆਂ ਦਾ ਰਾਮ ਅਵਤਾਰਵਾਦੀ ਹੈ। ਪਰ ਕੰਮ ਦੋਹਾਂ ਫ਼ਿਰਕਿਆਂ ਦੇ ਹੀ ਉਸ ਦੀ ਰਜ਼ਾ
ਦੇ ਉਲਟ ਹਨ। ਸੋ ਇਹ ਉਨ੍ਹਾਂ ਲਈ ਪ੍ਰੇਰਨਾ ਹੈ ਕਿ ਸਰਬ ਵਿਆਪਕ ਰਾਮ ਅਤੇ ਖ਼ੁਦਾ ਵਿੱਚ ਕੋਈ ਅੰਤਰ
ਨਹੀਂ ਹੈ। ਉਸ ਖੁਦਾ ਤੋਂ ਆਪਾ ਨਿਛਾਵਰ ਕਰਕੇ ਉਸ ਦੀ ਰਜ਼ਾ ਵਿੱਚ ਆਉਣ ਵਾਲੇ ਨੂੰ ਹੀ ਜੀਵਨ ਦੇ ਅਸਲੀ
ਲਕਸ਼ ਦੀ ਪ੍ਰਾਪਤੀ ਹੁੰਦੀ ਹੈ।
ਅਰਥ
ਫਿਰ ਜਿਸ ਮੱਨੁਖ ਦਾ ਉਸ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੰਕਾਰ ਖਤਮ ਹੋ ਜਾਂਦਾ ਹੈ, ਉਹ ਉਸ ਵਾਹਿਗੁਰੂ
ਦੇ ਨਾਮ ਦੀ ਬਖਸ਼ਿਸ਼ ਨਾਲ ਅਗਿਆਨਤਾ ਦਾ ਰੋਣਾ ਛੱਡ ਦਿੰਦਾ ਹੈ, ਅਤੇ ਖ਼ੁਦਾ/ਰਾਮ ਦੀ ਬੰਦਗੀ ਕਰਨ ਵਿੱਚ
ਕਪਟ ਨਹੀਂ ਕਰਦਾ। ਕਪਟ ਕਿਉਂ ਨਹੀਂ ਕਰਦਾ? ਉਹ ਇਸ ਕਾਰਨ ਕਿ ਬੰਦਗੀ ਕਰਨ ਵਾਲਾ ਸੱਚਾ ਮਨੁੱਖ
ਸਰਵ-ਵਿਆਪਿਕ ‘ਰਾਮ’ ਜਾਂ ‘ਖ਼ੁਦਾ’ ਦੇ ਨਾਵਾਂ ਵਿੱਚ ਕੋਈ ਫ਼ਰਕ ਨਹੀਂ ਮਹਿਸੂਸ ਕਰਦਾ।
ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ॥
ਪਿੰਡੁ ਪੜੈ ਤਉ ਹਰਿ ਗੁਨ ਗਾਇ॥ 7॥
ਗੁਰੂ ਗ੍ਰੰਥ ਸਾਹਿਬ, ਪੰਨਾ 1165
ਪਦ ਅਰਥ
ਨ – ਨਾਂਹ ਵਾਚਕ ਹੈ
ਹਉ– ਮੈ
ਪੂੰਗੜਾ – ਪੁਜਾਰੀ
ਨੋਟ – ਪੂੰਗੜਾ ਦੇ ਅਰਥ ਦਰਅਸਲ ਪੁਜਾਰੀ ਹਨ, ਪਰ ਵੇਖੋ ਕਬੀਰ ਸਾਹਿਬ ਵਲੋਂ ਉਚਾਰਨ ਸ਼ਬਦ: -
ਕਬੀਰੁ ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ ਹਮਾਰੇ॥ 5॥
ਗੁਰੂ ਗ੍ਰੰਥ ਸਾਹਿਬ, ਪੰਨਾ 1136
ਕਬੀਰ ਉਸ ਅਲਹ ਰਾਮ ਦਾ ਪੁਜਾਰੀ ਹੈ ਜਿਹੜਾ ਸਭ ਦਾ ਗੁਰੂ ਹੈ, ਪੀਰ ਹੈ। ਉਸ ਅਕਾਲ ਪੁਰਖੁ ਵਲ ਇਸ਼ਾਰਾ
ਹੈ। ਉਹੀ ਸਾਰਿਆਂ ਦਾ ਆਪ ਹੀ ਗੁਰੂ ਹੈ ਅਤੇ ਆਪ ਹੀ ਪੀਰ ਹੈ।
ਮਾਇ - ਅਗਿਆਨਤਾ
ਮੁਈ ਮੇਰੀ ਮਾਈ ਹਉ ਖਰਾ ਸੁਖਾਲਾ॥
ਗੁਰੂ ਗ੍ਰੰਥ ਸਾਹਿਬ, ਪੰਨਾ 476
ਮੇਰੀ ਅਗਿਆਨਤਾ ਖ਼ਤਮ ਹੋ ਗਈ ਤਾਂ ਮੈਂ ਵਾਹਿਗੁਰੂ ਦੇ ਦਰ ਤੇ ਖਰਾ ਉੱਤਰ ਆਇਆ। ਗੁਰਮਤੀਏ ਅਗਿਆਨਤਾ
ਨੂੰ ਅਲਵਿਦਾ ਕਹਿ ਦਿੰਦੇ ਹਨ ਅਤੇ ਉਨ੍ਹਾਂ ਦੀ ਮੱਤ ਗਿਆਨ ਅੰਦਰ ਬਦਲ ਜਾਂਦੀ ਹੈ। ਉਨ੍ਹਾਂ ਦੀ ਮੱਤ
ਕੀ ਹੈ?
ਮਾਤਾ ਮਤਿ ਪਿਤਾ ਸੰਤੋਖੁ॥
ਗੁਰੂ ਗ੍ਰੰਥ ਸਾਹਿਬ, ਪੰਨਾ 151
ਪਿੰਡੁ – ਸਰੀਰ, ਅੰਦਰ, ਅੰਦਰੋ
ਪੜੈ – ਸੋਝੀ (ਪਰਾਪਤ ਹੋ ਜਾਂਦੀ ਹੈ)
ਪਿੰਡੁ ਪੜੈ – ਹਿਰਦੇ ਅੰਦਰ ਆਤਮਿਕ ਗਿਆਨ ਦੀ ਸੂਝ ਪ੍ਰਾਪਤ ਹੋ ਜਾਣੀ
ਹਰਿ ਗੁਨ ਗਾਇ – ਹਰਿ ਸਿਮਰਨ ਕਰਨਾ
ਅਰਥ
ਕਪਟ ਕਿਉ ਨਹੀਂ ਕਰਦੇ? ਉਹ ਇਸ ਕਰਕੇ ਕਿ ਅਤਾਮਕ ਗਿਆਨ ਦੀ ਸੂਝ ਪ੍ਰਾਪਤ ਹੋਣ ਨਾਲ ਅਗਿਆਨਤਾ ਦਾ
ਰੋਣਾ ਪ੍ਰਭਾਵ ਛੱਡ ਦਿੰਦੇ ਹਨ। ਉਨ੍ਹਾਂ ਅੰਦਰ ਆਤਮਿਕ ਗਿਆਨ ਦੀ ਸੂਝ ਪ੍ਰਾਪਤ ਹੋ ਜਾਂਦੀ ਹੈ ਅਤੇ
ਉਹ ਹਰੀ ਦੇ ਗੁਣ ਗਾਇਨ ਭਾਵ ਸਿਮਰਨ ਕਰਦੇ ਹਨ। ਇਸ ਤਰ੍ਹਾਂ ਉਹ ਅਗਿਆਨ ਰੂਪੀ ਮੱਤ ਨੂੰ ਅਲਵਿਦਾ ਕਹਿ
ਦਿੰਦੇ ਹਨ ਕਿ ਤੂੰ ਹੁਣ ਮੇਰੀ ਮੱਤ ਰੂਪ ਮਾਇ ਨਹੀਂ, ਭਾਵ ਉਨ੍ਹਾਂ ਦੀ ਅਗਿਆਨਤਾ ਰੂਪੀ ਮੱਤ ਆਤਮਿਕ
ਗਿਆਨ ਦੀ ਸੂਝ ਨਾਲ ਗੁਰਮਤਿ ਵਿੱਚ ਬਦਲ ਜਾਂਦੀ ਹੈ। ਫਿਰ ਧਰਮ ਦੇ ਨਾਮ ਤੇ ਕੋਈ ਆਪਸੀ ਲੜਾਈ ਨਹੀਂ
ਰਹਿ ਜਾਂਦੀ।
ਕਰੈ ਗਜਿੰਦੁ ਸੁੰਡ ਕੀ ਚੋਟ॥
ਨਾਮਾ ਉਬਰੈ ਹਰਿ ਕੀ ਓਟ॥ 8॥
ਗੁਰੂ ਗ੍ਰੰਥ ਸਾਹਿਬ, ਪੰਨਾ 1165
ਪਦ ਅਰਥ
ਗਜਿੰਦੁ – ਦੁਖ, ਤਕਲੀਫ਼, ਸਦਮਾ (ਫ਼ਾਰਸੀ ਦੇ ਸ਼ਬਦ ਗਜੰਦ ਤੋਂ ਗਜਿੰਦ ਹੈ)
ਸੁੰਡ – ਹਾਥੀ ਦੀ ਸੁੰਡ
ਨਾਮਾ – ਨਾਮ ਸਿਮਰਨ ਕਰਨਾ, ਨਾਮ ਸਿਮਰਨ ਕਰਨ ਨਾਲ, ਸੱਚ ਨਾਲ ਜੁੜਨ ਨਾਲ
ਉਬਰੈ – ਮਾੜੀ ਦਸ਼ਾ ਵਲੋਂ ਚੜਦੀ ਕਲਾ ਵਲ ਜਾਣਾ, ਅਗਿਆਨਤਾ ਤੋਂ ਉੱਪਰ ਉੱਠ ਜਾਣਾ
ਹਰਿ ਕੀ ਓਟ – ਹਰੀ ਦਾ ਹੀ ਓਟ ਆਸਰਾ ਲੈਣਾ
ਅਰਥ
ਜਿਵੇਂ ਕਾਮਗ੍ਰਸਤ ਹਾਥੀ ਮਹਾਵਤ ਦੇ ਵੱਸ ਹੋ ਕੇ ਆਪਣੀ ਸੁੰਡ ਉੱਪਰ ਸਾਰੀ ਜ਼ਿੰਦਗੀ ਚੋਟਾਂ
ਖਾਂਦਾ ਹੈ, ਇਸੇ ਤਰ੍ਹਾਂ ਰਜ਼ਾ ਨਾਲੋ ਟੁੱਟਿਆ ਹੋਇਆ (ਬੇਨਾਮਾ) ਮਨੁੱਖ ਵਿਕਾਰਾਂ ਦੀਆ ਚੋਟਾਂ ਆਪਣੇ
ਸਾਰੇ ਜੀਵਨ ਅੰਦਰ ਖਾਂਦਾ ਰਹਿੰਦਾ ਹੈ। ਉਸ ਖ਼ੁਦਾ ਦੀ ਰਜ਼ਾ ਵਿੱਚ ਚੱਲਣ ਵਾਲਾ ਮਨੁੱਖ ਹਮੇਸ਼ਾ ਉਸ ਹਰੀ
ਦਾ ਓਟ ਅਸਰਾ ਲੈਂਦਾ ਹੈ, ਅਤੇ ਕਰਮਕਾਂਡਾਂ ਤੋਂ ਉੱਪਰ ਉੱਠ ਜਾਂਦਾ ਹੈ। ਉਸ ਨੂੰ ਵਿਕਾਰਾਂ ਰੂਪੀ
ਚੋਟਾਂ ਆਪਣੇ ਜੀਵਨ ਅੰਦਰ ਸਹਾਰਨੀਆ ਨਹੀਂ ਪੈਂਦੀਆਂ।
ਨੋਟ – ਇਥੋਂ ਤੱਕ ਨਾਮਦੇਵ ਜੀ ਪ੍ਰੇਰਨਾ ਕਰਦੇ ਹਨ ਕਿ ਰਜ਼ਾ ਨਾਲੋ ਟੁੱਟਿਆ (ਬੇਨਾਮਾ) ਮਨੁੱਖ ਰਜ਼ਾ
ਨਾਲ ਕਿਵੇਂ ਜੁੜ ਸਕਦਾ ਹੈ। ਅਗਿਆਨਤਾ ਵਸ ਰਾਮ/ਖ਼ੁਦਾ ਨੂੰ ਬੋਲੀ ਅਤੇ ਕਰਮਕਾਂਡ ਦੇ ਅਧਾਰ ਤੇ ਵੰਡ
ਕੇ ਆਤਮਿਕ ਗਿਆਨ ਦੀ ਸੂਝ ਪ੍ਰਾਪਤ ਕਰਨ ਦੇ ਜੋ ਕਰਮਕਾਂਡੀ ਮਾਰਗ ਇਨ੍ਹਾਂ ਦੋ ਫ਼ਿਰਕਿਆਂ ਨੇ ਬਣਾਏ
ਹੋਏ ਹਨ, ਨੂੰ ਭਗਤ ਜੀ ਖੰਡਨ ਕਰਕੇ ਗੁਰਮਤਿ ਸਿਧਾਂਤ ਸਪਸ਼ਟ ਕਰਦੇ ਹਨ। ਨਾਮਦੇਵ ਜੀ ਸਪਸ਼ਟ ਕਰਦੇ ਹਨ
ਕਿ ਇਨ੍ਹਾਂ ਫਿਰਕਿਆਂ ਦਾ ਸਿਧਾਂਤ ਕੀ ਹੈ, ਅਤੇ ਨਾਮਦੇਵ ਜੀ ਆਪ ਕਿਵੇਂ ਗੁਰਮਤਿ ਤੇ ਚੱਲਣਾ ਕਰਦੇ
ਹਨ। ਇੱਕ ਦਾ ਸਿਧਾਂਤ ‘ਸਲਾਮ’ ਹੈ ਅਤੇ ਦੂਸਰਾ ਉਸ ਖੁਦਾ ਦੀ ਬਰਾਬਰੀ ਕਰਦਾ ਹੈ ਭਾਵ ਆਪ ਹੀ ਰੱਬ
ਬਣਿਆ ਬੈਠਾ ਹੈ। ਇੱਕ ਆਖਦਾ ਹੈ ਕਿ ਸੁੰਨਤ ਕਰਨ ਨਾਲ ਆਤਮਿਕ ਗਿਆਨ ਦੀ ਪਰਾਪਤੀ ਹੈ, ਅਤੇ ਦੂਸਰਾ
ਆਖਦਾ ਹੈ ਕਿ ਗਾਇਤ੍ਰੀ ਮੰਤਰ ਹੀ ਆਤਮਿਕ ਗਿਆਨ ਪ੍ਰਭੂ ਪ੍ਰਾਪਤੀ ਦਾ ਰਸਤਾ ਹੈ।
ਕਾਜੀ ਮੁਲਾਂ ਕਰਹਿ ਸਲਾਮੁ॥
ਇਨਿ ਹਿੰਦੂ ਮੇਰਾ ਮਲਿਆ ਮਾਨੁ॥ 9॥
ਗੁਰੂ ਗ੍ਰੰਥ ਸਾਹਿਬ, ਪੰਨਾ 1165
ਪਦ ਅਰਥ – ਕਾਜੀ ਮੁਲਾਂ, ਮੁਸਲਮਾਨਾਂ ਦੇ ਰਾਜਨੀਤਿਕ ਅਤੇ ਧਾਰਮਿਕ ਆਗੂ
ਸਲਾਮੁ – ਸਿੱਜਦਾ ਕਰਨਾ, ਜਿਵੇਂ ਮੁਸਲਮਾਨ ਮੱਕੇ ਵਲ ਮੂੰਹ ਕਰਕੇ ਸਿੱਜਦਾ ਕਰਦੇ ਹਨ। ਉਨ੍ਹਾਂ ਦਾ
ਵਿਚਾਰ ਹੈ ਕਿ ਖ਼ੁਦਾ ਸਿਰਫ ਮੱਕੇ ਅੰਦਰ ਹੀ ਹੈ ਅਤੇ ਮੱਕੇ ਅੰਦਰ ਰਹਿਣ ਵਾਲੇ ਖੁਦਾ ਦੀ ਸੋਝੀ ਸੁੰਨਤ
ਕਰਨ ਨਾਲ ਹੁੰਦੀ ਹੈ।
ਇਨਿ ਹਿੰਦੂ – ਇਨ੍ਹਾਂ ਹਿੰਦੂਆਂ ਨੇ
ਮਲਿਆ – ਸਮਝ ਲਿਆ
ਮੇਰਾ – ਮੈ, ਆਪਣਾ ਆਪ
ਮੇਰਾ ਮਲਿਆ – ਆਪਣੇ ਆਪ ਨੂੰ ਹੀ
ਮੇਰਾ ਮਲਿਆ ਮਾਨੁ – ਆਪਣੇ ਆਪ ਨੂੰ ਬਰਾਬਰ ਸਮਝ ਲੈਣਾ
ਮਾਨੁ – ਬਰਾਬਰ ਸਮਝਣਾ, ਤੁਲਯਤਾ
ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ॥
ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ॥ 2॥
ਗੁਰੂ ਗ੍ਰੰਥ ਸਾਹਿਬ, ਪੰਨਾ 735
ਇਹ ਸਪਸ਼ਟ ਹੈ ਕਿ ਇਹ ਤਿੰਨੇ ਆਪਣੇ ਆਪ ਨੂੰ ਖ਼ੁਦਾ/ਭਗਵਾਨ ਸਮਝ ਬੈਠੇ ਸਨ। ਜਿਸ ਖ਼ੁਦਾ ਨੇ ਇਨ੍ਹਾਂ
ਨੂੰ ਪੈਦਾ ਕੀਤਾ, ਉਸ ਨੂੰ ਹੀ ਇਹ ਭੁੱਲ ਗਏ ਅਤੇ ਆਪ ਹੀ ਰੱਬ ਬਣ ਬੈਠੇ। ਇਸੇ ਸਿਧਾਂਤ ਦਾ ਹੀ
ਨਾਮਦੇਵ ਜੀ ਨੇ ਇਥੇ ਵਰਨਣ ਕੀਤਾ ਹੈ।
ਅਰਥ
ਮੁਸਲਮਾਨ ਧਾਰਮਿਕ ਆਗੂਆਂ ਦੀ ਇਹ ਪ੍ਰੇਰਨਾ ਹੈ ਕਿ ਖ਼ੁਦਾ ਮੱਕੇ ਅੰਦਰ ਹੈ; ਮੱਕੇ ਨੂੰ ਹੀ
ਸਿੱਜਦਾ ਕਰੋ ਕਿਉਂਕਿ ਖੁਦਾ ਉਥੇ ਰਹਿੰਦਾ ਹੈ। ਹਿੰਦੂ ਨੇ ਖ਼ੁਦ ਨੂੰ ਹੀ ਖ਼ੁਦਾ ਦੇ ਬਰਾਬਰ ਸਮਝ ਲਿਆ
ਹੈ, ਭਾਵ ਆਪ ਹੀ ਖੁਦਾ ਬਣ ਬੈਠਾ ਹੈ। ਨੋਟ – ਇਹੀ ਇਨ੍ਹਾਂ ਦੀ ਆਪਸੀ ਲੜਾਈ ਹੈ।
ਬਾਦਿਸਾਹ ਬੇਨਤੀ ਸੁਨੇਹੁ॥ ਨਾਮੇ ਸਰ ਭਰਿ ਸੋਨਾ ਲੇਹੁ॥ 10॥
ਗੁਰੂ ਗ੍ਰੰਥ ਸਾਹਿਬ, ਪੰਨਾ 1166
ਪਦ ਅਰਥ
ਬਾਦਿਸਾਹ – ਵਾਹਿਗੁਰੂ
ਬੇਨਤੀ – ਅਰਦਾਸ, ਸਿਜਦਾ
ਸੁਨੇਹੁ – ਸੁਣ ਲੈਣਾ, ਪ੍ਰਵਾਨ ਕਰ ਲੈਣਾ
ਨਾਮੇ – ਨਾਮ ਸਿਮਰਨ ਕਰਨ ਵਾਲਾ, ਨਾਮ ਦੀ ਬਖਸ਼ਿਸ਼ ਨਾਲ
ਭਰਿ, – ਜੰਗ, ਭਰਿ ਨਾਮ ਜੰਗ ਦਾ ਹੈ (ਭਾਈ ਕਾਨ੍ਹ ਸਿੰਘ ਨਾਭਾ)
ਸੋਨਾ – ਫਾਰਸੀ ਦੇ ਸ਼ਬਦ ਸੌਨ ਤੋਂ ਹੈ, ਸੌਨ - ਨਿਗਰਾਨੀ, ਸੁਰੱਖਿਆ, ਭਾਵ ਵਾਹਿਗੁਰੂ ਦੀ ਨਿਗਰਾਨੀ
ਥੱਲੇ, ਰਜ਼ਾ ਅਧੀਨ
ਅਰਥ
ਅਸਲੀਅਤ ਇਹ ਹੈ ਕਿ ਜੋ ਮਨੁੱਖ ਉਸ ਬਾਦਿਸਾਹ ਸੁਲਤਾਨ ਵਾਹਿਗੁਰੁ ਦੀ ਰਜ਼ਾ ਵਿੱਚ ਰਹਿ ਕੇ ਨਾਮ
ਸਿਮਰਨ ਕਰਦਾ ਹੈ, ਉਸ ਦੀ ਅਰਦਾਸ ਬਿਨਤੀ ਭਾਵ ਸਿੱਜਦਾ ਪ੍ਰਵਾਣ ਹੁੰਦਾ ਹੈ। ਉਹ ਧਰਮ ਦੇ ਨਾਮ ਉੱਪਰ
ਜੋ ਜੰਗ ਝਗੜਾ ਹੈ, ਉਸ ਉੱਤੇ ਨਾਮ ਦੀ ਬਖਸ਼ਿਸ਼ ਨਾਲ ਫਤਹਿ ਪਾ ਲੈਂਦਾ ਹੈ, ਭਾਵ ਉਸ ਤੋਂ ਮੁਕਤ ਹੋ
ਜਾਂਦਾ ਹੈ। ਅੰਤ ਵਿੱਚ ਜਿੱਤ ਸੱਚ ਦੀ ਹੀ ਹੋਣੀ ਹੈ।
ਭਗਤਾ ਨੋ ਜਮੁ ਜੋਹਿ ਨ ਸਾਕੈ ਕਾਲੁ ਨ ਨੇੜੈ ਜਾਈ॥
ਕੇਵਲ ਰਾਮ ਨਾਮੁ ਮਨਿ ਵਸਿਆ ਨਾਮੇ ਹੀ ਮੁਕਤਿ ਪਾਈ॥
ਗੁਰੂ ਗ੍ਰੰਥ ਸਾਹਿਬ, ਪੰਨਾ 637
ਮਾਲੁ ਲੇਉ ਤਉ ਦੋਜਕਿ ਪਰਉ॥
ਦੀਨੁ ਛੋਡਿ ਦੁਨੀਆ ਕਉ ਭਰਉ॥ 11॥
ਗੁਰੂ ਗ੍ਰੰਥ ਸਾਹਿਬ, ਪੰਨਾ 1166
ਪਦ ਅਰਥ
ਮਾਲੁ – ਸਮਾਨਤਾ (ਬਰਾਬਰਤਾ), ਤੁਲਣਾ (ਮਹਾਨ ਕੋਸ਼)
ਲੇਉ – ਲੈਣਾ, ਕਰਨਾ
ਮਾਲੁ ਲੇਉ – ਬਰਾਬਰਤਾ ਕਰਨੀ
ਦੋਜਕਿ – ਨਰਕ
ਪਰਉ – ਪੈਣਾ, ਹੱਕਦਾਰ
ਦੀਨੁ – ਧਰਮ
ਦੁਨੀਆ – ਦੁਨਯਾ, ਪੰਜਾਬੀ ਵਿੱਚ ਪਰਚੱਲਤ ਰੂਪ ‘ਦੁਨੀਆਂ’ ਹੈ, ਸੰਸਾਰ ਨੇੜੇ ਦੀ ਚੀਜ
ਕਮੀਨਾ, ਨਾਕਸ (ਪੰਜਾਬੀ ਫ਼ਾਰਸੀ ਕੋਸ਼), ਨਾਕਸ – ਨਾਲਾਇਕੀ, ਮੂਰਖਤਾ
ਭਰਉ – ਦੇਣਦਾਰ, ਭਰਨਾ
ਛਡਿ – ਛਡਣਾ
ਅਰਥ
ਜੇਕਰ ਉਸ ਵਾਹਿਗੁਰੂ ਦੀ ਬਰਾਬਰਤਾ ਕਰਨ ਵਾਲਾ ਨਲਾਇਕ ਹੈ, ਦੋਜ਼ਖ਼ ਦਾ ਹੱਕਦਾਰ ਹੈ ਤਾਂ ਦੀਨ
ਛੱਡਣਾ ਵੀ ਤਾਂ ਮੂਰਖਤਾ ਹੈ। ਦੀਨ ਛੱਡਣ ਵਾਲਾ ਵੀ ਤਾਂ ਬਰਾਬਰ ਦਾ ਦੇਣਦਾਰ ਹੈ, ਭਾਵ ਜਵਾਬ ਦੇਹ
ਹੈ। ਸੱਚ ਤਾਂ ਦੋਹਾਂ ਦੇ ਪੱਲੇ ਨਹੀਂ।
ਪਾਵਹੁ ਬੇੜੀ ਹਾਥਹੁ ਤਾਲ॥ ਨਾਮਾ ਗਾਵੈ ਗੁਨ ਗੋਪਾਲ॥ 12॥
ਗੁਰੂ ਗ੍ਰੰਥ ਸਾਹਿਬ, ਪੰਨਾ 1166
ਪਦ ਅਰਥ
ਪਾਵਹੁ – ਪਾਉਣੀ, ਜਿਸ ਤਰ੍ਹਾਂ ਕਿਸੇ ਦਰਿਆ ਜਾਂ ਸਮੁੰਦਰ ਨੂੰ ਪਾਰ ਕਰਨ ਲਈ ਕੋਈ ਬੇੜੀ ਸਮੁੰਦਰ
ਵਿੱਚ ਪਾਉਂਦਾ ਹੈ।
ਬੇੜੀ – ਬੇੜੀ
ਪਾਵਹੁ ਬੇੜੀ – (ਬੇੜੀ ਪਾਉ)
ਹਾਥਹੁ – ਡੂੰਘਿਆਈ ਮਾਪਣਾ, (ਸੁਣਿਐ ਹਾਥ ਹੋਵੈ ਅਸਗਾਹੁ), ਹਾਥ ਲੈਣਾ ਭਾਵ ਜਾਣ ਲੈਣਾ
ਤਾਲ – ਭਵਸਾਗਰ, ਸਮੁੰਦਰ
ਨਾਮਾ – ਨਾਮ
ਨਾਮਾ ਗਾਵੈ – ਨਾਮ ਸਿਮਰਨ ਕਰਨਾ
ਗੁਨ – ਗੁਣ
ਗੋਪਾਲ – ਪਾਲਕ ਅਤੇ ਰੱਖਿਅਕ, ਪਰਮੇਸਰ
ਅਰਥ
ਜੇਕਰ ਇਸ ਆਤਮਿਕ ਗਿਆਨ ਰੂਪੀ ਸਮੁੰਦਰ ਦੀ ਡੂੰਘਿਆਈ ਮਾਪਣਾ ਚਾਹੁੰਦੇ ਹੋ ਭਾਵ ਜਾਨਣਾ ਚਾਹੁੰਦੇ
ਹੋ ਤਾਂ ਪਾਲਕ ਅਤੇ ਰੱਖਿਅਕ ਦੇ ਨਾਮ ਸਿਮਰਨ ਰੂਪੀ ਬੇੜੀ ਨੂੰ ਇਸ ਆਤਮਿਕ ਗਿਆਨ ਰੂਪੀ ਸਮੁੰਦਰ ਵਿੱਚ
ਪਾਵੋ। ਤਾਂ ਹੀ ਇਹ ਆਤਮਿਕ ਗਿਆਨ ਰੂਪੀ ਸੱਚ ਜਾਣਿਆ ਜਾ ਸਕਦਾ ਹੈ।
ਗੰਗ ਜਮੁਨ ਜਉ ਉਲਟੀ ਬਹੈ॥ ਤਉ ਨਾਮਾ ਹਰਿ ਕਰਤਾ ਰਹੈ॥ 13॥
ਗੁਰੂ ਗ੍ਰੰਥ ਸਾਹਿਬ, ਪੰਨਾ 1166
ਪਦ ਅਰਥ
ਗੰਗ – ਗੰਗਾ ਨਦੀ
ਜਮੁਨ – ਜਮਨਾ ਨਦੀ
ਉਲਟੀ – ਉਲਟਾ ਵਹਿਣ ਹੋ ਜਾਣਾ, ਭਾਵ ਜਿਧਰੋਂ ਪਾਣੀ ਆ ਰਿਹਾ ਹੈ, ਉੱਧਰ ਹੀ ਤੁਰ ਪਵੇ
ਬਹੈ – ਵਹਿਣ, ਪਾਣੀ ਦਾ ਵਹਾ
ਤਉ – ਤਾਂ
ਨਾਮਾ –ਨਾਮ ਸਿਮਰਨ
ਕਰਤਾ - ਕਰਨਾ
ਹਰਿ ਕਰਤਾ ਰਹੈ – ਲਗਾਤਾਰ, ਸਾਸ ਗ੍ਰਾਸ ਹਰੀ ਸਿਮਰਨ ਕਰਦਾ ਰਹੇ
ਅਰਥ
ਜਿਸ ਤਰ੍ਹਾਂ ਗੰਗਾ ਜਮਨਾ ਉਲਟ ਵਹਿਣ ਲੱਗ ਪੈਣ, ਇਸ ਤਰ੍ਹਾਂ ਕਰਮਕਾਂਡਾਂ ਨਾਲੋ ਟੁੱਟ ਕੇ ਉਸ
ਦੀ ਰਜ਼ਾ ਅੰਦਰ ਉਸ ਵਾਹਿਗੁਰੂ ਦਾ ਨਾਮ ਸਿਮਰਨ ਸਦਾ ਹੀ ਕਰਦਾ ਰਹੇ। ਤਦ ਹੀ ਇਸ ਆਤਮਿਕ ਗਿਆਨ ਨੂੰ
ਮਾਣਿਆ ਜਾ ਸਕਦਾ ਹੈ।
ਸਾਤ ਘੜੀ ਜਬ ਬੀਤੀ ਸੁਣੀ॥ ਅਜਹੁ ਨ ਆਇਓ ਤ੍ਰਿਭਵਣ ਧਣੀ॥ 14॥
ਗੁਰੂ ਗ੍ਰੰਥ ਸਾਹਿਬ, ਪੰਨਾ 1166
ਪਦ ਅਰਥ
ਸਾਤ – ਤੇਜ਼ (Fast)
ਘੜੀ – ਸਮਾਂ
ਜਬ – ਜਦੋਂ, ਉਦੋਂ, ਜਿਸ ਵੇਲੇ, ਉਸ ਵੇਲੇ
ਅਜਹੁ – ਅਜੇ
ਅਜਹੁ ਨ ਆਇਓ – ਅਜੇ ਸਮਝ ਪਈ ਹੀ ਨਹੀਂ
ਤ੍ਰਿਭਵਣ ਧਣੀ – ਤ੍ਰਿਲੋਕੀ ਦਾ ਮਾਲਕ ਵਾਹਿਗੁਰੂ
ਬੀਤੀ – ਬੀਤੀ ਬੀਤ ਜਾਣੀ, ਬੀਤ ਜਾਣਾ, ਖਤਮ ਹੋ ਜਾਣਾ
ਸੁਣੀ – ਸੁਣਨਾ ਸੁੱਝਿਆ (Past)
ਬੀਤੀ ਸੁਣੀ – ਬੀਤ ਚੁੱਕਾ (ਸੁਣਨ ਨੂੰ ਮਿਲਣਾ ਭਾਈ ਸਮਾ ਬੀਤ ਚੁੱਕਾ ਹੈ)
ਅਰਥ
ਜੀਵਣ ਦਾ ਸਮਾਂ ਬਹੁਤ ਸੀਮਿਤ ਹੈ, ਤੇਜ ਹੈ ਅਤੇ ਜਦੋਂ ਅੰਤ ਸਮੇ ਇਹ ਸੋਚਣਾ ਕਿ ਅਜੇ ਤ੍ਰਿਲੋਕੀ ਦੇ
ਮਾਲਕ ਦੀ ਬਖਸ਼ਿਸ਼ ਦੀ ਸਮਝ ਹੀ ਨਹੀਂ ਪਈ ਤਾਂ ਉਸ ਵੇਲੇ ਸਮਾਂ ਬੀਤ ਚੁੱਕਾ ਹੋਣਾ। ਫਿਰ ਜੀਵਨ ਦੇ ਲਕਸ਼
ਦੀ ਪ੍ਰਾਪਤੀ ਨਹੀਂ ਹੋਣੀ।
ਪਾਖੰਤਣ ਬਾਜ ਬਜਾਇਲਾ॥ ਗਰੁੜ ਚੜੑੇ ਗੋਬਿੰਦ ਆਇਲਾ॥ 15॥
ਗੁਰੂ ਗ੍ਰੰਥ ਸਾਹਿਬ, ਪੰਨਾ 1166
ਪਦ ਅਰਥ
ਪਾ – (ਫ਼ਾਰਸੀ ਦਾ ਸ਼ਬਦ ਹੈ), ਹੇਠਾ, ਨੀਵਾ ਭਾਵ ਨੀਵੇ ਪੱਧਰ ਦੀ ਗੱਲ
ਖੰਤਣ – ਸੁੰਨਤ ਕਰਨਾ, ਫ਼ਾਰਸੀ ਖਤਨ ਤੋ (ਖੰਤਨ ਹੈ
ਬਾਜ – ਬਗੈਰ
ਬਜਾ – (ਫ਼ਾਰਸੀ) ਗ਼ਲਤੀ, ਭੁੱਲ, ਦੋਸ਼, ਪਾਪ
ਇਲਾ – (ਫ਼ਾਰਸੀ) ਨਹੀਂ ਤਾਂ, ਇਸ ਤੋਂ ਬਿਨਾਂ ਪ੍ਰੰਤੂ ਸਿਵਾਏ
ਆਇਲਾ – (ਫ਼ਾਰਸੀ) ਨਹੀਂ ਹੁੰਦਾ, ਪ੍ਰਾਪਤੀ ਨਾਂ ਹੋਣਾ ( ‘ਅ’ ਦੇ ਪਿਛੇਤਰ ‘ਇਲਾ’ ਹੈ ਅਤੇ ਫ਼ਾਰਸੀ
ਦੇ ਨਿਯਮ ਅਨੁਸਾਰ ਜਦੋ ਆ ਦੇ ਪਿਛੇਤਰ ‘ਇਲਾ’ ਸ਼ਬਦ ਲੱਗਦਾ ਹੈ ਤਾਂ ਨਾਂਹ ਵਾਚਕ ਬਣ ਜਾਂਦਾ ਹੈ)
ਗਰੁੜ –
ਹਰਿ ਪ੍ਰਭ ਆਨਿ ਮਿਲਾਵਹੁ ਗੁਰੁ ਸਾਧੂ ਘਸਿ ਗਰੁੜੁ ਸਬਦੁ ਮੁਖਿ ਲੀਠਾ॥
ਗੁਰੂ ਗ੍ਰੰਥ ਸਾਹਿਬ, ਪੰਨਾ 171
ਗਰੁੜੁ ਸਬਦੁ ਮੁਖਿ ਪਾਇਆ ਹਉਮੈ ਬਿਖੁ ਹਰਿ ਮਾਰੀ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 1260
ਸੋ ਗੁਰਮਤਿ ਵੀਚਾਰਧਾਰਾ ਅਨੁਸਾਰ ਆਤਮਿਕ ਗਿਆਨ ਦਾ ਨਾਮ ਗਰੁੜ ਹੈ
ਚੜੇੑ – ਪ੍ਰਕਾਸ਼ ਹੋਣਾ, ਜਿਸ ਤਰ੍ਹਾਂ ਸੂਰਜ ਚੜੇ ਤਾਂ ਪ੍ਰਕਾਸ਼ ਹੁੰਦਾ ਹੈ
ਗਰੁੜ ਚੜੇੑ – ਗਿਆਨ ਦਾ ਪ੍ਰਕਾਸ਼ ਹੋਣਾ
ਗਰੁੜ ਚੜੇੑ ਗੋਬਿੰਦ ਆਇਲਾ – ਆਤਮਿਕ ਗਿਆਨ ਤੋਂ ਬਿਨਾ ਗੁਰਮਤਿ ਦਾ ਪ੍ਰਕਾਸ਼ ਨਹੀਂ ਹੁੰਦਾ (ਗੋਬਿੰਦ
- ਗਯਾਨ ਕਰਕੇ ਪ੍ਰਾਪਤ ਹੋਣ ਯੋਗ ਵਾਹਿਗੁਰੂ ਮਹਾਨ ਕੋਸ਼)
ਅਰਥ
ਇਹ ਭੁੱਲ ਹੈ, ਹੇਠਲੇ ਪੱਧਰ ਭਾਵ ਛੋਟੇ ਲੈਵਲ ਦੀ ਗੱਲ ਹੈ ਕਿ ਸੁੰਨਤ ਕਰਨ ਤੋਂ ਬਗ਼ੈਰ ਆਤਮਿਕ ਗਿਆਨ
ਦਾ ਪ੍ਰਕਾਸ਼ ਨਹੀਂ ਹੁੰਦਾ। (ਮੁਸਲਮਾਨ ਇਹ ਸਮਝਦਾ ਹੈ ਕਿ ਸੁੰਨਤ ਕਰਨਾ ਹੀ ਆਤਮਿਕ ਗਿਆਨ ਦੇ ਮਾਰਗ
ਦੀ ਪ੍ਰਾਪਤੀ ਹੈ)।
ਨੋਟ – ਮੁਸਲਮਾਨ ਵੀਚਾਰਧਾਰਾ ਅਨੁਸਾਰ ਆਤਮਿਕ ਗਿਆਨ ਦੀ ਸੂਝ ਲਈ ਸੁੰਨਤ ਕਰਨੀ ਪੈਂਦੀ ਹੈ; ਨਹੀ ਤਾਂ
ਪ੍ਰਵਾਣ ਨਹੀਂ। ਇਸ ਵੀਚਾਰਧਾਰਾ ਨੂੰ ਭਗਤ ਨਾਮਦੇਵ ਜੀ ਗੁਰਮਤਿ ਵੀਚਾਰਧਾਰਾ ਅਨੁਸਾਰ ਰੱਦ ਕਰਦੇ ਹਨ।
ਭਗਤ ਜੀ ਕਹਿੰਦੇ ਹਨ ਕਿ ਨਿਰੀ ਸੁੰਨਤ ਕਰਨ ਨਾਲ ਸੱਚ ਨਹੀਂ ਜਾਣਿਆ ਜਾ ਸਕਦਾ।
ਅਪਨੇ ਭਗਤ ਪਰਿ ਕੀ ਪ੍ਰਤਿਪਾਲ॥
ਗਰੁੜ ਚੜੇੑ ਆਏ ਗੋਪਾਲ॥ 16॥
ਗੁਰੂ ਗ੍ਰੰਥ ਸਾਹਿਬ, ਪੰਨਾ 1166
ਪਦ ਅਰਥ
ਅਪਨੇ ਭਗਤ – ਖ਼ੁਦਾ ਆਪਣੀ ਬੰਦਗੀ ਕਰਨ ਵਾਲੇ ਉੱਪਰ
ਪਰਿ – ਉੱਪਰ
ਪ੍ਰਤਿਪਾਲ – ਬਖਸ਼ਿਸ਼
ਗਰੁੜ ਚੜੇੑ – ਆਤਮਿਕ ਗਿਆਨ ਦਾ ਪ੍ਰਕਾਸ਼
ਗੋਪਾਲ – ਪਾਲਕ ਅਤੇ ਰੱਖਿਅਕ ਖ਼ੁਦਾ
ਅਰਥ
ਜਦੋਂ ਕਿ ਸੱਚ ਇਹ ਹੈ ਕਿ ਜੋ ਉਸ ਖ਼ੁਦਾ ਦੀ ਬੰਦਗੀ ਕਰਦਾ ਹੈ, ਖ਼ੁਦਾ ਉਸ ਬੰਦਗੀ ਕਰਨ ਵਾਲੇ ਉੱਪਰ
ਆਪਣੀ ਬਖਸ਼ਿਸ਼ ਕਰਦਾ ਹੈ ਤਾਂ ਬੰਦਗੀ ਕਰਨ ਵਾਲੇ ਨੂੰ ਆਤਮਿਕ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਭਾਵ
ਆਤਮਿਕ ਗਿਆਨ ਦੀ ਸੂਝ ਪ੍ਰਾਪਤ ਹੁੰਦੀ ਹੈ। ਸੁੰਨਤ ਕਰਨ ਨਾਲ ਜਾਂ ਗਾਇਤ੍ਰੀ ਮੰਤਰ ਪੜਨ ਨਾਲ ਨਹੀਂ।
ਕਹਹਿ ਤ ਧਰਣਿ ਇਕੋਡੀ ਕਰਉ॥
ਕਹਹਿ ਤਲੇ ਕਰਿ ਊਪਰਿ ਧਰਉ॥ 17॥
ਗੁਰੂ ਗ੍ਰੰਥ ਸਾਹਿਬ, ਪੰਨਾ 1166
ਪਦ ਅਰਥ
ਕਹਹਿ – ਕਹਿਣ ਨਾਲ, ਗੱਲਾਂ ਨਾਲ
ਧਰਣਿ – ਧਰਤੀ
ਇਕੋਡੀ – ਪੁੱਠੀ, ਟੇਢੀ
ਕਰਉ – ਕਰਨਾ, ਕਰ ਦੇਣਾ
ਤਲੇ –ਤਲ ਹੇਠਲਾ ਪਾਸਾ
ਕਰਿ – ਕਰਨਾ
ਊਪਰਿ – ਉੱਪਰ
ਧਰਉ – ਧਰਨਾ, ਧਰ ਦੇਣਾ
ਤਲੇ ਕਰਿ ਊਪਰਿ ਧਰਉ – ਹੇਠਲਾ ਪਾਸਾ ਊਪਰਿ ਕਰਿ ਧਰਨਾ ਭਾਵ
ਬਾਤਨ ਹੀ ਅਸਮਾਨੁ ਗਿਰਾਵਹਿ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 332
ਅਰਥ
ਗੱਲਾਂ ਨਾਲ ਧਰਤੀ ਪੁੱਠੀ ਕਰਿ ਦਿੰਦੇ ਹੋ। ਗੱਲਾਂ ਨਾਲ ਹੇਠਲਾ ਪਾਸਾ ਉੱਪਰ ਅਤੇ ਉੱਪਰਲਾ ਹੇਠਾਂ ਕਰ
ਦਿੰਦੇ ਹੋ, ਭਾਵ ਧਰਤੀ ਪੁੱਠੀ, ਸਿੱਧੀ ਕਰ ਦਿੰਦੇ ਹੋ। ਭਗਤ ਜੀ ਕਹਿੰਦੇ ਹਨ ਕਿ ਨਿਰੀਆਂ ਗੱਲਾਂ
ਨਾਲ ਹੀ ਸੱਚ ਨਹੀਂ ਮਾਣਿਆਂ ਜਾ ਸਕਦਾ।
ਕਹਹਿ ਤ ਮੁਈ ਗਊ ਦੇਉ ਜੀਆਇ॥
ਸਭੁ ਕੋਈ ਦੇਖੈ ਪਤੀਆਇ॥ 18॥
ਗੁਰੂ ਗ੍ਰੰਥ ਸਾਹਿਬ, ਪੰਨਾ 1166
ਪਦ ਅਰਥ
ਕਹਹਿ – ਕਹਿਣ ਨਾਲ ਗੱਲਾਂ ਨਾਲ
ਮੂਈ ਗਊ – ਖਿਮਾ ਅਤੇ ਧੀਰਜ ਰੂਪੀ ਗਊ
ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ॥ -ਪੰਨਾ 1329
ਜੀਆਇ – ਜਵਾਲ ਦੇਣਾ (ਖਿਮਾ ਤੇ ਧੀਰਜ ਵਾਲੇ ਗੁਣ ਅੰਦਰ ਪੈਦਾ ਹੋ ਜਾਣੇ)
ਸਭਿ ਕੋਈ – ਸਭ ਕੁੱਝ
ਪਤੀਆਇ – ਪਤੀਜਦਾ ਹੈ
ਅਰਥ
ਗੱਲਾਂ ਨਾਲ ਤਾਂ ਖਿਮਾ ਅਤੇ ਧੀਰਜ ਰੂਪੀ ਗਊ ਜੀਵਾਲ ਦਿੰਦੇ ਹੋ ਪਰ
ਕਬੀਰ ਦੇਖਿ ਕੈ ਕਿਹ ਕਹਉ ਕਹੇ ਨ ਕੋ ਪਤੀਆਇ॥
ਗੁਰੂ ਗ੍ਰੰਥ ਸਾਹਿਬ, ਪੰਨਾ 1370
ਨਿਰਾ ਗੱਲਾਂ ਨਾਲ ਉਹ ਖ਼ੁਦਾ ਨਹੀਂ ਪਤੀਜਦਾ ਉਹ ਤਾਂ ਸਭ ਕੁੱਝ ਦੇਖਕੇ ਪਤੀਜਦਾ (ਪ੍ਰਸੰਨ) ਹੁੰਦਾ
ਹੈ।
ਨਾਮਾ ਪ੍ਰਣਵੈ ਸੇਲ ਮਸੇਲ॥ ਗਊ ਦੁਹਾਈ ਬਛਰਾ ਮੇਲਿ॥ 19॥
ਗੁਰੂ ਗ੍ਰੰਥ ਸਾਹਿਬ, ਪੰਨਾ 1166
ਪਦ ਅਰਥ
ਨਾਮਾ – ਹੁਕਮ, ਰਜ਼ਾ
ਪ੍ਰਣਵੈ – ਝੁਕਣਾ, ਸਿੱਜਦਾ ਕਰਨਾ
ਸੇਲ – ਸੇਲੀ ਤੋਂ ਹੈ (ਸੇਲੀ ਗੁੱਤ ਵਾਂਗ ਤਿੰਨ ਲੜੀਆਂ ਵਾਲੀ ਗੁੰਦਵੀ ਰੱਸੀ ਹੈ। ਸੇਲੀ ਨੂੰ
ਮੁਸਲਮਾਨ ਤਿਆਗ ਅਤੇ ਵੈਰਾਗ ਦਾ ਚਿੰਨ ਸਮਝਦੇ ਹਨ। ਜਿਵੇਂ ਅੱਜ ਵੀ ਅਰਬ ਮੁਲਕਾਂ ਦੇ ਮੁਸਲਮਾਨ ਸਿਰ
ਉੱਤੇ ਕਪੜਾ ਰੱਖਕੇ ਉੱਪਰ ਸੇਲੀ ਬੰਨਦੇ ਹਨ।
ਮਸੇਲ – (ਫ਼ਾਰਸੀ ਦੇ ਸ਼ਬਦ ਮਸਲ ਤੋਂ ਹੈ)। ਇਸਦਾ ਅਰਥ ਅਖੌਤ ਭਾਵ, ਅਖੌਤੀ ਭਾਵ ਜਿਸ ਗੱਲ ਵਿੱਚ ਸਚਾਈ
ਨਾਂਹ ਹੋਵੇ।
ਨਾਮਾ ਪ੍ਰਣਵੈ ਸੇਲ ਮਸੇਲ – ਸਿਰ ਉੱਪਰ ਇੱਕ ਤਿਆਗ ਅਤੇ ਵੈਰਾਗ ਰੂਪ ਚਿੰਨ ਧਾਰਨ ਕਰ ਲੈਣੇ ਪਰ ਅੰਦਰ
ਸੱਚ ਨਾਂ ਹੋਣਾ ਨਿਰਾ ਵਿਖਾਵੇ ਦੇ ਤੌਰ ਤੇ ਚਿੰਨ ਧਾਰਨ ਕਰ ਲੈਣ ਨੂੰ ਹੀ ਸੱਚ ਸਮਝਣਾ
ਗਊ – ਗਾਂ, ਗਾਇਤ੍ਰੀ
ਦੁਹਾਈ – ਦੁਹਾਈ ਪਾਉਣੀ
ਬਛਰਾ – ਗਾਂ ਦਾ ਦੁਧ ਚੁੰਘਣ ਵਾਲਾ ਬਛੜਾ
ਮੇਲਿ – ਪ੍ਰਾਪਤੀ ਭਾਵ ਮੇਲ ਹੋ ਜਾਣਾ (ਮੇਲ ਹੋ ਜਾਵੇ)
ਅਰਥ
ਇਕ ਸੇਲੀ ਰੂਪੀ ਚਿੰਨ ਧਾਰਨ ਕਰ ਲੈਣ ਨੂੰ ਹੀ ਵੈਰਾਗ, ਤਿਆਗ ਅਤੇ ਉਸ ਪ੍ਰਭੂ ਦੀ ਰਜ਼ਾ ਸਮਝਦਾ ਹੈ।
ਦੂਸਰਾ, ਵੱਛੇ ਵਾਂਗ ਗਾਇਤ੍ਰੀ ਦੀ ਦੁਹਾਈ ਹੀ ਪਾਈ ਜਾਂਦਾ ਹੈ ਕਿ ਗਾਇਤ੍ਰੀ ਮੰਤਰ ਹੀ ਮੇਲਿ ਆਤਮਿਕ
ਗਿਆਨ ਦੀ (ਪ੍ਰਾਪਤੀ) ਦਾ ਸਾਧਨ ਹੈ।
ਦੂਧਹਿ ਦੁਹਿ ਜਬ ਮਟੁਕੀ ਭਰੀ॥
ਲੇ ਬਾਦਿਸਾਹ ਕੇ ਆਗੇ ਧਰੀ॥ 20॥
ਗੁਰੂ ਗ੍ਰੰਥ ਸਾਹਿਬ, ਪੰਨਾ 1166
ਪਦ ਅਰਥ
ਦੂਧਹਿ – ਆਤਮਿਕ ਗਿਆਨ ਰੂਪੀ ਦੁੱਧ ਜੋ ਮਨੁੱਖ ਨੂੰ ਆਤਮਿਕ ਤੌਰ ਤੇ ਬਲਵਾਨ ਕਰਦਾ ਹੈ।
ਦੁਹਿ – ਦੋਹਣ ਦੀ ਕਿਰਿਆ ਭਾਵ ਪ੍ਰਾਪਤ ਕਰਨਾ
ਜਬ – ਜਦੋਂ
ਮਟਕੀ – ਹਿਰਦੇ ਰੂਪੀ ਮਟਕੀ, ਕਟੋਰੀ
ਬਾਦਿਸਾਹ – ਕਰਤਾਰ, ਵਾਹਿਗੁਰੂ, ਖ਼ੁਦਾ
ਕੇ – ਦੇ
ਆਗੇ ਧਰੀ – ਅੱਗੇ ਧਰਨਾ, ਭੇਟ ਕਰਨਾ, ਆਪਾ ਅਰਪਣ ਕਰਨਾ
ਅਰਥ
ਸੱਚ ਇਹ ਹੈ ਕਿ ਜਦੋਂ ਮਨੁੱਖ ਦੀ ਹਿਰਦੇ ਰੂਪੀ ਕਟੋਰੀ ਆਤਮਿਕ ਤੌਰ ਤੇ ਬਲਵਾਨ ਕਰ ਦੇਣ ਵਾਲੇ ਨਾਮ
ਰੂਪੀ ਦੁਧ (ਸੱਚ) ਨਾਲ ਭਰ ਜਾਵੇ ਤਾਂ ਫਿਰ ੳਹ ਮਨੁੱਖ ਵਾਹਿਗੁਰੂ, ਕਰਤਾਰ, ਖ਼ੁਦਾ ਅੱਗੇ ਉਹ ਆਪਾ
ਭੇਟ ਕਰੇ।
ਬਾਦਿਸਾਹੁ ਮਹਲ ਮਹਿ ਜਾਇ॥
ਅਉਘਟ ਕੀ ਘਟ ਲਾਗੀ ਆਇ॥ 21॥
ਗੁਰੂ ਗ੍ਰੰਥ ਸਾਹਿਬ, ਪੰਨਾ 1166
ਪਦ ਅਰਥ
ਮਹਲ – ਭਾਈ ਕਾਹਨ ਸਿੰਘ ਜੀ ਨੇ ਮਹਲ ਦੇ ਅਰਥ ਲੀਨ ਵੀ ਕੀਤੇ ਹਨ, ਇਸ ਸਬਦ ਅੰਦਰ ਮਹਲ ਦੇ ਅਰਥ ਲੀਨ
ਹੀ ਬਣਦੇ ਹਨ। ਲੀਨ ਹੋ ਜਾਣਾ, ਭਾਵ ਸਮਰਪਤ ਹੋ ਜਾਣਾ “ਮਹਲ ਮਹਿ ਬੈਠੇ ਅਗਮ ਅਪਾਰ” (ਮਲਾ ਮ: 1)
ਬਾਦਿਸਾਹੁ – ਕਰਤਾਰ, ਵਾਹਿਗੁਰੂ, ਖ਼ੁਦਾ
ਮਹਿ – ਵਿਚ, ਅੰਦਰ
ਬਾਦਿਸਾਹੁ ਮਹਲ ਮਹਿ ਜਾਇ – ਕਰਤਾਰ, ਵਾਹਿਗੁਰੂ, ਖ਼ੁਦਾ ਦਾ ਹਿਰਦੇ ਰੂਪੀ ਘਰ ਵਿੱਚ ਲੀਨ ਹੋ ਜਾਣਾ,
ਉਸ ਖੁਦਾ ਨੂੰ ਬੰਦਗੀ ਵਾਲੇ ਪੁਰਖ ਦਾ ਸਮਰਪਤ ਹੋ ਜਾਣਾ
ਅਉਘਟ – ਗਹਿਰੀ
ਘਟ – ਪਾਣ
ਕੀ – ਦੀ
ਲਾਗੀ – ਲਗਣੀ, ਚੜ੍ਹਨੀ
ਆਇ – ਆ ਜਾਣਾ
ਅਉਘਟ ਕੀ ਘਟ ਲਾਗੀ ਆਇ – ਗਹਿਰੀ ਪਾਣ ਆ ਚੜ੍ਹਨੀ
ਅਰਥ
ਉਸ ਖ਼ੁਦਾ ਅਗੇ ਆਪਾ ਸਮਰਪਣ ਕਰਨ ਵਾਲੇ ਉਸ ਖੁਦਾ ਵਿੱਚ ਲੀਨ, ਭਾਵ ਉਸ ਨੂੰ ਸਮਰਪਤ ਹੋ ਜਾਂਦੇ ਹਨ।
ਅਤੇ ਸੱਚ ਨਾਮ ਉਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਆ ਜਾਂਦਾ ਹੈ, ਅਤੇ ਨਾਮ ਦੀ ਸੱਚੀ ਗਹਿਰੀ, ਨਾ
ਲਹਿਣ ਵਾਲੀ ਪਾਣ (ਰੰਗਤ) ਉਨ੍ਹਾਂ ਨੂੰ ਚੜ੍ਹ ਜਾਂਦੀ ਹੈ।
ਆਇ ਗਇਆ ਕੀ ਨ ਆਇਓ ਕਿਉ ਆਵੈ ਜਾਤਾ॥
ਪ੍ਰੀਤਮ ਸਿਉ ਮਨੁ ਮਾਨਿਆ ਹਰਿ ਸੇਤੀ ਰਾਤਾ॥
ਗੁਰੂ ਗ੍ਰੰਥ ਸਾਹਿਬ, ਪੰਨਾ 766
ਜਦ ਕਰਤਾਰ ਦਾ ਨਾਮ ਹੀ ਹਿਰਦੇ ਰੂਪੀ ਘਰ ਵਿੱਚ ਆ ਗਿਆ ਤਾਂ ਬਾਕੀ ਕੀ ਨਹੀਂ ਆਇਆ (ਬਾਕੀ ਕੁੱਝ ਰਹਿ
ਹੀ ਨਹੀਂ ਜਾਂਦਾ)। ਇਸੇ ਵਿੱਚ ਹੀ ਸਾਰੀ ਪ੍ਰਾਪਤੀ ਹੈ, ਸਚਾਈ ਹੈ।
ਕਾਜੀ ਮੁਲਾਂ ਬਿਨਤੀ ਫੁਰਮਾਇ॥
ਬਖਸੀ ਹਿੰਦੂ ਮੈ ਤੇਰੀ ਗਾਇ॥ 22॥
ਗੁਰੂ ਗ੍ਰੰਥ ਸਾਹਿਬ, ਪੰਨਾ 1166
ਪਦ ਅਰਥ
ਕਾਜੀ ਮੁਲਾ – ਮੁਸਲਮ ਧਾਰਮਿਕ ਅਤੇ ਰਾਜਨੀਤਕ ਆਗੂ
ਬਿਨਤੀ – ਸਿੱਜਦਾ
ਫੁਰਮਾਇ – ਬਖਸ਼ਿਆ, ਮੁਬਾਰਕ
ਤੁਝੈ ਕਿਨਿੑ ਫੁਰਮਾਈ ਗਾਇ॥
ਗੁਰੂ ਗ੍ਰੰਥ ਸਾਹਿਬ, ਪੰਨਾ 1375
ਤੈਨੂੰ ਕਿਸ ਨੇ ਇਹ ਗਿਆਨ ਬਖਸ਼ਿਆ?
ਬਖਸੀ – ਬਖਸ਼ਣਾ, ਮੁਬਾਰਕ
ਤੇਰੀ ਗਾਇ – ਤੇਰੀ ਗਾਇਤ੍ਰੀ, ਤੇਰੀ ਗਾਂ
ਹਿੰਦੂ – ਹਿੰਦੂ
ਅਰਥ
ਇਸ ਕਰਕੇ ਕਾਜ਼ੀ ਅਤੇ ਮੁੱਲਾਂ ਤੈਨੂੰ ਤੇਰਾ ਸਿੱਜਦਾ ਮੁਬਾਰਕ ਅਤੇ ਹਿੰਦੂ ਤੈਨੂੰ ਤੇਰੀ ਗਾਇਤ੍ਰੀ
ਮੁਬਾਰਕ। (ਨਾਮਦੇਵ ਜੀ ਕਹਿੰਦੇ ਹਨ ਕਿ ਮੇਰੇ ਤੇਰੀ ਗਾਇਤ੍ਰੀ ਕਿਤੇ ਫਿੱਟ ਨਹੀਂ ਬਹਿੰਦੀ।)
ਨਾਮਾ ਕਹੈ ਸੁਨਹੁ ਬਾਦਿਸਾਹ॥
ਇਹੁ ਕਿਛੁ ਪਤੀਆ ਮੁਝੈ ਦਿਖਾਇ॥ 23॥
ਗੁਰੂ ਗ੍ਰੰਥ ਸਾਹਿਬ, ਪੰਨਾ 1166
ਪਦ ਅਰਥ
ਨਾਮਾ ਕਹੈ – ਸਿਮਰਨ ਕਰੈ
ਸੁਨਹੁ – ਸੁਣੋ
ਬਾਦਸਾਹ – ਕਰਤਾਰ, ਵਾਹਿਗੁਰੂ
ਪਤੀਆ – ਵਿਸ਼ਵਾਸ, ਭਰੋਸਾ (ਮਹਾਨ ਕੋਸ਼)
ਮੁਝੈ ਦਿਖਾਇ – ਮੈਨੂੰ ਬਖ਼ਸ਼ਿਆ ਹੈ
ਅਰਥ
ਉਸ ਕਰਤਾਰ ਦਾ ਨਾਮ ਸਿਮਰਨ ਕਰਿਆ ਕਰੋ। ਮੇਰਾ ਸਾਰਾ ਭਰੋਸਾ ਕਰਤਾਰ ਦੇ ਨਾਮ ਸਿਮਰਨ ਅਤੇ ਉਸ ਦੀ ਰਜ਼ਾ
ਵਿੱਚ ਰਹਿਣ ਉੱਪਰ ਹੈ। ਭਗਤ ਜੀ ਦਾ ਮਤਲਬ ਹੈ ਕਿ ਮੇਰਾ ਸਾਰਾ ਭਰੋਸਾ ਮੇਰੇ ਮਾਲਕ ਵਾਹਿਗੁਰੂ ਉੱਪਰ
ਹੈ; ਤੁਹਾਡੇ ਸਿੱਜਦੇ ਜਾਂ ਤੁਹਾਡੀ ਗਾਇਤ੍ਰੀ ਉੱਪਰ ਨਹੀਂ।
ਇਸ ਪਤੀਆ ਕਾ ਇਹੈ ਪਰਵਾਨੁ॥
ਸਾਚਿ ਸੀਲਿ ਚਾਲਹੁ ਸੁਲਿਤਾਨ॥ 24॥
ਗੁਰੂ ਗ੍ਰੰਥ ਸਾਹਿਬ, ਪੰਨਾ 1166
ਪਦ ਅਰਥ
ਪਤੀਆ – ਭਰੋਸਾ
ਪਰਵਾਨੁ – ਨਤੀਜਾ
ਸਾਚਿ – ਸਤਯ, ਸੱਚ
ਚਾਲਹੁ ਸੁਲਤਾਨ – ਉਸ ਵਾਹਿਗੁਰੂ ਦੀ ਰਜ਼ਾ ਵਿੱਚ ਚਲਣਾ
ਸੀਲ – ਪਵਿਤਰ ਧਰਮ
ਸਾਚੁ ਸੀਲ ਸਚੁ ਸੰਜਮੀ ਸਾ ਪੂਰੀ ਪਰਵਾਰਿ॥
ਨਾਨਕ ਅਹਿਨਿਸਿ ਸਦਾ ਭਲੀ ਪਿਰ ਕੈ ਹੇਤਿ ਪਿਆਰਿ॥ 2॥
ਗੁਰੂ ਗ੍ਰੰਥ ਸਾਹਿਬ, ਪੰਨਾ 1088
ਅਰਥ
ਇਸ ਭਰੋਸੇ ਦਾ ਇਹ ਨਤੀਜਾ ਹੈ ਕਿ ਉਸ ਸੱਚੇ ਸੁਲਤਾਨ (ਵਾਹਿਗੁਰੂ) ਦੀ ਰਜ਼ਾ ਅੰਦਰ ਚੱਲਣਾ ਹੀ ਪਵਿੱਤਰ
ਧਰਮ ਹੈ।
ਨਾਮਦੇਉ ਸਭ ਰਹਿਆ ਸਮਾਇ॥
ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ॥ 25॥
ਗੁਰੂ ਗ੍ਰੰਥ ਸਾਹਿਬ, ਪੰਨਾ 1166
ਪਦ ਅਰਥ
ਨਾਮਦੇਉ – ਨਾਮਦੇਵ ਜੀ
ਰਹਿਆ ਸਮਾਇ – ਜੋ ਸਰਬ-ਵਿਆਪਕ ਹੈ (ਕਰਤਾਰ)
ਨਾਮੇ ਪਹਿ – ਨਾਮ ਦੇ ਮਾਰਗ ਤੇ ਚੱਲਣਾ
ਪਹਿ – ਮਾਰਗ, ਰਸਤਾ
ਸਭ – ਤਮਾਮ, ਸਾਰਿਆਂ ਨੂੰ
ਮਿਲਿ – ਪ੍ਰਾਪਤੀ, ਮਿਲਣਾ
ਜਾਹਿ – ਚਲਣਾ
ਅਰਥ
ਨਾਮਦੇਵ ਦਾ ਸਵਾਮੀ ਸਰਬਵਿਆਪਕ ਹੈ। ਸਾਰੇ ਹਿੰਦੂ ਅਤੇ ਤਮਾਮ ਲੋਕਾਂ ਨੂੰ ਪ੍ਰੇਰਨਾ ਹੈ ਕਿ
ਸਰਬ-ਵਿਆਪਕ ਪ੍ਰਭੂ ਦੀ ਪ੍ਰਾਪਤੀ ਲਈ ਨਾਮ (ਸੱਚ) ਦੇ ਰਸਤੇ ਤੇ ਚੱਲਣਾ ਕਰਨ।
ਨੋਟ – ਪਰਮਾਤਮਾ ਨੂੰ ਮਿਲਣ ਦਾ ਰਸਤਾ ਇੱਕ ਹੀ ਹੈ ਕਿਉਂਕਿ ਪਰਮਾਤਮਾ ਇਕੁ ਹੈ। ਜਦੋਂ ਪਰਮਾਤਮਾ ਇੱਕ
ਹੈ ਤਾਂ ਉਸ ਨੂੰ ਮਿਲਣ ਦਾ ਰਸਤਾ ਵੀ ਇੱਕ ਹੀ ਹੈ।
ਜੋ ਜੋ ਤਰਿਓ ਪੁਰਾਤਨੁ ਨਵਤਨੁ ਭਗਤਿ ਭਾਇ ਹਰਿ ਦੇਵਾ॥
ਨਾਨਕ ਕੀ ਬੇਨੰਤੀ ਪ੍ਰਭ ਜੀਉ ਮਿਲੈ ਸੰਤ ਜਨ ਸੇਵਾ॥
ਗੁਰੂ ਗ੍ਰੰਥ ਸਾਹਿਬ, ਪੰਨਾ 1219
ਜਉ ਅਬਕੀ ਬਾਰ ਨ ਜੀਵੈ ਗਾਇ॥
ਤ ਨਾਮਦੇਵ ਕਾ ਪਤੀਆ ਜਾਇ॥ 26॥
ਗੁਰੂ ਗ੍ਰੰਥ ਸਾਹਿਬ, ਪੰਨਾ 1166
ਪਦ ਅਰਥ
ਅਬਕੀ – (ਫ਼ਾਰਸੀ ਦੇ ਸ਼ਬਦ ਅਬਦੀ ਤੋਂ ਹੈ) ਸਦਾ ਰਹਿਣ ਵਾਲਾ, ਅਕਾਲ ਪੁਰਖੁ ਵਾਹਿਗੁਰੂ
ਬਾਰ – (ਫ਼ਾਰਸੀ) ਸਿਫ਼ਤ ਕਰਨਾ, ਵਡਿਆਈ ਕਰਨਾ
ਬਾਰ ਨ – (ਬਾਰ ਦੇ ਨਾਲ ਨਾਂਹ ਲੱਗਣ ਨਾਲ ਨਾਂਹ ਵਾਚਕ ਬਣ ਜਾਂਦਾ ਹੈ) ਸਿਫ਼ਤ ਸਲਾਹ ਕਰਨ ਤੋਂ ਬਗ਼ੈਰ
ਜੀਵੈ – ਉਤਪੰਨ ਹੋਣਾ
ਗਾਇ – ਗਿਆਨ
ਤੁਝੈ ਕਿਨਿੑ ਫੁਰਮਾਈ ਗਾਇ॥
ਗੁਰੂ ਗ੍ਰੰਥ ਸਾਹਿਬ, ਪੰਨਾ 1375
ਭਾਵ ਤੈਨੂੰ ਕਿਸ ਨੇ ਇਹ ਗਿਆਨ ਬਖ਼ਸ਼ਿਆ ਹੈ
ਪਤੀਆ – ਭਰੋਸਾ
ਜਾਇ - ਜਾਣਾ
ਪਤੀਆ ਜਾਇ – ਭਰੋਸਾ ਜਾਣਾ
ਤ – ਫ਼ਾਰਸੀ ਦੇ ਤਾਂ ਤੋਂ ਹੈ; ਇਸਦੇ ਅਰਥ ਹਨ – ਕਦੇ ਨਹੀਂ
ਤ ਨਾਮਦੇਵ ਕਾ ਪਤੀਆ ਜਾਇ – ਨਾਮਦੇਵ ਦਾ ਇਹ ਭਰੋਸਾ ਕਦੇ ਵੀ ਨਹੀਂ ਜਾ ਸਕਦਾ
ਅਰਥ
ਉਸ ਸਦਾ ਰਹਿਣ ਵਾਲੇ ਅਕਾਲ ਪੁਰਖੁ ਦੀ ਵਡਿਆਈ ਭਾਵ ਸਿਮਰਨ ਕਰਨ ਤੋਂ ਬਗ਼ੈਰ ਆਤਮਿਕ ਗਿਆਨ ਉਤਪੰਨ
ਨਹੀਂ ਹੋ ਸਕਦਾ। ਨਾਮਦੇਵ ਦਾ ਇਹ ਭਰੋਸਾ ਹੈ ਅਤੇ ਇਹ ਭਰੋਸਾ ਕਦੇ ਵੀ ਨਹੀਂ ਜਾ ਸਕਦਾ।
ਨਾਮੇ ਕੀ ਕੀਰਤਿ ਰਹੀ ਸੰਸਾਰਿ॥
ਭਗਤ ਜਨਾਂ ਲੇ ਉਧਰਿਆ ਪਾਰਿ॥ 27॥
ਗੁਰੂ ਗ੍ਰੰਥ ਸਾਹਿਬ, ਪੰਨਾ 1166
ਪਦ ਅਰਥ
ਨਾਮੇ ਕੀ – ਨਾਮ ਦੀ
ਕੀਰਤਿ – ਵਡਿਆਈ, ਨੇਕਨਾਮੀ (ਮਹਾਨ ਕੋਸ਼)
ਰਹੀ ਸੰਸਾਰਿ – ਸੰਸਾਰ ਵਿੱਚ ਰਹੀ ਹੈ
ਲੇ ਉਧਰਿਆ ਪਾਰਿ – ਆਸਰਾ ਲੈ ਕੇ ਪਾਰ ਲੰਘ ਜਾਣਾ
ਅਰਥ
ਨਾਮ ਦੀ ਵਡਿਆਈ ਹਮੇਸ਼ਾ ਹੀ ਸੰਸਾਰ ਅੰਦਰ ਰਹਿੰਦੀ ਹੈ ਅਤੇ ਰਹੀ ਹੈ। ਭਗਤ ਜਨ ਨਾਮ ਦੀ ਵਡਿਆਈ ਦਾ,
ਭਾਵ ਸਿਮਰਨ ਦਾ ਆਸਰਾ ਲੈ ਕੇ ਪਾਰ ਲੰਘ ਜਾਂਦੇ ਹਨ।
ਸਗਲ ਕਲੇਸ ਨਿੰਦਕ ਭਇਆ ਖੇਦੁ॥
ਨਾਮੇ ਨਾਰਾਇਨ ਨਾਹੀ ਭੇਦੁ॥ 28॥ 1॥ 10॥
ਗੁਰੂ ਗ੍ਰੰਥ ਸਾਹਿਬ, ਪੰਨਾ 1166
ਪਦ ਅਰਥ
ਸਗਲ – ਸਾਰਾ
ਕਲੇਸ – ਝਗੜੇ
ਖੇਦੁ – ਦੁੱਖ
ਨਿੰਦਕ – ਗੁਣਾਂ ਨੂੰ ਅਉਗਣ ਕਹਿਣ ਵਾਲਾ (ਮਹਾਨ ਕੋਸ਼)
ਭਇਆ – ਸਮਝਣ ਦੇ
ਨਾਮੇ – ਨਾਮ ਦੀ ਬਖਸ਼ਿਸ਼ ਦੁਆਰਾ
ਨਾਮੇ ਨਾਰਾਇਣ ਨਾਹੀ – ਨਾਰਾਇਣ ਦਾ ਨਾਮ ਸਿਮਰਨ ਕਰਨ ਬਗ਼ੈਰ ਨਹੀਂ
ਭੇਦੁ – ਭੇਦ, ਭੇਤ
ਅਰਥ
ਧਰਮ ਦੇ ਨਾਮ ਤੇ ਸਾਰੇ ਝਗੜੇ ਗੁਣਾਂ ਨੂੰ ਅਉਗਣ ਕਹਿਣ ਦੇ ਹੀ ਹਨ ਅਤੇ ਇਨ੍ਹਾਂ ਨਾਲ ਹੀ ਦੁੱਖਾਂ ਦੀ
ਉੱਤਪਤੀ ਹੈ। ਸੱਚ ਨਾਲੋ ਟੁੱਟ ਕੇ ਆਪਣੇ ਆਪਣੇ ਆਮਾਰਗ ਨੂੰ ਮਾਰਗ ਦਰਸਾਉਣਾ, ਅਸਲ ਸੱਚ ਤੋਂ ਮੁਨਕਰ
ਹੋਣ ਦੇ ਬਰਾਬਰ ਹੈ, ਅਤੇ ਦੁੱਖਾਂ ਅਤੇ ਕਲੇਸ਼ਾਂ ਨੂੰ ਜਨਮ ਦਿੰਦਾ ਹੈ। ਜਦੋਂ ਕਿ ਸੱਚ ਇਹ ਹੈ ਕਿ ਉਸ
ਨਾਰਾਇਣ ਦੇ ਨਾਮ ਦੀ ਬਖ਼ਸ਼ਿਸ਼ ਤੋਂ ਬਗ਼ੈਰ ਇਹ ਭੇਦ ਨਹੀਂ ਜਾਣਿਆ ਜਾ ਸਕਦਾ।
ਭਾਵ ਸੱਚੇ ਦੇ ਸੱਚ ਨਾਲ ਜੁੜਨ ਤੋ ਬਗੈਰ ਇਹ ਜੋ ਧਰਮ ਦੇ ਨਾਮ ਤੇ ਲੜਾਈ ਝਗੜਾ ਹੈ ਖਤਮ ਨਹੀ ਹੋ
ਸਕਦਾ।
ਬਲਦੇਵ ਸਿੰਘ ਟੋਰਾਂਟੋ