1) ਕੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਸੰਪੂਰਨ ਗੁਰੂ ਹਨ ਜਾਂ ਫਿਰ ਅਧੂਰੇ
ਗੁਰੂ?
2) ਕੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਉਪਦੇਸ਼ਾਂ ਵਿੱਚ ਕੋਈ
ਸਿਧਾਂਤਕ/ਵਿਚਾਰਧਾਰਕ ਕਮੀ ਹੈ, ਜਿਨ੍ਹਾਂ ਦੀ ਪੂਰਤੀ ਵਾਸਤੇ ਕੋਈ ਹੋਰ ਗ੍ਰੰਥ ਪੜ੍ਹਨਾ ਜ਼ਰੂਰੀ ਹੈ?
3) ਕੀ ਸੱਚ ਦਾ ਗਿਆਨ ਪ੍ਰਾਪਤ ਕਰਕੇ ਆਪਣਾ ਆਤਮਕ ਜੀਵਨ ਉਚਾ-ਸੁੱਚਾ ਕਰਨ ਲਈ
ਸਿਰਫ਼ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣਾ ਕਾਫੀ ਨਹੀਂ?
4) ਦਸਮ ਗ੍ਰੰਥ ਵਿੱਚ ਅਜਿਹੀ ਕਿਹੜੀ ਬਿਹਤਰ/ਵਧੇਰੇ ਉਚ ਰਚਨਾ ਜਾਂ ਸਿਧਾਂਤ
ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ?
5) ਕੀ ਗੁਰੂ ਗ੍ਰੰਥ ਸਾਹਿਬ ਵਿੱਚ ਇਨਸਾਨੀਅਤ ਦੀ ਨੈਤਿਕ ਉਚਤਾ ਵਾਸਤੇ
ਜਿਹੜੇ ਉਪਦੇਸ਼ ਦਿੱਤੇ ਗਏ ਹਨ, ਤੁਸੀਂ ਉਨ੍ਹਾਂ ਸਾਰੇ ਉਪਦੇਸ਼ਾਂ ਨੂੰ ਚੰਗੀ ਤਰ੍ਹਾਂ ਸਮਝ-ਵਿਚਾਰ ਕੇ
ਅਪਣਾ ਲਿਆ ਹੈ, ਜੋ ਕਿਸੇ ਹੋਰ ਗ੍ਰੰਥ ਵਿੱਚ ਕਥਿਤ ਤੌਰ `ਤੇ ਦਿੱਤੇ ਗਏ ‘ਉਪਦੇਸ਼ਾਂ’ ਦੀ ਪਾਲਨਾ ਵੱਲ
ਤੁਰ ਪਏ ਹੋ?
6) ਕੀ ਤੁਸੀਂ (ਤਖ਼ਤਾਂ ਦੇ ਪੁਜਾਰੀ) ਜਾਂ ਤੁਹਾਡੇ ਸਮਰਥਕ (ਵੱਖ-ਵੱਖ
ਸਾਧਾਂ/ਜੱਥਿਆਂ ਦੇ ਸੰਸਥਾਪਕਾਂ ਨੂੰ ਆਪਣਾ ਅਸਲ ਰਹਿਨੁਮਾ ਮੰਨਣ ਵਾਲੇ ਅਖੌਤੀ ਸਿੱਖ) ਕਥਿਤ ਦਸਮ
ਗ੍ਰੰਥ ਵਿੱਚੋਂ ਅਜਿਹੀਆਂ ਕੁੱਝ ਰਚਨਾਵਾਂ ਦਾ ਹਵਾਲਾ ਦੇ ਸਕਦੇ ਹਨ, ਜਿਹੜੀਆਂ ਗੁਰੂ ਗ੍ਰੰਥ ਸਾਹਿਬ
ਦੀਆਂ ਰਚਨਾਵਾਂ ਤੋਂ ਬਿਹਤਰ ਹੋਣ?
7) ਕੀ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਦੀ
ਵਿਚਾਰਧਾਰਾ ਤੋਂ ਵੱਖ ਹਨ? ਜੇ ਹਾਂ, ਤਾਂ ਫਿਰ ਇਨ੍ਹਾਂ ਨੂੰ ਗੁਰਮਤਿ ਕਿਵੇਂ ਮੰਨਿਆ ਜਾ ਸਕਦਾ ਹੈ?
ਜੇ ਨਹੀਂ, ਤਾਂ ਇਨ੍ਹਾਂ ਨੂੰ ਪੜ੍ਹਨ ਦਾ ਲਾਭ ਹੀ ਕੀ ਹੈ ਜੇਕਰ ਇਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ
ਦੇ ਉਪਦੇਸ਼ਾਂ ਤੋਂ ਨਵਾਂ ਕੁੱਝ ਹੈ ਹੀ ਨਹੀਂ?
8) ਕੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਸਾਹਿਬ ਦੀ ਹੀ ਜੋਤਿ ਨਹੀਂ ਸਨ?
9) ਜੇਕਰ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਸਾਹਿਬ ਦੀ ਹੀ ਜੋਤਿ ਸਨ ਤਾਂ
ਫਿਰ ਕੀ ਉਨ੍ਹਾਂ ਨੂੰ ਆਪਣੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨ ਦਾ ਅਧਿਕਾਰ ਨਹੀਂ ਸੀ
(ਜਿਵੇਂ ਗੁਰੂ ਅਰਜਨ ਸਾਹਿਬ ਨੇ ਆਪਣੀਆਂ ਰਚਨਾਵਾਂ ਦਰਜ ਕੀਤੀਆਂ ਸਨ)?
10) ਕੀ ਸਿੱਖ ਇਤਿਹਾਸ ਵਿੱਚ ਅਜਿਹਾ ਕੋਈ ਹਵਾਲਾ ਮਿਲਦਾ ਹੈ ਕਿ ਗੁਰੂ
ਗੋਬਿੰਦ ਸਿੰਘ ਜੀ ਨੇ ਕੋਈ ਅਜਿਹੀ ਕੋਈ ਕਾਵਿ ਰਚਨਾ ਰਚੀ ਹੋਵੇ, ਜਿਸਦਾ ਉਨ੍ਹਾਂ ਦੇ ਸਮਕਾਲੀ
ਸਿੱਖਾਂ ਨੇ ਗੁਰਬਾਣੀ ਜਾਂ ਨਿਤਨੇਮ ਵਜੋਂ ਪਾਠ ਕਰਨਾ ਸ਼ੁਰੂ ਕਰ ਦਿੱਤਾ ਹੋਵੇ?
11) ਕੀ ਸਿੱਖ ਇਤਿਹਾਸ ਵਿੱਚ ਅਜਿਹੀ ਕੋਈ ਸਾਖੀ ਹੈ ਕਿ ਗੁਰੂ ਗੋਬਿੰਦ ਸਿੰਘ
ਜੀ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਰਚਨਾਵਾਂ ਦੀ ਤਰ੍ਹਾਂ ਖ਼ੁਦ ਦੀਆਂ ਰਚਨਾਵਾਂ ਨੂੰ ਵੀ ‘ਪਵਿੱਤਰ’
ਮੰਨਦੇ ਤੇ ਸਤਿਕਾਰਦੇ ਸਨ?
12) ਕੀ ਸਿੱਖ ਇਤਿਹਾਸ ਵਿੱਚ ਅਜਿਹਾ ਕੋਈ ਜ਼ਿਕਰ ਹੈ ਕਿ ਗੁਰੂ ਗੋਬਿੰਦ ਸਿੰਘ
ਜੀ ਨੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਹੋਰ ਗ੍ਰੰਥ ਨੂੰ ‘ਗੁਰੂ’ ਦਾ ਦਰਜਾ ਦਿੱਤਾ ਹੋਵੇ?
13) ਕੀ ਤੁਸੀਂ (ਪੁਜਾਰੀ ਅਤੇ ਉਨ੍ਹਾਂ ਦੇ ਸਮਰਥਕ ਜਾਂ ਉਨ੍ਹਾਂ ਨੂੰ
ਕਠਪੁਤਲੀਆਂ ਵਾਂਗ ਵਰਤਣ ਵਾਲੇ) ਗੁਰੂ ਗੋਬਿੰਦ ਸਿੰਘ ਜੀ ਤੋਂ ਜ਼ਿਆਦਾ ਸਿਆਣੇ ਹੋ ਗਏ ਹੋ ਕਿ ਗੁਰੂ
ਸਾਹਿਬ ਵੱਲੋਂ ਥਾਪੇ ਗਏ ਗੁਰੂ ਦੇ ਮੁਕਾਬਲੇ ਇੱਕ ਹੋਰ ਗ੍ਰੰਥ ਨੂੰ ‘ਗੁਰੂ’ ਵਰਗਾ ਦਰਜਾ ਅਤੇ ਇਸ
ਦੀਆਂ ਰਚਨਾਵਾਂ ਨੂੰ ‘ਗੁਰਬਾਣੀ’ ਵਾਂਗ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ?
14) ਕੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤੀ ਗਈ ‘ਸਿੱਖ ਰਹਿਤ ਮਰਿਆਦਾ’
ਵਿੱਚ ‘ਦਸਮ ਗ੍ਰੰਥ’ ਨਾਂ ਦੀ ਕਿਸੇ ਪੁਸਤਕ ਦਾ ਜ਼ਿਕਰ ਹੈ?
15) ਕੀ ਬਚਿੱਤਰ ਨਾਟਕ ਗ੍ਰੰਥ ਉਰਫ਼ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ
‘ਆਤਮ-ਕਥਾ’ ਹੈ? ਜੇਕਰ ਹਾਂ, ਤਾਂ ਫਿਰ ਇਹ ਲਿਖਤ ਗੁਰੂ ਸਾਹਿਬ ਦੀ ਸੰਸਾਰਕ ਯਾਤਰਾ ਦੌਰਾਨ ਪ੍ਰਚਲਿਤ
ਕਿਉਂ ਨਾ ਹੋਈ? ਗੁਰੂ ਸਾਹਿਬ ਦੇ ਸਮਕਾਲੀ ਸਿੱਖਾਂ ਦੀਆਂ ਰਚਨਾਵਾਂ ਵਿੱਚ ਇਸਦਾ ਜ਼ਿਕਰ ਕਿਉਂ ਨਹੀਂ
ਆਉਂਦਾ?
16) ਕੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਮਕਾਲੀ ਸਿੱਖਾਂ ਨੂੰ ਆਪਣੇ ਕਥਿਤ
‘ਪਿਛਲੇ ਜਨਮ’ ਬਾਰੇ ਖ਼ੁਦ ਆਪਣੇ ਮੁਖਵਾਕ ਤੋਂ ਜਾਣਕਾਰੀ ਨਹੀਂ ਦੇ ਸਕਦੇ ਸਨ?
17) ਕੀ ਤੁਸੀਂ ਮੰਨਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਜਨਮ-ਮਰਨ ਦੇ ਗੇੜ
ਵਿੱਚ ਪਏ ਹੋਏ ਸਨ ਅਤੇ ‘ਮਹਾਂਕਾਲ ਕਾਲਕਾ’ (ਜਿਸਦੇ ਅਰਥ ਤੁਸੀਂ ਧੱਕੇ ਨਾਲ ਅਕਾਲ ਪੁਰਖ ਕਰਦੇ ਹੋ)
ਦੇ ਵਰਦਾਨ ਨਾਲ ਉਨ੍ਹਾਂ ਮਾਤ-ਲੋਕ ਵਿੱਚ ਜਨਮ ਲੈ ਕੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ?
18) ਜੇਕਰ ਬਿਹਾਰ ਦਾ ਪਟਨਾ ਸ਼ਹਿਰ ‘ਮਾਤ-ਲੋਕ’ ਵਿੱਚ ਹੈ ਤਾਂ ਉਤਰਾਖੰਡ ਦੇ
ਜ਼ਿਲਾ ਚਮੋਲੀ ਵਿੱਚ ਸਥਿਤ ਹੇਮਕੁੰਟ ਪਰਬਤ ‘ਦੇਵ-ਲੋਕ’ ਕਿਉਂ ਹੈ, ਮਾਤ-ਲੋਕ ਕਿਉਂ ਨਹੀਂ?
19) ਜੇਕਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕਥਿਤ ‘ਪਿਛਲੇ ਜਨਮ’ ਵਿੱਚ
ਹੇਮਕੁੰਟ ਪਰਬਤ `ਤੇ ਤਪੱਸਿਆ ਕੀਤੀ ਸੀ, ਤਾਂ ਫਿਰ ਉਹ ਆਪਣੇ ਸਾਰੇ ਸੰਸਾਰਕ ਜੀਵਨ ਦੌਰਾਨ ਇਸ ‘ਮਹਾਨ
ਅਸਥਾਨ’ ਦੇ ਦਰਸ਼ਨ ਕਰਨ ਕਿਉਂ ਨਹੀਂ ਗਏ?
20) ਕੀ ਤੁਸੀਂ ਲੋਕ ਮੰਨਦੇ ਹੋ ਕਿ (ਦਸਮ ਗ੍ਰੰਥ ਮੁਤਾਬਿਕ) ਗੁਰੂ ਗੋਬਿੰਦ
ਸਿੰਘ ਜੀ ਨੇ ਪਾਹੁਲਧਾਰੀ ਤਿਆਰ-ਬਰ-ਤਿਆਰ ਸਿੱਖਾਂ ਨੂੰ ‘ਖ਼ਾਲਸਾ’ ਨਾਮ ਇਸ ਵਾਸਤੇ ਦਿੱਤਾ ਸੀ
ਕਿਉਂਕਿ ਪਿਛਲੇ ਜਨਮ ਦੌਰਾਨ ਉਨ੍ਹਾਂ (ਗੁਰੂ ਗੋਬਿੰਦ ਸਿੰਘ) ਦੀ ਉਤਪਤੀ ਹੇਮਕੁੰਟ ਵਾਲੇ ਅਸਥਾਨ `ਤੇ
ਤਪ ਕਰ ਰਹੇ ਇੱਕ ਬ੍ਰਾਹਮਣ ਵੱਲੋਂ ਆਪਣੇ ਤਪ ਵਾਲੀ ‘ਸ਼ੇਰ ਦੀ ਖਾਲ’ ਝਾੜਨ ਕਰਕੇ ਹੋਈ ਸੀ?
21) ਕੀ ਤੁਸੀਂ ਮੰਨਦੇ ਹੋ ਕਿ ਗ੍ਰਹਿਸਥ ਨੂੰ ਛੱਡ ਕੇ ਜੰਗਲਾਂ, ਪਹਾੜਾਂ,
ਬੀਆਬਾਨਾਂ ਵਿੱਚ ਜਾ ਕੇ ‘ਤਪ ਕਰਨਾ’ ਗੁਰਮਤਿ ਮੁਤਾਬਿਕ ਠੀਕ ਹੈ? ਜੇਕਰ ਹਾਂ, ਤਾਂ ਗੁਰੂ ਗ੍ਰੰਥ
ਸਾਹਿਬ ਵਿੱਚ ਦਰਜ ਅਜਿਹੇ ਉਪਦੇਸ਼ਾਂ ਜਿਵੇਂ ੳ)
… ਆਦਿਕ
‘ਤਪੁ’ ਦਾ ਖੰਡਨ ਕਰਨ ਵਾਲੇ ਗੁਰਵਾਕਾਂ ਬਾਰੇ ਕੀ ਕਹਿਣਾ ਹੈ?
22) ਕੀ ਗੁਰੂ ਨਾਨਕ ਸਾਹਿਬ ਅਤੇ ਹੋਰ ਗੁਰੂ ਸਾਹਿਬਾਨ ਨੇ ਸਿੱਖ ਨੂੰ
ਗ੍ਰਹਿਸਥ ਵਿੱਚ ਰਹਿੰਦਿਆਂ ਨਾਮ ਜਪਣ ਦਾ ਜੋ ਉਪਦੇਸ਼ ਦਿੱਤਾ ਸੀ, ਉਹ ਗਲਤ ਸੀ? ਕੀ ਇਹ ਉਪਦੇਸ਼ ਕਥਿਤ
ਦੁਸ਼ਟ-ਦਮਨ `ਤੇ ਲਾਗੂ ਨਹੀਂ ਹੁੰਦਾ ਸੀ, ਜੋ ਉਹ ਹੇਮਕੁੰਟ ਪਰਬਤ ਤੇ (ਪ੍ਰਚਲਿਤ ਕਥਾ ਅਨੁਸਾਰ) ਤਪ
ਕਰਦਾ ਰਿਹਾ?
23) ਜੇਕਰ ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ ਹੈ ਤਾਂ ਇਸ
ਵਿੱਚ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਬ੍ਰਾਹਮਣਵਾਦ ਦੀ ਉਪਜ ਜਾਤ-ਪਾਤੀ ਪ੍ਰਣਾਲੀ ਨੂੰ ਖਾਰਿਜ ਕੀਤੇ
ਜਾਣ ਦੀ ਮਹਾਨ ਘਟਨਾ ਅਤੇ ਐਲਾਨੀਆ ਤੌਰ `ਤੇ ਇਸ ਪ੍ਰਣਾਲੀ ਨੂੰ ਸਭ ਤੋਂ ਪਹਿਲਾਂ ਖਾਰਿਜ ਕਰਨ ਵਾਲੇ
‘ਪੰਜ ਪਿਆਰਿਆਂ’ ਦਾ ਜ਼ਿਕਰ ਕਿਉਂ ਨਹੀਂ ਹੈ?
24) ਜੇਕਰ ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ ਹੈ ਤਾਂ ਇਸ
ਵਿੱਚ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਸ਼ਹੀਦੀਆਂ ਦੇਣ ਵਾਲੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ
(ਜਿਨ੍ਹਾਂ ਵਿੱਚੋਂ ਦੋ ਗੰਗੂ ਬ੍ਰਾਹਮਣ ਦੀ ਗੱਦਾਰੀ ਕਾਰਨ ਸ਼ਹੀਦ ਹੋਏ ਸਨ) ਦਾ ਜ਼ਿਕਰ ਕਿਉਂ ਨਹੀਂ
ਹੈ?
25) ਕੀ ਤੁਸੀਂ ਮੰਨਦੇ ਹੋ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ (ਦਸਮ ਗ੍ਰੰਥ
ਵਿਚਲੇ ਬਚਿੱਤਰ ਨਾਟਕ ਮੁਤਾਬਿਕ) ਹਿੰਦੂ ਤੀਰਥਾਂ `ਤੇ ਜਾ ਕੇ ਪੁੱਤਰ ਪ੍ਰਾਪਤੀ ਦੀ ਸੁੱਖਣਾ ਸੁੱਖੀ
ਸੀ?
26) ਬਚਿੱਤਰ ਨਾਟਕ ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਵੇਰਵਾ ਅਤੇ
ਉਨ੍ਹਾਂ ਵੱਲੋਂ ‘ਆਦਿ ਗ੍ਰੰਥ’ ਵਿੱਚ ਗੁਰਬਾਣੀ ਦੀ ਸੰਭਾਲ ਕਰਨ ਦੇ ਮਹਾਨ ਉਪਰਾਲੇ ਦਾ ਜ਼ਿਕਰ ਕਿਉਂ
ਨਹੀਂ ਹੈ? ਕੀ ਇਹ ਘਟਨਾਵਾਂ ਏਨੀਆਂ ਮਾਮੂਲੀ ਸਨ ਕਿ ਬਚਿੱਤਰ ਨਾਟਕ ਦੇ ਲਿਖਾਰੀ (ਤੁਹਾਡੀ ਰਾਏ
ਅਨੁਸਾਰ ਗੁਰੂ ਗੋਬਿੰਦ ਸਿੰਘ ਜੀ) ਨੇ ਇਨ੍ਹਾਂ ਦਾ ਜ਼ਿਕਰ ਕਰਨ ਦੀ ਕੋਈ ਲੋੜ ਹੀ ਨਹੀਂ ਸਮਝੀ? ਜਾਂ
ਫਿਰ ਇਹ ਪੁਸਤਕ/ਗ੍ਰੰਥ ਬ੍ਰਾਹਮਣਵਾਦੀ ਲਿਖਾਰੀਆਂ ਵੱਲੋਂ ਲਿਖੀ ਗਈ ਹੈ ਜੋ ਸਿੱਖਾਂ ਨੂੰ ਗੁਰੂ
ਗ੍ਰੰਥ ਸਾਹਿਬ ਬਾਰੇ ਭੁੱਲ ਕੇ ਹਿੰਦੂ ਦੇਵੀ-ਦੇਵਤਿਆਂ ਦੀ ਉਪਾਸਨਾ ਵਿੱਚ (ਦਸਮ ਗ੍ਰੰਥ ਰਾਹੀਂ)
ਰੁਝਾ ਦੇਣਾ ਚਾਹੁੰਦੇ ਸਨ?
27) ਦਸਮ ਗ੍ਰੰਥ ਵਿੱਚ ਗੁਰੂ ਅਰਜਨ ਸਾਹਿਬ ਤੋਂ ਗੁਰੂ ਹਰਿਕ੍ਰਿਸ਼ਨ ਸਾਹਿਬ
ਤੱਕ ਦਾ ਵੇਰਵਾ ਸਿਰਫ਼ 4 ਪੰਕਤੀਆਂ ਵਿੱਚ ਦੇ ਦਿੱਤਾ ਗਿਆ ਹੈ। ਕੀ ਇਨ੍ਹਾਂ ਗੁਰੂ ਸਾਹਿਬਾਨ ਦੀ ਸਿੱਖ
ਕੌਮ ਲਈ ਏਨੀ ਕੁ ਹੀ ਮਹੱਤਤਾ ਸੀ?
28) ਬਚਿੱਤਰ ਨਾਟਕ ਦਾ ਲਿਖਾਰੀ ਗੁਰੂ ਨਾਨਕ ਸਾਹਿਬ ਦੇ ਇਲਾਵਾ ਗੁਰੂ ਅੰਗਦ
ਸਾਹਿਬ ਅਤੇ ਗੁਰੂ ਅਮਰਦਾਸ ਜੀ ਨੂੰ ਵੀ ‘ਬੇਦੀ’ ਕੁਲ ਨਾਲ ਸਬੰਧਿਤ ਦੱਸਦਾ ਹੈ ਜਦਕਿ ਇਤਿਹਾਸ ਗਵਾਹ
ਹੈ ਕਿ ਗੁਰੂ ਅੰਗਦ ਸਾਹਿਬ ਤ੍ਰੇਹਣ ਅਤੇ ਗੁਰੂ ਅਮਰਦਾਸ ਜੀ ‘ਭੱਲਾ’ ਕੁਲ ਨਾਲ ਸਬੰਧਿਤ ਸਨ? ਕੀ
ਬਚਿੱਤਰ ਨਾਟਕ ਦਾ ਲਿਖਾਰੀ ‘ਭੁੱਲੜ’ ਸੀ (ਜਦਕਿ ਗੁਰਬਾਣੀ ਕਹਿੰਦੀ ਹੈ ਕਿ “ਭੁਲਣ ਅੰਦਰਿ ਸਭੁ ਕੋ
ਅਭੁਲੁ ਗੁਰੂ ਕਰਤਾਰੁ।।” ) ਜਾਂ ਉਸਨੇ ਗੁਰੂ ਸਾਹਿਬਾਨ ਨੂੰ ਬਦੋ-ਬਦੀ ਹਿੰਦੂ ਮਿਥਿਹਾਸਕ ਰਾਜੇ
‘ਰਾਮ’ ਦੇ ਪੁੱਤਰਾਂ ਦੇ ਵੰਸ਼ ਨਾਲ ਸਬੰਧਿਤ ਦਿਖਾਉਣ ਲਈ ਇਹ ਚਾਲ ਖੇਡੀ?
29) ਕੀ ਤੁਸੀਂ (ਸਿੱਖੀ ਸਰੂਪ ਵਾਲੇ ਪੁਜਾਰੀ ਅਤੇ ਪਾਹੁਲਧਾਰੀ ਸਰੂਪ ਪਰ
ਹਿੰਦੂ ਮਾਨਸਿਕਤਾ ਵਾਲੇ ‘ਸਿੱਖ) ਮੰਨਦੇ ਹੋ ਕਿ ਗੁਰੂ ਨਾਨਕ, ਗੁਰੂ ਅੰਗਦ ਅਤੇ ਗੁਰੂ ਅਮਰਦਾਸ ਜੀ
‘ਲਵ’ ਦੀ ਔਲਾਦ ਸਨ ਅਤੇ ਗੁਰੂ ਰਾਮਦਾਸ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਸਾਹਿਬਾਨ
‘ਕੁਸ਼’ ਦੀ ਔਲਾਦ ਸਨ?
30) ਕੀ ਤੁਸੀਂ ਬਚਿੱਤਰ ਨਾਟਕ ਦੇ ਲਿਖਾਰੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ
ਦੀ ਵੱਲੋਂ ਲੜੀ ਗਈ ਭੰਗਾਣੀ ਦੀ ਜੰਗ ਵਿੱਚ ਪੀਰ ਬੁੱਧੂ ਸ਼ਾਹ ਵੱਲੋਂ ਅਹਿਮ ਮਦਦ ਕਰਨ ਦਾ ਘਟਨਾ ਦਾ
ਜ਼ਿਕਰ ਨਾ ਕਰਨ ਅਤੇ ਚਮਕੌਰ ਦੀ ਜੰਗ ਵੀ ਜ਼ਿਕਰ ਨਾ ਕਰਨ ਦੇ ਕਾਰਨਾਂ ਬਾਰੇ ਜਾਣਕਾਰੀ ਦੇ ਸਕਦੇ ਹੋ?
31) ਦਸਮ ਗ੍ਰੰਥ ਵਿੱਚ ਬਾਰ-ਬਾਰ ਆਪਣੇ ਦੁਸ਼ਮਣ ਨੂੰ ‘ਕੇਸਾਂ ਤੋਂ’ ਫੜ ਕੇ
ਘੜੀਸਨ ਦੀ ਹਦਾਇਤ ਕੀਤੀ ਗਈ ਹੈ। ਕੀ ਗੁਰੂ ਗੋਬਿੰਦ ਸਿੰਘ ਜੀ ਅਜਿਹੀ ਲਿਖਤ ਲਿਖ ਸਕਦੇ ਸਨ?
32) ਦਸਮ ਗ੍ਰੰਥ ਦੇ ਮੌਜੂਦਾ ਪ੍ਰਚਲਿਤ ਸੰਸਕਰਨ ਤੋਂ ਪਹਿਲਾਂ ਇਸ ਦੇ 32
ਸੰਸਕਰਨ ਉਪਲਬਧ ਸਨ। ਇਨ੍ਹਾਂ 32 ਸੰਸਕਰਨਾਂ ਦੀ ‘ਪੜਤਾਲ’ ਕਰਨ ਉਪਰੰਤ ਅੰਗਰੇਜ਼ਾਂ ਵੱਲੋਂ ਅਧਿਕਾਰਿਤ
‘ਸੋਧਕ ਕਮੇਟੀ’ ਦੀ ਰਿਪੋਰਟ ਦੀ ਸਿਫਾਰਿਸ਼ `ਤੇ ਦਸਮ ਗ੍ਰੰਥ ਦਾ ਪਹਿਲਾ ਛਪਿਆ ਸੰਸਕਰਨ 1902 ਵਿੱਚ
ਤਿਆਰ ਹੋਇਆ। ਕੀ ਤੁਸੀਂ ਦੱਸ ਸਕਦੇ ਹੋ ਕਿ ਜੇਕਰ ਦਸਮ ਗ੍ਰੰਥ ‘ਗੁਰਬਾਣੀ’ ਹੈ ਤਾਂ ਇਸ ਵਿੱਚ ਕਿਸੇ
ਵੀ ਕਮੇਟੀ ਜਾਂ ਵਿਅਕਤੀ ਨੂੰ ‘ਸੋਧ’ ਕਰਨ ਦਾ ਅਧਿਕਾਰ ਕਿਵੇਂ ਮਿਲ ਗਿਆ?
33) ਕੀ ਤੁਸੀਂ ਇਸ ਤੱਥ ਤੋਂ ਇਨਕਾਰ ਕਰਦੇ ਹੋ ਕਿ ਸੋਧਕ ਕਮੇਟੀ ਦੇ ਮੈਂਬਰ
ਸਿੱਖ ਇਤਿਹਾਸ ਅਤੇ ਸਿਧਾਂਤਾਂ ਦੇ ਮਾਹਿਰ ਨਹੀਂ ਸਨ। ਇਨ੍ਹਾਂ ਵਿੱਚੋਂ ਇੱਕ ਨਰਾਇਨ ਸਿੰਘ ਸਕੂਲ ਦਾ
ਟੀਚਰ ਸੀ, ਠਾਕਰ ਸਿੰਘ ਮਿਊਨਿਸਪਲ ਕਮੇਟੀ ਦਾ ਕਲਰਕ ਸੀ, ਹਜੂਰਾ ਸਿੰਘ ਲੱਕੜ ਮੰਡੀ ਦਾ ਸਕੱਤਰ ਸੀ,
ਸੰਤ ਸਿੰਘ ਪੰਜਾਬੀ ਦਾ ਟੀਚਰ ਸੀ, ਕਿਸ਼ਨ ਸਿੰਘ ਤੇ ਠਾਕੁਰ ਸਿੰਘ ਚੌਲਾਂ ਦੇ ਵਪਾਰੀ ਸਨ ਜਦਕਿ ਮੱਖਣ
ਸਿੰਘ ਇੱਕ ਹਲਵਾਈ ਸੀ। ਕੀ ਅਜਿਹੇ ਅਕਾਦਮਿਕ ਪੱਧਰ ਦੇ ਲੋਕ 32 ਗ੍ਰੰਥਾਂ ਦਾ ਆਲੋਚਨਾਤਮਕ ਅਧਿਐਨ
ਅਤੇ ਇਸ ਦੀ ਨਿਰਪੱਖਤਾ ਨਾਲ ਹਿੰਦੂਵਾਦੀ ਗ੍ਰੰਥਾਂ ਨਾਲ ਤੁਲਨਾ ਕਰ ਪਾਉਣ ਦੇ ਸਮਰਥ ਸਨ?
34) ਜੇਕਰ ਦਸਮ ਗ੍ਰੰਥ ਦੀਆਂ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤ
ਹਨ ਤਾਂ ਫਿਰ ਉਕਤ ਸੋਧਕ ਕਮੇਟੀ ਨੇ ਇਹ ਰਚਨਾਵਾਂ ਮਿਟਾ ਕਿਉਂ ਦਿੱਤੀਆਂ: ੳ) ਸੰਹਸਰ ਸੁਖਮਨਾ (ਜਿਸ
ਵਿੱਚ ਗੁਰੂ ਅਰਜਨ ਸਾਹਿਬ ਵੱਲੋਂ ਰਚਿਤ ਸੁਖਮਨੀ ਸਾਹਿਬ ਦੀ ਤਰਜ਼ `ਤੇ ਹਿੰਦੂ ਦੇਵਤਿਆਂ ਦੀ ਉਸਤਤਿ
ਕੀਤੀ ਗਈ ਸੀ।) ਅ) ਵਾਰ ਮਲਕੌਨ; ੲ) ਵਾਰ ਭਗੌਤੀ ਜੀ ਕੀ (ਵਾਰ ਦੁਰਗਾ ਕੀ ਨਾਲੋਂ ਵੱਖਰੀ); ਸ)
ਸ੍ਰੀ ਭਗਵੰਤ ਗੀਤਾ ਭਾਖਾ ਸ੍ਰੀ ਗੋਵਿੰਦ ਸਿੰਘ ਕ੍ਰਿਤ; ਹ) ਰਾਗ ਆਸਾ ਔਰ ਰਾਗ ਸੋਰਠਿ ਪਾਤਸ਼ਾਹੀ 10;
ਕ) ਅਸਫੋਟਕ ਕਬਿੱਤ (ਜੋ ਭਾਈ ਰਣਧੀਰ ਸਿੰਘ ਵੱਲੋਂ ਲਿਖੇ ਤੇ ਪੰਜਾਬੀ ਯੂਨਿਵਰਸਿਟੀ ਵੱਲੋਂ
ਪ੍ਰਕਾਸ਼ਿਤ ਦਸਮ ਗ੍ਰੰਥ ਦੇ ਟੀਕੇ ਵਿੱਚ ਸ਼ਾਮਲ ਹਨ); ਖ) ਮਾਝ ਪਾਤਸ਼ਾਹੀ 10; ਗ) ਛਕਾ ਭਗੌਤੀ ਜੀ ਕਾ।
ਜਦ ਇਹ ਸਾਬਿਤ ਹੋ ਜਾਣ ਦੇ ਬਾਅਦ ਵੀ ਕਿ ਰਾਗਮਾਲਾ ਗੁਰਬਾਣੀ ਨਹੀਂ ਹੈ, ਇਸ
ਸਵਾ ਕੁ ਪੰਨੇ ਦੀ ਰਚਨਾ ਨੂੰ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਵਿੱਚੋਂ ਹਟਾਇਆ ਨਹੀਂ ਜਾ ਸਕਿਆ ਤਾਂ
ਫਿਰ ਏਨੀਆਂ ਸਾਰੀਆਂ ਰਚਨਾਵਾਂ, ਜਿਨਾਂ ਵਿੱਚੋਂ ਕੁੱਝ ਦੇ ਸਿਰਲੇਖ ਵਿੱਚ ‘ਪਾਤਸ਼ਾਹੀ 10’ ਵੀ ਦਰਜ
ਹੈ, ਨੂੰ ਦਸਮ ਗ੍ਰੰਥ ਵਿੱਚੋਂ ਕਿਉਂ ਹਟਾ ਦਿੱਤਾ ਗਿਆ? ਕੀ ਸਿਰਫ਼ ਇਸ ਲਈ ਕਿ ਸਿੱਧੇ ਰੂਪ ਵਿੱਚ
ਹਿੰਦੂਵਾਦ ਦੀ ਪ੍ਰੌੜ੍ਹਤਾ ਕਰਦੀਆਂ ਇਨ੍ਹਾਂ ਰਚਨਾਵਾਂ ਨੂੰ ਪੜ੍ਹ ਕੇ ਸਿੱਖ ਜਾਗਰੁਕ ਨਾ ਹੋ ਜਾਣ
ਅਤੇ ਦਸਮ ਗ੍ਰੰਥ ਤੋਂ ਹਮੇਸ਼ਾ ਲਈ ਪਿੱਛਾ ਨਾ ਛੁਡਾ ਲੈਣ? ਕੀ ਇਸਦਾ ਇਹ ਅਰਥ ਨਹੀਂ ਕਿ ਦਸਮ ਗ੍ਰੰਥ
ਦਾ ਮੌਜੂਦਾ ਪ੍ਰਚਲਿਤ ਰੂਪ ਬਿਲਕੁਲ ਵਿਸ਼ਵਸਨੀਕ ਨਹੀਂ ਹੈ?
35) ਦਸਮ ਗ੍ਰੰਥ ਦੀਆਂ ਰਚਨਾਵਾਂ ਦੀ ਵਿਸ਼ਵਸਨੀਕਤਾ ਬਾਰੇ ਬੇਅੰਤ ਸਵਾਲ,
ਇਨ੍ਹਾਂ ਵਿੱਚ ਗੁਰਮਤਿ-ਵਿਰੋਧੀ ਸਿਧਾਂਤਾਂ ਦਾ ਜ਼ਿਕਰ ਅਤੇ ਸਿੱਖ ਗੁਰੂ ਸਾਹਿਬਾਨ ਨੂੰ ਅਸਿੱਧੇ ਢੰਗ
ਨਾਲ ਹਿੰਦੂਵਾਦ ਦੇ ਅੰਗ ਦਰਸਾਏ ਜਾਣ ਸਬੰਧੀ ਬੇਅੰਤ ਵਿਦਵਾਨਾਂ ਵੱਲੋਂ ਸੈਂਕੜੇ ਪੁਸਤਕਾਂ ਅਤੇ
ਹਜ਼ਾਰਾਂ ਲੇਖ ਲਿਖੇ ਜਾ ਚੁੱਕੇ ਹਨ। ਇੱਕ ਵਿਦਵਾਨ ਸ੍ਰ: ਜਸਵਿੰਦਰ ਸਿੰਘ ਦੁਬਈ ਨੇ ਤਾਂ ਆਪਣੀ ਪੁਸਤਕ
‘ਦਸਮ ਗ੍ਰੰਥ ਦਾ ਲਿਖਾਰੀ ਕੌਣ’ ਵਿੱਚ ਇਥੋਂ ਤੱਕ ਐਲਾਨ ਕਰ ਦਿੱਤਾ ਕਿ ਜੇਕਰ ਕੋਈ ਸੱਜਣ ਦਸਮ ਗ੍ਰੰਥ
ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਾਬਿਤ ਕਰ ਦਿੰਦਾ ਹੈ ਤਾਂ ਉਸਨੂੰ 1 ਕਰੋੜ ਦਾ ਇਨਾਮ ਦਿੱਤਾ
ਜਾਏਗਾ। ਇਸਦੇ ਬਾਵਜੂਦ ਤੁਹਾਡੀ ਨਸਲ (ਪੁਜਾਰੀਆਂ ਜਾਂ ਡੇਰੇਦਾਰਾਂ ਦੇ ਪਿਛਲੱਗੂਆਂ ਅਤੇ
ਪੰਥ-ਵਿਰੋਧੀ ਸੰਸਥਾਵਾਂ/ਸਰਕਾਰੀ ਏਜੰਸੀਆਂ ਤੋਂ ਪੈਸਾ ਲੈ ਕੇ ਸਿੱਖਾਂ ਨੂੰ ਭੰਬਲਭੂਸੇ ਵਿੱਚ ਪਾ
ਰਹੇ ਸਿੱਖੀ ਵੇਸ ਵਾਲੇ ਪ੍ਰਚਾਰਕ) ਇਨ੍ਹਾਂ ਸ਼ੰਕਿਆਂ ਦਾ, ਤੱਥਾਂ `ਤੇ ਅਧਾਰਿਤ ਕੋਈ ਸਟੀਕ ਲਿਖਤੀ
ਜਵਾਬ ਤਿਆਰ ਨਹੀਂ ਕਰ ਸਕੇ। ਕੀ ਤੁਸੀਂ ਇਸ ਬਾਬਤ ਕੋਈ ਸਪਸ਼ਟੀਕਰਨ ਦੇ ਸਕਦੇ ਹੋ?
36) ਤੁਸੀਂ ਲੋਕਾਂ ਨੇ ਦਸਮ ਗ੍ਰੰਥ ਸਬੰਧੀ ਆਪਣੀ ਹਿੰਦੂਵਾਦੀ ਤੇ
ਗੈਰ-ਤਰਕਸ਼ੀਲ ਮਾਨਸਿਕਤਾ ਬਾਰੇ ਖ਼ੁਦ ਤਾਂ ਕੋਈ ਸਪਸ਼ਟੀਕਰਨ ਕੀ ਦੇਣਾ ਸੀ, ਹੁਣ ਤੁਸੀਂ ਇਸ ਬਾਬਤ
ਪ੍ਰੋ: ਦਰਸ਼ਨ ਸਿੰਘ ਨੂੰ ਹੀ ‘ਸਪਸ਼ਟੀਕਰਨ’ ਦੇਣ ਲਈ 5 ਦਸੰਬਰ 2009 ਨੂੰ ਅਕਾਲ ਤਖ਼ਤ ਸਾਹਿਬ `ਤੇ ਤਲਬ
ਕਰ ਲਿਆ ਹੈ। ਇਸ ਵਿਵਾਦਿਤ ਕਿਤਾਬ ਬਾਰੇ ਪ੍ਰੋ: ਦਰਸ਼ਨ ਸਿੰਘ ਨੇ ਹਮੇਸ਼ਾ ਇਹੀ ਸਟੈਂਡ ਲਿਆ ਹੈ ਕਿ
“ਦਸਮ ਗ੍ਰੰਥ ਦੀਆਂ ਸਾਰੀਆਂ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ ਨਹੀਂ ਹਨ।” ਕੀ
ਅਜਿਹਾ ਕਹਿ ਕੇ ਉਨ੍ਹਾਂ ਨੇ ਕੋਈ ਨਵੀਂ ਗੱਲ ਕਹਿ ਦਿੱਤੀ ਹੈ?
37) ਪ੍ਰੋ: ਦਰਸ਼ਨ ਸਿੰਘ ਨੂੰ ਅਕਾਲ ਤਖ਼ਤ ਸਾਹਿਬ (ਦੇ ਸਕੱਤਰੇਤ) `ਤੇ ਤਲਬ
ਕਰਨ ਲਈ ਇਲਜ਼ਾਮ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਅਮਰੀਕਾ ਦੇ ਰੋਚਸਟਰ ਸ਼ਹਿਰ ਦੇ ਗੁਰਦੁਆਰਾ ਸਾਹਿਬ
ਵਿਖੇ ਕੀਰਤਨ ਦੌਰਾਨ ਕਥਿਤ ਤੌਰ `ਤੇ ਦਸਮ ਗ੍ਰੰਥ ਦੀ ਇੱਕ ‘ਕਹਾਣੀ’ ਵਿਚਲੇ ਪਾਤਰ, ਜੋ ਵੇਸਵਾ ਕੋਲ
ਜਾਂਦਾ ਹੈ, ਨੂੰ ਗੁਰੂ ਗੋਬਿੰਦ ਸਿੰਘ ਦੱਸ ਕੇ ਗੁਰੂ ਸਾਹਿਬ ਦਾ ਅਪਮਾਨ ਕੀਤਾ। ਦਸਮ ਗ੍ਰੰਥ ਦੇ
`ਚਰਿਤਰੋ ਪਾਖਿਆਨ’ (ਤ੍ਰੀਆ ਚਰਿੱਤਰ) ਵਾਲੇ ਹਿੱਸੇ ਦੇ ਚਰਿੱਤਰ ਨੰਬਰ 21, 22, 23 ਵਿੱਚ ਬਖਾਨੀ
ਗਈ ਇਸ ਕਹਾਣੀ ਦਾ ਸਾਰ ਕੁੱਝ ਇਉਂ ਹੈ: ਸਤਿਲੁਜ ਦੇ ਕੰਢੇ ਇੱਕ ਅਨੰਦਪੁਰ ਪਿੰਡ ਸੀ, ਜੋ ਕਾਹਲੂਰ ਦੇ
ਰਾਜੇ ਦੇ ਰਾਜ ਵਿੱਚ ਪੈਂਦਾ ਸੀ। ਉਥੇ ਸਿੱਖ ਬੜੇ ਉਤਸ਼ਾਹ ਨਾਲ ਆਉਂਦੇ ਅਤੇ ਮਨ ਭਾਉਂਦੇ ਵਰ ਤੇ ਸੱਖ
ਪ੍ਰਾਪਤ ਕਰਕੇ ਘਰੋ ਘਰੀ ਚਲੇ ਜਾਂਦੇ। ਇੱਕ ਧਨਵਾਨ ਦੀ ਔਰਤ ਇਸ ਵਿੱਚ ‘ਰਾਏ’ ਨੂੰ ਦੇਖਦੇ ਹੀ ਉਸਦੀ
ਦੀਵਾਨੀ ਹੋ ਗਈ। ਉਸਨੇ ਇੱਕ ਵਿਚੋਲੇ ਰਾਹੀਂ ਰਾਇ ਨੂੰ ਸੰਦੇਸ਼ ਭਿਜਵਾਇਆ ਕਿ ਉਹ (ਰਾਇ) ਜੋ ਮੰਤ੍ਰ
ਸਿੱਖਣਾ ਚਾਹੁੰਦਾ ਸੀ, ਉਹ ਔਰਤ (ਅਨੂਪ ਕੌਰ) ਉਸਨੂੰ ਸਿਖਾ ਸਕਦੀ ਹੈ। ਜਦ ਰਾਇ ਇਹ ਮੰਤ੍ਰ ਸਿੱਖਣ
ਵਾਸਤੇ ਅਨੂਪ ਕੌਰ ਦੇ ਘਰ ਗਿਆ ਤਾਂ ਉਸਨੇ ਰਾਇ ਨੂੰ ਆਪਣੇ ਨਾਲ ਸੰਭੋਗ ਕਰਨ ਲਈ ਕਿਹਾ। ਜਦ ਰਾਇ ਨੇ
ਇਨਕਾਰ ਕਰ ਦਿੱਤਾ ਤਾਂ ਔਰਤ ਨੇ ਚੋਰ-ਚੋਰ ਦਾ ਰੌਲਾ ਪਾ ਦਿੱਤਾ। ਇਹ ਸੁਣ ਕੇ ਰਾਇ ਆਪਣੀ ਰੇਸ਼ਮੀ
ਜੁੱਤੀ ਉਥੇ ਹੀ ਛੱਡ ਕੇ ਉਥੋਂ ਭਜ ਗਿਆ। ਸਵੇਰੇ ਉਸਨੇ ਲੋਕਾਂ ਨੂੰ ਆਪਣੀ ਜੁੱਤੀ ਚੋਰੀ ਹੋਣ ਬਾਰੇ
ਦੱਸਿਆ ਤਾਂ ਲੋਕਾਂ ਨੇ ਉਸ ਔਰਤ ਨੂੰ ਫੜ ਕੇ ਉਸ ਸਾਹਮਣੇ ਪੇਸ਼ ਕਰ ਦਿੱਤਾ। ਰਾਇ ਨੇ ਉਸ `ਤੇ ਤਰਸ
ਖਾਧਾ ਤੇ ਉਸਨੂੰ ਮੁਆਫ ਕਰਕੇ 20 ਹਜ਼ਾਰ ਟਕਾ ਛਿਮਾਹੀ ਬੰਨ੍ਹ ਦਿੱਤੀ।
ਦਸਮ ਗ੍ਰੰਥ ਵਿਚਲੀ ਇਸ ਘਟੀਆ ਕਹਾਣੀ ਬਾਰੇ ਸੰਗਤਾਂ ਨੂੰ ਜਾਣਕਾਰੀ ਦੇ ਕੇ
ਉਨ੍ਹਾਂ ਨੂੰ ਜਾਗਰੁਕ ਕਰਨ ਬਦਲੇ ਪ੍ਰੋ: ਦਰਸ਼ਨ ਸਿੰਘ ਨੂੰ ਗੁਨਾਹਗਾਰ ਠਹਿਰਾਉਣਾ ਕਿਹੜੀ ਨੀਤੀ ਹੈ?
38) ਤੁਹਾਡਾ ਅਤੇ ਸਰਕਾਰੀ ਏਜੰਸੀਆਂ ਦੇ ਪਿੱਠੂਆਂ ਦਾ ਕਹਿਣਾ ਹੈ ਕਿ ਇਸ
ਕਹਾਣੀ ਵਿਚਲੇ ਪਾਤਰ ਦਾ ਨਾਮ ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਨਹੀਂ ਲਿਖਿਆ। ਪਰ ਕਹਾਣੀ
ਵਿਚਲੇ ਸਾਰੇ ਸੰਕੇਤ ਇਸਦਾ ਸਬੰਧ ਗੁਰੂ ਗੋਬਿੰਦ ਸਿੰਘ ਨਾਲ ਹੀ ਜੋੜਦੇ ਹਨ। ਜਿਵੇਂ ਕਹਾਣੀ ਵਿੱਚ
ਸਪਸ਼ਟ ਕਿਹਾ ਗਿਆ ਹੈ ਕਿ ਇਥੇ ਅਨੰਦਪੁਰ ਪਿੰਡ ਦਾ ਜ਼ਿਕਰ ਹੋ ਰਿਹਾ ਹੈ, (ਜਿਸ ਬਾਰੇ ਇਤਿਹਾਸ ਵਿੱਚ
ਸਪਸ਼ਟ ਜਾਣਕਾਰੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਪਿੰਡ ਨੂੰ ਕਾਹਲੂਰ ਦੇ ਰਾਜੇ ਕੋਲੋਂ ਮੁੱਲ
ਖਰੀਦ ਕੇ ਵਸਾਇਆ ਸੀ)। ਕਹਾਣੀ ਵਿੱਚ ਇਹ ਵੀ ਦੱਸਿਆ ਗਿਆ ਕਿ ਸਿੱਖ ਇਥੇ ਆ ਕੇ ਗੁਰੂ ਕੋਲੋਂ ਦਾਤਾਂ
ਪ੍ਰਾਪਤ ਕਰਦੇ ਸਨ। ਜਿਥੇ ਮੰਦੇ ਚਰਿੱਤਰ ਵਾਲੀ ਔਰਤ ਦਾ ਨਾਂ ਵੀ ਅਨੂਪ ਕੌਰ ਦੱਸਿਆ ਗਿਆ ਹੈ, ਉਥੇ
ਮੁੱਖ ਪਾਤਰ ਦਾ ਨਾਮ ‘ਰਾਇ’ ਦੱਸਿਆ ਗਿਆ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਪਾਹਲੁਧਾਰੀ ਹੋਣ ਤੋਂ
ਪਹਿਲਾਂ ਦੇ ਨਾਮ ‘ਗੋਬਿੰਦ ਰਾਇ’ ਦਾ ਹੀ ਹਿੱਸਾ ਹੈ।
ਏਨੇ ਸਪਸ਼ਟ ਤੱਥ ਹੋਣ ਦੇ ਬਾਵਜੂਦ ਤੁਹਾਡੀ ਨਸਲ ਦੇ ਲੋਕ ਕਿਵੇਂ ਇਹ ਦਾਅਵਾ
ਕਰ ਸਕਦੇ ਹਨ ਕਿ ਇਸ ਕਹਾਣੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਨਹੀਂ ਹੈ? (ਵੈਸੇ ਤੁਹਾਡੇ
ਵਰਗੇ ਲੋਕਾਂ ਦੀ ਇਹ ਕੋਈ ਨਵੀਂ ਨੀਤੀ ਨਹੀਂ ਕਿਉਂਕਿ ਤੁਸੀਂ ਭਗੌਤੀ (ਦੁਰਗਾ) ਦੀ ਵਾਰ ਦੇ ਅਰੰਭ
ਵਿੱਚ ਆਉਂਦੇ ‘ਪ੍ਰਿਥਮ ਭਗੌਤੀ’ ਲਫ਼ਜ਼ ਦਾ ਅਰਥ ਦੁਰਗਾ ਕਰਨ ਦੀ ਬਜਾਏ ਧੱਕੇ ਨਾਲ ‘ਪਰਮਾਤਮਾ’ ਕਰ
ਦਿੰਦੇ ਹਨ।)
39) ਪਿਆਰਾ ਸਿੰਘ ਪਦਮ, ਜਿਸ ਦੀਆਂ ਕਿਤਾਬਾਂ ਅਕਾਲ ਤਖ਼ਤ ਸਾਹਿਬ ਦੇ ਅਤਿ
ਨੇੜੇ ਸਥਿਤ ਕਿਤਾਬਾਂ ਦੀਆਂ ਦੁਕਾਨਾਂ `ਤੇ ਆਮ ਵਿਕਦੀਆਂ ਹਨ, ਨੇ ਆਪਣੀ ਪੁਸਤਕ ‘ਦਸਮ ਗ੍ਰੰਥ ਦਰਸ਼ਨ’
ਵਿੱਚ ਤਾਂ ਇਥੋਂ ਤੱਕ ਲਿਖ ਦਿੱਤਾ ਸੀ ਕਿ ਚਰਿਤਰੋ-ਪਾਖਿਆਨ ਵਿੱਚ ਵਰਣਿਤ ਕੀਤੇ ਗਏ ਕੁੱਝ ਚਰਿੱਤਰ
ਅਸਲ ਘਟਨਾਵਾਂ ਹਨ, ਜੋ ਗੁਰੂ ਗੋਬਿੰਦ ਸਿੰਘ ਜੀ ਨਾਲ ਵਾਪਰੀਆਂ। ਪਿਆਰਾ ਸਿੰਘ ਪਦਮ ਨੇ ਇਹ ਜਾਣਕਾਰੀ
ਵੀ ਦਿੱਤੀ ਹੈ ਕਿ ਚਰਿੱਤਰ ਨੰਬਰ 16, 21, 22 ਅਤੇ 23 (21, 22 ਅਤੇ 23 ਹੀ ਉਹ ਚਰਿੱਤਰ ਹਨ,
ਜਿਨ੍ਹਾਂ ਬਾਰੇ ਪ੍ਰੋ: ਦਰਸ਼ਨ ਸਿੰਘ ਨੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਸੀ) ਵਿਚਲੇ ਚਰਿੱਤਰ ਵਿੱਚ
ਵਰਣਿਤ ਕਹਾਣੀਆਂ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਵਾਪਰੀਆਂ ਸਨ। ਏਨਾ ਗਲਤ ਤੇ ਅਪਮਾਨਜਨਕ
ਦਾਅਵਾ ਕਰਨ ਵਾਲੇ ਲੇਖਕ ਤੋਂ ਤੁਸੀਂ (ਤਖ਼ਤਾਂ ਦੇ ਪੁਜਾਰੀਆਂ) ਨੇ ਕੋਈ ਸਪਸ਼ਟੀਕਰਨ ਕਿਉਂ ਨਹੀਂ
ਮੰਗਿਆ ਜਾਂ ਉਸਦੀ ਪੁਸਤਕ `ਤੇ ਪਾਬੰਦੀ ਕਿਉਂ ਨਹੀਂ ਲਗਾਈ?
40) ਜੇਕਰ ਪਿਆਰਾ ਸਿੰਘ ਪਦਮ ਇਹ ਕਹੇ ਕਿ ਅਨੂਪ ਕੌਰ ਵਾਲੇ ਚਰਿੱਤਰ ਗੁਰੂ
ਗੋਬਿੰਦ ਸਿੰਘ ਜੀ ਦੀ ਆਪ-ਬੀਤੀ ਹਨ, ਤਾਂ ਉਸ ਖਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ ਪਰ ਜੇਕਰ ਪ੍ਰੋ:
ਦਰਸ਼ਨ ਸਿੰਘ ਸੰਗਤਾਂ ਨੂੰ ਇਹ ਜਾਣਕਾਰੀ ਦੇਣ ਕਿ ਉਕਤ ਚਰਿੱਤਰਾਂ ਨੂੰ ਗੁਰੂ ਗੋਬਿੰਦ ਸਿੰਘ ਨਾਲ
ਸਬੰਧਿਤ ਕਰਕੇ ਬ੍ਰਾਹਮਣਵਾਦੀ ਲਿਖਾਰੀਆਂ ਨੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ
ਉਹ ਦੋਸ਼ੀ ਹੋ ਗਏ! ! ! ਨਿਆਂ ਕਰਨ ਦੀ ਇਸ ਹੈਰਾਨੀਜਨਕ ਨੀਤੀ ਦੀ ਸੇਧ ਤੁਹਾਨੂੰ ਕਿਹੜੀ ਗੁਰਮਤਿ ਤੋਂ
ਮਿਲੀ ਹੈ?
41) ਰੋਚੈਸਟਰ ਗੁਰਦੁਆਰੇ ਵਿੱਚ ਵਿਆਖਿਆ ਦੌਰਾਨ ਜੇਕਰ ਪ੍ਰੋ: ਦਰਸ਼ਨ ਸਿੰਘ
ਵਾਕਈ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕਰ ਰਹੇ ਹੁੰਦੇ ਤਾਂ ਕਿ ਗੁਰਦੁਆਰੇ ਦੇ ਪ੍ਰਬੰਧਕ ਜਾਂ
ਉਥੇ ਮੌਜੂਦ ਸੰਗਤ ਉਸੇ ਵਕਤ ਉਨ੍ਹਾਂ ਦਾ ਵਿਰੋਧ ਕਰਕੇ ਪ੍ਰੋਗਰਾਮ ਬੰਦ ਨਾ ਕਰਵਾ ਦਿੰਦੀ? ਅਜਿਹਾ
ਕੁੱਝ ਨਾ ਹੋਣਾ ਕੀ ਇਸ ਗੱਲ ਦਾ ਸਬੂਤ ਨਹੀਂ ਕਿ ਪ੍ਰੋ: ਦਰਸ਼ਨ ਸਿੰਘ ਦਸਮ ਗ੍ਰੰਥ ਵਿੱਚ ਕੀਤੇ ਗਏ
ਗੁਰੂ ਗੋਬਿੰਦ ਸਿੰਘ ਜੀ ਦੇ ਅਪਮਾਨ ਬਾਰੇ ਜਾਣਕਾਰੀ ਦੇ ਰਹੇ ਸਨ, ਨਾ ਕਿ ਗੁਰੂ ਗੋਬਿੰਦ ਸਿੰਘ ਜੀ
ਦਾ ਅਪਮਾਨ ਕਰ ਰਹੇ ਸਨ?
42) ਮੀਡੀਆ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਮੁਤਾਬਿਕ ਤੁਹਾਨੂੰ ਪ੍ਰੋ: ਦਰਸ਼ਨ
ਸਿੰਘ ਵੱਲੋਂ ਕਥਿਤ ਤੌਰ `ਤੇ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕੀਤੇ ਜਾਣ ਦੀ ਸ਼ਿਕਾਇਤ ਰੋਚੈਸਟਰ
ਗੁਰਦਆਰੇ ਦੀ ਸੰਗਤ ਜਾਂ ਪ੍ਰਬੰਧਕਾਂ ਵੱਲੋਂ ਨਹੀਂ ਬਲਕਿ ਵਿਵਾਦਿਤ ਢੰਗ ਨਾਲ ਦਮਦਮੀ ਟਕਸਾਲ ਦੇ ਇੱਕ
ਧੜੇ `ਤੇ ਕਾਬਿਜ਼ ਹੋਏ ਅਜਿਹੇ ਵਿਅਕਤੀ ਵੱਲੋਂ ਕੀਤੀ ਗਈ, ਜਿਸ `ਤੇ ਸਮਲਿੰਗੀ ਹੋਣ ਦੇ ਆਰੋਪ ਲਗਦੇ
ਰਹੇ ਹਨ। ਕੀ ਇਹ ‘ਬੇਗਾਨੇ ਕੀ ਸ਼ਾਦੀ ਮੇਂ ਅਬਦੁੱਲਾ ਦੀਵਾਨਾ’ ਵਾਲੀ ਗੱਲ ਨਹੀਂ ਕਿ ਘਟਨਾ ਦੇ
ਚਸ਼ਮਦੀਦਾਂ ਦੀ ਬਜਾਏ ਹਜ਼ਾਰਾਂ ਮੀਲ ਦੂਰ ਬੈਠੇ ਇੱਕ ਵਿਵਾਦਿਤ ਡੇਰੇਦਾਰ ਨੂੰ ਇਸ ਮਾਮਲੇ ਵਿੱਚ
ਤੁਹਾਡੇ ਕੋਲ ‘ਸ਼ਿਕਾਇਤ’ ਦਰਜ ਕਰਵਾਉਣੀ ਪਈ?
43) ਪ੍ਰੋ: ਦਰਸ਼ਨ ਸਿੰਘ ਖਿਲਾਫ਼ ਪ੍ਰਾਪੇਗੰਡਾ ਕਰਨ ਵਾਲਾ ਇੱਕ ਹੋਰ ਵਿਅਕਤੀ
ਗੁਰਚਰਨਜੀਤ ਲਾਂਬਾ ਹੈ, ਜਿਸਨੇ ਉਕਤ ਕੀਰਤਨ ਦਰਬਾਰ ਦੀ ਵੀਡੀਓ ਦੇ ਸਿਰਫ਼ ਓਹੀ ਅੰਸ਼ ਇੰਟਰਨੈਟ `ਤੇ
ਪਾਏ, ਜਿਨ੍ਹਾਂ ਵਿੱਚ ਤ੍ਰੀਆ ਚਰਿੱਤਰਾਂ ਦੀ ਉਕਤ ਕਹਾਣੀ ਦਾ ਵਰਣਨ ਕੀਤਾ ਗਿਆ ਸੀ। ਪਰ ਉਨ੍ਹਾਂ
ਅੰਸ਼ਾਂ ਨੂੰ ਕੱਟ ਦਿੱਤਾ ਗਿਆ ਜਿਨ੍ਹਾਂ ਵਿੱਚ ਪ੍ਰੋ: ਦਰਸ਼ਨ ਸਿੰਘ ਨੇ ਸੰਗਤਾਂ ਨੂੰ ਕਿਹਾ ਸੀ ਕਿ ਇਸ
ਤਰ੍ਹਾਂ ਦੀਆਂ ਕਹਾਣੀਆਂ ਰਾਹੀਂ ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕੀਤਾ ਗਿਆ
ਹੈ। ਕੀ ਤੁਸੀਂ ਇਸ ਵਿਅਕਤੀ ਤੋਂ ਕੋਈ ਸਪਸ਼ਟੀਕਰਨ ਮੰਗਿਆ ਕਿ ਉਸਨੇ ਪ੍ਰੋ: ਦਰਸ਼ਨ ਸਿੰਘ ਦੇ
ਪ੍ਰੋਗਰਾਮ ਦੀ ਪੂਰੀ ਵੀਡੀਓ ਪੇਸ਼ ਕਰਨ ਦੀ ਬਜਾਏ, ਉਸਦੀ ਕਾਂਟ-ਛਾਂਟ ਕਰ ਕੇ ਲੋਕਾਂ ਸਾਹਮਣੇ ਪੇਸ਼
ਕਰਨ ਪਿੱਛੇ ਉਸਦਾ ਕੀ ਮਕਸਦ ਸੀ?
44) ਪ੍ਰੋ: ਦਰਸ਼ਨ ਸਿੰਘ ਦੇ ਅਕਾਲ ਤਖ਼ਤ ਸਾਹਿਬ `ਤੇ ਤਲਬ ਕੀਤੇ ਜਾਣ ਸਬੰਧੀ
ਮਤੇ ਦੀਆਂ ਦੋ ਤਰ੍ਹਾਂ ਦੀਆਂ ਪ੍ਰਤੀਆਂ ਇੰਟਰਨੈਟ `ਤੇ ਉਪਲਬਧ ਹਨ। ਇਨ੍ਹਾਂ ਵਿੱਚੋਂ ਇੱਕ ਪ੍ਰਤੀ
`ਤੇ ਉਕਤ ਮਤੇ ਦੀ ਤਰੀਕ ਅਤੇ ਪੱਤਰ ਨੰਬਰ ਗਾਇਬ ਹਨ ਅਤੇ ਦੋਹਾਂ ਪੱਤਰਾਂ ਵਿੱਚ ਤੁਹਾਡੇ ਦਸਤਖ਼ਤ ਵੀ
ਵੱਖ-ਵੱਖ ਥਾਵਾਂ `ਤੇ ਹਨ। ਕੀ ਤੁਸੀਂ ਦੱਸ ਸਕਦੇ ਹੋ ਕਿ ਇਕੋ ਮਸਲੇ `ਤੇ, ਇਕੋ ਸ਼ਬਦਾਵਲੀ ਵਾਲੇ ਮਤੇ
ਤੁਹਾਨੂੰ ਦੋ-ਦੋ ਵਾਰੀ ਜਾਰੀ ਕਿਉਂ ਕਰਨੇ ਪਏ?
45) ਕੀ ਇਸਦਾ ਅਰਥ ਇਹ ਨਹੀਂ ਕਿ ਜਾਂ ਤਾਂ ਇੱਕ ਪੱਤਰ ਗੁਰਚਰਨਜੀਤ ਲਾਂਬਾ
ਕੋਲ ਪਹਿਲਾਂ ਹੀ ਮੌਜੂਦ ਸੀ ਜਾਂ ਫਿਰ ਉਸ ਨੂੰ ਅਕਾਲ ਤਖ਼ਤ ਸਾਹਿਬ ਦੇ ਖਾਲੀ ਲੈਟਰ-ਪੈਡ ਮੁਹਈਆ ਕਰਵਾ
ਦਿੱਤੇ ਗਏ ਹਨ, ਜਿਨ੍ਹਾਂ ਨੂੰ ਆਪਣੀ ਸਹੂਲੀਅਤ ਮੁਤਾਬਿਕ ਵਰਤਦਾ ਰਹਿੰਦਾ ਹੈ?
46) ਕਥਿਤ ਤੌਰ `ਤੇ ਵਿਵਾਦਿਤ ਡੇਰੇਦਾਰ ਦੀ ਸ਼ਿਕਾਇਤ ਉਪਰੰਤ ਜਾਰੀ ਕੀਤੇ ਗਏ
‘ਮਤੇ’ ਰਾਹੀਂ ਤੁਸੀਂ ਇਸ ਮਾਮਲੇ ਦਾ ਫੈਸਲਾ ਹੋਣ ਤੱਕ ਪ੍ਰੋਫੈਸਰ ਦਰਸ਼ਨ ਸਿੰਘ ਦੇ “ਕਿਸੇ ਵੀ ਧਾਰਮਕ
ਸਟੇਜ ਤੋਂ ਕਥਾ-ਕੀਰਤਨ ਕਰਨ ਅਤੇ ਬੋਲਣ `ਤੇ ਪੂਰਨ ਤੌਰ `ਤੇ ਪਾਬੰਦੀ” ਦੀ ਸਜ਼ਾ ਲਗਾ ਦਿੱਤੀ ਹੈ।
ਜੇਕਰ ਤੁਸੀਂ ਤਖ਼ਤ ਸਾਹਿਬ ਨੂੰ ਇੱਕ ਅਦਾਲਤ ਦਾ ਰੂਪ ਦੇ ਵੀ ਦਿੱਤਾ ਹੈ ਤਾਂ ਕੀ ਤੁਸੀਂ ਇਹ ਨਹੀਂ
ਜਾਣਦੇ ਕਿ ਅਦਾਲਤਾਂ ਵੱਲੋਂ ਜਦ ਤੱਕ ਕਿਸੇ ਮਾਮਲੇ ਦਾ ਫੈਸਲਾ ਨਹੀਂ ਹੋ ਜਾਂਦਾ, ਤਦ ਤੱਕ ਆਰੋਪੀ
ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ। (ਜੇਕਰ ਕੋਈ ਮਕਾਨ ਮਾਲਕ ਕਿਰਾਏਦਾਰ ਖਿਲਾਫ਼ ਮੁਕੱਦਮਾ ਕਰੇ,
ਤਾਂ ਅਦਾਲਤ ਪਹਿਲੇ ਕਿਰਾਏਦਾਰ ਤੋਂ ਮਕਾਨ ਖਾਲੀ ਕਰਵਾ ਕੇ ਫਿਰ ਮੁਕੱਦਮੇ ਦੀ ਸੁਣਵਾਈ ਨਹੀਂ ਕਰਦੀ
ਬਲਕਿ ਪਹਿਲੇ ਮੁਕੱਦਮੇ ਦੀ ਪੂਰੀ ਸੁਣਵਾਈ ਹੁੰਦੀ ਹੈ ਅਤੇ ਫਿਰ ਜੇਕਰ ਕਿਰਾਏਦਾਰ ਦੋਸ਼ੀ ਪਾਇਆ ਜਾਂਦਾ
ਹੈ ਤਾਂ ਉਸਨੂੰ ਮਕਾਨ ਖਾਲੀ ਕਰਨ ਵਾਸਤੇ ਕਿਹਾ ਜਾਂਦਾ ਹੈ)।
47) ਜੇਕਰ ਪ੍ਰੋ: ਦਰਸ਼ਨ ਸਿੰਘ ਤੋਂ ਕਿਸੇ ਕਿਸਮ ਦੇ ਸਪਸ਼ਟੀਕਰਨ ਦੀ ਲੋੜ ਵੀ
ਸੀ, ਤਾਂ ਕਿ ਉਸਦੇ ਵਾਸਤੇ ਟੈਲੀਫੋਨ, ਮੋਬਾਇਲ, ਈ-ਮੇਲ, ਫੈਕਸ ਆਦਿਕ ਸੰਚਾਰ ਮਾਧਿਅਮਾਂ ਰਾਹੀਂ
ਉਨ੍ਹਾਂ ਨਾਲ ਰਾਬਤਾ ਕਾਇਮ ਕਰਕੇ ਸਪਸ਼ਟੀਕਰਨ ਨਹੀਂ ਮੰਗਿਆ ਜਾ ਸਕਦਾ ਸੀ?
48) ਬ੍ਰਾਹਮਣਵਾਦ ਦਾ ਪਾਜ ਉਘਾੜਨ ਵਾਲੇ ਪ੍ਰਚਾਰਕਾਂ ਨੂੰ ‘ਆਰੋਪੀ’ ਬਣਾ ਕੇ
ਤਖ਼ਤ ਸਾਹਿਬ ਉਤੇ ‘ਤਲਬ’ ਕਰਕੇ ਉਨ੍ਹਾਂ ਨੂੰ ਜ਼ਲੀਲ ਕਰਨ ਅਤੇ ਉਨ੍ਹਾਂ ਦੇ ਕਥਾ-ਕੀਰਤਨ `ਤੇ ਸਥਾਈ
ਰੋਕ ਲਗਾ ਕੇ ਸਿੱਖਾਂ ਨੂੰ ਬ੍ਰਾਹਮਣਵਾਦ ਰੂਪੀ ਅਜਗਰ ਦੇ ਮੂੰਹ ਵਿੱਚ ਧਕੇਲ ਦੇਣ ਦਾ ਰਾਹ ਪੱਧਰਾ
ਕਰਨ ਲਈ ਏਨੀ ਲੰਮੀ-ਚੌੜੀ ਪ੍ਰਕ੍ਰਿਆ ਅਪਣਾਈ ਗਈ ਅਤੇ ਇਸਨੂੰ ਮੀਡੀਆ ਵਿੱਚ ਖੂਬ ਉਛਾਲਿਆ ਗਿਆ?
49) ਜੂਨ 2008 ਵਿੱਚ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਮੁੱਖ ਪੁਜਾਰੀ ਗਿ:
ਜੋਗਿੰਦਰ ਸਿੰਘ ਵੇਦਾਂਤੀ ਨੇ ਇੱਕ ਆਦੇਸ਼ ਜਾਰੀ ਕੀਤਾ ਸੀ ਕਿ ਤਖ਼ਤਾਂ ਦੇ ਮੌਜੂਦਾ ਅਤੇ ਸਾਬਕਾ
ਜਥੇਦਾਰਾਂ ਨੂੰ ਅਕਾਲ ਤਖ਼ਤ ਸਾਹਿਬ `ਤੇ ਤਲਬ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਉਨ੍ਹਾਂ ਤੋਂ
ਸਪਸ਼ਟੀਕਰਨ ਮੰਗਿਆ ਜਾ ਸਕਦਾ ਹੈ। ਇਸ ਆਦੇਸ਼ `ਤੇ ਗਿ: ਵੇਦਾਂਤੀ ਦੇ ਇਲਾਵਾ ਤੁਹਾਡੇ (ਤਖ਼ਤ ਸਾਹਿਬ ਦੇ
ਮੌਜੂਦਾ ਮੁੱਖ ਪੁਜਾਰੀ ਗਿ: ਗੁਰਬਚਨ ਸਿੰਘ) ਦਸਤਖ਼ਤ ਵੀ ਹਨ। ਕੀ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ
ਆਪਣੇ ਹੀ ਵੱਲੋਂ ਜਾਰੀ ਕੀਤੇ ਗਏ ਇਸ ਹੁਕਮਨਾਮੇ ਦੀ ਉਲੰਘਣਾ (ਪ੍ਰੋ: ਦਰਸ਼ਨ ਸਿੰਘ ਵੀ ਅਕਾਲ ਤਖ਼ਤ
ਸਾਹਿਬ ਦੇ ਸਾਬਕਾ ਮੁੱਖ ਪੁਜਾਰੀ ਹਨ) ਕਿਉਂ ਕਰ ਰਹੇ ਹੋ?
50) ਪ੍ਰੋ: ਦਰਸ਼ਨ ਸਿੰਘ ਵਰਗੇ ਚੇਤੰਨ ਅਤੇ ਅਤਿ ਸਤਿਕਾਰਤ ਪ੍ਰਚਾਰਕ ਖਿਲਾਫ਼
ਤੁਸੀਂ ਫੁਰਤੀ ਨਾਲ ‘ਕਾਰਵਾਈ’ ਕਰ ਵਿਖਾਉਂਦੇ ਹੋ ਪਰ ਜਦ 2008 `ਚ ਲਗਾਤਾਰ 40 ਦਿਨ ਪੰਥਕ
ਜਥੇਬੰਦੀਆਂ ਯਾਦ-ਪੱਤਰ ਦੇ ਕੇ ਤੁਹਾਡੇ ਤੋਂ ਬਾਦਲ ਪਰਵਾਰ ਦੀਆਂ ਗੁਰਮਤਿ ਵਿਰੋਧੀ ਕਾਰਵਾਈਆਂ `ਤੇ
ਰੋਕ ਲਗਾਉਣ ਦੀ ਮੰਗ ਕਰਦੀਆਂ ਰਹੀਆਂ, ਤਾਂ ਤੁਸੀਂ ਕੋਈ ਕਾਰਵਾਈ ਨਾ ਕਰ ਸਕੇ। ਕੀ ਤੁਸੀਂ ਇਸ ਦੋਗਲੀ
ਨੀਤੀ ਜਾਂ ਅਚਾਨਕ ਆਉਂਦੀ ਚੁਸਤੀ/ਆਲਸ ਦੇ ਕਾਰਨਾਂ ਦਾ ਰਾਜ਼ ਦਸ ਸਕਦੇ ਹੋ?
51) ਕੀ ਤੁਸੀਂ ਸੰਗਤਾਂ ਨੂੰ ਇਹ ਦੋ-ਟੂਕ ਜਾਣਕਾਰੀ ਦੇਣ ਦਾ ਹੀਆ ਕਰੋਗੇ ਕਿ
ਤੁਹਾਡੀ ਵਿਦਵਤਾ ਮੁਤਾਬਿਕ ਦਸਮ ਗ੍ਰੰਥ ਦੀਆਂ ਕਿਹੜੀਆਂ-ਕਿਹੜੀਆਂ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ
ਦੀਆਂ ਰਚਨਾਵਾਂ ਹਨ ਅਤੇ ਕਿਹੜੀਆਂ ਨਹੀਂ? ਕੀ ਤੁਸੀਂ ਸਿੱਖਾਂ ਨੂੰ ਇਹ ਵੀ ਦੱਸਣ ਦੀ ਕ੍ਰਿਪਾਲਤਾ
ਕਰੋਗੇ ਕਿ ਦਸਮ ਗ੍ਰੰਥ ਪੜ੍ਹੇ ਬਿਨ੍ਹਾਂ (ਅਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਨੂੰ ਅਪਣਾ
ਕੇ ਹੀ) ਉਨ੍ਹਾਂ ਦਾ ਜੀਵਨ ਕਿਉਂ ਨਹੀਂ ਸੰਵਰ ਸਕਦਾ?
ਆਪ ਜੀ ਦੇ ਉਤਰ ਦੀ ਉਡੀਕ ਵਿੱਚ
ਸਰਬਜੀਤ ਸਿੰਘ ਫੋਨ: 9871683322