.

ਆਲੋਚਨਾ ਗੁਰਮਤਿ ਦਾ ਮੁੱਢ ਹੈ।

ਜਾਗਰੂਕ ਪਾਠਕਾਂ ਦੇ ਚਰਣਾਂ ਵਿੱਚ ਹੱਥ ਜੋੜ ਕੇ ਬੇਨਤੀ

ਸਤਿਕਾਰਯੋਗ ਸ. ਇੰਦਰਜੀਤ ਸਿੰਘ ਜੀ ਕਾਨਪੁਰ

ਵਾਹਿ-ਗੁਰੂ ਜੀ ਕਾ ਖਾਲਸਾ, ਵਾਹਿ-ਗੁਰੂ ਜੀ ਕੀ ਫਤਿਹ

20. 10. 2009 ਨੂੰ ਸਿਖ ਮਾਰਗ ਤੇ ਆਪ ਜੀ ਨੇ ਲਿਖਿਆ ਹੈ ਕਿ ਫਰੀਦਾਬਾਦ ਦੇ ਵੀਰਾਂ ਉਪਰ ਤੱਤ ਗੁਰਮਤਿ ਪਰਿਵਾਰ ਵਲੋਂ ਲਗਾਏ ਦੋਸ਼ਾਂ ਨੂੰ ਪੜ੍ਹਕੇ ਆਪ ਜੀ ਦਾ ਦਿਲ ਇਸ ਹੱਦ ਤੱਕ ਉਦਾਸ ਅਤੇ ਪਰੇਸ਼ਾਨ ਹੋ ਗਿਆ। ਇੱਕ ਵਾਰ ਪਹਿਲਾਂ ਜਦੋਂ ਭਾਈ ਹਰਜਿੰਦਰ ਸਿੰਘ ਦਿਲਗੀਰ ਨੇ ਆਪਣੇ ਲੇਖ ਸਿਖ ਮਾਰਗ ਤੋਂ ਹਟਵਾ ਦਿੱਤੇ ਸਨ ਉਨ੍ਹਾਂ ਘਟਨਾਵਾਂ ਨੂੰ ਆਪ ਜੀ ਨਹੀਂ ਜਾਣਦੇ ਅਤੇ ਨਾ ਹੀ ਜਾਨਣਾ ਚਾਹੁੰਦੇ ਹੋਂ। ਉਦੋਂ ਵੀ ਆਪ ਜੀ ਦਾ ਦਿਲ ਇਸੇ ਤਰ੍ਹਾਂ ਹੀ ਮਹਿਸੂਸ ਕਰਦਾ ਹੋਇਆ ਉਦਾਸ ਅਤੇ ਪਰੇਸ਼ਾਨ ਹੋ ਗਿਆ ਸੀ ਜਿਸ ਨੂੰ ਬਿਆਨ ਕਰਨਾ ਆਪ ਜੀ ਲਈ ਕਠਿਨ ਹੈ। ਇਸ ਸਬੰਧੀ ਦਾਸਰਿਆਂ ਦੀਆਂ ਬੇਨਤੀਆਂ ਕ੍ਰਮਵਾਰ ਇਸ ਪ੍ਰਕਾਰ ਹਨ ਜੀ:-

1. ਸੱਚ ਕਹਿਣਾ ਕਿਸੇ ਤੇ ਦੋਸ਼ ਲਾਉਣਾ ਬਿਲਕੁੱਲ ਵੀ ਨਹੀਂ ਹੁੰਦਾ ਜੀ। ਕਿਉਕਿ ਜੇ ਸੱਚ ਕਹਿਣ ਨੂੰ ਦੋਸ਼ ਲਾਉਣਾ ਮੰਨ ਲਿਆ ਜਾਏ ਤਾਂ ਇਹ ਕਹਿਣ ਵਿੱਚ ਵੀ ਕੋਈ ਸੰਕੋਂਚ ਨਹੀਂ ਹੋਣਾ ਚਾਹੀਦਾ ਕਿ ਨਾਨਕ ਪਾਤਸ਼ਾਹ ਜੀ ਨੇ ਸਮਾਜ ਵਿੱਚ ਪਹਿਲਾਂ ਤੋਂ ਹੀ ਪ੍ਰਚਲਿਤ ਧਾਰਮਿਕ, ਸਮਾਜਿਕ ਅਤੇ ਸਿਆਸੀ ਲੋਗਾਂ ਵਲੋਂ ਅਪਨਾਏ ਤੋਰ ਤਰੀਕਿਆ ਉਤੇ ਕਿੰਤੂ ਕਰਦੇ ਹੋਏ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ? ਕੀ ਇਸ ਗੱਲ ਨੂੰ ਠੀਕ ਮੰਨਿਆ ਜਾਂ ਕਿਹਾ ਜਾ ਸਕਦਾ ਹੈ?

2. ਜਿਸ ਤਰ੍ਹਾਂ ਆਪ ਜੀ ਸੋਚਦੇ ਹੋ ਕਿ ਕਿਸੇ ਵੀ ਸੰਸਥਾ ਜਾਂ ਸੰਗਠਨ ਦਾ ਮੈਂਬਰ ਬਨਣ ਨਾਲ ਹਉਮੈ ਵਧਣ ਕਾਰਨ, ਕੰਮ ਕਰਨ ਦੇ ਤਰੀਕੇ ਵਿੱਚ ਬਦਲਾਅ ਦੇ ਨਾਲ ਹੀ ਕਲਮ ਅਤੇ ਜੁਬਾਨ ਸੋਚ ਸੋਚ ਕੇ, ਅਟਕ ਅਟਕ ਕੇ ਚਲਣ ਲਗ ਜਾਂਦੀ ਹੈ ਆਪ ਜੀ ਦੇ ਇਸ ਵਿਚਾਰ ਨਾਲ ਪਰਿਵਾਰ ਸਹਿਮਤੀ ਨਹੀਂ ਰਖਦਾ ਕਿਉਕਿ ਹਉਮੈ ਅਧੀਨ ਕਲਮ ਅਤੇ ਜੁਬਾਨ ਸੋਚ ਕੇ ਅਤੇ ਅਟਕ ਕੇ ਚੱਲਨ ਦੀ ਥਾਂਵੇਂ ਬਿਨਾਂ ਸੋਚੇ ਅਤੇ ਬਿਨਾਂ ਅਟਕੇ ਬੇਰੋਕ ਚਲਣ ਦੀ ਆਦੀ ਹੋ ਜਾਂਦੀ ਹੈ ਕਿਉਕਿ ਉਹ ਇਹ ਸਮਝਣ ਲੱਗ ਜਾਂਦਾ ਹੈ ਕਿ ਮੇਰੇ ਵਰਗਾ ਕੋਈ ਨਹੀਂ।

3. ਆਪ ਜੀ ਦੇ ਵਿਚਾਰ ਅਨੁਸਾਰ ਸਿਖ ਮਾਰਗ ਤੇ ਛਿੜੀ ਬਹਿਸ (ਵਿਚਾਰ ਚਰਚਾ) ਦੀ ਤੁਲਨਾ ਦੀਵਾਲੀ ਦੇ ਇਤਿਹਾਸ ਨਾਲ ਕਰਦੇ ਹੋਏ ਇਹ ਸੋਚਣਾ ਕਿ ਜਦੋਂ ਵੀ ਖਾਲਸੇ ਦਾ ਕੋਈ ਕੰਮ ਸਿਰੇ ਚੜਨ ਵਾਲਾ ਹੁੰਦਾ ਹੈ, ਉਨ੍ਹਾਂ ਦੀ ਜਿਦ ਤੇ ਹਉਮੈ ਨਾਲ ਸਾਰੀ ਗੱਲ ਵਿਗੜ ਜਾਂਦੀ ਹੈ ਅਤੇ ਵਿਰੋਧੀਆਂ ਦਾ ਕੰਮ ਆਪਣੇ ਆਪ ਬਣ ਜਾਂਦਾ ਹੈ ਇਹ ਤੁਲਨਾ ਸਿਖ ਮਾਰਗ ਤੇ ਚੱਲ ਰਹੀ ਵਿਚਾਰ ਚਰਚਾ ਨਾਲ ਕਿਸੇ ਵੀ ਤਰੀਕੇ ਮੇਲ ਨਹੀਂ ਖਾਂਦੀ ਜੀ ਕਿਉਕਿ ਕਿਸੇ ਜ਼ਿਦ ਜਾਂ ਹਉਮੈ ਅਧੀਨ ਪਰਿਵਾਰ ਵਲੋਂ ਕਿਸੇ ਨੂੰ ਕੁੱਝ ਐਸਾ ਬਿਲਕੁਲ ਵੀ ਨਹੀਂ ਕਿਹਾ ਗਿਆ ਜੋ ਅਸਲੀਅਤ ਤੋਂ ਉਲਟ ਹੋਵੇ ਅਤੇ ਨਾ ਹੀ ਕਿਸੇ ਜਥੇਦਾਰੀ ਦੀ ਲਾਲਸਾ ਅਧੀਨ ਕਿਸੇ ਤੇ ਕੋਈ ਦੋਸ਼ ਲਗਾਇਆ ਗਿਆ ਹੈ ਅਤੇ ਨਾ ਹੀ ਕਿਸੇ ਨਾਲ ਕੋਈ ਆਪਸੀ ਮਤਭੇਦ ਹੀ ਹਨ ਇਹ ਵਿਚਾਰ ਕੇਵਲ ਇਸ ਕਰਕੇ ਦਿੱਤੇ ਗਏ ਸਨ ਕਿ ਕਿਤੇ ਇਹ ਰਹਿਤ ਮਰਿਆਦਾ ਦੀ ਵਿਚਾਰ ਚਰਚਾ ਕਿਸੇ ਐਸੇ ਸਖਸ਼ ਦੇ ਹੱਥ ਨਾ ਚਲੀ ਜਾਏ ਜੋ ਕਿਸੇ ਡਰ ਜਾਂ ਲਾਲਚ ਅਧੀਨ ਗੁਰਮਤਿ ਦੀ ਗੱਲ ਕਹਿਣ ਵੇਲੇ ਕਿਸੇ ਉਚਿੱਤ ਮੋਕੇ ਨੂੰ ਹੱਥੋਂ ਗਵਾ ਲੈਣ ਦੇ ਸ਼ਿਕਾਰ ਹੀ ਨਾ ਹੋ ਜਾਣ। ਇਸ ਸਬੰਧੀ ਇੱਕ ਖਾਸ ਗੱਲ ਦਾ ਜ਼ਿਕਰ ਕਰਨਾ ਪਾਠਕਾਂ ਦੀ ਜਾਣਕਾਰੀ ਲਈ ਲਾਹੇਵੰਦਾ ਰਹੇਗਾ। ਪਿਛਲੇ ਪੱਤਰ ਵਿੱਚ ਫਰੀਦਾਬਾਦ ਵਿੱਚ ਹੋਏ ਜਿਸ ਸਮਾਗਮ ਦਾ ਜ਼ਿਕਰ ਕੀਤਾ ਗਿਆ ਸੀ ਉਸੇ ਸਮਾਗਮ ਤੋਂ ਪਹਿਲਾਂ ਇੱਕ ਛੋਟੇ ਜਹੇ ਸਮਾਗਮ ਵਿੱਚ ਫਰੀਦਾਬਾਦ ਵਿੱਖੇ ਹੀ ਜਾਚਕ ਜੀ ਦੇ ਹੀ ਇੱਕ ਨੇੜਲੇ ਸਾਥੀ ਗਿਆਨੀ ਕੇਵਲ ਸਿੰਘ ਜੀ ਨੇ ਜਿਸ ਭਗਉਤੀ ਭਗਵੰਤ ਭਗਤ ਕਾ ਰੰਗ ਦੇ ਗੁਰਬਾਣੀ ਅਰਥਾਂ ਨੂੰ ਜਬਰਦਸਤੀ ਅਖੋਤੀ ਦਸਮ ਗ੍ਰੰਥ ਵਿਚਲੀ ਭਗਉਤੀ ਨੂੰ ਸਹੀ ਸਾਬਿਤ ਕਰਨ ਦਾ ਯਤਨ ਕੀਤਾ ਸੀ ਤਾਂ ਸ੍ਰ. ਉਪਕਾਰ ਸਿੰਘ ਜੀ ਦੀ ਸੂਝਵਾਨ ਬੇਟੀ ਬੀਬੀ ਹਰਬੰਸ ਕੌਰ ਨੇ ਬੜੀ ਦਲੇਰੀ ਨਾਲ ਇਹ ਕਹਿਣ ਦੀ ਹਿਮੰਤ ਕੀਤੀ ਸੀ ਕਿ ਗਿਆਨੀ ਜੀ ਅਰਥਾਂ ਦੇ ਅਨਰਥ ਕਿਉਂ ਕਰ ਰਹੇ ਹੋ। ਪਰ ਬਾਦ ਵਿੱਚ ਜਦੋਂ ਫਰੀਦਾਬਾਦ ਵਿੱਚ ਹੀ ਹੋਏ ਇੱਕ ਦੂਜੇ ਵੱਡੇ ਸਮਾਗਮ, ਜਿਸ ਵਿੱਚ ਜਾਚਕ ਜੀ ਤੋਂ ਇਲਾਵਾ ਗਿਆਨੀ ਕੇਵਲ ਸਿੰਘ ਜੀ (ਸਾਬਕਾ ਜੱਥੇਦਾਰ ਤੱਖਤ ਦਮਦਮਾ ਸਾਹਿਬ, ਤਲਵੰਡੀ ਸਾਬੋ) ਅਤੇ ਪ੍ਰੋ. ਦਰਸ਼ਨ ਸਿੰਘ ਜੀ ਦੇ ਨਾਲ-ਨਾਲ ਹੋਰ ਬਹੁਤ ਸਾਰੀਆਂ ਮੰਨੀਆਂ ਪ੍ਰਮੰਨੀਆਂ ਪੰਥਕ ਸਖਸ਼ੀਅਤਾਂ ਮੋਜ਼ੂਦ ਹੋਣ ਅਤੇ ਉਨ੍ਹਾਂ ਦੀ ਮੋਜ਼ੂਦਗੀ ਵਿੱਚ ਹੀ ਭਗਉਤੀ ਭਗਵੰਤ ਭਗਤ ਕਾ ਰੰਗ ਦੇ ਗੁਰਬਾਣੀ ਅਰਥਾਂ ਨੂੰ ਇੱਕ ਵਾਰ ਦੁਬਾਰਾ ਜਬਰਦਸਤੀ ਅਖੋਤੀ ਦਸਮ ਗ੍ਰੰਥ ਵਿਚਲੀ ਭਗਉਤੀ ਨੂੰ ਸਹੀ ਸਾਬਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੋਵੇ ਅਤੇ ਇਸੇ ਸਮਾਗਮ ਦੇ ਆਯੋਜਕ ਉਹੀ ਫਰੀਦਾਬਾਦ ਵਾਲੇ ਸਾਰੇ ਸਿੰਘ, ਸਿੰਘਣੀਆਂ ਇਸ ਗੱਲ ਲਈ, ਕਿਸ ਮਜ਼ਬੂਰੀ ਵੱਸ, ਪੰਥਕ ਸਖਸ਼ੀਅਤਾਂ ਦੇ ਸਾਮ੍ਹਣੇ ਚੁੱਪ ਧਾਰਣ ਕਰੀ ਬੈਠੇ ਰਹੇ, ਜਿਸ ਬਾਰੇ ਅਗੋਂ ਪਿਛੋਂ ਤਾਂ ਬੜੀ ਦਲੇਰੀ ਨਾਲ ਵਿਰੋਧ ਕੀਤਾ ਜਾਂਦਾ ਰਿਹਾ ਹੋਵੇ, ਪਰ, ਇੱਕ ਚੰਗੇ ਅਵਸਰ ਅਤੇ ਉਚਿੱਤ ਮੋਕੇ, ਜਦੋਂ ਵਡੀਆਂ ਪੰਥਕ ਸਖਸ਼ੀਅਤਾਂ ਦੀ ਮੋਜੂਦਗੀ ਵਿੱਚ ਪੰਥਕ ਵਿਦਵਾਨਾਂ ਵਲੋਂ ਹੀ ਬਿਲਕੁਲ ਉਹੀ ਗਲਤ ਅਰਥ ਕੀਤੇ ਜਾ ਰਹੇ ਹੋਣ ਜਿਸਦਾ ਕਿਸੇ ਵੇਲੇ ਬੜੀ ਦਲੇਰੀ ਨਾਲ ਵਿਰੋਧ ਕੀਤਾ ਗਿਆ ਹੋਵੇ ਕਿ “ਅਰਥਾਂ ਦੇ ਅਨਰਥ ਨਾ ਕਰੋ ਜੀ”, ਪਰ ਇਸਦੇ ਬਿਲਕੁਲ ਹੀ ਉਲਟ ਸਮਾਗਮ ਵਿੱਚ ਹੈਰਾਨੀਜਨਕ ਚੁੱਪ ਧਾਰਣ ਕਰ ਲਈ ਗਈ ਹੋਵੇ ਤਾਂ ਇੱਕ ਆਮ ਗੁਰਸਿਖ ਜਾਂ ਜਿਗਿਆਸੂ ਭਾਵੇ ਇਸ ਨੂੰ ਨਾ ਸਮਝ ਸਕਣ ਪਰ ਸੁਚੇਤ ਗੁਰਸਿਖਾਂ ਲਈ ਇਹ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਆਪ ਜੀ ਇਸ ਬਾਰੇ ਕੀ ਵਿਚਾਰ ਰਖਦੇ ਹੋ? ਇਸ ਉਦਾਹਰਣ ਦੇ ਜ਼ਿਕਰ ਨਾਲ ਜੇ ਆਪ ਜੀ ਸੋਚਦੇ ਹੋ ਕਿ ਜਦੋਂ ਵੀ ਖਾਲਸੇ ਦਾ ਕੋਈ ਕੰਮ ਸਿਰੇ ਚੜਨ ਵਾਲਾ ਹੁੰਦਾ ਹੈ, ਉਨ੍ਹਾਂ ਦੀ ਜਿਦ ਤੇ ਹਉਮੈ ਨਾਲ ਸਾਰੀ ਗੱਲ ਵਿਗੜ ਜਾਂਦੀ ਹੈ ਅਤੇ ਵਿਰੋਧੀਆਂ ਦਾ ਕੰਮ ਆਪਣੇ ਆਪ ਬਣ ਜਾਂਦਾ ਹੈ। ਐਸੇ ਖਿਆਲਾਂ ਕਾਰਣ ਹੀ ਅੱਜ ਸਿੱਖੀ ਵਿੱਚ ਇਨ੍ਹਾਂ ਨਿਘਾਰ ਆ ਚੁੱਕਾ ਹੈ ਕਿ ਸਾਰੀ ਜਿੰਦਗੀ ਸਿਖ ਪੰਥ ਦੀ ਚੜਦੀ ਕਲਾ ਲਈ ਗੁਜਾਰਨ ਵਾਲੇ ਪ੍ਰੋ. ਦਰਸ਼ਨ ਸਿੰਘ ਜੀ ਨੂੰ ਜ਼ਲੀਲ ਕਰਨ ਲਈ ਅੱਜ ਇਸ ਸਿਖ ਪੰਥ ਦੇ ਬਣ ਬੈਠੇ ਠੇਕੇਦਾਰ ਅਖੋਤੀ ਜਥੇਦਾਰਾਂ ਨੇ ਉਨ੍ਹਾਂ ਦੇ ਕੀਰਤਨ ਕਰਨ ਤੇ ਹੀ ਪਾਬੰਦੀ ਲਗਾਉਣ ਦਾ ਮਨ ਬਣਾ ਲਿਆ ਲਗਦਾ ਹੈ, ਕਿਉਕਿ ਜਿਸ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੱਖਕੇ ਇਹ ਲੋਗ ਮੱਥੇ ਟੇਕ ਰਹੇ ਹਨ ਉਸੇ ਗ੍ਰੰਥ ਵਿੱਚ ਗੋਬਿੰਦ ਪਾਤਸ਼ਾਹ ਜੀ ਦੇ ਜੀਵਨ ਨੂੰ ਕਲੰਕਤ ਕਰਨ ਵਾਲੀਆਂ ਕਹਾਣੀਆਂ ਨੂੰ ਜੇਕਰ ਪ੍ਰੋ ਦਰਸ਼ਨ ਸਿੰਘ ਜੀ ਸੰਗਤ ਦੇ ਸਨਮੁਖ ਅਰਥਾਂ ਸਮੇਤ ਚਾਨਣਾਂ ਪਾਉਦੇ ਹਨ ਤਾਂ ਅਖੋਤੀ ਜੱਥੇਦਾਰਾਂ ਵਲੋਂ ਐਸੇ ਗ੍ਰੰਥ ਨੂੰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਪਛਤਾਵਾ ਨਹੀਂ ਹੁੰਦਾ ਜਿਸ ਵਿੱਚ ਗੁਰਸਿੱਖੀ ਦੇ ਹੀ ਰਚਨਹਾਰਿਆਂ ਨੂੰ ਬੜੀ ਹੁਸ਼ਿਆਰੀ ਨਾਲ ਕਲੰਕਤ ਕੀਤਾ ਗਿਆ ਹੋਵੇ ਬਲਕਿ ਇਸ ਦੇ ਬਿਲਕੁੱਲ ਉਲਟ ਪੰਥ ਦਰਦ ਰਖਣ ਵਾਲੇ ਇੱਕ ਵਿਦਵਾਨ ਗੁਰਸਿਖ ਨੂੰ ਹੀ ਜ਼ਲੀਲ ਕਰਨ ਦਾ ਗੁਨਾਹ ਕੀਤਾ ਹੋਵੇ। ਐਸੇ ਸਮੇਂ ਕੀ ਕਹੀਏ? ਉਨ੍ਹਾਂ (ਪ੍ਰੋ ਦਰਸ਼ਨ ਸਿੰਘ ਜੀ) ਦੀ ਹਉਮੈ ਕਾਰਨ ਹੀ ਗੱਲ ਵਿਗੜ ਰਹੀ ਹੈ? ਜੋ ਅਖੋਤੀ ਜੱਥਦਾਰਾਂ ਦੀ ਗੱਲ ਨਾ ਮਨਦੇ ਹੋਏ, ਨਿਰੋਲ ਸੱਚ ਬਿਆਨ ਕਰਦਿਆਂ ਸੱਚ ਸੁਨਾਈਸੀ ਸੱਚ ਕੀ ਬੇਲਾ ਦੇ ਹੋਕੇ ਨਾਲ ਕੋਮ ਨੂੰ ਸਚੇਤ ਕਰਨ ਲਈ ਸੰਘਰਸ਼ਸ਼ੀਲ ਹਨ। ਮਨ ਦੀਆਂ ਐਸੀਆਂ ਭਾਵਨਾਵਾਂ ਅਧੀਨ ਹੀ ਪਰਿਵਾਰ ਨੇ ਫਰੀਦਾਬਾਦ ਦੇ ਸਿੰਘਾਂ ਅਤੇ ਸਪੋਕਸਮੈਨ ਵਲੋਂ ਗੁਰਮਤਿ ਪ੍ਰਚਾਰ ਦੇ ਖੇਤਰ ਵਿੱਚ ਪਾਏ ਸ਼ਲਾਘਾਯੋਗ ਉਦੱਮਾਂ ਨੂੰ ਧਿਆਨ ਵਿੱਚ ਰਖਕੇ ਹੀ ਸਿਖ ਮਾਰਗ ਤੇ ਚੱਲ ਰਹੀ ਵਿਚਾਰ ਚਰਚਾ ਵਿੱਚ ਭਾਗ ਨਾ ਲੈ ਕੇ ਹੈਰਾਨੀਜਨਕ ਚੁੱਪ ਕਿਉਂ ਧਾਰਨ ਕਰ ਰਖੀ ਹੈ? ਆਖ ਕੇ ਚੱਲ ਰਹੀ ਵਿਚਾਰ ਚਰਚਾ ਵਿੱਚ ਭਾਗ ਲੈਣ ਲਈ ਕੇਵਲ ਹਲੂਣਾ ਹੀ ਦਿਤਾ ਸੀ ਕਿ ਅਗੋਂ ਪਿਛੋਂ ਤਾਂ ਅਸੀਂ ਸੱਭ ਕੋਮ ਵਿੱਚ ਆਏ ਨਿਘਾਰ ਦੀ ਗੱਲ ਕਰਦੇ ਹਾਂ ਪਰ ਜਦੋਂ ਗੱਲ ਕਰਨ ਦਾ ਉਚਿਤ ਮੋਕਾ ਆਉਂਦਾ ਹੈ ਉਦੋਂ ਚੁੱਪ ਧਾਰਨ ਕਰ ਲਈ ਜਾਦੀ ਹੈ। ਜੇਕਰ ਪਰਿਵਾਰ ਵਲੋਂ ਦਿੱਤੇ ਇਸ ਸੱਚ ਦੇ ਹੋਕੇ ਕਾਰਨ ਸੁਚੇਤ ਗੁਰਸਿਖ ਇਹ ਸਮਝਦੇ ਹਨ ਕਿ ਜਦੋਂ ਵੀ ਖਾਲਸੇ ਦਾ ਕੋਈ ਕੰਮ ਸਿਰੇ ਚੜਨ ਵਾਲਾ ਹੁੰਦਾ ਹੈ, ਉਨ੍ਹਾਂ ਦੀ ਜਿਦ ਤੇ ਹਉਮੈ ਨਾਲ ਸਾਰੀ ਗੱਲ ਵਿਗੜ ਜਾਂਦੀ ਹੈ ਤਾਂ ਇਸ ਗੁਸਤਾਂਖੀ ਕਾਰਣ ਪਰਿਵਾਰ ਐਸੀ ਸੋਚ ਵਾਲੇ ਵੀਰਾਂ ਤੋਂ ਦੋਣੋ ਹੱਥ ਜੋੜਕੇ ਖਿਮਾ ਮੰਗਦਾ ਹੈ।

4. ‘ਤੱਤ ਗੁਰਮਤਿ ਪਰਿਵਾਰ’ ਅਨੇਕਾਂ ਵਾਰ ਅਪਣੇ ਲੇਖਾਂ ਵਿੱਚ ਅਪਣੀ ਇਹ ਨੀਤੀ ਸਪਸ਼ਟ ਕਰ ਚੁੱਕਾ ਹੈ ਜਿਥੇ ਪਰਿਵਾਰ ਪੰਥਕ ਜਾਗ੍ਰਿਤੀ ਲਿਆਉਣ ਲਈ ਕਾਰਜਰਤ ਹਰ ਸੰਸਥਾ, ਸ਼ਖਸੀਅਤ ਦੀ ਹਿਮਾਇਤ ਕਰਦਾ ਹੈ, ਦੂਜੇ ਪਾਸੇ ਜਾਗਰੂਕ ਮੰਨੀਆਂ ਜਾਂਦੀਆਂ ਸੰਸਥਾਵਾਂ, ਸ਼ਖਸ਼ੀਅਤਾਂ ਦੀ ਗਲਤ ਨੀਤੀਆਂ, ਕੰਮਾਂ ਦੀ ‘ਸੁਧਾਰਮਈ’ ਆਲੋਚਨਾ ਕਰਨਾ ਵੀ ਅਪਣਾ ਜ਼ਰੂਰੀ ਫਰਜ਼ ਸਮਝਦਾ ਹੈ। ਇਸੇ ਨੀਤੀ ਅਧੀਨ ਪਰਿਵਾਰ ਵਲੋਂ ਪਿਛਲੇ ਸਮੇਂ ਵਿੱਚ ਕੀਤੀ ਗਈ ਆਲੋਚਨਾ ਪੰਥਕ ਮੀਡੀਆ (ਸਿੱਖ ਮਾਰਗ, ਇੰਡੀਆ ਅਵੈਅਰਨੈਸ ਆਦਿ) ਵਿੱਚ ਛਪਦੀ ਰਹੀ ਹੈ। ਗੁਰਮਤਿ ਆਧਾਰਿਤ ਨਿਰਪੱਖ ਨੀਤੀ ਅਨੁਸਾਰ ਆਲੋਚਨਾ ਪਹਿਲਾਂ ਸੰਬੰਧਿਤ ਧਿਰ ਨੂੰ ਭੇਜੀ ਜਾਂਦੀ ਹੈ, ਤਾਂ ਕਿ ਉਹ ਅਪਣਾ ਪੱਖ ਸਪਸ਼ਟ ਕਰ ਸਕਣ। ਜਦੋਂ ਕੋਈ ਇਸ ਆਲੋਚਨਾ ਦਾ ਬਿਲਕੁਲ ਨੋਟਿਸ ਨਹੀਂ ਲੈਂਦਾ ਤਾਂ ਮਜ਼ਬੂਰਣ ਪਰਿਵਾਰ ਨੂੰ ਇਹ ਆਲੋਚਨਾ ਪਾਠਕਾਂ ਦੀ ਕਚਹਿਰੀ ਵਿੱਚ ਲੈ ਜਾਣੀ ਪੈਂਦੀ ਹੈ, ਤਾਂ ਕਿ ਸੱਚ ਉਜਾਗਰ ਹੋ ਸਕੇ।

5. ਪਰ ਪਿਛਲੇ ਕੁੱਝ ਸਮੇਂ ਵਿੱਚ ‘ਸਿੱਖ ਮਾਰਗ’ ਦੇ ਕੁੱਝ ਬਹੁਤ ਹੀ ਜਾਗਰੂਕ ਅਤੇ ਸੁਹਿਰਦ ਪਾਠਕ ਵੀਰਾਂ ਨੇ ਇਸ ਆਲੋਚਨਾ ਨੂੰ ‘ਅਪਣੀ ਹਉਮੈ ਨੂੰ ਪੱਠੇ ਪਾਉਣ ਵਾਲੀ ਲੜਾਈ’ ਦਾ ਨਾਂ ਦੇ ਕੇ ਇਸ `ਤੇ ਦੁੱਖ ਜਾਹਿਰ ਕੀਤਾ ਹੈ। ਸਾਡੀ ਵਿਚਾਰ ਅਨੁਸਾਰ ਇਹ ਸੋਚ ਠੀਕ ਨਹੀਂ ਹੈ ਜੀ। ਹਰ ਜਾਗਰੂਕ ਪਾਠਕ ਨੂੰ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਆਲੋਚਨਾ ਦਾ ਮਤਲਬ ਸਿਰਫ ‘ਅਪਣੀ ਹਉਮੈ ਨੂੰ ਪੱਠੇ ਪਾਉਣਾ’ ਜਾਂ ‘ਈਰਖਾ ਵਾਲੀ ਲੜਾਈ’ ਹੀ ਨਹੀਂ ਹੁੰਦਾ। ਆਲੋਚਨਾ ਵਿਕਾਸ ਅਤੇ ਸੁਧਾਰ ਦਾ ਆਧਾਰ ਹੂੰਦਾ ਹੈ। ਤਾਂ ਹੀ ਗੁਰਬਾਣੀ ਵਿੱਚ ‘ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ’ ਦਾ ਹੋਕਾ ਦਿਤਾ ਗਿਆ ਹੈ। ਆਲੋਚਨਾ ਆਧਾਰਿਤ ਸੁਧਾਰ ਨੂੰ ਸਪਸ਼ਟ ਕਰਨ ਲਈ ਪਰਿਵਾਰ ਨਾਲ ਸੰਬੰਧਿਤ ਇੱਕ ਮਿਸਾਲ ਦਾ ਜ਼ਿਕਰ ਕਰਨਾ ਲਾਹੇਵੰਦਾ ਰਹੇਗਾ। ਪਰਿਵਾਰ ਵਲੋਂ ਅਪਣੇ ਲੇਖਾਂ ਵਿੱਚ ਦਸ ਪਾਤਸ਼ਾਹੀਆਂ ਲਈ ਨਾਨਕ ‘ਜਾਮੇ’ ਲਫਜ਼ ਵਰਤੇ ਗਏ ਸਨ। ਪਰ ਸ੍ਰ. ਜਸਬੀਰ ਸਿੰਘ ਜੀ ਕੈਲਗਰੀ ਅਤੇ ਕੁੱਝ ਹੋਰ ਗੁਰਸਿੱਖਾਂ ਵਲੋਂ ਇਸ ਸੰਬੰਧੀ ਵਿਚਾਰ ਦਿਤਾ ਗਿਆ ਕਿ ‘ਜਾਮੇ’ ਲਫਜ਼ ਭੁਲੇਖਾ ਅਤੇ ਅਸਪਸ਼ਟਤਾ ਪੈਦਾ ਕਰਦਾ ਹੈ, ਇਸ ਲਈ ਢੁਕਵਾਂ ਨਹੀਂ ਜਾਪਦਾ। ਪਰਿਵਾਰ ਨੇ ਇਸ ਨੁਕਤੇ ਤੇ ਵਿਚਾਰ ਕੀਤਾ। ਪਰਿਵਾਰ ਨੂੰ ਵੀ ਲਗਿਆ ਕਿ ਇਸ ਦੀ ਥਾਂ ਕੋਈ ਹੋਰ ਢੁਕਵਾਂ ਲਫਜ਼ ਵਰਤਣਾ ਚਾਹੀਦਾ ਹੈ, ਇਸ ਲਈ ਅਸੀ ਦਸਾਂ ਪਾਤਸ਼ਹੀਆਂ ਲਈ ‘ਨਾਨਕ ਸਰੂਪ’ ਲਫਜ਼ ਵਰਤਣ ਦਾ ਫੈਸਲਾ ਕੀਤਾ। ਕਹਿਣ ਦਾ ਭਾਵ ਆਲੋਚਨਾ ਤੋਂ ਹੀ ਸੁਧਾਰ ਹੁੰਦਾ ਹੈ, ਪਰ ਜੇ ਕਰ ਸੁਹਿਰਦਤਾ ਹੋਵੇ ਤਾਂ।

6. ਆਲੋਚਨਾ ਵੀ ਕਈ ਤਰਾਂ ਦੀ ਹੁੰਦੀ ਹੈ, ਇਸ ਪਿੱਛੇ ਭਾਵਨਾ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਮੁੱਖ ਤੌਰ `ਤੇ ਇਹ ਦੋ ਤਰਾਂ ਦੀ ਹੁੰਦੀ ਹੈ। ਇੱਕ ਹਾਂ-ਪੱਖੀ (ਸੁਧਾਰਮਈ, ਉਸਾਰੂ) ਅਤੇ ਦੂਜੀ ਨਾਂਹ-ਪੱਖੀ (ਨਿੰਦਾ, ਈਰਖਾ ਭਰਪੂਰ)। ਹਾਂ-ਪੱਖੀ ਆਲੋਚਨਾ ਸੱਚ ਆਧਾਰਿਤ ਹੁੰਦੀ ਹੈ ਅਤੇ ਸੁਧਾਰ ਦੇ ਨਜ਼ਰੀਏ ਨਾਲ ਕੀਤੀ ਜਾਂਦੀ ਹੈ। ਦੂਜੀ ਤਰਫ ਨਾਂਹ ਪੱਖੀ ਆਲੋਚਨਾ (ਨਿੰਦਾ) ਲੱਤ ਖਿੱਚੂ, ਝੂਠ ਆਧਾਰਿਤ ਅਤੇ ਨੀਵਾਂ ਵਿਖਾਉਣ ਦੀ ਰੂਚੀ ਤੇ ਆਧਾਰਿਤ ਹੁੰਦੀ ਹੈ। ‘ਹਾਂ-ਪੱਖੀ’ ਆਲੋਚਨਾ ‘ਸ਼ੁਭ-ਚਿੰਤਕਾਂ’ ਵਲੋਂ ਕੀਤੀ ਜਾਂਦੀ ਹੈ ਜਦਕਿ ਨਾਂਹ-ਪੱਖੀ ਆਲੋਚਨਾ ‘ਦੁਸ਼ਮਨਾਂ’ ਵਲੋਂ ਹੰਕਾਰ ਈਰਖਾ ਵੱਸ ਕੀਤੀ ਜਾਂਦੀ ਹੈ।

7. ਆਲੋਚਨਾ ਦੀ ਰੂਪ-ਰੇਖਾ ਸਪਸ਼ਟ ਕਰਨ ਤੋਂ ਬਾਅਦ ਆਉ ਹੁਣ ਪਰਿਵਾਰ ਵਲੋਂ ਕੀਤੀ ਜਾ ਰਹੀ ਆਲੋਚਨਾ ਬਾਰੇ ਵਿਚਾਰ ਕਰਦੇ ਹਾਂ। ਪਰਿਵਾਰ ਦੀ ਹਰ ਨੀਤੀ ਦਾ ਆਧਾਰ ਗੁਰਮਤਿ (ਗੁਰੂ ਗ੍ਰੰਥ ਸਾਹਿਬ ਜੀ) ਹੈ। ਇਹ ਵੀ ਸਪਸ਼ਟ ਹੈ ਕਿ ਗੁਰਮਤਿ ਮਾਰਗ ਦਾ ਸ਼ੁਰੂਆਤ (ਮੁੱਢ) ਹੀ ਸੁਧਾਰਮਈ ਆਲੋਚਨਾ ਸੀ। ਜਨੇਉ ਦੀ ਰਸਮ ਦਾ ਖੰਡਨ ਸੁਧਾਰਮਈ ਆਲੋਚਨਾ ਨਹੀਂ ਤਾਂ ਹੋਰ ਕੀ ਸੀ? ‘ਆਲੋਚਨਾ’ ਹੀ ਵਿਕਾਸ ਦਾ ਆਧਾਰ ਹੈ। ਜਾਗ੍ਰਿਤ ਸੰਸਥਾਵਾਂ, ਗੁਰਸਿੱਖਾਂ ਵਲੋਂ ਸ਼੍ਰੋਮਣੀ ਕਮੇਟੀ, ਸੰਪਰਦਾਈਆਂ, ਦਸਮ ਗ੍ਰੰਥੀਆਂ ਆਦਿ ਦੀ ‘ਆਲੋਚਨਾ’ ਰਾਹੀਂ ਹੀ ਜਾਗ੍ਰਿਤੀ ਲਿਆਈ ਜਾ ਰਹੀ ਹੈ। ਪਰ ਜਦ ਕੋਈ ਇਹਨਾਂ ‘ਜਾਗਰੂਕ’ ਸੰਸਥਾਵਾਂ, ਸਖਸ਼ੀਅਤਾਂ ਦੀ ਆਲੋਚਨਾ ਕਰ ਦੇਂਦਾ ਹੈ ਤਾਂ ਇਹ ਉਸ ਨੂੰ ‘ਹਉਮੈ’ ‘ੲਰਖਾ’ ਦਾ ਨਾਂ ਦੇਣ ਲਗ ਜਾਂਦੇ ਹਨ। ਕੀ ਐਸੀ ਸੋਚ ਨੂੰ ਸੁਹਿਰਦਤਾ ਅਤੇ ਜਾਗਰੂਕ ਕਿਹਾ ਜਾ ਸਕਦਾ ਹੈ? ਜੋਗਿੰਦਰ ਸਿੰਘ ਜੀ ਸਪੋਕਸਮੈਨ ਇਸਦੀ ਜੀਵੰਤ ਮਿਸਾਲ ਹਨ। ਚੰਡੀਗੜ੍ਹ ਸਪੋਕਸਮੈਨ ਨੇ ਆਪਣੇ ਜਨਮ ਤੋਂ ਹੀ ਸ਼੍ਰੋਮਣੀ ਕਮੇਟੀ, ਬਾਦਲ ਦਲੀਆਂ, ਸੰਪਰਦਾਈਆਂ ਆਦਿ ਦੀ (ਗਲਤ ਨੀਤੀਆਂ) ਆਲੋਚਨਾ ਰਾਹੀਂ ਸਮਾਜ ਵਿੱਚ ਜਾਗ੍ਰਿਤੀ ਲਿਆਉਣੀ ਸ਼ੁਰੂ ਕੀਤੀ, ਪਰ ਹੁਣ ਜਦ ਕੋਈ ਜੋਗਿੰਦਰ ਸਿੰਘ ਜੀ ਦੀਆਂ ਕੁੱਝ ਗਲਤ ਨੀਤੀਆਂ ਦੀ ਆਲੋਚਨਾ ਕਰ ਦੇਵੇ ਤਾਂ ਸ੍ਰ. ਜੋਗਿੰਦਰ ਸਿੰਘ ਜੀ ਉਸ ਆਲੋਚਕ ਨੂੰ ਕੁੱਤੇ, ਬਿੱਲੀਆਂ, ਭਾੜੇ ਦੇ ਟੱਟੂ ਤੇ ਪਤਾ ਨਹੀਂ ਹੋਰ ਕਿਹੜੇ ਲਕਬ ਵਰਤ ਕੇ, ਆਪਣੇ ਆਲੋਚਕਾਂ ਨੂੰ ਜਵਾਬ ਦੇਣ ਜਾਂ ਕੀਤੀਆਂ ਜਾ ਚੁਕੀਆਂ ਗਲਤੀਆਂ ਦੇ ਸੁਧਾਰ ਤੋਂ ਇਨਕਾਰੀ ਹੀ ਹੋ ਜਾਂਦੇ ਹਨ। ਐਸੀ ਸੋਚ ਸੁਹਿਰਦਤਾ ਦੀ ਨਿਸ਼ਾਨੀ ਕਿਵੇਂ ਕਹੀ ਜਾ ਸਕਦੀ ਹੈ? ਬਲਕਿ ਇਹ ਤਾਂ ‘ਅਪਣੇ ਘਰ ਲਗੇ ਤਾਂ ਅੱਗ, ਦੁਜੇ ਘਰ ਲੱਗੇ ਤਾਂ ਬੈਸੰਤਰ’ ਦੇ ਮੁਹਾਵਰੇ ਵਾਂਗੂ ਹੈ।

8. ਸਾਨੂੰ ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ ਕਿ ਕੌਮ ਦੀ ਮੌਜੂਦਾ ਹਾਲਤ ਦਾ ਇੱਕ ਮੁੱਖ ਕਾਰਨ ‘ਸਵੈ-ਪੜਚੋਲ’ ਅਤੇ ‘ਸੁਧਾਰਮਈ ਆਲੋਚਨਾ’ ਦੀ ਘਾਟ ਹੀ ਹੈ। ਕੌਮ ਵਿੱਚ `ਚੜਦੇ ਸੂਰਜ’ ਨੂੰ ਸਲਾਮਾਂ ਕਰਨ ਵਾਲੇ ਬਥੇਰੇ ਮਿਲ ਜਾਂਦੇ ਹਨ, ਪਰ ਚੜਦੇ ਸੂਰਜ ਦੀ ਕਮੀਆਂ ਨੂੰ ਉਜਾਗਰ ਕਰਕੇ ਉਸ ਵਿੱਚ ਹੋਰ ਜ਼ਿਆਦਾ ਨਿਖਾਰ ਲਿਆਉਣ ਦਾ ਜਿਗਰਾ ਰੱਖਣ ਵਾਲੇ ਬਹੁਤ ਹੀ ਘੱਟ ਮਿਲਦੇ ਹਨ। ਇਸੇ ਕਮੀ ਕਾਰਨ ਕੌਮ ਦਾ ਸੂਰਜ ਅਪਣੀ ਚੜਤ ਦੇ ਸਿਖਰ ਤੇ ਪਹੁੰਚਣ ਤੋਂ ਪਹਿਲਾਂ ਹੀ ਸਿਧਾਂਤਹੀਣ ਹੋਕੇ ਆਪਣੇ ਲਕਸ਼ ਤੋਂ ਭਟਕ ਚੁੱਕਾ ਹੁੰਦਾ ਹੈ। ਸਿੱਖ ਇਤਿਹਾਸ ਇਸਦਾ ਜਿਉਂਦਾ ਜਾਗਦਾ ਸਬੂਤ ਹੈ। ਆਉ ਕੁੱਝ ਮਿਸਾਲਾਂ ਸਾਂਝੀਆਂ ਕਰਦੇ ਹਾਂ।

9. ਮਹਾਰਾਜਾ ਰਣਜੀਤ ਸਿੰਘ ਜੀ ਨੇ ਖਾਲਸਾ ਰਾਜ ਦੀ ਸਥਾਪਨਾ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਪਰ ਉਸਦੀ ਚੜਤ ਦੇ ਦਿਨਾਂ ਦਰਮਿਆਨ ਉਸ ਦੀ ਗਲਤ ਨੀਤੀਆਂ ਦੀ ਆਲੋਚਨਾ ਬਹੁਤ ਹੀ ਘੱਟ ਕੀਤੀ ਗਈ। ਜੇ ਸ੍ਰ. ਹਰੀ ਸਿੰਘ ਨਲੂਆ ਜਾਂ ਅਕਾਲੀ ਫੂਲਾ ਸਿੰਘ ਵਰਗਿਆਂ ਨੇ ਉਸਨੂੰ ਟੋਕਣ ਦੀ ਕੋਸ਼ਿਸ਼ ਵੀ ਕੀਤੀ ਤਾਂ ਖੁਸ਼ਾਮਦੀਆਂ (ਜਾਂ ਸੁਹਿਰਦ ਪਰ ਸੱਚ ਤੋਂ ਅੰਜਾਨ ਲੋਕਾਂ) ਨੇ ਇਸ ‘ਆਲੋਚਨਾ’ ਨੂੰ ਹਉਮੈ, ਸਾੜੇ ਦਾ ਨਾਂ ਦੇ ਕੇ ਉਨ੍ਹਾਂ ਦੀ ਅਵਾਜ਼ ਨੂੰ ਹੀ ਦਬਾ ਦਿਤਾ ਗਿਆ। ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਹੁਣ ਇਤਿਹਾਸਕਾਰ ਉਹਨਾਂ ਆਲੋਚਕਾਂ (ਜਿਸਨੁੰ ਉਸ ਸਮੇਂ ਖੁਸ਼ਾਮਦੀ ਹਉਮੇ ਅਤੇ ਈਰਖਾ ਦਾ ਨਾਂ ਦਿੰਦੇ ਸਨ) ਨੂੰ ਹੀ ਸਹੀ ਮੰਨ ਰਹੇ ਹਨ। ਰਣਜੀਤ ਸਿੰਘ ਵਰਗੇ ਸੂਰਜ ਨੇ ਅਪਣੀ ਚੜਤ ਤੋਂ ਬਾਅਦ ਕੀ ਚੰਨ੍ਹ ਚਾੜ੍ਹਿਆ? ਹਰ ਜਾਗਰੂਕ ਸਿੱਖ ਜਾਣਦਾ ਹੈ। ਹੁਣ ਤਾਂ ਸੁਹਿਰਦ ਇਤਿਹਾਸਕਾਰ ਉਸਦੀਆਂ (ਗਲਤ) ਨੀਤੀਆਂ ਨੂੰ ਖਾਲਸਾ ਰਾਜ ਦੇ ਖਾਤਮੇ ਦਾ ਕਾਰਨ ਮੰਨ ਰਹੇ ਹਨ। ਕਾਸ਼! ਜੇ ਉਸ ਸਮੇਂ ਕੌਮ ਉਸ ਦੇ ‘ਆਲੋਚਕਾਂ’ ਦੀ ਗੱਲ ਮੰਨ ਕੇ, ਉਸਨੂੰ ਗਲਤ ਨੀਤੀਆਂ ਤੋਂ ਵਰਜਦੀ ਤਾਂ ਅੱਜ ਇਤਿਹਾਸ ਕੁੱਝ ਹੋਰ ਹੀ ਹੋਣਾ ਸੀ। ਪਰ ਜੋ ਵਰਤਮਾਨ ਨੂੰ ਸੰਭਾਲ ਨਾ ਸਕੇ, ਸ਼ਾਇਦ, ਉਸੇ ਦਾ ਨਾਂ ਸਿੱਖ ਕੌਮ ਹੈ? ਇਹ ਕੋਮ ਤਾਂ ਕਿਸੇ ਦੇ ਕੀਤੇ ਹੋਏ ਸਹੀ ਕੰਮ ਨੂੰ ਵੀ 100-200 ਸਾਲਾਂ ਤੋਂ ਬਾਅਦ ਹੀ ਸਵੀਕਾਰ ਕਰਦੀ ਹੈ।

10. ਦੂਜੀ ਮਿਸਾਲ ਸ਼੍ਰੋਮਣੀ ਕਮੇਟੀ ਬਾਰੇ ਹੈ। 1920 ਦੇ ਆਸ ਪਾਸ ਇਹ ਕਮੇਟੀ ਲੰਮੇ ਸੰਘਰਸ਼ ਅਤੇ ਕੁਰਬਾਣੀਆਂ ਤੋਂ ਬਾਅਦ ਬਣਾਈ ਗਈ ਸੀ। ਕੰਮ ਵੀ ਚੰਗਾ ਹੀ ਕਰ ਰਹੀ ਸੀ। ਪਰ ਨਾਲ ਨਾਲ ਇਸਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਨ ਵਾਲੇ ਆਲੋਚਕਾਂ ਦੀ ਘਾਟ ਕਾਰਨ ਜੇ ਕਿਸੇ ਸਜਣ ਨੇ ਇਸਦੀ ਆਲੋਚਨਾ (ਜਿਵੇਂ ਚੌਣਾਂ ਰਾਹੀਂ ਕਮੇਟੀ ਚੁਨਣ ਦੀ ਗਲਤ ਨੀਤੀ) ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ‘ਪੰਥਕ ਏਕਤਾ’ ਦੇ ਜੋਸ਼ੋ ਖਰੋਸ਼ ਵਿੱਚ ਇਸ ਆਲੋਚਨਾ ਨੂੰ ਹਉਮੈ, ਈਰਖਾ, ਸਾੜੇ ਆਦਿ ਦਾ ਨਾਂ ਦੇ ਉਸ ਨੂੰ ਨਕਾਰ ਦਿਤਾ ਗਿਆ। ਨਤੀਜਾ ਸਭ ਦੇ ਸਾਹਮਣੇ ਹੈ। ਉਸ ਸਮੇਂ ਦੀ ਉਹੀ ‘ਆਦਰਸ਼ਕ’ ਸ਼੍ਰੋਮਣੀ ਕਮੇਟੀ ਅੱਜ ‘ਪੰਥ ਘਾਤੀ ਦੈਂਤ’ ਦਾ ਰੂਪ ਧਾਰ ਕੇ ਸਾਡੇ ਸਾਹਮਣੇ ਖੜੀ ਹੈ। ਅੱਜ ਦੇ ਸੁਹਿਰਦ ਇਤਿਹਾਸਕਾਰ ਉਸ ਸਮੇਂ ਦੇ ਆਲੋਚਕਾਂ ਵਲੋਂ (ਚੌਣਾਂ ਰਾਹੀਂ ਕਮੇਟੀ ਚੁਨਣ ਦੀ ਗਲਤ ਨੀਤੀ ਦੀ) ਕੀਤੀ ਗਈ ਆਲੋਚਨਾ ਨੂੰ ਸਹੀ ਮੰਨ ਰਹੇ ਹਨ। ਜੇ ਨਾਲ ਨਾਲ ਚੰਗੇ ਅਤੇ ਠੋਸ ਤਰੀਕੇ ਨਾਲ ਕਮੇਟੀ ਨੂੰ ਇਸਦੀਆਂ ਗਲਤ ਨੀਤੀਆਂ ਨੂੰ ‘ਆਲੋਚਨਾ’ ਰਾਹੀਂ ਟੋਕਿਆ ਜਾਦਾ ਰਹਿੰਦਾ ਤਾਂ ਸ਼ਾਇਦ ਅੱਜ ਇਹ ਹਾਲਤ ਹੀ ਨਾ ਹੁੰਦੀ। ਪਰ ਇਤਿਹਾਸ ਤੋਂ ਸਬਕ ਸਿੱਖਣਾ ਸ਼ਾਇਦ ਸਿਖ ਕੌਮ ਦੀ ਫਿਤਰਤ ਵਿੱਚ ਹੀ ਨਹੀਂ ਹੈ? ਪਰਿਵਾਰ ਵਲੋਂ ਕੀਤੀ ਜਾ ਰਹੀ ‘ਸੁਧਾਰਮਈ’ ‘ਉਸਾਰੂ’ ਆਲੋਚਨਾ ਨੂੰ ‘ਹਉਮੈ’, ‘ਈਰਖਾ’ ਆਦਿ ਦਾ ਨਤੀਜਾ ਦੱਸਣ ਵਾਲੇ ਜਾਗਰੂਕ ਅਤੇ ਸੁਹਿਰਦ ਵੀਰ, ਸ਼ਾਇਦ ਇਤਿਹਾਸ ਵਿੱਚ ਬੀਤੀਆਂ ਗਲਤੀਆਂ ਨੂੰ ਹੀ ਦੁਹਰਾਉਣ ਦੀ ਚਾਹਤ ਰਖਦੇ ਹਨ। ਪਰ ਆਲੋਚਨਾ ਗੁਰਮਤਿ ਦਾ ‘ਮੁੱਢ’ ਹੋਣ ਕਰ ਕੇ ਪਰਿਵਾਰ ‘ਸੁਧਾਰਮਈ’ ਆਲੋਚਨਾ ਦਾ ਰਾਹ ਨਹੀਂ ਤਿਆਗਣਾ ਚਾਹੁੰਦਾ। ਬੇਸ਼ਕ ਪਰਿਵਾਰ ਵਲੋਂ ਕੀਤੀ ਜਾ ਰਹੀ ਆਲੋਚਨਾ ਨੂੰ ਅੱਜ ਬਹੁਤਾਤ ਸਜਣਾਂ ਵਲੋਂ ਗਲਤ ਸਮਝਿਆ ਅਤੇ ਬੇਆਨਿਆ ਜਾ ਰਿਹਾ ਹੈ, ਪਰ ਨੇੜ ਭਵਿੱਖ ਵਿੱਚ ਕੋਈ ਸੁਹਿਰਦ ਇਤਿਹਾਸਕਾਰ ਇਹ ਨਹੀਂ ਕਹਿ ਸਕੇਗਾ ਕਿ ‘ਜਾਗਰੂਕ ਕਹੀਆਂ ਜਾਦੀਆਂ ਪੰਥਕ ਧਿਰਾਂ’ ਦੀ ਗਲਤ ਸੋਚ ਅਤੇ ਨੀਤੀਆਂ ਦੀ ਆਲੋਚਨਾ ਕਰਨ ਵਾਲਾ ਕੋਈ ਨਹੀਂ ਸੀ।

11. ‘ਤੱਤ ਗੁਰਮਤਿ ਪਰਿਵਾਰ’ ਇਹ ਵੀ ਸਪਸ਼ਟ ਕਰਨਾ ਚਾਹੁੰਦਾ ਹੈ ਕਿ ਪਰਿਵਾਰ ਦੀ ਇਸ ਸੁਧਾਰਮਈ ਆਲੋਚਨਾ ਪਿੱਛੇ ਕਿਸੇ ਤਰ੍ਹਾਂ ਦਾ ਹੰਕਾਰ ਜਾਂ ਈਰਖਾ ਆਦਿ ਨਹੀਂ ਬਲਕਿ ਸਿਰਫ ‘ਸੁਧਾਰ’ ਦੀ ਤਾਂਘ ਹੈ। ਨਾਨਕ ਪਾਤਸ਼ਾਹ ਜੀ ਵਲੋਂ ਵਿਖਾਇਆ ਰਾਹ ਹੈ। ਜੇ ਪਰਿਵਾਰ ਦੇ ਮਨ ਵਿੱਚ ਹੰਕਾਰ. ਈਰਖਾ ਦੀ ਹੀ ਭਾਵਨਾ ਹੁੰਦੀ ਤਾਂ ਕੇਵਲ ਫਰੀਦਾਬਾਦ ਵਾਲੇ ਸਿੰਘਾਂ ਦੀ ਹੀ ਆਲੋਚਨਾ ਕੀਤੀ ਜਾਂਦੀ, ਪਰ ਅਸਲ ਵਿੱਚ ਐਸਾ ਨਹੀਂ ਹੈ। ਪਰਿਵਾਰ ਦੀਆਂ ਲਿਖਤਾਂ ਤੋਂ ਵੇਖਿਆ ਜਾ ਸਕਦਾ ਹੈ ਕਿ ਪਰਿਵਾਰ ਨੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਸਪੋਕਸਮੈਨ (ਜੋਗਿੰਦਰ ਸਿੰਘ ਜੀ), ਫਰੀਦਾਬਾਦ ਵਾਲੇ ਵੀਰਾਂ, ਪੰਥਪ੍ਰੀਤ ਸਿੰਘ ਜੀ, ਪ੍ਰੋ. ਦਰਸ਼ਨ ਸਿੰਘ ਜੀ, ਜਗਤਾਰ ਸਿੰਘ ਜੀ ਜਾਚਕ, ਇਕਵਾਕ ਸਿੰਘ ਜੀ ਪੱਟੀ ਆਦਿ ਅਨੇਕਾਂ ਧਿਰਾਂ ਦੀ ਆਲੋਚਨਾ ਕੇਵਲ ਸੁਧਾਰ ਲਈ ਹੀ ਕੀਤੀ ਹੈ। ਪਰ ਨਾਲ ਹੀ ਪਰਿਵਾਰ ਇਹ ਵੀ ਸਪਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਸਾਰੀਆਂ ਹੀ ਧਿਰਾਂ ਵਲੋਂ ਗੁਰਮਤਿ ਦੇ ਖੇਤਰ ਵਿੱਚ ਜਾਗ੍ਰਿਤੀ ਲਿਆਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਪਰਿਵਾਰ ਪੂਰਨ ਹਿਮਾਇਤ ਅਤੇ ਪ੍ਰੋੜਤਾ ਕਰਦਾ ਹੋਇਆ ਕਿਸੇ ਵੀ ਮੰਚ ‘ਤੋਂ ਉਹਨਾਂ ਦਾ ਸਾਥ ਦੇਣ ਲਈ, ਅਪਣੀ ਸਮਰੱਥਾ ਅਨੁਸਾਰ, ਹਮੇਸ਼ਾ ਹੀ ਤੱਤਪਰ ਰਹੇਗਾ।

12. ਪਰਿਵਾਰ ਇਹ ਵੀ ਜ਼ਿਕਰ ਕਰਣਾ ਜ਼ਰੂਰੀ ਸਮਝਦਾ ਹੈ ਕਿ ਪਰਿਵਾਰ ਵਲੋਂ ਕੀਤੀ ਗਈ ਹਰ ਆਲੋਚਨਾ ਕਿਸੇ ਨਾ ਕਿਸੇ ‘ਨੁਕਤੇ’ `ਤੇ ਹੀ ਆਧਾਰਿਤ ਹੁੰਦੀ ਹੈ। ਕੋਈ ਗੁਰਸਿੱਖ ਪਰਿਵਾਰ ਵਲੋਂ ਕੀਤੀ ਗਈ ਆਲੋਚਨਾ ਵਿਚੋਂ ਕੋਈ ਐਸਾ ਨੁਕਤਾ ਲੱਭ ਕੇ ਧਿਆਨ ਵਿੱਚ ਲਿਆਵੇ, ਜੋ ਸੱਚ ਅਤੇ ਤੱਥ ਉੱਤੇ ਆਧਾਰਿਤ ਨਾ ਹੋ ਕੇ, ਬੋਲੋੜਾ ਹੋਵੇ ਤਾਂ ਪਰਿਵਾਰ ਬਿਨਾਂ ਕਿਸੇ ਸ਼ਰਤ ਮਾਫੀ ਮੰਗਣ ਤੋਂ ਜ਼ਰਾਂ ਵੀ ਸੰਕੋਚ ਨਹੀਂ ਕਰੇਗਾ। ਪਰ ਕਿਸੇ ਨੁਕਤੇ ਨੂੰ ਬਿਨਾਂ ਛੂਹੇ ਜਾਂ ਬਿਨਾਂ ਸਮਝੇ ਹੀ ਪਰਿਵਾਰ ਦੇ ਖਿਲਾਫ ‘ਹਉਮੈ ਨੂੰ ਪੱਠੇ ਪਾਉਣਾ’, ਅਤੇ ‘ਬੇਲੋੜੀ’ ਬਹਿਸ ਵਿੱਚ ਉਲਝਣ ਦੇ ਦੋਸ਼ ਲਾਉਣੇ ਕਿਸੇ ਵੀ ਤਰੀਕੇ ਉਚਿਤ ਨਹੀਂ ਕਹੇ ਜਾ ਸਕਦੇ ਹਨ।

13. ਆਸ ਹੈ ਕਿ ਉਪਰੋਕਤ ਖੁੱਲੀ ਵਿਚਾਰ ਚਰਚਾ ਰਾਹੀਂ ਪਰਿਵਾਰ ਦੇ ਨਜ਼ਰੀਏ ਤੋਂ ਪੇਸ਼ ਕੀਤਾ ਗਿਆ ਇਹ ਪੱਖ ਪੜ੍ਹਕੇ ਸਾਡੇ ਵੀਰ ਸ੍ਰ. ਇੰਦਰਜੀਤ ਸਿੰਘ ਜੀ ਕਾਨਪੁਰ ਅਤੇ ਸ੍ਰ. ਗੁਰਪ੍ਰੀਤ ਸਿੰਘ ਜੀ ਜ਼ੀਰਾ (ਕੁਝ ਹੋਰ ਗੁਰਸਿੱਖ ਜੋ ਐਸਾ ਸੋਚਦੇ ਹੋਣਗੇ) ਆਦਿ ਦੇ ਮਨ ਦੇ ਸ਼ੰਕਿਆਂ ਦੀ ਨਵਿਰਤੀ ਹੋ ਗਈ ਹੋਵੇਗੀ। ਪਰਿਵਾਰ ਦੀ ਸਾਰੇ ਸੁਚੇਤ ਪਾਠਕਾਂ ਦੇ ਚਰਨਾਂ ਵਿਚ, ਹੱਥ ਜੋੜ ਕੇ, ਨਿਮਰਤਾ ਸਹਿਤ ਦੁਬਾਰਾ ਜੋਦੜੀ ਹੈ ਕਿ ‘ਨੁਕਤਾ’ ਆਧਾਰਿਤ ਆਪਸੀ ਵਿਚਾਰ ਚਰਚਾ (ਆਲੋਚਨਾ) ਨੂੰ ਬਿਨਾਂ ਸਮਝੇ ‘ਲੜਾਈ’ ਦਾ ਨਾਂ ਦੇਕੇ ਕਿਸੇ ਧਿਰ ਨੂੰ ਲੜਾਈ ਝਗੜੇ ਵੱਲ ਉਕਸਾਉਣ ਤੋਂ ਗੁਰੇਜ਼ ਕੀਤਾ ਜਾਵੇ ਜੀ। ਇਹ ਲੜਾਈ ਨਾ ਹੋਕੇ ਇੱਕ ਸੁਚੱਜੀ ਵਿਚਾਰ-ਚਰਚਾ ਹੈ। ਹਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਚਾਰ ਚਰਚਾ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਹੀ ਧਿਰਾਂ ਨੂੰ ਬੜੇ ਠਰੰਮੇ, ਦਲੀਲ ਅਤੇ ਨਰਮ ਸ਼ਬਦਾਵਲੀ ਦਾ ਉਚੇਚਾ ਧਿਆਨ ਰਖਣਾ ਚਾਹੀਦਾ ਹੈ। ਪਰ ਜੇ ਕਿਸੇ ਕਾਰਣ ਇਹ ਆਲੋਚਨਾ ਰੂਪੀ ਵਿਚਾਰ ਚਰਚਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੁਕ ਗਈ ਤਾਂ ਸੁਧਾਰਮਈ ਪਰਿਵਰਤਨ ਦੇ ਵਿਕਾਸ ਦੀ ਰਫਤਾਰ ਦਾ ਰੁਕਣਾ ਯਕੀਨੀ ਹੈ। ਇੰਦਰਜੀਤ ਸਿੰਘ ਜੀ, ਗੁਰਪ੍ਰੀਤ ਸਿੰਘ ਜੀ ਨੂੰ ਬੇਨਤੀ ਹੈ ਕਿ ਵੀਰ ਜੀ ਤੁਹਾਡੀਆਂ ਚਿੱਠੀਆਂ ਰਾਹੀਂ ਪਾਠਕਾਂ ਦੇ ਮਨ ਵਿੱਚ ਇਸ ਗੱਲ ਦਾ ਭੁਲੇਖਾ ਪੈਣਾ ਸੁਭਾਵਿਕ ਹੈ ਕਿ ਇਹ ਵਿਚਾਰ ਚਰਚਾ ਨਾ ਹੋਕੇ, ਫਿਜ਼ੂਲ ਦਾ ‘ਲੜਾਈ ਝਗੜਾ’ ਹੈ।

ਪਰਿਵਾਰ ਇਹ ਵਿਸ਼ਵਾਸ ਦੁਆਉਣਾ ਚਾਹੁੰਦਾ ਹੈ ਕਿ ਭਵਿੱਖ ਵਿੱਚ ਵੀ ਪਰਿਵਾਰ ਵਲੋਂ ਕੀਤੀ ਗਈ ਆਲੋਚਨਾ ‘ਸੁਧਾਰਮਈ’ ਹੁੰਦੇ ਹੋਏ ਨੁਕਤਾ ਆਧਾਰਿਤ ਹੋਵੇਗੀ ਨਾ ਕਿ ਨਿੱਜੀ। ਇਸ ਲਈ ਉਪਰੋਕਤ ਸੱਭ ਗੱਲਾਂ ਨੂੰ ਧਿਆਨ ਵਿੱਚ ਰਖਦੇ ਹੋਏ ਸਮੂਹ ਵਿਦਵਾਨਾਂ ਅਤੇ ਸੂਝਵਾਨ ਪਾਠਕਾਂ ਨੂੰ ਅੰਤ ਵਿੱਚ ਦੁਬਾਰਾ ਬੇਨਤੀ ਹੈ ਕਿ, ਕਿਰਪਾ ਕਰਕੇ ਇਸ ਵਿਚਾਰ ਚਰਚਾ ਨੂੰ ‘ਹਉਮੈ ਨੂੰ ਪੱਠੇ ਪਾਉਣਾ’, ਅਤੇ ‘ਇਹ ਬੇਲੋੜੀ ਬਹਿਸ ਹੈ’ ਆਦਿ ਸ਼ਬਦਾਵਲੀ ਵਰਤਣ ਲਗਿਆਂ ਉਚੇਚਾ ਧਿਆਨ ਰਖਿਆ ਜਾਵੇ ਜੀ। ਇਸ ਸੰਬੰਧੀ ਪਰਿਵਾਰ ਇਹ ਵੀ ਬੇਨਤੀ ਕਰ ਦੇਣਾ ਚਾਹੁੰਦਾ ਹੈ ਕਿ ਗੁਰਸਿਖਾਂ ਦੇ ਮੰਨ ਵਿੱਚ ਕਿਸੇ ਤਰ੍ਹਾਂ ਦੇ ਗਿਲੇ ਸ਼ਿਕਵਿਆਂ ਲਈ ਕੋਈ ਥਾਂ ਨਹੀਂ ਹੁੰਦੀ ਪਰ ਐਸੀ ਸ਼ਬਦਾਵਲੀ ਵਰਤੋਂ ਵਿੱਚ ਲਿਆਉਣ ਨਾਲ ਆਮ ਪਾਠਕਾਂ ਵਿੱਚ ਗਲਤਫਹਿਮੀਆਂ ਪੈਦਾ ਹੋ ਸਕਦੀਆਂ ਹਨ। ਆਸ ਹੈ ਸਾਡੇ ਸੁਚੇਤ ਵੀਰ ਅਤੇਸੂਝਵਾਨ ਪਾਠਕ ਪਰਿਵਾਰ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਸ ਵਿਚਾਰ ਚਰਚਾ ਨੂੰ ਕਿਸੇ ਤਰ੍ਹਾਂ ਦੀ ਲੜਾਈ ਦਾ ਨਾਮ ਦੇਣ ਤੋਂ ਪ੍ਰਹੇਜ਼ ਕਰਨਗੇ।

ਨਿਸ਼ਕਾਮ ਨਿਮਰਤਾ ਸਹਿਤ, ਤੱਤ ਗੁਰਮਤਿ ਪਰਿਵਾਰ




.