ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ
ਗੁਰਮੁੱਖ ਪਿਆਰਿਉ ਅੱਜ ਅਸੀਂ
ਗੁਰਬਾਣੀ ਦੇ ਚਾਨਣ ਵਿੱਚ ਇਹ ਵਿਚਾਰ ਕਰਨ ਜਾ ਰਹੇ ਹਾਂ ਕਿ ਗੁਰਬਾਣੀ ਵਿੱਚ ਸੰਤ ਸ਼ਬਦ ਕਿਸ ਦੇ ਲਈ
ਵਰਤਿਆ ਗਿਆ ਹੈ। ਅੱਜ ਸਾਡੇ ਵਿੱਚ ਗੁਰਬਾਣੀ ਵਿਚਾਰ ਦੀ ਅਣਹੋਂਦ ਹੋਣ ਦੇ ਕਾਰਨ ਕੁੱਝ ਸ਼ਰਾਰਤੀ,
ਚਤਰ, ਚਲਾਕ ਤੇ ਸਿੱਖੀ ਸਰੂਪ ਵਿੱਚ ਬੈਠੇ ਬ੍ਰਾਹਮਣ ਆਪਣੇ ਆਪ ਨੂੰ ਸੰਤ ਅਖਵਾਉਣ ਲੱਗ ਗਏ ਹਨ। ਇਹ
ਅਖੌਤੀ ਸਾਧ ਸੰਤ ਬ੍ਰਾਹਮਣੀ ਕਰਮਕਾਂਡਾ ਦਾ ਪ੍ਰਚਾਰ ਕਰ ਰਹੇ ਹਨ ਤੇ ਸਿੱਖੀ ਦੀਆਂ ਜੜ੍ਹਾਂ ਵਿੱਚ
ਤੇਲ ਦੇ ਰਹੇ ਹਨ।
ਗੁਰਬਾਣੀ ਵਿੱਚ ਸੰਤ ਸ਼ਬਦ ਪਰਮਾਤਮਾ ਵਾਸਤੇ, ਗੁਰੂ ਵਾਸਤੇ, ਤੇ ਉਹਨਾ ਗੁਰਮੁੱਖ ਪਿਆਰਿਆ ਵਾਸਤੇ
ਵਰਤਿਆ ਗਿਆ ਹੈ ਜਿਹੜੇ ਗੁਰੂ ਸਾਹਿਬ ਦੀ ਸਿਖਿਆ ਅਨੁਸਾਰ ਚਲਦੇ ਹਨ। ਪਰ ਸੰਤ ਸ਼ਬਦ ਉਹਨਾ ਪਖੰਡੀਆ
ਵਾਸਤੇ ਵੀ ਵਰਤਿਆ ਗਿਆ ਹੈ ਜਿਹੜੇ ਬਾਹਰਲੇ ਪਹਿਰਾਵੇ ਤੋਂ ਤਾਂ ਧਾਰਮਿਕ ਲਗਦੇ ਹਨ, ਪਰ ਉਹਨਾ ਦੀ
ਰਹਿਤ ਬਹੁਤ ਮਾੜੀ ਹੈ। ਗੁਰਬਾਣੀ ਵਿੱਚ ਭੱਟ ਸਾਹਿਬਾਨ ਫੁਰਮਾਉਂਦੇ ਹਨ
ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ॥
ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ॥
ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ॥
ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ॥
ਹਰਿ ਨਾਮੁ ਛੋਡਿ ਦੂਜੈ ਲਗੇ ਤਿਨੑ ਕੇ ਗੁਣ ਹਉ ਕਿਆ ਕਹਉ॥
ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ॥ (੧੩੯੫)
ਭੱਟ ਭਿਖਾ ਜੀ ਕਹਿ ਰਹੇ ਹਨ ਕਿ ਮੈਂ ਬਹੁਤ ਪਖੰਡੀ ਸਾਧ ਸੰਤ ਦੇਖੇ ਹਨ ਜਿਹੜੇ ਮੁਖੋਂ ਤਾਂ ਮਿੱਠੀਆਂ
ਤੇ ਗਿਆਨ ਦੀਆਂ ਗੱਲਾਂ ਕਰਦੇ ਹਨ ਪਰ ਇਹਨਾਂ ਦੀ ਰਹਣੀ ਬਹੁਤ ਮਾੜੀ ਹੈ। ਇਹ ਅਖੌਤੀ ਸੰਤ ਗੁਣਾਂ ਤੋਂ
ਸਖਣੇ ਹਨ ਤੇ ਦੁਨਿਆ ਨੂੰ ਲੁੱਟਣ ਲਗੇ ਹੋਏ ਨੇ। ਭੱਟ ਜੀ ਕਹਿੰਦੇ ਹਨ ਕੇ ਪਰਮਾਤਮਾ ਨੇ ਮੈਨੂੰ ਗੁਰੂ
ਨਾਲ ਮਿਲਾ ਦਿੱਤਾ ਹੈ ਤੇ ਜਿਵੇਂ ਗੁਰੂ ਸਾਹਿਬ ਰੱਖਣਗੇ ਮੈ ਉਸੇ ਤਰਾਂ ਹੀ ਰਹਾਂਗਾ।
ਭਗਤ ਕਬੀਰ ਜੀ ਇਹਨਾ ਪਖੰਡੀਆ ਤੋਂ ਸਾਨੂੰ ਸਾਵਧਾਨ ਕਰਦੇ ਹੋਏ ਕਹਿੰਦੇ ਹਨ ਕਿ ਇਹ ਲੋਕ ਪਹਿਰਾਵੇ
ਤੋਂ ਤਾਂ ਧਰਮੀ ਲਗਦੇ ਹਨ ਪਰ ਅਸਲ ਵਿੱਚ ਇਹ ਸੰਤ ਨਹੀ ਠੱਗ ਹਨ। ਭਗਤ ਜੀ ਕਹਿੰਦੇ ਹਨ ਕਿ ਇਹੋ ਜਿਹੇ
ਸੰਤ ਮੈਨੂੰ ਚੰਗੇ ਨਹੀਂ ਲਗਦੇ ਜਿਹੜੇ ਪੈਸਿਆਂ ਦੇ ਖਾਤਰ ਮਨੁੱਖ ਨੂੰ ਮਾਰਨ ਤੋਂ ਭੀ ਸੰਕੋਚ ਨਹੀਂ
ਕਰਦੇ।
ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥
ਗਲੀ ਜਿਨਾੑ ਜਪਮਾਲੀਆ ਲੋਟੇ ਹਥਿ ਨਿਬਗ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥ ੧॥
ਐਸੇ ਸੰਤ ਨ ਮੋ ਕਉ ਭਾਵਹਿ॥
ਡਾਲਾ ਸਿਉ ਪੇਡਾ ਗਟਕਾਵਹਿ॥ (੪੭੬)
ਪੰਜਾਬ ਦੇ ਵਿੱਚ ਇਹੋ ਜਿਹੇ ਹਜ਼ਾਰਾਂ ਸੰਤਾਂ ਨੇ ਡੇਰੇ ਖੋਲੇ ਹੋਏ ਨੇ ਤੇ ਇਹਨਾ ਸੰਤਾਂ ਦੀ ਗਿਣਤੀ
ਦਿਨੋ ਦਿਨ ਵੱਧਦੀ ਜਾ ਰਹੀ ਹੈ। ਇਸਦਾ ਇਕੋ ਇੱਕ ਕਾਰਨ ਹੈ ਸਾਡੇ ਵਿੱਚ ਗੁਰਬਾਣੀ ਵਿਚਾਰ ਦੀ ਘਾਟ,
ਇਹ ਲੋਕ ਸਾਡੀ ਅਗਿਆਨਤਾ ਦਾ ਫਾਇਦਾ ਉਠਾ ਰਹੇ ਹਨ ਤੇ ਸਾਨੂੰ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿੱਚ
ਧੱਕੀ ਜਾ ਰਹੇ ਹਨ। ਇਹ ਸੰਤ ਆਪ ਤਾਂ ਬੇਅੰਤ ਮਾਇਆ ਇਕਠੀ ਕਰ ਰਹੇ ਹਨ ਪਰ ਆਮ ਜਨਤਾ ਨੂੰ ਇਸਦਾ ਤਿਆਗ
ਕਰਨ ਲਈ ਕਹਿੰਦੇ ਹਨ। ਅੱਜ ਜੇ ਕੋਈ ਇਨਸਾਨ ਇਹਨਾ ਦਾ ਭੇਦ ਖੋਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਸੰਤ
ਉਸਦੀ ਅਵਾਜ ਨੂੰ ਦਬਾਉਣ ਵਾਸਤੇ ਆਪਣੀ ਪੂਰੀ ਵਾਹ ਲਾ ਦਿੰਦੇ ਹਨ।
ਪੰਜਾਬ ਦੇ ਇੱਕ ਗਾਇਕ ਤੇਜਿੰਦਰ ਸਿੰਘ (ਬੱਬੂ ਮਾਨ) ਨੇ ਜਦੋਂ ਆਪਣੇ ਇੱਕ ਗੀਤ ਰਾਹੀਂ ਇਹਨਾ ਸੰਤਾਂ
ਦਾ ਭੇਦ ਖੋਲਿਆ ਤਾਂ ਇਹ ਸਾਰੇ ਸੰਤ ਹੱਥ ਧੋ ਕੇ ਉਸਦੇ ਪਿੱਛੇ ਪੈ ਗਏ। ਇੱਕ ਸੰਤ ਤਾਂ ਏਨਾਂ ਭੜਕ
ਗਿਆ ਕਿ ਉਹ ਸਟੇਜਾ ਤੋਂ ਬੱਬੂ ਮਾਨ ਦੇ ਖਿਲਾਫ ਬੋਲਣ ਲੱਗ ਗਿਆ। ਇਹ ਸੰਤ ਕਹਿੰਦਾ ਹੈ ਕਿ ਕੀ ਹੋਇਆ
ਜੇ ਮੈਂ ਗੱਡੀ ਵਿੱਚ ਆਉਂਦਾ ਹਾਂ ਸੰਗਤ ਵੀ ਤਾਂ ਗੱਡੀਆਂ ਵਿੱਚ ਆਉਂਦੀ ਹੈ। ਪਰ ਇਸ ਸੰਤ ਤੋਂ ਕੋਈ
ਪੁੱਛੇ ਕੀ ਇਸਦੇ ਪ੍ਰੋਗਰਾਮ ਵਿੱਚ ਕਿੰਨੀ ਕੂ ਸੰਗਤ ੭੦-੭੦ ਲੱਖ ਦੀ ਗੱਡੀ ਵਿੱਚ ਆਉਂਦੀ ਹੈ। ਪਿੰਡਾ
ਵਾਲੇ ਲੋਕ ਤਾਂ ਬਿਚਾਰੇ ਇੱਕ- ਇੱਕ ਟਰਾਲੀ ਤੇ ੫੦-੫੦ ਜਾਣੇ ਬੈਠ ਕੇ ਆਉਂਦੇ ਨੇ।
ਜੇ ਇਹਨਾ ਸੰਤਾਂ ਤੋਂ ਕੋਈ ਪੁੱਛ ਲਵੇ ਕਿ ਤੁਸੀਂ ਇਤਨੀ ਮਹਿੰਗੀ ਗੱਡੀ ਕਿਉਂ ਖਰੀਦੀ ਹੈ ਤਾਂ ਇਹ
ਕਹਿੰਦੇ ਹਨ ਕਿ ਇਹ ਤਾਂ ਕੋਈ ਸ਼ਰਧਾਲੂ ਦੇ ਕੇ ਗਿਆ ਹੈ। ਇਹਨਾ ਤੋਂ ਕੋਈ ਪੁੱਛੇ ਕਿ ਪੰਜਾਬ ਵਿੱਚ
ਤਾਂ ਸਿੱਖਾਂ ਦੇ ਬੁਰੇ ਹਾਲ ਨੇ, ਕਰਜ਼ੇ ਹੇਠ ਦੱਬੇ ਹੋਏ ਕਿਸਾਨ ਆਤਮ ਹੱਤਿਆ ਤੱਕ ਕਰੀ ਜਾ ਰਹੇ ਨੇ,
ਲੱਖਾਂ ਲੋਕਾਂ ਨੂੰ ਰੋਟੀ ਵੀ ਨਹੀਂ ਮਿਲਦੀ ਤੇ ਇਹ ਬਾਬੇ ਮਹਿੰਗੀਆਂ ਗੱਡੀਆਂ ਵਿੱਚ ਘੁਮ ਰਹੇ ਨੇ।
ਜੇ ਕੋਈ ਸ਼ਰਧਾਲੂ ਇਹਨਾਂ ਨੂੰ ਮਹਿੰਗੀ ਗੱਡੀ ਦੇ ਵੀ ਜਾਂਦਾ ਹੈ ਤਾਂ ਬਾਬੇ ਉਸ ਸ਼ਰਧਾਲੂ ਨੂੰ ਸਮਝਾ
ਵੀ ਸਕਦੇ ਨੇ ਕਿ ਸਾਨੂੰ ਏਨੀ ਮਹਿੰਗੀ ਗੱਡੀ ਨਹੀਂ ਚਾਹੀਦੀ ਇਹ ਪੈਸਾ ਕਿਸੇ ਹੋਰ ਭਲੇ ਕੰਮ ਲਈ
ਵਰਤਿਆ ਜਾ ਸਕਦਾ ਹੈ। ਪਰ ਬਾਬੇ ਇਸ ਤਰਾਂ ਨਹੀਂ ਕਰਨਗੇ ਕਿਉਂ ਕਿ ਇਹ ਤਾਂ ਆਪ ਐਸ਼ਪਰਸਤੀ ਚਾਹੁੰਦੇ
ਹਨ। ਗੁਰੂ ਸਾਹਿਬ ਵੇਲੇ ਤਾਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੋਇਆ ਕਰਦਾ ਸੀ ਪਰ ਅੱਜ ਤਾਂ ਸੰਤਾਂ
ਦਾ ਮੂੰਹ ਗੁਰੂ ਦੀ ਗੋਲਕ ਹੋ ਗਿਆ ਲਗਦਾ ਹੈ।
ਸੋ ਗੁਰਮੱਖ ਪਿਆਰਿਉ ਅੱਜ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਨਹੀਂ ਤਾਂ ਇਹ ਬੁੱਕਲ ਦੇ ਸੱਪ ਸਾਨੂੰ ਇਸ
ਤਰਾਂ ਹੀ ਡੰਗੀ ਜਾਣਗੇ। ਆਉ ਅਸੀਂ ਸਾਰੇ ਗੁਰਬਾਣੀ ਵਿਚਾਰ ਨਾਲ ਜੁੜੀਏ ਤੇ ਹੋਰਨਾ ਨੂੰ ਵੀ ਇਸ ਪਾਸੇ
ਲਾਈਏ। ਅਖੀਰ ਵਿੱਚ ਇੱਕ ਵੀਰ ਵਲੋਂ ਲਿੱਖੀ ਕਵਿਤਾ ਦੀਆਂ ਦੋ ਲਾਇਨਾ ਲਿੱਖ ਕੇ ਸਮਾਪਤੀ ਕਰਦਾਂ ਹਾਂ
ਡੇਰਾਵਾਦ ਪੰਜਾਬ ਤੇ ਹੋਇਆ ਭਾਰੂ ਬਾਬੇ ਘੁੰਮਦੇ ਮਾਰ ਲਲਕਾਰੀਆਂ ਨੇ
ਅੱਜ ਕੋਈ ਵੀ ਇਹਨਾ ਨੂੰ ਰੋਕਦਾ ਨਹੀਂ ਇਹ ਤਾਂ ਕਰ ਰਹੇ ਨੇ ਮੌਜਾਂ ਭਾਰੀਆਂ ਨੇ
ਜਨਤਾਂ ਜਿਨ੍ਹਾਂ ਤੋਂ ਸੁੱਖ ਦੀ ਆਸ ਮੰਗਦੀ ਉਹ ਕਰਨ ਬਾਬਿਆਂ ਦੀਆਂ ਤਰਫਦਾਰੀਆਂ ਨੇ
‘ਜਸਮਿੱਤਰ ਸਿੰਘਾਂ’ ਅੱਜ ਤੇਰੀ ਲੋੜ ਪੈ ਗਈ ਪੰਜਾਬ ਘੇਰਿਆ ਅੱਜ ਸ਼ਿਕਾਰਿਆਂ ਨੇ
ਅੱਜ ਉੱਠ ਪੰਜਾਬ ਦਿਆ ਨੌਜਵਾਨਾਂ ਤੇਰੇ ਸਿਰ ਤੇ ਬਹੁਤ ਜ਼ਿੰਮੇਵਾਰੀਆਂ ਨੇ
ਤੇਰੇ ਸੋਹਣੇ ਪੰਜਾਬ ਦੀ ਹਿੱਕ ਉੱਤੇ ਅੱਜ ਬੈਠ ਗਈਆਂ ਡੇਰੇਦਾਰੀਆਂ ਨੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਹਿ॥
ਹਰਮਨਪ੍ਰੀਤ ਸਿੰਘ
(0064) 277492976